ੴਸਤਿਗੁਰਪ੍ਰਸਾਦਿ
ਗੁਰਬਾਣੀ ਵਿੱਚ ਸੰਤ, ਸਾਧ, ਮਹਾਂਪੁਰਖ, ਬ੍ਰਹਮਗਿਆਨੀ ਅਤੇ ਬਾਬਾ ਸ਼ਬਦ ਕਿਸ
ਵਾਸਤੇ ਵਰਤੇ ਗਏ ਹਨ?
ਅਜ ਸਿੱਖ ਕੌਮ ਵਿੱਚ ਅਖੌਤੀ ਸੰਤਾਂ, ਮਹਾਂਪੁਰਖਾਂ, ਬ੍ਰਹਮਗਿਆਨੀਆਂ ਦਾ
ਹੜ੍ਹ ਆ ਗਿਆ ਹੈ। ਹਰ ਬਾਬੇ ਨੇ ਆਪਣਾ ਕੋਈ ਨਾ ਕੋਈ ਡੇਰਾ ਬਣਾਇਆ ਹੋਇਆ ਹੈ। ਕਈਆਂ ਦੇ ਤਾਂ ਕਈ ਕਈ
ਡੇਰੇ ਹਨ। ਪੰਜਾਬ ਦਾ ਤਾਂ ਸ਼ਾਇਦ ਕੋਈ ਐਸਾ ਸ਼ਹਿਰ, ਨਗਰ, ਪਿੰਡ ਨਹੀਂ ਹੋਣਾ ਜਿਥੇ ਕਿਸੇ ਐਸੇ ਅਖੌਤੀ
ਬਾਬੇ ਦਾ ਡੇਰਾ ਨਾ ਹੋਵੇ। ਇਸ ਲਈ ਅਸੀਂ ਇਨ੍ਹਾਂ ਅਖੌਤੀ ਸੰਤਾ, ਬਾਬਿਆਂ ਦੇ ਪਸਾਰੇ ਨੂੰ ਡੇਰਾਵਾਦ
ਦੇ ਨਾਂ ਨਾਲ ਸੰਬੋਧਤ ਕਰਦੇ ਹਾਂ। ਅਜ ਸਿੱਖ ਗੁਰਦੁਆਰੇ ਘੱਟ ਅਤੇ ਇਨ੍ਹਾਂ ਡੇਰਿਆਂ ਵਿੱਚ ਵਧੇਰੇ
ਜਾਂਦੇ ਹਨ। ਉਹ ਇਨ੍ਹਾਂ ਡੇਰਿਆਂ ਵਿੱਚ ਜਾਣ ਨੂੰ ਹੀ ਗੁਰਦੁਆਰੇ ਜਾਣਾ ਸਮਝਦੇ ਹਨ। ਸਿੱਖ ਕੌਮ ਨੂੰ
ਇਹ ਡੇਰਾਵਾਦ ਰੂਪੀ ਖਤਰਨਾਕ ਰੋਗ ਲੱਗ ਗਿਆ ਹੈ। ਬਿਲਕੁਲ ਉਵੇਂ ਜਿਵੇਂ ਕਿਸੇ ਮਨੁੱਖ ਨੂੰ ਕੈਂਸਰ ਦਾ
ਰੋਗ ਲੱਗ ਜਾਵੇ, ਤਾਂ ਉਸ ਦਾ ਸ਼ਰੀਰ ਹਰ ਦਿਨ ਨਿਘਰਦਾ ਜਾਂਦਾ ਹੈ, ਅਜ ਸਿੱਖ ਕੌਮ ਵੀ ਹਰ ਦਿਨ ਨਿਘਾਰ
ਵੱਲ ਜਾ ਰਹੀ ਹੈ। ਜੇ ਫੌਰਨ ਹੀ ਇਸ ਕੌਮੀ ਰੋਗ ਦਾ ਕੋਈ ਸਾਰਥਕ ਇਲਾਜ ਨਾ ਲਭਿਆ ਗਿਆ ਤਾਂ ਨਤੀਜਾ
ਉਹੀ ਹੋ ਸਕਦਾ ਹੈ, ਜੋ ਕੈਂਸਰ ਦੇ ਰੋਗੀ ਦਾ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ
ਬਾਣੀ ਵੀ ਸਾਨੂੰ ਚੇਤੰਨ ਕਰਦੀ ਹੈ:
“ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥” (ਮਹਲਾ 1, ਪੰਨਾ 417)
“ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ॥” (ਕਬੀਰ ਜੀ, ਪੰਨਾ
727)
ਵੈਸੇ ਨਾ ਤਾਂ ਅਸੀਂ ਅਗੋਂ ਚੇਤੰਨ ਵਾਲੀ ਗੱਲ ਕੀਤੀ ਹੈ ਅਤੇ ਨਾ ਹੀ ਹਰ ਰੋਜ਼
ਦਿਲ ਖੋਜਣ ਵਾਲੀ। ਇਸ ਵੇਲੇ ਤਾਂ ਪਾਣੀ ਸਿਰੋਂ ਲੰਘ ਚੁੱਕਾ ਹੈ। ਚਲੋ ਹੁਣ ਹੀ ਕੁੱਝ ਗਹਿਰ ਗੰਭੀਰ
ਵਿਚਾਰ ਕਰ ਲਈਏ।
ਇਨ੍ਹਾਂ ਡੇਰੇਦਾਰਾਂ ਨੂੰ ਅਕਸਰ ਸੰਤ, ਪੂਰਨ ਸੰਤ, ਮਹੰਤ, ਬਾਬਾ,
ਮਹਾਂਪੁਰਖ, ਬ੍ਰਹਮਗਿਆਨੀ ਆਦਿ ਨਾਵਾਂ ਨਾਲ ਸੰਬੋਧਿਤ ਕੀਤਾ ਜਾਂਦਾ ਹੈ। ਆਪਣੇ ਆਪ ਨੂੰ ਹੋਰ ਵੱਡਾ,
ਸਤਿਕਾਰਤ ਅਤੇ ਮਹੱਤਵ ਪੂਰਨ ਦਰਸਾਉਣ ਲਈ ਕਈ, ਇਸ ਤੋਂ ਪਹਿਲਾਂ ਆਪਣੇ ਨਾਂ ਨਾਲ 108, 1008 ਆਦਿ
ਡਿਗਰੀਆਂ ਵੀ ਜੋੜ ਲੈਂਦੇ ਹਨ। ਮੈਂ ਇੱਕ ਐਸੇ ਹੀ ਨਵੇਂ ਬਣੇ ਅਖੌਤੀ ਸੰਤ, ਜੋ ਆਪਣੇ ਵੱਡੇ ਬਾਬੇ ਦੇ
ਮਰਨ ਤੇ, ਕਈ ਹੋਰ ਚੇਲਿਆਂ ਦੇ ਲੜਾਈ ਝਗੜੇ ਤੋਂ ਬਾਅਦ ਬਣੀਆਂ, ਤਿੰਨ ਗੱਦੀਆਂ ਚੋਂ ਇੱਕ ਤੇ ਕਾਬਜ਼
ਹੋਇਆ ਸੀ, ਨੂੰ ਪੁੱਛਿਆ ਕਿ ਤੁਸੀਂ ਆਪਣੇ ਨਾਂ ਨਾਲ ਇਹ ਜੋ 108 ਸ਼ਬਦ ਲਾਉਂਦੇ ਹੋ, ਇਸ ਦਾ ਕੀ ਮਤਲਬ
ਹੈ? ਉਹ ਮੇਰੇ ਨੇੜੇ ਜਿਹੇ ਹੋ ਕੇ ਕਹਿਣ ਲੱਗਾ, ਭਾਈ ਸਾਹਿਬ! ਸਾਨੂੰ ਨਹੀਂ ਜੇ ਪਤਾ, ਪਹਿਲਾਂ ਵੱਡੇ
ਮਹਾਂਪੁਰਖ ਆਪਣੇ ਨਾਂ ਨਾਲ ਲਾਉਂਦੇ ਸਨ, ਹੁਣ ਅਸੀਂ ਗੱਦੀ ਤੇ ਬੈਠੇ ਹਾਂ, ਅਸੀਂ ਲਾਉਣਾ ਸ਼ੁਰੂ ਕਰ
ਦਿੱਤਾ। ਇਹ ਸਾਡੇ ਡੇਰੇ ਦੇ ਮਹਾਂਪੁਰਖਾਂ ਨਾਲ ਪਹਿਲੇ ਤੋਂ ਚਲਿਆ ਆਉਂਦਾ ਹੈ। ਇਹੀ 108, 1008 ਦੇ
ਅੰਕ ਹਿੰਦੂ ਕੌਮ ਦੇ ਸਾਧ ਵੀ ਆਪਣੀਆਂ ਡਿਗਰੀਆਂ ਦੇ ਤੌਰ ਤੇ ਵਰਤਦੇ ਹਨ। ਮੈਂ ਇੱਕ ਹਿੰਦੂ ਵਿਦਵਾਨ
ਕੋਲੋਂ ਇਸ ਦੀ ਸਪੱਸ਼ਟਤਾ ਲੈਣੀ ਚਾਹੀ, ਤਾਂ ਉਹ ਕਹਿਣ ਲੱਗਾ, ਜੇ ਸਾਰੇ ਵੇਦਾਂ, ਸਿਮ੍ਰਤੀਆਂ,
ਸ਼ਾਸਤਰਾਂ ਦਾ ਜੋੜ ਕਰ ਲਈਏ ਤਾਂ ਇਹ ਕੁਲ 108 ਬਣਦਾ ਹੈ, ਸੋ ਜੋ ਆਪਣੇ ਨਾਂ ਨਾਲ 108 ਲਿਖਦਾ ਹੈ,
ਉਸ ਦਾ ਭਾਵ ਹੈ ਉਸ ਨੇ ਇਹ ਸਾਰੇ ਗ੍ਰੰਥ ਪੜ੍ਹੇ ਹੋਏ ਹਨ। ਜਦੋਂ ਮੈਂ 1008 ਬਾਰੇ ਪੁਛਿਆ ਤਾਂ ਉਹ
ਬੇਵਿਸ਼ਵਾਸੀ ਜਿਹੀ ਨਾਲ ਕਹਿਣ ਲੱਗਾ, ਜੇ ਸਾਰੇ ਧਰਮ ਗ੍ਰੰਥਾਂ ਦਾ ਜੋੜ ਕਰ ਲਈਏ ਤਾਂ ਸ਼ਾਇਦ 1008
ਬਣਦਾ ਹੈ, ਸੋ ਜਿਸ ਨੇ ਸਾਰੇ ਧਰਮ ਗ੍ਰੰਥ ਪੜ੍ਹੇ ਹੋਣ, ਉਹ 1008 ਲਿਖਣ ਦਾ ਅਧਿਕਾਰੀ ਹੋਣਾ ਚਾਹੀਦਾ
ਹੈ। ਕੁੱਝ ਵੀ ਕਹਿ ਲਈਏ, ਇਨ੍ਹਾਂ ਅੰਕਾਂ ਦਾ ਸਿੱਖ ਧਰਮ ਨਾਲ ਨੇੜੇ ਤੇੜੇ ਦਾ ਕੋਈ ਸਬੰਧ ਨਹੀਂ, ਇਹ
ਕੇਵਲ ਆਪਣੇ ਆਪ ਨੂੰ ਬਹੁਤ ਮਹਾਨ ਦਰਸਾ ਕੇ, ਸਾਧਾਰਨ ਜਨਤਾ ਨੂੰ ਮੂਰਖ ਬਨਾਉਣ ਦਾ ਇੱਕ ਸਾਧਨ ਮਾਤਰ
ਹਨ।
ਆਪਣੇ ਆਪ ਨੂੰ ਧਰਮ ਦਾ ਠੇਕੇਦਾਰ ਸਾਬਤ ਕਰਨ ਲਈ, ਅਕਸਰ ਇਹ ਆਖਿਆ ਜਾਂਦਾ ਹੈ
ਕਿ ਗੁਰਬਾਣੀ ਵੀ ਸੰਤ ਦੀ ਬੇਅੰਤ ਮਹਿਮਾ ਦਸਦੀ ਹੈ। ਗੁਰਬਾਣੀ ਦੇ ਭਰਵੇਂ ਪ੍ਰਮਾਣ ਦਿੱਤੇ ਜਾਂਦੇ
ਹਨ। ਜਿਵੇਂ:
“ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰੁ॥” {ਗਉੜੀ ਸੁਖਮਨੀ ਮਹਲਾ 5,
ਪੰਨਾ 279}
ਪ੍ਰਮਾਣ ਸੁਣਾ ਕੇ ਕਹਿੰਦੇ ਹਨ, ਜੋ ਵਿਅਕਤੀ ਸਾਡੀ ਸ਼ਰਨ ਵਿੱਚ ਆ ਜਾਵੇਗਾ,
ਉਸ ਦੇ ਜੀਵਨ ਦਾ ਉਧਾਰ ਹੋ ਜਾਵੇਗਾ।
“ਹਰਿ ਕੇ ਸੰਤ ਸੰਤ ਭਲ ਨੀਕੇ ਮਿਲਿ ਸੰਤ ਜਨਾ ਮਲੁ ਲਹੀਆ॥” (ਰਾਗੁ ਕਾਨੜਾ
ਚਉਪਦੇ ਮਹਲਾ 4, ਪੰਨਾ 294)
ਪ੍ਰਮਾਣ ਸੁਣਾਕੇ ਪ੍ਰਚਾਰਦੇ ਹਨ ਕਿ ਸਾਡੇ ਡੇਰੇ ਤੇ ਆਉਣ ਵਾਲਿਆਂ ਦੀ ਜਨਮਾਂ
ਜਨਮਾਂ ਦੀ ਪਾਪਾਂ ਦੀ ਮੈਲ ਲਹਿ ਜਾਂਦੀ ਹੈ, ਅਤੇ
“ਸੰਤ ਰੇਨੁ ਨਿਤਿ ਮਜਨੁ ਕਰੈ॥ ਜਨਮ ਜਨਮ ਕੇ ਕਿਲਬਿਖ ਹਰੈ॥ 1॥” (ਕਾਨੜਾ
ਮਹਲਾ 5, ਪੰਨਾ 1300)
ਆਦਿ, ਪ੍ਰਮਾਣ ਸੁਣਾਕੇ ਇਨ੍ਹਾਂ ਦੇ ਚੇਲੇ ਚਾਟੇ ਭੋਲੇ-ਭਾਲੇ ਸਿੱਖਾਂ ਨੂੰ
ਇਨ੍ਹਾਂ ਦੇ ਚਰਨਾ ਉਤੇ ਮੱਥੇ ਟੇਕਣ ਲਈ ਪ੍ਰੇਰਦੇ ਹਨ ਅਤੇ ਇਨ੍ਹਾਂ ਠੱਗ ਮਹਾਂਪੁਰਖਾਂ ਦੀ ਚਰਨ ਧੂੜ
ਲੈਣ ਲਈ ਉਕਸਾਂਦੇ ਹਨ।
ਅਤੇ ਜੋ ਇਨ੍ਹਾਂ ਦੇ ਪਾਜ ਉਘੇੜਨ ਦੀ ਕੋਸ਼ਿਸ਼ ਕਰਦਾ ਹੈ, ਉਸ ਨੂੰ ਸੰਤ ਨਿੰਦਕ
ਕਹਿ ਕੇ ਖੂਬ ਭੰਡਿਆ ਜਾਂਦਾ ਹੈ। ਉਸ ਨੂੰ ਮਾੜਾ ਸਾਬਿਤ ਕਰਨ ਲਈ ਵੀ ਸੁਖਮਨੀ ਬਾਣੀ ਦੀ ਇੱਕ ਅਸ਼ਟਪਦੀ
ਸਮੇਤ ਗੁਰਬਾਣੀ ਦੇ ਬੇਅੰਤ ਪ੍ਰਮਾਣ ਦਿੱਤੇ ਜਾਂਦੇ ਹਨ। ਜਿਵੇਂ:
“ਸੰਤ ਕਾ ਨਿੰਦਕੁ ਮਹਾ ਅਤਤਾਈ॥ ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ॥ ਸੰਤ
ਕਾ ਨਿੰਦਕੁ ਮਹਾ ਹਤਿਆਰਾ॥ ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ॥” {ਗਉੜੀ ਸੁਖਮਨੀ ਮਹਲਾ 5, ਪੰਨਾ
280}
“ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ॥ 1॥” {ਗਉੜੀ ਸੁਖਮਨੀ ਮਹਲਾ
5, ਪੰਨਾ 279}
ਕੌਣ ਸੰਤ ਹੈ ਅਤੇ ਕੌਣ ਨਿੰਦਕ? ਇਹ ਨਿਰਣਾ ਕਰਨ ਲਈ, ਸਭ ਤੋਂ ਪਹਿਲਾਂ ਇਹ
ਵੇਖਣਾ ਪਵੇਗਾ ਕਿ ਗੁਰਬਾਣੀ ਦੇ ਵਿੱਚ ਸੰਤ, ਸਾਧ, ਮਹਾਂਪੁਰਖ, ਬ੍ਰਹਮਗਿਆਨੀ, ਬਾਬਾ ਆਦਿ ਸ਼ਬਦ ਕਿਸ
ਸੰਧਰਭ ਵਿੱਚ ਅਤੇ ਕਿਸ ਦੇ ਵਾਸਤੇ ਆਏ ਹਨ:
ਸੁਖਮਨੀ ਬਾਣੀ ਦੀ 23ਵੀਂ ਅਸ਼ਟਪਦੀ ਦੀ ਚੌਥੀ ਪਉੜੀ ਵਿੱਚ ਸੰਤ ਦੀ ਬਹੁਤ ਵਡਿਆਈ ਕੀਤੀ ਗਈ ਹੈ। ਇਸ
ਨੂੰ ਅਤੇ ਗੁਰਬਾਣੀ ਦੀਆਂ ਕੁੱਝ ਹੋਰ ਪੰਕਤੀਆਂ, ਦਸ ਦਸ ਕੇ ਇਹ ਅਖੌਤੀ ਸੰਤ ਆਪਣੀ ਪੂਜਾ ਕਰਵਾ ਰਹੇ
ਹਨ। ਆਓ ਪਹਿਲਾਂ ਵੇਖੀਏ ਕਿ ਗੁਰਬਾਣੀ ਵਿੱਚ ‘ਸੰਤ’ ਸ਼ਬਦ ਕਿਸ ਦੇ ਵਾਸਤੇ ਵਰਤਿਆ ਗਿਆ ਹੈ। ‘ਸੰਤ’
ਸ਼ਬਦ ਗੁਰਬਾਣੀ ਵਿੱਚ ਦੋ ਰੂਪਾਂ ਵਿੱਚ ਆਇਆ ਹੈ, ਇਕ-ਵਚਨ ਅਤੇ ਬਹੁ-ਵਚਨ। ਸੰਤ ਸ਼ਬਦ ਜਦੋਂ ਇੱਕ ਵਚਨ
ਵਿੱਚ ਆਇਆ ਹੈ, ਤਾਂ ਅਕਾਲ-ਪੁਰਖ ਜਾਂ ਸਤਿਗੁਰੂ ਵਾਸਤੇ ਆਇਆ ਹੈ। ਇਸ ਦੇ ਗੁਰਬਾਣੀ ਵਿੱਚ ਬੇਅੰਤ
ਪ੍ਰਮਾਣ ਹਨ:
ਅਕਾਲ ਪੁਰਖ- ਸੰਤ:
ਗੱਲ ਨੂੰ ਪੂਰੀ ਤਰ੍ਹਾਂ ਸਮਝਣ ਲਈ ਹੇਠਲੇ ਪ੍ਰਮਾਣਾ ਵੱਲ ਧਿਆਨ ਦੇਈਏ:
“ਭਾਗੁ ਹੋਆ ਗੁਰਿ ਸੰਤੁ ਮਿਲਾਇਆ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ॥ {ਮਾਝ
ਮਹਲਾ 5, ਪੰਨਾ 97}
ਮੇਰੇ ਭਾਗ ਜਾਗ ਪਏ ਹਨ, ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪਰਮਾਤਮਾ ਮਿਲਾ
ਦਿੱਤਾ ਹੈ (ਗੁਰੂ ਦੀ ਕਿਰਪਾ ਨਾਲ ਉਸ) ਅਬਿਨਾਸੀ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿੱਚ ਹੀ ਲੱਭ ਲਿਆ
ਹੈ।
ਇਥੇ ਗੁਰਿ ਦੇ ਰਾਰੇ ਨੂੰ ਸਿਹਾਰੀ ਹੈ, ਜਿਸ ਦਾ ਭਾਵ ਹੈ ਗੁਰੂ ਮਿਲਾਉਣ
ਵਾਲਾ ਹੈ, ਜਿਸ ਸੰਤ ਨੂੰ ਮਿਲਾਇਆ ਹੈ, ਉਹ ਦੂਜੀ ਪੰਗਤੀ ਵਿੱਚ ਸਪੱਸ਼ਟ ਹੈ, ‘ਪ੍ਰਭੁ ਅਬਿਨਾਸੀ’।
ਇਸੇ ਤਰ੍ਹਾਂ ਹੇਠਲੇ ਦੋਹਾਂ ਪ੍ਰਮਾਣਾਂ ਵਿੱਚ ਗੁਰੂ ਨੇ ਜਿਸ ਸੰਤ ਨਾਲ ਮਿਲਾਇਆ ਹੈ, ਉਸ ਦੀ ਸਪਸ਼ਟਤਾ
ਸਤਿਗੁਰੂ ਨੇ ਨਾਲ ਹੀ ਦੇ ਦਿੱਤੀ ਹੈ, ‘ਹਰਿ’ ਭਾਵ ‘ਅਕਾਲ-ਪੁਰਖ’
“ਮੇਰਾ ਪ੍ਰੀਤਮੁ ਮਿਤ੍ਰੁ ਹਰਿ ਪੁਰਖੁ ਸੁਜਾਣੁ ਜੀਉ॥ ਗੁਰੁ ਮੇਲੇ ਸੰਤ ਹਰਿ
ਸੁਘੜੁ ਸੁਜਾਣੁ ਜੀਉ॥” {ਗਉੜੀ ਮਾਝ ਮਹਲਾ 4, ਪੰਨਾ 175}
(ਮੈਨੂੰ ਯਕੀਨ ਬਣ ਚੁਕਾ ਹੈ ਕਿ) ਸੁਜਾਨ ਹਰੀ ਪੁਰਖ ਹੀ ਮੇਰਾ ਪ੍ਰੀਤਮ ਹੈ,
ਮੇਰਾ ਮਿੱਤਰ ਹੈ। ਗੁਰੂ ਹੀ ਉਸ ਸੰਤ ਸੁਜਾਨ ਸੁਘੜ ਹਰੀ ਨਾਲ ਮਿਲਾਂਦਾ ਹੈ।
“ਆਨੰਦ ਕਰਿ ਸੰਤ ਹਰਿ ਜਪਿ॥” {ਰਾਮਕਲੀ ਮਹਲਾ 5, ਪੰਨਾ 895}
ਸੰਤ-ਹਰੀ ਦਾ ਨਾਮ ਜਪਿਆ ਕਰ ਤੇ (ਇਸ ਤਰ੍ਹਾਂ) ਆਤਮਕ ਆਨੰਦ (ਸਦਾ) ਮਾਣ
।
ਗੁਰੂ- ਸੰਤ
“ਹਰਿ ਕਾ ਸੰਤੁ ਸਤਗੁਰੁ ਸਤ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ॥ ਜੋ ਜੋ ਕਹੈ
ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ॥” {ਧਨਾਸਰੀ ਮਹਲਾ 4, ਪੰਨਾ 667}
ਹੇ ਭਾਈ
!
ਗੁਰੂ ਮਹਾਂ ਪੁਰਖ ਹੈ, ਗੁਰੂ ਪਰਮਾਤਮਾ ਦਾ ਸੰਤ ਹੈ, ਜੇਹੜਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ
ਉਚਾਰਦਾ ਹੈ। ਜੇਹੜਾ ਜੇਹੜਾ ਮਨੁੱਖ ਇਸ ਬਾਣੀ ਨੂੰ ਪੜ੍ਹਦਾ ਸੁਣਦਾ ਹੈ, ਉਹ ਪਾਪਾਂ ਤੋਂ ਮੁਕਤ ਹੋ
ਜਾਂਦਾ ਹੈ। ਹੇ ਭਾਈ !
ਮੈਂ ਉਸ ਗੁਰੂ ਤੋਂ ਸਦਾ ਸਦਕੇ ਹਾਂ।
“ਗੁਰੁ ਸੰਤੁ ਪਾਇਆ ਪ੍ਰਭੁ ਧਿਆਇਆ ਸਗਲ ਇਛਾ ਪੁੰਨੀਆ॥” {ਰਾਗੁ ਸੂਹੀ ਛੰਤ
ਮਹਲਾ 5, ਪੰਨਾ 778}
ਜਿਨ੍ਹਾਂ ਨੂੰ ਸੰਤ-ਗੁਰੂ ਮਿਲ ਪਿਆ, ਉਹਨਾਂ ਨੇ ਪ੍ਰਭੂ ਦਾ ਨਾਮ ਸਿਮਰਨਾ
ਸ਼ੁਰੂ ਕਰ ਦਿੱਤਾ, ਉਹਨਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣ ਲੱਗ ਪਈਆਂ।
“ਹਰਿ ਕਾ ਮਾਰਗੁ ਗੁਰ ਸੰਤਿ ਬਤਾਇਓ ਗੁਰਿ ਚਾਲ ਦਿਖਾਈ ਹਰਿ ਚਾਲ॥” {ਨਟ
ਮਹਲਾ 4, ਪੰਨਾ 977}
ਹੇ ਭਾਈ
!
ਸੰਤ-ਗੁਰੂ ਨੇ ਪਰਮਾਤਮਾ ਨੂੰ ਮਿਲਣ ਦਾ ਰਸਤਾ ਦੱਸਿਆ ਹੈ, ਗੁਰੂ ਨੇ ਪਰਮਾਤਮਾ ਦੇ ਰਾਹ ਉਤੇ ਤੁਰਨ
ਦੀ ਜਾਚ ਸਿਖਾਈ ਹੈ।
ਕਿਸੇ ਭੁਲੇਖੇ ਦੀ ਕੋਈ ਗੁੰਜਾਇਸ਼ ਹੀ ਨਹੀਂ, ਉਪਰਲੇ ਪ੍ਰਮਾਣਾਂ ਵਿੱਚ,
ਪਹਿਲੀ ਪੰਗਤੀ ਵਿੱਚ ਹੀ ਸਪੱਸ਼ਟ ਹੈ ਕਿ ਜਿਸ ਸੰਤ ਦੀ ਗੱਲ ਹੋ ਰਹੀ ਹੈ, ਉਹ ਹੋਰ ਕੋਈ ਨਹੀਂ ਸਿਰਫ
ਸਤਿਗੁਰੂ ਹੈ। ਇਸੇ ਤਰ੍ਹਾਂ ਹੇਠਲੇ ਪ੍ਰਮਾਣ ਵਿੱਚ, ਪਹਿਲੀ ਪੰਕਤੀ ਵਿੱਚ ਜੇ ਇਹ ਸਮਝਾਇਆ ਗਿਆ ਹੈ,
ਕਿ ਭਾਗਾਂ ਵਾਲੇ ਵਿਅਕਤੀ ਨੂੰ ਪਰਮਾਤਮਾ, ਸੰਤ ਨਾਲ ਮਿਲਾ ਦੇਂਦਾ ਹੈ ਤਾਂ ਦੂਸਰੀ ਪੰਕਤੀ ਵਿਚੋਂ
ਨਾਲ ਹੀ ਸਪਸ਼ਟ ਕਰ ਦਿੱਤਾ ਹੈ, ਕਿ ਉਹ ਸੰਤ ਗੁਰੂ ਤੇ ਕੇਵਲ ਗੁਰੂ ਹੈ।
“ਵਡਭਾਗੀ ਹਰਿ ਸੰਤੁ ਮਿਲਾਇਆ॥ ਗੁਰਿ ਪੂਰੈ ਹਰਿਰਸੁ ਮੁਖਿ ਪਾਇਆ॥
ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖ ਗਰਭ ਜੂਨੀ ਨਿਤਿ ਪਉਦਾ ਜੀਉ॥” {ਮਾਝ
ਮਹਲਾ 4, ਪੰਨਾ 95}
ਮੇਰੇ ਵੱਡੇ ਭਾਗਾਂ ਨਾਲ ਪਰਮਾਤਮਾ ਨੇ ਮੈਨੂੰ ਗੁਰੂ ਮਿਲਾ ਦਿੱਤਾ, ਤੇ (ਉਸ)
ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ-ਰਸ ਮੇਰੇ ਮੂੰਹ ਵਿੱਚ ਪਾ ਦਿੱਤਾ ਹੈ। ਨਿਭਾਗੇ ਬੰਦਿਆਂ ਨੂੰ ਹੀ
ਸਤਿਗੁਰੂ ਨਹੀਂ ਮਿਲਦਾ। ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਰਹਿੰਦਾ ਹੈ, ਉਹ ਸਦਾ ਜੂਨਾਂ
ਦੇ ਗੇੜ ਵਿੱਚ ਪਿਆ ਰਹਿੰਦਾ ਹੈ।
ਹੇਠਲੇ ਦੋ ਪ੍ਰਮਾਣਾਂ ਵਿੱਚ, ਪਹਿਲੀ ਪੰਕਤੀ ਵਿੱਚ ਗੁਰੂ ਦੀ ਬਖਸ਼ਿਸ਼ ਦੀ ਗੱਲ
ਕੀਤੀ ਗਈ ਹੈ, ਤਾਂ ਦੂਸਰੀ ਪੰਕਤੀ ਵਿੱਚ ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਨੂੰ ਸੰਤ ਕਹਿ ਕੇ ਸੰਬੋਧਿਤ
ਕੀਤਾ ਗਿਆ ਹੈ:
“ਜੋ ਗੁਰਿ ਦੀਆ ਸੁ ਮਨ ਕੈ ਕਾਮਿ॥ ਸੰਤ ਕਾ ਕੀਆ ਸਤਿ ਕਰਿ ਮਾਨਿ॥” {ਗਉੜੀ
ਗੁਆਰੇਰੀ ਮਹਲਾ 5, ਪੰਨਾ 177}
(ਹੇ ਭਾਈ
!)
ਜੋ (ਉਪਦੇਸ਼) ਗੁਰੂ ਨੇ ਦਿੱਤਾ ਹੈ, ਉਹ (ਹਰੇਕ ਮਨੁੱਖ ਦੇ) ਮਨ ਦੇ ਕੰਮ ਆਉਂਦਾ ਹੈ, (ਇਸ ਵਾਸਤੇ,
ਹੇ ਭਾਈ !) ਗੁਰੂ ਦੇ
ਕੀਤੇ ਹੋਏ (ਇਸ ਉਪਕਾਰ ਨੂੰ) ਸਦਾ ਨਾਲ ਨਿਭਣ ਵਾਲਾ ਸਮਝ।
“ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ॥ ਹਰਿ ਕਿਰਪਾ ਤੇ ਸੰਤ
ਭੇਟਿਆ ਨਾਨਕ ਮਨਿ ਪਰਗਾਸੁ॥” {ਗਉੜੀ ਸੁਖਮਨੀ ਮਃ 5, ਪੰਨਾ 293}
(ਜਿਸ ਮਨੁੱਖ ਨੂੰ) ਸਤਿਗੁਰੂ ਨੇ ਗਿਆਨ ਦਾ ਸੁਰਮਾ ਬਖ਼ਸ਼ਿਆ ਹੈ, ਉਸ ਦੇ
ਅਗਿਆਨ (ਰੂਪ) ਹਨੇਰੇ ਦਾ ਨਾਸ ਹੋ ਜਾਂਦਾ ਹੈ। ਹੇ ਨਾਨਕ
!
(ਜੋ ਮਨੁੱਖ) ਅਕਾਲ ਪੁਰਖ ਦੀ ਮੇਹਰ ਨਾਲ ਗੁਰੂ ਨੂੰ ਮਿਲਿਆ ਹੈ, ਉਸ ਦੇ ਮਨ ਵਿੱਚ (ਗਿਆਨ ਦਾ) ਚਾਨਣ
ਹੋ ਜਾਂਦਾ ਹੈ। 1.
ਉਪਰੋਕਤ ਸਾਰੇ ਪ੍ਰਮਾਣਾਂ ਤੋਂ ਗੱਲ ਬਿਲਕੁਲ ਸਪਸ਼ਟ ਹੈ ਕਿ ਗੁਰੂ ਗ੍ਰੰਥ
ਸਾਹਿਬ ਵਿੱਚ ਸੰਤ ਸ਼ਬਦ ਜਦੋਂ ਵੀ ਇੱਕ ਵਚਨ ਵਿੱਚ ਆਇਆ ਹੈ ਤਾਂ ਕੁੱਝ ਜਗ੍ਹਾ ਤੇ ਅਕਾਲ ਪੁਰਖ ਵਾਸਤੇ
ਅਤੇ ਬਾਕੀ ਸਭ ਜਗ੍ਹਾ ਤੇ ਕੇਵਲ ਗੁਰੂ ਵਾਸਤੇ ਆਇਆ ਹੈ
ਸਾਧੂ -
ਇਸੇ ਤਰ੍ਹਾਂ ਸਾਧੂ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਇੱਕ ਵਚਨ ਆਇਆ
ਹੈ ਤਾਂ ਕੇਵਲ ਗੁਰੂ ਵਾਸਤੇ ਹੀ ਆਇਆ ਹੈ। ਜਿਵੇਂ:
“ਹਰਿ ਹਰਿ ਆਨਿ ਮਿਲਾਵਹੁ ਗੁਰੁ ਸਾਧੂ ਜਿਸੁ ਅਹਿਨਿਸਿ ਹਰਿ ਉਰਿ ਧਾਰੀ॥
ਗੁਰਿ ਡੀਠੈ ਗੁਰ ਕਾ ਸਿਖੁ ਬਿਗਸੈ ਜਿਉ ਬਾਰਿਕੁ ਦੇਖਿ ਮਹਤਾਰੀ॥” (ਮਲਾਰ
ਮਹਲਾ 4, ਪੰਨਾ 1263)
ਹੇ ਹਰੀ! (ਮਿਹਰ ਕਰ, ਮੈਨੂੰ ਉਹ) ਸਾਧੂ ਗੁਰੂ ਲਿਆ ਕੇ ਮਿਲਾ ਦੇ, ਜਿਸ ਦੇ
ਹਿਰਦੇ ਵਿਚ, ਹੇ ਹਰੀ! ਦਿਨ ਰਾਤ ਤੇਰਾ ਨਾਮ ਵੱਸਿਆ ਰਹਿੰਦਾ ਹੈ। ਹੇ ਭਾਈ! ਜੇ ਗੁਰੂ ਦਾ ਦਰਸ਼ਨ ਹੋ
ਜਾਏ, ਤਾਂ ਗੁਰੂ ਦਾ ਸਿੱਖ ਇਉਂ ਖ਼ੁਸ਼ ਹੁੰਦਾ ਹੈ ਜਿਵੇਂ ਬੱਚਾ (ਆਪਣੀ) ਮਾਂ ਨੂੰ ਵੇਖ ਕੇ।
“ਗੁਰ ਸਾਧੂ ਅੰਮ੍ਰਿਤ ਗਿਆਨ ਸਰਿ ਨਾਇਣੁ॥
ਸਭਿ ਕਿਲਵਿਖ ਪਾਪ ਗਏ ਗਾਵਾਇਣੁ॥” {ਰਾਗੁ ਭੈਰਉ ਮਹਲਾ 4, ਪੰਨਾ 1134}
ਹੇ ਮੇਰੇ ਮਨ
!
ਜਿਹੜਾ ਮਨੁੱਖ ਗੁਰੂ ਦੇ ਆਤਮਕ ਜੀਵਨ ਦੇਣ ਵਾਲੇ ਗਿਆਨ-ਸਰੋਵਰ ਵਿੱਚ ਇਸ਼ਨਾਨ ਕਰਦਾ ਹੈ, ਉਸ ਦੇ ਸਾਰੇ
ਪਾਪ ਸਾਰੇ ਐਬ ਦੂਰ ਹੋ ਜਾਂਦੇ ਹਨ।
“ਮੇਰੈ ਮਨਿ ਗੁਪਤ ਹੀਰੁ ਹਰਿ ਰਾਖਾ॥
ਦੀਨ ਦਇਆਲਿ ਮਿਲਾਇਓ ਗੁਰੁ ਸਾਧੂ ਗੁਰਿ ਮਿਲਿਐ ਹੀਰੁ ਪਰਾਖਾ॥” {ਜੈਤਸਰੀ
ਮਹਲਾ 4, ਪੰਨਾ 666}
ਹੇ ਭਾਈ
!
ਮੇਰੇ ਮਨ ਵਿੱਚ ਪਰਮਾਤਮਾ ਨੇ ਆਪਣਾ ਨਾਮ-ਹੀਰਾ ਲੁਕਾ ਕੇ ਰੱਖਿਆ ਹੋਇਆ ਸੀ। ਦੀਨਾਂ ਉਤੇ ਦਇਆ ਕਰਨ
ਵਾਲੇ ਉਸ ਹਰੀ ਨੇ ਮੈਨੂੰ ਗੁਰੂ ਮਿਲਾ ਦਿੱਤਾ। ਗੁਰੂ ਮਿਲਣ ਨਾਲ ਮੈਂ ਉਹ ਹੀਰਾ ਪਰਖ ਲਿਆ (ਮੈਂ ਉਸ
ਹੀਰੇ ਦੀ ਕਦਰ ਸਮਝ ਲਈ)
ਉਪਰੋਕਤ ਸਾਰੇ ਪ੍ਰਮਾਣਾਂ ਵਿੱਚ ਜਿਥੇ ਵੀ ਸਾਧੂ ਲਫਜ਼ ਆਇਆ ਹੈ, ਸਤਿਗੁਰੂ ਨੇ
ਨਾਲ ਹੀ ਗੁਰੁ ਸ਼ਬਦ ਲਿੱਖ ਕੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਸਾਧੂ ਗੁਰੂ ਹੀ ਹੈ, ਹੋਰ ਕੋਈ
ਦੁਨਿਆਵੀ ਵਿਅਕਤੀ ਨਹੀਂ।
ਸੰਤ, ਸਾਧੂ-ਬਹੁਵਚਨ
ਗੁਰਬਾਣੀ ਵਿੱਚ ਜਿਥੇ ਵੀ ਸੰਤ ਜਾਂ ਸਾਧੂ ਸ਼ਬਦ ਬਹੁਵਚਨ ਵਿੱਚ ਆਇਆ ਹੈ, ਤਾਂ
ਇਹ ਸੰਗਤ ਵਾਸਤੇ ਆਇਆ ਹੈ। ਇਸ ਨੂੰ ਬਹੁਵਚਨ ਬਨਾਉਣ ਵਾਸਤੇ ਨਾਲ ਕਈ ਗੁਣ ਵਾਚਕ ਸ਼ਬਦ ਯਾ ਰੂਪ ਵਰਤੇ
ਗਏ ਹਨ, ਜਿਵੇ ਹੇਠਲੇ ਪ੍ਰਮਾਣ ਵਿੱਚ ‘ਸੰਤ’ ਦੇ ਨਾਲ ‘ਜਨਾ’ ਸ਼ਬਦ ਲੱਗ ਕੇ ਇਹ ਬਹੁਵਚਨ ਬਣ ਗਿਆ ਹੈ:
“ਜਿਨ ਗੁਰਮੁਖਿ ਹਰਿ ਆਰਾਧਿਆ ਤਿਨ ਸੰਤ ਜਨਾ ਜੈਕਾਰੁ॥” {ਸਲੋਕ ਮ: 4, ਪੰਨਾ
302}
ਉਹਨਾਂ ਸੰਤ ਜਨਾਂ ਨੂੰ ਹੀ ਵਡਿਆਈ ਮਿਲਦੀ ਹੈ, ਜਿਨ੍ਹਾਂ ਨੇ ਗੁਰੂ ਦੇ
ਸਨਮੁਖ ਹੋ ਕੇ ਸਿਮਰਨ ਕੀਤਾ ਹੈ।
ਇਸੇ ਤਰ੍ਹਾਂ ਹੇਠਲੇ ਸ਼ਬਦ ਵਿੱਚ ‘ਸੰਤ’ ਦੇ ਨਾਲ ‘ਸੰਗਿ’ ਜੋੜਨ ਨਾਲ, ਉਸ
ਤੋਂ ਹੇਠਲੇ ਸ਼ਬਦ ਵਿੱਚ ‘ਸਭਾ’ ਜੋੜਨ ਨਾਲ, ਤੀਸਰੇ ਸ਼ਬਦ ਵਿੱਚ ‘ਸੰਗਤਿ’ ਜੋੜਨ ਨਾਲ, ਅਤੇ ਚੌਥੇ ਸ਼ਬਦ
ਵਿੱਚ ‘ਸਾਜਨ’ ਜੋੜਨ ਨਾਲ ਇਹ ਬਹੁਵਚਨ ਬਣ ਗਏ ਹਠ:
“ਤਾਹੂ ਸੰਗਿ ਨ ਧਨੁ ਚਲੈ ਗ੍ਰਿਹ ਜੋਬਨ ਨਹ ਰਾਜ॥
ਸੰਤ ਸੰਗਿ ਸਿਮਰਤ ਰਹਹੁ ਇਹੈ ਤੁਹਾਰੈ ਕਾਜ॥” {ਗਉੜੀ ਬਾਵਨ ਅਖਰੀ ਮਹਲਾ 5,
ਪੰਨਾ 257}
(ਮਾਇਆ ਵਾਲੀ) ਭਟਕਣਾ ਛੱਡ, ਧਨ, ਘਰ ਜੁਆਨੀ, ਰਾਜ ਕਿਸੇ ਚੀਜ਼ ਨੇ ਭੀ ਤੇਰੇ
ਨਾਲ ਨਹੀਂ ਜਾਣਾ; ਸਤਸੰਗ ਵਿੱਚ ਰਹਿ ਕੇ ਪ੍ਰਭੂ ਦਾ ਨਾਮ ਸਿਮਰਿਆ ਕਰ, ਬੱਸ
!
ਇਹੀ ਅੰਤ ਤੇਰੇ ਕੰਮ ਆਵੇਗਾ।
“ਆਸਾ ਮਨਸਾ ਦੋਊ ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ॥
ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸਭਾ ਕੀ ਓਟ ਲਹੀ॥” {ਆਸਾ ਮਹਲਾ 1, ਪੰਨਾ
356}
ਗੁਰੂ ਦੀ ਸਰਨ ਪਿਆਂ ਹੀ ਮਾਇਆ ਵਾਲੀ ਆਸ ਤੇ ਲਾਲਸਾ ਮਿਟਦੀਆਂ ਹਨ,
ਤ੍ਰਿਗੁਣੀ ਮਾਇਆ ਦੀਆਂ ਆਸਾਂ ਤੋਂ ਨਿਰਲੇਪ ਰਹਿ ਸਕੀਦਾ ਹੈ। ਜਦੋਂ ਸਤਸੰਗ ਦਾ ਆਸਰਾ ਲਈਏ, ਜਦੋਂ
ਗੁਰੂ ਦੇ ਦੱਸੇ ਹੋਏ ਰਾਹੇ ਤੁਰੀਏ, ਤਦੋਂ ਹੀ ਉਹ ਆਤਮਕ ਅਵਸਥਾ ਬਣਦੀ ਹੈ ਜਿਥੇ ਮਾਇਆ ਪੋਹ ਨ ਸਕੇ।
“ਸੰਤ ਸੰਗਤਿ ਸਿਉ ਮੇਲੁ ਭਇਆ ਹਰਿ ਹਰਿ ਨਾਮਿ ਸਮਾਏ ਰਾਮ॥
ਗੁਰ ਕੈ ਸਬਦਿ ਸਦ ਜੀਵਨ ਮੁਕਤ ਭਏ ਹਰਿ ਕੈ ਨਾਮਿ ਲਿਵ ਲਾਏ ਰਾਮ॥” {ਸੂਹੀ
ਮਹਲਾ 3, ਪੰਨਾ 771}
ਹੇ ਭਾਈ
!
ਜਿਨ੍ਹਾਂ ਮਨੁੱਖਾਂ ਦਾ ਸਾਧ ਸੰਗਤਿ ਨਾਲ ਮਿਲਾਪ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਨਾਮ ਵਿੱਚ ਲੀਨ
ਰਹਿੰਦੇ ਹਨ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿੱਚ ਸੁਰਤਿ ਜੋੜ ਕੇ ਉਹ ਦੁਨੀਆ ਦੀ
ਕਿਰਤ-ਕਾਰ ਕਰਦੇ ਹੋਏ ਹੀ ਮਾਇਆ ਵਲੋਂ ਨਿਰਲੇਪ ਰਹਿੰਦੇ ਹਨ।
“ਚਿਤਵਉ ਵਾ ਅਉਸਰ ਮਨ ਮਾਹਿ॥
ਹੋਇ ਇਕਤ੍ਰ ਮਿਲਹੁ ਸੰਤ ਸਾਜਨ ਗੁਣ ਗੋਬਿੰਦ ਨਿਤ ਗਾਹਿ॥” {ਸਾਰਗ ਮਹਲਾ 5,
ਪੰਨਾ 1222}
ਹੇ ਭਾਈ
!
ਮੈਂ ਤਾਂ ਆਪਣੇ ਮਨ ਵਿੱਚ ਉਸ ਮੌਕੇ ਨੂੰ ਉਡੀਕਦਾ ਰਹਿੰਦਾ ਹਾਂ, ਜਦੋਂ ਮੈਂ ਸੰਤਾਂ ਸੱਜਣਾਂ (ਸਤਿ
ਸੰਗਤ) ਨੂੰ ਮਿਲਾਂ ਜਿਹੜੇ ਨਿੱਤ ਇਕੱਠੇ ਹੋ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ।
ਉਪਰਲੇ ਸ਼ਬਦਾਂ ਵਿੱਚ ਜਿਵੇਂ ਗੁਣਵਾਚਕ ਜਾਂ ਸਹਾਇਕ ਲਫਜ਼ ਵਰਤਣ ਨਾਲ, ਬਹੁਵਚਨ
ਬਣ ਜਾਂਦਾ ਹੈ ਤਿਵੇਂ ਲਫਜ਼ ਦਾ ਸਰੂਪ ਬਦਲਣ ਨਾਲ ਵੀ ਇਹ ਬਹੁਵਚਨ ਬਣ ਜਾਂਦਾ ਹੈ ਜਿਵੇ ਹੇਠਲੇ
ਪ੍ਰਮਾਣਾਂ ਵਿੱਚ ਸੰਤਹੁ, ਸੰਤਾ, ਸੰਤੀ ਅਤੇ ਸੰਤਨ ਆਦਿ ਲਫਜ਼ ਵਰਤੇ ਗਏ ਹਨ:
“ਅਉਗਣੀ ਭਰਿਆ ਸਰੀਰੁ ਹੈ ਕਿਉ ਸੰਤਹੁ ਨਿਰਮਲੁ ਹੋਇ॥
ਗੁਰਮੁਖਿ ਗੁਣ ਵੇਹਾਝੀਅਹਿ ਮਲੁ ਹਉਮੈ ਕਢੈ ਧੋਇ॥” {ਮ: 4, ਪੰਨਾ 311}
(ਪ੍ਰਸ਼ਨ) ਹੇ ਸੰਤ ਜਨੋ
!
(ਇਹ) ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ, ਸਾਫ਼ ਕਿਵੇਂ ਹੋ ਸਕਦਾ ਹੈ ?
(ਉੱਤਰ) ਸਤਿਗੁਰੂ ਦੇ ਸਨਮੁਖ ਹੋ ਕੇ ਗੁਣ ਖ਼ਰੀਦੇ ਜਾਣ, ਤਾਂ (ਇਸ ਤਰ੍ਹਾਂ
ਮਨੁੱਖਾ ਸਰੀਰ ਵਿਚੋਂ) ਹਉਮੈ-ਰੂਪ ਮੈਲ ਕੋਈ ਧੋ ਕੇ ਕੱਢ ਸਕਦਾ ਹੈ।
“ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ॥
ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁ ਰੀ॥” {ਆਸਾ ਮਹਲਾ 5, ਪੰਨਾ
400}
ਹੇ ਮੇਰੀ ਸੋਹਣੀ ਜਿੰਦੇ
!
ਤੂੰ ਸਤਸੰਗੀਆਂ ਦੀ ਨਿਮਾਣੀ ਜਿਹੀ ਦਾਸੀ ਬਣੀ ਰਹੁ—ਬੱਸ !
ਇਹ ਕਰਤੱਬ ਸਿੱਖ, ਤੇ, ਹੇ ਜਿੰਦੇ !
ਉਸ ਖਸਮ-ਪ੍ਰਭੂ ਨੂੰ ਕਿਤੇ ਦੂਰ ਵੱਸਦਾ ਨਾਹ ਖ਼ਿਆਲ ਕਰ ਜੇਹੜਾ ਸਾਰੇ ਗੁਣਾਂ ਦਾ ਮਾਲਕ ਹੈ ਜੋ ਗੁਣਾਂ
ਕਰਕੇ ਸਭ ਤੋਂ ਸ੍ਰੇਸ਼ਟ ਹੈ।
“ਅਗਿਆਨੁ ਅਧੇਰਾ ਸੰਤੀ ਕਾਟਿਆ ਜੀਅ ਦਾਨੁ ਗੁਰ ਦੈਣੀ॥
ਕਰਿ ਕਿਰਪਾ ਕਰਿ ਲੀਨੋ ਅਪੁਨਾ ਜਲਤੇ ਸੀਤਲ ਹੋਣੀ॥ {ਦੇਵਗੰਧਾਰੀ 5, ਪੰਨਾ
530}
ਹੇ ਭਾਈ
!
ਸੰਤ ਜਨਾਂ ਨੇ (ਮੇਰੇ ਅੰਦਰੋਂ) ਅਗਿਆਨ-ਹਨੇਰਾ ਕੱਟ ਦਿੱਤਾ ਹੈ, ਦੇਣਹਾਰ ਗੁਰੂ ਨੇ ਮੈਨੂੰ ਆਤਮਕ
ਜੀਵਨ ਦੀ ਦਾਤਿ ਬਖਸ਼ੀ ਹੈ। ਪ੍ਰਭੂ ਨੇ ਮੇਹਰ ਕਰ ਕੇ ਮੈਨੂੰ ਆਪਣਾ (ਸੇਵਕ) ਬਣਾ ਲਿਆ ਹੈ
(ਤ੍ਰਿਸ਼ਨਾ-ਅੱਗ ਵਿਚ) ਸੜ ਰਿਹਾ (ਸਾਂ, ਹੁਣ) ਮੈਂ ਸ਼ਾਂਤ-ਚਿੱਤ ਹੋ ਗਿਆ ਹਾਂ।
“ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ॥
ਗ੍ਰਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨ॥” {ਬਿਲਾਵਲੁ ਮਹਲਾ 5, ਪੰਨਾ
811}
ਹੇ ਭਾਈ
!
ਗੁਰਮੁਖਾਂ ਦੇ ਘਰ ਦੀ ਰੁੱਖੀ ਰੋਟੀ (ਜੇ ਮਿਲੇ ਤਾਂ ਉਸ ਨੂੰ ਦੁਨੀਆ ਦੇ) ਸਾਰੇ ਖ਼ਜ਼ਾਨੇ (ਸਮਝ)। ਪਰ
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੇ ਘਰ ਵਿੱਚ (ਜੇ) ਕਈ ਕਿਸਮਾਂ ਦੇ ਭੋਜਨ (ਮਿਲਣ, ਤਾਂ) ਉਹ
ਜ਼ਹਿਰ ਵਰਗੇ (ਜਾਣ)।
ਉਪਰੋਕਤ ਪ੍ਰਮਾਣਾਂ ਰਾਹੀਂ ਜਿਥੇ ਇਹ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ,
ਕਿ ਸੰਤ ਲਫਜ਼ ਬਹੁਵਚਨ ਕਿਵੇਂ ਬਣਦਾ ਹੈ, ਉਥੇ ਇਸ ਲੇਖ ਦੇ ਵਿਸ਼ੇ ਨਾਲ ਸਬੰਧਤ, ਮਹੱਤਵ ਪੂਰਨ ਸਮਝਣ
ਵਾਲੀ ਗੱਲ ਇਹ ਹੈ, ਕਿ ਗੁਰਬਾਣੀ ਵਿੱਚ ਜਿਥੇ ਵੀ ਸੰਤ ਸ਼ਬਦ ਬਹੁਵਚਨ ਵਿੱਚ ਆਉਂਦਾ ਹੈ, ਉਥੇ ਕਿਸੇ
ਇੱਕ ਵਿਸ਼ੇਸ ਵਿਅਕਤੀ ਜਾਂ ਵਿਅਕਤੀ ਸਮੂਹ ਵਾਸਤੇ ਨਹੀਂ, ਬਲਕਿ ਅਧਿਆਤਮ ਜੀਵਨ ਦੀ ਜਗਿਆਸੂ ਸੰਗਤ
ਵਾਸਤੇ ਆਉਂਦਾ ਹੈ, ਜਿਸਨੂੰ ਗੁਰਬਾਣੀ ਵਿੱਚ ਸਤਿਸੰਗਤ ਅਤੇ ਸਾਧਸੰਗਤ ਕਿਹਾ ਗਿਆ ਹੈ। ਗੁਰਬਾਣੀ ਦਾ
ਅਭਿਆਸ ਕਰਦਾ, ਅਕਾਲ-ਪੁਰਖ ਦੀ ਸਿਫਤ-ਸਲਾਹ ਵਿੱਚ ਜੁੜਿਆਂ, ਯਾ ਅਕਾਲ-ਪੁਰਖ ਨੂੰ ਹਿਰਦੇ ਵਿੱਚ ਵਸਾ
ਕੇ ਆਪਣੀ ਸੁਕ੍ਰਿਤ ਜਾਂ ਜੀਵਨ ਦਾ ਕੋਈ ਹੋਰ ਕਾਰ-ਵਿਹਾਰ ਕਰਦਾ ਹਰ ਵਿਅਕਤੀ ਸਤਿਸੰਗਤ ਕਰ ਰਿਹਾ ਹੈ
ਅਤੇ ਉਸ ਸਮੇਂ ਸੰਤ ਹੈ। ਭਾਵੇਂ ਉਹ ਇਹ ਕਾਰਜ ਗੁਰਦੁਆਰੇ ਵਿੱਚ ਜੁੜ ਕੇ ਕਰ ਰਿਹਾ ਹੈ, ਕਿਸੇ ਮਿਤ੍ਰ
ਮੰਡਲੀ ਵਿੱਚ ਯਾ ਇਕੱਲਾ ਆਪਣੇ ਘਰ ਵਿੱਚ। ਸਤਿਗੁਰੂ ਨੇ ਗੁਰਬਾਣੀ ਵਿੱਚ ਵੀ ਸਤਿਸੰਗਤ ਦੀ ਪ੍ਰਭਾਸ਼ਾ
ਇੰਜ ਦੱਸੀ ਹੈ:
“ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥ 5॥” {ਸਿਰੀ ਰਾਗੁ
ਮਹਲਾ 1, ਪੰਨਾ 72}
ਕਿਹੋ ਜਿਹੇ ਇਕੱਠ ਨੂੰ ਸਤ ਸੰਗਤਿ ਸਮਝਣਾ ਚਾਹੀਦਾ ਹੈ? (ਸਤਸੰਗਤਿ ਉਹ ਹੈ)
ਜਿੱਥੇ ਸਿਰਫ਼ ਪਰਮਾਤਮਾ ਦਾ ਨਾਮ ਸਲਾਹਿਆ ਜਾਂਦਾ ਹੈ। ਹੇ ਨਾਨਕ! ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ
ਹੈ ਕਿ (ਸਤਸੰਗਤਿ ਵਿਚ) ਸਿਰਫ਼ ਪਰਮਾਤਮਾ ਦਾ ਨਾਮ ਜਪਣਾ ਹੀ (ਪ੍ਰਭੂ ਦਾ) ਹੁਕਮ ਹੈ। 5.
ਇਸੇ ਤਰ੍ਹਾਂ ਸਾਧੂ ਸ਼ਬਦ ਵੀ ਬਹੁਵਚਨ ਵਿੱਚ ਸਤਿਸੰਗਤਿ ਵਾਸਤੇ ਹੀ ਆਉਂਦਾ
ਹੈ। ਜਿਵੇਂ:
“ਸਾਧੋ ਮਨ ਕਾ ਮਾਨੁ ਤਿਆਗਉ॥
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ॥” {ਰਾਗੁ ਗਉੜੀ
ਮਹਲਾ 9, ਪੰਨਾ 219}
ਹੇ ਸੰਤ ਜਨੋ
!
(ਆਪਣੇ) ਮਨ ਦਾ ਅਹੰਕਾਰ ਛੱਡ ਦਿਉ। ਕਾਮ ਅਤੇ ਕ੍ਰੋਧ (ਭੀ) ਭੈੜੇ ਮਨੁੱਖ ਦੀ ਸੰਗਤਿ (ਵਾਂਗ ਹੀ)
ਹੈ, ਇਸ ਤੋਂ (ਭੀ) ਦਿਨ ਰਾਤ (ਹਰ ਵੇਲੇ) ਪਰੇ ਰਹੋ।
“ਜਿਨ ਕਉ ਦਇਆਲੁ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪਗ ਚਕਟੀ॥
ਨਾਨਕ ਪਤਿਤ ਪਵਿਤ ਮਿਲਿ ਸੰਗਤਿ ਗੁਰ ਸਤਿਗੁਰ ਪਾਛੈ ਛੁਕਟੀ॥” {ਰਾਗੁ
ਦੇਵਗੰਧਾਰੀ ਮਹਲਾ 4, ਪੰਨਾ 528}
ਹੇ ਨਾਨਕ
!
(ਆਖ—) ਜਿਨ੍ਹਾਂ ਮਨੁੱਖਾਂ ਉਤੇ ਪਿਆਰਾ ਪ੍ਰਭੂ ਦਇਆਵਾਨ ਹੁੰਦਾ ਹੈ ਉਹ ਮਨੁੱਖ ਸੰਤ ਜਨਾਂ ਦੇ ਪੈਰ
ਪਰਸਦੇ ਰਹਿੰਦੇ ਹਨ। ਗੁਰੂ ਦੀ ਸੰਗਤਿ ਵਿੱਚ ਮਿਲ ਕੇ ਵਿਕਾਰੀ ਮਨੁੱਖ ਭੀ ਚੰਗੇ ਆਚਰਨ ਵਾਲੇ ਬਣ
ਜਾਂਦੇ ਹਨ, ਗੁਰੂ ਦੇ ਪਾਏ ਹੋਏ ਪੂਰਨਿਆਂ ਉੱਤੇ ਤੁਰ ਕੇ ਉਹ ਵਿਕਾਰਾਂ ਦੇ ਪੰਜੇ ਵਿਚੋਂ ਬਚ ਨਿਕਲਦੇ
ਹਨ।
ਸੁਖਮਨੀ ਬਾਣੀ ਦੀ ਸਤਵੀਂ ਪਉੜੀ ਸਾਧ ਦੇ ਬੇਅੰਤ ਗੁਣ ਦਰਸਾਉਂਦੀ ਹੈ।
ਉਪਰੋਕਤ ਪ੍ਰਮਾਣਾਂ ਤੋਂ ਇਹ ਸਪੱਸ਼ਟ ਹੈ ਕਿ ਗੁਰਬਾਣੀ ਵਿੱਚ ਇਹ ਸ਼ਬਦ ਇੱਕ ਵਚਨ ਵਿੱਚ ਗੁਰੂ ਪਾਤਿਸ਼ਾਹ
ਵਾਸਤੇ ਅਤੇ ਬਹੁਵਚਨ ਵਿੱਚ ਸਤਿਸੰਗਤ ਵਾਸਤੇ ਹੀ ਵਰਤਿਆ ਗਿਆ ਹੈ, ਸੋ ਉਥੇ ਜਿਸ ਸਾਧ ਦੀ ਵਡਿਆਈ
ਕੀਤੀ ਗਈ ਹੈ, ਉਹ ਹੋਰ ਕੋਈ ਨਹੀਂ, ਸਤਿਗੁਰੂ ਹੀ ਹਨ।
ਮਹਾਂ-ਪੁਰਖ:
ਇਸੇ ਤਰ੍ਹਾਂ ਗੁਰਬਾਣੀ ਦੇ ਹੇਠਲੇ ਪ੍ਰਮਾਣਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ
ਗੁਰੂ ਗ੍ਰੰਥ ਸਾਹਿਬ ਵਿੱਚ ਮਹਾ-ਪੁਰਖ ਸ਼ਬਦ ਵੀ ਗੁਰੂ ਵਾਸਤੇ ਹੀ ਵਰਤਿਆ ਗਿਆ ਹੈ:
“ਸਤਿਗੁਰੁ ਮਹਾ ਪੁਰਖੁ ਹੈ ਪਾਰਸੁ ਜੋ ਲਾਗੈ ਸੋ ਫਲੁ ਪਾਵੈਗੋ॥” (ਕਾਨੜਾ
ਮਹਲਾ 4, ਪੰਨਾ 1311)
ਹੇ ਭਾਈ! ਗੁਰੂ (ਭੀ) ਬਹੁਤ ਵੱਡਾ ਪੁਰਖ ਹੈ, (ਗੁਰੂ ਭੀ) ਪਾਰਸ ਹੈ। ਜਿਹੜਾ
ਮਨੁੱਖ (ਗੁਰੂ ਦੀ ਚਰਨੀਂ) ਲੱਗਦਾ ਹੈ ਉਹ (ਸ੍ਰੇਸ਼ਟ) ਫਲ ਪ੍ਰਾਪਤ ਕਰਦਾ ਹੈ।
“ਹਰਿ ਹਰਿ ਨਾਮੁ ਸਦਾ ਸੁਖਦਾਤਾ॥ ਹਰਿ ਕੈ ਰੰਗਿ ਮੇਰਾ ਮਨੁ ਰਾਤਾ॥ ਹਰਿ ਹਰਿ ਮਹਾ ਪੁਰਖੁ ਗੁਰੁ
ਮੇਲਹੁ ਗੁਰ ਨਾਨਕ ਨਾਮਿ ਸੁਖੁ ਹੋਈ ਰਾਮ॥” {ਜੈਤਸਰੀ ਮਹਲਾ 4, ਪੰਨਾ 693}
ਹੇ ਭਾਈ
!
ਪਰਮਾਤਮਾ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ। ਮੇਰਾ ਮਨ ਉਸ ਪਰਮਾਤਮਾ ਦੇ ਪਿਆਰ ਵਿੱਚ ਮਸਤ ਰਹਿੰਦਾ
ਹੈ। ਹੇ ਨਾਨਕ !
(ਆਖ—) ਹੇ ਹਰੀ !
ਮੈਨੂੰ ਗੁਰੂ ਮਹਾ ਪੁਰਖ ਮਿਲਾ। ਹੇ ਗੁਰੂ !
(ਤੇਰੇ ਬਖ਼ਸ਼ੇ) ਹਰਿ-ਨਾਮ ਵਿੱਚ ਜੁੜਿਆਂ ਆਤਮਕ ਆਨੰਦ ਮਿਲਦਾ ਹੈ। 4.
ਦੋਹਾਂ ਪ੍ਰਮਾਣਾਂ ਵਿਚੋਂ ਹੀ ਸਪਸ਼ਟ ਹੋ ਰਿਹਾ ਹੈ ਕਿ ਮਹਾ-ਪੁਰਖ ਲਫਜ਼ ਗੁਰੂ ਪਾਤਿਸ਼ਾਹ ਵਾਸਤੇ
ਵਰਤਿਆ ਗਿਆ ਹੈ। ਫਿਰ ਜਦੋਂ ਅਸੀਂ ਇਹ ਸ਼ਬਦ ਕਿਸੇ ਦੁਨਿਆਵੀ ਵਿਅਕਤੀ ਵਾਸਤੇ ਵਰਤਦੇ ਹਾਂ ਤਾਂ ਕੀ
ਅਸੀਂ ਉਸ ਵਿਅਕਤੀ ਦੀ ਬਰਾਬਰੀ ਸਤਿਗੁਰੂ ਨਾਲ ਕਰਕੇ ਸਤਿਗੁਰੂ ਦਾ ਅਪਮਾਨ ਨਹੀਂ ਕਰ ਰਹੇ ਹੁੰਦੇ?
ਬ੍ਰਹਮਗਿਆਨੀ
ਇਹ ਸ਼ਬਦ ਵੀ ਅੱਜ ਕੱਲ ਤਕਰੀਬਨ ਹਰ ‘ਅਖੌਤੀ’ ਸਿੱਖ ਸਾਧ ਵਲੋਂ ਆਪਣੀ ਡਿਗਰੀ
ਦੇ ਤੌਰ ਤੇ ਵਰਤਿਆ ਜਾ ਰਿਹਾ ਹੈ। ਬਲਕਿ ਇਹ ਤਾਂ ਸਤਿਗੁਰੂ ਤੋਂ ਵੀ ਬਹੁਤ ਅੱਗੇ ਨਿਕਲ ਗਏ ਹਨ,
ਕਿਉਂਕਿ ਇਨ੍ਹਾਂ ਦੇ ਛਪਦੇ ਇਸ਼ਤਿਹਾਰਾਂ ਵਿੱਚ ਅਕਸਰ ਇਨ੍ਹਾਂ ਨੂੰ ‘ਪੂਰਨ ਬ੍ਰਹਮਗਿਆਨੀ’ ਲਿਖਿਆ
ਜਾਂਦਾ ਹੈ। ਇਸ ਵਿੱਚ ਕੋਈ ਸ਼ਕ ਨਹੀਂ ਕਿ ਗੁਰਬਾਣੀ ਬ੍ਰਹਮਗਿਆਨੀ ਦੀ ਬੇਅੰਤ ਉਪਮਾ ਦਸਦੀ ਹੈ। ਗਉੜੀ
ਰਾਗ ਵਿੱਚ ਸੁਖਮਨੀ ਬਾਣੀ ਦੀ ਅਠਵੀਂ ਅਸ਼ਟਪਦੀ ਤਾਂ ਸਤਿਗੁਰੂ ਅਰਜਨਦੇਵ ਪਾਤਿਸ਼ਾਹ ਨੇ ਪੂਰੀ ਬ੍ਰਹਮ
ਗਿਆਨੀ ਦੀਆਂ ਵਡਿਆਈਆਂ ਵਿੱਚ ਹੀ ਉਚਾਰਨ ਕੀਤੀ ਹੈ। ਇਸੇ ਅਸ਼ਟਪਦੀ ਵਿੱਚ ਸਤਿਗੁਰੂ ਨੇ ਬ੍ਰਹਮਗਿਆਨੀ
ਦੇ ਕੁੱਝ ਵਿਸ਼ੇਸ ਗੁਣ ਦੱਸੇ ਹਨ। ਆਓ ਜਰ੍ਹਾ ਇਨ੍ਹਾਂ ਵਿਚੋਂ ਕੁੱਝ ਗੁਣਾਂ ਨੂੰ ਵਿਚਾਰੀਏ:
“ਬ੍ਰਹਮਗਿਆਨੀ ਸਭ ਸ੍ਰਿਸਟਿ ਕਾ ਕਰਤਾ॥ ਬ੍ਰਹਮਗਿਆਨੀ ਸਦ ਜੀਵੈ ਨਹੀ ਮਰਤਾ॥
ਬ੍ਰਹਮਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ॥ ਬ੍ਰਹਮਗਿਆਨੀ ਪੂਰਨ ਪੁਰਖੁ ਬਿਧਾਤਾ॥” {ਗਉੜੀ ਸੁਖਮਨੀ
ਮਃ 5, ਪੰਨਾ 273}
“ਬ੍ਰਹਮਗਿਆਨੀ ਕਾ ਸਗਲ ਅਕਾਰੁ॥ ਬ੍ਰਹਮਗਿਆਨੀ ਆਪਿ ਨਿਰੰਕਾਰੁ॥ ਬ੍ਰਹਮਗਿਆਨੀ
ਕੀ ਸੋਭਾ ਬ੍ਰਹਮਗਿਆਨੀ ਬਨੀ॥ ਨਾਨਕ ਬ੍ਰਹਮਗਿਆਨੀ ਸਰਬ ਕਾ ਧਨੀ॥ 8॥ 8॥” {ਗਉੜੀ ਸੁਖਮਨੀ ਮਃ 5,
ਪੰਨਾ 274}
ਅਸੀਂ ਆਪ ਹੀ ਵਿਚਾਰ ਲਈਏ, ਕਿ ਕੀ ਇਹ ਗੁਣ ਕਿਸੇ ਆਮ ਦੁਨਿਆਵੀ ਵਿਅਕਤੀ
ਵਿੱਚ ਹੋ ਸਕਦੇ ਹਨ। ਜਿਸ ਵੇਲੇ ਕੋਈ ਇੱਕ ਬਾਬਾ ਮਰਦਾ ਹੈ, ਉਸ ਦੇ ਚੇਲਿਆਂ ਵਿੱਚ ਗੱਦੀ ਵਾਸਤੇ
ਲੜਾਈਆਂ ਹੁੰਦੀਆਂ ਅਤੇ ਫੇਰ ਇੱਕ ਦੀਆਂ ਤਿੰਨ-ਚਾਰ ਗੱਦੀਆਂ ਬਣਦੀਆਂ ਅਕਸਰ ਵੇਖੀਆਂ ਜਾਂਦੀਆਂ ਹਨ,
ਤਕਰੀਬਨ ਬਹੁਤੇ ਡੇਰਿਆਂ ਤੇ ਧੀਆਂ ਭੈਣਾਂ ਦੀ ਪੱਤ ਲੁੱਟੀ ਜਾਣ ਦੀਆਂ ਖਬਰਾਂ, ਇੱਕ ਆਮ ਜਿਹੀ ਗੱਲ
ਹੈ। ਦੂਸਰਿਆਂ ਨੂੰ ਮਾਇਆ ਤੋਂ ਨਿਰਲੇਪ ਰਹਿਣ ਦੀ ਸਿਖਿਆ ਦੇਣ ਵਾਲਿਆਂ ਕੋਲ ਆਪ ਸਿਵਾਏ ਮਾਇਆ ਦੇ
ਹੋਰ ਕੋਈ ਧੰਦਾ ਹੀ ਨਹੀਂ। ਡੇਰਿਆਂ ਦੇ ਨਾਂ ਤੇ ਆਲੀਸ਼ਾਨ ਮਹਿਲ, ਸੇਵਾਦਾਰਾਂ ਦੇ ਨਾਂ ਤੇ, ਤੱਪ
ਅਸਥਾਨ ਜਾਂ ਸੱਚਖੰਡ ਦੇ ਨਾਂ ਤੇ ਠੰਡੀ ਹਵਾ ਵਾਲਾ
(air-conditioned)
ਕਮਰਾ, ਚਾਕਰਾ ਦੀ ਫੌਜ ਅਤੇ ਵੱਡੀਆਂ ਵੱਡੀਆਂ ਕੀਮਤੀ ਗੱਡੀਆਂ। ਜਿਨੀ ਵੱਡੀ ਗੱਡੀ, ਓਡਾ ਵੱਡਾ
ਬਾਬਾ। ਕੀ ਐਸੇ ਈਰਖਾ, ਦਵੈਸ਼, ਕਾਮ, ਤ੍ਰਿਸ਼ਨਾ, ਅਹੰਕਾਰ ਜਿਹੇ ਵਿਕਾਰਾਂ ਵਿੱਚ ਗਲਤਾਨ ਵਿਅਕਤੀਆਂ
ਵਾਸਤੇ ਸਤਿਗੁਰੂ ਨੇ ਬ੍ਰਹਮਗਿਆਨੀ ਦਾ ਸਨਮਾਨ ਵਰਤਿਆ ਹੈ? ਪਰ ਦੁੱਖ ਦੀ ਗੱਲ ਹੈ ਕਿ ਅੰਧੀ ਸ਼ਰਧਾ
ਅਧੀਨ, ਇਨ੍ਹਾਂ ਦੇ ਸ਼ਰਧਾਲੂਆਂ ਨੂੰ ਇਹ ਸਾਰੇ ਔਗੁਣ ਨਜ਼ਰ ਨਹੀਂ ਆਉਂਦੇ ਅਤੇ ਉਹ ਇਨ੍ਹਾਂ ਦੁਆਰਾ ਆਪੇ
ਲਾਈ, ਬ੍ਰਹਮਗਿਆਨੀ ਦੀ ਇਸ ਡਿਗਰੀ ਨੂੰ ਸੱਚ ਸਮਝ ਕੇ ਇਨ੍ਹਾਂ ਦੀ ਪੂਜਾ ਵਿੱਚ ਲੱਗੇ ਹੋਏ ਹਨ।
ਬਾਬਾ
ਸਭ ਤੋਂ ਜਿਆਦਾ ਪ੍ਰਚਲਤ ਲਫਜ਼ ਜੋ ਅਕਸਰ ਇਨ੍ਹਾਂ ਦੁਆਰਾ ਅਤੇ ਇਨ੍ਹਾਂ ਵਾਸਤੇ
ਵਰਤਿਆ ਜਾਂਦਾ ਹੈ, ਉਹ ਹੈ ਬਾਬਾ। ਇਹ ਲਫਜ਼ ਗੁਰਬਾਣੀ ਵਿੱਚ ਹੇਠ ਦਿੱਤੇ ਸੰਧਰਭ ਵਿੱਚ ਆਇਆ ਹੈ
ਬਾਬਾ- ਆਮ ਮਨੁੱਖ ਨੂੰ ਸੰਬੋਧਨ
ਸਭ ਤੋਂ ਪਹਿਲਾਂ ਤਾਂ ਗੁਰਬਾਣੀ ਵਿੱਚ ਆਮ ਲੋਕਾਈ ਨੂੰ ਸੰਬੋਧਨ ਕਰਨ ਲਈ ਇਹ
ਸ਼ਬਦ ਵਰਤਿਆ ਗਿਆ ਹੈ। ਜਿਵੇਂ:
“ਬਾਬਾ ਜੈ ਘਰਿ ਕਰਤੇ ਕੀਰਤਿ ਹੋਇ॥ ਸੋ ਘਰੁ ਰਾਖੁ ਵਡਾਈ ਤੋਇ॥” {ਰਾਗੁ ਆਸਾ
ਮਹਲਾ 1, ਪੰਨਾ
12}
ਹੇ ਭਾਈ
!
ਜਿਸ (ਸਤਸੰਗ-) ਘਰ ਵਿੱਚ ਕਰਤਾਰ ਦੀ ਸਿਫ਼ਤਿ-ਸਾਲਾਹ ਹੁੰਦੀ ਹੈ, ਉਸ ਘਰ ਨੂੰ ਸਾਂਭ ਰੱਖ (ਉਸ ਸਤਸੰਗ
ਦਾ ਆਸਰਾ ਲਈ ਰੱਖ। ਇਸੇ ਵਿਚ) ਤੇਰੀ ਭਲਾਈ ਹੈ।
“ਬਾਬਾ ਮਾਇਆ ਰਚਨਾ ਧੋਹੁ॥ ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹੁ ਨ ਓਹੁ॥”
{ਸਿਰੀ ਰਾਗੁ ਮਹਲਾ 1, ਪੰਨਾ 15}
ਹੇ ਭਾਈ! ਮਾਇਆ ਦੀ ਖੇਡ (ਜੀਵਾਂ ਲਈ) ਚਾਰ ਦਿਨ ਦੀ ਹੀ ਖੇਡ ਹੈ। ਪਰ ਇਸ
ਚਾਰ ਦਿਨ ਦੀ ਖੇਡ ਵਿੱਚ ਅੰਨ੍ਹੇ ਹੋਏ ਮਨੁੱਖ ਨੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਹੈ, ਨਾਹ ਮਾਇਆ
ਨਾਲ ਹੀ ਨਿਭਦੀ ਹੈ ਤੇ ਨਾਹ ਪ੍ਰਭੂ ਦਾ ਨਾਮ ਹੀ ਮਿਲਦਾ ਹੈ।
ਬਾਬਾ- ਅਕਾਲ ਪੁਰਖੁ
ਗੁਰਬਾਣੀ ਵਿੱਚ ਕਈ ਜਗ੍ਹਾ ਤੇ ਸਤਿਗੁਰੂ ਨੇ ਅਕਾਲ-ਪੁਰਖ ਨੂੰ ਵੀ ਬਾਬਾ ਲਫਜ਼
ਨਾਲ ਸੰਬੋਧਤ ਕੀਤਾ ਹੈ। ਜਿਵੇਂ:
“ਬਾਬਾ ਬਿਖੁ ਦੇਖਿਆ ਸੰਸਾਰੁ॥ ਰਖਿਆ ਕਰਹੁ ਗੁਸਾਈ ਮੇਰੇ ਮੈ ਨਾਮੁ ਤੇਰਾ
ਆਧਾਰੁ॥ 1॥ ਰਹਾਉ॥” {ਆਸਾ ਮਹਲਾ 5, ਪੰਨਾ 382}
ਹੇ ਪ੍ਰਭੂ
!
ਮੈਂ ਵੇਖ ਲਿਆ ਹੈ ਕਿ ਸੰਸਾਰ (ਦਾ ਮੋਹ) ਜ਼ਹਰ ਹੈ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)। ਹੇ
ਮੇਰੇ ਖਸਮ-ਪ੍ਰਭੂ !
(ਇਸ ਜ਼ਹਰ ਤੋਂ) ਮੈਨੂੰ ਬਚਾਈ ਰੱਖ, ਤੇਰਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣਿਆ ਰਹੇ। 1. ਰਹਾਉ।
“ਆਦੇਸੁ ਬਾਬਾ ਆਦੇਸੁ॥ ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ
ਵੇਸ॥ 1॥ ਰਹਾਉ॥” {ਰਾਗੁ ਆਸਾ ਮਹਲਾ 1, ਪੰਨਾ 417}
ਹੇ ਅਕਾਲ ਪੁਰਖ
!
(ਬਿਪਤਾ ਵੇਲੇ ਸਾਡੇ ਜੀਵਾਂ ਦੀ ਤੈਨੂੰ ਹੀ) ਨਮਸਕਾਰ ਹੈ (ਹੋਰ ਕੇਹੜਾ ਆਸਰਾ ਹੋ ਸਕਦਾ ਹੈ ?)
ਹੇ ਆਦਿ ਪੁਰਖ !
(ਤੇਰੇ ਭਾਣਿਆਂ ਦਾ ਸਾਨੂੰ) ਭੇਤ ਨਹੀਂ ਮਿਲਦਾ। ਤੂੰ ਇਹ ਭਾਣੇ ਆਪ ਹੀ ਕਰ ਕੇ ਆਪ ਹੀ ਵੇਖ ਰਿਹਾ
ਹੈਂ। 1. ਰਹਾਉ।
“ਬਾਬਾ ਜਿਸੁ ਤੂ ਦੇਹਿ, ਸੋਈ ਜਨੁ ਪਾਵੈ॥ ਪਾਵੈ ਤ ਸੋ ਜਨੁ ਦੇਹਿ ਜਿਸ ਨੋ,
ਹੋਰਿ ਕਿਆ ਕਰਹਿ ਵੇਚਾਰਿਆ॥ {ਰਾਮਕਲੀ ਮਹਲਾ 3, ਪੰਨਾ 918}
ਹੇ ਪ੍ਰਭੂ
!
ਜਿਸ ਮਨੁੱਖ ਨੂੰ ਤੂੰ (ਆਤਮਕ ਆਨੰਦ ਦੀ ਦਾਤਿ) ਦੇਂਦਾ ਹੈਂ ਉਹ ਪ੍ਰਾਪਤ ਕਰਦਾ ਹੈ, ਉਹੀ ਮਨੁੱਖ (ਇਸ
ਦਾਤਿ ਨੂੰ) ਮਾਣਦਾ ਹੈ ਜਿਸ ਨੂੰ ਤੂੰ ਦਿੰਦਾ ਹੈਂ, ਹੋਰਨਾਂ ਵਿਚਾਰਿਆਂ ਦੀ (ਮਾਇਆ ਦੇ ਹੜ੍ਹ ਅੱਗੇ)
ਕੋਈ ਪੇਸ਼ ਨਹੀਂ ਜਾਂਦੀ।
ਬਾਬਾ-ਸਤਿਗੁਰੂ
ਇਹੀ ਬਾਬਾ ਲਫਜ਼ ਗੁਰਬਾਣੀ ਵਿੱਚ ਸਤਿਗੁਰੂ ਵਾਸਤੇ ਵੀ ਵਰਤਿਆ ਮਿਲਦਾ ਹੈ:
“ਬਾਬਾ ਮੈ ਵਰੁ ਦੇਹਿ ਮੈ ਹਰਿ ਵਰੁ ਭਾਵੈ ਤਿਸ ਕੀ ਬਲਿ ਰਾਮ ਜੀਉ॥
ਰਵਿ ਰਹਿਆ ਜੁਗ ਚਾਰਿ ਤ੍ਰਿਭਵਣ ਬਾਣੀ ਜਿਸ ਕੀ ਬਲਿ ਰਾਮ ਜੀਉ॥” {ਰਾਗੁ
ਸੂਹੀ ਛੰਤ ਮਹਲਾ 1, ਪੰਨਾ 763}
ਹੇ ਪਿਆਰੇ ਸਤਿਗੁਰੂ
!
ਮੈਨੂੰ ਖਸਮ-ਪ੍ਰਭੂ ਮਿਲਾ। (ਮੇਹਰ ਕਰ) ਮੈਨੂੰ ਉਹ ਪ੍ਰਭੂ-ਪਤੀ ਪਿਆਰਾ ਲੱਗੇ, ਮੈਂ ਉਸ ਤੋਂ ਸਦਕੇ
ਜਾਵਾਂ, ਜੋ ਸਦਾ ਹੀ ਹਰ ਥਾਂ ਵਿਆਪਕ ਹੈ, ਤਿੰਨਾਂ ਹੀ ਭਵਨਾਂ ਵਿੱਚ ਜਿਸ ਦਾ ਹੁਕਮ ਚੱਲ ਰਿਹਾ ਹੈ।
ਬਾਬਾ-ਗੁਰੂ ਨਾਨਕ ਪਾਤਿਸ਼ਾਹ
ਗੁਰੂ ਸਾਹਿਬਾਨ ਨੇ ਗੁਰੂ ਨਾਨਕ ਪਾਤਿਸ਼ਾਹ ਵਾਸਤੇ ਵੀ ਇਸ ਬਾਬਾ ਲਫਜ਼ ਦੀ
ਵਰਤੋਂ ਕੀਤੀ ਹੈ:
“ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ॥ ਗੁਰਿ ਤੀਜੀ
ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ॥ ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ॥”
{ਸਲੋਕ ਮ: 4, ਪੰਨਾ 307}
ਜਿਨ੍ਹਾਂ ਮਨੁੱਖਾਂ ਨੂੰ ਬਾਬੇ (ਗੁਰੂ ਨਾਨਕ ਦੇਵ) ਨੇ ਮਨਮੁਖ ਕਰਾਰ ਦਿੱਤਾ,
ਉਹਨਾਂ ਅਹੰਕਾਰੀਆਂ ਨੂੰ ਗੁਰੂ ਅੰਗਦ ਨੇ ਭੀ ਝੂਠਾ ਮਿਥਿਆ। ਤੀਜੇ ਥਾਂ ਬੈਠੇ ਗੁਰੂ ਨੇ, ਜਿਸ ਨੇ
ਚੌਥੇ ਥਾਂ ਬੈਠੇ ਨੂੰ ਗੁਰੂ ਥਾਪਿਆ, ਵਿਚਾਰ ਕੀਤੀ ਕਿ ਇਹਨਾਂ ਕੰਗਾਲਾਂ ਦੇ ਕੀਹ ਵੱਸ
?
ਸੋ ਉਸ ਨੇ ਸਾਰੇ ਨਿੰਦਕ ਤੇ ਦੁਸ਼ਟ ਤਾਰ ਦਿੱਤੇ (ਭਾਵ, ਅਹੰਕਾਰ ਤੇ ਫਿਟੇਵੇਂ ਤੋਂ ਬਚਾ ਲਏ)।
“ਬਿਨੁ ਗੁਰ ਪੂਰੇ ਨਾਹੀ ਉਧਾਰੁ॥ ਬਾਬਾ ਨਾਨਕੁ ਆਖੈ ਏਹੁ ਬੀਚਾਰੁ॥”
{ਰਾਮਕਲੀ ਮਹਲਾ 5, ਪੰਨਾ 886}
ਹੇ ਭਾਈ
!
ਨਾਨਕ (ਤੈਨੂੰ) ਇਹ ਵਿਚਾਰ ਦੀ ਗੱਲ ਦੱਸਦਾ ਹੈ—ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ (ਅਨੇਕਾਂ
ਜੂਨਾਂ ਤੋਂ) ਪਾਰ-ਉਤਾਰਾ ਨਹੀਂ ਹੋ ਸਕਦਾ ।
“ਤਿਚਰੁ ਮੂਲਿ ਨ ਥੁੜ
Øੀਦੋ
ਜਿਚਰੁ ਆਪਿ ਕ੍ਰਿਪਾਲੁ॥ ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ॥” (ਸਲੋਕ ਮਹਲਾ 5,
ਪੰਨਾ 1426)
ਹੇ ਨਾਨਕ! (ਆਖ—) ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਐਸਾ ਧਨ ਹੈ ਐਸਾ
ਮਾਲ ਹੈ ਜੋ ਕਦੇ ਮੁੱਕਦਾ ਨਹੀਂ। (ਇਸ ਧਨ ਨੂੰ ਆਪ) ਵਰਤਿਆ ਕਰ, (ਹੋਰਨਾਂ ਵਿੱਚ ਭੀ) ਵੰਡਿਆ ਕਰ।
ਜਿਤਨਾ ਚਿਰ ਪਰਮਾਤਮਾ ਆਪ ਦਇਆਵਾਨ ਰਹਿੰਦਾ ਹੈ, ਉਤਨਾ ਚਿਰ ਇਹ ਧਨ ਕਦੇ ਭੀ ਨਹੀਂ ਮੁੱਕਦਾ।
ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਤਾਂ ਆਪਣੀਆਂ ਵਾਰਾਂ
ਵਿੱਚ ਗੁਰੂ ਨਾਨਕ ਪਾਤਿਸ਼ਾਹ ਵਾਸਤੇ ਅਕਸਰ ‘ਬਾਬਾ’ ਲਫਜ਼ ਵਰਤਿਆ ਹੈ
“ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ॥ ਬਾਝਹੁ ਗੁਰੂ ਗੁਬਾਰ
ਹੈ ਹੈਹੈ ਕਰਦੀ ਸੁਣੀ ਲੁਕਾਈ॥
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ॥ ਚੜ੍ਹਿਆ ਸੋਧਨ ਧਰਤ ਲੁਕਾਈ॥ ੨੪॥” (1-24-8)
“ਹੁਕਮੈ ਅੰਦਰਿ ਸਭ ਕੋ ਕੁਦਰਤਿ ਕਿਸ ਦੀ ਕਰੈ ਜਵਾਬਾ॥ ਜਾਹਰ ਪੀਰੁ ਜਗਤੁ
ਗੁਰ ਬਾਬਾ॥ ੪॥” (24-4-7)
“ਕਾਮ ਕ੍ਰੋਧੁ ਵਿਰੋਧੁ ਛਡਿ ਲੋਭ ਮੋਹੁ ਅਹੰਕਾਰਹੁ ਤਹਣਾ॥ ਪੁਤੁ ਸਪੁਤੁ
ਬਬਾਣੇ ਲਹਣਾ॥ ੭॥” (24-7-7)
ਜਿਵੇਂ ਅਸੀਂ ਆਮ ਸਮਾਜਕ ਜੀਵਨ ਵਿੱਚ ਆਪਣੇ ਕਿਸੇ ਬਜ਼ੁਰਗ ਨੂੰ ਸਨਮਾਨ ਦੇਣ
ਲਈ ‘ਬਾਬਾ ਜੀ’ ਸ਼ਬਦ ਨਾਲ ਸੰਬੋਧਤ ਕਰਦੇ ਹਾਂ, ਤਿਵੇਂ ਭਾਈ ਗੁਰਦਾਸ ਜੀ ਨੇ ਧਰਮ ਦੇ ਖੇਤਰ ਵਿੱਚ ਇਹ
‘ਬਾਬਾ’ ਦਾ ਸਨਮਾਨ ਸ਼ਬਦ, ‘ਗੁਰੂ ਨਾਨਕ ਪਾਤਿਸ਼ਾਹ’ ਵਾਸਤੇ ਵਰਤਿਆ ਹੈ।
ਭਾਵੇਂ ਇਸ ਵਿਸ਼ੇ ਨਾਲ ਸਬੰਧਤ ਨਹੀਂ ਪਰ ਇਥੇ ਇੱਕ ਮਹਤਵਪੂਰਨ ਗੱਲ ਸਪੱਸ਼ਟ ਕਰ
ਦੇਣੀ ਹੋਰ ਲਾਹੇਵੰਦ ਹੋਵੇਗੀ, ਕਿ ਅੱਜ ਕੱਲ ਕੁੱਝ ਵਿਅਕਤੀਆਂ ਵਲੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ
ਕਿਉਂਕਿ ਭਾਈ ਗੁਰਦਾਸ ਜੀ ਨੇ, ਗੁਰੂ ਨਾਨਕ ਪਾਤਿਸ਼ਾਹ ਨੂੰ ਬਹੁਤ ਵਾਰ ‘ਬਾਬਾ’ ਸ਼ਬਦ ਨਾਲ ਸੰਬੋਧਤ
ਕੀਤਾ ਹੈ, ਇਸ ਲਈ ਸਾਨੂੰ ਕੇਵਲ ‘ਬਾਬਾ ਨਾਨਕ’ ਆਖਣਾ ਚਾਹੀਦਾ ਹੈ, ‘ਗੁਰੂ ਨਾਨਕ’ ਨਹੀਂ ਆਖਣਾ
ਚਾਹੀਦਾ। ਮੈਂ ਨਿਰਣਾ ਨਹੀਂ ਕਰ ਸਕਿਆ ਕਿ ਇਹ ਇਨ੍ਹਾਂ ਲੋਕਾਂ ਦੀ ਅਗਿਆਨਤਾ ਸਮਝਾਂ ਜਾਂ ਕੋਈ ਵੱਡੀ
ਸ਼ਰਾਰਤ? ਭਾਈ ਗੁਰਦਾਸ ਜੀ ਨੇ ਨਾਨਕ ਪਾਤਿਸ਼ਾਹ ਵਾਸਤੇ ਗੁਰੂ ਅਤੇ ਸਤਿਗੁਰੂ ਲਫਜ਼ ਵੀ ਬਹੁਤ ਵਾਰੀ
ਵਰਤਿਆ ਹੈ, ਉਹ ਇਨ੍ਹਾਂ ਨੂੰ ਕਿਉਂ ਨਜ਼ਰ ਨਹੀਂ ਆਇਆ। ਕੁੱਝ ਇੱਕ ਪ੍ਰਮਾਣ ਹੇਠਾਂ ਦਿੱਤੇ ਹਨ:
“ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹਿੰ ਪਠਾਯਾ॥” (1-23-1)
“ਜੋਤੀ ਜੋਤ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਯਾ॥ ਲਖ ਨ ਕੋਈ ਸਕਈ ਆਚਰਜੇ
ਆਚਰਜ ਦਿਖਾਯਾ॥ ਕਾਯਾਂ ਪਲਟ ਸਰੂਪ ਬਣਾਯਾ॥ ੪੫॥” (1-45-6, 7, 8)
“ਸਤਿਗੁਰ ਨਾਨਕ ਦੇਉ ਗੁਰਾਂ ਗੁਰ ਹੋਇਆ॥” (3-12-1)
ਸੋ ਬਿਨਾਂ ਸ਼ੱਕ ਨਾਨਕ ਸਤਿਗੂਰੂ ਹਨ, ਬਲਕਿ ਸੰਸਾਰ ਵਿੱਚ ਨਾਨਕ ਹੀ ਪਹਿਲੇ
ਪੂਰਨ ਗੁਰੂ ਹਨ। ਬਾਕੀ ਗੁਰੂ ਸਾਹਿਬਾਨ ਅੰਦਰ ਇਹੀ ਇਲਾਹੀ ਨਾਨਕ ਗਿਆਨ ਜੋਤਿ ਪ੍ਰਕਾਸ਼ ਹੋਣ ਕਾਰਨ,
ਉਹ ਸਾਰੇ ਵੀ ਪੂਰਨ ਗੁਰੂ ਬਣੇ। ਇਸ ਸਿਲਸਿਲੇ ਅਤੇ ਲੜੀ ਵਿੱਚ ਹੀ ਅੱਜ ਗੁਰੂ ਗ੍ਰੰਥ ਸਾਹਿਬ ਪੂਰਨ
ਗੁਰੂ ਹਨ। ਸੋ ਗੁਰੂ ਨਾਨਕ ਪਾਤਿਸ਼ਾਹ ਨਾਲੋਂ ਨਾ ਗੁਰੂ ਸ਼ਬਦ ਨਿਖੇੜਿਆ ਜਾ ਸਕਦਾ ਹੈ ਅਤੇ ਨਾ ਹੀ
ਬਾਬਾ।
ਕਿਉਂਕਿ ਭਾਈ ਗੁਰਦਾਸ ਜੀ ਨੇ ਧਰਮ ਦੀ ਦੁਨੀਆਂ ਦਾ ਬਾਬਾ ਹੋਣ ਦਾ ਸਨਮਾਨ,
ਕੇਵਲ ਗੁਰੂ ਨਾਨਕ ਪਾਤਿਸ਼ਾਹ ਨੂੰ ਦਿੱਤਾ ਹੈ, ਇਸੇ ਵਾਸਤੇ ਭਾਈ ਗੁਰਦਾਸ ਜੀ ਗੁਰੂ ਨਾਨਕ ਪਾਤਿਸ਼ਾਹ
ਨੂੰ ਜਗਤ ਗੁਰੂ ਕਹਿੰਦੇ ਹਨ:
“ਹੁਕਮੈ ਅੰਦਰਿ ਸਭ ਕੋ ਕੁਦਰਤਿ ਕਿਸ ਦੀ ਕਰੈ ਜਵਾਬਾ॥ ਜਾਹਰ ਪੀਰੁ ਜਗਤੁ ਗੁਰ ਬਾਬਾ॥ ੪॥”
(24-4-7)
“ਆਦਿ ਪੁਰਖੁ ਆਦੇਸੁ ਹੈ ਅਬਿਨਾਸੀ ਅਤਿ ਅਛਲ ਅਛੇਉ॥ ਜਗਤੁ ਗੁਰੂ ਗੁਰੁ ਨਾਨਕ ਦੇਉ॥ ੨॥”
(24-2-7)
ਭਾਈ ਗੁਰਦਾਸ ਜੀ ਦੀ ਇਸ ਪਵਿਤਰ ਭਾਵਨਾ ਨੂੰ ਵੇਖੀਏ, ਤਾਂ ਅਜ ਧਾਰਮਕ ਖੇਤਰ
ਵਿੱਚ ਗੁਰੂ ਨਾਨਕ ਪਾਤਿਸ਼ਾਹ ਤੋਂ ਇਲਾਵਾ ਹੋਰ ਕਿਸੇ ਨਾਲ ਬਾਬਾ ਸ਼ਬਦ ਵਰਤਣ ਦਾ ਅਧਿਕਾਰ ਕਿਸੇ ਨੂੰ
ਨਹੀਂ, ਪਰ ਸਿੱਖ ਕੌਮ ਵਿੱਚ ਅੱਜ ਜਣਾ-ਖਣਾ ਬਾਬਾ ਬਣੀ ਬੈਠਾ, ਬਾਬਾ ਨਾਨਕ ਦੀ ਬਰਾਬਰੀ ਕਰਦਾ ਹੋਇਆ,
ਬਾਬਾ ਨਾਨਕ ਨੂੰ ਮੂੰਹ ਚਿੜ੍ਹਾ ਰਿਹਾ ਹੈ। ਸੁਆਰਥੀ ਲੋਕਾਂ ਤਾਂ ਆਪਣੀਆਂ ਦੁਕਾਨਦਾਰੀਆਂ ਚਲਾਉਣ ਲਈ
ਇਹ ਪਖੰਡ ਕਰਨਾ ਹੀ ਹੋਇਆ, ਵਧੇਰੇ ਦੁੱਖ ਦੀ ਗੱਲ ਤਾਂ ਇਹ ਹੈ ਕਿ ਗੁਰ ਨਾਨਕ ਦੇ ਸਿੱਖ ਅੱਜ ਬਾਬੇ
ਨਾਨਕ ਨੂੰ ਛੱਡ ਕੇ ਇਨ੍ਹਾਂ ਅਖੌਤੀ ਬਾਬਿਆਂ ਮਗਰ ਤੁਰੇ ਫਿਰਦੇ ਹਨ।
ਉਪਰੋਕਤ ਸਮਝਣ ਤੋਂ ਬਾਅਦ, ਇਸ ਵਿੱਚ ਕੋਈ ਸ਼ੱਕ ਹੀ ਨਹੀਂ ਰਹਿ ਜਾਂਦਾ ਕਿ
ਇਨ੍ਹਾਂ ਸਭ ਲਫਜ਼ਾਂ ਦੀ ਦੁਰਵਰਤੋਂ ਹੋ ਰਹੀ ਹੈ। ਅਸਲ ਵਿੱਚ ਗੁਰਬਾਣੀ ਵਿੱਚ ਕਿਸੇ ਵਿਅਕਤੀ ਦੇ ਸੰਤ,
ਸਾਧ, ਮਹਾਂਪੁਰਖ, ਬਾਬਾ, ਹੋਣ ਦਾ ਕੋਈ ਸੰਕਲਪ ਹੀ ਨਹੀਂ। ਜੇ ਇਹ ਗੱਲ ਸਮਝ ਆ ਜਾਵੇ, ਤਾਂ ਇਹ ਵੀ
ਸਮਝ ਆ ਜਾਵੇਗਾ ਕਿ ਜੋ ਸਮਾਜ ਨੂੰ ਸੁਚੇਤ ਕਰਨ ਵਾਲਿਆਂ ਨੂੰ ਸੰਤ ਨਿੰਦਕ ਅਤੇ ਸੰਤ ਦੋਖੀ ਦੇ ਫਤਵੇ
ਜਾਰੀ ਕਰ ਰਹੇ ਹਨ, ਅਸਲ ਵਿੱਚ, ਉਹ ਆਪ ਸੰਤ ਨਿੰਦਕ ਅਤੇ ਸੰਤ ਦੋਖੀ ਹਨ, ਕਿਉਂਕਿ ਗੁਰਬਾਣੀ ਵਿੱਚ
ਇਹ ਸਾਰੇ ਲਫਜ਼ ਤਾਂ ਕੇਵਲ ਗੁਰੂ ਪਾਤਿਸ਼ਾਹ ਵਾਸਤੇ ਵਰਤੇ ਗਏ ਹਨ ਅਤੇ ਇਹ ਆਪਣੇ ਨਾਂ ਨਾਲ ਇਹ ਸ਼ਬਦ
ਵਰਤ ਕੇ, ਸਤਿਗੁਰੂ ਦਾ ਮੁਕਾਬਲਾ ਅਤੇ ਅਪਮਾਨ ਕਰ ਰਹੇ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਫਿਰ ਸਿੱਖ
ਕੌਮ ਵਿੱਚ ਇਹ ਬਾਬਿਆਂ ਅਤੇ ਡੇਰਿਆਂ ਦਾ ਹੜ੍ਹ ਕਿਥੋਂ ਅਤੇ ਕਿਵੇਂ ਆ ਗਿਆ? ਆਓ ਸਭ ਤੋਂ ਪਹਿਲਾਂ
ਆਪਣੇ ਇਤਿਹਾਸ ਵਿੱਚ ਝਾਤੀ ਮਾਰੀਏ।
ਇਸ ਵਿੱਚ ਕੋਈ ਸ਼ਕ ਹੀ ਨਹੀਂ ਕਿ ਹਰ ਗੁਰੂ ਸਾਹਿਬਾਨ ਦੇ ਸਮੇਂ ਕੁੱਝ ਅਤਿ
ਸਨਮਾਨਤ ਗੁਰਸਿੱਖ ਹੋਏ, ਜਿਨ੍ਹਾਂ ਨਾ ਸਿਰਫ ਆਪਣਾ ਜੀਵਨ ਗੁਰੂ ਉਪਦੇਸ਼ਾਂ ਅਨੁਸਾਰ ਢਾਲ ਕੇ, ਸੰਸਾਰ
ਸਾਹਮਣੇ ਗੁਰਮਤਿ ਰਹਿਣੀ ਦੀ ਲਾਜੁਆਬ ਮਿਸਾਲ ਕਾਇਮ ਕੀਤੀ, ਸਗੋਂ ਗੁਰਮਤਿ ਦੇ ਪ੍ਰਚਾਰ, ਪ੍ਰਸਾਰ
ਵਿੱਚ ਵੀ ਵੱਡਮੁੱਲਾ ਯੋਗਦਾਨ ਪਾਇਆ। ਤਿੰਨ ਗੁਰਸਿੱਖਾਂ, ਸੁੰਦਰ ਜੀ, ਸੱਤਾ ਜੀ ਅਤੇ ਬਲਵੰਡ ਜੀ ਦੀ
ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਕੀਤੀ ਗਈ। ਇਨ੍ਹਾਂ ਗੁਰਸਿੱਖਾਂ ਦੀ ਗੁਰੂ ਗ੍ਰੰਥ ਸਾਹਿਬ
ਵਿੱਚ ਦਰਜ ਬਾਣੀ ਸਾਨੂੰ ਬਹੁਤ ਸਾਰੇ ਗੁਰਮਤਿ ਸਿਧਾਂਤ ਦ੍ਰਿੜ ਕਰਾਉਂਦੀ ਹੈ, ਪਰ ਕਿਸੇ ਗੁਰਸਿੱਖ
ਨੂੰ ਕਦੀਂ ਸੰਤ, ਬਾਬਾ, ਮਹਾਂਪੁਰਖ ਜਾਂ ਬ੍ਰਹਮਗਿਆਨੀ ਨਹੀਂ ਕਿਹਾ ਗਿਆ। ਇਸ ਤੋਂ ਇਲਾਵਾ ਕੁੱਝ
ਸਿੱਖ ਸ਼ਖਸੀਅਤਾਂ ਦਾ ਕੌਮ ਅੰਦਰ ਵਿਸ਼ੇਸ਼ ਸਤਿਕਾਰ ਅਤੇ ਮਹੱਤਵਪੂਰਨ ਸਥਾਨ ਹੈ, ਜਿਵੇਂ:
ਬਾਬਾ ਬੁੱਢਾ ਜੀ, ਜਿਨ੍ਹਾਂ ਨੂੰ ਗੁਰੂ ਨਾਨਕ ਪਾਤਿਸ਼ਾਹ ਤੋਂ ਲੈਕੇ, ਛੇ
ਗੁਰੂ ਸਾਹਿਬਾਨ ਦੀ ਸੰਗਤ ਅਤੇ ਨੇੜਤਾ ਦਾ ਸੁਭਾਗ ਪ੍ਰਾਪਤ ਹੋਇਆ, ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ
ਗ੍ਰੰਥ ਸਾਹਿਬ (ਗੁਰੂ) ਦਾ ਪਹਿਲਾ ਪ੍ਰਕਾਸ਼ ਕਰਨ ਦਾ ਮਾਣ ਉਨ੍ਹਾਂ ਨੂੰ ਦਿੱਤਾ ਗਿਆ, ਇਸ ਤੋਂ ਉਪਰ
ਹੋਰ ਕੀ ਹੋ ਸਕਦਾ ਹੈ ਕਿ ਪੰਜ ਗੁਰੂ ਸਾਹਿਬਾਨ ਨੂੰ ਗੁਰਗੱਦੀ ਤੇ ਸੁਸ਼ੋਭਿਤ ਕਰਨ ਦਾ ਸਨਮਾਨ ਉਨ੍ਹਾਂ
ਨੂੰ ਮਿਲਦਾ ਰਿਹਾ।
ਗੁਰੂ ਨਾਨਕ ਪਾਤਿਸ਼ਾਹ ਦੇ ਸਭ ਤੋਂ ਨੇੜਲੇ ਸਾਥੀ ਭਾਈ ਮਰਦਾਨਾ ਜੀ, ਜਿਨ੍ਹਾਂ
ਨੂੰ 54 ਸਾਲ ਸਤਿਗੁਰੂ ਦੀ ਸੰਗਤ ਦਾ ਸੁਭਾਗ ਪ੍ਰਾਪਤ ਹੋਇਆ।
ਭਾਈ ਗੁਰਦਾਸ ਜੀ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਸਰੂਪ ਦੀ
ਲਿਖਾਈ ਦਾ ਮਾਣ ਮਿਲਿਆ। ਜਿਨ੍ਹਾਂ ਦੀਆਂ ਲਿਖਤਾਂ ਦਾ ਗੁਰਬਾਣੀ ਦੀ ਵਿਆਖਿਆ ਕਰਨ ਵਿੱਚ ਵਿਸ਼ੇਸ਼
ਮਹੱਤਵ ਹੈ, ਅਤੇ ਮੁਢਲੇ ਸਿੱਖ ਇਤਿਹਾਸ ਦੇ ਕੁੱਝ ਪ੍ਰਮਾਣਿਕ ਸੋਮੇਂ ਵੀ ਇਨ੍ਹਾਂ ਵਿੱਚੋਂ ਪ੍ਰਾਪਤ
ਹੁੰਦੇ ਹਨ।
ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਜਿਨ੍ਹਾਂ ਗੁਰੂ ਤੇਗ
ਬਹਾਦਰ ਸਾਹਿਬ ਤੋਂ ਪਹਿਲਾਂ ਸ਼ਹਾਦਤ ਦਾ ਜਾਮ ਪੀਤਾ ਅਤੇ ਗੁਰੂ ਦੇ ਸਨਮੁਖ ਹੋਕੇ ਸ਼ਹੀਦ ਹੋਣਾ ਆਪਣਾ
ਸੁਭਾਗ ਸਮਝਿਆ।
ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ
ਸਾਹਿਬ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਜਿਨ੍ਹਾਂ ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੂੰ ਸੀਸ
ਭੇਟ ਕਰ ਕੇ ਗੁਰੂ ਦੇ ਪੰਜ ਪਿਆਰੇ ਬਣਨ ਦਾ ਮਾਣ ਪ੍ਰਾਪਤ ਕੀਤਾ, ਸਭ ਤੋਂ ਪਹਿਲਾਂ ਖੰਡੇ-ਬਾਟੇ ਦੀ
ਪਾਹੁਲ ਛਕਣ ਅਤੇ ਹਜ਼ਾਰਾਂ ਨੂੰ ਪਾਹੁਲ ਛਕਾਉਣ ਦਾ ਸੁਭਾਗ ਮਿਲਿਆ। ਇਨ੍ਹਾਂ ਵਿਚੋਂ ਤਿੰਨ ਚਮਕੌਰ ਦੀ
ਜੰਗ ਵਿੱਚ ਸ਼ਹੀਦ ਹੋਏ ਅਤੇ ਦੋ ਸਤਿਗੁਰ ਦੇ ਅੰਤਮ ਸੁਆਸਾਂ ਤੱਕ ਸਤਿਗੁਰੂ ਦੀ ਹਜ਼ੂਰੀ ਵਿੱਚ ਰਹੇ।
ਭਾਈ ਮਨੀ ਸਿੰਘ ਜੀ, ਜਿਨ੍ਹਾਂ ਕੋਲੋਂ ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ
ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਦੀ ਲਿਖਾਈ ਕਰਾਈ। ਸਤਿਗੁਰੂ ਦੇ ਅਕਾਲ ਪਾਇਆਣੇ ਤੋਂ ਬਾਅਦ
ਵੀ ਕੌਮ ਨੂੰ ਵਧੀਆ ਅਗਵਾਈ ਦੇਂਦੇ ਰਹੇ ਅਤੇ ਕੌਮ ਦੀ ਅਣਖ ਦੇ ਵਾਸਤੇ ਲਾਸਾਨੀ ਸ਼ਹਾਦਤ ਪ੍ਰਾਪਤ
ਕੀਤੀ।
ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ
ਨੇੜਤਾ ਦਾ ਸੁਭਾਗ ਪ੍ਰਾਪਤ ਹੋਇਆ, ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੇ ਕਈ ਉਤਾਰੇ ਇਨ੍ਹਾਂ ਕੋਲੋਂ
ਕਰਵਾਏ। ਇੱਕ ਲਾਜੁਆਬ ਸੰਤ ਸਿਪਾਹੀ ਦਾ ਫਰਜ਼ ਅਦਾ ਕਰਦੇ ਹੋਏ, ਗੁਰਧਾਮਾਂ ਦੀ ਅਤੇ ਪੰਥਕ ਅਜ਼ਾਦੀ ਲਈ
ਲਾਮਿਸਾਲ ਸ਼ਹਾਦਤ ਪ੍ਰਾਪਤ ਕੀਤੀ।
ਇਤਨੀਆਂ ਮਹਾਨ ਸ਼ਖਸੀਅਤਾਂ ਨੂੰ ਵੀ ਕੋਈ ਸੰਤ, ਮਹੰਤ, ਆਦਿ ਦੀ ਡਿਗਰੀ ਨਹੀਂ
ਦਿੱਤੀ ਗਈ। ਅਜ ਵੀ ਸਾਰੀ ਕੌਮ ਇਨ੍ਹਾਂ ਨੂੰ ਭਾਈ ਮਰਦਾਨਾ, ਭਾਈ ਗੁਰਦਾਸ, ਭਾਈ ਮਤੀ ਦਾਸ, ਭਾਈ ਸਤੀ
ਦਾਸ, ਭਾਈ ਦਿਆਲਾ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਭਾਈ
ਮੋਹਕਮ ਸਿੰਘ, ਭਾਈ ਮਨੀ ਸਿੰਘ ਜੀ, ਕਹਿ ਕੇ ਹੀ ਯਾਦ ਕਰਦੀ ਹੈ। ਉਮਰ ਦੇ ਸਤਿਕਾਰ, ਅਤੇ ਕੌਮ ਦੀ
ਵਡੇਰੀ ਸੇਵਾ ਵਜੋਂ, ਬਾਬਾ ਬੁੱਢਾ ਜੀ ਅਤੇ ਬਾਬਾ ਦੀਪ ਸਿੰਘ ਜੀ ਦੇ ਨਾਂ ਨਾਲ ਬਾਬਾ ਲਫਜ਼ ਦੀ ਵਰਤੋਂ
ਕੀਤੀ ਜਾਂਦੀ ਹੈ। ਹਾਂ ਇਹ ਅਲੱਗ ਗੱਲ ਹੈ ਕਿ ਅਜ ਬਹੁਤ ਸਾਰੇ ਡੇਰਿਆਂ ਨੇ ਆਪਣੇ ਸਬੰਧ ਇਨ੍ਹਾਂ ਨਾਲ
ਜੋੜ ਕੇ, ਆਪਣੀਆਂ ਦੁਕਾਨਦਾਰੀਆਂ ਸਥਾਪਤ ਕੀਤੀਆਂ ਹੋਈਆਂ ਹਨ। ਇਨ੍ਹਾਂ ਮਹਾਨ ਸ਼ਕਸੀਅਤਾਂ ਨੇ ਤਾਂ
ਆਪਣੇ ਜੀਵਨ ਕਾਲ ਵਿੱਚ, ਆਪਣੇ ਨਾਂ ਨਾਲ ਕੋਈ ਸੰਤ ਮਹੰਤ ਮਹਾਪੁਰਖ ਆਦਿ ਕੋਈ ਡਿਗਰੀ ਨਾ ਹੀ ਲਗਾਈ
ਅਤੇ ਨਾ ਹੀ ਲੱਗਣ ਦਿੱਤੀ, ਇਹ ਜ਼ਬਰਦਸਤੀ ਇਨ੍ਹਾਂ ਦੇ ਪੈਰੋਕਾਰ ਬਣ ਕੇ ਆਪਣੇ ਆਪ ਨੂੰ ਸੰਤ, ਮਹੰਤ,
ਮਹਾਂਪੁਰਖ ਬ੍ਰਹਮਗਿਆਨੀ ਤੇ ਹੋਰ ਪਤਾ ਨਹੀਂ ਕੀ ਕੀ ਸਦਵਾ ਰਹੇ ਹਨ।
ਉਪਰੋਕਤ ਪ੍ਰਮਾਣਾ ਤੋਂ ਸਪੱਸ਼ਟ ਹੈ ਕਿ ਸਿੱਖ ਇਤਿਹਾਸ ਵਿੱਚ ਕਿਸੇ ਸਿੱਖ ਨੂੰ
ਕਦੇ ਸੰਤ, ਮਹੰਤ, ਮਹਾਪੁਰਖ, ਬ੍ਰਹਮਗਿਆਨੀ ਆਦਿ ਵਿਸ਼ੇਸ਼ਨਾ ਨਾਲ ਅਲੰਕਿਤ ਨਹੀਂ ਕੀਤਾ ਗਿਆ। ਸੋਚਣ
ਵਾਲੀ ਗੱਲ ਇਹ ਹੈ, ਕਿ ਫੇਰ ਇਹ ਸਿਧਾਂਤਕ ਤੌਰ ਤੇ ਗਲਤ ਚਲਣ ਸਿੱਖ ਕੌਮ ਵਿੱਚ ਕਿਥੋਂ ਚੱਲ ਪਿਆ?
ਸਾਡੇ ਸਾਹਮਣੇ ਸੱਭ ਤੋਂ ਪਹਿਲੇ ਜੋ ਨਾਂ ਆਉਂਦਾ ਹੈ, ਜਿਸ ਨਾਲ ਸਭ ਤੋਂ ਪਹਿਲਾਂ ਸੰਤ ਸ਼ਬਦ ਦੀ
ਵਰਤੋਂ ਕੀਤੀ ਗਈ, ਉਹ ਮਸਤੁਆਣਾ ਜ਼ਿਲਾ ਸੰਗਰੂਰ ਦੇ ਅਤਰ ਸਿੰਘ ਦਾ ਹੈ। ਇਸ ਨੂੰ ਸੰਤ ਦੀ ਉਪਾਧੀ
ਅੰਗ੍ਰੇਜ਼ ਸਰਕਾਰ ਵਲੋਂ ਦਿੱਤੀ ਗਈ, ਕਿਉਂਕਿ ਇਸ ਨੇ ਸੰਨ 1911 ਵਿੱਚ ਜਾਰਜ ਪੰਚਮ ਵਾਸਤੇ ਅਰਦਾਸ
ਕੀਤੀ ਸੀ, ਕਿ ਅੰਗ੍ਰੇਜ਼ ਰਾਜ ਸਦਾ ਕਾਇਮ ਰਹੇ। (ਵੇਖੋ: ਭਾਈ ਸੁਖਵਿੰਦਰ ਸਿੰਘ ਸਭਰਾ ਲਿਖਤ, ਸੰਤਾਂ
ਦੇ ਕੌਤਕ ਭਾਗ 6 ਪੰਨਾ 7), ਲੇਕਿਨ ਇਸ ਨੂੰ ਸੰਤ ਮਹਾਰਾਜ ਦੇ ਤੌਰ ਤੇ ਸਭ ਤੋਂ ਵੱਧ ਪ੍ਰਚਾਰਿਆ
ਹਿੰਦੂੱਤਵੀ ਸ਼ਕਤੀਆਂ ਨੇ, ਜਦੋਂ ਇਸ ਨੇ ਉਸ ਵੇਲੇ ਦੀਆਂ ਸਿੱਖ ਰਿਆਸਤਾਂ ਦੇ ਰਾਜਿਆਂ, ਮਹਾਰਾਜਿਆਂ
ਕੋਲੋਂ ਲੱਖਾਂ ਰੁਪਿਆ ਇਕੱਠਾ ਕਰਕੇ, ਉਸ ਪੈਸੇ ਨਾਲ ਮਦਨ ਮੋਹਨ ਮਾਲਵੀਆ ਦੇ ਕਹਿਣ ਤੇ ਬਨਾਰਸ ਵਿੱਚ
ਬਨਾਰਸ ਹਿੰਦੂ ਯੂਨੀਵਰਸਿਟੀ ਕਾਇਮ ਕਰਵਾਈ। ਇਹ ਉਹ ਦੋ ਮਹਾਨ ਕਾਰਜ ਸਨ, ਜੋ ਇਨ੍ਹਾਂ ਮਹਾਂਪੁਰਖਾਂ
ਕੀਤੇ, ਜਿਸ ਦੇ ਏਵਜ਼ ਵਿੱਚ ਸਿੱਖ ਸਿਧਾਂਤਾਂ ਦੇ ਉਲਟ ਇਸ ਨੂੰ ਗੈਰ ਸਿੱਖ ਤਾਕਤਾਂ ਨੇ ਸੰਤ ਬਣਾਕੇ,
ਸਿੱਖ ਕੌਮ ਅੰਦਰ ਇੱਕ ਵੱਡੇ ਰੋਗ ਦੀ ਸ਼ੁਰੂਆਤ ਕੀਤੀ।
ਰਾਜਿੰਦਰ ਸਿੰਘ (ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)
ਟੈਲੀਫੋਨ: +91 98761 04726
(ਇਹ ਲੇਖ ਰਾਜਿੰਦਰ ਸਿੰਘ ਦੀ ਆ ਰਹੀ ਕਿਤਾਬ, ‘ਖਾਲਸਾ ਪੰਥ ਬਨਾਮ ਡੇਰਾਵਾਦ’
ਵਿੱਚੋਂ ਹੈ)