ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 02)
ਇਸ ਪੁਸਤਕ (ਸ਼ਰਧਾ ਪੂਰਨ) ਦੇ
ਪਹਿਲੇ ਪ੍ਰਕਰਣ ਤੋਂ ਪਹਿਲਾਂ ‘ਸੂਚਨਾ’ ਸਿਰਲੇਖ ਦੇ ਹੇਠਾਂ ਲਿਖਿਆ ਹੋਇਆ ਹੈ, “ਇਸ ਪੁਸਤਕ ਵਿੱਚ
ਜਪੁਜੀ ਸਾਹਿਬ ਅਤੇ ਹੋਰ ਗੁਰੂ ਸ਼ਬਦਾਂ ਦੀ ਜੋ ਪਾਠ ਸੰਖਿਆ ਅਤੇ ਨੇਮ ਬਿਧੀ ਲਿਖੀ ਗਈ ਹੈ ਉਸ ਨਾਲ ਉਹ
ਪਉੜੀ ਤਥਾ ਸ਼ਬਦ ਸਿੱਧ ਹੋ ਜਾਂਦਾ ਹੈ। ਫਿਰ ਜਦ ਕਿਸੇ ਸਮੇਂ ਕੋਈ ਅਜੇਹਾ ਕਾਰਜ ਤਥਾ ਕਾਰਨ ਆਣ ਬਣੇ
ਜਿਸ ਨੂੰ ਆਪਣੀ ਇੱਛਾ ਅਨੁਸਾਰ ਕਰਨਾ ਹੋਵੇ ਤਾਂ ਉਸ ਸਮੇਂ ਅੰਮ੍ਰਿਤ ਵੇਲੇ ਉਪਰ ਲਿਖੀ ਬਿਧੀ ਦੇ ਨੇਮ
ਅਨੁਸਾਰ ਉਸ ਪਉੜੀ ਤਥਾ ਸ਼ਬਦ ਦੇ ਪੰਜ ਦਸ ਤਥਾ ਵੀਹ ਪੰਝੀ ਪਾਠ ਆਪਣੇ ਕੰਮ ਅਤੇ ਕਾਰਨ ਦੀ ਮਹਾਨਤਾ
ਅਨੁਸਾਰ ਕਰਕੇ ਅਰਦਾਸ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਗੁਰੂ ਮਹਾਰਾਜ ਜੀ ਦੀ ਕ੍ਰਿਪਾ ਨਾਲ
ਕਾਰਜ ਪੂਰਾ ਹੋ ਜਾਵੇਗਾ ਅਤੇ ਚਿੰਤਾ ਮਿਟ ਜਾਵੇਗੀ।”
ਗੁਰੂ ਗ੍ਰੰਥ ਸਾਹਿਬ ਜੀ ਤਾਂ ਮਨੁੱਖ ਨੂੰ ਪ੍ਰਭੂ ਦੇ ਹੁਕਮ ਨੂੰ ਸਮਝ ਕੇ ਹੁਕਮ ਵਿੱਚ ਵਿਚਰਨ ਦੀ
ਪ੍ਰੇਰਨਾ ਦੇ ਰਹੇ ਹਨ। ਕਰਤੇ ਦੀ ਕੁਦਰਤ ਦੇ ਨਿਯਮਾਂ ਨੂੰ ਬਦਲਿਆ ਨਹੀਂ ਜਾ ਸਕਦਾ ਹੈ। ਜੇਕਰ ਕੁਦਰਤ
ਦੇ ਨਿਯਮਾਂ ਨੂੰ ਇਸ ਤਰ੍ਹਾਂ ਦੀਆਂ ਜਾਂ ਕਿਸੇ ਹੋਰ ਵਿਧੀਆਂ ਨਾਲ ਬਦਲਿਆ ਜਾ ਸਕਦਾ ਹੋਵੇ, ਫਿਰ ਤਾਂ
ਕੁਦਰਤ ਦਾ ਸਾਰਾ ਸਿਸਟਮ ਹੀ ਉਥਲ-ਪੁਥਲ ਹੋ ਜਾਵੇ। ਪਰ ਲੇਖਕ ਹੁਰੀਂ ਸ਼ਬਦ ਦੀ ਸਿੱਧੀ ਉਪਰੰਤ ਹਰੇਕ
ਕਾਰਜ ਨੂੰ ਪੂਰਿਆਂ ਹੋਣ ਦਾ ਭਰੋਸਾ ਦਿਵਾ ਰਹੇ ਹਨ। ਇਤਨਾ ਹੀ ਨਹੀਂ ਚਿੰਤਾ ਮਿਟਨ ਦੀ ਗੱਲ ਵੀ ਕਰ
ਰਹੇ ਹਨ। ਗੁਰੂ ਗ੍ਰੰਥ ਸਾਹਿਬ ਤਾਂ ਸਾਨੂੰ ਇਹ ਸਮਝਾ ਰਹੇ ਹਨ ਕਿ ਚਿੰਤਾ ਤਾਂ ਚਿੰਤਾ ਤੋਂ ਰਹਿਤ
ਪ੍ਰਭੂ ਨੂੰ ਸਿਮਰਿਆ ਹੀ ਮਿਟੇਗੀ। ਭਾਵ ਗੁਰੂ ਕੋਲੋਂ ਹਾਸਲ ਹੋਏ ਨਾਮ-ਧਨ ਦੀ ਬਦੌਲਤ ਹੀ ਹਰੇਕ
ਤਰ੍ਹਾਂ ਦੇ ਚਿੰਤਾ-ਫ਼ਿਕਰ ਤੋਂ ਛੁਟਕਾਰਾ ਹਾਸਲ ਕਰ ਸਕੀਦਾ ਹੈ: ਹਰਿ ਧਨ
ਮੇਰੀ ਚਿੰਤ ਵਿਸਾਰੀ ਹਰਿ ਧਨਿ ਲਾਹਿਆ ਧੋਖਾ॥ (ਪੰਨਾ 495) ਅਰਥ: ਹੇ ਮਾਂ! ਪਰਮਾਤਮਾ ਦੇ
ਨਾਮ-ਧਨ ਨੇ ਮੇਰੀ ਹਰੇਕ ਕਿਸਮ ਦੀ ਚਿੰਤਾ ਭੁਲਾ ਦਿੱਤੀ ਹੈ, ਮੇਰਾ ਹਰੇਕ ਫ਼ਿਕਰ ਦੂਰ ਕਰ ਦਿੱਤਾ ਹੈ।
ਨਾਮ-ਧਨ ਦੀ ਬਰਕਤਿ ਨਾਲ ਹੀ ਅਕਾਲ ਪੁਰਖ ਦੀ ਰਜ਼ਾ ਨੂੰ ਸਮਝ ਕੇ ਹਰੇਕ ਕਾਰ ਨੂੰ ਪ੍ਰਭੂ ਦੀ ਹੁਕਮੀ
ਖੇਡ ਦਾ ਅੰਗ ਸਮਝਣ/ਦੇਖਣ ਦੇ ਸਮਰੱਥ ਹੋ ਸਕੀਦਾ ਹੈ। ਪਰ ਲੇਖਕ ਅਨੁਸਾਰ ਇਸ ਦੀ ਜ਼ਰੂਰਤ ਨਹੀਂ ਹੈ।
ਸਾਨੂੰ ਇਹ ਗੱਲ ਚੰਗੀ ਤਰ੍ਹਾਂ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਗੁਰੂ ਸਾਹਿਬ ਜੀ ਨੇ ਜੋ ਸੰਸਾਰ
ਨੂੰ ਦੇਣਾ ਚਾਹਿਆ ਹੈ, ਉਹ ਗੁਰਬਾਣੀ ਦੇ ਰੂਪ ਵਿੱਚ ਬਖ਼ਸ਼ਸ਼ ਕਰ ਗਏ ਹਨ। ਗੁਰਦੇਵ ਦੀ ਇਸ ਬਖ਼ਸ਼ਸ਼ ਵਿੱਚ
ਕੋਈ ਖੋਟ ਨਾ ਪਾ/ਰਲਾ ਸਕੇ, ਇਸ ਲਈ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨ ਅਤੇ ਸੰਕਲਨ ਦਾ
ਕਾਰਜ ਆਪਣੀ ਦੇਖ ਰੇਖ ਵਿੱਚ ਕਰਾਇਆ ਹੈ। ਗੁਰੂ ਸਾਹਿਬ ਜੀ ਦੀ ਬਖ਼ਸ਼ਿਸ਼ ਨੂੰ ਗੁਰੂ ਗ੍ਰੰਥ ਸਾਹਿਬ ਜੀ
ਤੋਂ ਬਾਹਰੋਂ ਭਾਲਣ ਦੀ ਰੁਚੀ ਸਾਨੂੰ ਗੁਰਮਤਿ ਤੋਂ ਭਟਕਾਉਣ ਦਾ ਕਾਰਨ ਬਣ ਰਹੀ ਹੈ।
ਗੁਰਬਾਣੀ ਬਾਰੇ ਇਹੋ ਜੇਹਾ ਪ੍ਰਚਾਰ ਕਰਨ ਵਾਲਿਆਂ ਨੇ ਤਾਂ ਸੰਗਤਾਂ ਨੂੰ ਗੁਮਰਾਹ ਕਰਨ ਦੀ ਮਾਨੋਂ
ਸਹੁੰ ਹੀ ਖਾਧੀ ਹੋਈ ਹੈ, ਇਸ ਲਈ ਉਹ ਤਾਂ ਇਨ੍ਹਾਂ ਗਲ੍ਹਾਂ ਨੂੰ ਵਿਚਾਰਨ ਦੀ ਲੋੜ ਹੀ ਮਹਿਸੂਸ ਨਹੀਂ
ਕਰਦੇ। ਪਰ ਇਹੋ ਜੇਹੀਆਂ ਲਿਖਤਾਂ ਨੂੰ ਪੜਨ੍ਹ ਵਾਲਿਆਂ ਨੂੰ ਜ਼ਰੂਰ ਇਨ੍ਹਾਂ ਪਹਿਲੂਆਂ ਉੱਤੇ ਵਿਚਾਰ
ਕਰਨ ਦੀ ਜ਼ਰੂਰਤ ਹੈ।
ਇਸ ਪੁਸਤਕ ਦੇ ਪਹਿਲੇ ਪ੍ਰਕਰਨ ਵਿੱਚ ਲੇਖਕ ਲਿਖਦਾ ਹੈ, “ੴਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
ਮਹਾਤਮ: ਇਸ ਮੂਲ ਮੰਤਰ ਦਾ ਪਾਠ ਚਾਲੀ ਦਿਨ ਅੰਮ੍ਰਿਤ ਵੇਲੇ ਚੜ੍ਹਦੇ ਪਾਸੇ ਮੂੰਹ ਕਰਕੇ ਪੰਜ ਮਾਲਾ
ਰੋਜ਼ ਕਰੋ ਤਾਂ ਮੁਕਤੀ ਪ੍ਰਾਪਤ ਹੁੰਦੀ ਹੈ। ਪਾਠ ਐਤਵਾਰ ਤੋਂ ਆਰੰਭ ਕਰਨਾ ਕਿਉਂਕਿ ਇਹ ਸੂਰਜ ਦਾ
ਆਪਣਾ ਦਿਨ ਹੈ ਜਿਸ ਕਰਕੇ ਇਸ ਦੀ ਸਫਲਤਾ ਨਿਰਸੰਸੇ ਹੀ ਸ਼ੀਘਰ ਹੁੰਦੀ ਹੈ।”
ਗੁਰੂ ਗ੍ਰੰਥ ਸਾਹਿਬ ਜੀ ਨੇ ਮਨੁੱਖ ਨੂੰ ਦਿਨਾਂ ਦੇ ਚੰਗੇ-ਮੰਦੇ ਸਮਝਣ ਦੇ ਵਹਿਮ-ਭਰਮ ਤੋਂ ਉਪਰ
ਉਠਾਉਣ ਦੇ ਨਾਲ ਨਾਲ ਦਿਸ਼ਾਵਾਂ ਦੇ ਭ੍ਰਮ ਤੋਂ ਵੀ ਮੁਕਤ ਕੀਤਾ ਹੈ, ਪਰ ਲੇਖਕ ਹੁਰੀਂ ਇਸ ਵਹਿਮ-ਭਰਮ
ਨੂੰ ਫਿਰ ਸੁਰਜੀਤ ਕਰਕੇ ਖ਼ਾਲਸੇ ਦੇ ਨਿਆਰੇਪਣ ਵਿੱਚ ਖੋਟ ਪਾਉਣ ਦਾ ਜਤਨ ਕਰ ਰਹੇ ਹਨ। ਗੁਰੂ ਗ੍ਰੰਥ
ਸਾਹਿਬ ਵਿੱਚ ਮਣਕਿਆਂ ਆਦਿ ਦੀ ਮਾਲਾ ਦੀ ਥਾਂ ਇਹ ਮਾਲਾ ਫੇਰਨ ਅਥਵਾ ਜਪਣ ਦੀ ਪ੍ਰੇਰਨਾ ਦਿੱਤੀ ਗਈ
ਹੈ:-ਹਰਿ ਹਰਿ ਅਖਰ ਦੁਇ ਇਹ ਮਾਲਾ॥ ਜਪਤ ਜਪਤ ਭਏ ਦੀਨ ਦਇਆਲਾ॥ 1॥ ਕਰਉ
ਬੇਨਤੀ ਸਤਿਗੁਰ ਅਪੁਨੀ॥ ਕਰਿ ਕਿਰਪਾ ਰਾਖਹੁ ਸਰਣਾਈ ਮੋ ਕਉ ਦੇਹੁ ਹਰੇ ਹਰਿ ਜਪਨੀ॥ 1॥ ਰਹਾਉ॥ ਹਰਿ
ਮਾਲਾ ਉਰ ਅੰਤਰਿ ਧਾਰੈ॥ ਜਨਮ ਮਰਣ ਕਾ ਦੂਖੁ ਨਿਵਾਰੈ॥ 2॥ ਹਿਰਦੈ ਸਮਾਲੈ ਮੁਖਿ ਹਰਿ ਹਰਿ ਬੋਲੈ॥ ਸੋ
ਜਨੁ ਇਤ ਉਤ ਕਤਹਿ ਨ ਡੋਲੈ॥ 3॥ ਕਹੁ ਨਾਨਕ ਜੋ ਰਾਚੈ ਨਾਇ॥ ਹਰਿ ਮਾਲਾ ਤਾ ਕੈ ਸੰਗਿ ਜਾਇ॥ 4॥
(ਪੰਨਾ 388)
ਅਰਥ: ਹੇ ਸਤਿਗੁਰੂ! ਮੈਂ ਤੇਰੇ ਅੱਗੇ ਆਪਣੀ ਇਹ ਅਰਜ਼ ਕਰਦਾ ਹਾਂ ਕਿ ਕਿਰਪਾ ਕਰ ਕੇ ਮੈਨੂੰ ਆਪਣੀ
ਸਰਨ ਵਿੱਚ ਰੱਖ ਤੇ ਮੈਨੂੰ ‘ਹਰਿ ਹਰਿ’ ਨਾਮ ਦੀ ਮਾਲਾ ਦੇਹ। 1. ਰਹਾਉ।
(ਹੇ ਭਾਈ! ਮੇਰੇ ਪਾਸ ਤਾਂ) ‘ਹਰਿ ਹਰਿ’ —ਇਹ ਦੋ ਲਫ਼ਜ਼ਾਂ ਦੀ ਮਾਲਾ ਹੈ, ਇਸ ਹਰਿ-ਨਾਮ-ਮਾਲਾ ਨੂੰ
ਜਪਦਿਆਂ ਜਪਦਿਆਂ ਕੰਗਾਲਾਂ ਉੱਤੇ ਭੀ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ। 1. ਜੇਹੜਾ ਮਨੁੱਖ ਹਰਿ-ਨਾਮ
ਦੀ ਮਾਲਾ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਦਾ ਹੈ, ਉਹ ਆਪਣੇ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਕਰ
ਲੈਂਦਾ ਹੈ। 2. ਜੇਹੜਾ ਮਨੁੱਖ ਹਰਿ-ਨਾਮ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਦਾ ਹੈ ਤੇ ਮੂੰਹ
ਨਾਲ ਹਰਿ-ਹਰਿ ਨਾਮ ਉਚਾਰਦਾ ਰਹਿੰਦਾ ਹੈ ਉਹ ਨਾਹ ਇਸ ਲੋਕ ਵਿੱਚ ਤੇ ਨਾਹ ਪਰਲੋਕ ਵਿੱਚ ਕਿਤੇ ਭੀ
(ਕਿਸੇ ਗੱਲੇ ਭੀ) ਨਹੀਂ ਡੋਲਦਾ। 3. ਹੇ ਨਾਨਕ! ਆਖ—ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਜੁੜਿਆ
ਰਹਿੰਦਾ ਹੈ ਹਰਿ-ਨਾਮ ਦੀ ਮਾਲਾ ਉਸ ਦੇ ਨਾਲ (ਪਰਲੋਕ ਵਿੱਚ ਭੀ) ਜਾਂਦੀ ਹੈ। 4.
ਗੁਰੂ ਗ੍ਰੰਥ ਸਾਹਿਬ ਜੀ ਤਾਂ ਇਹ ਫ਼ਰਮਾਂਉਂਦੇ ਹਨ ਕਿ ਜਿਤਨੇ ਚਿਰ ਮਨੁੱਖ ਦੇ ਮਨ ਵਿੱਚ ਮਾਇਆ ਦੀ
ਭਟਕਣਾ ਹੈ ਉਤਨਾ ਚਿਰ ਇਹ ਵਿਕਾਰਾਂ ਤੋਂ, ਮਾਇਆ ਦੇ ਮੋਹ ਤੋਂ ਮੁਕਤ ਨਹੀ ਹੋ ਸਕਦਾ:-ਜਬ
ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ॥ (ਪੰਨਾ 680) ਪਰ ਇਸ ਪੁਸਤਕ ਦੇ ਲੇਖਕ
ਹੁਰੀਂ ਕੇਵਲ ਚਾਲ੍ਹੀ ਦਿਨ ਬਿਧੀ ਅਨੁਸਾਰ ਮੂਲ ਮੰਤਰ ਦਾ ਪਾਠ ਕਰਨ ਨਾਲ ਹੀ ਮੁਕਤ ਹੋਣ ਦੀ ਗੱਲ ਕਰ
ਰਹੇ ਹਨ। ਗੁਰਬਾਣੀ ਤਾਂ ਮਨੁੱਖ ਨੂੰ ਵਿਕਾਰਾਂ ਤੋਂ ਖ਼ਲਾਸੀ ਪਾਉਣ ਲਈ ਸੁਆਸ ਸੁਆਸ ਅਕਾਲ ਪੁਰਖ ਨੂੰ
ਧਿਆਉਣ ਦੀ ਗੱਲ ਕਰ ਰਹੀ ਹੈ: ਸਾਸਿ ਸਾਸਿ ਸਿਮਰਹੁ ਗੋਬਿੰਦ॥ ਮਨ ਅੰਤਰ ਕੀ ਉਤਰੈ ਚਿੰਦ॥ (ਪੰਨਾ
295) ਅਰਥ: (ਹੇ ਭਾਈ!) ਦੰਮ-ਬ-ਦੰਮ ਪ੍ਰਭੂ ਨੂੰ ਯਾਦ ਕਰ, (ਤਾਂ ਜੁ) ਤੇਰੇ ਮਨ ਦੇ ਅੰਦਰ ਦੀ
ਚਿੰਤਾ ਮਿਟ ਜਾਏ।
ਪਰ ਪੁਸਤਕ ਦੇ ਕਰਤੇ ਅਨੁਸਾਰ ਕੇਵਲ ਚਾਲ੍ਹੀ ਦਿਨ ਰੋਜ਼ਾਨਾ ਪੰਜ ਮਾਲਾ ਫੇਰ ਕੇ ਮੂਲ ਮੰਤਰ ਦਾ ਪਾਠ
ਕਰਨ ਨਾਲ ਹੀ ਮੁਕਤੀ ਮਿਲ ਜਾਂਦੀ ਹੈ। ਗੁਰਬਾਣੀ ਤਾਂ ਸਪਸ਼ਟ ਸ਼ਬਦਾਂ ਵਿੱਚ ਮਨੁੱਖ ਨੂੰ ਇਹ ਸੰਦੇਸ਼ ਦੇ
ਰਹੀ ਹੈ ਕਿ, “ਸਾਸਤ ਬੇਦ ਸਿਮ੍ਰਿਤਿ ਸਭਿ ਸੋਧੇ ਸਭ ਏਕਾ ਬਾਤ ਪੁਕਾਰੀ॥
ਬਿਨੁ ਗੁਰ ਮੁਕਤਿ ਨ ਕੋਊ ਪਾਵੈ ਮਨਿ ਵੇਖਹੁ ਕਰਿ ਬੀਚਾਰੀ॥ (ਪੰਨਾ 495) ਪਰ ਇਸ ਪੁਸਤਕ ਦਾ
ਲਿਖਾਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਖ਼ਸ਼ਸ਼ ਕੀਤੀ ਇਸ ਵਿਚਾਰਧਾਰਾ ਨੂੰ ਨਜ਼ਰ-ਅੰਦਾਜ਼ ਕਰ ਕੇ ਆਪਣੀ
ਹੀ ਮੱਤ ਅਨੁਸਾਰ ਮੁਕਤ ਹੋਣ ਦੀ ਜੁਗਤ ਦਰਸਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਤਾਂ ਹਿੰਦੂ ਅਤੇ
ਮੁਸਲਮਾਨ ਧਰਮ ਦੇ ਆਗੂਆਂ ਵਲੋਂ ਸਾਲ ਵਿੱਚ ਚੌਵੀ ਇਕਾਦਸ਼ੀਆਂ ਦੇ ਵਰਤ ਅਤੇ ਰਮਜ਼ਾਨ ਦੇ ਮਹੀਨੇ ਰੋਜ਼ੇ
ਰੱਖ ਕੇ ਹੀ ਨਾਮ ਖ਼ਜ਼ਾਨੇ ਨੂੰ ਲੱਭਣ/ਪਾਉਣ ਦੀ ਧਾਰਨਾ ਦਾ ਵਰਣਨ ਕਰਦਿਆਂ ਇਹ ਕਿਹਾ ਹੈ ਕਿ ਇਸ
ਤਰ੍ਹਾਂ ਨਾਲ ਨਾਮ-ਖ਼ਜ਼ਾਨੇ ਨੂੰ ਨਹੀਂ ਲੱਭ ਸਕੀਦਾ ਹੈ:-ਬ੍ਰਹਮਨ ਗਿਆਸ
ਕਰਹਿ ਚਉਬੀਸਾ ਕਾਜੀ ਮਹ ਰਮਜਾਨਾ॥ ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ॥ (ਪੰਨਾ 1349)
ਅਰਥ: ਬ੍ਰਾਹਮਣ ਚੌਵੀ ਇਕਾਦਸ਼ੀਆਂ (ਦੇ ਵਰਤ ਰੱਖਣ ਦੀ ਆਗਿਆ) ਕਰਦੇ ਹਨ, ਕਾਜ਼ੀ ਰਮਜ਼ਾਨ ਦੇ ਮਹੀਨੇ
(ਰੋਜ਼ੇ ਰੱਖਣ ਦੀ ਹਿਦਾਇਤ) ਕਰਦੇ ਹਨ। ਇਹ ਲੋਕ (ਬਾਕੀ ਦੇ) ਗਿਆਰਾਂ ਮਹੀਨੇ ਲਾਂਭੇ ਹੀ ਰੱਖ ਦੇਂਦੇ
ਹਨ, ਤੇ (ਕੋਈ) ਖ਼ਜ਼ਾਨਾ ਇੱਕੋ ਹੀ ਮਹੀਨੇ ਵਿਚੋਂ ਲੱਭਦੇ ਹਨ।
ਪਰੰਤੂ ਲੇਖਕ ਤਾਂ ਚਾਲ੍ਹੀ ਦਿਨ ਹੀ ਮਾਲਾ ਫੇਰ ਕੇ ਮੂਲ ਮੰਤਰ/ਮੰਗਲ ਚਰਣਾਂ ਦਾ ਪਾਠ ਕਰਨ ਨਾਲ ਹੀ
ਮੁਕਤ ਹੋਣ ਦੀ ਜੁਗਤੀ ਬਿਆਨ ਕਰ ਰਿਹਾ ਹੈ। ‘ਮੁਕਤੀ’ ਤੋਂ ਲੇਖਕ ਦਾ ਕੀ ਭਾਵ ਹੈ ਇਸ ਗੱਲ ਦਾ ਪੁਸਤਕ
ਵਿੱਚ ਵਰਣਨ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੁਕਤੀ ਦਾ ਸਰੂਪ “ਭ੍ਰਮ ਮੂਲਕ ਰਸਮਾਂ ਅਤੇ
ਅਗਯਾਨ ਕਲਪਿਤ ਬੰਧਨਾਂ ਤੋਂ ਛੁਟਕਾਰੇ ਦਾ ਨਾਉਂ ਮੁਕਤਿ ਹੈ “(ਗੁਰੁਮਤ ਮਾਰਤੰਡ) ਇਹ ਮੁਕਤੀ
ਗੁਰਬਾਣੀ ਦੇ ਭਾਵ ਨੂੰ ਹਿਰਦੇ ਵਿੱਚ ਵਸਾਇਆਂ ਹੀ ਸੰਭਵ ਹੈ।
ਮੂਲ ਮੰਤਰ/ਮੰਗਲ ਚਰਣ ਦਾ (ੴਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥) ਦਾ ਅਰਥ ਹੈ: ਅਕਾਲ ਪੁਰਖ ਇੱਕ ਹੈ, ਜਿਸ ਦਾ
ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿੱਚ ਵਿਆਪਕ ਹੈ, ਭੈ ਤੋਂ ਰਹਿਤ ਹੈ,
ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ
ਜੂਨਾਂ ਵਿੱਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ
ਨਾਲ ਮਿਲਦਾ ਹੈ।
ਪਾਠਕ ਜਨ ਆਪ ਹੀ ਅੰਦਾਜ਼ਾ ਲਗਾ ਲੈਣ ਕਿ ਪੁਸਤਕ ਕਰਤਾ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਸਾਈ
ਜੀਵਨ-ਜਾਚ ਨਾਲ ਜੋੜ ਰਿਹਾ ਹੈ ਜਾਂ ਤੋੜ ਰਿਹਾ ਹੈ। ਮੁਕਤੀ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ
ਦਰਸਾਈ ਜੀਵਨ-ਜੁਗਤ ਨੂੰ ਅਪਣਾਉਣਾ ਹੈ ਜਾਂ ਇਸ ਪੁਸਤਕ ਦੇ ਵਲੋਂ ਲਿਖੀ ਹੋਈ ਜੁਗਤ ਨੂੰ।
ਇਸ ਤੋਂ ਅੱਗੇ ਲੇਖਕ ਲਿਖਦਾ ਹੈ, “ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥
ਮਹਾਤਮ: ਇਸ ਸਲੋਕ ਦੇ ਐਤਵਾਰ ਤੋਂ ਆਰੰਭ ਕਰਕੇ ਚਾਲੀ ਦਿਨ ਅੰਮ੍ਰਿਤ ਵੇਲੇ ਚੜ੍ਹਦੇ ਪਾਸੇ ਮੂੰਹ
ਕਰਕੇ ਦਸ ਮਾਲਾ ਰੋਜ਼ ਪਾਠ ਕਰਨ ਨਾਲ ਸੱਚ ਦੀ ਪ੍ਰਾਪਤੀ ਹੁੰਦੀ ਹੈ।”
ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਮਨੁੱਖ ਨੂੰ ਸੱਚ ਦੀ ਪ੍ਰਾਪਤੀ ਪਾਠ ਅਥਵਾ ਕਿਸੇ ਸ਼ਬਦ ਦਾ ਕੇਵਲ
ਰਟਨ ਕਰਨ ਨਾਲ ਨਹੀਂ ਸਗੋਂ ਇਸ ਨੂੰ ਹਿਰਦੇ ਵਿੱਚ ਧਾਰਨ ਕਰਨ ਨਾਲ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ
ਮਨੁੱਖ ਨੂੰ ਸੱਚ ਨਾਲ ਜੁੜਨ ਦੀ ਜੁਗਤੀ ਤਾਂ ਇਸ ਤਰ੍ਹਾਂ ਦਰਸਾਉਂਦੇ ਹਨ:-
ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ॥ ਕੂੜ ਕੀ ਮਲੁ ਉਤਰੈ ਤਨੁ ਕਰੇ
ਹਛਾ ਧੋਇ॥ ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ॥ ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ॥
ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ॥ ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ॥ ਸਚੁ ਤਾ
ਪਰੁ ਜਾਣੀਐ ਜਾ ਸਿਖ ਸਚੀ ਲੇਇ॥ ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ॥ ਸਚੁ ਤਾਂ ਪਰੁ
ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ॥ ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ॥ (ਪੰਨਾ 468)
ਅਰਥ: (ਜਗਤ ਰੂਪ ਛਲ ਵਲੋਂ ਵਾਸ਼ਨਾ ਪਰਤ ਕੇ, ਜਗਤ ਦੇ) ਅਸਲੇ ਦੀ ਸਮਝ ਤਦੋਂ ਹੀ ਆਉਂਦੀ ਹੈ ਜਦੋਂ ਉਹ
ਅਸਲੀਅਤ ਦਾ ਮਾਲਕ (ਰੱਬ) ਮਨੁੱਖ ਦੇ ਹਿਰਦੇ ਵਿੱਚ ਟਿਕ ਜਾਏ। ਤਦੋਂ ਮਾਇਆ ਛਲ ਦਾ ਅਸਰ ਮਨ ਤੋਂ ਦੂਰ
ਹੋ ਜਾਂਦਾ ਹੈ (ਫੇਰ ਮਨ ਦੇ ਨਾਲ ਸਰੀਰ ਭੀ ਸੁੰਦਰ ਹੋ ਜਾਂਦਾ ਹੈ, ਸਰੀਰਕ ਇੰਦਰੇ ਭੀ ਗੰਦੇ ਪਾਸੇ
ਵਲੋਂ ਹਟ ਜਾਂਦੇ ਹਨ, ਮਾਨੋ) ਸਰੀਰ ਧੁਪ ਕੇ ਸਾਫ਼ ਹੋ ਜਾਂਦਾ ਹੈ। (ਮਾਇਆ ਛਲ ਵਲੋਂ ਮਨ ਦੇ ਫੁਰਨੇ
ਹਟ ਕੇ, ਕੁਦਰਤ ਦੇ) ਅਸਲੇ ਦੀ ਸਮਝ ਤਦੋਂ ਹੀ ਆਉਂਦੀ ਹੈ, ਜਦ ਮਨੁੱਖ ਉਸ ਅਸਲੇ ਵਿੱਚ ਮਨ ਜੋੜਦਾ
ਹੈ, (ਤਦੋਂ ਉਸ ਅਸਲੀਅਤ ਵਾਲੇ ਦਾ) ਨਾਮ ਸੁਣ ਕੇ ਮਨੁੱਖ ਦਾ ਮਨ ਖਿੜਦਾ ਹੈ ਤੇ ਉਸ ਨੂੰ (ਮਾਇਆ ਦੇ
ਬੰਧਨਾਂ ਤੋਂ) ਸੁਤੰਤਰ ਹੋਣ ਦਾ ਰਾਹ ਮਿਲ ਜਾਂਦਾ ਹੈ। ਜਗਤ ਦੇ ਅਸਲੇ ਪ੍ਰਭੂ ਦੀ ਸਮਝ ਤਦੋਂ ਪੈਂਦੀ
ਹੈ, ਜਦੋਂ ਮਨੁੱਖ ਰੱਬੀ ਜੀਵਨ (ਗੁਜ਼ਾਰਨ ਦੀ) ਜੁਗਤੀ ਜਾਣਦਾ ਹੋਵੇ, ਭਾਵ, ਸਰੀਰ ਰੂਪ ਧਰਤੀ ਨੂੰ
ਤਿਆਰ ਕਰਕੇ ਇਸ ਵਿੱਚ ਪ੍ਰਭੂ ਦਾ ਨਾਮ ਬੀਜ ਦੇਵੇ। ਸੱਚ ਦੀ ਪਰਖ ਤਦੋਂ ਹੁੰਦੀ ਹੈ, ਜਦੋਂ ਸੱਚੀ
ਸਿੱਖਿਆ (ਗੁਰੂ ਪਾਸੋਂ) ਲਏ ਅਤੇ (ਉਸ ਸਿੱਖਿਆ ਉੱਤੇ ਚੱਲ ਕੇ) ਸਭ ਜੀਵਾਂ ਉੱਤੇ ਤਰਸ ਕਰਨ ਦੀ ਜਾਚ
ਸਿੱਖੇ ਤੇ (ਲੋੜਵੰਦਾਂ ਨੂੰ) ਕੁੱਝ ਦਾਨ ਪੁੰਨ ਕਰੇ। ਉਸ ਧੁਰ-ਅੰਦਰਲੀ ਅਸਲੀਅਤ ਨਾਲ ਤਦੋਂ ਹੀ
ਜਾਣ-ਪਛਾਣ ਹੁੰਦੀ ਹੈ ਜਦੋਂ ਮਨੁੱਖ ਧੁਰ ਅੰਦਰਲੇ ਤੀਰਥ ਉੱਤੇ ਟਿਕੇ, ਆਪਣੇ ਗੁਰੂ ਪਾਸੋਂ ਉਪਦੇਸ਼ ਲੈ
ਕੇ ਉਸ ਅੰਦਰਲੇ ਤੀਰਥ ਉੱਤੇ ਬੈਠਾ ਰਹੇ, ਉੱਥੇ ਹੀ ਸਦਾ ਨਿਵਾਸ ਰੱਖੇ।
ਲੇਖਕ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਸਾਈ ਇਹ ਜੁਗਤੀ ਦੀ ਥਾਂ ਪੁਸਤਕ ਵਿੱਚ ਦੱਸੀ ਹੋਈ ਬਿਧੀ
ਅਨੁਸਾਰ, ਚਾਲੀ ਦਿਨ ਪਾਠ ਕਰਨ ਨਾਲ ਹੀ ਸੱਚ ਦੀ ਪ੍ਰਾਪਤੀ ਦੀ ਗੱਲ ਕਰ ਰਿਹਾ ਹੈ। ਗੁਰੂ ਗ੍ਰੰਥ
ਸਾਹਿਬ ਜੀ ਜੋ ਸੱਚ ਨਾਲ ਜੁੜਨ ਜੁਗਤੀ ਦਰਸਾ ਰਹੇ ਹਨ, ਉਹ ਸੱਚ ਹੈ ਜਾਂ ਇਸ ਪੁਸਤਕ ਦੇ ਲੇਖਕ ਦੀ
ਲਿਖੀ ਹੋਈ ਗੱਲ? ਨਿਰਸੰਦੇਹ ਉੱਤਰ ਇਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੀ ਜੁਗਤੀ ਹੀ ਸੱਚ ਹੈ
ਅਤੇ ਇਸ ਨੂੰ ਹੀ ਅਪਣਾਉਣ ਦੀ ਲੋੜ ਹੈ। ਪਾਠਕ ਆਪ ਹੀ ਅੰਦਾਜ਼ਾ ਲਗਾ ਲੈਣ ਕਿ ਇਸ ਤਰ੍ਹਾਂ ਦਾ ਪਰਚਾਰ
ਕਰਨ ਵਾਲੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਰਹੇ ਹਨ ਜਾਂ ਕਿਸੇ ਹੋਰ ਨਾਲ। ਗੁਰੂ
ਸਾਹਿਬ ਜੀ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਕਿਸੇ ਸ਼ਬਦ ਨੂੰ ਮੁਕਤੀ ਦੇਣ ਵਾਲਾ
ਅਤੇ ਕਿਸੇ ਨੂੰ ਸੱਚ ਨਾਲ ਜੋੜਨ ਵਾਲਾ ਆਖ ਕੇ ਅਜਿਹੇ ਸੱਜਣ ਕੀ ਸਿੱਧ ਕਰਨਾ ਚਾਹੁੰਦੇ ਹਨ? ਬਾਣੀ
ਤਾਂ ਸਾਨੂੰ ਇਹ ਗੱਲ ਸਮਝਾਉਂਦੀ ਹੈ ਕਿ, “ਹਉ ਵਾਰੀ ਜੀਉ ਵਾਰੀ ਪੜਿ
ਬੁਝਿ ਮੰਨਿ ਵਸਾਵਣਿਆ॥ ਗੁਰਮੁਖਿ ਪੜਹਿ ਹਰਿ ਨਾਮੁ ਸਲਾਹਹਿ ਦਰਿ ਸਚੈ ਸੋਭਾ ਪਾਵਣਿਆ॥ ਪੰਨਾ 127)
ਅਰਥ: ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ (ਧਾਰਮਿਕ ਪੁਸਤਕਾਂ)
ਪੜ੍ਹ ਕੇ ਸਮਝ ਕੇ (ਪਰਮਾਤਮਾ ਦਾ ਨਾਮ ਆਪਣੇ) ਮਨ ਵਿੱਚ ਵਸਾਂਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲੇ
ਮਨੁੱਖ (ਗੁਰੂ ਦੀ ਬਾਣੀ) ਪੜ੍ਹਦੇ ਹਨ, ਪਰਮਾਤਮਾ ਦਾ ਨਾਮ ਸਲਾਹੁੰਦੇ ਹਨ, ਤੇ ਸਦਾ-ਥਿਰ ਰਹਿਣ ਵਾਲੇ
ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ।
ਭਾਈ ਕਾਨ੍ਹ ਸਿੰਘ ਨਾਭਾ ਇਸ ਸਬੰਧ ਵਿੱਚ ਲਿਖਦੇ ਹਨ, “ਸ਼ੋਕ ਹੈ ਕਿ ਗੁਰਬਾਣੀ ਨੂੰ ਨਿੱਤ ਪੜ੍ਹਦੇ
ਹੋਏ ਭੀ ਅਨੇਕ ਸਿੱਖ ਭਾਈ ‘ਸਰਧਾ ਪੂਰਕ’ ਆਦਿ ਪੁਸਤਕਾਂ ਰਚਕੇ ਮੰਤ੍ਰਾਂ ਦੇ ਜਪ ਦੀ ਗਿਣਤੀ ਆਸਨ ਤੇ
ਮਾਲਾ ਦੇ ਵੱਖ ਵੱਖ ਫਲ ਦੱਸ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।” ਅੰਤ ਵਿੱਚ ਇਸ ਸ਼ਲੋਕ ਦੇ ਅਰਥਾਂ
ਲਿਖ ਰਹੇ ਹਾਂ ਤਾਂ ਕਿ ਪਾਠਕ ਆਪ ਹੀ ਵਿਚਾਰ ਕਰ ਸਕਣ ਕਿ ਇਸ ਸ਼ਲੋਕ ਦਾ ਕੀ ਅਰਥ ਹੈ ਅਤੇ ਲੇਖਕ
ਹੁਰੀਂ ਇਸ ਨੂੰ ਕਿਸ ਭਾਵਾਰਥ ਵਿੱਚ ਵਰਤ ਰਹੇ ਹਨ:-ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ
ਭੀ ਸਚੁ॥ (ਪੰਨਾ 1) ਅਰਥ: ਹੇ ਨਾਨਕ! ਅਕਾਲ ਪੁਰਖ ਮੁੱਢ ਤੋਂ ਹੋਂਦ ਵਾਲਾ ਹੈ, ਜੁਗਾਂ ਦੇ ਮੁੱਢ
ਤੋਂ ਮੌਜੂਦ ਹੈ। ਇਸ ਵੇਲੇ ਭੀ ਮੌਜੂਦ ਹੈ ਤੇ ਅਗਾਂਹ ਨੂੰ ਭੀ ਹੋਂਦ ਵਾਲਾ ਰਹੇਗਾ।
ਜਸਬੀਰ ਸਿੰਘ ਵੈਨਕੂਵਰ