ਪੈਰਾਂ ਵਾਲਾ ਸਿਮਰਨ
ਮਿਤੀ ੧੬-੧੨-੨੦੦੯ ਦਿਨ ਬੁੱਧਵਾਰ ਦਿਨੇ ਗਿਆਰਾਂ ਵਜੇ ਵੀਰ ਜਗਜੀਤ ਸਿੰਘ
ਮੁੱਖੀ ਗ੍ਰੰਥੀ ਸਿਰੀ ਗੁਰੂ ਸਿੰਘ ਸਭਾ ਐਡਮਿੰਟਨ ਹੁਰਾਂ ਦਾ ਟੈਲੀਫੂਨ ਅਇਆ, ਕਿ “ਵੀਰ ਜੀ ਜਾਗੋ
ਖਾਲਸਾ ਸਾਈਟ ਨੂੰ ਖੋਹਲਿਆ ਜੇ। ਉਸ ਦੇ ਉਤਲੇ ਪਾਸੇ ਹੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ
ਗੁਰਮੱਤ ਦੀਆਂ ਧੱਜੀਆਂ ਉਡਾ ਰਿਹਾ ਸੇਵਾ ਸਿੰਘ ਤਰਮਾਲਾ ਵੇਖਣ ਲਈ ਕਲਿਕ ਕਰਿਆ ਜੇ”। ਮੈਂ ਕਿਹਾ,
‘ਕਿਸੇ ਦੇ ਘਰ ਜਾ ਕੇ ਦੇਖਣ ਦਾ ਯਤਨ ਕਰਾਂਗਾ’। ਜਲਦੀ ਹੀ ਇਹ ਵੀਡੀਓ ਦੇਖਣ ਦਾ ਮੌਕਾ ਬਣ ਗਿਆ।
ਲੈਕਚਰ ਸਟੈਂਡ `ਤੇ ਇੱਕ ਬਜ਼ੁਰਗ ਖੜੇ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਯੁੱਧ ਕਰਨ
ਦੀ ਵਿਧੀ ਸਮਝਾ ਰਹੇ ਹਨ। ਕਹਿ ਰਹੇ ਹਨ ਕਿ ਅੱਗੇ ਕਮਾਂਡਰ ਉਹ ਹੀ ਆਵੇ ਜਿਸ ਦਾ ਗਲਾ ਬਲਵਾਨ ਹੈ, ਉਹ
ਨਾ ਹੋਵੇ ਕਿ ਯੁੱਧ ਕਰਦਿਆਂ ਗਲ਼ਾ ਹੀ ਬੈਠ ਜਾਵੇ। ਵਾਰ ਰੋਕਣਾ ਹੈ ਤੇ ਵਾਰ ਕਰਨਾ ਵੀ ਹੈ। ਭਾਵ ਵਾਹ
ਕਹਿਣਾ ਹੈ ਤੇ ਫਿਰ ਗੁਰੂ ਕਹਿਣਾ ਹੈ। ਵੀਡੀਓ ਮੁਤਬਿਕ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪਿੱਛੇ
ਕੈਬਨ ਵਿੱਚ ਦਿਸਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲੜਾਈ ਵਾਲੀਆਂ ਫੌਜਾਂ ਤਿਆਰ
ਬੈਠੀਆਂ ਹਨ। ਆਪਣੀ ਅਨੋਖੀ ਕਿਸਮ ਦੇ ਰੌਲ਼ੇ ਰੱਪੇ ਵਾਲਾ ਨਾਮ ਜੱਪਣ ਲਈ ਸ਼ਰਧਾਲੂ ਇੰਤਜ਼ਾਰ ਵਿੱਚ ਬੈਠੇ
ਹਨ। ਇਹ ਲੋਕ ਸ਼ਬਦ ਦੀ ਵਿਚਾਰ ਕਰਨ ਲਈ ਨਹੀਂ ਆਏ, ਇੰਜ ਲੱਗਦਾ ਜਿਵੇਂ ਸਰੀਰ ਨੂੰ ਦੁੱਖ ਦੇਣ ਲਈ ਆਏ
ਹੋਣ। ਨਰ ਸਿੰਗਾ ਵੱਜਣ ਦਾ ਖੜਾਕ ਹੁੰਦਾ ਹੈ, ਨਗਾਰੇ ਤੇ ਚੋਟ ਲੱਗਦੀ ਹੈ, ਮੰਦਰ ਦੀ ਤਰਜ਼ `ਤੇ ਘੰਟੀ
ਖੜਕਣੀ ਸ਼ੁਰੂ ਹੋ ਜਾਂਦੀ ਹੈ। ਮਨੁੱਖੀ ਸਰੀਰ ਹਿਲਣੇ ਸ਼ੁਰੂ ਹੋ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਜੀ
ਦੀ ਹਜ਼ੂਰੀ ਵਿੱਚ ਮਨੁੱਖੀ ਸਰੀਰਾਂ ਦੇ ਸਿਰ ਖੱਬੇ ਸੱਜੇ ਹੋਣੇ ਸ਼ੁਰੂ ਹੁੰਦੇ ਹਨ। ਫਿਰ ਇੱਕ ਦਮ ਤੇਜ਼ੀ
ਆਉਂਦੀ ਹੈ। ਹੁਣ ਪੂਰੇ ਸਰੀਰ ਖੱਬੇ ਸੱਜੇ ਹਰਕਤ ਵਿੱਚ ਆਉਂਦੇ ਸਾਫ਼ ਦਿਖਾਈ ਦੇਂਦੇ ਹਨ। ਐਸਾ ਸਿਮਰਨ
ਯੁੱਧ ਮੈਂ ਪਹਿਲੀ ਵਾਰ ਦੇਖਿਆ ਸੀ।
ਜਿਉਂ ਜਿਉਂ ਸਰੀਰ ਤੇਜ਼ੀ ਨਾਲ ਹਿਲਦੇ ਜਾ ਰਹੇ ਸਨ ਕਈਆਂ ਦੀਆਂ ਪੱਗਾਂ
ਲੱਥਣੀਆਂ ਸ਼ੁਰੂ ਹੋ ਗਈਆਂ ਸਨ। ਇਸ ਘੜਮੱਸ ਚੌਦੇਂ ਵਿੱਚ ਕਿਸੇ ਦੀ ਕੋਈ ਅਵਾਜ਼ ਸਾਫ਼ ਸੁਣਾਈ ਵੀ ਨਹੀਂ
ਦੇ ਰਹੀ ਸੀ। ਕੁੱਝ ਕੁ ਤਾਂ ਤੜਫਦੇ ਹੋਏ ਦਿਸਦੇ ਸਨ। ਕਈਆਂ ਦਿਆਂ ਸਿਰਾਂ ਤੋਂ ਪੱਗਾਂ ਲੱਥ ਗਈਆਂ ਸਨ
ਤੇ ਉਹ ਆਪਣੇ ਸਿਰ ਨੂੰ ਪੂਰੇ ਜ਼ੋਰ ਦੀ ਘੁਮਾ ਰਹੇ ਸਨ। ਗੁਰੂ ਦੀ ਹਜ਼ੂਰੀ ਵਿੱਚ ਲੰਬੇ ਕੇਸ ਚਾਰ
ਚੁਫੇਰੇ ਘੁੰਮਦੇ ਦਿਸ ਰਹੇ ਹਨ। ਇੱਕ ਨੌਜਵਾਨ ਨੂੰ ਪਤਾ ਨਹੀਂ ਕੈਸੀ ਨਾਮ ਖ਼ੁਮਾਰੀ ਚੜ੍ਹ ਗਈ ਉਹ ਅੱਠ
ਨੌਂ ਮਹੀਨੇ ਦੇ ਮੰਜੀ ਤੇ ਪਏ ਬੱਚੇ ਵਾਂਗ ਆਪਣੇ ਪੈਰਾਂ ਨੂੰ ਕਾਹਲ਼ੀ ਕਾਹਲ਼ੀ ਨਾਲ ਅੱਗੇ ਪਿੱਛੇ ਕਰ
ਰਿਹਾ ਸੀ ਤੇ ਅਜੀਬ ਕਿਸਮ ਦੀ ਤੜਫਣੀ ਮਿੱਟੀ ਲੱਗੀ ਹੋਈ ਸਾਫ਼ ਨਜ਼ਰ ਆ ਰਹੀ ਸੀ। ਇੰਜ ਲੱਗ ਰਿਹਾ ਸੀ
ਕਿ ਜਿਵੇਂ ਇਹ ਨੌਜਵਾਨ ਪੈਰਾਂ ਨਾਲ ਨਾਮ ਸਿਮਰ ਰਿਹਾ ਹੋਵੇ। ਨਾਮ ਸਿਮਰਨ ਦੇ ਨਾਂ `ਤੇ ਪੂਰੀ
ਕੁਰਲਾਹਟ ਮੱਚੀ ਹੋਈ ਸੀ। ਸਟੇਜ ਤੇ ਖੜੇ ਬਜ਼ੁਰਗ ਇਸ ਨੂੰ ਕਲ੍ਹ ਵਾਂਗ ਇੱਕ ਨਮੂਨਾ ਦਸ ਰਹੇ ਹਨ।
ਜਿਵੇਂ ਜਿਵੇਂ ਮੰਦਰ ਵਾਲੀ ਘੰਟੀ ਤੇਜ਼ ਵੱਜਦੀ ਹੈ ਤਿਵੇਂ ਤਿਵੇਂ ਵਾਹਿਗੁਰੂ ਦਾ ਜਾਪ ਤੇਜ਼ ਹੁੰਦਾ
ਹੈ। ਸੁਣਨ ਵਾਲੇ ਨੂੰ ਹੁਰਰ ਹੁਰਰ ਹੀ ਸੁਣਾਈ ਦੇਂਦਾ ਹੈ। ਤੇਜ਼ ਹਵਾਂ ਦੇ ਬੁਲਿਆਂ ਵਿੱਚ ਜਿਸ
ਤਰ੍ਹਾਂ ਕਪਾਹ ਦੇ ਬੂਟੇ ਛੇਤੀ ਛੇਤੀ ਜ਼ਮੀਨ ਨਾਲ ਲੱਗ ਕੇ ਫਿਰ ਉੱਠ ਬੈਠਦੇ ਹਨ ਕੁੱਝ ਏਸੇ ਤਰ੍ਹਾਂ
ਹੀ ਗੁਰੂ ਦੀ ਹਜ਼ੂਰੀ ਵਿੱਚ ਯੁੱਧ ਕਰ ਰਹੇ ਯੋਧੇ ਆਪਣੇ ਸਰੀਰ ਨਾਲ ਕਹਿਰ ਕਮਾ ਰਹੇ ਸਨ।
ਸਵਾਲ ਪੈਦਾ ਹੁੰਦਾ ਹੈ, ਕਿ, ਕੀ ਇਸ ਤਰ੍ਹਾਂ ਦਾ ਛੜੀਆਂ ਮਾਰਨ ਵਾਲ਼ਾ, ਤੜਫਣ
ਵਾਲਾ ਜਾਂ ਸਿਰ ਦੇ ਵਾਲ਼ ਖੋਹਲ ਕੇ ਸਿਰ ਹਿਲਾ ਕੇ ਸਿਮਰਨ ਕਰਨਾ ਸਿੱਖੀ ਵਿੱਚ ਕੋਈ ਥਾਂ ਰੱਖਦਾ ਹੈ?
ਕੀ ਗੁਰੂ ਨਾਨਕ ਸਾਹਿਬ ਜੀ ਦਾ ਇਹ ਮਿਸ਼ਨ ਸੀ? ਕੀ ਗੁਰੂ ਅਰਜਨ ਪਾਤਸ਼ਾਹ ਤੇ ਗੁਰੂ ਤੇਗ ਬਹਾਦਰ ਜੀ ਦੀ
ਸ਼ਹਾਦਤ ਵਿਚੋਂ ਇਸ ਤਰ੍ਹਾਂ ਦੇ ਸਿਮਰਨ ਯੁੱਧ ਕਰਨ ਦਾ ਉਪਦੇਸ਼ ਮਿਲਦਾ ਹੈ? ਕੀ ਗੂਰੂ ਗੋਬਿੰਦ ਸਿੰਘ
ਜੀ ਨੇ ਆਪਣੇ ਪਰਵਾਰ ਦੀ ਸ਼ਹਾਦਤ ਅਜੇਹਿਆਂ ਮਨੁੱਖਾਂ ਲਈ ਦਿੱਤੀ ਸੀ? ਗੁਰੂ ਗ੍ਰੰਥ ਸਾਹਿਬ ਜੀ ਦੀ
ਵਿਚਾਰਧਾਰਾ ਵਿੱਚ ਇਸ ਤਰ੍ਹਾਂ ਦੇ ਸਿਮਰਨ ਦੀ ਕੋਈ ਅਵਸਥਾ ਹੈ? ਕੀ ਆਮ ਕਿਰਤੀ ਇਸ ਤਰ੍ਹਾਂ ਦੇ
ਸਿਮਰਨ ਕਰਨ ਲਈ ਸਮਾਂ ਦੇ ਸਕੇਗਾ? ਅਜੇਹਾ ਸਿਮਰਨ ਯੁੱਧ ਦੇਖ ਕੇ ਤਾਂ ਸ਼ੈਤਾਨ ਦੀ ਰੂਹ ਵੀ ਕੰਬਦੀ
ਹੋਣੀ ਏਂ, ਕਿ ਅਜੇਹਾ ਕਰਮ ਤਾਂ ਮੈਂ ਵੀ ਨਹੀਂ ਕਰ ਸਕਦਾ ਸੀ ਜਿਹੜਾ ਸਿੱਖੀ ਪਹਿਰਾਵੇ ਵਿੱਚ ਇਹ ਆਪੇ
ਹੀ ਕਰਨ ਲੱਗ ਪਏ ਹਨ। ਵਾਹ ਖਾਲਸਾ ਜੀ ਵਾਹ! ਤੂਹਾਨੂੰ ਆਪਣਾ ਵਿਰਸਾ ਤੇ ਸਿਧਾਂਤ ਵੀ ਬੜੀ ਜਲਦੀ
ਭੁੱਲ ਗਿਆ ਏ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਪਦੇਸ਼ ਲੈਣ ਦੀ ਥਾਂ `ਤੇ ਉਹਨਾਂ ਦੇ ਪਾਸ ਬੈਠ
ਕੇ ਮਨ ਘੜਤ ਰਾਹ `ਤੇ ਚਲ ਪਏ ਹੋ। ਜਿਹੜਾ ਬਜ਼ੁਰਗ ਕੋਲ ਖਲੋ ਕਿ ਸਿਮਰਨ ਯੁੱਧ ਕਰਨ ਦੀ ਜੁਗਤੀ ਸਮਝਾ
ਰਿਹਾ ਏ ਉਹਦੀ ਅੰਦਰੋਂ ਰੂਹ ਬਹੁਤ ਖੁਸ਼ ਹੋਣੀ ਏਂ ਕਿ ਐਸੇ ਭੁਲੱਕੜ ਸਿੱਖ ਹੈਣ ਜੋ ਗੁਰੂ ਜੀ ਦੇ
ਮਾਰਗ ਨੂੰ ਛੱਡ ਕੇ, ਗੁਰੂ ਜੀ ਦੇ ਸਨਮੁੱਖ ਬੈਠ ਕੇ ਮੇਰੀ ਹਾਜ਼ਰੀ ਵਿੱਚ ਮੇਰੇ ਦਰਸਾਏ ਮਾਰਗ ਤੇ
ਅਰਾਮ ਨਾਲ ਚੱਲ ਰਹੇ ਹਨ। ਕਹਿੰਦੇ ਨੇ ਏਦਾਂ ਕਰਨ ਨਾਲ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੁੰਦੀ ਏ
ਜਿਹੜੀ ਹਣ ਤੀਕ ਕਿਸੇ ਨੂੰ ਪ੍ਰਾਪਤ ਹੀ ਨਹੀਂ ਹੋਈ।
ਕਹਿੰਦੇ ਨੇ ਇੱਕ ਅੰਨ੍ਹੇ ਮਨੁੱਖ ਨੂੰ ਕਿਸੇ ਨੇ ਖੀਰ ਖਾਣ ਦਾ ਲਈ ਕਿਹਾ। ਉਸ
ਵਿਚਾਰੇ ਨੇ ਕਦੇ ਖੀਰ ਖਾਧੀ ਨਹੀਂ ਸੀ ਤੇ ਨਾ ਹੀ ਖੀਰ ਬਾਰੇ ਉਸ ਨੂੰ ਗਿਆਨ ਸੀ। ਅੰਨ੍ਹਾ ਮਨੁੱਖ
ਪੁੱਛਦਾ ਹੈ, ਕਿ “ਭਈ ਖੀਰ ਕਿਸ ਤਰ੍ਹਾਂ ਦੀ ਹੁੰਦੀ ਹੈ” ? ਖੀਰ ਸਬੰਧੀ ਸਮਝਾਉਣ ਵਾਲੇ ਪੁਰਸ਼ ਨੂੰ
ਵੀ ਲਢੂਵਾਲ ਜਿੰਨਾ ਹੀ ਗਿਆਨ ਸੀ। ਬਣਾ ਸਵਾਰ ਕੇ ਕਹਿੰਦਾ, ਕਿ ‘ਖੀਰ ਚਿੱਟੇ ਰੰਗ ਦੀ ਹੁੰਦੀ ਹੈ’।
ਹੁਣ ਸਮੱਸਿਆ ਇਹ ਹੈ ਉਸ ਵਿਚਾਰੇ ਅੰਨ੍ਹੇ ਨੂੰ ਚਿੱਟੇ ਰੰਗ ਦਾ ਵੀ ਬੋਧ ਨਹੀਂ ਹੈ। ਉਹ ਪੁੱਛਦਾ ਹੈ,
ਕਿ ‘ਭਈ ਚਿੱਟਾ ਰੰਗ ਕਿਹੋ ਜੇਹਾ ਹੁੰਦਾ ਹੈ’ ? ਅੱਗੋਂ ਦੱਸਣ ਵਾਲਾ ਕਹਿੰਦਾ ਹੈ, ਕਿ ‘ਜਿਸ ਤਰ੍ਹਾਂ
ਦਾ ਬਗਲਾ ਚਿੱਟੇ ਰੰਗ ਦਾ ਹੁੰਦਾ ਹੈ ਉਸ ਤਰ੍ਹਾਂ ਦਾ ਖੀਰ ਦਾ ਚਿੱਟਾ ਰੰਗ ਹੁੰਦਾ ਹੈ। ਅੰਨ੍ਹਾ
ਮਨੁੱਖ ਪੁੱਛਦਾ ਹੈ, ਕਿ “ਮੈਨੂੰ ਤਾਂ ਹੁਣ ਚਿੱਟੇ ਬਗਲੇ ਦਾ ਵੀ ਗਿਆਨ ਨਹੀਂ ਹੈ ਇਸ ਲਈ ਇਹ ਦੱਸ ਕਿ
ਬਗਲਾ ਕਿਸ ਤਰ੍ਹਾਂ ਦਾ ਹੁੰਦਾ ਹੈ”। ਅੱਗੋਂ ਗੱਲ ਸਮਝਉਣ ਵਾਲਾ ਵੀ ਅਕਲ ਦਾ ਅੰਨ੍ਹਾ ਸੀ। ਉਸ ਨੇ
ਅੰਨ੍ਹੇ ਮਨੁੱਖ ਦਾ ਹੱਥ ਫੜ ਕੇ ਉਸ ਦੀਆਂ ਚਾਰੇ ਉਂਗਲ਼ੀਆਂ ਤੇ ਅੰਗੂਠਾ ਇਕੱਠਾ ਕਰਕੇ ਕੇ ਬਗਲੇ ਦੀ
ਤਿੱਖੀ ਚੁੰਝ ਬਣਾ ਦਿੱਤੀ ਤੇ ਅਰਕ ਤੀਕ ਉਸ ਦੀ ਖੰਭਾਂ ਵਾਲੀ ਪੂਛਲ ਬਣਾ ਦਿੱਤੀ ਤੇ ਕਹਿੰਦਾ ਇਸ
ਤਰ੍ਹਾਂ ਦਾ ਬਗਲਾ ਹੁੰਦਾ ਈ। ਅੰਨ੍ਹਾ ਮਨੁੱਖ ਇਸ ਤਰ੍ਹਾਂ ਦੀ ਚਿੱਟੇ ਰੰਗ ਦੀ ਚੁੰਝ ਵਾਲੀ ਖੀਰ
ਮਹਿਸੂਸ ਕਰਕੇ ਕਹਿੰਦਾ ਕਿ ਮੇਰੇ ਪਾਸੋਂ ਇਹ ਟੇਢੀ ਖੀਰ ਸੰਘ ਥੱਲੇ ਨਹੀਂ ਜਾਣੀ, ਮੇਰਾ ਤੇ ਗਲ਼ਾ ਫਟ
ਜਾਏਗਾ। ਹੁਣ ਗੁਰੂ ਦਾ ਸਿਧਾਂਤ ਸਮਝਾਉਣ ਵਾਲੇ ਅਕਲ ਦੇ ਅੰਨ੍ਹੇ ਹੋਣ ਤਾਂ ਭੋਲੇ ਲੋਕਾਂ ਦਾ ਕੀ
ਕਸੂਰ ਹੈ। ਅਜੇਹੀ ਟੇਢੀ ਖੀਰ ਵਾਲਾ ਸਿਮਰਨ ਤਾਂ ਸਾਰੀ ਦੁਨੀਆਂ `ਤੇ ਤਾਂ ਨਹੀਂ ਸਾਰੇ ਸਿੱਖ ਵੀ
ਨਹੀਂ ਕਰ ਸਕਦੇ।
ਛੜੀਆਂ ਮਾਰਨੀਆਂ ਤੇ ਮੱਛੀ ਵਾਂਗ ਤੜਫਣੀ ਮਿੱਟੀ ਵਾਲੇ ਸਿਮਰਨ ਦੇ ਥੱਲੇ
ਸਿੱਖ ਸਿਧਾਂਤ ਦਬਾਅ ਦਿੱਤਾ ਗਿਆ ਹੈ। ਏਹੀ ਕਾਰਨ ਹੈ ਕਿ ਕ੍ਰਾਂਤੀਕਾਰੀ ਸੋਚ ਦਾ ਅੱਜ ਵਿਕਾਸ ਰੁੱਕ
ਗਿਆ ਹੈ। ਇਹ ਅਕਲ ਦੇ ਅੰਨ੍ਹੇ ਲੋਕ ਵਿਚਾਰ ਕਰਨੀ ਬੰਦ ਕਰਕੇ ਇੱਕ ਦੂਜੇ ਨੂੰ ਮਰਨ ਮਾਰਨ ਤੀਕ ਚਲੇ
ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਵਿੱਚ ਸੁਚੱਜੀ ਜੀਵਨ ਜਾਚ ਦਾ ਉਚਤਮ ਨਮੂਨਾ ਹੈ
ਜੋ ਚੰਗੀ ਰਾਜਨੀਤੀ, ਚੰਗੇ ਸਮਾਜ ਦੀ ਬਣਤਰ ਵਿੱਚ ਪ੍ਰਗਟ ਹੁੰਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਬੈਠ ਕੇ ਸਿੱਖ ਸਿਧਾਂਤ ਦੀ ਕੋਈ ਗੱਲ ਨਾ
ਕਰਨੀ, ਗੁਰ ਸ਼ਬਦ ਦੀ ਵਿਚਾਰ ਨਾ ਕਰਨੀ ਅੰਨ੍ਹੇ ਬੋਲਿਆਂ ਦਾ ਕੰਮ ਹੈ। ਭਾਵ ਜਾਣਬੁੱਝ ਕੇ ਅੰਨ੍ਹੇ
ਬੋਲੇ ਬਣੇ ਹੲੋੇ ਹਨ। ਗੁਰੂ ਅਮਰਦਾਸ ਜੀ ਦਾ ਵਾਕ ਹੈ—
ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ॥
ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ ਜੰਮਹਿ ਵਾਰੋ ਵਾਰਾ॥
ਸੋਰਠਿ ਮਹਲਾ ੩ ਪੰਨਾ ੬੦੧
ਬਹੁਤ ਸਾਰੇ ਟੀ ਵੀ ਚੈਨਲਾਂ `ਤੇ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਹੈ ਪਰ
ਅਸੀਂ ਕੰਨ ਰਸ ਤੀਕ ਸੀਮਤ ਹੋ ਗਏ ਬਾਣੀ ਦੀ ਵਿਚਾਰ ਕਰਨ ਲਈ ਤਿਆਰ ਨਹੀਂ ਹਾਂ। ਹਰ ਗੁਰਦੁਆਰੇ ਵਿਚੋਂ
ਆਸਾ ਕੀ ਵਾਰ ਦੇ ਕੀਰਤਨ ਦੀਆਂ ਤਰੰਗਾਂ ਉੱਠ ਰਹੀਆਂ ਹਨ ਪਰ ਸ਼ਾਇਦ ਹੀ ਆਹ ਪੈਰਾਂ ਨਾਲ ਸਿਮਰਨ ਕਰਨ
ਵਾਲਿਆਂ ਨੂੰ ਸੁਣਾਈ ਦੇਂਦੀਆਂ ਹੋਣ—
ਬਹੁ ਭੇਖ ਕੀਆ ਦੇਹੀ ਦੁਖੁ ਦੀਆ॥ ਸਹੁ ਵੇ ਜੀਆ ਅਪਣਾ ਕੀਆ॥
ਅੰਨੁ ਨ ਖਾਇਆ ਸਾਦੁ ਗਵਾਇਆ॥ ਬਹੁ ਦੁਖੁ ਪਾਇਆ ਦੂਜਾ ਭਾਇਆ॥
ਆਸਾ ਕੀ ਵਾਰ ਸਲੋਕ ਮ: ੧ ਪੰਨਾ ੪੬੭
ਕੋਈ ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ ਹੈ ਤੇ ਕੋਈ ਅੰਨ ਜਲ ਤਿਆਗੀ ਬੈਠਾ ਹੈ।
ਇਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਸਵਾਏ ਤਲਖੀ ਦੇ ਹੋਰ ਕੁੱਝ ਵੀ ਨਹੀਂ ਪ੍ਰਾਪਤ ਕੀਤਾ। ਇਹ ਆਪਣਾ
ਕੀਤਾ ਆਪੇ ਹੀ ਪਾ ਰਹੇ ਹਨ। ਅਜੇਹਿਆ ਕਰਮਕਾਂਡੀ ਮਨੁੱਖਾਂ ਨੂੰ ਗੁਰਬਾਣੀ ਅੰਨ੍ਹੇ ਆਗੂ ਦਾ ਖਿਤਾਬ
ਦੇਂਦੀ ਹੈ—
ਅਗਿਆਨੀ ਅੰਧਾ ਮਗੁ ਨ ਜਾਣੈ ਫਿਰਿ ਫਿਰਿ ਆਵਣ ਜਾਵਣਿਆ॥
ਮਾਝ ਮਹਲਾ ੩ ਪੰਨਾ ੧੧੦
ਅੰਨ੍ਹਾ ਆਗੂ ਸ਼ਬਦ ਦੀ ਵਿਚਾਰ ਤੋਂ ਵਾਂਝਾ ਹੋ ਕੇ ਪਾਖੰਡੀ ਕਰਮ ਕਾਂਡਾ ਨੂੰ
ਤਰਜੀਹ ਦੇਂਦਾ ਹੈ। ਵਿਚਾਰ ਦੀ ਅਣਹੋਂਦ ਕਰਕੇ ਹੀ ਇਸ ਵੀਡੀਓ ਵਿੱਚ ਭੜਥੂ ਵਾਲਾ ਸਿਮਰਨ ਦਿਸਦਾ ਹੈ
ਜਿਸ ਨੂੰ ਗੁਰਬਾਣੀ ਰੱਦ ਕਰਦੀ ਹੈ---
ਸਤਿਗੁਰ ਕੀ ਸੇਵ ਨ ਕੀਨੀਆ ਕਿਆ ਓਹੁ ਕਰੇ ਵੀਚਾਰੁ॥
ਸਬਦੈ ਸਾਰ ਨ ਜਾਣਈ ਬਿਖੁ ਭੂਲਾ ਗਾਵਾਰੁ॥
ਅਗਿਆਨੀ ਅੰਧੁ ਬਹੁ ਕਰਮ ਕਮਾਵੈ ਦੂਜੈ ਭਾਇ ਪਿਆਰੁ॥
ਸਲੋਕ ਮ: ੩ ਪੰਨਾ ੫੮੯
ਸਤਿਗੁਰ ਦੀ ਹਜ਼ੂਰੀ ਵਿੱਚ ਖਲੋ ਕਿ ਜੀਵਨ ਜਾਚ ਦੱਸਣ ਦੀ ਥਾਂ `ਤੇ ਸਰੀਰ ਨੂੰ
ਜ਼ੋਰ ਜ਼ੋਰ ਦੀ ਹਿਲਾਉਣ ਲਈ ਕਹੇ ਤੇ ਆਖੇ, ਏਦਾਂ ਤੁਸੀਂ ਸਿਮਰਨ ਰੂਪੀ ਯੁੱਧ ਦੁਸ਼ਮਣ ਨਾਲ ਕਰਨਾ ਹੈ।
ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਅਜੇਹਾ ਅਕਲ ਦਾ ਅੰਨ੍ਹਾ ਆਗੂ ਵਿਸ਼ਟਾ ਵਿੱਚ ਹੀ ਸੜਦਾ ਹੈ—
ਨਾਨਕ ਨਾਮੁ ਨ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹਿ॥
ਜਮ ਦਰਿ ਬਧੇ ਮਾਰੀਅਹਿ ਫਿਰਿ ਵਿਸਟਾ ਮਾਹਿ ਪਚਾਹਿ॥ 1
ਸਲੋਕ ਮ: ੩ ਪੰਨਾ ੬੪੮
ਗੁਰਦੁਆਰਾ ਵਿੱਚ ਆ ਕੇ ਇੱਕ ਵਿਆਕਤੀ ਗੁਰ-ਸ਼ਬਦ ਦੀ ਵਿਚਾਰ ਕਰਦਾ ਹੈ ਤੇ
ਬਹੁਤ ਸਾਰੀ ਹਰ ਰੋਜ਼ ਨਵੀਂ ਜਾਣਕਾਰੀ ਹਾਸਲ ਕਰਦਾ ਹੈ ਤੇ ਉਸ ਅਨੁਸਾਰ ਆਪਣਾ ਜੀਵਨ ਜਿਉਣ ਦਾ ਯਤਨ
ਕਰਦਾ ਹੈ। ਇਸ ਦੇ ਵਿਪਰੀਤ ਦੂਜਾ ਵਿਆਕਤੀ ਗੁਰਦੁਆਰਾ ਸਾਹਿਬ ਆ ਕੇ ਕੇਵਲ ਬਾਰ ਬਾਰ ਇਕੋ ਗੱਲ ਹੀ
ਆਖੀ ਜਾਂਦਾ ਹੈ- ਕੀ ਉਸ ਨੂੰ ਜਾਣਕਾਰੀ ਮਿਲ ਸਕਦੀ ਹੈ? ਜੇ ਗੁਰੂ ਜੀ ਦੀ ਹਜ਼ੂਰੀ ਵਿੱਚ ਢੋਲ਼ ਢਮੱਕਾ
ਵਜਾ ਕੇ ਹਰਲ਼ ਹਰਲ਼ ਕਰਦਾ ਫਿਰੇ ਕੀ ਗੁਰਮਤ ਸਿਧਾਂਤ ਇਸ ਦੀ ਆਗਿਆ ਦੇਂਦਾ ਹੈ? ਅਜੇਹੇ ਮਨਮੁਖ
ਆਗਿਆਨੀਆਂ ਸਬੰਧੀ ਗੁਰੂ ਜੀ ਦਾ ਫਰਮਾਣ ਹੈ—
ਮਨਮੁਖ ਅਗਿਆਨੀ ਅੰਧੁਲੇ ਜਨਮਿ ਮਰਹਿ ਫਿਰਿ ਆਵੈ ਜਾਏ॥
ਕਾਰਜ ਸਿਧਿ ਨ ਹੋਵਨੀੑ ਅੰਤਿ ਗਇਆ ਪਛੁਤਾਏ॥
ਸਲੋਕ ਮ: ੩ ਪੰਨਾ ੮੫੩
ਅਕਲ ਦੇ ਅੰਨ੍ਹੇ ਮਨਮੁਖ ਆਪਣੇ ਅਸਲੇ ਨੂੰ ਨਹੀਂ ਸਮਝਦੇ ਤੇ ਉਹ ਬਾਹਰਲਾ
ਪਿੱਟਣਾ ਹੀ ਵਿਅਰਥ ਵਿੱਚ ਪਿਟੀ ਜਾਂਦੇ ਹਨ।
ਜੀਅ ਕੀ ਸਾਰ ਨ ਜਾਣਨੀ ਮਨਮੁਖ ਅਗਿਆਨੀ ਅੰਧੁ॥
ਕੂੜਾ ਗੰਢੁ ਨ ਚਲਈ ਚਿਕੜਿ ਪਥਰ ਬੰਧੁ॥
ਅੰਧੇ ਆਪੁ ਨ ਜਾਣਨੀ ਫਕੜੁ ਪਿਟਨਿ ਧੰਧੁ॥
ਸਲੋਕ ਮ: ੫ ੯੫੯
ਗੁਰੂ ਸਾਹਿਬ ਜੀ ਦਾ ਬੜਾ ਪਿਆਰਾ ਵਾਕ ਹੈ ਕਿ ਜਿੰਨ੍ਹਾਂ ਮਨੁੱਖਾਂ ਨੇ ਸ਼ਬਦ
ਦੀ ਵਿਚਾਰ ਨਾਲ ਸਾਂਝ ਨਹੀਂ ਪਾਈ ਉਹ ਮਨੁੱਖ ਦਿਸਦੇ ਹੋਏ ਵੀ ਮਰੇ ਹੋਏ ਪਸ਼ੂ ਵਰਗੇ ਹਨ।
ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥
ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ॥
ਓਨਾ ਅੰਤਰਿ ਗਿਆਨੁ ਨ ਧਿਆਨੁ ਹੈ ਹਰਿ ਸਿਉ ਪ੍ਰੀਤਿ ਨ ਪਿਆਰੁ॥
ਪੰਨਾ ੧੪੧੮
ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਮਾਰਗ ਹਰ ਪ੍ਰਾਣੀ ਲਈ ਹੈ ਜੋ ਪਰਵਾਰਕ
ਜ਼ਿਮੇਵਾਰੀਆਂ ਨਿੰਬੁਦਿਆਂ ਹੋਇਆਂ ਸਰਲ ਤੇ ਸਿੱਧੀ-ਸਾਦੀ ਜ਼ਿੰਦਗੀ ਬਤੀਤ ਕਰਨ ਨੂੰ ਤਰਜੀਹ ਦੇਂਦਾ ਹੈ।