ਧਰਤਿ ਕਾਇਆ ਸਾਧ ਕੈ ਵਿੱਚ ਦੇ ਕਰਤਾ ਬੀਉ॥ ੪੬੮/੧੦
(ਸਰੀਰ ਰੂਪੀ ਧਰਤੀ ਵਿੱਚ ਝੂਠ, ਕਪਟ, ਕਾਮ, ਕ੍ਰੋਧ ਆਦਿ ਵਿਕਾਰਾਂ ਦੇ ਕੰਡੇ
ਕਢ ਕੇ ਮਨ ਰੂਪ ਧਰਤੀ ਨੂੰ ਸਾਫ਼ ਤੇ ਉਪਜਾਊ ਬਨਾਓ ਤਾਂ ਨਾਮ ਰੂਪੀ ਬੀਜ ਪਾਓ ਫਿਰ ਨਾਮ ਦਾ ਬੀਜ
ਉੱਗੇਗਾ ਤੇ ਸੁਖ ਫਲਾਂ ਦੀ ਪ੍ਰਾਪਤੀ ਹੋਵੇਗੀ।)
ਗੁਰੂ ਨਾਨਕ ਸਾਹਿਬ ਵੀ ਗੁਰਮਤਿ ਨਾਮ ਸਿਮਰਨ ਦੀ ਇਹੀ ਜੁਗਤੀ ਸਮਝਾਉਂਦੇ ਹਨ।
ਰਾਗ ਸੂਹੀ ਮਹਲਾ ੧ ਚਉਪਦੇ ਘਰੁ ੧
ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ॥
(ਸਰੀਰ ਭਾਂਡੇ ਨੂੰ ਅਵਗੁਣਾਂ/ਵਿਕਾਰਾਂ ਪਾਪ ਕਰਮਾਂ ਤੋਂ ਬਚਾ ਕੇ ਰਖਨ ਵਾਲਾ
ਜੀਵਨ ਬਤੀਤ ਕਰੋ ਤਾਂ ਨਾਮੁ ਰੂਪੀ ਦੁਧ ਉਸ ਵਿੱਚ ਪਾਓ।)
ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਾਹੁ॥
ਜਪਹੁ ਤ ਏਕੋ ਨਾਮਾ॥ ਅਵਰਿ ਨਿਰਾਫਲ ਕਾਮਾ॥ ੧॥ ਰਹਾਉ
(ਨਾਮ ਧੁਨ ਰੂਪੀ ਦੁੱਧ ਨੂੰ ਸੁਰਤਿ/ਧਿਆਨ ਦੀ ਜਾਗ ਲਗਾਓ। ਇੱਕੋ ਗੁਰਮਤਿ
ਨਾਮੁ ਨੂੰ ਹੀ ਜਪੋ ਹੋਰ ਸਾਰੇ ਕੱਮ ਨਿਹਫਲ ਹਨ)
ਇਹੁ ਮਨੁ ਈਟੀ ਹਾਥ ਕਰਹੁ ਫੁਨਿ ਨੇਤ੍ਰਉ ਨੀਦ ਨ ਆਵੈ॥
ਰਸਨਾ ਨਾਮੁ ਜਪਹੁ ਤਬ ਮਥੀਐ ਇਨ ਬਿਧਿ ਅਮ੍ਰਿਤੁ ਪਾਵਹੁ॥
ਮਨੁ ਸੰਪਟ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤ ਕਰੇ॥
ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨ ਬਿਧਿ ਸਾਹਿਬੁ ਰਵਤੁ ਰਹੈ। ਪੰਨਾ ੭੨੮/੪
(ਨੇਤ੍ਰਉ-ਨੇਤ੍ਰਾ= ਮਧਾਣੀ ਦੇ ਦੁਆਲੇ ਵਲੇਟੀ ਹੋਈ ਰਸੀ ਜਿਸ ਦੀ ਮਦਦ ਨਾਲ
ਚਾਟੀ ਵਿੱਚ ਦਹੀ ਰਿੜਕੀਦਾ ਹੈ। ਈਟੀ=ਰੱਸੀਆਂ ਦੇ ਅਖੀਰ ਤੇ ਫੜਨ ਨੂੰ ਲਗੀਆਂ ਹੋਈਆਂ ਲਕੜੀਆਂ।
ਮਥੀਐ= ਰਿੜਕਨਾ। ਸੰਪਟ= ਸਰੀਰ ਰੂਪ ਚਾਟੀ। ਸਤ ਸਰ= ਸਤਯ ਸਰੋਵਰ ਅਨਹਦ ਧੁਨੀਆਂ ਦਾ ਨਿਰਮਲ ਸਰੋਵਰ
ਜਿਸ ਵਿੱਚ ਇਸ਼ਨਾਨ ਕੀਤਿਆਂ ਮਨ ਦੀ ਮੈਲ ਉਤਰਦੀ ਹੈ।
(ਰਸਨਾ ਨਾਲ ਵਾਹਿਗੁਰੂ ਨਾਮੁ ਜਪਨ ਨਾਲ ਮਨ ਵਿੱਚ ਗੁਰਸਬਦੁ ਤੋਂ ਨਿਰਮਲ
ਤਰੰਗਾਂ/ ਲਹਿਰਾਂ ਉਠਦੀਆਂ ਹਨ ਜੋ ਮਨ ਦੀਆਂ ਕਾਮ ਕ੍ਰੋਧ ਆਦਿ ਨਾਲ ਮੈਲੀਆਂ ਲਹਿਰਾਂ ਨਾਲ ਘੁਲਦੀਆਂ
ਮਿਲਦੀਆਂ ਹਨ। ਮਨ ਦੀਆਂ ਮੈਲੀਆਂ ਲਹਿਰਾਂ ਧੁਲ ਕੇ ਨਿਰਮਲ ਹੁੰਦੀਆਂ ਹਨ। ਨਾਮ ਜਪਨ ਤੋਂ ਉਠੀਆਂ
ਨਿਰਮਲ ਲਹਿਰਾਂ ਤੇ ਅਨਹਦ ਸਬਦ ਦੀਆਂ ਲਹਿਰਾਂ ਨਿਰਮਲ ਹੀ ਰਹਿੰਦੀਆਂ ਹਨ। ਮਨ ਨੂੰ ਨਿਰਮਲ ਕਰਨ ਦਾ
ਇਹ ਹੀ ਇੱਕ ਤਰੀਕਾ ਹੈ। ਮਨ/ਜੀਵਾਤਮਾ ਨਿਰਮਲ ਹੋ ਕੇ ਨਿਰਮਲ ਪਰਮਾਤਮਾ ਵਿੱਚ ਸਮਾ ਜਾਂਦੀ ਹੈ।)
ਉੱਪਰ ਲਿਖੀ ਗੁਰਬਾਣੀ ਵਿਚਾਰ ਗੁਰਬਾਣੀ ਦੇ ਅਰਥ ਵਿਚਾਰ ਕਰਨ ਦੀ ਕੁੰਜੀ ਹੈ,
ਜਿਸਤੋਂ ਗੁਰਬਾਣੀ ਦੇ ਸਹੀ ਅਰਥ ਕੀਤੇ ਤੇ ਸਮਝੇ ਜਾ ਸਕਦੇ ਹਨ।
ਇਸ ਤੋਂ ਅੱਗੇ ਅਸੀਂ ਗੁਰਬਾਣੀ ਦੇ ਸ਼ਬਦਾਂ ਦੀ ਅਨੁਭਵੀ ਵਿਚਾਰ ਦੀ ਲੜੀ ਸ਼ੁਰੂ
ਕਰ ਰਹੇ ਹਾਂ ਜਿਸ ਰਾਹੀਂ ਸਾਨੂੰ ਗੁਰਬਾਣੀ ਉਪਦੇਸ਼ ਦੀ ਅਸਲੀਅਤ ਸਮਝ ਆਵੇਗੀ। ਗੁਰਬਾਣੀ ਦੀ ਪੂਰੀ
ਗਹਿਰਾਈ ਵਿੱਚ ਵਿਚਾਰ ਸਿਰਫ਼ ਬ੍ਰਹਮ ਗਿਆਨੀਂ ਕਰ ਸਕਦਾ ਹੈ, ਅਸੀਂ ਉਸ ਅਨੁਭਵੀ ਵਿਚਾਰ ਦੇ ਪਾਂਧੀ
ਹਾਂ। ਸਾਰੀ ਵਿਚਾਰ ਅੱਖਰਾਂ ਨਾਲ ਬਿਆਨ ਨਹੀਂ ਹੋ ਸਕਦੀ। ਗੁਰਮਤਿ ਜੁਗਤੀ ਨਾਲ ਗੁਰਸਬਦੁ/ਗੁਰਮੰਤ੍ਰ
ਨਾਮ ਦਾ ਜਪ/ਸਿਮਰਨ ਕਰਨ ਵਾਲਿਆਂ ਨੂੰ ਇਹ ਗੁਰਬਾਣੀ ਦੀਆਂ ਅਨੁਭਵੀ ਵਿਚਾਰਾਂ ਆਪਣੇ ਅਨੁਭਵ ਤੋਂ ਸਮਝ
ਵਿੱਚ ਆ ਜਾਂਦੀਆਂ ਹਨ।
੧. ਪਨਾ ੮੮੭
ਰਾਮਕਲੀ ਮਹਲਾ ੫॥
ਕਰਨ ਕਰਾਵਨ ਸੋਈ॥ ਆਨ ਨ ਦੀਸੈ ਕੋਈ॥
ਠਾਕੁਰੁ ਮੇਰਾ ਸੁਘੜੁ ਸੁਜਾਨਾ॥ ਗੁਰਮੁਖਿ ਮਿਲਿਆ ਰੰਗੁ ਮਾਨਾ॥ ੧
(ਨਾਮੁ ਰੂਪ) ਪਰਮਾਤਮਾ ਹੀ ਸਭ ਕੁੱਝ ਕਰਨ ਜੋਗ ਹੈ ਅਤੇ ਸਭ ਵਿੱਚ ਵਿਆਪਕ ਹੋ
ਕੇ ਸਭ ਜੀਵਾਂ ਪਾਸੋਂ ਕਰਾਵਨ ਵਾਲਾ ਹੈ। ਉਸ ਤੋਂ ਬਿਨਾ ਕੋਈ ਦੂਜਾ ਨਹੀਂ ਦਿਸਦਾ। ਮੇਰਾ ਉਹ ਮਾਲਕ
(ਨਾਮੁ ਰੂਪ ਪਰਮਾਤਮਾ) ਅਕਲ ਵਾਲਾ ਤੇ ਸਿਆਣਾ ਹੈ॥ ਗੁਰੂ ਤੋਂ ਨਾਮੁ ਉਪਦੇਸ਼ ਲੈ ਕੇ ਜੋ ਉਸ ਨੂੰ
ਸਿਮਰਦਾ ਹੈ ਉਹ ਉਸ ਨੂੰ ਮਿਲ ਕੇ ਆਨੰਦ ਮਾਣਦਾ ਹੈ)
ਐਸੋ ਰੇ ਹਰਿ ਰਸੁ ਮੀਠਾ॥ ਗੁਰਮੁਖਿ ਕਿਨੈ ਵਿਰਲੈ ਡੀਠਾ॥ ੧॥ ਰਹਾਉ॥
(ਹਰਿ ਸਿਮਰਨ ਤੋਂ ਗੁਰਮੁਖਿ ਨੂੰ ਨਾਮੁ ਰਸੁ ਪ੍ਰਾਪਤ ਹੁੰਦਾ ਜੋ ਮਿਠਾ ਹੈ
ਤੇ ਸੁਖਦਾਈ ਹੈ। ਕਿਸੇ ਵਿਰਲੇ ਨੇ ਹੀ ਨਾਮੁ ਰਸੁ ਨੂੰ ਚਖ ਕੇ ਦੇਖਿਆ ਹੈ।)
ਨਿਰਮਲ ਜੋਤਿ ਅੰਮ੍ਰਿਤੁ ਹਰਿ ਨਾਮ॥ ਪੀਵਤ ਅਮਰ ਭਏ ਨਿਹਕਾਮ॥
ਤਨੁ ਮਨੁ ਸੀਤਲੁ ਅਗਨਿ ਨਿਵਾਰੀ॥ ਅਨਦ ਰੂਪ ਪ੍ਰਗਟੇ ਸੰਸਾਰੀ॥ ੨॥
(ਨਾਮੁ ਨਿਰਮਲ ਜੋਤਿ ਹੈ ਉਹ ਅੰਮ੍ਰਿਤ ਰਸੁ ਰੂਪ ਹੈ। ਨਾਮੁ ਰਸੁ ਪੀਤਿਆਂ
ਗੁਰਮੁਖਿ ਅਮਰ ਹੋ ਜਾਂਦਾ ਹੈ ਤੇ ਵਾਸ਼ਨਾ ਰਹਿਤ ਹੋ ਜਾਂਦਾ ਹੈ। ਸਿਮਰਨ ਕਰਨ ਨਾਲ ਅੰਦਰੋਂ ਕਾਮ
ਕ੍ਰੋਧ ਆਦਿ ਵਿਕਾਰਾਂ ਦੀਆਂ ਅੱਗਾਂ ਬੁਝ ਜਾਂਦੀਆਂ ਹਨ ਤੇ ਅਨੰਦ ਸਰੂਪ ਨਾਮੁ ਰੂਪ ਪਰਮਾਤਮਾ ਪਰਗਟ
ਹੋ ਜਾਂਦਾ ਹੈ)
ਕਿਆ ਦੇਵਉ ਜਾ ਸਭੁ ਕਿਛੁ ਤੇਰਾ॥ ਸਦ ਬਲਿਹਾਰਿ ਜਾਉ ਲਖ ਬੇਰਾ॥
ਤਨੁ ਮਨੁ ਜੀਉ ਪਿੰਡੁ ਦੇ ਸਾਜਿਆ॥ ਗੁਰ ਕਿਰਪਾ ਤੇ ਨੀਚੁ ਨਿਵਾਜਿਆ॥ ੩॥
(ਹੇ ਪ੍ਰਭੂ ਤੇਰਾ ਉਹ ਨਾਮੁ ਅੰਮ੍ਰਿਤ ਪ੍ਰਾਪਤ ਕਰਨ ਵਾਸਤੇ ਮੈਂ ਤੇਰੇ ਅੱਗੇ
ਕੀ ਧਰਾਂ, ਕਿਉਂਕਿ ਜੋ ਮੇਰੇ ਪਾਸ ਹੈ ਸਭ ਤੇਰਾ ਹੀ ਦਿਤਾ ਹੈ। ਮੈਂ ਤੈਥੋਂ ਸਦਾ ਹੀ ਲੱਖਾਂ ਵਾਰੀ
ਸਦਕੇ ਹੀ ਜਾਂਦਾ ਹਾਂ। ਤੂੰ ਮੈਨੂੰ ਇਹ ਤਨ, ਮਨ, ਜਿੰਦ, ਤੇ ਸਰੀਰ ਦੇ ਕੇ ਪੈਦਾ ਕੀਤਾ ਹੈ। ਗੁਰੂ
ਦੀ ਮੇਹਰ ਨਾਲ ਮੈਂ ਸਿਮਰਨ ਕੀਤਾ ਹੈ ਤੇ ਮੈਨੂੰ ਨੀਚ ਨੂੰ ਵਡਿਆਈ ਮਿਲੀ ਹੈ।)
ਖੋਲਿ ਕਿਵਾਰਾ ਮਹਲਿ ਬੁਲਾਇਆ॥ ਜੈਸਾ ਸਾ ਤੈਸਾ ਦਿਖਲਾਇਆ॥
ਕਹੁ ਨਾਨਕ ਸਭੁ ਪੜਦਾ ਤੂਟਾ॥ ਹਉ ਤੇਰਾ ਤੂ ਮੈ ਮਨਿ ਵੂਠਾ॥ ੪॥ ੩॥ ੧੪॥
(ਭਰਮ ਦੇ ਕਿਵਾੜ ਖੋਲ ਕੇ ਤੂੰ ਮੈਨੂੰ ਆਪਣੇ ਮਹਲ ਵਿੱਚ ਬੁਲਾਇਆ ਹੈ ਤੇ
ਜੈਸਾ ਤੂੰ ਹੈਂ ਵੈਸੇ ਮੈਂ ਤੇਰਾ ਦਰਸ਼ਨ ਕੀਤਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਜਦੋਂ ਭਰਮ ਦਾ
ਪੜਦਾ ਟੁੱਟਿਆ ਤਾਂ ਮੈਂ ਤੇਰਾ ਹੋ ਗਿਆ ਤੇ ਤੂੰ ਮੇਰੇ ਮਨ ਵਿੱਚ ਵਸ ਗਿਆ ਹੈਂ। ਨਾਮੁ ਰੂਪ
ਪਰਮਾਤਮਾਂ ਮੇਰੇ ਮਨ ਵਿੱਚ ਵਸ ਗਿਆ ਹੈ।)
੨. ਪਨਾਂ ੮੩੪
ਬਿਲਾਵਲੁ ਮਹਲਾ ੪॥
ਗੁਰਮੁਖਿ ਅਗਮ ਅਗੋਚਰੁ ਧਿਆਇਆ ਹਉ ਬਲਿ ਬਲਿ ਸਤਿਗੁਰ ਸਤਿ ਪੁਰਖਈਆ॥
(ਗੁਰੂ ਤੋਂ ਉਪਦੇਸ਼ ਲੈ ਕੇ ਮੈਂ ਉਸ ਅਪੁਹੰਚ ਨਾਮੁ ਰੂਪ ਇੱਕ ਏਕੰਕਾਰ ਨੂੰ
ਸਿਮਰ ਰਿਹਾ ਹਾਂ ਜਿਸ ਤਕ ਗਿਆਨ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਮੈਂ ਸਤਿਗੁਰ ਤੋਂ ਕੁਰਬਾਨ
ਜਾਂਦਾ ਹਾਂ।)
ਰਾਮ ਨਾਮੁ ਮੇਰੈ ਪ੍ਰਾਣਿ ਵਸਾਏ ਸਤਿਗੁਰ ਪਰਸਿ ਹਰਿ ਨਾਮਿ ਸਮਈਆ॥ ੧॥
(ਮੇਰੇ ਚਿੱਤ/ਹਿਰਦੇ ਵਿੱਚ ਗੁਰੂ ਨੇਂ ਨਾਮ ਵਸਾ ਦਿੱਤਾ। ਗੁਰਸਬਦਿ
ਵਾਹਿਗੁਰੂ ਦਾ ਸਿਮਰਨ ਕਰਨ ਨਾਲ ਸਤਿਗੁਰੂ ਨਾਲ ਮੇਲ ਹੋਇਆ ਤੇ ਨਾਮ ਵਿੱਚ ਸਮਾਈ ਹੋ ਗਈ।)
ਜਨ ਕੀ ਟੇਕ ਹਰਿ ਨਾਮੁ ਟਿਕਈਆ॥
ਸਤਿਗੁਰ ਕੀ ਧਰ ਲਾਗਾ ਜਾਵਾ ਗੁਰ ਕਿਰਪਾ ਤੇ ਹਰਿ ਦਰੁ ਲਹੀਆ॥ ੧॥ ਰਹਾਉ॥
(ਸਿਮਰਣ ਕਰਦਿਆਂ ਸਿੱਖ ਦੇ ਹਿਰਦੇ ਵਿੱਚ ਨਾਮ ਦੀ ਟੇਕ ਹੈ, ਜਿਸਦੇ ਆਸਰੇ ਉਹ
ਹਰਿ ਜੀ ਦੇ ਰਾਹ ਤੇ ਚਲ ਰਿਹਾ ਹੈ। ਗੁਰੂ ਦੀ ਮਿਹਰ ਨਾਲ ਮੈਂ ਹਰਿ ਦਰੁ ਤੇ ਪਹੁੰਚ ਗਿਆ ਹਾਂ।)
ਇਹੁ ਸਰੀਰੁ ਕਰਮ ਕੀ ਧਰਤੀ ਗੁਰਮੁਖਿ ਮਥਿ ਮਥਿ ਤਤੁ ਕਢਈਆ॥
ਲਾਲੁ ਜਵੇਹਰ ਨਾਮੁ ਪ੍ਰਗਾਸਿਆ ਭਾਂਡੈ ਭਾਉ ਪਵੈ ਤਿਤੁ ਅਈਆ॥ ੨॥
(ਇਹ ਸਰੀਰੁ ਕਰਮ ਦੀ ਧਰਤੀ ਹੈ। ਮੈਂ ਇਸ ਵਿੱਚ ਨਾਮ ਦਾ ਬੀਜ ਬੀਜਿਆ ਹੈ, ਸਭ
ਤੋਂ ਵਡਾ ਕਰਮ ਗੁਰਮਤਿ ਨਾਮ ਸਿਮਰਨ ਹੈ। ਗੁਰਮੁਖਿ, ਗੁਰਮਤਿ ਜੁਗਤੀ ਨਾਲ ਸਿਮਰਨ ਕਰਦਿਆਂ ਹਿਰਦੇ
ਵਿੱਚ ਉਪਜੀਆਂ ਧੁਨਾਂ ਨੂੰ ਰਿੜਕਦਾ ਹੈ ਤੇ ਅਸਲੀਅਤ ਦੀ ਪਛਾਨ ਕਰ ਲੈਂਦਾ ਹੈ। ਉਸਦੇ ਹਿਰਦੇ ਘਰ
ਵਿੱਚ ਗੁਰਸਬਦੁ ਨਾਲ ਪ੍ਰੇਮ ਕੀਤਿਆਂ ਪਰਮੇਸ਼ਰ ਨਾਲ ਪ੍ਰੇਮ ਆ ਵਸਦਾ ਹੈ ਤੇ ਲਾਲ ਜਵੇਹਰ ਨਾਮੁ ਪਰਗਟ
ਹੋ ਜਾਂਦਾ ਹੈ)
ਦਾਸਨਿ ਦਾਸ ਦਾਸ ਹੋਇ ਰਹੀਐ ਜੋ ਜਨ ਰਾਮ ਭਗਤ ਨਿਜ ਭਈਆ॥
ਮਨੁ ਬੁਧਿ ਅਰਪਿ ਧਰਉ ਗੁਰ ਆਗੈ ਗੁਰ ਪਰਸਾਦੀ ਮੈ ਅਕਥੁ ਕਥਈਆ॥ ੩॥
(ਜੋ ਭਗਤ ਸਿਮਰਨ/ਭਗਤੀ ਕਰਦੇ ਹਨ ਉਹਨਾਂ ਦੇ ਦਾਸਾਂ ਦੇ ਦਾਸਾਂ ਦੇ ਦਾਸ ਬਣ
ਕੇ ਰਹਿਣਾਂ ਚਾਹੀਦਾ ਹੈ। ਮੈਂ ਗੁਰੂ ਦੇ ਅੱਗੇ ਮਨੁ ਤੇ ਬੁੱਧੀ ਭੇਟਾ ਕਰ ਦਿਤੀ ਹੈ, ਗੁਰ ਕਿਰਪਾ
ਨਾਲ ਮੈਂ ਉਸ ਦੀ ਅਕਥ ਕਥਾ, ਸੰਸਾਰ ਦੇ ਖੇਲ ਡਰਾਮੇ ਨੂੰ ਦੇਖ ਲਿਆ ਹੈ।
ਮਨਮੁਖ ਮਾਇਆ ਮੋਹਿ ਵਿਆਪੇ ਇਹੁ ਮਨੁ ਤ੍ਰਿਸਨਾ ਜਲਤ ਤਿਖਈਆ॥
ਗੁਰਮਤਿ ਨਾਮੁ ਅੰਮ੍ਰਿਤ ਜਲੁ ਪਾਇਆ ਅਗਨਿ ਬੁਝੀ ਗੁਰ ਸਬਦਿ ਬੁਝਈਆ॥ ੪॥
(ਮਨਮੁਖ ਮਾਇਆ ਦੇ ਮੋਹ ਵਿੱਚ ਖਚਿਤ ਹਨ ਉਹਨਾਂ ਦਾ ਮਨ ਤ੍ਰਿਸ਼ਨਾ ਦੀ ਅਗਨੀ
ਵਿੱਚ ਸੜ ਰਿਹਾ ਹੈ। ਗੁਰਸਬਦੁ/ਗੁਰਮੰਤ੍ਰ ਨਾਮ ਦੇ ਜਪ ਸਿਮਰਨ ਤੋਂ ਉਪਜੇ ਨਾਮ ਰੂਪੀ ਅੰਮ੍ਰਿਤ ਜਲ
ਨੇਂ ਤ੍ਰਿਸ਼ਨਾ ਦੀ ਅਗਨਿ ਨੂੰ ਬੁਝਾ ਦਿਤਾ ਹੈ।)
ਇਹੁ ਮਨੁ ਨਾਚੈ ਸਤਿਗੁਰ ਆਗੈ ਅਨਹਦ ਸਬਦ ਧੁਨਿ ਤੂਰ ਵਜਈਆ॥
ਹਰਿ ਹਰਿ ਉਸਤਤਿ ਕਰੈ ਦਿਨੁ ਰਾਤੀ ਰਖਿ ਰਖਿ ਚਰਣ ਹਰਿ ਤਾਲ ਪੂਰਈਆ॥ ੫॥
(ਗੁਰਮਤਿ ਨਾਮ ਸਿਮਰਨ ਕਰਦਿਆਂ ਅਨਹਦ ਸਬਦੁ ਦੇ ਵਾਜੇ ਵਜਦੇ ਹਨ, ਧੁਨਾਂ ਦੀ
ਰੌ ਚਲਦੀ ਹੈ ਤੇ ਮੇਰੀ ਸੁਰਤਿ ਇਸ ਰੌ/ਤ੍ਰੰਗਾਂ/ਲਹਿਰਾਂ ਦੇ ਨਾਲ ਹੀ ਚਲਦੀ ਹੈ। ਇਸਤਰਾਂ ਮੇਰਾ ਮਨ
ਸਤਿਗੁਰ ਦੇ ਅੱਗੇ ਨੱਚਦਾ ਹੈ। ਇਸ ਤਰਾਂ ਤਾਲ ਸਿਰ ਵਾਜੇ ਵੱਜਦੇ ਹਨ ਪਰਮਾਤਮਾਂ ਦੀ ਸਿਫ਼ਤ
ਸਾਲਾਹ/ਬੰਦਗੀ ਹਰ ਵੇਲੇ ਹੁੰਦੀ ਹੈ)
ਹਰਿ ਕੈ ਰੰਗਿ ਰਤਾ ਮਨੁ ਗਾਵੈ ਰਸਿ ਰਸਾਲ ਰਸਿ ਸਬਦੁ ਰਵਈਆ॥
ਨਿਜ ਘਰਿ ਧਾਰ ਚੁਐ ਅਤਿ ਨਿਰਮਲ ਜਿਨਿ ਪੀਆ ਤਿਨ ਹੀ ਸੁਖੁ ਲਹੀਆ॥ ੬॥
(ਨਾਮੁ ਅਭਿਆਸੀ ਦਾ ਮਨ ਨਾਮ ਦਾ ਕੀਰਤਨ ਕਰ ਰਿਹਾ ਹੈ ਰਸੁ ਵਿੱਚ ਰੱਤਾ ਹੈ
ਤੇ ਗੁਰਸਬਦੁ ਦੇ ਜਪਨ ਤੋਂ ਧੁਨਾਂ ਉਪਜ ਰਹੀਆਂ ਹਨ। ਚਉਥੇ ਪਦ ਵਿੱਚ ਅਨਹਦ ਧੁਨਾਂ ਦੀ ਵਰਖਾ ਹੁੰਦੀ
ਹੈ ਉਹ ਨਾਮਰਸੁ ਪੀਂਦਾ ਹੈ ਜਿਸਤੋਂ ਅਨੰਦ ਪ੍ਰਾਪਤ ਹੁੰਦਾ ਹੈ।
ਮਨਹਠਿ ਕਰਮ ਕਰੈ ਅਭਿਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ॥
ਆਵੈ ਲਹਰਿ ਸਮੁੰਦ ਸਾਗਰ ਕੀ ਖਿਨ ਮਹਿ ਭਿੰਨ ਭਿੰਨ ਢਹਿ ਪਈਆ॥ ੭॥
(ਜੋ ਗੁਰੂ ਤੋਂ ਉਪਦੇਸ਼ ਨਹੀਂ ਲੈਂਦਾ ਤੇ ਆਪਣੇ ਮਨ ਪਿਛੇ ਲੱਗ ਕੇ ਸਿਮਰਨ
ਕਰਦਾ ਹੈ ਉਹ ਅਭਿਮਾਨੀ ਮਨਹਠ ਕਰਮ ਕਰਦਾ ਹੈ। ਇਹ ਇਸਤਰਾਂ ਹੈ ਜਿਵੇਂ ਬੱਚਾ ਰੇਤ ਦੇ ਘਰ ਉਸਾਰਦਾ
ਹੈ, ਜਦੋਂ ਸਮੁੰਦਰ ਦੀ ਲਹਿਰ ਆਉਂਦੀ ਹੈ, ਉਹ ਘਰ ਇੱਕ ਖਿਨ ਵਿੱਚ ਢਹਿ ਜਾਂਦਾ ਹੈ।)
ਹਰਿ ਸਰੁ ਸਾਗਰੁ ਹਰਿ ਹੈ ਆਪੇ ਇਹੁ ਜਗੁ ਹੈ ਸਭੁ ਖੇਲੁ ਖੇਲਈਆ॥
ਜਿਉ ਜਲ ਤਰੰਗ ਜਲੁ ਜਲਹਿ ਸਮਾਵਹਿ ਨਾਨਕ ਆਪੇ ਆਪਿ ਰਮਈਆ॥ ੮॥ ੩॥ ੬॥
(ਹਿਰਦੇ ਵਿੱਚ ਅਨਹਦ ਤ੍ਰੰਗਾਂ ਦਾ ਸਾਗਰ ਹਰੀ ਆਪ ਹੈ। ਇਹਨਾਂ ਤ੍ਰੰਗਾਂ ਤੋਂ
ਉਪਜੇ ਰੂਪ ਰੰਗ ਹਰਿ ਸਾਗਰ ਵਿੱਚ ਤ੍ਰੰਗਾਂ ਹਨ। ਨਾਮੁ ਰੂਪ ਅਕਾਲ ਪੁਰਖ ਦੀ ਉਪਾਈ ਖੇਡ ਸਾਗਰ ਵਿੱਚ
ਤ੍ਰੰਗਾਂ ਹਨ ਜੋ ਹਰਿ ਸਰ ਸਾਗਰ ਵਿੱਚ ਸਮਾ ਜਾਂਦੀਆਂ ਹਨ ਤੇ ਉਹ ਹਰੀ ਆਪ ਹੀ ਰਹਿ ਜਾਂਦਾ ਹੈ।)
੩. ਸ਼ਬਦ
ਪਹਿਲੇ ੧੩ ਪਦਿਆਂ ਵਿੱਚ ਗੁਰੂ ਜੀ ਨੇਂ ਸੁੰਨ ਸਮਾਧ ਵਿੱਚ ਨਾਮੁ ਨਿਰਮਲ ਪਰਮ
ਚੇਤਨਾਂ, ਨਿਰਗੁਣ ਬ੍ਰਹਮ ਦੀ ਵਿਚਾਰ ਸਮਝਾਈ ਹੈ ਤੇ ਕਿਹਾ ਹੈ ਕਿ ਓਦੋਂ ਸੰਸਾਰ ਦੀ ਕਿਸੇ ਚੀਜ਼ ਦੀ
ਹੋਂਦ ਨਹੀਂ ਸੀ, ਓਦੋਂ ਕੇਵਲ ਸੁੰਨ ਸੀ, ਹੋਰ ਕੁੱਝ ਵੀ ਨਹੀਂ ਸੀ ਤਾਂ ਭੀ ਸੁੰਨ ਵਿੱਚ ਨਾਮ ਤੇ
ਨਾਮੁ ਦਾ ਗੁਣ ਹੁਕਮ, ਪਰਮ ਨਿਰਮਲ ਚੇਤਨਾਂ ਸੀ, ਏਕੰਕਾਰ ਅਕਾਲ ਪੁਰਖ ਦੀ ਹੋਂਦ ਸੀ। ਉਸ ਤੋਂ ਅੱਗੇ
ਦੇ ਪਦਿਆਂ ਵਿੱਚ ਦਸਦੇ ਹਨ ਜਦੋਂ ਸੁੰਨ ਸਮਾਧ ਵਿੱਚ ਨਾਮ ਜੋਤਿ ਦੀ ਮਰਜ਼ੀ ਹੋਈ ਤਾਂ ਉਸ ਨੇ ਸੰਸਾਰ
ਤੇ ਜੀਵ ਜੰਤ ਉਪਾਏ।
ਮਾਰੂ ਮਹਲਾ ੧॥ ਪਨਾ ੧੦੩੫/੯
ਅਰਬਦ ਨਰਬਦ ਧੁੰਧੂਕਾਰਾ॥ ਧਰਣਿ ਨ ਗਗਨਾ ਹੁਕਮੁ ਅਪਾਰਾ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥ ੧॥
ਖਾਣੀ ਨ ਬਾਣੀ ਪਉਣ ਨ ਪਾਣੀ॥ ਓਪਤਿ ਖਪਤਿ ਨ ਆਵਣ ਜਾਣੀ॥
ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ॥ ੨॥
ਨਾ ਤਦਿ ਸੁਰਗੁ ਮਛੁ ਪਇਆਲਾ॥ ਦੋਜਕੁ ਭਿਸਤੁ ਨਹੀ ਖੈ ਕਾਲਾ॥ ਨਰਕੁ ਸੁਰਗੁ
ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ॥ ੩॥
ਬ੍ਰਹਮਾ ਬਿਸਨੁ ਮਹੇਸੁ ਨ ਕੋਈ॥ ਅਵਰੁ ਨ ਦੀਸੈ ਏਕੋ ਸੋਈ॥
ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ॥ ੪॥
ਨਾ ਤਦਿ ਜਤੀ ਸਤੀ ਬਨਵਾਸੀ॥ ਨਾ ਤਦਿ ਸਿਧ ਸਾਧਿਕ ਸੁਖਵਾਸੀ॥
ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ॥ ੫॥ ਜਪ ਤਪ ਸੰਜਮ ਨਾ ਬ੍ਰਤ
ਪੂਜਾ॥
ਨਾ ਕੋ ਆਖਿ ਵਖਾਣੈ ਦੂਜਾ॥ ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ॥ ੬॥
ਨਾ ਸੁਚਿ ਸੰਜਮੁ ਤੁਲਸੀ ਮਾਲਾ॥ ਗੋਪੀ ਕਾਨੁ ਨ ਗਊ ਗ+ਆਲਾ॥
ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ॥ ੭॥ ਕਰਮ ਧਰਮ ਨਹੀ ਮਾਇਆ
ਮਾਖੀ॥
ਜਾਤਿ ਜਨਮੁ ਨਹੀ ਦੀਸੈ ਆਖੀ॥ ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ
ਧਿਆਇਦਾ॥ ੮॥
ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ॥ ਨਾ ਤਦਿ ਗੋਰਖੁ ਨਾ ਮਾਛਿੰਦੋ॥
ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ॥ ੯॥
ਵਰਨ ਭੇਖ ਨਹੀ ਬ੍ਰਹਮਣ ਖਤ੍ਰੀ॥ ਦੇਉ ਨ ਦੇਹੁਰਾ ਗਊ ਗਾਇਤ੍ਰੀ॥
ਹੋਮ ਜਗ ਨਹੀ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ॥ ੧੦॥
ਨਾ ਕੋ ਮੁਲਾ ਨਾ ਕੋ ਕਾਜੀ॥ ਨਾ ਕੋ ਸੇਖੁ ਮਸਾਇਕੁ ਹਾਜੀ॥
ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ॥ ੧੧॥
ਭਾਉ ਨ ਭਗਤੀ ਨਾ ਸਿਵ ਸਕਤੀ॥ ਸਾਜਨੁ ਮੀਤੁ ਬਿੰਦੁ ਨਹੀ ਰਕਤੀ॥
ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ॥ ੧੨॥
ਬੇਦ ਕਤੇਬ ਨ ਸਿੰਮ੍ਰਿਤਿ ਸਾਸਤ॥ ਪਾਠ ਪੁਰਾਣ ਉਦੈ ਨਹੀ ਆਸਤ॥ ਕਹਤਾ ਬਕਤਾ
ਆਪਿ ਅਗੋਚਰੁ ਆਪੇ ਅਲਖੁ ਲਖਾਇਦਾ॥ (੧੦੩੫-੧੦੩੬) ੧੩॥
ਜਦੋਂ ਉਸ ਨੂੰ ਭਾਇਆ ਤਾਂ ਉਸ ਨੇਂ ਜਗਤੁ ਉਪਾਇਆ।
ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥ ਬਾਝੁ ਕਲਾ ਆਡਾਣੁ ਰਹਾਇਆ॥
ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ॥ ੧੪॥
(ਜਦੋਂ ਨਾਮੁ ਜੋਤਿ ਅਕਾਲ ਪੁਰਖ ਦੀ ਮਰਜ਼ੀ ਹੋਈ ਤਾਂ ਉਸਨੇਂ ਸੰਸਾਰ ਸਿਰਜਣਾਂ
ਕੀਤੀ ਬਿਨਾਂ ਕਿਸੇ ਆਸਰੇ ਦੇ ਸੰਸਾਰ ਖੰਡਾਂ ਵਰਭੰਡਾਂ ਨੂੰ ਆਪਣੇ ਆਪਣੇ ਥਾਂ ਤੇ ਟਿਕਾਇਆ ਅਤੇ ਬੇਦ
ਮਤ ਦੇ ਦੇਵਤਾ ਉਪਾਏ, ਜੋ ਕਰਤੇ ਦੀ ਉਪਾਈ ਮਾਇਆ ਹਨ। ਸੰਸਾਰ ਦੇ ਜੀਵਾਂ ਨੂੰ ਮੈਂ-ਹਾਂ ਦੇ ਭਰਮ ਕਰ
ਕੇ ਸੰਸਾਰ ਦੀਆਂ ਵਸਤੂਆਂ ਨਾਲ ਪਿਆਰ ਪੈ ਗਿਆ ਤੇ ਸੰਸਾਰ ਦਾ ਮੋਹੁ ਕਰਤੇ ਨੇਂ ਵਧਾਇਆ)
ਵਿਰਲੇ ਕਉ ਗੁਰਿ ਸਬਦੁ ਸੁਣਾਇਆ॥ ਕਰਿ ਕਰਿ ਦੇਖੈ ਹੁਕਮੁ ਸਬਾਇਆ॥
ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ॥ ੧੫॥
(ਕਿਸੇ ਵਿਰਲੇ ਬੰਦੇ ਨੂੰ ਪਾਰਬ੍ਰਹਮ ਦੇ ਰੂਪ ਗੁਰੂ ਨੇ ਗੁਰਸਬਦੁ/ਗੁਰਮੰਤ੍ਰ
ਨਾਮ ਦੀ ਦਾਤ ਬਖਸ਼ੀ, ਉਸ ਨੇ ਨਾਮ/ਜਪ/ਸਿਮਰਨ ਕੀਤਾ। ਉਸ ਨੂੰ ਸਮਝ ਆ ਗਈ, ਪਰਮਾਤਮਾਂ ਜਗਤ ਪੈਦਾ ਕਰ
ਕੇ ਸੰਭਾਲ ਕਰ ਰਿਹਾ ਹੈ, ਹਰ ਥਾਂ ਉੇਸ ਦੇ ਹੁਕਮ ਦੀ ਖੇਡ ਹੋ ਰਹੀ ਹੈ। ਨਿਰਾਕਾਰ ਅਕਾਲ ਪੁਰਖ,
ਖੰਡ, ਮੰਡਲ ਤੇ ਪਾਤਾਲਾਂ ਦੇ ਰੂਪ ਧਾਰ ਕੇ ਆਪ ਖੇਡ ਰਿਹਾ ਹੈ ਤੇ ਗੁਪਤ ਤੋਂ ਸਰਗੁਣ ਸਰੂਪ ਵਿੱਚ
ਪਰਗਟ ਹੋਇਆ।)
ਤਾ ਕਾ ਅੰਤੁ ਨ ਜਾਣੈ ਕੋਈ॥ ਪੂਰੇ ਗੁਰ ਤੇ ਸੋਝੀ ਹੋਈ॥
ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ॥ ੧੬॥ ੩॥ ੧੫॥
(ਉਸ ਅਕਾਲ ਪੁਰਖ ਦਾ ਅੰਤ ਕੋਈ ਨਹੀਂ ਜਾਣਦਾ, ਵਿਰਲੇ ਗੁਰਮੁਖਿ ਨੇ
ਗੁਰਮੰਤਰ/ਗੁਰਸਬਦ ਦਾ ਜਪ ਸਿਮਰਨ ਕਰ ਕੇ ਤੇ ਇਸ ਤਰ੍ਹਾਂ ਉਸ ਦੇ ਗੁਣ ਗਾ ਕੇ ਵਿਸਮਾਦ ਦੀ ਅਵਸਥਾ
ਪਰਾਪਤ ਕੀਤੀ ਉਹ ਉਸਦੇ ਕੌਤਕ ਦੇਖ ਕੇ ਹੈਰਾਨ ਹੀ ਹੈਰਾਨ ਹੁੰਦੇ ਹਨ ਤੇ ਉਸ ਵਿੱਚ ਸਮਾ ਜਾਂਦੇ ਹਨ।
ਗੁਰਮਤਿ ਨਾਮੁ ਸਿਮਰਨ, ਉਸ ਦੇ ਗੁਣ ਗਾਵਣਾਂ ਹੀ ਹੈ)