‘ਲੇਖੁ ਨ ਮਿਟਈ ਹੇ ਸਖੀ--’
ਗੁਰ ਪ੍ਰਤਾਪ ਸੂਰਜ ਵਿੱਚ ਇੱਕ ਲੰਮੀ ਚੌੜੀ ਸਾਖੀ ਆਉਂਦੀ ਹੈ ਕਿ ਇਮਾਰਤੀ
ਲੱਕੜ ਲੈਣ ਲਈ ਭਾਈ ਕਲਿਆਣਾ ਜੀ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਮੰਡੀ ਰਿਆਸਤ ਵਿੱਚ ਭੇਜਿਆ। ਜਦ
ਭਾਈ ਜੀ ਮੰਡੀ ਪਹੁੰਚੇ ਤਾਂ ਉਹ ਦਿਨ ਜਨਮ ਅਸਟਮੀ ਦਾ ਦਿਨ ਸਨ। ਇਸ ਕਰਕੇ ਰਾਜੇ ਵਲੋਂ ਸਾਰੀ ਰਿਆਸਤ
ਵਿੱਚ ਵਰਤ ਰੱਖਣ ਦੀ ਸਖਤ ਤਾਗੀਦ ਕੀਤੀ ਹੋਈ ਸੀ। ਭਾਈ ਕਲਿਆਨਾ ਜੀ ਨੇ ਵਰਤ ਤਾਂ ਕੀ ਰੱਖਣਾ ਸੀ
ਸਗੋਂ ਆਪਣੇ ਵਲੋਂ ਲੰਗਰ ਲਗਾ ਦਿੱਤਾ। ਇਸ ਘਟਨਾ ਨੂੰ ਪ੍ਰਿੰਸੀਪਲ ਸਤਬੀਰ ਸਿੰਘ ਜੀ ਹੁਰਾਂ ਵੀ ਆਪਣੀ
ਪੁਸਤਕ ਪ੍ਰਤੱਖ ਹਰਿ ਵਿੱਚ ਲਿਖਿਆ ਹੈ। ਉਹ ਲਿਖਦੇ ਹਨ ਕਿ ਜਦੋਂ ਰਾਜੇ ਨੂੰ ਪਤਾ ਲੱਗਾ ਕਿ ਮੇਰੇ
ਰਾਜ ਵਿੱਚ ਕਿਸੇ ਚੁੱਲਾ ਤੱਤਾ ਕੀਤਾ ਹੈ ਤਾਂ ਉਹ ਆਪੇ ਤੋਂ ਬਾਹਰ ਹੋ ਗਿਆ। ਪ੍ਰਿੰਸੀਪਲ ਲਿਖਦੇ ਹਨ
ਕਿ “ਰਾਜੇ ਨੂੰ ਬਹੁਤ ਕ੍ਰੋਧ ਆਇਆ ਤੇ ਭਾਈ ਕਲਿਆਨਾ ਜੀ ਦੀਆਂ ਲੱਤਾਂ ਵੱਢਣ ਦਾ ਹੁਕਮ ਸੁਣਾ ਦਿੱਤਾ।
ਅਜੇ ਰਾਜੇ ਨੇ ਹੁਕਮ ਸੁਣਾਇਆ ਹੀ ਸੀ ਕਿ ਰਾਜਾ ਗੱਸ਼ ਖਾ ਕੇ ਡਿੱਗ ਪਿਆ। ਕਈ ਇਲਾਜ ਕੀਤੇ ਪਰ ਸੁਰਤ
ਨਾ ਪਰਤੇ। ਆਖਰ ਭਾਈ ਜੀ ਨੇ ਅਰਦਾਸ ਕੀਤੀ ਅਤੇ ਹੋਸ਼ ਪਰਤ ਆਈ। ਜਦ ਰਾਜਾ ਨਵਾਂ ਨਰੋਆ ਹੋਇਆ ਤਾਂ ਉਸ
ਨੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ”।
ਗੁਰ ਪ੍ਰਤਾਪ ਸੂਰਜ ਵਿੱਚ ਦਰਜ ਸਾਖੀ ਨੂੰ ਪ੍ਰਿੰਸੀਪਲ ਜੀ ਅੱਗੇ ਤੋਰਦਿਆ
ਲਿਖਦੇ ਹਨ ਕਿ “ਰਾਜਾ ਆਪੂੰ ਪੈਦਲ ਟੁਰ ਕੇ ਮੰਡੀ ਤੋਂ ਚੱਲ ਕੇ ਸ੍ਰੀ ਦਰਬਾਰ ਸਾਹਿਬ ਆਇਆ। ਜਦ
ਪੁੱਜਾ ਤਾਂ ਰਬਾਬੀ ‘ਲੇਖੁ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ’, ਦਾ ਸ਼ਬਦ ਪੜ੍ਹ ਰਹੇ ਸਨ। ਫਿਰ
ਸ਼ੰਕੇ ਵਿੱਚ ਪੈ ਗਿਆ। ਮਹਾਂਰਾਜ ਜੀ ਤੋਂ ਪੁੱਛ ਹੀ ਬੈਠਾ ਕਿ ਜੇ ਲੇਖ ਮਿਟਣੇ ਹੀ ਨਹੀਂ ਹਨ ਤਾਂ ਸ਼ਰਨ
ਚਰਨ ਦਾ ਕੀ ਲਾਭ” ? ਪੰਚਮ ਪਿਤਾ ਨੇ ਸਿਰਫ ਇਤਨਾ ਹੀ ਕਿਹਾ, ਕਿ ‘ਲਿਖਿਆ ਵੀ ਨਹੀਂ ਮਿਟਦਾ, ਪਰ ਮਿਟ
ਵੀ ਜਾਂਦਾ ਹੈ। ਭੋਗੀਦਾ ਵੀ ਹੈ, ਪਰ ਸੰਕਟ ਨਿਵਰਤ ਵੀ ਹੋ ਜਾਂਦਾ ਹੈ”।
ਰਾਜਾ ਇਹਨਾਂ ਸੋਚਾਂ ਵਿੱਚ ਗਵਾਚ ਗਿਆ ਕਿ ਭੋਗਣਾ ਤੇ ਮੁਕਤ ਹੋਣਾ ਇਕੱਠੇ
ਕਿਵੇਂ ਹੋ ਸਕਦਾ ਹੈ। ਰਾਜਾ ਆਪਣੀਆਂ ਸੋਚਾਂ ਵਿੱਚ ਗਵਾਚਿਆ ਹੋਇਆ ਆਪਣੇ ਡੇਰੇ ਆਣ ਕੇ ਸੌਂ ਗਿਆ।
ਪ੍ਰਿੰਸੀਪਲ ਜੀ ਲਿਖਦੇ ਹਨ ਕਿ ਰਾਜੇ ਨੂੰ ਇੱਕ ਸੁਪਨਾ ਆਇਆ ਕਿ ਉਸ ਦੀ ਮੌਤ ਹੋ ਗਈ ਹੈ। ਫਿਰ ਉਸ ਦਾ
ਜਨਮ ਚੰਡਾਲ਼ਾਂ ਦੇ ਘਰ ਹੋਇਆ ਹੈ। ਬੱਚੇ ਹੋਏ ਹਨ, ਬੱਚੇ ਵਿਆਹੇ ਵੀ ਗਏ ਹਨ ਪਰ ਫਿਰ ਮੌਤ ਹੋ ਗਈ ਹੈ,
ਇਤਨੇ ਨੂੰ ਜਾਗ ਖੁੱਲ੍ਹ ਗਈ।
ਰਾਜਾ ਸਵੇਰੇ ਗੁਰੂ ਜੀ ਨਾਲ ਸ਼ਿਕਾਰ ਚੜ੍ਹ ਪਿਆ। ਇੱਕ ਸ਼ਿਕਾਰ ਦੇਖਿਆ। ਸ਼ਿਕਾਰ
ਪਿੱਛੇ ਦੂਰ ਨਿਕਲ ਗਿਆ। ਸ਼ਿਕਾਰ ਤਾਂ ਹੱਥ ਨਾ ਆਇਆ ਪਰ ਥੱਕ ਕੇ ਇੱਕ ਦਰੱਖਤ ਹੇਠਾਂ ਅਰਾਮ ਕਰਨ ਲੱਗਾ
ਕਿ ਪਿੱਛੋਂ ਗੁਰੂ ਸਾਹਿਬ ਜੀ ਵੀ ਪਹੁੰਚ ਜਾਣ। ਅਰਾਮ ਪਿਆ ਕਰਦਾ ਸੀ ਕਿ ਇੱਕ ਬੱਚੇ ਨੇ ਡਿੱਠਾ ਤੇ
ਘਰ ਜਾ ਕੇ ਮਾਂ ਨੂੰ ਕਿਹਾ, ਕਿ ਬਾਪੂ ਤਾਂ ਜਿਉਂਦਾ ਹੈ। ਸਾਰੇ ਪਰਵਾਰ ਦੇ ਜੀਅ ਦੋੜਦੇ ਆਏ ਤੇ ਕਹਿਣ
ਲੱਗੇ, ‘ਘਰ ਚੱਲ’। ਜਦ ਰਾਜੇ ਨੇ ਨੀਝ ਲਗਾ ਕੇ ਡਿੱਠਾ ਤਾਂ ਦੇਖਿਆ ਕਿ ਇਹ ਤਾਂ ਉਹ ਹੀ ਟੱਬਰ ਹੈ ਜੋ
ਸੁਪਨੇ ਵਿੱਚ ਰਾਤੀਂ ਡਿੱਠਾ ਸੀ। ਉਸ ਬਥੇਰਾ ਕਿਹਾ ਕਿ ਮੈਂ ਮੰਡੀ ਰਿਆਸਤ ਦਾ ਰਾਜਾ ਹਾਂ ਤੇ ਗੁਰ
ਅਰਜਨ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਅੰਮ੍ਰਿਤਸਰ ਆਇਆ ਹੈ ਪਰ ਉਹ ਕਿੱਥੇ ਮੰਨਣ ਵਾਲੇ ਸਨ। ਗੁਰੂ ਜੀ
ਜਦ ਪਹੁੰਚੇ ਤਦ ਉਹਨਾਂ ਨੇ ਫਰਮਾਇਆ ਕਿ ਸ਼ਕਲਾਂ ਮਿਲਣ ਕਰਕੇ ਤੂਹਾਨੂੰ ਭੁਲੇਖਾ ਲੱਗਾ ਹੈ। ਸਾਰਿਆਂ
ਨੇ ਗੁਰੂ ਆਗਿਆ ਅੱਗੇ ਸਿਰ ਝੁਕਾਇਆ।
ਗੁਰ ਪਰਤਾਪ ਸੂਰਜ ਵਿੱਚ ਹੋਰ ਵੀ ਵਿਸਥਾਰ ਦਿਤਾ ਹੋਇਆ ਹੈ। ਗੁਰੂ ਜੀ ਨੇ
ਉਹਨਾਂ ਨੂੰ ਪੁੱਛਿਆ ਕਿ ਤੁਸੀ ਆਪਣੇ ਬਾਪ ਨੂੰ ਕਬਰ ਵਿੱਚ ਦਫਨਾਇਆ ਸੀ? ਘਰ ਵਾਲੇ ਕਹਿਣ ਲੱਗੇ ਕਿ
ਹਾਂ ਅਸਾਂ ਕਬਰ ਵਿੱਚ ਹੀ ਦਫਨਾਇਆ ਸੀ।
‘ਜੋ ਮਰ ਗਯੋ ਸੁ ਬੰਧੁ ਤਿਹਾਰੋ॥ ਜਂਿਹ ਗਾਡਯੋ ਸੁ ਕਬਰ ਨਿਹਾਰੋ॥
ਗੁਰੂ ਜੀ ਹੁਕਮ ਮੰਨ ਕੇ ਸਾਰੇ ਕਬਰ ਖੋਦਣ ਲਈ ਚੱਲ ਪਏ। ਜਦ ਕਬਰ ਖੋਦੀ ਤਾਂ
ਮੁਰਦਾ ਉਸ ਵਿੱਚ ਪਿਆ ਹੋਇਆ ਸੀ।
ਗਨ ਚੰਡਾਲ ਖੋਦ ਤਿਸ ਬੇਰਾ॥ ਦਫਨਯੋ ਮੁਰਦਾ ਤਹਾਂ ਸੁ ਹੇਰਾ॥
ਤਬ ਚੰਡਾਲ ਸਕਲ ਬਿਸਮਾਏ॥ ਬਹੁਰ ਕਹਿਨ ਕਿਛ ਨਿਕਟ ਨਾ ਆਏ॥
ਸਾਖੀ ਅਨੁਸਾਰ ਰਾਜੇ ਨੂੰ ਉੱਤਰ ਮਿਲ ਗਿਆ ਕਿ ਜੋ ਜਨਮ ਕਰਕੇ ਸਜਾ ਭੁਗਤਣੀ
ਸੀ ਉਹ ਸ੍ਰੀ ਅੰਮ੍ਰਿਤਸਰ ਆ ਕੇ ਦਾਨ ਪੁੰਨ ਕਰਨ ਨਾਲ ਸੁਪਨੇ ਵਿੱਚ ਹੀ ਭੁਗਤੀ ਗਈ। ਲੇਖ ਮਿਟਿਆ ਵੀ
ਨਹੀਂ ਹੈ ਤੇ ਭੁਗਤਿਆ ਵੀ ਗਿਆ ਹੈ।
ਸਵਾਲ ਪੈਦਾ ਹੁੰਦਾ ਹੈ ਸਮਾਜ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਅਕਸਰ ਵਾਪਰ
ਦੀਆਂ ਰਹਿੰਦੀਆਂ ਹਨ। ਕੀ ਇਹ ਪਿੱਛਲੇ ਜਨਮ ਦੀ ਸਜਾਅ ਭੁਗਤੀ ਹੈ? ਜੇ ਇਹ ਵਾਕਿਆ ਹੀ ਪਿੱਛਲੇ ਜਨਮ
ਦੀ ਸਜਾਅ ਹੈ ਤਾਂ ਫਿਰ ਅਜੇਹੀਆਂ ਦੁਖਿਆਰੀਆਂ ਬੀਬੀਆਂ ਨੂੰ ਪੁਲੀਸ ਕੋਲ ਜਾਣ ਦੀ ਕੋਈ ਲੋੜ ਹੀ ਨਹੀਂ
ਹੈ। ਦੂਜਾ ਅਜੇਹਾ ਬਲਾਤਕਾਰੀ ਫਿਰ ਕਿਸੇ ਵੀ ਗੁਰਦੁਆਰੇ ਜਾ ਕੇ ਅਖੰਡਪਾਠ ਕਰਾ ਲਏ ਤਾਂ ਕੀ ਉਹਦਾ
ਗੁਨਾਹ ਮੁਆਫ਼ ਹੋ ਜਾਏਗਾ? ਜਾਂ ਦਾਨ ਪੁੰਨ ਕਰ ਲਏ ਕੀ ਉਹ ਬਖਸ਼ਿਆ ਜਾਏਗਾ? ਸੜਕ ਤੇ ਵਾਪਰੀ ਦੁਰਘਟਨਾ
ਵਿੱਚ ਮਾਰੇ ਗਏ ਪਰਵਾਰ ਪ੍ਰਤੀ ਏਹੀ ਕਿਹਾ ਜਾਏਗਾ ਕਿ ਭਈ ਇਹਨਾਂ ਨੇ ਪਿੱਛਲੇ ਜਨਮ ਵਿੱਚ ਕਿਸੇ ਨੂੰ
ਜ਼ਰੂਰ ਮਾਰਿਆ ਹੋਏਗਾ, ਇਸ ਲਈ ਇਹਨਾਂ ਪਾਸੋਂ ਬਦਲਾ ਲੈ ਕੇ ਹਿਸਾਬ ਬਰਾਬਰ ਕੀਤਾ ਗਿਆ ਹੈ। ਇਹਨਾਂ ਦੇ
ਲੇਖਾਂ ਵਿੱਚ ਲਿਖਿਆ ਹੋਇਆ ਸੀ ਕਿ ਇਹਨਾਂ ਨੇ ਸੜਕ ਦੁਰਘਟਨਾ ਵਿੱਚ ਹੀ ਮਰਨਾ ਸੀ। ਪਿੰਡਾਂ ਵਿੱਚ
ਅਕਸਰ ਲੜਾਈਆਂ ਹੁੰਦੀਆਂ ਹੀ ਰਹਿੰਦੀਆਂ ਹਨ ਤੇ ਕਈ ਵਾਰੀ ਕਤਲ ਆਦ ਵੀ ਹੋ ਜਾਂਦੇ ਹਨ ਤਾਂ ਤੇ ਫਿਰ
ਇਹ ਸਾਰਾ ਕੁੱਝ ਪਿੱਛਲੇ ਜਨਮ ਦਾ ਹੀ ਭੁਗਤਿਆ ਹੈ। ਹੁਣ ਇਸ ਨੂੰ ਅਗਲੇ ਜਨਮ ਵਿੱਚ ਸਜਾ ਨਹੀਂ
ਭੁਗਤਣੀ ਪਏਗੀ। ਤੇ ਫਿਰ ਪੁਲੀਸ ਕੋਲ ਵੀ ਜਾਣ ਦੀ ਲੋੜ ਨਹੀਂ ਹੈ। ਵੱਡੀ ਗੱਲ ਕੇ ਬੰਦਾ ਜਿੰਨੇ ਮਰਜ਼ੀ
ਕੁਕਰਮ ਕਰ ਲਏ ਬੱਸ ਗੁਰਦੁਆਰੇ ਆਉਣ ਦੀ ਦੇਰ ਹੀ ਹੈ, ਕਿ ਚੜ੍ਹਾਵਾ ਚੜਾਉਂਦਿਆਂ ਹੀ ਸਾਰੇ ਭੈੜੇ
ਪਾਪ, ਕਰਮ ਖ਼ਤਮ ਹੋ ਜਾਣਗੇ। ਰਾਜੇ ਦੀ ਸਾਖੀ ਦੁਆਰਾ ਹਰੇਕ ਨੂੰ ਖੁਲ੍ਹ ਮਿਲਦੀ ਹੈ ਧਰਮ ਦੀ ਦੁਨੀਆਂ
ਵਿੱਚ ਦਾਨ ਪੁੰਨ ਕਰਨ ਨਾਲ ਸਵਰਗ ਦਾ ਬੂਹਾ ਖੁਲ੍ਹਿਆ ਪਿਆ ਹੈ। ਕੀਤੇ ਹੋਏ ਪਾਪ ਸੁਪਨਿਆਂ ਵਿੱਚ ਭੋਗ
ਲਈਦੇ ਹਨ—ਪਰ ਗੁਰਬਾਣੀ ਤਾਂ ਕਹਿ ਰਹੀ ਹੈ ਕਿ ਜੇਹੋ ਜੇਹੇ ਕਰਮ ਕਰੇਂਗਾ ਉਹ ਜੇਹਾ ਹੀ ਤੈਨੂੰ ਭੋਗਣਾ
ਪਏਗਾ।
ਦੋਸੁ ਨ ਦੀਜੈ ਕਾਹੂ ਲੋਗ॥ ਜੋ ਕਮਾਵਨੁ ਸੋਈ ਭੋਗ॥
ਆਪਨ ਕਰਮ ਆਪੇ ਹੀ ਬੰਧ॥ ਆਵਨੁ ਜਾਵਨੁ ਮਾਇਆ ਧੰਧ॥
ਰਾਮਕਲੀ ਮਹਲਾ ੫ ਪੰਨਾ ੮੮੮
ਦਦੈ ਦੋਸੁ ਨ ਦੇਊ ਕਿਸੈ, ਦੋਸੁ ਕਰੰਮਾ ਆਪਣਿਆ॥
ਜੋ ਮੈ ਕੀਆ ਸੋ ਮੈ ਪਾਇਆ, ਦੋਸੁ ਨ ਦੀਜੈ ਅਵਰ ਜਨਾ॥
ਆਸਾ ਮਹਲਾ ੧ ਪੰਨਾ ੪੩੩
ਕਰਮ ਧਰਤੀ ਸਰੀਰੁ ਜੁਗ ਅੰਤਰਿ ਜੋ ਬੋਵੈ ਸੋ ਖਾਤਿ॥
ਸਿਰੀ ਰਾਗ ਮਹਲਾ ੫ ਪੰਨਾ ੭੮
ਗੁਰੂ ਗ੍ਰੰਥ ਸਾਹਿਬ ਜੀ ਦਾ ਰੱਬੀ ਗਿਆਨ ਸਾਰੀ ਮਨੁੱਖਤਾ ਨੂੰ ਪਿਆਰ
ਗਲਵੱਕੜੀ ਵਿੱਚ ਲੈਂਦਾ ਹੋਇਆਂ ਜ਼ਿੰਦਗੀ ਜਿਉਣ ਦਾ ਸੁਨੇਹਾਂ ਦੇਂਦਾ ਹੈ। ਗੁਰਬਾਣੀ ਵਿਚਲੇ ਦੈਵੀ
ਗੁਣਾਂ ਨੂੰ ਆਪਣੀ ਸੁਰਤ ਵਿੱਚ ਬਿਠਾਉਣਾ ਸੀ। ਪਰ ਗੁਰਬਾਣੀ ਦੇ ਸ਼ਬਦਾਂ ਨੂੰ ਮੰਤਰਾਂ ਵਾਂਗ ਰੱਟਾ
ਮਾਰ ਕੇ ਸਿਰਫ ਪੂਜਾ ਤੀਕ ਹੀ ਸੀਮਤ ਕਰ ਦਿੱਤਾ ਹੈ। ਉਪਰੋਕਤ ਸਾਖੀ ਵਿੱਚ ਗੁਰਬਾਣੀ ਵਿਚਲੇ ਸ਼ਬਦ ਦੀ
ਉਦਾਹਰਣ ਦਿੱਤੀ ਗਈ ਹੈ। ਸਾਖੀਆਂ ਅਨੁਸਾਰ ਗੁਰਬਾਣੀ ਨਹੀਂ ਹੈ। ਇਸ ਵਿਚਲੇ ਭਾਵ ਅਰਥ ਨੂੰ ਸਮਝਣ ਦੀ
ਜ਼ਰੂਰਤ ਹੈ। ਪੂਰੀ ਪਉੜੀ ਹੇਠਾਂ ਅੰਕਤ ਹੈ---
ਲੇਖੁ
ਨ ਮਿਟਈ ਹੇ ਸਖੀ, ਜੋ ਲਿਖਿਆ ਕਰਤਾਰਿ॥
ਆਪੇ ਕਾਰਣੁ ਜਿਨਿ ਕੀਆ, ਕਰਿ ਕਿਰਪਾ ਪਗੁ ਧਾਰਿ॥
ਕਰਤੇ ਹਥਿ ਵਡਿਆਈਆ, ਬੂਝਹੁ ਗੁਰ ਬੀਚਾਰਿ॥
ਲਿਖਿਆ ਫੇਰਿ ਨ ਸਕੀਐ, ਜਿਉ ਭਾਵੀ ਤਿਉ ਸਾਰਿ॥
ਨਦਰਿ ਤੇਰੀ ਸੁਖੁ ਪਾਇਆ, ਨਾਨਕ ਸਬਦੁ ਵੀਚਾਰਿ॥
ਮਨਮੁਖ ਭੂਲੇ ਪਚਿ ਮੁਏ, ਉਬਰੇ ਗੁਰ ਬੀਚਾਰਿ॥
ਜਿ ਪੁਰਖੁ ਨਦਰਿ ਨ ਆਵਈ, ਤਿਸ ਕਾ ਕਿਆ ਕਰਿ ਕਹਿਆ ਜਾਇ॥
ਬਲਿਹਾਰੀ ਗੁਰ ਆਪਣੇ, ਜਿਨਿ ਹਿਰਦੈ ਦਿਤਾ ਦਿਖਾਇ॥ 52॥
ਰਾਮਕਲੀ ਦਖਣੀ ਪੰਨਾ ੯੩੭
ਇਸ ਪਉੜੀ ਦੀ ਵਿਚਾਰ ਤੋਂ ਪਹਿਲਾਂ ਸਾਨੂੰ ਇਸ ਓਂਕਾਰ ਬਾਣੀ ਦੀ ਰਹਾਉ ਦੀਆਂ
ਤੁਕਾਂ ਨੂੰ ਵਿਚਾਰਨ ਦੀ ਜ਼ਰੂਰਤ ਹੈ---
ਸੁਣਿ ਪਾਡੇ ਕਿਆ ਲਿਖਹੁ ਜੰਜਾਲਾ॥ ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ॥ 1॥
ਰਹਾਉ॥
ਪੰਡਤ ਜੀ ਧਿਆਨ ਨਾਲ ਸੁਣੋ, ਵਾਦ-ਵਿਵਾਦ ਤੇ ਸੰਸਾਰਕ ਝੰਬਲਿਆਂ ਵਾਲੀ ਲਿਖਾਈ
ਲਿਖਣ ਤੋਂ ਆਤਮਕ ਲਾਭ ਨਹੀਂ ਹੋ ਸਕਦਾ। ਜੇ ਕਰ ਆਪਣਾ ਜੀਵਨ ਸਫਲਾ ਕਰਨਾ ਚਹੁੰਦਾ ਏਂ ਤਾਂ ਗੁਰੂ ਦੇ
ਸਨਮੁਖ ਹੋ ਕੇ ਸ੍ਰਿਸ਼ਟੀ ਦੇ ਮਾਲਕ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਪਰੋ ਕੇ ਰੱਖ। ਸੁ ਰਹਾਉ ਦੀਆਂ
ਤੁਕਾਂ ਵਿੱਚ ਕਰਮ ਕਾਂਡ ਵਾਲੀਆਂ ਰਸਮਾਂ ਦੇ ਲਾਭ ਨੂੰ ਨਿਕਾਰਦਿਆ ਸਦੀਵ ਕਾਲ ਪਰਮਾਤਮਾ ਦੀ
ਨਿਯਮਾਵਲੀ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਣ ਨੂੰ ਕਿਹਾ ਹੈ। ਭਾਵ ਰੱਬੀ ਨਿਯਮਾਵਲੀ ਨੂੰ
ਸਮਝਣ ਦੀ ਜ਼ਰੂਰਤ ਹੈ ਤੇ ਹਿਰਦੇ ਵਿੱਚ ਸਾਂਭ ਕੇ ਰੱਖਣ ਵਾਲੀ ਵਸਤੂ ਸਬੰਧੀ ਫਰਮਾਣ ਹੈ---
ਨਾਨਕ ਗੁਰੁ ਸੰਤੋਖੁ ਰੁਖੁ, ਧਰਮੁ ਫੁਲੁ, ਫਲ ਗਿਆਨੁ॥
ਰਸਿ ਰਸਿਆ ਹਰਿਆ ਸਦਾ, ਪਕੈ ਕਰਮਿ ਧਿਆਨਿ॥
ਪਤਿ ਕੇ ਸਾਦ ਖਾਦਾ ਲਹੈ, ਦਾਨਾ ਕੈ ਸਿਰਿ ਦਾਨੁ॥
ਸਲੋਕ ਮ: ੧ ਪੰਨਾ ੧੪੭
ਸੰਤੋਖ ਨੂੰ ਰੱਖ ਬਣਾਉਣਾ ਹੈ ਤੇ ਆਪਣੀ ਜ਼ਿੰਮੇਵਾਰੀ ਸਮਝਣੀ ਜੋ ਧਰਮ ਦੇ
ਫੁੱਲ ਨਿਕਲਣੇ ਹਨ, ਆਤਮਕ ਸੂਝ ਦੇ ਗਿਆਨ ਦਾ ਫ਼ਲ਼ ਲੱਗਣਾ ਹੈ। ਮਨ ਵਿੱਚ ਪ੍ਰੇਮ ਜਨਮ ਲਏਗਾ। ਇਹਨਾਂ
ਸ਼ੁਭਾ ਗੁਣਾਂ ਵਿੱਚ ਹਮੇਸ਼ਾਂ ਹੀ ਸੁਰਤ ਜੋੜਨੀ ਤੇ ਵਰਤੋਂ ਕਰਨੀ ਹੈ। ਇਹ ਹੀ ਪ੍ਰਾਮਾਤਮਾ ਦੀ ਬਖਸ਼ਿਸ਼
ਹੈ। ਅਜੇਹੀ ਸਦਾਚਾਰਕ ਜ਼ਿੰਦਗੀ ਦਾ ਅੰਦਰ ਤਲ਼ `ਤੇ ਨਮੂਨਾ ਲਿਖਣਾ ਹੈ।
ਇਸ ਬਾਣੀ ਦੀ ਪਹਿਲੀ ਪਉੜੀ ਵਿੱਚ ਬਹੁਤ ਪਿਆਰਾ ਉਪਦੇਸ਼ ਹੈ, ਪਰਮਾਤਮਾ ਸਰਬ
ਵਿਆਪਕ ਹੈ ਜਿਸ ਤੋਂ ਸਾਰੀ ਸ੍ਰਿਸ਼ਟੀ ਤੇ ਸਮੇਂ ਦੀ ਵੰਡ ਬਣੀ ਹੈ। ਸ਼ਬਦ ਵਿੱਚ ਜੁੜਿਆਂ ਭਾਵ ਨਿਯਮਬੱਧ
ਹੋਇਆਂ ਹੀ ਸੰਸਾਰਕ ਵਿਕਾਰਾਂ ਤੋਂ ਬਚ ਸਕਦੇ ਹਾਂ।
ਉਪਰੋਕਤ ਪਉੜੀ ਦੇ ਭਾਵ ਅਰਥ ਨੂੰ ਵਿਚਾਰਨ ਦੀ ਲੋੜ ਹੈ। ਇਸ ਦੀ ਪਹਿਲੀ ਤੁਕ
ਵਿਚ—
‘ਲੇਖੁ ਨ ਮਿਟਈ ਹੇ ਸਖੀ, ਜੋ ਲਿਖਿਆ ਕਰਤਾਰਿ’
ਕਰਤਾਰ ਦਾ ਲਿਖਿਆ ਹੋਇਆ ਲੇਖ ਮਿਟਾਇਆ ਨਹੀਂ ਜਾ ਸਕਦਾ ਹੈ।
ਭਾਵ ਉਸ ਦੀ ਸਦਾ ਚੱਲ ਰਹੀ ਨਿਯਮਾਵਲੀ ਨੂੰ ਅਸੀਂ ਆਪਣੀ ਮਰਜ਼ੀ ਨਾਲ ਤਬਦੀਲ ਨਹੀਂ ਕਰ ਸਕਦੇ। ਹੇ
ਭੈਣੇ! ਭਾਵ ਹੇ ਮੇਰੀਏ ਮੱਤੇ! ਪਰਮਾਤਮਾ ਦੇ ਲਿਖੇ ਹੋਏ ਲੇਖ ਮੇਟੇ ਨਹੀਂ ਜਾ ਸਕਦੇ। ਸਾਰਾ ਸੰਸਾਰ
ਇੱਕ ਬੱਝਵੇਂ ਨਿਯਮ ਵਿੱਚ ਚੱਲ ਰਿਹਾ ਹੈ। ਬਰਸਾਤ, ਗਰਮੀ, ਸਰਦੀ, ਹਨੇਰੀਆਂ, ਤੂਫ਼ਾਨ, ਬਸੰਤ ਰੁੱਤ,
ਪਤਝ੍ਹੜ, ਦਿਨ-ਰਾਤ, ਕੁਦਰਤੀ ਪਦਾਇਸ਼ ਦਾ ਸਿਲਸਿਲਾ ਇੱਕ ਸਿਲਸਿਲੇ ਵਾਂਗ ਹੀ ਚੱਲ ਰਿਹਾ ਹੈ। ਹਾਂ ਉਸ
ਦੇ ਚੱਲ ਰਹੇ ਸਿਲਸਿਲੇ ਵਿੱਚ ਅਸੀਂ ਖਲਰ ਜ਼ਰੂਰ ਪਉਂਦੇ ਹਾਂ ਫਿਰ ਉਸ ਦੇ ਨਤੀਜੇ ਵੀ ਸਾਨੂੰ ਹੀ
ਭੁਗਤਣੇ ਪੈਂਦੇ ਹਨ। ਗੱਡੀ ਦੇ ਸਟੇਰਿੰਗ ਨੂੰ ਘਮਾਉਣ ਨਾਲ ਮੋਟਰਕਾਰ ਤਾਂ ਘੁੰਮ ਸਕਦੀ ਹੈ ਪਰ ਦਿਨ
ਰਾਤ ਦੀ ਗੱਡੀ ਨੂੰ ਅਸੀਂ ਨਹੀਂ ਘੁਮਾ ਸਕਦੇ। ਕਰਤਾਰੀ ਲੇਖ ਭਾਵ ਕੁਦਰਤੀ ਨਿਯਮਾਵਲੀ ਨੂੰ ਅਸੀਂ ਬਦਲ
ਨਹੀਂ ਸਕਦੇ। ਦੁਨੀਆਂ ਵਿੱਚ ਕੀਮਤੀ ਤੋਂ ਕੀਮਤੀ ਹਸਪਤਾਲ ਤੇ ਮਹਿੰਗੇ ਤੋਂ ਮਹਿੰਗਾ ਇਲਾਜ ਹੈ ਪਰ
ਲੋਕ ਫਿਰ ਵੀ ਮਰਦੇ ਜਾ ਰਹੇ ਹਨ। ਲਿਖਿਆ ਹੋਇਆ ਲੇਖ ਭਾਵ ਸਦੀਵ ਕਾਲ ਨਿਯਮਾਵਲੀ ਅਨੁਸਾਰ ਹੀ ਸਾਰਾ
ਸੰਸਾਰ ਚੱਲ ਰਿਹਾ ਹੈ। ਜਿੱਥੇ ਕੋਈ ਵਾਧ ਜਾਂ ਘਾਟ ਹੈ ਤਾਂ ਉਹ ਸਾਡੇ ਬਦ-ਇੰਤਜ਼ਾਮ ਦੀ ਹੈ। ਇੰਗਲੈਂਡ
ਦੇ ਮੁਲਕ ਦਾ ਆਪਣਾ ਅਸੂਲ ਹੈ ਕਿ ਜੇ ਮਾਂ ਦੇ ਗਰਭ ਵਿੱਚ ਬੱਚਾ ਦੋ ਕੁ ਮਹੀਨਿਆਂ ਦਾ ਹੋ ਜਾਂਦਾ ਹੈ
ਤਾਂ ਸਰਕਾਰ ਲੱਗ-ਪੱਗ ਸੱਠ ਪੌਂਡ ਵੀਕ ਦੇ ਖਰਚਾ ਲਗਾ ਦੇਂਦੀ ਹੈ। ਜੇ ਇਹ ਖਰਚਾ ਬੰਦ ਹੋਏਗਾ ਤਾਂ
ਸਾਡੇ ਬਦ-ਇੰਤਜ਼ਾਮ ਦਾ ਨਤੀਜਾ ਹੋਏਗਾ। ਇਸ ਪਉੜੀ ਦੀ ਪਹਿਲੀ ਤੁਕ ਵਿੱਚ ਰੱਬ ਜੀ ਦੀ ਬਣਾਈ ਹੋਈ ਸਦੀਵ
ਕਾਲ ਮਰਯਾਦਾ ਦੀ ਵਡਿਆਈ ਕੀਤੀ ਗਈ ਹੈ।
ਦੂਜੀ ਤੁਕ ਵਿੱਚ ਇਹ ਸਿਲਸਲਾ ਉਸ ਦਾ ਆਪਣਾ ਬਣਾਇਆ ਹੋਇਆ ਹੈ। --
ਆਪੇ ਕਾਰਣੁ ਜਿਨਿ ਕੀਆ, ਕਰਿ ਕਿਰਪਾ ਪਗੁ ਧਾਰਿ॥
ਜਿਸ ਪਰਮਾਤਮਾ ਨੇ ਇਹ ਸਿਲਸਿਲਾ ਚਲਾਇਆ ਹੈ ਉਹ ਸਾਰਿਆਂ ਵਿੱਚ ਆਪ ਬੈਠਾ
ਹੋਇਆ ਹੈ। ਮਾਤਾ- ਪਿਤਾ ਵਿੱਚ ਉਹ ਆਪ ਹੀ ਬੈਠਾ ਹੈ ਤੇ ਉਹਨਾਂ ਦੁਆਰਾ ਬੱਚੇ ਦੀ ਉਪਜ ਵੀ ਉਹਦੀ ਹੈ।
ਜਿੰਨੀਆਂ ਮਨੁੱਖੀ ਸੁੱਖ ਲਈ ਸਹੂਲਤਾਂ ਪੈਦਾ ਹੋਈਆਂ ਹਨ ਇਹ ਉਹਦੀ ਕੁਦਰਤ ਵਿਚੋਂ ਥੋੜਾ ਬਹੁਤਾ
ਸਮਝਿਆ ਹੋਇਆਂ ਹੀ ਪ੍ਰਗਟ ਕੀਤਾ ਹੈ। ‘ਕਰਿ ਕਿਰਪਾ’ ਰੱਬੀ ਕਨੂੰਨ ਅਨੁਸਾਰੀ ਹੋ ਕੇ ਚੱਲਣਾ ਉਹਦੀ
ਕਿਰਪਾ ਹੈ। ਰੱਬੀ ਗਿਆਨ ਨੂੰ ਆਪਣੀ ਸੁਰਤ ਦਾ ਅੰਗ ਬਣਾਉਣਾ ਪਗੁ ਧਾਰਿ ਹੈ। ਜੇ ਇਹ ਸਮਝ ਪੈ ਜਾਏ ਕਿ
ਪਰਮਾਤਮਾ ਕੁਦਰਤੀ ਗੁਣਾਂ ਦੀ ਖਾਣ ਹੈ ਤੇ ਉਸ ਖਾਣ ਵਿਚੋਂ ਗੁਣ ਲੈ ਕੇ ਅਸਾਂ ਵਰਤਣੇ ਹਨ ਤਾਂ
ਕੁਦਰਤੀ ਸਾਡੀ ਸੁਰਤ ਵਿਕਾਰਾਂ ਤੋਂ ਉੱਪਰ ਉੱਠਣੀ ਸ਼ੁਰੂ ਹੀ ਜਾਏਗੀ।
ਪਉੜੀ ਦੀ ਤੀਜੀ ਤੁਕ ਵਿਚ—
ਕਰਤੇ ਹਥਿ ਵਡਿਆਈਆ, ਬੂਝਹੁ ਗੁਰ ਬੀਚਾਰਿ॥
ਪਰਮਾਤਮਾ ਦਾ ਕੋਈ ਰੂਪ ਨਹੀਂ ਤੇ ਨਾ ਹੀ ਉਸ ਦਾ ਕੋਈ ਰੰਗ ਹੈ ਫਿਰ ਉਸ ਦਾ
ਹੱਥ ਕੀ ਹੋਇਆ? ਭਾਵ ਰੱਬੀ ਇਸ਼ਾਰਾ, ਜੋ ਗੁਣਾਂ ਤੇ ਵਡਿਆਈਆਂ ਦਾ ਘਰ ਹੈ। ਇਸ ਨੂੰ ਕੁਦਰਤੀ
ਨਿਯਮਾਵਲੀ ਦੇ ਗੁਣਾਂ ਵਜੋਂ ਲਵਾਂਗੇ। ਇਸ ਦੀ ਸਮਝ ਸ਼ਬਦ ਦੀ ਵਿਚਾਰ ਵਿਚੋਂ ਸੌਖੀ ਪੈ ਜਾਂਦੀ ਹੈ।
ਕਰਤਾਰੀ ਗੁਣਾਂ ਦੀ ਸੂਝ ਗੁਰ ਭਾਵ ਤਕਨੀਕ ਨੂੰ ਸਮਝਣ ਤੋਂ ਬਿਨਾ ਨਹੀਂ ਆ ਸਕਦੀ। ਜੇ ਗੁਰ ਦੀ ਸਮਝ ਆ
ਗਈ ਤਾਂ ਫਿਰ ਅਸੀਂ ਕੁਦਰਤੀ ਸਤਿ ਸੰਤੋਖ ਦੇ ਧਾਰਨੀ ਹੋਵਾਂਗੇ। ਪਿਆਰ ਦੀ ਭਾਵਨਾ ਜਨਮ ਲਵੇਗੀ।
ਸੰਤੋਖ ਦੀ ਧਾਰਨਾ ਨੂੰ ਪੱਕਾ ਕਰਕੇ ਧਰਮ ਵਿਚੋਂ ਅੰਧ-ਵਿਸ਼ਵਾਸ ਤੇ ਸਮਾਜਕ ਕੁਰੀਤੀਆਂ ਦਾ ਖਤਮਾ ਕਰਨ
ਦੇ ਯਤਨ ਵਲ ਨੂੰ ਵੱਧਾਂਗੇ। ‘ਕਰਤੇ ਹਥਿ ਵਡਿਆਈਆ’ ਪਰਮਾਤਮਾ ਗੁਣਾਂ ਦਾ ਖ਼ਜ਼ਾਨਾ ਜਿਸ ਦੀ ਆਤਮਕ ਸੂਝ
ਗੁਰ-ਗਿਆਨ ਵਿੱਚ ਹੈ।
ਲਿਖਿਆ ਫੇਰਿ ਨ ਸਕੀਐ, ਜਿਉ ਭਾਵੀ ਤਿਉ ਸਾਰਿ॥
ਇਹ ਤੇ ਹੋ ਨਹੀਂ ਸਕਦਾ ਕਿ ਮੇਰਾ ਜਨਮ ਹੋਇਆ ਹੈ ਮੈਂ ਮਰਨਾ ਨਹੀਂ ਹੈ।
ਕਰਤਾਰੀ ਨਿਯਮਾਵਲੀ ਅਨੁਸਾਰ ਜਿੱਥੇ ਦਿਨ ਹੈ ਓੱਥੇ ਰਾਤ ਨੇ ਵੀ ਆਉਣਾ ਹੈ। ਨਿਯਮ ਦੇ ਤਹਿਤ ਹੀ
ਸਾਰਿਆ ਜੀਵਾਂ ਦੀ ਸੰਭਾਲ਼ ਕਰ ਰਿਹਾ ਹੈ। ਨਿਊਜ਼ੀਲੈਂਡ ਵਿੱਚ ਮੈਂ ਗਊਆਂ ਦੇ ਫਾਰਮ ਦੇਖੇ ਹਨ। ਏੱਥੇ
ਕੁਦਰਤੀ ਹੀ ਗਊਆਂ ਬੱਚਿਆਂ ਨੂੰ ਜਨਮ ਦੇਂਦੀਆਂ ਹਨ ਤੇ ਮਨੁੱਖੀ ਸਹਾਇਤਾ ਦੀ ਅਵਸਥਾ ਹੀ ਨਹੀਂ ਰੱਖੀ।
ਨਿਯਮ ਦੇ ਤਹਿਤ ਜਨਮ ਹੋ ਰਿਹਾ ਹੈ ਤੇ ਨਿਯਮ ਦੇ ਤਹਿਤ ਦੀ ਹੀ ਸਭ ਦੀ ਸੰਭਾਲ਼ ਹੋ ਰਹੀ ਹੈ। ਜੇ
ਹਨੇਰੀ ਆਉਣੀ ਹੈ ਤਾਂ ਅਸੀਂ ਉਸ ਨੂੰ ਰੋਕ ਨਹੀਂ ਸਕਦੇ। ਸਾਨੂੰ ਭਾਵੇਂ ਮੀਂਹ ਹਨੇਰੀ ਮਾੜੀ ਲੱਗਦੀ
ਹੈ ਪਰ ਇਸ ਮੀਂਹ ਹਨੇਰੀ ਵਿੱਚ ਵੀ ਕਈਆਂ ਦੀ ਰੋਜ਼ੀ ਹੈ। ਕਰਤਾਰੀ ਹੁਕਮ ਨੂੰ ਪਲਟਾਇਆ ਨਹੀਂ ਜਾ
ਸਕਦਾ। ਕਰਤਾਰੀ ਹੁਕਮ ਵਿੱਚ ਹੀ ਸਾਡੀ ਸੰਭਾਲ ਹੋ ਰਹੀ ਹੈ। ਸਦੀਵ ਕਾਲ ਬਣੇ ਹੋਏ ਹੁਕਮ ਵਿੱਚ ਸਾਰਾ
ਸੰਸਾਰ ਤੁਰ ਰਿਹਾ ਹੈ ਤੇ ਉਸ ਦੀ ਸੰਭਾਲ ਹੋ ਰਹੀ ਹੈ।
ਸੁੱਖ ਦੀ ਪ੍ਰਾਪਤੀ ਲਈ ਇੱਕ ਸ਼ਰਤ ਰੱਖੀ ਗਈ ਹੈ—
ਨਦਰਿ ਤੇਰੀ ਸੁਖੁ ਪਾਇਆ, ਨਾਨਕ ਸਬਦੁ ਵੀਚਾਰਿ॥
ਕਰਤਾਰ ਦੀ ਨਦਰ ਉਹਦਾ ਆਪਣਾ ਕਨੂੰਨ ਹੈ। ਗੁਰੂ ਜੀ ਸਮਝਾ ਰਹੇ ਹਨ ਕਿ ਸ਼ਬਦ
ਦੀ ਵਿਚਾਰ ਦੁਆਰਾ ਕੁਦਰਤ ਦੀਆਂ ਰਮਜ਼ਾਂ ਦੇ ਉਹਦੇ ਗੁਣਾਂ ਦਾ ਪਤਾ ਚੱਲਦਾ ਹੈ। ਅਸੀਂ ਇਹ ਮੰਨ ਬੈਠੇ
ਹਾਂ ਕਿ ਰੱਬ ਜੀ ਆਪੇ ਹੀ ਸਾਡੇ `ਤੇ ਨਦਰ ਕਰਨਗੇ, ਸਾਨੂੰ ਹੋਰ ਕੋਈ ਵੀ ਉਦਮ ਕਰਨ ਦੀ ਜ਼ਰੂਰਤ ਨਹੀਂ
ਹੈ। ਸ਼ਬਦ ਦੀ ਵਿਚਾਰ ਨੂੰ ਸੁਰਤ ਵਿੱਚ ਬਿਠਾ ਕੇ ਉਹਦੇ ਅਨੁਸਾਰ ਚੱਲਣਾ ਹੈ। ਇਹ ਹਕੀਕਤ ਹੈ ਜਦੋਂ ਵੀ
ਮਨੁੱਖ ਆਪਸੀ ਵਿਚਾਰ ਕਰਦਾ ਹੈ ਤਾਂ ਤਰੱਕੀ ਦੀਆਂ ਮੰਜ਼ਿਲਾਂ ਤਹਿ ਕਰਦਾ ਹੈ। ‘ਨਦਰਿ ਤੇਰੀ ਵਿੱਚ
ਸੁਖੁ ਪਾਇਆ’ ਗੁਰ ਦੀ ਮਤ ਜੋ ਸ਼ਬਦ ਦੀ ਵਿਚਾਰ ਵਿਚੋਂ ਨਿਕਲਦੀ ਹੈ, ਅਨੁਸਾਰੀ ਹੋ ਤੁਰਨ ਵਿੱਚ ਸੁੱਖ
ਦੀ ਪ੍ਰਾਪਤੀ ਹੈ।
ਸੜਕਾਂ ਦੀ ਨਿਯਮਾਵਲੀ ਨੂੰ ਕਾਇਮ ਰੱਖਣ ਲਈ ਥਾਂ-ਪੁਰ-ਥਾਂ ਟ੍ਰੈਫਿਕ ਪੁਲੀਸ
ਲੱਗੀ ਹੋਈ ਦਿਸਦੀ ਹੈ। ਜਿਹੜਾ ਵੀ ਗਲਤ ਹੁੰਦਾ ਹੈ ਉਸ ਨੂੰ ਓਸੇ ਵੇਲੇ ਜੁਰਮਾਨੇ ਵਾਲੀ ਟਿਕਟ ਕੱਟ
ਹੱਥ ਫੜਾ ਦੇਂਦੇ ਹਨ। ਉਸ ਦਾ ਅਰਥ ਇਹ ਹੀ ਹੁੰਦਾ ਹੈ ਕਿ ਅਗਾਂਹ ਤੋਂ ਅਜੇਹੀ ਗਲਤੀ ਨਾ ਕਰਿਆ ਜੇ।
ਜੇ ਵਿਦਿਆਰਥੀ ਸਕੂਲੀ ਨਿਯਮਾਂ ਦੀ ਪਾਲਣਾ ਕਰਦਾ ਹੋਇਆ ਸਖਤ ਮਿਹਨਤ ਕਰਦਾ ਹੈ ਤਾਂ ਕੁਦਰਤੀ ਸੁੱਖ
ਹੋਏਗਾ। ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਗੁਰ-ਉਪਦੇਸ਼ ਵਿੱਚ ਤੁਰਨ ਵਾਲਾ ਹਮੇਸ਼ਾਂ ਹੀ ਸੁਖੀ
ਰਹਿੰਦਾ ਹੈ।
ਭਾਰਤ ਵਿੱਚ ਸੜਕੀ ਅਵਾਜਾਈ ਲਈ ਖੱਬੇ ਹੱਥ ਤੁਰਨ ਨੂੰ ਲਾਜ਼ਮੀ ਕਰਾਰ ਦਿੱਤਾ
ਹੋਇਆ ਹੈ ਪਰ ਅਮਰੀਕਾ ਵਿੱਚ ਏਸੇ ਸੜਕੀ ਆਵਾ ਜਾਈ ਲਈ ਸੱਜੇ ਹੱਥ ਤੁਰਨ ਦਾ ਕਨੂੰਨ ਬਣਿਆ ਹੋਇਆ ਹੈ।
ਹੁਣ ਆਪਣੀ ਮਤ ਪਿੱਛੇ ਤੁਰਨ ਵਾਲਾ ਖੱਬੇ ਹੱਥ ਤੁਰਨ ਦੀ ਬਜਾਏ ਸੱਜੇ ਹੱਥ ਭਾਰਤ ਵਿੱਚ ਤੁਰਨ ਦਾ ਯਤਨ
ਕਰੇਗਾ ਤਾਂ ਕੁਦਰਤੀ ਤੇਜ਼ ਗੱਡੀਆਂ ਦੀ ਮਾਰ ਹੇਠ ਆ ਕੇ ਹਸਪਤਾਲ ਦੇ ਬਿਸਤਰਿਆਂ ਨੂੰ ਭਾਗ ਲਗਾਏਗਾ--
ਮਨਮੁਖ
ਭੂਲੇ ਪਚਿ ਮੁਏ, ਉਬਰੇ ਗੁਰ ਬੀਚਾਰਿ॥
ਗੁਰਬਾਣੀ ਸਮਝਾ ਰਹੀ ਹੈ ਕਿ ਆਪਣੀਆਂ ਚੁਤਰਾਈਆਂ ਨੂੰ ਛੱਡ ਕੇ ਗੁਰ- ਸ਼ਬਦ ਦੀ
ਵਿਚਾਰ ਕਰਨ ਦਾ ਯਤਨ ਕਰ। ਗੁਰੂ ਰਸਤਾ ਦਿਖਾਂਲਦਾ ਹੈ ਜਿਸ ਦੁਆਰਾ ਵਿਕਾਰੀ ਜੀਵਨ ਤੋਂ ਬਚਿਆ ਜਾ
ਸਕਦਾ ਹੈ।
ਰੱਬ ਦਿਸਦਾ ਨਹੀਂ ਹੈ ਪਰ ਗੁਰੂ ਉਹਦੇ ਗੁਣਾਂ ਸਬੰਧੀ ਜਾਣਕਾਰੀ ਦੇ ਰਿਹਾ
ਹੈ। ਇਹ ਵੱਖਰੀ ਗੱਲ ਹੈ ਕਿ ਅਸੀਂ ਉਹਨਾਂ ਗੁਣਾਂ ਦੀ ਵਰਤੋਂ ਨਹੀਂ ਕਰ ਰਹੇ। ਮਿਸਾਲ ਦੇ ਤੌਰ `ਤੇ
ਸੰਤੋਖ ਨੂੰ ਹੀ ਲੈ ਲੈਂਦੇ ਹਾਂ। ਰੱਬ ਦਾ ਗੁਣ ਇੱਕ ਸੰਤੋਖ ਦਾ ਹੈ। ਗੁਰੂ ਜੀ ਨੇ ਸੰਤੋਖ ਸਮਝਾ
ਦਿੱਤਾ ਪਰ ਇਸ ਦੀ ਵਰਤੋਂ ਤੇ ਅਸਾਂ ਨੇ ਕਰਨ ਹੀ ਸੀ। ਮੰਨ ਲਓ ਇੱਕ ਤਸੀਲਦਾਰ ਹੈ ਉਸ ਨੂੰ ਸਰਕਾਰ
ਵਲੋਂ ਚਾਲੀ ਹਜ਼ਾਰ ਤਨਖਾਹ ਮਿਲ ਰਹੀ ਹੈ ਰਜਿਸਟਰੀ `ਤੇ ਦਸਤਖਤ ਕਰਨ ਦੇ ਪਰ ਉਹ ਵੀਹ ਵੀਹ ਹਜ਼ਾਰ ਕੇਵਲ
ਦਸਤਖਤ ਕਰਨ ਦੇ ਹੀ ਲੈ ਰਿਹਾ ਹੈ। ਕਹਿਣਾ ਪਏਗਾ ਇਸ ਨੂੰ ਰੱਬ ਦਿਸਦਾ ਨਹੀਂ ਹੈ—
ਜਿ ਪੁਰਖੁ ਨਦਰਿ ਨ ਆਵਈ, ਤਿਸ ਕਾ ਕਿਆ ਕਰਿ ਕਹਿਆ ਜਾਇ॥
ਰੱਬ ਤਾਂ ਸਾਡੇ ਸੁਭਾਅ ਵਿਚੋਂ ਪ੍ਰਗਟ ਹੋਣਾ ਸੀ। ਮਨੁੱਖ ਜਾਣਦਾ ਹੋਇਆ ਤੇ
ਦੋ ਅੱਖਾਂ ਰੱਖਦਾ ਹੋਇਆ ਵੀ ਖੱਬੇ ਤੁਰਨ ਦੀ ਬਜਾਏ ਸੱਜੇ ਹੱਥ ਨੂੰ ਤੁਰ ਰਿਹਾ ਹੈ ਤਾਂ ਇਸ ਨੂੰ ਕੀ
ਕਿਹਾ ਜਾ ਸਕਦਾ ਹੈ। ਸਾਹਮਣੇ ਪਈ ਹੋਈ ਵਸਤੂ ਬੰਦੇ ਨੂੰ ਨਜ਼ਰ ਨਹੀਂ ਆ ਰਹੀ ਤਾਂ ਮਚਲਾ ਹੀ ਹੋ ਸਕਦਾ
ਹੈ। ਅੱਜ ਤੋਂ ਕੁੱਝ ਸਮਾਂ ਪਹਿਲਾਂ ਟੈਲੀਫੂਨ ਅਪਰੇਟਰਾਂ ਦੁਆਰਾ ਮਿਲਾਇਆ ਜਾਂਦਾ ਸੀ। ਦਿੱਲੀ ਤੋਂ
ਬੰਬੇ ਲਈ ਇੱਕ ਵਿਆਕਤੀ ਨੇ ਮਹਿਕਮੇ ਰਾਂਹੀ ਟੈਲੀਫੂਨ ਮਿਲਾਇਆ, ਰਸਮੀ ਹਾਲ ਚਾਲ ਪੁੱਛਣ `ਤੇ ਅਗਲੀ
ਗੱਲ ਵਲ ਵੱਧਦਿਆਂ ਦਿੱਲੀ ਵਾਲਾ ਵਪਾਰੀ ਕਹਿੰਦਾ ਭਈ ਫਿਰ ਪੇਮੈਂਟ ਭੇਜ ਦੇਣੀ ਸੀ। ਬੰਬੇ ਵਾਲਾ
ਕਹਿੰਦਾ ਭਾਈ ਜੀ ਉੱਚੀ ਬੋਲਿਆ ਜੇ ਸੁਣ ਨਹੀਂ ਰਿਹਾ। ਅਪ੍ਰੇਟਰ ਕਹਿੰਦਾ ਕਿ ਭਈ ਅਜੇ ਹੁਣ ਤਾਂ
ਸੁਣਦਾ ਸੀ। ਬੰਬੇ ਵਾਲਾ ਵਪਾਰੀ ਕਹਿੰਦਾ ਤੈਨੂੰ ਸੁਣਦਾ ਹੈ ਤਾਂ ਅਪ੍ਰੇਟਰ ਕਹਿੰਦਾ ਹਾਂ ਮੈਨੂੰ
ਸੁਣਦਾ ਹੈ। ਤਾਂ ਫਿਰ ਬੰਬੇ ਵਾਲਾ ਕਹਿੰਦਾ ਕਿ ਜੇ ਤੈਨੂੰ ਸੁਣਦਾ ਹੈ ਤਾਂ ਫਿਰ ਪੈਸੇ ਦੇ ਦੇ। ਅਸੀਂ
ਘੇਸਲ ਵੱਟੀ ਹੋਈ ਹੈ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣਦੇ ਹੀ ਨਹੀਂ ਹਾਂ ਕਿਉਂਕਿ ਹੰਕਾਰ ਦਾ ਗਲੇਫ
ਚੜਿਆ ਹੋਇਆ ਹੈ। ਫਿਰ ਰੱਬ ਜੀ ਨੂੰ ਕਦੋਂ ਸਮਝਾਂਗੇ?
ਰੱਬ ਜੀ ਸਾਡੇ ਤੋਂ ਦੂਰ ਨਹੀਂ ਹਨ। ਉਹ ਤਾਂ ਸਾਡੇ ਹਿਰਦੇ ਵਿੱਚ ਹੀ ਬੈਠਾ
ਹੋਇਆ ਹੈ। ਮੈਂ ਸਦਕੇ ਜਾਂਦਾ ਹਾਂ ਆਪਣੇ ਗੁਰੂ ਤੋਂ ਨੇ ਆਤਮਕ ਸੂਝ ਬਖਸ਼ਿਸ਼ ਕੀਤੀ ਜ਼ਿੰਦਗੀ ਦਾ ਸਹੀ
ਰਸਤਾ ਦਿਖਾ ਦਿੱਤਾ—
ਬਲਿਹਾਰੀ ਗੁਰ ਆਪਣੇ, ਜਿਨਿ ਹਿਰਦੈ ਦਿਤਾ ਦਿਖਾਇ॥
ਰੱਬ ਜੀ ਦੈਵੀ ਗੁਣਾਂ ਦੇ ਰੂਪ ਵਿੱਚ ਸਾਡੀ ਚੇਤੰਤਾ ਵਿੱਚ
ਪਏ ਹਨ। ਇਹਨਾਂ ਦੈਵੀ ਗੁਣਾਂ ਸਦਕਾ ਮੈਨੂੰ ਸਮਝ ਆ ਗਈ ਕਿ ਸਾਰੇ ਸੰਸਾਰ ਵਿੱਚ ਉਸ ਦੀ ਨਿਯਮਾਵਲੀ
ਚੱਲ ਰਹੀ ਹੈ ਜਿਸ ਨੂੰ ਮਿਟਾਇਆ ਨਹੀਂ ਜਾ ਸਕਦਾ। ਮੈਨੂੰ ਆਪਣੇ ਬਾਰੇ ਵਿੱਚ ਵੀ ਸਮਝ ਆ ਗਈ ਤੇ ਨਫ਼ਰਤ
ਵਰਗੀਆਂ ਬਿਮਾਰੀਆਂ ਤੋਂ ਕਿਨਾਰਾ ਹੋਇਆ।