ੴਸਤਿਗੁਰਪ੍ਰਸਾਦਿ॥
ਨਾਮ ਸਿਮਰਨ ਦਾ ਵੇਲਾ
ਦੁਨੀਆਂ ਦੇ ਹਰ ਧਰਮ, ਹਰ ਕੌਮ ਵਿੱਚ ਹੀ ਸੁਵੱਖਤੇ ਜਾਗਣ ਨੂੰ ਇੱਕ ਸ਼ੁਭ ਗੁਣ
ਸਮਝਿਆ ਜਾਂਦਾ ਹੈ, ਕਿਉਂਕਿ ਭੱਜ ਦੌੜ ਵਾਲੀ ਮੱਨੁਖੀ ਜ਼ਿੰਦਗੀ ਵਿੱਚ ਇਹੀ ਸਮਾਂ ਹੈ, ਜਦੋਂ ਮਨ ਸਭ
ਤੋਂ ਜ਼ਿਆਦਾ ਸ਼ਾਂਤ ਹੁੰਦਾ ਹੈ, ਇਸ ਵਾਸਤੇ ਮਨ ਵਿੱਚ ਟਿਕਾਓ ਵਧੇਰੇ ਆਉਂਦਾ ਹੈ। ਅੰਗ੍ਰੇਜ਼ੀ ਦੀ ਇੱਕ
ਕਹਾਵਤ ਵੀ ਹੈ,
‘Early to bed early to rise, makes a man
healthy wealthy and wise’ ਭਾਵ ਰਾਤੀਂ ਜਲਦੀ
ਸੌਂਣ ਅਤੇ ਸਵੇਰੇ ਜਲਦੀ ਜਾਗਣ ਦੀ ਆਦਤ ਮੱਨੁਖ ਨੂੰ ਸਿਹਤਮੰਦ, ਧਨਵਾਨ ਅਤੇ ਸਿਆਣਾ ਬਣਾ ਦੇਂਦੀ ਹੈ।
ਗੱਲ ਸੁਭਾਵਕ ਹੈ, ਪਹਿਲਾਂ ਤਾਂ ਸਵੇਰੇ ਜਲਦੀ ਉਹੀ ਜਾਗ ਸਕੇਗਾ, ਜੋ ਰਾਤ ਜਲਦੀ ਸੌਵੇਂਗਾ, ਜਿਸ ਨੇ
ਅੱਧੀ ਰਾਤ ਤੱਕ ਕਲੱਬਾਂ, ਹੋਟਲਾਂ ਵਿੱਚ ਦਾਰੂ ਚੜ੍ਹਾਉਣਾ ਹੈ ਜਾਂ ਰਾਤ ਦੇਰ ਤੱਕ ਟੀ ਵੀ ਵੇਖਣਾ
ਹੈ, ਉਹ ਸਵੇਰੇ ਜਲਦੀ ਕਿਵੇਂ ਜਾਗੇਗਾ? ਜੇ ਜਲਦੀ ਜਾਗ ਪਵੇਗਾ ਤਾਂ ਹੀ ਕਸਰਤ ਜਾਂ ਸਵੇਰ ਦੀ ਸੈਰ ਕਰ
ਸਕੇਗਾ, ਜਿਸ ਨਾਲ ਦੇਹ ਅਰੋਗ ਰਹੇਗੀ। ਸਵੇਰੇ ਉਠਣ ਵਾਲਾ ਵਿਅਕਤੀ ਆਪਣੀ ਕਿਰਤ ਕਮਾਈ ਵਾਸਤੇ ਸਮੇਂ
ਨਾਲ ਨਿਕਲੇਗਾ, ਜਿਸ ਨਾਲ ਵਧੇਰੇ ਕਮਾਈ ਹੋਣ ਦੇ ਆਸਾਰ ਬਣਨਗੇ। ਸਭ ਤੋਂ ਮਹਤੱਵ ਪੂਰਨ ਗੱਲ, ਉਹ
ਸਵੇਰੇ ਉੱਠ ਕੇ ਚੰਗਾ ਸਾਹਿਤ ਪੜ੍ਹੇਗਾ, ਤਾਂ ਮਨ ਤੇ ਚੰਗਾ ਪ੍ਰਭਾਵ ਪਵੇਗਾ, ਜਿਸ ਨਾਲ ਉਸ ਦੇ ਜੀਵਨ
ਵਿੱਚੋਂ ਅਗਿਆਨਤਾ ਦੂਰ ਹੋਕੇ ਜੀਵਣ ਸ਼ੁਭ ਗੁਣਾਂ ਨਾਲ ਸ਼ਿੰਗਾਰਿਆ ਜਾਵੇਗਾ। ਜਿਵੇਂ ਜਿਵੇਂ ਦਿਨ
ਚੜ੍ਹਦਾ ਜਾਂਦਾ ਹੈ, ਦੁਨਿਆਵੀ ਉਲਝਣਾਂ ਵਿੱਚ ਧਸਦਾ ਮਨ, ਭਟਕਣਾ ਵਿੱਚ ਪੈਂਦਾ ਜਾਂਦਾ ਹੈ। ਗੁਰਬਾਣੀ
ਵੀ ਇਸ ਗੱਲ ਦੀ ਪ੍ਰੋੜਤਾ ਕਰਦੀ ਹੈ। ਗੁਰੂ ਨਾਨਕ ਪਾਤਿਸ਼ਾਹ ਦਾ ਪਾਵਨ ਫੁਰਮਾਨ ਹੈ:
“ਸਬਾਹੀ ਸਾਲਾਹ ਜਿਨੀ ਧਿਆਇਆ ਇੱਕ ਮਨਿ॥ ਸੇਈ ਪੂਰੇ ਸਾਹ ਵਖਤੈ ਉਪਰਿ ਲੜਿ
ਮੁਏ॥ ਦੂਜੇ ਬਹੁਤੇ ਰਾਹ ਮਨ ਕੀਆ ਮਤੀ ਖਿੰਡੀਆ॥ ਬਹੁਤੁ ਪਏ ਅਸਗਾਹ ਗੋਤੇ ਖਾਹਿ ਨ ਨਿਕਲਹਿ॥”
{ਸਲੋਕੁ ਮ: 1, ਪੰਨਾ 146}
ਜੋ ਮਨੁੱਖ ਸਵੇਰੇ ਹੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਇਕ-ਮਨ ਹੋ ਕੇ
ਪ੍ਰਭੂ ਨੂੰ ਸਿਮਰਦੇ ਹਨ, ਵੇਲੇ-ਸਿਰ (ਭਾਵ, ਅੰਮ੍ਰਿਤ ਵੇਲੇ) ਮਨ ਨਾਲ ਜੰਗ ਕਰਦੇ ਹਨ (ਭਾਵ, ਆਲਸ
ਵਿਚੋਂ ਨਿਕਲ ਕੇ ਬੰਦਗੀ ਦਾ ਆਹਰ ਕਰਦੇ ਹਨ), ਉਹੀ ਪੂਰੇ ਸ਼ਾਹ ਹਨ।
ਦਿਨ-ਚੜ੍ਹੇ ਮਨ ਦੀਆਂ ਵਾਸਨਾਂ ਖਿੱਲਰ ਜਾਂਦੀਆਂ ਹਨ, ਮਨ ਕਈ ਰਾਹੀਂ ਦੌੜਦਾ
ਹੈ; ਮਨੁੱਖ ਦੁਨੀਆ ਦੇ ਧੰਧਿਆਂ ਦੇ ਡੂੰਘੇ ਸਮੁੰਦਰ ਵਿੱਚ ਪੈ ਜਾਂਦੇ ਹਨ, ਇਥੇ ਹੀ ਅਜੇਹੇ ਗੋਤੇ
ਖਾਂਦੇ ਹਨ (ਭਾਵ, ਫਸਦੇ ਹਨ) ਕਿ ਨਿਕਲ ਨਹੀਂ ਸਕਦੇ।
ਸਿੱਖ ਵਿਚਾਧਾਰਾ ਵਿੱਚ ਇਸ ਨੂੰ ਅੰਮ੍ਰਿਤ ਵੇਲਾ ਆਖਿਆ ਜਾਂਦਾ ਹੈ। ਆਮ ਤੌਰ
ਤੇ ਰਾਤ ਦੇ ਅਖਿਰੀ ਪਹਿਰ ਨੂੰ ਅੰਮ੍ਰਿਤ ਵੇਲੇ ਦਾ ਨਾਂ ਦਿੱਤਾ ਜਾਂਦਾ ਹੈ। ਪੁਰਾਤਨ ਸਮੇਂ ਵਿੱਚ
ਦਿਨ ਦੀ ਵੰਡ ਘੜੀਆਂ, ਪਹਿਰਾਂ, ਵਿਸੂਏ, ਚੱਸਿਆਂ ਨਾਲ ਕੀਤੀ ਜਾਂਦੀ ਸੀ। ਇੱਕ ਦਿਨ-ਰਾਤ ਦੇ ਅੱਠ
ਪਹਿਰ ਹੁੰਦੇ ਹਨ। ਚਾਰ ਦਿਨ ਦੇ ਅਤੇ ਚਾਰ ਰਾਤ ਦੇ। ਜੇ ਅੱਜ ਦੇ ਸਮੇਂ ਮੁਤਾਬਕ ਵੇਖੀਏ ਇੱਕ ਪਹਿਰ
ਤਿੰਨ ਘੰਟੇ ਦਾ ਹੋ ਗਿਆ। ਭਾਵ ਜਦੋਂ ਰਾਤ ਦੇ ਬਾਰ੍ਹਾਂ ਘੰਟਿਆਂ ਚੋਂ ਤਿੰਨ ਘੰਟੇ ਬਾਕੀ ਰਹਿੰਦੇ
ਹੋਣ, ਤਾਂ ਉਸ ਨੂੰ ਅੰਮ੍ਰਿਤ ਵੇਲਾ ਸਮਝਿਆ ਜਾਂਦਾ ਹੈ। ਸਿੱਖ ਨੂੰ ਅੰਮ੍ਰਿਤ ਵੇਲੇ ਜਾਗਣ ਦੀ
ਪ੍ਰੇਰਨਾ ਗੁਰਬਾਣੀ ਵਿੱਚੋਂ ਸਪੱਸ਼ਟ ਮਿਲਦੀ ਹੈ:
“ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ॥ ਜੇ ਤੈ ਰਬੁ ਵਿਸਾਰਿਆ ਤ
ਰਬਿ ਨ ਵਿਸਰਿਓਹਿ॥ 107॥” (ਸਲੋਕ ਸੇਖ ਫਰੀਦ ਕੇ, ਪੰਨਾ 1383)
ਹੇ ਫਰੀਦ! ਜੇ ਤੂੰ ਅੰਮ੍ਰਿਤ ਵੇਲੇ ਨਹੀਂ ਜਾਗਿਆ ਤਾਂ (ਇਹ ਕੋਝਾ ਜੀਵਨ)
ਜਿਊਂਦਾ ਹੀ ਤੂੰ ਮਰਿਆ ਹੋਇਆ ਹੈਂ। ਜੇ ਤੂੰ ਰੱਬ ਨੂੰ ਭੁਲਾ ਦਿੱਤਾ ਹੈ, ਤਾਂ ਰੱਬ ਨੇ ਤੈਨੂੰ ਨਹੀਂ
ਭੁਲਾਇਆ (ਭਾਵ, ਪਰਮਾਤਮਾ ਹਰ ਵੇਲੇ ਤੇਰੇ ਅਮਲਾਂ ਨੂੰ ਵੇਖ ਰਿਹਾ ਹੈ)। 107.
ਪਰ ਜੇ ਅਮਲੀ ਜੀਵਣ ਵਿੱਚ ਵੇਖੀਏ ਤਾਂ ਸਿਰਫ ਰਾਤ ਦੇ ਆਖਿਰੀ ਪਹਿਰ ਵਿੱਚ
ਜਾਗਣ ਨਾਲ, ਕੋਈ ਸਮਾਂ ਆਪਣੇ ਆਪ ਵਿੱਚ ਅੰਮ੍ਰਿਤ ਵੇਲਾ ਨਹੀਂ ਬਣ ਜਾਂਦਾ। ਰਾਤ ਦੇ ਇਸ ਸਮੇਂ ਵਿੱਚ
ਆਮ ਤੌਰ ਤੇ ਤਿੰਨ ਤਰ੍ਹਾਂ ਦੇ ਲੋਕ ਜਾਗਦੇ ਹਨ, ਭਗਤ ਜਨ, ਚੋਰ ਅਤੇ ਕਾਮੀ। ਜੇ ਸੱਚ ਵੇਖਿਆ ਜਾਵੇ
ਤਾਂ ਚੋਰ ਤਾਂ ਭਗਤ ਜਨਾਂ ਨਾਲੋਂ ਵੀ ਜਲਦੀ ਉਠਦਾ ਹੈ। ਪੁਲੀਸ ਵਾਲੇ ਇਸ ਗੱਲ ਦੀ ਪ੍ਰੋੜਤਾ ਕਰਦੇ
ਹਨ, ਕਿ ਵਧੇਰੇ ਚੋਰੀਆਂ ਰਾਤ ਦੋ ਵਜੇ ਤੋਂ ਚਾਰ ਵਜੇ ਦੇ ਵਿੱਚ ਹੁੰਦੀਆਂ ਹਨ, ਕਿਉਂਕਿ ਇਹ ਡੂੰਘੀ
ਨੀਂਦ ਦਾ ਸਮਾਂ ਹੁੰਦਾ ਹੈ, ਚੋਰ ਲਈ ਵਧੇਰੇ ਢੁਕਵਾਂ ਹੈ। ਅੱਜ ਕਲ ਮਾਇਆ ਦੇ ਪਸਾਰੇ ਨੇ ਵੱਡੇ ਵੱਡੇ
ਘਰ ਬਣਾ ਦਿੱਤੇ। ਬਹੁਤੇ ਘਰਾਂ ਵਿੱਚ ਹਰ ਕਿਸੇ ਜੋੜੇ ਦੇ ਅਲੱਗ ਅਲੱਗ ਸੌਣ ਵਾਸਤੇ ਕਮਰੇ ਬਣ ਗਏ,
ਜਿਸ ਨਾਲ ਕੁੱਝ ਫਰਕ ਪੈ ਗਿਆ ਹੈ, ਪਹਿਲਾਂ ਛੋਟੇ ਘਰ ਹੁੰਦੇ ਸਨ, ਸਾਰਾ ਪਰਵਾਰ ਇੱਕੋ ਛੱਤ ਥੱਲੇ
ਸੌਂਦਾ ਸੀ। ਬਹੁਤ ਗਰੀਬ ਘਰਾਂ ਵਿੱਚ ਅੱਜ ਵੀ ਤਕਰੀਬਨ ਇੰਝ ਹੀ ਹੁੰਦਾ ਹੈ, ਕਾਮ ਤ੍ਰਿਸ਼ਨਾ ਦੇ ਮਾਰੇ
ਮੱਨੁਖ ਵੀ ਉਸੇ ਵੇਲੇ ਉੱਠਦੇ ਹਨ, ਤਾਂਕਿ ਘਰ ਦੇ ਬਾਕੀ ਜੀਅ ਡੂੰਘੀ ਨੀਂਦ ਵਿੱਚ ਹੋਣ। ਕੀ ਇਨ੍ਹਾਂ
ਦੋਹਾਂ ਵਰਗਾਂ ਦੇ ਪਿੱਛਲ ਰਾਤ ਜਾਗਣ ਨੂੰ ਵੀ ਅਸੀਂ ਅੰਮ੍ਰਿਤ ਵੇਲਾ ਆਖਾਂਗੇ। ਉਸ ਸਮੇਂ ਨੂੰ
ਅੰਮ੍ਰਿਤ ਵੇਲਾ ਬਨਾਉਣ ਦੀ ਜਾਚ ਸਾਨੂੰ ਸਤਿਗੁਰੂ ਨਾਨਕ ਪਾਤਿਸ਼ਾਹ ਨੇ ਬਖਸ਼ੀ ਹੈ:
“ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥” {ਜਪੁ, ਪੰਨਾ 4}
ਜੇ ਰਾਤ ਦੇ ਆਖਿਰੀ ਪਹਿਰ ਵਿੱਚ ਉਠ ਕੇ, ਸੱਚੇ ਵਾਹਿਗੁਰੂ ਦੀਆਂ ਵਡਿਆਈਆਂ
ਦੀ ਵਿਚਾਰ ਵਿੱਚ ਜੁੜ ਗਏ ਤਾਂ ਉਹ ਸਮਾਂ ਅੰਮ੍ਰਿਤ ਵੇਲਾ ਬਣ ਗਿਆ।
ਸ਼ੇਖ ਫਰੀਦ ਜੀ ਦਾ ਉਪਰਲਾ ਸਲੋਕ, ਉਨ੍ਹਾਂ ਦੇ ਸਲੋਕਾਂ ਦੀ ਲੱੜੀ ਵਿੱਚ
107ਵਾਂ ਹੈ। ਇਸ ਤੋਂ ਬਾਅਦ 108 ਤੋਂ 111 ਤੱਕ ਚਾਰ ਸਲੋਕ, ਗੁਰੂ ਅਰਜਨਦੇਵ ਪਾਤਿਸ਼ਾਹ ਨੇ ਨਾਲ
ਆਪਣੇ ਦਰਜ ਕੀਤੇ ਹਨ। ਇਹ ਗੱਲ ਸਮਝਣ ਵਾਲੀ ਹੈ, ਕਿ ਜਿੱਥੇ ਕਿੱਥੇ ਵੀ ਸਤਿਗੁਰੂ ਨੂੰ ਇਹ ਮਹਿਸੂਸ
ਹੋਇਆ ਕਿ ਪੜ੍ਹਨ ਵਾਲੇ ਜਗਿਆਸੂ ਨੂੰ ਭਗਤ ਸਾਹਿਬਾਨ ਦੇ ਸ਼ਬਦ ਨੂੰ ਸਮਝਣ ਵਿੱਚ ਕੁੱਝ ਔਕੜ ਆ ਸਕਦੀ
ਹੈ, ਉਸ ਦੇ ਨਾਲ ਸਤਿਗੁਰੂ ਨੇ ਆਪਣੇ ਸ਼ਬਦ ਜੋੜ ਕੇ ਗੱਲ ਨੂੰ ਇਤਨਾ ਸਪੱਸ਼ਟ ਕਰ ਦਿੱਤਾ ਕਿ ਉਸ ਦੇ
ਭਾਵ ਨੂੰ ਸ਼ਮਝਣ ਲੱਗੇ ਕੋਈ ਭੁਲੇਖੇ ਦੀ ਗੁੰਜਾਇਸ਼ ਨਾ ਰਹੇ। ਇਥੇ ਵੀ ਸਤਿਗੁਰੂ ਨੇ 108ਵੇਂ ਸਲੋਕ
ਵਿੱਚ, ਸ਼ੇਖ ਫਰੀਦ ਜੀ ਦੇ ਅੰਮ੍ਰਿਤ ਵੇਲੇ ਜਾਗਣ ਦੇ ਸ਼ੁਭ ਗੁਣ ਦੀ ਪ੍ਰੋੜਤਾ ਕਰਕੇ, ਨਾਲ ਇਹ ਸਮਝਾ
ਦਿੱਤਾ ਹੈ ਕਿ ਉਸ ਸਮੇਂ ਅਕਾਲ-ਪੁਰਖ ਦੀਆਂ ਵਡਿਆਈਆਂ ਦੀ ਵਿਚਾਰ ਕੀਤਿਆਂ, ਉਸ ਦੀ ਸਿਫਤ ਸਲਾਹ ਵਿੱਚ
ਜੁੜਿਆਂ, ਵਾਹਿਗੁਰੂ ਦੇ ਅਮੋਲਕ ਗੁਣ ਸਾਡੇ ਜੀਵਨ ਵਿੱਚ ਵੀ ਆ ਜਾਣਗੇ:
“ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜੁ॥ ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ॥ 108॥” {ਮ:
5, ਪੰਨਾ 1383}
ਹੇ ਫਰੀਦ! ਖਸਮ (ਪਰਮਾਤਮਾ) ਸੋਹਣਾ ਹੈ ਤੇ ਬੜਾ ਬੇ-ਮੁਥਾਜ ਹੈ। (ਅੰਮ੍ਰਿਤ ਵੇਲੇ ਉੱਠ ਕੇ) ਜੇ
ਰੱਬ ਨਾਲ ਰੰਗੇ ਜਾਈਏ ਤਾਂ (ਮਨੁੱਖ ਨੂੰ ਭੀ) ਰੱਬ ਵਾਲਾ ਇਹ (ਸੋਹਣਾ ਤੇ ਬੇ-ਮੁਥਾਜੀ ਵਾਲਾ) ਰੂਪ
ਮਿਲ ਜਾਂਦਾ ਹੈ (ਭਾਵ, ਮਨੁੱਖ ਦਾ ਮਨ ਸੁੰਦਰ ਹੋ ਜਾਂਦਾ ਹੈ, ਤੇ ਇਸ ਨੂੰ ਕਿਸੇ ਦੀ ਮੁਥਾਜੀ ਨਹੀਂ
ਰਹਿੰਦੀ)। 108.
ਇਸ ਤੋਂ ਅੱਗੇ ਗੁਰੂ ਅਰਜਨਦੇਵ ਪਾਤਿਸ਼ਾਹ ਨੇ 109ਵੇਂ ਸਲੋਕ ਵਿੱਚ, ਗੱਲ
ਸਪੱਸ਼ਟ ਕਰ ਦਿੱਤੀ ਕਿ ਇਹ ਅੰਮ੍ਰਿਤ ਵੇਲੇ ਜਾਗਣਾ ਤਾਂ ਹੀ ਸਕਾਰਥਾ ਹੈ, ਜੇ ਇਸ ਨੂੰ ਆਪਣੇ ਮਨ ਦੇ
ਵਿਕਾਰਾਂ ਤੋਂ ਮੁਕਤੀ ਪਾਉਣ ਅਤੇ ਸਹਿਜ ਵਿੱਚ ਲਿਆਉਣ ਲਈ ਵਰਤਿਆ ਗਿਆ ਹੈ। ਸਤਿਗੁਰੂ ਦਾ ਫੁਰਮਾਨ
ਹੈ:
“ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ॥ ਅਲਹ ਭਾਵੈ ਸੋ ਭਲਾ
ਤਾਂ ਲਭੀ ਦਰਬਾਰੁ॥ 109॥” {ਮ: 5, ਪੰਨਾ 1383}
ਹੇ ਫਰੀਦ! (ਅੰਮ੍ਰਿਤ ਵੇਲੇ ਉੱਠ ਕੇ ਰੱਬੀ ਯਾਦ ਦੇ ਅੱਭਿਆਸ ਨਾਲ ਜੀਵਨ
ਵਿੱਚ ਵਾਪਰਦੇ) ਦੁੱਖ ਤੇ ਸੁੱਖ ਨੂੰ ਇੱਕੋ ਜੇਹਾ ਜਾਣ, ਦਿਲ ਤੋਂ ਪਾਪ ਕੱਢ ਦੇਹ, ਜੋ ਰੱਬ ਦੀ ਰਜ਼ਾ
ਵਿੱਚ ਵਰਤੇ ਉਸ ਨੂੰ ਚੰਗਾ ਜਾਣ, ਤਾਂ ਤੈਨੂੰ (ਪਰਮਾਤਮਾ ਦੀ) ਦਰਗਾਹ ਦੀ ਪ੍ਰਾਪਤੀ ਹੋਵੇਗੀ। 109.
ਹੁਣ, ਮਨ ਦੇ ਵਿਕਾਰ ਤਾਂ ਤਦ ਹੀ ਉਤਰਨਗੇ, ਜੇ ਗੁਰਬਾਣੀ ਇਸ ਵੱਚਨ ਬੱਧਤਾ
ਨਾਲ ਪੜ੍ਹਾਂਗੇ ਕਿ ਅਸੀਂ ਗੁਰਬਾਣੀ ਦੋ ਅਮੋਲਕ ਗੁਣ ਆਪਨੇ ਜੀਵਨ ਵਿੱਚ ਧਾਰਨ ਕਰਨੇ ਹਨ। ਖਿਮਾਂ
ਕਰਨਾ! ਸਾਡੇ ਵਿੱਚੋਂ ਬਹੁਤੇ ਤਾਂ ਇਸ ਅਨਮੋਲ ਸਮੇਂ ਨੂੰ ਗੁਰਬਾਣੀ ਰਾਹੀਂ ਅਕਾਲ-ਪੁਰਖ ਦੀਆਂ
ਵਡਿਆਈਆਂ ਵਿਚਾਰਨ ਦੀ ਬਜਾਏ, ਕਿਸੇ ਇੱਕ ਸ਼ਬਦ ਦੇ ਰੱਟਨ ਨਾਲ ਹੀ, ਤਕਰੀਬਨ ਅਜਾਈਂ ਗੁਆ ਰਹੇ ਹਨ।
ਇਸੇ ਗੱਲ ਬਾਰੇ ਸਾਰੇ ਭੁਲੇਖੇ ਕਢਣ ਵਾਸਤੇ ਸਤਿਗੁਰੂ 111ਵੇਂ ਸਲੋਕ ਵਿੱਚ ਫਿਰ ਬਖਸ਼ਿਸ਼ ਕਰਦੇ,
ਸਮਝਾਉਂਦੇ ਹਨ:
“ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ ਦੁਨੀ ਨ ਕਿਤੈ ਕੰਮਿ॥ ਮਿਸਲ ਫਕੀਰਾਂ
ਗਾਖੜੀ ਸੁ ਪਾਈਐ ਪੂਰ ਕਰੰਮਿ॥ 111॥” {ਮ: 5, ਪੰਨਾ 1383-1384}
ਹੇ ਫਰੀਦ! (ਅੰਮ੍ਰਿਤ ਵੇਲੇ ਉੱਠਣਾ ਹੀ ਕਾਫ਼ੀ ਨਹੀਂ; ਉਸ ਉੱਠਣ ਦੀ ਕੀਹ ਲਾਭ
ਜੇ ਉਸ ਵੇਲੇ ਭੀ) ਦਿਲ ਦੁਨੀਆ (ਦੇ ਪਦਾਰਥਾਂ) ਨਾਲ ਹੀ ਰੰਗਿਆ ਰਿਹਾ? ਦੁਨੀਆ (ਅੰਤ ਵੇਲੇ) ਕਿਸੇ
ਕੰਮ ਨਹੀਂ ਆਉਂਦੀ। (ਉੱਠ ਕੇ ਰੱਬ ਨੂੰ ਯਾਦ ਕਰ, ਇਹ) ਫ਼ਕੀਰਾਂ ਵਾਲੀ ਰਹਿਣੀ ਬੜੀ ਔਖੀ ਹੈ, ਤੇ
ਮਿਲਦੀ ਹੈ ਵੱਡੇ ਭਾਗਾਂ ਨਾਲ। 111.
ਅੱਜ ਆਪਣੇ ਜੀਵਨ ਵਿੱਚ ਝਾਤੀ ਮਾਰ ਕੇ ਵੇਖੀਏ, ਸਾਡੇ ਵਿੱਚੋਂ ਜੋ ਕੁੱਝ
ਸੁਵੱਖਤੇ ਉੱਠ ਕੇ ਗੁਰਬਾਣੀ ਪੜ੍ਹਨ ਵਾਲੇ ਵੀ ਹਨ, ਗੁਰਬਾਣੀ ਨੂੰ ਰੱਟਾ ਲਾਕੇ ਮੰਤ੍ਰ ਪਾਠ ਕਰਦੇ
ਹੋਏ, ਮਨ ਵਿੱਚ ਕਈ ਇਛਾਵਾਂ ਅਤੇ ਭਾਵਨਾਵਾਂ ਲਈ ਬੈਠੇ ਹਾਂ ਕਿ ਵਾਹਿਗੁਰੂ ਜੀ! ਸਾਨੂੰ ਇਹ ਪਦਾਰਥ
ਦੇ ਦਿਓ, ਸਾਡਾ ਉਹ ਕੰਮ ਕਰ ਦਿਓ। ਮਨ ਦੁਨੀਆਂ ਦੇ ਪਦਾਰਥਾਂ ਚੋਂ ਨਿਕਲਿਆ ਹੀ ਕਿੱਥੇ ਹੈ?
ਆਪਣੇ 112ਵੇਂ ਸਲੋਕ ਵਿੱਚ ਬਾਬਾ ਫਰੀਦ ਜੀ ਨੇ ਫਿਰ ਸੁਵੱਖਤੇ ਜਾਗਣ ਦਾ ਸ਼ੁਭ
ਗੁਣ ਦ੍ਰਿੜ ਕਰਾਇਆ ਹੈ, ਤਾਂ 113ਵਾਂ ਸਲੋਕ ਗੁਰੂ ਨਾਨਕ ਪਾਤਿਸ਼ਾਹ ਦਾ ਆਪਣਾ ਜੋੜ ਕੇ ਸਿਧਾਂਤ ਨੂੰ
ਹੋਰ ਸਪੱਸ਼ਟ ਕਰ ਦਿੱਤਾ ਹੈ ਕਿ ਕੋਈ ਵਿਅਕਤੀ ਸਿਰਫ ਸਵੇਰੇ ਜਾਗ ਕੇ ਇਹ ਸਮਝ ਲਵੇ ਕਿ ਉਹ ਅਕਾਲ-ਪੁਰਖ
ਦੀਆਂ ਬਖਸ਼ਿਸ਼ਾਂ ਦਾ ਹੱਕਦਾਰ ਬਣ ਗਿਆ ਹੈ, ਤਾਂ ਇਹ ਉਸ ਦੀ ਭੁੱਲ ਹੈ:
“ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ॥ ਜੋ ਜਾਗੰਨਿੑ ਲਹੰਨਿ ਸੇ ਸਾਈ
ਕੰਨੋ ਦਾਤਿ॥ 112॥” {ਸਲੋਕ ਸੇਖ ਫਰੀਦ ਕੇ, ਪੰਨਾ 1384}
(ਰਾਤ ਦੇ) ਪਹਿਲੇ ਪਹਿਰ ਦੀ ਬੰਦਗੀ (ਮਾਨੋ) ਇੱਕ ਸੋਹਣਾ ਜਿਹਾ ਫੁੱਲ ਹੈ,
ਫਲ ਅੰਮ੍ਰਿਤ ਵੇਲੇ ਦੀ ਬੰਦਗੀ ਹੀ ਹੋ ਸਕਦੀ ਹੈ। ਜੋ ਬੰਦੇ (ਅੰਮ੍ਰਿਤ ਵੇਲੇ) ਜਾਗਦੇ ਹਨ ਉਹ
ਪਰਮਾਤਮਾ ਪਾਸੋਂ ਬਖ਼ਸ਼ਸ਼ ਹਾਸਲ ਕਰਦੇ ਹਨ। 112.
“ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ॥ ਇਕਿ ਜਾਗੰਦੇ ਨਾ ਲਹਨਿੑ
ਇਕਨਾੑ ਸੁਤਿਆ ਦੇਇ ਉਠਾਲਿ॥ 113॥” {ਸਲੋਕ ਸੇਖ ਫਰੀਦ ਕੇ, ਮ: 1, ਪੰਨਾ 1384}
ਬਖ਼ਸ਼ਸ਼ਾਂ ਮਾਲਕ ਦੀਆਂ (ਆਪਣੀਆਂ) ਹਨ। ਉਸ ਮਾਲਕ ਨਾਲ (ਕਿਸੇ ਦਾ) ਕੀਹ ਜ਼ੋਰ
ਚੱਲ ਸਕਦਾ ਹੈ? ਕਈ (ਅੰਮ੍ਰਿਤ ਵੇਲੇ) ਜਾਗਦੇ ਭੀ (ਇਹ ਬਖ਼ਸ਼ਸ਼ਾਂ) ਨਹੀਂ ਲੈ ਸਕਦੇ, ਕਈ (ਭਾਗਾਂ
ਵਾਲਿਆਂ ਨੂੰ) ਸੁੱਤੇ ਪਿਆਂ ਨੂੰ (ਉਹ ਆਪ) ਜਗਾ ਦੇਂਦਾ ਹੈ (ਭਾਵ, ਕਈ ਅੰਮ੍ਰਿਤ ਵੇਲੇ ਜਾਗੇ ਹੋਏ
ਭੀ ਕਿਸੇ ਅਹੰਕਾਰ ਆਦਿਕ-ਰੂਪ ਮਾਇਆ ਵਿੱਚ ਸੁੱਤੇ ਰਹਿ ਜਾਂਦੇ ਹਨ, ਤੇ, ਕਈ ਗ਼ਾਫ਼ਿਲਾਂ ਨੂੰ ਮੇਹਰ ਕਰ
ਕੇ ਆਪ ਸੂਝ ਦੇ ਦੇਂਦਾ ਹੈ)। 113.
ਇਥੋਂ ਸਪੱਸ਼ਟ ਹੁੰਦਾ ਹੈ ਕਿ ਬੇਸ਼ਕ ਸਿੱਖ ਵਿਚਾਰਧਾਰਾ ਵਿੱਚ ਸੁਵੱਖਤੇ ਉਠਣ
ਦੀ ਵਿਸ਼ੇਸ਼ ਮਹੱਤਤਾ ਹੈ, ਪਰ ਇਸ ਨੇ ਅੰਮ੍ਰਿਤ ਵੇਲਾ ਤਾਂ ਹੀ ਬਣਨਾ ਹੈ, ਜੇ ਉਸ ਸਮੇਂ ਅਕਾਲ-ਪੁਰਖ
ਦੀਆਂ ਵਡਿਆਈਆਂ ਦੀ ਵਿਚਾਰ ਕਰ ਰਹੇ ਹਾਂ। ਇਹ ਤਾਂ ਹੀ ਸੰਭਵ ਹੈ, ਸ਼ਰੀਰ ਦੇ ਨਾਲ ਜੇ ਮਨ ਵੀ ਜਾਗ
ਰਿਹਾ ਹੈ। ਜੇ ਗੁਰਬਾਣੀ ਤਾਂ ਪੜ੍ਹ ਰਹੇ ਹਾਂ ਪਰ ਉਸ ਦਾ ਭਾਵ ਹਿਰਦੇ ਵਿੱਚ ਨਹੀਂ ਜਾ ਰਿਹਾ, ਤਾਂ
ਮਨ ਨੇ ਨਹੀਂ ਜਾਗਣਾ। ਸਭ ਤੋਂ ਜ਼ਰੂਰੀ ਮਨ ਦਾ ਜਾਗਣਾ ਹੈ, ਜੇ ਮਨ ਜਾਗੇਗਾ ਤਾਂ ਹੀ ਸ਼ਰੀਰ ਦੇ
ਇੰਦ੍ਰਿਆਂ ਨੂੰ ਸਹੀ ਰਾਹ ਤੇ ਲੈਕੇ ਜਾਵੇਗਾ। ਸਤਿਗੁਰੁ ਬਖਸ਼ਿਸ਼ ਕਰਦੇ ਹਨ:
“ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ॥ ਜੋ ਤਨੁ ਉਪਜਿਆ ਸੰਗ ਹੀ
ਸੋ ਭੀ ਸੰਗਿ ਨ ਹੋਇਆ॥ 1॥” {ਤਿਲੰਗ ਮਹਲਾ 9, ਪੰਨਾ 726}
ਹੇ ਮਨ
!
ਹੋਸ਼ ਕਰ, ਹੋਸ਼ ਕਰ !
ਤੂੰ ਕਿਉਂ (ਮਾਇਆ ਦੇ ਮੋਹ ਵਿਚ) ਬੇ-ਪਰਵਾਹ ਹੋ ਕੇ ਸੌਂ ਰਿਹਾ ਹੈਂ ?
(ਵੇਖ, ) ਜੇਹੜਾ (ਇਹ) ਸਰੀਰ (ਮਨੁੱਖ ਦੇ) ਨਾਲ ਹੀ ਪੈਦਾ ਹੁੰਦਾ ਹੈ; ਇਹ ਭੀ (ਆਖ਼ਰ) ਨਾਲ ਨਹੀਂ
ਜਾਂਦਾ। 1.
“ਜਾਗੁ ਰੇ ਮਨ ਜਾਗਨਹਾਰੇ॥ ਬਿਨੁ ਹਰਿ ਅਵਰੁ ਨ ਆਵਸਿ ਕਾਮਾ ਝੂਠਾ ਮੋਹੁ
ਮਿਥਿਆ ਪਸਾਰੇ॥ 1॥” {ਆਸਾ ਮਹਲਾ 5, ਪੰਨਾ 387}
ਹੇ ਜਾਗਣ ਜੋਗੇ ਮਨ
!
(ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਸੁਚੇਤ ਹੋਹੁ। ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ (ਪਦਾਰਥ)
ਤੇਰੇ ਕੰਮ ਨਹੀਂ ਆਵੇਗਾ, (ਪਰਵਾਰ ਦਾ) ਮੋਹ ਤੇ (ਮਾਇਆ ਦਾ) ਖਿਲਾਰਾ ਇਹ ਕੋਈ ਭੀ ਸਾਥ ਨਿਬਾਹੁਣ
ਵਾਲੇ ਨਹੀਂ ਹਨ। 1.
ਇਹ ਗੱਲ ਅਸੀਂ ਪਹਿਲਾਂ ਵਿਚਾਰ ਹੀ ਚੁੱਕੇ ਹਾਂ ਕਿ ਅਕਾਲ-ਪੁਰਖ ਦੀਆਂ
ਵਡਿਆਈਆਂ ਨੂੰ ਵਿਚਾਰਨ ਦਾ, ਭਾਵ ਗੁਣਾਂ ਦੀ ਵਿਚਾਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਗੁਰਬਾਣੀ ਨੂੰ
ਸਮਝ ਕੇ ਪੜ੍ਹਨਾ ਹੈ। ਇਸ ਨੇ ਹੀ ਮਨ ਨੂੰ ਜਗਾਉਣਾ ਹੈ। ਜੇ ਮਨ ਵੀ ਜਾਗ ਪਿਆ, ਤਾਂ ਇਸ ਨਾਲ
ਅਕਾਲ-ਪੁਰਖ ਦੇ ਅਗੰਮੀ ਗੁਣ ਸਾਡੇ ਜੀਵਨ ਵਿੱਚ ਵੀ ਆ ਜਾਣਗੇ ਅਤੇ ਸਾਡੇ ਜੀਵਨ ਦੇ ਵਿਕਾਰ ਕਾਬੂ
ਵਿੱਚ ਆਉਣਗੇ। ਅਕਾਲ-ਪੁਰਖ ਦਾ ਨਾਮ ਆਪਣੇ ਹਿਰਦੇ ਵਿੱਚ ਵਸਾ ਕੇ ਅਸੀਂ ਇੱਕ ਨਿਰਮਲ ਜੀਵਨ ਦੇ ਪਾਂਧੀ
ਬਣ ਸਕਾਂਗੇ। ਜਿਨ੍ਹਾਂ ਆਪਣੇ ਸੁਵੱਖਤੇ ਨੂੰ ਅੰਮ੍ਰਿਤ ਵੇਲਾ ਬਣਾ ਲਿਆ, ਗੁਰਬਾਣੀ ਦੇ ਰੰਗ ਵਿੱਚ
ਰੰਗ ਕੇ ਅਕਾਲ-ਪੁਰਖ ਦੀ ਸਿਫਤ ਸਲਾਹ ਵਿੱਚ ਜੁੜੇ, ਐਸੇ ਵਿਅਕਤੀ ਦੀ ਅਵਸਥਾ ਸਤਿਗੁਰੂ ਇੰਝ ਬਿਆਨ
ਕਰਦੇ ਹਨ:
“ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤ ਤਰੰਗ॥ ਅਚਰਜ ਰੂਪ ਸੰਤਨ ਰਚੇ ਨਾਨਕ
ਨਾਮਹਿ ਰੰਗ॥ 1॥” {ਸਲੋਕ ਮਃ 5, ਪੰਨਾ 319}
ਜਦੋਂ ਪਹੁ-ਫੁਟਾਲਾ ਹੁੰਦਾ ਹੈ ਤੇ ਚਿੜੀ ਚੂਕਦੀ ਹੈ, ਉਸ ਵੇਲੇ (ਭਗਤ ਦੇ
ਹਿਰਦੇ ਵਿੱਚ ਸਿਮਰਨ ਦੇ) ਤਰੰਗ ਬਹੁਤ ਉੱਠਦੇ ਹਨ, ਹੇ ਨਾਨਕ
!
ਜਿਨ੍ਹਾਂ ਗੁਰਮੁਖਾਂ ਦਾ ਪ੍ਰਭੂ ਦੇ ਨਾਮ ਵਿੱਚ ਪਿਆਰ ਹੁੰਦਾ ਹੈ ਉਹਨਾਂ ਨੇ (ਇਸ ਪਹੁ-ਫੁਟਾਲੇ ਦੇ
ਸਮੇ) ਅਚਰਜ ਰੂਪ ਰਚੇ ਹੁੰਦੇ ਹਨ (ਭਾਵ, ਉਹ ਬੰਦੇ ਇਸ ਸਮੇ ਪ੍ਰਭੂ ਦੇ ਅਚਰਜ ਕੌਤਕ ਆਪਣੀਆਂ ਅੱਖਾਂ
ਦੇ ਸਾਹਮਣੇ ਲਿਆਉਂਦੇ ਹਨ)। 1.
ਇਸ ਤੋਂ ਇਹ ਸਮਝ ਲੈਣਾ ਕਿਸੇ ਤਰ੍ਹਾਂ ਵੀ ਠੀਕ ਨਹੀਂ, ਕਿ ਕੇਵਲ ਇਹ ਹੀ ਨਾਮ
ਸਿਮਰਨ ਦਾ ਵੇਲਾ ਹੈ, ਗੁਰਬਾਣੀ ਤਾਂ ਸਮਝਾਉਂਦੀ ਹੈ:
“ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ॥ ਅਨਦਿਨੁ ਨਾਮੇ ਰਤਿਆ
ਸਚੇ ਸਚੀ ਸੋਇ॥ ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ॥ ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ
ਬਿਰਥਾ ਕੋਇ॥ 1॥” {ਸਿਰੀ ਰਾਗੁ ਮਹਲਾ 3, ਪੰਨਾ
35}
ਜੇ (ਭਗਤੀ ਕਰਨ ਵਾਸਤੇ) ਕੋਈ ਖ਼ਾਸ ਵੇਲਾ ਕੋਈ ਖ਼ਾਸ ਵਕਤ ਨਿਯਤ ਕਰਨਾ
ਵਿਚਾਰਦੇ ਰਹੀਏ, ਤਾਂ ਕਿਸੇ ਵੇਲੇ ਭੀ ਭਗਤੀ ਨਹੀਂ ਹੋ ਸਕਦੀ। ਹਰ ਵੇਲੇ ਹੀ ਪਰਮਾਤਮਾ ਦੇ ਨਾਮ-ਰੰਗ
ਵਿੱਚ ਰੰਗੇ ਰਿਹਾਂ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਈਦਾ ਹੈ ਤੇ ਸਦਾ-ਥਿਰ ਰਹਿਣ ਵਾਲੀ ਸੋਭਾ ਮਿਲਦੀ
ਹੈ। ਉਹ ਕਾਹਦੀ ਭਗਤੀ ਹੋਈ ਜੇ ਇੱਕ ਖਿਨ ਭਰ ਭੀ ਪਿਆਰਾ ਪਰਮਾਤਮਾ ਵਿੱਸਰ ਜਾਏ
?
ਜੇ ਇੱਕ ਸਾਹ ਭੀ ਪਰਮਾਤਮਾ ਦੀ ਯਾਦ ਤੋਂ ਖ਼ਾਲੀ ਨਾਹ ਜਾਏ ਤਾਂ ਸਦਾ-ਥਿਰ ਪ੍ਰਭੂ ਦੇ ਨਾਲ ਜੁੜਿਆਂ ਮਨ
ਸ਼ਾਂਤ ਹੋ ਜਾਂਦਾ ਹੈ, ਸਰੀਰ (ਭੀ) ਸ਼ਾਂਤ ਹੋ ਜਾਂਦਾ ਹੈ। 1.
ਇਸ ਪ੍ਰਮਾਣ ਤੋਂ ਇਹ ਗੱਲ ਤਾਂ ਸਪੱਸ਼ਟ ਹੈ ਕਿ ਨਾਮ ਸਿਮਰਨ ਨੂੰ ਕਿਸੇ ਵਿਸ਼ੇਸ਼
ਸਮੇਂ ਨਾਲ ਨਹੀਂ ਜੋੜਿਆ ਜਾ ਸਕਦਾ। ਸਤਿਗੁਰੂ ਤਾਂ ਬਖਸ਼ਿਸ਼ ਕਰਦੇ, ਸਮਝਾਉਂਦੇ ਹਨ ਕਿ ਵਾਹਿਗੁਰੂ ਨੂੰ
ਹਮੇਸ਼ਾਂ ਯਾਦ ਰਖਣਾ ਚਾਹੀਦਾ ਹੈ:
“ਗੁਰਮੁਖਿ ਭਗਤਿ ਕਰਹਿ ਪ੍ਰਭ ਭਾਵਹਿ ਅਨਦਿਨੁ ਨਾਮੁ ਵਖਾਣੇ॥” {ਸੋਰਠਿ ਮਹਲਾ
3, ਪੰਨਾ 601}
ਹੇ ਭਾਈ
!
ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰ ਕੇ ਭਗਤੀ ਕਰਦੇ ਹਨ ਅਤੇ
ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।
“ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ॥ ਤੇਰੀ ਸਰਣਿ ਤੇਰੈ
ਭਰਵਾਸੈ ਪੰਚ ਦੁਸਟ ਲੈ ਸਾਧਹਿ॥ 3॥” {ਸੂਹੀ ਮਹਲਾ 5, ਪੰਨਾ 749}
ਹੇ ਪ੍ਰਭੂ
!
(ਤੇਰੇ ਸੰਤ ਤੇਰਾ) ਨਾਮ ਸਿਮਰਦੇ ਰਹਿੰਦੇ ਹਨ, ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਅੱਠੇ ਪਹਰ ਤੇਰਾ
ਆਰਾਧਨ ਕਰਦੇ ਹਨ। ਤੇਰੀ ਸਰਨ ਵਿੱਚ ਆ ਕੇ, ਤੇਰੇ ਆਸਰੇ ਰਹਿ ਕੇ ਉਹ (ਕਾਮਾਦਿਕ) ਪੰਜੇ ਵੈਰੀਆਂ ਨੂੰ
ਫੜ ਕੇ ਵੱਸ ਵਿੱਚ ਕਰ ਲੈਂਦੇ ਹਨ। 3.
“ਸਾ ਬੁਧਿ ਦੀਜੈ ਜਿਤੁ ਵਿਸਰਹਿ ਨਾਹੀ॥ ਸਾ ਮਤਿ ਦੀਜੈ ਜਿਤੁ ਤੁਧੁ ਧਿਆਈ॥
ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ॥ 4॥ 12॥ 19॥” {ਮਾਝ ਮਹਲਾ 5, ਪੰਨਾ 100}
ਹੇ ਪ੍ਰਭੂ! ਮੈਨੂੰ ਅਜੇਹੀ ਅਕਲ ਦੇ, ਜਿਸ ਦੀ ਬਰਕਤਿ ਨਾਲ ਮੈਂ ਤੈਨੂੰ ਕਦੇ
ਨਾਹ ਭੁਲਾਵਾਂ, ਮੈਨੂੰ ਉਹੀ ਮਤਿ ਦੇਹ, ਕਿ ਮੈਂ ਤੈਨੂੰ ਸਿਮਰਦਾ ਰਹਾਂ। ਹੇ ਨਾਨਕ! (ਆਖ—) ਮੈਨੂੰ
ਗੁਰੂ ਦੇ ਚਰਨਾਂ ਦਾ ਆਸਰਾ ਦੇਹ, ਤਾਕਿ ਮੈਂ ਹਰੇਕ ਸਾਹ ਦੇ ਨਾਲ ਤੇਰੇ ਗੁਣ ਗਾਂਦਾ ਰਹਾਂ। 4. 12.
19.
ਆਓ! ਅੰਮ੍ਰਿਤ ਵੇਲੇ ਦੀ ਮਹੱਤਤਾ ਸਮਝਣ ਲਈ ਗੁਰੂ ਅਰਜਨਦੇਵ ਪਾਤਿਸ਼ਾਹ ਦੇ
ਹੇਠਲੇ ਸਲੋਕ ਨੂੰ ਵਿਚਾਰਦੇ ਹਾਂ:
“ਸਲੋਕੁ॥ ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ॥ ਕਾਰ੍ਹਾ ਤੁਝੈ ਨ
ਬਿਆਪਈ ਨਾਨਕ ਮਿਟੈ ਉਪਾਧਿ॥ 1॥” {ਗਉੜੀ ਬਾਵਨ ਅਖਰੀ ਮਹਲਾ 5, ਪੰਨਾ 255}
ਹੇ ਨਾਨਕ
!
(ਆਖ—ਹੇ ਭਾਈ !)
ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਨਾਮ ਜਪ (ਇਤਨਾ ਹੀ ਨਹੀਂ) ਦਿਨ ਰਾਤ (ਹਰ ਵੇਲੇ) ਯਾਦ ਕਰ। ਕੋਈ
ਚਿੰਤਾ-ਫ਼ਿਕਰ ਤੇਰੇ ਉਤੇ ਜ਼ੋਰ ਨਹੀਂ ਪਾ ਸਕੇਗਾ, ਤੇਰੇ ਅੰਦਰੋਂ ਵੈਰ-ਵਿਰੋਧ ਝਗੜੇ ਵਾਲਾ ਸੁਭਾਉ ਹੀ
ਮਿਟ ਜਾਇਗਾ। 1.
ਇਥੇ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦੀ ਹੈ, ਸਵੇਰੇ ਉਠ ਕੇ ਗੁਰਬਾਣੀ
ਪੜ੍ਹਨੀ, ਵਿਚਾਰਨੀ, ਦਿਨ ਦੀ ਇੱਕ ਚੰਗੀ ਸ਼ੁਰੂਆਤ ਹੈ, ਜੋ ਹਰ ਗੁਰਸਿੱਖ ਨੂੰ ਕਰਨੀ ਚਾਹੀਦੀ ਹੈ। ਜੇ
ਸਵੇਰੇ ਉਠ ਕੇ ਗੁਰਬਾਣੀ ਰਾਹੀਂ ਅਕਾਲ-ਪੁਰਖ ਦਾ ਭਾਓ, ਭਾਵਨੀ ਆਪਣੇ ਹਿਰਦੇ ਵਿੱਚ ਵਸਾ ਲਵਾਂਗੇ,
ਗੁਰਮਤਿ ਦੇ ਲਾਸਾਨੀ ਸਿਧਾਂਤਾਂ ਨੂੰ ਦ੍ਰਿੜ ਕਰ ਲਵਾਂਗੇ, ਹਰ ਸਮੇਂ ਵਾਹਿਗਰੂ ਸਾਨੂੰ ਯਾਦ ਰਹੇਗਾ।
ਸਾਡਾ ਹਰ ਕਰਮ ਉਸ ਦੇ ਨਿਰਮਲ ਭਓ ਵਿੱਚ ਗੁਰਮਤਿ ਅਨੁਸਾਰ ਹੋਵੇਗਾ। ਅਸੀਂ ਸਾਰਾ ਦਿਨ ਗੁਰਬਾਣੀ ਦੇ
ਪਹਿਰੇ ਵਿੱਚ ਹੋਵਾਂਗੇ। ਪਾਪ ਕਰਮ ਤਾਂ, ਹੋਵੇਗਾ ਹੀ ਨਹੀਂ, ਕਿੳਂਕਿ ਪਾਪ ਤਾਂ ਉਸ ਵੇਲੇ ਹੀ ਹੁੰਦੇ
ਹਨ, ਜਦੋਂ ਵਾਹਿਗੁਰੂ ਵਿਸਰ ਜਾਂਦਾ ਹੈ। ਇਸੇ ਨੂੰ ਸਤਿਗੁਰੂ ਗੁਰਬਾਣੀ ਵਿੱਚ ਰਾਮਕਾਰ ਕਹਿੰਦੇ ਹਨ:
“ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ॥ ਚਉਗਿਰਦ ਹਮਾਰੈ ਰਾਮਕਾਰ ਦੁਖੁ ਲਗੈ
ਨ ਭਾਈ॥ 1॥” {ਬਿਲਾਵਲੁ ਮਹਲਾ 5, ਪੰਨਾ 819}
ਹੇ ਭਾਈ
!
ਪਰਮਾਤਮਾ ਦੀ ਸਰਨ ਪਿਆਂ (ਵਿਆਧੀਆਂ ਦਾ) ਸੇਕ ਨਹੀਂ ਲੱਗਦਾ। ਹੇ ਭਾਈ !
ਅਸਾਂ ਜੀਵਾਂ ਦੇ ਦੁਆਲੇ ਪਰਮਾਤਮਾ ਦਾ ਨਾਮ (ਮਾਨੋ) ਇੱਕ ਲਕੀਰ ਹੈ (ਜਿਸ ਦੀ ਬਰਕਤਿ ਨਾਲ) ਕੋਈ
ਦੁੱਖ ਪੋਹ ਨਹੀਂ ਸਕਦਾ। 1.
ਸੋ ਅਸਲ ਗੱਲ ਤਾਂ ਇਹ ਹੈ ਕਿ ਸਾਨੂੰ ਵਾਹਿਗੁਰੂ ਹਰ ਵੇਲੇ ਯਾਦ ਰਹੇ। ਜੀਵਨ
ਦਾ ਉਹੀ ਸਮਾਂ ਸਕਾਰਥਾ ਹੈ ਜਿਸ ਵੇਲੇ ਸਾਨੂੰ ਵਾਹਿਗੁਰੂ ਯਾਦ ਆਉਂਦਾ ਹੈ। ਅਸੀਂ ਆਪਣੀ ਸੋਚ
ਮੁਤਾਬਿਕ, ਜੀਵਨ ਦੇ ਜਿਤਨੇ ਮਰਜ਼ੀ ਅਨੰਦ ਮਾਣ ਰਹੇ ਹੋਈਏ, ਹਰ ਉਹ ਸਮਾਂ, ਜਿਸ ਵੇਲੇ ਵਾਹਿਗੁਰੂ
ਭੁਲਿਆ ਹੋਇਆ ਹੈ, ਧਿਕਾਰ ਯੋਗ ਹੈ। ਸਤਿਗੁਰੂ ਦੇ ਪਾਵਨ ਬਚਨ ਹਨ:
“ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ॥ ਜਿਤੁ ਦਿਨਿ ਵਿਸਰੈ
ਪਾਰਬ੍ਰਹਮੁ ਫਿਟੁ ਭਲੇਰੀ ਰੁਤਿ॥ 1॥” {ਸਲੋਕ ਮਃ 5, ਪੰਨਾ 318}
ਹੇ ਨਾਨਕ
!
ਉਹੀ ਦਿਨ ਚੰਗਾ ਸੋਹਣਾ ਹੈ ਜਿਸ ਦਿਨ ਪਰਮਾਤਮਾ ਮਨ ਵਿੱਚ ਵੱਸੇ, ਜਿਸ ਦਿਨ ਪਰਮਾਤਮਾ ਵਿੱਸਰ ਜਾਂਦਾ
ਹੈ, ਉਹ ਸਮਾ ਮੰਦਾ ਜਾਣੋਂ, ਉਹ ਸਮਾ ਫਿਟਕਾਰ-ਜੋਗ ਹੈ। 1.
“ਸਤਿਗੁਰ ਸਿਉ ਚਿਤੁ ਨ ਲਾਇਓ ਨਾਮੁ ਨ ਵਸਿਓ ਮਨਿ ਆਇ॥ ਧ੍ਰਿਗੁ ਇਵੇਹਾ
ਜੀਵਿਆ ਕਿਆ ਜੁਗ ਮਹਿ ਪਾਇਆ ਆਇ॥” {ਸਲੋਕੁ ਮਃ 3, ਪੰਨਾ 510}
ਜੇ ਗੁਰੂ ਨਾਲ ਚਿੱਤ ਨਾਹ ਲਾਇਆ ਤੇ ਪ੍ਰਭੂ ਦਾ ਨਾਮ ਮਨ ਵਿੱਚ ਨਾਹ ਵੱਸਿਆ,
ਤਾਂ ਫਿਟੇ-ਮੂੰਹ ਇਸ ਜੀਊਣ ਨੂੰ
!
ਮਨੁੱਖਾ-ਜਨਮ ਵਿੱਚ ਆ ਕੇ ਕੀਹ ਖੱਟਿਆ ?
ਅੱਜ ਜੇ ਬਹੁਤਾਤ ਲੋਕਾਈ ਦੇ ਜੀਵਨ ਵਿੱਚ ਝਾਤੀ ਮਾਰੀਏ ਤਾਂ ਸ਼ਾਇਦ ਹੀ ਕਿਸੇ
ਨੂੰ ਪ੍ਰਮਾਤਮਾ ਹਮੇਸ਼ਾਂ ਯਾਦ ਰਹਿੰਦਾ ਹੋਵੇ। ਸਿਰਫ ਆਪਣੇ ਸੁਆਰਥ ਵੇਲੇ ਹੀ ਯਾਦ ਆਉਂਦਾ ਹੈ। ਇਸੇ
ਲਈ ਪਾਪ ਕਰਮ ਇਤਨੇ ਵੱਧ ਗਏ ਹਨ, ਮਨੁੱਖੀ ਸਮਾਜ ਜਿਵੇਂ ਤ੍ਰਿਸ਼ਨਾ ਦੀ ਭੱਠੀ ਵਿੱਚ ਜਲ ਰਿਹਾ ਹੈ। ਕਈ
ਵਾਰੀ ਅਸੀਂ ਧਰਮ ਦੇ ਨਾਂ ਤੇ ਕੀਤੇ ਜਾ ਰਹੇ ਕੁੱਝ ਕਰਮਕਾਂਡਾਂ ਨੂੰ ਵੇਖ ਕੇ, ਲੋਕਾਂ ਦੇ ਧਰਮੀਂ
ਹੋਣ ਦਾ ਭਰਮ ਪਾਲ ਲੈਂਦੇ ਹਾਂ। ਇਹ ਤਾਂ ਸਾਡੇ ਪਾਪ ਕਰਮਾਂ ਦੀਆਂ ਪਰਛਾਈਆਂ ਹਨ, ਕੁੱਝ ਕਰਮਕਾਂਡ
ਕਰਕੇ, ਜਿਨ੍ਹਾਂ ਤੋਂ ਖਹਿੜਾ ਛੁਡਾਉਣ ਦੀ, ਅਸੀਂ ਨਾਕਾਮ ਕੋਸ਼ਿਸ਼ ਕਰ ਰਹੇ ਹਾਂ। ਵੱਧ ਤੋਂ ਵੱਧ ਪੈਸਾ
ਕਮਾ ਲੈਣ ਦੀ ਹੋੜ ਵਿੱਚ ਸਾਨੂੰ ਪ੍ਰਮਾਤਮਾ ਕਦੇ ਯਾਦ ਨਹੀਂ ਆਉਂਦਾ। ਜਿਵੇਂ ਜਾਇਜ਼, ਨਾਜਾਇਜ਼ ਪੈਸਾ
ਕਮਾਉਣ ਲਈ ਇਨਸਾਨਾਂ ਨੂੰ ਰਿਸ਼ਵਤਾਂ ਦੇਂਦੇ ਹਾਂ, ਉਸ ਪੈਸੇ ਵਿੱਚੋਂ ਕੁੱਝ ਖਰਚਾ, ਕੁੱਝ ਕਰਮ
ਕਾਂਡਾਂ ਤੇ ਕਰ ਕੇ, ਇਹ ਸਮਝਦੇ ਹਾਂ ਕਿ ਅਸੀਂ ਵਾਹਿਗੁਰੂ ਨੂੰ ਵੀ ਖੁਸ਼ ਕਰ ਲਿਆ ਹੈ। ਸਤਿਗੁਰੂ
ਸਮਝਾਉਂਦੇ ਹਨ ਕਿ ਜੇ ਤੂੰ ਅਕਾਲ-ਪੁਰਖ ਨੂੰ ਭੁਲ ਕੇ, ਕੇਵਲ ਢਿੱਡ ਭਰਨ ਦੇ ਆਹਰ ਵਿੱਚ ਹੀ ਲੱਗਾ
ਰਿਹਾ, ਤਾਂ ਤੂੰ ਆਪਣੇ ਕਰਮਾਂ ਦੇ ਫਲ ਤੋਂ ਕਦੀਂ ਬੱਚ ਨਹੀਂ ਸਕਦਾ। ਗੁਰਬਾਣੀ ਦਾ ਫੁਰਮਾਨ ਹੈ:
“ਅਠੇ ਪਹਰ ਭਉਦਾ ਫਿਰੈ ਖਾਵਣ ਸੰਦੜੈ ਸੂਲਿ॥ ਦੋਜਕਿ ਪਉਦਾ ਕਿਉ ਰਹੈ ਜਾ
ਚਿਤਿ ਨ ਹੋਇ ਰਸੂਲਿ॥ 2॥” {ਮਃ 5, ਪੰਨਾ 319}
ਜੇ ਕੋਈ ਮਨੁੱਖ ਦਿਨ ਰਾਤ ਖਾਣ ਦੇ ਦੁੱਖ ਵਿੱਚ (ਢਿੱਡ ਦੇ ਝੁਲਕੇ ਲਈ ਹੀ)
ਭਟਕਦਾ ਫਿਰੇ, ਤੇ ਉਸ ਦੇ ਚਿੱਤ ਵਿੱਚ ਗੁਰੂ-ਪੈਗ਼ੰਬਰ ਦੀ ਰਾਹੀਂ ਰੱਬ ਨਾਹ (ਯਾਦ) ਹੋਵੇ ਤਾਂ ਉਹ
ਦੋਜ਼ਕ ਵਿੱਚ ਪੈਣੋਂ ਕਿਵੇਂ ਬਚ ਸਕਦਾ ਹੈ
?
। 2.
ਗੁਰਬਾਣੀ ਦਾ ਅਟੱਲ ਨਿਰਣਾ ਹੈ, ਕਿ ਐਸੇ ਲੋਕ ਆਪਣਾ ਜੀਵਨ ਅਜਾਈਂ ਗੁਆ ਰਹੇ
ਹਨ:
“ਬਿਨੁ ਨਾਵੈ ਜਗੁ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ॥ ਧੰਧਾ ਕਰਤਿਆ ਨਿਹਫਲੁ
ਜਨਮੁ ਗਵਾਇਆ ਸੁਖਦਾਤਾ ਮਨਿ ਨ ਵਸਾਇਆ॥” {ਸਲੋਕੁ ਮਃ 3, ਪੰਨਾ 643}
ਸਤਿਗੁਰੂ ਦੇ ਸਨਮੁਖ ਹੋ ਕੇ ਇਹ ਦਿੱਸ ਪੈਂਦਾ ਹੈ ਕਿ ਸੰਸਾਰ ਨਾਮ ਤੋਂ ਬਿਨਾ
ਕਮਲਾ ਹੋਇਆ ਭਟਕਦਾ ਹੈ, ਮਾਇਆ ਦੇ ਕਜ਼ੀਏ ਕਰਦਿਆਂ ਮਨੁੱਖਾ ਜਨਮ ਨਿਸਫਲ ਗਵਾ ਲੈਂਦਾ ਹੈ ਤੇ ਸੁਖਦਾਤਾ
ਨਾਮ ਮਨ ਵਿੱਚ ਨਹੀਂ ਵਸਾਉਂਦਾ।
ਗੁਰੂ ਗ੍ਰੰਥ ਸਾਹਿਬ ਦੇ ਪੰਨਾ 1104 ਤੇ ਭਗਤ ਕਬੀਰ ਜੀ ਦਾ ਇੱਕ ਸ਼ਬਦ
ਸੁਸ਼ੋਭਿਤ ਹੈ, ਜੋ ਆਮ ਤੌਰ ਤੇ ਕਿਸੇ ਪ੍ਰਾਣੀ ਦੇ ਮਰਨ ਉਪਰੰਤ ਗਾਇਣ ਕੀਤਾ ਜਾਂਦਾ ਹੈ। ਵਿਸ਼ੇਸ਼ ਤੌਰ
ਤੇ ਇਸ ਦੀਆਂ ਇਹ ਪੰਕਤੀਆਂ ਤਾਂ ਬਾਰ ਬਾਰ ਰਟੀਆਂ ਜਾਂਦੀਆਂ ਹਨ:
“ਕਹੈ ਕਬੀਰੁ ਸੁਨਹੁ ਰੇ ਸੰਤਹੁ ਖੇਤ ਹੀ ਕਰਹੁ ਨਿਬੇਰਾ॥ ਅਬ ਕੀ ਬਾਰ ਬਖਸਿ
ਬੰਦੇ ਕਉ ਬਹੁਰਿ ਨ ਭਉਜਲਿ ਫੇਰਾ॥ 3॥ 7॥”
ਕਬੀਰ ਆਖਦਾ ਹੈ—ਹੇ ਸੰਤ ਜਨੋ
!
ਸੁਣੋ, ਇਸੇ ਹੀ ਮਨੁੱਖਾ ਜਨਮ ਵਿੱਚ (ਇਹਨਾਂ ਇੰਦ੍ਰਿਆਂ ਦਾ) ਹਿਸਾਬ ਮੁਕਾਉ (ਤੇ ਪ੍ਰਭੂ ਅੱਗੇ ਨਿੱਤ
ਅਰਦਾਸ ਕਰੋ—ਹੇ ਪ੍ਰਭੂ !
ਇਸੇ ਹੀ ਵਾਰੀ (ਭਾਵ, ਇਸੇ ਹੀ ਜਨਮ ਵਿਚ) ਮੈਨੂੰ ਆਪਣੇ ਸੇਵਕ ਨੂੰ ਬਖ਼ਸ਼ ਲੈ, ਇਸ ਸੰਸਾਰ-ਸਮੁੰਦਰ
ਵਿੱਚ ਮੇਰਾ ਮੁੜ ਫੇਰ ਨਾਹ ਹੋਵੇ ।
3. 7.
ਹਾਲਾਂਕਿ ਇਹ ਰਹਾਉ ਦੀਆਂ ਪੰਕਤੀਆਂ ਨਹੀਂ, ਸ਼ਬਦ ਦੀਆਂ ਆਖਰੀ ਪੰਕਤੀਆਂ ਹਨ।
ਅਸੀਂ ਇਹ ਸਮਝਦੇ ਹਾਂ ਕਿ ਇਨ੍ਹਾਂ ਪੰਕਤੀਆਂ ਦੇ ਰਟਨ ਨਾਲ ਹੀ ਮਿਰਤਕ ਪ੍ਰਾਣੀ ਬਖਸ਼ਿਆ ਜਾਵੇਗਾ,
ਜੀਵਨ ਕਾਲ ਵਿੱਚ, ਉਸ ਦੇ ਕੀਤੇ ਸਾਰੇ ਗਲਤ ਕਰਮ ਮਿੱਟ ਜਾਣਗੇ ਅਤੇ ਉਹ ਆਵਾਗਉਣ ਦੇ ਚੱਕਰ ਤੋਂ ਮੁਕਤ
ਹੋ ਜਾਵੇਗਾ। ਜਦ ਕਿ ਇਸ ਸ਼ਬਦ ਦੇ ਦੂਸਰੇ ਬੰਦ ਵਿੱਚ ਭਗਤ ਕਬੀਰ ਜੀ ਫੁਰਮਾਂਦੇ ਹਨ:
“ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ॥ ਪੰਚ ਕ੍ਰਿਸਾਨਵਾ ਭਾਗਿ ਗਏ
ਲੈ ਬਾਧਿਓ ਜੀਉ ਦਰਬਾਰੀ॥ 2॥”
(ਜੋ ਜੀਵ ਇਹਨਾਂ ਪੰਜਾਂ ਦੇ ਅਧੀਨ ਹੋ ਕੇ ਰਹਿੰਦਾ ਹੈ) ਜਦੋਂ ਧਰਮਰਾਜ (ਇਸ
ਜੀਵਨ ਵਿੱਚ ਕੀਤੇ ਕੰਮਾਂ ਦਾ) ਹਿਸਾਬ ਮੰਗਦਾ ਹੈ (ਉਸ ਦੇ ਜ਼ਿੰਮੇ) ਬਹੁਤ ਕੁੱਝ ਦੇਣਾ ਨਿਕਲਦਾ ਹੈ
।
(ਸਰੀਰ ਢਹਿ ਜਾਣ ਤੇ) ਉਹ ਪੰਜ ਮੁਜ਼ਾਰੇ ਤਾਂ ਭੱਜ ਜਾਂਦੇ ਹਨ ਪਰ ਜੀਵ ਨੂੰ (ਲੇਖਾ ਮੰਗਣ ਵਾਲੇ)
ਦਰਬਾਰੀ ਬੰਨ੍ਹ ਲੈਂਦੇ ਹਨ ।
2.
ਮੈਂ ਸਮਝਦਾ ਹਾਂ ਕਿ ਸਾਨੂੰ ਇਹ ਸ਼ਬਦ ਆਪਣੇ ਘਰ ਜੰਮੇ ਬੱਚੇ ਨੂੰ ਉਸ ਵੇਲੇ
ਸੁਨਾਉਣਾ ਅਤੇ ਸਮਝਾਉਣਾ ਚਾਹੀਦਾ ਹੈ, ਜਿਸ ਵੇਲੇ ਉਹ ਹੋਸ਼ ਸੰਭਾਲਣ ਯੋਗ ਹੋ ਜਾਵੇ, ਤਾਂਕਿ ਉਹ ਸ਼ੁਰੂ
ਵਿੱਚ ਹੀ ਪੱਲੇ ਬੰਨ ਲਵੇ ਕਿ ਮੇਰੇ ਹਰ ਕਰਮ ਦਾ ਲੇਖਾ ਹੋਣਾ ਹੈ। ਜਿਸ ਨੂੰ ਅਸੀਂ ਮੁੱਢ ਤੋਂ ਇਹ
ਗੱਲ ਹਿਰਦੇ ਵਿੱਚ ਬਿਠਾ ਦਿੱਤੀ, ਉਹ ਆਪਣਾ ਜੀਵਨ ਅਕਾਲ-ਪੁਰਖ ਦੇ ਭੈ ਅਤੇ ਭਾਓ ਵਿੱਚ ਬਤੀਤ ਕਰਦਾ,
ਨਿਰਮਲ ਕਰਮ ਕਰੇਗਾ। ਸਾਰਾ ਜੀਵਨ ਵਾਹਿਗੁਰੂ ਉਸ ਨੂੰ ਇੱਕ ਪੱਲ ਲਈ ਵੀ ਨਹੀਂ ਭੁਲੇਗਾ, ਅਤੇ ਉਹ
ਮਨੁੱਖਾ ਦੇਹੀ ਮਿਲਣ ਦੇ ਸੁਭਾਗ ਨੂੰ ਸਕਾਰਥਾ ਕਰ ਜਾਵੇਗਾ।
ਗੁਰਬਾਣੀ ਵਿੱਚ ਬਹੁਤ ਸਾਰੇ ਐਸੇ ਪ੍ਰਮਾਣ ਹਨ, ਜਿੱਥੇ ਸਤਿਗੁਰੂ ਸਾਨੂੰ
ਸਮਝਾਉਂਦੇ, ਬਖਸ਼ਿਸ਼ ਕਰਦੇ ਹਨ ਕਿ ਇਹ ਮਨੁੱਖਾ ਦੇਹੀ ਬੜੇ ਭਾਗਾਂ ਨਾਲ ਮਿਲਦੀ ਹੈ ਅਤੇ ਜੇ ਇਸ ਨੂੰ
ਵਾਹਿਗੁਰੂ ਦਾ ਨਾਮ ਵਿਸਾਰ ਕੇ ਬਤੀਤ ਕਰ ਦਿੱਤਾ ਤਾਂ ਇਹ ਜਨਮ ਅਜਾਈਂ ਗੁਆ ਲਿਆ। ਗੁਰਬਾਣੀ ਦਾ
ਫੁਰਮਾਨ ਹੈ:
“ਦੁਲਭ ਦੇਹ ਪਾਈ ਵਡਭਾਗੀ॥ ਨਾਮੁ ਨ ਜਪਹਿ ਤੇ ਆਤਮ ਘਾਤੀ॥ 1॥” {ਗਉੜੀ ਮਹਲਾ
5, ਪੰਨਾ 188}
ਇਹ ਦੁਰਲੱਭ ਮਨੁੱਖਾ ਸਰੀਰ ਵੱਡੇ ਭਾਗਾਂ ਨਾਲ ਮਿਲਦਾ ਹੈ। (ਪਰ) ਜੇਹੜੇ
ਮਨੁੱਖ (ਇਹ ਸਰੀਰ ਪ੍ਰਾਪਤ ਕਰ ਕੇ) ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹ ਆਤਮਕ ਮੌਤ ਸਹੇੜ ਲੈਂਦੇ
ਹਨ। 1.
“ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ॥ ਕਹੁ ਨਾਨਕ ਸੁਨਿ ਰੇ ਮਨਾ
ਦੁਰਲਭ ਮਾਨੁਖ ਦੇਹ॥” (ਸਲੋਕ ਮਹਲਾ 9, ਪੰਨਾ 1427)
ਹੇ ਨਾਨਕ! ਆਖ—ਹੇ ਮਨ! ਸੁਣ, ਇਹ ਮਨੁੱਖਾ ਸਰੀਰ ਬੜੀ ਮੁਸ਼ਕਿਲ ਨਾਲ ਮਿਲਦਾ
ਹੈ (ਇਸ ਨੂੰ ਮਾਇਆ ਦੀ ਖ਼ਾਤਰ ਭਟਕਣਾ ਵਿੱਚ ਹੀ ਨਹੀਂ ਰੋਲ ਦੇਣਾ ਚਾਹੀਦਾ)। ਸੋ, ਜੇ (ਮਨੁੱਖ) ਆਤਮਕ
ਆਨੰਦ (ਹਾਸਲ ਕਰਨਾ) ਚਾਹੁੰਦਾ ਹੈ, ਤਾਂ (ਉਸ ਨੂੰ ਚਾਹੀਦਾ ਹੈ ਕਿ) ਪਰਮਾਤਮਾ ਦੀ ਸਰਨ ਪਿਆ ਰਹੇ।
27.
ਜੀਵਨ ਦਾ ਸਾਰਾ ਮਸਲਾ ਹੀ ਇਹ ਹੈ ਕਿ ਜਿਸ ਵਾਹਿਗੁਰੂ ਦੀ ਬਖਸ਼ਿਸ਼ ਨਾਲ ਸਾਨੂੰ
ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ, ਇਸ ਜੀਵਨ ਦੇ ਕਰਮ ਉਸ ਦੇ ਭਾਣੇ ਵਿੱਚ ਕੀਤੇ ਹਨ, ਯਾ, ਦੁਨੀਆਂ
ਦੇ ਧੰਦਿਆਂ ਵਿੱਚ, ਉਸ ਨੂੰ ਵਿਸਾਰ ਕੇ ਹੀ ਜੀਵਨ ਬਤੀਤ ਕਰਕੇ, ਇਸ ਅਨਮੋਲ ਮੌਕੇ ਨੂੰ ਅਜਾਈਂ ਗੁਆ
ਦਿੱਤਾ ਹੈ। ਸਤਿਗੁਰੂ ਮਨੁੱਖਾ ਦੇਹੀ ਨੂੰ ਸੁਆਲ ਕਰਦੇ ਹਨ:
“ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ॥ ਕਿ ਕਰਮ
ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ॥ ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ॥”
{ਰਾਮਕਲੀ ਮਹਲਾ 3, ਪੰਨਾ 922}
ਹੇ ਮੇਰੇ ਸਰੀਰ
!
ਇਸ ਜਗਤ ਵਿੱਚ ਜਨਮ ਲੈ ਕੇ ਤੂੰ ਹੋਰ ਹੋਰ ਕੰਮ ਹੀ ਕਰਦਾ ਰਿਹਾ। ਜਦੋਂ ਦਾ ਤੂੰ ਸੰਸਾਰ ਵਿੱਚ ਆਇਆ
ਹੈਂ, ਤੂੰ (ਪ੍ਰਭੂ-ਸਿਮਰਨ ਤੋਂ ਬਿਨਾ) ਹੋਰ ਹੋਰ ਕੰਮ ਹੀ ਕਰਦਾ ਰਿਹਾ। ਜਿਸ ਹਰੀ ਨੇ ਤੈਨੂੰ ਪੈਦਾ
ਕੀਤਾ ਹੈ, ਉਸ ਨੂੰ ਤੂੰ ਆਪਣੇ ਮਨ ਵਿੱਚ ਨਹੀਂ ਵਸਾਇਆ (ਉਸ ਦੀ ਯਾਦ ਵਿੱਚ ਕਦੇ ਨਹੀਂ ਜੁੜਿਆ)।
ਗੁਰਬਾਣੀ ਸਾਨੂੰ ਬਾਰ ਬਾਰ ਸਮਝਾਉਂਦੀ ਹੈ ਕਿ ਮਨੁੱਖਾ ਦੇਹੀ ਪ੍ਰਾਪਤ ਹੋਣ
ਦਾ ਅਨਮੋਲ ਮੌਕਾ ਹੀ ਅਕਾਲ-ਪੁਰਖ ਦਾ ਨਾਮ ਸਿਮਰ ਕੇ ਜਨਮ ਸਫਲਾ ਕਰਨ, ਭਾਵ ਅਕਾਲ-ਪੁਰਖ ਨਾਲ ਅਭੇਦ
ਹੋਣ ਦਾ ਮੌਕਾ ਹੈ। ਗੁਰਬਾਣੀ ਦਾ ਫੁਰਮਾਨ ਹੈ:
“ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥ ਕਈ ਜਨਮ ਪੰਖੀ ਸਰਪ
ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥ 1॥ ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥
1॥” {ਗਉੜੀ ਗੁਆਰੇਰੀ ਮਹਲਾ 5, ਪੰਨਾ 176}
(ਹੇ ਭਾਈ
!)
ਚਿਰ ਪਿੱਛੋਂ ਤੈਨੂੰ ਇਹ (ਮਨੁੱਖਾ-) ਸਰੀਰ ਮਿਲਿਆ ਹੈ, ਜਗਤ ਦੇ ਮਾਲਕ ਪ੍ਰਭੂ ਨੂੰ (ਹੁਣ) ਮਿਲ,
(ਇਹੀ ਮਨੁੱਖਾ ਜਨਮ ਪ੍ਰਭੂ ਨੂੰ) ਮਿਲਣ ਦਾ ਸਮਾ ਹੈ। 1. ਰਹਾਉ।
(ਹੇ ਭਾਈ
!)
ਤੂੰ ਕਈ ਜਨਮਾਂ ਵਿੱਚ ਕੀੜੇ ਪਤੰਗੇ ਬਣਦਾ ਰਿਹਾ, ਕਈ ਜਨਮਾਂ ਵਿੱਚ ਹਾਥੀ ਮੱਛ ਹਿਰਨ ਬਣਦਾ ਰਿਹਾ।
ਕਈ ਜਨਮਾਂ ਵਿੱਚ ਤੂੰ ਪੰਛੀ ਤੇ ਸੱਪ ਬਣਿਆ, ਕਈ ਜਨਮਾਂ ਵਿੱਚ ਤੂੰ ਘੋੜੇ ਬਲਦ ਬਣ ਕੇ ਜੋਇਆ ਗਿਆ।
1.
ਸੋ ਅਕਾਲ-ਪੁਰਖ ਦਾ ਨਾਮ ਜਪਣ ਦਾ, ਉਸ ਦਾ ਸਿਮਰਨ ਕਰਨ ਦਾ ਸਹੀ ਵੇਲਾ, ਇਹ
ਸਮੁੱਚਾ ਮਨੁੱਖਾ ਜੀਵਨ ਹੈ, ਜੇ ਅਸੀਂ ਇਸ ਮੌਕੇ ਨੂੰ ਵਾਹਿਗੁਰੂ ਨੂੰ ਵਿਸਾਰ ਕੇ ਕੇਵਲ ਧਨ ਕਮਾਉਣ
ਅਤੇ ਦੁਨਿਆਵੀ ਧੰਦਿਆਂ ਵਿੱਚ ਲੱਗ ਕੇ ਗੁਆ ਲਿਆ ਤਾਂ ਫਿਰ ਇਹ ਮੌਕਾ ਕਦੇ ਹੱਥ ਨਹੀਂ ਆਉਣਾ। ਭਗਤ
ਕਬੀਰ ਜੀ ਫੁਰਮਾਂਦੇ ਹਨ:
“ਇਹੀ ਤੇਰਾ ਅਉਸਰੁ ਇਹ ਤੇਰੀ ਬਾਰ॥ ਘਟ ਭੀਤਰਿ ਤੂ ਦੇਖੁ ਬਿਚਾਰਿ॥ ਕਹਤ
ਕਬੀਰੁ ਜੀਤਿ ਕੈ ਹਾਰਿ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ॥ 5॥ 1॥ 9॥” {ਕਬੀਰ ਜੀ, ਪੰਨਾ 1159}
ਕਬੀਰ ਆਖਦਾ ਹੈ—ਹੇ ਭਾਈ
!
ਮੈਂ ਤੈਨੂੰ ਕਈ ਤਰੀਕਿਆਂ ਨਾਲ ਕੂਕ ਕੂਕ ਕੇ ਦੱਸ ਰਿਹਾ ਹਾਂ, (ਤੇਰੀ ਮਰਜ਼ੀ ਹੈ ਇਹ ਮਨੁੱਖਾ-ਜਨਮ ਦੀ
ਬਾਜ਼ੀ) ਜਿੱਤ ਕੇ ਜਾਹ ਚਾਹੇ ਹਾਰ ਕੇ ਜਾਹ ।
ਤੂੰ ਆਪਣੇ ਹਿਰਦੇ ਵਿੱਚ ਵਿਚਾਰ ਕੇ ਵੇਖ ਲੈ, (ਪ੍ਰਭੂ ਨੂੰ ਮਿਲਣ ਦਾ) ਇਹ ਮਨੁੱਖਾ-ਜਨਮ ਹੀ ਮੌਕਾ
ਹੈ, ਇਹੀ ਵਾਰੀ ਹੈ (ਇੱਥੋਂ ਖੁੰਝ ਕੇ ਸਮਾ ਨਹੀਂ ਮਿਲਣਾ) । 5. 1. 9.
“ਲਖ ਚਉਰਾਸੀਹ ਜੋਨਿ ਭ੍ਰਮਿ ਆਇਓ॥ ਅਬ ਕੇ ਛੁਟਕੇ ਠਉਰ ਨ ਠਾਇਓ॥ 3॥” {ਕਬੀਰ ਜੀ, ਪੰਨਾ 337}
(ਜੀਵ) ਚੌਰਾਸੀਹ ਲੱਖ ਜੂਨਾਂ ਵਿੱਚ ਭਟਕ ਭਟਕ ਕੇ (ਭਾਗਾਂ ਨਾਲ ਮਨੁੱਖਾ ਜਨਮ
ਵਿਚ) ਆਉਂਦਾ ਹੈ, ਪਰ ਇੱਥੋਂ ਭੀ ਖੁੰਝ ਕੇ ਫਿਰ ਕੋਈ ਥਾਂ-ਥਿੱਤਾ (ਇਸ ਨੂੰ) ਨਹੀਂ ਮਿਲਦਾ। 3.
ਬੇਸ਼ਕ ਇੱਥੇ ਚੌਰਾਸੀ ਲੱਖ ਦੀ ਗਿਣਤੀ ਤਾਂ ਜਿਵੇਂ ਭਾਰਤੀ ਸਮਾਜ ਵਿੱਚ ਸਮਝਿਆ
ਜਾ ਰਿਹਾ ਸੀ, ਉਸ ਭਰਮ ਅਨੁਸਾਰ ਹੀ, ਗੁਰਬਾਣੀ ਵਿੱਚ ਇਸ ਨੂੰ ਇੱਕ ਮੁਹਾਵਰੇ ਦੇ ਤੌਰ ਤੇ ਵਰਤਿਆ
ਹੈ। ਗੁਰਮਤਿ ਕਿਸੇ ਗਿਣਤੀਆਂ ਮਿਣਤੀਆਂ ਤੋਂ ਬਹੁਤ ਉਪਰ ਉੱਠ ਕੇ, ਅਕਾਲ-ਪੁਰਖ ਦੀ ਬੇਅੰਤਤਾ ਦ੍ਰਿੜ
ਕਰਾਉਂਦੀ ਹੈ, ਪਰ ਇਹ ਗੱਲ ਘੜੀ-ਘੜੀ ਦ੍ਰਿੜ ਕਰਾਈ ਗਈ ਹੈ ਕਿ ਜੇ ਮਨੁੱਖਾ ਜੀਵਨ ਦਾ ਮੌਕਾ ਹਥੋਂ
ਖੁਸ ਗਿਆ ਤਾਂ ਫਿਰ ਹੱਥ ਨਹੀਂ ਆਉਣਾ। ਗੁਰੂ ਅਰਜਨਦੇਵ ਪਾਤਿਸ਼ਾਹ ਵੀ ਬਖਸ਼ਿਸ਼ ਕਰਦੇ ਸਮਝਾਉਂਦੇ ਹਨ:
“ਲਖ ਚਉਰਾਸੀਹ ਜੋਨਿ ਸਬਾਈ॥ ਮਾਣਸ ਕਉ ਪ੍ਰਭਿ ਦੀਈ ਵਡਿਆਈ॥ ਇਸੁ ਪਉੜੀ ਤੇ
ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ॥ 2॥” {ਮਾਰੂ ਸੋਲਹੇ ਮਹਲਾ 5, ਪੰਨਾ 1075}
ਹੇ ਭਾਈ
! ਸਾਰੀਆਂ
ਚੌਰਾਸੀ ਲੱਖ ਜੂਨਾਂ ਵਿਚੋਂ ਪਰਮਾਤਮਾ ਨੇ ਮਨੁੱਖਾ ਜਨਮ ਨੂੰ ਵਡਿਆਈ ਦਿੱਤੀ ਹੈ ।
ਪਰ ਜਿਹੜਾ ਮਨੁੱਖ ਇਸ ਪੌੜੀ ਤੋਂ ਖੁੰਝ ਜਾਂਦਾ ਹੈ, ਉਹ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਦੁੱਖ
ਭੋਗਦਾ ਹੈ । 2.
ਸੋ ਅਕਾਲ-ਪੁਰਖ ਦਾ ਨਾਮ ਜਪਣ ਦਾ ਸਿਮਰਨ ਕਰਨ ਦਾ ਅਸਲ ਵੇਲਾ, ‘ਇਹ ਮਨੁੱਖਾ
ਜੀਵਨ ਦਾ ਵੇਲਾ ਹੈ’। ਸਾਰਾ ਜੀਵਨ ਅਕਾਲ-ਪੁਰਖ ਨੂੰ ਹਿਰਦੇ ਵਿੱਚ ਵਸਾ ਕੇ ਗੁਰਮਤਿ ਅਨੁਸਾਰ ਸ਼ੁਭ
ਗੁਣਾਂ ਵਾਲੇ ਕਰਮ ਕਰੀਏ ਅਤੇ ਇਸ ਨਾਮ ਸਿਮਰਨ ਰਾਹੀਂ, ਆਪਣਾ ਇਹ ਜੀਵਨ ਸਫਲਾ ਕਰ ਲਈਏ।
“ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ॥ ਈਹਾ ਖਾਟਿ ਚਲਹੁ
ਹਰਿ ਲਾਹਾ ਆਗੈ ਬਸਨੁ ਸੁਹੇਲਾ॥ 1॥” {ਰਾਗੁ ਗਉੜੀ ਪੂਰਬੀ ਮਹਲਾ 5, ਪੰਨਾ 13}
ਹੇ ਮੇਰੇ ਮਿੱਤਰੋ
!
ਸੁਣੋ ! ਮੈਂ ਬੇਨਤੀ
ਕਰਦਾ ਹਾਂ— (ਹੁਣ) ਗੁਰਮੁਖਾਂ ਦੀ ਸੇਵਾ ਕਰਨ ਦਾ ਵੇਲਾ ਹੈ। (ਜੇ ਸੇਵਾ ਕਰੋਗੇ, ਤਾਂ) ਇਸ ਜਨਮ
ਵਿੱਚ ਪ੍ਰਭੂ ਦੇ ਨਾਮ ਦੀ ਖੱਟੀ ਖੱਟ ਕੇ ਜਾਵੋਗੇ, ਅਤੇ ਪਰਲੋਕ ਵਿੱਚ ਰਹਿਣਾ ਸੌਖਾ ਹੋ ਜਾਇਗਾ। 1.
“ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹੁ॥ ਜਬ ਲਗੁ ਜੋਬਨਿ ਸਾਸੁ ਹੈ
ਤਬ ਲਗੁ ਇਹੁ ਤਨੁ ਦੇਹ॥ ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹੁ॥ 1॥” {ਸਿਰੀ ਰਾਗੁ ਮਹਲਾ
1, ਪੰਨਾ 20}
ਹੇ ਪਿਆਰੇ ਮਿਤ੍ਰ ਮਨ! (ਮੇਰੀ ਸਿੱਖਿਆ) ਸੁਣ। ਪਰਮਾਤਮਾ ਨੂੰ ਮਿਲ, (ਮਿਲਣ
ਦਾ) ਇਹ (ਮਨੁੱਖਾ ਜਨਮ ਹੀ) ਵੇਲਾ ਹੈ। ਜਦੋਂ ਤਕ ਜੁਆਨੀ ਵਿੱਚ (ਹਾਂ ਤੇ) ਸਾਹ ਆ ਰਿਹਾ ਹੈ, ਤਦੋਂ
ਤਕ ਹੀ ਇਹ ਸਰੀਰ ਕੰਮ ਦੇ ਰਿਹਾ ਹੈ। ਜੇ ਪ੍ਰਭੂ ਦੇ ਗੁਣ (ਆਪਣੇ ਅੰਦਰ) ਨਾਹ ਵਸਾਏ, ਤਾਂ ਇਹ ਸਰੀਰ
ਕਿਸ ਕੰਮ? ਇਹ ਤਾਂ ਆਖ਼ਰ ਢਹਿ ਕੇ ਮਿੱਟੀ ਦੀ ਢੇਰੀ ਹੋ ਜਾਇਗਾ। 1.
ਰਾਜਿੰਦਰ ਸਿੰਘ (ਸ਼੍ਰੋਮਣੀ ਖਾਲਸਾ ਪੰਚਾਇਤ), ਟੈਲੀਫੋਨ +91 98761 04726
(ਇਹ ਲੇਖ ਰਾਜਿੰਦਰ ਸਿੰਘ ਦੀ ਕਿਤਾਬ ‘ਗੁਰਮਤਿ ਨਾਮ ਸਿਮਰਨ’ ਦੇ ਛੇਤੀ ਹੀ
ਛੱਪ ਰਹੇ, ਦੂਜੇ ਐਡੀਸ਼ਨ ਦੇ ਨਾਲ ਜੋੜਿਆ ਜਾਵੇਗਾ, ਉਸਾਰੂ ਸੂਝਾਵਾਂ ਨੂੰ ਜੀ ਆਇਆਂ ਹੈ)