.

ਅੱਖੀਂ ਡਿੱਠਾ ਕੰਨੀ ਸੁਣਿਆਂ ਛੇ ਦਹਾਕਿਆਂ ਦਾ ਕੌੜਾ ਸੱਚ

(ਕਿਸ਼ਤ ਚੌਥੀ)

ਭਿੰਡਰਾਂਵਾਲਾ ਵਿਰੁੱਧ ਕੀਤੀ ਜਾਣ ਵਾਲੀ ਸੈਨਿਕ ਕਾਰਵਾਈ ਨੂੰ ‘ਓਪਰੇਸ਼ਨ ਬਲਿਯੂ ਸਟਾਰ’ (Operation Blue Star) ਦਾ ਸੰਕੇਤਬੱਧ ਨਾਮ (Code name) ਦਿੱਤਾ ਗਿਆ। ‘ਓਪਰੇਸ਼ਨ ਬਲਿਯੂ ਸਟਾਰ’ ਦਾ ਹੁਕਮ ਕਰਨ ਵਾਲੇ, ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਉਭਾਰਨ ਦੇ ਜ਼ਿੱਮੇਦਾਰ, ਭਾਰਤ ਦੀ ਸਰਕਾਰ ਅਤੇ ਰਾਸ਼ਟ੍ਰਪਤੀ ਜ਼ੈਲ ਸਿੰਘ ਹੀ ਸਨ! ! ਇਸ ਕਾਲੀ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਮੁੱਖ ਫ਼ੌਜੀ ਅਫ਼ਸਰ ਸਨ: ਚੀਫ਼ ਆਫ਼ ਦ ਆਰਮੀ ਸਟਾਫ਼ ਅਰੁਨ ਸ੍ਰੀਧਰ ਵੈਦ, ਲੈਫ਼ਟੀਨੈਂਟ ਜੈਨਰਲ ਕ੍ਰਿਸ਼ਨਾ ਸਵਾਮੀ ਸੁੰਦਰਜੀ, ਲੈਫ਼ਟੀਨੈਂਟ ਜੈਨਰਲ ਰਣਜੀਤ ਸਿੰਘ ਦਯਾਲ, ਮੇਜਰ ਜੈਨਰਲ ਕੁਲਦੀਪ ਸਿੰਘ ਬਰਾੜ ਤੇ ਕਈ ਹੋਰ…। ਇਸ ਘੋਰ ਦੁਖਾਂਤਕ ਕਾਰਵਾਈ ਦੀ ਕਮਾਂਡ ਜੈਨਰਲ ਬਰਾੜ ਦੇ ਹੱਥ ਵਿੱਚ ਸੀ। ਜੂਨ 3, 1984 ਤੋਂ, ‘ਓਪਰੇਸ਼ਨ ਬਲਿਯੂ ਸਟਾਰ’ ਨਾਲ ਪੰਜਾਬ ਉੱਤੇ ਖ਼ੂਨੀ ਕਹਿਰ ਦੇ ਕਾਲੇ ਯੁਗ ਦਾ ਆਰੰਭ ਹੋਇਆ ਜੋ ਕਿ ਲਗ ਪਗ ਇੱਕ ਦਹਾਕੇ ਤੱਕ ਰਿਹਾ। ਇਤਿਹਾਸ ਵਿੱਚ ਇਹ ਦਹਾਕਾ ਪੰਜਾਬੀਆਂ (ਵਿਸ਼ੇਸ਼ ਕਰਕੇ ਸਿੱਖਾਂ), ਪੰਜਾਬ, ਪੰਜਾਬੀ, ਪੰਜਾਬੀਅਤ, ਅਤੇ ਭਾਰਤ ਲਈ ਅਤਿਅੰਤ ਮੰਦਭਾਗਾ ਸਮਾ ਹੈ।

ਜੂਨ 3, 1984 ਨੂੰ ਸਾਰੇ ਪੰਜਾਬ ਵਿੱਚ ਕਰਫ਼ਿਯੂ (curfew) ਲਾਗੂ ਕਰਨ ਉਪਰੰਤ ਫ਼ੌਜੀ ਕਾਰਵਾਈ ਆਰੰਭ ਕੀਤੀ ਗਈ ਜੋ ਕਿ ਤਿੰਨ-ਚਾਰ ਦਿਨ ਤੱਕ ਚੱਲੀ। ਪੂਰਾ, ਦਿਲ-ਵਿੰਨ੍ਹਵਾਂ ਵਿਸਤਾਰ ਦੇਣ ਦੀ ਬਜਾਏ ਕੇਵਲ ਇਤਨਾ ਲਿਖਣਾ ਹੀ ਮੁਨਾਸਿਬ ਹੈ ਕਿ ਇਸ ਓਪਰੇਸ਼ਨ ਦੌਰਾਨ ਫ਼ੌਜ ਵੱਲੋਂ ਟੈਂਕਾਂ ਤੱਕ ਦੀ ਵਰਤੋਂ ਕੀਤੀ ਗਈ; ਦਰਬਾਰ ਸਾਹਿਬ ਦਾ ਸਾਰਾ ਪਰਮ-ਪਵਿੱਤ੍ਰ ਚੌਗਿਰਦਾ ਸੈਨਿਕਾਂ, ਖ਼ਾਲਿਸਤਾਨੀਆਂ ਤੇ ਨਿਰਦੋਸ਼ ਯਾਤ੍ਰੀਆਂ ਦੇ ਮ੍ਰਿਤਕ ਸਰੀਰਾਂ ਨਾਲ ‘ਮਾਸ-ਪੁਰੀ’ ਬਣ ਗਿਆ; ਅਕਾਲ ਤਖ਼ਤ, ਬੁੰਗੇ, ਬੁਰਜ ਅਤੇ ਆਲੇ ਦੁਆਲੇ ਦੀਆਂ ਇਤਿਹਾਸਿਕ ਇਮਾਰਤਾਂ ਤੇ ਰਿਹਾਇਸ਼ੀ ਘਰ ਖੰਡਰ ਬਣ ਗਏ, ਅਤੇ ਸਵਰਨ-ਮੰਦਿਰ (ਦਰਬਾਰ ਸਾਹਿਬ) ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ; ਨਾਯਾਬ ਗ੍ਰੰਥਾਂ ਅਤੇ ਦੁਰਲੱਭ ਹੱਥ-ਲਿਖਿਤਾਂ ਨਾਲ ਭਰੀ ਹੋਈ ਲਾਇਬ੍ਰੇਰੀ ਨਸ਼ਟ ਹੋਈ ਅਤੇ, ਪਤਾ ਨਹੀਂ ਕਿਤਨੇ ਕੁ ਗ੍ਰੰਥ ਚੋਰੀ ਹੋ ਗਏ! ਸੰਖੇਪ ਵਿੱਚ, ਗੁਰੁ-ਘਰ ਦਾ ਅਨਮੋਲ ਵਿਰਸਾ ਤਬਾਹ ਹੋ ਗਿਆ। ਇਹ ਤਬਾਹੀ, ਇੱਕੋ ਸਮੇ, ਪੰਜਾਬ ਦੇ 40 ਹੋਰ ਗੁਰੁ-ਘਰਾਂ ਵਿੱਚ ਵੀ ਕੀਤੀ ਗਈ। ਇਸ ਅਣ-ਚਾਹੀ ਅਤੇ ਬੇਲੋੜੀ ਤਬਾਹੀ ਸਦਕਾ ਜੋ ਆਰਥਕ ਨੁਕਸਾਨ ਹੋਇਆ ਉਹ ਅਰਬਾਂ ਰੁਪਏ ਦਾ ਅਨੁਮਾਨਿਆ ਗਿਆ।

ਗੁਰੁ-ਘਰ ਦੇ ਨਿਰਦੋਸ਼ ਪ੍ਰੇਮੀ ਜੋ ਇਸ ਭੇੜ ਵਿੱਚ ਅਜਾਈਂ ਮਾਰੇ ਗਏ, ਉਨ੍ਹਾਂ ਬਾਰੇ ਦੋ ਵਿਰੋਧੀ ਖ਼ਬਰਾਂ ਛਪਦੀਆਂ ਰਹੀਆਂ। ਇੱਕ ਤਾਂ ਇਹ ਕਿ ਉਹ ਸੈਨਿਕਾਂ ਦੇ ਕਰੋਪ ਦਾ ਸ਼ਿਕਾਰ ਹੋਏ; ਅਤੇ, ਦੂਜਾ, ਵੱਖ-ਵਾਦੀ ਦਹਿਸ਼ਤ-ਪਸੰਦ ਉਨ੍ਹਾਂ ਨੂੰ ਹਾਸਟੇਜ (hostage) ਬਣਾ ਕੇ ਢਾਲ ਦੇ ਤੌਰ ਤੇ ਵਰਤਨ ਦਾ ਅਸਫ਼ਲ ਯਤਨ ਕਰ ਰਹੇ ਸਨ। ਇਸ ਕਹਿਰ ਦੇ ਘਮਸਾਨ ਵਿੱਚੋਂ ਬਚੇ ਕੁੱਝ ਸ਼ੱਰਧਾਲੂਆਂ ਦੇ ਕਥਨ ਅਨੁਸਾਰ ਦੂਜਾ ਬਿਆਨ ਵਧੇਰੇ ਸਹੀ ਹੈ।

ਭਾਰਤੀ ਸੈਨਾ ਅਤੇ ਵੱਖਵਾਦੀਆਂ ਵਿਚਾਲੇ ਹੋਏ ਭਿਆਨਕ ਭੇੜ ਦੇ ਅਤਿਅੰਤ ਭੀਸ਼ਣ ਪਰਿਣਾਮ ਨਿਕਲੇ। ਅਮਨ-ਪਸੰਦ ਅ੍ਵਾਮ ਸਿੱਖਾਂ ਦੇ ਵੀ ਧਾਰਮਿਕ ਜਜ਼ਬੇ ਵਲੂੰਧਰੇ ਗਏ। ਗੁਰੂਦਵਾਰਿਆਂ ਦੀ ਤਬਾਹੀ ਅਤੇ ਬੇਅਦਬੀ ਨੂੰ ਨਾਂ ਬਰਦਾਸ਼ਤ ਕਰਦਿਆਂ, ਕਈ ਸਿੱਖ ਉੱਚ ਅਧਿਕਾਰੀਆਂ ਤੇ ਸਾਧਾਰਨ ਕਰਮਚਾਰੀਆਂ ਨੇ ਰੋਸ ਵਜੋਂ ਸਰਕਾਰੀ ਨੌਕਰੀਆਂ ਤੋਂ ਤਿਆਗ-ਪੱਤ੍ਰ ਦੇ ਦਿੱਤੇ; ਪ੍ਰਵਾਣਿਤ ਉੱਚ-ਹਸਤੀਆਂ ਨੇਂ ਸਰਕਾਰ ਦੇ ਦਿੱਤੇ ਤਮਗੇ ਮੋੜ ਦਿੱਤੇ; ਕਈ ਸਿੱਖ ਸੈਨਿਕਾਂ ਨੇ ਪ੍ਰਤਿਰੋਸ ਦਾ ਪ੍ਰਗਟਾਵਾ ਕਰਦਿਆਂ ਬਗ਼ਾਵਤ ਕਰ ਦਿੱਤੀ। ਇੱਸ ਵਿਦ੍ਰੋਹ ਨੂੰ ਦਬਾਉਣ ਲਈ ਖ਼ੂਨੀ ਮੁੱਠ-ਭੇੜਾਂ ਹੋਈਆਂ; ਨਤੀਜੇ ਵਜੋਂ ਸੈਂਕੜੇ/ਹਜ਼ਾਰਾਂ ਸਿੱਖ ਸੈਨਿਕ ਅਜਾਈਂ ਮਾਰੇ ਗਏ। ‘ਓਪਰੇਸ਼ਨ ਬਲਿਯੂ ਸਟਾਰ’ ਦੀ ਕਾਰਵਾਈ ਤੋਂ ਬਾਅਦ ਵੀ ਸਿੱਖ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਉੱਤੇ ਸਰਕਾਰ ਦਾ ਤਸ਼ੱਦਦ ਜਾਰੀ ਰਿਹਾ। ਸੱਭ ਪਾਸੇ ਹਾਹਾਕਾਰ ਮਚੀ ਹੋਈ ਸੀ। ਅਕਤੂਬਰ 31, 1984. ਨੂੰ ਇੰਦ੍ਰਾ ਗਾਂਧੀ ਦੇ ਦੋ ਅੰਗ-ਰੱਖਿਅਕਾਂ (Body Guards), ਬੇਅੰਤ ਸਿੰਘ ਅਤੇ ਸਤਵੰਤ ਸਿੰਘ, ਨੇ ਉਸ ਦਾ ਖ਼ੂਨ ਕਰ ਦਿੱਤਾ। ਧਰਮ-ਸਥਾਨਾਂ ਦੀ ਹੋਈ ਘੋਰ ਬੇ-ਅਦਬੀ ਅਤੇ ਸਿੱਖਾਂ ਦੇ ਕੀਤੇ ਗਏ ਘਾਣ ਨੂੰ ਨਾਂ ਬਰਦਾਸ਼ਤ ਕਰਦਿਆਂ ਹੋਇਆਂ ਉਨ੍ਹਾਂ ਦੋ ਨੌਜਵਾਨਾਂ ਨੇ ਆਪਣੀ ਜਾਨ ਦਾਓ `ਤੇ ਲਾ ਦਿੱਤੀ। ਉਨ੍ਹਾਂ ਦੇ, ਧਾਰਮਿਕ ਜਜ਼ਬਾਤਾਂ ਦੇ ਪ੍ਰਭਾਵਾਧੀਨ ਕੀਤੇ, ਇਸ ਕਾਰਨਾਮੇ ਨੂੰ ਉਨ੍ਹਾਂ ਦੀ ਫ਼ਰਜ਼ ਨਾਲ ਬੇਵਫ਼ਾਈ ਤੇ ਵਿਸ਼ਵਸਨੀਯ ਪਦਵੀ ਦੇ ਕਰਤੱਵ ਨਾਲ ਵਿਸ਼ਵਾਸ-ਘਾਤ ਕਿਹਾ ਗਿਆ। (ਇੰਦਰਾ ਗਾਂਧੀ ਦੇ ਕਾਤਿਲਾਂ ਵਿੱਚੋਂ ਬੇਅੰਤ ਸਿੰਘ ਤਾਂ ਮੌਕੇ `ਤੇ ਹੀ ਦੂਸਰੇ ਅੰਗ-ਰੱਖਿਅਕਾਂ ਹੱਥੋਂ ਮਾਰਿਆ ਗਿਆ ਸੀ, ਤੇ ਸਤਵੰਤ ਸਿੰਘ, ਉਸ ਦੇ ਇੱਕ ਕਥਿਤ ਸਾਥੀ ਕੇਹਰ ਸਿੰਘ ਸਮੇਤ, ਬਾਅਦ ਵਿੱਚ ਫਾਂਸੀ ਚਾੜ੍ਹਿਆ ਗਿਆ।) ਮਾਂ ਦੇ ਹੋਏ ਕਤਲ ਦੇ ਪ੍ਰਤਿਕਰਮ ਵਜੋਂ, ਰਾਜੀਵ ਗਾਂਧੀ, ਜੋ ਕਿ ਬਿਨਾਂ ਕਿਸੇ ਯੋਗਤਾ ਦੇ ਅੰਤਰਿਮ ਪ੍ਰਧਾਨ ਮੰਤ੍ਰੀ ਬਣਾਇਆ ਗਿਆ ਸੀ, ਦਾ ਹੁਕਮ ਬਜਾਉਂਦਿਆਂ ਹੋਇਆਂ, ਇੰਦਰਾ ਦੇ ਤਲੂਏ ਚੱਟ ਪਿੱਠੂਆਂ ਨੇ ਨਹਿਰੂ ਪਰਿਵਾਰ ਪ੍ਰਤਿ ਨਮਕ-ਹਲਾਲੀ ਦਾ ਸਬੂਤ ਦੇਣ ਲਈ ਸਾਰਕਾਰੀ ਗੁੰਡਿਆਂ ਨੂੰ ਭੜਕਾ ਕੇ ਉਨ੍ਹਾਂ ਹੱਥੋਂ ਸਿੱਖ ਕੌਮ ਦਾ ਘਾਣ ਕਰਵਾਇਆ। ਭਾਰਤ ਦੇ ਕਈ ਪ੍ਰਾਂਤਾਂ, ਵਿਸ਼ੇਸ਼ ਕਰਕੇ ਦਿੱਲੀ, ਯੂ: ਪੀ: (ਖ਼ਾਸ ਕਰਕੇ ਕਾਨ੍ਹਪੁਰ) ਤੇ ਬਿਹਾਰ ਆਦਿ, ਵਿੱਚ ਨਿਸ਼ਠੁਰਤਾ ਨਾਲ ਹਜ਼ਾਰਾਂ ਸਿੱਖ ਮਾਰੇ ਤੇ ਜ਼ਿੰਦਾ ਸਾੜੇ ਗਏ; ਔਰਤਾਂ ਦੀ ਅਕਹਿ ਬੇਪਤੀ ਕੀਤੀ, ਬੱਚੇ ਕੋਹੇ ਤੇ ਯਤੀਮ ਕੀਤੇ ਗਏ, ਅਤੇ ਸਿੱਖਾਂ ਦੇ ਘਰ ਤੇ ਵਣਜ-ਸਥਾਨ ਲੁੱਟੇ, ਸਾੜੇ ਤੇ ਉਜਾੜੇ ਗਏ! ! ! ਗੁਰੂਦਵਾਰਿਆਂ ਨੂੰ ਅੱਗਾਂ ਵਿੱਚ ਲਪੇਟਿਆ ਤੇ ਲੁੱਟਿਆ, ਸਿੱਖ ਸੰਸਥਾਵਾਂ ਦੀ ਭੰਨ-ਤੋੜ ਕਰਨ ਤੇ ਲੁੱਟਣ ਵਿੱਚ ਵੀ ਕੋਈ ਕਸਰ ਨਹੀਂ ਛੱਡੀ! ! ਸੈਂਕੜੇ ਹਜ਼ਾਰਾਂ ਸਿੱਖਾਂ ਨੇ ਆਪਣੇ ਕੇਸ ਕਤਲ ਕਰਕੇ ਆਪਣੇ ਆਪ ਨੂੰ ਕਤਲ ਹੋਣ ਤੋਂ ਬਚਾਇਆ। ਅਮਨ ਆਉਣ ਉਪਰੰਤ ਕਈਆਂ ਨੇ ਮੁੜ ਕੇਸ ਰੱਖ ਲਏ, ਪਰ ਬਹੁਤੇ ਮੋਨੇ ਹੀ ਰਹਿ ਗਏ। ਪੁਲਿਸ ਜਨ-ਰੱਖਿਆ ਦਾ ਫ਼ਰਜ਼ ਨਿਭਾਉਣ ਦੀ ਬਜਾਏ, ਕਾਂਗ੍ਰਸ ਦੇ ਗੁੰਡੇ ਨੇਤਾਵਾਂ ਦੇ ਹੁਕਮ ਆਧੀਨ, ਇਸ ਖ਼ੂਨੀ ਤਾਂਡਵ ਨਾਚ ਨੂੰ ਦੇਖ ਕੇ ਅਣਡਿੱਠ ਕਰਦੀ ਰਹੀ।

ਨਿਰਦੋਸ਼ ਸਿੱਖਾਂ ਵਿਰੁੱਧ ਕੀਤੇ ਗਏ, ਉਪਰੋਕਤ, ਘੱਲੂ ਘਾਰੇ ਦੇ ਸੰਦਰਭ ਵਿੱਚ ਇੱਕ ਕੌੜੇ ਤੱਥ, ਜਿਸ ਤੋਂ ਭਾਰਤ ਵਿੱਚ ਬਹੁ-ਗਿਣਤੀ ਹਿੰਦੂਆਂ ਦੇ ਨੇਤਾਵਾਂ ਦੀ ਮਾਨਸਿਕ ਮਲੀਨਤਾ ਦਾ ਅੰਦਾਜ਼ਾ ਸਹਿਲ ਹੀ ਲਗਾਇਆ ਜਾ ਸਕਦਾ ਹੈ, ਨੂੰ ਵਿਚਾਰਨਾਂ ਬਹੁਤ ਹੀ ਜ਼ਰੂਰੀ ਹੈ। 1948 ਵਿੱਚ, ‘ਰਾਸ਼ਟ੍ਰ ਦਾ ਬਾਪੂ’ ਅਖਵਾਉਣ ਵਾਲੇ, ਮੋਹਨ ਦਾਸ ਗਾਂਧੀ ਦਾ ਕਤਲ, ਹਿੰਦੂਤ੍ਵ ਦੇ ਪੁਜਾਰੀ ਤੇ ਆਰ: ਐਸ: ਐਸ: ਦੇ ਇੱਕ ਸਦਸਯ, ਨੱਥੂ ਰਾਮ ਗਾਡਸੇ ਨੇ ਕੀਤਾ ਸੀ। ਇਸ ਦੇ ਪ੍ਰਤਿਕਰਮ ਵਜੋਂ ਭਾਰਤ ਦੇ ਸਾਰੇ ਜਨਸੰਘੀ/ਹਿੰਦੂ ਕਿਉਂ ਨਾ ਮਾਰੇ ਤੇ ਉਜਾੜੇ ਗਏ? ? ? ? ? (ਜੋ ਥੋਹੜੇ ਬਹੁਤ ਦੰਗੇ ਹੋਏ ਉਹ ਮਹਾਰਾਸ਼ਟ੍ਰ ਦੇ ਕੁੱਛ ਸ਼ਹਿਰਾਂ ਤੱਕ ਹੀ ਸੀਮਿਤ ਰਹੇ)। 1991 ਵਿੱਚ ਰਾਜੀਵ ਗਾਂਧੀ ਨੂੰ ਬੰਬ ਨਾਲ ਉਡਾਉਣ ਵਾਲੀ ‘ਲਿਬਰੇਸ਼ਨ ਟਾਈਗਰਜ਼ ਔਫ਼ ਤਾਮਿਲ ਈਲਮ’ ਦੀ ਥਿਮੋਜ਼੍ਹੀ ਰਾਜਾਰਤਨਮ ਉਰਫ਼ ਗਾਯਿਤ੍ਰੀ ਇੱਕ ਤਾਮਿਲ ਸੀ। ਉਸ ਸਮੇ ਵੀ ਕਾਂਗ੍ਰਸੀ ਨੇਤਾ ਤੇ ਉਨ੍ਹਾਂ ਦੇ ਪਾਲੇ ਗੁੰਡੇ ਟਸ ਤੋਂ ਮਸ ਨਹੀਂ ਹੋਏ! ! ! ਉਸ ਜਥੇਬੰਦੀ ਦੇ ਸਾਰੇ ਮੈਮਬਰ, ਤੇ ਸਾਰੇ ਹੀ ਤਾਮਿਲ ਅਨ੍ਹੀਂ ਹਿੰਸਾ ਦਾ ਸ਼ਿਕਾਰ ਕਿਉਂ ਨਹੀਂ ਬਣਾਏ ਗਏ? ? ? ਤਾਂ ਫਿਰ, ਦੋ ਸਿੱਖਾਂ ਦੇ ਹੱਥੋਂ ਹੋਏ ਇੰਦਰਾ ਗਾਂਧੀ ਦੇ ਕਤਲ ਦੇ ਪ੍ਰਤਿਕਰਮ ਵਜੋਂ ਸਾਰੀ ਸਿੱਖ ਕੌਮ ਉੱਤੇ ਕਹਿਰ ਕਿਉਂ ਢਾਇਆ ਗਿਆ? ? ? ? ? ਦੂਸਰਾ, ਹਿੰਸਕ ਖ਼ਾਲਿਸਤਾਨੀਆਂ ਨੂੰ ਸਜ਼ਾ ਦੇਣ ਲਈ ਸਰਕਾਰ ਅੱਡੀ-ਚੋਟੀ ਦਾ ਜ਼ੋਰ ਲਾਉਂਦੀ ਰਹੀ ਹੈ, ਉਨ੍ਹਾਂ ਦੇ ਨਿਰਦੋਸ਼ ਅਭਾਗੇ ਪਰਿਵਾਰਾਂ ਨੂੰ ਵੀ ਨਹੀਂ ਬਖ਼ਸ਼ਿਆ; ਪ੍ਰੰਤੂ, 1984 ਵਿੱਚ ਕੀਤੇ ਗਏ ਮਾਅਸੂਮ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆ ਨੂੰ ਸਰਕਾਰ ਨੇ, 26 ਸਾਲ ਹੋ ਗਏ ਹਨ, ਅੱਜ ਤਕ ਹੱਥ ਨਹੀਂ ਲਾਇਆ; ਉਲਟਾ, ਉਨ੍ਹਾਂ ਨੂੰ ਕਈ ਤਰ੍ਹਾਂ ਦੇ ‘ਪੁਰਸਕਾਰਾਂ’ ਤੇ ਤਰੱਕੀਆਂ ਨਾਲ ਨਿਵਾਜਿਆ ਜਾ ਰਿਹਾ ਹੈ! ! ‘ਸੀਕਰੀ ਕਮਿਸ਼ਨ’ ਦੀ ਰਿਪੋਰਟ, ਜਿਸ ਵਿੱਚ 1984 ਦੇ ਅਪਰਾਧੀਆਂ ਦੇ ਨਾਮ ਤੱਕ ਦਿੱਤੇ ਗਏ ਸਨ, ਨੂੰ ਰੱਦੀ ਦੀ ਟੋਕਰੀ ਵਿੱਚ ਸਿੱਟ ਦਿੱਤਾ ਗਿਆ। ਇਸ ਦੇ ਉਲਟ ਕਿਹਰ ਸਿੰਘ ਨੂੰ ਸ਼ੱਕ ਦੇ ਅਧਾਰ ਤੇ ਨਿਰਦੋਸ਼ੇ ਨੂੰ ਹੀ ਫਾਂਸੀ ਤੇ ਪਟੱਕ ਦੇਣੀ ਲਟਕਾ ਦਿੱਤਾ ਗਿਆ ਸੀ।

1984 ਦੇ ਦੰਗਿਆਂ ਤੋਂ ਬਾਅਦ ਦੀ ਇੱਕ ਹਕੀਕਤ, ਜਿਸ ਦਾ ਇੱਕ ਪਾਸਾ ਬਹੁਤ ਮਿੱਠਾ ਤੇ ਦੂਜਾ ਅਤਿਅੰਤ ਕੌੜਾ ਹੈ, ਦਾ ਸੰਖੇਪ ਵੇਰਵਾ ਦੇਣਾ ਵੀ ਜ਼ਰੂਰੀ ਹੈ। ਭਾਰਤ ਦੇ ਕੁੱਝ ਮਾਨਵਵਾਦੀ ਨਾਗਰਿਕਾਂ ਨੇ ਆਪਣੇ ਤੌਰ `ਤੇ ਇੱਕ ਕਾਮਿਸ਼ਨ ਬਣਾਇਆ ਜਿਸ ਦਾ ਨਾਮ ਹੈ: ‘ਸਿਟੀਜ਼ਨਜ਼ ਕਾਮਿਸ਼ਨ’ (Citizens’ Commission), ਜੋ ‘ਸੀਕਰੀ ਕਾਮਿਸ਼ਨ’ (Sikri Commission) ਦੇ ਨਾਮ ਨਾਲ ਪ੍ਰਸਿੱਧ ਹੈ। ਇਸ ਕਾਮਿਸ਼ਨ ਨੂੰ ਬਣਾਉਣ ਦਾ ਬੀੜਾ ਚੁੱਕਣ ਵਾਲੇ ਭੂਤ-ਪੂਰਵ ਚੀਫ਼ ਏਅਰ ਮਾਰਸ਼ਲ ਅਰਜਨ ਸਿੰਘ ਤੇ ਬਰਿਗੇਡੀਅਰ ਸੁਖਜੀਤ ਸਿੰਘ ਤੋਂ ਬਿਨਾਂ ਬਾਕੀ ਸਾਰੇ ਰੱਬ ਦੀ ਰਿਆਇਆ ਲਈ ਦਰਦ ਰੱਖਣ ਵਾਲੇ ਸੁਹਿਰਦ ਹਿੰਦੂ ਜਾਂ ਮੁਸਲਮਾਨ ਹੀ ਸਨ! ਅਤੇ, ਪੰਜ-ਮੈਂਬਰੀ ਕਾਮਿਸ਼ਨ ਵਿੱਚ ਸੁਪਰੀਮ ਕੋਰਟ ਦੇ ਭੂਤ-ਪੂਰਵ ਚੀਫ਼ ਜਸਟਿਸ ਸੀਕਰੀ ਸਮੇਤ ਚਾਰ ਹਿੰਦੂ ਅਤੇ ਇੱਕ ਮੁਸਲਮਾਨ ਸੀ। ਇਸ ਦੇ ਅਤਿਰਿਕਤ, ਕਈ ਗ਼ੈਰ ਸਿੱਖਾਂ, ਹਿੰਦੂ ਮੁਸਲਮਾਨ ਆਦਿ ਨੇ, ਭਿਅੰਕਰ ਫ਼ਸਾਦਾਂ ਦੀ ਅੱਗ ਵਿੱਚ ਘਿਰੇ ਹੋਏ, ਆਪਣੇ ਹਮਸਾਏ ਸਿੱਖਾਂ ਦੀ ਵਿੱਤੋਂ ਵੱਧ ਸਹਾਇਤਾ ਵੀ ਕੀਤੀ! ! ਇਸ ਹਕੀਕਤ ਦਾ ਕੌੜਾ ਪੱਖ: ਮੋਟੀ ਚਮੜੀ ਵਾਲੇ ਅਕਾਲੀ ਨੇਤਾ ਤੇ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪੱਥਰ-ਦਿਲ ਕਰਤਾ ਧਰਤਾ, ਜਥੇਦਾਰ ਤੇ ਪੁਜਾਰੀ-ਮੰਡਲੀ ਆਦਿ ਪਤਾ ਨਹੀਂ ਕਿਵੇਂ ਇਸ ਭਿਅੰਕਰ ਖ਼ੂਨ-ਖ਼ਰਾਬੇ ਅਤੇ ਤਬਾਹੀ ਦੇ ਦਿਲ-ਵਿੰਨ੍ਹਵੇਂ ਪ੍ਰਭਾਵ ਤੋਂ ਅਭਿੱਜ ਰਹੇ? ? ? ? ਸ਼ਿਰੋਮਣੀ ਗੁਰੁਦਵਾਰਾ ਪ੍ਰਬੰਧਕ ਕਮੇਟੀ, ਤੇ ਹੋਰ ਗੁਰੁ-ਧਾਮਾਂ ਦੀਆਂ ਕਮੇਟੀਆਂ ਦੇ ਚੌਧਰੀ ਗੁਰੁ ਦੇ ਨਾਂ `ਤੇ ਇਕੱਠੀ ਕੀਤੀ ਅੰਨ੍ਹੀ ਦੌਲਤ ਨਾਲ ਸੰਸਾਰਕ ਸੁੱਖ ਮਾਨ ਰਹੇ ਹਨ, ਜਾਂ ਗੁਰੂ-ਧਾਮਾਂ ਉੱਤੇ ਸੋਨਾ ਤੇ ਸੰਗ-ਏ-ਮਰਮਰ ਥੱਪ ਕੇ ਸਿੱਧੜ ਤੇ ਭੋਲੇ-ਭਾਲੇ ਸ਼੍ਰੱਧਾਲੂਆਂ ਦੀਆਂ ਅੱਖਾਂ ਵਿੱਚ ਅੰਧਵਿਸ਼ਵਾਸ ਦਾ ਘੱਟਾ ਪਾਈ ਜਾ ਰਹੇ ਹਨ! ! ! ਪੰਥ-ਗ਼ੱਦਾਰ ਅਕਾਲੀ ਨੇਤਾਵਾਂ ਨੂੰ ਪੰਥ ਨਾਲ ਤਾਂ ਕੋਈ ਵਾਸਤਾ ਹੀ ਨਹੀਂ, ਉਨ੍ਹਾਂ ਨੂੰ ਤਾਂ ਆਪਣੀ ਕੁਰਸੀ ਪਿਆਰੀ ਹੈ ਜਿਸ ਦੀ ਖ਼ਾਤਿਰ ਉਹ ਪੰਥ ਨੂੰ ਵੀ ਦਾਓ `ਤੇ ਲਾਈ ਜਾ ਰਹੇ ਹਨ। ਇਨ੍ਹਾਂ ਅਖਾਉਤੀ ‘ਪੰਥ-ਦਰਦੀਆਂ’ ਨੇ ਸਰਕਾਰ ਦੇ ਕਹਿਰ ਦਾ ਸ਼ਿਕਾਰ ਹੋਏ ਖ਼ਾਲਿਸਤਾਨੀਆਂ ਦੇ ਪਰਿਵਾਰਾਂ ਅਤੇ 1984 ਦੇ ਦੰਗਾ-ਪੀੜਤਾਂ ਵਾਸਤੇ ਕੋਈ ਵਰਣਨ-ਯੋਗ ਯਤਨ ਨਹੀਂ ਕੀਤਾ! !

‘ਓਪਰੇਸ਼ਨ ਬਲਿਯੂ ਸਟਾਰ’ ਦੌਰਾਨ ਹੋਈ ਤਬਾਹੀ ਅਤੇ ਇੰਦ੍ਰਾ ਦੇ ਕਤਲ ਉਪਰੰਤ ਹੋਏ ਖ਼ੂਨ-ਖ਼ਰਾਬੇ ਅਤੇ ਦੰਗਿਆਂ ਦਾ ਦਿਲ-ਦੁਖਾਵਾਂ ਅਸਰ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਉੱਤੇ ਵੀ ਹੋਇਆ। ਸੰਸਾਰ ਦੇ ਸਾਰੇ ਦੇਸਾਂ, ਵਿਸ਼ੇਸ ਕਰਕੇ ਇੰਗਲੈਂਡ, ਅਮ੍ਰੀਕਾ ਤੇ ਕੈਨੇਡਾ ਆਦਿ, ਵਿੱਚ ਰੋਸ-ਰੈਲੀਆਂ ਕੀਤੀਆਂ ਗਈਆਂ ਅਤੇ ਭਾਰਤੀ ਸਰਕਾਰ ਦੀ ਉਦੰਡਤਾ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਨਤੀਜੇ ਵਜੋਂ, ਸਾਰੇ ਦੇਸਾਂ ਵਿੱਚ ਵੱਸਦੀ ਇਨਸਾਨੀਯਤ ਦੀ ਹਮਦਰਦੀ ਸ਼ੈਤਾਨੀਯਤ ਦਾ ਸ਼ਿਕਾਰ ਹੋਏ ਮਜ਼ਲੂਮਾਂ ਨਾਲ ਸੀ। ਪਰੰਤੂ, ਕੁੱਝ ਇੱਕ ‘ਸਿੱਖਾਂ’ ਦੇ ਅਮਾਨਵੀ ਕਾਰਨਾਮਿਆਂ ਨੇ ਇਸ ਹਮਦਰਦੀ ਨੂੰ ਗ੍ਰਹਿਣ ਲਾ ਦਿੱਤਾ। ਇੱਕ ਸਾਜ਼ਿਸ਼ ਅਧੀਨ, (ਜੂਨ 23, 1985 ਨੂੰ) ਏਅਰ ਇੰਡੀਆ ਫ਼ਲਾਈਟ ਨੰ: 182 ਨੂੰ ਆਇਰਲੈਂਡ ਦੇ ਤੱਟ ਉੱਪਰ ਹਵਾ ਵਿੱਚ ਹੀ ਬੰਬ ਨਾਲ ਉਡਾ ਦਿੱਤਾ ਗਿਆ। ਇਸ ਹਾਦਸੇ ਵਿੱਚ 329 ਨਿਰਦੋਸ਼ ਪਾਂਧੀਆਂ ਦੀਆਂ ਜਾਨਾਂ ਲੈ ਲਈਆਂ ਗਈਆਂ। ਹਾਦਸਾ-ਗ੍ਰਸਤ ਜਹਾਜ਼ ਦੇ ਬਹੁਤੇ ਮੁਸਾਫ਼ਿਰ, ਚਾਲਕ (Pilot), ਤੇ ਸੇਵਕ-ਅਮਲਾ (Crew) ਸਿੱਖ ਹੀ ਸਨ। ਇਸ ਦੁਰਘਟਨਾਂ ਰਾਹੀਂ ਕੀਤਾ ਗਿਆ ਮਾਅਸੂਮ ਮੁਸਾਫਿਰਾਂ ਦਾ ਸਾਮੂਹਿਕ ਕਤਲ (Mass-murder) ਕੈਨੇਡਾ ਦੇ ਇਤਿਹਾਸ ਵਿੱਚ ਸੱਭ ਤੋਂ ਵੱਧ ਅਮਾਨਵੀ ਤੇ ਵਹਿਸ਼ੀਆਨਾਂ ਕੁਕਰਮ ਗਿਣਿਆ ਗਿਆ। ਬੰਬ-ਹਮਲੇ ਦੀ ਸਾਜ਼ਿਸ਼ ਘੜਨ ਤੇ ਇਸ ਨੂੰ ਅੰਜਾਮ ਦੇਣ ਵਾਲੇ ਸਾਰੇ ਸਾਜ਼-ਬਾਜ਼ ‘ਸਿੱਖ’ ਸਨ, ਅਤੇ ਇਨ੍ਹਾਂ ਦਾ ਸੰਬੰਧ ਖਾੜਕੂ ਜਥੇਬੰਦੀ ‘ਬੱਬਰ ਖਾਲਸਾ’ ਨਾਲ ਦੱਸਿਆ ਜਾਂਦਾ ਹੈ। ਕੈਨੇਡੀਅਨ ਸਰਕਾਰ ਦੀ ਰਿਪੋਰਟ ਅਨੁਸਾਰ ਇਸ ਘਾਤਿਕ ਗੋਂਦ ਗੁੰਦਨ ਵਾਲੇ ਤਲਵਿੰਦਰ ਸਿੰਘ ਪਰਮਾਰ, ਇੰਦਰਜੀਤ ਸਿੰਘ ਰਿਆਤ ਅਤੇ ਉਨ੍ਹਾਂ ਦੇ ਕੁੱਝ ਹਮ-ਖ਼ਿਆਲ ਸਾਥੀ ਸਨ। ਇਨ੍ਹਾਂ ਵਿੱਚੋਂ ਤਿੰਨਾਂ ਨੂੰ ਝੂਠ ਦੀ ਛੱਤਰੀ ਨੇ ਬਚਾ ਲਿਆ, ਇੱਕ ਭਗੌੜਾ ਹੈ; ਅਤੇ ਇੰਦਰਜੀਤ ਸਿੰਘ ਰਿਆਤ ਨੂੰ 17 ਮੁੱਦਿਆਂ ਤੇ ਕੱਟੜ ਝੂਠਾ ਹੋਣ ਦਾ ਦੋਸ਼ੀ ਠਹਿਰਾਇਆ ਜਾ ਚੁੱਕਿਆ ਹੈ, ਇਸ ਦੀ ਸਜਾ ਨਵੰਬਰ ੨੦੧੦ ਨੂੰ ਸਣਾਈ ਜਾਣੀ ਹੈ। ਕਹਿੰਦੇ ਹਨ ਕਿ ਇਸ ਸਾਰੇ ਕੇਸ ਉੱਤੇ ਕੈਨੇਡੀਅਨ ਸਰਕਾਰ ਦਾ ਕ੍ਰੋੜਾਂ ਡਾਲਰ ਖ਼ਰਚ ਹੋਇਆ ਜਿਸ ਕਾਰਣ ਕੈਨੇਡਾ ਦੇ ਨਾਗਰਿਕ, ਜਿਨ੍ਹਾਂ ਦਾ ਕਰ-ਧਨ (tax-money) ਨਿਸ਼ਫ਼ਲ ਰੁੜ੍ਹਿਆ, ਸਿੱਖਾਂ ਪ੍ਰਤਿ ਮੰਦ-ਭਾਵਨਾਂ ਰੱਖਣ ਲੱਗੇ। ਇਸ ਤਰ੍ਹਾਂ ਮੁੱਠੀ ਭਰ ‘ਸਿੱਖਾਂ’ ਦੀ ਕਰਤੂਤ ਸਦਕਾ ਸਾਰੀ ਸਿੱਖ ਕੌਮ ਸੰਸਾਰ ਭਰ ਵਿੱਚ ਬਦਨਾਮ ਹੋ ਗਈ।

ਦੇਸ-ਪ੍ਰਦੇਸ ਦੇ ਨਿਰਪੱਖ ਨਾਗਰਿਕ ਪ੍ਰਸ਼ਨ ਪੁੱਛਦੇ ਹਨ, “ਕੀ ਗਰੁਮੱਤਿ ਵਿੱਚ ਸਰਲ-ਚਿੱਤ ਸਾਧਾਰਨ ਲੋਕਾਂ ਨੂੰ ਕਸ਼ਟ ਦੇਣ ਜਾਂ ਜਾਨੋਂ ਮਾਰਨ ਦੀ ਕੋਈ ਸਿੱਖਿਆ ਮਿਲਦੀ ਹੈ?” ਇਸ ਦਾ ਕੇਵਲ ਇੱਕੋ ਹੀ ਤੁਰਤ ਉੱਤਰ ਹੈ: ਨਹੀਂ! ! ਦੂਸਰਾ, “ਕੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਜੇ ਸਿੰਘ/ਖ਼ਾਲਸੇ ਨੂੰ ਮਾਅਸੂਮਾਂ ਦਾ ਘਾਣ ਕਰਨ ਦੀ ਆਗਿਆ ਦਿੱਤੀ ਸੀ?” ਇਸ ਸਵਾਲ ਦਾ ਵੀ ਉਹੀ ਜਵਾਬ ਹੈ: ਨਹੀਂ! ! ਉਨ੍ਹਾਂ ਨੇ ਤਾਂ ਖ਼ਾਲਸੇ ਦੀ ਸਿਰਜਨਾ ਨਿਰਦੋਸ਼ ਨਿਰਬਲਾਂ ਨੂੰ ਜ਼ਾਲਿਮਾ ਦੇ ਜ਼ੁਲਮ ਤੋਂ ਬਚਾਉਣ ਲਈ ਕੀਤੀ ਸੀ। ਤੀਜਾ, “ਤਾਂ ਫਿਰ ਸਿੰਘ ਖ਼ਾਲਸੇ ਰੱਬ ਦੀ ਨਿਹੱਥੀ ਨਿਤਾਣੀ ਰਿਆਇਆ ਉੱਤੇ ਜ਼ੁਲਮ ਕਿਉਂ ਢਾਅ ਰਹੇ ਹਨ?” ਇਸ ਸਵਾਲ ਦਾ ਜਵਾਬ ਇਹੋ ਹੀ ਹੈ ਕਿ, “ਪਤਾ ਨਹੀਂ।” ਕਈਆਂ ਦਾ ਸਿੱਧਾ ਜਵਾਬ ਹੈ, “ਬਦਲੇ ਦੀ ਭਾਵਨਾਂ ਨਾਲ, ਵੈਰ ਕੱਢਣ ਲਈ।” ਇਸ ਦਲੀਲ ਦਾ ਸਮਰਥਨ ਵੀ ਗੁਰਬਾਣੀ ਜਾਂ ਗੁਰੁ ਗੋਬਿੰਦ ਸਿੰਘ ਜੀ ਦੇ ਜੀਵਨ ਜਾਂ ਫ਼ੁਰਮਾਨਾਂ ਵਿੱਚੋਂ ਨਹੀਂ ਲੱਭਦਾ! !

1984 ਵਿੱਚ, ਕਾਂਗ੍ਰਸ ਦੀ ਸ਼ਹਿ ਤੇ ਸਿੱਖ ਕੌਮ ਦੀ ਹੋਈ ਤਬਾਹੀ ਕਾਰਣ ਕਾਂਗ੍ਰਸ ਅਤੇ ਇਸ ਦੇ ਨੇਤਾ ਦੇਸ-ਵਿਦੇਸ ਵਿੱਚ ਬਦਨਾਮ ਹੋ ਗਏ ਸਨ। ਇਸ ਕਲੰਕ ਨੂੰ ਧੋਣ, ਸਿੱਖਾਂ ਨੂੰ ਸ਼ਾਂਤ ਕਰਨ, ਅਤੇ ਸਿਆਸੀ ਲਾਭ ਦੀ ਖ਼ਾਤਿਰ ਰਾਜੀਵ ਗਾਂਧੀ ਨੇ ਆਪਣੇ ਵਫ਼ਾਦਾਰ ਅਰਜੁਨ ਕੁਮਾਰ ਸਿੰਘ ਨੂੰ ਪੰਜਾਬ ਦਾ ਗਵਰਨਰ (ਮਾਰਚ- ਨਵੰਬਰ 1985) ਨਿਯੁਕਤ ਕੀਤਾ ਅਤੇ ਉਸ ਰਾਹੀਂ ਇੱਕ ਸ਼ੜਯੰਤ੍ਰ ਰਚਿਆ। ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ, ਉਸ ਦੀ ਮੰਡਲੀ (ਬਰਨਾਲਾ, ਬਲਵੰਤ ਸਿੰਘ ਤੇ ਟੌਹੜਾ ਆਦਿ), ਅਤੇ ਕੁੱਝ ‘ਬੁੱਧਿ-ਜੀਵੀ’ ਸਲਾਹਕਾਰਾਂ ਨੂੰ ਕਿਸੇ ਲਾਲਚ ਨਾਲ ਵਰਗਲਾ ਕੇ ਜੁਲਾਈ 23, 1985 ਨੂੰ ਇੱਕ ਗਿਅਰਾਂ-ਨੁਕਾਤੀ ‘ਰਾਜੀਵ-ਲੌਂਗੋਵਾਲ ਇਕਰਾਰ-ਨਾਮਾ’, ਜਿਸ ਵਿੱਚ ਬਹੁਤੇ ਨੁਕਤੇ ਪੁਰਾਣੇ ਹੀ ਸਨ, ਉਲੀਕਿਆ ਤੇ ਪਾਸ ਕੀਤਾ ਗਿਆ। ਇਹ ਸੰਧੀ-ਨਾਮਾ ਬੱਚੇ ਦੀ ਚੁੰਘਣੀ (pacifier) ਵਾਂਗ ਸਾਬਤ ਹੋਇਆ ਜੋ ਬੱਚੇ ਨੂੰ ਚੁੱਪ ਤਾਂ ਕਰਾ ਦਿੰਦੀ ਹੈ ਭਾਵੇਂ ਉਸ ਵਿੱਚੋਂ ਬੱਚੇ ਲਈ ਨਿਕਲਦਾ ਕੱਖ ਨਹੀਂ! ਜਲਦੀ ਹੀ ਦੋਹਾਂ ਧਿਰਾਂ ਦੀ ਮੱਕਾਰੀ ਜੱਗ-ਜ਼ਾਹਿਰ ਹੋ ਗਈ ਜਦੋਂ ਇਸ ਸੰਧੀ-ਨਾਮੇ ਦੇ ਇੱਕ ਵੀ ਨੁਕਤੇ `ਤੇ ਅਮਲ ਨਾਂ ਕੀਤਾ ਗਿਆ। ਸਿੱਖ ਕੌਮ ਨਾਲ ਕੀਤੇ ਗਏ ਇਸ ਧੋਖੇ ਤੋਂ ਕ੍ਰੋਧਿਤ ਹੋ ਕੇ ਖਾੜਕੂਆਂ ਨੇਂ ਲੌਂਗੋਵਾਲ ਨੂੰ, ਕੇਂਦ੍ਰ ਵੱਲੋਂ ਕੋਈ ਇਨਾਮ ਪ੍ਰਾਪਤ ਹੋਣ ਤੋਂ ਪਹਿਲਾਂ ਹੀ (20,ਅਗਸਤ, 1985 ਨੂੰ), ਇਸ ਸੰਸਾਰ ਤੋਂ `ਚੁੱਕ’ ਦਿੱਤਾ; ਉਸ ਦਾ ਇੱਕ ਬੁੱਧੀਜੀਵੀ ਸਲਾਹਕਾਰ ਰੱਬ ਨੇਂ ਚੁੱਕ ਲਿਆ ਅਤੇ ਬਾਕੀ ਦੇ ਆਪਣੀਆਂ ਜ਼ਮੀਰਾਂ ਦੀਆਂ ਕਬਰਾਂ ਉੱਤੇ, ਪੰਥ ਨਾਲ ਕੀਤੀ ਗ਼ੱਦਾਰੀ ਦੇ ਇਨਾਮ ਵਜੋਂ ਮਿਲੀਆਂ ਕੁਰਸੀਆਂ ਡਾਹ ਕੇ ਸੰਸਾਰਕ ਸੁੱਖ ਮਾਨਣ ਲੱਗੇ।

ਭਿੰਡਰਾਂਵਾਲਾ ਅਤੇ ਉਸ ਦੇ ਹਜ਼ਾਰਾਂ ਸਾਥੀਆਂ ਦੇ ਮਾਰੇ ਜਾਣ ਤੋਂ ਬਾਅਦ ਵੀ ਬਚੇ ਖੁਚੇ ਦਹਿਸ਼ਤ-ਪਸੰਦਾਂ (ਜਿਨ੍ਹਾਂ ਦੀਆਂ ਦੇਸ-ਪਰਦੇਸ ਵਿੱਚ 15-20 ਜਥੇਬੰਦੀਆਂ ਸਨ) ਦਾ ਜੋਸ਼ ਠੰਢਾ ਨਹੀਂ ਸੀ ਹੋਇਆ; ਉਨ੍ਹਾਂ ਨੇ ਹਿੰਸਕ ਸਰਗਰਮੀਆਂ ਜਾਰੀ ਰੱਖੀਆਂ। ਭਾਵੇਂ ਉਨ੍ਹਾਂ ਦਾ ਜਰਨੈਲ ਸਿੰਘ ਭਿੰਡਰਾਂਵਾਲਾ ਵਰਗਾ ਕੋਈ ਲੀਡਰ ਨਹੀਂ ਸੀ ਰਿਹਾ ਫਿਰ ਵੀ ਉਹ ਛੋਟੀਆਂ ਛੋਟੀਆਂ ਟੁੱਕੜੀਆਂ ਵਿੱਚ ਮਾਰ-ਧਾੜ ਤੇ ਖ਼ੂਨ-ਖ਼ਰਾਬੇ ਦੀਆਂ ਵਾਰਦਾਤਾਂ ਕਰਦੇ ਰਹੇ। ਸੈਂਕੜੇ ਨਿਰਦੋਸ ਪੰਜਾਬੀ, ਵਿਸ਼ੇਸ਼ ਕਰਕੇ ਹਿੰਦੂ, ਨਿਰਦਯਤਾ ਨਾਲ ਮਾਰੇ ਗਏ। ਲੋਕ-ਭਲਾਈ ਵਿੱਚ ਦ੍ਰਿੜ ਵਿਸ਼ਵਾਸ ਰੱਖਣ ਵਾਲਾ ਪੱਟੀ ਦਾ ਇੱਕ ਪੱਕਾ ਗੁਰਸਿੱਖ ਡਾਕਟਰ ਵੱਖਵਾਦੀਆਂ ਦੇ ਦਾਨਵੀ ਕ੍ਰੋਧ ਦਾ ਸ਼ਿਕਾਰ ਹੋਇਆ, ਇੱਕ ਗੁਮਸ਼ੁਧਾ ਪੰਡਿਤ ਪਟਵਾਰੀ ਦੀ ਲਾਸ਼ ਨਹਿਰ ਵਿੱਚੋਂ ਮਿਲੀ; ਮੋਰਿੰਡੇ ਵਿਖੇ, ਖਾੜਕੂਆਂ ਵੱਲੋਂ ‘ਪੰਜਾਬ ਬੰਦ’ ਦੇ ਹੁਕਮ ਦਾ ਉਲੰਘਣ ਕਰਨ ਵਾਲੇ ਇੱਕ ਪਰਿਵਾਰ ਦੇ ਦੋ ਨੌਜਵਾਨ ਭਰਾ ਗੋਲੀਆਂ ਨਾਲ ਭੁੰਨ ਦਿੱਤੇ ਗਏ ਜਿਨ੍ਹਾਂ ਵਿੱਚੋਂ ਇੱਕ ਦੀ ਨਵ-ਵਿਆਹੀ ਪਤਨੀ ਪਤੀ ਦੀ ਲਾਸ਼ ਦੇਖਿ ਦਹਿਲ ਕੇ ਮਰ ਗਈ ਅਤੇ ਉਸ ਦੀ ਕੁੱਛ ਮਹੀਨਿਆਂ ਦੀ ਬੱਚੀ ਯਤੀਮ ਹੋ ਗਈ; ਅਤੇ ਹਿੰਦੂਆਂ ਨੂੰ ਬਸਾਂ ਵਿੱਚੋਂ ਉਤਾਰ ਉਤਾਰ ਕੇ ਮਾਰਿਆ ਗਿਆ, ਗੱਡੀਆਂ ਵਿੱਚ ਹਿੰਦੂਆਂ ਦੇ ਸਮੂਹ-ਕਤਲ ਕੀਤੇ ਗਏ, ਇੱਕ ਭੱਠੇ `ਤੇ ਕੰਮ ਕਰਦੇ ਕਈ ਕ੍ਰਿਤੀ ਬੇ-ਰਹਿਮੀ ਨਾਲ ਮਾਰੇ ਗਏ, ਹਿੰਦੂ ਬਾਰਾਤ ਉੱਤੇ ਕਾਤਲਾਨਾ ਹਮਲਾ ਕਰਕੇ ਰੰਗ ਵਿੱਚ ਭੰਗ ਪਾ ਦਿੱਤਾ, ਕਈ ਥਾਈਂ ਬੰਬ-ਧਮਾਕਿਆਂ ਨਾਲ ਜਾਨ ਮਾਲ ਦਾ ਨੁਕਸਾਨ ਕੀਤਾ ਗਿਆ ---------। ਖ਼ੂਨ-ਖ਼ਰਾਬੇ ਦੀਆਂ ਅਜਿਹੀਆਂ ਹੋਰ ਸੈਂਕੜੇ ਵਿਕਰਾਲ ਵਾਰਦਾਤਾਂ ਹੋਈਆਂ ਜਿਨ੍ਹਾਂ ਦਾ ਵਿਸਤਰਿਤ ਵਰਣਨ ਉਚਿੱਤ ਨਹੀਂ ਹੋਵੇਗਾ।

1982 ਦੇ ‘ਧਰਮ-ਯੁੱਧ ਮੋਰਚੇ’ ਦੀ ਅਸਫ਼ਲਤਾ ਤੋਂ ਬਾਅਦ ਅਕਾਲੀ ਦਲ ਦੇ ਅਵਸਰਵਾਦੀ ਨੇਤਾ ਅਤੇ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਵਾਲੇ ਸ਼ਿਥਿਲ ਸਥਿਤੀ ਵਿੱਚ ਚਲੇ ਗਏ, ਅਤੇ ਗੱਦੀਆਂ ਦਬੋਚਨ ਦੇ ਅਵਸਰ ਦੀ ਬੇ-ਸਬਰੀ ਨਾਲ ਉਡੀਕ ਕਰਨ ਲੱਗੇ। ਪਹਿਲਾ ਦਾਅ ਸੁਰਜੀਤ ਸਿੰਘ ਬਰਨਾਲਾ ਦਾ ਲੱਗਿਆ; ਅਤੇ ਉਹ ਸਤੰਬਰ, 1985 ਵਿੱਚ ਮੁੱਖ-ਮੰਤਰੀ ਦੀ ਗੱਦੀ `ਤੇ ਬੈਠਾ। ਇਹ ਸਮਾ ਖਿੱਚੋਤਾਣ ਅਤੇ ਖ਼ੂਨ-ਖ਼ਰਾਬੇ ਦਾ ਸੀ। ਖ਼ਾਲਿਸਤਾਨੀ ਖਾੜਕੂਆਂ ਨੇਂ ‘ਓਪਰੇਸ਼ਨ ਬਲਿਯੂ ਸਟਾਰ’ ਤੋਂ ਸਬਕ ਲੈਣ ਦੀ ਬਜਾਏ ਇੱਕ ਵਾਰ ਫੇਰ ਗੁਰੂਦਵਾਰਿਆਂ, ਵਿਸ਼ੇਸ਼ ਕਰਕੇ ਹਰਿਮੰਦਰ ਸਾਹਿਬ, ਨੂੰ ਪਨਾਹ-ਗਾਹ ਬਣਾ ਲਿਆ। ਨਤੀਜੇ ਵਜੋਂ, ਪੰਜਾਬ ਦੇ ਅਕਾਲੀ ਮੁੱਖ-ਮੰਤ੍ਰੀ ਸੁਰਜੀਤ ਸਿੰਘ ਬਰਨਾਲਾ ਦੇ ਹੁਕਮ ਅਧੀਨ ਅਪ੍ਰੈਲ 30, 1986 ਨੂੰ, ਹਜ਼ਾਰ ਕੁ ਨੈਸ਼ਨਲ ਸਿਕਿਉਰਟੀ ਗੁਆਰਡਸ ਤੇ ਬੀ: ਐਸ: ਐਫ: ਦੇ ਨੌਜਵਾਨ, ਬਿਨਾਂ ਕਿਸੇ ਵੱਡੇ ਖ਼ੂਨ-ਖ਼ਰਾਬੇ ਦੇ, ਅਤੰਕਵਾਦੀਆਂ ਨੂੰ ਹੱਥਲ ਕਰਨ ਵਿੱਚ ਸਫ਼ਲ ਰਹੇ; ਉਨ੍ਹਾਂ (ਆਤੰਕਵਾਦੀਆ) ਨੇ ਹਥਿਆਰ ਸੁੱਟ ਕੇ ਸਵੈ-ਸਮਰਪਨ ਕਰ ਦਿੱਤਾ। ਇਹ ਹਥਿਆਰਬੰਦ ਕਾਰਵਾਈ ‘ਓਪਰੇਸ਼ਨ ਬਲੈਕ ਥੰਡਰ 1(Operation Black Thuder 1) ਦੇ ਨਾਮ ਨਾਲ ਜਾਣੀ ਜਾਂਦੀ ਹੈ। ਮੁਨਾਸਿਬ ਮੌਕਾ ਦੇਖ ਕੇ, ਵਿਪੱਖੀ ਅਕਾਲੀਆਂ, ਸ਼ਿਰੋ: ਗੁ: ਪ੍ਰ: ਕਮੇਟੀ ਅਤੇ ਇਨ੍ਹਾਂ ਦੇ ਪਿੱਠੂ ਸਮੇ ਦੇ ਦੰਭੀ ਜਥੇਦਾਰ ਨੇ ਬਰਨਾਲੇ ਨੂੰ ਅਜਿਹੀ ਠਿੱਬੀ ਦਿੱਤੀ ਕਿ ਉਹ ਇੱਕ ਵਾਰ ਤਾਂ ਮੂੰਹ ਦੇ ਭਾਰ ਡਿੱਗਿਆ; ਉਸ ਦੀ ਅਕਾਲੀ ਸਰਕਾਰ ਜਾਂਦੀ ਰਹੀ। ਪੰਜਾਬ ਵਿੱਚ ਇੱਕ ਵਾਰ ਫੇਰ, ਜੂਨ, 1987 ਵਿੱਚ, ਰਾਸ਼ਟ੍ਰਪਤੀ-ਰਾਜ ਆਇਆ ਜੋ ਕਿ 1992 ਤੱਕ ਰਿਹਾ।

1984 ਦੇ ਖ਼ੂਨੀ ਸਾਕੇ ਦੇ ਸਮੇ ਤੋਂ ਹੀ ਕੁੱਝ ਆਤੰਕਵਾਦੀ ਉਨ੍ਹਾਂ ਅਧਿਕਾਰੀਆਂ ਉੱਤੇ ਜਾਨ-ਲੇਵਾ ਹਮਲੇ ਕਰ ਰਹੇ ਸਨ ਜਿਨ੍ਹਾਂ ਦੀ ਕਮਾਨ ਹੇਠ ਸਿੱਖ ਕੌਮ ਦਾ ਘਾਣ ਤੇ ਗੁਰ-ਧਾਮਾ ਦਾ ਅਪਵਿੱਤ੍ਰੀਕਰਣ ਹੋਇਆ ਸੀ। ਅਗਸਤ 10, 1986 ਨੂੰ ਜੈਨਰਲ ਵੈਦਯ ਦਾ ਪੂਨੇ ਵਿਖੇ ਦੋ ਸਿੱਖ ਨੌਜਵਾਨਾਂ, ਸੁਖਦੇਵ ਸਿੰਘ ‘ਸੁੱਖਾ’ ਤੇ ਹਰਜਿੰਦਰ ਸਿੰਘ ‘ਜਿੰਦਾ’, ਨੇ ਦਿਨ-ਦਿਹਾੜੇ ਕਤਲ ਕਰ ਦਿੱਤਾ। ਇਸ ਤੋਂ ਬਿਨਾਂ, 1984 ਦੇ ਦੰਗੇ ਕਰਵਾ ਕੇ ਹਜ਼ਾਰਾਂ ਸਿੱਖਾਂ ਦਾ ਘਾਤ ਤੇ ਉਜਾੜਾ ਕਰਵਾਉਣ ਵਾਲੇ ਕਾਂਗ੍ਰਸੀ ਨੇਤਾ ਲਲਿਤ ਕੁਮਾਰ ਤੇ ਅਰਜਨ ਦਾਸ ਦੇ ਕਤਲ ਪਿੱਛੇ ਵੀ ਇਨ੍ਹਾਂ ਦਾ ਹੱਥ ਵੀ ਸੀ। ਇਨ੍ਹਾਂ ਵਿਰੁੱਧ ਲੁਧਿਆਣੇ ਦੇ ਇੱਕ ਪੰਜਾਬ ਨੈਸ਼ਨਲ ਬੈਂਕ ਵਿੱਚ ਹੋਈ ਕ੍ਰੋੜਾਂ ਦੀ ਡਕੈਤੀ ਅਤੇ ਕਈ ਹੋਰ ਵਾਰਦਾਤਾਂ ਦਾ ਦੋਸ਼ ਵੀ ਸੀ। ਇਨ੍ਹਾਂ ਦੋਹਾਂ ਨੇ, ਝੂਠ ਬੋਲਣ ਦੀ ਬਜਾਏ, ਆਪਣਾ ਜੁਰਮ ਕਬੂਲਿਆ ਅਤੇ 1992 ਵਿੱਚ ਫਾਹੇ ਲਾਏ ਗਏ। ਇਨ੍ਹਾਂ ਨੌਜਵਾਨਾਂ ਦਾ ਸੰਬੰਧ ਖਾਲਿਸਤਾਨ ਕਾਮਾਂਡੋ ਫ਼ੋਰਸ ਨਾਲ ਦੱਸਿਆ ਜਾਂਦਾ ਹੈ।

‘ਓਪਰੇਸ਼ਨ ਬਲਿਯੂ ਸਟਾਰ’ ਤੇ ‘ਓਪਰੇਸ਼ਨ ਬਲੈਕ ਥੰਡਰ 1’ ਦੇ ਆਤੰਕਵਾਦੀਆਂ ਅਤੇ ਪੰਜਾਬੀਆਂ ਲਈ ਨਿਕਲੇ ਘਾਤਿਕ ਨਤੀਜਿਆਂ ਦੇ ਬਾਵਜੂਦ ਵੀ, ਉਨ੍ਹਾਂ (ਵੱਖਵਾਦੀ ਖ਼ਾਲਸਿਆਂ) ਨੇ ਇੱਕ ਵਾਰ ਫੇਰ ਗੁਰੂਦਵਾਰਿਆਂ, ਖ਼ਾਸ ਕਰਕੇ ਹਰਿ-ਮੰਦਿਰ ਸਾਹਿਬ, ਨੂੰ ਆਪਣਾ ਓਟ-ਆਸਰਾ ਬਣਾ ਲਿਆ। ਅਗਵਾ, ਮਾਰ-ਧਾੜ, ਤੇ ਲੁੱਟ-ਘਸੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਦਹਿਸ਼ਤਗਰਦ ਗੁਰੂਦਵਾਰੇ ਅੰਦਰ ਆ ਛੁੱਪਦੇ ਸਨ। ਜਦ ਦਹਿਸ਼ਤਗਰਦਾਂ ਦਾ ਇਹ ਤਸ਼ੱਦਦ ਸਿਖ਼ਰ `ਤੇ ਪਹੁੰਚ ਗਿਆ ਤਾਂ ਤੀਜੀ ਵਾਰ, ਮਈ 9, 1988 ਨੂੰ, ਦਰਬਾਰ ਸਾਹਿਬ ਦੇ ਅੰਦਰ ਫ਼ੌਜੀ ਕਾਰਵਾਈ ਕੀਤੀ ਗਈ। ਇਸ ਕਾਰਵਾਈ ਨੂੰ ‘ਓਪਰੇਸ਼ਨ ਬਲੈਕ ਥੰਡਰ 2(Operation Black Thunder 2) ਦਾ ਨਾਮ ਦਿੱਤਾ ਗਿਆ। ਇਸ ਕਾਰਵਾਈ ਦੀ ਕਮਾਨ ਪੰਜਾਬ ਦੇ ਡੀ: ਜੀ: ਪੀ: ਕੰਵਰਪਾਲ ਸਿੰਘ ਗਿੱਲ ਦੇ ਹੱਥ ਵਿੱਚ ਸੀ। ਉਸ ਦੀ ਸਟਰੈਟਿਜੀ ਸਫ਼ਲ ਰਹੀ। ਉਸ ਦੇ ਤਾਇਨਾਤ ਕੀਤੇ, ਛਿਪ ਕੇ ਵਾਰ ਕਰਨ ਵਾਲੇ ਸਿਪਾਹੀਆਂ (Snipers) ਨੇਂ ਦਿਨਾਂ ਵਿੱਚ ਹੀ ਆਤੰਕਵਾਦੀਆਂ ਨੂੰ ਹਥਿਆਰ ਛੱਡ ਕੇ ਆਤਮ-ਸਮਰਪਨ ਕਰਨ `ਤੇ ਮਜਬੂਰ ਕਰ ਦਿੱਤਾ। ਇਸ ਖ਼ੂਨੀ ਮੁੱਠ-ਭੇੜ ਵਿੱਚ ਕਈ ਆਤੰਕਵਾਦੀ ਮਾਰੇ ਗਏ ਅਤੇ ਸੈਂਕੜੇ ਗ੍ਰਿਫ਼ਤਾਰ ਹੋਏ। ਗੁਰੂਦਵਾਰੇ ਦੇ ਚੌਗਿਰਦੇ ਵਿੱਚੋਂ ਬਹੁਤ ਸਾਰਾ ਅਸਲਾ ਤੇ ਲੱਖਾਂ ਰੁਪਏ ਦੀ ਨਕਦੀ ਬਰਆਮਦ ਹੋਈ, ਅਤੇ ਅਗਵਾ (kidnap) ਕੀਤੇ ਹੋਏ ਮਜ਼ਲੂਮਾਂ ਦੀਆਂ ਸੜੀਆਂ ਗਲੀਆਂ ਲਾਸ਼ਾਂ/ਪਿੰਜਰ ਮਿਲੇ ਜੋ ਕਿ ਰਿਹਾਈ-ਧਨ (ransom) ਨਾਂ ਮਿਲਨ ਦੀ ਹਾਲਤ ਵਿੱਚ ਤਸੀਹੇ ਦੇ ਕੇ ਮਾਰੇ ਗਏ ਲੱਗਦੇ ਸਨ!

ਇਸ ਕਾਰਵਾਈ ਦੀ ਸਫ਼ਲਤਾ ਸਦਕਾ ‘ਖ਼ਾਲਿਸਤਾਨ’ ਦੀ ਮੁਹਿਮ ਨੂੰ ਵੱਡਾ ਝਟਕਾ ਲੱਗਿਆ ਤੇ ਇਹ ਲਹਿਰ ਕਾਫ਼ੀ ਮੱਧਮ ਪੈ ਗਈ। ਪਰ ਫਿਰ ਵੀ, ਦੇਸ ਵਿਦੇਸ ਵਿੱਚ, ਹਿੰਸਕ ਵਾਰਦਾਤਾਂ ਜਾਰੀ ਰਹੀਆਂ। ਪੰਜਾਬ ਦੇ ਕਾਂਗ੍ਰਸੀ ਮੁੱਖ-ਮੰਤ੍ਰੀ ਬੇਅੰਤ ਸਿੰਘ (1992-1995) ਨੇਂ ਪੰਜਾਬ ਵਿੱਚੋਂ ਦਹਿਸ਼ਤਗਰਦੀ ਦੀਆਂ ਜੜਾਂ ਪੁੱਟਣ ਦਾ ਪੱਕਾ ਨਿਸਚਾ ਕਰ ਰੱਖਿਆ ਸੀ। ਉਸ ਦੇ ਹੁਕਮਾਧੀਨ ਸੈਂਕੜੇ/ਹਜ਼ਾਰਾਂ ਸਿੱਖ ਨੌਜਵਾਨ ਝੂਠੇ-ਸੱਚੇ ਮੁਕਾਬਲਿਆਂ ਵਿੱਚ ਬੇ-ਰਹਿਮੀ ਨਾਲ ਮਾਰੇ ਗਏ, ਉਨ੍ਹਾਂ ਦੇ ਨਿਰਦੋਸ ਪਰਿਵਾਰਾਂ ਤੇ ਸੰਬੰਧੀਆਂ ਉੱਤੇ ਅਕਹਿ ਜ਼ੁਲਮ ਢਾਹੇ ਗਏ, ਉਨ੍ਹਾਂ ਦੇ ਘਰ-ਬਾਰ ਬਰਬਾਦ ਕੀਤੇ ਗਏ ਅਤੇ ਖੇਤੀ ਉਜਾੜੀ ਗਈ। ਬੇਅੰਤ ਸਿੰਘ ਦੁਆਰਾ ਕਰਵਾਏ ਗਏ ਇਸ ਘੋਰ ਅੱਤਿਆਚਾਰ ਦੇ ਪ੍ਰਤਿਕਰਮ ਵਜੋਂ ਖਾੜਕੂਆਂ ਨੇਂ ਅਗਸਤ 31, 1995 ਨੂੰ ਚੰਡੀਗੜ੍ਹ ਵਿਖੇ ਬੇਅੰਤ ਸਿੰਘ ਨੂੰ, ਉਸਦੇ 11 ਸਾਥੀਆਂ ਸਮੇਤ ਬੰਬ ਨਾਲ ਉਡਾ ਦਿੱਤਾ। ਇਹ ਹਾਦਸਾ ਪੰਜਾਬ ਵਿੱਚ ਆਤੰਕਵਾਦ ਦੀ ਆਖਿਰੀ ਵੱਡੀ ਘਟਨਾਂ ਕਹੀ ਜਾਂਦੀ ਹੈ।

ਵੱਖ-ਵਾਦੀ ਖ਼ਾਲਸਤਾਨੀਆਂ ਦੇ ਕੀਤੇ ਹਥਿਆਰ-ਬੰਦ ਵਿਦ੍ਰੋਹ ਕਰਕੇ ਪੰਥ ਨੇਂ ਪਾਇਆ ਕੁੱਝ ਨਹੀਂ, ਪਰੰਤੂ, ਗਵਾਇਆ ਬਹੁਤ ਕੁੱਛ। ਇਸ ਸੰਘਰਸ਼ ਸਦਕਾ ਸਿੱਖ ਕੌਮ ਅਤੇ ਪੰਜਾਬ ਦੀ ਹੋਈ ਅਸਾਧ ਹਾਨੀ ਦਾ ਸੰਖੇਪ ਵਰਣਨ ਨਿਮਨ-ਲਿਖਿਤ ਹੈ:-

1. ਹਰ ਕੌਮ ਦੀ ਨੌਜਵਾਨ ਪੀੜ੍ਹੀ ਉਸ ਕੌਮ ਦਾ ਭਵਿੱਖ ਹੁੰਦੀ ਹੈ। ਸਿੱਖ ਕੌਮ ਦੀ ਇੱਕ ਪੁਸ਼ਤ ਦਾ ਲਗ ਪਗ ਵਿਨਾਸ਼ ਹੀ ਹੋ ਗਿਆ। ਜਿਹੜੇ ਥੋਹੜੇ ਬਹੁਤ ਬਚੇ ਉਨ੍ਹਾਂ ਵਿੱਚੋਂ ਬਹੁਤੇ ਵਿਦੇਸਾਂ ਵੱਲ ਚਲੇ ਗਏ। ਪੰਜਾਬ ਦੀ ਖੇਤੀ ਕਿਸੇ ਹੱਦ ਤੱਕ ਨਿਖਸਮੀ ਹੋ ਗਈ। ਕ੍ਰਿਤ ਕਰਨ ਵਾਲੇ ਨਾ ਰਹੇ। ਦੂਸਰੇ ਪ੍ਰਾਂਤਾਂ, ਖ਼ਾਸ ਕਰਕੇ ਯੂ: ਪੀ: ਤੇ ਬਿਹਾਰ, ਤੋਂ ਲੱਖਾਂ ਕ੍ਰਿਤੀ ਆ ਕੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਆ ਵੱਸੇ। ਫਲਸ੍ਵਰੂਪ, ਲੰਬੇ ਸੰਘਰਸ਼ ਉਪਰੰਤ ਪ੍ਰਾਪਤ ਕੀਤੀ ਬਹੁਗਿਣਤੀ ਸਿੱਖਾਂ ਦੀ ਪੰਜਾਬੀ ਸੂਬੜੀ ਵਿੱਚ ਸਿੱਖ ਘੱਟ ਗਿਣਤੀ ਵਿੱਚ ਰਹਿ ਗਏ। ‘ਸਿੱਖ ਰਾਜ’ ਦਾ ਖ਼ਿਆਲ ਇੱਕ ਅਧੂਰਾ ਸੁਪਨਾ ਬਣ ਕੇ ਰਹਿ ਗਿਆ!

2. ਪੰਥ ਅਥਵਾ ਗੁਰ-ਸੰਗਤ ਅਸੰਗਤੀ (Disunity) ਦਾ ਸ਼ਿਕਾਰ ਹੋ ਗਈ। ਸਿੱਖ-ਕੌਮ ਸਿੱਖ ਲੀਡਰਾਂ ਦੀ ਆਪੂੰ ਪੁੱਟੀ ਪਾੜੇ ਦੀ ਖਾਈ ਵਿੱਚ ਜਾ ਡਿੱਗੀ, ਜਿਸ ਵਿੱਚੋਂ ਨਿਕਲਣਾਂ ਅਸੰਭਵ ਲੱਗਦਾ ਹੈ! ! ਇੱਕ ਸ਼ਿਰੋਮਣੀ ਅਕਾਲੀ ਦਲ ਦੇ ਕਈ ਅਕਾਲੀ ਦਲ ਬਣ ਗਏ, ਇਨ੍ਹਾਂ ਦਲਾਂ ਦੇ ਨੇਤਾ ਆਪਸ ਵਿੱਚ ਕੂਕਰਾਂ ਵਾਲਾ ਵੈਰ ਰੱਖਦੇ ਤੇ ਲੜਦੇ ਝਗੜਦੇ ਹਨ। ਹੋਰ ਤਾਂ ਹੋਰ, ਆਪੂੰ ਬਣਾਏ ਤਖ਼ਤਾਂ ਦੇ ਨਾਮ-ਧਰੀਕ ਜਥੇਦਾਰ ਅਤੇ ਉਨ੍ਹਾਂ ਦੇ ਸਮਰਥਕ ਇੱਕ ਦੂਸਰੇ ਉੱਤੇ ਚਿੱਕੜ ਸਿੱਟਦੇ, ਇੱਕ ਦੂਜੇ ਦੀਆਂ ‘ਦਸਤਾਰਾਂ’ ਉਛਾਲਦੇ ਤੇ ਜੂੜੇ ਪੁੱਟਦੇ ਦੇਖੇ ਜਾਂਦੇ ਹਨ! ਗਰਮ-ਦਲੀਏ ਵੀ ਫੁੱਟ ਦੀ ਇਸ ਬਿਮਾਰੀ ਤੋਂ ਬਚ ਨਹੀਂ ਸਕੇ; ਅੱਜ, ਦੇਸ-ਵਿਦੇਸ ਵਿੱਚ ਕਈ ਖਾੜਕੂ ਜਥੇਬੰਦੀਆਂ ਹਨ। ਕੌਮ ਦੀ ਅੰਦਰੂਨੀ ਕਲਹ ਕਾਰਣ ਸਿੱਖ ਕੌਮ ਬੇ-ਹਦ ਕਮਜ਼ੋਰ ਹੋ ਗਈ ਹੈ।

3. ਖ਼ੁਸ਼ਹਾਲ ਪੰਜਾਬ ਦੀ ਆਰਥਕਤਾ ਤਰਸਯੋਗ ਸਥਿਤੀ ਵਿੱਚ ਪਹੁੰਚ ਗਈ। 1977 ਤੋਂ 1995 ਤੱਕ ਹੋਏ ਸਾਕਿਆਂ ਕਰਕੇ ਪੰਜਾਬ ਦਾ ਅਰਬਾਂ ਰੁਪਏ ਦਾ ਨੁਕਸਾਨ ਹੋਇਆ। ਕਈ ਉਦਯੋਗਪਤੀ ਅਤੇ ਵਾਪਾਰੀ ਆਪਣੇ ਕਾਰੋਬਾਰ ਦੂਜੇ ਪ੍ਰਾਂਤਾਂ ਵਿੱਚ ਲੈ ਗਏ। ਅਤੀਤ ਕਾਲੀਨ ਖ਼ੁਸ਼ਹਾਲ ਪੰਜਾਬ ਅੱਜ ਅਰਬਾਂ ਦਾ ਕਰਜ਼ਾਈ ਹੈ! ! ! ! !

4. ਹਿੰਸਾ ਪਰਸਪਰ ਪਿਆਰ ਤੇ ਖ਼ੁਸ਼ਹਾਲੀ ਦੀ ਸੱਭ ਤੋਂ ਵੱਡੀ ਦੁਸ਼ਮਨ ਹੈ। ਦਹਿਸ਼ਤ-ਪਸੰਦਾਂ ਤੇ ਹਿੰਦੂ ਗੁੰਡਿਆਂ ਦੇ ਮਨੁੱਖਤਾ ਵਿਰੁੱਧ ਕੀਤੇ ਹਿੰਸਕ ਦੰਗਿਆਂ ਕਾਰਣ ਭਾਰਤ, ਵਿਸ਼ੇਸ਼ ਕਰਕੇ ਪੰਜਾਬ, ਦੇ ਹਿੰਦੂ ਸਿੱਖਾਂ ਵਿੱਚ ਇੱਕ ਦੂਜੇ ਲਈ ਵੈਰ-ਭਾਵਨਾਂ ਬਹੁਤ ਵੱਧ ਗਈ। ਨਤੀਜੇ ਵਜੋਂ, ਉਹ ਆਪਣੇ ਆਪਣੇ ਵਿਦਿਯਾਲਿਆਂ, ਧਰਮ-ਸਥਾਨਾਂ, ਸਮਾਜਿਕ ਤੇ ਸੱਭਿਆਚਾਰਕ ਇਕੱਠਾਂ ਵਿੱਚ ਇੱਕ ਦੂਜੇ ਨਾਲ ਭੇਦ-ਭਾਵ ਦੀ ਰੁਚੀ ਤੇ ਰਵਯੀਆ ਰੱਖਣ ਲੱਗੇ, ਜਿਸ ਸਦਕਾ ਪੰਜਾਬ ਵਿੱਚ ਪੰਜਾਬੀਅਤ ਦਾ ਘਾਣ ਹੋ ਗਿਆ।

5. ਗੁਰੂਦਵਾਰਿਆਂ ਦੇ ਪਵਿੱਤਰ ਵਿਹੜਿਆਂ ਵਿੱਚ ਹਥਿਆਰ/ਅਸਲਾ ਜਮਾਂ ਕਰਨਾਂ ਗੁਰ-ਧਾਮਾਂ ਦੀ ਅਤਿਅੰਤ ਬੇ-ਹੁਰਮਤੀ ਹੈ; ਅਤੇ ਇਨ੍ਹਾਂ ਹਥਿਆਰਾਂ ਕਾਰਣ ਗੁਰੂਦਵਾਰੇ ਦੀ ਹੱਦ-ਬੰਨੇਂ ਅੰਦਰ ਹੋਇਆ ਖ਼ੂਨ-ਖ਼ਰਾਬਾ ਬੇ-ਹੱਦ ਧਰਮ-ਉਲੰਘਣੀ ਕੁਕਰਮ ਹੈ। ਦੂਜਾ, ਓਪਰੇਸ਼ਨ ‘ਬਲਿਯੂ ਸਟਾਰ’ ਤੇ ‘ਬਲੈਕ ਥੰਡਰ’ ਦੌਰਾਨ ਗੁਰੂਦਵਾਰੇ ਦੇ ਚੌਗਿਰਦੇ ਵਿੱਚ ਘਿਰੇ ਹੋਏ ਸੈਂਕੜੇ/ਹਜ਼ਾਰਾਂ ਲੋਕ ਸਨ। ਉਨ੍ਹਾਂ ਦੇ ਸਰੀਰਿਕ ਮਲ ਦੇ ਨਿਕਾਸ ਦਾ ਕੋਈ ਯੋਗ ਪ੍ਰਬੰਧ ਨਾਂ ਹੋਣ ਕਾਰਣ, ਉਨ੍ਹਾਂ ਨੇਂ ਆਪਣੇ ਸਰੀਰ ਦੇ ਗੰਦੇ ਗ਼ਲੀਜ਼ ਨਿਕਾਸ ਵਾਸਤੇ ਅਕਾਲ ਤਖ਼ਤ, ਪਰਕਰਮਾ ਤੇ ਦੁਆਲੇ ਦੇ ਕਮਰਿਆਂ ਅਤੇ, ਗੋਲਕਾਂ ਤੇ ਲੰਗਰ ਦੇ ਬਰਤਨਾਂ ਤੱਕ ਦੀ ਵਰਤੋਂ ਕੀਤੀ! ! ਇਹ ਇੱਕ ਅਤਿਅੰਤ ਕੌੜਾ ਸੱਚ ਹੈ ਕਿ ਗੁਰੁ-ਘਰ ਦੀ ਅਜਿਹੀ ਅਤਿਅੰਤ ਘੋਰ ਬੇ-ਅਦਬੀ ‘ਗੁਰਸਿੱਖਾਂ’ ਨੇ ਕੀਤੀ ਤੇ ਕਰ ਰਹੇ ਹਨ! ! ! ! ----------

ਜਦੋਂ ਕੌਮ ਦੇ ਕਿਸੇ ਮਹੱਤਵ-ਪੂਰਨ ਮਸਲੇ ਲਈ ਕੌਮ ਦੇ ਨੇਤਾ ਕੌਮ ਦੇ ਨਾਂ `ਤੇ ਕੋਈ ਵੱਡਾ ਕਦਮ ਚੁੱਕਦੇ ਹਨ ਤਾਂ ਉਨ੍ਹਾਂ ਦਾ ਇਹ ਅਹਿਮ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਕਲਪੇ ਕਾਰਜ ਲਈ ਅੰਦੋਲਨ ਆਰੰਭਨ ਤੋਂ ਪਹਿਲਾਂ ਉਸ ਸੰਕਲਪ ਦੀ ਉਚਿਤਤਾ ਅਨ-ਉਚਿਤਤਾ ਨੂੰ ਸਮੇ ਦੀਆਂ ਪਰਿਸਥਿਤੀਆਂ ਦੇ ਪ੍ਰਸੰਗ ਵਿੱਚ ਤਾਰਕਿਕਤਾ ਨਾਲ ਘੋਖਣ, ਸੰਘਰਸ਼ ਦੀ ਸਫ਼ਲਤਾ ਦੀ ਸੰਭਵਤਾ ਨੂੰ ਤਰਕਸ਼ੀਲਤਾ ਤੇ ਦੂਰਦਰਸ਼ਤਾ ਨਾਲ ਵਿਚਾਰਨ, ਅਤੇ ਉਸ ਦੇ ਪੱਖ ਵਿਪੱਖ (pros and cons) ਨੂੰ ਬਿਬੇਕਤਾ ਦੇ ਤਰਾਜ਼ੂ ਵਿੱਚ ਤੋਲ ਕੇ ਉਸ ਕਰਮ ਦੇ ਚੰਗੇ-ਮੰਦੇ ਪਰਿਮਾਣਾਂ ਦਾ ਜਾਇਜ਼ਾ ਲੈਣ। ਸਿੱਖਾਂ ਦੇ ਸਾਰੇ ਅੰਦੋਲਨ ਕਰਨ ਸਮੇ ਨੇਤਾਵਾਂ ਨੇ ਇਨ੍ਹਾਂ ਮੂਲ ਸਿਧਾਂਤਾਂ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ; ਬਸ, ਅੰਨ੍ਹੇ ਵਾਹ ਸਰਲ-ਚਿੱਤ ਸਿੱਖਾਂ ਨੂੰ ਐਜੀਟੇਸ਼ਨਾਂ ਦੀ ਅੱਗ ਵਿੱਚ ਝੋਕੀ ਰੱਖਿਆ। ਦੂਸਰਾ, ਕਿਸੇ ਵੀ ਅੰਦੋਲਨ ਦੀ ਸਫ਼ਲਤਾ ਦਾ ਭੇਦ ‘ਏਕਤਾ’ ਹੈ! ਸੰਘਰਸ਼ ਸ਼ੁਰੂ ਕਰਨ ਤੋਂ ਪਹਿਲਾਂ ਕੌਮ ਦਾ ਏਕੀਕਰਨ ਲਾਜ਼ਮੀ ਹੈ। ਪਰੰਤੂ, ਇਹ ਕੌੜਾ ਸੱਚ ਬੇ-ਹੱਦ ਦੁੱਖਦਾਈ ਤੇ ਸ਼ਰਮਨਾਕ ਹੈ ਕਿ ਪੰਥ ਦੇ ਨੇਤਾਵਾਂ (ਸਿੱਖ ਸਿਆਸਤਦਾਨਾਂ, ਅਕਾਲੀ ਦਲ, ਸ਼ਿਰੋਮਣੀ ਗੁਰੁਦਵਾਰਾ ਪ੍ਰਬੰਧਕ ਕਮੇਟੀਆਂ, ਜਥੇਦਾਰਾਂ ਤੇ ਭੇਖੀ ਪੁਜਾਰੀਆਂ ਆਦਿ) ਨੇ ਇਸ ਪਾਸੇ ਕਦੇ ਵੀ ਧਿਆਨ ਨਹੀਂ ਦਿੱਤਾ। ਗੱਦੀਆਂ ਦੇ ਸ਼ੈਦਾਈ ਤੇ ਮਾਇਆ-ਦੇਵੀ ਦੇ ਉਪਾਸ਼ਕ (Worshippers of Lady Mormon) ਇਹ ਸਾਰੇ ਤਾਂ ਹਮੇਸ਼ਾ ਗੱਦੀਆਂ ਹੱਥਿਆਉਣ, ਧਨ-ਦੇਵੀ ਦੇ ਦਰਸ਼ਨ ਕਰਨ, ਅਤੇ ਹਉਮੈ ਦੀ ਫੰਡਰ ਮੱਝ ਨੂੰ ਪੱਠੇ ਪਾਉਣ ਦੀ ਦੌੜ ਵਿੱਚ ਇੱਕ ਦੂਜੇ ਨੂੰ ਠਿੱਬੀਆਂ ਦੇਣ ਅਤੇ ਪੰਥ ਨਾਲ ਕਪਟ ਕਮਾਉਣ ਦੀਆਂ ਫ਼ਰੇਬੀ ਚਾਲਾਂ ਚੱਲਣ ਵਿੱਚ ਉਲਝੇ ਰਹੇ! ਫਲਸ੍ਵਰੂਪ, ਪੰਜਾਬ ਦੇ ਲੋਕ, ਵਿਸ਼ੇਸ਼ ਕਰਕੇ ਸਿੱਖ, ਅਤਿਅੰਤ ਦੀਨਤਾ ਤੇ ਮੰਦਹਾਲੀ ਦੀ ਹਾਲਤ ਵਿੱਚ ਪਹੁੰਚ ਚੁੱਕੇ ਹਨ। ----------

ਗੁਰਇੰਦਰ ਸਿੰਘ ਪਾਲ




.