.

ਦਸਮ ਗ੍ਰੰਥ ਦੀ ਅਸਲੀਯਤ
(ਕਿਸ਼ਤ ਨੰ: 03)

ਦਲਬੀਰ ਸਿੰਘ ਐੱਮ. ਐੱਸ. ਸੀ.

ਬਿਨੁ ਗੁਰ ਪੂਰੇ ਨਾਹੀ ਉਧਾਰੁ।। (ਅੰ: ੮੮੬)

ਇਤਿਹਾਸ ਦਸਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਸਨ ੧੭੦੮ ਵਿੱਚ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪ ਕੇ ਜੋਤੀ ਜੋਤ ਸਮਾ ਗਏ। ਉਸ ਸਮੇਂ ਹੋਰ ਕੋਈ ਗੁਰੂ-ਲਿਖਤ ਗ੍ਰੰਥ ਮੋਜੂਦ ਨਹੀ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਦ ਸਿਖਾਂ ਉੱਤੇ ਹਕੂਮਤ ਨੇ ਬਹੁਤ ਜ਼ੁਲਮ ਢਾਏ। ਸਿਖ ਪਿੰਡਾਂ ਤੋਂ ਬਾਹਰ ਜੰਗਲਾਂ ਵਿੱਚ ਧਰਮ ਅਤੇ ਸਿਖੀ ਸਰੂਪ ਦੀ ਰਖਿਆ ਸਿਰ ਧੜ ਦੀ ਬਾਜ਼ੀ ਲਾ ਕੇ ਕਰ ਰਹੇ ਸਨ। ਉਸ ਸਮੇਂ ਗੁਰਦਵਾਰਿਆਂ ਦੀ ਸੇਵਾ-ਸੰਭਾਲ ਨਿਰਮਲਿਆਂ ਤੇ ਉਦਾਸੀ ਸਾਧੂਆਂ ਨੇ ਕੀਤੀ। ਨਿਰਮਲੇ ਵੈਦਿਕ (ਬ੍ਰਾਹਮਣੀ) ਗ੍ਰੰਥਾਂ ਦੇ ਅਨੁਯਾਈ ਸਨ ਅਤੇ ਉਦਾਸੀ ਬਾਬਾ ਸ੍ਰੀ ਚੰਦ (ਗੁਰੂ ਨਾਨਕ ਸਹਿਬ ਦੇ ਬਾਗ਼ੀ ਪੁਤਰ) ਦੇ ਚੇਲੇ ਸਨ ਅਤੇ ਜੋਗ-ਮਤ ਦੇ ਧਾਰਨੀ ਸਨ। ਇਹ ਸਿਖ ਨਹੀ ਸਨ, ਸਿੱਖੀ ਭੇਸ ਵਿੱਚ ਬ੍ਰਾਹਮਣ ਸਨ। ਇਨ੍ਹਾਂ ਨੇ ਗੁਰਦਵਾਰਿਆਂ ਵਿੱਚ ਗੁਰਮਤਿ-ਵਿਰੁਧ ਬ੍ਰਾਹਮਣੀ ਕੁਰੀਤੀਆਂ ਅਤੇ ਨਕਲੀ ਹੁਕਮਨਾਮੇ ਪ੍ਰਚਲਤ ਕੀਤੇ। ਇਨ੍ਹਾਂ ਦੀਆਂ ਲਿਖੀਆਂ ਅਨੇਕਾਂ ਗੁਰਮਤਿ-ਵਿਰੁਧ ਪੁਸਤਕਾਂ ਤੇ ਰਹਿਤਨਾਮੇ ੧੮ਵੀਂ ਅਤੇ ੧੯ਵੀਂ ਸਦੀ ਵਿੱਚ ਵਜੂਦ ਵਿੱਚ ਆਏ, ਜਿਹਨਾਂ ਨੂੰ ਪੁਰਾਤਨ-ਸਿਖ-ਇਤਿਹਾਸ (ਜਿਸਦੀ ਪੜਚੋਲ ਹਰ ਪੱਖੋਂ ਗੁਰਸਿਖ ਵਿਦਵਾਨ ਕਰਨ) ਕਿਹਾ ਜਾਂਦਾ ਹੈ।

ਜਿਸ ਗ੍ਰੰਥ ਨੂੰ ਅਜ ਦਸਮ ਗ੍ਰੰਥ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਸਨ ੧੭੨੫ ਦੇ ਕਰੀਬ ਵਜੂਦ ਵਿੱਚ ਆਇਆ। ਇਹ ਗ੍ਰੰਥ ਕੁੱਝ ਹੋਰ ਕਵੀ-ਰਚਨਾਂਵਾਂ ਅਤੇ ਬਚਿਤ੍ਰ ਨਾਟਕ ਗ੍ਰੰਥ (ਜੈਸਾ ਕਿ ਕਈ ਪ੍ਰਸੰਗਾਂ ਦੇ ਅੰਤ ਵਿੱਚ ਲਿਖੇ ਸਮਾਪਤੀ-ਸੰਕੇਤਾਂ ਤੋਂ ਸਿਧ ਹੁੰਦਾ ਹੈ) ਦੀਆਂ ਕੁੱਝ ਰਚਨਾਵਾਂ ਦਾ ਸੰਗ੍ਰਹ ਹੈ। ਪੁਰਾਤਨ ਹੱਥ ਲਿਖਤ ਬੀੜਾਂ ਵਿੱਚ ਇਸ ਗ੍ਰੰਥ ਦਾ ਕੋਈ ਨਾਮ ਨਹੀ, ਤਤਕਰੇ ਵਿੱਚ ਲਿਖਿਆ ਹੈ “ਸੂਚੀ ਪਤ੍ਰੀ, ਬਚਿਤ੍ਰ ਨਾਟਕ ਗ੍ਰੰਥ ਜੀ ਕੀ”। ਮੋਜੂਦਾ ਕਿਹਾ ਜਾਂਦਾ ਦਸਮ ਗ੍ਰੰਥ (੧੪੨੮ ਪੰਨੇ) ਚਾਰ ਅਪ੍ਰਮਾਣੀਕ ਪੋਥੀਆਂ (ਭਾਈ ਮਨੀ ਸਿੰਘ ਵਾਲੀ, ਪਟਨੇ ਵਾਲੀ, ਮੋਤੀ ਬਾਗ ਪਟਿਆਲੇ ਵਾਲੀ, ਸੰਗਰੂਰ ਵਾਲੀ), ਜਿਨ੍ਹਾਂ ਦੇ ਪਾਠਾਂ ਵਿੱਚ ਕਈ ਥਾਂਈਂ ਫ਼ਰਕ ਸਨ, ਈਸਵੀ ਸਨ ੧੮੯੭ ਵਿੱਚ ਕਿਸੇ ਸੋਧਕ ਕਮੇਟੀ ਨੇ ਅਰਥ ਤੇ ਪਿਛੋਕੜ ਸਮਝੇ-ਵੀਚਾਰੇ ਬਗੈਰ ਸੋਧਿਆ। ਸੋਧਿਆ ਕਿ ਵਿਗਾੜਿਆ? ਸੋਧਣ ਵਾਲਿਆਂ ਨੇ ਇਸ ਗ੍ਰੰਥ ਦਾ ਨਾਂ ਲਿਖਿਆ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ`। ਗੁਰੂ-ਪਦ ਜੋੜਨ ਕਰਕੇ ਪੰਥ ਵਿੱਚ ਦੁਬਿਧਾ ਖੜੀ ਹੋ ਗਈ। ਜੇ ਗੁਰਬਾਣੀ ਹੁੰਦੀ ਤਾਂ ਸੋਧਣ ਦੀ ਲੋੜ ਹੀ ਨਹੀ ਸੀ। ਗੁਰੂ-ਰਚਿਤ ਹੈ ਕਿ ਨਹੀ, ਸ਼ੰਕਾ ਕੀਤੀ ਜਾਣ ਲਗੀ; ਡਾ: ਰਤਨ ਸਿੰਘ ਜੱਗੀ ਦੀ ਪੁਸਤਕ ‘ਦਸਮ ਗ੍ਰੰਥ ਦਾ ਕਰਤ੍ਰਿਤਵ`(Authorship of Dasam Granth) ਲਿਖੀ ਜਾਣੀ ਇਸ ਦੇ ਰਚਨਹਾਰੇ ਤੇ ਸਵਾਲਿਆ-ਨਿਸ਼ਾਨ ਲਾਉਂਦੀ ਹੈ।

ਪੂਰੇ ਬਚਿਤ੍ਰ ਨਾਟਕ ਗ੍ਰੰਥ ਵਿੱਚ ਲਿਖਾਰੀ ਕਵੀਆਂ ਦੇ ਇਸ਼ਟ ਦਾ ਸਰੂਪ:-

ਸਰਬਕਾਲ ਹੈ ਪਿਤਾ ਅਪਾਰਾ।। ਦੇਬਿ ਕਾਲਕਾ ਮਾਤ ਹਮਾਰਾ।। (ਪੰਨਾ ੭੩)

ਅਰਥਾਤ ਦੇਵੀ-ਦੇਵਤੇ ਸਰਬਕਾਲ, ਮਹਾਕਾਲ, ਕਾਲ, ਕਾਲੀ, ਕਾਲਕਾ, ਦੁਰਗਾ, ਸ਼ਿਵਾ, ਚੰਡੀ … ਉਭਰ ਕੇ ਆਏ ਹਨ।

ਪਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਮੰਗਲਾਚਰਨ ਅਰਥਾਤ ਇਸ਼ਟ `ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।। ` ਅਖੌਤੀ ਦਸਮ ਗ੍ਰੰਥ ਵਿੱਚ ਕਿਸੇ ਪੰਨੇ ਤੇ ਨਹੀ ਲਿਖਿਆ। ਇਹ ਗ੍ਰੰਥ ਦੇਵੀ ਪੂਜਕ ਕਵੀਆਂ (ਕਵੀ ਸ਼ਯਾਮ, ਕਵੀ ਰਾਮ …) ਨੇ ਤਿੰਨ ਬ੍ਰਾਹਮਣੀ-ਗ੍ਰੰਥਾਂ, (੧) ਮਾਰਕੰਡੇਯ ਪੁਰਾਣ, (੨) ਸ਼ਿਵ ਪੁਰਾਣ, (੩) ਸ੍ਰੀ ਮਦ ਭਾਗਵਤ ਪੁਰਾਣ (ਸੁਖ ਸਾਗਰ ਗ੍ਰੰਥ) ਦੇ ਅਨੇਕਾਂ ਪ੍ਰਸੰਗਾਂ ਦੀ ਹੂ-ਬ-ਹੂ ਨਕਲ ਮਾਰ ਕੇ ਲਿਖਿਆ ਹੈ।

ਇਸੇ ਤਰ੍ਹਾਂ ਸਰਬਲੋਹ ਗ੍ਰੰਥ ਵੀ ੧੮-੧੯ਵੀਂ ਸਦੀ ਵਿੱਚ ਵਜੂਦ ਵਿੱਚ ਆਇਆ ਜਿਸਦੇ ‘ਮੰਗਲਾਚਰਨ` ਵਿੱਚ ਲਿਖਿਆ ਹੈ:-

ਸ੍ਰੀ ਭਵਾਨੀ ਜੀ ਸਹਾਇ।। ਉਸਤਤਿ ਸ੍ਰੀ ਮਾਯਾ ਲਛਮੀ ਜੀ ਕੀ।।

ਅਰਥਾਤ, ਇਹ ਗ੍ਰੰਥ ਸਿੱਖਾਂ ਨੂੰ ਦੇਵੀ-ਦੇਵਤੇ-ਪੂਜਕ ਬਣਾਉਣ ਲਈ ਰਚੇ ਗਏ ਹਨ। ਇਹਨਾਂ ਗ੍ਰੰਥਾਂ ਦੀਆਂ ਕੁੱਝ ਰਚਨਾਵਾਂ ਕੀਰਤਨ-ਪੋਥੀਆਂ ਅਤੇ ਗੁਟਕਿਆਂ ਵਿੱਚ ਦਰਜ ਕਰ ਦਿਤੀਆਂ ਗਈਆਂ। ਬਦਕਿਸਮਤੀ ਨਾਲ ਇਨ੍ਹਾਂ ਕੱਚੀਆਂ ਬਾਣੀਆਂ ਨੂੰ ਬਿਨਾ ਸਮਝੇ-ਵੀਚਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਦੇ ਤੁੱਲ ਸਮਝ ਕੇ ਪਾਠ-ਕੀਰਤਨ ਕੀਤਾ ਜਾਂਦਾ ਹੈ।

ਬਚਿਤ੍ਰ ਨਾਟਕ ਗ੍ਰੰਥ, ਜਿਸ ਦਾ ਕੋਈ ਨਾਂ ਹੱਥ-ਲਿਖਤ ਬੀੜਾਂ ਤੇ ਲਿਖਿਆ ਨਹੀ ਮਿਲਦਾ, ਇਸ ਸਮੇ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਨਾਲ ਹਜ਼ੂਰ ਸਾਹਿਬ (ਨਾਂਦੇੜ) ਅਤੇ ਪਟਨਾ ਸਾਹਿਬ ਦੇ ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕੀਤਾ ਜਾਂਦਾ ਹੈ ਜੋ ਕਿ ਦਸਮ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਆਖਰੀ ਹੁਕਮ ਅਤੇ ਪੰਥਕ ਮਰਯਾਦਾ ਦੇ ਉਲਟ ਹੈ। ਭੁੱਲੜ ਤੇ ਅੰਨ੍ਹੀ ਸ਼ਰਧਾ (ਅੰਧੀ ਰਯਤਿ ਗਿਆਨ ਵਿਹੂਣੀ. . , ਵਾਰ ਆਸਾ ਮਹਲਾ ੧) ਵਾਲੇ ਸਿਖ ਇਸ ਗ੍ਰੰਥ ਦੀਆਂ ਰਚਨਾਵਾਂ ਨੂੰ ਦਸਮ-ਨਾਨਕ-ਕ੍ਰਿਤ ਮੰਨ ਕੇ ਮੱਥਾ ਟੇਕਦੇ ਹਨ। ਸੂਝਵਾਨ ਗੁਰਸਿਖਾਂ ਨੇ ਇਸ ਗ੍ਰੰਥ ਨਾਲ “ਗੁਰੂ” ਪਦ ਲਿਖੇ ਜਾਣ ਤੇ ਇਤਰਾਜ਼ ਕੀਤਾ ਕਿਉਂਕਿ ਗੁਰਗੱਦੀ ਪੰਚਮ-ਨਾਨਕ ਸਾਹਿਬ ਦੇ ਰਚੇ ਆਦਿ ਗ੍ਰੰਥ (ਨੌਵੇਂ ਨਾਨਕ ਸਾਹਿਬ ਜੀ ਦੀ ਬਾਣੀ ਦਰਜ ਕਰਨ ਤੋਂ ਬਾਦ) ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ ਅਤੇ ਇਸੇ ਗ੍ਰੰਥ ਨੂੰ ਸਿਖ ਗੁਰੂ ਗ੍ਰੰਥ ਸਾਹਿਬ ਮੰਨ ਕੇ ਮੱਥਾ ਟੇਕਦੇ ਹਨ। ਹੁਣ ਬਚਿਤ੍ਰ ਨਾਟਕ ਗ੍ਰੰਥ ਨੂੰ ਕੇਵਲ ਸ੍ਰੀ ਦਸਮ ਗ੍ਰੰਥ ਕਿਹਾ ਜਾਂਦਾ ਹੈ। ਪਰ ‘ਦਸਮ` ਪਦ ਵਰਤਣਾਂ ਵੀ ਭੁਲੇਖਾ-ਪਾਊ (confusing / mis-leading) ਹੈ। ਇਸ ਗ੍ਰੰਥ ਦੇ ਅੰਦਰਲੇ ਪ੍ਰਮਾਣਾਂ ਤੇ ਲਿਖਤਾਂ ਨੂੰ ਵੀਚਾਰਿਆਂ ਪਤਾ ਲਗਦਾ ਹੈ ਕਿ ਸਮੁਚੇ ਗ੍ਰੰਥ ਵਿੱਚ ਇਸ਼ਟ ਦਾ ਸਰੂਪ ਮਹਾਕਾਲ-ਕਾਲਕਾ ਨਾਮਕ ਦੇਵੀ-ਦੇਵਤਾ ਹਨ। ਤਾਂ ਤੇ ਇਸ ਗ੍ਰੰਥ ਨੂੰ ਮਹਾਕਾਲ-ਕਾਲਕਾ-ਗ੍ਰੰਥ ਹੀ ਕਹਿਣਾ ਚਾਹੀਦਾ ਹੈ। ਯਕੀਨਨ ਇਹ ਇਸ਼ਟ ਦਸਮ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਾਂ ਗੁਰਸਿਖਾਂ ਦਾ ਹੋ ਨਹੀ ਸਕਦਾ।

ਇਸ ਸਮੇਂ ਗੁਰਸਿਖ ਵੀਚਾਰਵਾਨਾ ਦੀ ਵਿਚਾਰ ਸਿਰਫ਼ ਅਖੌਤੀ ਦਸਮ ਗ੍ਰੰਥ ਤਕ ਹੀ ਸੀਮਿਤ ਨਹੀ ਰਖੀ ਜਾ ਸਕਦੀ। ਸਾਰੇ ਪੁਰਾਤਨ ਗ੍ਰੰਥ ਅਤੇ ਰਹਿਤਨਾਮੇ/ਹੁਕਮਨਾਮੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ਤੇ ਪਰਖਣੇ ਜ਼ਰੂਰੀ ਹਨ। ਅਜ ਅਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦੇਵੀ-ਦੇਵਤਿਆਂ ਦੀ ਉਸਤਤਿ ਕਰਣ ਵਾਲੀ ਆਰਤੀ ਤੇ ਹੋਰ ਰਚਨਾਵਾਂ ਦਾ ਪਾਠ-ਕੀਰਤਨ ਕਰੀ ਜਾ ਰਹੇ ਹਾਂ। ਅਫ਼ਸੋਸ! ਹੁਣ ਅਸੀ ਕੇਸ-ਕਕਾਰ-ਧਾਰੀ-ਬ੍ਰਾਹਮਣ ਅਰਥਾਤ ਦੋ-ਗਲੇ ਸਿੱਖ ਬਣ ਗਏ ਹਾਂ ਤੇ ਬਣੀ ਜਾ ਰਹੇ ਹਾਂ। ਅਸੀ ਭੁਲ ਗਏ ਹਾਂ ਜੁਗੋ ਜੁਗ ਅਟਲ਼ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ:-

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ।। (ਅੰ: ੬੪੬)

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।। ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।। (੯੮੨)

ਅਜ ਤੋਂ ਤਕਰੀਬਨ ੩੦੦ ਸਾਲ ਪਹਿਲਾਂ ਦਸਵੇਂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਸੀ। ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਣ ਦਾ ਹੁਕਮ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਗੁਰੂ ਹਨ ਕਿਉਂਕਿ ਹਰ ਸ਼ੰਕਾ, ਭਰਮ ਦੂਰ ਕਰਕੇ ਸਾਡਾ ਲੋਕ ਪਰਲੋਕ ਸੁਹੇਲਾ ਕਰਨ ਹਿਤ ਸਹੀ ਅਤੇ ਸੌਖਾ (ਫੋਕਟ ਕਰਮ-ਕਾਂਡ ਰਹਿਤ) ਮਾਰਗ ਦਸਦੇ ਹਨ। ਹਰ ਗੁਰਸਿੱਖ ਨੇ ਮੱਥਾ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਟੇਕਣਾ ਹੈ; ਨਾ ਕਿ ਕਿਸੇ ਹੋਰ ਗ੍ਰੰਥ ਨੂੰ ਤੇ ਨਾ ਹੀ ਕਿਸੇ ਦੇਹਧਾਰੀ-ਗੁਰੂ ਨੂੰ। ਜੇ ਕਿਸੇ ਹੋਰ ਗ੍ਰੰਥ ਨੂੰ ਮੱਥਾ ਟੇਕਾਂਗੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮ ਦੀ ਉਲੰਘਣਾ ਹੋਵੇਗੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬੈਠੇ ਗੁਰਬਾਣੀ-ਰੂਪ ੩੫ ਬ੍ਰਹਮਗਿਆਨੀ ਤੇ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਨਹੀ ਕਰਣਗੇ ਅਤੇ ਸਾਨੂੰ ਦੁਖ ਝੇਲਣੇ ਪੈਣਗੇ, ਸਾਡਾ ਮਨੁਖਾ ਜਨਮ ਬੇਕਾਰ ਚਲਾ ਜਾਵੇਗਾ ਕਿਉਂਕਿ ਕਿਸੇ ਹੋਰ ਗ੍ਰੰਥ ਨੂੰ ਮੱਥਾ ਟੇਕਿਆਂ ਅਸੀ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੇਮੁਖ ਹੁੰਦੇ ਹਾਂ।

ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ।। (ਗੁਰੂ ਗ੍ਰੰਥ ਸਾਹਿਬ, ਅੰ: ੯੨੦)

ਇਕੋ-ਇਕ ਪੂਰਨ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ‘ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।। ਅਰਥਾਤ, ਨਿਰਾਕਾਰ ਪਰਮਾਤਮਾ ਨਾਲ ਜੋੜਦੇ ਹਨ; ਕਿਸੇ ਦੇਵੀ-ਦੇਵਤੇ ਨਾਲ ਨਹੀ। ਪੂਰਨ ਗੁਰੂ ਦਾ ਉਪਦੇਸ਼ ਇਕਸਾਰ ਨਿਯਮ, ਵੀਚਾਰਧਾਰਾ ਦ੍ਰਿੜ ਕਰਾਕੇ ਸਾਰੇ ਭਰਮ-ਗੜ ਤੋੜਦਾ ਹੈ। ਕੱਚੇ ਗੁਰੂ ਦੀ ਕੱਚੀ ਕੂੜੀ ਬਾਣੀ ਕੱਚੇ ਸਿਖ ਹੀ ਬਣਾਉਂਦੀ ਹੈ।

ਗੁਰੂ ਧਾਰਨ ਕਰਣ ਲਗਿਆਂ ਚੇਤੇ ਰਖੀਏ ਕਿ ਸੱਚਾ ਗੁਰੂ ਆਪ ਮੋਹ-ਮਾਇਆ ਤੋਂ ਮੁਕਤ ਹੋਕੇ ਸਾਨੂੰ ਰਬ ਨਾਲ ਮੇਲਦਾ ਹੈ:-

ਜੀਅ ਕੀ ਕੈ ਪਹਿ ਬਾਤ ਕਹਾ।। ਆਪਿ ਮੁਕਤੁ ਮੋਕਉ ਪ੍ਰਭੁ ਮੇਲੇ ਐਸੋ ਕਹਾ ਲਹਾ।। (ਅੰ: ੧੦੦੩)

ਜਿਵੇਂ ਕੱਚੀ ਸਰਸੌਂ ਵਿਚੋਂ ਨ ਖੱਲ ਅਤੇ ਨ ਹੀ ਤੇਲ ਪ੍ਰਾਪਤ ਹੁੰਦਾ ਹੈ ਤਿਵੇਂ ਕੱਚੇ ਗੁਰੂ ਦੇ ਸਿਖ ਬਣਿਆਂ ਨ ਲੋਕ ਸੁਹੇਲਾ ਹੁੰਦਾ ਹੈ ਨ ਹੀ ਪਰਲੋਕ:- ਕਬੀਰ ਜਉ ਤੁਹਿ ਸਾਧ ਪਿਰੰਮ ਕੀ ਪਾਕੇ ਸੇਤੀ ਖੇਲੁ।।

ਕਾਚੀ ਸਰਸਉਂ ਪੇਲਿ ਕੈ ਨਾ ਖਲਿ ਭਈ ਨ ਤੇਲੁ।। (ਗੁਰੂ ਗ੍ਰੰਥ ਸਾਹਿਬ, ਅੰ: ੧੩੭੭)

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਸਾਏ ਸਬਦ-ਗੁਰੂ ਦੇ ਸਿਧਾਂਤ ਨੂੰ ਮੰਨਣ ਨਾਲ ਅਤੇ ਬਾਣੀ ਦੀ ਗੁਰੂ-ਆਸ਼ੇ ਅਨੁਸਾਰ ਵੀਚਾਰ ਕੀਤਿਆਂ ਅਸੀ ਜਾਤ-ਪਾਤ, ਊਚ-ਨੀਚ ਦੀ ਵਰਣ ਵੰਡ, ਫੋਕਟ ਕਰਮਾਂ ਦੇ ਅਤੇ ਚੰਗੇ-ਮੰਦੇ ਦਿਹਾੜੇ ਦੇ ਭਰਮ-ਜਾਲ, ਦੇਵੀ ਦੇਵਤੇ, ਅਵਤਾਰ-ਵਾਦ, ਤੰਤ੍ਰ-ਮੰਤ੍ਰ, ਬੇਲੋੜੇ ਤੀਰਥ ਇਸ਼ਨਾਨਾ, ਸ਼ਗਨ-ਅਪਸ਼ਗਨ ਆਦਿਕ ਬ੍ਰਾਹਮਣੀ ਭਰਮਾਂ ਵਿਚੋਂ ਨਿਕਲ ਜਾਂਦੇ ਹਾਂ। ਅਸੀ ਮੂਲ-ਮੰਤਰ ਵਿੱਚ ਦਰਸਾਏ ਸਰਬ-ਵਿਆਪਕ, ਨਿਰਾਕਾਰ, ਕਰਤਾਰ, ਪਰਮ-ਦਯਾਲੂ, ਸਰਬ-ਸਮਰਥ ਤੇ ਬੇਅੰਤ ਗੁਣਾਂ ਵਾਲੇ ਪ੍ਰਭੂ ਦੀ ਪ੍ਰੇਮਾ-ਭਗਤੀ ਕਰਕੇ, ਸੱਚਾ ਨਾਮ-ਧਰਮ ਦ੍ਰਿੜ ਕਰਕੇ, ਗੁਰੂ ਦੀ ਕਿਰਪਾ ਸਦਕਾ, ਖ਼ਾਲਸਾ (ਸ਼ੁਧ ਮਨ ਵਾਲਾ) ਬਣ ਕੇ ਜੀਵਨ-ਮੁਕਤ (ਮਰਣ ਤੋਂ ਪਹਿਲਾਂ ਮੁਕਤ) ਹੋ ਸਕਦੇ ਹਾਂ:-

ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ।।

ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। (ਗੁਰੂ ਗ੍ਰੰਥ ਸਾਹਿਬ, ਅੰ: ੬੫੫)

ਸਿਖੀ ਸਿਖਿਆ ਗੁਰ ਵੀਚਾਰਿ।। ਨਦਰੀ ਕਰਮਿ ਲਘਾਏ ਪਾਰਿ।। (ਵਾਰ ਆਸਾ ਮ: ੧, ਅੰ: ੪੬੫)

ਮਹਾਵਾਕ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਤੇ ਚਲਿਆਂ ਹੀ ਸਿਖ ਦਾ ਲੋਕ-ਪਰਲੋਕ ਸੁਹੇਲਾ ਹੋ ਸਕਦਾ ਹੈ।

ਨਹੀ ਤਾਂ, ਸਾਡਾ ਹਸ਼ਰ ਇਹ ਹੋਵੇਗਾ ਕਿ,

ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ।। (ਗੁਰੂ ਗ੍ਰੰਥ ਸਾਹਿਬ, ਅੰ: ੩੦੬, ੩੧੭)

ਗੁਰਸਿਖੀ-ਰੂਪੀ-ਦਰਖ਼ਤ ਨੂੰ ਉਸਦੇ ਮੁੱਢ-ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ-ਬਾਣੀ ਨਾਲੋਂ ਬ੍ਰਾਹਮਣੀ-ਗ੍ਰੰਥਾਂ-ਰੂਪੀ-ਕੁਹਾੜੀਆਂ ਨਾਲ ਕਟਿਆ ਜਾ ਰਿਹਾ ਹੈ ਤਾਂ ਜੁ ਸਿਖ-ਬੱਚੇ-ਬੱਚੀ-ਨੌਜਵਾਨ-ਬਿਰਧ-ਰੂਪੀ ਸਭ ਸਿਖ-ਟਹਿਣੀਆਂ ਸੁਕ ਜਾਣ।

ਆਸ ਹੈ ਕਿ ਸਿਖ ਕੌਮ ਖ਼ਬਰਦਾਰ ਤੇ ਹੋਸ਼ਿਆਰ ਹੋ ਕੇ ਗੁਰਮਤਿ ਤੇ ਪਹਿਰਾ ਦੇਵੇਗੀ। ਮਨੁਖਾ ਜੀਵਨ ਸਕਾਰਥਾ ਤਾਂ ਹੀ ਹੋ ਸਕਦਾ ਹੈ ਜੇ ਸਿਖ ਇਕੋ-ਇਕ ਪੂਰਨ ਗੁਰੂ, ਗੁਰੂ ਗ੍ਰੰਥ ਸਾਹਿਬ, ਨਾਲ ਜੁੜੇ:

ਬਿਨੁ ਗੁਰ ਪੂਰੇ ਨਾਹੀ ਉਧਾਰੁ।। ਬਾਬਾ ਨਾਨਕੁ ਆਖੈ ਏਹੁ ਬੀਚਾਰੁ।। (ਗੁਰੂ ਗ੍ਰੰਥ ਸਾਹਿਬ, ਅੰ: ੮੮੬)




.