. |
|
ਅੱਖੀਂ ਡਿੱਠਾ ਕੰਨੀ ਸੁਣਿਆਂ ਛੇ ਦਹਾਕਿਆਂ ਦਾ ਕੌੜਾ ਸੱਚ
(ਕਿਸ਼ਤ ਤੀਜੀ)
1977 ਦੀਆਂ ਚੋਣਾਂ ਵਿੱਚ
ਬਾਦਲ, ਦੂਜੀਆਂ ਸਿਆਸੀ ਪਾਰਟੀਆਂ ਨਾਲ ਮਿਲ ਕੇ, ਜ਼ੈਲ ਸਿੰਘ ਤੋਂ ਗੱਦੀ ਖੋਹਣ ਵਿੱਚ ਸਫ਼ਲ ਰਿਹਾ ਸੀ।
ਜ਼ੈਲ ਸਿੰਘ ਵਰਗਾ ਹੰਢਿਆ ਹੋਇਆ ਚਾਤੁੱਰ ਸਿਆਸਤਦਾਨ ਆਪਣੀ ਹਾਰ/ਹੇਠੀ ਦਾ ਬਦਲਾ ਲੈਣ `ਤੇ ਤੁਲਿਆ
ਹੋਇਆ ਸੀ। ਉਸ ਨੇਂ ਨਿਰੰਕਾਰੀਆਂ ਤੇ ਭਿੰਡਰਾਂਵਾਲੇ ਦੀ ਮਦਦ ਨਾਲ ਅਕਾਲੀਆਂ ਤੇ ਸ਼ਿਰੋਮਣੀ
ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀਆਂ ਜੜ੍ਹਾਂ ਖੋਖਲੀਆਂ ਕਰਨ ਦੀ ਠਾਨ ਰੱਖੀ ਸੀ। ਉਹ ਹਰ ਹੀਲੇ,
ਕੇਂਦ੍ਰ ਦੀ ਕਾਂਗ੍ਰਸੀ ਸਰਕਾਰ ਦੀ ਸ਼ਹਿ ਨਾਲ, ਇਨ੍ਹਾਂ ਦੋਹਾਂ ਜਥੇਬੰਦੀਆਂ (ਨਿਰੰਕਾਰੀ ਤੇ
ਭਿੰਡਰਾਂਵਾਲਾ) ਦੀ ਗੁਪਤ-ਹੱਥੀਂ ਸਹਾਇਤਾ ਕਰ ਰਿਹਾ ਸੀ।
ਹੁਣ ਤੱਕ, ਨਿਰੰਕਾਰੀ ਸੰਪਰਦਾਯ ਕਾਫ਼ੀ ਜ਼ੋਰ ਫੜ ਚੁੱਕੀ ਸੀ। ਕਾਂਗਰਸ ਸਰਕਾਰ
ਦਾ ਸਮਰਥਨ ਪ੍ਰਾਪਤ ਹੋਣ ਕਰਕੇ ਇਸ ਸੰਪਰਦਾਯ ਦਾ ਮੁਖੀ ਗੁਰਬਚਨ ਸਿੰਘ ਤੇ ਹੋਰ ਕਾਰਕੁੰਨ, ਸਰਕਾਰੀ
ਸਾਹਨ ਦੀ ਤਰ੍ਹਾਂ, ਪੰਜਾਬ ਦੀ ਧਰਤੀ `ਤੇ ਵੀ ਖੌਰੂ ਪਾ ਰਹੇ ਸਨ। ਉਨ੍ਹਾਂ ਦੀਆਂ ਕਈ
ਗਤਿਵਿਧੀਆਂ/ਕਰਤੂਤਾਂ ਗੁਰਮੱਤਿ-ਵਿਰੋਧੀ ਸਨ। ਇਸ ਸਮੇਂ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦਾ
ਪ੍ਰਧਾਨ ਗੁਰਚਰਨ ਸਿੰਘ ਟੌਹੜਾ ਸੀ, ਅਤੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਅਕਾਲੀ ਮੁੱਖ-ਮੰਤਰੀ ਸੀ।
ਇਨ੍ਹਾਂ ਦੋਹਾਂ ਨੇਂ, ਤੇ ਤੀਜਾ, ਇਨ੍ਹਾਂ ਦੇ ਪਿੱਠੂ ਅਕਾਲ ਤਖ਼ਤ ਦੇ ਜਥੇਦਾਰ ਨੇਂ ਨਿਰੰਕਾਰੀਆਂ
ਵਿਰੁੱਧ ਕੋਈ ਜ਼ਰੂਰੀ ਕਾਰਵਾਈ ਨਾਂ ਕੀਤੀ। ਅਪ੍ਰੈਲ
13, 1978
ਵਾਲੇ ਦਿਨ ਅੰਮ੍ਰਿਤਸਰ ਵਿਖੇ ਨਿਰੰਕਾਰੀ-ਸੰਮੇਲਨ ਦੇ ਮੌਕੇ `ਤੇ ਆਖੰਡ ਕੀਰਤਨੀ ਜਥੇ ਅਤੇ
ਭਿੰਡਰਾਂਵਾਲਾ ਵੱਲੋਂ ਨਿਰੰਕਾਰੀਆਂ ਦੇ ਖ਼ਿਲਾਫ਼ ਰੋਸ-ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ
ਮੁਜ਼ਾਹਰਾ-ਕਰਤਿਆਂ ਦਾ ਨਿਰੰਕਾਰੀਆਂ ਨਾਲ ਬਖੇੜਾ ਖੜਾ ਹੋ ਗਿਆ। ਨਿਰੰਕਾਰੀ ਗੁੰਡਿਆਂ ਨੇਂ ਬੜੀ
ਨਿਡਰਤਾ ਤੇ ਬੇ-ਰਹਿਮੀ ਨਾਲ 13
ਸਿੱਖਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਅਕਾਲੀ ਮੁੱਖ-ਮੰਤ੍ਰੀ ਬਾਦਲ ਤੇ ਉਸ ਦਾ ਮੰਤ੍ਰੀ-ਮੰਡਲ
(ਆਤਮਾ ਸਿੰਘ ਵਗ਼ੈਰਾ), ਗੱਦੀ ਨੂੰ ਬਚਾਉਣ ਦੀ ਖ਼ਾਤਿਰ, ਦੋਗਲੀ ਨੀਤੀ ਅਪਣਾਉਂਦੇ ਹੋਏ ਘੇਸਲ ਵੱਟ ਗਏ।
ਪ੍ਰੰਤੂ, ਜੀਵਨ ਸਿੰਘ ਉਮਰਾਨੰਗਲ ਵਰਗੇ ਖੁਲ੍ਹੇ ਆਮ ਨਿਰੰਕਾਰੀਆਂ ਦਾ ਪੱਖ ਪੂਰ ਰਹੇ ਸਨ। ਗੁਰਬਚਨ
ਸਿੰਘ ਤੇ ਉਸ ਦੇ ਸਾਥੀ ਨਿਰੰਕਾਰੀਆਂ ਨੂੰ ਬਾਦਲ ਸਰਕਾਰ ਦੀ ਪੰਜਾਬ ਪੁਲਸਿ ਦੀ ਸੁਰੱਖਿਆਧੀਨ ਪੰਜਾਬ
ਦੀ ਸੀਮਾ ਤੋਂ ਪਾਰ ਕਰਵਾਇਆ ਗਿਆ। ਕਾਂਗ੍ਰਸ ਦੀ ਕੇਂਦ੍ਰੀ ਸਰਕਾਰ ਦੇ ਪ੍ਰਭਾਵ ਅਤੇ ਪੰਜਾਬ ਦੀ
ਅਕਾਲੀ ਸਰਕਾਰ ਦੀ ਕੁਟਿਲ ਨੀਤੀ ਤੇ ਰੁੱਖੇ ਰਵਈਏ ਸਦਕਾ ਗੁਰਬਚਨ ਸਿੰਘ ਅਤੇ ਉਸ ਦੇ ਸਾਥੀਆਂ ਦਾ
ਮੁਕੱਦਮਾ ਹਰਿਆਣੇ ਵਿੱਚ ਕਰਨਾਲ ਦੀ ਕਚਹਿਰੀ ਵਿੱਚ ਭੇਜ ਦਿੱਤਾ ਗਿਆ, ਜਿੱਥੇ ਉਹ ਸਾਰੇ ਬਾ-ਇੱਜ਼ਤ
ਬਰੀ ਕਰ ਦਿੱਤੇ ਗਏ। ਨਿਰੰਕਾਰੀਆਂ ਹੱਥੋਂ ਕਤਲ ਹੋਏ ਸਿੱਖਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹੋਏ
ਇਸ ਘੋਰ ਜ਼ੁਲਮ ਅਤੇ ਅਨਿਆਂ ਦੀ ਜ਼ਿਮੇਦਾਰ ਕੇਂਦ੍ਰ ਦੀ ਕਾਂਗ੍ਰਸੀ ਸਰਕਾਰ ਅਤੇ ਪੰਜਾਬ ਦੀ
ਸਿੱਖ-ਵਿਰੋਧੀ ਅਕਾਲੀ ਸਰਕਾਰ ਹੀ ਕਹੀ ਜਾਂਦੀ ਹੈ। ਬਾਦਲ, ਜਨ-ਸੰਘੀਆਂ ਤੇ ਨਿਰੰਕਾਰੀਆਂ ਨੂੰ ਖ਼ੁਸ਼
ਰੱਖਣ ਲਈ, ਇਸ ਫ਼ੈਸਲੇ ਵਿਰੁੱਧ ਅਪੀਲ ਕਰਨ ਤੋਂ ਟਾਲ-ਮਟੋਲ ਕਰ ਗਿਆ। ਪੰਥਕ ਲੀਡਰਾਂ ਦੀ ਸਿੱਖਾਂ ਨਾਲ
ਕੀਤੀ ਗ਼ੱਦਾਰੀ ਦੀ ਇਹ ਸ਼ਰਮਨਾਕ ਮਿਸਾਲ ਲਾਸਾਨੀ ਹੈ।
ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਲੀਡਰਾਂ ਦੇ
ਪੰਥ-ਵਿਰੋਧੀ ਕਿਰਦਾਰ ਤੋਂ ਨਿਰਾਸ਼ ਹੋ ਕੇ ਖਾੜਕੂ ਜਥੇਬੰਦੀਆਂ ਨੇਂ ਖੜਕਣਾਂ ਆਰੰਭ ਦਿੱਤਾ। ਅਖੰਡ
ਕੀਰਤਨੀ ਜਥੇ ਦਾ ਰਣਜੀਤ ਸਿੰਘ, ਬਦਲੇ ਦੀ ਭਾਵਨਾਂ ਨਾਲ, ਦਿੱਲੀ ਵਿਖੇ ਨਿਰੰਕਾਰੀਆਂ ਦੇ ਅਹਾਤੇ
ਅੰਦਰ ਲੱਕੜੀ ਦਾ ਕੰਮ ਕਰਨ ਲੱਗਾ। ਜਲਦੀ ਹੀ ਉਸ ਨੇਂ ਨਿਰੰਕਾਰੀਆਂ ਦਾ ਵਿਸ਼ਵਾਸ ਵੀ ਜਿੱਤ ਲਿਆ।
ਅਪ੍ਰੈਲ 24,1980
ਨੂੰ ਉਸ ਨੇਂ, ਸਮਗਲ ਕੀਤੀ ਬੰਦੂਕ ਨਾਲ, ਗੁਰਬਚਨ ਸਿੰਘ ਨੂੰ ਮਾਰ ਦਿੱਤਾ। ਜਿੱਥੇ ਖਾੜਕੂਆਂ ਵਿੱਚ
ਨਿਰੰਕਾਰੀ ਨੇਤਾ ਦੇ ਕਤਲ ਦੀ ਖੁਸ਼ੀ ਮਨਾਈ ਗਈ ਉੱਥੇ ਵਿਰੋਧੀ ਧਿਰਾਂ ਦਾ ਕਹਿਣਾ ਸੀ ਕਿ ਇਹ
ਵਿਸ਼ਵਾਸ-ਘਾਤ ਹੈ ਜੋ ਕਿ ਸਿੱਖਾਂ/ਸਿੰਘਾਂ ਨੂੰ ਸ਼ੋਭਾ ਨਹੀਂ ਦਿੰਦਾ। ਤਿੰਨ ਸਾਲ ਭਗੌੜੂ ਰਹਿਣ
ਉਪਰੰਤ, 1983
ਵਿੱਚ ਰਣਜੀਤ ਸਿੰਘ ਗ੍ਰਿਫ਼ਤਾਰ ਹੋਇਆ ਅਤੇ ਕਤਲ ਦੇ ਦੋਸ਼ ਕਾਰਣ
13
ਸਾਲ ਲਈ ਜੇਲ੍ਹ ਭੇਜ ਦਿੱਤਾ ਗਿਆ। ਇਸੇ ਹੀ ਸਮੇ ਕਈ ਖਾੜਕੂ ਤੇ ਪੰਥਕ ਜਥੇਬੰਦੀਆਂ ਤਰ੍ਹਾਂ ਤਰ੍ਹਾਂ
ਦੇ ਗ਼ੈਰ-ਜ਼ਿੰਮੇਦਾਰਾਨਾਂ ਬਿਆਨ ਜਾਰੀ ਕਰ ਰਹੀਆਂ ਸਨ। ਭਿੰਡਰਾਂਵਾਲਾ ਦਾ ਐਲਾਨ ਇਹ ਸੀ ਕਿ ਰਣਜੀਤ
ਸਿੰਘ ਨੂੰ ਸੋਨੇ ਦੇ ਬਰਾਬਰ ਤੋਲਿਆ ਜਾਵੇਗਾ; ਅਕਾਲੀ ਦਲ ਅਤੇ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ
ਕਮੇਟੀ ਦੇ ਦਾਇਰੇ ਵਿੱਚੋਂ ਸੂਹਾਂ ਆ ਰਹੀਆਂ ਸਨ ਕਿ ਉਸ (ਰਣਜੀਤ ਸਿੰਘ) ਨੂੰ ਕਿਸੇ ਸਯੋਗ ਤੇ
ਸਤਿਕਾਰਿਤ ਅਹੁਦੇ `ਤੇ ਨਿਯੁਕਤ ਕੀਤਾ ਜਾਵੇਗਾ ਆਦਿ। (ਇਹ ਬਿਆਨ ਸਹੀ ਸਾਬਤ ਹੋਇਆ ਜਦ ਉਸ ਨੂੰ ਅਕਾਲ
ਤਖ਼ਤ ਦਾ ਜਥੇਦਾਰ ਨਿਯੁਕਤ ਕੀਤਾ ਗਿਆ। ਉਸ ਦੀ ਯੋਗਤਾ ਸਿਰਫ਼ ਇਹ ਸੀ ਕਿ ਉਹ ਇੱਕ ਕਾਤਿਲ ਸੀ। ਜਥੇਦਾਰ
ਬਣ ਕੇ ਉਸ ਨੇ ਜੋ ਚੰਦ ਚਾੜ੍ਹੇ ਉਹ ਸੱਭ ਜਾਣਦੇ ਹਨ।) ਇਨ੍ਹਾਂ ਵਿਵਾਦ-ਪੂਰਨ ਬਿਆਨਾਂ ਨੇਂ ਸੰਵਾਰਿਆ
ਕੁੱਛ ਨਹੀਂ, ਉਲਟਾ, ਪੰਜਾਬ ਵਿੱਚ ਅੱਤਿਵਾਦ ਨੂੰ ਸਾਹਸ ਮਿਲਿਆ ਤੇ ਪੰਜਾਬੀਆਂ ਵਿੱਚ ਬਚੀ-ਖੁਚੀ
ਭਰਾਤ੍ਰੀ-ਭਾਵ ਦੀ ਭਾਵਨਾ ਵੀ ਭਸਮ ਹੋਣ ਲੱਗੀ।
‘ਪੰਜਾਬੀ ਸੂਬੇ’ ਦੀ ਮੰਗ ਦੇ ਸਮੇਂ ਤੋਂ ਹੀ, ਸਿਆਸੀ/ਸਮਾਜਕ/ਧਾਰਮਿਕ
ਪਾਰਟੀਆਂ ਦੇ ਸੁਆਰਥੀ ਲੀਡਰਾਂ ਦੀ ਮਿਹਰਬਾਨੀ ਸਦਕਾ, ਪੰਜਾਬ ਦੇ ਵਸਨੀਕਾਂ, ਵਿਸ਼ੇਸ਼ ਕਰਕੇ ਹਿੰਦੂ ਤੇ
ਸਿੱਖਾਂ, ਦੇ ਪਰਸਪਰ ਸੰਬੰਧਾਂ ਵਿੱਚ ਤੁਰਸ਼ੀ ਆਉਣੀ ਸ਼ੁਰੂ ਹੋ ਗਈ ਸੀ। ਇਸ ਤੁਰਸ਼ੀ ਨੂੰ ਜ਼ਹਿਰ ਬਣਾਉਣ,
ਚੰਗਿਆੜੀ ਨੂੰ ਭਾਂਬੜ ਵਿੱਚ ਬਦਲਨ ਦਾ ਸਿਹਰਾ ਬਹੁਤ ਹੱਦ ਤਕ ਮੀਡੀਏ ਦੇ ਸਿਰ ਹੈ। ਪੰਜਾਬੀ ਤੇ
ਹਿੰਦੀ ਦੇ ਅਖ਼ਬਾਰ ਝੂਠੀਆਂ ਸੱਚੀਆਂ ਉਕਸਾਊ ਤੇ ਭੜਕਾਊ ਖ਼ਬਰਾਂ ਨਾਲ ਪੰਜਾਬੀਆਂ ਨੂੰ ਬਖ਼ੀਲੀ ਦੀ ਭੱਠੀ
ਵਿੱਚ ਝੋਕਣ ਲਈ ਪੂਰਾ ਟਿੱਲ ਲਾ ਰਹੇ ਸਨ। ਪੰਜਾਬੀ ਬੋਲੀ ਅਤੇ ਸਿੱਖਾਂ ਦੇ ਮਸਲਿਆਂ ਦਾ ਵਿਰੋਧ ਕਰਨ
ਵਾਲਿਆਂ ਵਿੱਚੋਂ ਸੱਭ ਤੋਂ ਮੂਹਰੇ ਹਿੰਦ ਸਮਾਚਾਰ/ਪੰਜਾਬ ਕੇਸਰੀ ਆਦਿ ਦਾ ਮਸ਼ਹੂਰ ਮੁੱਖ
ਸੰਪਾਦਕ/ਮਾਲਿਕ ਜਗਤ ਨਾਰਾਇਣ ਸੀ। ਉਸ ਦੀਆਂ ਸਿੱਖਾਂ-ਵਿਰੋਧੀ ਖ਼ਬਰਾਂ ਦੀ ਸ਼ਬਦਾਵਲੀ ਵੀ ਅਧਿਕਤਰ
ਅਸਭਯ ਤੇ ਕੌੜੀ ਹੁੰਦੀ ਸੀ। 1978
ਵਿੱਚ ਨਿਰੰਕਾਰੀਆਂ ਹੱਥੋਂ ਹੋਏ ਸਿੱਖਾਂ ਦੇ ਕਤਲ ਤੋਂ ਬਾਅਦ ਉਸ ਨੇਂ ਪੰਜਾਬੀ ਬੋਲੀ ਤੇ ਸਿੱਖ
ਵਿਰੋਧੀ ਮੁਹਿਮ ਹੋਰ ਤੇਜ਼ ਕਰ ਦਿੱਤੀ। ਨਤੀਜੇ ਵਜੋਂ, ਸਤੰਬਰ
9, 1981
ਨੂੰ ਉਹ ਨਵ-ਜੰਮੇ ਅਤਿਵਾਦ ਦਾ ਸ਼ਿਕਾਰ ਬਣਿਆਂ। ਉਸ ਦਾ ਅਣਪਛਾਤੇ ਖਾੜਕੂਆਂ (ਸਮੇਂ ਦੀਆਂ ਖ਼ਬਰਾਂ
ਮੁਤਾਬਿਕ ਇਸ ਕਤਲ ਦੀ ਜ਼ਿੱਮੇਵਾਰੀ ਬੱਬਰ ਖ਼ਾਲਸਾ ਨੇਂ ਕਬੂਲੀ ਸੀ) ਹੱਥੋਂ ਹੋਏ ਕਤਲ ਨੇਂ ਬਲਦੀ `ਤੇ
ਤੇਲ ਦਾ ਕੰਮ ਕੀਤਾ। ਇਸ ਅਣਚਾਹੀ ਦੁਰਘਟਨਾਂ ਕਾਰਣ ਕਈ ਕੱਟੜ ਹਿੰਦੂਆਂ ਦੇ ਸਿੱਖ-ਵਿਰੋਧੀ ਜਜ਼ਬਾਤ
ਪੂਰੀ ਤਰ੍ਹਾਂ ਭੜਕ ਗਏ ਸਨ। ਫਲਸ੍ਵਰੂਪ, ਹਿੰਦੂ ਜਥੇਬੰਦੀਆਂ ਨੇਂ ਪੰਜਾਬ ਵਿੱਚ ਤੇ ਪੰਜਾਬੋਂ ਬਾਹਰ
ਵੀ ਬਹੁਤ ਊਧਮ ਮਚਾਇਆ। ਇਨ੍ਹਾਂ ਹਿੰਸਕ ਵਾਰਦਾਤਾਂ ਕਾਰਣ ਆਮ ਜਨਤਾ, ਖ਼ਾਸ ਕਰਕੇ ਸਿੱਖਾਂ, ਦਾ ਜਾਨ
ਮਾਲ ਦਾ ਬਹੁਤ ਨੁਕਸਾਨ ਹੋਇਆ। ਪ੍ਰਾਂਤਕ ਤੇ ਕੇਂਦ੍ਰੀ ਸਰਕਾਰਾਂ ਨੇ ਕੁੱਝ ਨਾ ਕੀਤਾ।
ਉਪਰੋਕਤ ਦੋਹਾਂ ਕਤਲਾਂ (ਗੁਰਬਚਨ ਸਿੰਘ ਦਾ ਤੇ ਜਗਤ ਨਾਰਾਇਨ ਦਾ) ਪਿੱਛੇ
ਭਿੰਡਰਾਂਵਾਲੇ ਦਾ ਹੱਥ ਵੀ ਕਿਹਾ ਜਾਂਦਾ ਸੀ। ਜਗਤ ਨਾਰਾਇਣ ਦੇ ਕਤਲ ਦੇ ਕੇਸ ਵਿੱਚ ਉਹ ਗ੍ਰਿਫ਼ਤਾਰ
ਵੀ ਹੋਇਆ। ਪਰ, ਕਈ ਗੁਪਤ ਕਾਰਣਾਂ ਕਰਕੇ ਉਸ ਨੂੰ ਤੇ ਉਸ ਦੀ ਜਥੇਬੰਦੀ ਨੂੰ ਕੋਈ ਆਂਚ ਨਾ ਆਈ। ਉਸ
ਸਮੇ ਦੇ ਕਾਂਗ੍ਰਸੀ ਕੇਂਦ੍ਰੀ ਗ੍ਰਹਿ ਮੰਤ੍ਰੀ ਜ਼ੈਲ ਸਿੰਘ ਦੇ ਬਿਆਨ ਅਨੁਸਾਰ ਭਿੰਡਰਾਂਵਾਲਾ ਵਿਰੁੱਧ
ਸਬੂਤਾਂ ਦੀ ਘਾਟ ਸੀ ਜਿਸ ਕਾਰਣ ਉਸ ਨੂੰ ਛੱਡ ਦਿੱਤਾ ਗਿਆ। ਕਤਲਾਂ ਦੇ ਦੋਸ਼ੀਆਂ ਦਾ ਨਾ ਫੜੇ ਜਾਣਾ
ਪੰਜਾਬ ਦੀ ਅਕਾਲੀ ਸਰਕਾਰ ਦੀ ਕੁਟਿਲਤਾ ਤੇ ਨਿਪੁੰਕਸਤਾ ਗਰਦਾਨੀ ਗਈ।
ਪੰਜਾਬ ਦੀ ਪਵਿੱਤ੍ਰ ਧਰਤੀ ਇੱਕ ਕਤਲਗਾਹ ਬਣ ਚੁੱਕੀ ਸੀ। ਜਗਤ ਨਾਰਾਇਣ ਦਾ
ਪੁੱਤ੍ਰ ਰਮੇਸ਼ ਚੰਦ੍ਰ ਤੇ ਪੰਜਾਬ ਕੇਸਰੀ ਅਦਾਰੇ ਦੇ ਅਮਲੇ ਦੇ
60
ਤੋਂ ਵੀ ਵਧੇਰੇ ਬੰਦੇ ਕਤਲ ਕਰ ਦਿੱਤੇ ਗਏ। ਇਨ੍ਹਾਂ ਕਤਲਾਂ ਦੀ ਜ਼ਿਮੇਵਾਰੀ ‘ਦਸਮੇਸ਼ ਰੈਜਿਮਂਟ’, ਜਿਸ
ਦਾ ਮੁਹਰੀ ਭਿੰਡਰਾਂਵਾਲਾ ਦਾ ਸਾਥੀ ਅਮਰੀਕ ਸਿੰਘ ਸੀ, ਨੇਂ ਕਬੂਲੀ। ਇਸ ਤੋਂ ਬਿਨਾਂ
ਸੈਂਕੜੇ/ਹਜ਼ਾਰਾਂ ਸਿਆਸਤਦਾਨ, ਸਮਾਜਿਕ ਤੇ ਧਾਰਮਿਕ ਨੇਤਾ, ਵਿਸ਼ੇਸ਼ ਕਰਕੇ ਜਨਸੰਘੀ ਤੇ ਹਿੰਦੂ,
ਬੇਰਹਿਮੀ ਨਾਲ ਕਤਲ ਕੀਤੇ ਗਏ। ਕਈ ਨਿਰੰਕਾਰੀ, ਤੇ ਸਿੱਖ/ਗ਼ੈਰ-ਸਿੱਖ ਪੰਜਾਬੀਆਂ ਦੀ ਦਿਨ-ਦਿਹਾੜੇ
ਨਿਰਦਯਤਾ ਨਾਲ ਹੱਤਿਆ ਕੀਤੀ ਗਈ। ਪੰਜਾਬ ਦੀ ਖ਼ੁਸ਼ਹਾਲ ਸੁਹਾਵਨੀਂ ਧਰਤੀ ਉੱਤੇ ਹਿੰਸਾ ਦਾ ਵਿਸ਼ੈਲਾ
ਬੱਦਲ ਛਾ ਗਿਆ। ਬਾਦਲ ਦੀ ਅਕਾਲੀ ਸਰਕਾਰ ਤੇ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ
ਅੰਮ੍ਰਿਤ-ਧਾਰੀ ਸਿੰਘ/ਖ਼ਾਲਸੇ ਵੱਧ ਰਹੀ ਹਿੰਸਾ ਨੂੰ ਰੋਕਣ ਦਾ ਉਪਰਾਲਾ ਕਰਨ ਦੀ ਬਜਾਏ ਮਚਲੇ ਹੋਏ
ਰਹੇ, ਜਾਂ ਡਰ ਦੇ ਮਾਰੇ ਖੂੰਜੇ ਲੱਗੇ ਰਹੇ। ਇਸੇ ਹੀ ਸਮੇ ਦੌਰਾਨ ਭਿੰਡਰਾਂਵਾਲਾ ਖੇਮੇ ਵਿੱਚੋਂ
ਸਿੱਖ-ਸ੍ਵੈਰਾਜ ਅਥਵਾ ‘ਖ਼ਾਲਿਸਤਾਨ’ ਦੀ ਆਵਾਜ਼ ਆਉਣ ਲੱਗ ਗਈ ਸੀ।
ਸੰਸਾਰ ਦਾ ਇਤਿਹਾਸ ਇਸ ਕੌੜੇ ਸੱਚ ਦਾ ਗਵਾਹ ਹੈ ਕਿ ਧਰਮ-ਤੰਤ੍ਰ ਰਾਜ
ਮਨੁੱਖਤਾ ਲਈ ਘਾਤਿਕ ਹੁੰਦਾ ਹੈ, ਖ਼ਾਲਿਕ ਦੀ ਖ਼ਲਕਤ ਲਈ ਤਬਾਹਕੁਨ ਹੋ ਨਿਬੜਦਾ ਹੈ।
1947
ਵਿੱਚ ਭਾਰਤ ਦੀ ਵੰਡ ਦਾ ਕਾਰਣ ਵੀ ਮੁਹੰਮਦ ਅਲੀ ਜਿਨ੍ਹਾ ਦਾ ਦੀਨੀ ਹਕੂਮਤ
(Theocracy)
ਦਾ ਜਨੂੰਨ ਤੇ ਨਹਿਰੂ ਦੀ ਹਿੰਦੂਆਂ ਦੇ ਬਹੁ-ਗਿਣਤੀ ਰਾਜ ਦੀ ਭਾਵਨਾ ਹੀ ਸੀ। ਗਾਂਧੀ, ਨਹਿਰੂ,
ਜਿਨ੍ਹਾ ਅਤੇ ਰਾਜ ਦੇ ਭੁੱਖੇ ਸਮੇ ਦੇ ਸਾਰੇ ਸੁਆਰਥੀ ਨੇਤਾ ਜੇ ਪ੍ਰਜਾ-ਤੰਤਰ ਸਿਧਾਂਤ ਨੂੰ
ਸਤਿਕਾਰਦੇ ਹੋਏ ਦੇਸ ਦੀ ਵਾਗ ਡੋਰ ਸੰਭਾਲਦੇ ਤਾਂ ਭਾਰਤ ਝਟਕਾਇਆ ਨਾਂ ਜਾਂਦਾ ਅਤੇ ਨਾਂ ਹੀ ਲੱਖਾਂ
ਬੇ-ਕਸੂਰ ਹਿੰਦੂ, ਸਿੱਖ, ਤੇ ਮੁਸਲਮਾਨਾਂ ਦਾ ਸੱਤਿਆਨਾਸ ਹੁੰਦਾ! ! ! ਇਸੇ ਕੌੜੇ-ਜ਼ਹਿਰ ਸੱਚ ਨੂੰ
ਦਲੀਲ ਬਣਾ ਕੇ ਹੀ ਕੇਂਦ੍ਰੀ ਨੇਤਾ ਤੇ ਪੰਜਾਬ/ਭਾਰਤ ਦੇ ਨਾਗਰਿਕ ਧਰਮ-ਤੰਤਰੀ ‘ਖ਼ਾਲਿਸਤਾਨ’ ਦਾ
ਵਿਰੋਧ ਕਰਦੇ ਹਨ ਅਤੇ ਕਿਸੇ ਵੀ ਹਾਲਤ ਵਿੱਚ, ਕਿਸੇ ਵੀ ਕੀਮਤ ਤੇ ਇਸ ਨੂੰ ਹੋਂਦ ਵਿੱਚ ਨਹੀਂ ਆਉਣ
ਦੇਣਾ ਚਾਹੁੰਦੇ। ਭਾਰਤ ਦੇ ਸਾਰੇ ਪ੍ਰਾਂਤਾਂ ਵਿੱਚ ਪੁਸ਼ਤਾਂ (ਗੁਰੁ-ਕਾਲ) ਤੋਂ ਵਸਦੀ ਖ਼ੁਸ਼ਹਾਲ ਸਿੱਖ
ਜਨਤਾ, ਅਤੇ ਪੰਜਾਬ ਵਿੱਚ ਹਮੇਸ਼ਾ ਤੋਂ ਰਹਿ ਰਹੇ ਗ਼ੈਰ-ਸਿੱਖ, ਵਿਸ਼ੇਸ਼ ਕਰਕੇ ਹਿੰਦੂ, ਵੀ ਦੇਸ਼ ਦੀ ਵੰਡ
ਵਾਲਾ ਖ਼ੂਨ-ਖ਼ਰਾਬਾ ਦੁਬਾਰਾ ਦੇਖਣ ਦੇ ਚਾਹਵਾਨ ਨਹੀਂ। ਇਸੇ ਲਈ ‘ਖ਼ਾਲਿਸਤਾਨ’ ਦੀ ਮੰਗ ਆਮ ਲੋਕਾਂ ਦਾ
ਸਹਿਯੋਗ ਪ੍ਰਾਪਤ ਨਹੀਂ ਕਰ ਸਕੀ।
‘ਖ਼ਾਲਿਸਤਾਨ’ ਦਾ ਖ਼ਿਆਲ ਇੱਕ ਬਹੁਤ ਵੱਡੀ ਤੇ ਵੱਸ ਤੋਂ ਬਾਹਰ ਦੀ ਸੋਚ ਸੀ।
ਇਸ ਦੇ ਕਈ ਕਾਰਣ ਸਨ:- ਖ਼ਾਲਿਸਤਾਨ ਦਾ ਟੀਚਾ ਧੁੰਦਲਾ ਸੀ; ਖ਼ਾਲਿਸਤਾਨ ਦੀ ਸਾਕਾਰ ਹੋਂਦ ਦਾ ਨਕਸ਼ਾ
ਕੋਈ ਨਹੀਂ ਸੀ, ਸਿਰਫ਼ ਕਲਪਣਾ ਹੀ ਕਲਪਣਾ! ! ਪੰਜਾਬ ਵਿੱਚ ਖ਼ਾਲਿਸਤਾਨ ਦੀ ਹਿਮਾਇਤ ਵਾਲੇ ਕਿਤਨੇ ਕੁ
ਖ਼ਾਲਸ ਖ਼ਾਲਸੇ ਸਨ/ਹਨ? ‘ਖ਼ਾਲਸਾ’ ਉਪਾਧੀ ਵਾਲੀਆਂ ਕਈ ਜਥੇਬੰਦੀਆਂ ਦਾ ਸਹਿਯੋਗ ਭਿੰਡਰਾਂਵਾਲਾ ਨੂੰ
ਪ੍ਰਾਪਤ ਨਹੀਂ ਸੀ। ਪੰਜਾਬ ਦੀ ਸਿੱਖ ਜਨਤਾ ਕਈ ਧੜਿਆਂ ਵਿੱਚ ਵੰਡੀ ਹੋਈ ਸੀ: ਜੱਟ ਸਿੱਖ, ਭਾਪਾ
ਸਿੱਖ, ਮਜ਼੍ਹਬੀ ਸਿੱਖ, ਨਿਰੰਕਾਰੀ ਅਤੇ ਹੋਰ ਕਈ ਡੇਰਿਆਂ ਨਾਲ ਸੰਬੰਧਿਤ ਸਿੱਖ ਆਦਿ; ਅਤੇ,
ਕਾਂਗ੍ਰਸੀ ਸਿੱਖ, ਕੌਮਿਯੁਨਿਸਟ ਸਿੱਖ-----ਵਗੈਰਾ ਵਗੈਰਾ। ਕਿਸੇ ਵੀ ਅੰਦੋਲਨ ਦੀ ਸਫ਼ਲਤਾ ਦਾ ਭੇਦ
ਏਕਤਾ ਹੈ ਜੋ ਇਸ ਅੰਦੋਲਨ ਸਮੇ ਕਿੱਧਰੇ ਦਿਖਾਈ ਨਹੀਂ ਸੀ ਦੇ ਰਹੀ। ਹੁਣ ਤੱਕ ਬਣ ਚੁੱਕੇ ਕਈ ਅਕਾਲੀ
ਦਲ ਅਤੇ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਵਾਲੇ ਦੋਗਲੀ ਨੀਤੀ ਧਾਰਨ ਕਰੀ ਬੈਠੇ ਸਨ: ਉਹ ਨਾ
ਤਾਂ ਵੱਖ-ਵਾਦ/ਖ਼ਾਲਿਸਤਾਨ ਦਾ ਵਿਰੋਧ ਕਰਦੇ ਸਨ ਅਤੇ ਨਾ ਹੀ ਸਹਿਯੋਗ ਦੀ ਨੀਯਤ ਰੱਖਦੇ ਸਨ! ! ! !
ਦੂਸਰਾ, ਭਾਰਤ ਦੀ ਵਿਸ਼ਾਲ ਵੱਡੀ ਸ਼ਕਤੀ ਦੇ ਮੁਕਾਬਲੇ ਤੇ ਭਿੰਡਰਾਂਵਾਲਾ ਦੇ ਮੁੱਠੀ ਭਰ ਅਲ੍ਹੜ
ਅਨੁਯਾਈਆਂ ਦੀ ਸ਼ਕਤੀ ਅਤਿਅੰਤ ਘੱਟ ਸੀ। ਇਤਨੇ ਵੱਡੇ ਹਥਿਆਰ-ਬੰਦ ਅੰਦੋਲਨ ਲਈ ਅਸਲੇ ਦੀ ਲੋੜ ਸੀ;
ਅਤੇ ਅਸਲੇ ਨੂੰ ਖ਼ਰੀਦਨ ਵਾਸਤੇ ਪੈਸੇ ਦੀ, ਜਿਸ ਦਾ ਕੋਈ ਉਚਿਤ ਸ੍ਰੋਤ ਨਹੀਂ ਸੀ। ਵਿਕਾਸ ਅਤੇ
ਖ਼ੁਸ਼ਹਾਲੀ ਦਾ ਆਧਾਰ ਸ਼ਾਂਤੀ ਹੈ। ਇਸ ਲਈ, ਹਥਿਆਰ-ਬੰਦ ਆਂਦੋਲਨ ਵਾਸਤੇ ਹਿੰਸਾ-ਵਾਦੀ ਖਾੜਕੂਆਂ ਨੂੰ
ਪੰਜਾਬ ਦੇ ਪੂੰਜੀ-ਪਤੀ, ਕਾਰਖ਼ਾਨੇਦਾਰ/ਉਦਯੋਗ-ਪਤੀ, ਵਾਪਾਰੀ, ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ,
ਪੜ੍ਹੇ-ਲਿਖੇ ਬੁੱਧੀ-ਜੀਵੀਆਂ ਅਤੇ ਹੱਥੀਂ ਕ੍ਰਿਤ ਕਰਕੇ ਬੱਚੇ/ਪਰਿਵਾਰ ਪਾਲਣ ਵਾਲੇ ਕ੍ਰਿਤੀਆਂ ਆਦਿ
ਦਾ ਸਹਿਯੋਗ ਪ੍ਰਾਪਤ ਨਹੀਂ ਸੀ। ਫਲਸ੍ਵਰੂਪ, ਪੈਸੇ ਦੀ ਪ੍ਰਾਪਤੀ ਲਈ ਅਯੋਗ ਤੇ ਅਮਾਨਵੀ ਸਾਧਨ ਅਪਣਾਏ
ਗਏ। ਅਪਹਰਨ (Kidnapping),
ਰਿਹਾਈ-ਧਨ (Ransom),
ਬੈਂਕ-ਡਕੈਤੀਆਂ ਤੇ ਹੋਰ ਮਾਰ-ਧਾੜਾਂ ਆਦਿ ਦੀਆਂ ਵਾਰਦਾਤਾਂ ਆਮ ਹੋਣ ਲੱਗ ਪਈਆਂ। ਇਨ੍ਹਾਂ ਵਾਰਦਾਤਾਂ
ਵਿੱਚ ਅਸਫ਼ਲਤਾ ਦੀ ਸੂਰਤ ਵਿੱਚ ਮਅਸੂਮ ਨਿਰਦੋਸ਼ ਨਾਗਰਿਕ ਨਿਰਦਯਤਾ ਨਾਲ ਕਤਲ ਕੀਤੇ ਜਾਂਦੇ। ਇਨ੍ਹਾਂ
ਮਕਤੂਲਾਂ ਵਿੱਚ ਵੱਡੀ ਗਿਣਤੀ ਸਿੱਖਾਂ/ਗੁਰਸਿੱਖਾਂ ਦੀ ਵੀ ਸੀ। ਸੰਖੇਪ ਵਿੱਚ, ਭਿੰਡਰਾਂਵਾਲਾ ਲਹਿਰ
ਦਾ ਆਧਾਰ ਪੰਜਾਬ ਦੇ ਲੋਕਾਂ/ਸਿੱਖਾਂ ਦਾ ਸ੍ਵੈ-ਸਮਰਥਨ ਨਹੀਂ ਸੀ ਸਗੋਂ ਦਬਦਬਾ, ਦਹਿਸ਼ਤ, ਲੁੱਟ
ਘਸੁੱਟ ਅਤੇ ਹਿੰਸਾ ਸੀ। ਅਜਿਹੀ ਡਰਾਉਣੀ ਸਥਿਤੀ ਨੂੰ ਕੋਈ ਵੀ ਨਾਗਰਿਕ ਪਸੰਦ ਨਹੀਂ ਕਰਦਾ।
ਸਮੇ ਦੇ ਸਮਾਚਾਰਾਂ ਅਨੁਸਾਰ, ‘ਖ਼ਾਲਿਸਤਾਨ’ ਦੇ ਹਥਿਆਰ-ਬੰਦ ਆਂਦੋਲਨ ਵਾਸਤੇ
ਹਥਿਆਰ, ਭਾਰਤ ਦਾ ਨੰਬਰ ਇੱਕ ਦੁਸ਼ਮਨ, ਪਾਕਿਸਤਾਨ ਮੁਹੱਯਾ ਕਰ ਰਿਹਾ ਸੀ। ਆਤੰਕਵਾਦੀਆਂ ਦੀ ਸਿਖਲਾਈ
ਦਾ ਕੰਮ ਵੀ ਸੀਮਾ ਤੋਂ ਪਾਰ ਪਾਕਿਸਤਾਨ ਵਿੱਚ ਪਾਕਿਸਤਾਨੀ ਫ਼ੌਜੀ ਅਫ਼ਸਰ ਹੀ ਕਰਦੇ ਸਨ।
1972
ਵਿੱਚ, ਭਾਰਤੀ ਫ਼ੌਜ ਦੀ ਸਹਾਇਤਾ ਸਦਕਾ ਅੱਧਾ ਪਾਕਿਸਤਾਨ ਸੁਤੰਤਰ ਹੋਕੇ ਬੰਗਲਾਦੇਸ ਬਣ ਗਿਆ ਸੀ। ਇਸ
ਹਾਰ ਤੇ ਜ਼ਲਾਲਤ ਦਾ ਬਦਲਾ ਲੈਣ ਲਈ ਪਾਕਿਸਤਾਨ ਹਰ ਹੀਲੇ ‘ਖ਼ਾਲਿਸਤਾਨ’ ਬਣਵਾਉਣ ਅਤੇ ਇਸ ਨੂੰ ਇੱਕ
ਆਜ਼ਾਦ ਦੇਸ ਦੀ ਮਾਨਤਾ ਦੇਣ ਲਈ ਕਾਹਲਾ ਸੀ। ਭਾਰਤੀਆਂ, ਵਿਸ਼ੇਸ਼ ਕਰਕੇ ਪੰਜਾਬੀਆਂ ਤੇ ਸਿੱਖਾਂ, ਨੂੰ
ਇਹ ਸੱਚ ਸੁਖਾਂਦਾ ਨਹੀਂ ਸੀ; ਕਿਉਂਕਿ, ਉਨ੍ਹਾ ਦੀ ਸੋਚਣੀ ਮੁਤਾਬਿਕ,
8ਵੀਂ
ਸਦੀ ਤੋਂ ਭਾਰਤੀਆਂ ਉੱਤੇ ਅਕਹਿ ਅੱਤਿਆਚਾਰ ਕਰਦੀ ਆ ਰਹੀ ਕੱਟੜ ਮੁਸਲਮਾਨ ਕੌਮ ਦੀ ਦੋਸਤੀ ਉਨ੍ਹਾਂ
ਦੀ ਦੁਸ਼ਮਨੀ ਤੋਂ ਵੀ ਬਦਤਰ ਹੈ। ਇਹ ਸੱਚ ਵੀ ਸਾਰੀ ਦੁਨੀਆਂ ਜਾਣਦੀ ਹੈ ਕਿ ‘ਖ਼ਾਲਿਸਤਾਨ’ ਦੀ ਚਿਣਗ
ਲਾਉਣ ਤੇ ਫਿਰ ਇਸ `ਤੇ ਤੇਲ ਪਾ ਕੇ ਭਾਂਬੜ ਬਣਾਉਣ ਪਿੱਛੇ ਪਾਕਿਸਤਾਨ ਦੀ ਆਈ: ਐਸ: ਆਈ:
(ISI : Inter-Service Intelligence)
ਅਤੇ ਅਮ੍ਰੀਕਾ ਦੀ ਸੀ: ਆਈ: ਏ: (CIA:
Central Intelligence Agency) ਦਾ ਹੱਥ ਹੈ।
ਭਾਰਤ ਨੂੰ ਖੰਡਿਤ ਕਰਕੇ ਕਮਜ਼ੋਰ ਕਰਨ ਦੀ ਸੱਭ ਤੋਂ ਵੱਧ ਤਮੰਨਾਂ ਰੱਖਣ ਵਾਲਾ ਪਾਕਿਸਤਾਨ ਦਾ
ਡਿਕਟੇਟਰ ਜ਼ਿਆ-ਉਲ-ਹੱਕ ਸੀ। ਇਹ ਸੰਯੋਗ ਨਹੀਂ ਕਿ ‘ਖ਼ਾਲਿਸਤਾਨ’ ਦੇ ਬੀਜ ਦੇ ਪੁੰਗਰਨ ਤੇ ਫੈਲਣ ਦਾ
ਸਮਾ ਵੀ ਜ਼ਿਆ-ਉਲ-ਹੱਕ ਦਾ ਰਾਜ-ਕਾਲ
(1977-1988) ਹੀ ਸੀ!
1977 ਤੋਂ
1980
ਤੱਕ ਪੰਜਾਬ ਵਿੱਚ ਬਾਦਲ ਦੀ ਅਕਾਲੀ ਸਰਕਾਰ ਦਾ ਰਾਜ ਸੀ, ਅਤੇ ਸ਼ਿਰੋਮਣੀ ਗੁਰੁਦਵਾਰਾ ਪ੍ਰਬੰਧਕ
ਕਮੇਟੀ ਦਾ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਸੀ। ਪੰਜਾਬ ਵਿੱਚ ਆਤੰਕਵਾਦ ਦੇ ਪੁੰਗਰਨ ਤੇ ਜੜ੍ਹਾਂ ਫੜਣ
ਦਾ ਵੀ ਇਹੀ ਸਮਾ ਹੈ। ਭਿੰਡਰਾਂਵਾਲਾ ਦਾ ਜ਼ੋਰ ਇਤਨਾ ਵੱਧ ਚੁੱਕਿਆ ਸੀ ਕਿ ਇਉਂ ਲਗਦਾ ਸੀ ਜਿਵੇਂ
ਪੰਜਾਬ ਵਿੱਚ ਉਸੇ ਦਾ ਰਾਜ ਹੋਵੇ! ਅਤੇ ਗੁਰੂਦਵਾਰਿਆਂ ਉੱਤੇ ਵੀ ਉਸੇ ਦਾ ਹੀ ਕਬਜ਼ਾ ਸੀ! !
ਭਿੰਡਰਾਂਵਾਲਾ ਦੀ ਦਹਿਸ਼ਤ ਤੋਂ ਡਰਦਿਆਂ ਸੁਰਜੀਤ ਸਿੰਘ ਬਰਨਾਲਾ, ਪ੍ਰਕਾਸ਼ ਸਿੰਘ ਬਾਦਲ ਵਰਗੇ ਖੁੰਢਾਂ
ਤੇ ਉਨ੍ਹਾਂ ਦੇ ਸਾਥੀਆਂ ਨੇ ਵੀ ਦਾੜ੍ਹੇ ਖੋਲ੍ਹ ਦਿੱਤੇ ਤੇ ਪੂਰਨ ਭੇਖ-ਧਾਰੀ ਬਣ ਗਏ। ਬਾਦਲ (ਅਕਾਲੀ
ਦਲ ਤੇ ਪੰਜਾਬ ਦੀ ਸਰਕਾਰ) ਅਤੇ ਟੌਹੜਾ (ਸ਼ਿਰੋਮਣੀ ਗੁਰੂਦਵਰਾ ਪ੍ਰਬੰਧਕ ਕਮੇਟੀ) ਤਰਸਯੋਗ ਬੇ-ਚਾਰਗੀ
ਦੀ ਹਾਲਤ ਵਿੱਚ ਸਨ। ਇਹ ਕੌੜਾ ਸੱਚ ਇੱਕ ਪਹੇਲੀ ਬਣ ਕੇ ਰਹਿ ਗਿਆ ਕਿ ਇਹ ਦੋਵੇਂ ਪੰਥਕ ‘ਸ਼ਕਤੀਆਂ’
(ਸ਼ਿਰੋ. ਗੁ. ਪ੍ਰ. ਕਮੇਟੀ/ਟੌਹੜਾ ਅਤੇ ਅਕਾਲੀ ਦਲ ਦੀ ਸਰਕਾਰ/ਬਾਦਲ) ਨੇ ਮੁੱਠੀ ਭਰ ਆਤੰਕਵਾਦੀਆਂ
ਨੂੰ ਕਾਬੂ ਕਰਨ ਜਾਂ ਉਨ੍ਹਾਂ ਨੂੰ ਨਾਲ ਰਲਾ ਕੇ ਸਿੱਖਾਂ/ਪੰਥ/ਪੰਜਾਬ ਦੀਆਂ ਜਾਇਜ਼ ਮੰਗਾਂ ਪੂਰੀਆਂ
ਕਰਵਾਉਣ ਲਈ ਕੋਈ ਸਾਂਝਾ ਯਤਨ ਕਰਨ ਦਾ ਕਿਉਂ ਨਾ ਸੋਚਿਆ! ! ! ! ਨਿਰਪੱਖ ਸਿਆਣਿਆਂ ਦੇ ਕਥਨ
ਅਨੁਸਾਰ, ਸੱਤਾ ਦੇ ਭੁੱਖੇ, ਇਨ੍ਹਾਂ ਅਪ-ਸੁਆਰਥੀ ਲੀਡਰਾਂ ਨੂੰ ਪੰਥ ਦੇ ਭਲੇ ਨਾਲੋਂ ਆਪਣਾ ਭਲਾ
ਪਿਆਰਾ ਸੀ/ਹੈ।
ਜੂਨ, 1980
ਵਿੱਚ ਦਰਬਾਰਾ ਸਿੰਘ ਪੰਜਾਬ ਦਾ ਕਾਂਗ੍ਰਸੀ ਮੁੱਖ-ਮੰਤ੍ਰੀ ਬਣਿਆਂ। ਹੁਣ ਤੱਕ ਭਿੰਡਰਾਂਵਾਲਾ ਪੰਜਾਬ
ਉੱਪਰ ਪੂਰੀ ਤਰ੍ਹਾਂ ਛਾ ਚੁੱਕਿਆ ਸੀ। ਉਸ ਦੀ ਵਿਸ਼ਾਲ ਛਾਂ ਹੇਠ ਜਿੱਥੇ ‘ਖ਼ਾਲਸਾਵਾਦ’ ਦੀ ਭਾਵਨਾਂ
ਜ਼ੋਰ ਫੜ ਰਹੀ ਸੀ ਓਥੇ ਅਕਾਲੀ ਅਤੇ ਐਸ: ਜੀ: ਪੀ: ਸੀ: ਦੇ ਨੇਤਾਵਾਂ ਦੀ ਹੋਂਦ ਮੁਰਝਾ ਰਹੀ ਸੀ।
1981
ਵਿੱਚ, ਆਪਣੇ ਆਪ ਨੂੰ ਜਿਉਂਦਾ ਰੱਖਣ/ਸਾਬਤ ਕਰਨ ਲਈ,
ਉਨ੍ਹਾਂ ਨੇਂ, ਪੁਰਾਣੀਆਂ ਮਹੱਤਵ-ਪੂਰਨ ਮੰਗਾਂ ਦਾ ਭੋਗ ਪਾ ਕੇ, ਕੁੱਝ ਨਵੀਆਂ ਮੰਗਾਂ ਦੇ ਆਧਾਰ `ਤੇ
‘ਧਰਮ-ਯੁੱਧ ਮੋਰਚਾ’ ਆਰੰਭ ਦਿੱਤਾ। ਇਹ ਮੋਰਚਾ ਕਈ ਰੂਪਾਂ ਵਿੱਚ ਦਸੰਬਰ
1982
ਤੱਕ ਚੱਲਿਆ। ਇਸ ਮੋਰਚੇ ਦੌਰਾਨ ਪੰਥਕ ਜਥੇਬੰਦੀਆਂ ਵਿਚਾਲੇ ਏਕਤਾ ਦਿਖਾਈ ਦਿੱਤੀ:- ਅਕਾਲੀ, ਐਸ:
ਜੀ: ਪੀ: ਸੀ: , ਅਤੇ ਭਿੰਡਰਾਂਵਾਲਾ ਸੱਭ ਇਕੱਠੇ ਦਿਖਾਈ ਦਿੱਤੇ! ! । ਭਾਵੇਂ ਇਹ ਏਕਤਾ
ਆਰਜ਼ੀ/ਵਕਤ-ਟਪਾਊ ਹੀ ਸੀ, ਫਿਰ ਵੀ ਇਸ ਦਾ ਸਾਕਾਰਾਤਮਕ ਅਸਰ ਸਿੱਖ ਜਨਤਾ ਉੱਤੇ ਇਤਨਾ ਹੋਇਆ ਕਿ
ਸਿੱਖਾਂ ਨੇ ਇੱਕ ਮੁੱਠ ਹੋ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਗ੍ਰਿਫ਼ਤਾਰੀਆਂ ਦੇ ਕੇ ਜੇਲ੍ਹਾਂ ਭਰ
ਦਿੱਤੀਆਂ। ਇਸ ਦਿਖਾਵੇ ਦੀ ਸਤ੍ਹਈ ਏਕਤਾ ਦੇ ਕੱਚੇ ਢਾਂਚੇ ਵਿੱਚ, ਲੀਡਰਾਂ ਦੇ ਸੁਆਰਥ ਸਦਕਾ,
ਨਾਂ-ਮੁਰੱਮਤਯੋਗ ਤ੍ਰੇੜਾਂ ਆ ਗਈਆਂ ਜੋ ਹੁਣ ਤੱਕ ਸਿੱਖ ਪੰਥ ਦੀ ਢਹਿੰਦੀ ਕਲਾ ਦਾ ਕਾਰਣ ਬਣੀਆਂ
ਹੋਈਆਂ ਹਨ। ਜਗਦੇਵ ਸਿੰਘ ਤਲਵੰਡੀ ਜ਼ਬਾਨੀ-ਕਲਾਮੀ ਭਿੰਡਰਾਂਵਾਲਾ ਦਾ ਸਾਥ ਦੇ ਰਿਹਾ ਸੀ, ਤੇ
ਲੌਂਗੋਵਾਲ ਖੁਲ੍ਹੇਆਮ ਉਸ ਦਾ ਵਿਰੋਧ ਕਰਨ ਲੱਗ ਪਿਆ ਸੀ। ਬਾਕੀ ਦੇ ਨੇਤਾ ਆਪਣੇ ਆਪਣੇ ਮੌਕੇ ਦੀ ਤਾੜ
ਵਿੱਚ ਸਨ। ਪੰਥਕ ਨੇਤਾਵਾਂ ਦੇ ਕਪਟੀ ਕਿਰਦਾਰ ਅਤੇ ਆਪਸੀ ਫੁੱਟ ਤੋਂ ਤੰਗ ਹੋ ਕੇ ਕਈ ਪੜ੍ਹੇ ਲਿਖੇ
ਨਾਮੀ ਸਿੱਖ ਭਿੰਡਰਾਂਵਾਲਾ ਦੇ ਖੇਮੇ ਵਿੱਚ ਆ ਗਏ। ਪਰ, ਉਨ੍ਹਾਂ ਦਾ ਇਹ ਸਾਥ ਵਿਚਾਰਾਂ ਤੱਕ ਹੀ
ਸੀਮਤ ਰਿਹਾ ਤੇ ਕੱਚਾ ਸਾਬਤ ਹੋਇਆ, ਕਰਮ-ਖੇਤ੍ਰ ਵਿੱਚ ਸਾਥ ਦੇਣ ਵਾਲਾ ‘ਇੱਕ’ ਹੀ ਨਿੱਤਰਿਆ ਜਿਸ ਦਾ
ਜ਼ਿਕਰ ਅੱਗੇ ਚਲ ਕੇ ਕਰਾਂ ਗੇ।
ਜੂਨ, 1980
ਤੋਂ ਅਕਤੂਬਰ, 1983
ਤੱਕ ਪੰਜਾਬ ਵਿੱਚ ਦਰਬਾਰਾ ਸਿੰਘ ਦੀ ਕਾਂਗ੍ਰਸੀ ਸਰਕਾਰ ਰਹੀ। ਕੇਂਦ੍ਰ ਦੀ ਕਾਂਗ੍ਰਸੀ ਸਰਕਾਰ ਦੇ
ਹੁਕਮ ਦੀ ਪਾਲਣਾ ਕਰਦਾ ਹੋਇਆ ਉਹ ਆਤੰਕਵਾਦ ਨੂੰ ਹਰ ਹੀਲੇ ਪਛਾੜਣ ਲਈ ਯਤਨਸ਼ੀਲ ਸੀ। ਪੰਜਾਬ ਪੁਲਿਸ
ਨੇ ਆਤੰਕਵਾਦੀਆਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਨ ਦੇ ਨਾਲ ਨਾਲ ਉਨ੍ਹਾਂ ਦੇ ਪਰਿਵਾਰਾਂ `ਤੇ
ਅਕਹਿ ਜ਼ੁਲਮ ਕੀਤੇ। ਇਹ ਅਫ਼ਵਾਹਾਂ ਵੀ ਆਮ ਸਨ ਕਿ ਪੁਲਿਸ ਵਾਲੇ ਆਤੰਕਵਾਦੀਆਂ ਦਾ ਰੂਪ ਧਾਰਨ ਕਰ ਕੇ
ਨਿਰਦੋਸ਼ ਨਾਗਰਿਕਾਂ `ਤੇ ਅਤਿਆਚਾਰ ਕਰ ਰਹੇ ਸਨ! ਪ੍ਰਤਿਕਰਮ ਵਜੋਂ, ਭਿੰਡਰਾਂਵਾਲਾ ਦਾ ਬਿਆਨ ਸੀ ਕਿ
ਇੱਕ ਇੱਕ ਖ਼ਾਲਸਈ ਸਿੱਖ ਦੇ ਖ਼ੂਨ ਦੇ ਬਦਲੇ
35-35 ਹਿੰਦੂ ਮਾਰੇ ਜਾਣਗੇ! ਅਤੇ ਇੰਜ ਹੋਇਆ ਵੀ।
ਬਸਾਂ ਵਿੱਚੋਂ ਸਾਰੀਆਂ ਸਵਾਰੀਆਂ ਉਤਾਰ ਉਤਾਰ ਕੇ, ਮੋਨੇ ਮਰਦਾਂ (ਉਨ੍ਹਾਂ ਵਿੱਚ ਕੁੱਝ ਮੋਨੇ ਸਿੱਖ
ਵੀ ਹੁੰਦੇ ਸਨ) ਨੂੰ ਅਲੱਗ ਕਰ ਕਰ ਕੇ ਸਮੂਹ-ਕਤਲ
(Mass Murders)
ਕਰਨ ਦੀਆਂ ਖ਼ੂਨੀ ਖ਼ਬਰਾਂ ਨਾਲ ਅਖ਼ਬਾਰ ਭਰੇ ਹੁੰਦੇ ਸਨ। (ਰੱਬ ਦੀ ਨਿਰਦੋਸ਼ ਰਿਯਾਇਆ ਨੂੰ ਦੁੱਖ ਦੇਣ
ਜਾਂ ਉਸ ਦੀ ਜਾਨ ਲੈਣ ਦੀ ਮੱਤਿ ਗੁਰਬਾਣੀ ਵਿੱਚ ਕਿੱਧਰੇ ਵੀ ਨਹੀਂ ਮਿਲਦੀ, ਅਤੇ ਨਾ ਹੀ ਗੁਰੂ
ਗੋਬਿੰਦ ਸਿੰਘ ਜੀ ਨੇ ਆਪਣੇ ਸਾਜੇ ‘ਸਿੰਘ’ ਨੂੰ ਅਜਿਹਾ ਕਰਨ ਦੀ ਆਗਿਆ ਹੀ ਦਿੱਤੀ ਹੈ! ! ਸੋ,
ਮਾਅਸੂਮਾ ਦਾ ਖ਼ੂਨ ਕਰਨਾਂ ਸਿੰਘ/ਖ਼ਾਲਸੇ ਦਾ ਕਰਤੱਵ ਨਹੀਂ)। ਇਸੇ ਹੀ ਸਮੇ ਕਈ ਮੌਕਾ-ਸ਼ਨਾਸ
ਡਕੈਤ-ਮੰਡਲੀਆਂ ਨੇ ਖ਼ਾਲਸਈਆਂ ਤੇ ਪੁਲਿਸ ਦੇ ਭੇਖ ਵਿੱਚ ਲੋਕਾਂ ਨੂੰ ਲੁੱਟਣਾਂ ਆਰੰਭ ਕੀਤਾ ਹੋਇਆ
ਸੀ। ਨਿੱਜੀ ਵੈਰ ਦਾ ਬਦਲਾ ਲੈਣ ਵਾਸਤੇ ਕਈ ਪੰਜਾਬੀਆਂ ਨੇ ਪੁਲਿਸ ਤੇ ਖ਼ਾਲਸਤਾਨੀਆਂ ਕੋਲ ਝੂਠੀ
ਮੁਖ਼ਬਰੀ ਕਰਕੇ ਕਈ ਹਿੰਦੂ/ਸਿੱਖ ਪਰਿਵਾਰਾਂ ਦਾ ਘਾਣ ਕਰਵਾਇਆ। ਇਸ ਤਰ੍ਹਾਂ ਪੰਜਾਬ ਦੀ ਨਿਰਦੋਸ਼ ਜਨਤਾ
ਇੱਕੋ ਸਮੇ ਮਾਰ-ਧਾੜ, ਖ਼ੂਨ-ਖ਼ਰਾਬੇ ਤੇ ਅੱਤਿਆਚਾਰ ਦੇ ਕਈ ਕਈ ਵੇਲਨਿਆਂ ਵਿੱਚ ਪੀੜੀ ਜਾ ਰਹੀ ਸੀ।
ਦੁਖਿਆਰਿਆਂ ਦੀ ਕੋਈ ਸੁਣਵਾਈ ਨਹੀਂ ਸੀ। ਕਾਨੂੰਨ/ਧਰਮ ਨਾਮ ਦੀ ਕੋਈ ਚੀਜ਼ ਨਜ਼ਰ ਨਹੀਂ ਸੀ ਆਉਂਦੀ।
ਪੰਜਾਬ ਪੂਰੀ ਤਰ੍ਹਾਂ ਪਿੰਗਲਾ ਹੋ ਚੁੱਕਿਆ ਸੀ।
ਦਰਬਾਰਾ ਸਿੰਘ ਦੁਆਰਾ ਸਿੱਖਾਂ ਉੱਤੇ ਕਰਵਾਏ ਗਏ ਅਕਹਿ ਅੱਤਿਆਚਾਰਾਂ ਦੇ
ਬਾਵਜੂਦ ਵੀ ਪੰਜਾਬ ਦੀ ਭਿਅੰਕਰ ਸਥਿਤੀ ਵਿੱਚ ਲੋੜੀਂਦਾ ਸੁਧਾਰ ਨਹੀਂ ਸੀ ਆਇਆ। ਕੇਂਦ੍ਰ ਦੀ
ਕਾਂਗ੍ਰਸੀ ਸਰਕਾਰ ਨੇ, ਅਕਤੂਬਰ 10, 1983
ਨੂੰ, ਪੰਜਾਬ ਵਿੱਚ ਰਾਸ਼ਟ੍ਰਪਤੀ ਰਾਜ
(President’s Rule) ਲਾਗੂ ਕਰ ਦਿੱਤਾ ਜੋ ਕਿ
ਸਤੰਬਰ, 1985
ਤੱਕ ਰਿਹਾ।
ਭਿੰਡਰਾਂਵਾਲਾ ਤੇ ਪੰਜਾਬ/ਭਾਰਤੀ ਸਰਕਾਰ ਵਿਚਕਾਰ ਹਿੰਸਕ ਤਕਰਾਰ ਸਿਖਰ `ਤੇ
ਸੀ। ਦੋਵੇਂ ਧਿਰਾਂ ‘ਅੰਤਿਮ ਯੁੱਧ’ ਦੀ ਤਿਆਰੀ ਕਰ ਰਹੀਆਂ ਸਨ। ਗ੍ਰਿਫ਼ਤਾਰ ਹੋ ਜਾਣ ਦੇ ਡਰੋਂ
ਭਿੰਡਰਾਂਵਾਲਾ, ਆਪਣੇ ਸਾਥੀਆਂ ਸਮੇਤ, ਚੌਕ ਮਹਿਤਾ ਤੋਂ ਅੰਮ੍ਰਿਤਸਰ ਵਿਖੇ ਧਾਰਮਿਕ
ਯਾਤ੍ਰੀ-ਨਿਵਾਸਾਂ ਵਿੱਚ ਆ ਗਿਆ, ਅਤੇ ਓਥੇ ਯੁੱਧ-ਮੋਰਚੇ ਕਾਇਮ ਕਰ ਲਏ। ਅਕਾਲੀ ਦਲ, ਸ਼ਿਰੋਮਣੀ
ਗੁਰੂਦਵਾਰਾ ਪ੍ਰਬੰਧਕ ਕਮੇਟੀ, ਅਤੇ ਜਥੇਦਾਰ ਆਦਿ ਨੇ ਭਿੰਡਰਾਂਵਾਲਾ ਦੇ ਇਸ ਕਦਮ ਦਾ ਵਿਰੋਧ ਨਹੀਂ
ਕੀਤਾ। ਭਾਵੇਂ ਭਿੰਡਰਾਂਵਾਲਾ ਅਤੇ ਉਸ ਦੇ ਹਥਿਆਰਬੰਦ ਸਾਥੀ ਆਮ ਸ਼੍ਰੱਧਾਲੂਆਂ ਨੂੰ ਕੁੱਝ ਨਹੀਂ ਸਨ
ਕਹਿੰਦੇ, ਪਰ, ਉਨ੍ਹਾਂ ਦੀ ਦਹਿਸ਼ਤ ਇਤਨੀਂ ਫੈਲ ਚੁੱਕੀ ਸੀ ਕਿ ਹਰ ਕੋਈ ਹਰਿ-ਮੰਦਰ ਤੇ ਹੋਰ
ਗੁਰੂਦਵਾਰਅਿਾਂ ਅੰਦਰ ਜਾਣ ਤੋਂ ਡਰਦਾ ਸੀ।
ਇਨਸਾਨੀਅਤ ਦਾ ਇੱਕ ਵਿਸ਼ਵ-ਵਿਆਪੀ ਅਸੂਲ ਹੈ ਕਿ ਯੁੱਧ ਸਮੇ ਕੋਈ ਵੀ ਸੈਨਾ
ਦੁਸ਼ਮਣ ਦੇਸ਼ ਵਿੱਚ ਵਿਦਿਯਾਲਿਆਂ, ਹਸਪਤਾਲਾਂ, ਅਤੇ ਧਰਮ-ਸਥਾਨਾਂ ਆਦਿ ਉੱਤੇ ਹਮਲਾ ਨਹੀਂ ਕਰਦੀ।
ਛਾਪਾਮਾਰ ਯੁੱਧ (Guerilla War)
ਕਰਨਵਾਲੇ ਆਤੰਕਵਾਦੀ ਆਮ ਤੌਰ `ਤੇ ਇਸ ਮਾਨਵਵਾਦੀ ਸਿਧਾਂਤ ਦੀ ਆੜ ਵਿੱਚ ਸਕੂਲਾਂ, ਹਸਪਤਾਲਾਂ ਅਤੇ
ਧਰਮ-ਸਥਾਨਾਂ ਅੰਦਰ ਛਿਪ ਕੇ ਮਾਰ-ਧਾੜ ਦੀਆਂ ਵਾਰਦਾਤਾਂ ਤੇ ਗੁੱਰੀਲਾ ਯੁੱਧ ਕਰਦੇ ਹਨ।
ਭਿੰਡਰਾਂਵਾਲਾ ਅਤੇ ਉਸ ਦੇ ਸਾਥੀਆਂ ਨੇ ਵੀ ਇਵੇਂ ਹੀ ਕੀਤਾ। ਉਨ੍ਹਾਂ ਨੇ ਪਹਿਲਾਂ ਗੁਰੂਦਵਾਰੇ ਦੇ
ਯਾਤ੍ਰੀ-ਨਿਵਾਸਾਂ, ਤੇ ਫੇਰ ਦਰਬਾਰ ਸਾਹਿਬ ਦੇ ਪਵਿੱਤ੍ਰ ਚੌਗਿਰਦੇ ਅਤੇ ਅਕਾਲ ਤਖ਼ਤ ਵਿੱਚ ਪਨਾਹ ਲੈ
ਕੇ ਉੱਥੇ ਮੋਰਚਾ-ਬੰਦੀ ਕਾਇਮ ਕਰ ਲਈ।
ਭਿੰਡਰਾਂਵਾਲਾ ਅਤੇ ਉਸ ਦੇ ਸਾਥੀ ਵਚਨ-ਬੱਧ ਯੋਧੇ ਤਾਂ ਜ਼ਰੂਰ ਸਨ ਪਰ ਉਹ
ਨਾ-ਤਜਰਬੇਕਾਰ, ਅਤੇ ਯੁੱਧ-ਨੀਤੀ (War
Strategy) ਤੋਂ ਪੂਰੀ ਤਰ੍ਹਾਂ ਅਣਜਾਨ ਸਨ।
ਸੰਯੋਗ ਨਾਲ, ਯੁੱਧ-ਨੀਤੀ ਵਿੱਚ ਨਿਪੁੰਨ, ਇੱਕ ਹੰਢਿਆ ਹੋਇਆ ਸਿਰਲੱਥ ਜਰਨੈਲ ਕਟੀ ਹੋਈ ਪਤੰਗ ਵਾਂਗ
ਖ਼ਾਲਿਸਤਾਨੀਆਂ ਦੇ ਵਿਹੜੇ ਵਿੱਚ ਆ ਡਿੱਗਿਆ। ਸੁਘੜ-ਸਿਆਣਾ ਤੇ ਪੜ੍ਹਿਆ ਲਿੱਖਆ ਇਹ ਜਰਨੈਲ,
ਅਨ-ਪੜ੍ਹ, ਅਗਿਆਨ ਅਕਾਲੀਆਂ ਦੇ ਅੜਿਕੇ ਵੀ ਆਇਆ ਰਿਹਾ। ਸੁਆਰਥੀ ਅਕਾਲੀਆਂ ਨੇ ਇਸ ਦੁਰਲੱਭ ਹੀਰੇ ਦੀ
ਕਦਰ ਨਾ ਪਾਈ। ਲਾਸਾਨੀ ਲਿਆਕਤ ਦੇ ਇਸ ਮਾਲਿਕ ਦੀ ਯੋਗਤਾ ਦੀ ਕਦਰ ਕਰਨ ਦੀ ਬਜਾਏ ਖੁੰਢੀ-ਬੁੱਧਿ
ਵਾਲੇ ਮਤਲਬੀ ਅਕਾਲੀਆਂ ਨੇ ਉਸ ਨਾਲ ਅਪਣੇ ਆਮ ਪਿੱਛਲਗਾਂ ਵਾਲਾ ਸਲੂਕ ਹੀ ਕੀਤਾ। ਭਾਰਤੀ ਸੈਨਾ ਉੱਤੇ
ਅਧਿਕਾਰਤਾ ਨਾਲ ਹੁਕਮ ਚਲਾਉਣ, ਤੇ ਦੁਸ਼ਮਨਾਂ ਦੇ ਦਿਲਾਂ ਵਿੱਚ ਦਹਿਸ਼ਤ ਰੱਖਣ ਵਾਲੇ ਇਸ ਬੱਬਰ ਸ਼ੇਰ
ਨੂੰ ਮੌਕਾ-ਪਰਸਤ ਅਬੋਧ ਅਕਾਲੀਆਂ ਅਤੇ ਆਪਣੇ ਤੋਂ ਅੱਧੀ ਉਮਰ ਦੇ ਭਿੰਡਰਾਂਵਾਲਾ ਦੇ ਅਧਿਕਾਰਾਧੀਨ
ਆਉਣ ਨਾਲ ਕਿਤਨੀ ਕੁ ਮਾਨਸਿਕ ਪੀੜਾ ਹੋਈ ਹੋਵੇਗੀ, ਇਸ ਦਾ ਅੰਦਾਜ਼ਾ ਲਾਉਣਾ ਕਠਿਨ ਹੈ। ਸਿੱਖ ਕੌਮ
ਅਤੇ ਭਾਰਤੀ ਫ਼ੌਜ ਦੇ ਇਸ ਅਦੁੱਤੀ ਨਾਇਕ ਦਾ ਨਾਮ ਹੈ: ਮੇਜਰ ਜੈਨਰਲ ਸ਼ਾਹਬੇਗ ਸਿੰਘ।
ਇਸ ਲੇਖ ਦੇ ਲੇਖਕ ਨੂੰ ਮੇਜਰ ਜੈਨਰਲ ਸ਼ਾਹਬੇਗ ਸਿੰਘ ਜੀ ਨੂੰ ਇੱਕ ਵਾਰ ਮਿਲਨ
ਦਾ ਸੁਭਾਗ ਪ੍ਰਾਪਤ ਹੋਇਆ। ਅਫ਼੍ਰੀਕਾ ਤੋਂ ਆਇਆ ਇੱਕ ਵਾਕਫ਼ਕਾਰ ਡੇਹਰਾਦੂਨ ਵਿਖੇ ਜਾਇਦਾਦ ਖ਼ਰੀਦਨ
ਵਾਸਤੇ ਲੇਖਕ ਨੂੰ ਵੀ ਨਾਲ ਲੈ ਗਿਆ। ਕਿਸੇ ਸੇਵਾ-ਮੁਕਤ ਫ਼ੌਜੀ ਅਫ਼ਸਰ ਨੇ ਜੈਨਰਲ ਸਾਹਿਬ ਦੇ ਬੰਗਲੇ
ਦੀ ਦੱਸ ਪਾਈ ਜੋ ਕਿ ਉਸ ਸਮੇ ਵਿਕਾਊ ਸੀ। ਬੇ-ਹੱਦ ਵਿਸ਼ਾਲ ਤੇ ਖੁੱਲ੍ਹੀ ਡੁੱਲ੍ਹੀ ਕੋਠੀ ਸੀ। ਉਹ
ਆਪਣੀ ਧਰਮ-ਪਤਨੀ ਸਮੇਤ ਉੱਪਰਲੀ ਮੰਜ਼ਿਲ `ਤੇ ਰਹਿੰਦੇ ਸਨ, ਅਤੇ ਹੇਠਲਾ ਹਿੱਸਾ ਕਿਸੇ ਫ਼ੌਜੀ ਅਫ਼ਸਰ
ਨੂੰ ਕਿਰਾਏ `ਤੇ ਦਿੱਤਾ ਹੋਇਆ ਸੀ। ਜਿਸ ਪਿਆਰ, ਸਨੇਹ, ਤੇ ਸਦਭਾਵਨਾਂ ਨਾਲ ਉਨ੍ਹਾਂ ਨੇਂ ਸਾਡਾ
ਸਾਧਾਰਨ ਜਿਹੇ ਅਣਜਾਣੇ ਅਤਿਥੀਆਂ ਦਾ ਸਵਾਗਤ ਕੀਤਾ ਉਹ ਬਿਆਨ ਤੋਂ ਬਾਹਰ ਹੈ। ਦੋਵੇਂ ਜਣੇ ਸਾਧਾਰਨ
ਪੰਜਾਬੀ ਲਿਬਾਸ ਵਿੱਚ ਸਨ। ਦੋਹਾਂ ਦੀ ਸ਼ਖ਼ਸੀਅਤ ਸੱਚੇ ਸੁੱਚੇ ਆਮ ਪੰਜਾਬੀਆਂ ਵਾਲੀ ਸੀ। ਉਨ੍ਹਾਂ ਦਾ
ਮਿਲਨਸਾਰ ਮਿੱਠਾ ਤੇ ਨਿੱਘਾ ਸੁਭਾਉ ਸੋਨੇ `ਤੇ ਸੁਹਾਗਾ ਸੀ। ਆਂਟੀ ਜੀ (ਜੈਨਰਲ ਸਾਹਿਬ ਦੀ ਪਤਨੀਂ)
ਨੇ ਆਪ ਸਾਡੇ ਲਈ ਚਾਹ ਬਣਾਈ; ਅਤੇ ਅੰਕਲ ਜੀ ਦੀ ਸਹਾਇਤਾ ਨਾਲ ਕੀਤੀ ਸਾਡੀ ਬੇ-ਤੁਕੱਲਫ਼
ਮਹਿਮਾਨ-ਨਿਵਾਜ਼ੀ ਮੇਰੀ ਜ਼ਿੰਦਗੀ ਭਰ ਲਈ ਮਿੱਠੀ ਯਾਦ ਬਣ ਗਈ। ਜੈਨਰਲ ਸਾਹਿਬ ਨੇ ਸਾਡੇ ਨਾਲ ਆਪਣੇ
ਘਰੋਗੀ ਮਸਲੇ ਵੀ ਸਾਂਝੇ ਕੀਤੇ, ਤੇ ਉਨ੍ਹਾਂ ਵਿਰੁੱਧ ਚਲ ਰਹੀ ਜਾਂਚ-ਪੜਤਾਲ
(Inquiry)
ਬਾਰੇ ਵੀ ਨਿਝੱਕ ਹੋ ਕੇ ਵਿਸਥਾਰ-ਪੂਰਵਕ ਵਰਣਨ ਕੀਤਾ। ਇਹ ਦੋਨੋਂ ਮਸਲੇ ਉਨ੍ਹਾਂ ਦੇ ਦਿਲ-ਦਿਮਾਗ਼
ਨੂੰ ਘੁਣ ਵਾਂਗ ਖਾ ਰਹੇ ਸਨ; ਪਰੰਤੂ, ਉਹ ਚਮਕਦੇ ਦਮਕਦੇ ਚਿਹਰੇ ਨਾਲ ਮੁਸਕਰਾਉਂਦੇ ਹੋਏ, ਲਤੀਫ਼ਿਆਂ
ਵਿੱਚ ਲਪੇਟ ਕੇ ਕਹਾਣੀ-ਰਸ ਨਾਲ ਸਾਰੀ ਵਿੱਥਿਆ ਸੁਣਾ ਰਹੇ ਸਨ। ਉਹ ਪੂਰੀ ਤਰ੍ਹਾਂ ਚੜ੍ਹਦੀ ਕਲਾ
ਵਿੱਚ ਸਨ। ਉਨ੍ਹਾਂ ਦੇ ਜੀਵਨ ਦੇ ਸੰਬੰਧ ਵਿੱਚ ਜਿੱਥੇ ਵੀ ਚਰਚਾ ਹੁੰਦੀ ਹੈ, ਉੱਥੇ ਉਨ੍ਹਾਂ ਦੇ
ਸਾਰੇ ਦੋਸਤ-ਦੁਸ਼ਮਨ, ਉੱਚ-ਅਧਿਕਾਰੀ ਤੇ ਮਾਤਹਿਤ ਇੱਕ ਜ਼ਬਾਨ ਨਾਲ ਇੱਕੋ ਹੀ ਗੱਲ ਕਹਿੰਦੇ ਹਨ ਕਿ,
‘ਜਨਰਲ ਸ਼ਾਹ ਬੇਗ ਸਿੰਘ ਵਰਗਾ ਸਿਆਣਾ, ਖ਼ਤਰਿਆਂ ਨਾਲ ਖੇਡਣ ਤੇ ਮੌਤ ਨੂੰ ਮਜ਼ਾਕ ਕਰਨ ਵਾਲਾ ਦਲੇਰ,
ਯੋਗ, ਯੁੱਧ-ਨੀਤੀ ਵਿੱਚ ਨਿਪੁੰਨ ਯੋਧਾ ਭਾਰਤੀ ਸੈਨਾ ਦੇ ਇਤਿਹਾਸ ਵਿੱਚ ਕੋਈ ਨਹੀਂ ਹੋਇਆ’। ਭਾਰਤ
ਸਰਕਾਰ ਤੋਂ ਉਨ੍ਹਾਂ ਨੇ ਅਤਿ ਵਿਸ਼ਿਸ਼ਟ ਸੇਵਾ ਅਤੇ ਪਰਮ ਵਿਸ਼ਿਸ਼ਟ ਸੇਵਾ ਮੈਡਲ ਤੋਂ ਬਿਨਾਂ ਕਈ ਹੋਰ
ਤਮਗੇ ਆਪਣੀ ਸੁਯੋਗਤਾ ਸਦਕਾ ਪ੍ਰਾਪਤ ਕੀਤੇ ਸਨ। ਲਾਸਾਨੀ ਕਾਮਯਾਬੀ ਦੀਆਂ ਬੁਲੰਦੀਆਂ ਉਨ੍ਹਾਂ ਦੀ
ਸਾਰੀ ਉਮਰ ਦੀ ਤਪੱਸਿਆ-ਪੂਰਨ ਅਣਥੱਕ ਮਿਹਨਤ ਦਾ ਨਤੀਜਾ ਹੈ। ਸ਼ਾਹਬੇਗ ਸਿੰਘ ਜੀ ਨੇ ਜਿਸ
ਦੇਸ/ਰਾਸ਼ਟ੍ਰ ਦੇ ਲੇਖੇ ਆਪਣਾ ਸਾਰਾ ਬਹੁਮੁੱਲਾ ਜੀਵਨ ਲਾ ਦਿੱਤਾ ਉਸੇ ਦੇਸ ਦੀ ਕ੍ਰਿਤਘਣ ਸਰਕਾਰ ਨੇ,
ਸਾਧਾਰਨ ਜਿਹੇ ਦੋਸ਼ਾਂ ਦੇ ਆਧਾਰ `ਤੇ ਉਸ ਅਤਿ ਮਹਾਨ ਯੋਧੇ ਨੂੰ ਸੇਵਾ-ਮੁਕਤ ਹੋਣ ਤੋਂ ਕੁੱਝ ਦਿਨ
ਪਹਿਲਾਂ ਡਿਸਮਿਸ ਕਰ ਦਿੱਤਾ। ਇਸ ਮਹਾਨ ਸੂਰਮੇ ਦੀ ਸਾਰੀ ਉਮਰ ਦੀ ਮਿਹਨਤ ਤੇ ਕੁਰਬਾਨੀ ਨਾਲ ਕਮਾਈ
ਸੱਚੀ ਇੱਜ਼ਤ ਛਿਨ ਭਰ ਵਿੱਚ ਹੀ ਖੂਹ-ਖਾਤੇ `ਚ ਸਿੱਟ ਦਿੱਤੀ ਗਈ। ਜੈਨਰਲ ਸ਼ਾਹਬੇਗ ਸਿੰਘ ਵਰਗੇ
ਸਿਰਲੱਥ ਦੇਸ਼-ਭਗਤ ਨਾਲ ਭਾਰਤੀ ਸਰਕਾਰ ਦੀ ਗ਼ੱਦਾਰੀ ਦੀ ਇਹ ਸ਼ਰਮਨਾਕ ਉਦ੍ਹਾਰਣ ਅਦੁੱਤੀ ਹੈ।
1983 ਤਕ ਭਿੰਡਰਾਂਵਾਲਾ
ਦੂਸਰੀਆਂ ਖਾੜਕੂ ਜਥੇਬੰਦੀਆਂ (ਬੱਬਰ ਖਾਲਸਾ, ਦਲ ਖਾਲਸਾ ਤੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਆਦਿ) ਦਾ
ਸਮਰਥਨ ਗਵਾ ਚੁੱਕਿਆ ਸੀ। ਅਕਾਲੀਆਂ ਨੂੰ ਇਹ ਖ਼ਦਸ਼ਾ ਸੀ ਕਿ ਜੇ ਭਿੰਡਰਾਂਵਾਲਾ ਆਪਣੇ ਮਿਸ਼ਨ ਵਿੱਚ ਸਫ਼ਲ
ਹੋ ਗਿਆ ਤਾਂ ਉਨ੍ਹਾਂ ਦੀਆਂ ਗੱਦੀਆਂ ਹਮੇਸ਼ਾ ਲਈ ਖੁਸ ਜਾਣਗੀਆਂ; ਅਤੇ ਸ਼ਿਰੋਮਣੀ ਗੁਰੂਦਵਾਰਾ
ਪ੍ਰਬੰਧਕ ਕਮੇਟੀ ਦੇ ਕਾਰਕੁਨਾਂ ਨੂੰ ਡਰ ਸੀ ਕਿ ਉਨ੍ਹਾਂ ਤੋਂ ਗੁਰੂਦਵਾਰਿਆਂ ਦੀਆਂ ਗੋਲਕਾਂ ਹਮੇਸ਼ਾ
ਲਈ ਖੋਹ ਲਈਆਂ ਜਾਣਗੀਆਂ। ਇਸ ਲਈ ਅਕਾਲੀ ਦਲ ਦੇ ਨੇਤਾ ਅਤੇ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ
ਦੇ ਚੌਧਰੀ ਵੀ ਭਿੰਡਰਾਂਵਾਲਾ ਵੱਲ ਪਿੱਠ ਕਰ ਚੁੱਕੇ ਸਨ। ਲੌਂਗੋਵਾਲ ਵੀ ਭਿੰਡਰਾਂਵਾਲਾ ਨੂੰ ਦੋਸ਼ੀ
ਦੱਸ ਰਿਹਾ ਸੀ। ਹਿੰਸਕ ਵਾਰਦਾਤਾਂ ਕਾਰਣ ਪੰਜਾਬ ਦੀ ਜਨਤਾ ਦੇ ਨੱਕ ਵਿੱਚ ਵੀ ਦਮ ਆਇਆ ਹੋਇਆ ਸੀ।
ਨਤੀਜੇ ਵਜੋਂ ਆਮ ਲੋਕ ਵੀ ਇਸ ਹਿੰਸਕ ਅੰਦੋਲਨ ਦਾ ਅੰਤ ਵੇਖਣ ਲਈ ਤੱਤਪਰ ਸਨ। ਓਧਰ ਸਰਕਾਰ, ਕਈ
ਖ਼ੂਨਾਂ ਦੇ ਦੋਸ਼ ਦੇ ਆਧਾਰ `ਤੇ, ਭਿੰਡਰਾਂਵਾਲਾ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦੀਆਂ
ਵਿਓਂਤਾਂ ਘੜ ਰਹੀ ਸੀ। ਭਿੰਡਰਾਂਵਾਲਾ ਇਸ ਸਮੇ ਬੇ-ਭਿਆਲੀ ਦੀ ਸਥਿਤੀ ਵਿੱਚ ਘਿਰ ਚੁੱਕਾ ਸੀ। ਉਸ ਦੇ
ਆਪਣੇ ਇੱਕ ਬਿਆਨ ਅਨੁਸਾਰ ਉਹ ‘ਇਕੱਲਾ’ ਰਹਿ ਗਿਆ ਸੀ।
ਭਿੰਡਰਾਂਵਾਲਾ ਆਪਣੇ ਸਾਥੀਆਂ ਸਮੇਤ ਦਸੰਬਰ,
1983
ਵਿੱਚ ਯਾਤ੍ਰੀ-ਨਿਵਾਸਾਂ ਤੋਂ ਗੁਰੂਦਵਾਰੇ ਦੇ ਚੌਗਿਰਦੇ ਵਿੱਚ, ਅਕਾਲ ਤਖ਼ਤ `ਤੇ ਚਲਾ ਗਿਆ ਅਤੇ ਇਸ
ਇਤਿਹਾਸਕ ਤੇ ਅਤਿ ਸਤਿਕਾਰਿਤ ਗੁਰ-ਧਾਮ ਨੂੰ ਇੱਕ ਗੜ੍ਹੀ `ਚ ਬਦਲ ਦਿੱਤਾ। ਸਮੇ ਦੇ ਗਿਆਨੀ ਕਿਰਪਾਲ
ਸਿੰਘ ਤੇ ਕਈ ਹੋਰ ਸੱਚੇ ਸ਼੍ਰੱਧਾਲੂਆਂ ਨੇ ਵੱਖ-ਵਾਦੀਆਂ ਦੇ ਇਸ ਧਰਮ-ਉਲੰਘਣੀ, ਅਪਮਾਨ-ਜਨਕ ਮਨਮਤੀ
ਕਰਮ ਦਾ ਵਿਰੋਧ ਕੀਤਾ। ਪਰੰਤੂ, ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ
ਟੌਹੜਾ, ਜਿਸ ਦਾ ਪਰਮ ਧਰਮ ਗੁਰ-ਧਾਮਾ ਦੀ ਪਵਿੱਤ੍ਰਤਾ ਨੂੰ ਬਰਕਰਾਰ ਰੱਖਣਾ ਸੀ, ਨੇ ਗਿਆਨੀ ਕਿਰਪਾਲ
ਸਿੰਘ ਦਾ ਇਤਰਾਜ਼/ਵਿਰੋਧ ਰੱਦ ਕਰਕੇ ਭਿੰਡਰਾਂਵਾਲਾ ਨੂੰ ਮਨਮਰਜ਼ੀ ਕਰਨ ਦੀ ਖੁਲ੍ਹ ਦੇ ਦਿੱਤੀ। ਇਉਂ
ਕਰਨ ਪਿੱਛੇ ਟੌਹੜੇ ਤੇ ਉਸ ਦੇ ਸੁਆਰਥੀ ਸਾਥੀਆਂ ਦੀ ਦੋਹਰੀ ਚਾਲ ਸੀ: ਪਹਿਲਾ, ਭਿੰਡਰਾਂਵਾਲਾ ਦਾ
ਵਿਰੋਧ ਕਰਨ ਨਾਲ ਉਨ੍ਹਾਂ ਦੀ ਆਪਣੀ ਪਿਆਰੀ ਜਾਨ ਨੂੰ ਖ਼ਤਰਾ ਸੀ, ਜੋ ਉਹ ਬਚਾ ਗਏ; ਦੂਜਾ, ਜੇ
ਭਿੰਡਰਾਂਵਾਲਾ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਜਾਂਦਾ ਤਾਂ ਟੌਹੜਾ-ਮੰਡਲੀ ਲਈ ਕੋਈ ਨਾਂ ਕੋਈ ਕੁਰਸੀ
ਰਾਖਵੀਂ ਹੋਣੀ ਸੀ। ਵਕਤ ਦੀਆਂ ਕਈ ਅਫ਼ਵਾਹਾਂ ਮੁਤਾਬਿਕ, ਟੌਹੜਾ ਕੇਂਦਰੀ ਸਰਕਾਰ ਨਾਲ ਰਲਿਆ ਹੋਇਆ ਸੀ
ਅਤੇ ਭਿੰਡਰਾਂਵਾਲਾ ਨੂੰ ਘੇਰੇ ਵਿੱਚ ਫਸਾਉਣ ਲਈ ਉਸ ਨੇ ਇਹ ਸੱਭ ਕੁੱਝ ਕੀਤਾ ਸੀ!
ਭਿੰਡਰਾਂਵਾਲਾ ਦੇ ਅਕਾਲ ਤਖ਼ਤ ਅੰਦਰ ਪਨਾਹ ਲੈਣ ਉਪਰੰਤ ਭਿਆਨਕ ਹਿੰਸਕ
ਵਾਰਦਾਤਾਂ ਵਿੱਚ ਬਹੁਤ ਵਾਧਾ ਹੋਇਆ। ਪੰਜਾਬ ਪੁਲਿਸ ਪੂਰੀ ਤਰ੍ਹਾਂ ਬੇ-ਬਸੀ ਦੀ ਹਾਲਤ ਵਿੱਚ ਸੀ।
ਸਾਰੇ ਪੰਜਾਬ ਵਿੱਚ ਮੋਟਰ-ਸਾਈਕਲਾਂ ਦੀ ਦਗੜ ਦਗੜ ਤੇ ਗੋਲੀਆਂ ਦੀ ਠਾਹ ਠਾਹ ਸੁਣਾਈ ਦਿੰਦੀ ਸੀ।
ਸਾਧਾਰਨ ਨਾਗਰਿਕ, ਕ੍ਰਿਤੀ, ਕਰਮਚਾਰੀ, ਉੱਚ-ਅਧਿਕਾਰੀ, ਪ੍ਰੋਫੈਸਰ, ਵਾਪਾਰੀ, ਪੂੰਜੀਪਤੀ, ਅਤੇ
ਉੱਘੇ ਨੇਤਾ ਆਦਿ ਬੇ-ਰਹਿਮੀ ਨਾਲ ਮਸ਼ੀਨ-ਗੰਨਾਂ ਦੀ ਅੱਗ ਨਾਲ ਭੁੰਨ ਦਿੱਤੇ ਜਾ ਰਹੇ ਸਨ। ਇਸ ਲਿਖਿਤ
ਦੇ ਲੇਖਕ ਨੇ ਬਲੀ ਦਾ ਬੱਕਰਾ ਬਣੇ ਕਈ ਨਿਰਦੋਸ਼ ਹਿੰਦੂ ਸਿੱਖ ਪੰਜਾਬੀਆਂ ਦੀਆਂ ਲਾਸ਼ਾਂ ਅੱਖੀਂ
ਦੇਖੀਆਂ ਹਨ। ਸਮਾਚਾਰ ਪੱਤਰਾਂ ਵਾਲੇ ਅਜਿਹੇ ਹੌਲਨਾਕ ਸਮਾਚਾਰ ਛਾਪ ਕੇ ਲੋਕਾਂ ਅੰਦਰ ਤ੍ਰਾਸ ਪੈਦਾ
ਕਰ ਰਹੇ ਸਨ। ੳਦ੍ਹਾਰਣ ਵਜੋਂ, ਭਿੰਡਰਾਂਵਾਲਾ ਦੇ ਇੱਕ ਭਰੋਸੇਯੋਗ ਸਾਥੀ (ਸੁਰਿੰਦਰ ਸਿੰਘ ਸੋਢੀ) ਦਾ
ਕੁੱਝ ਬੰਦਿਆਂ ਨੇ ਨਿੱਜੀ ਦੁਸ਼ਮਨੀ ਕੱਢਣ ਲਈ ਕਤਲ ਕਰ ਦਿੱਤਾ। ਉਨ੍ਹਾਂ ਦਾ ਸਾਥ ਕਿਸੇ ਔਰਤ ਨੇ ਵੀ
ਦਿੱਤਾ ਸੀ। ਦਿਨਾਂ ਵਿੱਚ ਹੀ ਉਨ੍ਹਾਂ ਬੰਦਿਆਂ ਤੇ ਉਨ੍ਹਾਂ ਦੀ ਜੁੰਡੀਦਾਰ ਜ਼ਨਾਨੀ ਦੇ ਕਤਲ ਹੋਣ ਦੀ
ਖ਼ਬਰ, ਜ਼ਨਾਨੀ ਦੀ ਲਾਸ਼ ਦੀ ਫ਼ੋਟੋ ਸਮੇਤ, ਅਖ਼ਬਾਰਾਂ ਵਿੱਚ ਸੀ। ਮਕਤੂਲ ਔਰਤ ਦਾ ਸਿਰ ਨਹੀਂ ਸੀ,
ਛਾਤੀਆਂ ਕੱਟੀਆਂ ਹੋਈਆਂ ਅਤੇ ਗੁਪਤ ਅੰਗਾਂ ਨਾਲ ਜੋ ਅਮਾਨਵੀ ਖਿਲਵਾੜ ਕੀਤਾ ਹੋਇਆ ਸੀ ਉਹ ਕੋਈ
ਰਾਖ਼ਸ਼ਿਸ਼ ਬ੍ਰਿਤੀ ਵਾਲਾ ਨਾਸਤਕ ਹੀ ਕਰ ਸਕਦਾ ਹੈ। ਕੋਈ ਵੀ ਸੱਚਾ ਗੁਰ-ਸਿੱਖ ਐਸੇ ਵਹਿਸ਼ੀਆਨਾਂ ਜੁਰਮ
ਨਹੀਂ ਕਰ ਸਕਦਾ! ! ਅਜਿਹੀਆਂ ਖ਼ਬਰਾਂ ਦੇ ਨਿਖੇਧਆਤਮਕ ਪ੍ਰਭਾਵ ਕਾਰਣ ਆਮ ਲੋਕਾਂ ਦੀ ਭਾਵਨਾ
ਭਿੰਡਰਾਂਵਾਲਾ ਦੇ ਹਿੰਸਕ ਆਂਦੋਲਨ ਦੇ ਵਿਰੋਧ ਵਿੱਚ ਹੋ ਗਈ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਰਾਜ
ਤੋਂ ਬਿਨਾਂ ਖ਼ਾਲਿਸਤਾਨੀ ਵੱਖਵਾਦੀ ਜੇ ਇਤਨਾਂ ਅਤਿਆਚਾਰ ਕਰ ਸਕਦੇ ਹਨ ਤਾਂ ਰਾਜ ਮਿਲਨ ਉਪਰੰਤ ਲੋਕਾਂ
ਉੱਤੇ ਜਿਹੜਾ ਕਹਿਰ ਢਾਇਆ ਜਾਵੇਗਾ, ਉਸ ਕਹਿਰ ਤੋਂ ਰੱਬ ਬਚਾਵੇ! ! ! ਡੀ: ਆਈ: ਜੀ: ਅੱਟਵਾਲ ਦਾ
ਦਰਬਾਰ ਸਾਹਿਬ ਦੇ ਵਿਹੜੇ ਵਿੱਚ ਨਿਸ਼ਠੁਰਤਾ ਨਾਲ ਕੀਤਾ ਗਿਆ ਕਤਲ
(cold blooded murder)
ਆਤੰਕਵਾਦ ਤੇ ਦਹਿਸ਼ਤਗਰਦੀ ਦੀ ਇੰਤਹਾ ਸੀ। ਕੇਂਦ੍ਰੀ ਸਰਕਾਰ ਨੂੰ ਵੱਖਵਾਦੀ ਖਾੜਕੂਆਂ ਨਾਲ ਨਜਿੱਠਣ
ਦਾ ਉਚਿਤ ਤੇ ਕਾਨੂੰਨੀ ਬਹਾਨਾ ਮਿਲ ਚੁੱਕਿਆ ਸੀ।
ਭਾਰਤੀ ਸੈਨਾ ਕੁੱਝ ਸਮੇ ਤੋਂ ਭਿੰਡਰਾਂਵਾਲਾ ਦੇ ਹਿੰਸਕ ਅੰਦੋਲਨ ਦਾ ਅੰਤ
ਕਰਨ ਲਈ ਤਿਆਰੀਆਂ ਕਰ ਰਹੀ ਸੀ, ਜੋ ਕਿ ਹੁਣ ਤੱਕ ਪੂਰੀਆਂ ਹੋ ਚੁੱਕੀਆਂ ਸਨ। ਭਿੰਡਰਾਂਵਾਲਾ ਇਸ ਸੱਭ
ਕੁੱਛ ਤੋਂ ਅਚੇਤ ਨਹੀਂ ਸੀ। ਸੋ, ਉਸ ਨੇ ਜੈਨਰਲ ਸ਼ਾਹਬੇਗ ਸਿੰਘ ਨੂੰ ਵੀ ਡੇਰਾਦੂਨ ਤੋਂ ਬੁਲਾ ਲਿਆ।
ਕਹਿੰਦੇ ਹਨ ਕਿ ਜੈਨਰਲ ਸਾਹਿਬ ਨੇ ਭਿੰਡਰਾਂਵਾਲਾ ਨੂੰ ਸਲਾਹ ਦਿੱਤੀ ਸੀ ਕਿ ਇਹ ਯੁੱਧ ਦਰਬਾਰ ਸਾਹਿਬ
ਅੰਦਰੋਂ ਲੜਨਾਂ ਉਚਿੱਤ ਨਹੀਂ ਕਿਉਂਕਿ ਇਸ ਨਾਲ ਪਵਿੱਤ੍ਰ ਧਰਮ-ਸਥਾਨ ਦੀ ਘੋਰ ਬੇ-ਅਦਬੀ ਹੋਵੇਗੀ;
ਦੂਸਰਾ, ਘਿਰੇ ਹੋੇਏ ਯੋਧਿਆਂ, ਭਾਵੇਂ ਉਹ ਕਿਤਨੇ ਵੀ ਜਾਂ-ਬਾਜ਼ ਕਿਉਂ ਨਾਂ ਹੋਣ, ਦਾ ਜਿੱਤਣਾ ਅਸੰਭਵ
ਹੁੰਦਾ ਹੈ; ਭਲਾ ਇਸੇ ਵਿੱਚ ਹੈ ਕਿ ਇਹ ਯੁੱਧ ਕਿਤੋਂ ਹੋਰ ਜਾਂ ਸਰਹੱਦੋਂ ਪਾਰ ਤੋਂ ਲੜਿਆ ਜਾਵੇ।
ਪਰ, ਇਹ ਸਲਾਹ ਭਿੰਡਰਾਂਵਾਲਾ ਨੇ ਨਾ ਮੰਨੀਂ ਕਿਉਂਕਿ ਹੁਣ ਤੱਕ ਉਸ ਵਾਸਤੇ ਦਰਬਾਰ ਸਾਹਿਬ ਦੇ
ਚੌਗਿਰਦੇ ਵਿੱਚੋਂ ਬਾਹਰ ਨਿਕਲਣਾਂ ਅਸੰਭਵ ਹੋ ਚੁੱਕਿਆ ਸੀ। ਹੋਰ ਕੋਈ ਚਾਰਾ ਨਾ ਵੇਖਦਿਆਂ ਜੈਨਰਲ
ਸ਼ਾਹਬੇਗ ਸਿੰਘ ਨੇ ਭਾਰਤ ਸਰਕਾਰ ਦੀ ਵਿਸ਼ਾਲ ਸ਼ਕਤੀ ਨਾਲ ਟੱਕਰ ਲੈਣ ਦੀਆਂ ਤਿਆਰੀਆਂ ਆਰੰਭ ਦਿੱਤੀਆਂ।
------
ਗੁਰਇੰਦਰ ਸਿੰਘ ਪਾਲ
|
. |