ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਆਤਮ ਵਿਸ਼ਵਾਸ
ਬੰਦੇ ਨੂੰ ਆਪਣੇ ਆਪ `ਤੇ ਪੂਰਨ
ਭਰੋਸਾ ਹੋਣਾ, ਇਸ ਨੂੰ ਆਤਮ ਵਿਸ਼ਵਾਸ ਕਿਹਾ ਜਾਂਦਾ ਹੈ। ਆਤਮ ਵਿਸ਼ਵਾਸ ਲਈ ਗਿਆਨ ਤੇ ਤਜਰਬੇ ਦਾ ਹੋਣਾ
ਜ਼ਰੂਰੀ ਹੈ, ਨਹੀਂ ਤਾਂ ਕਈ ਵਾਰੀ ਆਤਮ ਵਿਸ਼ਵਾਸ ਨੁਕਸਾਨ ਦਾ ਕਾਰਨ ਵੀ ਬਣਦਾ ਹੈ। ਆਤਮ ਵਿਸ਼ਵਾਸ ਤੋਂ
ਬਿਨਾਂ ਮਨੁੱਖ ਕਦੇ ਵੀ ਤਰੱਕੀ ਦੀਆਂ ਮੰਜ਼ਿਲਾਂ ਨੂੰ ਨਹੀਂ ਛੋਹ ਸਕਦਾ। ਇਸ ਵਿਸ਼ੇ ਨੂੰ ਸਮਝਣ ਲਈ ਆਤਮ
ਵਿਸ਼ਵਾਸ ਨੂੰ ਕੁੱਝ ਭਾਗਾਂ ਵਿੱਚ ਵੰਡ ਕੇ ਵਿਚਾਰਨ ਦਾ ਯਤਨ ਕੀਤਾ ਗਿਆ ਹੈ।
ਆਤਮ ਵਿਸ਼ਵਾਸ ਕੇ ਅੰਧ ਵਿਸ਼ਵਾਸ---
ਭਾਈ ਕਾਨ੍ਹ ਸਿੰਘ ਜੀ ਨਾਭਾ ਗੁਰਮਤ ਮਾਰਤੰਡ ਵਿੱਚ ਵਿਸ਼ਵਾਸ ਸਬੰਧੀ ਬਹੁਤ ਪਿਆਰਾ ਖ਼ਿਆਲ ਦੇਂਦੇ
ਹੋਏ ਲਿਖਦੇ ਹਨ ਕਿ “ਸ਼ਰਧਾਵਾਨ ਦੇ ਮਨ ਵਿੱਚ ਹੀ ਗੁਰੂ ਉਪਦੇਸ਼ ਦਾ ਦ੍ਰਿੜ ਨਿਵਾਸ ਹੋਂਦਾ ਹੈ, ਜਿਸ
ਤੋਂ ਆਤਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਪਰ ਇਸ ਬਾਤ ਦਾ ਪੂਰਾ ਵਿਚਾਰ ਹੋਣਾ ਚਾਹੀਏ ਕਿ ਸਤਯ
ਵਿਸ਼ਵਾਸ ਹੈ ਜਾਂ ਮਿਥਯਾ”।
ਭਾਈ ਸਾਹਿਬ ਜੀ ਅੱਗੇ ਲਿਖਦੇ ਹਨ ਕਿ “ਰੇਤ ਵਿੱਚ ਖੰਡ ਦਾ ਵਿਸ਼ਵਾਸ, ਸੂਰਜ ਦੀ ਕਿਰਨ ਨਾਲ ਚਮਕਦੇ
ਮਾਰੂਥਲ ਦੀ ਮ੍ਰਿਗ ਤ੍ਰਿਸ਼ਨਾ ਜਲ ਤੋਂ ਪਿਆਸ ਮਿਟਾਣ ਦਾ ਵਿਸ਼ਵਾਸ, ਕਿਸੇ ਮੰਤ੍ਰ ਜੰਤ੍ਰ ਤੋਂ ਰੋਗ ਦੀ
ਨਿਵਰਤੀ ਅਤੇ ਸੰਤਾਨ ਧਨ ਪ੍ਰਾਪਤੀ ਦਾ ਨਿਸ਼ਚਾ, ਮਿਥਯਾ ਵਿਸ਼ਵਾਸ ਹਨ, ਜਿਨ੍ਹਾਂ ਤੋਂ ਕਲੇਸ਼ ਅਤੇ
ਪਛਤਾਵੇ ਤੋਂ ਛੁਟ ਹੋਰ ਕੋਈ ਫ਼ਲ਼ ਨਹੀਂ। ਅਸਾਡੇ ਬਹੁਤ ਭਾਈ ਮਿਥਯਾ ਵਿਸ਼ਵਾਸ ਕਰਕੇ ਧਨ ਸੰਪਦਾ, ਸਰੀਰਕ
ਸੁੱਖ ਅਤੇ ਪ੍ਰਮਾਰਥ ਖੋਹ ਬੈਠਦੇ ਹਨ”। ਇਸ ਦੇ ਉਲਟ, ਖੰਡ ਵਿਚ, ਖੰਡ ਦਾ ਵਿਸ਼ਵਾਸ, ਖੂਹ ਨਦੀ ਸਰੋਵਰ
ਤੋਂ ਪਿਆਸ ਬੁਝਣ ਦਾ ਵਿਸ਼ਵਾਸ, ਔਖਧ ਤੋਂ ਰੋਗ ਦੂਰ ਹੋਣ ਦਾ ਵਿਸ਼ਵਾਸ ਅਤੇ ਬੁੱਧ ਵਿਦਿਆ ਬਲ ਨਾਲ ਧਨ
ਦੀ ਪ੍ਰਾਪਤੀ ਦਾ ਵਿਸ਼ਵਾਸ, ਸਤਯ ਹਨ”। ਸਿੱਧੀ ਗੱਲ ਕਿ ਅਜੇਹੇ ਆਤਮ ਵਿਸ਼ਵਾਸ ਦਾ ਕੋਈ ਲਾਭ ਨਹੀਂ ਹੈ
ਜਿਸ ਦੁਆਰਾ ਮਾਨਸਕ ਵਿਕਾਸ ਹੀ ਰੁਕ ਜਾਏ।
ਮਨੁੱਖ ਅੰਧ ਵਿਸ਼ਵਾਸ ਦੇ ਸਾਏ ਥੱਲੇ ਆਪਣਾ ਆਤਮ ਵਿਸ਼ਵਾਸ ਖੋਹ ਬੈਠਦਾ ਹੈ ਤੇ ਅੰਧ ਵਿਸ਼ਵਾਸ ਨੂੰ ਹੀ
ਆਤਮਾ ਵਿਸ਼ਵਾਸ ਕਹੀ ਜਾਂਦਾ। ਬਹੁਤ ਘੱਟ ਧਾਰਮਕ ਅਸਥਾਨਾਂ ਨੂੰ ਛੱਡ ਕੇ ਬਹੁਤੀ ਥਾਈਂ ਧਰਮ ਦੇ ਨਾਂ
`ਤੇ ਅੰਧ ਵਿਸ਼ਵਾਸ ਹੀ ਢੋਇਆ ਜਾ ਰਿਹਾ ਹੈ।
ਆਤਮ ਵਿਸ਼ਵਾਸ ਲਈ ਗਿਆਨ ਦਾ ਹੋਣਾ ਜ਼ਰੂਰੀ—
ਗਿਆਨ ਦੀ ਘਾਟ ਕਰਕੇ ਹੀ ਮਨੁੱਖ ਕਬਰਾਂ `ਤੇ ਹੀ ਮੱਥੇ ਟੇਕੀ ਜਾਣ ਨੂੰ ਪਰਮ ਧਰਮ ਸਮਝੀ ਬੈਠਾ
ਹੈ। ਵੱਗਦੇ ਦਰਿਆ ਵਿੱਚ ਨਾਰੀਅਲ ਸੁਟਣਾ, ਸ਼ਨੀ ਦੇਵਤੇ ਦੇ ਸਰਾਪ ਤੋਂ ਡਰਦਿਆਂ ਸਰੋਂ ਦਾ ਤੇਲ
ਚੜ੍ਹਾਈ ਜਾਣਾ, ਮੰਗਲਵਾਰ ਨੂੰ ਪੀਲਾ ਪ੍ਰਸ਼ਾਦ ਧਾਰਮਕ ਅਸਥਾਨਾਂ `ਤੇ ਚੜ੍ਹਾਉਣਾ ਆਦਕ ਧਾਰਮਕ ਰਸਮਾਂ
ਨਾਲ ਧਰਮ ਦੇ ਨਾਂ ਉੱਤੇ ਜਨ ਸਧਾਰਨ ਆਦਮੀ ਲੁਟਿਆ ਜਾ ਰਿਹਾ ਹੈ। ਜਨ ਸਧਾਰਨ ਬੰਦਾ ਹੀ ਨਹੀਂ ਬਲ ਕੇ
ਪੜ੍ਹੇ ਲਿਖੇ ਵੀ ਧਰਮ ਦੇ ਗਿਆਨ ਦੀ ਘਾਟ ਕਰਕੇ ਧਾਰਮਕ ਅਸਥਾਨਾਂ `ਤੇ ਮੰਨਤਾ ਪੂਰੀਆਂ ਕਰਦੇ ਦੇਖੇ
ਜਾ ਸਕਦੇ ਹਨ। ਗਿਆਨ ਦੀ ਘਾਟ ਕਰਕੇ ਹੀ ਧਾਰਮਕ ਡੇਰੇ ਹੋਂਦ ਵਿੱਚ ਆਈ ਜਾ ਰਹੇ ਹਨ।
ਕਾਲਜ ਵਿੱਚ ਪੜ੍ਹ ਰਹੇ ਵਿਦਿਆਰਥੀ ਨੇ ਸਹੀ ਗਿਆਨ ਦੀ ਪ੍ਰਾਪਤੀ ਕੀਤੀ ਹੈ ਤਾਂ ਉਹ ਆਤਮਕ ਵਿਸ਼ਵਾਸ
ਨਾਲ ਇਮਤਿਹਾਨ ਦੇਵੇਗਾ। ਜਿਸ ਨੇ ਸਾਰਾ ਸਾਲ ਪੜ੍ਹਿਆ ਨਹੀਂ ਉਹ ਧਰਮ ਦਾ ਸਹਾਰਾ ਲੈ ਕੇ ਪਾਠ ਪੂਜਾ
ਕਰੀ ਜਾਏਗਾ ਜਾਂ ਨਕਲ ਮਾਰਨ ਦਾ ਸਹਾਰਾ ਲਏਗਾ। ਜਿੱਥੇ ਵੀ ਇੰਟਰਵਿਊ ਲਈ ਜਾਂਦੀ ਹੈ ਓੱਥੇ ਏਹੀ
ਦੇਖਿਆ ਜਾਂਦਾ ਹੈ ਕਿ ਇਸ ਨੂੰ ਆਪਣੇ ਗਿਆਨ `ਤੇ ਪੂਰਨ ਭਰੋਸਾ ਵੀ ਹੈ ਕਿ ਨਹੀਂ। ਆਤਮ ਵਿਸ਼ਵਾਸ ਲਈ
ਗਿਆਨ ਦਾ ਹੋਣਾ ਜ਼ਰੂਰੀ ਹੈ।
ਕਿਸੇ ਵੀ ਕਿੱਤੇ ਵਿੱਚ ਕੰਮ ਕਰਨ ਲਈ ਉਹੀ ਆਦਮੀ ਸਫਲ ਹੁੰਦਾ ਹੈ ਜਿਸ ਨੂੰ ਆਪਣੇ ਗਿਆਨ `ਤੇ ਪੂਰਾ
ਭਰੋਸਾ ਹੁੰਦਾ ਹੈ।
ਖੇਤੀ ਬਾੜੀ ਦੀ ਨਵੀਂ ਤਕਨੀਕ ਜਦੋਂ ਪੰਜਾਬ ਵਿੱਚ ਆਈ ਸੀ ਤਾਂ ਖੇਤੀ ਬਾੜੀ ਦੇ ਮਹਿਕਮੇ ਨੇ ਹਰ ਪਿੰਡ
ਵਿੱਚ ਪਹੁੰਚ ਕੇ ਨਵੀ ਤਕਨੀਕ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ ਸੀ। ਖੇਤੀ ਦੀ ਨਵੀਂ ਤਕਨੀਕ ਨੂੰ
ਸਮਝ ਕੇ ਪੰਜਾਬ ਵਿੱਚ ਹਰੀ ਕ੍ਰਾਂਤੀ ਲਿਆਂਦੀ ਸੀ। ਜਿਵੇਂ ਜਿਵੇਂ ਗਿਆਨ ਅੰਗੜਾਈ ਲੈਂਦਾ ਹੈ ਤਿਵੇਂ
ਤਿਵੇਂ ਬੰਦੇ ਦਾ ਆਤਮਕ ਵਿਸ਼ਵਾਸ ਪਰਪੱਕ ਹੁੰਦਾ ਹੈ।
ਕਈ ਵਾਰੀ ਗਿਆਨ ਤੇ ਆਤਮ ਵਿਸ਼ਵਾਸ ਪੂਰਾ ਹੋਣ ਦੇ ਬਾਵਜੂਦ ਵੀ ਬੰਦਾ ਫੇਹਲ ਹੋ ਜਾਂਦਾ ਹੈ। ਇਸ ਦਾ
ਅਰਥ ਹੈ ਕਿ ਬੰਦੇ ਪਾਸ ਤਜਰਬੇ ਦੀ ਘਾਟ ਹੋ ਸਕਦੀ ਹੈ।
ਆਤਮ ਵਿਸ਼ਵਾਸ ਲਈ ਤਜਰਬਾ ਜ਼ਰੂਰੀ—
ਨਿਰਾ ਆਤਮ ਵਿਸ਼ਵਾਸ ਕੀਤਿਆਂ ਕਈ ਵਾਰੀ ਹਨੇਰੇ ਵਿੱਚ ਟੱਕਰਾਂ ਮਾਰਨੀਆਂ ਹੁੰਦੀਆਂ ਹਨ। ਮੈਨੂੰ
ਯਾਦ ਹੈ ਸਾਡੇ ਇੱਕ ਜ਼ਿਦੀ ਅਧਿਆਪਕ ਦੇ ਆਤਮ ਵਿਸ਼ਵਾਸ਼ ਅੱਗੇ ਕੋਈ ਉਜਰਦਾਰੀ ਨਹੀਂ ਕਰਦਾ ਸੀ ਕਿਉਂਕਿ
ਸਾਰਿਆਂ ਨੂੰ ਸੁਭਾਅ ਦਾ ਪਤਾ ਸੀ ਕਿ ਇਸ ਨੇ ਕਿਸੇ ਦੀ ਮੰਨਣੀ ਤੇ ਹੈ ਨਹੀਂ ਕਿਉਂ ਮਗ਼ਜ਼ ਖਪਾਈ ਕੀਤੀ
ਜਾਏ। ਸਕੂਲ ਵਿੱਚ ਸਫੈਦਿਆਂ ਦੇ ਦਰਖੱਤ ਲਾਏ ਜਾਣੇ ਸੀ। ਸਬੰਧਤ ਆਧਿਆਪਕ ਥੋੜਾ ਥੋੜਾ ਟੋਇਆ ਪੁੱਟ ਕਿ
ਬੂਟੇ ਲਗਾ ਰਿਹਾ ਸੀ। ਇੱਕ ਸਿਆਣੇ ਅਧਿਆਪਕ ਨੇ ਪਤੇ ਦੀ ਗੱਲ ਕਹੀ, ਕਿ ‘ਬਈ ਥੋੜੇ ਟੋੇਏ ਡੂੰਘੇ ਕਰਾ
ਲੈ, ਨਹੀਂ ਤਾਂ ਸਫੈਦੇ ਤੁਰਨੇ ਨਹੀਂਓਂ’। ਸਫੈਦੇ ਲਵਾ ਰਿਹਾ ਅਧਿਆਪਕ ਆਪਣੀ ਹਿੱਕ ਥਾਪੜ ਕੇ
ਕਹਿੰਦਾ, ‘ਤੁਹਾਨੂੰ ਕੀ ਪਤਾ ਹੈ ਸਫੈਦੇ ਕਿਵੇਂ ਲਗਾਏ ਜਾਂਦੇ ਹਨ? ਜਾਉ ਜਾਉ ਕੰਮ ਕਰੋ ਮੈਨੂੰ ਪੂਰਾ
ਵਿਸ਼ਵਾਸ ਹੈ ਮੇਰੇ ਲਗਾਏ ਹੋਏ ਸਫੈਦੇ ਜ਼ਰੂਰ ਤੁਰਨਗੇ ਤੇ ਤੁਸੀਂ ਇਹਨਾਂ ਸਫੈਦਿਆਂ ਦੀ ਛਾਵੇਂ ਬੈਠਿਆ
ਕਰੋਗੇ’। ਸਫੈਦੇ ਲਗਾ ਰਹੇ ਆਤਮ ਵਿਸ਼ਵਾਸ ਵਾਲੇ ਅਧਿਆਪਕ ਦੇ ਤੀਜੇ ਦਿਨ ਸਾਰੇ ਸਫੈਦੇ ਸੁਕਣੇ ਸ਼ੁਰੂ
ਹੋ ਗਏ।
ਆਤਮ ਵਿਸ਼ਵਾਸ ਦੇ ਨਾਲ ਗਿਆਨ ਦਾ ਹੋਣਾ ਜ਼ਰੂਰੀ ਹੈ ਓੱਥੇ ਤਜਰਬੇ ਤੋਂ ਬਿਨਾ ਇਹ ਦੋਵੇਂ ਵਿਸ਼ਵਾਸ ਫੇਹਲ
ਹੋ ਜਾਂਦੇ ਹਨ।
ਸਕੂਲ ਦਾ ਪ੍ਰਿੰਸੀਪਲ ਲੱਗਣ ਲਈ ਜਿੱਥੇ ਯੋਗਤਾ ਪਰਖੀ ਜਾਂਦੀ ਹੈ ਓੱਥੇ ਤਜਰਬੇ ਨੂੰ ਜ਼ਰੂਰੀ ਕਰਾਰ
ਦਿੱਤਾ ਜਾਂਦਾ ਹੈ। ਜਨੀ ਕਿ ਹਰ ਖੇਤਰ ਵਿੱਚ ਗਿਆਨ ਦੇ ਨਾਲ ਤਜਰਬੇ ਨੂੰ ਤਰਜੀਹ ਦਿੱਤੀ ਜਾਂਦੀ ਹੈ।
ਜੂਨੀਅਰ ਡਾਕਟਰ, ਤਜਰਬੇ ਵਾਲੇ ਡਾਕਟਰ ਤੋਂ ਹੋਰ ਵਧੇਰੇ ਗਿਆਨ ਪ੍ਰਾਪਤ ਕਰਦਾ ਹੈ। ਦਿੱਲ ਦੇ ਡਾਕਟਰ
ਆਪਣੇ ਗਿਆਨ ਤੇ ਵਿਸ਼ਾਲ ਤਜਰਬੇ ਦੇ ਅਧਾਰਤ ਹੀ ਦਿੱਲ ਦੇ ਮਰੀਜ਼ ਦਾ ਬਾਈ ਪਾਸ ਕਰਕੇ ਬਿਮਾਰ ਬੰਦੇ ਨੂੰ
ਤੰਦਰੁਸਤ ਕਰ ਦੇਂਦੇ ਹਨ। ਚਹੋਂ ਬੰਦਿਆ ਵਿੱਚ ਬੈਠ ਕੇ ਆਪਣਾ ਇਲਾਜ ਕਰਾਉਣ ਵਾਲਾ ਬੰਦਾ ਏਹੀ
ਪੁੱਛੇਗਾ ਕਿ ਭਈ ਮੈਨੂੰ ਉਹ ਡਾਕਟਰ ਦੱਸਿਆ ਜੇ ਜਿਸ ਨੂੰ ਤਜਰਬਾ ਬਹੁਤ ਹੈ।
ਕਈ ਦੇਸੀ ਹਕੀਮਾਂ ਨੇ ਆਪਣੀ ਦੁਕਾਨ ਦੇ ਬਾਹਰ ਬੋਰਡ ਲਗਾਏ ਹੁੰਦੇ ਹਨ ਕਿ ਖ਼ਾਨਦਾਨੀ ਹਕੀਮ ਤਜਰਬਾ
ਪੰਜਾਹ ਸਾਲ ਦਾ। ਜਨੀ ਕੇ ਉਹਨਾਂ ਨੂੰ ਇਹ ਆਤਮ ਵਿਸ਼ਵਾਸ ਹੈ ਕਿ ਲੋਕ ਸਾਡੇ ਤਜਰਬੇ ਦੇ ਕਾਰਨ ਬਹੁਤ
ਆਉਣਗੇ। ਇਹ ਨੁਕਤਾ ਅਖੌਤੀ ਸਾਧ ਲਾਣੇ ਨੇ ਵੀ ਵਰਤਣਾਂ ਸ਼ੁਰੂ ਕਰ ਦਿੱਤਾ ਹੈ, ਕਿ ਉੱਮਰ ਪੰਝੀ ਸਾਲ
ਦੀ ਤਪੱਸਿਆ ਪੈਂਤੀ ਸਾਲ ਦੀ ਲਿਖ ਕੇ ਬਾਹਰ ਬੋਰਡ ਲਗਾਇਆ ਹੁੰਦਾ ਹੈ। ਪਰ ਇਹ ਥੋੜੀ ਭੁੱਲ ਕਰ ਜਾਂਦੇ
ਹਨ ਤਜਰਬਾ ਲਿਖਣ ਲੱਗਿਆਂ।
ਆਤਮ ਵਿਸ਼ਵਾਸ ਲਈ ਪਿੱਛੇ ਪੂਰੀ ਟੀਮ—
ਜ਼ਿੰਦਗੀ ਦੇ ਹਰ ਖੇਤਰ ਵਿੱਚ ਮੁਹਾਰਤ ਹਾਸਲ ਕਰਨ ਲਈ ਲੰਬੀ ਸਾਧਨਾ ਵਿਚਦੀ ਲੰਘਣਾਂ ਪੈਂਦਾ ਹੈ।
ਜਿਵੇਂ ਕਿਸੇ ਬੱਚੇ ਨੇ ਹਵਾਈ ਜਹਾਜ਼ ਦਾ ਚਾਲਕ ਬਣਨਾ ਹੈ, ਉਸ ਨੂੰ ਮੁੱਢਲੀ ਸਾਧਨਾ ਤੋਂ ਸ਼ੁਰੂ ਕਰਕੇ
ਇੱਕ ਲੰਬੀ ਸਾਧਨਾ ਆਪਨਾਉਣੀ ਪੈਂਦੀ ਹੈ ਫਿਰ ਕਿਤੇ ਜਾ ਕੇ ਉਸ ਨੂੰ ਸਹਾਇਕ ਜਹਾਜ਼ ਚਾਲਕ ਬਣਾਇਆ
ਜਾਂਦਾ ਹੈ। ਲੰਬੇ ਤਜਰਬੇ ਦੇ ਉਪਰੰਤ ਉਸ `ਤੇ ਪੂਰਾ ਯਕੀਨ ਕੀਤਾ ਜਾਂਦਾ ਹੈ ਕਿ ਇਸ ਨੂੰ ਪੂਰਾ ਆਤਮ
ਵਿਸ਼ਵਾਸ ਹੈ ਇਹ ਹੁਣ ਜਹਾਜ਼ ਨੂੰ ਪੂਰੀ ਤਰ੍ਹਾਂ ਅਸਮਾਨ ਵਿੱਚ ਲੈ ਕੇ ਉੱਡ ਸਕਦਾ ਹੈ।
ਜਹਾਜ਼ ਚਾਲਕ ਜਦੋਂ ਅਸਮਾਨ ਦੀ ਹਿੱਕ ਨੂੰ ਚੀਰ ਰਿਹਾ ਹੁੰਦਾ ਹੈ ਤਾਂ ਓਦੋਂ ਉਹ ਇਕੱਲਾ ਨਹੀਂ ਹੁੰਦਾ।
ਉਸ ਨੂੰ ਪਤਾ ਹੈ ਕਿ ਮੇਰੇ ਪਾਸ ਜਹਾਜ਼ ਨੂੰ ਚਲਾਉਣ ਦਾ ਜਿੱਥੇ ਵਧੀਆ ਗਿਆਨ ਹੈ ਓੱਥੇ ਲੰਬਾ ਤਜਰਬਾ
ਵੀ ਹੈ। ਇਹ ਸਾਰੀਆਂ ਗੱਲਾਂ ਹੋਣ ਦੇ ਬਾਵਜੂਦ ਵੀ ਜਹਾਜ਼ ਚਾਲਕ ਨੂੰ ਇਹ ਪੂਰਾ ਯਕੀਨ ਹੈ ਕਿ ਜਦੋਂ
ਮੈਂ ਜਹਾਜ਼ ਵਿੱਚ ਬੈਠਾ ਸੀ ਤਾਂ ਇੰਜਨੀਅਰਾਂ ਦੀ ਪੂਰੀ ਟੀਮ ਨੇ ਹਰ ਪਾਸਿਓਂ ਜਹਾਜ਼ ਨੂੰ ਚੈੱਕ ਕੀਤਾ
ਸੀ। ਇਸ ਵਿੱਚ ਕੋਈ ਨੁਕਸ ਨਹੀਂ ਰਹਿਣ ਦਿੱਤਾ। ਉਡਾਣ ਭਰਨ ਦੇ ਜਹਾਜ਼ ਪੁਰੀ ਤਰ੍ਹਾਂ ਸਮਰੱਥ ਹੈ।
ਜਹਾਜ਼ ਚਾਲਕ ਆਪਣੇ ਗਿਆਨ, ਲੰਬੇ ਤਜਰਬੇ ਤੇ ਪਿੱਛੇ ਪੂਰੀ ਟੀਮ ਦੇ ਅਧਾਰਤ ਸੈਂਕੜੇ ਸਵਾਰੀਆਂ ਨੂੰ ਲੈ
ਕੇ ਖੁਲ੍ਹੇ ਅਸਮਾਨ ਦੀਆਂ ਬਿਨਾਂ ਸੜਕਾਂ ਤੋਂ ਜਹਾਜ਼ ਨੂੰ ਭਜਾਈ ਜਾਂਦੇ ਹਨ।
ਆਤਮ ਵਿਸ਼ਵਾਸ ਨੂੰ ਬਲਵਾਨ ਬਣਾਉਣ ਲਈ ਗਿਆਨ, ਤਜਰਬਾ ਤੇ ਪਿੱਛੇ ਸੰਸਥਾ ਦਾ ਹੋਣ ਨਾਲ ਮਨੁੱਖ ਨਵੀਆਂ
ਮੰਜ਼ਿਲਾਂ ਨੂੰ ਛੋਂਹਦਾ ਹੈ---
ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ॥
ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ॥
ਪੰਨਾ ੨੮੫