ਪੰਜਾਬੀ ਮੀਡੀਏ ਵਿੱਚ ਵਧਦੀ ਜਾ ਰਹੀ ਲੱਚਰਤਾ ਚਿੰਤਾ ਦਾ ਵਿਸ਼ਾ
-ਇਕਵਾਕ ਸਿੰਘ ਪੱਟੀ
ਪਿਛਲੇ ਥੋੜ੍ਹੇ ਹੀ ਸਮੇਂ ਵਿੱਚ
ਪੰਜਾਬੀ ਫਿਲਮ ਇੰਡਸਟਰੀ ਅਤੇ ਪੰਜਾਬੀ ਗਾਇਕੀ ਵਿੱਚ ਕਾਫੀ ਤਰੱਕੀ ਹੋਈ ਹੈ। ਇਸ ਨਾਲ ਪੰਜਾਬੀ ਸੰਗੀਤ
ਨੂੰ ਵਿਸ਼ਵ ਭਰ ਵਿੱਚ ਪਸੰਦ ਕੀਤਾ ਗਿਆ ਹੈ। ਹਰਭਜਨ ਮਾਨ, ਗੁਰਦਾਸ ਮਾਨ, ਬੱਬੂ ਮਾਨ ਵੱਲੋਂ ਵੀ
ਚੰਗੀਆਂ ਪੰਜਾਬੀ ਫਿਲਮਾਂ ਦੇ ਕੇ ਇੱਕ ਕੀਰਤੀਮਾਨ ਸਥਾਪਤ ਕੀਤਾ ਹੈ ਅਤੇ ਪੰਜਾਬੀ ਫਿਲਮ ਇੰਡਸਟਰੀ
ਵਿੱਚ ਨਵੀਂ ਰੂਹ ਫੂਕੀ ਹੈ। ਪਰ ਦੂਜੇ ਪਾਸੇ ਪੰਜਾਬੀ ਗਾਇਕੀ ਦੇ ਵਿੱਚ ਬੇਸ਼ੱਕ ਸੰਗੀਤਕ ਖੇਤਰ ਵਿੱਚ
ਤਾਂ ਤਰੱਕੀ ਕੀਤੀ ਗਈ ਹੈ, ਪਰ ਇਹਨਾਂ ਦੀ ਵੀਡੀਉ ਵਿੱਚ ਦਿਖਾਈ ਜਾ ਰਹੀ ਲੱਚਰਤਾ ਅਤੇ ਅਸ਼ਲੀਲਤਾ ਨੇ
ਪੰਜਾਬੀ ਸੱਭਿਆਚਾਰ, ਪੰਜਾਬੀ ਪਹਿਰਾਵੇ ਅਤੇ ਪੰਜਾਬੀ ਸਮਾਜ ਦੀਆਂ ਧੀਆਂ-ਭੈਣਾ ਦੇ ਸਿਰੋਂ ਤੋਂ
ਜਿਵੇਂ ਚੁੰਨੀ ਹੀ ਖਿੱਚ ਲਈ ਹੋਵੇ।
ਖੂੰਬਾਂ ਦੀ ਤਰ੍ਹਾਂ ਪੈਦਾ ਹੋਏ ਹਲਕੇ ਪੱਧਰ ਦੇ ਗਾਇਕਾਂ ਨੇ ਤਾਂ ਪੰਜਾਬੀ ਭਾਸ਼ਾ, ਪੰਜਾਬੀ
ਸੱਭਿਆਚਾਰ ਨੂੰ ਉੱਚਾ ਚੁੱਕਣ ਵਾਲੇ ਗਾਇਕਾਂ ਦੀਆਂ ਪ੍ਰਾਪਤੀਆਂ ਨੂੰ ਵੀ ਘੱਟੇ ਵਿੱਚ ਰੁਲ੍ਹਾ ਛੱਡਿਆ
ਹੈ। ਮਿਸਾਲ ਵੱਜੋਂ ਪੰਜਾਬੀ ਸੰਗੀਤ ਦੇ ਬਾਬਾ ਆਦਮ ਗੁਰਦਾਸ ਮਾਨ ਵੱਲੋਂ ਪੰਜਾਬੀ ਮਾਂ ਬੋਲੀ ਪ੍ਰਤੀ
ਦਰਦ ਪੈਦਾ ਕਰਦਿਆਂ ਇੱਕ ਗੀਤ ਗਾਇਆ ਸੀ,
“ਪੰਜਾਬੀ ਜ਼ੁਬਾਨੇ, ਨੀ ਰਕਾਨੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਤੇਰੇ ਚਿਹਰੇ ਦੀ ਨੁਹਾਰ। ਮਿੱਢੀਆਂ
ਖਿਲਾਰੀ ਫਿਰੇ, ਬੁਲ੍ਹੇ ਦੀ ਕਾਫੀਏ, ਕੀਹਨੇ ਲਾ ਲਿਆ, ਤੇਰਾ ਹਾਰ ਤੇ ਸ਼ਿੰਗਾਰ?”
ਇਸ ਗੀਤ ਵਿੱਚ ਉਸਦਾ ਪੰਜਾਬੀ ਮਾਂ-ਬੋਲੀ ਪ੍ਰਤੀ ਅਥਾਹ ਸ਼ਰਧਾ ਝਲਕ ਰਹੀ ਹੈ। ਹੁਣ ਇੱਧਰ ਆ ਜਾਵੋ ਤਾਂ
ਗੀਤ ਮਗਰੋਂ ਸ਼ੁਰੂ ਹੁੰਦਾ ਹੈ, ਉਸਤੋਂ ਪਹਿਲਾਂ ਹੀ ਕੰਨ ਪਾੜਵਾਂ ਮਿਊਜ਼ਿਕ ਤੇ ਫਿਰ ਅੰਗਰੇਜੀ ਵਿੱਚ
ਅਜੀਬ ਜਿਹੇ ਬੋਲ ਜਿਸਦੀ ਨਾ ਤਾਂ ਸਪੱਸ਼ਟ ਅਵਾਜ਼ ਕੰਨੀ ਪੈਂਦੀ ਹੈ ਤੇ ਨਾ ਹੀ ਉਸਦਾ ਕੋਈ ਮਤਲੱਬ ਪੱਲੇ
ਪੈਂਦਾ ਹੈ। ਬੱਸ ਯਹੀ, ਯਹੀ, ਹਾਹਾ, ਜਾਜਾ, ਯਾਯਾ, । ਗੀਤਾਂ ਦੇ ਬੋਲ ਇਤਨੇ ਹਲਕੇ ਪੱਧਰ ਦੇ ਹੁੰਦੇ
ਹਨ ਕਿ ਕੋਈ ਵੀ ਸਿਆਣਾ ਵਿਅਕਤੀ ਆਪਣੀ ਧੀ-ਭੈਣ, ਮਾਂ, ਬਹੁ-ਬੇਟੀ ਦੇ ਸਾਹਮਣੇ ਸੁਣ ਨਹੀਂ ਸਕਦਾ,
ਵੀਡੀਉ ਵੇਖਣ ਦੀ ਤਾਂ ਗੱਲ ਹੀ ਬੜੀ ਦੂਰ ਚਲੀ ਜਾਂਦੀ ਹੈ। ਕਿਤੇ ਪੰਜਾਬੀ ਧੀਆਂ-ਭੈਣਾਂ ਨੂੰ ਇਹ
ਸਿੱਖਿਆ ਦਿੱਤੀ ਜਾ ਰਹੀ ਹੈ ਕਿ ਆਪਣੇ ਯਾਰ ਨੂੰ ਮਿਲਣ ਵਾਸਤੇ ਜੇਕਰ ਆਪਣੀ ਮਾਂ ਨੂੰ ਨੀਂਦ ਦੀਆਂ
ਗੋਲੀਆਂ ਦੇਣੀਆਂ ਪੈ ਜਾਣ ਤਾਂ ਪਿੱਛੇ ਨਹੀਂ ਹੱਟਣਾ। ਕਿਤੇ ਇਹ ਸਾਬਤ ਕੀਤਾ ਜਾ ਰਿਹਾ ਹੈ ਕਿ ਪਿਉ
ਦੇ ਪੈਸੇ ਤੇ ਐਸ਼ ਕਰਨੀ ਹੀ ਜਵਾਨ ਮੁੰਡਿਆਂ ਨੂੰ ਸ਼ੋਭਾ ਦਿੰਦਾ ਹੈ। ਦੁਖਦਾਇਕ ਪਹਿਲੂ ਇਹ ਵੀ ਹੈ ਕਿ
ਇਹਨਾਂ ਗੀਤਾਂ ਦੀ ਸ਼ੂਟਿੰਗ ਵੇਲੇ ਕਲਾਜਾਂ/ਸਕੂਲਾਂ/ਯੀਨੀਵਰਸਿਟੀਆਂ ਦੀ ਬੈਕ ਸਕਰੀਨ ਦਿਖਾਈ ਜਾਂਦੀ
ਹੈ ਕਿ ਇਹ ਸਕੂਲ, ਕਾਲਜ, ਯੂਨੀਵਰਸਿਟੀਆਂ ਵਿੱਦਿਆ ਦੇ ਕੇਂਦਰ ਨਹੀਂ, ਆਸ਼ਕੀ ਦੇ ਅਤੇ ਦੂਜਿਆਂ ਦੀਆਂ
ਧੀਆਂ/ਭੈਣਾਂ ਨੂੰ ਵਰਗਲਾਉਣ ਦੇ ਅੱਡੇ ਹਨ। ਜਿੱਥੋਂ ਵਿਦਿਆਰਥੀਆਂ ਨੇ ਨੈਤਿਕਤਾ ਅਤੇ ਸਿਸ਼ਟਾਚਾਰ
ਦੀਆਂ ਗੱਲਾਂ ਸਿੱਖਣੀਆਂ ਹਨ, ਉਥੇ ਕੰਟੀਨ ਵਿੱਚ ਬੈਠ ਕੇ ਆਸ਼ਕ ਮਸ਼ੂਕ ਨੂੰ ਇੰਤਜ਼ਾਰ ਕਰਨ ਦੀਆਂ ਗੱਲਾਂ
ਕੀਤੀਆਂ ਜਾ ਰਹੀਆਂ ਹਨ।
ਪੰਜਾਬੀ ਗੀਤਾਂ ਦੇ ਵੀਡੀਉ ਫਿਲਾਮਾਂਕਣ ਨੇ ਤਾਂ ਸ਼ਰਮ ਹਯਾ ਦੇ ਪਰਦੇ ਹੀ ਲਾਹ ਛੱਡੇ ਹਨ। ਗੀਤ ਦੇ
ਬੋਲ ਜੇਕਰ ਚੁੰਨੀ ਦਾ ਜਿਕਰ ਕਰ ਲਿਆ ਜਾਵੇ ਤਾਂ ਵੀਡੀਉ ਵਿੱਚ ਚੁੰਨੀ ਜਾਂ ਸਿਰ `ਤੇ ਦੁਪੱਟਾ
ਵਿਖਾਉਣ ਦੀ ਜੁਅਰਤ ਨਹੀਂ ਕੀਤੀ ਜਾਂਦੀ ਅਤੇ ਉਥੇ ਨੰਗੀਆਂ ਲੱਤਾਂ, ਨੰਗੇ ਜਿਸਮਾਂ ਦੀ ਨੁਮਇਸ਼ ਹੀ
ਕੀਤੀ ਜਾਂਦੀ ਹੈ, ਜਿਸਦਾ ਸੱਭ ਤੋਂ ਵੱਧ ਪ੍ਰਭਾਵ ਅਲੜ੍ਹ ਕਿਸਮ ਦੇ ਬੱਚੇ-ਬੱਚੀਆਂ ਤੇ ਪੈਂਦਾ ਹੈ।
ਉਹਨਾਂ ਦਾ ਨਾਜ਼ੁਕ ਮਨ ਵਿਕਸਤ ਹੋਣ ਵੇਲੇ ਚੰਗੇ ਅਤੇ ਉਸਾਰੂ ਸੋਚ ਦਾ ਮਾਲਕ ਤਾਂ ਕੀ ਬਣਨਾ ਸਗੋਂ ਕਾਮ
ਉਕਸਾਉ ਦ੍ਰਿਸ਼ਾਂ ਨਾਲ ਨੀਵੀਂ ਸੋਚ ਅਤੇ ਗੰਦੇ ਮਾਹੌਲ ਕਰਕੇ ਗਲਤ ਪਾਸੇ ਨੂੰ ਹੋ ਤੁਰਦਾ ਹੈ। ਜੋ
ਕੁੱਝ ਪੰਜਾਬੀ ਗੀਤਾਂ ਵਿੱਚ ਪੰਜਾਬੀ ਸੱਭਿਆਚਾਰ ਦੀਆਂ ਧੱਜੀਆਂ ਉਡਾਉਂਦਾ ਹੋਇਆ ਮਟੀਰੀਅਲ ਦਿਖਾਇਆ
ਜਾ ਰਿਹਾ ਹੈ, ਉਸੇ ਤਰ੍ਹਾਂ ਦਾ ਫੈਸ਼ਨ ਆਮ ਜਿੰਦਗੀ ਵਿੱਚ ਨੌਜਵਾਨ ਪੀੜ੍ਹੀ ਵੱਲੋਂ ਅਪਣਾਇਆ ਜਾ ਰਿਹਾ
ਹੈ।
ਘਟੀਆ ਕਿਸਮ ਦੇ ਗੀਤ ਲਿਖਣ ਵਾਲਿਆਂ ਅਤੇ ਗਾਉਣ ਵਾਲਿਆਂ ਪ੍ਰਤੀ, ਜਾਂ ਉਹਨਾਂ ਨੂੰ ਰੋਕਣ ਲਈ ਕਿਸੇ
ਵੀ ਸੰਸਥਾ ਨੇ ਅਜੇ ਤੱਕ ਉਪਾਰਾਲਾ ਨਹੀਂ ਕੀਤਾ। ਕਿਸੇ ਕਵੀ ਦੀ ਕਲਮ ਨੇ ਬਹੁਤ ਸੁਹਣਾ ਲਿਖਿਆ:
ਕੋਈ ਕੰਮ ਨਹੀਂ ਮਿਲਦਾ ਤਾਂ ਫੇਰ ਕੀ ਆ? ਨਹੀਂ ਆਉਂਦਾ ਤਾਂ ਫੇਰ ਵੀ ਗਾਉਣ ਲੱਗ ਜਾ।
ਨਹੀਂ ਸੁਰ ਦੀ ਸਮਝ ਤਾਂ ਫਿਰ ਕੀ ਆ? ਕੋਈ ਨਹੀਂ ਸੁਣਦਾ ਤਾਂ ਵੀ ਸੁਨਾਉਣ ਲੱਗ ਜਾ।
ਪੱਲਿਉਂ ਖਰਚ ਪੈਸੇ ਆਪੇਨ ਕਲਾਕਾਰ ਬਣ ਜਾ। ਸ਼ੋਰ-ਸ਼ਰਾਬੇ ਦਾ ਪ੍ਰਦੂਸ਼ਣ ਫੈਲਾਉਣ ਲੱਗ ਜਾ।
ਗੰਦੇ ਗੀਤਾਂ ਦਾ ਕੰਨ ਰਸ ਬਥੇਰਿਆਂ ਨੂੰ, ਮਾਤ ਭਾਸ਼ਾ ਦੀ ਚੁੰਨੀ ਸਿਰੋਂ ਲਾਹੁਣ ਲੱਗ ਜਾ।
ਇੱਕ ਆਹ ਪਿੱਛੇ ਜਿਹਾ ਵੈਲੇਂਟਾਈਨ ਡੇ ਦੇ ਨਾਮ ਤੇ ਵੀ ਜੋ ਗੰਦ ਪਾਇਆ ਗਿਆ ਹੈ, ਉਹ ਵੀ ਪੰਜਾਬੀ
ਸੱਭਿਆਚਾਰ ਨੂੰ ਗੰਧਲਾ ਕਰ ਰਿਹਾ ਹੈ। ਇੱਕ ਪਾਸੇ ਤਾਂ ਇੱਕ ਨੌਜਵਾਨ ਲੜਕਾ 14 ਫਰਵਰੀ ਨੂੰ ਹੱਥ
ਵਿੱਚ 2-4 ਰੁਪਏ ਦਾ ਫੁੱਲ 100 ਰੁਪਏ ਦਾ ਖ੍ਰੀਦਣ ਤੋਂ ਬਾਅਦ ਆਪਣੇ ਹਾਣ ਦੀ ਕੁੜੀ ਨੂੰ ਦੇਣ ਲਈ
ਬਿਹਬਲ ਹੋਇਆ ਆਪਣੀ ਆਜ਼ਾਦੀ ਦੀ ਗੱਲ ਕਰਦਿਆਂ ਕਹਿੰਦਾ ਹੈ ਕਿ ਇਸ ਵਿੱਚ ਬੁਰਾ ਹੀ ਕੀ ਹੈ? ਤਾਂ ਉਹੀ
ਲੜਕਾ ਆਪਣੀ ਸਕੀ ਭੈਣ ਪ੍ਰਤੀ ਦੂਜੇ ਲੜਕਿਆਂ ਦੇ ਉਸੇ ਤਰ੍ਹਾਂ ਦਾ ਵਤੀਰੇ ਤੇ ਡਾਂਗਾਂ ਕਿਉਂ ਚੁੱਕ
ਲੈਂਦਾ ਹੈ? ਇੱਥੋਂ ਪਤਾ ਲੱਗ ਜਾਦਾ ਹੈ ਕਿ ਕਿੰਨਾਂ ਵਿਸ਼ ਘੋਲਿਆ ਜਾ ਰਿਹਾ ਹੈ, ਪੰਜਾਬੀ ਸੱਭਿਆਚਾਰ
ਨੂੰ ਖ਼ਤਮ ਕਰਨ ਲਈ।
ਇਕ ਲੜਕੀ ਦੇ ਆਚਰਣ ਨੂੰ ਤਾਂ ਸਿਰਫ ਕਾਮੁਕ ਵਸਤੂ ਦੀ ਤਰ੍ਹਾਂ ਹੀ ਪੇਸ਼ ਕੀਤਾ ਜਾ ਰਿਹਾ ਹੈ, ਅਫਸੋਸ
ਤਾਂ ਇਸ ਗੱਲ ਦਾ ਹੈ ਕਿ ਆਮ ਜਿੰਦਗੀ ਜਿਊਣ ਵਾਲੀਆਂ ਕੁੜੀਆਂ ਲਈ ਕਾਲਜ, ਸਕੂਲ, ਯੂਨੀਵਰਸਿਟੀ ਜਾਂ
ਬਾਜ਼ਾਰ ਵਿੱਚ ਨਿਕਲਣਾ ਔਖਾ ਹੋਇਆ ਪਿਆ ਹੈ। ਮੈਂ ਸਮਝਦਾ ਕਿ ਘੱਟੋ-ਘੱਟ ਨੌਜਵਾਨ ਕੁੜੀਆਂ ਹੀ ਇਸ
ਵਿਰੁੱਧ ਕਮਰ ਕੱਸ ਲੈਣ ਤਾਂ ਇਸ ਨੂੰ ਵੱਡੇ ਪੱਧਰ ਤੇ ਠੱਲ੍ਹ ਪਾਈ ਜਾ ਸਕਦੀ ਹੈ, ਪਰ ਕੁੱਝ ਲੜਕੀਆਂ
ਵੱਲੋਂ ਵੀ ਅੱਜ ਛੋਟੇ ਕਪੜੇ ਪਾ ਕੇ ਬਾਜ਼ਾਰਾਂ ਵਿੱਚ ਘੁੰਮਣਾਂ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਕਰਕੇ
ਸਮਾਜ ਵਿੱਚ ਵਿਚਰਣ ਲੱਗਿਆਂ ਆਪ ਨੂੰ ਵੀ ਸ਼ਰਮ ਮਹਿਸੂਸ ਹੁੰਦੀ ਹੈ। ਕਦੇ ਤਾਂ ਸਾਡੇ ਇਤਿਹਾਸ ਵਿੱਚ
ਔਰਤਾਂ ਦੀ ਇੱਜ਼ਤ ਲਈ ਜਾਨ ਦੀ ਬਾਜ਼ੀ ਲਗਾ ਦੇਣਾ ਮਰਦ ਦੀ ਨਿਸ਼ਾਨੀ ਹੁੰਦੀ ਸੀ `ਤੇ ਅੱਜ ਦੇ ਕਲਯੁੱਗੀ
ਸਮੇਂ ਵਿੱਚ ਔਰਤਾਂ ਆਪ ਹੀ ਬੇਪਰਦ ਹੋ ਕੇ ਬਜ਼ਾਰਾਂ ਵਿੱਚ ਘੁੰਮ ਰਹੀਆਂ ਹਨ। ਜਿਸਮਾਂ ਦੀ ਨੁਮਾਇਸ਼
ਸ਼ਰੇਆਮ ਕੀਤੀ ਜਾ ਰਹੀ ਹੈ। ਸਕੂਲਾਂ/ਕਾਲਜਾਂ ਵਿੱਚ ਵੀ ਬਿਊਟੀ ਕਾਂਟੈਸਟ (ਸੁੰਦਰਤਾਂ ਮੁਕਾਬਲਿਆਂ)
ਦੇ ਨਾਮ ਹੇਠ ਬੱਚੇ-ਬੱਚੀਆਂ ਨੂੰ ਗਲੈਮਰ ਵੱਲ ਧੱਕਿਆ ਜਾ ਰਿਹਾ ਹੈ। ਜਿਸਦਾ ਨਤੀਜਾ ਆਉਣ ਵਾਲੇ ਸਮੇਂ
ਵਿੱਚ ਘਾਤਕ ਹੋ ਸਕਦਾ ਹੈ।
ਇਸ ਲਈ ਲੋੜ ਹੈ ਸਮੇਂ ਸਿਰ ਲਾਮਬੰਦ ਹੋਣ ਦੀ। ਇਸ ਕਾਰਜ ਨੂੰ ਸਿਰੇ ਚਾੜ੍ਹ ਕੇ ਵੱਧ ਰਹੀਆਂ ਅਸ਼ਲੀਲਤਾ
ਨੂੰ ਤਾਂ ਹੀ ਰੋਕਿਆ ਜਾ ਸਕਦਾ ਹੈ ਜੇਕਰ ਨੌਜਵਾਨ ਵਰਗ ਸਖਤ ਪ੍ਰਤੀਕਰਮ ਵੱਜੋਂ ਇਸ ਗਲੈਮਰ ਦੇ ਖਿਲਾਫ
ਹੋ ਕੇ ਖੜਾ ਹੋਵੇ ਅਤੇ ਗੰਦੀਆਂ ਵੀਡੀਉ ਅਤੇ ਗੀਤਾਂ ਸਮੇਤ ਗੀਤਕਾਰਾਂ ਦੇ ਮੁਕੰਮਲ ਰੂਪ ਵਿੱਚ
ਬਾਈਕਾਟ ਕਰੇ। ਉਮੀਦ ਹੈ ਸੁਚੇਤ ਨੌਜਵਾਨ ਇਸ ਪਾਸੇ ਧਿਆਨ ਕੇ ਪੰਜਾਬ ਦੀਆਂ ਧੀਆਂ-ਭੈਣਾਂ ਸਬੰਧੀ
ਗੀਤਾਂ ਰਾਹੀਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਸਬੰਧੀ ਠੋਸ ਕਾਰਵਾਈ ਕਰੋਗੇ। ਮੈਂ ਜਿੱਦਾਂ ਦਾ ਵੀ ਹੋ
ਸਕਿਆ ਸਾਥ ਦੇਵਾਂਗਾ। ਆਪ ਜੀ ਬੱਸ ਤਿਆਰ ਹੋਵੋ। ਗੁਰੂ ਭਲੀ ਕਰੇਗਾ।
* * * * *
ਤੁਹਾਡਾ ਛੋਟਾ ਵੀਰ
-ਇਕਵਾਕ ਸਿੰਘ ਪੱਟੀ
ਰਤਨ ਇੰਸਟੀਚਿਊਟ ਆਫ ਕੰਪਿਊਟਰ ਸਟੱਡੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਮੋ. 98150-24920