.

ਅੱਖੀਂ ਡਿੱਠਾ ਕੰਨੀ ਸੁਣਿਆਂ ਛੇ ਦਹਾਕਿਆਂ ਦਾ ਕੌੜਾ ਸੱਚ

(ਕਿਸ਼ਤ ਦੂਜੀ)

ਦੇਸ ਦੀ ਵੰਡ ਤੋਂ ਬਾਅਦ ਦੇ ਭਾਰਤੀ ਪੰਜਾਬ ਦੀ ਹੱਦ ਪਠਾਨਕੋਟ ਤੋਂ ਦਿੱਲੀ/ਗੁੜਗਾਵਾਂ ਤੱਕ, ਅਤੇ ਲਾਹੋਲ ਸਪੀਤੀ ਤੋਂ ਰਾਜਸਥਾਨ ਤੱਕ ਸੀ। ਅਣ-ਵੰਡੇ ਵਿਸ਼ਾਲ ਪੰਜਾਬ ਦੀ ਰਾਜਧਾਨੀ ਲਾਹੌਰ ਸੀ; ਜਿਸ ਦੇ ਪਾਕਿਸਤਾਨ ਵਿੱਚ ਰਹਿ ਜਾਣ ਕਾਰਣ ਭਾਰਤ ਦੇ ਪੂਰਬੀ ਪੰਜਾਬ ਲਈ ਨਵੀਂ ਰਾਜਧਾਨੀ ਦੇ ਨਿਰਮਾਣ ਦੀ ਸਖ਼ਤ ਤੇ ਤੁਰੰਤ ਲੋੜ ਸੀ। ਰਾਜਧਾਨੀ ਦਾ ਪੰਜਾਬ ਦੇ ਕੇਂਦ੍ਰੀ ਸਥਾਨ `ਤੇ ਹੋਣਾ ਸੁਭਾਵਕ ਤੇ ਜ਼ਰੂਰੀ ਸੀ। ਸੋ, ਸਮੇ ਦੀ ਕੇਂਦ੍ਰੀ ਤੇ ਪ੍ਰਾਂਤਕ ਸਰਕਾਰ ਨੇ ਇਸ ਲੋੜ ਨੂੰ ਧਿਆਨ ਵਿੱਚ ਰੱਖਦਿਆਂ 50ਵਿਆਂ ਵਿੱਚ ‘ਸੋਹਣੇ ਸ਼ਹਿਰ’ ਚੰਡੀਗੜ੍ਹ (Chandigarh: The City Beautiful!) ਦਾ ਨਿਰਮਾਣ ਆਰੰਭਿਆ। ਚੰਡੀਗੜ੍ਹ ਨੂੰ ਭਾਰਤ ਦਾ ਪਹਿਲਾ ਵਿਉਂਤ-ਬੱਧ ਸ਼ਹਿਰ (Planned City) ਹੋਣ ਦਾ ਮਾਨ ਪ੍ਰਾਪਤ ਹੈ। ਵਿਧਾਨ-ਸਭਾ, ਸਕੱਤਰੇਤ, ਹਾਈਕੋਰਟ, ਪੀ: ਜੀ: ਆਈ: , ਪੰਜਾਬ ਯੂਨੀਵਰਸਿਟੀ ਤੇ ਹੋਰ ਵਿੱਦਿਯਾਲਿਆਂ ਆਦਿ ਮਹੱਤਵਪੂਰਨ ਇਮਾਰਤਾਂ, ਮਾਰਕੀਟਾਂ, ਤੇ ਸੋਹਣੇ ਸੋਹਣੇ ਘਰਾਂ/ਕੋਠੀਆਂ ਤੇ ਸਰਕਾਰੀ ਕੁਆਰਟਰਾਂ ਆਦਿ ਦੀ ਉਸਾਰੀ ਹੋ ਜਾਣ ਉਪਰੰਤ, 60ਵਿਆਂ ਵਿੱਚ, ਚੰਡੀਗੜ੍ਹ ਕੇਵਲ ਪੰਜਾਬ ਦਾ ਹੀ ਨਹੀਂ ਸਗੋਂ ਸਾਰੇ ਭਾਰਤ ਦਾ ਗੌਰਵ ਬਣ ਗਿਆ। ਹਿਮਾਚਲ ਨੇ ਸਿਮਲੇ ਨੂੰ ਰਾਜਧਾਨੀ ਬਣਾ ਲਿਆ। ਪਰ, ਚੰਡੀਗੜ੍ਹ, ਪੰਜਾਬ ਦੀ ਵੰਡ ਕਾਰਣ, ਪੰਜਾਬੀ-ਸੂਬੀ ਅਤੇ ਹਰਿਆਨੇ ਵਿਚਾਲੇ ਦ੍ਵੈਸ਼ ਦਾ ਕਾਰਣ ਬਣ ਗਿਆ। ਚੰਡੀਗੜ੍ਹ ਪੰਜਾਬ ਲਈ ਬਣਾਇਆ ਗਿਆ ਸੀ, ਇਸ ਲਈ ਚੰਡੀਗੜ੍ਹ ਉੱਤੇ ਪੰਜਾਬ ਦਾ ਹੀ ਹੱਕ ਬਣਦਾ ਸੀ। ਪ੍ਰੰਤੂ, ਕੇਂਦ੍ਰ ਦੀ ਕਾਂਗ੍ਰਸੀ ਸਰਕਾਰ, ਸ਼ਟੱਲੀ ਬਾਂਦਰ ਦੀ ਤਰ੍ਹਾਂ, ਚੰਡੀਗੜ੍ਹ `ਤੇ ਕਾਬਜ਼ ਹੋ ਗਈ ਅਤੇ ਪੰਜਾਬ ਤੇ ਹਰਿਆਣਾ ਰੂਪੀ ਦੋਵੇਂ ਬਿੱਲੀਆਂ ਝਗੜਦੀਆਂ/ਝਾਕਦੀਆਂ ਰਹਿ ਗਈਆਂ।

ਦੂਸਰਾ, ਭਾਖੜਾ ਬੰਧ, ਇਸ ਨਾਲ ਬਣੇ ਗੋਬਿੰਦ ਸਾਗਰ ਤੇ ਇਸ ਤੋਂ ਹੋਣ ਵਾਲੇ ਲਾਭਾਂ (ਬਿਜਲੀ, ਸਿੰਚਾਈ ਆਦਿ) ਦੀ ਵੰਡ ਦਾ ਮਸਲਾ ਜੰਮ ਪਿਆ। ਦਰਿਆਵਾਂ, ਵਿਸ਼ੇਸ਼ ਕਰਕੇ, ਰਾਵੀ, ਬਿਆਸ ਤੇ ਸਤਲੁਜ, ਦੇ ਪਾਣੀਆਂ ਦੀ ਅਧਿਕਾਰਤਾ ਦਾ ਟੰਟਾ ਵੀ ਖੜਾ ਹੋ ਗਿਆ। ਦੇਸ ਦੀ ਸ਼ਾਂਤੀ ਤੇ ਏਕਤਾ ਨੂੰ ਬਰਕਰਾਰ ਰੱਖਣ ਦੇ ਬਹਾਨੇ, ਕੇਂਦ੍ਰ ਦੀ ਕਾਂਗ੍ਰਸੀ ਸਰਕਾਰ ਨੇ ਚੁਸਤ ਚਕਮੇਬਾਜ਼ ਮਦਾਰੀ ਦੀ ਤਰ੍ਹਾਂ ਇਨ੍ਹਾਂ ਸੱਭ `ਤੇ ਆਪਣਾ ਅਧਿਕਾਰ ਜਮਾ ਲਿਆ; ਅਤੇ, ਆਪਣੀ ਸੁਆਰਥੀ ਸਿਆਸੀ ਲੋੜ ਅਨੁਸਾਰ, ਅੱਜ ਤੱਕ, ਇਸ ਅਧਿਕਾਰ ਦਾ ਜਾਇਜ਼ ਨਾਜਾਇਜ਼ ਫ਼ਾਇਦਾ ਉਠਾ ਰਹੀ ਹੈ।

ਉਪਰੋਕਤ ਮਸਲੇ ਸ਼ਿਰੋਮਣੀ ਅਕਾਲੀ ਦਲ ਵਾਸਤੇ ਬੜੀ ਵੱਡੀ ਚੁਣੌਤੀ ਸੀ। ਪੰਜਾਬੀ ਸੂਬੇ ਲਈ ਕੀਤੇ ਵੀਹ ਸਾਲਾ (1947-1967) ਸੰਘਰਸ਼ ਵਿੱਚ ਅਕਾਲੀ ਬੁਰੀ ਤਰ੍ਹਾਂ ਫ਼ੇਲ ਹੋਏ। ਇਸ ਨਮੋਸ਼ੀ-ਭਰੀ ਅਸਫ਼ਲਤਾ ਉੱਤੇ ਮੱਕਾਰੀ ਦਾ ਪਰਦਾ ਪਾਉਣ ਲਈ ਉਨ੍ਹਾਂ ਨੇ ਚੰਡੀਗੜ੍ਹ ਪੰਜਾਬ ਨੂੰ ਦਿਵਾਉਣ ਅਤੇ ਉੱਪਰ ਵਿਚਾਰੀਆਂ ਬਾਕੀ ਮੰਗਾਂ ਨੂੰ ਮੁੱਖ ਰੱਖਦਿਆਂ ਇੱਕ ਹੋਰ ਅੰਦੋਲਨ ਆਰੰਭ ਦਿੱਤਾ। ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਨਾਲ ਖੇਡਣ ਲਈ ਅਕਾਲੀ ਦਲ ਨੂੰ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ (ਚਨਣ ਸਿੰਘ ਆਦਿ) ਦਾ ਪੂਰਾ ਸਹਿਯੋਗ ਪ੍ਰਾਪਤ ਸੀ। ਇਸ ਅੰਦੋਲਨ ਸਮੇ ਅਕਾਲੀਆਂ/ਸਿੱਖਾਂ ਦਾ ਸਰਬਰਾਹ ਫ਼ਤਹਿ ਸਿੰਘ ਸੀ।

ਚੰਡੀਗੜ੍ਹ, ਨਵੀਂ ਬਣੀ, ਪੰਜਾਬੀ-ਸੂਬੜੀ ਦੇ ਇੱਕ ਸਿਰੇ `ਤੇ ਰਹਿ ਗਿਆ। ਇਸ ਲਈ ਨਵੇਂ ਛੇੜੇ ਅੰਦੋਲਨ ਵਿੱਚ, ਚੰਡੀਗੜ੍ਹ ਵਿਖੇ ਜਲਸੇ-ਜਲੂਸਾਂ ਵਿੱਚ ਸ਼ਾਮਿਲ ਹੋਣਾ ਦੂਰ-ਦੁਰਾਡੇ ਵੱਸਦੇ ਲੋਕਾਂ ਲਈ ਕਠਿਨ ਹੋ ਗਿਆ ਸੀ। ਉਂਜ ਵੀ ਸੁਹਣੇ ਪੰਜਾਬ ਦੇ ਟੁੱਕੜੇ ਹੋ ਜਾਣ ਕਾਰਣ ਪੰਜਾਬ ਦਾ ਪੜ੍ਹਿਆ ਲਿਖਿਆ ਤਬਕਾ, ਨਿਰਾਸ਼ ਹੋ ਕੇ, ਅਜਿਹੇ ਅੰਦੋਲਨਾਂ ਵਿੱਚ ਹਿੱਸਾ ਲੈਣ ਤੋਂ ਸੰਕੋਚ ਕਰਨ ਲੱਗ ਪਿਆ ਸੀ। ਦੂਸਰਾ, ਅਕਾਲੀ ਆਗੂਆਂ ਨੇ ਪੰਜਾਬ/ਪੰਜਾਬੀਆਂ ਲਈ ਕੀਤੇ ਜਾ ਰਹੇ ਇਸ ਅੰਦੋਲਨ ਨੂੰ ਵੀ ਸਿੱਖਾਂ ਤੱਕ ਹੀ ਸੀਮਿਤ ਰੱਖਿਆ। ਉਨ੍ਹਾਂ ਦੇ ਇਸ ਰਵਈਏ ਕਾਰਣ, ਇਸ ਅੰਦੋਲਨ ਦੌਰਾਨ, ਪੰਜਾਬੀ ਸੂਬੀ ਵਿੱਚ ਵਸਦੀ ਬਹੁਤੀ ਜਨਤਾ, ਵਿਸ਼ੇਸ਼ ਕਰਕੇ ਕਾਂਗ੍ਰਸੀ ਸਿੱਖ ਤੇ ਕੌਮਿਯੂਨਿਸਟ ਸਿੱਖ, ਅਤੇ ਹਿੰਦੂ, ਤਮਾਸ਼-ਬੀਨ ਬਣੇ ਰਹੇ।

ਇੱਥੇ ਇਸ ਅਤਿ ਮਿੱਠੇ ਸੱਚ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ ਕਿ ਸਿੱਖ ਲੀਡਰਾਂ ਦੇ ਡਾਵਾਂ-ਡੋਲ ਸ਼ਕੀ ਕਿਰਦਾਰ, ਉਨ੍ਹਾਂ ਦੀਆਂ ਸੁਆਰਥ-ਪੂਰਨ ਗਤਿ-ਵਿਧੀਆਂ, ਗ਼ਲਤੀਆਂ ਤੇ ਆਪਸੀ ਫੁੱਟ ਨੂੰ ਨਜ਼ਰ-ਅੰਦਾਜ਼ ਕਰਦਿਆਂ ਸਿੱਖਾਂ ਨੇ ਆਪਣੇ ਆਰਥਿਕ, ਸਾਮਾਜਿਕ ਤੇ ਸਭਿਆਚਾਰਕ ਜੀਵਨ ਦਾ ਨੁਕਸਾਨ ਕਰਕੇ ਵੀ ਉਨ੍ਹਾਂ ਦਾ ਬਾਰ ਬਾਰ ਸਾਥ ਦਿੱਤਾ ਅਤੇ ਲੱਖਾਂ ਦੀ ਗਿਣਤੀ ਵਿੱਚ ਜਲਸੇ-ਜਲੂਸਾਂ ਵਿੱਚ ਸ਼ਾਮਿਲ ਹੁੰਦੇ ਰਹੇ ਅਤੇ ਗ੍ਰਿਫ਼ਤਾਰ ਹੋ ਕੇ ਜੇਲ੍ਹਾਂ ਵੀ ਭਰੀਆਂ। ਧੰਨ ਹੈ ਇਹ ਕੌਮ! ! ! !

ਇਸ ਸੰਘਰਸ਼ ਦੌਰਾਨ ਅਕਾਲੀਆਂ/ਸਿੱਖਾਂ ਦਾ ਮੁੱਖ ਆਗੂ ਫ਼ਤਹਿ ਸਿੰਘ ਸੀ। ਸਕੂਲੀ ਵਿੱਦਿਆ ਤੋਂ ਕੋਰਾ ਹੋਣ ਕਾਰਣ, ਸਿਆਸਤ ਦਾ ਪਿੜ ਉਸ ਦੇ ਵੱਸ ਦੀ ਗੱਲ ਨਹੀਂ ਸੀ। ਉਹ ਪੂਰੀ ਤਰ੍ਹਾਂ ਆਪਣੇ, ਅਕਲ ਦੇ ਅੰਨ੍ਹੇ, ਨਿਜ-ਸੁਆਰਥੀ ਸਲਾਹਕਾਰਾਂ ਦਾ ਮੁਥਾਜ ਸੀ। ਅਜਿਹੇ ਹਾਲਾਤ ਦੇ ਪ੍ਰਸੰਗ ਵਿੱਚ ਉਸ ਦੀ ਵਿਸ਼ੇਸ਼ ਭੂਮਿਕਾ ਬਾਰੇ ਸੰਖੇਪ ਜਿਹਾ ਵਰਣਨ ਅਤਿ ਜ਼ਰੂਰੀ ਹੈ। ਫ਼ਤਹਿ ਸਿੰਘ ਦੀ ਲੀਡਰੀ ਵਿੱਚ ਹੋਏ ਰੋਸ-ਰੈਲੀਆਂ, ਜਲਸੇ-ਜਲੂਸ, ਮੋਰਚਿਆਂ, ਤੇ ਹੋਰ ਮੁਜ਼ਾਹਰੇ, ਅਤੇ ਨਹਿਰੂ ਨਾਲ ਕੀਤੀਆਂ ਮਿਲਨੀਆਂ ਨਿਰਾਰਥਕ ਸਾਬਤ ਹੋਏ। ਮਾਸਟਰ ਤਾਰਾ ਸਿੰਘ ਨਾਲੋਂ ਟੁੱਟਣ ਕਾਰਣ ਉਹ ਬਹੁਤ ਸਾਰੇ ਸ਼ਹਿਰੀ ਸਿੱਖਾਂ ਦਾ ਸਮਰਥਨ ਗਵਾ ਚੁੱਕਿਆ ਸੀ। ਦੂਜਾ, ਉਸ ਨੇ ਪੰਜਾਬੀ-ਸੂਬੇ ਲਈ ਦਸੰਬਰ 1960 ਵਿੱਚ ਭੁੱਖ-ਹੜਤਾਲ ਦਾ ਢੌਂਗ ਰਚਿਆ ਸੀ। ਗੁਰੂ ਨੂੰ ਸਾਖ਼ਸ਼ੀ ਜਾਣ ਕੇ ਰੱਖਿਆ, ਉਸ ਦਾ ਇਹ ਅਧੂਰਾ ਮਰਨ-ਵਰਤ ਸਿੱਖਾਂ ਲਈ ਨਮੋਸ਼ੀ ਦਾ ਕਾਰਣ ਬਣਿਆ। ਉਸ ਦਾ ਪ੍ਰਭਾਵ ਘਟਨਾਂ ਸ਼ੁਰੂ ਹੋ ਗਿਆ ਸੀ। ਇਸ ਸ਼ਰਮਿੰਦਗੀ ਤੇ ਗਿਰਾਵਟ ਤੋਂ ਸਿੱਖਿਆ ਲੈਣ ਦੀ ਬਜਾਏ ਉਸ ਨੇ ਨਵੀਆਂ ਮੰਗਾਂ ਲਈ ਅਗਸਤ, 1965 `ਚ ਭੁੱਖ-ਹੜਤਾਲ/ਮਰਨ-ਬਰਤ ਦੀਆਂ ਗਿੱਦੜ-ਭੱਬਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਦਸੰਬਰ, 1966, ਅਤੇ ਜਨਵਰੀ 1967 ਵਿੱਚ ਦੋ ਵਾਰੀ ਮਰਨ-ਬਰਤ ਰੱਖਿਆ ਤੇ ਦੋਨੋ ਵਾਰ ਆਨੇ-ਬਹਾਨੇ ਤੋੜ ਦਿੱਤਾ। ਇਸ ਫ਼ਰੇਬੀ ਨਾਟਕ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਉਸ ਨੇ ਅਕਾਲ ਤਖ਼ਤ ਉੱਪਰ ਅਗਨ-ਕੁੰਡ ਬਣਵਾਏ ਜਿਨ੍ਹਾਂ ਵਿੱਚ ਉਸ ਨੇ, ਮੰਗਾਂ ਪੂਰੀਆਂ ਨਾਂ ਹੋਣ ਦੀ ਸੂਰਤ ਵਿੱਚ, ਆਤਮ-ਦਾਹ ਕਰਕੇ ਖ਼ੁਦ-ਕੁਸ਼ੀ ਕਰਨੀ ਸੀ। ਹਰ ਬੱਚੇ ਬੁੱਢੇ ਦੀ ਜ਼ੁਬਾਨ `ਤੇ ਇਹੋ ਲਫ਼ਜ਼ ਸਨ ਕਿ, “ਇਹ ਫ਼ਤਹਿ ਸਿੰਘ ਦਾ ਪਾਖੰਡ ਹੈ, ਇਹ ਕਦੇ ਨਹੀਂ ਜੇ ਮਰਨ ਲੱਗਾ” ! ਜਨ-ਸਾਧਾਰਨ ਦੀ ਭਵਿਸ਼-ਬਾਣੀ ਸੱਚ ਸਾਬਤ ਹੋਈ! ! ! ਅਗਨ-ਕੁੰਡ ਸ਼ਰਮਨਾਕ ਸਮਾਰਕ ਬਣ ਕੇ ਰਹਿ ਗਏ। 1961 ਵਿੱਚ ਮਾਸਟਰ ਤਾਰਾ ਸਿੰਘ ਨੇ ਵੀ ਮੰਗਾਂ ਪੂਰੀਆਂ ਕਰਵਾਉਣ ਲਈ ਭੁੱਖ-ਹੜਤਾਲ ਦਾ ਢੌਂਗ ਰਚਿਆ ਸੀ ਜਿਸ ਤੋਂ ਉਸ ਦੇ ਕਿਰਦਾਰ ਦੀ ਕਮਜ਼ੋਰੀ ਜੱਗਿ ਜ਼ਾਹਿਰ ਹੋ ਗਈ ਸੀ। ਮਾਸਟਰ ਤਾਰਾ ਸਿੰਘ ਦੇ ਵਰਤ ਤੋੜੇ ਜਾਣ `ਤੇ ਵਿਰੋਧੀ ਅਕਾਲੀ ਧੜੇ ਨੇ ਜੋ ਅਮਾਨਵੀ ਤੇ ਸ਼ਰਮ-ਨਾਕ ਵਰਤਾਓ ਉਸ ਅਤੇ ਉਸ ਦੇ ਪਰਿਵਾਰ ਨਾਲ ਕੀਤਾ ਉਹ ਸਾਰੀ ਕੌਮ ਜਾਣਦੀ ਹੈ!

ਏੱਥੇ ਕੁੱਝ ਪ੍ਰਸ਼ਨ ਚਿੰਨ੍ਹ ਲੱਗਦੇ ਹਨ:-

ਪਹਿਲਾ, ਮਾਸਟਰ ਤਾਰਾ ਸਿੰਘ, ਫ਼ਤਹਿ ਸਿੰਘ ਅਤੇ ਉਨ੍ਹਾਂ ਦੇ ਸਾਥੀ/ਸਲਾਹਕਾਰ, ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ-ਧਾਰੀ ਸਿੰਘ ਸਨ। ਕੀ ਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਆਤਮ-ਹੱਤਿਆ ਦਾ ਡਰਾਮਾ ਕਰਨ ਲਈ ਬਖ਼ਸ਼ੀ ਸੀ ਜਾਂ ਕਿ ਜ਼ੁਲਮ ਵਿਰੁੱਧ ਜੂਝ ਮਰਨ ਲਈ? ਦੂਸਰਾ, ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਖਾਧੀ ਸਹੁੰ, ਕੀਤੇ ਪ੍ਰਣ ਤੋਂ ਵਾਰ ਵਾਰ ਮੁੱਕਰਨਾਂ ਗੁਰਸਿੱਖ ਦਾ ਕਰਤੱਵ ਹੈ? ? ਤੀਸਰਾ, ਫ਼ਤਹਿ ਸਿੰਘ ਅਤੇ ਉਸ ਦੇ ਬੂਝੜ ਪਿੱਠੂਆਂ ਨੇ ਆਤਮ-ਘਾਤ ਦਾ ਹਾਸੋ-ਹੀਣਾ ਫ਼ਰੇਬੀ ਨਾਟਕ ਕਰਨ ਲਈ ਅਕਾਲ ਤਖ਼ਤ ਦੇ ਪਵਿੱਤ੍ਰ ਸਥਾਨ ਨੂੰ ਹੀ ਕਿਉਂ ਚੁਣਿਆ? ? ? ਚੌਥਾ, ਕੀ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (ਚਨਣ ਸਿੰਘ ਆਦਿ), ਅਕਾਲ ਤਖ਼ਤ ਦੇ ਜਥੇਦਾਰ, ਪੰਜ ਪਿਆਰਿਆਂ, ਤੇ ਪੁਜਾਰੀਆਂ ਦਾ ਅਜਿਹੀ ਮਨਮਤੀ ਇਜਾਜ਼ਤ ਦੇਣਾ ਉਨ੍ਹਾਂ ਦੀ ਮਨਮੁੱਖਤਾ ਤੇ ਨਿਪੁੰਸਕਤਾ ਨਹੀਂ ਸੀ? ? ? ? ਪੰਜਵਾਂ, ਗੁਰੂ ਦੀਆਂ ਸੰਗਤਾਂ ਦਰਬਾਰ ਸਾਹਿਬ ਵਿਖੇ ਗੁਰ-ਗਿਆਨ ਦੀ ਦਾਤ ਲਈ ਜਾਂਦੀਆਂ ਹਨ, ਜਾਂ ਫ਼ਰੇਬੀ ਲੀਡਰਾਂ ਦੇ ਭੱਦੇ ਸ੍ਵਾਂਗ ਤੇ ਨੌਟੰਕੀ ਦੇਖਣ? ? ? ? ? --------

ਇਸ ਨਵੇਂ ਸੰਘਰਸ਼ ਦੇ ਸੰਧਰਭ ਵਿੱਚ ਇੱਕ ਪੂਜਣ-ਯੋਗ ਅਣੋਖੀ ਹਸਤੀ ਦੀ ਲਾਸਾਨੀ ਪੁਨੀਤ ਕੁਰਬਾਨੀ ਦਾ ਸੰਖੇਪ ਵਰਣਨ ਕਰਨਾਂ ਅਤਿ ਉਚਿੱਤ ਰਹੇਗਾ। ਇਹ ਹਸਤੀ ਸੀ ਸਰਦਾਰ ਦਰਸ਼ਨ ਸਿੰਘ ਫੇਰੂਮਾਨ। ਜਿੱਥੇ ਮਾਸਟਰ ਤਾਰਾ ਸਿੰਘ, ਫ਼ਤਹਿ ਸਿੰਘ ਅਤੇ ਉਨ੍ਹਾਂ ਦੇ ਸਾਥੀ ਮੌਤ ਤੋਂ ਸਹਿਮਨ ਵਾਲੇ ਬੁਜ਼ਦਿਲ ਸਾਬਤ ਹੋਏ, ਉੱਥੇ ਸਰਦਾਰ ਫੇਰੂਮਾਨ ਇੱਕ ਸਿਦਕਵਾਨ ਤੇ ਵਚਨ ਦਾ ਪੱਕਾ ਸੱਚਾ ਗੁਰਸਿੱਖ ਹੋ ਨਿਬੜਿਆ। ਸਰਦਾਰ ਫੇਰੂਮਾਨ ਨੇ ਪੰਜਾਬ ਦੀਆਂ ਉਪਰੋਕਤ ਮੰਗਾਂ ਪੂਰੀਆਂ ਕਰਵਾਉਣ ਲਈ 15 ਅਗਸਤ, 1969 ਨੂੰ ਭੁੱਖ-ਹੜਤਾਲ/ਮਰਨ-ਵਰਤ ਰੱਖਿਆ, ਜੋ ਉਸ ਨੇ 27 ਅਕਤੂਬਰ, 1969 ਤੱਕ, 74 ਦਿਨ ਲਈ ਸਿਰੜਤਾ ਤੇ ਸਿਦਕ ਨਾਲ ਨਿਭਾਇਆ, ਅਤੇ 74ਵੇਂ ਦਿਨ ਸੱਚੀ ਸਿੱਖੀ ਦੀ ਲਾਜ ਰੱਖਦਿਆਂ ਸ਼ਹੀਦੀ ਪ੍ਰਾਪਤ ਕੀਤੀ। ਇਸ ਸਮੇ ਦੌਰਾਨ, ਉਸ ਦਾ ਵਰਤ ਤੋੜਣ ਲਈ ਡਾਕਟਰਾਂ ਦੀ ਜ਼ਬਰਦਸਤੀ ਅਤੇ ਪੰਜਾਬ ਤੇ ਕੇਂਦ੍ਰ ਦੇ ਨੇਤਾਵਾਂ ਦੀਆਂ ਅਪੀਲਾਂ (ਜੋ ਫ਼ਤਹਿ ਸਿੰਘ, ਮਾਸਟਰ ਤਾਰਾ ਸਿੰਘ ਤੇ ਉਨ੍ਹਾਂ ਦੇ ਕਾਇਰ ਸਾਥੀਆਂ ਲਈ ਕੁਰਬਾਨੀ ਤੋਂ ਬਚਨ ਦਾ ਬਹਾਨਾ ਬਣੀਆਂ) ਸਫ਼ਲ ਨਾਂ ਹੋ ਸਕੀਆਂ। ਸਰਦਾਰ ਫੇਰੂਮਾਨ ਢੌਂਗੀ ਤੇ ਤਿਕੜਮਬਾਜ਼ ਨਹੀਂ ਸੀ। ਉਸ ਦੀ ਅਦੁੱਤੀ ਸ਼ਹਾਦਤ ਨੇ ਅਕਾਲੀਆਂ, ਖ਼ਾਸ ਕਰਕੇ ਫ਼ਤਹਿ ਸਿੰਘ ਤੇ ਮਾਸਟਰ ਤਾਰਾ ਸਿੰਘ ਅਤੇ ਉਨ੍ਹਾਂ ਦੇ ਬੁਜ਼ਦਿਲ ਸਾਥੀਆਂ, ਦੇ ਸਿੱਖ ਕੌਮ `ਤੇ ਲਾਏ ਕਲੰਕ ਨੂੰ ਕਿਸੇ ਹੱਦ ਤੱਕ ਧੋ ਦਿੱਤਾ। ਸਰਦਾਰ ਦਰਸ਼ਨ ਸਿੰਘ ਫੇਰੂਮਾਨ ਸਿਆਸਤ ਵਿੱਚ ਅਕਾਲੀ ਪਾਰਟੀ ਰਾਹੀਂ ਹੀ ਆਇਆ ਸੀ। ਉਹ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਤੇ ਜਨਰਲ ਸਕੱਤ੍ਰ ਰਹਿ ਚੁੱਕਿਆ ਸੀ। ਪਰੰਤੂ, ਸ਼ਹਾਦਤ ਸਮੇ ਉਹ ਅਕਾਲੀ ਦਲ ਜਾਂ ਸ਼ਿਰੋਮਣੀ ਕਮੇਟੀ ਤੋਂ ਅਲੱਗ ਸੀ। ਇਹ ਦੁੱਖ-ਭਰੀ ਕੌੜੀ ਸੱਚਾਈ ਹੈ ਕਿ ਅਕਾਲੀਆਂ ਨੇ ਉਸ ਨੂੰ ਸਿੱਖ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ! ਸਿੱਖ ਕੌਮ ਦਾ ਇਹ ਅਣਗੌਲਿਆ ਨਾਇਕ (Unsung Hero) ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਚੌਧਰੀਆਂ, ਜਥੇਦਾਰਾਂ, ਭੇਖੀ ਪੁਜਾਰੀਆਂ ਤੇ ਅਕਾਲੀ ਲੀਡਰਸ਼ਿਪ ਦੀ ਉਡਾਈ ਝੂਠ ਦੀ ਧੂੜ ਵਿੱਚ ਗਵਾਚ ਗਿਆ! ! ! ! !

70ਵਿਆਂ ਤੱਕ ਅਕਾਲੀ ਆਪਣੀਆਂ ਅਸਫ਼ਲਤਾਵਾਂ ਕਾਰਣ ਬੁਰੀ ਤਰ੍ਹਾਂ ਬਦਨਾਮ ਹੋ ਚੁੱਕੇ ਸਨ। ਇਨ੍ਹੀਂ ਦਿਨੀਂ ਕੁੱਝ ਹੋਰ ਮੌਕਾ-ਸ਼ਿਨਾਸ ਅਪ-ਸੁਆਰਥੀ ਗੱਦੀ ਦੇ ਭੁੱਖੇ ਅਕਾਲੀ ਘੁਲਾਟੀਏ ਮੈਦਾਨ ਵਿੱਚ ਸਿਰ ਚੁੱਕਣ ਲੱਗ ਗਏ ਸਨ। ਇਨ੍ਹਾਂ ਵਿੱਚੋਂ ਪਰਮੁੱਖ ਇੱਕ ਸੀ ਗੁਰਚਰਨ ਸਿੰਘ ਟੌਹੜਾ, ਤੇ ਦੂਜਾ ਪ੍ਰਕਾਸ਼ ਸਿੰਘ ਬਾਦਲ। ਇਹ ਦੋਨੋਂ, ਆਪਣੇ ‘ਹਮ-ਖ਼ਿਆਲ’ ਸਾਥੀਆਂ ਸਮੇਤ, ਗੁਰੂ-ਨਿਵਾਜੀ ਸਿੱਖ ਕੌਮ ਰੂਪੀ ਸੁਹਣੇ ਰੁੱਖ ਉੱਤੇ ਵਾ-ਵੇਲ ਵਾਂਗ ਛਾ ਗਏ। ਇਨ੍ਹਾਂ ਦੀ ਮਾਰੂ ਛੱਤ੍ਰ-ਛਾਂ ਹੇਠ ਸਿੱਖ ਕੌਮ ਵਿੱਚ ਨਿਘਾਰ ਆਉਂਦਾ ਗਿਆ। ਨਤੀਜੇ ਵਜੋਂ, ਪੰਜਾਬੀ ਸੂਬੀ ਵਿੱਚ ਇਹ ਕੌਮ ਹੁਣ ਉੱਭੇ ਸਾਹ ਲੈ ਰਹੀ ਹੈ। ਟੌਹੜਾ ਇੱਕ ਚੌਥਾਈ ਸਦੀ (25 ਸਾਲ, 1973 ਤੋਂ 2004 ਤੱਕ) ਤੋਂ ਵੀ ਵੱਧ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਉੱਤੇ ਭਾਰੂ ਰਿਹਾ, ਅਤੇ ਬਾਦਲ, ਸ਼ਿਰੋਮਣੀ ਅਕਾਲੀ ਦਲ ਉੱਤੇ। ਬਾਦਲ ਸੱਭ ਤੋਂ ਵਧੇਰੇ ਪੈਂਤ੍ਰੇ-ਬਾਜ਼ ਸਿੱਧ ਹੋਇਆ ਅਤੇ ਹੌਲੀ ਹੌਲੀ ਉਹ ਦੋਹਾਂ ਸੰਸਥਾਵਾਂ ਉੱਤੇ ਕਾਬਜ਼ ਹੋ ਗਿਆ। ਹੁਣ ਉਹ ਦੋਹਾਂ ਹੱਥਾਂ ਵਿੱਚ ਮੋਤੀ-ਚੂਰ ਦੇ ਲੱਡੂ ਫੜੀ ਫਿਰਦਾ ਹੈ।

ਇਸੇ ਹੀ ਸਮੇ ਦੋ ਹੋਰ ‘ਹਸਤੀਆਂ’ ਹਊਆ ਬਣਾ ਕੇ ਸਿੱਖਾਂ ਸਾਮ੍ਹਨੇ ਲਿਆਂਦੀਆਂ ਗਈਆਂ। ਇਹ ਹਨ ਅਕਾਲ ਤਖ਼ਤ ਦਾ ‘ਜਥੇਦਾਰ’ ਅਤੇ ‘ਪੰਜ ਪਿਆਰੇ’। ਸ੍ਰੀ ਅਕਾਲ ਦੇ ਦੈਵੀ ਤਖ਼ਤ ਨੂੰ ਗੁਰਮੱਤਿ-ਗਿਆਨ-ਹੀਣੇ ਮਨਮਤੀ ਜਥੇਦਾਰਾਂ ਦੇ ਹਵਾਲੇ ਕਰਨ ਦੀ ਪਰੰਪਰਾ ਪਾ ਦਿੱਤੀ ਗਈ। ਪੰਜ ਪਿਆਰੇ ਵੀ ਨਿਰਜਿੰਦ ਪੁਤਲੀਆਂ ਤੋਂ ਵੱਧ ਕੁੱਝ ਨਹੀਂ ਰਹੇ। ਇਹ ਮਨਮੁੱਖੀ ਕਾਰਨਾਮਾ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਕਾਰਕੁਨਾਂ ਦੀ ਆਪਣੇ ਸੁਆਰਥ ਲਈ ਕੀਤੀ ਕਾਰਸਤਾਨੀ ਹੈ।

1947 ਤੋਂ 1967 ਤੱਕ, 20 ਸਾਲ, ਪੰਜਾਬ ਵਿੱਚ, ਅਕਾਲੀਆਂ ਦੇ ਸਹਿਯੋਗ ਨਾਲ, ਕਾਂਗ੍ਰਸ ਦਾ ਰਾਜ ਰਿਹਾ ਸੀ। ਇਸ ਸਮੇ ਦੌਰਾਨ ਇਸ ਸਾਂਝੇ ਪ੍ਰਾਂਤ ਵਿੱਚ ਬਹੁਤ ਵਿਕਾਸ ਹੋਇਆ। ਪਰੰਤੂ, ਪੰਜਾਬੀ ਸੂਬੀ ਮਿਲਨ ਉਪਰੰਤ 1967 ਤੋਂ ਗੱਦੀ ਲਈ ਅਕਾਲੀ ਲੀਡਰਾਂ ਦੀ ਚੂਹਾ-ਦੌੜ ਸ਼ੁਰੂ ਹੋ ਗਈ। ਮਾਰਚ 1967 ਵਿੱਚ ਜਸਟਿਸ ਗੁਰਨਾਮ ਸਿੰਘ ਪਹਿਲਾ ਅਕਾਲੀ ਮੁੱਖ-ਮੰਤਰੀ ਬਣਿਆ। ਨਵੰਬਰ, 1967 ਵਿੱਚ ਲਛਮਨ ਸਿੰਘ ਗਿੱਲ ਉਸ ਹੇਠੋਂ ਕੁਰਸੀ ਖਿੱਚ ਕੇ ਮੁੱਖ-ਮੰਤ੍ਰੀ ਬਣ ਬੈਠਾ। 1969 ਵਿੱਚ ਇੱਕ ਵਾਰ ਫਿਰ ਜਸਟਿਸ ਗੁਰਨਾਮ ਸਿੰਘ ਮੁੱਖ-ਮੰਤ੍ਰੀ ਬਣਿਆ। ਇਸ ਵਾਰ ਗੱਦੀ ਦਾ ਭੁੱਖਾ ਪ੍ਰਕਾਸ਼ ਸਿੰਘ ਬਾਦਲ ਉਸ ਤੋਂ ਗੱਦੀ ਖੋਹਨ ਵਿੱਚ ਸਫ਼ਲ ਹੋਇਆ। ਇਸ ਆਪਸੀ ਫੁੱਟ ਕਾਰਣ ਅਕਾਲੀ ਬਦਨਾਮ ਹੋ ਗਏ ਅਤੇ ਕਾਂਗ੍ਰਸ ਪੰਜਾਬ ਵਿੱਚ ਫੇਰ ਜ਼ੋਰ ਫੜ ਗਈ। ਨਤੀਜੇ ਵਜੋਂ, 1971 ਦੀਆਂ ਲੋਕ-ਸਭਾ ਚੋਣਾ ਵਿੱਚ ਅਕਾਲੀ ਪਾਰਟੀ ਨੂੰ 13 ਵਿੱਚੋਂ ਸਿਰਫ਼ ਇੱਕ ਸੀਟ ਨਸੀਬ ਹੋਈ! ! ! ਅਤੇ 1972 ਦੀਆਂ ਪੰਜਾਬ ਵਿਧਾਨ-ਸਭਾ ਚੋਣਾਂ ਵਿੱਚ ਅਕਾਲੀਆਂ ਨੂੰ 117 ਸੀਟਾਂ ਵਿੱਚੋਂ ਕਵੇਲ 24 ਸੀਟਾਂ ਮਿਲੀਆਂ! ! ! ਫਲਸ੍ਵਰੂਪ, ਪੰਜਾਬ ਵਿੱਚ ਗਿਆਨੀ ਜ਼ੈਲ ਸਿੰਘ ਦੀ ਕਾਂਗ੍ਰਸੀ ਸਰਕਾਰ ਬਣੀ ਜੋ 1977 ਤੱਕ ਪੱਕੀ ਰਹੀ। ਚੋਣਾਂ ਦੇ ਇਸ ‘ਸ਼ਾਨਦਾਰ’ ਨਤੀਜੇ ਤੋਂ ਅਕਾਲੀਆਂ ਤੇ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀ 25 ਸਾਲ (1947 ਤੋਂ 1972) ਦੇ ਲੰਬੇ ਸਮੇ `ਚ ਖੱਟੀ ‘ਲੋਕ-ਪ੍ਰਿਯਤਾ’ ਦਾ ਅੰਦਾਜ਼ਾ ਲਗਾਉਣਾ ਕਠਿਨ ਨਹੀਂ ਹੈ! !

ਇਸ ਸ਼ਰਮਨਾਕ ਹਾਰ ਦੇ ਕਾਰਣਾਂ ਦਾ ਜਾਇਜ਼ਾ ਲੈਣ ਲਈ ਦਸੰਬਰ 1972 ਵਿੱਚ ਇੱਕ 12 ਮੈਮਬਰੀ ਕਮੇਟੀ ਬਣਾਈ ਗਈ ਜਿਸ ਵਿੱਚ ਗੁਰਨਾਮ ਸਿੰਘ (ਜਸਟਿਸ), ਗਿਆਨ ਸਿੰਘ ਰਾੜੇਵਾਲਾ, ਗੁਰਚਰਨ ਸਿੰਘ ਟੌਹੜਾ, ਜੀਵਨ ਸਿੰਘ ਉਮਰਾਨੰਗਲ, ਅਤੇ ਪ੍ਰੇਮ ਸਿੰਘ ਲਾਲਪੁਰਾ ਆਦਿ ਸਨ (ਪ੍ਰਕਾਸ਼ ਸਿੰਘ ਬਾਦਲ ਵਰਗੇ ਘਾਂਟ ਦਾ ਇਸ ਕਮੇਟੀ ਤੋਂ ਬਾਹਰ ਹੋਣਾ ਇੱਕ ਪਹੇਲੀ ਹੈ?)। ਇਸ ਕਮੇਟੀ ਨੇ 28 ਅਗਸਤ 1973 ਵਿੱਚ ‘ਆਨੰਦਪੁਰ ਸਾਹਿਬ ਰੈਜ਼ੋਲਿਯੂਸ਼ਨ’ (The Anandpur Sahib Resolution) ਤਿਆਰ ਕੀਤਾ।। ਇਸ ਪ੍ਰਸਤਾਵ (resolution) ਦਾ ਖਰੜਾ ਸਿੱਖ ਕੌਮ ਤੇ ਭਾਰਤ ਦੇ ਪ੍ਰਸਿੱਧ ਬੁੱਧੀਜੀਵੀ ਕਪੂਰ ਸਿੰਘ ਆਈ: ਸੀ: ਐਸ: ਨੇ ਤਿਆਰ ਕੀਤਾ ਸੀ। ਪ੍ਰਸਤਾਵ ਵਿੱਚ ਪੰਜ ਉਦੇਸ਼ ਨਿਰਧਾਰਤ ਕੀਤੇ ਗਏ; ਜਿਨ੍ਹਾਂ ਦੀ ਪੂਰਤੀ ਲਈ ਦਸ-ਨੁਕਤੀ ਯਤਨ ਕੀਤੇ ਜਾਣੇ ਸਨ। ਅਕਾਲੀਆਂ ਦੀ ਆਪਸੀ ਫੁੱਟ ਕਾਰਣ, ਪੰਜ ਸਾਲ ਇਹ ਰੈਜ਼ੋਲਿਯੂਸ਼ਨ ਛਿੱਕੇ `ਤੇ ਟੰਗਿਆ ਰਿਹਾ। ਤਕਰਾਰੀ ਦੰਗਲ ਦੇ ਇਸ ਗੇੜ ਵਿੱਚ ਪ੍ਰਕਾਸ਼ ਸਿੰਘ ਬਾਦਲ ਜੇਤੂ ਰਿਹਾ ਤੇ ਇੱਕ ਵਾਰ ਫੇਰ, (1977-80), ਮੁੱਖ-ਮੰਤ੍ਰੀ ਬਣਨ ਵਿੱਚ ਕਾਮਯਾਬ ਹੋਇਆ; ਪਰ, ਇਸ ਵਾਰ ਵੀ ਉਹ ਪੰਜਾਬ ਦੀ ਆਮ ਜਨਤਾ ਵਾਸਤੇ ਨਾ-ਕਾਮਯਾਬ ਸ਼ਾਸਕ ਸਾਬਤ ਹੋਇਆ। ਉਸ ਦੇ ਅਹਿਦ ਵਿੱਚ ਹੀ ਵੱਖਵਾਦੀ ਖ਼ਾਲਸਤਾਨੀਆਂ ਨੇ ਪੰਜਾਬ ਵਿੱਚ ਜ਼ੋਰ ਫੜਿਆ ਸੀ।

ਅਕਤੂਬਰ 1978 ਨੂੰ ਲੁਧਿਆਣੇ ਵਿਖੇ ਇਸ ਰੈਜ਼ੋਲਿਯੂਸ਼ਨ ਨੂੰ 12 ਮਤਿਆਂ (ਜਿਨ੍ਹਾਂ ਵਿੱਚੋਂ ਕਈ ਮਤੇ ਗੁਰਮੱਤਿ-ਵਿਰੋਧੀ ਸਨ) ਦੇ ਰੂਪ ਵਿੱਚ ਸਿੱਖ ਜਨਤਾ (ਪੰਜਾਬੀ ਜਨਤਾ ਨਹੀਂ) ਸਾਮ੍ਹਣੇ ਰੱਖਿਆ ਗਿਆ। ਇਨ੍ਹਾਂ ਮਤਿਆਂ ਨੂੰ, ਜੀਵਨ ਸਿੰਘ ਉਮਰਾਨੰਗਲ ਦੀ ਪ੍ਰਧਾਨਗੀ ਹੇਠ, ਪੇਸ਼ ਕਰਨ ਵਾਲੇ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਟੌਹੜਾ ਤੇ ਅਕਾਲੀ ਦਲ ਦਾ ਕਰਤਾ ਧਰਤਾ ਤੇ ਪੰਜਾਬੀ ਸੂਬੀ ਦਾ ਮੁੱਖ ਮੰਤ੍ਰੀ ਬਾਦਲ ਸਨ। ਇਸ ਅਹਿਮ ਮਤੇ ਨੂੰ ਹਰਚੰਦ ਸਿੰਘ ਲੌਂਗੋਵਾਲ ਦੀ ਪ੍ਰਵਾਨਗੀ ਵੀ ਪ੍ਰਾਪਤ ਸੀ। ਇਨ੍ਹਾਂ ਲੀਡਰਾਂ ਨੇ ਆਪਣੀ ਲੰਬੇ ਅਰਸੇ ਦੀ ਚੌਧਰ ਦੌਰਾਨ ਆਨੰਦਪੁਰ ਸਾਹਿਬ ਰੈਜ਼ੋਲਿਯੂਸ਼ਨ ਦੇ ਕਿਸੇ ਵੀ ਨੁਕਤੇ `ਤੇ ਰੱਤੀ ਭਰ ਵੀ ਅਮਲ ਨਹੀਂ ਕੀਤਾ ਅਤੇ ਨਾਂ ਹੀ ਇਸ ਰੈਜ਼ੋਲਿਯੂਸ਼ਨ ਨੂੰ ਅਮਲੀ ਰੂਪ ਦੇਣ/ਦਵਾਉਣ ਲਈ ਕੋਈ ਠੋਸ ਯਤਨ! ! ਉਲਟਾ, ਇਨ੍ਹਾਂ ਦੀ ਲੀਡਰੀ ਦੀ ਮਾਰੂ ਛਾਂ ਨੇ, ਪੰਜਾਬ ਵਿੱਚ, ਸਿੱਖ ਕੌਮ ਦੀ ਹਾਲਤ ਬੇ-ਹੱਦ ਤਰਸਯੋਗ ਬਣਾ ਦਿੱਤੀ ਹੈ। (ਨੋਟ:- ਆਨੰਦਪੁਰ ਸਾਹਿਬ ਰੈਜ਼ੋਲਿਯੂਸ਼ਨ, ਜੋ ਕਿ ਪੁਰਾਣੀਆਂ ਮੰਗਾਂ ਦਾ ਦੁਹਰਾਓ ਹੀ ਹੈ, ਬਾਰੇ ਜਾਣਕਾਰੀ ਲਈ ਪਾਠਕ ਸੱਜਨ ਇਸ ਵਿਸ਼ੇ `ਤੇ ਲਿਖੀਆਂ ਗਈਆਂ ਪ੍ਰਕਾਸ਼ਤ ਲਿਖਿਤਾਂ ਪੜ੍ਹ ਸਕਦੇ ਹਨ)।

ਬਾਦਲ ਕੁਰਸੀ ਦਾ ਇਤਨਾ ਭੁੱਖਾ ਹੈ ਕਿ ਉਹ ਗੱਦੀ ਦੀ ਖ਼ਾਤਿਰ ਸਾਰੀ ਕੌਮ ਨੂੰ ਦਾਓ `ਤੇ ਲਾਉਣ ਤੋਂ ਵੀ ਨਹੀਂ ਝਿਜਕਦਾ। ਗੱਦੀ ਹਥਿਆਉਣ ਲਈ ਉਸ ਨੇ ਸਿੱਖ-ਵਿਰੋਧੀ ਜਨ-ਸੰਘ/ਭਾਰਤੀ ਜਨਤਾ ਪਾਰਟੀ ਅੱਗੇ ਗੋਡੇ ਟੇਕ ਦਿੱਤੇ, ਅਤੇ ਹੁਣ ਤੱਕ ਉਨ੍ਹਾਂ ਦਾ ਨਚਾਇਆ ਨੱਚ ਰਿਹਾ ਹੈ। ਗੱਦੀ ਖੁਸ ਜਾਣ ਦੇ ਡਰ ਕਾਰਣ, ਉਹ ਓਹੀ ਕੁੱਝ ਕਰ ਰਿਹਾ ਹੈ ਜਿਸ ਨਾਲ ਜਨ-ਸੰਘੀ/ਬੀ: ਜੇ: ਪੀ: ਖ਼ੁਸ਼ ਰਹਿਣ ਅਤੇ ਉਸ ਦੀ ਕੁਰਸੀ ਬਚੀ ਰਹੇ। ਭਾਰਤੀ ਜਨਤਾ ਪਾਰਟੀ ਆਨੰਦਪੁਰ ਸਾਹਿਬ ਰੈਜ਼ੋਲਿਯੂਸ਼ਨ ਨੂੰ ਨਕਾਰਦੀ ਹੈ। ਇਹੀ ਕਾਰਣ ਹੈ ਕਿ 32 ਸਾਲ (1978 ਤੋਂ 2010) ਹੋ ਗਏ ਹਨ ਪਰ ਅਕਾਲੀ ਇਸ ਰੈਜ਼ੋਲਿਯੂਸ਼ਨ ਨੂੰ ਅੱਜ ਤੱਕ ਹਵਾ ਵੀ ਨਹੀਂ ਲਵਾ ਸਕੇ! ! ! ਹਰ ਵਾਰ ਚੋਣਾਂ ਸਮੇ ਅਕਾਲੀ ਪਾਰਟੀ ਦਾ ਚੋਣ-ਮੈਨੀਫੈਸਟੋ ਉਹੀ ਬਣਦਾ ਹੈ ਜੋ ਭਾਰਤੀ ਜਨਤਾ ਪਾਰਟੀ ਨੂੰ ਮਨਜ਼ੂਰ ਹੋਵੇ। ਇਹ ਹੈ ਅਕਾਲੀਆਂ ਦੀ ਲੀਡਰੀ ਅਧੀਨ ਸਿੱਖ ਕੌਮ ਦੀ ਗ਼ੁਲਾਮੀ ਤੇ ਜ਼ਲਾਲਤ! ! !

ਅਕਾਲੀ ਲੀਡਰਾਂ, ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਕਾਰਕੁੰਨਾਂ, ਤੇ ਜਥੇਦਾਰਾਂ ਦੀਆਂ ਗੁਰਮੱਤਿ-ਵਿਰੋਧੀ ਕਾਲੀਆਂ ਕਰਤੂਤਾਂ ਤੋਂ ਨਿਰਾਸ਼ ਹੋ ਕੇ ਸਿੱਖਾਂ ਦੀਆਂ ਕਈ ਹੋਰ ਜਥੇਬੰਦੀਆਂ ਆਪਣੀ ਹੋਂਦ ਜਤਾਉਣ ਲੱਗ ਪਈਆਂ; ਇਨ੍ਹਾਂ ਵਿੱਚੋਂ ਪਰਮੁੱਖ ਸਨ: ਆਖੰਡ ਕੀਰਤਨੀ ਜਥਾ, ਦਲ ਖਾਲਸਾ, ਜਰਨੈਲ ਸਿੰਘ ਭਿੰਡਰਾਂਵਾਲਾ (ਦਮਦਮੀ ਟਕਸਾਲ), ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਕਈ ਹੋਰ-----। ਇਨ੍ਹਾਂ ਜਥੇਬੰਦੀਆਂ ਦੇ ਅਪਣਾਏ ਰਾਹ ਤੇ ਮੰਜ਼ਿਲਾਂ ਅਲੱਗ ਅਲੱਗ ਸਨ/ਹਨ; ਇਸ ਲਈ ਇਨ੍ਹਾਂ ਵਿੱਚ ਕੋਈ ਪਰਸਪਰ ਤਾਲ-ਮੇਲ ਨਹੀਂ ਸੀ/ਹੈ। ਪੰਥ ਦੀ ਏਕਤਾ ਵੱਲ ਕਿਸੇ ਵੀ ਸੰਸਥਾ ਨੇ ਜ਼ਰਾ ਵੀ ਧਿਆਨ ਨਹੀਂ ਦਿੱਤਾ। ਫਲਸ੍ਵਰੂਪ, ਇਹ ਸਾਰੀਆਂ ਜਥੇਬੰਦੀਆਂ ਕਮਜ਼ੋਰ ਸਾਬਿਤ ਹੋਈਆਂ, ਅਤੇ, ਪੰਥ ਦੀ ਢਹਿੰਦੀ ਕਲਾ ਤੇ ਕਮਜ਼ੋਰੀ ਦਾ ਸਬਬ ਬਣੀਆਂ।

ਜਿੱਥੇ ਅਕਾਲੀ ਲੀਡਰਸ਼ਿਪ ਨੇ ਗੱਦੀ ਹਥਿਆਉਣ ਲਈ ਜਨ-ਸੰਘ/ਭਾਰਤੀ ਜਨਤਾ ਪਾਰਟੀ ਦੀ ਸ਼ਰਨ ਲਈ ਉੱਥੇ ਇਸ ਦੀ ਮੁਖ਼ਾਲਿਫ ਕਾਂਗ੍ਰਸ ਪਾਰਟੀ ਨੇ ਸਿੱਖਾਂ ਦੀ ਆਪਸੀ ਫੁੱਟ ਤੋਂ ਸਿਆਸੀ ਲਾਭ ਲੈਣ ਲਈ ਆਪਣੇ ਸ਼ੜਯੰਤ੍ਰ ਰਚਨੇ ਆਰੰਭੇ ਹੋਏ ਸਨ। ‘ਨਿਰੰਕਾਰੀ’ ਸੰਪਰਦਾਯ ਨੂੰ ਕਾਂਗ੍ਰਸ ਦਾ, ਗੁਪਤ ਰੂਪ ਵਿੱਚ, ਪੂਰਾ ਸਮਰਥਨ ਪ੍ਰਾਪਤ ਸੀ। ਦਮਦਮੀ ਟਕਸਾਲ ਦੇ ਨਵੇਂ ਨੌਜਵਾਨ ਨੇਤਾ ਜਰਨੈਲ ਸਿੰਘ ਭਿੰਡਰਾਂਵਾਲਾ ਨੇ 1977 ਵਿੱਚ ਦਮਦਮੀ ਟਕਸਾਲ ਦੀ ਵਾਗ-ਡੋਰ ਸੰਭਾਲੀ ਸੀ। ਉਹ ਦਿਨਾਂ ਵਿੱਚ ਹੀ ਸਿੱਖ ਕੌਮ ਦੀ ਨੌਜਵਾਨ (ਵਿਸ਼ੇਸ਼ ਕਰਕੇ ਪੇਂਡੂ) ਪੀੜ੍ਹੀ ਦੇ ਦਿਲਾਂ ਦੀ ਧੜਕਨ ਬਣ ਗਿਆ। ਕਿਹਾ ਜਾਂਦਾ ਹੈ ਕਿ ਉਸ ਨੂੰ ਵੀ ਕਾਂਗ੍ਰਸ ਦੀ ਥਾਪਨਾਂ ਹਾਸਿਲ ਸੀ। ਇਸ ਤੋ ਬਿਨਾਂ, ਦੋਵੇਂ ਪਾਰਟੀਆਂ (ਅਕਾਲੀ ਤੇ ਕਾਂਗਰਸ) ਵੋਟਾਂ ਦੇ ਸੁਆਰਥ ਖ਼ਾਤਿਰ ਡੇਰੇਦਾਰਾਂ, ਮਹੰਤਾਂ ਤੇ ਨਕਲੀ ਸੰਤਾਂ ਮਹੰਤਾਂ ਬਾਬਿਆਂ ਵਗ਼ੈਰਾ ਦਾ ਪਾਣੀ ਵੀ ਭਰਦੀਆਂ ਸਨ/ਹਨ।

ਅਕਾਲੀਆਂ ਦੀ ਗੱਦੀ ਲਈ ਤੜਪ ਦੀ ਰੀਸੋ-ਰੀਸੀ ਹੋਰ ਜਥੇਬੰਦੀਆਂ ਦੇ ਸੰਚਾਲਕਾਂ ਨੂੰ ਵੀ ਗੱਦੀ ਦੇ ਮੋਹ ਦਾ ਜਾਗ ਲੱਗ ਚੁੱਕਾ ਸੀ। ਭਿੰਡਰਾਂਵਾਲਾ ਨੇ 1979 ਦੀਆਂ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਵਿੱਚ 40 ਸੀਟਾਂ ਲਈ ਆਪਣੇ ਉਮੀਦਵਾਰ ਖੜੇ ਕੀਤੇ, ਜਿਨ੍ਹਾਂ ਵਿੱਚੋਂ ਕੇਵਲ ਚਾਰ ਨੂੰ ਹੀ ਜਿੱਤ ਪ੍ਰਾਪਤ ਹੋਈ। ਅਗਲੇ ਹੀ ਸਾਲ, ਸਮੇ ਦੇ ਸਮਾਚਾਰਾਂ ਅਨੁਸਾਰ, ਉਸ ਨੇ ਆਮ ਚੋਣਾਂ ਵਿੱਚ ਕੁੱਝ ਹਲਕਿਆਂ ਵਿੱਚ ਕਾਂਗ੍ਰਸ ਉਮੀਦਵਾਰਾਂ ਦੀ ਸਫ਼ਲਤਾ ਲਈ ਪ੍ਰਚਾਰ ਵੀ ਕੀਤਾ। ਸਿਆਸਤ ਦੇ ਮੈਦਾਨ ਵਿੱਚ ਨਾਕਾਮਯਾਬੀ ਕਾਰਣ, ਭਿੰਡਰਾਂਵਾਲਾ ਨੇ ਆਪਣਾ ਰਾਹ ਬਦਲ ਲਿਆ। ਉਸ ਨੇ ‘ਆਨੰਦਪੁਰ ਸਾਹਿਬ ਰੈਜ਼ੋਲਿਯੂਸ਼ਨ’ ਦੇ ਸਮਰਥਨ ਵਿੱਚ ਪ੍ਰਚਾਰ ਆਰੰਭ ਦਿੱਤਾ। ਇਸ ਪ੍ਰਚਾਰ ਵਿੱਚ ਉਸ ਨੂੰ ਕਾਫ਼ੀ ਸਫ਼ਲਤਾ ਵੀ ਪ੍ਰਾਪਤ ਹੋਈ। ਪਰੰਤੂ, ਜਲਦੀ ਹੀ ਉਸ ਨੇ, ਆਪਣੇ ਸਾਥੀਆਂ ਸਮੇਤ, ਸ਼ਾਂਤ-ਮਈ ਪ੍ਰਚਾਰ ਦੀ ਬਜਾਏ ਦਬਦਬੇ ਤੇ ਦਹਿਸ਼ਤ-ਗਰਦੀ ਦਾ ਰਾਹ ਅਖ਼ਤਿਆਰ ਕਰ ਲਿਆ, ਜੋ ਅੰਤ ਨੂੰ ਘਾਤਿਕ ਸਾਬਤ ਹੋਇਆ।

1966-67 ਤੋਂ 1977 ਤੱਕ ਪੂਰਾ ਇੱਕ ਦਹਾਕਾ ਸਿੱਖਾਂ ਨੇਂ ਸ਼ਿਰੋਮਣੀ ਅਕਾਲੀ ਦਲ ਅਤੇ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀ ਰਾਹਨੁਮਾਈ ਵਿੱਚ ਕੋਈ ਠੋਸ ਸ਼ਾਲਾਘਾ-ਯੋਗ ਪ੍ਰਾਪਤੀ ਨਹੀਂ ਕੀਤੀ; ਪਰ, ਗਵਾਇਆ ਬਹੁਤ ਕੁੱਛ:-

1. ਪੰਥ ਧੜੇ-ਬੰਦੀ ਦਾ ਸ਼ਿਕਾਰ ਹੋ ਗਿਆ। ਅਕਾਲੀ ਆਗੂਆਂ ਤੇ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਨੇਂ ਸੁਆਰਥ ਦੀ ਭੱਠੀ ਵਿੱਚ ਪਰਮਾਰਥ ਨੂੰ ਸਾੜ ਕੇ

ਸੁਆਹ ਕਰ ਦਿੱਤਾ। ਨਿੱਕੜੇ ਜਿਹੇ ਪੰਜਾਬ ਦੇ ਸਰਵਪਖੀ ਵਿਕਾਸ ਨੂੰ ਜਾਮ ਲੱਗ ਗਿਆ।

2. ਗੁਰੂ-ਦਵਾਰਿਆਂ ਦੀ ਦੁਸ਼-ਵਰਤੋਂ ਦੀ ਬੁਰੀ, ਅਧਾਰਮਿਕ ਤੇ ਸ਼ਰਮਨਾਕ ਉਦ੍ਹਾਰਣ (bad precedent) ਕਾਇਮ ਕਰ ਦਿੱਤੀ ਗਈ, ਜੋ ਹੁਣ ਸਾਧਾਰਨ ਤੇ ਮਾਅਮੂਲੀ ਗੱਲ ਸਮਝੀ ਜਾਂਦੀ ਹੈ। ਇਸ ਪਰੰਪਰਾ ਸਦਕਾ ਗੁਰੂ-ਦਵਾਰਿਆਂ ਦੀ ਬੇ-ਅਦਬੀ ‘ਗੁਰਸਿੱਖ’ ਹੀ ਕਰ ਰਹੇ ਹਨ।

3. ਕੌਮ ਦੀ ਨਵੀਂ ਨੌਜਵਾਨ ਪੀੜ੍ਹੀ ਨੇਂ ਨਿਰਾਸ਼ ਹੋ ਕੇ ਵਿਕਾਸ ਦੀ ਬਜਾਏ ਵਿਨਾਸ਼ ਦਾ ਰਾਹ ਫੜ ਲਿਆ।

4. ਹਿੰਦੂ ਅਤੇ ਸਿੱਖਾਂ ਵਿਚਲੀ ਕੁੜਤਨ ਜ਼ਹਿਰ ਬਣ ਗਈ ਅਤੇ ਇਸ ਦਾ ਮਾਰੂ ਅਸਰ ਜਨ-ਸਾਧਾਰਨ ਦੇ ਜੀਵਨ `ਤੇ ਹੋਣਾ ਕੁਦਰਤੀ ਸੀ।

5. ਕੁਰਸੀ ਦੇ ਮੋਹ ਵਿੱਚ ਅੰਨ੍ਹੇਂ ਨੇਤਾਵਾਂ ਨੇਂ ਭ੍ਰਿਸ਼ਟਾਚਾਰ ਨੂੰ ਛੂਤ ਦੀ ਬਿਮਾਰੀ ਵਾਂਗ ਅਜਿਹਾ ਫੈਲਾਇਆ ਕਿ ਆਮ ਜਨਤਾ ਦਾ ਜੀਉਣਾਂ ਹਰਾਮ ਹੋ ਗਿਆ। ----

6. 1967-1977 ਤਕ ਦੇ ਦਹਾਕੇ ਦੌਰਾਨ ਅਕਾਲੀਆਂ ਵੱਲੋਂ ਉਠਾਈਆਂ ਸਾਰੀਆਂ ਮੰਗਾਂ ਖ਼ਿਆਲੀ ਪਲਾਓ (UTOPIA) ਸਾਬਤ ਹੋਈਆਂ, ਅਤੇ ਇਨ੍ਹਾਂ ਮੰਗਾਂ ਨੂੰ ਪੂਰਾ ਕਰਵਾਉਣ ਦੇ ਪ੍ਰਣ ਤੇ ਵਾਅਦੇ ਝੂਠੇ ਤੇ ਬਕਵਾਸ ਸਿੱਧ ਹੋਏ। -------

ਇੱਥੇ ਇੱਕ ਹੋਰ ਤਿੱਕੜਮਬਾਜ਼ ਦਾ ਵਰਣਨ ਬੜਾ ਯੋਗ ਤੇ ਜ਼ਰੂਰੀ ਰਹੇਗਾ। ਇਹ ਸੀ ਡਾਕਟਰ ਜਗਜੀਤ ਸਿੰਘ ਚੌਹਾਨ ਜਿਸ ਨੂੰ ਖ਼ਾਲਿਸਤਾਨ ਲਹਿਰ ਦਾ ਬਾਨੀ ਕਿਹਾ ਜਾਂਦਾ ਹੈ।। 70ਵਿਆਂ ਦੇ ਅਰੰਭ ਵਿੱਚ ਉਸ ਨੇਂ ‘ਖ਼ਾਲਿਸਤਾਨ’ ਦਾ ਸਟੰਟ ਰਚਿਆ। ਉਹ ਇੰਗਲੈਂਡ, ਅਮਰੀਕਾ ਤੇ ਹੋਰ ਵਿਦੇਸ਼ਾਂ ਵਿੱਚ ਗਿਆ ਅਤੇ ‘ਖ਼ਾਲਿਸਤਾਨ’ ਦਾ ਸਬਜ਼-ਬਾਗ਼ ਦਿਖਾ ਕੇ ਵਿਦੇਸੀ ਸਿੱਖਾਂ ਤੋਂ ਕ੍ਰੋੜਾਂ ਰੁਪਏ ਠੱਗਨ ਵਿੱਚ ਕਾਮਯਾਬ ਰਿਹਾ। ਉਸ ਦਾ ਇਹ ਉਸ਼ਟੰਡ 25-30 ਸਾਲ ਤੱਕ ਚਲਦਾ ਰਿਹਾ। ਉਸ ਨੇਂ ‘ਨੈਸ਼ਨਲ ਕੌਂਸਿਲ ਔਫ ਖ਼ਾਲਿਸਤਾਨ’ ਕਾਇਮ ਕੀਤੀ ਅਤੇ ਆਪਣੇ ਆਪ ਨੂੰ ਇਸ ਦਾ ਪ੍ਰਧਾਨ ਤੇ ਆਪਣੇ ਜਿਹੇ ਇੱਕ ਹੋਰ ਕਲਾਬਾਜ਼ ਨੂੰ ਇੱਸ ਦਾ ਸਕੱਤਰ ਘੋਸ਼ਿਤ ਕੀਤਾ। ‘ਖ਼ਾਲਸਾ ਰਾਜ ਪਾਰਟੀ’ ਵੀ ਸਥਾਪਤ ਕੀਤੀ। ਕਹਿੰਦੇ ਹਨ ਕਿ ਜਗਜੀਤ ਸਿੰਘ ਦੀ ਪਹੁੰਚ ਇੰਦ੍ਰਾ ਗਾਂਧੀ ਤੱਕ ਵੀ ਸੀ, ਅਤੇ ਭਿੰਡਰਾਂਵਾਲਾ ਨਾਲ ਵੀ ਗੱਠ ਜੋੜ ਸੀ। ਉਹ ਗਿਰਗਟ ਦੀ ਤਰ੍ਹਾਂ ਰੰਗ ਬਦਲਦਾ ਸੀ। ਜਗਜੀਤ ਸਿੰਘ ਬਿਨ ਬਰਖਾ ਦੇ ਬੱਦਲ ਵਾਂਗ ਹੀ ਰਿਹਾ ਜੋ ਮੀਂਹ ਦੀ ਉਮੀਦ ਤਾਂ ਦਿੰਦਾ ਹੈ ਪਰ ਕਦੀ ਵਰ੍ਹਦਾ ਨਹੀਂ। -------------

ਗੁਰਇੰਦਰ ਸਿੰਘ ਪਾਲ




.