ਦਸਮ ਗ੍ਰੰਥ ਦੀ ਅਸਲੀਯਤ
(ਕਿਸ਼ਤ ਨੰ: 05)
ਦਲਬੀਰ ਸਿੰਘ ਐੱਮ. ਐੱਸ. ਸੀ.
ਅਖਉਤੀ ਦਸਮ
ਗ੍ਰੰਥ ਦਾ ‘ਲਿਖਾਰੀ ਭੁਲਣਹਾਰ’
ਇਸ ਗ੍ਰੰਥ ਵਿੱਚ ਦਰਜ ਹੇਠ ਲਿਖੀਆਂ
ਪੰਕਤੀਆਂ ਸਿਧ ਕਰਦੀਆਂ ਹਨ ਕਿ ਲਿਖਾਰੀ ਤੋਂ ਕਈ ਭੁਲਾਂ ਹੋ ਗਈਆਂ ਜਿਨ੍ਹਾਂ ਦੀ, ਜਿਵੇਂ ਠੀਕ ਲਗੇ,
ਪਾਠਕ ਆਪ ਹੀ ਸੁਧਾਈ ਕਰ ਸਕਦਾ ਹੈ।
ਪੰਨਾ ੧੮੧:- ਨਿਰਖ ਭੂਲਿ ਕਬਿ ਕਰੋ ਨ ਹਾਸੀ।। (ਕਵੀ ਦੀ ਭੁੱਲ ਵੇਖ ਕੇ ਹਸਿਓ ਨ, ਮਜ਼ਾਕ ਨ ਉਡਾਇਓ)
ਪੰਨਾ ੨੫੪:- ਤਵਪ੍ਰਸਾਦਿ ਕਰਿ ਗ੍ਰੰਥ ਸੁਧਾਰਾ।। ਭੂਲ ਪਰੀ ਲਹੁ ਲੇਹੁ ਸੁਧਾਰਾ।।
ਅਰਥਾਤ, ਤੇਰੀ (ਦੇਵੀ?) ਕਿਰਪਾ ਨਾਲ ਗ੍ਰੰਥ ਰਚਿਆ; ਭੁੱਲ ਨੂੰ, ਹੇ ਪਾਠਕ, ਆਪੇ ਸੋਧ ਲਈਂ।
ਪੰਨਾ ੩੧੦:- ਕ੍ਰਿਸਨ ਜਥਾ ਮਤ ਚਰਿਤ੍ਰ ਉਚਾਰੋ।। ਚੂਕ ਹੋਇ ਕਬਿ ਲੇਹੁ ਸੁਧਾਰੋ।।
ਅਰਥਾਤ, ਅਪਣੀ ਅਕਲ ਮੁਤਾਬਕ ਕ੍ਰਿਸਨ ਦੇ ਚਰਿਤ੍ਰ ਲਿਖਦਾ ਹਾਂ; ਕਵੀ ਦੀ ਭੁੱਲ, ਹੇ ਪਾਠਕ, ਸੋਧ
ਲਈਂ।
ਪੰਨਾ ੩੫੪:- ਸਤ੍ਰਹ ਸੋ ਪੈਤਾਲ ਮਹਿ ਕੀਨੀ ਕਥਾ ਸੁਧਾਰ।।
ਚੂਕ ਹੋਇ ਜਹ ਤਹ ਸੁ ਕਬਿ ਲੀਜਹੁ ਸਕਲ ਸੁਧਾਰ।।
ਅਰਥਾਤ, ੧੭੪੫ ਸੰਮਤ ਵਿੱਚ ਕਥਾ ਸੋਧ ਕੇ ਲਿਖੀ ਹੈ ਪਰ ਫਿਰ ਭੀ ਜਿਥੇ ਕਿਥੇ ਭੀ ਗਲਤੀ (ਚੂਕ) ਰਹ ਗਈ
ਹੋਵੇ, ਤਾਂ ਹੇ ਪਾਠਕ, ਸਾਰੀਆਂ ਗਲਤੀਆਂ ਦਾ ਆਪੇ ਹੀ ਸੁਧਾਰ ਕਰ ਲਈਂ।
ਪੰਨਾ ੩੮੬:- ਖੜਗਪਾਨ ਕੀ ਕ੍ਰਿਪਾ ਤੇ ਪੋਥੀ ਰਚੀ ਬਿਚਾਰ।।
ਭੂਲ ਹੋਇ ਜਹਂ ਤਹਂ ਸੁ ਕਬਿ ਪੜੀਅਹੁ ਸਭੈ ਸੁਧਾਰ।।
ਅਰਥਾਤ, ਮਹਾਕਾਲ ਦੀ ਕਿਰਪਾ ਸਦਕਾ ਵਿਚਾਰ ਕੇ ਇਹ ਪੋਥੀ ਲਿਖੀ ਹੈ, ਪਰ ਫਿਰ ਭੀ ਜਿਥੇ ਕਿਥੇ ਭੁੱਲ
ਹੋਈ ਹੋਵੇ ਤਾਂ ਹੇ ਪੜ੍ਹਨ ਵਾਲਿਆ! ਸੋਧ ਕੇ ਪੜੀਂ; ਭਾਵ, ਪੜ੍ਹਨ ਵਾਲੇ ਨੂੰ ਲਿਖਾਰੀ ਤੋਂ ਵਧ
ਸਿਆਣਾ ਹੋਣਾ ਚਾਹੀਦਾ ਹੈ ਅਰਥਾਤ ਲਿਖਾਰੀ ਘਟ ਸਿਆਣਾ ਹੈ। ਗੁਰੂ ਸਾਹਿਬ ਦੀ ਲਿਖਤ ਮੰਨਣ ਵਾਲੇ ਦਸਣ
ਕਿ – ਕੀ ਅਸੀ ਗੁਰੂ ਸਾਹਿਬ ਤੋਂ ਵਧ ਸਿਆਣੇ ਹੋ ਸਕਦੇ ਹਾਂ?
ਪੰਨਾ ੫੭੦:- ਤਾਂ ਤੇ ਥੋਰੀਯੈ ਕਥਾ ਕਹਾਈ।। ਭੂਲ ਦੇਖ ਕਬ ਲੈਹੁ ਬਨਾਈ।।
ਪੰਨਾ ੧੨੭੩:- ਤਾ ਤੇ ਥੋਰੀ ਕਥਾ ਉਚਾਰੀ।। ਚੂਕ ਹੋਇ ਕਬਿ ਲੇਹੁ ਸੁਧਾਰੀ।।
ਲਿਖਾਰੀ ਕਵਿ ਖੜਗਪਾਨ ਦਾ ਪੁਜਾਰੀ ਹੈ ਅਤੇ ਆਖਦਾ ਹੈ ਕਿ ਉਸੇ ਦੀ ਕਿਰਪਾ ਸਦਕਾ ਇਹ ਗ੍ਰੰਥ ਲਿਖਦਾ
ਹਾਂ। ਮਹਾਂਕਾਲ, ਸਰਬਕਾਲ, ਖੜਗਪਾਨ, ਖੜਗਕੇਤ, ਅਸਿਕੇਤ, ਅਸਿਧੁਜ ਆਦਿਕ ਇਕੋ ਹੀ ਦੇਵਤੇ ਦੇ ਕਈ ਨਾਮ
ਹਨ ਜਿਸਦੀ ਕਥਾ ਸ਼ਿਵ ਪੁਰਾਣ ਵਿੱਚ ਦਵਾਦਸ਼ਲਿੰਗਮ ਦੀ (ਸ਼ਿਵ ਦੇ ੧੨ ਲਿੰਗਾਂ ਦੀ ਹੋਂਦ ਸੰਬੰਧੀ
ਅਸ਼ਲੀਲ) ਕਥਾ ਕਰਕੇ ਮਸ਼ਹੂਰ ਹੈ। ਮਹਾਕਾਲ ਦਾ ਮੰਦਿਰ ਉਜੈਨ ਸ਼ਹਰ (ਮਧ ਪ੍ਰਦੇਸ਼) ਵਿੱਚ ਹੈ।
ਉਪਰ ਲਿਖੀਆਂ ਪੰਕਤੀਆਂ ਦੇ ਆਸ-ਪਾਸ ਦੇ ਪੰਨਿਆਂ ਤੇ ਪੜ੍ਹ ਕੇ ਪਤਾ ਲਗਦਾ ਹੈ ਕਿ ਲਿਖਾਰੀਆਂ ਦੇ ਨਾਂ
ਕਵਿ ਸ਼ਯਾਮ, ਕਵਿ ਰਾਮ, ਕਵਿ ਕਾਲ ਆਦਿਕ ਹਨ। ਮਹਾਕਾਲ ਦੇ ਪੁਜਾਰੀ (ਤਾਂਤ੍ਰਿ੍ਰਕ ਮਤ ਦੇ ਧਾਰਨੀ)
ਭੰਗ, ਸ਼ਰਾਬ, ਨਸ਼ੇ ਆਦਿਕ ਵਰਤੋਂ ਰਜ ਕੇ ਕਰਦੇ ਹਨ ਕਿਉਂਕਿ ਮਹਾਕਾਲ ਦੇ ਮੰਦਿਰ ਵਿਚੋਂ ਪਰਸ਼ਾਦ ਹੀ
ਇਹੀ ਮਿਲਦਾ ਹੈ।
ਲਿਖਾਰੀ ਕਵੀ ਮੰਨਦਾ ਹੈ ਕਿ ਉਸਦੀ ਮਤ ਹਰ ਸਮੇ ਟਿਕਾਣੇ ਹੋਵੇ, ਜਰੂਰੀ ਨਹੀ। ਪੰਨਾ ੫੭੧ ਤੇ ਕਵੀ
ਲਿਖਦਾ ਹੈ:- ਅਬ ਮੈ ਮਹਾ ਸ਼ੁਧ ਮਤਿ ਕਰਿ ਕੈ।। ਕਹੌ ਕਥਾ ਚਿਤ ਲਾਇ ਬਿਚਰ ਕੈ।।
ਲਿਖਾਰੀ ਨੇ ਅਪਣੀ ਮਤਿ ਨੂੰ ਮਹਾਂ ਸ਼ੁਧ ਕਿਵੇਂ ਕੀਤਾ? ਲਿਖਤਾਂ ਦਸਦੀਆਂ ਹਨ ਸ਼ੁਧ ਨਹੀ ਹੋਈ ਹੋਣੀ
ਤਾਂ ਹੀ ਭੁੱਲਾਂ ਹੋਈਆਂ।
ਉਪਰ ਲਿਖੇ ਪ੍ਰਮਾਣਾਂ ਰਾਹੀਂ ਲਿਖਾਰੀ ਨੇ ਸਪਸ਼ਟ ਕਰ ਦਿਤਾ ਕਿ ਪਾਠਕ ਲਿਖਾਰੀ ਦੀਆਂ ਭੁਲਾਂ, ਗਲਤੀਆਂ
ਨੂੰ ਸੁਧਾਰ ਸਕਦਾ ਹੈ, ਲਿਖਾਰੀ ਨੂੰ ਕੋਈ ਇਤਰਾਜ਼ ਨਹੀ। ਪਰ ਗੁਰਬਾਣੀ ਸੋਧਣ ਦਾ ਹੱਕ ਦਸ ਗੁਰੂ
ਸਾਹਿਬਾਨ ਨੇ ਕਿਸੇ ਨੂੰ ਨਹੀਂ ਦਿੱਤਾ। ਇਸ ਪੱਖੋਂ ਸਿਧ ਹੋਇਆ ਕਿ ਇਹ ਗ੍ਰੰਥ ਗੁਰੂ-ਰਚਿਤ-ਗੁਰਬਾਣੀ
ਨਹੀ।
ਅਰਦਾਸ ਦੀ ਸ਼ੁਰੂਆਤ ਪ੍ਰਿਥਮ ਭਗਉਤੀ ਸਿਮਰ ਕੇ. . ਵਾਲੀ ਹਟਾ ਕੇ ਹੋਣੀ ਚਾਹੀਦੀ ਹੈ। ਗੁਰੁ-ਪੰਥ
ਅਗੇ ਬੇਨਤੀ ਹੈ ਕਿ ਗੁਰੁ ਗ੍ਰੰਥ ਸਾਹਿਬ ਜੀ ਦੀ ਪਾਵਨ ਧੁਰ ਕੀ ਬਾਣੀ ਤੋਂ ਸੇਧ ਲੈ ਕੇ ਪੰਥ ਨੂੰ
ਦੇਵੀ-ਪੂਜਕ ਬਣਨ ਤੋਂ ਬਚਾਵੇ। ਉਪਰਲੀ ਪੰਕਤੀ ਵਿੱਚ ਭਗਉਤੀ ਦਾ ਅਰਥ ਦੇਵੀ ਚੰਡੀ, ਦੁਰਗਾ, ਕਾਲਕਾ,
ਕਾਲੀ, ਮਹਾਕਾਲ ਹੀ ਹੈ (ਵੇਖੋ, ਮਹਾਨ ਕੋਸ਼, ਭਾਈ ਕਾਨ੍ਹ ਸਿੰਘ) ਕਿਉਂਕਿ ਇਸ ਵਾਰ ਦੀ ਅਖੀਰਲੀ ਪਉੜੀ
‘ਦੁਰਗਾ ਪਾਠ ਬਣਾਇਆ ਸਭੇ ਪਉੜੀਆਂ।। ‘ ਸਪਸ਼ਟ ਕਰਦੀ ਹੈ ਕਿ ਇਹ ਵਾਰ ਦੇਵੀ ਦੁਰਗਾ ਦੀ ਉਸਤਤਿ ਵਿੱਚ
ਊਚਾਰੀ ਗਈ ‘ਚੰਡੀ ਦੀ ਵਾਰ‘ ਹੈ ਜਿਸਦਾ ਆਧਾਰ-ਗ੍ਰੰਥ ਮਾਰਕੰਡੇਯ ਪੁਰਾਣ ਹੈ।
ਅਸੀ ਜਾਣਦੇ ਹਾਂ ਕਿ ਗੁਰੂ ਸਾਹਿਬਾਨ ਗੁਰਬਾਣੀ ਦਾ ਇੱਕ ਵੀ ਅੱਖਰ ਬਦਲਣ ਦੀ ਇਜਾਜਤ ਨਹੀ
ਦਿਂਦੇ। ਬਾਬਾ ਰਾਮਰਾਇ ਜੀ ਨੇ ਗੁਰਬਾਣੀ ਦਾ ਇੱਕ ਅਖਰ ‘ਮਿਟੀ ਮੁਸਲਮਾਨ ਕੀ…‘ ਪੰਕਤੀ ਵਿੱਚ
ਮੁਸਲਮਾਨ ਦੀ ਥਾਂ ‘ਬੇਈਮਾਨ‘ ਬਦਲ ਦਿਤਾ ਤਾਂ ਗੁਰੂ ਹਰਿ ਰਾਇ ਸਾਹਿਬ ਨੇ ਬਾਬਾ ਰਾਮਰਾਇ ਜੀ ਨੂੰ
ਸਿਖ ਪੰਥ ਵਿਚੋਂ ਛੇਕ ਦਿਤਾ ਸੀ।
ਗੁਰੂ ਗ੍ਰੰਥ ਸਾਹਿਬ ਜੀ ਦਾ ਫੈਸਲਾ ਹੈ:- ਭੁਲਣ ਅੰਦਰਿ ਸਭੁ ਕੋ ਅਭੁਲੁ
ਗੁਰੂ ਕਰਤਾਰੁ।। (ਅੰ: ੬੧)
ਮਨੁਖ ਭੁਲਣਹਾਰ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਭੁਲਣਹਾਰ ਨਹੀ। ਸ੍ਰਿਸ਼ਟੀ ਦੀ ਰਚਨਾ ਬਾਰੇ, ਇਸਤ੍ਰੀ
ਬਾਰੇ (ਭੰਡਿ ਜਮੀਐ. .), ਨਸ਼ੀਲੇ ਪਦਾਰਥਾਂ ਦੀ ਵਰਤੋਂ ਬਾਰੇ, ਗ਼ਲਤ ਇਤਿਹਾਸਕ ਤੱਥ (……ਲਿਖਿਆ ਹੈ ਕਿ
ਭਗਤ ਰਾਮਾਨੰਦ ਜੀ ਪਹਿਲੋਂ ਆਏ ਤੇ ਹਜ਼ਰਤ ਮੁਹੰਮਦ ਬਾਦ ਵਿੱਚ ਆਏ, ਜੋ ਕਿ ਗ਼ਲਤ ਹੈ), ਮਿਥਿਹਾਸਕ
ਗਪੋੜ ਅਤੇ ਗੁਰਮਤਿ ਸਿਧਾਂਤਾਂ ਦੇ ਉਲਟ ਲਿਖ ਕੇ ਲਿਖਾਰੀ-ਕਵੀਆਂ ਨੇ ਭੁਲਣਹਾਰ ਹੋਣ ਦਾ ਪੂਰਾ ਸਬੂਤ
ਦਿਤਾ ਹੈ।
ਸਪਸ਼ਟ ਹੈ ਕਿ ਬਚਿਤ੍ਰ ਨਾਟਕ (Strange Drama)
ਗ੍ਰੰਥ/ਅਖਉਤੀ (so-called)
ਦਸਮ ਗ੍ਰੰਥ ਦੇ ਲਿਖਾਰੀ ਅਰਥਾਤ ਰਚਨਹਾਰ ‘ਅਭੁਲ‘ ਗੁਰੂ ਗੋਬਿੰਦ ਸਿੰਘ ਜੀ ਨਹੀ। ਇਸ ਗ੍ਰੰਥ ਦੀ
ਰਚਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬਦਨਾਮ ਕਰਣ ਦੀ ਮਾੜੀ ਨੀਯਤ ਨਾਲ ਪੰਥ-ਦੋਖੀਆਂ ਨੇ ਕੀਤੀ
ਹੈ।