.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਮੱਛੀ ਵਾਂਗ ਨਾਮ ਜਪਣਾ

ਸਾਡਿਆਂ ਪਿੰਡਾਂ ਵਿੱਚ ਆਮ ਇੱਕ ਰਿਵਾਜ਼ ਜੇਹਾ ਬਣ ਗਿਆ ਹੈ ਕਿ ਜਦੋਂ ਤਿੰਨ ਕੁ ਪਾਠੀ ਇਕੱਠੇ ਹੋ ਕੇ ਹੇਕਾਂ ਲਾ ਕੇ ਪਾਠ ਕਰਨ ਲੱਗ ਜਾਣ, ਤਾਂ ਓਦੋਂ ਪਿੰਡ ਵਾਲਿਆਂ ਨੂੰ ਸਮਝਣ ਵਿੱਚ ਦੇਰ ਨਹੀਂ ਲੱਗਦੀ ਕਿ ਹੁਣ ਅਖੰਡਪਾਠ ਦੀ ਸਮਾਪਤੀ ਹੋਣ ਲੱਗੀ ਹੈ। ਜਿੰਨ੍ਹਾਂ ਘਰਾਂ ਨੂੰ ਸੱਦਾ ਪੱਤਰ ਗਿਆ ਹੁੰਦਾ ਹੈ ਉਹਨਾਂ ਪਰਵਾਰਾਂ ਦੀਆਂ ਮਾਈਆਂ ਵਾਹਗੁਰੂ ਵਾਹਗੁਰੂ ਕਰਦੀਆਂ ਉਸ ਘਰ ਵਿੱਚ ਪਹੁੰਚ ਜਾਂਦੀਆਂ ਹਨ। ਲੋਕਾਂ ਨੇ ਇੱਕ ਨਿਸ਼ਾਨੀ ਰੱਖੀ ਹੁੰਦੀ ਹੈ ਪਾਠੀ ਇਕੱਠੇ ਹੋ ਕੇ ਹੇਕਾਂ ਲਾਉਣ ਤਾਂ ਓਦੋਂ ਸਮਝੋ ਪਾਠ ਥੋੜਾ ਹੀ ਰਹਿ ਗਿਆ ਹੈ ਤੇ ਇਸ ਵੇਲੇ ਜਿਹੜਾ ਕੋਈ ਹਾਜ਼ਰੀ ਭਰਦਾ ਹੈ ਉਸ ਨੂੰ ਸਵਰਗ ਵਿੱਚ ਸੀਟ ਰਾਖਵੀਂ ਮਿਲ ਜਾਂਦੀ ਹੈ ਕਿਉਂ ਕਿ ਭਾਈ ਸਾਹਿਬ ਜੀ ਇਹ ਲਾਰਾ ਦਵਾ ਰਹੇ ਹੁੰਦੇ ਹਨ ਕਿ ਭਈ ਭੋਗ ਦੇ ਸਲੋਕਾਂ ਦੀ ਹਾਜ਼ਰੀ ਭਰਨ ਨਾਲ ਤੇ ਸੰਗਤ ਵਿੱਚ ਆਉਣ ਨਾਲ ਹੀ ਤੁਹਾਡੇ ਸਾਰੇ ਕਾਰਜ ਰਾਸ ਹੋਣਗੇ। ਜਨੀ ਹਰ ਘਰ ਨੂੰ ਇਹ ਭਰੋਸਾ ਦਵਾਇਆ ਜਾਂਦਾ ਹੈ ਕਿ ਕੋਈ ਗੱਲ ਨਹੀ ਤੁਸੀਂ ਸਾਰਾ ਪਾਠ ਨਹੀਂ ਸੁਣਿਆ ਤਾਂ ਗੁਰੂ ਜੀ ਮੁਆਫ਼ ਕਰ ਦੇਣਗੇ ਪਰ ਜਿਹੜਾ ਹੁਣ ਵੀ ਹਾਜ਼ਰੀ ਨਾ ਭਰ ਸਕਿਆ ਉਸ ਨੂੰ ਗੁਰੂ ਜੀ ਕਦੇ ਵੀ ਮੁਆਫ਼ ਨਹੀਂ ਕਰਨਗੇ। ਹੇਕਾਂ ਲਉਣ ਤੋਂ ਪਹਿਲਾਂ ਸਪੀਕਰ ਵਿੱਚ ਭਾਈ ਜੀ ਆਪਣਾ ਫ਼ਰਜ਼ ਸਮਝਦਿਆਂ ਤੇ ਇਸ ਵੇਲੇ ਨੂੰ ਉਤਮ ਸਮਝਦਿਆ ਬਹੁਤ ਹੀ ਕਰੁਣਾ ਮਈ ਆਵਜ਼ ਵਿੱਚ ਖੁਲ੍ਹਾ ਜੇਹਾ ਸੱਦਾ ਦੇਂਦੇ ਹਨ। ਖੰਘਗੂਰਾ ਮਾਰ ਕੇ ਗਲ਼ਾ ਸਾਫ਼ ਕਰਕੇ ਮਨੋ ਇਹ ਕਹਿਣ ਦਾ ਯਤਨ ਕਰਦੇ ਹਨ ਕਿ ਸਿਰਫ ਸੰਗਤ ਦੀ ਹਾਜ਼ਰੀ ਭਰਨ ਨਾਲ ਹੀ ਤੁਹਾਡਾ ਮੁਕੱਦਮਾ ਜਿੱਤਿਆ ਜਾਏਗਾ, ਤੁਹਾਡੀ ਲੜਕੀ ਨੂੰ ਚੰਗਾ ਵਰ-ਘਰ ਮਿਲ ਜਾੲਗਾ, ਲੜਕੇ ਨੂੰ ਅਮਰੀਕਾ ਦਾ ਵੀਜ਼ਾ ਮਿਲ ਜਾਏਗਾ, ਇਸ ਵਾਰੀ ਤੁਹਾਡੀ ਫਸਲ ਬਹੁਤ ਹੋਏਗੀ, ਪਿੰਡ ਵਿੱਚ ਕੋਈ ਪਸ਼ੂ ਮਰੇਗਾ ਨਹੀਂ, ਮੱਝਾਂ ਦੁੱਧ ਜ਼ਿਆਦਾ ਦੇਣਗੀਆਂ, ਇਮਤਿਹਾਨਾਂ ਵਿੱਚ ਗੁਰੂ ਦੀ ਕਿਰਪਾ ਨਾਲ ਨਕਲ ਚੰਗੀ ਵੱਜ ਜਾਏਗੀ ਤੇ ਤੁਹਾਡੇ ਪੁੱਤ ਪੋਤਰੇ ਬਿਨਾ ਪੜ੍ਹਨ ਤੋਂ ਹੀ ਪਾਸ ਹੋ ਜਾਣਗੇ। ਇਹਨਾਂ ਸਾਰਿਆ ਭਰੋਸਿਆਂ ਦੀ ਆਸ ਲੈ ਕੇ ਆਪੌ ਆਪਣੀ ਵਿਤ ਮੁਤਾਬਕ ਜਾਂ ਜਿੰਨ੍ਹਾਂ ਕੁ ਇਹ ਸਾਡੇ ਘਰ ਭੇਟਾ ਦੇ ਗਏ ਸੀ ਉਸ ਹਿਸਾਬ ਨਾਲ ਹੇਕਾਂ ਦੀ ਅਵਾਜ਼ ਕੰਨੀ ਪੈਂਦਿਆ ਅਖੰਡਪਾਠ ਵਾਲੇ ਘਰ ਨੂੰ ਚਿੱਟਿਆਂ ਲੀੜਿਆ ਵਾਲੀਆਂ ਮਾਈਆਂ ਤੇ ਬਜ਼ੁਰਗ ਹੌਲੀ ਹੌਲ਼ੀ ਆਉਣੇ ਸ਼ੁਰੂ ਹੋ ਜਾਂਦੇ ਹਨ।
ਗੁਰਬਾਣੀ ਵਿੱਚ ਕੀ ਲਿਖਿਆ ਹੈ ਇਸ ਨਾਲ ਕਿਸੇ ਦਾ ਕੋਈ ਸਰੋਕਾਰ ਨਹੀਂ ਹੈ। ਅਸੀਂ ਸਿਰਫ ਹਾਜ਼ਰੀ ਭਰਨ ਲਈ ਜਾਂ ਮੂੰਹ ਦਿਖਾਲਣ ਲਈ ਇਸ ਵਾਸਤੇ ਜਾਂਦੇ ਹਾਂ ਕਿ ਤੁਸੀਂ ਸਾਡੇ ਘਰ ਆਏ ਸੀ ਅਸੀਂ ਤੁਹਾਡੇ ਘਰ ਆ ਗਏ ਬੱਸ ਧਰਮੀ ਹੋਣ ਦੀ ਸਾਰਿਆ ਰਲ਼ ਮਿਲ਼ ਕੇ ਆਪਣੇ ਆਪ `ਤੇ ਆਪੇ ਹੀ ਮੋਹਰ ਲਗਾ ਲਈ ਹੈ। ਗਲ਼ੀਆਂ ਦੇ ਝਗੜੇ, ਵੱਟ ਬੰਨੇ ਦੀ ਵੰਡ ਵੰਡਾਈ, ਈਰਖਾ, ਇੱਕ ਦੁਜੇ ਨੂੰ ਰਾਹ ਨਾ ਦੇਣਾ ਆਦ ਝਗੜੇ ਓਦਾਂ ਦੇ ਓਦਾ ਹੀ ਪਿੰਡਾਂ ਵਿੱਚ ਖੜੇ ਹਨ। ਭਾਈ ਜੀ ਦੋਨਾਂ ਧਿਰਾਂ ਦੀਆਂ ਅਰਦਾਸਾਂ ਕਰਕੇ ਆਪਣਾ ਬੁੱਤਾ ਸਾਰੀ ਜਾਂਦੇ ਹਨ।
ਪਿੰਡਾਂ ਵਿੱਚ ਅਖੰਡਪਾਠ ਜ਼ਿਆਦਾਤਰ ਦੋ ਕਾਰਨਾ ਕਰਕੇ ਹੁੰਦੇ ਹਨ ਇੱਕ ਤਾਂ ਸੁਖਿਆ ਹੁੰਦਾ ਹੈ ਦੂਸਰਾ ਸਾਲ ਬਆਦ ਜਠੇਰਿਆਂ ਨੂੰ ਖੁਸ਼ ਕਰਨ ਅਸੀਂ ਕਰਾਉਂਦੇ ਹਾਂ। ਭੋਲ਼ੀ ਸੰਗਤ ਨੂੰ ਇਹ ਭਰੋਸਾ ਵੀ ਦਿਵਾਇਆ ਗਿਆ ਹੁੰਦਾ ਹੈ ਹੁਣ ਤੁਹਾਨੂੰ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ ਤੁਹਾਡੀਆਂ ਸਾਰੀਆਂ ਸਿਰ ਦਰਦੀਆਂ ਗੁਰੂ ਜੀ ਨੇ ਆਪਣੇ `ਤੇ ਲੈ ਲਈਆਂ ਹਨ ਤੁਸੀਂ ਹੁਣ ਪਏ ਜੋ ਮਰਜ਼ੀ ਕਰਦੇ ਰਹੋ। ਸਿਰਫ ਅਖੰਡਪਾਠ ਨਾਲ ਤੁਹਾਡੇ ਸਾਰੇ ਕੰਮ ਥੋਕ ਰੂਪ ਵਿੱਚ ਹੋਣਗੇ।
੧੪੨੬ ਅੰਕ ਤੋਂ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਅਰੰਭ ਹੁੰਦੇ ਹਨ ਤੇ ਪਹਿਲੇ ਸਲੋਕ ਦੇ ਭਾਵ ਅਰਥ ਨੂੰ ਆਪਣੇ ਜੀਵਨ ਤੇ ਢੁਕਾ ਲਈਏ ਤਾਂ ਅਸੀਂ ਵਹਿਮਾਂ ਭਰਮਾਂ, ਸਮਾਜਕ ਬੁਰਾਈਆਂ ਤੇ ਫੋਕਟ ਦੀਆਂ ਧਾਰਮਕ ਰਸਮਾਂ ਤੋਂ ਬਚੇ ਰਹਾਂਗੇ—
ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ॥
ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ॥ 1॥
ਸਲੋਕ ਮ: ੯ ਪੰਨਾ ੧੪੨੬

ਦੋ ਜਾਂ ਤਿੰਨ ਪਾਠੀਆਂ ਤੋਂ ਹੇਕ ਵਿੱਚ ਇਹ ਸਲੋਕ ਤਾਂ ਜ਼ਰੂਰ ਸੁਣਦੇ ਹਾਂ ਪਰ ਇਹਨਾਂ ਦਾ ਭਾਵ ਅਰਥ ਕੀ ਹੈ ਇਸ ਵਲ ਕਦੀ ਧਿਆਨ ਦੇਣ ਦੀ ਲੋੜ ਹੀ ਨਹੀਂ ਸਮਝੀ। ਗੁਰੂ ਤੇਗ ਬਹਾਦਰ ਜੀ ਨੇ ਉਪਦੇਸ਼ ਦੇਂਦਿਆ ਸਮਝਾਇਆ ਹੈ ਕਿ ਭਾਈ ਪਰਮਾਤਮਾ ਦੇ ਗੁਣ ਇਸ ਤਰ੍ਹਾਂ ਗਾ ਜਿਸ ਤਰ੍ਹਾਂ ਮੱਛੀ ਪਾਣੀ ਵਿੱਚ ਰਹਿੰਦੀ ਹੈ।
ਅਖਰੀਂ ਅਰਥ--ਹੇ ਭਾਈ! ਜੇ ਤੂੰ ਪਰਮਾਤਮਾ ਦੇ ਗੁਣ ਕਦੇ ਨਹੀਂ ਗਾਏ, ਤਾਂ ਤੂੰ ਆਪਣਾ ਮਨੁੱਖਾ ਜਨਮ ਨਿਕੰਮਾ ਕਰ ਲਿਆ। ਹੇ ਨਾਨਕ! ਆਖ—ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ (ਤੇ, ਉਸ ਨੂੰ ਇਉਂ ਜ਼ਿੰਦਗੀ ਦਾ ਆਸਰਾ ਬਣਾ) ਜਿਵੇਂ ਪਾਣੀ ਨੂੰ ਮੱਛੀ (ਆਪਣੀ ਜਿੰਦ ਦਾ ਆਸਰਾ ਬਣਾਈ ਰੱਖਦੀ ਹੈ)। 1.
ਗੁਰੂ ਸਾਹਿਬ ਜੀ ਉਦਾਹਰਣ ਦੇ ਕੇ ਸਮਝਾ ਰਹੇ ਹਨ ਕਿ ਮੱਛੀ ਵਾਂਗ ਪ੍ਰਮਾਤਮਾ ਦਾ ਨਾਮ ਜਪਿਆ ਕਰ। ਦਰ ਅਸਲ ਮੱਛੀ ਤੋਂ ਜੁਗਤੀ ਸਿੱਖਣ ਦੀ ਤਾਗੀਦ ਕੀਤੀ ਜਾ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਪਾਸ ਬੈਠ ਕੇ ਵੀ ਇਸ ਸਿਧਾਂਤ ਨੂੰ ਸਮਝਣ ਲਈ ਤਿਆਰ ਨਹੀਂ ਹਾਂ। ਅਸੀਂ ਸਮਝ ਲਿਆ ਹੈ ਕਿ ਉੱਚੀ ਉੱਚੀ ਵਾਹਿਗੁਰੂ ਬੋਲਣਾ ਹੀ ਨਾਮ ਜੱਪਣਾ ਹੈ।
ਮੱਛੀ ਵਾਂਗ ਨਾਮ ਜਪ ‘ਜਿਹ ਬਿਧਿ ਜਲ ਕਉ ਮੀਨੁ’ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਦਈਏ ਤਾਂ ਕੁੱਝ ਸਮੇਂ ਉਪਰੰਤ ਮੱਛੀ ਤੜਫ ਤੜਫ ਕੇ ਆਪਣੇ ਪ੍ਰਾਣ ਦੇ ਦਵੇਗੀ। ਮੱਛੀ ਦੀ ਜ਼ਿੰਦਗੀ ਦਾ ਅਧਾਰ ਪਾਣੀ ਹੈ ਤੇ ਮਨੁੱਖ ਦੀ ਆਤਮਕ ਜ਼ਿੰਦਗੀ ਦਾ ਅਧਾਰ ਰੱਬੀ ਗੁਣ ਹਨ।
‘ਗੁਣ ਗੋਬਿੰਦ ਗਾਇਓ’ ਨਹੀਂ ਭਾਵ ਰੱਬੀ ਗੁਣਾਂ ਦੀ ਕਦੇ ਵੀ ਵਰਤੋਂ ਨਹੀਂ ਕੀਤੀ। ਇਸ ਲਈ ਸਾਰਾ ਜੀਵਨ ਹੀ ਵਿਅਰਥ ਵਿੱਚ ਗੁਆਚ ਗਿਆ ਹੈ ‘ਜਨਮੁ ਅਕਾਰਥ ਕੀਨੁ’।
ਗੁਣ ਕੀ ਹਨ?
ਮਹਾਨ ਕੋਸ਼ ਦੇ ਕਰਤਾ ਭਾਈ ਕਾਨ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਲਿਖਦੇ ਹਨ—ਸਿਫ਼ਤ ਜੇਹਾ ਕਿ ਗੁਣੁ ਏਹੋ ਹੋਰੁ ਨਾਹੀ ਕੋਇ॥ ਨਾ ਕੋ ਹੋਆ ਨਾ ਕੋ ਹੋਇ॥ ਰਾਗ ਆਸਾ ਮਹਲਾ ੧ ਪੰਨਾ ੩੪੯
ਕਰਤਾਰ ਦੀ ਇਹ ਸਿਫ਼ਤ ਹੈ ਕਿ ਉਸ ਵਰਗਾ ਹੋਰ ਕੋਈ ਵੀ ਨਹੀਂ ਹੈ।
ਸ਼ੀਲ, ਸਦਵ੍ਰਿੱਤਿ ਨੇਕ, ਐਮਾਲ ਜੇਹਾ ਕਿ ਸਭਿ ਗੁਣ ਤੇਰੇ, ਮੈ ਨਾਹੀ ਕੋਇ॥ ਵਿਣੁ ਗੁਣ ਕੀਤੇ, ਭਗਤਿ ਨ ਹੋਇ॥ ਪੰਨਾ ੪
ਸਭਾਉ, ਪ੍ਰਾਕ੍ਰਿਤਿ ਐਸੋ ਗੁਨੁ ਮੇਰੋ ਪ੍ਰਭ ਜੀ ਕੀਨ॥ ਪੰਚ ਦੋਖ ਅਰੁ ਅਹੰ ਰੋਗ ਇਹ ਤਨ ਤੇ ਸਗਲ ਦੂਰਿ ਕੀਨ॥ ਪੰਨਾ ੭੧੬
ਵਿਦਿਆ ਹੁਨਰ, ਔਸਾਫ ਆਦ। ਸੰਤੋਖ, ਨਿਮ੍ਰਤਾ, ਨਿਰਵੈਰਤਾ, ਮਿਠਾਸ, ਧੀਰਜ, ਸੇਵਾ ਭਾਵਨਾ, ਪਿਆਰ, ਦਇਆ, ਹਲੀਮੀ, ਖਿਮਾ ਕਰਨਾ, ਸਾਂਝੀਵਾਲਤਾ ਕਿਰਤ ਕਰਨੀ ਤੇ ਉਸ `ਤੇ ਭਰੋਸਾ ਰੱਖਣਾ, ਵੰਡਣ ਦੀ ਭਾਵਨਾ ਆਦ ਗੁਣਾਂ ਦੀ ਖੁਲ੍ਹ ਕੇ ਵਰਤੋਂ ਕਰਨੀ। ਜੇ ਇਹਨਾਂ ਗੁਣਾਂ ਦੀ ਵਰਤੋਂ ਨਹੀਂ ਕੀਤੀ ਤਾਂ ਵਿਅਰਥ ਵਿੱਚ ਜਨਮ ਗਵਾ ਲਿਆ ਹੈ ਇਸ ਸਬੰਧੀ ਗੁਰਬਾਣੀ ਦਾ ਬੜਾ ਪਿਆਰਾ ਵਾਕ ਹੈ ਕਿ ਜਿੰਨ੍ਹਾਂ ਮਨੁੱਖਾਂ ਵਿੱਚ ਕੋਈ ਵੀ ਗੁਣ ਨਹੀਂ ਹਨ ਤੇ ਨਿਰਾ ਹੰਕਾਰ ਹੀ ਕਰਦੇ ਹਨ, ਅਸਲ ਵਿੱਚ ਉਹ ਗਧੇ ਹਨ—
ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ॥ 15॥
ਸਲੋਕ ਮ: ੧ ਪੰਨਾ ੧੪੧੧

ਉਪਰੋਕਤ ਸਾਰੇ ਗੁਣ ਪਾਣੀ ਦੀ ਨਿਆਂਈਂ ਹਨ ਜਿਸ ਵਿੱਚ ਮਨੁੱਖ ਨੇ ਮੱਛੀ ਵਾਂਗ ਰਹਿਣਾ ਹੈ।
ਹਨੇਰ ਸਾਂਈ ਦਾ ਅਸੀਂ ਇਹਨਾਂ ਗੁਣਾਂ ਦੀ ਨਾ ਤਾਂ ਖੁਲ੍ਹ ਕੇ ਵਰਤੋਂ ਕਰਦੇ ਹਾਂ ਤੇ ਨਾ ਹੀ ਸਮਝਣ ਲਈ ਤਿਆਰ ਹਾਂ। ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਹਨ ਕਿ ਜਿਵੇਂ ਮੱਛੀ ਪਾਣੀ ਤੋਂ ਬਿਨਾ ਜ਼ਿਉਂਦੀ ਨਹੀਂ ਰਹਿ ਸਕਦੀ ਏਵੇਂ ਹੀ ਅਸੀਂ ਰੱਬੀ ਗੁਣਾਂ ਤੋਂ ਬਿਨਾ ਆਤਮਕ ਤਲ਼ `ਤੇ ਜ਼ਿਉਂਦੇ ਨਹੀਂ ਰਹਿ ਸਕਦੇ। ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਮੱਛੀ ਦੀ ਉਦਾਹਰਣ ਦੇ ਕੇ ਸਮਝਾ ਰਹੇ ਹਨ।
ਮੱਛੀ ਨੇ ਕਦੇ ਵੀ ਸਿਮਰਣਾ ਨਹੀਂ ਖ਼ਰੀਦਿਆ ਤੇ ਨਾ ਹੀ ਉਹ ਮਾਲਾ ਨੂੰ ਘਮਾਉਂਦੀ ਹੈ। ਮੱਛੀ ਕਦੇ ਵੀ ਮਾਲਾ ਨਹੀਂ ਫੇਰਦੀ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਬੈਠ ਕੇ ਮਾਲਾ ਘੁਮਾ ਰਹੇ ਹਾਂ ਫਿਰ ਮੱਛੀ ਵਾਂਗ ਕਿਵੇਂ ਜਪਿਆ ਗਿਆ? ਮੱਛੀ ਪਾਣੀ ਦੀ ਵਰਤੋਂ ਕਰਦੀ ਹੈ ਅਸੀਂ ਸੰਤੋਖ ਦੀ ਵਰਤੋਂ ਕਰੀਏ।
ਮੱਛੀ ਕਦੇ ਵੀ ਅੱਖਾਂ ਮੀਟ ਕੇ ਚੌਂਕੜੀ ਮਾਰ ਕੇ ਵਾਹਗੁਰੂ ਵਾਹਗੁਰੂ ਨਹੀਂ ਕਹਿੰਦੀ, ਉਹ ਪਾਣੀ ਵਿੱਚ ਰਹਿ ਕੇ ਪਾਣੀ ਨਾਲ ਪਿਆਰ ਕਰਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਬੈਠ ਕੇ ਇੱਕ ਦੂਜੇ ਨੂੰ ਅਕਲ ਦੇਣ ਲਈ ਡਾਂਗ ਸੋਟੇ ਦੀ ਖੁਲ੍ਹ ਕੇ ਵਰਤੋਂ ਕਰਦੇ ਹਾਂ। ਮਾਵਾਂ ਭੈਣਾਂ ਦੀਆਂ ਨੰਗੀਆਂ ਗਾਲ਼ਾਂ ਕੱਢਣ ਤੋਂ ਕਦੇ ਵੀ ਸ਼ਰਮ ਮਹਿਸੂਸ ਨਹੀਂ ਕਰਦੇ।
ਮੱਛੀ ਨੇ ਪਾਣੀ ਵਿੱਚ ਰਹਿ ਕੇ ਕਦੇ ਵੀ ਚਲੀਹਾ ਨਹੀਂ ਕੱਟਿਆ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਬੈਠ ਕੇ ਕੌਮ ਦੀ ਅੱਖੀ ਘੱਟਾ ਪਾਉਣ ਲਈ ਚਲੀਹੇ ਕੱਟ ਰਹੇ ਹਾਂ। ਫਿਰ ਹੈਕਨਾ ਗੁਰੂ ਦੇ ਸਿੱਖ ਅਸੀਂ—
ਮੱਛੀ ਕਦੇ ਵੀ ਤੀਰਥਾਂ ਦੇ ਇਸ਼ਨਾਨ ਕਰਨ ਨਹੀਂ ਗਈ---ਪਰ ਸਿੱਖਾਂ ਦੀਆਂ ਟ੍ਰਾਲੀਆਂ `ਤੇ ਲਿਖਿਆ ਹੁੰਦਾ ਹੈ--- ਤੀਰਥਿ ਨਾਈਐ, ਸੁਖੁ ਫਲੁ ਪਾਈਐ, ਮੈਲੁ ਨ ਲਾਗੈ ਕਾਈ॥ ਇਹ ਸਿਧਾਂ ਦਾ ਖਿਆਲ ਹੈ ਜੋ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਣ ਕੀਤਾ ਹੈ।
ਨਾਮ ਜੱਪਣ ਲਈ ਮੱਛੀ ਪਾਸ ਕਿਸੇ ਕਿਸਮ ਦਾ ਕੋਈ ਸਾਜ ਨਹੀਂ ਹੈ---ਅਸੀਂ ਨਾਮ ਜੱਪਦਿਆਂ ਜੱਪਦਿਆਂ ਆਪੇ ਤੋਂ ਬਾਹਰ ਹੋ ਕੇ, ਮਾਰ ਮਾਰ ਪਟੋਕੀਆਂ ਤਬਲੇ ਦਾ ਸਿਰ ਭੰਨ ਸੁਟਦੇ ਹਾਂ। ਮੱਛੀ ਤਾਂ ਅਰਾਮ ਨਾਲ ਪਾਣੀ ਦੀ ਸੈਰ ਕਰ ਰਹੀ ਹੈ। ਅਸੀਂ ਨਾਮ ਜੱਪਦਿਆਂ ਸਿਰ ਹਿਲਾਉਂਦਿਆ ਹਾਲੋਂ ਬੇ ਹਾਲ ਹੋਏ ਹੁੰਦੇ ਹਾਂ।
ਗੁਰੂ ਤੇਗ ਬਹਾਦਰ ਜੀ ਇਸ ਸਲੋਕ ਵਿੱਚ ਬਹੁਤ ਹੀ ਸਰਲ ਭਾਸ਼ਾ ਵਿੱਚ ਫਰਮਾਉਂਦੇ ਹਨ ਕਿ— ‘ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ’ ਭਾਵ ਜਿਸ ਤਰੀਕੇ ਨਾਲ ਮੱਛੀ ਰਹਿ ਰਹੀ ਹੈ ਉਸ ਤਰੀਕੇ ਨਾਲ ਤੂੰ ਵੀ ਜ਼ਿੰਦਗੀ ਵਿੱਚ ਵਿਚਰਣ ਦਾ ਯਤਨ ਕਰ। ਸਲੋਕ ਦਾ ਭਾਵ ਅਰਥ ਹੈ ਘੱਟੋ ਘੱਟ ਮੱਛੀ ਤੋਂ ਹੀ ਕੁੱਝ ਸਿੱਖਣ ਦਾ ਯਤਨ ਕਰ।
ਮੱਛੀ ਅਖੰਡਪਾਠਾਂ ਦੀਆਂ ਲੜੀਆਂ ਨਹੀਂ ਚਲਾੳਂਦੀ। ਮੱਛੀ ਕੀਰਤਨ ਦਰਬਾਰ ਨਹੀਂ ਕਰਾਉਂਦੀ। ਮੱਛੀ ਗੁਰਦੁਆਰਿਆਂ ਵਿੱਚ ਮਾਰਬਲ ਵੀ ਨਹੀਂ ਥੱਪ ਰਹੀ।
ਮੱਛੀ ਸਵੇਰ ਦੇ ਵਲੇ ਕਦੇ ਵੀ ਬੱਤੀਆਂ ਬੰਦ ਕਰਕੇ ਨਾਮ ਨਹੀਂ ਜੱਪਦੀ।
ਅੱਜ ਕਲ੍ਹ ਇੱਕ ਨਵਾਂ ਨਾਂ ਚੱਲਿਆ ਹੈ ਨਾਮ ਸਾਧਨਾ ਤੇ ਸਾਧਨਾ ਵਿੱਚ ਜਾਣ ਲਈ ਅੱਧੀ ਰਾਤ ਨੂੰ ਗੁਰਦੁਆਰੇ ਪਧਾਰਨਾ ਪੈਂਦਾ ਹੈ। ਵਿਚਾਰੀ ਮੱਛੀ ਅਜੇਹੇ ਖਲਜਗਣ ਵਿੱਚ ਕਦੇ ਵੀ ਨਹੀਂ ਪਈ ਉਹ ਤੇ ਸਗੋਂ ਕੁਦਰਤੀ ਜ਼ਿੰਦਗੀ ਜਿਉ ਕੇ ਪਾਣੀ ਦਾ ਅਨੰਦ ਮਾਣ ਰਹੀ ਹੈ।
ਗੁਰਬਾਣੀ ਨੇ ਬਹੁਤ ਪਰਕਾਰ ਦੀਆਂ ਉਦਾਹਰਣਾਂ ਦੇ ਕੇ ਮਨੁੱਖੀ ਜੀਵਨ ਵਿੱਚ ਸੋਹਜ ਅਨੰਦ ਭਰਨ ਦਾ ਵਲ਼ ਸਮਝਾਇਆ ਹੈ ਪਰ ਅਸੀਂ ਗੁਰਬਾਣੀ ਸੂਝ ਲੈਣ ਦੀ ਥਾਂ `ਤੇ ਆਪਣੀ ਆਪਣੀ ਮਤ ਅਨੁਸਾਰ ਚੱਲ ਰਹੇ ਹਾਂ। ਅਸੀ ਦੁਜਿਆਂ ਨੂੰ ਵੀ ਗੁਰਬਾਣੀ ਦੇ ਪਾਸ ਬੈਠਾ ਕੇ ਰੋਲ਼ੇ ਰੱਪੇ ਵਿੱਚ ਗਵਾਚਣ ਦਾ ਸੱਦਾ ਦੇ ਰਹੇ ਹਾਂ।




.