.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਗੁਰਿ ਗਿਆਨੁ ਦੀਓ ਮਨੁ ਸਮਝਾ

ਆਪਣੀਆਂ ਗ਼ਲਤੀਆਂ ਨੂੰ ਸੁਧਾਰਣ ਦੀ ਬਜਾਏ ਇਹ ਕਹਿਣਾ ਬਹੁਤ ਸੌਖਾ ਹੈ ਕਿ ਮਨੁੱਖ ਗ਼ਲਤੀਆਂ ਦਾ ਪੁਤਲਾ ਹੈ ਤੇ ਗ਼ਲਤੀਆਂ ਅਕਸਰ ਹੁੰਦੀਆਂ ਹੀ ਰਹਿੰਦੀਆਂ ਹਨ। ਆਪਣੇ ਮਨ ਨੂੰ ਨਾ ਬਦਲਣ ਦੇ ਇਹ ਵਧੀਆ ਨੁਕਤੇ ਹਨ। ਪਰ ਸਿਆਣਾ ਆਦਮੀ ਹਮੇਸ਼ਾਂ ਗ਼ਲਤੀਆਂ ਤੋਂ ਸਿੱਖਦਾ ਰਹਿੰਦਾ ਹੈ। ਮਨੁੱਖੀ ਮਨ ਹਰ ਸਮੇਂ ਢਾਊ ਤੇ ਉਸਾਰੂ ਦੇ ਦੋ ਕੰਢਿਆਂ ਵਿਚਕਾਰ ਤੁਰਿਆ ਹੋਇਆ ਹੈ। ਜਿਸ ਕੰਢੇ ਵੀ ਲੱਗੇਗਾ ਉਹੀ ਵਿਚਾਰ ਇਸ `ਤੇ ਭਾਰੂ ਹੁੰਦੇ ਹਨ। ਇਸ ਮਨ ਨੂੰ ਸਮਝਾਉਣ ਲਈ ਤੇ ਗ਼ਲਤੀਆਂ ਦੇ ਵਾੜੇ ਵਿਚੋਂ ਬਾਹਰ ਕੱਢਣ ਲਈ ਗੁਰਿ-ਗਿਆਨ ਦੇ ਉਪਦੇਸ਼ ਨੂੰ ਵਿਚਾਰਨ ਦੀ ਜ਼ਰੂਰਤ ਹੈ। ਇਸ ਗਿਆਨ ਨੂੰ ਹੀ ਗੁਰਬਾਣੀ ਗਿਆਨ ਕਿਹਾ ਗਿਆ ਹੈ। ਮਨ ਦੇ ਵੇਗ ਨੂੰ ਸਹੀ ਵੇਗ ਵਿੱਚ ਤਬਦੀਲ ਕਰਨ ਲਈ ਗੁਰੂ ਰਾਮਦਾਸ ਜੀ ਦੇ ਇੱਕ ਵਾਕ ਨੂੰ ਸਮਝਣ ਦਾ ਯਤਨ ਕੀਤਾ ਜਾਏਗਾ—

ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ॥

ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ॥ 1॥

ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ॥

ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ॥ ਰਹਾਉ॥

ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾ॥

ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ॥ 2॥

ਦਰਸਨੁ ਸਾਧ ਮਿਲਿਓ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ॥

ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ॥ 3॥

ਜਿਨ ਕਉ ਕ੍ਰਿਪਾ ਕਰੀ ਜਗ ਜੀਵਨਿ ਹਰਿ ਉਰਿਧਾਰਿਓ ਮਨ ਮਾਝਾ॥

ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ॥ 4॥ 5॥

ਜੈਤਸਰੀ ਮਹਲਾ ੪ ਪੰਨਾ ੬੯੭

ਰਹਾਉ ਦੀ ਦੂਜੀ ਤੁਕ ਵਿੱਚ ਗੁਰ-ਗਿਆਨ ਨਾਲ ਆਤਮਕ ਸੂਝ ਦੀ ਪ੍ਰਪੱਕਤਾ ਆਉਂਦੀ ਹੈ। ਜਿਸ ਤਰ੍ਹਾਂ ਸਿਖਾਂਦਰੂ ਆਪਣੇ ਉਸਤਾਦ ਪਾਸੋਂ ਕੋਈ ਗੁਣ ਸਮਝ ਕੇ ਜੀਵਨ ਦੇ ਖੇਤਰ ਵਿੱਚ ਜਾਂਦਾ ਹੈ ਤੇ ਨਾਲ ਹੀ ਕਾਮਯਾਬੀ ਹਾਸਲ ਕਰਦਾ ਹੈ। ਮੇਰਾ ਇੱਕ ਮਿੱਤਰ ਤਬਲੇ ਦੀ ਵਿਦਿਆ ਲੈਣ ਲਈ ਉਸਤਾਦ ਪਾਸ ਗਿਆ। ਉਸਤਾਦ ਜੀ ਨੇ ਕਿਹਾ ਕੇ ਤਬਲਾ ਵਜਾਉਣਾ ਸ਼ੁਰੂ ਕਰੋ। ਜਦ ਤਬਲਾ ਵਜਾਇਆ ਤਾਂ ਉਸਤਾਦ ਜੀ ਨੇ ਕਿਹਾ ਕਿ ਕਾਕਾ ਜੀ ਜੋ ਤੁਸਾਂ ਸਿੱਖਿਆ ਹੈ ਉਸ ਦਾ ਅਧਾਰ ਗਲਤ ਹੈ, ਤੁਹਾਡੇ ਹੱਥ ਰੱਖਣ ਦਾ ਤਰੀਕਾ ਵੀ ਸਹੀ ਨਹੀਂ ਹੈ। ਜੋ ਤੁਸਾਂ ਸਿੱਖਿਆ ਹੈ ਉਸ ਨੂੰ ਭੁੱਲ ਜਾਉ ਤਾਂ ਤੁਹਾਨੂੰ ਤਬਲਾ ਆ ਸਕਦਾ ਹੈ ਵਰਨਾ ਸਮਾਂ ਅਜਾਈ ਨਾ ਗਵਾਇਆ ਜੇ। ਸਾਡੇ ਮਨ ਵਿੱਚ ਭੈੜੇ ਭੈੜੇ ਖ਼ਿਆਲਾਂ ਦੀ ਕੁਰਬਲ ਕੁਰਬਲ ਹੁੰਦੀ ਰਹਿੰਦੀ ਹੈ। ਜੇ ਗੁਰੂ ਦੀ ਸਿੱਖਿਆ ਨੂੰ ਸਮਝ ਲਈਏ ਤਾਂ ਆਤਮਕ ਸੂਝ ਪ੍ਰਗਟ ਹੋ ਸਕਦੀ ਹੈ-” ਗੁਰਿ ਗਿਆਨੁ ਦੀਓ ਮਨੁ ਸਮਝਾ” ਸਮਝ ਵਲ ਨੂੰ ਤੁਰਨਾ ਹੀ ਕ੍ਰਿਪਾਲੂ ਪ੍ਰਭੂ ਦੀ ਕ੍ਰਿਪਾ ਹੈ—” ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ” ਆਮ ਕਰਕੇ ਏਹੀ ਕਿਹਾ ਜਾਂਦਾ ਹੈ ਕਿ ਜੀ ਪ੍ਰਮਾਤਮਾ ਕਿਰਪਾ ਕਰੇਗਾ ਤਾਂ ਅਸੀਂ ਇਹ ਕੰਮ ਕਰਾਂਗੇ। ਅਜੇ ਜੀ ਸਾਡੇ ਤੇ ਕਿਰਪਾ ਨਹੀਂ ਹੋਈ। ਬਹਾਨੇ ਲਗਾਉਣ ਨੂੰ ਕਹੀ ਜਾਣਾ ਕਿ ਅਜੇ ਰੱਬ ਜੀ ਦੀ ਕਿਰਪਾ ਨਹੀਂ ਹੋਈ। ਇਸ ਤੁਕ ਵਿੱਚ ਆਤਮਕ ਗਿਆਨ ਦੀ ਸਮਝ ਦਾ ਆ ਜਾਣਾ ਹੀ ਪਰਮਾਤਮਾ ਦੀ ਕ੍ਰਿਪਾ ਹੈ।

ਇਸ ਸ਼ਬਦ ਦੇ ਰਹਾਉ ਦੀ ਪਹਿਲੀ ਤੁਕਾਂ ਵਿੱਚ ਇੱਕ ਰਹੱਸ ਬਹੁਤ ਕਮਾਲ ਦਾ ਪ੍ਰਗਟ ਹੁੰਦਾ ਹੈ। ਹੇ ਮੇਰੇ ਮਨ! ਤੇਰੇ ਮਨ ਵਿੱਚ ਹੀ ਪ੍ਰਮਾਤਮਾ ਵੱਸ ਰਿਹਾ ਹੈ ਤੂੰ ਉਸ ਦਾ ਨਾਮ ਜੱਪਿਆ ਕਰ। ਸਵਾਲ ਪੈਦਾ ਹੁੰਦਾ ਹੈ ਕਿ ਮਨ ਵਿੱਚ ਪ੍ਰਮਾਤਮਾ ਕਿਵੇਂ ਵੱਸ ਰਿਹਾ ਹੈ? ਜਾਂ ਪ੍ਰਮਾਤਮਾ ਕਿਹੜੇ ਰੂਪ ਵਿੱਚ ਵੱਸ ਰਿਹਾ ਹੈ। ਫਿਰ ਜੱਪਣਾ ਕਿਵੇਂ ਹੈ? ਅਜੇਹੇ ਡੂੰਘੇ ਭੇਦਾਂ ਨੂੰ ਸਮਝਣ ਲਈ ਇਸ ਨੁਕਤੇ ਵਲ ਧਿਆਨ ਦੇਣਾ ਪਵੇਗਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਮਾਤਮਾ ਦਾ ਵਿਸਥਾਰ ਮੰਗਲਾ ਚਰਣ ਦੇ ਵਿੱਚ ਪ੍ਰਗਟ ਕੀਤਾ ਹੈ। ਇਹ ਮੰਗਲਾ ਚਰਣ ਰੱਬੀ ਗੁਣਾਂ ਦੀ ਭਰਪੂਰਤਾ ਨਾਲ ਭਰਿਆ ਪਿਆ ਹੈ ਤੇ ਰੱਬ ਜੀ ਸਾਡੇ ਸਾਰਿਆਂ ਵਿੱਚ ਮੌਜੂਦ ਹਨ। ਭਾਵ ਰੱਬ ਜੀ ਦੇ ਸਦੀਵ ਕਾਲ ਗੁਣਾਂ ਨੂੰ ਹਰ ਵੇਲੇ ਵਰਤਣ ਦਾ ਵਿਧਾਨ ਹੈ ਜਿਸ ਨੂੰ ਗੁਰਮਤ ਵਿੱਚ ਜਪਣਾ ਕਿਹਾ ਜਾਂਦਾ ਹੈ।

‘ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ’॥

‘ਹਰਿ ਮਾਝਾ’ ਦਾ ਅਰਥ ਹੈ ਮਨ ਅੰਦਰ ਵੱਸ ਰਿਹਾ ਪਰਮਾਤਮਾ—ਭਾਵ ਰੱਬ ਜੀ ਦੇ ਗੁਣ ਸਾਡੇ ਅੰਦਰ ਵੱਸ ਰਹੇ ਹਨ। ਗੁਰਬਾਣੀ ਦਾ ਇਹ ਸਪੱਸ਼ਟ ਫਰਮਾਣ ਹੈ ਕਿ ਰੱਬ ਜੀ ਦਾ ਕੋਈ ਰੂਪ ਰੰਗ ਜਾਂ ਉਸ ਦਾ ਕੋਈ ਰੇਖਾ ਚਿੱਤਰ ਨਹੀਂ ਹੈ, ਫਿਰ ਉਸ ਦੇ ਸਦਾ ਰਹਿਣ ਵਾਲੇ ਗੁਣਾਂ ਨਾਲ ਹੀ ਸਾਂਝ ਪਾਈ ਜਾ ਸਕਦੀ ਹੈ—

ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭੁ ਭਿੰਨ॥

ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ॥ 1॥

ਇਸ ਸ਼ਬਦ ਦੀ ਰਹਾਉ ਵਾਲੀ ਤੁਕ ਵਿੱਚ ਮਨ ਨੂੰ ਸੰਬੋਧਨ ਹੁੰਦਿਆਂ ਸਮਝਾਇਆ ਗਿਆ ਹੈ ਕਿ ਮੇਰੇ ਮਨ ਤੇਰੇ ਅੰਦਰ ਭਾਵ ਤੇਰੇ ਸੁਭਾਅ ਵਿੱਚ ‘ਰਾਮ ਨਾਮੁ ਹਰਿ ਮਾਝਾ’ ਪਰਮਾਤਮਾ ਦੇ ਗੁਣ ਪਏ ਹੋਏ ਹਨ ਤੂੰ ਉਹਨਾਂ ਦੀ ਵਰਤੋਂ ਕਰ ਜਿਸ ਨੂੰ ਸਿਮਰਨਾ ਆਖਿਆ ਗਿਆ ਹੈ।

ਇਹਨਾਂ ਦੋਨਾਂ ਰਹਾਉ ਦੀਆਂ ਤੁਕ ਵਿੱਚ ਗੁਰ-ਗਿਆਨ ਦੁਆਰਾ ਆਤਮਕ ਸੂਝ ਆਉਣ ਨਾਲ ਅੰਦਰ ਪਏ ਸਦ ਗੁਣ ਸਾਡੇ ਸੁਭਾਅ ਰਾਂਹੀ ਪ੍ਰਗਟ ਹੁੰਦੇ ਹਨ। ਸਕੂਲਾਂ ਕਾਲਜਾਂ ਵਿੱਚ ਪੜ੍ਹ ਰਹੇ ਬੱਚਿਆਂ ਦੇ ਅੰਦਰ ਪਏ ਗੁਣਾਂ ਨੂੰ ਅਧਿਆਪਕ ਆਪਣੇ ਹੁਨਰ ਦੁਆਰਾ ਪ੍ਰਗਟ ਕਰਦੇ ਹਨ। ਬੱਚੇ ਪੜ੍ਹ ਲਿਖ ਕੇ ਆਪਣੇ ਹੁਨਰ ਦੀ ਵਰਤੋਂ ਕਰਦੇ ਹਨ। ਸਮੁੱਚੀ ਵਿਚਾਰ ਦਾ ਅਰਥ ਹੈ ਸਦੀਵ ਕਾਲ ਰੱਬੀ ਗੁਣ ਸਾਡੇ ਦਿਮਾਗ਼ ਵਿੱਚ ਪਏ ਹੋਏ ਹਨ ਜੋ ਗੁਰ-ਗਿਆਨ ਰਾਂਹੀ ਸਮਝ ਕੇ ਇਹਨਾਂ ਦੀ ਵਰਤੋਂ ਕਰਨੀ ਨਾਮ ਜੱਪਣਾ ਹੈ। ਇਸ ਸਮਝ ਦਾ ਆ ਜਾਣਾ ਪ੍ਰਭੂ ਦੀ ਕਿਰਪਲਤਾ ਹੈ।

ਰਹਾਉ ਦੀਆਂ ਤੁਕਾਂ ਵਿੱਚ ਗੁਰਿ ਗਿਆਨ ਦੀ ਸਮਝ ਨਾਲ ਰੱਬੀ ਗੁਣਾਂ ਨਾਲ ਭਰਪੂਰਤਾ ਵਾਲੀ ਚੰਗੀ ਮਤ ਉਤਪੰਨ ਹੁੰਦੀ ਹੈ।

ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ॥ ਇਸ ਤੁਕ ਦੇ ਇਹ ਅਰਥ ਕੀਤੇ ਜਾਂਦੇ ਹਨ ਕਿ ਜਿੰਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ੳਹਨਾਂ ਦੀ ਮਾਂ ਨੂੰ ਹਰੀ ਬਾਂਝ ਹੀ ਕਰ ਦੇਵੇ ਤਾਂ ਚੰਗਾ ਹੈ। ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ॥ ਅਜੇਹੇ ਲੋਕਾਂ ਦਾ ਸਰੀਰ ਨਾਮ ਤੋਂ ਸੁੰਞਾਂ ਰਹਿ ਕੇ ਖ਼ੁਆਰ ਹੁੰਦਾ ਹੈ ਤੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ।

ਅੱਖਰੀਂ ਅਰਥ ਇਹੀ ਬਣਦੇ ਹਨ ਜੋ ਉੱਪਰ ਵਿਚਾਰੇ ਹਨ। ਹੁਣ ਥੋੜਾ ਜੇਹਾ ਹੋਰ ਵਿਸਥਾਰ ਵਿੱਚ ਜਾਣ ਦੀ ਜ਼ਰੂਰਤ ਹੈ ਤਾਂ ਕਿ ਗੁਰਬਾਣੀ ਦੇ ਅੰਤਰੀਵ ਭਾਵ ਨੂੰ ਸੌਖਿਆਂ ਸਮਝਿਆ ਜਾ ਸਕੇ। ਕੋਈ ਵੀ ਮਾਂ ਇਹ ਨਹੀਂ ਚਹੁੰਦੀ ਕਿ ਮੇਰਾ ਪੁੱਤਰ ਆਗਿਆਕਾਰੀ ਨਾ ਹੋਵੇ ਜਾਂ ਉਹ ਵਿਕਾਰੀ ਪੈਦਾ ਹੋਵੇ। ਮਾਂ ਭਾਨੀ ਜੀ ਦਾ ਬੇਟਾ ਪ੍ਰਿਥੀ ਚੰਦ ਜਿਸ ਨੇ ਸਾਰੀ ਜ਼ਿੰਦਗੀ ਗੁਰੂ ਅਰਜਨ ਪਾਤਸ਼ਾਹ ਦੀ ਵਿਰੋਧਤਾ ਹੀ ਕੀਤੀ ਹੈ। ਇਤਿਹਾਸ ਉਸ ਨੂੰ ਮੀਣਾ ਕਹਿੰਦਾ ਹੈ। ਬਹੁਤ ਅਜੇਹੀਆਂ ਮਿਸਾਲਾਂ ਮਿਲ ਜਾਂਦੀਆਂ ਹਨ। ਪ੍ਰਿਥੀ ਚੰਦ ਦਾ ਸੁਭਾਅ ਗੁਰੂ ਰਾਮਦਾਸ ਜੀ ਤੇ ਮਾਤਾ ਭਾਨੀ ਦੇ ਸੁਭਾਅ ਨਾਲ ਬਿਲਕੁਲ ਮੇਲ ਨਹੀਂ ਖਾਂਦਾ। ਜੇ ਪ੍ਰਿਥੀ ਚੰਦ ਮਾੜਾ ਨਿਕਲਿਆ ਹੈ ਤਾਂ ਇਸ ਵਿੱਚ ਮਾਂ ਦਾ ਤਾਂ ਕੋਈ ਕਸੂਰ ਨਹੀਂ ਹੈ।

ਜਿਨ ਹਰਿ ਹਿਰਦੈ ਨਾਮੁ ਨ ਬਸਿਓ’ ਨਾਮੁ ਨ ਬਸਿਓ ਦਾ ਅਰਥ ਹੈ ਆਤਮਕ ਸੂਝ ਪੈਦਾ ਨਹੀਂ ਹੋਈ ਸਰੀਰ ਰੂਪੀ ਮਾਂ ਨਹੀਂ, ਬਲ ਕੇ ਮਤ ਰੂਪੀ ਮਾਂ ਬਾਂਝ ਰਹੇ ਭਾਵ ਵਿਅਰਥ ਦੀ ਬਹਿਸ, ਬੇ-ਲੋੜੇ ਸੁਝਾਅ ਨਾ ਹੀ ਦੇਵੇ ਤਾਂ ਚੰਗਾ ਹੈ— ‘ਤਿਨ ਮਾਤ ਕੀਜੈ ਹਰਿ ਬਾਂਝਾ’ ਰਹਾਉ ਦੀਆਂ ਤੁਕਾਂ ਵਿੱਚ ਗੁਰਿ ਗਿਆਨ ਨੂੰ ਪ੍ਰਾਪਤ ਕਰਨ ਦੀ ਤਾਗ਼ੀਦ ਕੀਤੀ ਗਈ ਹੈ। ਦੁਨੀਆਂ ਵਿੱਚ ਵਿਚਰਦਿਆਂ ਦੇਖਿਆ ਗਿਆ ਹੈ ਕਿ ਆਮ ਮਨੁੱਖ ਦੀ ਫਿਦਰਤ ਹੈ ਕਿ ਹਰ ਗੱਲ ਵਿੱਚ ਆਪਣੀ ਟੰਗ ਅੜਾਉਣ ਨੂੰ ਸ਼ੁਭ ਕਰਮ ਸਮਝਦਾ ਹੈ। ਸਾਨੂੰ ਕਿਤੇ ਇੱਕ ਮਰੀਜ਼ ਮਿਲ ਜਾਏ ਤਾਂ ਅਸੀਂ ਸਾਰੇ ਹੀ ਆਪਣੇ ਆਪ ਡਾਕਟਰ ਬਣ ਜਾਂਦੇ ਹਾਂ। ਨਵੇਂ ਮਿਲੇ ਮਰੀਜ਼ ਨੂੰ ਆਪਣੀ ਆਪਣੀ ਯੋਗਤਾ ਅਨੁਸਾਰ ਦੁਵਾਈ ਦੱਸੀ ਜਾਣ ਨੂੰ, ਅਸੀਂ ਆਪਣੇ ਬੜੇ ਧੰਨਭਾਗ ਸਮਝ ਰਹੇ ਹੁੰਦੇ ਹਾਂ। ਜੇ ਮੈਨੂੰ ਡਾਕਟਰੀ ਦਾ ਗਿਆਨ ਨਹੀਂ ਹੈ ਤਾਂ ਮੈਨੂੰ ਕਿਸੇ ਮਰੀਜ਼ ਨੂੰ ਦਵਾਈ ਦੱਸਣ ਦਾ ਵੀ ਹੱਕ ਨਹੀਂ ਹੋਣਾ ਚਾਹੀਦਾ। ਮਾਤ ਦਾ ਭਾਵ ਅਰਥ ਮਤ ਹੈ। ਗੁਰਬਾਣੀ ਵਿੱਚ ਮਤ ਨੂੰ ਮਾਈ ਕਿਹਾ ਗਿਆ ਮਿਲਦਾ ਹੈ ਜੇਹਾ ਕਿ—

ਮੁਈ ਮੇਰੀ ਮਾਈ, ਹਉ ਖਰਾ ਸੁਖਾਲਾ॥

ਬਾਣੀ ਕਬੀਰ ਜੀ ਪੰਨਾ ੪੭੬

ਕਬੀਰ ਜੀ ਫਰਮਾਉਂਦੇ ਹਨ ਕਿ ਚੰਗਾ ਹੋਇਆ ਮੇਰੀ ਮਾਈ ਮਰ ਗਈ। ਕੀ ਕਬੀਰ ਸਾਹਿਬ ਜੀ ਆਪਣੀ ਮਾਂ ਪ੍ਰਤੀ ਇੰਜ ਕਹਿ ਸਕਦੇ ਹਨ? ਮੁਈ ਮੇਰੀ ਮਾਈ ਦਾ ਭਾਵ ਚੰਗਾ ਹੋਇਆ ਮੇਰੀ ਪਹਿਲੀ ਭੈੜੀ ਮਤ ਮਰ ਗਈ ਹੈ। ‘ਤਿਨ ਮਾਤ ਕੀਜੈ ਹਰਿ ਬਾਂਝਾ’ ਦਾ ਭਾਵ ਅਰਥ ਉਹ ਮਤ ਬਾਂਝ ਰਹੇ, ਭਾਵ ਆਪਣੀ ਬੇਅਕਲੀ ਵਾਲੀ ਗੱਲ ਨਾ ਕਰੇ ਜਿਸ ਪਾਸ ਸਬੰਧਤ ਗਿਆਨ ਨਹੀਂ ਹੈ।

ਜੇ ਅੰਤਰ ਆਤਮੇ ਗੁਰਿ-ਗਿਆਨ ਨਹੀਂ ਆਇਆ ਤਾਂ ਸਰੀਰ ਸੁੰਞਾ ਹੈ। ਦੇਹ ਸੁੰਞੀ ਦਾ ਅੰਤਰੀਵ ਭਾਵ ਸਰੀਰ ਦੇ ਗਿਆਨ ਇੰਦ੍ਰੇ ਅਕਲ ਤੋਂ ਖਾਲੀ ‘ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ’ ਆਤਮਕ ਸੂਝ ਤੋਂ ਬਿਨਾ ਬੰਦਾ ਕ੍ਰਿਝਦਾ, ਸੜਦਾ-ਭੁਜਦਾ ਰਹਿੰਦਾ ਹੈ ਜੋ ਗਿਆਨ ਇੰਦਰਿਆਂ ਰਾਂਹੀ ਪ੍ਰਗਟ ਹੁੰਦਾ ਹੈ। ਹਰ ਸਮੇਂ ਆਤਮਕ ਮੌਤ ਸਹੇੜੀ ਰੱਖਦਾ ਰਹਿੰਦਾ ਹੈ। ‘ਓਇ ਖਪਿ ਖਪਿ ਮੁਏ ਕਰਾਂਝਾ’ ਆਤਮਕ ਸੂਝ ਦੀ ਘਾਟ ਕਰਕੇ ਬੰਦਾ ਆਤਮਕ ਮੌਤੇ ਮਰਿਆ ਰਹਿੰਦਾ ਹੈ।

ਸਮੁੱਚੇ ਤੌਰ `ਤੇ ਜੇ ਸਾਡੇ ਮਨ ਵਿੱਚ ਗੁਰੂ ਦੀ ਮਤ ਨਹੀਂ ਆਈ ਤਾਂ ਅਸੀਂ ਆਤਮਕ ਤਲ਼ `ਤੇ ਦੁਖੀ ਹੋਵਾਂਗੇ। ਦੁਖ ਕਲੇਸ਼ ਹਰ ਸਮੇਂ ਜਨਮ ਲੈਂਦੇ ਰਹਿੰਦੇ ਰਹਿਣਗੇ। ਅਜੇਹੇ ਬੰਦੇ ਨੂੰ ਲੀਡਰ ਬਣਨ ਦਾ ਕੋਈ ਆਧਿਕਾਰ ਨਹੀਂ ਹੈ। ਭਾਵ ਉਸ ਦੀ ਮਤ ਬਾਂਝ ਹੀ ਰਹੇ ਤਾਂ ਚੰਗਾ। ਕੌਮ ਦੀ ਅਗਵਾਈ ਨਾ ਹੀ ਕਰੇ ਤਾਂ ਚੰਗਾ ਹੈ।

ਪਰਮਾਤਮੀ ਗੁਣਾਂ ਦੀ ਸੇਧ ਗੁਰ ਦੀ ਮਤ ਵਿਚੋਂ ਪ੍ਰਗਟ ਹੁੰਦੀ ਹੈ। ਅਜੇਹੀ ਸੇਧ `ਤੇ ਤੁਰਨਾ ਪ੍ਰਮੇਸ਼ਰ ਭਗਤੀ ਅਖਵਾਉਂਦਾ ਹੈ ‘ਹਰਿ ਕੀਰਤਿ ਕਲਜੁਗਿ ਪਦੁ ਊਤਮੁ’ ਸਿੱਖੀ ਹੋਈ ਜੀਵਨ ਜਾਚ ਉਤਮ ਪਦਵੀ ਹੈ ਜੋ ਗੁਰੂ ਪਾਸੋਂ ਪ੍ਰਾਪਤ ਹੁੰਦੀ ਹੈ ‘ਹਰਿ ਪਾਈਐ ਸਤਿਗੁਰ ਮਾਝਾ’ ਇੱਕ ਗੱਲ ਤੇ ਬਿਲਕੁਲ ਸਪੱਸ਼ਟ ਹੈ ਕਿ ਪਰਮਾਤਮਾ ਗੁਰੂ ਰਾਂਹੀ ਮਿਲਦਾ ਹੈ। ਭਾਵ ਗੁਰੂ ਦੇ ਦੱਸੇ ਮਾਰਗ `ਤੇ ਚੱਲਣਾ ਹੀ ਰਬ ਜੀ ਦੀ ਪ੍ਰਾਪਤੀ ਹੈ।

ਗੁਰੂ ਅਮਰਦਾਸ ਜੀ ਦਾ ਬੜਾ ਪਿਆਰਾ ਵਾਕ ਹੈ ਕਿ ਹੇ ਬੰਦੇ! ਜੇ ਤੂੰ ਗੁਰੂ ਦੀ ਗੱਲ ਨੂੰ ਸੁਣ ਕੇ ਮੰਨ ਵਿੱਚ ਵਸਾ ਲਏਂ ਤਾਂ ਤੈਨੂੰ ਪਰਮਾਤਮਾ ਆਪ ਆਣ ਕੇ ਮਿਲੇਗਾ।

ਸੁਣਿ ਮਨ ਮੰਨਿ ਵਸਾਇ ਤੂੰ ਆਪੇ ਆਇ ਮਿਲੈ ਮੇਰੇ ਭਾਈ॥

ਆਸਾ ਮਹਲਾ ੩ ਪੰਨਾ ੪੨੫

ਸਿੱਧ ਪੱਧਰੀ ਗੱਲ ਹੈ ਗੁਰੂ ਸਦੀਵ ਕਾਲ ਰੱਬੀ ਗੁਣ ਦੱਸਦਾ ਹੈ ਤੇ ਉਹਨਾਂ ਗੁਣਾਂ ਉੱਤੇ ਤੁਰਨਾ ਹੀ ਰੱਬੀ ਮਿਲਾਪ ਹੈ। ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਮੇਰੇ ਅੰਦਰ ਪਏ ਹੋਏ ਗੁਣਾਂ ਬਾਰੇ ਮੈਨੂੰ ਜਾਣਕਾਰੀ ਦਿੱਤੀ ਹੈ— ‘ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ’ ਸੱਜਣ ਠੱਗ ਆਪਣੀ ਵਲੋਂ ਬਹੁਤ ਹੀ ਧਰਮ ਦਾ ਕਰਮ ਕਰ ਰਿਹਾ ਸੀ ਪਰ ਗੁਰੂ ਨਾਨਕ ਸਾਹਿਬ ਜੀ ਨੇ ਸੱਜਣ ਦੀ ਅਸਲੀਅਤ ਉਸ ਦੇ ਸਾਹਮਣੇ ਰੱਖੀ, ਤੇ ਨਾਲ ਹੀ ਸਮਝਾਇਆ ਮਿੱਤਰਾ ਇਹ ਅਸਲੀ ਧਰਮ ਦਾ ਕਰਮ ਨਹੀਂ ਹੈ। ਸੱਜਣ ਦੇ ਹਿਰਦੇ ਵਿੱਚ ਸੇਵਾ, ਨਿੰਮ੍ਰਤਾ, ਧਰਮ ਦੇ ਕਾਰਜ, ਭੈ-ਭਾਵਨੀ ਆਦ ਲੁਕੇ ਹੋਏ ਗੁਣਾਂ ਨੂੰ ਗੂਰੂ ਸਾਹਿਬ ਜੀ ਪ੍ਰਗਟ ਕਰਕੇ ਧਰਮ ਦਾ ਪਰਚਾਰ ਕਰਨ ਲਈ ਤੇ ਮਨੁੱਖਤਾ ਦੀ ਸੇਵਾ ਕਰਨ ਵਲ ਲਗਾ ਦਿੱਤਾ।

ਗੁਰੂ ਦੇ ਸ਼ਬਦ ਦੀ ਜਦੋਂ ਚੋਟ ਲੱਗਦੀ ਦੇਖਦੇ ਹਾਂ ਤਾਂ ਜੀਵਨ ਬਦਲ ਜਾਂਦਾ ਹੈ। ਬੱਚਿਆਂ ਦੀ ਪ੍ਰਤਿਭਾ ਬੱਚਿਆਂ ਦੇ ਹਿਰਦੇ ਵਿੱਚ ਲੁਕੀ ਹੁੰਦੀ ਹੈ। ਚੰਗੇ ਅਧਿਆਪਕ ਬੱਚਿਆਂ ਦੀ ਪ੍ਰਤਿਭਾ ਪ੍ਰਗਟ ਕਰਦੇ ਹਨ। ਮੈਂ ਆਪਣੇ ਸਤਿਗੁਰ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਮੈਨੂੰ ਚੰਗਾ ਜੀਵਨ ਜਿਉਣ ਦੀ ਜਾਚ ਸਿਖਾਈ ਹੈ। ਗੁਪਤੁ ਨਾਮੁ ਪਰਗਾਝਾ ਦਾ ਭਾਵ ਅਰਥ ਅੰਦਰ ਲੁਕੇ ਹੋਏ ਦੈਵੀ ਗੁਣ ਸੁਭਾਅ ਰਾਂਹੀਂ ਪ੍ਰਗਟ ਹੋਣ ਲੱਗ ਪਏ। ਜੀਵਨ ਜਿਉਣ ਦੀ ਜਾਚ ਆ ਗਈ। ਬੇ-ਲੋੜੇ ਝਗੜੇ, ਬੇ ਲੋੜੀਆਂ ਦਲੀਲਾਂ, ਹੁਜਤਾਂ ਕਰਨ ਵਾਲੀ ਆਦਤ ਤੋਂ ਛੁਟਕਾਰਾ ਮਿਲ ਜਾਣਾ ਹੀ ਪਰਮਾਤਮਾ ਦੇ ਨਾਮ ਦਾ ਪ੍ਰਗਟ ਹੋਣਾ ਹੈ।

ਸ਼ਬਦ ਦੇ ਤੀਸਰੇ ਬੰਦ ਵਿੱਚ ਸਾਧ ਦੇ ਦਰਸ਼ਨ ਕਰਨ ਨਾਲ ਸਾਰੇ ਹੀ ਪਾਪ ਦੂਰ ਹੁੰਦੇ ਹਨ—

ਦਰਸਨੁ ਸਾਧ ਮਿਲਿਓ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ॥

ਫਿਰ ਇਸ ਦਾ ਅਰਥ ਹੋਇਆ ਆਪਣੇ ਇਲਾਕੇ ਦੇ ਸਾਧ ਦੇ ਦਰਸ਼ਨ ਕਰਨ ਨਾਲ ਸਾਡੇ ਸਾਰੇ ਹੀ ਪਾਪ ਦੂਰ ਹੋ ਜਾਣਗੇ। ਇਹਨਾਂ ਤੁਕਾਂ ਦਾ ਅਧਾਰ ਹੀ ਸਾਧਾਂ ਨੇ ਪੇਸ਼ ਕਰਕੇ ਭੋਲੀ ਲੁਕਾਈ ਨੂੰ ਭੰਬਲ਼ ਭੂਸੇ ਵਿੱਚ ਪਾਇਆ ਹੋਇਆ ਹੈ ਕਿ ਫਲਾਣੇ ਸਾਧ ਦੇ ਦਰਸ਼ਨਾਂ ਨਾਲ ਤੁਹਾਡਾ ਵਿਗੜਿਆ ਹੋਇਆ ਕਾਰਜ ਰਾਸ ਹੋ ਜਾਏਗਾ।

ਇਹਨਾਂ ਤੁਕਾਂ ਦੇ ਭਾਵ ਅਰਥ ਨੂੰ ਵਾਚਣ ਦੀ ਜ਼ਰੂਰਤ ਹੈ। ‘ਦਰਸਨੁ ਸਾਧ ਮਿਲਿਓ ਵਡਭਾਗੀ’ ਦਾ ਅਰਥ ਹੈ ਗੁਰੂ ਜੀ ਦਾ ਫਲਸਫ਼ਾ। ਇਸ ਫਲਸਫ਼ੇ ਨੂੰ ਸਮਝਿਆਂ ਤੇ ਨਿਤਾ ਪ੍ਰਤੀ ਵਰਤੋਂ ਵਿੱਚ ਲਿਆਉਂਦਿਆਂ ਵਡਭਾਗੀ ਬਣਦੇ ਹਾਂ ਤੇ ਮਨ ਦੀ ਮਲੀਨ ਸੋਚ ਖਤਮ ਹੁੰਦੀ ਹੈ- ‘ਸਭਿ ਕਿਲਬਿਖ ਗਏ ਗਵਾਝਾ’।

ਪੁਰਾਣਿਆਂ ਸਮਿਆਂ ਵਿੱਚ ਪਿੰਡਾਂ ਦੇ ਸ਼ਾਹ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦੇ ਸੀ। ਏਸੇ ਤਰ੍ਹਾਂ ਹੀ ਜੇ ਅਸੀਂ ਗੁਰੂ ਜੀ ਨੂੰ ਆਪਣਾ ਸ਼ਾਹ ਬਣਾ ਲਈਏ ਤਾਂ ਗੁਰੂ ਜੀ ਸਾਡੀਆਂ ਆਤਮਕ ਲੋੜਾਂ ਪੂਰੀਆਂ ਕਰਨਗੇ। ਸ਼ਾਹ ਗੁਰੂ ਸਾਨੂੰ ਆਪਣੇ ਗਿਆਨ ਰਾਂਹੀ ਰੱਬੀ ਗੁਣਾਂ ਦੀ ਖਾਣ ਬਖਸ਼ਦਾ ਹੈ। ਇਹਨਾਂ ਗੁਣਾਂ ਨੂੰ ਅਪਨਾਇਆਂ ਅਸੀਂ ਵੀ ਸ਼ਾਹ ਬਣ ਸਕਦੇ ਹਾਂ- ‘ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ’।

ਜਿਸ ਮਨੁੱਖ ਨੇ ਉਦਮ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣ ਲਿਆ ਉਹ ਕਦੇ ਵੀ ਜ਼ਿੰਦਗੀ ਵਿੱਚ ਪਿੱਛੇ ਨਹੀਂ ਰਹੇਗਾ। ਏਸੇ ਤਰ੍ਹਾਂ ਜੇ ਰੱਬੀ ਨਾਮ ਨੂੰ ਹਿਰਦੇ ਵਿੱਚ ਵਸਾਉਣ ਦਾ ਉਦਮ ਕਰਾਂਗੇ ਤਾਂ ਇਹ ਰੱਬ ਜੀ ਦੀ ਸਾਡੇ `ਤੇ ਕ੍ਰਿਪਾ ਹੋਏਗੀ—

ਜਿਨ ਕਉ ਕ੍ਰਿਪਾ ਕਰੀ ਜਗ ਜੀਵਨਿ ਹਰਿ ਉਰਿਧਾਰਿਓ ਮਨ ਮਾਝਾ॥

ਸਾਰੇ ਸ਼ਬਦ ਦੀ ਵਿਚਾਰ ਤੋਂ ਇਹ ਪ੍ਰਗਟ ਹੁੰਦਾ ਹੈ ਕਿ ਜੇ ਗੁਰੂ ਸਾਹਿਬ ਜੀ ਦੇ ਗਿਆਨ ਨੂੰ ਸਮਝ ਕੇ ਆਪਣੀ ਜ਼ਿੰਦਗੀ ਦਾ ਅੰਗ ਬਣਾ ਲਈਏ ਤਾਂ ਉਹ ਰੱਬ ਜੀ ਨਾਲ ਮਿਲਾਪ ਹੋਏਗਾ। ਰੱਬ ਜੀ ਸਾਡੇ ਨਾਲੋਂ ਕੋਈ ਵੱਖਰੇ ਨਹੀਂ ਹਨ ਉਹ ਸ਼ੁਭ ਗੁਣਾਂ ਦੇ ਰੂਪ ਵਿੱਚ ਸਾਡੇ ਦਿਮਾਗ ਦੀ ਸੋਚ ਵਿੱਚ ਹੀ ਬੈਠਾ ਹੋਇਆ ਹੈ। ਸ਼ੁਭ ਸੋਚ ਦਾ ਜਨਮ ਹੁੰਦਿਆਂ ਵਿਕਾਰਾਂ ਦਾ ਵਰਕਾ ਪਾੜ ਜਾਏਗਾ--ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ॥ ਸ਼ਬਦ ਦੇ ਰਹਾਉ ਦੀਆਂ ਤੁਕਾਂ ਵਿੱਚ ‘ਗੁਰਿ ਗਿਆਨੁ ਦੀਓ ਮਨੁ ਸਮਝਾ’ ਗੁਰੂ ਦੇ ਗਿਆਨ ਦੁਆਰਾ ਸਮਝ ਆ ਗਈ ਕਿ ਵਿਕਾਰੀ ਬਿਰਤੀ ਦਾ ਤਿਆਗ ਕਰਕੇ ਸ਼ੁਭ ਗੁਣਾਂ ਆਨੁਸਾਰ ਜੀਵਨ ਜਿਉਣਾ ਹੈ। ਇਸ ਧਰਮ ਰਾਇ ਨੇ ਭਾਵ ਰੱਬੀ ਸੋਚ, ਬਿਬੇਕ ਬਿਰਤੀ ਨੇ ਵਿਕਾਰਾਂ ਵਾਲਾ ਕਾਗ਼ਜ਼ ਪਾੜ ਦਿੱਤਾ ਹੈ। ਕਿਉਂਕਿ ਮੈਨੂੰ ਲੇਖੇ ਦੀ ਸਮਝ ਆ ਗਈ ਹੈ।

ਇਹਨਾਂ ਤੁਕਾਂ ਦੇ ਅੱਖਰੀਂ ਅਰਥ ਏਹੀ ਬਣਨਗੇ ਕਿ ਇਸ ਧਰਤੀ ਤੇ ਨਾਮ ਜੱਪਿਆ ਜਾਏ, ਸਾਧਾਂ ਨੂੰ ਦਾਨ ਪੁੰਨ ਕੀਤਾ ਜਾਏ, ਤੀਰਥਾਂ `ਤੇ ਇਸ਼ਨਾਨ ਕੀਤਾ ਜਾਏ ਤੇ ਜਦੋਂ ਅਸੀਂ ਮਰ ਕੇ ਧਰਮ ਰਾਜ ਦੀ ਕਚਹਿਰੀ ਵਿੱਚ ਪੇਸ਼ ਹੋਵਾਂਗੇ ਤਾਂ ਉਹ ਸਾਡਾ ਵਹੀ ਖਾਤਾ ਖੋਹਲ ਕੇ ਵੇਖਦਿਆਂ ਸਾਰ ਕਹੇਗਾ ਕਿ ਇਸ ਨੇ ਤੇ ਬਹੁਤ ਜ਼ਿਆਦਾ ਗੁਰਦੁਆਰੇ ਦੇ ਫ਼ਰਸ਼ ਧੋਤੇ ਹਨ ਇਸ ਲਈ ਇਸ ਦਾ ਲੇਖਿਆਂ ਵਾਲਾ ਕਾਗਜ਼ ਪਾੜ ਦਿੱਤਾ ਜਾਏ। ਸਵਾਲ ਪੈਦਾ ਹੁੰਦਾ ਹੈ ਕਿ ਕਾਗ਼ਜ਼ਾਂ ਦੇ ਥੱਬੇ ਧਰਮ ਰਾਜ ਜੀ ਦੇ ਪਾਸ ਗਏ ਕਿਦਾਂ? ਕੀ ਕਾਗ਼ਜ਼ ਕਿਸੇ ਟਰਾਂਸਪੋਰਟ ਰਾਂਹੀ ਗਏ ਜਾਂ ਧਰਮਰਾਜ ਦੇ ਪਾਸ ਹੀ ਕਾਗ਼ਜ਼ ਤਿਆਰ ਕਰਨ ਵਾਲਾ ਕੋਈ ਕਾਰਖਾਨਾ ਲੱਗਾ ਹੋਇਆ ਹੈ। ਗੱਲ ਤੇ ਗੁਰਿ ਗਿਆਨ ਦੀ ਹੋ ਰਹੀ ਹੈ ਕਿ ਜਿਸ ਨੂੰ ਗੁਰਿ ਗਿਆਨ ਆ ਜਾਂਦਾ ਹੈ ਉਹ ਮੁੜ ਭੈੜੇ ਕਰਮ ਨਹੀਂ ਕਰਦਾ।

ਅਖੀਰਲੀ ਤੁਕ ਵਿੱਚ ਰਹਾਉ ਦੀਆਂ ਤੁਕਾਂ ਦਾ ਹੀ ਵਿਸਥਾਰ ਹੈ ਕਿ ਜਦੋਂ ਲੇਖੇ ਦੀ ਸਮਝ ਆ ਗਈ ‘ਜਨ ਨਾਨਕ ਲੇਖਾ ਸਮਝਾ’ ਤਾਂ ਓਦੋਂ ਬਿਬੇਕ ਬਿਰਤੀ ਨੇ ਜ਼ਿੰਦਗੀ ਦੇ ਸਿੱਧੇ ਰਸਤੇ ਤੋਰ ਦਿੱਤਾ ਭਾਵ ਵਿਕਾਰਾਂ ਵਾਲਾ ਰਾਹ ਛੱਡ ਦਿੱਤਾ।

ਇਸ ਸ਼ਬਦ ਵਿੱਚ ਗੁਰੂ ਦੇ ਗਿਆਨ ਦੁਆਰਾ ਜੋ ਸਾਡੇ ਮਨ ਵਿੱਚ ਰੱਬੀ ਗੁਣ ਪਏ ਹੋਏ ਹਨ ਉਹਨਾਂ ਨੂੰ ਪ੍ਰਗਟ ਕਰਨਾ ਹੈ ਉਹਨਾਂ ਦੀ ਵਰਤੋਂ ਕਰਨੀ ਹੈ। ਮਨ ਦੀ ਸੋਚ ਸ਼ੁਭ ਪਾਸੇ ਤੁਰ ਪੈਣੀ ਹੀ ਲੇਖਿਆ ਵਾਲੇ ਕਾਗ਼ਜ਼ ਪਾੜਨ ਦੇ ਤੁਲ ਹੈ।

ਇਸ ਸ਼ਬਦ ਵਿੱਚ ਕਿਸੇ ਮਾਂ ਪ੍ਰਤੀ ਲਈ ਨਹੀਂ ਕਿਹਾ ਗਿਆ ਜਾਪਦਾ ਕਿ ਹੇ ਮਾਂ ਤੂੰ ਬਾਂਝ ਰਹੋ ਕਿਉਂ ਕਿ ਤੇਰਾ ਬੱਚਾ ਭੈੜਾ ਨਿਕਲ ਆਇਆ ਹੈ। ਜਨਮ ਦੇਣਾ ਤਾਂ ਕੁਦਰਤ ਦੀ ਪਰਕਿਰਿਆ ਹੈ।

ਜ਼ਿੰਮੇਵਾਰ ਮਾਪੇ, ਚੰਗੇ ਸਕੂਲਾਂ ਦੇ ਆਧਿਆਪਕਾਂ ਦੀ ਸਖਤ ਘਾਲਣਾ ਘਾਲਣ ਦੇ ਬਾਵਜੂਦ ਵੀ ਬੱਚੇ ਭੇੜੇ ਨਿਕਲ ਜਾਂਦੇ ਹਨ। ਕੀ ਮਾਂਵਾਂ ਜਾਂ ਸਕੂਲਾਂ ਨੂੰ ਦੋਸ਼ ਦਿੱਤਾ ਜਾਏਗਾ? ਅਸਲ ਵਿੱਚ ਗੁਰਿ ਗਿਆਨ ਨੂੰ ਲੈ ਕੇ ਭੈੜੀ ਮਤ ਨੂੰ ਦੂਰ ਕਰਨਾ ਸੀ, ਜੋ ਨਕਲੀ ਦਵਾਈਆਂ ਨੂੰ ਜਨਮ ਦੇ ਰਹੀ ਹੈ, ਖਾਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਕਰ ਰਹੀ ਹੈ ਜਾਂ ਧਰਮ ਦੇ ਨਾਂ `ਤੇ ਠੱਗੀਆਂ ਮਾਰ ਰਹੀ ਹੈ।




.