ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹੱਤਤਾ
ਗੁਰਸ਼ਰਨ ਸਿੰਘ ਕਸੇਲ
ਸ੍ਰੀ ਗੁਰੂ ਗ੍ਰੰਥ ਸਾਹਿਬ (ਸ਼ਬਦ
ਗੁਰੂ) ਦੁਨੀਆਂ ਦਾ ਪਹਿਲਾ ਧਾਰਮਿਕ ਗ੍ਰੰਥ ਹੈ ਜੋ ਗ੍ਰੰਥ ਵੀ ਹੈ ਤੇ ਗੁਰੂ ਵੀ ਹੈ। ਇਸ ਦੀ ਦੂਜੀ
ਵੱਡੀ ਗੱਲ ਇਹ ਵੀ ਹੈ ਕਿ ਇਹ ਧਾਰਮਿਕ ਗ੍ਰੰਥ, ਹੋਰਨਾ ਧਰਮਾ ਦੇ ਗ੍ਰੰਥਾਂ ਵਾਂਗੂ ਉਹਨਾ ਦੇ ਗੁਰੁ,
ਅਵਤਾਰ ਜਾਂ ਪੈਗੰਬਰ ਤੋਂ ਪਿੱਛੋਂ ਨਹੀਂ ਲਿਖਿਆ ਗਿਆ, ਸਗੋਂ ਗੁਰੂ ਸਾਹਿਬ ਖ਼ੁਦ ਆਪਣੇ ਸਾਹਮਣੇ
ਸੰਪੂਰਨ ਕਰਵਾਇਆ ਸੀ: “ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥ (ਮ: 5,
ਪੰਨਾ186) “ਸ਼ਬਦ ਗੁਰੂ” ਵਿੱਚ ਜਿਥੇ “ੴ ਤੋਂ ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ”
ਤੀਕਰ ਅਕਾਲ ਪੁਰਖ ਦੀ ਕੁਦਰਤ ਬਾਰੇ ਜਿਥੇ ਪੂਰਨ ਗਿਆਨ ਦਿਤਾ ਗਿਆ ਹੈ, ਉਥੇ ਨਾਲ ਹੀ ਸਾਰੇ ਮਨੁੱਖਾਂ
ਨੂੰ ਇੱਕ ਅਕਾਲ ਪੁਰਖ ਦੇ ਬੱਚੇ ਹੋਣ ਦਾ ਵੀ ਉਪਦੇਸ਼ ਦਿਤਾ ਹੈ। ਇਸ ਪਵਿੱਤਰ ਗ੍ਰੰਥ ਵਿੱਚ ਚੰਗਾ
ਇਨਸਾਨ ਬਣਨ ਲਈ ਪੂਰੀ ਜੀਵਨ ਜਾਚ ਦੱਸੀ ਗਈ ਹੈ। ਇਸ ਵਿੱਚ ਹਿੰਦੂ ਧਰਮ ਵਲੋਂ ਉਚੀ ਨੀਵੀ ਜਾਤ ਦੇ
ਨਾਂਅ ਹੇਠ ਪਾਈਆਂ ਵੰਡੀਆਂ ਦਾ ਵੀ ਖੰਡਣ ਕੀਤਾ ਗਿਆ ਹੈ। ਧਰਮ ਦੇ ਨਾਂਅ ਤੇ ਬਾਹਰੀ ਭੇਖ ਕਰਨ
ਵਾਲਿਆਂ ਦਾ ਭੇਖ ਨੰਗਾ ਕੀਤਾ ਹੈ ਤਾਂ ਜੋ ਆਮ ਲੋਕ ਧਰਮ ਦੇ ਨਾਂਅ ਤੇ ਠੱਗੇ ਨਾ ਜਾ ਸਕਣ। ਇਸ ਰਾਹੀਂ
ਕਰਮ ਕਾਂਢਾਂ ਅਤੇ ਵਹਿਮਾਂ ਭਰਮਾਂ ਵਿੱਚ ਪੈਣ ਤੋਂ ਮਨੁੱਖ ਨੂੰ ਸੁਚੇਤ ਕੀਤਾ ਹੈ। ਇਸ ਰਾਹੀਂ ਲੋਕਾਂ
ਨੂੰ ਜਾਗਰੂਕ ਕੀਤਾ ਗਿਆ ਹੈ ਕਿ ਦੁਨੀਆਂ ਵਿੱਚ ਬਣੇ ਤੀਰਥ ਅਸਥਾਨਾ ਦਾ ਭ੍ਰਮਣ ਕਰਨ ਜਾਂ ਸਰੀਰਕ
ਇਸ਼ਨਾਨ ਕਰਨ ਨਾਲ ਆਤਮਾ ਵਿੱਚ ਕੋਈ ਸੁਧਾਰ ਨਹੀਂ ਹੋਵੇਗਾ। ਇਸ ਵਿੱਚ ਜਿਥੇ ਔਰਤ ਜਾਤ ਨੂੰ ਬਰਾਬਰੀ
ਦੇਣ ਦੀ ਗੱਲ ਕੀਤੀ ਗਈ ਹੈ, ਉਥੇ ਹੱਕ ਹਲਾਲ ਦੀ ਕਮਾਈ ਨੂੰ ਵੀ ਪਹਿਲ ਦਿੱਤੀ ਗਈ ਹੈ। ਗੱਲ ਕੀ ਸ੍ਰੀ
ਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖ ਨੂੰ ਸਚਿਆਰ ਬਣਾਉਣ ਦਾ ਪੂਰਨ ਗਿਆਨ ਹੈ ਅਤੇ ਇੱਕ ਅਕਾਲ ਪੁਰਖ
ਤੋਂ ਛੁੱਟ ਹੋਰ ਕਿਸੇ ਦੀ ਪੂਜਾ ਕਰਨ ਤੋਂ ਮਨਾਹੀ ਕੀਤੀ ਗਈ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸੇ ਦੇਵੀ ਦੇਵਤਿਆਂ ਦੀ ਪੂਜਾ ਕਰਨ ਦਾ ਉਪਦੇਸ਼ ਨਹੀਂ ਦੇਂਦੇ; ਕਿਉਂਕਿ
ਉਹ ਜੰਮਦੇ ਤੇ ਮਰਦੇ ਹਨ। ਇਸ ਵਿੱਚ ਤਾਂ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਦੀ ਅਰਾਧਨਾ ਕਰਨ ਦੀ ਗੱਲ
ਕੀਤੀ ਗਈ ਹੈ। ਉਸਨੂੰ ਹੀ ਸਿਮਰਨ ਦੀ ਗੱਲ ਕਰਦੇ ਹਨ ਜੋ ਹਰ ਜਗ੍ਹਾ ਹਾਜ਼ਰ ਨਾਜ਼ਰ ਹੈ। ਗੁਰਬਾਣੀ ਦਾ
ਫ਼ੁਰਮਾਣ ਹੈ:
ਦੇਵੀ ਦੇਵਾ ਪੂਜਹਿ, ਡੋਲਹਿ, ਪਾਰਬ੍ਰਹਮੁ ਨਹੀ ਜਾਨਾ॥ ਕਹਤ ਕਬੀਰ ਅਕੁਲੁ ਨਹੀ ਚੇਤਿਆ, ਬਿਖਿਆ ਸਿਉ
ਲਪਟਾਨਾ॥ (ਭਗਤ ਕਬੀਰ ਜੀ, ਪੰਨਾ ੩੩੨)
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥
ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ॥ (ਮ: ੧, ਪੰਨਾ ੬੩੭)
“ਸ਼ਬਦ ਗੁਰੁ” ਵਿੱਚ ਵਾਰ ਵਾਰ ਲੋਕਾਈ ਨੂੰ ਇਹ ਹੀ ਸਮਝਾਇਆ ਗਿਆ ਹੈ ਕਿ ਅਕਾਲ ਪੁਰਖ ਹੀ ਹਰ ਮਨੁੱਖ
ਦਾ ਸਾਹਿਬ ਹੈ ਅਤੇ ਨਾਂਹੀ ਅਕਾਲ ਪੁਰਖ ਕਦੀ ਵੀ ਜੂਨਾ ਵਿੱਚ ਪੈਂਦਾ ਹੈ। ਇਸੇ ਤੇ ਹੀ ਭਰੋਸਾ ਕਰਨ
ਲਈ ਆਖਿਆ ਹੈ ਤਾਂ ਕਿ ਲੋਕੀ ਕਿਸੇ ਦੇਵੀ ਦੇਵਤੇ ਜਾਂ ਅਖੌਤੀ ਸਾਧਾਂ ਸੰਤਾਂ ਦੇ ਪੈਰੀ ਨਾ ਡਿਗਦੇ
ਫਿਰਨ:
ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ ੧॥ ਰਹਾਉ॥ (ਮ: ੧, ਪੰਨਾ ੩੫੦)
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ (ਮ: 5, ਪੰਨਾ 1136)
ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ॥ ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ॥ ਸਦਾ ਸਦਾ ਸੋ
ਸੇਵੀਐ ਜੋ ਸਭ ਮਹਿ ਰਹੈ ਸਮਾਇ॥ ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ॥ (ਮ: 3, ਪੰਨਾ 509)
“ਸ਼ਬਦ ਗੁਰੂ” ਦੀ ਖ਼ਾਸ ਗੱਲ ਇਹ ਵੀ ਹੈ ਕਿ ਇਸ ਵਿੱਚ ਕਿਸੇ ਸਰੀਰ, ਮੂਰਤੀ ਜਾਂ ਅਵਤਾਰ ਆਦਿ ਨੂੰ
“ਗੁਰੂ” ਨਹੀਂ ਮੰਨਦੇ ਅਤੇ ਨਾਂਹੀ ਕਿਸੇ ਸਰੀਰ ਨੂੰ ਚੇਲਾ ਮੰਨਦੇ ਹਨ। ਇਸ ਵਿੱਚ ਤਾਂ “ਗੁਰੂ” ਉਸ
ਅਕਾਲ ਪੁਰਖ ਦੇ ਗਿਆਨ ਨੂੰ ਆਖਿਆ ਹੈ ਅਤੇ ਚੇਲਾ ਕੋਈ ਸਰੀਰ ਨਹੀਂ ਬਲਕਿ ਉਸ ਮਨੁੱਖ ਦੀ ਸੁਰਤ ਹੈ ਜੋ
ਅਕਾਲ ਪੁਰਖ ਦੀ ਸੋਝੀ ਲੈਣ ਲਈ ਤਿਆਰ ਹੈ। ਇਸ ਬਾਰੇ ਸਪੱਸ਼ਟ ਫ਼ੁਰਮਾਨ ਹੈ: ਸਬਦੁ ਗੁਰੂ, ਸੁਰਤਿ ਧੁਨਿ
ਚੇਲਾ॥ (ਮ: ੧, ਪੰਨਾ ੯੪੨)
ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੇ ਜਗੁ ਬਉਰਾਨੰ॥ (ਮ: 1, ਪੰਨਾ 634)
ਜਿਥੇ “ਸ਼ਬਦ ਗੁਰੂ” ਇੱਕ ਅਕਾਲ ਪੁਰਖ ਦੀ ਪੂਜਾ ਕਰਨ ਅਤੇ ਉਸਦਾ ਸਿਮਰਨ ਕਰਨ ਤੇ ਜੋਰ ਦੇਂਦੇ ਹਨ,
ਉਥੇ ਇਹ ਮਨੁੱਖ ਨੂੰ ਸੱਚਾ ਸੁੱਚਾ ਜੀਵਨ ਜੀਣ ਦੀ ਵੀ ਸਿਖਿਆ ਦੇਂਦੇ ਹਨ। ਇਸ ਵਿੱਚ ਇਸ ਗੱਲ ਤੇ ਜ਼ੋਰ
ਦਿਤਾ ਗਿਆ ਹੈ ਜੇਕਰ ਮਨੁੱਖ ਦੇ ਜੀਵਨ ਵਿੱਚ ਸੱਚ ਨਹੀਂ ਹੈ ਤਾਂ ਉਸਦਾ ਪੂਜਾ ਪਾਠ ਵੀ ਪਾਖੰਡ ਬਣ
ਜਾਂਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਮਨੁੱਖ ਪਹਿਲਾਂ ਆਪਣੇ ਆਪ ਤੋਂ ਸੱਚਾ ਹੋਵੇ ਨਾਂ ਕਿ ਲੋਕਾਂ
ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰੇ: ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ (ਮ: ੧, ਪੰਨਾ ੬੨)
ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ॥ ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ॥ (ਮ: ੧, ੪੭੩)
ਜਿਥੇ ਹਿੰਦੂ ਧਰਮ ਜਾਂ ਕਈ ਹੋਰ ਧਰਮ, ਮੂਰਤੀ ਪੂਜਾ ਜਾਂ ਕਿਸੇ ਦੇਹਧਾਰੀ ਗੁਰੂ ਨੂੰ ਪੂਜਦੇ ਹਨ,
ਉਥੇ ਇਸ ਵਿੱਚ ਅਜਿਹੇ ਕਰਮ ਨਾਂ ਕਰਨ ਦਾ ਪੂਰੇ ਜੋਰ ਨਾਲ ਖੰਡਣ ਕੀਤਾ ਗਿਆ ਹੈ। ਇਸ ਵਿੱਚ ਲੋਕਾਈ
ਨੂੰ ਸਮਝਾਇਆ ਗਿਆ ਹੈ ਕਿ ਜਿਸ ਮੂਰਤੀ ਜਾਂ ਪਥਰ ਨੂੰ ਤੁਸੀਂ ਪੂਜਦੇ ਹੋ ਇਹ ਤੁਹਾਨੂੰ ਕੁੱਝ ਨਹੀਂ
ਦੇ ਸਕਦਾ; ਕਿਉਂਕਿ ਇਹ ਤੁਹਾਨੂੰ ਗਿਆਨ ਦੀ ਕੋਈ ਗੱਲ ਨਹੀਂ ਦੱਸ ਸਕਦਾ। ਜੇਕਰ ਇਸ ਵਿੱਚ ਕੋਈ ਸ਼ਕਤੀ
ਹੁੰਦੀ ਤਾਂ ਇਹ ਪਹਿਲਾਂ ਉਸਨੂੰ ਖਾਂਦਾ ਜਿਸਨੇ ਪਥਰ ਨੂੰ ਘੜ੍ਹ-ਘੜ੍ਹ ਕੇ ਇਹ ਮੂਰਤੀ ਬਣਾਈ ਹੈ। ਇਸ
ਕਰਕੇ ਇਸਦੀ ਪੂਜਾ ਕਰਨਾ ਸਮਾਂ ਖਰਾਬ ਕਰਨਾ ਹੈ: ਪਾਖਾਨ ਗਢਿ ਕੈ ਮੂਰਤਿ ਕੀਨੀੑ, ਦੇ ਕੈ ਛਾਤੀ ਪਾਉ॥
ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ॥ (ਭਗਤ ਕਬੀਰ ਜੀ, ਪੰਨਾ ੪੭੯)
ਬੁਤ ਪੂਜਿ ਪੂਜਿ ਹਿੰਦੂ ਮੂਏ, ਤੁਰਕ ਮੂਏ ਸਿਰੁ ਨਾਈ॥ ਓਇ ਲੇ ਜਾਰੇ, ਓਇ ਲੇ ਗਾਡੇ, ਤੇਰੀ ਗਤਿ
ਦੁਹੂ ਨ ਪਾਈ॥ (ਭਗਤ ਕਬੀਰ ਜੀ, ਪੰਨਾ ੬੫੪)
ਇੰਜ਼ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖਾ ਸਰੀਰ ਦੀ ਬਾਹਰੀ ਸੁੱਚ ਨੂੰ ਕੋਈ ਮਹੱਤਤਾ ਨਹੀਂ
ਦਿੱਤੀ ਗਈ; ਸਰੀਰ ਜਾਂ ਤਾਂ ਗੰਦਾ ਹੁੰਦਾ ਹੈ ਜਾਂ ਸਾਫ਼। ਪਵਿੱਤਰ ਤਾਂ ਮਨੁੱਖ ਦੀ ਆਤਮਾ ਹੁੰਦੀ ਹੈ
ਅਤੇ ਆਤਮਾ ਪਵਿੱਤਰ ਸਿਰਫ ਸੱਚ ਦੇ ਗਿਆਨ ਨਾਲ ਹੁੰਦੀ ਹੈ। ਸਰੀਰ ਦੇ ਅੰਗਾਂ ਨੇ ਤਾਂ ਉਹੀ ਕੰਮ ਕਰਨਾ
ਹੈ ਜੋ ਅੰਦਰੋਂ ਸਾਡੀ ਆਤਮਾ ਨੇ ਆਖਣਾ ਹੈ। ਜੇ ਮਨੁੱਖ ਦੀ ਆਤਮਾ ਨੇ ਹੱਥਾਂ ਨੂੰ ਆਖਿਆ ਕਿ ਫਲਾਣੇ
ਬੰਦੇ ਦੇ ਮੂੰਹ ਤੇ ਚਪੇੜ ਮਾਰ ਤਾਂ ਹੱਥ ਨੇ ਚਪੇੜ ਮਾਰ ਦੇਣੀ ਹੈ; ਜੇ ਅੰਦਰੋਂ ਅਵਾਜ ਆਈ ਕਿ ਹੱਥ
ਜੋੜ ਕੇ ਫਤਹਿ ਬੁਲਾ ਤਾਂ ਹੱਥਾਂ ਨੇ ਦੋਵੇਂ ਹੱਥ ਜੋੜ ਦੇਣੇ ਹਨ। ਇੰਝ ਹੀ ਬਾਕੀ ਸਰੀਰ ਦੇ ਅੰਗ ਕੰਮ
ਕਰਦੇ ਹਨ। ਇਸ ਲਈ ਇਸ ਵਿੱਚ ਇਹ ਵੀ ਵਿਸ਼ੇਸ਼ਤਾ ਹੈ ਕਿ ਹਿੰਦੂ ਗ੍ਰੰਥਾਂ ਵਾਂਗੂ ਇਸ ਵਿੱਚ ਸਰੀਰਕ
ਸੁੱਚ ਭਿੱਟ ਦੀ ਕੋਈ ਮਹੱਤਤਾ ਨਹੀਂ, ਸਗੋਂ ਇਸ ਭਰਮ ਦਾ ਖੰਡਣ ਕੀਤਾ ਗਿਆ ਹੈ। ਇਸ ਬਾਰੇ ਸੋਝੀ ਦੇਣ
ਲਈ ਕਈ ਭਗਤਾਂ ਅਤੇ ਗੁਰੂ ਸਾਹਿਬਾਨ ਦੀ ਬਾਣੀ ਇਸ ਵਿੱਚ ਦਰਜ ਹੈ। ਗੁਰੂ ਸਾਹਿਬ ਆਖਦੇ ਹਨ ਕਿ ਜੇ
ਇਨਸਾਨ ਲੱਖਾਂ ਵਾਰੀ ਵੀ ਇਸ਼ਨਾਨ ਕਰ ਲਵੇ ਤਾਂ ਵੀ ਸਰੀਰ ਦੀ ਸੁੱਚ ਨਹੀਂ ਰਹਿ ਸਕਦੀ: ਸੋਚੈ ਸੋਚਿ ਨ
ਹੋਵਈ ਜੇ ਸੋਚੀ ਲਖ ਵਾਰ॥ (ਜਪੁ ਜੀ)
ਜਲਿ ਮਲਿ ਕਾਇਆ ਮਾਜੀਐ ਭਾਈ ਭੀ ਮੈਲਾ ਤਨੁ ਹੋਇ॥ ਗਿਆਨਿ ਮਹਾ ਰਸਿ ਨਾਈਐ ਭਾਈ ਮਨੁ ਤਨੁ ਨਿਰਮਲੁ
ਹੋਇ॥ (ਮ: ੧, ਪੰਨਾ ੬੩੭)
ਜਲ ਕੇ ਮਜਨਿ ਜੇ ਗਤਿ ਹੋਵੇ, ਨਿਤ ਨਿਤ ਮੇਂਡੁਕ ਨਾਵਹਿ॥ ਜੇਸੇ ਮੇਂਡੁਕ ਤੇਸੇ ਓਇ ਨਰ, ਫਿਰ ਫਿਰ
ਜੋਨੀ ਆਵਹਿ॥ (ਭਗਤ ਕਬੀਰ ਜੀ, ਪੰਨਾ 484)
ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊ॥ ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ
ਨ ਹੋਈ॥ (ਮ: ੧, ਪੰਨਾ ੯੦੨-੯੦੩)
ਵਰਤ ਨੇਮੁ ਸੁਚ ਸੰਜਮੁ ਪੂਜਾ ਪਾਖੰਡਿ ਭਰਮੁ ਨ ਜਾਇ॥ (ਮ: ੪, ਪੰਨਾ ੧੪੨੩)
ਇਸੇ ਤਰ੍ਹਾਂ ਜਿਥੇ “ਸ਼ਬਦ ਗੁਰੂ” ਵਿੱਚ ਸਰੀਰ ਦੇ ਬਾਹਰੀ ਸੁੱਚ ਨੂੰ ਕੋਈ ਮਹੱਤਤਾ ਨਹੀਂ ਹੈ, ਉਥੇ
ਹਿੰਦੂ ਧਰਮ ਵਾਂਗੂ ਤੀਰਥਾਂ ਦੇ ਭ੍ਰਮਣ ਕਰਨ ਜਾਂ ਕਿਸੇ ਖ਼ਾਸ ਤੀਰਥ `ਤੇ ਜਾ ਕੇ ਇਸ਼ਨਾਨ ਕਰਨ ਦੀ ਵੀ
ਕੋਈ ਮਹੱਤਤਾ ਨਹੀਂ ਹੈ। ਹਾਂ! ਇਤਿਹਾਸ ਦੀ ਜਾਣਕਾਰੀ ਵਾਸਤੇ ਜਾਣਾ ਵੱਖਰੀ ਗੱਲ ਹੈ। ਤੀਰਥਾਂ ਤੇ ਜਾ
ਕੇ ਸਿਰਫ ਇਸ਼ਨਾਨ ਕਰਨ ਨਾਲ ਆਪਣੇ ਮਨ ਵਿੱਚ ਭਰਮ ਪਾ ਲੈਣਾ ਕਿ ਮੈਂ ਹੁਣ ਪਵਿੱਤਰ ਹੋ ਗਿਆ ਹਾਂ, ਜਾਂ
ਆਪਣੀਆਂ ਕੀਤੀਆਂ ਪਹਿਲੀਆਂ ਗਲਤੀਆਂ ਗੁਰੂ ਜਾਂ ਅਕਾਲ ਪੁਰਖ ਕੋਲੋ ਮਾਫ਼ ਕਰਵਾ ਲਈਆਂ ਹਨ, ਅਜਿਹੀ ਸੋਚ
ਰੱਖਣ ਦਾ ਗੁਰਬਾਣੀ ਨੇ ਸਪਸ਼ਟ ਖੰਡਣ ਕੀਤਾ ਗਿਆ ਹੈ ਤਾਂ ਜੋ ਮਨੁੱਖ ਕਿਸੇ ਅਜਿਹੇ ਭੁਲੇਖੇ ਵਿੱਚ ਨਾਂ
ਰਹੇ। ਗੁਰਬਾਣੀ ਦਾ ਫ਼ੁਰਮਨ ਹੈ: ਨਾਵਣ ਚਲੇ ਤੀਰਥੀ ਮਨਿ ਖੋਟੇ ਤਨਿ ਚੋਰ॥ ਇਕੁ ਭਾਉ ਲਥੀ ਨਾਤਿਆ ਦੁਇ
ਭਾ ਚੜੀਅਸੁ ਹੋਰ॥ ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ॥ ਸਾਧ ਭਲੇ ਅਣ ਨਾਤਿਆ ਚੋਰ ਸਿ ਚੋਰ॥
(ਮ: 1, ਪੰਨਾ 789)
ਧੋਤੀ ਮੂਲਿ ਨ ਉਤਰੇ, ਜੇ ਅਠਸਠਿ ਤੀਰਥ ਨਾਇ॥ ਮਨਮੁਖ ਕਰਮ ਕਰੇ ਅਹੰਕਾਰੀ, ਸਭ ਦੁਖੋ ਦੁਖੁ ਕਮਾਇ॥
ਨਾਨਕ ਮੈਲਾ ਊਜਲੁ ਤਾ ਥੀਐ, ਜਾ ਸਤਿਗੁਰ ਮਾਹਿ ਸਮਾਇ॥ (ਮ: 3, ਪੰਨਾ 87)
ਸਲੋਕ: ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ॥ ਧੋਤੇ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ॥
ਨਾਨਕ ਬਖਸੇ ਬਖਸੀਅਹਿ ਨਾਹੀ ਤ ਪਾਹੀ ਪਾਹਿ॥ (ਮ: 1, ਪੰਨਾ 149)
“ਸ਼ਬਦ ਗੁਰੂ” ਵਿੱਚ ਹੋਰਨਾਂ ਕਈ ਧਰਮਾਂ ਵਾਂਗੂ ਸਰੀਰਕ ਪਹਿਰਾਵਾ ਪਾ ਕੇ ਬਾਹਰੀ ਤੌਰ ਤੇ ਆਪਣੇ ਆਪ
ਨੂੰ ਧਰਮੀ ਵਿਖਾਉਣ ਵਾਲਿਆਂ ਤੋਂ ਸੁਚੇਤ ਰਹਿਣ ਦੀ ਸਿਖਿਆ ਦਿੱਤੀ ਗਈ ਹੈ। ਇਸ ਸੰਸਾਰ ਵਿੱਚ ਜਿਥੇ
ਬਹੁਤ ਨੇਕ ਨੀਅਤ ਵਾਲੇ ਇਨਸਾਨ ਹਨ, ਉਥੇ ਠੱਗ ਲੋਕ ਵੀ ਬਹੁਤ ਹਨ। ਜੋ ਵਿਹਲੜ ਤੇ ਨਿਕਮੇ ਹਨ, ਆਪ
ਹੱਥੀ ਕੁੱਝ ਨਹੀਂ ਕਰਦੇ ਪਰ ਲੋਕਾਈ ਨੂੰ ਗੁਮਰਾਹ ਕਰਨ ਲਈ ਧਰਮੀ ਪਹਿਰਾਵਾ ਪਾ ਲੈਂਦੇ ਹਨ। ਜਿਸ ਨਾਲ
ਆਮ ਸਿਧਾ ਸਾਧਾ ਇਨਸਾਨ ਕਿਸੇ ਠੱਗ ਦੇ ਸਰੀਰ ਉਤੇ ਵੀ ਧਰਮੀ ਲਿਬਾਸ ਵੇਖ ਕੇ ਉਸਨੂੰ ਧਰਮੀ ਪੁਰਸ਼
ਸਮਝਣ ਲੱਗ ਪੈਂਦਾ ਹੈ। ਅਜਿਹੇ ਲੋਕਾਂ ਤੋਂ ਵੀ ਗੁਰਬਾਣੀ ਮਨੁੱਖ ਨੂੰ ਸੁਚੇਤ ਕਰਦੀ ਹੈ: ਗਜ ਸਾਢੇ
ਤੈ ਤੈ ਧੋਤੀਆ, ਤਿਹਰੇ ਪਾਇਨਿ ਤਗ॥ ਗਲੀ ਜਿਨਾੑ ਜਪਮਾਲੀਆ, ਲੋਟੇ ਹਥਿ ਨਿਬਗ॥ ਓਇ ਹਰਿ ਕੇ ਸੰਤ ਨ
ਆਖੀਅਹਿ, ਬਾਨਾਰਸਿ ਕੇ ਠਗ॥ (ਭਗਤ ਕਬੀਰ ਜੀ, ਪੰਨਾ ੪੭੬)
ਭਸਮ ਚੜਾਇ ਕਰਹਿ ਪਾਖੰਡੁ॥ ਮਾਇਆ ਮੋਹਿ ਸਹਹਿ ਜਮ ਡੰਡੁ॥ (ਮ: ੧, ਪੰਨਾ ੯੦੩)
ਬਾਹਰ ਭੇਖਿ ਨ ਪਾਈਐ ਪ੍ਰਭੁ ਅੰਤਰਜਾਮੀ॥ (ਮ: ੫, ਪੰਨਾ ੧੦੯੯)
ਜਿਥੇ ਕਈ ਧਰਮਾਂ ਵਿੱਚ ਜਿਹੜਾ ਮਨੁੱਖ ਗ੍ਰਹਿਸਥੀ ਨਹੀਂ ਬਣਦਾ ਉਸਨੂੰ ਧਾਰਮਿਕ ਵਿਅਕਤੀ ਸਮਝਦੇ ਹਨ।
ਪਰ ਇਸ ਧਰਮ ਵਿੱਚ ਅਜਿਹੇ ਮਨੁੱਖ ਨੂੰ ਧਰਮੀ ਨਹੀਂ ਸਗੋਂ ਭੇਖੀ ਆਖਿਆ ਗਿਆ ਹੈ। ਜੇਕਰ ਕਿਸੇ ਮਨੁੱਖ
ਨੂੰ ਕੋਈ ਐਸਾ ਸਰੀਰਕ ਰੋਗ ਜਾਂ ਕੁਦਰਤੀ ਘਾਟ ਹੈ, ਉਹ ਗੱਲ ਵੱਖਰੀ ਹੈ: ਪਰ ਜੇ ਕੋਈ ਵਿਆਹ ਨਾਂ
ਕਰਵਾਏ ਅਤੇ ਕਹੇ ਕਿ ਮੈਂ ਬਹੁਤ ਧਰਮੀ ਹਾਂ, ਮੈਂ ਅਕਾਲ ਪਰਖ ਨੂੰ ਮਿਲਣ ਲਈ ਵਿਆਹ ਹੀ ਨਹੀਂ ਕਰਵਾਇਆ
ਤਾਂ ਉਸ ਮਨੁੱਖ ਨੂੰ ਧਰਮੀ ਨਹੀਂ ਆਖਿਆ ਜਾਂਦਾ ਸਗੋਂ ਢੌਗੀ ਆਖਿਆ ਹੈ: ਬਿੰਦੁ ਰਾਖਿ ਜੌ ਤਰੀਐ ਭਾਈ॥
ਖੁਸਰੈ ਕਿਉ ਨ ਪਰਮ ਗਤਿ ਪਾਈ॥ (ਭਗਤ ਕਬੀਰ ਜੀ, ਪੰਨਾ ੩੨੪)
ਬਿੰਦੁ ਨ ਰਾਖਹਿ ਜਤੀ ਕਹਾਵਹਿ॥ ਮਾਈ ਮਾਗਤ ਤ੍ਰੈ ਲੋਭਾਵਹਿ॥ ਨਿਰਦਇਆ ਨਹੀ ਜੋਤਿ ਉਜਾਲਾ॥ ਬੂਡਤ
ਬੂਡੇ ਸਰਬ ਜੰਜਾਲਾ॥ (ਮ: ੧, ਪੰਨਾ ੯੦੩)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਵੀ ਹੋਰਨਾਂ ਧਰਮਾਂ ਦੇ ਪਵਿੱਤਰ ਕਹੇ ਜਾਂਦੇ ਗ੍ਰੰਥਾਂ ਨਾਲੋਂ
ਵੀ ਵਿਸ਼ੇਸ਼ਤਾ ਹੈ ਕਿ ਇਹਨਾਂ ਵਿੱਚ ਉੱਚੀ ਨੀਵੀ ਜਾਤੀ ਜਾਂ ਰੰਗ ਨਸਲ ਦਾ ਕੋਈ ਭੇਦ ਭਾਂਵ ਨਹੀਂ ਹੈ;
ਇਥੇ ਇਨਸਾਨ ਦੇ ਕਰਮਾਂ ਨੂੰ ਮੁੱਖ ਰ਼ਖਿਆ ਗਿਆ ਹੈ। ਜਿਥੇ ਹਿੰਦੂ ਧਰਮ ਵਿੱਚ ਖਾਸ ਕਰਕੇ ਇਸ ਗੱਲ ਦੀ
ਬਹੁਤ ਮੱਹਤਤਾ ਹੈ, ਉਥੇ “ਸ਼ਬਦ ਗੁਰੂ” ਵਿੱਚ ਹਰੇਕ ਇਨਸਾਨ ਨੂੰ ਇਕੋ ਜਿਹਾ ਹੱਕ ਦਿੱਤਾ ਗਿਆ ਹੈ। ਇਹ
ਹੀ ਇੱਕ ਧਾਰਮਿਕ ਪਵਿੱਤਰ ਗ੍ਰੰਥ ਅਤੇ ਗੁਰੂ ਹੈ ਜਿਸ ਵਿੱਚ ਕਈ ਵੱਖ ਵੱਖ ਜਾਤੀ ਦੇ ਭਗਤਾਂ ਦੀ ਬਾਣੀ
ਦਰਜ ਹੈ; ਉਹ ਭਾਂਵੇ ਕਿਸੇ ਵੀ ਜਾਤ ਬਰਾਦਰੀ ਨਾਲ ਸਬੰਧਤ ਹੋਣ ਪਰ ਸਿਰਫ ਇੱਕ ਅਕਾਲ ਪੁਰਖ ਨੂੰ
ਮੰਨਦੇ ਹੋਣ। ਇਸ ਲਈ ਉਚੀ ਨੀਵੀ ਜਾਤ ਆਖਣ ਵਾਲਿਆਂ ਦਾ ਖੁਲ੍ਹ ਕੇ ਵਿਰੋਧ ਕੀਤਾ ਗਿਆ ਹੈ: ਸਲੋਕ:
ਫਕੜ ਜਾਤੀ ਫਕੜੁ ਨਾਉ। ਸਭਨਾ ਜੀਆ ਇਕਾ ਛਾਉ॥ ਆਪਹੁ ਜੇ ਕੋ ਭਲਾ ਕਹਾਏ॥ ਨਾਨਕ ਤਾ ਪਰੁ ਜਾਪੈ ਜਾ
ਪਤਿ ਲੇਖੈ ਪਾਇ॥ (ਮ: 1, ਪੰਨਾ 83)
ਜੌ ਤੂੰ ਬ੍ਰਾਹਮਣੁ, ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥ (ਭਗਤ ਕਬੀਰ ਜੀ, ਪੰਨਾ ੩੨੪)
ਆਗੈ ਜਾਤਿ ਰੂਪੁ ਨ ਜਾਇ॥ ਤੇਹਾ ਹੋਵੈ ਜੇਹੇ ਕਰਮ ਕਮਾਇ॥ ਸਬਦੇ ਊਚੋ ਊਚਾ ਹੋਇ॥ ਨਾਨਕ ਸਾਚਿ ਸਮਾਵੈ
ਸੋਇ॥ (ਮ: ੩, ਪੰਨਾ ੩੬੩)
ਨਾਮਾ ਛੀਬਾ ਕਬੀਰੁ ਜ+ਲਾਹਾ ਪੂਰੇ ਗੁਰ ਤੇ ਗਤਿ ਪਾਈ॥ (ਮ: ੩, ਪੰਨਾ ੬੭)
“ਸ਼ਬਦ ਗੁਰੂ” ਵਿੱਚੋਂ ਇਹ ਵੀ ਸਿਖਿਆ ਮਿਲਦੀ ਹੈ ਕਿ ਅਧਿਆਤਮਿਕ ਗਿਆਨ ਲੈਣ ਜਾਂ ਉਸ ਅਕਾਲ ਪੁਰਖ ਦੀ
ਭਗਤੀ ਕਰਨ ਵਾਸਤੇ ਕਿਤੇ ਦੂਰ ਜੰਗਲਾਂ ਜਾਂ ਘਰ-ਬਾਰ ਛੱਡਣ ਦੀ ਲੋੜ ਨਹੀਂ। ਪ੍ਰੀਵਾਰ ਵਿੱਚ ਰਹਿੰਦੇ
ਹੋਏ, ਆਪਣੇ ਸਾਰੇ ਕਾਰੋਬਾਰ ਕਰਦੇ ਹੋਏ ਹੀ ਉਸ ਅਕਾਲ ਪੁਰਖ ਨਾਲ ਆਪਣੇ ਅੰਦਰੋਂ ਜੁੜ ਸਕਦੇ ਹੋ: ਕਿਆ
ਜੰਗਲੁ ਢੂਢੀ ਜਾਇ ਮੈ ਘਰਿ ਬਨੁ ਹਰੀਆਵਲਾ॥ ਸਚਿ ਟਿਕੈ ਘਰਿ ਆਇ ਸਬਦਿ ਉਤਾਵਲਾ॥ (ਮ: ੧, ਪੰਨਾ ੪੨੦)
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ, ਵਣਿ ਕੰਡਾ ਮੋੜੇਹਿ॥ ਵਸੀ ਰਬੁ ਹਿਆਲੀਐ, ਜੰਗਲੁ ਕਿਆ ਢੂਢੇਹਿ॥
(ਪੰਨਾ ੧੩੭੮)
ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ॥ (ਮ: 1, ਪੰਨਾ 469, ਆਸਾ ਕੀ ਵਾਰ)
ਬਾਹਰਿ ਮੂਲਿ ਨ ਖੋਜੀਐ ਘਰ ਮਾਹਿ ਬਿਧਾਤਾ॥ ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ ਤਿਨੀ ਜਨਮੁ
ਗਵਾਤਾ॥ ਸਭ ਮਹਿ ਇਕੁ ਵਰਤਦਾ ਵਰਤਦਾ ਗੁਰ ਸਬਦੀ ਪਾਇਆ ਜਾਈ॥ (ਮ: 1, ਪੰਨਾ 953)
“ਸ਼ਬਦ ਗੁਰੂ” ਜਗਤ ਨੂੰ ਇਹ ਵੀ ਸੰਦੇਸ਼ ਦੇਂਦੇ ਹਨ ਕਿ ਮ੍ਰਿਤਕ ਸਰੀਰ ਨੂੰ ਤੁਸੀਂ ਭਾਂਵੇ ਵੱਖ ਵੱਖ
ਤਰੀਕਿਆਂ ਨਾਲ ਅੰਤਮ ਰਸਮਾਂ ਕਰਦੇ ਹੋ ਪਰ ਇਸਤਰ੍ਹਾਂ ਕਰਨ ਨਾਲ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਉਸ
ਇਨਸਾਨ ਦੀ ਰੂਹ ਕਿਥੇ ਗਈ ਹੈ। ਗੁਰਬਾਣੀ ਅਜਿਹੇ ਅੰਧਵਿਸ਼ਵਾਸਾਂ ਵਿੱਚ ਨਾਂ ਪੈਣ ਦੀ ਸੋਝੀ ਦੇਂਦੀ
ਹੈ:
ਇਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥
ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥ (ਮ: ੧, ਪੰਨਾ ੬੪੮)
ਦੇਨਿੑ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ॥ ਨਾਨਕ ਹੁਕਮੁ ਨ ਜਾਪਈ ਕਿਥੈ ਜਾਇ ਸਮਾਹਿ॥ (ਮ: ੧,
ਪੰਨਾ ੧੨੮੬)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਰਨਾ ਕੌਮਾਂ ਦੇ ਧਾਰਮਿਕ ਗ੍ਰੰਥਾਂ ਵਾਂਗੂ ਸਰੀਰਕ ਮੌਤ ਤੋਂ
ਪਿਛੋਂ ਕਿਸੇ ਅਖੋਤੀ ਮੁਕਤੀ ਦਾ ਲਾਲਚ ਨਹੀਂ ਦੇਂਦੇ ਹਨ। ਸਗੋਂ ਸਾਰੇ ਜੀਵਨ ਦੇ ਕਾਰੋਬਾਰ ਕਰਦਿਆਂ
ਹੀ ਇਸ ਸੰਸਾਰ ਵਿੱਚ ਰਹਿੰਦਿਆਂ ਹੀ ਵਿਕਾਰਾਂ ਤੋਂ ਮੁਕਤ ਹੋਣ ਦਾ ਉਪਦੇਸ਼ ਦੇਂਦੇ ਹਨ: ਨਾਨਕ
ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥ ਹਸੰਦਿਆ, ਖੇਲੰਦਿਆ, ਪੈਨੰਦਿਆ, ਖਾਵੰਦਿਆ ਵਿਚੇ ਹੋਵੈ
ਮੁਕਤਿ॥ (ਮ: 5, ਪੰਨਾ ੫੨੨)
ਨਿਕੁਟੀ ਦੇਹ ਦੇਖਿ ਧੁਨਿ ਉਪਜੇ, ਮਾਨ ਕਰਤ ਨਹੀ ਬੂਝੇ॥ ਲਾਲਚੁ ਕਰੇ ਜੀਵਨ ਪਦ ਕਾਰਨ, ਲੋਚਨ ਕੁਛੂ ਨ
ਸੂਝੇ॥ ਥਾਕਾ ਤੇਜੁ, ਉਡਿਆ ਮਨੁ ਪੰਖੀ, ਘਰਿ ਆਂਗਨਿ ਨ ਸੁਖਾਈ॥ ਬੇਣੀ ਕਹੈ ਸੁਨਹੁ ਰੇ ਭਗਤਹੁ, ਮਰਨ
ਮੁਕਤਿ ਕਿਨਿ ਪਾਈ॥ (ਪੰਨਾ ੯੩)
ਹਉ ਜੀਵਾਂ ਸਦਾ ਹਰਿ ਕੇ ਗੁਣ ਗਾਈ॥ ਗੁਰ ਕਾ ਸਬਦੁ ਮਹਾ ਰਸੁ ਮੀਠਾ ਹਰਿ ਕੈ ਨਾਮਿ ਮੁਕਤਿ ਗਤਿ ਪਾਈ॥
੧॥ ਰਹਾਉ॥ (ਮ: ੩, ਪੰਨਾ ੧੨੬੨)
ਇਵੇਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਰਨਾ ਕਈ ਧਰਮਾ ਵਾਂਗੂ ਮਰਨ ਤੋਂ ਪਿੱਛੋਂ ਕਿਸੇ ਸਵਰਗ
ਦਾ ਲਾਲਚ ਜਾਂ ਨਰਕ ਦਾ ਡਰਾਵਾ ਨਹੀਂ ਦਿਤਾ; ਸਗੋਂ ਉਸ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣ ਦਾ ਹੁਕਮ
ਹੈ:
ਕਬੀਰ ਸੁਰਗ ਨਰਕ ਤੇ ਮੈ ਰਹਿਓ, ਸਤਿਗੁਰ ਕੇ ਪਰਸਾਦਿ॥ ਚਰਨ ਕਮਲ ਕੀ ਮਉਜ ਮਹਿ, ਰਹਉ ਅੰਤਿ ਅਰੁ
ਆਦਿ॥ (ਪੰਨਾ1370)
ਇਸ ਪਵਿੱਤਰ “ਸ਼ਬਦ ਗੁਰੂ” ਵਿੱਚ ਜਿਥੇ ਹੋਰ ਪੁਰਾਤਨ ਧਰਮ ਅਤੇ ਉਹਨਾਂ ਦੇ ਧਾਰਮਿਕ ਗ੍ਰੰਥਾਂ ਨਾਲੋਂ
ਕਈ ਨਵੇਕਲੀਆਂ ਗੱਲਾਂ ਹਨ ਉਥੇ ਔਰਤ ਜਾਤ ਨੂੰ ਵੀ ਬਹੁਤ ਸਤਿਕਾਰ ਦਿਤਾ ਗਿਆ ਹੈ। ਜੋ ਦੁਨੀਆਂ ਦੇ
ਕਿਸੇ ਧਾਰਮਿਕ ਗ੍ਰੰਥ ਵਿੱਚ ਘੱਟ ਹੀ ਮਿਲਦਾ ਹੈ: ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਮ:
੧, ਪੰਨਾ ੪੭੩)
ਇਸ ਵਿੱਚ ਔਰਤ ਜਾਤ ਨੂੰ ਬਰਾਬਰੀ ਦਾ ਅਧਿਕਾਰ ਦਿਤਾ ਗਿਆ ਹੈ। ਇਸ ਵਿੱਚ ਤਾਂ ਇਥੋਂ ਤੱਕ ਗ੍ਰਹਿਸਥੀ
ਜੀਵਨ ਨੂੰ ਸੁਖਾਲਾ ਬਣਾਉਣ ਲਈ ਚਿਤਾਵਣੀ ਦਿਤੀ ਗਈ ਹੈ ਕਿ ਜਿਸ ਪਤੀ ਪਤਨੀ ਦੀ ਸੋਚ ਇੱਕ ਨਹੀਂ,
ਜਾਨੀਕਿ ਦੋਹਾਂ ਵਿੱਚ ਪਿਆਰ ਸਤਿਕਾਰ ਨਹੀਂ ਹੈ, ਉਹ ਸਰੀਰਕ ਤੌਰ ਤੇ ਤਾਂ ਵਿਆਹੇ ਹੋਏ ਹੋ ਸਕਦੇ ਹਨ
ਪਰ ਆਤਮਾ ਕਰਕੇ ਨਹੀਂ; ਪਰ ਜਿੰਨਾ ਦੀ ਆਤਮਾ ਵੀ ਇੱਕ ਹੋ ਗਈ ਅਸਲ ਵਿੱਚ ਉਹ ਹੀ ਵਿਆਹੇ ਹੋਏ ਹਨ।
ਗੁਰਬਾਣੀ ਦਾ ਫੁਰਮਾਨ ਹੈ:
ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ॥ (ਮ: ੩,
ਪੰਨਾ ੭੮੮)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਵੀ ਸਮੇਂ ਨੂੰ ਚੰਗਾ ਜਾਂ ਮਾੜਾ ਨਹੀਂ ਆਖਿਆ ਗਿਆ; ਅਤੇ ਨਾਂ
ਹੀ ਕੋਈ ਅਖੌਤੀ ਸਤਿਜੁਗ ਜਾਂ ਕਲਿਜੁਗ ਨੂੰ ਕੋਈ ਮਾਨਤਾ ਦਿੱਤੀ ਗਈ ਹੈ। ਗੁਰਬਾਣੀ ਇਸ ਬਾਰੇ ਲੋਕਾਈ
ਨੂੰ ਸਮਝਾਉਂਦੀ ਹੈ: ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ॥ ਸਾ ਧਰਤੀ ਸੋ ਪਉਣੁ
ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ॥ ੧॥ ਜੀਵਨ ਤਲਬ ਨਿਵਾਰਿ॥ ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ
ਲਖਣ ਵੀਚਾਰਿ॥ ੧॥ ਰਹਾਉ॥ (ਮ: ੧, ਪੰਨਾ ੯੦੨)
“ਸ਼ਬਦ ਗੁਰੂ” ਵਿੱਚ ਇਹ ਵੀ ਗਿਆਨ ਦਿਤਾ ਗਿਆ ਹੈ ਕਿ ਸੂਰਜ, ਚੰਦ ਆਦਿਕ ਦੀ ਪੂਜਾ ਨਹੀਂ ਕਰਨੀ।
ਇਨ੍ਹਾਂ ਦੇ ਧਰਤੀ ਅਤੇ ਸੂਰਜ ਦੁਆਲੇ ਚੱਕਰ ਲਾਉਣ ਨਾਲ ਜੋ ਦਿਨ ਰਾਤ ਅਤੇ ਰੁਤਾ ਆਦਿ ਵਿੱਚ ਤਬਦੀਲੀ
ਹੁੰਦੀ ਹੈ ਉਹ ਸੱਭ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਹੈ। ਇਹ ਸੂਰਜ ਚੰਦ ਤਾਂ ਉਸਦੀ ਜੋਤ ਦਾ ਬਾਹਰਲਾ
ਦਿਸਦਾ ਸਰੂਪ ਹੀ ਹਨ। ਮਨੁੱਖ ਨੇ ਅਕਾਲ ਪੁਰਖ ਨਾਲ ਜੁੜਨਾ ਹੈ ਉਸਦੀ ਕ੍ਰਿਤ ਨਾਲ ਨਹੀਂ। ਇਸ ਲਈ
ਮੱਸਿਆ, ਸੰਗਰਾਂਦ, ਪੁੰਨਿਆ, ਪੰਚਮੀ ਆਦਿਕ ਕੋਈ ਖ਼ਾਸ ਪੱਵਿਤਰ ਦਿਨ ਨਹੀਂ ਹਨ। ਇਹਨਾ ਨੂੰ ਖ਼ਾਸ ਦਿਨ
ਸਮਝਣਾ ਮੂਰਖਾਂ ਵਾਲੀ ਸੋਚ ਹੈ: ਸਤਿਗੁਰ ਬਾਝਹੁ ਅੰਧੁ ਗੁਬਾਰੁ॥ ਥਿਤੀ ਵਾਰ ਸੇਵਹਿ ਮੁਹਧ ਗਵਾਰ॥
(ਮ: 3, ਪੰਨਾ 842)
ਚੰਦੁ ਸੂਰਜੁ ਦੁਇ ਜੋਤਿ ਸਰੂਪੁ॥ ਜੋਤੀ ਅੰਤਰਿ ਬ੍ਰਹਮੁ ਅਨੂਪੁ॥ ੧॥ ਕਰੁ, ਰੇ ਗਿਆਨੀ ਬ੍ਰਹਮ
ਬੀਚਾਰੁ॥ ਜੋਤੀ ਅੰਤਰਿ ਧਰਿਆ ਪਸਾਰੁ॥ ੧॥ ਰਹਾਉ॥ (ਕਬੀਰ ਜੀ, ਪੰਨਾ ੯੭੨)
ਇਸ ਵਿੱਚ ਜਿਥੇ ਬਹੁਤ ਵਿਸਥਾਰ ਨਾਲ ਬ੍ਰਹਿਮੰਡ ਦੀ ਸੋਝੀ ਦਿਤੀ ਹੈ; ਉਥੇ ਮਨੁੱਖ ਨੂੰ ਚੰਗਾ ਜੀਵਨ
ਬਣਾਉਣ ਦੀ ਲੋੜ ਤੇ ਬਹੁਤ ਜ਼ੋਰ ਦਿਤਾ ਹੈ। ਇਸ ਵਿੱਚ ਤਾਂ ਜਿਸ ਮਨੁੱਖ ਦਾ ਜੀਵਨ ਸਿਰਫ ਆਪਣੇ ਖਾਣ
ਪੀਣ ਤੀਕਰ ਅਤੇ ਮੋਹ ਮਾਇਆ ਵਿੱਚ ਖੱਪਤ ਹੈ, ਉਸਨੂੰ ਹਲੂਣਾ ਦੇਣ ਲਈ ਇਥੋਂ ਤਕ ਕਿਹਾ ਹੈ: ਕਰਤੂਤਿ
ਪਸੂ ਕੀ ਮਾਨਸ ਜਾਤਿ॥ (ਸੁਖਮਨੀ ਸਾਹਿਬ) ਫਿਟੁ ਇਵੇਹਾ ਜੀਵਿਆ ਜਿਤੁ ਖਾਹਿ ਵਧਾਇਆ ਪੇਟੁ॥ (ਮ: 1,
ਪੰਨਾ 790)
ਇਸਦੇ ਨਾਲ ਹੀ ਮਨੁੱਖ ਨੂੰ ਹਰੇਕ ਤਰ੍ਹਾਂ ਦੇ ਉਹਨਾਂ ਨਸ਼ਿਆਂ ਨੂੰ ਖਾਣ ਪੀਣ ਤੋਂ ਦੂਰ ਰਹਿਣ ਲਈ
ਕਿਹਾ ਹੈ ਜੋ ਮਨੁੱਖ ਦੀ ਸਿਹਤ ਅਤੇ ਸੋਚਣੀ ਨੂੰ ਖਰਾਬ ਕਰਦੀ ਹੈ: ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ ੧॥ ਰਹਾਉ॥ (ਮ: ੧, ਪੰਨਾ ੧੬)
ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ॥ (ਪੰਨਾ ੫੫੩)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਇਥੋਂ ਤੀਕਰ ਫੈਸਲਾ ਦਿਤਾ ਹੈ ਕਿ ਜੋ ਮਨੁੱਖ ਆਪਣੀ ਹੱਕ ਹਲਾਲ
ਦੀ ਕਮਾਈ ਨਹੀਂ ਖਾਂਦੇ, ਉਹ ਅਕਾਲ ਪੁਰਖ ਨੂੰ ਕਦੀ ਨਹੀਂ ਮਿਲ ਸਕਦੇ; ਉਂਝ ਭਾਂਵੇਂ ਉਹ ਧਾਰਮਿਕ
ਪਹਿਰਾਵਾ ਪਾਈ ਫਿਰਨ। ਕਿਉਂਕਿ ਉਹਨਾਂ ਦੇ ਮਨ ਹੋਰ ਤੇ ਕੰਮ ਹੋਰ ਹਨ :
ਸਤਿਗੁਰ ਪ੍ਰਸਾਦਿ॥ ਦਿਲਹੁ ਮੁਹਬਤਿ ਜਿੰਨੑ, ਸੇਈ ਸਚਿਆ॥ ਜਿਨੑ ਮਨਿ ਹੋਰੁ ਮੁਖਿ ਹੋਰੁ, ਸਿ ਕਾਂਢੇ
ਕਚਿਆ॥ (ਭਗਤ ਫਰੀਦ ਜੀ, ਪੰਨਾ ੪੮੮) ਅਤੇ ਉਸ ਕਮਾਈ ਨੂੰ ਮਰੇ ਹੋਏ ਬਦ-ਬੋ ਵਾਲੇ ਡੰਗਰ ਦੇ ਮਾਸ ਨੂੰ
ਖਾਣ ਦੇ ਨਿਆਈ ਦੱਸਿਆ ਹੈ: ਕੂੜੁ ਬੋਲਿ ਮੁਰਦਾਰੁ ਖਾਇ॥ ਅਵਰੀ ਨੋ ਸਮਝਾਵਣਿ ਜਾਇ॥ ਮੁਠਾ ਆਪਿ ਮੁਹਾਏ
ਸਾਥੈ॥ ਨਾਨਕ ਐਸਾ ਆਗੂ ਜਾਪੈ॥ (ਮ: 1, ਪੰਨਾ ੧੪੦)
ਹਕੁ ਪਰਾਇਆ ਨਾਨਕਾ, ਉਸ ਸੂਅਰੁ ਉਸ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ, ਜਾ ਮੁਰਦਾਰੁ ਨ ਖਾਇ॥ (ਮ:
1, ਪੰਨਾ ੧੪੧)
ਇਸ “ਸ਼ਬਦ ਗੁਰੂ” ਵਿੱਚ ਜਿਥੇ ਹੋਰਨਾਂ ਧਰਮਾਂ ਦੇ ਸਤਿਕਾਰਯੋਗ ਗ੍ਰੰਥਾਂ ਨਾਲੋਂ ਕਈ ਵਿਸ਼ੇਸ਼ਤਾਂਈਆਂ
ਹਨ, ਉਥੇ ਇਹ ਵੀ ਹੈ ਕਿ ਇਸ ਵਿੱਚ ਹਿੰਦੂ ਅਤੇ ਇਸਲਾਮ ਧਰਮ ਨੂੰ ਮੰਨਣ ਵਾਲਿਆਂ ਨੂੰ ਵੀ ਉਹਨਾਂ ਦੇ
ਧਰਮ ਦਾ ਸਿਧਾਂਤ ਸਮਝਾਉਂਦੇ ਹੋਏ ਦੱਸਿਆ ਹੈ, ਕਿ ਜੇਕਰ ਤੁਸੀਂ ਸੱਚੇ ਹਿੰਦੂ ਜਾਂ ਮੁਸਲਮਾਨ ਹੋ ਤਾਂ
ਇਸ ਤਰ੍ਹਾਂ ਦਾ ਆਪਣਾ ਜੀਵਨ ਬਣਾਓ: ਸਲੋਕੁ: ਮਿਹਰ ਮਸੀਤਿ, ਸਿਦਕੁ ਮੁਸਲਾ, ਹਕ ਹਲਾਲੁ ਕੁਰਾਣੁ॥
ਸਰਮ ਸੁੰਨਤਿ, ਸੀਲੁ ਰੋਜਾ, ਹੋਹੁ ਮੁਸਲਮਾਣੁ॥ ਕਰਣੀ ਕਾਬਾ, ਸਚੁ ਪੀਰੁ, ਕਲਮਾ ਕਰਮ ਨਿਵਾਜ॥ ਤਸਬੀ
ਸਾ ਤਿਸੁ ਭਾਵਸੀ ਨਾਨਕ ਰਖੈ ਲਾਜ॥ (ਮ: 1, ਪੰਨਾ ੧੪੦)
ਪੰਜਿ ਨਿਵਾਜਾ, ਵਖਤ ਪੰਜਿ, ਪੰਜਾ ਪੰਜੇ ਨਾਉ॥ ਪਹਿਲਾ ਸਚੁ ਹਲਾਲੁ ਦੁਇ, ਤੀਜਾ ਖੈਰ ਖੁਦਾਇ॥ ਚਉਥੀ
ਨੀਅਤਿ ਰਾਸਿ ਮਨੁ, ਪੰਜਵੀ ਸਿਫਤਿ ਸਨਾਇ॥ ਕਰਣੀ ਕਲਮਾ ਆਖਿ ਕੈ, ਤਾ ਮੁਸਲਮਾਣੁ ਸਦਾਇ॥ ਨਾਨਕ ਜੇਤੇ
ਕੂੜਿਆਰ, ਕੂੜੈ ਕੂੜੀ ਪਾਇ॥ (ਮ: 1, ਪੰਨਾ ੧੪੧)
ਸਲੋਕੁ: ਮੁਸਲਮਾਣੁ ਕਹਾਵਣੁ ਮੁਸਕਲੁ, ਜਾ ਹੋਇ ਤਾ ਮੁਸਲਮਾਣੁ ਕਹਾਵੈ॥ ਅਵਲਿ ਅਉਲਿ ਦੀਨੁ ਕਰਿ
ਮਿਠਾ, ਮਸਕਲ ਮਾਨਾ ਮਾਲੁ ਮੁਸਾਵੈ॥ ਹੋਇ ਮੁਸਲਿਮੁ ਦੀਨ ਮੁਹਾਣੈ, ਮਰਣ ਜੀਵਣ ਕਾ ਭਰਮੁ ਚੁਕਾਵੈ॥ ਰਬ
ਕੀ ਰਜਾਇ ਮੰਨੇ ਸਿਰ ਉਪਰਿ, ਕਰਤਾ ਮੰਨੇ ਆਪੁ ਗਵਾਵੈ॥ ਤਉ ਨਾਨਕ ਸਰਬ ਜੀਆ ਮਿਹਰੰਮਤਿ, ਹੋਇ ਤ
ਮੁਸਲਮਾਣੁ ਕਹਾਵੈ॥ (ਮ: 1, ਪੰਨਾ ੧੪੧)
ਮਨ ਕੀ ਪਤ੍ਰੀ ਵਾਚਣੀ ਸੁਖੀ ਹੂ ਸਾਰੁ॥ ਸੋ ਬ੍ਰਾਹਮਣੁ ਭਲਾ ਆਖੀਐ ਜਿ ਬੂਝੈ ਬ੍ਰਹਮੁ ਬੀਚਾਰੁ॥ ਹਰਿ
ਸਾਲਾਹੇ ਹਰਿ ਪੜੈ ਗੁਰ ਕੈ ਸਬਦਿ ਵੀਚਾਰਿ॥ ਆਇਆ ਓਹੁ ਪਰਵਾਣੁ ਹੈ ਜਿ ਕੁਲ ਕਾ ਕਰੇ ਉਧਾਰੁ॥ (ਮ: 3,
ਪੰਨਾ 1094)
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ ਨਾ ਏਹੁ
ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥ ਚਉਕੜਿ ਮੁਲਿ
ਅਣਾਇਆ ਬਹਿ ਚਉਕੈ ਪਾਇਆ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ॥ ਓਹੁ ਮੁਆ ਓਹੁ ਝੜਿ ਪਇਆ
ਵੇਤਗਾ ਗਇਆ॥ (ਮ: 1, ਪੰਨਾ ੪੭੧)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੱਹਤਤਾ ਬਾਰੇ ਦੱਸਣ ਦੀ ਕੋਸ਼ਿਸ਼ ਕਰਨੀ ਇਵੇਂ ਹੈ ਜਿਵੇਂ ਸੂਰਜ
ਨੂੰ ਚਿਰਾਗ ਵਿਖਾਉਣਾ। ਇਹ ਗ੍ਰੰਥ ਮਨੁੱਖ ਦੀ ਜਿੰਦਗੀ ਲਈ ਇੱਕ ਐਸਾ ਅਨਮੋਲ ਅਥਾਹ ਸਮੁੰਦਰ ਦਾ
ਖਜਾਨਾ ਹੈ ਜਿਸ ਬਾਰੇ ਕਈ ਵੱਖ ਵੱਖ ਵਿਸ਼ਿਆਂ ਤੇ ਗੱਲ ਕੀਤੀ ਜਾ ਸਕਦੀ ਹੈ। ਇਹ ਨਾਮਾਤਰ ਹੀ ਕੁੱਝ
ਅਨਮੋਲ ਗੁਣਾ ਦੀ ਸਾਂਝ ਇਸ ਵਿੱਚੋਂ ਪਾਠਕਾਂ ਨਾਲ ਸਾਂਝੀ ਕਰਨ ਦੀ ਮਾਮੂਲੀ ਜਿਹੀ ਕੋਸ਼ਿਸ਼ ਕੀਤੀ ਹੈ;
ਇਹ ਵੀ ਉਸ ਅਕਾਲ ਪੁਰਖ ਨੇ ਆਪ ਹੀ ਕਰਵਾਈ ਹੈ। ਉਂਝ ਤਾਂ ਆਪਣੇ ਆਪ ਮਨੁੱਖ ਇੱਕ ਅੱਖਰ ਵੀ ਨਹੀਂ ਲਿਖ
ਸਕਦਾ। ਸਾਡੇ ਵਾਸਤੇ ਇਹ ਬੜੀ ਮਾਣ ਦੀ ਗੱਲ ਹੈ ਕਿ ਅਸੀਂ ਉਸ ਧਰਮ ਗ੍ਰੰਥ ਅਤੇ ਗੁਰੂ ਦੇ ਪੈਰੋਕਾਰ
ਹਾਂ, ਜੋ ਦੁਨੀਆਂ ਦੇ ਸਾਰੇ ਧਾਰਮਿਕ ਗ੍ਰੰਥਾਂ ਤੋਂ ਅਨਮੋਲ ਹੈ।