ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 03)
ਗੁਰਬਾਣੀ ਨੂੰ ਸਹਿਜ ਨਾਲ
ਪੜ੍ਹ/ਵਿਚਾਰ ਕੇ, ਇਸ ਵਿੱਚ ਦਰਸਾਈ ਜੀਵਨ-ਜੁਗਤ ਨੂੰ ਅਪਣਾਇਆਂ ਹੀ ਸਾਨੂੰ ਆਤਮਕ ਆਨੰਦ ਮਿਲਦਾ ਹੈ।
ਬਾਣੀ ਅਨੁਸਾਰ ਆਪਣਾ ਜੀਵਨ ਬਣਾਇਆਂ ਹੀ ਜੀਵਨ-ਮੁਕਤ ਹੋ ਸਕੀਦਾ ਹੈ। ਇਸ ਵਿਚਲੀ ਵਿਚਾਰਧਾਰਾ ਨੂੰ
ਹਿਰਦੇ ਵਿੱਚ ਵਸਾਇਆਂ ਹੀ ਵਹਿਮਾਂ-ਭਰਮਾਂ ਤੋਂ ਛੁਟਕਾਰਾ ਹਾਸਲ ਕਰਨ ਵਿੱਚ ਕਾਮਯਾਬੀ ਮਿਲਦੀ ਹੈ।
ਪਰੰਤੂ ਇਸ ਪੁਸਤਕ ਦਾ ਲੇਖਕ ਬਾਣੀ ਨੂੰ ਕਰਮ ਕਾਂਡੀ ਢੰਗ ਨਾਲ ਪੜ੍ਹਨ ਦੀਆਂ ਬਿਧੀਆਂ ਦਰਸਾਉਂਣ ਦੇ
ਨਾਲ ਨਾਲ ਬਾਣੀ ਦੇ ਵੱਖ ਵੱਖ ਸ਼ਬਦਾਂ ਦਾ ਭਿੰਨ ਭਿੰਨ ਫਲ ਦਰਸਾ ਰਿਹਾ ਹੈ। ਗੁਰਸਿੱਖੀ ਦੀ ਰਹਿਣੀ
ਵਿੱਚ ਸੁਬ੍ਹਾ ਸ਼ਾਮ ਅਤੇ ਸੌਣ ਸਮੇਂ ਨਿਤਨੇਮ ਕਰਨ ਦਾ ਜ਼ਿਕਰ ਤਾਂ ਹੈ ਪਰ ਕਿਸੇ ਖ਼ਾਸ ਦਿਸ਼ਾ ਵਲ ਮੂੰਹ
ਕਰਕੇ ਪਾਠ ਕਰਨ ਦੀ ਹਿਦਾਇਤ ਨਹੀਂ ਹੈ।
ਲੇਖਕ ਇਸ ਪੁਸਤਕ ਵਿੱਚ ਅੱਗੇ ਲਿਖਦਾ ਹੈ:
“ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥ ਚੁਪੈ ਚੁਪ ਨ ਹੋਵਈ ਜੇ ਲਾਇ
ਰਹਾ ਲਿਵ ਤਾਰ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥ ਸਹਸ ਸਿਆਣਪਾ ਲਖ ਹੋਹਿ ਤ ਇੱਕ ਨ ਚਲੈ
ਨਾਲਿ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ 1॥
ਮਹਾਤਮ: ਇਸ ਪਉੜੀ ਦਾ ਚੜ੍ਹਦੇ ਪਾਸੇ ਮੂੰਹ ਕਰਕੇ ਲਗਾਤਾਰ ਸਦਾ ਹੀ ਪੰਜ ਪਾਠ ਕਰਨ ਨਾਲ ਮਨ
ਦੀ ਸੁੱਧੀ ਹੁੰਦੀ ਹੈ। ਪਾਠ ਐਤਵਾਰ ਤੋਂ ਅਰੰਭ ਕਰਨਾ ਚਾਹੀਏ। ਘਰ ਵਿੱਚ ਸਦਾ ਸੁਖ ਸੰਤੋਖ ਦਾ
ਪ੍ਰਵੇਸ਼ ਰਹਿੰਦਾ ਹੈ।”
ਗੁਰਬਾਣੀ ਸਾਨੂੰ ਇਹ ਸਮਝਾਉਂਦੀ ਹੈ ਕਿ ਵਿਕਾਰਾਂ ਦੀ ਮੈਲ ਨਾਲ ਅਸ਼ੁੱਧ ਅਥਵਾ ਮੈਲਾ ਹੋਇਆ ਮਨ ਗੁਰੂ
ਦੀ ਮੱਤ ਧਾਰਨ ਕਰਕੇ ਰੱਬੀ ਗੁਣਾਂ ਨੂੰ ਹਿਰਦੇ ਵਿੱਚ ਵਸਾਇਆਂ ਹੀ ਸ਼ੁੱਧ ਕਰ ਸਕੀਦਾ ਹੈ:
(ੳ) ਮਿਲਿ ਸੰਤ ਸਭਾ ਮਨੁ ਮਾਂਜੀਐ ਭਾਈ ਹਰਿ ਕੈ ਨਾਮਿ ਨਿਵਾਸੁ॥ (ਪੰਨਾ
639) ਅਰਥ: ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਮਨ ਨੂੰ ਸਾਫ਼ ਕਰਨਾ ਚਾਹੀਦਾ ਹੈ (ਇਸ
ਤਰ੍ਹਾਂ) ਪਰਮਾਤਮਾ ਦੇ ਨਾਮ ਵਿਚ (ਮਨ ਦਾ) ਨਿਵਾਸ ਹੋ ਜਾਂਦਾ ਹੈ।
ਅ) ਹਰਿ ਹਰਿ ਹਰਿ ਹਰਿ ਜਾਪੀਐ ਅੰਤਰਿ ਲਿਵ ਲਾਈ॥ ਕਿਲਵਿਖ ਉਤਰਹਿ ਸੁਧੁ
ਹੋਇ ਸਾਧੂ ਸਰਣਾਈ॥ (ਪੰਨਾ 814) ਅਰਥ: ਹੇ ਭਾਈ! ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰ ਸੁਰਤਿ
ਜੋੜ ਕੇ, ਸਦਾ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ। (ਇਸ ਤਰ੍ਹਾਂ ਸਾਰੇ) ਪਾਪ (ਮਨ ਤੋਂ)
ਲਹਿ ਜਾਂਦੇ ਹਨ, (ਮਨ) ਪਵਿੱਤਰ ਹੋ ਜਾਂਦਾ ਹੈ।
ਮਨ ਦੀ ਸ਼ੁੱਧੀ ਤੋਂ ਭਾਵ ਮਨ `ਚ ਉਕਰੇ ਹੋਏ ਮੰਦੇ ਸੰਸਕਾਰਾਂ ਤੋਂ ਮੁਕਤ ਹੋਣਾ ਹੈ। ਜਿਨ੍ਹਾਂ ਚਿਰ
ਮਨੁੱਖ ਦਾ ਮਨ ਵਿਕਾਰਾਂ ਦੀ ਮੈਲ ਨਾਲ ਲਿਬੜਿਆ ਹੋਵੇ, ਉਤਨਾ ਚਿਰ ਇਹ ਪਵਿੱਤਰ ਨਹੀਂ ਹੋ ਸਕਦਾ। ਪਰ
ਲੇਖਕ ਕੇਵਲ ਇੱਕ ਮਿੰਟ ਹੀ ਜਪੁ ਜੀ ਦੀ ਇਸ ਪਹਿਲੀ ਪਉੜੀ ਨੂੰ ਵਿਧੀ ਪੂਰਬਕ ਪੜ੍ਹਨ ਨਾਲ ਹੀ ਮਨ ਦੀ
ਸ਼ੁੱਧੀ ਦੀ ਗੱਲ ਕਰ ਰਿਹਾ ਹੈ। ਮਨ ਦੀ ਸ਼ੁੱਧੀ ਦੀ ਜੋ ਵਿਧੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਰਣਨ
ਹੈ, ਉਸ ਨੂੰ ਧਾਰਨ ਕਰਨ ਦੀ ਲੋੜ ਹੈ ਜਾਂ ਕਿ ਇਸ ਪੁਸਤਕ ਵਿੱਚ ਲਿਖੀ ਹੋਈ ਵਿਧੀ ਦੀ? ਇਸ ਗੱਲ ਨੂੰ
ਵਿਚਾਰ ਕੇ ਗੁਰਬਾਣੀ ਅਨੁਸਾਰ ਆਪਣਾ ਆਚਰਣ ਬਣਾਉਣ ਦੀ ਲੋੜ ਹੈ।
ਮਨ ਦੀ ਸ਼ੁੱਧੀ ਦੇ ਨਾਲ ਲੇਖਕ ਘਰ ਵਿੱਚ ਸੁਖ ਸੰਤੋਖ ਦੇ ਪ੍ਰਵੇਸ਼ ਦੀ ਗੱਲ ਵੀ ਕਰ ਰਿਹਾ ਹੈ।
ਗੁਰਬਾਣੀ ਵਿੱਚ ਤਾਂ ਸੁਖ ਦਾ ਰਹੱਸ ਹੁਕਮ ਰਜ਼ਾਈ ਵਿੱਚ ਦਰਸਾਇਆ ਹੈ। ਤ੍ਰਿਸ਼ਨਾ ਦੀ ਅੱਗ ਵਿੱਚ ਸੜ-ਬਲ
ਰਿਹਾ ਪ੍ਰਾਣੀ ਰਸਮੀ ਪਾਠ ਨਾਲ ਹੀ ਸੁਖੀ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਮਨੁੱਖ ਨੂੰ ਸੁਖ
ਦਾ ਰਾਜ਼ ਸਮਝਾਉਂਦਿਆਂ ਫ਼ਰਮਾਂਉਂਦੇ ਹਨ:- (ੳ) ਜਉ ਸੁਖ ਕਉ ਚਾਹੈ ਸਦਾ
ਸਰਨਿ ਰਾਮ ਕੀ ਲੇਹ॥ (ਪੰਨਾ 1427) ਅਰਥ: ਜੋ (ਮਨੁੱਖ) ਆਤਮਕ ਆਨੰਦ (ਹਾਸਲ ਕਰਨਾ)
ਚਾਹੁੰਦਾ ਹੈ, (ਉਸ ਨੂੰ ਚਾਹੀਦਾ ਹੈ ਕਿ) ਪਰਮਾਤਮਾ ਦੀ ਸਰਨ ਪਿਆ ਰਹੇ। ਭਾਵ ਗੁਰਬਾਣੀ ਦੀ ਸਿਖਿਆ
ਅਨੁਸਾਰ ਜੀਵਨ ਬਤੀਤ ਕਰੇ।
(ਅ) ਸੋ ਸੁਖੀਆ ਜਿਸੁ ਭ੍ਰਮੁ ਗਇਆ॥ (ਪੰਨਾ 1180) ਅਰਥ: ਉਹ
ਮਨੁੱਖ ਸੁਖੀ ਜੀਵਨ ਵਾਲਾ ਹੈ ਜਿਸ (ਦੇ ਮਨ) ਦੀ ਭਟਕਣਾ ਦੂਰ ਹੋ ਗਈ।
(ੲ) ਦੂਖੁ ਤਦੇ ਜਦਿ ਵੀਸਰੈ ਸੁਖੁ ਪ੍ਰਭ ਚਿਤਿ ਆਏ॥ ਸੰਤਨ ਕੈ ਆਨੰਦੁ
ਏਹੁ ਨਿਤ ਹਰਿ ਗੁਣ ਗਾਏ॥ (ਪੰਨਾ 813) ਅਰਥ: (ਹੇ ਭਾਈ! ਮਨੁੱਖ ਨੂੰ) ਤਦੋਂ ਹੀ ਦੁੱਖ
ਵਾਪਰਦਾ ਹੈ ਜਦੋਂ ਇਸ ਨੂੰ ਪਰਮਾਤਮਾ ਭੁੱਲ ਜਾਂਦਾ ਹੈ। ਪਰਮਾਤਮਾ ਮਨ ਵਿਚ ਵੱਸਿਆਂ (ਸਦਾ) ਸੁਖ
ਪ੍ਰਤੀਤ ਹੁੰਦਾ ਹੈ। ਪ੍ਰਭੂ ਦਾ ਸੇਵਕ ਸਦਾ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ। ਸੇਵਕਾਂ ਦੇ ਹਿਰਦੇ
ਵਿਚ ਇਹ ਆਨੰਦ ਟਿਕਿਆ ਰਹਿੰਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਤਾਂ ਸੁਖੀ ਜੀਵਨ ਦੀ ਕੇਵਲ ਇਹ ਵਿਧੀ ਹੈ। ਪਰ ਲੇਖਕ
ਗੁਰਬਾਣੀ ਵਿਚਲੀ ਇਸ ਸਚਾਈ ਨੂੰ ਨਜ਼ਰ-ਅੰਦਾਜ਼ ਕਰਦਾ ਹੋਇਆ ਕੇਵਲ ਜਪੁ ਜੀ ਦੀ ਇਸ ਪਹਿਲੀ ਪਉੜੀ ਦਾ ਹੀ
ਪੰਜ ਵਾਰ ਕਰਮ ਕਾਂਡੀ ਢੰਗ ਨਾਲ ਪਾਠ ਕਰਨ ਨਾਲ ਹੀ ਸੁਖ ਪ੍ਰਾਪਤ ਕਰਨ ਦੀ ਗੱਲ ਕਰ ਰਿਹਾ ਹੈ।
ਗੁਰਬਾਣੀ ਦਾ ਨਿਰਣਾਇਕ ਫ਼ੈਸਲਾ ਹੈ ਕਿ ਆਤਮਕ ਸੁਖ ਸਚਿਆਰਮਈ ਜੀਵਨ ਜਿਊਂਣ ਨਾਲ ਹੀ ਆਉਂਦਾ ਹੈ ਨਾ ਕਿ
ਕੇਵਲ ਰਸਮੀ ਪਾਠ ਕਰਨ ਨਾਲ। ਪਰੰਤੂ ਇਸ ਪੁਸਤਕ ਦੇ ਕਰਤਾ ਅਨੁਸਾਰ ਸੁਖ ਲਈ ਇਨ੍ਹਾਂ ਗੱਲਾਂ ਦੀ
ਜ਼ਰੂਰਤ ਨਹੀਂ ਹੈ। ਬਸ! ਕੇਵਲ ਕੁੱਝ ਮਿੰਟਾਂ ਲਈ ਵਿਧੀ ਪੂਰਬਕ ਇਸ ਪਉੜੀ ਦਾ ਪਾਠ ਕਰਨ ਨਾਲ ਹੀ ਸੁਖ
ਦੀ ਪ੍ਰਾਪਤੀ ਹੋ ਜਾਵੇਗੀ। ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਕੋਈ ਅਜਿਹਾ ਮੰਤਰ ਨਹੀਂ ਹੈ
ਜਿਸ ਨੂੰ ਕੁੱਝ ਮਿੰਟ ਪੜ੍ਹਨ ਨਾਲ ਹੀ ਅਜਿਹਾ ਚਮਤਕਾਰ ਵਾਪਰ ਦੀ ਸੰਭਾਵਨਾ ਹੋਵੇ। ਇਸ ਤਰ੍ਹਾਂ ਨਾਲ
ਨਾ ਕਿਸੇ ਨੂੰ ਸੁਖ ਮਿਲਿਆ ਹੈ ਅਤੇ ਨਾ ਹੀ ਭਵਿੱਖ ਵਿੱਚ ਮਿਲੇਗਾ।
ਜਿੱਥੋਂ ਤਕ ਸੰਤੋਖ ਦੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਸਬੰਧ ਵਿੱਚ ਚਰਚਾ ਕਰਦਿਆਂ
ਹੋਇਆਂ ਸਪਸ਼ਟ ਕੀਤਾ ਹੈ ਕਿ ਗੁਰਬਾਣੀ ਦੇ ਭਾਵ ਨੂੰ ਮਨ ਵਿੱਚ ਵਸਾਇਆਂ ਹੀ ਮਨ ਵਿੱਚ ਸੰਤੋਖ ਪੈਦਾ
ਹੁੰਦਾ ਹੈ: ਮਨਿ ਸੰਤੋਖੁ ਸਬਦਿ ਗੁਰ ਰਾਜੇ॥ (ਪੰਨਾ 897)
ਗੁਰਬਾਣੀ ਨੂੰ ਧਿਆਨ ਨਾਲ ਪੜ੍ਹਨ ਵਿਚਾਰਨ ਨਾਲ ਹੀ ਇਹ ਸਮਝ ਆਉਂਦੀ ਹੈ ਕਿ, “ਸਬਰੁ ਏਹੁ ਸੁਆਉ ਜੇ
ਤੂੰ ਬੰਦਾ ਦਿੜੁ ਕਰਹਿ॥ ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ॥” (ਪੰਨਾ 1384) ਅਰਥ: ਹੇ
ਬੰਦੇ! ਇਹ ਸਬਰ ਹੀ ਜ਼ਿੰਦਗੀ ਦਾ ਅਸਲ ਨਿਸ਼ਾਨਾ ਹੈ। ਜੇ ਤੂੰ (ਸਬਰ ਨੂੰ ਹਿਰਦੇ ਵਿਚ) ਪੱਕਾ ਕਰ ਲਏਂ,
ਤਾਂ ਤੂੰ ਵਧ ਕੇ ਦਰੀਆ ਹੋ ਜਾਹਿਂਗਾ, (ਪਰ) ਘਟ ਕੇ ਨਿੱਕਾ ਜਿਹਾ ਵਹਣ ਨਹੀਂ ਬਣੇਂਗਾ (ਭਾਵ, ਸਬਰ
ਵਾਲਾ ਜੀਵਨ ਬਣਾਇਆਂ ਤੇਰਾ ਦਿਲ ਵਧ ਕੇ ਦਰਿਆ ਹੋ ਜਾਇਗਾ, ਤੇਰੇ ਦਿਲ ਵਿੱਚ ਸਾਰੇ ਜਗਤ ਵਾਸਤੇ ਪਿਆਰ
ਪੈਦਾ ਹੋ ਜਾਇਗਾ, ਤੇਰੇ ਅੰਦਰ ਤੰਗ-ਦਿਲੀ ਨਹੀਂ ਰਹਿ ਜਾਇਗੀ)।
ਸਿੱਖ ਨੂੰ ‘ਸੰਤੋਖ’ ਹਾਸਲ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਸਾਈ ਵਿਧੀ ਨੂੰ ਅਪਣਾਉਣ ਦੀ
ਲੋੜ ਹੈ ਨਾ ਕਿ ਲੇਖਕ ਵਲੋਂ ਲਿਖੀ ਹੋਈ ਵਿਧੀ ਅਨੁਸਾਰ, ਕਰਮ ਕਾਂਡੀ ਢੰਗ ਨੂੰ। ਜਪੁ ਜੀ ਦੀ ਇਸ
ਪਹਿਲੀ ਪਉੜੀ ਦੇ ਅਰਥ ਇਸ ਤਰ੍ਹਾਂ ਹਨ:
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥ ਅਰਥ: ਜੇ ਮੈਂ
ਲੱਖ ਵਾਰੀ (ਭੀ) (ਇਸ਼ਨਾਨ ਆਦਿਕ ਨਾਲ ਸਰੀਰ ਦੀ) ਸੁੱਚ ਰੱਖਾਂ, (ਤਾਂ ਭੀ ਇਸ ਤਰ੍ਹਾਂ) ਸੁੱਚ ਰੱਖਣ
ਨਾਲ (ਮਨ ਦੀ) ਸੁੱਚ ਨਹੀਂ ਰਹਿ ਸਕਦੀ। ਜੇ ਮੈਂ (ਸਰੀਰ ਦੀ) ਇਕ-ਤਾਰ ਸਮਾਧੀ ਲਾਈ ਰੱਖਾਂ; (ਤਾਂ ਭੀ
ਇਸ ਤਰ੍ਹਾਂ) ਚੁੱਪ ਕਰ ਰਹਿਣ ਨਾਲ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ।
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥ ਸਹਸ ਸਿਆਣਪਾ ਲਖ ਹੋਹਿ ਤ ਇੱਕ ਨ ਚਲੈ ਨਾਲਿ॥ ਅਰਥ: ਜੇ
ਮੈਂ ਸਾਰੇ ਭਵਣਾਂ ਦੇ ਪਦਾਰਥਾਂ ਦੇ ਢੇਰ (ਭੀ) ਸਾਂਭ ਲਵਾਂ, ਤਾਂ ਭੀ ਤ੍ਰਿਸ਼ਨਾ ਦੇ ਅਧੀਨ ਰਿਹਾਂ
ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ। ਜੇ (ਮੇਰੇ ਵਿਚ) ਹਜ਼ਾਰਾਂ ਤੇ ਲੱਖਾਂ ਚਤੁਰਾਈਆਂ ਹੋਵਣ, (ਤਾਂ ਭੀ
ਉਹਨਾਂ ਵਿਚੋਂ) ਇੱਕ ਭੀ ਚਤੁਰਾਈ ਸਾਥ ਨਹੀਂ ਦੇਂਦੀ।
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ 1॥ (ਪੰਨਾ 1)
ਅਰਥ: (ਤਾਂ ਫਿਰ) ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ
ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ? ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿੱਚ ਤੁਰਨਾ-
(ਇਹੀ ਇੱਕ ਵਿਧੀ ਹੈ)। ਹੇ ਨਾਨਕ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ
ਰਹੀ ਹੈ।
ਜਪੁ ਜੀ ਦੀ ਦੂਜੀ ਪਉੜੀ ਦਾ ਮੂਲ ਪਾਠ ਲਿਖ ਕੇ ਇਸ ਦਾ ਮਹਾਤਮ ਲੇਖਕ ਇਸ ਤਰ੍ਹਾਂ ਬਿਆਨ ਕਰਦਾ ਹੈ:
“ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ ਹੁਕਮੀ ਹੋਵਨਿ ਜੀਅ ਹੁਕਮਿ
ਮਿਲੈ ਵਡਿਆਈ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥ ਇਕਨਾ ਹੁਕਮੀ ਬਖਸੀਸ ਇਕਿ
ਹੁਕਮੀ ਸਦਾ ਭਵਾਈਅਹਿ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ ਨਾਨਕ ਹੁਕਮੈ ਜੇ ਬੁਝੈ ਤ
ਹਉਮੈ ਕਹੈ ਨ ਕੋਇ॥ 2॥
ਮਹਾਤਮ: ਇਸ ਪਉੜੀ ਦਾ 4 ਘੜੀ ਤੜਕੇ ਉਠਕੇ ਸੋਮਵਾਰ ਤੋਂ ਆਰੰਭ ਕਰਕੇ ਯਾਰਾਂ ਦਿਨਾਂ ਵਿੱਚ
ਯਾਰਾਂ ਹਜ਼ਾਰ ਪਾਠ ਕਰਨ ਨਾਲ ਬ੍ਰਹਮ ਬ੍ਰਿਤੀ ਪ੍ਰਾਪਤ ਹੁੰਦੀ ਹੈ। ਮਨ ਦੀ ਭਟਕਣਾ ਮਿਟ ਜਾਂਦੀ ਹੈ।”
ਪਰੰਤੂ ਗੁਰਬਾਣੀ ਅਨੁਸਾਰ ਬ੍ਰਹਮ ਬ੍ਰਿਤੀ ਗੁਰ ਸ਼ਬਦ ਨੂੰ ਹਿਰਦੇ ਵਿੱਚ ਵਸਾਇਆਂ ਹੀ ਸੰਭਵ ਹੈ। ਪਰ
ਲੇਖਕ ਅਨੁਸਾਰ ਜਪੁ ਜੀ ਦੀ ਇਸ ਪਉੜੀ ਨੂੰ ਯਾਰਾਂ ਹਜ਼ਾਰ ਵਾਰੀ ਪੜ੍ਹਨ ਨਾਲ ਹੀ ਬ੍ਰਹਮ ਬ੍ਰਿਤੀ ਦੀ
ਪ੍ਰਾਪਤੀ ਹੋ ਜਾਵੇਗੀ।
ਇਸੇ ਤਰ੍ਹਾਂ ਗੁਰਬਾਣੀ ਵਿੱਚ ਮਨ ਦੀ ਭਟਕਣਾ ਦੂਰ ਕਰਨ ਦੀ ਵਿਧੀ ਇਸ ਤਰ੍ਹਾਂ ਦਰਸਾਈ ਹੈ: ਸਬਦਿ
ਭੇਦਿ ਭ੍ਰਮੁ ਕਟਿਆ ਗੁਰਿ ਨਾਮੁ ਦੀਆ ਸਮਝਾਇ॥ (ਪੰਨਾ 994) ਅਰਥ: (ਮੈਨੂੰ ਨਿਮਾਣੇ ਨੂੰ) ਗੁਰੂ ਨੇ
(ਆਪਣੇ) ਸ਼ਬਦ ਨਾਲ ਵਿੰਨ੍ਹ ਕੇ ਮੇਰੀ ਭਟਕਣਾ ਕੱਟ ਦਿੱਤੀ ਹੈ, ਮੈਨੂੰ ਆਤਮਕ ਜੀਵਨ ਦੀ ਸੂਝ ਬਖ਼ਸ਼ ਕੇ
ਪਰਮਾਤਮਾ ਦਾ ਨਾਮ ਦਿੱਤਾ ਹੈ।
ਪਰੰਤੂ ਲੇਖਕ ਹੁਰੀਂ ਕੇਵਲ ਗਿਆਰਾਂ ਦਿਨਾਂ ਵਿੱਚ ਗਿਆਰਾਂ ਹਜ਼ਾਰ ਇਸ ਪਉੜੀ ਦਾ ਪਾਠ ਕਰਨ ਨਾਲ ਹੀ ਮਨ
ਦੀ ਭਟਕਣਾ ਦੂਰ ਹੋਣ ਦੀ ਗੱਲ ਕਰ ਰਹੇ ਹਨ। ਗੁਰੂ ਕੇ ਸਿੱਖਾਂ ਨੂੰ ਆਪਣੇ ਗੁਰੂ ਦੇ ਬਚਨਾਂ ਉੱਤੇ ਹੀ
ਭਰੋਸਾ ਕਰਨ ਦੀ ਲੋੜ ਹੈ। ਗੁਰਬਾਣੀ ਨੂੰ ਮੰਤ੍ਰ ਵਾਂਗ ਪੜ੍ਹਨ ਦੀ ਬਜਾਏ ਇਸ ਨੂੰ ਧਿਆਨ ਨਾਲ ਪੜ੍ਹਨ
ਵਿਚਾਰਨ ਅਤੇ ਇਸ ਉੱਤੇ ਅਮਲ ਕਰਨ ਦੀ ਜ਼ਰੂਰਤ ਹੈ। ਗੁਰਬਾਣੀ ਅਨੁਸਾਰ ਆਪਣਾ ਆਚਰਣ ਬਣਾਉਣ ਵਿੱਚ ਹੀ
ਖ਼ੁਸ਼ੀਆਂ ਖੇੜੇ ਹਨ; ਭਾਵ ਸਹਿਜ ਤੇ ਅਨੰਦ ਹੈ।
ਇਸ ਪਉੜੀ ਦਾ ਅਰਥ ਹੈ:
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ ਹੁਕਮੀ ਹੋਵਨਿ ਜੀਅ ਹੁਕਮਿ
ਮਿਲੈ ਵਡਿਆਈ॥ ਅਰਥ: ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ, (ਪਰ ਇਹ) ਹੁਕਮ
ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ। ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਪੈਦਾ ਹੁੰਦੇ ਹਨ
ਅਤੇ ਹੁਕਮ ਅਨੁਸਾਰ ਹੀ (ਰੱਬ ਦੇ ਦਰ `ਤੇ) ਸ਼ੋਭਾ ਮਿਲਦੀ ਹੈ।
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥ ਇਕਨਾ ਹੁਕਮੀ
ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥ ਅਰਥ: ਰੱਬ ਦੇ ਹੁਕਮ ਵਿੱਚ ਕੋਈ ਮਨੁੱਖ ਚੰਗਾ (ਬਣ
ਜਾਂਦਾ) ਹੈ, ਕੋਈ ਭੈੜਾ। ਉਸ ਦੇ ਹੁਕਮ ਵਿੱਚ ਹੀ (ਆਪਣੇ ਕੀਤੇ ਹੋਏ ਕਰਮਾਂ ਦੇ) ਲਿਖੇ ਅਨੁਸਾਰ
ਦੁੱਖ ਤੇ ਸੁਖ ਭੋਗੀਦੇ ਹਨ। ਹੁਕਮ ਵਿੱਚ ਹੀ ਕਦੀ ਮਨੁੱਖਾਂ ਉੱਤੇ (ਅਕਾਲ ਪੁਰਖ ਦੇ ਦਰ ਤੋਂ) ਬਖ਼ਸ਼ਸ਼
ਹੁੰਦੀ ਹੈ, ਅਤੇ ਉਸ ਦੇ ਹੁਕਮ ਵਿੱਚ ਹੀ ਕਈ ਮਨੁੱਖ ਨਿੱਤ ਜਨਮ ਮਰਨ ਦੇ ਗੇੜ ਵਿੱਚ ਭਵਾਈਦੇ ਹਨ।
{ਭਾਵ ਆਤਮਕ ਮੌਤ ਦਾ ਸ਼ਿਕਾਰ ਹੋ ਕੇ ਨਿਤ ਜੰਮਦੇ ਮਰਦੇ ਹਨ}
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥ 2॥
(ਪੰਨਾ 1) ਅਰਥ: ਹਰੇਕ ਜੀਵ ਰੱਬ ਦੇ ਹੁਕਮ ਵਿੱਚ ਹੀ ਹੈ, ਕੋਈ ਜੀਵ ਹੁਕਮ ਤੋਂ ਬਾਹਰ (ਭਾਵ, ਹੁਕਮ
ਤੋ ਆਕੀ) ਨਹੀਂ ਹੋ ਸਕਦਾ। ਹੇ ਨਾਨਕ! ਜੇ ਕੋਈ ਮਨੁੱਖ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਏ ਤਾਂ ਫਿਰ
ਉਹ ਸੁਆਰਥ ਦੀਆਂ ਗੱਲਾਂ ਨਹੀਂ ਕਰਦਾ (ਭਾਵ, ਫਿਰ ਉਹ ਸੁਆਰਥੀ ਜੀਵਨ ਛੱਡ ਦੇਂਦਾ ਹੈ)। 2.
ਸਾਨੂੰ ਗੁਰਬਾਣੀ ਦੀ ਵੀਚਾਰ ਕਰਕੇ ਇਸ ਅਨੁਸਾਰ ਆਪਣਾ ਜੀਵਨ ਬਣਾਉਣ ਦੀ ਲੋੜ ਹੈ। ਬਾਣੀ ਦਾ ਮੰਤ੍ਰ
ਵਾਂਗ ਰਟਨ ਕਰਕੇ ਕਿਸੇ ਫਲ ਦੀ ਆਸ ਰੱਖਣ ਦੀ ਬਜਾਏ, ਗੁਰਬਾਣੀ ਨੂੰ ਸਮਝਣ ਅਤੇ ਇਸ ਵਿਚਲੇ ਭਾਵ
ਅਨੁਸਾਰ ਆਪਣਾ ਅਚਰਣ ਬਣਾਉਣ ਦੀ ਜ਼ਰੂਰਤ ਹੈ। ਇਹੀ ਬਾਣੀ ਪੜ੍ਹਣ ਸੁਨਣ ਦਾ ਫਲ ਅਥਵਾ ਮਹਾਤਮ ਹੈ। ਇਸ
ਤਰ੍ਹਾਂ ਨਾਲ ਹੀ ਅਸੀਂ ਸਹੀ ਅਰਥਾਂ ਵਿੱਚ ਬਾਣੀ ਦਾ ਸਤਿਕਾਰ ਕਰ ਰਹੇ ਹੋਵਾਂਗੇ।
ਜਸਬੀਰ ਸਿੰਘ ਵੈਨਕੂਵਰ