.

ਭਾਈ ਬੰਨੋਂ ਵਾਲੀ ਬੀੜ – ਉਤਪਤੀ ਅਤੇ ਪਰਭਾਵ

ਪਰਮਾਣਿਕਤਾ ਦੇ ਪੱਖੋਂ ਸਿੱਖਾਂ ਦੀ ਧਾਰਮਿਕ ਪੁਸਤਕ ਸ੍ਰੀ ਗ੍ਰੰਥ ਸਾਹਿਬ ਦੀਆਂ ਚਾਰ ਮੁੱਢਲੀਆਂ ਬੀੜਾਂ ਬਣਦੀਆਂ ਹਨ ਜੋ ਹੇਠ ਲਿਖੇ ਅਨੁਸਾਰ ਹਨ:
1. ਸਭ ਤੋਂ ਪਹਿਲੇ ਨੰਬਰ ਤੇ ਸਭ ਤੋਂ ਪਹਿਲੀ ਬੀੜ ਭਾਵ ਸ੍ਰੀ ਆਦਿ ਗ੍ਰੰਥ ਦੀ ਬੀੜ ਆਉਂਦੀ ਹੈ ਜਿਸ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਵਿਖੇ ਪੜਾਅ ਕਰ ਕੇ ਭਾਈ ਗੁਰਦਾਸ ਜੀ ਦੇ ਹੱਥੀਂ ਲਿਖਵਾਇਆ ਅਤੇ ਸੰਨ 1604 ਈਸਵੀ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਸ਼ੁਸ਼ੋਭਿਤ ਕੀਤਾ। ਇਸ ਗ੍ਰੰਥ ਦਾ ਪਹਿਲਾ ਨਾਮ ਪੋਥੀ ਸਾਹਿਬ ਸੀ ਜੋ ਬਾਦ ਵਿੱਚ ਬਦਲ ਕੇ ਸ੍ਰੀ ਆਦਿ ਗ੍ਰੰਥ ਪਰਚਲਤ ਹੋ ਗਿਆ। ਇਸ ਬੀੜ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਰਚਨਾ ਦੇ ਨਾਲ-ਨਾਲ ਇਕੱਤੀ ਹੋਰ ਸੰਤਾਂ-ਭਗਤਾਂ ਦੀ ਰਚਨਾ ਵੀ ਸ਼ਾਮਲ ਕੀਤੀ ਗਈ। ਇਸ ਸਮੁੱਚੀ ਰਚਨਾ ਨੂੰ ਗੁਰਬਾਣੀ ਦਾ ਦਰਜਾ ਪਰਾਪਤ ਹੈ।
2. ਦੂਸਰੇ ਨੰਬਰ ਤੇ ਦਮਦਮੀ ਬੀੜ ਆਉਂਦੀ ਹੈ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ, ਉਸ ਵਕਤ ਸ੍ਰੀ ਆਦਿ ਗ੍ਰੰਥ ਉਪਲਭਧ ਨਾ ਹੋਣ ਕਰਕੇ, ਭਾਈ ਮਨੀ ਸਿੰਘ ਜੀ ਰਾਹੀਂ ਤਿਆਰ ਕਰਵਾਈ ਗਈ ਦੱਸੀ ਜਾਂਦੀ ਹੈ। ਇਸ ਬੀੜ ਦੇ ਤਿਆਰ ਹੋਣ ਦੇ ਸਮੇਂ ਅਤੇ ਸਥਾਨ ਬਾਰੇ ਕੋਈ ਨਿਸਚਤ ਰਾਇ ਮੌਜੂਦ ਨਹੀਂ ਕਿਉਂਕਿ ਦਮਦਮਾ ਸਾਹਿਬ ਅਨੰਦਪੁਰ ਸ਼ਾਹਿਬ ਵਿਖੇ ਵੀ ਹੈ ਅਤੇ ਸਾਬੋ ਕੀ ਤਲਵੰਡੀ ਵਿਖੇ ਵੀ। ਇਸ ਬੀੜ ਵਿੱਚ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਸ਼ਾਮਲ ਕੀਤੀ ਗਈ। ਇਸੇ ਬੀੜ ਨੂੰ ਸਨਮੁਖ ਰਖਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੱਖਣ ਵਿੱਚ ਨਾਦੇੜ ਵਿਖੇ ਸੰਨ 1708 ਈਸਵੀ ਵਿੱਚ ਸ੍ਰੀ ਗ੍ਰੰਥ ਸਾਹਿਬ ਨੂੰ ਸਿੱਖਾਂ ਦੇ ਗਿਆਰ੍ਹਵੇਂ ਗੁਰੂ ਵਜੋਂ ਗੁਰਗੱਦੀ ਦਿੱਤੀ ਸੀ।
3. ਅਠਾਰਵੀਂ ਸਦੀ ਵਿੱਚ ਸਿੱਖਾਂ ਨੂੰ ਅਨੇਕਾਂ ਜੰਗਾਂ-ਯੁੱਧਾਂ ਦਾ ਸਾਹਮਣਾ ਕਰਨਾ ਪਿਆ। ਇਹ ਮੰਨਿਆਂ ਜਾਂਦਾ ਹੈ ਕਿ ਵੱਡੇ ਘਲੂਘਾਰੇ ਸਮੇਂ ਦਮਦਮੀ ਬੀੜ ਸਿੱਖਾਂ ਦੇ ਹੱਥੋਂ ਨਿਕਲ ਗਈ ਸੀ। ਇਸ ਉਪਰੰਤ ਬਾਬਾ ਦੀਪ ਸਿੰਘ ਜੀ ਵੱਲੋਂ ਇੱਕ ਨਵੀਂ ਬੀੜ ਤਿਆਰ ਕਰਵਾਈ ਗਈ ਦੱਸੀ ਜਾਂਦੀ ਹੈ। ਪਰੰਤੂ ਨਾ ਹੀ ਇਸ ਬੀੜ ਦਾ ਮੌਲਿਕ ਰੂਪ ਉਪਲਭਧ ਹੈ ਅਤੇ ਨਾ ਹੀ ਇਸ ਦਾ ਕੋਈ ਉਤਾਰਾ।
4. ਉਪਰੋਕਤ ਦੱਸੀਆਂ ਤਿੰਨੇ ਬੀੜਾਂ ਦੀ ਗੈਰਮੌਜੂਦਗੀ ਵਿੱਚ ਵੱਖ-ਵੱਖ ਸਿੱਖ ਸ਼ਰਧਾਲੂਆਂ ਵੱਲੋਂ ਉਨ੍ਹੀਵੀਂ ਸਦੀ ਵਿੱਚ ਹੱਥ-ਲਿਖਤ ਬੀੜਾਂ ਤਿਆਰ ਕਰਨ ਦੇ ਉਪਰਾਲੇ ਕੀਤੇ ਜਾਂਦੇ ਰਹੇ। ਇਹਨਾਂ ਬੀੜਾਂ ਲਈ ਯਾਦਾਸ਼ਤ, ਹੱਥ-ਲਿਖਤ ਗੁਟਕੇ-ਪੋਥੀਆਂ ਅਤੇ ਉਪਲਭਧ ਗੈਰਪਰਮਾਣਿਕ ਬੀੜਾਂ ਨੂੰ ਅਧਾਰ ਬਣਾਇਆ ਗਿਆ। ਸੋਧ-ਸੁਧਾਈਆਂ ਦੀ ਇੱਕ ਲੰਬੀ ਪ੍ਰਕਿਰਿਆ ਤੋਂ ਪਿੱਛੋਂ ਵੀਹਵੀਂ ਸਦੀ ਦੇ ਅਰੰਭ ਵਿੱਚ 1430 ਸਫਿਆਂ ਵਾਲੀ ਛਾਪੇ ਦੀ ਬੀੜ ਹੋਂਦ ਵਿੱਚ ਆ ਗਈ ਜਿਸਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਮਾਨਤਾ ਦੇ ਦਿੱਤੀ। ਇਹੋ ਅਜ ਕਲ ਦੀ ਪਰਚਲਤ ਬੀੜ ਹੈ।
ਉਪਰੋਕਤ ਤੋਂ ਇਲਾਵਾ ਇੱਕ ਪੰਜਵੀਂ ਬਹੁ-ਚਰਚਿਤ ਬੀੜ ਹੈ, ਭਾਈ ਬੰਨੋਂ ਵਾਲੀ ਬੀੜ। ਭਾਈ ਬੰਨੋਂ ਪਿੰਡ ਮਾਂਗਟ, ਜ਼ਿਲਾ ਗੁਜਰਾਤ (ਹੁਣ ਪਾਕਿਸਤਾਨ ਵਿਚ) ਦਾ ਰਹਿਣ ਵਾਲਾ ਸੀ। ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅਨਿੰਨ ਸ਼ਰਧਾਲੂ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਗੁਰੂ ਜੀ ਆਪਣਾ ਇੱਕ ਨਵਾਂ ਧਾਰਮਿਕ ਗ੍ਰੰਥ ਤਿਆਰ ਕਰਵਾ ਰਹੇ ਹਨ ਤਾਂ ਉਹ ਅੰਮ੍ਰਿਤਸਰ ਆ ਬਿਰਾਜਿਆ। ਉਸ ਨੇ ਮੌਕਾ ਪਾ ਕੇ ਸ੍ਰੀ ਆਦਿ ਗ੍ਰੰਥ ਦੀ ਇੱਕ ਨਕਲ ਤਿਆਰ ਕਰਵਾ ਲਈ ਜੋ ਬਾਦ ਵਿੱਚ ਭਾਈ ਬੰਨੋ ਵਾਲੀ ਬੀੜ ਦੇ ਨਾਮ ਨਾਲ ਜਾਣੀ ਗਈ ਅਤੇ ਅਜੋਕੇ ਸਮੇਂ ਤਕ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਭਾਈ ਬੰਨੋਂ ਵੱਲੋਂ ਸ੍ਰੀ ਆਦਿ ਗ੍ਰੰਥ ਦੀ ਨਕਲ ਤਿਆਰ ਕਰਵਾਉਣ ਬਾਰੇ ਹੇਠ ਲਿਖੀਆਂ ਕਥਾਵਾਂ ਪਰਚਲਤ ਹਨ:
1. ਅੰਮ੍ਰਿਤਸਰ ਵਿਖੇ ਪੋਥੀ ਸਾਹਿਬ ਦੀ ਲਿਖਾਈ ਦੇ ਸੰਪੂਰਨ ਹੋ ਜਾਣ ਤੋਂ ਬਾਦ ਭਾਈ ਬੰਨੋ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਅੱਗੇ ਬੇਨਤੀ ਕੀਤੀ ਕਿ ਉਸ ਨੂੰ ਪੋਥੀ ਸਾਹਿਬ ਉਸ ਦੇ ਆਪਣੇ ਪਿੰਡ ਮਾਂਗਟ ਵਿੱਚ ਆਪਣੇ ਗ੍ਰਹਿ ਵਿਖੇ ਲਿਜਾਣ ਦੀ ਇਜਾਜ਼ਤ ਦਿੱਤੀ ਜਾਵੇ। (ਪਿੰਡ ਮਾਂਗਟ ਨੂੰ ਖਾਰਾ-ਮਾਂਗਟ ਵੀ ਕਿਹਾ ਜਾਂਦਾ ਸੀ।) ਗੁਰੁ ਜੀ ਭਾਈ ਬੰਨੋਂ ਦੀ ਸ਼ਰਧਾ ਵੇਖ ਕੇ ਨਾਂਹ ਨਾਂ ਕਰ ਸਕੇ ਅਤੇ ਉਸ ਦੀ ਬੇਨਤੀ ਇਸ ਸ਼ਰਤ ਤੇ ਮੰਨ ਲਈ ਕਿ ਜਦੋਂ ਵੀ ਪੋਥੀ ਸਾਹਿਬ ਨੂੰ ਵਾਪਸ ਮੰਗਵਾਇਆ ਜਾਵੇ, ਉਹ ਇਸ ਨੂੰ ਗੁਰੂ ਜੀ ਕੋਲ ਤੁਰੰਤ ਪਹੁੰਚਾ ਦੇਵੇ। ਹਾਲੇ ਭਾਈ ਬੰਨੋਂ ਪੋਥੀ ਸਾਹਿਬ ਲੈ ਕੇ ਆਪਣੇ ਪਿੰਡ ਪਹੁੰਚਿਆ ਹੀ ਸੀ ਕਿ ਗੁਰੂ ਜੀ ਵੱਲੋਂ ਪੋਥੀ ਸਾਹਿਬ ਵਾਪਸ ਕਰਨ ਦਾ ਸੁਨੇਹਾ ਪਹੁੰਚ ਗਿਆ। ਇਸ ਤੇ ਭਾਈ ਬੰਨੋ ਨੇ ਆਪਣੇ ਨਾਲ ਕੁੱਝ ਲਿਖਾਰੀ ਲਏ ਅਤੇ ਪੋਥੀ ਸਾਹਿਬ ਲੈ ਕੇ ਅੰਮ੍ਰਿਤਸਰ ਵਲ ਚਾਲੇ ਪਾ ਦਿੱਤੇ। ਉਸ ਨੇ ਇਸ ਸਫਰ ਦੌਰਾਨ ਰਸਤੇ ਵਿੱਚ ਕੀਤੇ ਵੱਖ-ਵੱਖ ਪੜਾਵਾਂ ਵੇਲੇ ਪੋਥੀ ਸਾਹਿਬ ਦੀ ਇੱਕ ਨਕਲ ਤਿਆਰ ਕਰਵਾ ਲਈ।
2. ਪੋਥੀ ਸਾਹਿਬ ਦੀ ਲਿਖਾਈ ਦੇ ਸੰਪੂਰਨ ਹੋ ਜਾਣ ਤੋਂ ਬਾਦ ਇਸ ਦੀ ਜਿਲਦ ਲਗਵਾਉਣ ਦੀ ਜ਼ਰੂਰਤ ਸੀ ਅਤੇ ਇਸ ਦਾ ਪ੍ਰਬੰਧ ਅੰਮ੍ਰਿਤਸਰ ਵਿੱਚ ਮੌਜੂਦ ਨਹੀਂ ਸੀ। ਜਿਲਦ ਲਗਵਾਉਣ ਦਾ ਕੰਮ ਲਹੌਰ ਵਿੱਚ ਹੀ ਹੋ ਸਕਦਾ ਸੀ। ਇਸ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੋਥੀ ਸਾਹਿਬ ਭਾਈ ਬੰਨੋ ਦੇ ਸਪੁਰਦ ਕਰ ਕੇ ਉਸ ਨੂੰ ਇਸ ਦੀ ਜਿਲਦ ਲਗਵਾਉਣ ਲਈ ਲਹੌਰ ਭੇਜਿਆ। ਭਾਈ ਬੰਨੋ ਨੇ ਅੰਮ੍ਰਿਤਸਰ ਤੋਂ ਲਹੌਰ ਜਾਂਦਿਆਂ ਅਤੇ ਵਾਪਸੀ ਦੇ ਸਫਰ ਦੌਰਾਨ ਥੋੜੇ-ਥੋੜੇ ਪੈਂਡੇ ਪਿੱਛੋਂ ਪੜਾਅ ਕੀਤੇ ਅਤੇ ਹਰ ਪੜਾਅ ਤੇ ਲਿਖਾਰੀਆਂ ਪਾਸੋਂ ਪੋਥੀ ਸਾਹਿਬ ਦੇ ਕੁੱਝ ਪੱਤਰੇ ਨਕਲ ਤਿਆਰ ਕਰਵਾਉਂਦੇ ਹੋਏ ਅੰਮ੍ਰਿਤਸਰ ਪਹੁੰਚਣ ਤਕ ਪੂਰੀ ਬੀੜ ਦਾ ਉਤਾਰਾ ਕਰਵਾ ਲਿਆ।
3. ਉਪਰੋਕਤ ਦੋਹਾਂ ਧਾਰਨਾਵਾਂ ਨੂੰ ਨਕਾਰਨ ਵਾਲੀ ਤੀਜੀ ਧਾਰਨਾ ਵੀ ਮੌਜੂਦ ਹੈ ਜਿਸ ਅਨੁਸਾਰ ਭਾਈ ਬੰਨੋ ਨੇ ਅੰਮ੍ਰਿਤਸਰ ਵਿਖੇ ਹੀ ਪੋਥੀ ਸਾਹਿਬ ਦਾ ਉਤਾਰਾ ਕੀਤਾ। ਇਸ ਧਾਰਨਾ ਅਨੁਸਾਰ ਜਿਉਂ-ਜਿਉਂ ਸ੍ਰੀ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਨੂੰ ਬਾਣੀ ਲਿਖਵਾਉਂਦੇ ਗਏ ਭਾਈ ਬੰਨੋਂ ਵੀ ਨਾਲ-ਨਾਲ ਹੀ ਪੋਥੀ ਸਾਹਿਬ ਲਈ ਚੁਣੀ ਗਈ ਬਾਣੀ ਦਾ ਉਤਾਰਾ ਕਰਵਾਉਂਦਾ ਗਿਆ। ਇਸ ਤਰ੍ਹਾਂ ਉਸ ਨੇ ਪੋਥੀ ਸਾਹਿਬ ਦੀ ਇੱਕ ਨਕਲ ਤਿਆਰ ਕਰਵਾ ਲਈ। ਪ੍ਰੋ. ਸਾਹਿਬ ਸਿੰਘ ਨੇ ਆਪਣੀ ਪੁਸਤਕ ‘ਆਦਿ ਬੀੜ ਬਾਰੇ’ ਵਿੱਚ ਇਸ ਧਾਰਨਾ ਦੀ ਜ਼ੋਰਦਾਰ ਪ੍ਰੋੜਤਾ ਕੀਤੀ ਹੈ।
ਭਾਈ ਬੰਨੋਂ ਨੇ ਜਿਸ ਢੰਗ ਨਾਲ ਵੀ ਸ੍ਰੀ ਆਦਿ ਗ੍ਰੰਥ ਦਾ ਉਤਾਰਾ ਕੀਤਾ ਉਹ ਇੱਕ ਅਲੱਗ ਸਥਿਤੀ ਹੈ। ਪ੍ਰੰਤੂ ਜੋ ਅਹਿਮ ਗੱਲ ਇਸ ਸਥਿਤੀ ਵਿੱਚੋਂ ਉਭਰਦੀ ਹੈ ਉਹ ਇਹ ਹੈ ਕਿ ਭਾਈ ਬੰਨੋਂ ਵੱਲੋਂ ਕਰਵਾਏ ਇਸ ਉਤਾਰੇ ਵਿੱਚ ਕੁੱਝ ਵਾਧੂ ਰਚਨਾਵਾਂ ਵੀ ਸ਼ਾਮਲ ਹੋ ਗਈਆਂ। ਭਾਈ ਬੰਨੋਂ ਵਾਲੀ ਬੀੜ ਵਿੱਚ ਜੋ ਫਾਲਤੂ ਬਾਣੀਆਂ ਦਰਜ ਕਰ ਲਈਆਂ ਗਈਆਂ ਉਹਨਾਂ ਦਾ ਵੇਰਵਾ ਇਸ ਪਰਕਾਰ ਹੈ:
1. ਸੂਰਦਾਸ (ਪਹਿਲਾ) ਦਾ ਸ਼ਬਦ “ਛਾਡਿ ਮਨ ਹਰਿ ਬਿਮੁਖਨ ਕੋ ਸੰਗ”
2. ਮੀਰਾਬਾਈ ਦਾ ਸ਼ਬਦ “ਮਨ ਹਮਾਰਾ ਬਾਧਿਓ ਮਾਈ”
ਭਾਈ ਬੰਨੋਂ ਵੱਲੋਂ ਬਾਰਾਂ ਲਿਖਾਰੀਆਂ ਦੇ ਹੱਥੀਂ ਸ੍ਰੀ ਆਦਿ ਗ੍ਰੰਥ ਦਾ ਉਤਾਰਾ ਕਰਵਾਇਆ ਗਿਆ ਦੱਸਿਆ ਜਾਂਦਾ ਹੈ। ਉਸ ਨੇ ਜਦ ਇਹ ਉਤਾਰਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅੱਗੇ ਪੇਸ਼ ਕੀਤਾ ਤਾਂ ਉਹਨਾਂ ਨੇ ਇਸ ਉਤੇ ਸਹੀ ਵੀ ਪਾ ਦਿੱਤੀ ਅਤੇ ਨਾਲ ਹੀ ਇਸ ਉਤੇ “ਖਾਰੀ ਪੋਥੀ” ਵੀ ਲਿਖ ਦਿੱਤਾ। ਪਦ “ਖਾਰੀ” ਭਾਵੇਂ ਕਿ ਭਾਈ ਬੰਨੋਂ ਦੇ ਪਿੰਡ ਦੇ ਨਾਮ ਵੱਲ ਵੀ ਇਸ਼ਾਰਾ ਕਰਦਾ ਹੈ, ਇਸਦੇ ਅਰਥ “ਅਸ਼ੁਧ” ਤੋਂ ਵੀ ਬਣਦੇ ਹਨ ਜੋ ਇਸ ਬੀੜ ਵਿੱਚ ਸ਼ਾਮਲ ਫਾਲਤੂ ਬਾਣੀ ਪਾਈ ਜਾਣ ਕਰਕੇ ਇਸ ਦੀ ਗੈਰਪਰਮਾਣਿਕਤਾ ਵੱਲ ਇਸ਼ਾਰਾ ਕਰਦੇ ਹਨ। ਭਾਈ ਬੰਨੋਂ ਵਾਲੀ ਬੀੜ ਪਿੰਡ ਮਾਂਗਟ ਵਿਖੇ ਭਾਈ ਬੰਨੋਂ ਦੇ ਵੰਸ਼ਜਾਂ ਪਾਸ ਰਹੀ। ਇਸ ਬੀੜ ਲਈ ਮਹਾਰਾਜਾ ਰਣਜੀਤ ਸਿੰਘ ਵੱਲੋਂ ਵਿਸ਼ੇਸ਼ ਮੰਦਰ ਬਣਵਇਆ ਗਿਆ ਅਤੇ ਜਗੀਰ ਵੀ ਲਗਵਾਈ ਗਈ। ਭਾਈ ਬੰਨੋਂ ਦੇ ਵੰਸ਼ਜ ਪਰਿਵਾਰ ਵਾਰੀ-ਵਾਰੀ ਇਸ ਬੀੜ ਨੂੰ ਆਪਣੇ ਘਰਾਂ ਵਿੱਚ ਰਖਦੇ ਅਤੇ ਮਸਿੱਆ-ਸੰਗਰਾਂਦ ਵਾਲੇ ਦਿਨ ਇਸ ਨੂੰ ਮੰਦਰ ਵਿੱਚ ਰਖ ਕੇ ਚੜ੍ਹਾਵਾ ਇਕੱਤਰ ਕਰਦੇ। ਪਰੰਤੂ ਸਮਾਂ ਪਾ ਕੇ ਭਾਈ ਬੰਨੋਂ ਵਾਲੀ ਮੁੱਢਲੀ ਬੀੜ ਉਪਲਭਧ ਨਹੀਂ ਰਹੀ। ਇਹ ਬੀੜ ਕਦੋਂ ਅਤੇ ਕਿਸ ਹਾਲਾਤ ਵਿੱਚ ਗੁੰਮ ਹੋਈ, ਇਸ ਬਾਰੇ ਸਥਿਤੀ ਸਪਸ਼ਟ ਨਹੀਂ। ਪ੍ਰੋ. ਪ੍ਰੀਤਮ ਸਿੰਘ ਸੰਨ 1984 ਈਸਵੀ ਵਿੱਚ ਛਪੇ ਆਪਣੇ ਇੱਕ ਲੇਖ ਵਿੱਚ ਭਾਈ ਬੰਨੋਂ ਵਾਲੀ ਅਸਲੀ ਬੀੜ ਦੇ ਚੋਰੀ ਹੋ ਜਾਣ ਦਾ ਜ਼ਿਕਰ ਕਰਦਾ ਹੈ।
ਇਥੇ ਇਹ ਗੱਲ ਵਿਸ਼ੇਸ਼ ਧਿਆਨ ਮੰਗਦੀ ਹੈ ਕਿ ਪੰਜਵੇਂ ਗੁਰੂ ਜੀ ਦੇ ਸਮੇਂ ਸਹੀ ਪਾਉਣ ਵਜੋਂ ਆਪਣਾ ਨਾਮ ਲਿਖ ਕੇ ਦਸਤਖਤ ਕਰਨ ਦਾ ਰਿਵਾਜ ਨਹੀਂ ਸੀ। ਆਪਣਾ ਨਾਮ ਲਿਖ ਕੇ ਦਸਤਖਤ ਕਰਨ ਦੀ ਜਗਹ ਯਾਦਾਸ਼ਤ ਦੇ ਤੌਰ ਤੇ ਆਪਣੇ ਹੱਥੀਂ ਕੋਈ ਇਬਾਰਤ ਹੀ ਲਿਖ ਦਿੱਤੀ ਜਾਂਦੀ ਸੀ ਜਿਹਾ ਕਿ ਮੂਲ-ਮੰਤਰ ਨੂੰ ਆਪਣੇ ਹੱਥੀਂ ਲਿਖ ਦੇਣਾ ਆਦਿਕ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਬੰਨੋਂ ਦੀ ਬੀੜ ਉਤੇ ਸਹੀ ਪਾਉਂਣ ਦੇ ਮਕਸਦ ਨਾਲ ਕੀ ਇਬਾਰਤ ਲਿਖੀ ਸੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਕਿਉਂਕਿ ਭਾਈ ਬੰਨੋਂ ਵਾਲੀ ਮੁੱਢਲੀ ਬੀੜ ਉਪਲਭਧ ਨਹੀਂ।
ਭਾਈ ਬੰਨੋਂ ਵਾਲੀ ਮੁੱਢਲੀ ਬੀੜ ਦੇ ਅੱਗੇ ਕੁੱਝ ਉਤਾਰੇ ਜ਼ਰੂਰ ਹੋਏ ਸਨ। ਪਰੰਤੂ ਜਿਹਾ ਕਿ ਹਮੇਸ਼ਾ ਵਾਪਰਦਾ ਰਿਹਾ ਹੈ, ਲਿਖਾਰੀਆਂ ਵੱਲੋਂ ਹਰ ਉਤਾਰੇ ਵਿੱਚ ਮੂਲ ਨਾਲੋਂ ਕੁੱਝ ਨਾ ਕੁੱਝ ਫਰਕ ਜ਼ਰੂਰ ਪਾ ਦਿੱਤਾ ਜਾਂਦਾ ਰਿਹਾ ਹੈ। ਭਾਈ ਬੰਨੋਂ ਵਾਲੀ ਬੀੜ ਦਾ ਸੰਨ 1699 ਈਸਵੀ ਵਿੱਚ ਹੋਇਆ ਇੱਕ ਉਤਾਰਾ ਗੁਰਦੁਆਰਾ ਭਾਈ ਬੰਨੋਂ ਸਾਹਿਬ, ਜਵਾਹਰ ਨਗਰ, ਕਾਨ੍ਹਪੁਰ ਵਿੱਚ ਉਪਲਭਧ ਹੈ। ਹੋਰਨਾਂ ਵਖਰੇਵਿਆਂ ਦੇ ਨਾਲ-ਨਾਲ ਜੋ ਇਸ ਬੀੜ ਦਾ ਭਾਈ ਬੰਨੋਂ ਵਾਲੀ ਬੀੜ ਨਾਲੋਂ ਪ੍ਰਮੁੱਖ ਫਰਕ ਹੈ ਉਹ ਹੈ ਇਸ ਵਿੱਚ ਕਾਫੀ ਸਾਰੀ ਵਧੇਰੇ ਫਾਲਤੂ ਬਾਣੀ ਦਾ ਸ਼ਾਮਲ ਹੋਣਾ। ਸੂਰਦਾਸ ਪਹਿਲੇ ਅਤੇ ਮੀਰਾਬਾਈ ਦੇ ਉਪਰੋਕਤ ਸ਼ਬਦਾਂ ਤੋਂ ਇਲਾਵਾ ਇਸ ਵਿੱਚ ਵਿਸ਼ੇਸ਼ ਕਰਕੇ ਹੇਠ ਲਿਖੇ ਫਾਲਤੂ ਸ਼ਬਦ ਵੀ ਸ਼ਾਮਲ ਦੱਸੇ ਜਾਂਦੇ ਹਨ:
1. ਕਬੀਰ ਜੀ ਦਾ ਸ਼ਬਦ “ਅਉਧੂ ਸੋ ਜੋਗੀ ਗੁਰੁ ਮੇਰਾ”
2. ਮਹੱਲਾ ਪੰਜਵਾਂ ਦਾ ਛੰਤ “ਰੁਣ ਝੁੰਝਨੜਾ ਗਾਉ ਸਖੀ”
3. ਜਿਤੁ ਦਰਿ ਲਖ ਮੁਹੰਮਦਾ - ਤਿੰਨ ਸਲੋਕ
4. ਬਾਇ ਆਤਿਸ਼ ਆਬ – ਇੱਕ ਸਲੋਕ
5. ਰਾਗਮਾਲਾ
6. ਰਤਨਮਾਲਾ – ਪੱਚੀ ਸਲੋਕ
7. ਹਕੀਕਤ ਰਾਹ ਮੁਕਾਮ (ਵਾਰਤਕ)
8. ਸਿਆਹੀ ਕੀ ਬਿਧਿ

ਇਥੇ ਇਹ ਗੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣ ਵਾਲੀ ਹੈ ਕਿ ਭਾਈ ਬੰਨੋਂ ਵਾਲੀ ਬੀੜ ਦੇ ਅਧਿਐਨ ਖਾਤਰ ਵਿਦਵਾਨ ਲੋਕ ਸ਼ੁਰੂ ਤੋਂ ਇਸ ਉਤਾਰੇ ਨੂੰ ਹੀ ਅਧਾਰ ਬਣਾਉਂਦੇ ਆ ਰਹੇ ਹਨ।
ਬਹੁਤੀਆਂ ਪੁਰਾਤਨ ਬੀੜਾਂ ਜਿਹਨਾਂ ਨੂੰ ਸ੍ਰੀ ਆਦਿ ਗ੍ਰੰਥ ਦੀ ਨਕਲ ਹੋਣ ਦਾ ਦਾਵਾ ਕੀਤਾ ਜਾਂਦਾ ਹੈ ਅਸਲ ਵਿੱਚ ਭਾਈ ਬੰਨੋਂ ਵਾਲੀ ਬੀੜ ਦੇ ਉਤਾਰਿਆਂ ਤੇ ਹੀ ਅਧਾਰਿਤ ਹਨ। ਭਾਈ ਬੰਨੋਂ ਵਾਲੀ ਬੀੜ ਦੇ ਉਤਾਰਿਆਂ ਵਿੱਚ ਸੂਰਦਾਸ ਅਤੇ ਮੀਰਾਬਾਈ ਦੇ ਉਪਰੋਕਤ ਇੱਕ-ਇੱਕ ਸ਼ਬਦ ਤੋਂ ਇਲਾਵਾ ਰਾਗਮਾਲਾ ਸਮੇਤ ਹੋਰ ਕਈ ਰਚਨਾਵਾਂ ਸ਼ਾਮਲ ਕਰ ਦਿੱਤੀਆਂ ਗਈਆਂ ਜਿਹਾ ਕਿ ਉਪਰੋਕਤ ਕਾਨ੍ਹਪੁਰ ਵਾਲੀ ਬੀੜ ਤੋਂ ਸਪਸ਼ਟ ਹੋ ਰਿਹਾ ਹੈ। ਕਰਤਾਰਪੁਰੀ ਬੀੜ ਵੀ ਅਜਿਹੀ ਹੀ ਇੱਕ ਬੀੜ ਹੈ ਜੋ ਵਿਦਵਾਨਾਂ ਵੱਲੋਂ ਭਾਈ ਬੰਨੋਂ ਵਾਲੀ ਬੀੜ ਦੇ ਦੂਜੇ ਥਾਂ ਉਤਾਰੇ ਦਾ ਅੱਗੇ ਉਤਾਰਾ ਮੰਨਿਆਂ ਜਾਂਦਾ ਹੈ। ਇਹ ਤਾਂ ਸਰਵਪ੍ਰਵਾਨਿਤ ਤੱਥ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਸ੍ਰੀ ਆਦਿ ਗ੍ਰੰਥ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਅਤੇ ਸੋਢੀ ਪਰਿਵਾਰ ਵਿੱਚ ਚੱਲੀ ਕਸ਼ਮਕਸ਼ ਸਮੇਂ ਭਾਈ ਗੁਰਦਾਸ ਵਾਲੀ ਬੀੜ (ਸ੍ਰੀ ਆਦਿ ਗ੍ਰੰਥ/ ਪੋਥੀ ਸਾਹਿਬ) ਨਸ਼ਟ ਹੋ ਗਈ ਸੀ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸੋਢੀ ਨਿਰੰਜਨ ਰਾਇ ਜੀ (ਸ੍ਰੀ ਧੀਰਮੱਲ ਜੀ ਦੇ ਪੜਪੋਤੇ) ਦੇ ਸਮੇਂ ਭਾਈ ਬੰਨੋਂ ਵਾਲੀ ਬੀੜ ਦੇ 1753 ਵਿੱਚ ਹੋਏ ਕਿਸੇ ਉਤਾਰੇ ਨੂੰ ਕਰਤਾਰਪੁਰ ਵਿੱਚ ਰੱਖ ਲਿਆ ਗਿਆ ਜਿਸ ਨੂੰ ਕਿ ਸੋਢੀ ਪਰਿਵਾਰ ਦੇ ਵੰਸ਼ਜ ਭਾਈ ਗੁਰਦਾਸ ਦੇ ਹੱਥੀਂ ਲਿਖੀ ਅਸਲੀ ਬੀੜ (ਸ੍ਰੀ ਆਦਿ ਗ੍ਰੰਥ) ਹੋਣ ਦਾ ਦਾਵਾ ਕਰਦੇ ਆ ਰਹੇ ਹਨ। ਪਰੰਤੂ ਬਹੁਤ ਸਾਰੇ ਵਿਦਵਾਨਾਂ ਨੇ ਇਸ ਦਾਵੇ ਨੂੰ ਝੂਠਾ ਸਾਬਤ ਕੀਤਾ ਹੈ ਜਿਹਨਾਂ ਵਿਚੋਂ ਡਾ. ਪਿਆਰ ਸਿੰਘ ਪ੍ਰਮੁੱਖ ਹੈ (ਵੇਖੋ, ਪੁਸਤਕ ‘ਗਾਥਾ ਸ੍ਰੀ ਆਦਿ ਗ੍ਰੰਥ’ ; ਲੇਖਕ ਡਾ. ਪਿਆਰ ਸਿੰਘ)।
ਭਾਵੇਂ ਕਿ ਸਿਖ ਸੰਗਤ ਵੱਲੋਂ ਭਾਈ ਬੰਨੋਂ ਵਾਲੀ ਬੀੜ ਜਾਂ ਇਸ ਦੇ ਹੋਏ ਹਰ ਉਤਾਰੇ ਨੂੰ ਸਦਾ ਹੀ ਪੂਰਾ-ਪੂਰਾ ਸਤਿਕਾਰ ਦਿੱਤਾ ਜਾਂਦਾ ਰਿਹਾ ਹੈ ਪਰੰਤੂ ਇਸ ਬੀੜ ਦੀ ਮਿਸਲ ਦੇ ਸਿੱਖ ਪਰੰਪਰਾ ਉਤੇ ਪਰਭਾਵ ਨਾਂਹਪੱਖੀ ਹੀ ਰਹੇ ਹਨ ਜਿਵੇਂ ਕਿ
1. ਭਾਈ ਬੰਨੋਂ ਵੱਲੋਂ ਗੁਰੂ ਜੀ ਦੀ ਇਜਾਜ਼ਤ ਤੋਂ ਬਿਨਾਂ ਚੋਰੀ-ਚੋਰੀ ਸ੍ਰੀ ਆਦਿ ਗ੍ਰੰਥ ਦੀ ਨਕਲ ਕਰਵਾ ਕੇ ਇੱਕ ਹੋਰ ਬੀੜ ਤਿਆਰ ਕਰਵਾ ਲੈਣਾ ਕੋਈ ਸ਼ਲਾਘਾਯੋਗ ਜਾਂ ਸਿਹਤਮੰਦ ਕਾਰਵਾਈ ਨਹੀਂ ਕਹੀ ਜਾ ਸਕਦੀ, ਉਹ ਵੀ ਉਸ ਹਾਲਤ ਵਿੱਚ ਜਦੋਂ ਭਾਈ ਬੰਨੋਂ ਗੁਰੂ ਜੀ ਦਾ ਅਨਿੰਨ ਸ਼ਰਧਾਲੂ ਕਰ ਕੇ ਜਾਣਿਆਂ ਜਾਂਦਾ ਹੋਵੇ।
2. ਭਾਈ ਬੰਨੋਂ ਵੱਲੋਂ ਨਕਲ ਕਰਵਾ ਕੇ ਤਿਆਰ ਕੀਤੀ ਬੀੜ ਵਿੱਚ ਵਾਧੂ ਬਾਣੀ ਪਾ ਲੈਣਾ ਇੱਕ ਨਿੰਦਣਣੋਗ ਕਾਰਵਾਈ ਹੀ ਬਣਦੀ ਹੈ। ਜੇਕਰਂ ਇਹ ਵਾਧੂ ਬਾਣੀ ਲਿਖਾਰੀਆਂ ਨੇ ਭਾਈ ਬੰਨੋਂ ਦੀ ਜਾਣਕਾਰੀ ਤੋਂ ਬਿਨਾਂ ਆਪਣੀ ਮਰਜ਼ੀ ਨਾਲ ਵੀ ਚੜ੍ਹਾਈ ਹੋਵੇ ਤਾਂ ਵੀ ਇਸ ਕਾਰਵਾਈ ਦੀ ਜ਼ਿਮੇਵਾਰੀ ਭਾਈ ਬੰਨੋਂ ਦੇ ਸਿਰ ਹੀ ਆਉਂਦੀ ਹੈ ਅਤੇ ਇਸ ਤੋਂ ਗੈਰਪਰਮਾਣਿਕ ਬੀੜਾਂ ਤਿਆਰ ਕੀਤੇ ਜਾਣ ਦੀ ਪਰੰਪਰਾ ਦਾ ਮੁੱਢ ਬੱਝਦਾ ਹੈ।
3. ਪਿੰਡ ਮਾਂਗਟ ਵਿੱਚ ਭਾਈ ਬੰਨੋਂ ਵਾਲੀ ਬੀੜ ਲਈ ਵਿਸ਼ੇਸ਼ ਮੰਦਰ ਦਾ ਉਸਾਰਿਆ ਜਾਣਾ, ਉਸ ਮੰਦਰ ਵਿੱਚ ਬੀੜ ਨੂੰ ਰੱਖ ਕੇ ਚੜ੍ਹਾਵਾ ਇਕੱਤਰ ਕਰਨਾ, ਭਾਈ ਬੰਨੋਂ ਦੇ ਵੰਸ਼ਜਾਂ ਵੱਲੋਂ ਬੀੜ ਨੂੰ ਵਾਰੀ ਘਰ ਵਿੱਚ ਰੱਖਣਾ ਆਦਿਕ ਅਜਿਹੀਆਂ ਕਾਰਵਾਈਆਂ ਹਨ ਜੋ ਸਿੱਖੀ ਦੇ ਮੁੱਢਲੇ ਅਸੂਲਾਂ ਦੇ ਅਨੁਸਾਰ ਨਹੀਂ।
4. ਇੱਕ ਬਹੁਤ ਮਾੜੀ ਗੱਲ ਸੀ ਭਾਈ ਬੰਨੋਂ ਵਾਲੀ ਬੀੜ ਦੇ ਉਤਾਰਿਆਂ ਨੂੰ ਪਰਮਾਣਿਕ ਸਰੋਤ ਸਮਝ ਕੇ ਵਰਤੋਂ ਕਰਨਾ। ਕਿਉਂਕਿ ਇਸ ਬੀੜ ਅਤੇ ਇਸ ਦੇ ਉਤਾਰਿਆਂ ਵਿੱਚ ਸ੍ਰੀ ਆਦਿ ਗ੍ਰੰਥ ਨਾਲੋਂ ਕਾਫੀ ਭਿੰਨਤਾ ਬਣ ਗਈ ਸੀ ਇਹ ਬੀੜ ਅਤੇ ਇਸ ਦੇ ਉਤਾਰੇ ਗੁਰਬਾਣੀ ਦੇ ਅਧਿਐਨ ਲਈ ਆਦਰਸ਼ਕ ਸੋਮੇਂ ਨਹੀਂ ਸਨ ਬਣ ਸਕਦੇ। ਪਰੰਤੂ ਸ੍ਰੀ ਆਦਿ ਗ੍ਰੰਥ ਅਤੇ ਦਮਦਮੀ ਬੀੜ ਦੇ ਉਪਲਭਧ ਨਾ ਹੋਣ ਕਰਕੇ ਸ਼ਰਧਾਲੂਆਂ ਅਤੇ ਵਿਦਵਾਨਾਂ ਦੀ ਨਿਰਭਰਤਾ ਭਾਈ ਬੰਨੋਂ ਵਾਲੀ ਬੀੜ ਦੀ ਮਿਸਲ ਤੇ ਹੀ ਬਣੀ ਰਹੀ।
5. ਸਭ ਤੋਂ ਮਾੜੀ ਗੱਲ ਇਹ ਹੋਈ ਕਿ ਭਾਈ ਬੰਨੋਂ ਵਾਲੀ ਬੀੜ ਦੇ ਇੱਕ ਅਤੀ ਦੋਸ਼ਪੂਰਣ ਉਤਾਰੇ ਨੂੰ ਕਰਤਾਰਪੁਰ ਵਿੱਚ ਰੱਖ ਕੇ ਸੋਢੀ ਪਰਿਵਾਰ ਵੱਲੋਂ ਇਸ ਨੂੰ ਭਾਈ ਗੁਰਦਾਸ ਵਾਲੀ ਬੀੜ (ਸ੍ਰੀ ਆਦਿ ਗ੍ਰੰਥ) ਦੇ ਤੌਰ ਤੇ ਪਰਚਾਰਿਆ ਗਿਆ। ਇਸ ਪਰਚਾਰ ਦੇ ਅਸਰ ਹੇਠ ਹੀ ਕਈ ਭੁਲੱਕੜ ਜਾਂ ਅਸੁਹਿਰਦ ਵਿਦਵਾਨਾਂ ਨੇ ਕਰਤਾਰਪੁਰੀ ਬੀੜ ਦੇ ਹਵਾਲੇ ਨਾਲ ਕੁੱਝ ਗੈਰਵਾਜਬ ਅੰਸ਼ ਉਨ੍ਹੀਵੀਂ ਅਤੇ ਵੀਹਵੀਂ ਸਦੀ ਵਿੱਚ ਤਿਆਰ ਹੋਈਆਂ ਬੀੜਾਂ ਵਿੱਚ ਪਾ ਦਿੱਤੇ। ਅਜੋਕੀ ਪਰਚਲਤ ਬੀੜ ਵਿੱਚ ਰਾਗਮਾਲਾ ਅਜਿਹੇ ਹਵਾਲੇ ਦੇ ਬਹਾਨੇ ਨਾਲ ਹੀ ਸ਼ਾਮਲ ਕੀਤੀ ਗਈ ਹੈ। ਦੂਸਰੀ ਉਦਾਹਰਣ ਭਗਤ ਸੂਰ ਦਾਸ ਪਹਿਲੇ ਦੇ ਸ਼ਬਦ ਦੀ ਲਈ ਜਾ ਸਕਦੀ ਹੈ ਜਿਸਦੀ ਇੱਕੋ-ਇੱਕ ਤੁੱਕ (ਛਾਡਿ ਮਨ ਹਰਿ ਬਿਮੁਖਨ ਕੋ ਸੰਗ।।) ਅਜੋਕੀ ਬੀੜ ਵਿੱਚ ਸ਼ਾਮਲ ਹੈ ਅਤੇ ਇਸ ਉਤੇ ਕੋਈ ਨੰਬਰ ਵੀ ਨਹੀਂ ਲੱਗਾ ਹੋਇਆ। ਇਹ ਇੱਕ-ਤੁੱਕੀ ਸ਼ਬਦ ਵੀ ਵਾਇਆ ਕਰਤਾਰਪੁਰੀ ਬੀੜ ਹੀ ਆਇਆ ਹੈ ਜਦ ਕਿ ਕਰਤਾਰਪੁਰੀ ਬੀੜ ਖੁਦ ਵਾਇਆ ਭਾਈ ਬੰਨੋਂ ਵਾਲੀ ਬੀੜ ਦੇ ਕਿਸੇ ਉਤਾਰੇ ਦੇ ਹੋਂਦ ਵਿੱਚ ਆਈ ਹੈ।
ਅੰਤ ਵਿੱਚ ਇਹ ਕਹਿਣਾ ਜ਼ਰੂਰੀ ਹੋ ਜਾਂਦਾ ਹੈ ਕਿ ਸਿੱਖ ਜਗਤ ਨੂੰ ਭਾਈ ਬੰਨੋਂ ਵਾਲੀ ਬੀੜ ਦੀ ਅਸਲੀਅਤ ਬਾਰੇ ਚੰਗੀ ਤਰ੍ਹਾਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਇਸ ਦੇ ਅਣਸੁਖਾਵੇਂ ਪਰਭਾਵਾਂ ਤੋਂ ਬਚਾਅ ਕਰਨ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਘਟੋ ਘਟ ਰਾਗਮਾਲਾ ਦੀ ਸਮੱਸਿਆ ਦਾ ਹਲ ਤਾਂ ਇਸ ਉਪਰ ਦਿੱਤੀ ਵਿਆਖਿਆ ਵਿਚੋਂ ਨਿਕਲ ਹੀ ਸਕਦਾ ਹੈ।
--- 0 ---
ਇਕਬਾਲ ਸਿੰਘ ਢਿੱਲੋਂ (ਡਾ.)
ਚੰਡੀਗੜ੍ਹ।
ਫੋਨ. 9317910734




.