‘ਗੁਰੂ ਮਾਨੀਓ ਗ੍ਰੰਥ’
ਡਾ: ਗੁਰਦੇਵ ਸਿੰਘ ਸੰਘਾ ਕਿਚਨਰ।
ਆਗਿਆ ਭਈ ਅਕਾਲ ਕੀ, ਤਭੀ ਚਲਾਇਓ
ਪੰਥ।।
ਸਭ ਸਿਖਣ ਕੋ ਹੁਕਮ ਹੈ, ਗੁਰੂ ਮਾਨੀਓ ਗ੍ਰੰਥ।।
ਕੋਈ ਤਿੰਨ ਸਦੀਆਂ ਬੀਤ ਗਈਆਂ ਹਨ, ਅਸੀਂ ਸਿੱਖ ਇਹ ਦੋਹਰਾ ਪੜ੍ਹਦੇ ਆ ਰਹੇ ਹਾਂ। ਹਰ ਸਾਲ ਸਾਰੇ
ਸੰਸਾਰ ਵਿੱਚ ‘ਸ਼ਬਦ-ਗੁਰੂ’ ਗੁਰੂ ਗ੍ਰੰਥ ਸਾਹਿਬ ਜੀ ਦਾ ‘ਗੁਰ-ਗੱਦੀ’ ਦਿੰਨ ਬੜੀ ਧੂਮ-ਧਾਮ ਨਾਲ
ਮਨਾਇਆ ਜਾਂਦਾ ਹੈ।
ਨਾਨਕ ਸ਼ਾਹੀ ਕੈਲੰਡਰ ਮੁਤਾਬਕ 20 ਅਕਤੂਬਰ ਸਨ 1708 ਈ: ਨੂੰ ਹਜੂਰ ਸਾਹਿਬ (ਨਾਦੇੜ) ਵਿੱਚ ਗੁਰੂ
ਗੋਬਿੰਦ ਸਿੰਘ ਪਾਤਸ਼ਾਹ ਨੇ ਆਦਿ ਗ੍ਰੰਥ ਸਾਹਿਬ ਜੀ ਨੂੰ ਗੁਰੂ ਮਨੱਣ ਦਾ ਸਿੱਖਾਂ ਪ੍ਰਤੀ ‘ਹੁਕਮ
‘ਦਿੱਤਾ ਸੀ ਕਿ ਅਜ ਤੋਂ ਸਾਰੇ ਸਿੱਖਾਂ ਨੇ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਨੂੰ ‘ਆਦਿ ਸ੍ਰੀ ਗੁਰੂ
ਗ੍ਰੰਥ ‘ਸਾਹਿਬ ਜੀ ਕਰਕੇ ਮਨੱਣਾ ਹੈ। ਭਾਵ: ਦਸ ਗੁਰੂ ਪਾਤਸ਼ਾਹਾਂ ਤੋਂ ਬਾਅਦ, ਸਿੱਖਾਂ ਨੇ ਵਿਅਕਤੀ
ਰੂਪ ਵਿੱਚ ਕਿਸੇ ਨੂੰ ਗੁਰੂ ਕਰਕੇ ਮਾਨਤਾ ਨਹੀਂ ਦੇਣੀ। ਜੋ ਸਿਖਿਆ, ਜੋ ਗਿਆਨ ਵਿਅਕਤੀ ਰੂਪ ਵਿੱਚ
ਗੁਰੂ ਸਾਹਿਬਾਂ ਪਾਸੋਂ ਮਿਲਦਾ ਸੀ। ਹੁਣ ਉਹ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਮਿਲਿਆ ਕਰੇਗਾ।
ਹੁਣ ਸਿੱਖ ਨੇ ਆਪਣੇ ਜੀਵਨ ਮਾਰਗ ਲਈ ਸੇਧ ਸ਼ਬਦ ਗੁਰੂ ਦੀ ਵਿਚਾਰਧਾਰਾ ਤੋਂ ਲੈਣੀ ਹੈ।
ਬਾਣੀ-ਗੁਰੂ ਅਤੇ ਸ਼ਬਦ-ਗੁਰੂ ਦੀ ਜੋ ਧਾਰਨਾ ਹੈ, ਉਹ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਚਲੀ ਆ ਰਹੀ ਸੀ।
ਦਸਵੇਂ ਪਾਤਸ਼ਾਹ ਨੇ ਸਿਰਫ ਸਾਰੇ ਸੰਸਾਰ ਦੇ ਸਿੱਖਾਂ ਪ੍ਰਤੀ ‘ਹੁਕਮ’ ਕੀਤਾ ਸੀ ਕਿ ਅਜ ਤੋਂ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਨੂੰ ਗੁਰੂ ਕਰਕੇ ਜਾਨਣਾ ਅਤੇ ਮਨੱਣਾ ਹੈ। ਕਿਸੇ ਹੋਰ
ਗ੍ਰੰਥ, ਵੇਦ-ਸ਼ਾਸ਼ਤਰ ਜਾਂ ਵਿਅਕਤੀ ਨੂੰ ਗੁਰੂ ਨਹੀਂ ਮੰਨਣਾ। ਪੰਥਪਰਵਾਨਤ ਸਿੱਖ ਰਹਿਤ ਮਰਯਾਦਾ ਵਿੱਚ
ਵੀ ਇਹੋ ਫੈਸਲਾ ਲਿਖਿਆ ਮਿਲਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁਲ) ਕਿਸੇ ਪੁਸਤਕ
ਨੂੰ ਅਸਥਾਪਨ ਨਹੀਂ ਕਰਨਾ’। 1
ਦਸਾਂ ਹੀ ਗੁਰੂ ਪਾਤਸ਼ਾਹਾਂ ਨੇ ਆਪ ਗੁਰਬਾਣੀ ਨੂੰ ਗੁਰੂ ਮੰਨਿਆ ਹੈ। ਕਿਤੇ ‘ਸ਼ਬਦ-ਗੁਰੂ’ ਕਰਕੇ
ਸੰਬੋਧਤ ਕੀਤਾ ਹੈ ਤੇ ਕਿਤੇ ‘ਬਾਣੀ ਗੁਰੂ’ ਕਰਕੇ। ਸਰੀਰਕ ਤੌਰ ਤੇ ਦਸ ਗੁਰੂ ਪਾਤਸ਼ਾਹ ਵੱਖ ਵੱਖ ਨਜਰ
ਆਉਦੇ ਹਨ। ਪਰ ਵਿਚਾਰ ਕਰਕੇ, ਜੋਤਕਰਕੇ, ਚੇਤਨਾ ਅਤੇ ਅਨੁਭਵ ਕਰਕੇ ਦਸ ਗੁਰੂ ਇਕੋ ਰੂਪ ਸਨ। ਅਜ ਉਹੀ
ਗੁਰੂ ਗਿਆਨ, ਉਹੀ ਵਿਚਾਰ ਜੋ ਗੁਰੂ ਸਾਹਿਬਾਂ ਪਾਸੋਂ ਮਿਲਦਾ ਸੀ ਉਹ ਸ਼ਬਦ-ਗੁਰੂ ਗੁਰਬਾਣੀ, ਸ੍ਰੀ
ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਸਿੱਖਾਂ ਦਾ ਗੁਰੂ ਹੈ। ਇਹ ਦਸਮ ਪਾਤਸ਼ਾਹ ਦਾ ਸਿੱਖਾਂ ਪ੍ਰਤੀ
ਹੁਕਮ ਹੈ ਜਿਸ ਵਾਰੇ ਕਿਸੇ ਨੂੰ ਵੀ ਕਿੰਤੂ-ਪ੍ਰੰਤੂ ਕਰਨ ਦਾ ਹੱਕ ਨਹੀਂ ਹੈ। ਜੇ ਕੋਈ ਸਿੱਖ
ਹੁੰਦਿਆਂ ਹੋਇਆਂ ‘ਗੁਰੂ ਮਾਨੀਓ ਗ੍ਰੰਥ’ ਦੇ ਹੁਕਮ ਵਾਰੇ ਹੁੱਜਤਵਾਜ਼ੀ ਕਰਦਾ ਹੈ, ਤਾਂ ਉਹ ਗੁਰੂ ਦੇ
ਹੁਕਮ ਦੀ ਉਲੰਘਣਾ ਕਰਦਾ ਹੈ।
ਗੁਰੂ ਦਾ ਹੁਕਮ ਨਾ ਮਨੱਣ ਵਾਲੇ ਨੂੰ ਗੁਰਮਤਿ ਵਿੱਚ ਮੂਰਖ ਅਤੇ ਅੱਨ੍ਹਾਂ ਆਖਿਆ ਗਿਆ ਹੈ।
ਜੇ ਕੋ ਮੂਰਖੁ ਆਪਹੁ ਜਾਣੈ ਅੰਧਾ ਅੰਧੁ ਕਮਾਏ।। 2
ਗੁਰੂ ਦਾ ਹੁਕਮ ਮੱਨਣ ਵਾਲਾ ਹੀ ਸਿੱਖੀ ਵਿੱਚ ਪਰਵਾਨ ਹੈ।
ਹੁਕਮ ਮਨੇ ਸੋ ਜਨੁ ਪਰਵਾਣੁ।। 3
ਕੁੱਝ ਲੋਕਾਂ ਦਾ ਸੁਭਾ ਹੁੰਦਾ ਹੈ ਕਿ ਜਦੋਂ ਉਹਨਾਂ ਨੇ ਅਗਿਆਨਤਾ ਕਾਰਨ ਕਿਸੇ ਗਲ ਨੂੰ ਨਾ ਮੰਨਣਾ
ਹੋਵੇ ਤਾਂ ਉਹ ਢੁੱਚਰਾਂ ਕਰਨ ਲੱਗ ਜਾਂਦੇ ਹਨ। ਮੈਂ ਕਈ ਸਿੱਖਾਂ ਨੂੰ ਵੀ ਇਸ ਤਰ੍ਹਾਂ ਕਹਿੰਦੇ
ਸੁਣਿਆ ਹੈ, ‘ਉਹ ਕੀ ਪਤਾ ਗੁਰੂ ਨੇ ਗੁਰ-ਗੱਦੀ ਦਿੱਤੀ ਵੀ ਸੀ ਕਿ ਨਹੀਂ ‘ਸਿੱਖ ਐਵੇਂ ਰੌਲ਼ਾ ਪਾਈ
ਜਾਂਦੇ ਹਨ ਕਿਨੇ ਦੇਖਿਆ।
ਜਦੋਂ ਸੰਨ 1708 ਈ: ਦਸਮ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰ-ਗੱਦੀ ਸੌਂਪੀ ਸੀ ਤਾਂ ਉਸ
ਸਮੇਂ ਉਥੇ ਹਾਜਰ ਅਤੇ ਸਮਕਾਲੀ ਇਤਿਹਾਸਕਾਰਾਂ, ਕਵੀਆਂ ਅਤੇ ਸਾਖੀਕਾਰਾਂ ਨੇ ਗੁਰੂ ਸਾਹਿਬ ਦੇ ਗੁਰੂ
ਮਾਨੀਓ ਗ੍ਰੰਥ ਦੇ ਹੁਕਮ ਨੂੰ, ਆਪੋ-ਆਪਣੀ ਸ਼ਬਦਾਬਲੀ ਵਿੱਚ ਲਿਖਿਆ। ਜੋ ਅਜ ਵੀ ਓਸੇ ਤਰ੍ਹਾਂ ਸਾਡੇ
ਪਾਸ ਸਿੱਖ ਸਰੋਤਾਂ ਰਹਿਤਨਾਮਿਆਂ ਅਤੇ ਸਾਖੀਆਂ ਦੇ ਰੂਪ ਵਿੱਚ ਮਿਲਦਾ ਹੈ।
ਗੁਰੂ ਮਾਨੀਓ ਗ੍ਰੰਥ ਦੇ ਹੁਕਮ ਵਿੱਚ ਜੋ ਖਿਆਲ ਅਤੇ ਵਿਚਾਰ ਹਨ, ਉਹ ਗੁਰੂ ਗੋਬਿੰਦ ਸਿੰਘ ਜੀ ਦੇ
ਹਨ। ਜਿਨ੍ਹਾਂ ਨੂੰ ਲਿਖਾਰੀਆਂ ਨੇ ਆਪੋ ਆਪਣੀ ਸ਼ਬਦਾਬਲੀ ਵਿੱਚ ਵਿਆਨ ਕੀਤਾ ਹੈ। ਜਿਵੇਂ:-- ਭਾਈ
ਪ੍ਰਹਿਲਾਦ ਸਿੰਘ ਜੀ ਆਪਣੇ ਰਹਿਤਨਾਮੇਂ ਵਿੱਚ ਲਿਖਦੇ ਹਨ: ਅਕਾਲ ਪੁਰਖ ਕੇ ਬਚਨ ਸਿਉਂ, ਪ੍ਰਗਟ
ਚਲਾਯੋ ਪੰਥ।
ਸਭ ਸਿਖਨ ਕੋ ਬਚਨ ਹੈ, ਗੁਰੂ ਮਾਨੀਅਹੁ ਗ੍ਰੰਥ। 4
ਏਸੇ ਤਰ੍ਹਾਂ ਭਾਈ ਨੰਦ ਲਾਲ ਜੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਬੜੇ ਨੇੜੇ ਸਨ ਅਤੇ ਗੁਰੂ ਗ੍ਰੰਥ
ਸਾਹਿਬ ਜੀ ਨੂੰ ਗੁਰ-ਗੱਦੀ ਦੇਣ ਸਮੇਂ ਓਥੇ ਨਾਦੇੜ ਵਿੱਚ ਹਾਜਰ ਸਨ। ਇਸ ਗਲ ਦਾ ਜ਼ਿਕਰ ਢਾਡੀ ਨਾਥ ਮਲ
ਨੇ ਆਪਣੇ ਅਮਰਨਾਮੇ ਵਿੱਚ ਕੀਤਾ ਹੋਇਆ ਹੈ। ਭਾਈ ਨੰਦ ਲਾਲ ਜੀ ਨੂੰ ਗੁਰੂ ਸਾਹਿਬ ਵਲੋਂ ਸਿੱਖਾਂ ਲਈ
ਅੰਤਮ ਉਪਦੇਸ਼ਾਂ ਅਤੇ ਅਕਾਲ ਚਲਾਣੇ ਆਦਿ ਦਾ ਸਭ ਪਤਾ ਸੀ। ਏਸੇ ਕਰਕੇ ਉਨ੍ਹਾਂ ਨੇ ਆਪਣੇ ਰਹਿਤਨਾਮੇ
ਵਿੱਚ ‘ਗੁਰੁ ਓ ਵਾਚ ‘ਦੇ ਸਿਰਲੇਖ ਹੇਠ ਸਪਸ਼ੱਟ ਲਿਖਿਆ ਹੈ।
ਦੂਸਰ ਰੂਪ ਗ੍ਰੰਥ ਜੀ ਜਾਣ, ਓਨ ਕੋ ਅੰਗ ਮੇਰੋ ਕਰ ਮਾਨ।।
ਮੇਰਾ ਰੂਪ ਗ੍ਰੰਥ ਜੀ ਜਾਣ, ਇਸ ਮੈ ਭੇਦ ਨਹੀਂ ਕੁੱਝ ਮਾਨ।। 5
ਡਾ: ਗੰਡਾ ਸਿੰਘ ਸਿੱਖ ਇਤਿਹਾਸ ਦੇ ਪ੍ਰਸਿਧ ਖੋਜੀ, ਕਵੀ ਸੋਹਨ ਦੀ ਇੱਕ ਰਚਨਾ ‘ਗੁਰ ਬਿਲਾਸ
ਪਾਤਸ਼ਾਹੀ ਛੇਵੀਂ ‘ਦਾ ਜਿਕਰ ਕਰਦੇ ਹਨ। ਜਿਹੜੀ ਉਸ ਕੱਵੀ ਨੇ ਸੰਨ 1718 ਈ. ਵਿੱਚ ਸਮਾਪਤ ਕੀਤੀ
ਦੱਸੀ ਜਾਂਦੀ ਹੈ। ਉਸ ਦੇ ਚੌਥੇ ਅੀਧਆਇ ਵਿੱਚ ਕਵੀ, ਗ੍ਰੰਥ ਸਾਹਿਬ ਜੀ ਨੂੰ ਗਰੁ-ਗਦੀ ਦੇਣ ਦੇ ਗੁਰੂ
ਹੁਕਮ ਦਾ ਜਿਕਰ ਇਸ ਤਰ੍ਹਾਂ ਕਰਦਾ ਹੈ:---
ਮਮ ਆਗਿਆ ਸਬ ਹੀ ਸੁਨੋ, ਸਤਿ ਬਾਤ ਨਿਰਧਾਰ।
ਗ੍ਰੰਥ ਗੁਰੂ ਸਮ ਮਾਨੀਓ, ਭੇਦ ਨ ਕੋਊ ਬਿਚਾਰ। 405
ਗੁਰੂ ਗ੍ਰੰਥ ਕਲਜੁਗ ਭਯੋ, ਸ੍ਰੀ ਗੁਰੂ ਰੂਪ ਸਮਾਨ।
ਦਸ ਪਾਤਸ਼ਾਹੀਆਂ ਰੂਪ ਇਹ, ਗੁਰੂ ਗ੍ਰੰਥ ਜੀ ਜਾਨ। 412
ਗੁਰੂ ਦਰਸ ਜਿਹ ਦੇਖਨਾ, ਸ੍ਰੀ ਗ੍ਰੰਥ ਦਰਸਾਇ।
ਬਾਤ ਕਰਨਿ ਗੁਰ ਸੋ ਚਹੈ, ਪੜ੍ਹੇ ਗ੍ਰੰਥ ਮਨ ਲਾਇ। 6
ਇਹ ਸਭ ਹਵਾਲੇ ਦੇਣ ਦਾ ਇਹੋ ਭਾਵ ਹੈ ਕਿ ਗੁਰੂ ਮਾਨੀਓ ਗ੍ਰੰਥ ਦਾ ‘ਗੁਰੂ ਹੁਕਮ ‘ਕਿਸੇ ਕਵੀ ਦੇ
ਦਿਮਾਗ ਦੀ ਆਪਣੀ ਕਾਢ ਨਹੀਂ ਹੈ। ਇਸ ਦੇ ਬੜੇ ਪੱਕੇ ਇਤਿਹਾਸਕ ਹਵਾਲੇ ਮਿਲਦੇ ਹਨ। ਹਰ ਸਿੱਖ ਨੂੰ ਇਹ
ਗਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਦਸਾਂ ਗੁਰੂਆਂ ਤੋਂ ਬਾਅਦ ਸਿੱਖਾਂ ਦੇ ਗੁਰੂ, ਗੁਰੂ
ਗ੍ਰੰਥ ਸਾਹਿਬ ਜੀ ਹਨ। ਸਿੱਖਾਂ ਵਿੱਚ ਵਿਅਕਤੀਗੁਰੂ ਜਾਂ ਦੇਹਧਾਰੀ ਗੁਰੂ ਦੀ ਪਰੰਪਰਾ ਹਮੇਸ਼ਾ ਲਈ
ਖਤਮ ਹੈ। ਜੇ ਸਿੱਖਾਂ ਵਿੱਚ ਅਜ ਕੋਈ ਗੁਰੂ ਅਤੇ ਸਤਿਗੁਰੂ ਆਦਿ ਅਖਵਾਉਣ ਦਾ ਅਡੰਬਰ ਕਰਦਾ ਹੈ ਤਾਂ
ਉਹ ਗੁਰਮਤਿ ਵਿੱਚ ਪਰਵਾਨ ਨਹੀਂ ਹੈ।
ਅਜ ਸਾਰੇ ਸੰਸਾਰ ਵਿੱਚ ਵਿਚਰ ਰਹੇ ਸਿੱਖਾਂ ਅੱਗੇ ਇੱਕ ਬੜਾ ਜਰੂਰੀ ਸੁਆਲ ਹੈ ਕਿ ਜਿਸ ਤਰ੍ਹਾਂ ਅਸੀ
ਗੁਰ-ਪੁਰਬ ਅਤੇ ਹੋਰ ਸਿੱਖਾਂ ਨਾਲ ਸਬੰਧਤ ਇਤਿਹਾਸਕ ਦਿੰਨ ਮਨਾਉਂਦੇ ਹਾਂ, ਜਿਵੇਂ ‘ਵਸਾਖੀ ‘ਦੇ
ਸਮੇਂ ਕਈ ਥਾਈਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੋਨੇ ਦੀਆਂ ਪਾਲਕੀਆਂ ਵਿੱਚ ਪ੍ਰਕਾਸ਼ ਕਰਕੇ, ਵੱਡੇ
ਵੱਡੇ ਨਗਰ ਕੀਰਤਨ ਕੱਢੇ ਜਾਂਦੇ ਹਨ, ਗੁਰ-ਪੁਰਬਾਂ ਆਦਿ ਸਮੇਂ ਅਖੰਡ ਪਾਠਾਂ ਦੀਆਂ ਲੜੀਆਂ ਚਲ ਰਹੀਆਂ
ਹੁੰਦੀਆਂ ਹਨ। ਪਾਠੀ ਪਾਠ ਕਰੀ ਜਾ ਰਹੇ ਹਨ, ਪਰ ਪਾਠ ਸੁਣਨ ਵਾਲੀ ਸੰਗਤ ਹਾਜਰ ਕੋਈ ਨਹੀਂ। ਮੱਥਾ
ਟੇਕਣ ਆਉਣ ਵਾਲਿਆਂ ਨੂੰ ਪ੍ਰਸ਼ਾਦ ਦੇਣ ਲਈ ਦਿਕ-ਦੋ ਬਜੁਰਗ ਜਰੂਰ ਹਾਜਰ ਹੁੰਦੇ ਹਨ। ਮੱਥਾ ਟੇਕਣ ਆਏ
ਪ੍ਰਾਣੀ ਪ੍ਰਸ਼ਾਦ ਲੈਕੇ ਪੰਜ-ਸਤ ਮਿੰਟ ਬੈਠਦੇ ਹਨ। ਬਾਅਦ ਵਿੱਚ ਲੰਗਰ ਹਾਲ ਵਿੱਚ ਬੈਠੀਆਂ ਸੰਗਤਾਂ
ਨਾਲ ਜਾ ਰਲਦੇ ਹਨ। ਜਿੱਥੇ ਦੁਨੀਆਂ ਭਰ ਦੇ ਮਸਲਿਆਂ ਤੇ ਬਹਿਸਾਂ ਚਲ ਰਹੀਆਂ ਹੁੰਦੀਆਂ ਹਨ। ਇਸ
ਤਰ੍ਹਾਂ ਵਾਪਰਦਾ ਬਹੁਤੇ ਘਰਾਂ ਅਤੇ ਗੁਰਦੁਆਂਰਿਆਂ ਵਿੱਚ ਦੇਖਿਆ ਜਾ ਸਕਦਾ ਹੈ।
ਮੈਂ ਗੁਰਪੁਰਬ ਮਨਾਉਣ ਅਤੇ ਅਖੰਡ ਪਾਠਾਂ ਆਦਿ ਦਾ ਵਿਰੋਧ ਨਹੀਂ ਕਰਦਾ। ਪਰ ਜਿਸ ਢੰਗ ਨਾਲ ਅਸੀਂ ਇਹ
ਸਭ ਕੁੱਝ ਕਰ ਰਹੇ ਹਾਂ, ਕੀ ਇਸ ਦਾ ਸਿੱਖ ਕੌਂਮ ਨੂੰ ਕੋਈ ਲਾਭ ਹੋ ਰਿਹਾ ਹੈ? ਸਾਰੇ ਸਿੱਖਾਂ ਨੂੰ
ਇਸ ਸੁਆਲ ਤੇ ਬੜੀ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈਂ।
ਮਨਾਉਣ ਦਾ ਭਾਵ ਹੈ ਮੰਨਣਾ ਅਤੇ ਆਪਣੇ ਜੀਵਨ ਦੇ ਅਮਲ ਰਾਹੀਂ ਹੰਢਾਉਣਾ। ਗੁਰਬਾਣੀ ਪੜ੍ਹਨੀ, ਸੁਣਨੀ,
ਨਿਤ-ਨੇਮ ਕਰਨਾ, ਗੁਰਬਾਣੀ ਦਾ ਪਾਠ ਅਤੇ ਸਿਮਰਨ ਆਦਿ ਕਰਨੇ ਬਹੁਤ ਜਰੂਰੀ ਦੱਸੇ ਗਏ ਹਨ। ਪਰ
ਗੁਰਬਾਣੀ ਵਿੱਚ ਦੱਸੇ ਗੁਣਾ ਨੂੰ, ਗੁਰਬਾਣੀ ਵਿੱਚ ਦੱਸੇ ਗਏ ‘ਜੀਵਨ ਮਾਰਗ ‘ਨੂੰ ਜੇ ਆਪਣੀ ਰੋਜਾਨਾ
ਜਿੰਦਗੀ ਵਿੱਚ ਅਪਨਾਇਆ ਨਹੀਂ, ਜੇ ਗੁਰਮਤਿ-ਮਾਰਗ ਤੇ ਚਲੱਣ ਦਾ ਯਤਨ ਨਹੀਂ ਕੀਤਾ ਤਾਂ ਤੋਤਾ ਰਟਨੀ
ਹੀ ਰਹਿ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਹੈ।
ਕਥਨੀ ਕਹਿ ਭਰਮੁ ਨ ਜਾਈ।।
ਸਭ ਕਥਿ ਕਥਿ ਰਹੀ ਲਕਾਈ।। 7
ਗੁਰੂ ਸਾਹਿਬਾਂ ਦਾ ਹਰ ਸਿੱਖ ਲਈ ਹੁਕਮ ਹੈ ਕਿ ਬਾਣੀ ਨੂੰ ਪਾਠ-ਪੂਜਾ ਤੱਕ ਹੀ ਸੀਮਤ ਨਹੀਂ ਰੱਖਣਾ।
ਇਸ ਵਿੱਚ ਦਿੱਤੀ ਵਿਚਾਰ ਅਤੇ ਗਿਆਨ ਤੋਂ ਆਪਣੇ ਜੀਵਨ ਲਈ ਕੋਈ ਸੇਧ ਲੈਣੀ ਹੈ। ਅਸੀਂ ਸਾਰੇ ਹੀ ਜੀਵਨ
ਵਿੱਚ ਸੁੱਖ ਮਾਣਿਆਂ ਚਾਹੁੰਦੇ ਹਾਂ। ਏਸੇ ਲਈ ਸੁੱਖਣਾ ਸੁੱਖਦੇ ਅਤੇ ਅਰਦਾਸਾਂ ਵੀ ਕਰਦੇ ਹਾਂ।
ਗੁਰਬਾਣੀ ਨੇ ਇਹ ਵਿਚਾਰ ਦਿੱਤਾ ਹੈ ਕਿ ਸਾਡੇ ਬਹੁਤੇ ਦੁਖਾਂ ਦਾ ਕਾਰਨ ਸਾਡੀ ਅਗਿਆਨਤਾ ਹੈ। ਅਸੀਂ
ਗੁਰੂ ਦੇ ਹੁਕਮ ਵਿੱਚ ਚਲਣਾ ਨਹੀਂ ਸਿੱਖਿਆ।
ਜਬ ਲਗ ਹੁਕਮ ਨ ਬੂਝਤਾ ਤਬ ਹੀ ਲਉ ਦੁਖੀਆ।।
ਗੁਰ ਮਿਲਿ ਹੁਕਮੁ ਪਛਾਣਿਆ ਤਬ ਹੀ ਤੇ ਸੁਖੀਆ।। 8 ਸਿੱਖ ਧਾਰਮਿਕ, ਰਾਜਨੀਤਕ ਅਤੇ ਪ੍ਰਚਾਰਕ
ਲੀਡਰਸ਼ਿਪ ਦੀ ਇਹ ਜਿੰਮੇਦਾਰੀ ਬਣਦੀ ਸੀ ਕਿ ਉਹ ਪਹਿਲਾਂ ਆਪ ‘ਗੁਰੂ ਮਾਨੀਓ ਗ੍ਰੰਥ’ ਦੇ ਹੁਕਮ ਦੀ
ਪਾਲਣਾ ਕਰਦੇ ਅਤੇ ਫਿਰ ਦੂਸਰਿਆਂ ਨੂੰ ਇਹ ਸਿਧਾਂਤ ਸਮਝਾਉਣ ਦਾ ਯਤਨ ਕਰਦੇ। ਪਰ ਇਸ ਤਰ੍ਹਾਂ ਹੋਇਆ
ਨਹੀਂ ਤੇ ਨਾ ਹੀ ਅੱਗੋਂ ਹੋ ਰਿਹਾ ਹੈ।
ਸਿੱਖੀ ਵਿਚਾਰਧਾਰਾ ਤੇ ਪਹਿਰਾ ਦੇਣ ਵਾਲੀਆਂ ਸਿੱਖਾਂ ਦੀਆਂ ਦੋ ਸਿਰਮੌਰ ਜਥੇਬੰਦੀਆਂ, ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦੋਨੋ ਹੀ ਸਿੱਖ ਸਿਧਾਂਤਾਂ ਨੂੰ ਪਿਠੱ ਦਿਖਾ
ਕੇ ਭਗੌੜੀਆਂ ਹੋ ਚੁਕੀਆਂ ਹਨ। ਦੋਨੋਂ ਹੀ ਜਨਸੰਘ ਅਤੇ ਭਾਜਪਾ ਦੀ ਬੋਲੀ ਬੋਲ ਰਹੀਆਂ ਹਨ।
‘ਮੀਰੀ-ਪੀਰੀ ‘ਦਾ ਰਖਵਾਲਾ ਅਕਾਲ-ਤਖਤ ਸਾਹਿਬ ਦਾ ਮਹਾਨ ਕੇਂਦਰ ਮੁੜ ਮਹੰਤਾਂ ਅਤੇ ਮਸ਼ੰਦਾਂ ਨੇ
ਹਾਈਜੈਕ ਕਰ ਲਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲ ਤਖ਼ਤ
ਸਾਹਿਬ ਦਾ ਕੇਂਦਰ, ਇਕੋ ਰਾਜਨੀਤਕ ਪਰਵਾਰ ਦੀ ਮਲਕੀਅਤ ਬਣ ਗਏ ਹਨ। ਉਹ ਪਰਵਾਰ ਆਪਣੇ ਸੁਆਰਥ ਲਈ ਅਤੇ
ਆਪਣੇ ਰਾਜਨੀਤਕ ਲਾਭ ਨੂੰ ਮੁੱਖ ਰੱਖ ਕੇ ਇਨ੍ਹਾਂ ਤਿੱਨਾਂ ਕੇਦਰਾਂ ਦੀ ਰੱਜ ਕੇ ਦੁਰ-ਵਰਤੋਂ ਕਰ
ਰਿਹਾ ਹੈ।
ਗੁਰਮਤਿ ਦੀਆਂ ਟਕਸਾਲਾਂ ਸਾਡੇ ਗੁਰਦੁਆਰੇ, ਜਿਥੋਂ ਸਿੱਖੀ ਜੀਵਨ ਦੀ ਉਸਾਰੀ ਹੋਣੀ ਸੀ। ‘ਕਿਵ
ਸਚਿਆਰਾ ਹੋਈਐ’ ਦੀ ਸੋਝੀ ਪਾਉਣੀ ਸੀ। ਇਨ੍ਹਾਂ ਵਿੱਚੋਂ ਬਹੁਤੇ ਅਨਮਤ ਤੇ ਮਨ-ਮਤ ਦੇ ਕਰਮ-ਕਾਂਡੀ
ਡੇਰੇ ਬਣਦੇ ਜਾ ਰਹੇ ਹਨ। ਬਹੁਤੇ ਗੁਰਦੁਆਰਿਆਂ ਵਿੱਚ ਧਰਮ ਨਾਲੋਂ ਧੜਾ ਪਰਧਾਨ ਹੋਇਆ ਬੈਠਾ ਹੈ।
ਧੜੇਬੰਦੀ ਕਾਰਨ ਪਈ ਆਪਸੀ ਫੁੱਟ ਕਰਕੇ, ਗੁਰਦੁਆਰਿਆਂ ਤੇ ਕਬਜਾ ਜਮਾਈ ਰੱਖਣ ਲਈ ਲੜਾਈ-ਝਗੜਿਆਂ ਵਿੱਚ
ਵਾਧਾ ਹੋ ਰਿਹਾ ਹੈ ਅਤੇ ਆਮ ਸੰਗਤ ਦੀ ਖੂਨ-ਪਸੀਨੇ ਦੀ ਕਮਾਈ ਦਾ ਲਖਾਂ ਹੀ ਡਾਲਰ ਵਕੀਲਾਂ ਦੀਆਂ
ਫੀਸਾਂ ਅਤੇ ਕਚਿਹਰੀਆਂ ਵਿੱਚ ਖਰਚਾ ਕਰਕੇ ਦੁਰ-ਵਰਤੋਂ ਕੀਤੀ ਜਾ ਰਹੀ ਹੈ। ਸਿੱਖ ਧਰਮ ਨੂੰ ਸਿੱਖ
ਸਿਧਾਂਤਾਂ ਤੋਂ ਤਿਲਕੀ ਹੋਈ ਰਾਜਨੀਤੀ ਆਪਣੀ ਕਪਟੀ ਸੋਚ ਮੁਤਾਬਕ ਚਲਾ ਰਹੀ ਹੈ। ‘ਗੁਰੂ ਮਾਨੀਓ
ਗ੍ਰੰਥ’ ਅਤੇ ‘ਰਾਜ ਕਰੇਗਾ ਖਾਲਸਾ’ ਦਾ ਸੰਕਲਪ, ਸੰਸਾਰ ਲਈ ਇੱਕ ਨਵਾਂ ਸਕੰਲਪ ਹੈ, ਇੱਕ ਨਿਆਰਾ
ਖਿਆਲ ਹੈ। ਇਹ ਸੰਸਾਰ ਵਿੱਚ ਪ੍ਰਚਲਤ ਧਰਮਾਂ ਅਤੇ ਪ੍ਰਚਲਤ ਰਾਜ-ਪ੍ਰਬੰਧਾਂ ਨਾਲੋਂ ਵੱਖਰਾ ਹੈ। ਇਸ
ਨੂੰ ਪ੍ਰਚਲਤ ਅਤੇ ਪਰੰਪਰਾਈ ਝਰੋਖਿਆਂ ਵਿਚੋਂ ਦੇਖਣ ਨਾਲ ਇਸ ਦੀ ‘ਰੂਹ ‘ਤਕ ਨਹੀਂ ਪਹੁੰਚਿਆ ਜਾ
ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਸਾਏ ਗਏ ਧਰਮ, ਗੁਰੂ ਅਤੇ ਰਾਜ ਪ੍ਰਬੰਧ ਦੀ
ਧਾਰਨਾ ਅਤੇ ਖਿਆਲ ਸੰਸਾਰ ਵਿੱਚ ਪ੍ਰਚਲਤ ਧਰਮ, ਗੁਰੂ ਅਤੇ ਰਾਜ ਪ੍ਰੰਬੰਧ ਦੀ ਧਾਰਨਾ ਨਾਲੋਂ ਨਿਆਰੇ
ਹਨ। ਗੁਰਮਤਿ ਨੇ ਰਾਜਸੀ ਪ੍ਰਬੰਧ ਦਾ ਅਧਾਰ ਯੋਗਤਾ, ਚੰਗੇ ਗੁਣਾਅਤੇ ਸੱਚ ਨੂੰ ਮੰਨਿਆਂ ਹੈ। ਗੁਰਮਤਿ
ਝੂਠੇ, ਸੁਆਰਥੀ ਅਤੇ ਗੁਣ ਹੀਣ ਵਿਅਕਤੀ ਨੂੰ ਰਾਜ ਕਰਨ ਦਾ ਅਧਿਕਾਰ ਨਹੀਂ ਦਿੰਦੀ।
ਤਖਤ ਰਾਜਾ ਸੋ ਬਹੈ ਜਿ ਤਖਤੈ ਲਾਕਿ ਹੋਈ।।
ਜਿਨੀ ਸਚੁ ਪਛਾਣਿਆ ਸਚੁ ਰਾਜੇ ਸੋਈ।। 9
ਗੁਰੂ ਸਾਹਿਬ ਜਦੋਂ ‘ਰਾਜ ਕਰੇਗਾ ਖਾਲਸਾ’ ਦੀ ਗਲ ਕਰਦੇ ਹਨ ਤਾਂ ਉਹ ਇੱਕ ਐਸੇ ਰਾਜ ਪ੍ਰਬੰਧ ਦੀ ਗਲ
ਕਰਦੇ ਹਨ। ਜਿਸ ਰਾਜ ਵਿੱਚ ‘ਰਾਜਾ ਅਤੇ ਰੰਕ ‘ਦੀ ਬਰਾਬਰੀ ਦੀ ਭਾਵਨਾ ਹੋਵੇ। ਜਿਸ ਰਾਜ ਪ੍ਰਬੰਧ
ਵਿੱਚ ‘ਸਭੇ ਸਾਂਝੀਵਾਲ ਸਦਾਇਣ’ ਦੀ ਰੂਹ ਕੰਮ ਕਰ ਰਹੀ ਹੋਵੇ। ਐਸੇ ਸਰਬ ਸਾਂਝੇ ਰਾਜ ਨੂੰ ਹੀ ਗੁਰੂ
ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ‘ਹਲੇਮੀ ਰਾਜ ‘ਕਿਹਾ ਗਿਆ ਹੈ।
ਹੁਣਿ ਹੁਕਮੁ ਹੋਆ ਮਿਹਰਵਾਣ ਦਾ।। ਭੈ ਕੋਈ ਨ ਕਿਸੈ ਰਞਾਣ ਦਾ।।
ਸਭ ਸੁਖਾਲੀ ਵੁਠੀਆ, ਇਹੁ ਹੋਆ ਹਲੇਮੀ ਰਜ ਜੀਉ।। 10
ਅਸਲ ਵਿੱਚ ਰਾਜ ਕਰੇਗਾ ਖਾਲਸਾ ਦਾ ਸੰਕਲਪ ਸੰਤ-ਸਿਪਾਹੀਆਂ ਦੇ ਰਾਜ ਦੀ ਗਲ ਕਰਦਾ ਹੈ। ਗੁਰੂ ਮਾਨੀਓ
ਗ੍ਰੰਥ ਦੇਉਪਾਸ਼ਕਾਂ ਦਾ ‘ਰਾਜ ‘ਉਹ ਆਦਰਸ਼ਕ ਰਾਜ ਹੈ, ਜਿਸ ਰਾਜ ਦੇ ਹਰ ਕੋਨੇ ਚੋਂ ਇਹੋ ਧੁੰਨ ਗੂੰਜਦੀ
ਸੁਣਾਈ ਦਿੰਦੀ ਹੈ:
ਨ ਕੋ ਮੇਰਾ ਦੁਸਮਨੁ ਰਹਿਆ, ਨ ਹਮ ਕਿਸ ਕੇ ਬੈਰਾਈ।।
ਬ੍ਰਹਮੁ ਪਸਾਰੁ ਪਸਾਰਿਓ ਭੀਤਰਿ, ਸਤਿਗੁਰ ਤੇ ਸੋਝੀ ਪਾਈ।।
ਸਭੁ ਕੋ ਮੀਤੁ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ।। 11
ਗੁਰੂ ਨਾਨਕ ਮਿਸ਼ਨ ਦਾ ਨਿਸ਼ਾਨਾ ਇੱਕ ਨਵੇਂ ਮਨੁੱਖ (ਗੁਰਮੁਖ) ਦੀ ਉਸਾਰੀ ਕਰਕੇ, ਇੱਕ ਨਵੇਂ
ਸਮਾਜ (ਸਿੱਖ ਪੰਥ) ਅਤੇ ਇੱਕ ਨਵੇਂ ਰਾਜ ਪ੍ਰਬੰਧ (ਹਲੇਮੀ ਰਾਜ) ਦੀ ਸਥਾਪਨਾ ਕਰਨਾ ਹੈ। ਇਹ ਤਾਂ ਹੀ
ਸੰਭਵ ਹੋ ਸਕਦਾ ਹੈ ਜੇ ਗੁਰਬਾਣੀ ਦੀ ਵਿਚਾਰਧਾਰਾ ਨੂੰ ਉਸ ਦੇ ਸਹੀ ਰੂਪ ਵਿੱਚ, ਸ਼ਬਦ-ਗੁਰੂ, ਗੁਰੂ
ਗ੍ਰੰਥ ਸਾਹਿਬ ਦੇ ਰੂਪ ਵਿੱਚ ਸਮਝ ਕੇ, ਉਸ ਤੇ ਚਲਿਆ ਜਾਏ। ਗੁਰਮਤਿ ਮਾਰਗ ਤੇ ਚਲਦਿਆਂ ‘ਗੁਰੂ
ਮਾਨੀਓ ਗ੍ਰੰਥ ਅਤੇ ਰਾਜ ਕਰੇਗਾ ਖਾਲਸਾ ‘ਦੇ ਗੁਰੂ ਹੁਕਮ ਦੀ ਸਮਝ ਆਉਣੀ ਵੀ ਸੌਖੀ ਹੋ ਜਾਏਗੀ। ਅਸੀਂ
ਭੇਖੀਆਂ ਦੇ ਪਾਏ ਹੋਏ ਭਰਮ-ਜਾਲ ਵਿੱਚ ਫਸਣ ਤੋਂ ਵੀ ਬਚ ਜਾਵਾਂਗੇ ਅਤੇ ਸਾਡਾ ਜੀਵਨ ਸੁਖੀ ਹੁੰਦਾ
ਜਾਏਗਾ। ਅਸੀਂ ਸਚਿਆਰੇ ਬਣਦੇ ਜਾਵਾਂਗੇ, ਅਸੀਂ ਗੁਰਮੁਖ ਬਣਦੇ ਜਾਵਾਂਗੇ। ਅਸੀਂ ਇੱਕ ਚੰਗੇ ਇਨਸਾਨ
ਬਣਦੇ ਜਾਵਾਂਗੇ।
ਹਵਾਲੇ:---
. ਸਿੱਖ ਰਹਿਤ ਮਰਯਾਦਾ, ਪੰਨਾ 11 (ਹ)
. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 556
. ਉਹੀ, ਪੰਨਾ 1175
. ਪਿਆਰਾ ਸਿੰਘ ਪਦਮ, ਰਹਿਤਨਾਮੇ। ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ, ਪੰਨਾ 67
. ਡਾ: ਗੰਡਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ। ਸਿੱਖ ਫਲਵਾੜੀ, ਅਕਤੂਬਰ 2008,
ਪੰਨਾ 15
. ਉਹੀ.
. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ. 655
.” ““ “ਪੰਨਾ. 400
.” ““ “ਪੰਨਾ. 1088
.” ““ “ਪੰਨਾ. 74
.” ““ “ਪੰਨਾ. 671