.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਗੁਰੂ ਜੀ ਨੂੰ ਪ੍ਰਸ਼ਾਦੇ ਛਕਾਏ

ਸੰਸਾਰ ਵਿੱਚ ਬਹੁਤ ਸਾਰੀਆਂ ਸਿੰਘ ਸਭਾਵਾਂ ਅਜੇਹੀਆਂ ਹਨ ਜੋ ਗੁਰਬਾਣੀ ਸਿਧਾਂਤ ਤੋਂ ਬਹੁਤ ਸੁਚੇਤ ਹਨ ਤੇ ਇਹਨਾਂ ਵਿੱਚ ਹੀ ਗੁਰਦੁਆਰਾ ਸਿੰਘ ਸਭਾ ਗਾਲਾ ਮਸਕਟ ਦੀ ਸੰਗਤ ਤੇ ਪ੍ਰਬੰਧਕ ਕਮੇਟੀ ਆਉਂਦੀ ਹੈ। ਜਿੱਥੇ ਸੰਗਤ ਤੇ ਪ੍ਰਬੰਧਕ ਕਮੇਟੀਆਂ ਗੁਰਬਾਣੀ ਪੱਖ ਤੋਂ ਜਾਗਰੁਕ ਹੋਣ ਓੱਥੇ ਕੋਈ ਪਰਚਾਰਕ ਜਾਂ ਰਾਗੀ ਢਾਢੀ ਕੱਚੀ ਗੱਲ ਨਹੀਂ ਕਰ ਸਕਦਾ। ਰਾਗੀ-ਢਾਢੀ ਤੇ ਪ੍ਰਚਾਰਕ ਸ਼੍ਰੇਣੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਕੌਮ ਨੂੰ ਬ੍ਰਹਮਣੀ ਕਰਮ-ਕਾਂਡ ਤੇ ਬੇ-ਥਵੀਆਂ ਕਰਾਮਤੀ ਸ਼ਕਤੀਆਂ ਵਾਲਾ ਬਨਾਉਟੀ ਇਤਿਹਾਸ ਨਾ ਸਣਾਉਣ। ਪਰਚਾਰਕ ਸ਼੍ਰੇਣੀ ਨਾਲ ਸਬੰਧ ਰੱਖਣ ਵਾਲੇ ਬਹੁਤੇ ਵੀਰ ਖੋਜ ਵਾਲੀ ਬਿਰਤੀ ਨਹੀਂ ਰੱਖਦੇ ਸਗੋਂ ਮਨਘੜਤ ਸਾਖੀਆਂ ਸੁਣਾ ਕੇ ਤੇ ਸਮਾਂ ਪਾਸ ਕਰਕੇ ਚੱਲਦੇ ਬਣਦੇ ਹਨ। ਕਈਆਂ ਰਾਗੀਆਂ ਦੀਆਂ ਗਪੌੜਿਆਂ ਵਾਲੀਆਂ ਸਾਖੀਆਂ ਤੇ ਬਿਨਾ ਸਿਰ ਪੈਰ ਦੇ ਆਮ ਬਜ਼ਾਰੀ ਸੀਡੀਜ਼ ਵਿਚੋਂ ਮਿਲ ਜਾਂਦੀਆਂ ਹਨ।
ਡੇਰਾਵਾਦ, ਸਾਧਲਾਣਾ ਤੇ ਘੱਚ ਘਰੜ ਪ੍ਰਚਾਰਕ ਸ਼੍ਰੇਣੀ ਵਲੋਂ ਗੁਰਬਾਣੀ ਸਿਧਾਂਤ ਤੇ ਸਿੱਖ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦਾ ਪੂਰਾ ਪੂਰਾ ਯਤਨ ਕੀਤਾ ਜਾ ਰਿਹਾ ਹੈ। ਸਾਧਲਾਣੇ ਵਲੋਂ ਕੌਮ ਨਾਲ ਧ੍ਰੋਅ ਕਮਾਉਂਦਿਆਂ ਕੇਵਲ ਪ੍ਰਸ਼ਾਦੇ ਛਕਾਉਣ ਤੀਕ ਸਿੱਖੀ ਨੂੰ ਸੀਮਤ ਕਰਕੇ ਰੱਖ ਦਿੱਤਾ ਹੈ। ਗੁਰੂ ਮਹਾਂਰਾਜ ਜੀ ਨੂੰ ਆਪਣੇ ਘਰ ਸੱਦ ਕੇ ਪ੍ਰਸ਼ਾਦਾ ਛਕਾਇਆ। ਗੁਰੂ ਜੀ ਨੇ ਉਸ ਨੂੰ ਵਰ ਦੇ ਕੇ ਨਿਹਾਲ ਕੀਤਾ। ਇਸ ਦਾ ਅੰਦਰੂਨੀ ਭਾਵ ਤਾਂ ਇਹ ਹੀ ਹੁੰਦਾ ਹੈ ਕਿ ਅਸੀਂ ਵੀ ਗੁਰੂਆਂ ਵਾਂਗ ਲੁਕਾਈ ਨੂੰ ਨਾਮ ਨਾਲ ਜੋੜ ਰਹੇ ਹਾਂ ਇਸ ਲਈ ਸਾਨੂੰ ਪ੍ਰਸ਼ਾਦਾ ਛਕਾਇਆ ਜਾਏ ਤੇ ਅਸੀਂ ਵੀ ਤੁਹਾਨੂੰ ਆਪਣਿਆਂ ਵਰਾਂ ਨਾਲ ਮਾਲਾਮਲ ਕਰ ਦਿਆਂਗੇ। ਸਿੱਖ ਸਟੇਜਾਂ ਤੇ ਸੁਣਾਈਆਂ ਜਾਂਦੀਆਂ ਕੁੱਝ ਕੁ ਵੰਨਗੀਆਂ ਦੇਖਣ ਦਾ ਯਤਨ ਕੀਤਾ ਜਾਏਗਾ। ਪ੍ਰਸ਼ਾਦੇ ਛਕਾਉਣ ਵਾਲੀਆਂ ਸਾਖੀਆਂ ਮਸਕਟ ਦੀ ਸਟੇਜ ਤੇ ਰਾਗੀਆਂ ਵਲੋਂ ਸੁਣਾਈਆਂ ਤਾਂ ਗਈਆਂ ਪਰ ਮੁੜ ਕੇ ਉਹਨਾਂ ਨੂੰ ਕੋਈ ਉੱਤਰ ਨਾ ਲੱਭੇ ਜਦੋਂ ਜਾਗਰੁਕ ਸੰਗਤ ਵਲੋਂ ਜੁਆਬ ਪੁੱਛਿਆ ਗਿਆ।
ਵੰਨਗੀਆਂ
ਰਾਗੀ ਸਿੰਘ ਵਲੋਂ ਪੰਜਾਬੀ ਦਾ ਵਿਗਾੜ ਪੇਸ਼ ਕਰਦਿਆਂ ਤੇ ਆਪਣੇ ਆਪ ਨੂੰ ਬਹੁਤ ਹੀ ਰਬੀ ਰੰਗ ਵਿੱਚ ਭਿੱਜਿਆ ਹੋਇਆ ਦਸਦਿਆਂ ਕਥਾ ਫਰਮਾਉਂਦੇ ਹਨ-- ਸ਼ਾਅਸ਼ੰਗਤ ਜੀ ਬੜੇ ਮਹਾਂਰਾਜ ਜੀ ਬਹੁਤ ਭਗਤੀ ਕਰਿਆ ਕਰਦੇ ਤੀ। ਉਹ ਤਾਂ ਭਾਈ ਧੰਨੇ ਭਗਤ ਵਾਲਾ ਹੱਠ ਲੈ ਕੇ ਬੈਠ ਗਏ ਤੇ ਆਖਣ ਲੱਗੇ ਹੇ ਗੁਰੂ ਨਾਨਕ ਸ਼ਾਹਿਬ ਜੀ ਤੁਸ਼ੀਂ ਆਪ ਪ੍ਰਗਟ ਹੋ ਕੇ ਪ੍ਰਸ਼ਾਦਾ ਛੱਕੋਗੇ ਤਾਂ ਅਸ਼ੀਂ ਜਲ ਪਾਨ ਕਰਾਂਗੇ। ਜੇ ਤੁਸ਼ੀ ਆਪ ਆਣ ਕੇ ਪ੍ਰਸ਼ਾਦਾ ਨਹੀਂ ਛੱਕੋਗੇ ਤਾਂ ਅਸ਼ੀਂ ਆਪਣੇ ਪ੍ਰਾਣ ਦੇ ਦਿਆਂਗੇ ਪਰ ਤੁਹਾਨੂੰ ਪ੍ਰਸ਼ਾਦਾ ਛਕਾਉਣ ਤੋਂ ਬਿਨਾਂ ਅਸ਼ੀਂ ਪ੍ਰਸ਼ਾਦਾ ਨਹੀਂ ਛਕਾਂਗੇ। ਸ਼ਾਅਸ਼ੰਗਤ ਜੀ ਗੁਰੂ ਨਾਨਕ ਜੀ ਤਰੁੱਠੇ ਤੇ ਆਪ ਆ ਕੇ ਉਹਨਾਂ ਨੇ ਪ੍ਰਸ਼ਾਦਾ ਛੱਕਿਆ। ਸ਼ੋ ਭਾਈ ਇਸ਼ ਤਰ੍ਹਾਂ ਬੜੇ ਮਹਾਂਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਇਆ। ਭਾਈ ਹਰਵੰਤ ਸਿੰਘ ਜੀ ਹੁਰਾਂ ਸੰਗਤ ਵਿੱਚ ਬਿਠਾ ਕੇ ਰਾਗੀ ਜੀ ਨੂੰ ਪੁੱਛਿਆ ਕਿ ਬਾਕੀ ਨੌਂ ਗੁਰੂ ਸਾਹਿਬ, ਭਗਤਾਂ ਤੇ ਭੱਟਾਂ ਨੂੰ ਪ੍ਰਸ਼ਾਦਾ ਕਿਉਂ ਨਹੀਂ ਛਕਾਇਆ ਗਿਆ? ਕੀ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਵਾਰ ਪ੍ਰਸ਼ਾਦਾ ਛੱਕਿਆ ਜਾਂ ਰੋਜ਼ ਆਣ ਕੇ ਪ੍ਰਸ਼ਾਦਾ ਛੱਕਦੇ ਸਨ? ਜਦੋਂ ਬੜੇ ਮਹਾਂਰਾਜ ਜੀ ਪ੍ਰਸ਼ਾਦਾ ਨਹੀਂ ਛਕਾਉਂਦੇ ਜਾਂ ਕਿਤੇ ਗਏ ਆਏ ਹੁੰਦੇ ਸੀ, ਓਦੋਂ ਪ੍ਰਸ਼ਾਦੇ ਦਾ ਕੀ ਪ੍ਰਬੰਧ ਕੀਤਾ ਜਾਦਾ ਸੀ? ਹੁਣ ਬੜੇ ਮਹਾਂਰਾਜ ਜੀ ਮਰ ਚੁੱਕੇ ਹਨ ਉਹਨਾਂ ਦੀ ਜਗ੍ਹਾ ਪ੍ਰਸ਼ਾਦੇ ਦੀ ਸੇਵਾ ਕੌਣ ਸੰਭਾਲਦਾ ਹੈ? ਰਾਗੀ ਜੀ ਨੂੰ ਆਪਣੀ ਮਾਲਾ ਸੰਭਾਲਣੀ ਔਖੀ ਹੋਈ ਪਈ ਸੀ। ਰਾਗੀ ਸਿੰਘ ਨੂੰ ਮੰਨਣਾ ਪਿਆ ਕਿ ਅਸ਼ੀਂ ਤਾਂ ਕੇਵਲ ਭਗਤ ਮਾਲਾ ਹੀ ਪੜ੍ਹੀ ਹੈ। ਗੁਰਬਾਣੀ ਦੇ ਅਰਥ ਤਾਂ ਸ਼ਾਂਨੂੰ ਆਉਂਦੇ ਨਹੀਂ ਹਨ। ਰਾਗੀ ਸਿੰਘਾਂ ਨੂੰ ਬੇਨਤੀ ਕੀਤੀ ਕਿ ਇਕੱਲਾ ਕੀਰਤਨ ਹੀ ਸੁਣਾਇਆ ਕਰੋ ਕਥਾ ਤੁਹਾਡੇ ਵੱਸਦਾ ਰੋਗ ਨਹੀਂ ਹੈ। ਜਾਂ ਇਹ ਕਥਾ ਬੜੇ ਮਹਾਂਰਾਜ ਜੀ ਦੇ ਡੇਰੇ `ਤੇ ਹੀ ਸੁਣਾਇਆ ਕਰੋ।
ਭਾਈ ਹਰਵੰਤ ਸਿੰਘ ਹੁਰਾਂ ਨੂੰ ਗੁਰਬਾਣੀ ਬਹੁਤ ਕੰਠ ਹੈ ਪ੍ਰਮਾਣ ਦੇਣ ਲੱਗਿਆ ਪੂਰੇ ਪੰਨੇ ਦਾ ਹੀ ਪਾਠ ਕਰ ਦੇਂਦੇ ਹਨ। ਉਹਨਾਂ ਨੇ ਦੱਸਿਆ ਕਿ ਇੱਕ ਹੋਰ ਰਾਗੀ ਸਿੰਘ ਵਲੋਂ ਖੱਚ ਭਰੀ ਸਾਖੀ ਸੁਣਾਈ ਗਈ। ਅਖੇ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਪ੍ਰਵਾਰ ਨੇ ਪ੍ਰਸ਼ਾਦਾ ਛਕਾਉਣਾ ਸੀ ਪਰ ਉਸ ਘਰ ਵਿੱਚ ਦੰਦ ਵਿੱਚ ਦੇਣ ਜੋਗਾ ਤੀਲਾ ਵੀ ਨਹੀਂ ਸੀ ਪਰ ਸਿੱਖ ਪਰਵਾਰ ਨੇ ਤਾਣ ਲਈ ਕਿ ਅਸਾਂ ਪ੍ਰਸ਼ਾਦਾ ਜ਼ਰੂਰ ਛਕਾਉਣਾ ਹੈ ਮੁੜ ਕੇ ਮੌਕਾ ਹੱਥ ਨਹੀਂ ਆਉਣਾ। ਉਂਝ ਗੁਰੂ ਨਾਨਕ ਸਾਹਿਬ ਵੀ ਆਪਣਿਆਂ ਭਗਤਾਂ ਦੀ ਪ੍ਰੀਖਿਆ ਵੀ ਲੈਂਦੇ ਰਹੇ ਹਨ। ਭਾਈ ਕੋਈ ਵਿਰਲਾ ਹੀ ਸੇਵਾ ਵਿੱਚ ਪਾਸ ਹੁੰਦਾ ਹੈ।
ਪਰਵਾਰ ਦਾ ਆਗੂ ਘਰ ਵਾਲੀ ਨਾਲ ਸਲਾਹ ਕਰਕੇ ਨਗਰ ਵਿੱਚ ਗਿਆ। ਇਸ ਨਗਰ ਵਿੱਚ ਪਹਿਲਵਾਨਾਂ ਦੀ ਕੁਸ਼ਤੀ ਰੱਖੀ ਹੋਈ ਸੀ। ਜਿਹੜਾ ਪਹਿਲਵਾਨ ਨੂੰ ਢਾਹ ਦੇਵੇਗਾ ਉਸ ਨੂੰ ਇੱਕ ਹਜ਼ਾਰ ਰੁਪਿਆ ਦਿੱਤਾ ਜਾਏਗਾ ਤੇ ਹਾਰਨ ਵਾਲੇ ਨੂੰ ਪੰਜ ਸੌ ਰੁਪਏ ਦਿੱਤੇ ਜਾਣਗੇ। ਪ੍ਰਸ਼ਾਦਾ ਛਕਾਉਣ ਵਾਲੇ ਸਿੱਖ ਨੇ ਸੋਚਿਆ ਕਿ ਆਪਾਂ ਹਾਰ ਵੀ ਗਏ ਤਾਂ ਘੱਟੋ ਘੱਟ ਪੰਜ ਸੌ ਤਾਂ ਮਿਲ ਹੀ ਜਾਣਗੇ। ਹੋਰ ਆਮਦਨ ਦਾ ਸਾਧਨ ਵੀ ਕੋਈ ਨਹੀਂ ਹੈ। ਇੰਜ ਪ੍ਰਸ਼ਾਦਾ ਛਕਾਉਣ ਵਾਲਾ ਸੋਚਾਂ ਸੋਚਦਿਆਂ ਮੱਲ ਅਖਾੜੇ ਵਿੱਚ ਜਾ ਪਹੁੰਚਾ। ਕਹਿਣ ਲਾਗਾ ਕਿ ਮੈਂ ਇਸ ਮੱਲ ਨਾਲ ਕੁਸ਼ਤੀ ਲੜਾਂਗਾ। ਦੋਵੇਂ ਧਿਰਾਂ ਮੱਲ ਅਖਾੜੇ ਵਿੱਚ ਉਤਰੀਆਂ ਤਾਂ ਮੱਲ ਪ੍ਰਸ਼ਾਦਾ ਛਕਾਉਣ ਵਾਲੇ ਨੂੰ ਕਹਿਣ ਲੱਗਾ ਕਿ ਤੂੰ ਮੇਰੇ ਪਾਸੋਂ ਕਿਉਂ ਆਪਣੀਆਂ ਹੱਡੀਆਂ ਚੂਰ ਕਰਾਉਣ ਲੱਗਾ ਏਂ? ਤਮਾਸ਼ਬੀਨ ਵੀ ਤਾੜੀਆਂ ਮਾਰਨ ਕਿ ਐਵੇਂ ਅਨਿਆਈਂ ਮੌਤੇ ਮਰਨ ਲੱਗਾ ਹੋਇਆ ਏ। ਅੱਗੋਂ ਪ੍ਰਸ਼ਾਦਾ ਛਕਾਉਣ ਵਾਲੇ ਨੇ ਆਪਣੀ ਸਾਰੀ ਵਿਥਿਆ ਸੁਣਾ ਦਿੱਤੀ। ਮੱਲ ਬੜਾ ਖੁਸ਼ ਹੋਇਆ ਕਿ ਆਪਣੇ ਗੁਰੂ ਵਾਸਤੇ ਕਿੰਨੀ ਵੱਡੀ ਕੁਰਾਬਨੀ ਕਰ ਰਿਹਾ ਹੈ। ਮੱਲ ਕੁਸ਼ਤੀ ਲੜਦਿਆ ਢਹਿ ਗਿਆ ਤੇ ਉਸ ਨੂੰ ਇੱਕ ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। ਪ੍ਰਸ਼ਾਦਾ ਛਕਾਉਣ ਵਾਲਾ ਕਹਿੰਦਾ ਕਿ ਭਈ ਮੈਂ ਤਾਂ ਸਿਰਫ ਪੰਜ ਸੌ ਹੀ ਲੈਣਾ ਹੈ। ਇੰਜ ਪੰਜ ਸੌ ਰੁਪਏ ਲਿਆ ਕੇ ਗੁਰੂ ਮਹਾਂਰਾਜ ਜੀ ਨੂੰ ਸਿੱਖ ਪ੍ਰਵਾਰ ਨੇ ਪ੍ਰਸ਼ਾਦਾ ਛਕਾਇਆ ਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਉਂਝ ਇਹੋ ਜੇਹੀਆਂ ਕਈ ਸਾਖੀਆਂ ਨਾਨਕ ਪ੍ਰਕਾਸ਼ ਵਿਚੋਂ ਵੀ ਮਿਲ ਜਾਂਦੀਆਂ ਹਨ। ਗੁਰੂ ਨਾਨਕ ਸਾਹਿਬ ਜੀ ਅੱਗੇ ਗਏ ਤੇ ਓੱਥੇ ਵੀ ਇੱਕ ਪਰਵਾਰ ਨੇ ਪ੍ਰਸ਼ਾਦਾ ਛਕਾਉਣ ਲਈ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਘਰ ਬੁਲਾਇਆ। ਪਰਵਾਰ ਦੇ ਪਾਸ ਕੋਈ ਵੀ ਵਸਤੂ ਨਹੀਂ ਸੀ ਜੋ ਵੇਚ ਕੇ ਗੁਰੂ ਨਾਨਕ ਜੀ ਨੂੰ ਪ੍ਰਸ਼ਾਦਾ ਛਕਾ ਸਕਣ। ਪਰਵਾਰ ਸੋਚ ਸੋਚ ਕੇ ਥੱਕ ਗਿਆ ਅਖੀਰ ਪਰਵਾਰ ਨੂੰ ਇੱਕ ਤਰਕੀਬ ਸੁੱਝੀ ਕਿ ਆਪਣੇ ਸਿਰ `ਤੇ ਜੋ ਕੇਸ ਹਨ ਇਹਨਾਂ ਨੂੰ ਵੇਚ ਦਿੱਤਾ ਜਾਏ ਤਾਂ ਉਹਨਾਂ ਪੈਸਿਆਂ ਦਾ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰਸ਼ਾਦ ਛਕਾਇਆ ਜਾਏ। ਰਾਗੀ ਜੀ ਦੀ ਭਾਵਕ ਸਾਖੀ ਨੇ ਪਰਵਾਰ ਵਾਲਿਆਂ ਨੂੰ ਸਿਰ ਦੇ ਕੇਸ ਵੇਚਣ ਲਈ ਮਜ਼ਬੂਰ ਕਰ ਦਿੱਤਾ। ਪ੍ਰਸ਼ਾਦਾ ਛਕਾਉਣ ਵਾਲੇ ਪਰਵਾਰ ਨੇ ਸੋਚਿਆ ਕਿ ਇਹਨਾਂ ਕੇਸਾਂ ਦੇ ਬਹੁਤੇ ਪੈਸੇ ਵੱਟੇ ਨਹੀਂ ਜਾਣੇ ਇਸ ਲਈ ਇਹਨਾਂ ਦੀਆਂ ਰੱਸੀਆਂ ਬਣਾਈਆਂ ਜਾਣ ਤਾਂ ਜ਼ਿਆਦਾ ਪੈਸੇ ਵੱਟੇ ਜਾ ਸਕਦੇ ਹਨ। ਸੋ ਸਾਧ ਸੰਗਤ ਜੀ ਪਰਵਾਰ ਨੇ ਬਜ਼ਾਰ ਜਾ ਕੇ ਆਪਣੇ ਸਿਰ ਦੇ ਕੇਸਾਂ ਨੂੰ ਕਟਾ ਕੇ ਉਹਨਾਂ ਦੀਆਂ ਰੱਸੀਆਂ ਵੱਟ ਕੇ ਵੇਚੀਆਂ। ਜਿਹੜੀ ਵਟਕ ਹੋਈ ਉਸ ਦੀ ਰਸਦ ਲਿਆਂਦੀ ਗਈ। ਫਿਰ ਗੁਰੂ ਜੀ ਆਪਣੇ ਘਰ ਸੱਦਿਆ ਗਿਆ ਤੇ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ।
ਪਰਵਾਰ ਦਾ ਮੁੱਖੀਆ ਜਦੋਂ ਬਜ਼ਾਰ ਵਿਚੋਂ ਰਸਦ ਲੈਣ ਲਈ ਗਿਆ ਹੋਇਆ ਸੀ ਤਾਂ ਪਿੱਛੇ ਬੱਚਾ ਕੋਠੇ `ਤੇ ਚੜ੍ਹ ਕੇ ਬਾਬਾ ਜੀ ਦਾ ਰਾਹ ਦੇਖ ਰਿਹਾ ਸੀ। ਅਚਾਨਕ ਬੱਚਾ ਕੋਠੇ ਤੋਂ ਡਿੱਗ ਕੇ ਲਟ ਲਟ ਕਰਕੇ ਬਲ਼ ਰਹੇ ਤੰਦੂਰ ਵਿੱਚ ਡਿੱਗ ਕੇ ਸੜ ਗਿਆ। ਤੰਦੂਰ ਵਿੱਚ ਡਿੱਗਦਿਆ ਹੀ ਬੱਚੇ ਨੇ ਪ੍ਰਾਣ ਤਿਆਗ ਦਿੱਤੇ। ਪਰਵਾਰ ਨੇ ਸੋਚਿਆ ਕਿ ਗੁਰੂ ਜੀ ਦੀ ਸੇਵਾ ਵਿੱਚ ਕੋਈ ਕੁਤਾਹੀ ਨਾ ਹੋ ਜਾਏ ਇਸ ਲਈ ਪਰਵਾਰ ਨੇ ਬੱਚੇ ਨੂੰ ਚਾਦਰ ਵਿੱਚ ਲਪੇਟ ਕੇ ਅੰਦਰ ਰੱਖ ਦਿੱਤਾ ਕਿ ਜਦੋਂ ਗੁਰੂ ਜੀ ਪ੍ਰਸ਼ਾਦਾ ਛੱਕ ਕੇ ਚੱਲੇ ਜਾਣਗੇ ਓਦੋਂ ਇਸ ਦਾ ਸਸਕਾਰ ਕਰ ਦਿੱਤਾ ਜਾਏਗਾ।
ਪਰਵਾਰ ਨੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਪ੍ਰਸ਼ਾਦਾ ਛਕਾਇਆ। ਗੁਰੂ ਜੀ ਪ੍ਰਸ਼ਾਦਾ ਛੱਕ ਕੇ ਕਹਿਣ ਲੱਗੇ ਕਿ ਭਈ ਬੱਚਾ ਲਾਲ ਨਹੀਂ ਦਿਸਦਾ। ਪਰਵਾਰ ਵਾਲੇ ਕਹਿਣ ਲੱਗੇ ਕਿ ਜੀ ਉਹ ਤਾਂ ਖੇਢਦਾ ਖੇਢਦਾ ਸੌਂ ਗਿਆ ਹੈ। ਗੁਰੂ ਜੀ ਜਾਣੀ ਜਾਣ ਸਨ ਇਸ ਲਈ ਗੁਰੂ ਜੀ ਨੇ ਬੱਚੇ ਦਾ ਨਾਂ ਲੈ ਕੇ ਅਵਾਜ਼ ਮਾਰੀ ਲਾਲਾ ਜੀ ਆਓ ਪੁੱਤਰ ਜੀ ਹੱਥ ਧਵਾਓ। ਸਾਧ ਸੰਗਤ ਜੀ ਲਾਲਾ ਉਸੇ ਵੇਲੇ ਹੀ ਜ਼ਿਉਂਦਾ ਹੋ ਗਿਆ ਤੇ ਪਰਵਾਰ ਬਹੁਤ ਖ਼ੁਸ਼ ਹੋਇਆ। ਗੁਰੂ ਜੀ ਪ੍ਰਸ਼ਾਦਾ ਛੱਕ ਕੇ ਬਹੁਤ ਤ੍ਰਿਪਤ ਹੋਏ ਤੇ ਵਰ ਦਿੱਤਾ ਭਾਈ ਏੱਥੇ ਲਹਿਰਾਂ ਬਹਿਰਾਂ ਹੋਣਗੀਆਂ। ਇਹ ਸਾਖੀ ਸਣਾਉਣ ਦਾ ਇਕੋ ਹੀ ਮਕਸਦ ਹੈ ਕਿ ਅੱਜ ਸੰਗਤ ਵੀ ਇਹਨਾਂ ਵਿਹਲੜ ਸਾਧਾਂ ਨੂੰ ਪ੍ਰਸ਼ਾਦੇ ਛਕਾਈ ਜਾਏ। ਸਾਨੂੰ ਕਿਰਤ ਕਰਨ ਦੀ ਕੋਈ ਲੋੜ ਨਹੀਂ ਹੈ।
ਕੁਝ ਸਾਖੀਆਂ ਅਜੇਹੀਆਂ ਵੀ ਸੁਣਾਈਆਂ ਜਾਂਦੀਆਂ ਹਨ ਕਿ ਗੁਰੂ ਜੀ ਨੇ ਆਪਣਾ ਹੁਕਮ ਨਾਮਾ ਦੇ ਕੇ ਇੱਕ ਸਿੱਖ ਨੂੰ ਦੂਜੇ ਸਿੱਖ ਪਾਸ ਭੇਜਿਆ। ਹੁਕਮ ਨਾਮੇ ਵਿੱਚ ਲਿਖਿਆ ਹੋਇਆ ਸੀ ਕਿ ਇਸ ਸਿੱਖ ਨੂੰ ਪ੍ਰਸ਼ਾਦਾ ਛਕਾਉਣ ਤੋਂ ਪਹਿਲਾਂ ਪੰਜ ਸੌ ਰੁਪਏ ਸਾਡੀ ਭੇਟਾ ਇੱਕ ਸੌ ਰੁਪਏ ਇਸ ਸਿੱਖ ਨੂੰ ਭੇਟਾ ਵਜੋਂ ਦੇਣੇ ਤਾਂ ਇਸ ਸਿੱਖ ਨੂੰ ਪ੍ਰਸ਼ਾਦਾ ਛਕਾਇਆ ਜਾਏ। ਵਿਚਾਰੇ ਗਰੀਬ ਪਰਵਾਰਾਂ ਨੇ ਆਪਣੇ ਪਰਵਾਰਾਂ ਦੇ ਜੀਆਂ ਨੂੰ ਗਹਿਣੇ ਪਾ ਕੇ ਸਿੱਖਾਂ ਨੂੰ ਬਣਦੀਆਂ ਭੇਟਾਵਾਂ ਦਿੱਤੀਆਂ ਫਿਰ ਕਿਤੇ ਜਾ ਕੇ ਪ੍ਰਸ਼ਾਦਾ ਛੱਕਿਆ ਜਾਂਦਾ।
ਨਾਮ ਧਰੀਕ ਪ੍ਰਚਾਰਕ ਸ਼੍ਰੇਣੀ ਤੇ ਸਾਧ ਲਾਣੇ ਨੇ ਗੁਰਬਾਣੀ ਦਾ ਸਿਧਾਂਤਕ ਪੱਖ ਕਦੇ ਵੀ ਸੰਗਤਾਂ ਨਾਲ ਸਾਂਝਾ ਨਹੀਂ ਕੀਤਾ। ਜਿਹੜੀ ਵਿਚਾਰ ਧਾਰਾ ਨੂੰ ਗੁਰਬਾਣੀ ਫਲਸਫ਼ਾ ਰੱਦ ਕਰਦਾ ਹੈ ਅਸੀਂ ਓਸੇ ਹੀ ਵਿਚਾਰਧਾਰਾ ਨੂੰ ਗੁਰੂਆਂ ਦੇ ਨਾਂ ਨਾਲ ਜੋੜ ਕੇ ਸੁਣਾਉਣ ਨੂੰ ਆਪਣਾ ਬੜਾ ਵੱਡਾ ਫ਼ਰਜ਼ ਸਮਝ ਰਹੇ ਹਾਂ।
ਇਕ ਸਾਖੀ ਤੇ ਇਸ ਤਰ੍ਹਾਂ ਵੀ ਸੁਣਾਈ ਜਾਂਦੀ ਹੈ ਕਿ ਸਮਨ ਮੂਸਣ ਪਿਤਾ ਪੁੱਤਰ ਨੇ ਚੋਰੀ ਕਰਕੇ ਗੁਰੂ ਜੀ ਨੂੰ ਪ੍ਰਸ਼ਾਦਾ ਛਕਾਇਆ। ਚੋਰੀ ਕਰਨ ਗਿਆ ਪੁੱਤਰ ਦਾ ਸਿਰ ਵੀ ਆਪ ਹੀ ਵੱਢਣਾ ਪਿਆ। ਫਿਰ ਸ਼ਾਹੂਕਾਰ ਪਾਸੋਂ ਧੜ ਵੀ ਲੈ ਲਿਆ। ਗੁਰੂ ਜੀ ਨੇ ਪ੍ਰਸ਼ਾਦਾ ਛਕਦਿਆਂ ਸਿਰ ਤੇ ਧੜ ਨੂੰ ਆਪਸ ਵਿੱਚ ਜੋੜ ਕੇ ਪੁੱਤਰ ਜ਼ਿਉਂਦਾ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਪੁੱਤਰ ਸ਼ਹੀਦ ਹੋਏ ਹਨ। ਸਿਰਫ ਇਸ਼ਾਰਾ ਹੀ ਬਹੁਤ ਹੈ। ਜਨੀ ਕਿ ਲਿਖਾਰੀਆਂ ਤੇ ਪਰਚਾਰਕਾਂ ਨੇ ਚੋਰੀ ਦਾ ਪ੍ਰਸ਼ਾਦਾ ਗੁਰੂ ਜੀ ਨੂੰ ਛਕਾ ਕੇ ਅਥਾਹ ਖੁਸ਼ੀਆਂ ਪ੍ਰਾਪਤ ਕਰਨ ਵਿੱਚ ਬੜਾ ਅਨੰਦ ਆਉਂਦਾ ਹੈ।
ਗੁਰਬਾਣੀ ਦੇ ਆਲਮੀ ਫਲਸਫ਼ੇ ਨੂੰ ਚੰਦ ਸਾਖੀਆਂ ਤੀਕ ਸੀਮਤ ਕਰਕੇ ਰੱਖ ਦਿੱਤਾ ਹੈ। ਲੋੜ ਸੀ ਵੰਡ ਕੇ ਛੱਕਣ ਦੀ ਪ੍ਰਥਾ ਨੂੰ ਸਮਝਿਆ ਜਾਂਦਾ, ਕਿਰਤੀ ਦੀ ਸੁੱਚੀ ਕਿਰਤ ਸੰਭਾਲਿਆ ਜਾਂਦਾ ਤੇ ਵਿਹਲੜ, ਪਾਖੰਡੀ ਸਾਧ ਲਾਣੇ ਦੀਆਂ ਡਾਰਾਂ ਤੋਂ ਬਚਿਆ ਜਾਂਦਾ।




.