.

(ਸੰਪਾਦਕੀ ਨੋਟ:- ਜਿਵੇਂ ਕਿ ਅਸੀਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕੇ ਹਾਂ ਅਤੇ ਹੁਣ ਫਿਰ ਦੁਹਰਾ ਦਿੰਦੇ ਹਾਂ ਕਿ ‘ਸਿੱਖ ਮਾਰਗ’ ਨਿਰੋਲ ਧਾਰਮਕਿ ਸਾਈਟ ਹੈ ਅਤੇ ਇਸ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਵੀ ਸੰਬੰਧ ਨਹੀਂ ਹੈ। ਕਿਸੇ ਵੀ ਡੇਰਾਵਾਦੀ ਸਾਧ, ਸੰਤ, ਕਥਿਤ ਸੱਚੇ ਸੁੱਚੇ ਮਹਾਂ ਪੁਰਸ਼ ਨੂੰ ਅਸੀਂ ਕੋਈ ਵੀ ਮਹਾਨਤਾ ਨਹੀਂ ਦਿੰਦੇ। ਪਹਿਲਾਂ ਤੋਂ ਹੀ ਸਾਡਾ ਮੁੱਖ ਮਨੋਰਥ ਗੁਰਬਾਣੀ ਦੇ ਸੱਚ ਨੂੰ ਸਮਝਣਾ, ਪ੍ਰਚਾਰਨਾ ਅਤੇ ਅਪਣਾਉਣ ਦੀ ਕੋਸ਼ਿਸ਼ ਕਰਨਾ ਹੈ। ਇਸ ਗੁਰਬਾਣੀ ਦੇ ਸੱਚ ਨੂੰ ਹੀ ਸਾਹਮਣੇ ਰੱਖ ਕੇ, “ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ, ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ” ਅਤੇ “ਬੋਲੀਐ ਸਚੁ ਧਰਮੁ, ਝੂਠੁ ਨ ਬੋਲੀਐ”॥ ਗੁਰਇੰਦਰ ਸਿੰਘ ਪਾਲ ਜੀ ਨੇ ਇਤਿਹਾਸਕ ਸੱਚ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿੱਖ ਲੀਡਰ ਅਤੇ ਬਹੁਤੇ ਵਿਦਵਾਨ ਤਾਂ ਧਰਮ ਦੇ ਨਾਮ ਤੇ ਵੱਧ ਤੋਂ ਵੱਧ ਝੂਠ ਬੋਲ ਕੇ ਗੁਮਰਾਹ ਕਰਦੇ ਹਨ ਅਤੇ ਜਾਂ ਫਿਰ ਇਕਪਾਸੜ ਗੱਲ ਹੀ ਕਰਦੇ ਹਨ। ਹਰ ਥਾਂ ਮੀਡੀਏ ਵਿੱਚ ਅਤੇ ਗੁਰਦੁਆਰਿਆਂ ਵਿੱਚ ਆਮ ਕਰਕੇ ਬਹੁਤਾ ਇਸ ਤਰ੍ਹਾਂ ਦਾ ਹੀ ਹੁੰਦਾ ਹੈ। ਕਿਉਂਕਿ ਉਹਨਾ ਨੇ ਲੋਕਾਂ ਨੂੰ ਖੁਸ਼ ਕਰਕੇ ਜੈਕਾਰੇ ਛੁਡਾ ਕੇ, ਫੋਕੀ ਵਾਹ-ਵਾਹ ਦੇ ਗੱਫੇ ਜਾਂ ਡਾਲਰ/ਪੌਂਡਾਂ ਦੇ ਗੱਫੇ ਲੈਣੇ ਹੁੰਦੇ ਹਨ। ਅਸੀਂ ਅੱਜ ਤੱਕ ਨਾ ਤਾਂ ਕਿਸੇ ਤੋਂ ਕੁੱਝ ਲਿਆ ਹੈ ਅਤੇ ਨਾ ਹੀ ਲੈਣਾ ਹੈ। ਵੋਟ/ਨੋਟ ਦੀ ਇਥੇ ਕੋਈ ਵੀ ਗੱਲ ਨਹੀਂ ਹੈ। ਇਸ ਲਈ ਕਿਸੇ ਦੇ ਨਿਰਾਜ਼ ਹੋ ਜਾਣ ਦਾ ਸਾਨੂੰ ਕੋਈ ਵੀ ਡਰ ਨਹੀਂ ਹੈ। ਟੈਲੀਫੂਨ ਤੇ ਗੁਰਇੰਦਰ ਸਿੰਘ ਪਾਲ ਨੂੰ ਜਾਨਣ ਲਈ ਕਈ ਸਵਾਲ ਕੀਤੇ ਅਤੇ ਉਹਨਾ ਨੇ ਜਵਾਬ ਸਿੱਧੇ ਅਤੇ ਸਪੱਸ਼ਟ ਦਿੱਤੇ। ਕੋਈ ਵੀ ਗੋਲ-ਮੋਲ ਜਾਂ ਛਪਾਉਣ ਦੀ ਕੋਈ ਗੱਲ ਨਾ ਕੀਤੀ। ਜਿਸ ਤੋਂ ਮੈਨੂੰ ਜਾਪਿਆ ਕਿ ਇਹ ਸੱਚੀ ਗੱਲ ਕਹਿਣ ਦੀ ਜ਼ੁਰਅਤ ਰੱਖਦਾ ਹੈ। ਇਹਨਾ ਨੇ ਅੰਗ੍ਰੇਜ਼ੀ ਪੰਜਾਬੀ ਦੀ ਐਮ. ਏ. ਅਤੇ ਸਿਵਲ ਇੰਜਨੀਅਰ ਕਰਨ ਦੇ ਨਾਲ-ਨਾਲ ਗਿਆਨੀ ਅਤੇ ਇਸ ਦੇ ਬਰਾਬਰ ਉਰਦੂ ਅਤੇ ਫਾਰਸੀ ਦੀ ਪੜ੍ਹਾਈ ਵੀ ਕੀਤੀ ਹੋਈ ਹੈ। ਖ਼ਾਲਸਾ ਕਾਲਜ਼ ਮੁੰਬਈ, ਪੰਜਾਬ ਅਤੇ ਹਰਿਆਣੇ ਦੇ ਕਈ ਕਾਲਜ਼ਾਂ ਸਕੂਲਾਂ ਵਿੱਚ 21 ਸਾਲ ਤੋਂ ਵੱਧ ਸਮਾ ਪੜ੍ਹਾਇਆ ਹੈ ਅਤੇ ਅੱਜ –ਕੱਲ ਅਮਰੀਕਾ ਵਿੱਚ ਰਹਿ ਰਹੇ ਹਨ। ਕਿਉਂਕਿ ਇਹਨਾ ਦੀ ਉਮਰ 70 ਸਾਲ ਤੋਂ ਉਪਰ ਹੋ ਚੁੱਕੀ ਹੈ ਅਤੇ ਇਤਨੀ ਉਮਰ ਵਿੱਚ ਇਹਨਾ ਨੇ ਅਨੇਕਾਂ ਹੀ ਲੀਡਰਾਂ/ਵਿਦਵਾਨਾ ਨੂੰ ਨੇੜਿਉਂ ਹੋ ਕੇ ਦੇਖਿਆ ਸੁਣਿਆਂ ਹੈ। ਉਹਨਾ ਦੀਆਂ ਗੱਲਾਂ ਸੁਣ ਕੇ ਮੈਂ ਉਹਨਾ ਨੂੰ ਇਹ ਕੌੜਾ ਸੱਚ ਲਿਖਣ ਦੀ ਪ੍ਰੇਰਨਾ ਕੀਤੀ ਤਾਂ ਕਿ ਜਿਹੜੇ ਪਾਠਕ ਗੁਰਬਾਣੀ ਦਾ ਸੱਚ ਸਮਝਣ ਦੀ ਕੋਸ਼ਿਸ਼ ਕਰਦੇ ਹਨ ਉਹਨਾ ਨੂੰ ਇਹ ਇਤਿਹਾਸਕ ਸੱਚ ਸਮਝਣ ਦੀ ਵੀ ਸੋਝੀ ਹੋ ਜਾਵੇ। ਪਾਠਕਾਂ ਨੂੰ ਬੇਨਤੀ ਹੈ ਕਿ ਜੇ ਕਰ ਉਹਨਾ ਨੂੰ ਕੋਈ ਗੱਲ ਗਲਤ ਲਗਦੀ ਹੋਵੇ ਤਾਂ ਉਹ ਠੀਕ ਗੱਲ ਦੱਸ ਸਕਦੇ ਹਨ। ਪਰ ਜੇ ਕਰ ਕੋਈ ਪਾਠਕ ਇਹ ਕਹੇ ਕਿ ਇਹ ਪੜ੍ਹ ਕੇ ਸਾਡੇ ਮਨ ਨੂੰ ਠੇਸ ਲੱਗੀ ਜਾਂ ਇਹ ਕਿਉਂ ਲਿਖਿਆ। ਇਸ ਨਾਲ ਇਹ ਹੋ ਜਾਵੇਗਾ ਜਾਂ ਔਹ ਹੋ ਜਾਵੇਗਾ। ਇਸ ਤਰ੍ਹਾਂ ਨਾ ਹੀ ਲਿਖਣ ਤਾਂ ਚੰਗਾ ਹੈ ਕਿਉਂਕਿ ਇਸ ਦਾ ਸਾਡੇ ਤੇ ਨਾ ਹੀ ਕੋਈ ਅਸਰ ਹੈ ਅਤੇ ਨਾ ਹੀ ਅਸੀਂ ਪਉਣਾ ਹੈ। ਇਹ ਕੌੜਾ ਸੱਚ ਪੰਜ ਕਿਸ਼ਤਾਂ ਵਿੱਚ ਛਪੇਗਾ। ਬਿਹਤਰ ਤਾਂ ਇਹ ਹੀ ਹੈ ਕਿ ਪੰਜੇ ਕਿਸ਼ਤਾਂ ਛਪਣ ਤੋਂ ਬਾਅਦ ਹੀ, ਜਿਥੋਂ ਗੁਰਬਾਣੀ ਸ਼ੁਰੂ ਹੁੰਦੀ ਹੈ, ਭਾਵ ਕਿ ਮੰਗਲਾਚਰਨ ਨੂੰ ਸਾਹਮਣੇ ਰੱਖ ਕੇ ਆਪਣੇ ਵਿਚਾਰ ਪੇਸ਼ ਕੀਤੇ ਜਾਣ। ਜੇ ਕਰ ਕਿਸੇ ਨੇ ਗੁਰਬਾਣੀ ਦੇ ਸੱਚ ਨੂੰ ਪਾਸੇ ਰੱਖ ਕੇ ਆਪਣੇ ਹੀ ਬਣੇ ਹੋਏ ਖਿਆਲਾਂ ਮੁਤਾਬਕ ਜਾਂ ਬਹੁਤੇ ਲੋਕਾਂ ਦੀ ਸੋਚਣੀ ਮੁਤਾਬਕ ਕੋਈ ਘਟੀਆ ਦੂਸ਼ਣ ਬਾਜ਼ੀ ਵਿੱਚ ਲਿਖਿਆ ਤਾਂ ਫਿਰ ਮਜਬੂਰੀ ਵੱਸ ਸਾਨੂੰ ਵੀ ਲਿਖਣਾ ਪਵੇਗਾ। ਇਹ ਚਿਤਾਵਨੀ ਅਸੀਂ ਪਹਿਲਾਂ ਹੀ ਦੇ ਦਿੰਦੇ ਹਾਂ)

ਅੱਖੀਂ ਡਿੱਠਾ ਕੰਨੀ ਸੁਣਿਆਂ, ਛੇ ਦਹਾਕਿਆਂ ਦਾ ਕੌੜਾ ਸੱਚ

(ਕਿਸ਼ਤ ਪਹਿਲੀ)

1947 ਤੋਂ ਅੱਜ ਤੱਕ, ਸ੍ਵਾਰਥੀ ਆਗੂਆਂ ਮਗਰ ਲੱਗ ਕੇ ਪੰਜਾਬੀਆਂ, ਵਿਸ਼ੇਸ਼ ਕਰਕੇ ਸਿੱਖਾਂ, ਨੇ ਕੀ ਖੱਟਿਆ, ਕੀ ਗਵਾਇਆ; ਕੀ ਖੋਇਆ ਤੇ ਕੀ ਪਾਇਆ? ਇਸ ਅਹਿਮ ਵਿਸ਼ੇ ਉੱਤੇ ਵਿਚਾਰ:-

‘ਪੰਥ’ ਤੇ ਪੰਜਾਬ ਦੇ ਇਤਿਹਾਸ ਦੇ ‘ਕੌੜੇ ਸੱਚ’ ਦੀ ਕਹਾਣੀ ਉਤਨੀ ਹੀ ਪੁਰਾਣੀ ਹੈ ਜਿਤਨਾ ਪੁਰਾਣਾ 'ਪੰਥ' ਤੇ ਪੰਜਾਬ। ਪਰ, ਇੱਥੇ ਅਸੀਂ 1947 ਤੋਂ ਬਾਅਦ ਦੇ ਕੌੜੇ ਸੱਚ ਬਾਰੇ ਹੀ ਲਿਖ ਰਹੇ ਹਾਂ। ਦੇਸ ਦੀ ਵੰਡ ਤੋਂ ਬਾਅਦ ਪੂਰਬੀ ਪੰਜਾਬ ਵਿੱਚ ਹਿੰਦੂ ਬਹੁਗਿਣਤੀ (63-64%) ਵਿੱਚ ਸਨ, ਅਤੇ ਸਿੱਖ ਤੇ ਹੋਰ ਸ਼੍ਰੇਣੀਆਂ ਘੱਟ ਗਿਣਤੀ ਵਿੱਚ। ਸੁਭਾਵਕਨ, ਪੰਜਾਬ ਦੇ ਪ੍ਰਜਾ-ਤੰਤ੍ਰੀ ਰਾਜ ਵਿੱਚ ਹਿੰਦੂਆਂ ਦਾ ਹੀ ਬੋਲ-ਬਾਲਾ ਹੋਣਾ ਨਿਸ਼ਚਿਤ ਸੀ। (ਪੰਜਾਬ ਦੇ ਪਹਿਲੇ ਦੋ ਮੁੱਖ-ਮੰਤ੍ਰੀ, ਗੋਪੀ ਚੰਦ ਭਾਰਗੋ ਤੇ ਭੀਮ ਸੈਨ ਸੱਚਰ, ਹਿੰਦੂ ਹੀ ਸਨ)। ਇਸ ਤੱਥ ਨੂੰ ਧਿਆਨ `ਚ ਰੱਖਦਿਆਂ ਸਮੇ ਦੇ ਸਿੱਖ ਨੇਤਾਵਾਂ ਨੇ ਇੱਕ ਅਜਿਹੇ ਪ੍ਰਾਂਤ ਦੀ ਕਲਪਣਾ ਕੀਤੀ ਜਿਸ ਵਿੱਚ ਸਿੱਖਾਂ ਦੀ ਬਹੁ-ਗਿਣਤੀ ਸੰਭਵ ਹੋਵੇ, ਤੇ ਉਨ੍ਹਾਂ ਦੇ ਨੇਤਾ ਰਾਜ ਕਰ ਸਕਨ! ਇਸ ਮੰਤਵ ਨੂੰ ਮੁੱਖ ਰੱਖਦਿਆਂ ਉਨ੍ਹਾਂ (ਪੰਥ-ਨੇਤਾਵਾਂ) ਨੇ, ਪੰਜਾਬੀ ਬੋਲੀ ਉੱਤੇ ਆਧਾਰਿਤ, ਇੱਕ ਪ੍ਰਾਂਤ ਦੀ ਕਲਪਣਾ ਕੀਤੀ। ਇਸ ਨਵੇਂ ਕਿਆਸੇ ਪ੍ਰਾਂਤ ਨੂੰ ‘ਪੰਜਾਬੀ ਸੂਬੇ’ ਦਾ ਨਾਂ ਦਿੱਤਾ ਗਿਆ।

ਭਾਰਤ ਦੀ ਵੰਡ ਸਮੇ ‘ਪੰਥ’ ਦੀ ਵਾਗ-ਡੋਰ ‘ਅਕਾਲੀਆਂ’ ਦੇ ਹੱਥ ਵਿੱਚ ਸੀ। ਸਿੱਖਾਂ ਦਾ ਆਗੂ ਸੀ ਤਾਰਾ ਸਿੰਘ, ਜੋ ਕਿੱਤੇ ਵਜੋਂ ਮਾਸਟਰ ਹੋਣ ਕਰਕੇ ਮਾਸਟਰ ਤਾਰਾ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਸਿੱਖਾਂ ਦੀ ਇੱਕੋ ਇੱਕ ਸਿਆਸੀ ਪਾਰਟੀ ‘ਸ਼ਿਰੋਮਣੀ ਅਕਾਲੀ ਦਲ’ ਦਾ ਉਹ ਕਰਤਾ ਧਰਤਾ ਸੀ। ਅਣਵੰਡੇ ਪੰਜਾਬ ਵਿੱਚ ਉਸ ਨੇ ਪੰਜਾਬੀਆਂ, ਖ਼ਾਸ ਤੌਰ ਤੇ ਸਿੱਖਾਂ, ਦੀ ਵਿੱਦਿਅਕ ਖੇੱਤ੍ਰ ਵਿੱਚ ਬੜੀ ਪ੍ਰਸ਼ੰਸਾ-ਯੋਗ ਸੇਵਾ ਕੀਤੀ, ਅਤੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਵੀ ਯੋਗ ਦਾਨ ਪਾਇਆ। ਪਰੰਤੂ, ਵੰਡ ਦੇ ਦੁਖਾਂਤਕ ਘੱਲੂ-ਘਾਰੇ ਸਮੇ ਨਵੇਂ ਬਣੇ ਪਾਕਿਸਤਾਨ ਤੋਂ ਉੱਜੜ ਕੇ ਆਏ ਲੱਖਾਂ ਹਿੰਦੂ ਸਿੱਖ ਸ਼ਰਨਾਰਥੀਆਂ, ਜਿਨ੍ਹਾਂ ਵਿੱਚ ਵਿੱਧਵਾ ਹੋਈਆਂ ਔਰਤਾਂ, ਅਨਾਥ ਹੋਏ ਬੱਚੇ ਤੇ ਅਤਿਅੰਤ ਅਕਹਿ ਦੁੱਖਾਂ ਦੇ ਮਾਰੇ ਲੋਕ ਸਨ, ਦਾ ਰੋਣਾ-ਧੋਣਾ ਅਤੇ ਚੀਕ-ਚਿਹਾੜਾ ਅਜੇ ਸ਼ਾਂਤ ਨਹੀਂ ਸੀ ਹੋਇਆ, ਉਜਾੜੇ ਦਾ ਅਸਹਿ ਸਦਮਾ (trauma) ਉਨ੍ਹਾਂ ਦੇ ਹਿਰਦਿਆਂ ਵਿੱਚ ਨਾਸੂਰ ਵਾਂਗ ਚੀਸਾਂ ਦੇ ਰਿਹਾ ਸੀ, ਅਤੇ ਉਨ੍ਹਾਂ ਦੇ ਪੁਨਰ-ਵਸੇਬੇ ਦਾ ਕਠਿਨ ਕੰਮ ਅਜੇ ਸਿਰੇ ਨਹੀਂ ਸੀ ਚੜ੍ਹਿਆ ਕਿ ‘ਪੰਥ-ਦਰਦੀ’ ਮਾਸਟਰ ਤਾਰਾ ਸਿੰਘ ਨੇ, ਫ਼ਤਹਿ ਸਿੰਘ ਤੇ ਹੋਰ ਅਕਾਲੀ ਆਗੂਆਂ ਦੇ ਸਹਿਯੋਗ ਨਾਲ, ‘ਪੰਜਾਬੀ ਸੂਬੇ’ ਦੀ ਮੰਗ ਦਾ ਐਲਾਨ ਕਰ ਦਿੱਤਾ। ‘ਪੰਜਾਬੀ ਸੂਬੇ’ ਦੀ ਮੰਗ ਦੀ ਸੰਖੇਪ ਵਿਆਖਿਆ: ਲੋਕ-ਬੋਲੀ ਪੰਜਾਬੀ ਦੇ ਆਧਾਰ `ਤੇ ਇੱਕ ਨਵੇਂ ਸੂਬੇ ਦਾ ਸੰਗਠਨ ਕੀਤਾ ਜਾਵੇ, ਉਸ ਸੂਬੇ ਦੇ ਸਕੂਲਾਂ ਵਿੱਚ ਪੰਜਾਬੀ ਨੂੰ ਲਾਜ਼ਮੀ ਮਜ਼ਮੂਨ ਬਣਾਇਆ ਜਾਵੇ, ਅਤੇ ਸਰਕਾਰੀ ਬੋਲੀ ਵੀ ਪੰਜਾਬੀ ਹੀ ਹੋਵੇ। ਅਕਾਲੀ ਨੇਤਾਵਾਂ ਨੂੰ ਪੂਰੀ ਉਮੀਦ ਸੀ ਕਿ ਬੋਲੀ ਦੇ ਆਧਾਰ `ਤੇ ਬਣਾਏ ਸੂਬੇ ਵਿੱਚ ਬਹੁ-ਗਿਣਤੀ ਸਿੱਖਾਂ ਦੀ ਹੋਵੇਗੀ ਤੇ ਰਾਜ ਵੀ ਸਿੱਖਾਂ ਦਾ ਹੀ ਹੋਵੇਗਾ! ‘ਪੰਜਾਬੀ ਸੂਬੇ’ ਦੀ ਮੰਗ ਦੀ ਪੂਰਤੀ ਲਈ ਕਾਨਫ਼ਰੰਸਾਂ ਹੋਈਆਂ, ਵੱਡੇ ‘ਕਠ ਕੀਤੇ ਗਏ, ਜਲੂਸ ਕੱਢੇ ਗਏ, ਮੋਰਚੇ ਲੱਗੇ, ਤੇ ਗ੍ਰਿਫ਼ਤਾਰੀਆਂ ਵੀ ਦਿੱਤੀਆਂ ਗਈਆਂ। ਲੋਕ (ਸਾਡੇ ਸਮੇਤ) ਅੰਨ੍ਹੇ-ਵਾਹ ਅਕਾਲੀਆਂ ਦੇ ਮਗਰ ਲੱਗ ਗਏ। ਪੰਜਾਬ ਦਾ ਸੁਖਾਵਾਂ ਵਾਤਾਵਰਨ ‘ਪੰਜਾਬੀ ਸੂਬਾ ਜ਼ਿੰਦਾਬਾਦ’ ਦੇ ਨਾਹਰਿਆਂ ਨਾਲ ਗੂੰਜਨ ਲੱਗਿਆ। ਇਸ ਮੰਗ ਨੂੰ ਕੇਂਦ੍ਰੀ ਸਰਕਾਰ ਤੋਂ ਪੂਰਾ ਕਰਵਾਉਣ ਲਈ ਦਿੱਲੀ ਵਿਖੇ ਫ਼ਤਹਿ ਪੁਰੀ/ਚਾਂਦਨੀ ਚੌਕ ਦੇ ਇਲਾਕੇ ਵਿੱਚ ਇੱਕ ਬਹੁਤ ਭਾਰੀ ਸ਼ਾਂਤ-ਜਲੂਸ ਕੱਢਿਆ ਗਿਆ। ਅਗਿਆਨ-ਵੱਸ, ਅਸੀਂ ਵੀ ਉਸ ਮਾਰਚ/ਮੁਜ਼ਾਹਰੇ ਵਿੱਚ ਸ਼ਾਮਿਲ ਹੋਏ। ‘ਪੰਜਾਬੀ ਸੂਬਾ---ਜ਼ਿੰਦਾਬਾਦ ਜ਼ਿੰਦਾਬਾਦ’ ਦੇ ਨਾਹਰਿਆਂ ਨੇ ਗਲੇ ਸੁਕਾ ਦਿੱਤੇ। ਸ਼ਾਮ ਤੱਕ ਤਾਂ ਸ਼ਾਂਤ-ਜਲੂਸ ਸ਼ਾਂਤ ਰਿਹਾ, ਪਰ, ਆਥਣ ਜਿਹੇ, ਅਕਾਲੀਆਂ ਦੇ ਭੁੱਖੇ ਪਿਆਸੇ ਪਿਛਲੱਗਾਂ ਨੇ ਆਪਣਾ ਅਸਲੀ ਰੂਪ ਦਿਖਾਣਾ ਸ਼ੁਰੂਅ ਕਰ ਦਿੱਤਾ। ਹੁੱਲੜਬਾਜ਼ੀ ਨੇ ਦੁਕਾਨਦਾਰਾਂ, ਖ਼ਰੀਦੋ-ਫ਼ਰੋਖ਼ਤ ਕਰਨ ਵਾਲੇਆਂ, ਹੋਰ ਮਾਅਸੂਮ ਲੋਕਾਂ, ਤੇ ਪੁਲੀਸ ਦੇ ਨੱਕ ਵਿੱਚ ਏਨਾ ਦਮ ਕੀਤਾ ਕਿ ਪੁਲਿਸ ਨੂੰ ਅੱਥਰੂ-ਗੈਸ ਦੇ ਗੋਲੇ ਸਿੱਟਣੇ ਪਏ।। ਹਿੰਦੂ ਦੁਕਾਨਦਾਰਾਂ ਨੇ ਗੈਸ ਤੋਂ ਆਤੁੱਰ ਹੋਏ ਸਿੱਖਾਂ ਨੂੰ ਕੱਪੜੇ ਭਿਉਂ ਭਿਉਂ ਕੇ ਦਿੱਤੇ ਤਾਂ ਜੋ ਉਨ੍ਹਾਂ ਦੀਆਂ ਅੱਖਾਂ ਨੂੰ ਗੈਸ ਦੀ ਜਲਣ ਤੋਂ ਰਾਹਤ ਮਿਲ ਸਕੇ। ਇਸ ਦੇ ਬਾਵਜੂਦ ਵੀ ਹੁੱਲੜਬਾਜ਼ੀ ਜਾਰੀ ਰਹੀ। ਦਿਨ ਛਿਪਣ ਸਮੇ ਲਾਠੀ-ਚਾਰਜ ਦਾ ਹੁਕਮ ਆ ਗਿਆ, ਜੋ ਕਿ ਨਹਿਰੂ ਵੱਲੋਂ ਆਇਆ ਕਿਹਾ ਜਾਂਦਾ ਸੀ। ਭਗ-ਦੜ ਮਚ ਗਈ। ਖਰੂਦੀਏ ਦੁਮ ਦਬਾ ਕੇ ਭੱਜਣ ਵਿੱਚ ਸੱਭ ਤੋਂ ਅੱਗੇ ਸਨ। ਅਸੀਂ ਵੀ ਜਾਨ ਬਚਾਉਂਦੇ ਪੁਰਾਣੀ ਦਿੱਲੀ ਸਟੇਸ਼ਨ ਵੱਲ ਭੱਜੇ ਤਾਂ ਜੋ ਵਾਪਸ ਪੰਜਾਬ ਨੂੰ ਖਿਸਕ ਸਕੀਏ। ਪਰ, ਸਟੇਸ਼ਨ ਦੇ ਬਾਹਰ ਪੁਲੀਸ ਦੇ ਕਾਬੂ ਆ ਗਏ ਤੇ ਉਨ੍ਹਾਂ ਨੇ ਲਾਠੀਆਂ ਦੀ ਬੁਛਾੜ ਨਾਲ ਸਾਡੇ ਮੌਰ ਤੇ ਪੁੱਠੇ ਝੰਬ ਸੁੱਟੇ। ਅਗੋਂ ਸਟੇਸ਼ਨ ਉੱਤੇ ਵੀ ਹਰ ਪਲੈਟਫਾਰਮ `ਤੇ ਪੁਲਿਸ ਹੀ ਪੁਲਿਸ। ਕੰਬਣੀਂ ਛਿੜ ਗਈ, ਦਿਲ ਦਹਿਲ ਗਏ, ਅਤੇ ਅੱਖਾਂ ਅੱਗੇ ‘ਨ੍ਹੇਰਾ ਆਉਣ ਲੱਗਿਆ। ਇਤਨੇ ਨੂੰ ਇੱਕ ਪੰਜਾਬੀ ਹਿੰਦੂ ਥਾਨੇਦਾਰ ਕੁੱਝ ਸਿਪਾਹੀਆਂ ਨਾਲ ਪ੍ਰਗਟ ਹੋਇਆ। ਸਾਡੇ ਵਿੱਚੋਂ ਇੱਕ ਪ੍ਰੋਫ਼ੈਸਰ ਸੀ, ਜਿਸ ਦੇ ਝੂਠੇ ਬਹਾਨੇ ਨੂੰ ਸੱਚ ਜਾਣ ਕੇ ਉਸ ਥਾਨੇਦਾਰ ਨੇ ਸਾਨੂੰ ਗੱਡੀ ਵਿੱਚ ਬਿਠਾਇਆ ਅਤੇ ਦੋ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਗੱਡੀ ਚੱਲਣ ਤਕ ਸਾਡਾ ਧਿਆਨ ਰੱਖਣ ਤਾਂ ਜੋ ਸਾਨੂੰ ਲਾਠੀਆਂ ਦਾ ਹੋਰ ਛਾਂਦਾ ਨਾ ਮਿਲ ਜਾਵੇ! ਵਾਪਸ ਪੰਜਾਬ (ਨੀਲੋ-ਖੇੜੀ, ਜੋ ਹੁਣ ਹਰਿਆਣੇ ਦਾ ਹਿੱਸਾ ਹੈ) ਪਹੁੰਚੇ ਤਾਂ ਹਿੰਦੂ ਭਰਾਵਾਂ ਨੇ ਸਾਡਾ ਪੂਰਾ ਮਜ਼ਾਕ ਉਡਾਉਣ ਦੇ ਨਾਲ ਨਾਲ ਸਾਡੇ ਜ਼ਖ਼ਮਾ `ਤੇ ਮਰਹਮ-ਪੱਟੀ ਕੀਤੀ ਅਤੇ ਸੁੱਜੇ ਹੋਏ ਹੱਡਾਂ ਨੂੰ ਸੇਕ ਦੇ ਕੇ ਹਾਰਦਿਕ ਹਮਦਰਦੀ ਵੀ ਜਤਾਈ।

ਹੱਡ-ਬੀਤੇ ਦੁਖਾਂਤ ਤੋਂ ਕੁੱਝ ਸਮਾ ਬਾਅਦ, ਗੁਰਬਾਣੀ ਦੇ ਪ੍ਰਭਾਵਾਧੀਨ, ਅਤੇ ਤਰਕਸ਼ੀਲ ਸਿਆਣਿਆ ਦੀ ਸੰਗਤ ਤੇ ਸਿੱਖਿਆ ਸਦਕਾ, ਸਾਡੀਆਂ ਅੱਖਾਂ ਉੱਤੋਂ ਅੰਧਵਿਸ਼ਵਾਸ ਦਾ ਪਰਦਾ ਫ਼ਾਸ਼ ਹੋਇਆ ਤੇ ਅਸੀਂ ਸੋਚਣ `ਤੇ ਮਜਬੂਰ ਹੋ ਗਏ ਕਿ:-

1. ਮੁਜ਼੍ਹਾਰੇ ਸਮੇ ਕੋਈ ਅਕਾਲੀ ਆਗੂ ਨਜ਼ਰ ਕਿਉਂ ਨਹੀਂ ਆਇਆ? ਪਤਾ ਚੱਲਿਆ ਕਿ ਉਹ ਸਾਰੇ ਜੇਲ੍ਹਾਂ ਦੀ ਏ ਕਲਾਸ (A class) ਜਾਂ ਸਰਕਾਰੀ ਮਹਿਮਾਨ-ਘਰਾਂ (guest houses) ਵਿੱਚ ਸੁਰੱਖਿਅਤ ਸਨ ਅਤੇ ਮੌਜਾਂ ਮਾਣ ਰਹੇ ਸਨ। ਕੁੱਝ ‘ਪੰਥ-ਦਰਦੀ’ ਅਕਾਲੀ ਨੇਤਾ ਜੋ ਜੇਲ੍ਹਾਂ ਵਿੱਚ ਨਹੀਂ ਸਨ ਉਹ ਚੂਹਿਆਂ ਦੀ ਤਰ੍ਹਾਂ ਖੁੱਡਾਂ ਵਿੱਚ ਛਿਪ ਕੇ, ਅਯਾਸ਼ੀ ਕਰ ਰਹੇ ਸਨ। ਉਹ ਅੰਡਰ-ਗਰਾਉਂਡ (Under-ground) ਹੋ ਗਏ ਸਨ, ਕਿਉਂਕਿ ਉਨ੍ਹਾਂ ਦੀ ਚਮੜੀ ਅਤੇ ਜ਼ਿੰਦਗੀ ਸਾਡੇ ਨਾਲੋਂ ਕਿਤੇ ਵਧੇਰੇ ਕੀਮਤੀ ਸੀ! ਜੇ ਉਨ੍ਹਾਂ ਨੂੰ ਕੁੱਛ ਹੋ ਜਾਂਦਾ ਤਾਂ ‘ਸਿੱਖਾਂ ਦੀਆਂ ਮੰਗਾਂ’ ਦਾ ‘ਫ਼ਿਕਰ’ ਕੌਣ ਕਰਦਾ? ? ਜਦ ਉਹ ਜੇਲ੍ਹਾਂ ਵਿੱਚੋਂ ਰਿਹਾ ਹੋਏ, ਸੁਰੱਖਿਅਤ ਖੁੱਡਾਂ ਵਿੱਚੋਂ ਬਾਹਰ ਨਿਕਲੇ ਤਾਂ ਉਨ੍ਹਾਂ ਦੀ ਜੂਠ ਖਾਣ ਵਾਲੇ ਖ਼ੁਸ਼ਆਮਦੀ ਟੱਟੂਆਂ ਨੇ ਹਾਰਾਂ ਨਾਲ ਲੱਦ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ, ਅਤੇ ਸਿਰੋਪਿਆਂ ਦੀ ਵੀ ਕੋਈ ਕਸਰ ਨਾ ਛੱਡੀ! ਕੌਮ ਨੂੰ ਗੁਮਰਾਹ ਕਰਕੇ ਅੰਨ੍ਹੇ ਖੂਹ ਵਿੱਚ ਧੱਕਾ ਦੇਣ ਦੇ ਇਨਾਮ ਵਜੋਂ ਤਲੂਏ-ਚੱਟ ਚਮਚਿਆਂ ਨੇ ਉਨ੍ਹਾਂ ਉੱਤੇ ਫੁੱਲਾਂ ਤੇ ਮਾਇਆ ਦੀ ਅਜਿਹੀ ਵਰਖਾ ਕੀਤੀ ਕਿ ਉਨ੍ਹਾਂ ਪਾਪੀ ਪਾਖੰਡੀਆਂ ਦੀਆਂ ਪੁਸ਼ਤਾਂ ਤਰ ਗਈਆਂ। ਪਰ, ਕਿਸੇ ਵੀ ‘ਪੰਥ-ਦਰਦੀ’ ਨੇਤਾ ਨੇ ਬਾਹਰ ਆਕੇ ਸਾਡੀ ਉੱਧੜੀ ਚਮੜੀ ਤੇ ਦੁਖ਼ਦੇ ਹੱਡਾਂ ਦੀ ਖ਼ਬਰ ਤੱਕ ਨਾਂ ਲਈ! (ਅਕਾਲੀਆਂ ਦੇ ਸਾਰੇ ਅੰਦੋਲਨਾਂ/ਮੁਜ਼ਾਹਰਿਆਂ ਵਿੱਚ ਉਨ੍ਹਾਂ (ਅਕਾਲੀ ਨੇਤਾਵਾਂ) ਦਾ ਇਹੀ ਕਿਰਦਾਰ ਰਿਹਾ ਹੈ)।

2. ਕੀ ਪੰਜਾਬੀ ਸਿਰਫ਼ ਸਿੱਖਾਂ ਦੀ ਹੀ ਬੋਲੀ ਹੈ? ? ? ਪੰਜਾਬੀ ਤਾਂ ਪੰਜਾਬ ਦੇ ਲੋਕਾਂ ਦੀ ਜ਼ੁਬਾਨ ਹੈ, ਅਤੇ ਪੰਜਾਬ ਵਿੱਚ ਓਦੋਂ ਦੀ ਪ੍ਰਚੱਲਿਤ ਹੈ ਜਦੋਂ ਇਸ ਧਰਤੀ `ਤੇ ਸਿੱਖ ਨਾਂ ਦੀ ਕੋਈ ਕੌਮ ਹੈ ਹੀ ਨਹੀਂ ਸੀ! ਪੰਜਾਬੀ ਦੇ ਸਾਰੇ ਲੇਖਕ ਇੱਕ ਪ੍ਰਭੂ ਦੇ ਉਪਾਸ਼ਕ ਹਿੰਦੂ, ਸੂਫ਼ੀ ਪੀਰ-ਫ਼ਕੀਰ (ਬਾਬਾ ਫ਼ਰੀਦ ਜੀ, ਸ਼ਾਹ ਹੁਸੈਨ ਜੀ ਤੇ ਸਾਈਂ ਬੁਲ੍ਹੇ ਸ਼ਾਹ ਆਦਿ), ਮੁਸਲਮਾਨ ਲੋਕ ਕਵੀ (ਵਾਰਿਸ ਸ਼ਾਹ, ਹਾਸ਼ਿਮ ਸ਼ਾਹ, ਮੀਆਂ ਮੁਹੰਮਦ ਬਖ਼ਸ਼, ਸ਼ਾਹ ਮੁਹੰਮਦ (ਜੰਗ-ਨਾਮਾਹ) ਆਦਿ, ਤੇ ਜਾਂ ਫ਼ਿਰ, ਸਾਡੀਆਂ ਬਣਾਈਆਂ, ਨੀਵੀਆਂ ਜਾਤੀਆਂ ਦੇ ਰੱਬ ਦੇ ਬੰਦੇ ਸਨ। ਵੀਹਵੀਂ ਸਦੀ ਦੇ ਪੰਜਾਬੀਆਂ ਲਾਲਾ ਧਨੀ ਰਾਮ ਚਾਤ੍ਰਿਕ, ਲਾਲਾ ਕ੍ਰਿਪਾ ਸਾਗਰ, ਨੰਦ ਲਾਲ ਨੂਰਪੁਰੀ ਤੇ ਸ਼ਿਵ ਬਟਾਲਵੀ ਆਦਿ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਤਾਂ ਫਿਰ, ਪੰਜਾਬੀ ਸੂਬੇ ਦੀ ਮੰਗ ਪੰਜਾਬੀਆਂ ਵੱਲੋਂ ਹੋਣੀ ਚਾਹੀਦੀ ਸੀ ਕਿ ਸਿੱਖਾਂ ਵੱਲੋਂ? ? ? ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਜਿਉਂਦੀ ਹੈ। ਓਥੇ ਪੰਜਾਬੀ ਨੂੰ ਜੀਵਿਤ ਰੱਖਣ ਵਾਲੇ ਪਾਕਿਸਤਾਨੀ ਪੰਜਾਬੀ ਹਨ, ਨਾਂ ਕਿ ‘ਸਿੱਖ’ ! ! ! ਪੰਜਾਬੀਆਂ ਦੀ ਲੋਕ-ਬੋਲੀ ਪੰਜਾਬੀ ਨੂੰ ‘ਸਿੱਖ-ਬੋਲੀ’ ਬਣਾਉਣ ਦਾ ਯਤਨ ਗੁਰੂਆਂ, ਗੁਰਬਾਣੀ, ਅਤੇ ਗੁਰਮੱਤਿ ਦਾ ਅਪਮਾਨ ਹੈ, ਅਤੇ ਇਹ ਅਪਮਾਨ ‘ਗੁਰਸਿੱਖ’ ਹੀ ਕਰ ਰਹੇ ਸਨ/ਹਨ! !

1956 ਤੋਂ 1964 ਤੱਕ ਪੰਜਾਬ ਦਾ ਕਾਂਗ੍ਰਸੀ ਮੁੱਖ ਮੰਤ੍ਰੀ ਪਰਤਾਪ ਸਿੰਘ ਕੈਰੋਂ ਸੀ। ਉਹ ਸ਼ੁਰੂਅ ਤੋਂ ਹੀ ਕਾਂਗ੍ਰਸ ਦਾ ਵਫ਼ਾਦਾਰ, ਅਤੇ ਅਕਾਲੀਆਂ ਤੇ ਉਨ੍ਹਾਂ ਦੀਆਂ ਨੀਤੀਆਂ ਦਾ ਸਖ਼ਤ ਵਿਰੋਧੀ ਸੀ। ਉਸ ਨੇ ਸਾਂਝੇ ਪੰਜਾਬ ਵਿੱਚ ਕਾਂਗ੍ਰਸ ਦੀਆਂ ਜੜਾਂ ਪੱਕੀਆਂ ਕਰਨ ਲਈ ਪੰਜਾਬ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ। ‘ਪੰਜਾਬੀ ਸੂਬੇ’ ਦੇ ਹੱਕ ਵਿੱਚ ਅਕਾਲੀਆਂ ਵੱਲੋਂ ਹੋ ਰਹੇ ਸੰਘਰਸ਼ ਦੇ ਨਾਂਹ-ਪਖੀ ਪ੍ਰਭਾਵ ਨੂੰ ਕੱਟਣ ਅਤੇ ਵਿਗੜੇ ਮਾਹੌਲ ਨੂੰ ਠੀਕ ਕਰਨ ਲਈ, ਕੈਰੋਂ ਨੇ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਪੰਜਾਬੀ ਨੂੰ ਲਾਜ਼ਮੀ ਮਜ਼ਮੂਨ ਕਰਨ ਦੀ ਘੋਸ਼ਨਾ ਕਰ ਦਿੱਤੀ। ਪਾਕਿਸਤਾਨ ਤੋਂ ਉੱਜੜ ਕੇ ਆਏ ਅਤੇ ਹੁਣ ਦੇ ਹਰਿਆਣੇ ਵਿੱਚ ਵੱਸੇ ਲੱਖਾਂ ਹਿੰਦੂ/ਸਿੱਖ ਪਰਿਵਾਰਾਂ ਨੇ ਖ਼ੁਸ਼ੀ ਮਨਾਈ ਕਿਉਂਜੋ ਉਨ੍ਹਾਂ ਦੇ ਬੱਚਿਆਂ ਨੂੰ ਪੰਜਾਬੀ ਪੜ੍ਹਨ ਦਾ ਸੁਭਾਗ ਪ੍ਰਾਪਤ ਹੋ ਗਿਆ ਸੀ। ਸੈਂਕੜੇ ਗਿਆਨੀ (Honours in Punjabi) ਪਾਸ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲ ਗਿਆ। ਇਨ੍ਹਾਂ ਪੰਜਾਬੀ ਦੇ ਅਧਿਆਪਕਾਂ ਦੇ ਕਹਿਣ ਅਨੁਸਾਰ, ਹੁਣ ਦੇ, ਹਰਿਅਣੇ ਦੇ ਵਿਦਿਆਰਥੀਆਂ ਨੇ ਪੰਜਾਬੀ ਪੜ੍ਹਨ ਵਿੱਚ ਪੂਰੀ ਦਿਲਚਸਪੀ ਲਈ ਅਤੇ ਇਸ ਪ੍ਰਤਿ ਪਿਆਰ ਵੀ ਜਤਾਇਆ। ਇਸ ਤੋਂ ਬਿਨਾਂ, ਵਿਦਿਅਕ ਖੇਤ੍ਰ ਵਿੱਚ ਪੰਜਾਬੀ ਦੇ ਅਧਿਆਪਕਾਂ ਦਾ ਵੀ ਬਹੁਤ ਸਤਿਕਾਰ ਸੀ; ‘ਗਿਅਨੀ ਜੀ’, ‘ਗਿਆਨੀ ਜੀ’ ਕਹਿ ਕੇ ਸਤਿਕਾਰੇ ਜਾਂਦੇ ਸਨ! ਕਾਂਗ੍ਰਸੀ ਸਰਕਾਰ ਮੁਤਾਬਕ ਪੰਜਾਬੀ ਬੋਲੀ ਨੂੰ ਇੱਕ ਦਮ ਸਰਕਾਰੀ ਬੋਲੀ ਬਣਾਉਣਾ ਸੰਭਵ ਨਹੀਂ ਸੀ, ਕਿਉਂਕਿ ਹਰਿਆਣਵੀਆਂ ਤੇ ਹਿਮਾਚਲੀਆਂ ਨੂੰ ਪੰਜਾਬੀ ਪੜ੍ਹਣੀ ਲਿਖਣੀ ਨਹੀਂ ਸੀ ਆਉਂਦੀ। ਸਿੱਖਾਂ ਦੇ ਅਕਾਲੀ ਆਗੂਆਂ ਦਾ ਕਹਿਣਾ ਸੀ ਕਿ ਪੰਜਾਬੀ ਨੂੰ ‘ਥੋਹੜੀ ਬਹੁਤ’ ਮਾਨਤਾ ਦੇਣਾ ਕਾਂਗ੍ਰਸੀਆਂ ਦੀ ਸਿਆਸੀ ਚਾਲ ਸੀ। ਅਕਾਲੀ ਆਗੂਆਂ ਦਾ ਐਜੀਟੇਸ਼ਨ ਕਰਨ ਪਿੱਛੇ ਉਨ੍ਹਾਂ ਦੀ ਕੀ ਚਾਲ ਸੀ (?), ਇਹ ਓਦੋਂ ਉਹ ਜਾਣਦੇ ਸਨ! ਅਤੇ, ਹੁਣ ਦੁਨੀਆਂ ਜਾਣਦੀ ਹੈ!

ਇਸ ਸਮੇ ਦੌਰਾਨ, ਅੰਦਰ ਖਾਤੇ, ਮਾਸਟਰ ਤਾਰਾ ਸਿੰਘ ਨੂੰ ‘ਗੱਦੀ’ ਤੋਂ ਲਾਹੁਣ ਦਾ ਸਿਰਤੋੜ ਯਤਨ ਕੀਤਾ ਜਾ ਰਿਹਾ ਸੀ। ਅਕਾਲੀਆਂ ਵਿੱਚ ‘ਜੱਟਵਾਦ’ ਤੇ ‘ਭਾਪਾਵਾਦ’ ਦਾ ਪਾੜ ਵੱਧਦਾ ਜਾ ਰਿਹਾ ਸੀ। ਨਤੀਜੇ ਵਜੋਂ, ਮਾਸਟਰ ਤਾਰਾ ਸਿੰਘ ਨੂੰ ਲੰਗਰ ਦੇ ਭਾਂਡੇ ਮਾਂਜ ਕੇ ਕਿਨਾਰਾ ਕਰਨਾ ਪਿਆ, ਤੇ ਪੰਥ ਦੀ ਵਾਗ ਡੋਰ ਜੱਟ ਅਕਾਲੀਆਂ ਦੇ ਹੱਥ ਆ ਗਈ। ਫ਼ਤਹਿ ਸਿੰਘ, ਚੰਨਣ ਸਿੰਘ, ਤਲਵੰਡੀ, ਉਮਰਾਨੰਗਲ ਆਦਿ ਦੀ ਅਗਵਾਈ ਵਿੱਚ ‘ਪੰਥ ਖ਼ਤਰੇ ਵਿੱਚ, ਪੰਥ ਖ਼ਤਰੇ ਵਿੱਚ’ ਦੇ ਨਾਹਰਿਆਂ ਨਾਲ ਭੋਲੇ ਸਿੱਖਾਂ ਨੂੰ ਐਜੀਟੇਸ਼ਨਾਂ ਦੀ ਅੱਗ ਵਿੱਚ ਝੋਕੀ ਰੱਖਿਆ। ਕੇਂਦ੍ਰ ਦੀ ਕਾਂਗ੍ਰਸੀ ਸਰਕਾਰ ਅਕਾਲੀ ਲੀਡਰਸ਼ਿਪ ਦੇ ਮਨਸੂਬਿਆਂ ਤੋਂ ਸੁਚੇਤ ਸੀ। ਕੇਂਦ੍ਰੀ ਮੰਤ੍ਰੀ ਗੁਲਜ਼ਾਰੀ ਲਾਲ ਨੰਦਾ, ਜੋ ਕਿ ਕੱਟੜ ਮੁਤੱਸਿਬੀ ਹਿੰਦੂ ਸੀ, ਆਪਣੇ ਕੱਟੜ ਸਾਥੀਆਂ ਨਾਲ ਬੋਲੀ ਦੇ ਆਧਾਰ ਤੇ ‘ਪੰਜਾਬੀ ਸੂਬਾ’ ਬਣਾ ਰਿਹਾ ਸੀ। ਪੰਜਾਬ ਦੇ ਹਿੰਦੂਆਂ, ਖ਼ਾਸ ਕਰਕੇ ਜਨਸੰਘੀਆਂ, ਨੇ ਹਿੰਦੀ ਨੂੰ ਆਪਣੀ ਮਾਤ-ਬੋਲੀ ਦੱਸਿਆ। ਪੰਜਾਬੀ ਹਿੰਦੂਆਂ ਦਾ ਮਾਂ-ਬੋਲੀ ਪੰਜਾਬੀ ਤੋਂ ਮੁਨਕਰ ਹੋਣਾ ਸੱਭ ਤੋਂ ਕੋਝਾ ਕੁਕਰਮ ਤੇ ਪਾਪ ਹੈ, ਪਰ, ਇਹ ਪਾਪ ਕਮਾਵਦਿਆਂ ਉਨ੍ਹਾਂ ਨੂੰ ਜ਼ਰਾ ਵੀ ਲਾਜ ਨਾਂ ਆਈ। ਕਈ ਪੰਜਾਬੀ ਹਿੰਦੂਆਂ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ, “ਜੇ ਪੰਜਾਬੀ ਕੇਵਲ ਸਿੱਖਾਂ ਦੀ ਹੀ ਜ਼ੁਬਾਨ ਹੈ ਤਾਂ ਫਿਰ ਓਹੀ ਸੰਘਰਸ਼ ਕਰਨ” ! ਇਹ ਵੀ ਇੱਕ ਕੌੜਾ ਸੱਚ ਹੈ ਕਿ ਪੰਜਾਬੀ ਦੇ ਅਖਾਉਤੀ ਖ਼ੈਰ-ਖ਼੍ਵਾਹ ਅਕਾਲੀਆਂ ਨੇ ਪੰਜਾਬੀ ਹਿੰਦੂਆਂ ਨੂੰ ਵਿਸ਼ਵਾਸ ਵਿੱਚ ਲੈ ਕੇ ਨਾਲ ਤੁਰਨ ਲਈ ਨਹੀਂ ਕਿਹਾ ਤੇ ਨਾਂ ਹੀ ਉਹ ਤੁਰੇ! ਪੰਜਾਬੀਆਂ ਦਾ ਇਹ ਪਾੜਾ, ਭਵਿਖ ਵਿੱਚ, ਪੰਜਾਬ, ਪੰਜਾਬੀਅਤ, ਪੰਜਾਬੀਆਂ, ਤੇ ਪੰਜਾਬੀ ਬੋਲੀ ਲਈ ਵਿਨਾਸ਼ਕ ਸਾਬਤ ਹੋਇਆ।

1966-67 ਵਿੱਚ ਪੰਜਾਬ ਦਾ, ਬੋਲੀ ਦੇ ਆਧਾਰ `ਤੇ, ਪੁਨਰ-ਸੰਗਠਨ (Re-organization) ਕਰ ਦਿੱਤਾ ਗਿਆ। ਅਕਾਲੀ ਲੀਡਰਸ਼ਿਪ ਹੇਠ ਸਿੱਖਾਂ ਦੇ ਦੋ ਦਹਾਕਿਆਂ ਦੇ ‘ਸੰਘਰਸ਼’ ਦੇ ਫਲਸ੍ਵਰੂਪ ‘ਪੰਜਾਬੀ ਸੂਬਾ’ ਮਿਲ ਗਿਆ! ! ਅਕਾਲੀ ਆਗੂ ਫ਼ਤਹਿ ਸਿੰਘ ਜਿਸ ਨੇ, ਕਹਿੰਦੇ ਹਨ, ਵਿਆਹ ਨਹੀਂ ਸੀ ਕਰਵਾਇਆ, ਨੇ ਇਸ ਮੌਕੇ `ਤੇ ‘ਖ਼ੁਸ਼ੀ’ ਪ੍ਰਗਟ ਕਰਦਿਆਂ ਬੜੇ ਫ਼ਖ਼ਰ ਨਾਲ ਕਿਹਾ, “ਮੇਰੇ ਘਰਿ ਬਹੁਤ ਸੁਹਣਾ-ਸੁਨੱਖਾ ਬਾਲ ਜੰਮਿਆ ਹੈ” ! ! ! ਪਰ, ਇਸ ‘ਬਾਲ’ ਦੇ ਤਾਂ ਨਕਸ਼ ਹੀ ਨਹੀਂ ਸਨ, ਤਾਂ ਫਿਰ ਉਹ ਸੁਨੱਖਾ ਕਿਵੇਂ ਹੋ ਗਿਆ? ? ਅਤਿ ਸੁਹਣੇ, ਸੁਹਾਵਨੇਂ ਤੇ ਖ਼ੁਸ਼ਹਾਲ ਪੰਜਾਬ ਨੂੰ ਤ੍ਰਿਫਾੜ (tri-furcate) ਕਰਕੇ ਹਿਮਾਚਲ, ਪੰਜਾਬ, ਤੇ ਹਰਿਆਨੇ ਵਿੱਚ ਵੰਡ ਦਿੱਤਾ ਗਿਆ। ਅੰਬਾਲਾ ਤੇ ਪਟਿਆਲਾ ਦੇ ਜ਼ਿਲਿਆਂ ਨੂੰ ਕੱਟ-ਵੱਢ ਕੇ, ਇਨ੍ਹਾਂ ਜ਼ਿਲਿਆਂ ਦਾ ਕਾਫ਼ੀ ਹਿੱਸਾ ਹਿਮਾਚਲ ਤੇ ਹਰਿਅਣੇ ਨਾਲ ਮਿਲਾ ਦਿੱਤਾ ਗਿਆ। ਕੁੱਝ ਸਿੱਖ ਰਿਆਸਤਾਂ (ਪਟਿਆਲਾ ਦਾ ਕਾਫ਼ੀ ਹਿੱਸਾ, ਜੀਂਦ, ਦਾਦਰੀ, ਲਾਡਵਾ, ਕੈਥਲ, ਸਢੌਰਾ, ਤੇ ਨਾਲਾਗੜ੍ਹ ਆਦਿ) ਵੀ ਪੰਜਾਬੋਂ ਬਾਹਰ ਰਹਿ ਗਈਆਂ। ਮੰਗਿਆ ਸੀ ‘ਪੰਜਾਬੀ ਸੂਬਾ’, ਪਰ, ਪੱਲੇ ਪਈ ਨਿੱਕੜੀ ਜਿਹੀ ਨਕਸ਼-ਹੀਣ ‘ਪੰਜਾਬੀ ਸੂਬੀ’! ! ! ‘ਪੁੱਟਿਆ ਪਹਾੜ ਤੇ ਨਿਕਲੀ ਚੂਹੀ ਤੇ ਉਹ ਵੀ ਅੱਧ-ਮਰੀ’! ! ! ਇਹ ਪੰਜਾਬੀ ਸੂਬੀ ਅਕਾਲੀ ਲੀਡਰਾਂ ਤੇ ਉਨ੍ਹਾਂ ਦੇ ਭੌਂਦੂ ਪਿਛਲੱਗਾਂ ਲਈ ‘ਸੱਪ ਦੇ ਸੰਘ ਵਿੱਚ ਕੋੜ੍ਹ ਕਿਰਲੀ’ ਦੇ ਸਮਾਨ ਸੀ; ਜੇ ਲੰਘਾਉਂਦੇ ਹਨ ਤਾਂ ਕਲੰਕੀ, ਤੇ ਜੇ ਉਗਲਦੇ ਹਨ ਤਾਂ ਕੋੜ੍ਹੀ। ਉਨ੍ਹਾਂ ਨੇ ਹਮੇਸ਼ਾ ਲਈ ਕਲੰਕੀ ਹੋਣਾ ਹੀ ਮਨਜ਼ੂਰ ਕਰ ਲਿਆ! ! !

ਨਵੀਂ ਤਰਾਸ਼ੀ ਗਈ ਪੰਜਾਬੀ ਸੂਬੀ ਵਿੱਚ ਸਿੱਖ ਥੋੜੀ ਜਿਹੀ, ਨਾਮ ਮਾਤ੍ਰ ਬਹੁ-ਗਿਣਤੀ (59-60%) ਵਿੱਚ ਤਾਂ ਹੋ ਗਏ, ਪਰ, ਉਨ੍ਹਾਂ ਦਾ ਸਿੱਖ ਰਾਜ ਦਾ ਸੁਪਨਾਂ ਹਮੇਸ਼ਾ ਲਈ ਖੇਰੂੰ ਖੇਰੂੰ ਹੋ ਗਿਆ। ਇਸ ਦੁਖਾਂਤ ਦਾ ਕਾਰਣ ਕੁਰਸੀਆਂ ਦੇ ਭੁੱਖੇ ਸਿੱਖ ਆਗੂਆਂ ਦੀ ਆਪਸੀ ਫੁੱਟ ਸੀ। ਪੰਜਾਬ ਦੀ ਸਿੱਖ ਜਨਤਾ ਕਈ ਤਰ੍ਹਾਂ ਨਾਲ ਵੰਡੀ ਹੋਈ ਸੀ: ਕਾਂਗ੍ਰਸੀ ਸਿੱਖ, ਕੌਮਿਯੂਨਿਸਟ ਸਿੱਖ, ਕਈ ਅਕਾਲੀ ਦਲਾਂ ਦੇ ਪਿਛਲੱਗ ਸਿੱਖ, ਜੱਟ ਸਿੱਖ, ਭਾਪੇ ਸਿੱਖ, ਮਜ਼੍ਹਬੀ ਸਿੱਖ, ਸੰਤਾਂ, ਮਹੰਤਾਂ, ਬਾਬਿਆਂ ਦੇ ਵਫ਼ਾਦਾਰ ਸਿੱਖ, ਡੇਰੇ-ਦਾਰਾਂ ਦੇ ਸ਼੍ਰਧਾਲੂ ਸਿੱਖ, ਨਿਰੰਕਾਰੀਏ, ਰਾਧਾ-ਸ੍ਵਾਮੀਏ, ਨਾਮ-ਧਾਰੀਏ, -----ਆਦਿ ਆਦਿ! ! ਕਿਸੇ ਵੀ ਧੜੇ ਨੇਂ, ਗੁਰਮੱਤਿ ਦੇ ਲੜ ਲੱਗਿ, ਇਨ੍ਹਾਂ ਪਾੜਿਆਂ ਨੂੰ ਪੂਰ ਕੇ ਪੰਥਕ ਏਕਤਾ, ਜੋ ਕਿ ਕਿਸੇ ਵੀ ਕੌਮ ਦੀ ਸ਼ਕਤੀ ਦਾ ਰਾਜ਼ ਹੈ, ਲਈ ਕੋਈ ਵੀ ਯਤਨ ਨਾਂ ਕੀਤਾ।

ਤਰਕਸ਼ੀਲ, ਸਿਆਣੇ ਤੇ ਨਿਰਪੱਖ ਪੰਜਾਬੀਆਂ (ਹਿੰਦੂ, ਸਿੱਖ, ਮੁਸਲਮਾਨ, ਅਤੇ ਈਸਾਈ ਆਦਿ ਸਾਰੇ) ਦੇ ਕਹਿਣ ਅਨੁਸਾਰ ਅਕਾਲੀ ਆਗੂਆਂ ਦੀ ਪੰਜਾਬੀ ਸੂਬੇ ਦੀ ਮੰਗ ਨਾਜਾਇਜ਼, ਨਿਰਮੂਲ, ਤੇ ਤਰਕ-ਰਹਿਤ ਸੀ, ਇਸ ਲਈ ਬਹੁਤ ਵੱਡੀ ਤੇ ਬੱਜਰ ਭੁੱਲ ਸੀ। ਉਨ੍ਹਾਂ ਦੀ ਮੰਗ, 1947 ਦੀ ਵੰਡ ਕਾਰਣ ਬਣੇ ਸਾਰੇ ਪੂਰਬੀ ਪੰਜਾਬ (ਹਰਿਆਣਾ, ਹਿਮਾਚਲ ਪ੍ਰਦੇਸ ਸਮੇਤ) ਵਿੱਚ ਪੰਜਾਬੀ ਬੋਲੀ ਨੁੰ ਲਾਗੂ ਕਰਵਾਉਣ ਦੀ ਹੋਣੀ ਚਾਹੀਦੀ ਸੀ, ਨਾਂ ਕਿ ਬੋਲੀ ਦੇ ਆਧਾਰ `ਤੇ ਸੁਹਣੇ ਪੰਜਾਬ ਨੂੰ ਝਟਕਾਉਣ ਦੀ! ! ਪਰੰਤੂ, ਅਕਾਲੀਆਂ ਦਾ ਪੰਜਾਬੀ ਬੋਲੀ ਨਾਲ ਤਾਂ ਕੋਈ ਸਰੋਕਾਰ ਹੀ ਨਹੀਂ ਸੀ! ! ! ਬੋਲੀ ਦਾ ਮਸਲਾ ਤਾਂ ਉਨ੍ਹਾਂ ਨੇਂ ਗੱਦੀ ਹਥਿਆਉਣ ਲਈ ਖੜਾ ਕੀਤਾ ਸੀ। ਜਿਸ ਗੱਦੀ ਦੀ ਖ਼ਾਤਿਰ ਅਕਾਲੀਆਂ ਨੇਂ ਪੰਜਾਬੀਆਂ ਦੀ ‘ਮਾਂ’ (-ਬੋਲੀ) ਨੂੰ ਅਪਣੇ ਅਤੇ ਹੋਰਾਂ ਦੇ ਪੈਰਾਂ ਹੇਠ ਰੋਲਿਆ, ਉਹ ਗੱਦੀ ਵੀ ਉਨ੍ਹਾਂ ਨੂੰ ਨਸੀਬ ਨਾਂ ਹੋ ਸਕੀ! !

ਸਾਰੰਸ਼, ‘ਪੰਜਾਬੀ ਸੂਬੇਦਾ ਸੁਪਨਾ ਨਿਰਮੂਲ ਕਲਪਨਾ ਤੇ ਯੁਟੋਪੀਆ (Chimera, Utopia) ਸਾਬਤ ਹੋਇਆ!

‘ਪੰਜਾਬੀ ਸੂਬੀ’ ਮਿਲੀ ਨੂੰ ਲਗ ਪਗ 43 ਵਰ੍ਹੇ ਹੋ ਗਏ ਹਨ। ਇਸ ਸਮੇ ਦੌਰਾਨ ਕਈ ਵਾਰ ਅਕਾਲੀ ਸਰਕਾਰਾਂ ਬਣੀਆਂ ਤੇ ਢੱਠੀਆਂ। ਕਾਂਗ੍ਰਸੀ ਮੁੱਖ-ਮੰਤ੍ਰੀ ਵੀ (ਗੋਪੀ ਚੰਦ ਭਾਰਗਵਾ, ਭੀਮ ਸੈਨ ਸੱਚਰ ਤੇ ਚੌਧਰੀ ਰਾਮ ਕ੍ਰਿਸ਼ਨ ਨੂੰ ਛੱਡ ਕੇ) ਸਾਰੇ ਦੇ ਸਾਰੇ ਸਿੱਖ ਹੀ ਸਨ/ਹਨ। ਪਰ, ਇਹ ‘ਪੰਥ-ਦਰਦੀ’ ਸਿੱਖ ਸਰਕਾਰਾਂ, ਅੱਜ ਤੱਕ, ਨਿੱਕੜੀ ਜਿਹੀ ਪੰਜਾਬੀ ਸੂਬੀ ਵਿੱਚ ਪੰਜਾਬੀ ਬੋਲੀ ਨੂੰ ਲਾਗੂ ਨਹੀਂ ਕਰ ਸਕੀਆਂ! ! ! ਸਰਕਾਰੀ ਕੰਮ ਅਜੇ ਵੀ ਜ਼ਿਆਦਾ ਕਰਕੇ ਅੰਗ੍ਰੇਜ਼ੀ ਵਿੱਚ ਹੀ ਹੁੰਦਾ ਹੈ, ਅਤੇ ਸਕੂਲਾਂ ਕਾਲਜਾਂ ਵਿੱਚ ਵੀ ਮਾਂ-ਬੋਲੀ ਪੰਜਾਬੀ ਰੁਲੀ ਪਈ ਹੈ। ਅਕਾਲੀਆਂ ਦੇ ਆਪਣੇ ਰਾਜ ਵਿੱਚ ਪੰਜਾਬੀ ਨੂੰ ਪੂਰੀ ਤਰ੍ਹਾਂ ਸਰਕਾਰੀ ਬੋਲੀ ਬਣਾਉਣ ਲਈ ਉਨ੍ਹਾਂ ਵੱਲੋਂ ਅਜੇ ਵੀ ਖੋਖਲੀ ਤੇ ਦੰਭੀ ਬਿਆਨ-ਬਾਜ਼ੀ ਜਾਰੀ ਹੈ! ! ! ! ‘ਪੰਜਾਬੀ-ਸੂਬੇ’ ਦੀ ਪ੍ਰਾਪਤੀ ਲਈ ਕੀਤੇ 20 ਸਾਲਾ ਅੰਦੋਲਨ ਰਾਹੀਂ ਅਕਾਲੀਆਂ ਅਤੇ ਉਨ੍ਹਾਂ ਦੇ ਝੋਲੀ-ਚੁੱਕਾਂ ਤੇ ਸਾਧਾਰਨ ਸਿੱਖ ਜਨਤਾ ਨੇ ਕੀ ਪਾਇਆ? :-

1. ਪੰਜਾਬੀ-ਸੂਬੜੀ’, ਜਿਸ ਨੂੰ ‘ਪ੍ਰਾਪਤੀ’ ਦਾ ਨਾਮ ਦਿੰਦਿਆਂ ਵੀ ਸ਼ਰਮ ਆਉਂਦੀ ਹੈ। ਨਹਿਰੂ ਅਤੇ ਜਿਨਹਾ ਦੀ ਕੁਰਸੀ ਦੀ ਭੁੱਖ ਕਾਰਣ ਅਤਿ ਸੋਹਣੇ ਪ੍ਰਾਂਤ ਪੰਜਾਬ ਨੂੰ ਦੋ ਟੁੱਕੜਿਆਂ ਵਿੱਚ ਕਤਲ ਕਰ ਦਿੱਤਾ ਗਿਆ ਸੀ। 60% ਪੰਜਾਬ (ਰਾਵੀ ਚਨਾਬ, ਤੇ ਜਿਹਲਮ) ਨੂੰ ਪਾਕਿਸਤਾਨੀ ਅਥਵਾ ਪੱਛਮੀ ਪੰਜਾਬ ਬਣਾ ਦਿੱਤਾ ਗਿਆ; ਅਤੇ 40% (ਸਤੁਲਿਜ ਤੇ ਬਿਆਸ) ਭਾਰਤੀ ਅਥਵਾ ਪੂਰਬੀ ਪੰਜਾਬ ਬਣ ਗਿਆ। ਇਨ੍ਹਾਂ ਦੋਨਾਂ ਖਿੱਤਿਆਂ ਨੂੰ ਪੰਜਾਬ ਕਹਿਣਾ ਗ਼ਲਤ ਹੈ; ਤ੍ਰੈ-ਆਬ ਤੇ ਦੋ-ਆਬ ਸਹੀ ਤੇ ਢੁੱਕਵਾਂ ਹੈ। 1947 ਤੋਂ ਬਾਅਦ ਸਿੱਖ ਹਿੰਦੂ ਨੇਤਾਵਾਂ ਦੀ ਗੱਦੀ ਦੀ ਤੜਪ ਸਦਕਾ ਪੂਰਬੀ ਪੰਜਾਬ (ਦੋ-ਆਬ) ਨੂੰ ਇੱਕ ਵਾਰ ਫਿਰ ਕਤਲ ਕਰਕੇ ਇਸ ਦੇ ਤਿੰਨ ਟੁੱਕੜੇ (ਹਿਮਾਚਲ, ਪੰਜਾਬ (ਨਾਮ-ਮਾਤ੍ਰ) ਤੇ ਹਰਿਆਨਾ) ਕਰ ਦਿੱਤੇ ਗਏ। ਇਸ ਤਿੰਨ-ਫਾੜੀ ਵੰਡ ਕਾਰਣ ‘ਪੰਜਾਬੀ ਸੂਬਾ’ ਜੱਦੀ ਵਿਸ਼ਾਲ ਪੰਜਾਬ ਦਾ ਕੇਵਲ 14-15% ਹੀ ਰਹਿ ਗਿਆ! ! ! ! ਰਾਵੀ, ਸਤੁਲਿਜ ਤੇ ਬਿਆਸ ਦੇ ਪਾਣੀਆਂ ਨੂੰ ਬੰਨ੍ਹ ਕੇ ਦੂਜਿਆਂ ਪ੍ਰਾਂਤਾਂ (ਰਾਜਸਥਾਨ, ਹਰਿਆਨਾ ਆਦਿ) ਵੱਲ ਧੱਕ ਦਿੱਤਾ। ਇਸ ‘ਮਹਾਨ ਪ੍ਰਾਪਤੀ’ ਦਾ ਸੁੰਦਰ ਸਿਹਰਾ ਅਕਾਲੀ ਲੀਡਰਸ਼ਿਪ ਦਾ ਰਾਖਵਾਂ ਹੈ! ਭਾਰਤੀ ਸਰਕਾਰ ਦੀ ਕੁਟਿਲ ਨੀਤੀ ਵੀ ਸਾਫ਼ ਦਿਖਾਈ ਦਿੰਦੀ ਹੈ।

ਕੀ ਗਵਾਇਆ? :

1. ਪੰਜਾਬ ਦੇ ਸੁਹਣੇ ਤੇ ਅਣਮੋਲ ‘ਮੁਕਟ’ ਨੂੰ ਇਸ ਦੇ ਸਿਰੋਂ ਲਾਹ ਕੇ ‘ਹਿਮਾਚਲ ਪ੍ਰਦੇਸ’ ਦਾ ਨਾਮ ਦੇ ਦਿੱਤਾ ਗਿਆ। ਸੋਲਨ, ਸ਼ਿਮਲਾ, ਕਾਂਗੜਾ, ਕੁੱਲੂ, ਮਨਾਲੀ, ਤੇ ਲਾਹੌਲ-ਸਪੀਤੀ ਆਦਿ ਦੇ ਸੁੰਦਰ ਪਹਾੜੀ ਇਲਾਕੇ (Hill-stations) ਪੰਜਾਬ ਵਿੱਚ ਨਾਂ ਰਹੇ। ਪੰਜਾਬ ਦੇ ਪਿੰਡੇ `ਤੇ ਸੱਭ ਤੋਂ ਵੱਡਾ ਤੇ ਦੁੱਖਦਾਈ ਘਾਓ ਭਾਖੜੇ ਦੇ ‘ਗੋਬਿੰਦ-ਸਾਗਰ’, ਇਸ ਦੇ ਪਾਣੀਆਂ ਤੇ ਪਾਵਰ-ਪਲਾਂਟਾਂ ਆਦਿ ਦੇ ਖੁਸ ਜਾਣ ਦਾ ਹੈ।

2. ਪੰਜਾਬ ਦੇ ਧੜ ਦਾ ਇੱਕ ਅਹਿਮ ਪਾਸਾ ਕੱਟ ਕੇ ਉਸ ਨੂੰ ‘ਹਰਿਆਨੇ’ ਦਾ ਨਾਂ ਦੇ ਦਿੱਤਾ ਗਿਆ।

3. ਮਾਂ (-ਬੋਲੀ) ਨੂੰ ਗੋੱਲੀ ਬਣਾ ਕੇ ਰੋਲ ਦਿੱਤਾ। ‘ਮਾਂ’, ਹਿਮਾਚਲ ਤੇ ਹਰਿਆਣੇ, ਅਤੇ ਪੰਜਾਬ ਵਿੱਚ ਵੀ ਦੂਜਿਆਂ ਦੇ ਰਹਿਮ `ਤੇ ਸਿਸਕੀਆਂ ਭਰ ਰਹੀ ਹੈ। ਪੰਜਾਬੀਆਂ ਦੀ ‘ਮਾਂ-ਬੋਲੀ’ ਪੰਜਾਬੀ ਨੂੰ ‘ਸਿੱਖ-ਬੋਲੀ’ ਬਣਾ ਕੇ ਅਕਾਲੀਆਂ ਨੇ ਪੰਜਾਬੀਆਂ ਦੀ ‘ਮਾਂ’ (-ਬੋਲੀ) ਦਾ ਗਲਾ ਆਪ ਘੁੱਟਿਆ!

4. ਗੁਰੂ ਨਾਨਕ ਦੇਵ ਜੀ ਅਤੇ ਹੋਰ ਮਹਾਂਪੁਰਖਾਂ ਨੇ ਮਨੁੱਖਤਾ ਨੂੰ ਸਹਿ-ਵਾਸ/ਸਹਿ-ਹੋਂਦ (Co-existence) ਦਾ ਜੋ ਮਾਨਵ-ਵਾਦੀ ਤੇ ਆਤਮਿਕ ਗੁਣ ਦਿੱਤਾ ਸੀ, ਉਸ ਨੂੰ ਬਖੀਲੀ ਤੇ ਹਸਦ ਦੀ ਅੱਗ ਵਿੱਚ ਸਾੜ ਕੇ ਸਵਾਹ ਕਰ ਦਿੱਤਾ। ਹਿੰਦੂ ਸਿੱਖ ਇੱਕ ਦੂਜੇ ਨੂੰ ਕੌੜੀ ਅੱਖੀਂ ਦੇਖਣ ਲੱਗ ਪਏ।

5. ਅਕਾਲੀ ਦਲ ਵਿੱਚ ਅੰਦਰੂਨੀ ਫੁੱਟ ਦਾ ਬੀਜ ਬੋਇਆ ਗਿਆ, ਜੋ ਪੁੰਗਰ ਕੇ ਸੰਸਾਰ ਨੂੰ ਜ਼ਾਹਿਰਾ ਦਿਖਾਈ ਦੇਣ ਲੱਗ ਪਿਆ ਸੀ। 1962 ਵਿੱਚ ਫ਼ਤਹਿ ਸਿੰਘ, ਮਾਸਟਰ ਤਾਰਾ ਸਿੰਘ ਨੂੰ ਪਛਾੜ ਕੇ ਅਕਾਲੀ ਦਲ ਦਾ ਲੀਡਰ ਬਣ ਬੈਠਾ। ਐਸ. ਜੀ. ਪੀ. ਸੀ. ਦੀਆਂ 1965 ਦੀਆਂ ਚੋਣਾ ਵਿੱਚ ਫ਼ਤਹਿ ਸਿੰਘ ਨੂੰ 90 ਸੀਟਾਂ ਮਿਲੀਆਂ ਤੇ ਮਾਸਟਰ ਤਾਰਾ ਸਿੰਘ ਧੜੇ ਨੂੰ 45 ਸੀਟਾਂ ਨਸੀਬ ਹੋਈਆਂ। ਇੱਸ ਆਪਸੀ ਫੁੱਟ ਕਾਰਣ ਵਿਰੋਧੀ ਧਿਰਾਂ ਤੇ ਕੇਂਦ੍ਰੀ ਸਰਕਾਰ ਖੁਸ਼ ਸਨ ਤੇ ਅਕਾਲੀਆਂ ਦੀ ਭੱਦੀ ਧੜੇਬਾਜ਼ੀ ਤੋਂ ਪੂਰਾ ਲਾਭ ਉਠਾ ਰਹੀਆਂ ਸਨ।

6. ਹਰਿਅਨਾਂ ਤੇ ਹਿਮਾਚਲ ਵਿੱਚ ਵੱਸਦੇ ਲੱਖਾਂ ਸਿੱਖਾਂ ਦਾ ਨਾਤਾ ਨਵੇਂ ਬਣੇ ਪੰਜਾਬ (ਪੰਜਾਬੀ ਸੂਬੀ) ਨਾਲੋਂ ਟੁੱਟ ਗਿਆ। ਉਹ ਭਵਿੱਖ ਵਿੱਚ ਹੋਣ ਵਾਲੇ ਅਕਾਲੀ ਅੰਦੋਲਨਾਂ ਵਿੱਚ ਸ਼ਰੀਕ ਹੋਣ ਤੋਂ ਅਸਮਰੱਥ ਹੋ ਗਏ। ਉਨ੍ਹਾਂ ਦਾ ਪੰਜਾਬ ਦੀ ਬਜਾਏ ਆਪਣੇ ਪ੍ਰਾਂਤ ਦਾ ਵਫ਼ਾਦਾਰ ਤੇ ਕ੍ਰਿਤੱਗ ਹੋਣਾ ਸੁਭਾਵਕ ਹੈ।

7. ਪੰਜਾਬ ਲਈ ਬਣੀ ਹਿੰਦੁਸਤਾਨ ਮੈਸ਼ੀਨ ਟੂਲਜ਼ (h. m. t.) ਪਿੰਜੌਰ, ਦੀ ਪ੍ਰਸਿੱਧ ਫ਼ੈਕਟਰੀ ਹਰਿਆਨੇ ਵਿੱਚ ਚਲੀ ਗਈ; ਸੋਲਨ ਦੀ ਸ਼ਰਾਬ ਫ਼ੈਕਟਰੀ (Mohan Mekins Brewery) ਹਿਮਾਚਲ ਨੂੰ ਪ੍ਰਾਪਤ ਹੋਈ। ਇਸ ਤੋਂ ਬਿਨਾਂ, ਵਿਕਾਸ-ਸੰਭਾਵਨਾਂ ਦੇ ਇਲਾਕੇ (Areas of high potential growth), ਫ਼ਰੀਦਾਬਾਦ, ਸੋਨੀਪਤ, ਪਾਨੀਪਤ, ਨੀਲੋ-ਖੇੜੀ, ਤੇ ਬੱਦੀ ਆਦਿ ਵੀ ਹਰਿਆਣੇ ਤੇ ਹਿਮਾਚਲ ਵਿੱਚ ਰਹਿ ਗਏ।

8. ਪੰਜਾਬ ਦੀ ਸੀਮਾ ਰਾਸ਼ਟ੍ਰੀਯ ਰਾਜਧਾਨੀ ਦਿੱਲੀ ਨਾਲ ਲੱਗਦੀ ਸੀ; ਜਿਸ ਕਾਰਣ ਦਿੱਲੀ ਤੇ ਦਿੱਲੀ-ਵਾਸੀਆਂ ਦੀਆਂ ਲੋੜਾਂ ਵਧੇਰੇ ਕਰਕੇ ਪੰਜਾਬ ਹੀ ਪੂਰੀਆਂ ਕਰਦਾ ਸੀ। ਕੇਂਦ੍ਰੀ ਰਾਜਧਾਨੀ ਨਾਲ ਸਿੱਧਾ ਸੰਬੰਧ ਹੋਣ ਕਾਰਣ ਦਿੱਲੀ ਵਿੱਚ ਪੰਜਾਬੀਆਂ ਦਾ ਬੋਲ-ਬਾਲਾ ਸੀ। ਪਰੰਤੂ, ਪੰਜਾਬੀ ਸੂਬੜੀ ਦਾ ਰਾਜਧਾਨੀ ਨਾਲੋਂ ਸਿੱਧਾ ਨਾਤਾ ਟੁੱਟ ਜਾਣ ਕਾਰਣ ਨਿੱਕੜੇ ਪੰਜਾਬ ਤੇ ਪੰਜਾਬੀਆਂ ਨੂੰ ਇਸ ਪੱਖੋਂ ਕਾਰੀ ਤੇ ਸਦੀਵੀ ਸੱਟ ਵੱਜੀ।

9. ਪੰਜਾਬੀਆਂ ਦੇ ਸਾਂਝੇ ਪੁਰਾਣੇ ਪਿਆਰੇ ਪੰਜਾਬ ਨੂੰ ਲਾਡ, ਪਿਆਰ ਤੇ ਫ਼ਖ਼ਰ ਨਾਲ ‘ਭਾਰਤ ਦਾ ਅੰਨ-ਭੜੋਲਾ’ (The Granary of India) ਜਾਂ ‘ਭਾਰਤ ਦਾ ਅੰਨ-ਪ੍ਰਦਾਤਾ’ (The Bread-basket of India) ਕਿਹਾ ਜਾਂਦਾ ਸੀ; ਪ੍ਰੰਤੂ, ਤ੍ਰੈ-ਫ਼ਾੜੀ ਵੰਡ ਤੋਂ ਬਾਅਦ ਇਹ ਸ਼ਾਨ-ਸ਼ੋਭਾ ਵੀ ਜਾਂਦੀ ਰਹੀ। ---------

ਇੱਥੇ ਕੁੱਝ ਇੱਕ ਹੋਰ ਅਹਿਮ ਸੱਚਾਈਆਂ ਦਾ ਵਰਨਣ ਵੀ ਜ਼ਰੂਰੀ ਹੈ। 1956 ਤੱਕ ਅਕਾਲੀਆਂ ਅਤੇ ਕਾਂਗ੍ਰਸ ਦੀ ਸਾਂਝ ਸੀ। ਇੱਥੋਂ ਤੱਕ ਕਿ ਅਕਾਲੀ ਪਾਰਟੀ ਕਾਂਗ੍ਰਸ ਵਿੱਚ ਵੀ ਮਿਲ ਗਈ ਸੀ। ਇਹੀ ਕਾਰਣ ਹੈ ਕਿ, (ਸਮੇ ਦੀਆਂ ਖ਼ਬਰਾਂ ਅਨੁਸਾਰ) ਮਾਸਟਰ ਤਾਰਾ ਸਿੰਘ ਤੇ ਅਕਾਲੀ ਦਲ ਦੇ ਸਮਰਥਨ ਨਾਲ, ਕਈ ਪੜ੍ਹੇ-ਲਿਖੇ ਯੋਗ ਅਕਾਲੀ ਸਿੱਖ ਕੇਂਦ੍ਰੀ ਸਰਕਾਰ ਵਿੱਚ ਸਤਿਕਾਰ-ਯੋਗ ਪੋਜ਼ੀਸ਼ਨਾਂ `ਤੇ ਪਹੁੰਚ ਗਏ। ਇਨਾਂ ਪੜ੍ਹੇ ਲਿਖੇ ਸਿੱਖਾਂ ਨੇ ਸਿੱਖ ਕੌਮ ਦਾ ਨਾਮ ਸੰਸਾਰ ਦੇ ਕੋਨੇ ਕੋਨੇ ਵਿੱਚ ਰੌਸ਼ਨ ਕੀਤਾ। ਇਨ੍ਹਾਂ ਵਿੱਚੋਂ ਬਲਦੇਵ ਸਿੰਘ (ਕੇਂਦ੍ਰੀ ਮੰਤ੍ਰੀ), ਹੁਕਮ ਸਿੰਘ (ਸਪੀਕਰ ਲੋਕ-ਸਭਾ), ਸਵਰਨ ਸਿੰਘ (ਕੇਂਦ੍ਰੀ ਮੰਤ੍ਰੀ), ਤੇ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ (ਸਫ਼ਲ ਤੇ ਸਤਿਕਾਰਿਤ ਸਾਹਿਤਕਾਰ ਤੇ ਸਿਆਸਤ-ਦਾਨ) ਆਦਿ ਦੇ ਨਾਮ ਵਿਸ਼ੇਸ਼ ਤੌਰ ਤੇ ਵਰਣਨ-ਯੋਗ ਹਨ। ਸਾਂਝੇ ਪੰਜਾਬ ਦੀ ਕਾਂਗ੍ਰਸੀ ਸਰਕਾਰ ਵਿੱਚ ਵੀ ਬੋਲ-ਬਾਲਾ ਪ੍ਰਤਾਪ ਸਿੰਘ ਕੈਰੋਂ ਤੇ ਗਿਆਨੀ ਕਰਤਾਰ ਸਿੰਘ ਆਦਿ ਸਿੱਖਾਂ ਦਾ ਹੀ ਸੀ। ਇਸ ਤੋਂ ਬਿਨਾਂ ਭਾਰਤੀ ਸੈਨਾ ਵਿੱਚ ਜੋ ਸਤਿਕਾਰ ਤੇ ਮਾਨ ਕਈ ਸਿੱਖਾਂ (ਲੈਫ਼ਟੀਨੈਂਟ ਜੈਨਰਲ ਅਰੋੜਾ, ਮੇਜਰ ਜੈਨਰਲ ਸ਼ਾਹਬੇਗ ਸਿੰਘ, ਚੀਫ਼ ਏਅਰ-ਮਾਰਸ਼ਲ ਅਰਜਨ ਸਿੰਘ----ਅਤੇ ਸੈਂਕੜੇ-ਹਜ਼ਾਰਾਂ ਹੋਰਾਂ) ਨੇ ਕੌਮ ਤੇ ਦੇਸ ਲਈ ਖੱਟਿਆ ਉਸ ਨੂੰ ਵੀ ਪਰੋਖੇ ਨਹੀਂ ਕੀਤਾ ਜਾ ਸਕਦਾ। ਸਾਰੇ ਭਾਰਤ ਦੇ ਵਾਪਾਰਕ, ਸਾਮਾਜਿਕ ਤੇ ਸੱਭਿਆਚਾਰਕ ਖੇਤ੍ਰਾਂ ਵਿੱਚ ਵੀ ਸਿੱਖਾਂ ਦੀ ਦੇਣ ਅਦੁੱਤੀ ਹੈ। ਪਰ, ਦੁੱਖ ਦੀ ਗੱਲ ਹੈ ਕਿ ਅਕਾਲੀ ਲੀਡਰ, ਕੁਰਸੀ ਨਾਂ ਮਿਲਣ `ਤੇ, ਇਨ੍ਹਾਂ ਯੋਗ ਹਸਤੀਆਂ ਨੂੰ ਕਾਂਗ੍ਰਸ ਸਰਕਾਰ ਦੇ ਪਿੱਠੂ ਕਹਿ ਕੇ ਭੰਡਣ ਲੱਗ ਗਏ। ਫਲਸ੍ਵਰੂਪ, ਬਹੁਤ ਸਾਰੇ ਬੁੱਧਿ-ਜੀਵੀ ਸਿੱਖ ਸਿਆਸਤਦਾਨ ਅਕਾਲੀਆਂ ਵੱਲ ਪਿੱਠ ਕਰਕੇ ਕਾਂਗ੍ਰਸ ਵਿੱਚ ਮਿਲਦੇ ਗਏ। ਇਸੇ ਤਰ੍ਹਾਂ, ਪੰਜਾਬ ਦੇ ਪੜ੍ਹੇ ਲਿਖੇ ਤਬਕੇ ਵਿੱਚ ਵੀ ਅਕਾਲੀਆਂ ਪ੍ਰਤਿ ਅਵਿਸ਼ਵਾਸ ਦੀ ਭਾਵਨਾ ਪੈਦਾ ਹੋ ਗਈ ਸੀ।

ਪੰਜਾਬ ਦੀ ਸਿੱਖ ਜਨਤਾ, ਮੁੱਖ ਰੂਪ ਵਿੱਚ, ਦੋ ਹਿੱਸਿਆਂ ਵਿੱਚ ਵੰਡੀ ਗਈ: ਕਾਂਗ੍ਰਸੀ ਲੀਡਰਾਂ ਦੇ ਵਫ਼ਾਦਾਰ ਸਿੱਖ (ਇਨ੍ਹਾਂ ਵਿੱਚ ਬਹੁ-ਗਿਣਤੀ ਸ਼ਹਿਰੀਆਂ ਤੇ ਪੜ੍ਹੇ-ਲਿਖਿਆਂ ਦੀ ਸੀ), ਅਤੇ ਅਕਾਲੀਆਂ ਦੇ ਵਫ਼ਾਦਾਰ ਸਿੱਖ ਜੋ ਕਿ ਵਧੇਰੇ ਕਰਕੇ ਪੇਂਡੂ (ਪੜ੍ਹਾਈ ਵਿੱਚ ਪੱਛੜੇ ਹੋਏ ਤੇ ਸਿੱਧੜ) ਲੋਕ ਸਨ। ਕਾਂਗ੍ਰਸੀ ਸਿੱਖ ਲੀਡਰਾਂ ਤੇ ਕਾਂਗ੍ਰਸੀ ਸਿੱਖਾਂ ਦਾ ਕਹਿਣਾ ਸੀ ਕਿ ਮਾਸਟਰ ਤਾਰਾ ਸਿੰਘ ਤੋਂ ਬਾਅਦ ਬਹੁਤੇ ਅਕਾਲੀ ਆਗੂ (ਫ਼ਤਹਿ ਸਿੰਘ, ਚਨਣ ਸਿੰਘ, ਹਰਚੰਦ ਸਿੰਘ ਲੌਂਗੋਵਾਲ, ਜਗਦੇਵ ਸਿੰਘ ਤਲਵੰਡੀ ਆਦਿ) ਅਨਪੜ੍ਹ, ਅਗਿਆਨ, ਮੋਟੀ-ਬੁੱਧਿ, ਚੌਧਰ ਦੇ ਭੁੱਖੇ ਸੁਆਰਥੀ ਸਨ। ਇਸ ਲਈ ਉਨ੍ਹਾਂ ਤੋਂ ਦੂਰੀ ਹੀ ਠੀਕ ਸੀ।

ਅਕਾਲੀ ਲੀਡਰਾਂ ਦੀ ‘ਪੰਜਾਬੀ ਸੂਬੇ’ ਦੀ ਮੰਗ ਅਤੇ ਇਸ ਮੰਗ ਦੀ ਪ੍ਰਾਪਤੀ ਲਈ ਕੀਤੇ ਅਸਫ਼ਲ ‘ਜੱਹਾਦ’ ਨੇ ਪੰਜਾਬ ਤੇ ਪੰਜਾਬੀਆਂ, ਵਿਸ਼ੇਸ਼ ਕਰਕੇ ਸਿੱਖਾਂ, ਦਾ ਜੋ ਨੁਕਸਾਨ ਕੀਤਾ, ਉਸ ਤੋਂ ਸਬਕ ਲੈਣ ਦੀ ਬਜਾਏ ਉਹ (ਅਕਾਲੀ ਲੀਡਰ), ਸਰਲ-ਚਿਤ ਸਿੱਖ ਜਨਤਾ ਸਮੇਤ, ਉਸੇ ਅਨ੍ਹੇਂ ਰਾਹ `ਤੇ ਹੀ ਤੁਰੀ ਗਏ ਜਿਸ `ਤੇ ਤੁਰਨ ਕਾਰਣ ਪੰਜਾਬ ਪਹਿਲਾਂ ਹੀ ਪਿੰਗਲਾ ਹੋ ਚੁਕਿਆ ਸੀ। -----------

ਗੁਰਇੰਦਰ ਸਿੰਘ ਪਾਲ




.