ਇੱਥੇ ਝੂਠ ਅਤੇ ਦੋਗਲਾਪਣ ਨਹੀਂ ਚੱਲਣਾ
ਮੈਂ ਪਿਛਲੇ ਹਫਤੇ ਸਤੰਬਰ 05/2010
ਨੂੰ ਪਾਠਕਾਂ ਦੇ ਪੰਨੇ ਤੇ ਕੁੱਝ ਨੁਕਤੇ ਲਿਖ ਕੇ ਪਾਠਕਾਂ/ਲੇਖਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਸੀ।
ਇਸ ਬਾਰੇ ਕਈਆਂ ਦੇ ਪ੍ਰਤੀਕਰਮ ਆਏ ਹਨ ਜੋ ਕਿ ਪਾਠਕਾਂ ਦੇ ਪੰਨੇ ਤੇ ਪਾ ਦਿੱਤੇ ਹਨ। ਸਿੱਧੀ ਅਤੇ
ਸਪਸ਼ਟ ਨਿਰਪੱਖਤਾ ਨਾਲ ਗੱਲ ਕਿਸੇ ਨੇ ਵੀ ਨਹੀਂ ਕੀਤੀ। ਕਈ ਨੁਕਤਿਆਂ ਨੂੰ ਬਿੱਲਕੁੱਲ ਉਲਟਾ ਸਮਝ ਲਿਆ
ਗਿਆ ਹੈ ਜਿਹਨਾ ਨੂੰ ਇੱਥੇ ਫਿਰ ਦੁਹਰਾ ਕੇ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂਗਾ।
‘ਸਿੱਖ ਮਾਰਗ’ ਤੇ ਮੈਂ ਕਈ ਵਾਰੀ ਲਿਖ ਚੁੱਕਾ ਹਾਂ ਅਤੇ ਹੁਣ ਫਿਰ ਦੁਹਰਾ ਰਿਹਾ ਹਾਂ। ਕਿ ਇੱਥੇ ਹਰ
ਇੱਕ ਵਿਆਕਤੀ ਨੂੰ ਚੰਗੀ ਸ਼ਬਦਾਵਲੀ ਵਿੱਚ ਸਿੱਖੀ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਅਜ਼ਾਦੀ ਹੈ। ਇਹ
ਸਾਈਟ ਕਿਸੇ ਖਾਸ ਵਿਆਕਤੀ ਜਾਂ ਧੜੇ ਨਾਲ ਸੰਬੰਧਿਤ ਨਹੀਂ ਸਗੋਂ ਗੁਰਮਤਿ ਦੇ ਸੱਚ ਨਾਲ ਸੰਬੰਧਿਤ ਹੈ।
ਅਸੀਂ ਇਹ ਨਹੀਂ ਦੇਖਦੇ ਕਿ ਬਹੁਤੇ ਲੋਕਾਂ ਦੇ ਵਿਚਾਰ ਕਿਸੇ ਵਿਸ਼ੇ ਜਾਂ ਨੁਕਤੇ ਬਾਰੇ ਕੀ ਹਨ? ਅਸੀਂ
ਇਹ ਦੇਖਦੇ ਹਾਂ ਕਿ ਸੱਚ ਕੀ ਹੈ। ਅਸੀਂ ਪਹਿਲੇ ਦਿਨ ਤੋਂ ਹੀ ਇਹ ਪਰਵਾਹ ਨਹੀਂ ਕੀਤੀ ਕਿ ਆਹ ਫਲਾਨੀ
ਗੱਲ ਕਰਨ ਨਾਲ ਫਲਾਨਾ ਵਿਦਵਾਨ ਜਾਂ ਧੜਾ ਨਿਰਾਜ਼ ਹੋ ਜਾਵੇਗਾ। ਜੇ ਕਰ ਅਸੀਂ ਇਹ ਹੀ ਸੋਚਦੇ ਰਹੀਏ ਕਿ
ਜੇ ਕਰ ਆਹ ਗੱਲ ਕਰਨ ਨਾਲ ਫਲਾਨਾ ਫਲਾਨਾ ਨਿਰਾਜ਼ ਹੋ ਜਾਵੇਗਾ ਤਾਂ ਅਸੀਂ ਕਦੀ ਵੀ ਸੱਚ ਨੂੰ ਲੋਕਾਂ
ਸਾਹਮਣੇ ਨਹੀਂ ਰੱਖ ਸਕਦੇ। ਕਿਸੇ ਵੀ ਵਿਵਾਦ ਵਾਲੇ ਮਸਲੇ ਨਾਲ ਕਦੀ ਵੀ ਸਾਰੇ ਸਹਿਮਤ ਨਹੀਂ ਹੋ ਸਕਦੇ
ਕਿ ਉਹਨਾ ਨੂੰ ਆਮ ਪਬਲਿਕ ਵਿੱਚ ਵਿਚਾਰਿਆ ਜਾਵੇ। ਇਹ ਮਸਲਾ ਭਾਵੇਂ ਦਸਮ ਗ੍ਰੰਥ ਦਾ ਹੋਵੇ, ਭਾਵੇਂ
ਰਹਿਤ ਮਰਯਾਦਾ ਦਾ, ਭਾਵੇਂ ਲਿਖਾਰੀਆਂ ਵਲੋਂ ਗੁਰੂ ਗ੍ਰੰਥ ਸਾਹਿਬ ਵਿੱਚ ਕੀਤੀਆਂ ਅਣਗਹਿਲੀਆਂ ਦਾ
ਅਤੇ ਜਾਂ ਫਿਰ ਕੋਈ ਹੋਰ। ਹਾਂ, ਡੇਰਿਆਂ ਵਾਲੇ ਜੋ ਮਰਜ਼ੀ ਕਰ ਜਾਣ ਲੋਕਾਂ ਨੂੰ ਭੜਕਾ ਕੇ ਸਿੱਖੀ ਦਾ
ਸਤਿਆਨਾਸ ਕਰ ਜਾਣ ਅਤੇ ਜਾਂ ਫਿਰ ਮਗਲਾਚਰਨਾ ਦਾ ਰੌਲਾ ਪਾ ਕਿ ਸਿੱਖਾਂ ਨੂੰ ਬੇਵਕੂਫ ਬਣਾ ਜਾਣ, ਉਹ
ਫਿਰ ਵੀ ਮਹਾਂ ਪੁਰਸ਼, ਅਤੇ ਸੱਚੇ ਸੁੱਚੇ ਹਨ। ਇਥੇ ਪਾਠਕਾਂ ਨਾਲ ਸਿਰਫ ਇੱਕ ਨੁਕਤਾ, ਮੰਗਲਾਚਰਨ ਦਾ
ਹੀ ਸਾਂਝਾ ਕਰਦਾ ਹਾਂ। ਇਸ ਨਾਲ ਤਾਂ ਸਾਰੇ ਵਿਦਵਾਨ ਹੀ ਸਹਿਮਤ ਹਨ ਕਿ ਗੁਰੂ ਸਾਹਿਬ ਨੇ ਬਾਣੀ ਇੱਕ
ਤਰਤੀਬ ਵਿੱਚ ਵਿਉਂਤਬੱਧ ਢੰਗ ਨਾਲ ਲਿਖੀ ਹੈ। ਇਸ ਤਰਤੀਬ ਅਨੁਸਾਰ ਸਾਰੇ ਮੰਗਲਾ ਚਰਨ ਉਪਰ ਜਾਂ ਸੱਜੇ
ਪਾਸੇ ਪਹਿਲਾਂ ਲਿਖੇ ਹੋਏ ਹਨ। ਇਸ ਵੇਲੇ ਛਾਪੇ ਵਾਲੀਆਂ ਬੀੜਾਂ ਵਿੱਚ ਬੇ-ਤਰਤੀਬੇ ਛਪ ਰਹੇ ਹਨ।
ਜਦੋਂ ਸ਼੍ਰੋਮਣੀ ਕਮੇਟੀ ਨੇ ਇਸ ਗਲਤੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਧਾਂ ਨੇ ਅਸਮਾਨ ਸਿਰ
ਤੇ ਚੁੱਕ ਕੇ ਆਮ ਸਿੱਖਾਂ ਨੂੰ ਭੜਕਾ ਦਿੱਤਾ ਕਿ ਦੇਖੋ ਜੀ ਬੜਾ ਅਨਰਥ ਹੋਣ ਲੱਗਾ ਜੇ, ਇਹ ਮੰਗਲਾ
ਚਰਨ ਬਦਲ ਕੇ ਹੁਣ ਗੁਰੂ ਨੂੰ ਸੋਧਣ ਲੱਗ ਪਏ ਹਨ। ਪਾਠਕਾਂ ਦੇ ਸੌਖਾ ਸਮਝਣ ਲਈ ਇਸ ਦੀ ਮਿਸਾਲ ਇੱਕ
ਇਹ ਹੈ:
ਪੰਜਵੇਂ ਪਾਤਸ਼ਾਹ ਦੀ ਬਾਣੀ ਸੁਖਮਣੀ ਤੋਂ ਸਾਰੇ ਸਿੱਖ ਵਾਕਫ ਹਨ। ਆਮ ਛਾਪੇ ਵਾਲੀਆਂ ਬੀੜਾਂ ਵਿੱਚ ਇਸ
ਤਰ੍ਹਾਂ ਛਪਿਆ ਹੋਇਆ ਹੈ:
ਗਉੜੀ ਸੁਖਮਨੀ ਮਃ ੫॥ ਸਲੋਕੁ॥ ੴ ਸਤਿਗੁਰ ਪ੍ਰਸਾਦਿ॥
ਆਦਿ ਗੁਰਏ ਨਮਹ॥ ਜੁਗਾਦਿ ਗੁਰਏ ਨਮਹ॥ ਸਤਿਗੁਰਏ ਨਮਹ॥ ਸ੍ਰੀ ਗੁਰਦੇਵਏ ਨਮਹ॥ ੧॥
ਹੁਣ ਜੇ ਕਰ ਦੇਖਿਆ ਜਾਵੇ ਤਾਂ ਠੀਕ ਤਰਤੀਬ ਤਾਂ ਇਹ ਹੋਣੀ ਚਾਹੀਦੀ ਹੈ ਕਿ ਸਲੋਕੁ ਤੋਂ
ਬਾਅਦ ਸਲੋਕ, “ਆਦਿ ਗੁਰਏ ਨਮਹ” ਪੜ੍ਹ ਹੋਵੇ ਅਤੇ ਗਉੜੀ ਸੁਖਮਨੀ ਤੋਂ ਪਹਿਲਾਂ, “ੴ ਸਤਿਗੁਰ
ਪ੍ਰਸਾਦਿ” ਪੜ੍ਹ ਹੋਵੇ। ਪਰ ਇੱਥੇ ਮੰਗਲਾ ਚਰਨ ਵਿਚਾਲੇ ਆਉਂਦਾ ਹੈ ਜੋ ਕਿ ਗੁਰੂ ਜੀ ਸੋਚਣੀ ਤੋਂ
ਉਲਟ ਬੇ-ਤਰਤੀਬਾ ਹੈ।
ਇਸ ਵੇਲੇ ਇੱਕ ਹੋਰ ਮਸਲਾ ਸਹਿਜਧਾਰੀ ਦਾ ਚੱਲ ਰਿਹਾ ਹੈ ਜਿਸ ਬਾਰੇ ਡਾ: ਇਕਬਾਲ ਸਿੰਘ ਨੇ ਆਪਣੇ
ਵਿਚਾਰ ਪ੍ਰਗਟ ਕੀਤੇ ਸਨ। ਉਸ ਨੂੰ ਵੀ ਗਲਤ ਰੰਗਤ ਦੇ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਤਾਂ
ਸਾਰੇ ਹੀ ਜਾਣਦੇ ਹਨ ਕਿ ਕਈ ਨਾਮਵਰ ਸਿੱਖ ਹਿੰਦੂ ਘਰਾਣੇ ਵਿਚੋਂ ਸਿੱਖ ਸਜੇ ਸਨ। ਜਿਹਨਾ ਵਿਚੋਂ ਕਿ
ਮਾਸਟਰ ਤਾਰਾ ਸਿੰਘ, ਪ੍ਰੋ: ਸਾਹਿਬ ਸਿੰਘ ਅਤੇ ਗਿਆਨੀ ਭਾਗ ਸਿੰਘ ਪ੍ਰਮੁਖ ਹਨ। ਇਹਨਾ ਨੇ ਵੀ ਹੌਲੀ
ਹੌਲੀ ਕੇਸ ਰੱਖ ਕੇ ਸਿੱਖੀ ਧਾਰਨ ਕੀਤੀ ਹੋਵੇਗੀ। ਕੀ ਇਹ ਸਹਿਜਧਾਰੀ ਵਿੱਚ ਆਉਂਦੇ ਸਨ ਕਿ ਨਹੀਂ, ਇਹ
ਵੀ ਇੱਕ ਵਿਚਾਰਨ ਦਾ ਵਿਸ਼ਾ ਹੈ। ਆਪਣੇ ਵਿਚਾਰ ਦੂਸਰਿਆਂ ਤੇ ਜ਼ਬਰਦਸਤੀ ਠੋਸਣੇ ਸਿੱਖੀ ਨਹੀਂ ਹੈ।
ਬੰਦਾ ਕੋਈ ਵੀ ਰੱਬ ਨਹੀਂ ਹੋ ਸਕਦਾ। ਹਰ ਵਿਦਵਾਨ ਗਲਤੀ ਕਰ ਸਕਦਾ ਹੈ। ਪ੍ਰੋ; ਸਾਹਿਬ ਸਿੰਘ ਜਾਂ
ਭਾਈ ਕਾਨ ਸਿੰਘ ਨਾਭਾ ਵੀ ਗਲਤੀਆਂ ਤੋਂ ਰਹਿਤ ਨਹੀਂ ਹੋ ਸਕਦੇ। ਦਸਮ ਗ੍ਰੰਥ ਬਾਰੇ ਇਹਨਾ ਦੇ ਉਹੀ
ਵਿਚਾਰ ਸਨ ਜੋ ਉਸ ਵੇਲੇ ਦੀ ਖੋਜ ਮੁਤਾਬਕ ਜਿਤਨੀ ਕੁ ਜਾਣਕਾਰੀ ਰੱਖ ਸਕਦੇ ਸਨ। ਸਾਰੇ ਦਸਮ ਗ੍ਰੰਥ
ਨੂੰ ਇਹਨਾ ਵਿਚੋਂ ਕਿਸੇ ਨੇ ਵੀ ਸਾਰੇ ਨੂੰ ਰੱਦ ਨਹੀਂ ਕੀਤਾ ਜੋ ਕਿ ਐਸ ਵੇਲੇ ਵਿਦਵਾਨ ਅਤੇ ਆਮ
ਸਿੱਖ ਕਰ ਰਹੇ ਹਨ। ਜੇ ਕਰ ਸੱਚ ਨਾਲ ਜੁੜਨ ਦੀ ਬਿਜਾਏ ਆਮ ਬੰਦਿਆਂ ਜਾਂ ਵਿਦਵਾਨਾ ਨਾਲ ਹੀ ਜੁੜਨਾ
ਹੈ ਤਾਂ ਸਾਡਾ ਅਤੇ ਸਾਧਾਂ ਦੇ ਚੇਲਿਆਂ ਦਾ ਕੀ ਫਰਕ ਹੋਇਆ? ਉਹ ਵੀ ਤਾਂ ਆਪਣੇ ਕਥਿਤ ਮਹਾਂ ਪੁਰਸ਼ਾਂ
ਦੇ ਵਿਚਾਰਾਂ ਨੂੰ ਹੀ ਅੰਤਮ ਵਿਚਾਰ ਮੰਨਦੇ ਹਨ।
ਪਿਛਲੇ ਹਫਤੇ ਜੋ ਮੈਂ ਲੇਖਾਂ ਨੂੰ ਪਉਣ ਬਾਰੇ ਲਿਖਿਆ ਸੀ ਕਿ ਉਹਨਾ ਦੇ ਲੇਖ ਹੀ ਪਾਏ ਜਾਣਗੇ ਜੋ ਕਿ
ਸਿਰਫ ‘ਸਿੱਖ ਮਾਰਗ’ ਨੂੰ ਹੀ ਭੇਜਣਗੇ। ਇਸ ਦੇ ਵੀ ਆਪਣੀ ਆਪਣੀ ਸੋਚਣੀ ਮੁਤਾਬਕ ਗਲਤ ਅਰਥ ਕੱਢ ਲਏ
ਗਏ ਹਨ। ਇਸ ਤਰ੍ਹਾਂ ਲਿਖਣ ਦਾ ਮੁੱਖ ਮਨੋਰਥ ਜਾਂ ਮਨਸ਼ਾ ਸਿਰਫ ਇਤਨੀ ਹੀ ਸੀ ਕਿ ਮੈਂ ਆਪਣਾ ਕੰਮ
ਘਟਾਉਂਣਾ ਚਾਹੁੰਦਾ ਹਾਂ ਤਾਂ ਕਿ ਕਿਸੇ ਨਾਲ ਪੱਖ-ਪਾਤ ਨਾ ਹੋ ਸਕੇ। ਮੈਂ ਹੁਣ ਤੱਕ ਬਿਨਾ ਕਿਸੇ
ਪੱਖ–ਪਾਤ ਦੇ ਉਹ ਸਾਰੇ ਲੇਖ ਪਉਂਦਾ ਰਿਹਾ ਹਾਂ ਜਿਹੜੇ ਕਿ ਐਤਵਾਰ ਦੁਪਿਹਰ ਤੱਕ ਮੈਨੂੰ ਮਿਲ ਜਾਂਦੇ
ਸਨ। ਪਹਿਲਾਂ ਤਾਂ ਗਿਣਤੀ ਵੀ ਥੋੜੀ ਹੁੰਦੀ ਸੀ ਅਤੇ ਪਾਠਕ ਵੀ ਘੱਟ ਹੁੰਦੇ ਸਨ। ਜਿਉਂ ਜਿਉਂ
ਇੰਟਰਨੈੱਟ ਦੀ ਵਰਤੋਂ ਅਤੇ ਪਾਠਕਾਂ/ਲੇਖਕਾਂ ਦੀ ਗਿਲਤੀ ਵਧਦੀ ਗਈ ਤਿਉਂ ਤਿਉਂ ਕੰਮ ਵੀ ਵਧਦਾ ਗਿਆ।
ਹੁਣ ਗਿਣਤੀ ਹਰ ਹਫਤੇ 15-20 ਲੇਖਾਂ ਤੱਕ ਪਹੁੰਚ ਚੁੱਕੀ ਸੀ। ਇਹਨਾ ਸਾਰੇ ਲੇਖਾਂ ਨੂੰ ਪੜ੍ਹ ਕੇ
ਠੀਕ ਕਰਕੇ ਪਉਣ ਲਈ 10-12 ਘੰਟੇ ਲੱਗ ਜਾਂਦੇ ਸਨ। ਇਤਨਾ ਸਮਾ ਲਗਾਤਾਰ ਕੰਪਿਊਟਰ ਮੂਹਰੇ ਬੈਠਣ ਨਾਲ
ਨਾਲ ਅੱਖਾਂ ਅਤੇ ਸਰੀਰ ਦਾ ਬੁਰਾ ਹਾਲ ਹੋ ਜਾਂਦਾ ਸੀ। ਕਈ ਵਾਰੀ ਸਾਰੀ ਰਾਤ ਕੰਮ ਤੇ ਵੀ ਉਨੀਂਦਰੇ
ਨਾਲ ਅੱਖਾਂ ਲਾਲ ਕਰਕੇ ਅਵਾਸੀਆਂ ਲੈ ਕੇ ਪੂਰੀ ਕਰਨੀ ਪੈਂਦੀ ਸੀ। ਇਤਨਾ ਕੁੱਝ ਕਰਦੇ ਹੋਏ ਵੀ ਜਦੋਂ
ਸਿੱਖਾਂ ਵੱਲ ਵੇਖਦਾ ਸੀ ਤਾਂ ਨਿਰਾਸ਼ਾ ਹੀ ਪੱਲੇ ਪੈਂਦੀ ਸੀ। ਫਿਰ ਹੰਭ ਸੋਚ ਕੇ ਕਈ ਵਾਰੀ ਹੋਰ
ਅੱਪਡੇਟ ਨਾ ਕਰਨ ਦਾ ਮਨ ਬਣਾ ਕਿ ਨੋਟ ਲਗਾ ਦਿੰਦਾ ਸੀ। ਪਾਠਕਾਂ ਦੇ ਸੁਝਾਅ ਅਤੇ ਆਪ ਸੋਚ ਕੇ ਨਾਲ
ਹੋਰ ਬੰਦੇ ਰਲਾ ਕੇ ਇੱਕ ਐਡੀਟੋਰੀਅਲ ਬੋਰਡ ਬਣਾ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਨੋਟ ਲਿਖਣ
ਵਿੱਚ ਅਤੇ ਹੋਰ ਨਿਗਰਾਨੀ ਰੱਖਣ ਵਿੱਚ ਸਹਾਇਤਾ ਹੋ ਸਕੇ। ਇਸ ਨਾਲ ਵੀ ਕੋਈ ਖਾਸ ਫਰਕ ਨਾ ਪਿਆ ਤਾਂ
ਲੇਖ ਘੱਟ ਪਉਣ ਵਾਰੇ ਸੋਚਿਆ ਤਾਂ ਕਿ ਕਿਸੇ ਨਾਲ ਪੱਖਪਾਤ ਵੀ ਨਾ ਹੋਵੇ ਅਤੇ ਕੰਮ ਵੀ ਘਟ ਜਾਵੇ।
ਜਿਹੜੇ ਬੰਦੇ ਪਹਿਲੇ ਦਿਨ ਤੋਂ ਹੀ ਸਿੱਖ ਮਾਰਗ ਨਾਲ ਜੁੜੇ ਹੋਏ ਹਨ ਉਹਨਾ ਦੇ ਲੇਖ ਵੀ ਇਸ ਅਸੂਲ ਨੂੰ
ਸਾਹਮਣੇ ਰੱਖ ਕੇ ਪਿਛਲੇ ਹਫਤਿਆਂ ਵਿੱਚ ਨਹੀਂ ਪਾਏ ਸਨ। ਮੇਰਾ ਨਹੀ ਖਿਆਲ ਕਿ ਉਹਨਾ ਨੇ ਗਲਤ ਅੰਦਾਜ਼ਾ
ਲਾਇਆ ਹੋਵੇ ਜਿਵੇਂ ਕਿ ਹੋਰਨਾ ਨੇ ਲਾਇਆ ਹੈ।
ਆਓ ਜੋ ਮਸਲੇ ਦੀ ਅਸਲੀ ਜੜ੍ਹ ਹੈ ਉਸ ਨੂੰ ਸਮਝਣ ਦਾ ਯਤਨ ਕਰੀਏ। ਮੈਂ ਇਥੇ ਅਨੇਕਾਂ ਵਾਰੀ ਲਿਖ
ਚੁੱਕਾ ਹਾਂ ਕਿ ਕਿਸੇ ਵੀ ਲੇਖਕ/ਪਾਠਕ ਨਾਲ ਜਾਣ ਬੁੱਝ ਕੇ ਮੈਂ ਵਿਤਕਰਾ ਜਾਂ ਪੱਖਪਾਤ ਨਹੀਂ ਕਰ
ਸਕਦਾ ਜਿਤਨਾ ਚਿਰ ਉਹ ਚੰਗੀ ਸ਼ਬਦਾਵਲੀ ਵਿੱਚ ਦਲੀਲ ਨਾਲ ਗੱਲ ਕਰਦਾ ਹੈ। ਮੇਰਾ ਕਿਸੇ ਨਾਲ ਵੈਰ
ਵਿਰੋਧ ਜਾਂ ਦੁਸ਼ਮਣੀ ਨਹੀਂ ਹੈ, ਗੱਲ ਅਸੂਲਾਂ ਦੀ ਹੈ ਅਤੇ ਸੱਚ ਦੀ ਹੈ। ਇੱਥੇ ਕਿਸੇ ਦਾ ਧੱਕਾ ਧੌਂਸ
ਵੀ ਨਹੀਂ ਚੱਲ ਸਕਦਾ। ਜੇ ਕਰ ਤੱਤ ਗੁਰਮਤਿ ਵਾਲਿਆਂ ਨੇ ਸਪੋਕਸਮੈਂਨ ਦੀਆਂ ਗਲਤੀਆਂ ਵੱਲ ਧਿਆਨ ਦੇਣ
ਲਈ ਲਿਖਿਆ ਤਾਂ ਉਹ ਵੀ ਪਾਇਆ ਅਤੇ ਜੇ ਕਰ ਕਿਸੇ ਨੇ ਉਸ ਦੇ ਜਵਾਬ ਵਿੱਚ ਲਿਖਿਆ ਤਾਂ ਉਹ ਵੀ ਪਾਇਆ।
ਪਰ ਜਦੋਂ ਸਪੋਕਸਮੈਨ ਦੇ ਸਮਰੱਥਕ ਦਲੀਲ ਨਾਲ ਨੁਕਤਿਆਂ ਤੇ ਵਿਚਾਰ ਕਰਨ ਦੀ ਬਿਜਾਏ ਪਿਛੇ ਛਪੀਆਂ
ਹੋਈਆਂ ਲਿਖਤਾਂ ਨੂੰ ਹੀ ਦੁਰਾਉਣ ਲੱਗ ਪਏ ਤਾਂ ਫਿਰ ਮੈਂਨੂੰ ਜਰੂਰ ਕਹਿਣਾ ਪਿਆ ਕਿ ਇਸ ਦਾ ਕੋਈ
ਫਾਇਦਾ ਨਹੀਂ, ਇਹ ਤਾਂ ਲੋਕਾਂ ਨੇ ਪੜ੍ਹੇ ਹੋਏ ਹੀ ਹਨ। ਤੁਸੀਂ ਉਹਨਾ ਨੁਕਤਿਆਂ ਦੇ ਜਵਾਬ ਦਿਓ ਜੋ
ਉਹਨਾ ਨੇ ਉਠਾਏ ਹਨ। ਉਪਕਾਰ ਸਿੰਘ ਫਰੀਦਾਬਾਦ ਨੇ ਜ਼ਰੂਰ ਕਈ ਨੁਕਤੇ ਉਠਾ ਕੇ ਇਹਨਾ ਤੇ ਸਵਾਲ ਉਠਾਏ
ਸਨ। ਅਸੀਂ ਉਹ ਵੀ ਪਾਏ ਅਤੇ ਇਹਨਾ ਦੇ ਜਵਾਬ ਵੀ ਪਾਏ। ਜਿਸ ਨੂੰ ਕਿ ਤੱਤ ਗੁਰਮਤਿ ਵਾਲੇ, ‘ਸਿੱਖ
ਮਾਰਗ’ ਤੇ ਆਪਣੇ ਵਿਰੁੱਧ ਲਿਖਣਾ ਦੱਸਦੇ ਹਨ। ਇੱਕ ਸੂਝਵਾਨ ਵਿਆਕਤੀ ‘ਸਿੱਖ ਮਾਰਗ’ ਬਾਰੇ ਅਤੇ ਇਸ
ਦੇ ਦੋ ਲੇਖਕਾਂ ਬਾਰੇ ਜਾਣ ਬੁੱਝ ਕੇ ਕੀਤੀ ਗਈ ਨਿਰਾਦਰੀ ਨੂੰ ਇਸ ਨਾਲ ਤੁਲਨਾ ਨਹੀਂ ਦੇ ਸਕਦਾ। ਕੀ
ਤੱਤ ਗੁਰਮਤਿ ਵਾਲੇ, ਖਾਲਸਾ ਨਿਊਜ਼ ਵਾਲੇ, ਫਰੀਦਾਬਾਦ ਵਾਲੇ ਜਾਂ ਕੋਈ ਵੀ ਹੋਰ ਇਥੇ ‘ਸਿੱਖ ਮਾਰਗ’
ਤੇ ਛਪੀ ਹੋਈ ਲਿਖਤ ਵਿਚੋਂ ਇਹ ਸਾਬਤ ਕਰ ਸਕਦਾ ਹੈ ਕਿ ਕਿਸੇ ਨੇ ਜਾਣ ਬੁੱਝ ਕੇ ਇਹਨਾ ਸਾਈਟਾਂ ਅਤੇ
ਇਹਨਾ ਦੇ ਲੇਖਕਾਂ ਬਾਰੇ ਇਹ ਲਿਖਿਆ ਹੋਵੇ ਕਿ ਇਹਨਾ ਵਿੱਚ ਭਾੜੇ ਦੇ ਲਿਖਾਰੀ ਅਤੇ ਘੁਸਪੈਠੀਏ ਹਨ?
ਆਓ ਹੁਣ ਕਰੀਏ ਝੂਠ ਸੱਚ ਦਾ ਨਿਤਾਰਾ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ। ਹੁਣ ਦੋਗਲਾ ਪਣ ਨਹੀਂ
ਚੱਲਣਾ। ਗੱਲ ਸਿੱਧੀ ਤੇ ਸਪਸ਼ਟ ਕਰਨੀ ਪੈਂਣੀ ਹੈ। ਝੂਠੀਆਂ ਦਲੀਲਾਂ ਵੀ ਨਹੀਂ ਚੱਲਣੀਆਂ। ਤੁਸੀਂ ਇੱਕ
ਗਲਤ ਬੰਦੇ ਦੀ ਸਿੱਧੇ ਅਤੇ ਅਸਿੱਧੇ ਤੌਰ ਤੇ ਪਿੱਠ ਠੋਕੀ ਹੈ। ਜਿਸ ਨੇ ਕਿ ਇੱਥੇ ਲਿਖਣ ਵਾਲੇ ਦੋ
ਬੰਦਿਆਂ ਤੇ ਗਲਤ ਇਲਜ਼ਾਮ ਲਾ ਕੇ ਉਹਨਾ ਨੂੰ ਅਤੇ ‘ਸਿੱਖ ਮਾਰਗ’ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ
ਹੈ। ਇਹਨਾ ਵਿਚੋਂ ਇੱਕ ਹਨ ਡਾ: ਇਕਬਾਲ ਸਿੰਘ ਅਤੇ ਦੂਸਰੇ ਹਨ ਗੁਰਇੰਦਰ ਸਿੰਘ ਪਾਲ। ਇੱਕ ਤੇ ਭਾੜੇ
ਦਾ ਲਿਖਾਰੀ ਅਤੇ ਦੂਸਰੇ ਤੇ ਘੁਸਪੈਠੀਆ ਹੋਣ ਦੇ ਇਲਜ਼ਾਮ ਲਾਏ ਹਨ। ਭਾੜੇ ਦਾ ਮਤਲਬ ਹੁੰਦਾ ਹੈ ਕਿ
ਕਿਸੇ ਤੋਂ ਪੈਸੇ ਲੈ ਕੇ ਉਸ ਦੀ ਗੱਲ ਕਰਨ ਵਾਲਾ। ਜੇ ਕਰ ਇਸ ਦਾ ਕੋਈ ਹੋਰ ਮਤਲਬ ਹੈ ਤਾਂ ਉਹ ਵੀ
ਦੱਸ ਦਿਓ। ਹੁਣ ਤੁਸੀਂ ਇਹ ਸਾਬਤ ਕਰੋ ਕਿ ਇਸ ਨੇ ਜੋ ਲਿਖਿਆ ਹੈ ਉਹ ਕਿਸੇ ਤੋਂ ਪੈਸੇ ਲੇ ਕੇ ਲਿਖਿਆ
ਹੈ। ਕਿੰਨੇ ਪੈਸੇ ਲਏ ਹਨ, ਕਿਸ ਤੋਂ ਲਏ ਹਨ ਅਤੇ ਕਦੋਂ ਲਏ ਹਨ। ਉਸ ਦੀ ਕੋਈ ਰਸੀਦ, ਕੋਈ
ਫੋਟੋਕਾਪੀ, ਕੋਈ ਔਡੀਓ ਜਾਂ ਵੀਡੀਓ ਕੋਈ ਵੀ ਹੋਵੇ ਤਾਂ ਜਰੂਰ ਭੇਜਣਾ। ਜੇ ਕਰ ਕੋਈ ਵੀ ਪਰੂਫ ਹੋਵੇ
ਤਾਂ ‘ਸਿੱਖ ਮਾਰਗ’ ਦੇ ਪਾਠਕਾਂ ਨਾਲ ਜ਼ਰੂਰ ਸਾਂਝਾ ਕਰਨਾ। ਅਤੇ ਜਾਂ ਫਿਰ ਉਸ ਤੋਂ ਸਾਨੂੰ ਲਿਖਵਾ
ਦੇਵੋ ਕਿ ਉਹ ਮੰਨਦਾ ਹੈ ਕਿ ਉਸ ਨੇ ਇਹ ਲੇਖ ਕਿਸੇ ਤੋਂ ਪੈਸੇ ਲੈ ਕੇ ਲਿਖੇ ਸਨ। ਇਸੇ ਤਰ੍ਹਾਂ
ਗੁਰਇੰਦਰ ਸਿੰਘ ਪਾਲ ਨੂੰ ਮੈਂ ਆਪਣੀ ਤਸੱਲੀ ਕਰਕੇ ਸਾਰਾ ਕੁੱਝ ਪੁੱਛ ਕੇ ਨਾਲ ਲਿਆ ਸੀ। ਤੁਸੀਂ ਇਹ
ਸਾਬਤ ਕਰੋ ਕਿ ਉਹ ਘੁਸਪੈਠੀਆ ਹੈ। ਉਸ ਨੇ ਦਸਮ ਗ੍ਰੰਥ ਜਾਂ ਹੋਰ ਕਿਸੇ ਗ੍ਰੰਥ ਦੇ ਹੱਕ ਵਿੱਚ ਅਤੇ
ਗੁਰੂ ਗ੍ਰੰਥ ਦੇ ਵਿਰੋਧ ਵਿੱਚ ਲਿਖਿਆ ਹੈ। ਉਸ ਦੀਆਂ ਸਾਰੀਆਂ ਲਿਖਤਾਂ ‘ਸਿੱਖ ਮਾਰਗ’ ਤੇ ਪਈਆਂ ਹਨ।
ਜੇ ਕਰ ਕੋਈ ਹੋਰ ਲਿਖਤ ਇਸ ਦੀ ਹੋਵੇ ਜਿਸ ਦਾ ਕਿ ਸਾਨੂੰ ਨਾ ਪਤਾ ਹੋਵੇ, ਉਹ ਵੀ ਦੱਸੋ ਕਿ ਉਸ ਵਿੱਚ
ਕੀ ਗਲਤ ਹੈ। ਜੇ ਕਰ ਕਿਸੇ ਨੂੰ ਉਸ ਨੇ ਜ਼ਬਾਨੀ ਬੋਲ ਕੇ ਗੁਰੂ ਗ੍ਰੰਥ ਸਾਹਿਬ ਦੇ ਉਲਟ ਕੋਈ ਗੱਲ
ਕੀਤੀ ਹੋਵੇ ਤਾਂ ਉਸ ਦਾ ਪਰੂਫ ਦਿਓ ਕਿ ਉਹ ਕੀ ਹੈ। ਇਹ ਹੁਣ ਤੁਹਾਨੂੰ ਸਿੱਧੇ ਅਤੇ ਸਪਸ਼ਟ ਲਫਜ਼ਾਂ
ਵਿੱਚ ਸਬੂਤਾਂ ਸਮੇਤ, (ਅੰਦਾਜ਼ਿਆ ਅਨੁਸਾਰ ਨਹੀਂ) ਸਾਬਤ ਕਰਨਾ ਪਵੇਗਾ। ਜੇ ਕਰ ਤੁਸੀਂ ਇਹ ਕਰ ਸਕਦੇ
ਹੋ ਤਾਂ ਕਰ ਦਿਓ ਤਾਂ ਮੈਂ ਤੁਹਾਡੇ ਸਾਰਿਆਂ ਕੋਲੋਂ, ਜਿਹਨਾ ਸ਼ਬਦਾ ਵਿੱਚ ਵੀ ਕਹੋਂ ਮੁਆਫੀ ਮੰਗ
ਲਵਾਂਗਾਂ ਅਤੇ ਜਿਹੜੀਆਂ ਵੀ ਲਿਖਤਾਂ ਕਹੋਂਗੇ ਹਟਾ ਦੇਵਾਂਗਾ। ਪਰ ਜੇ ਕਰ ਤੁਸੀਂ ਇਹ ਸਬੂਤਾਂ ਸਮੇਤ
ਸਾਬਤ ਨਾ ਕਰ ਸਕੇ ਤਾਂ ਤੁਸੀਂ ਸਾਰੇ ਹੀ ਝੂਠੇ ਅਤੇ ਦੋਗਲੇ ਹੋ। ਫਿਰ ਤੁਸੀਂ ਆਪ ਹੀ ਦੱਸਿਓ ਕਿ
ਅਜਿਹੇ ਬੰਦਿਆਂ ਨਾਲ ਕਿਹੋ ਜਿਹਾ ਵਰਤਾਓ ਹੋਣਾ ਚਾਹੀਦਾ ਹੈ?
ਮੱਖਣ ਸਿੰਘ ਪੁਰੇਵਾਲ,
ਸਤੰਬਰ 12, 2010