ਇਉਂ ਹੋਇਆ ‘ਸਵਾਗਤ’ ਮੇਰੀਆਂ ਲਿਖਤਾਂ ਦਾ
ਮੇਰੀਆਂ ਲਿਖਤਾਂ ਬਾਰੇ ਸੱਜਣਾਂ
ਵੱਲੋਂ ਹੋਏ ਤੇ ਹੋ ਰਹੇ ‘ਸਵਾਗਤ’ ਦਾ ਇੱਕ ਪੱਖ ਹੀ ਪਾਠਕਾਂ ਨਾਲ਼ ਏਥੇ ਮੈ ਸਾਂਝਾ ਕਰਨਾ ਚਾਹੁੰਦਾ
ਹਾਂ। ਦੂਜਾ ਪੱਖ ਕਿਤੇ ਫੇਰ ਸਹੀ।
ਮੇਰੀ ਪਹਿਲੀ ਧਾਰਮਿਕ/ਇਤਿਹਾਸਕ ਲੇਖਾਂ ਦੀ ਕਿਤਾਬ ‘ਸਚੇ ਦਾ ਸਚਾ ਢੋਆ’, ਨਵੰਬਰ ੨੦੦੬ ਵਿੱਚ ਛਪੀ
ਤੇ ਜਨਵਰੀ ੨੦੦੭ ਵਿਚ, ਏਥੇ ਸਿਡਨੀ ਵਿੱਚ ਆਈ। ਸਿਡਨੀ ਦੇ ਗੁਰਦੁਅਰਾ ਸਾਹਿਬ, ਸਿੱਖ ਸੈਂਟਰ
ਪਾਰਕਲੀ, ਦੀ ਸਟੇਜ ਤੋਂ, ਸਟੇਜ ਸੈਕਟਰੀ ਵੱਲੋਂ ਉਸ ਬਾਰੇ ਯੋਗ ਸ਼ਬਦਾਂ ਵਿੱਚ ਸੰਗਤਾਂ ਨੂੰ ਜਾਣਕਾਰੀ
ਦਿਤੀ ਗਈ। ਬਾਹਰ ਆ ਕੇ ਬਰਾਂਡੇ ਵਿੱਚ ਇੱਕ ਸੱਜਣ ਕਹਿੰਦਾ, “ਪਹਿਲਾਂ ਗਿਆਨੀ ਮੂੰਹ ਜਬਾਨੀ ਲੋਕਾਂ
ਦੀ ਮਿੱਟੀ ਪੱਟਦਾ ਸੀ ਹੁਣ ਕਿਤਾਬਾਂ ਲਿਖ ਕੇ ਪੱਟਣ ਲਗ ਪਿਆ”।
ਗੱਲ ਇਹ ੨੦੦੪ ਦੀ ਹੈ। ਯੂਰਪ ਦੇ ਕੁੱਝ ਮੁਲਕਾਂ ਦੀ ਯਾਤਰਾ ਦੌਰਾਨ ਫਿਰਦਾ ਫਿਰਾਉਂਦਾ ਮੈ ਬੈਲਜੀਅਮ
ਦੀ ਰਾਜਧਾਨੀ, ਬਰੁੱਸਲ ਵਿੱਚ ਜਾ ਵੜਿਆ। ਇਹ ਸ਼ਹਿਰ ਹੁਣ ਹੌਲ਼ੀ ਹੌਲ਼ੀ ਸਾਰੇ ਯੂਰਪ ਦੀ ਰਾਜਧਾਨੀ ਬਣ
ਰਿਹਾ ਹੈ। ਇੱਕ ਹਫ਼ਤੇ ਬਾਅਦ ਵਿਦਾਇਗੀ ਸਮੇ, ਓਥੋਂ ਦੇ ਗਿਆਨੀ ਜੀ ਦੇ ਦਿਲ ਅੰਦਰ ਪੈ ਗਈ ਇੱਕ
ਗ਼ਲਤਫ਼ਹਿਮੀ ਦੇ ਕਾਰਨ, ਮੈਨੂੰ ਗੁਰਦੁਆਰੇ ਵਿਚੋਂ, ਨਿਰਨੇ ਕਾਲਜੇ ਹੀ ਤੁਰਨਾ ਪਿਆ। ਇਸ ਸਾਰੀ ਘਟਨਾ
ਨੂੰ ਮੈ ਇੱਕ ਲੇਖ ਰਾਹੀਂ ਬਿਆਨ ਕਰ ਦਿਤਾ। ਇਹ ਸਾਰਾ ‘ਸਤਿਕਾਰਤ’ ਸਮਾਚਾਰ ਮੇਰੀ ਯਾਦ ਵਿਚੋਂ ਤਾਂ
ਕਿਰ ਗਿਆ ਪਰ ਇਸ ਬਾਰੇ ਲਿਖਿਆ ਲੇਖ ਕਿਤੇ ਲੰਡਨੋ ਛਪਣ ਵਾਲੀ ਅਖ਼ਬਾਰ ‘ਦੇਸ ਪਰਦੇਸ’ ਵਿੱਚ ਛਪ ਗਿਆ
ਸੀ। ਜਿਸ ਸੱਜਣ ਦੇ ਗੁੱਸੇ ਕਾਰਨ ਮੈ ਓਥੋਂ ਨਿਕਲ਼ਿਆ ਸਾਂ ਉਸ ਸੱਜਣ ਨੇ ਵੀ ਉਹ ਪੜ੍ਹ ਲਿਆ ਹੋਇਆ ਸੀ।
ਮੈਨੂੰ ਇਸ ਦੀ ਆਸ ਨਹੀ ਸੀ ਕਿ ਇਹ ਲੇਖ ਉਸ ਸੱਜਣ ਦੀ ਦ੍ਰਿਸ਼ਟੀ ਤੱਕ ਵੀ ਪਹੁੰਚ ਜਾਵੇਗਾ।
ਪ੍ਰਬੰਧਕਾਂ ਦੇ ਸੱਦੇ ਤੇ ਮੈ ਦੁਬਾਰਾ ੨੦੦੮ ਵਿੱਚ ਓਥੇ ਚਲਿਆ ਗਿਆ। ਉਹ ਸੱਜਣ ਵੀ ਕਿਸੇ ਹੋਰ ਸ਼ਹਿਰ
ਤੋਂ ਓਥੇ ਆ ਗਏ ਤੇ ਲੰਗਰ ਛਕਦਿਆਂ ਮੇਰੇ ਨਾਲ਼ ਘੁੱਟੇ ਵੱਟੇ ਜਿਹੇ ਰਹੇ। ਲੰਗਰ ਛਕਣ ਪਿੱਛੋਂ ਆਪਣੇ
ਇੱਕ ਹਮਦਰਦ ਸੱਜਣ ਨੂੰ ਆਪਣੇ ਨਾਲ਼ ਲੈ ਕੇ ਮੇਰੇ ਕਮਰੇ ਵਿੱਚ ਆ ਗਏ। ਉਹ ਬੜੇ ਗੁੱਸੇ ਵਿੱਚ ਸਨ। ਉਹ
ਲੇਖ ਕਿਤਾਬ ‘ਉਜਲ ਕੈਹਾਂ ਚਿਲਕਣਾ’ ਵਿੱਚ ਵੀ ਛਪ ਗਿਆ ਹੋਇਆ ਸੀ ਤੇ ਉਸ ਕਿਤਾਬ ਦੀਆਂ ਕੁੱਝ ਕਾਪੀਆਂ
ਮੇਰੇ ਕੋਲ਼ ਵੀ ਸਨ। ਉਸ ਸੱਜਣ ਦੀ ‘ਮਾਣਹਾਨੀ’ ਤੋਂ ਪੈਦਾ ਹੋਈ ਨਾਰਾਜ਼ਗੀ ਵੇਖ ਕੇ, ਮੈ ਉਸ ਦੀ
ਦ੍ਰਿਸ਼ਟੀ ਤੋਂ ਉਹ ਕਿਤਾਬ ਓਹਲੇ ਕਰ ਲਈ। ਉਸ ਦਾ ਗੁੱਸਾ ਵੀ ਠੰਡਾ ਕੀਤਾ। ਮੈ ਇਹ ਵੀ ਆਖਿਆ, “ਦੱਸੋ
ਗੁਰਮੁਖੋ, ਇਸ ਵਿੱਚ ਗ਼ਲਤ ਗੱਲ ਕੇਹੜੀ ਲਿਖੀ ਗਈ ਹੈ?” ਇਸ ਦੇ ਜਵਾਬ ਵਿੱਚ ਉਸ ਨੇ ਆਖਿਆ, “ਮੈ ਵੀ
ਤੁਹਾਡੇ ਬਾਰੇ ਬਹੁਤ ਕੁੱਝ ਲਿਖ ਸਕਦਾ ਹਾਂ। “ਫਿਰ ਮੈ ਆਖਿਆ, “ਇਸ ਲੇਖ ਵਿੱਚ ਨਾ ਤੁਹਾਡਾ ਨਾਂ, ਨਾ
ਤੁਹਾਡੇ ਦੇਸ ਤੇ ਸ਼ਹਿਰ ਦਾ ਨਾਂ; ਤੁਸੀਂ ਆਪਣੇ ਨਾਂ ਨਾਲ਼ ਕਿਉਂ ਇਸ ਲੇਖ ਨੂੰ ਜੋੜੀ ਜਾ ਰਹੇ ਹੋ!”
ਦੇ ਜਵਾਬ ਵਿੱਚ ਉਸ ਨੇ ਆਖਿਆ, “ਇਹ ਸਾਰਾ ਕੁੱਝ ਵਾਪਰਿਆ ਤਾਂ ਮੇਰੇ ਤੇ ਤੁਹਾਡੇ ਵਿੱਚ ਹੀ ਸੀ ਨਾ!
“ਲੰਮੇ ਚੌੜੇ ‘ਵਿਚਾਰ ਵਟਾਂਦਰੇ’ ਉਪ੍ਰੰਤ ਅੰਤ ਵਿੱਚ ਉਸ ਦੇ ਕੁੱਝ ਠੰਡਾ ਹੋਣ ਤੇ ਮੈ ਵੀ ਆਖਿਆ,
“ਤੁਹਾਡੇ ਦਿਲ ਨੂੰ ਇਸ ਲੇਖ ਕਰਕੇ ਠੇਸ ਪਹੁੰਚੀ ਹੈ; ਇਸ ਲਈ ਮੈ ਸੌਰੀ ਹਾਂ।” ਇਸ ਤੇ ਸਾਡੀ ‘ਮੰਨ
ਮੰਨਾਈ’ ਹੋ ਗਈ।
ਕੁਝ ਹੋਰ ਯੂਰਪ ਦੇ ਮੁਲਕਾਂ ਵਿਚਦੀ ਹੁੰਦਾ ਹੋਇਆ, ਮੈ ਵਲੈਤ ਵਿਚਲੇ ਸਿੱਖਾਂ ਦੇ ਗੜ੍ਹ, ਸਾਉਥਾਲ
ਪਹੁੰਚ ਗਿਆ। ਓਥੇ ਗੁਰਦੁਆਰਾ ਸਿੰਘ ਸਭਾ ਪਾਰਕ ਐਵੇਨਿਊ ਵਿਖੇ, ਕਥਾ ਕਰ ਰਹੇ ਇੱਕ ਗਿਆਨੀ ਜੀ ਨਾਲ਼
ਵਿਚਾਰ ਕਰ ਰਿਹਾ ਸਾਂ ਕਿ ਬਰੁੱਸਲ ਵਾਲ਼ੇ ਸੱਜਣ ਦਾ ਜ਼ਿਕਰ ਚੱਲ ਪਿਆ। ਉਹ ਗਿਆਨੀ ਜੀ ਉਸ ਸੱਜਣ ਦੇ
ਗੂਹੜੇ ਮਿੱਤਰ ਸਨ। ਮੈ ਉਹਨਾਂ ਨੂੰ ਆਪਣੀ ਕਿਤਾਬ ਭੇਟਾ ਕੀਤੀ। ਉਸ ਕਿਤਾਬ ਵਿੱਚ ਉਹ ਲੇਖ ਵੀ ਸ਼ਾਮਲ
ਸੀ। ਉਸ ਗਿਆਨੀ ਜੀ ਨੇ ਪਤਾ ਨਹੀ ਉਸ ਲੇਖ ਬਾਰੇ ਕੀ ਉਹਨਾਂ ਨੂੰ ਤੁੱਖਣਾ ਦੇ ਦਿਤੀ। ਮੇਰੀ ੨੦੦੯
ਵਾਲ਼ੀ ਓਸੇ ਮੁਲਕ ਦੀ ਫੇਰੀ ਦੌਰਾਨ ਉਹ ਫਿਰ ਲੋਹੇ ਲਾਖੇ ਹੋ ਕੇ ਆਪਣੇ ਇੱਕ ਸਾਥੀ ਨਾਲ਼ ਆ ਧਮਕੇ।
ਕਹਿੰਦੇ, “ਜਦੋਂ ਆਪਣੀ ਗੱਲ ਮੁਕ ਗਈ ਸੀ ਤਾਂ ਫਿਰ ਤੁਸੀਂ ਇਹ ਕਿਤਾਬ ਵਿੱਚ ਕਿਉਂ ਛਾਪਿਆ!” ਇਤਰਾਜ
ਤਾਂ ਉਸ ਦਾ ਪੂਰਾ ਠੀਕ ਸੀ ਪਰ ਮੈ ਤਾਂ ਪਹਿਲਾਂ ਹੀ ਛਾਪ ਚੁੱਕਿਆ ਸਾਂ। ਕਹਿੰਦਾ, “ਹੁਣ ਜਬਾਨੀ
ਨਹੀ, ਮੈ ਤੁਹਾਥੋਂ ਲਿਖਤੀ ਮੁਆਫ਼ੀ ਮੰਗਵਾਉਣੀ ਹੈ। “ਮੈ ਆਖਿਆ ਕਿ ਜੋ ਉਹਨਾਂ ਨੂੰ ਚੰਗਾ ਲੱਗੇ ਲਿਖ
ਲਿਆਉਣ; ਮੈ ਉਸ ਲਿਖੇ ਉਪਰ ਦਸਤਖ਼ਤ ਕਰ ਦਿਆਂਗਾ। ਉਸ ਨੇ ਮੇਰੇ ਆਪਣੇ ਹੱਥਾਂ ਨਾਲ਼ ਲਿਖਣ ਤੇ ਜੋਰ
ਦਿਤਾ। ਮੈ ਕਾਗਜ਼ ਉਪਰ ਕੁੱਝ ਇਸ ਤਰ੍ਹਾਂ ਦੇ ਸ਼ਬਦ ਲਿਖ ਦਿਤੇ:
ਮੈ ਕਾਹਲ਼ੀ ਵਿੱਚ ਇੱਕ ਲੇਖ ਦਿਤਾ ਸੀ ਜਿਸ ਨੂੰ ਪੜ੍ਹ ਕੇ ‘ਭਾਈ ਫਲਾਣਾ ਸਿੰਘ’ ਸ਼ਰੀਫ਼ ਬੰਦੇ ਦਾ ਦਿਲ
ਦੁਖਿਆ ਹੈ। ਇਸ ਦਾ ਮੈਨੂੰ ਵੀ ਅਫ਼ਸੋਸ ਹੈ। ਮੈ ਰੱਬ ਅੱਗੇ ਬੇਨਤੀ ਕਰਦਾ ਹਾਂ ਕਿ ਅੱਗੇ ਤੋਂ ਮੇਰੇ
ਪਾਸੋਂ ਅਜਿਹਾ ਕੁੱਝ ਨਾ ਲਿਖਵਾਵੇ ਤੇ ਨਾ ਹੀ ਬੁਲਵਾਵੇ ਜਿਸ ਨਾਲ਼ ਕਿਸੇ ਦੇ ਦਿਲ ਨੂੰ ਠੇਸ ਪਹੁੰਚੇ।
ਉਸ ਦੇ ਆਖਣ ਤੇ ਮੈ, ਆਪਣੇ ਦਸਤਖ਼ਤਾਂ ਦੇ ਨਾਲ਼, ਤਰੀਕ ਵੀ ਪਾ ਦਿਤੀ ਤੇ ਉਸ ਦੇ ਜੋਰ ਦੇਣ ਤੇ
ਅੰਗ੍ਰੇਜ਼ੀ ਵਿੱਚ ਵੀ ਆਪਣਾ ਨਾਂ ਲਿਖ ਦਿਤਾ। ਪਹਿਲਾਂ ਲੇਖ ਵਿੱਚ ਤਾਂ ਉਸ ਸੱਜਣ ਦਾ ਨਾਂ ਨਹੀ ਆਇਆ
ਸੀ ਤੇ ਨਾ ਹੀ ਉਸ ਦੇ ਸ਼ਹਿਰ ਤੇ ਦੇਸ ਦਾ। ਪਰ ਇਸ ‘ਮੁਆਫ਼ੀਨਾਮੇ’ ਵਿੱਚ ਉਸ ਦਾ ਪ੍ਰਤੱਖ ਨਾਂ ਆ ਗਿਆ।
ਜੋ ਪਹਿਲਾਂ ਨਹੀ ਵੀ ਜਾਣਦੇ ਸੀ ਕਿ ਇਹ ਲੇਖ ਕਿਸ ਸੱਜਣ ਬਾਰੇ ਹੈ; ਹੁਣ ਉਹ ਵੀ ਜਾਣ ਜਾਣਗੇ।
ਜਦੋਂ ਮੇਰੀ ਦੂਜੀ ਕਿਤਾਬ ‘ਉਜਲ ਕੈਹਾਂ ਚਿਲਕਣਾ’ ਛਪੀ ਤਾਂ ਮੈ ਪਹਿਲੀ ਕਿਤਾਬ ਦੀ ਗੁਰਦੁਆਰਾ ਸਾਹਿਬ
ਦੀ ਸਟੇਜ ਤੋਂ ਹੋਈ ਤਾਰੀਫ਼ ਦੇ ਚਾ ਵਿੱਚ ਵਿਚਾਰਿਆ ਕਿ ਇਸ ਨਵੀ ਕਿਤਾਬ ਬਾਰੇ ਵੀ ਸਟੇਜ ਤੋਂ,
ਪਾਠਕਾਂ ਨੂੰ ਜਾਣਕਾਰੀ ਦਿਤੀ ਜਾਵੇ ਪਰ ਇਸ ਤੋਂ ਪਹਿਲਾਂ ਹੀ ਕਿਸੇ ਸੱਜਣ ਨੇ ‘ਕਿਰਪਾ’ ਕਰ ਦਿਤੀ।
ਪਤਾ ਨਹੀ ਪ੍ਰਬੰਧਕਾਂ ਦੇ ਕੰਨ ਵਿੱਚ ਕੀ ਫੂਕ ਮਾਰੀ ਕਿ ਜਿਸ ਸਦਕਾ, ਕਿਤਾਬ ਬਾਰੇ ਸਟੇਜ ਤੋਂ
ਤਾਰੀਫ਼ੀ ਜਾਣਕਾਰੀ ਤਾਂ ਕੀ ਦਿਤੀ ਜਾਣੀ ਸੀ, ਸਗੋਂ ਮੁਖੀ ਸੱਜਣ ਵੱਲੋਂ ਮੇਰੀ ਚੰਗੀ ਝਾੜ ਝੰਬ ਝੁੰਗੇ
`ਚ ਹੋ ਗਈ। ਗੁਰਦੁਆਰਾ ਸਾਹਿਬ ਦੀ ਹੱਦ ਅੰਦਰ ਕਿਤਾਬ ਪਾਠਕਾਂ ਦੇ ਹੱਥਾਂ ਵਿੱਚ ਪੁਚਾਉਣ ਦੀ ਵੀ
ਮਨਾਹੀ ਹੋ ਗਈ।
ਇਕ ਆਪਣੇ ਪ੍ਰਸੰਸਕ ਗ੍ਰੰਥੀ ਜੀ ਨੂੰ, ਜੋ ਕਿ ਮੇਰੇ ਬੱਚਿਆਂ ਦੀ ਉਮਰ ਦੇ ਹਨ, ਮੈ ਇਹ ਕਿਤਾਬ ਕਿਤਾਬ
ਭੇਟਾ ਕਰਨੀ ਚਾਹੀ ਤਾਂ ਉਹਨਾਂ ਨੇ ਇਹ ਸ਼ੁਭ ਬਚਨ ਉਚਾਰਦਿਆਂ ਹੋਇਆਂ ਲੈਣੋ ਨਾਂਹ ਕਰ ਦਿਤੀ:
ਜਿਹੋ ਜਿਹੀਆਂ ਯਭਲ਼ੀਆਂ ਤੁਸੀਂ ਸਟੇਜ ਤੇ ਮਾਰਦੇ ਹੋ, ਓਹੋ ਜਿਹੀਆਂ ਇਸ ਕਿਤਾਬ ਵਿੱਚ ਮਾਰੀਆਂ
ਹੋਣੀਆਂ!
ਖੈਰ, ਮੈ ਉਹਨਾਂ ਦੇ ਇਹਨਾਂ ਸ਼ੁਭ ਬਚਨਾਂ ਨੂੰ ਹਾਸੇ ਵਿੱਚ ਹੀ ਲਿਆ।
ਮੇਰੇ ਦੇਸ ਗਏ ਹੋਣ ਪਿੱਛੋਂ ਉਹ ਗਿਆਨੀ ਜੀ ਸਾਡੇ ਘਰ ਦੇ ਨੇੜੇ ਵਾਲ਼ਾ ਗੁਰਦੁਆਰਾ ਤਿਆਗ ਕੇ ਦੂਸਰੇ
ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਲਈ ਜਾ ਚੁੱਕੇ ਸਨ। ਮੈ ਆਪਣੀ ਨਵੀਂ ਕਿਤਾਬ ‘ਬਾਤਾਂ ਬੀਤੇ
ਦੀਆਂ’, ਉਹਨਾਂ ਨੂੰ ਉਸ ਗੁਰਦੁਆਰੇ ਜਾ ਕੇ ਭੇਟਾ ਕੀਤੀ। ਉਹਨਾਂ ਨੇ ਇਸ ਵਾਰੀ ਕੋਈ ਸ਼ੁਭ ਜਾਂ ਅਸ਼ੁਭ
ਬਚਨ ਉਚਾਰਨ ਦੀ ਕਿਰਪਾ ਨਹੀ ਕੀਤੀ। ਕਿਤਾਬ ਮੈ ਉਹਨਾਂ ਦੇ ਨਿਵਾਸ ਸਥਾਨ ਤੇ, ਟੇਬਲ ਉਪਰ ਰੱਖ ਆਇਆ
ਸਾਂ।
ਆਪਣੀ ਯੂਰਪ ਦੀ ਯਾਤਰਾ ਦੌਰਾਨ ਇਸ ਦੀਆਂ ਕੁੱਝ ਕਾਪੀਆਂ ਮੈ ਆਪਣੇ ਨਾਲ਼ ਲੈ ਗਿਆ ਸਾਂ। ਓਥੇ ਇੱਕ
ਗੁਰਦੁਆਰੇ ਦੇ ਪ੍ਰਧਾਨ ਵੱਲੋਂ ਹਾਂ ਪੱਖੀ ਹੁੰਗਾਰਾ ਵੇਖ ਕੇ ਮੈ ਇੱਕ ਬੰਡਲ ਓਥੇ ਵਾਸਤੇ ਅਤੇ ਦੋ
ਬੰਡਲ ਬਰਮਿੰਘਮ ਵਾਸਤੇ, ਕੁਲ਼ ਤਿੰਨ ਸੌ ਕਿਤਾਬਾਂ, ਬਾਈ ਏਅਰ ਅੰਮ੍ਰਿਤਸਰੋਂ ਮੰਗਵਾ ਲਈਆਂ। ਸੋਚਿਆ
ਕਿ ਕਿਤਾਬਾਂ ਉਪਰ ਆਉਣ ਵਾਲ਼ਾ ਹਵਾਈ ਖ਼ਰਚ ਤਾਂ ਇਹਨਾਂ ਵਿਚੋਂ, ਕੁੱਝ ਵਿਕ ਜਾਣ ਨਾਲ਼, ਨਿਕਲ਼ ਹੀ
ਆਵੇਗਾ; ਮਸ਼ਹੂਰੀ ਮੁਫ਼ਤ ਦੀ ਹੋ ਜਾਵੇਗੀ। ਮਾਲ ਮਾਲਕਾਂ ਦਾ; ਮਸ਼ਹੂਰੀ ਕੰਪਨੀ ਦੀ। ਬਰਮਿੰਘਮ ਵਾਲ਼ੇ
ਸਾਹਿਤਕਾਰਾਂ ਦੇ ਇਕੱਠ ਵਿੱਚ ਸ਼ਾਮਲ ਸਾਰੇ ਸਾਹਿਤਕਾਰ ਸੱਜਣ ਕਿਤਾਬਾਂ ਹੱਥੋ ਹੱਥੀ ਲੈ ਗਏ। ਕਿਸੇ ਨੇ
ਕੁੱਝ ਦੇਣ ਲੈਣ ਬਾਰੇ ਕੋਈ ਗੱਲ ਨਾ ਗੌਲ਼ੀ। ਮੇਰੇ ਨਾਲ਼ ਵੀ ਨਿੰਦਰ ਘੁਗਿਆਣਵੀ ਵਾਲ਼ੀ ਹੀ ਹੋਈ। ਉਹ ਵੀ
ਆਪਣੇ ਵਲੈਤੀ ਦੌਰੇ ਸਮੇ, ਏਸੇ ਆਸ ਨਾਲ਼ ਕੁੱਝ ਕਿਤਾਬਾਂ ਆਪਣੇ ਨਾਲ਼ ਲੈ ਗਿਆ ਸੀ। ਮੇਰੇ ਨਾਲ਼ ਤਾਂ
ਸਗੋਂ ਉਸ ਨਾਲ਼ੋਂ ਵੀ ਵਧ ਹੀ ਹੋਈ। ਮੈਨੂੰ ਤਾਂ ਉਹਨਾਂ ਕਿਤਾਬਾਂ ਦਾ ਹਵਾਈ ਜਹਾਜ ਦਾ ਕਰਾਇਆ ਵੀ
ਪੱਲਿਉਂ ਹੀ ਦੇਣਾ ਪਿਆ। ਨਿੰਦਰ ਜੀ ਤਾਂ ਆਪਣੀ ਟਿਕਟ ਵਿੱਚ ਹੀ ਸੀਮਤ ਭਾਰ ਅਨੁਸਾਰ ਕਿਤਾਬਾਂ ਲੈ ਗਏ
ਸਨ। ਇਹਨਾਂ ਲਈ ਉਹਨਾਂ ਨੂੰ ਵੱਖਰਾ ਕਿਰਾਇਆ ਨਹੀ ਸੀ ਖ਼ਰਚਣਾ ਪਿਆ।
ਸਾਹਿਤਕਾਰਾਂ ਦੇ ਸਮਾਗਮ ਦੀ ਸਮਾਪਤੀ ਤੇ, ਦਲਵੀਰ ਸੁਮਨ ਜੀ ਮੇਰੇ ਆਖਣ ਤੇ, ਮੈਨੂੰ ਇੱਕ ਗੁਰਦੁਆਰਾ
ਸਾਹਿਬ ਵਿਖੇ ਛੱਡਣ ਗਏ ਤੇ ਸਾਹਿਤਕਾਰਾਂ ਦੇ ਹੱਥੀਂ ਚੜ੍ਹਨ ਤੋਂ ਬਚੀਆਂ ਕੁੱਝ ਕਾਪੀਆਂ ਮੇਰੇ
ਪਾਸੋਂ, ਓਥੇ ਬੈਠੇ ਕੁੱਝ ਸੱਜਣਾਂ ਨੂੰ ਦਿਵਾ ਦਿਤੀਆਂ। ਉਹਨਾਂ ਵਿਚੋਂ ਇੱਕ ਕਾਪੀ ਗੁਰਦੁਆਰੇ ਦੇ
ਸਕੱਤਰ ਜੀ ਕੋਲ਼ ਪਤਾ ਨਹੀ ਕਿਵੇਂ ਪਹੁੰਚ ਗਈ। ਸ਼ਾਮ ਦੇ ਘੁਸਮੁਸੇ ਜਿਹੇ ਵਿੱਚ ਮੈਨੂੰ ਗੁਰਦੁਆਰੇ ਦੇ
ਦਫ਼ਤਰ ਵਿੱਚ ਸਕੱਤਰ ਜੀ ਨੇ ਬੁਲਾ ਲਿਆ। ਕੁਰਸੀ ਤੇ ਬੈਠਾ ਕੇ, ਮੇਰੇ ਸਾਹਮਣੇ ਮੇਰੀ ਕਿਤਾਬ ਦਾ
ਅਖੀਰਲਾ ਕਾਂਡ ਖੋਹਲ ਕੇ ਪਹਿਲਾਂ ਮੈਥੋਂ, ਸੁਘੜ ਵਕੀਲ ਵਾਂਗ ਪੁੱਛ ਲਿਆ ਕਿ ਇਹ ਮੈ ਹੀ ਲਿਖਿਆ ਹੈ!
ਮੇਰੇ ਵੱਲੋਂ ਸਵੀਕਾਰ ਕਰ ਲੈਣ ਪਿੱਛੋਂ ਉਹਨਾਂ ਨੇ ਮੇਰੀ ਸ਼ਬਦੀ ਲਾਹ ਪਾਹ ਕਰਨੀ ਸ਼ੁਰੂ ਕਰ ਦਿਤੀ।
ਦਫ਼ਤਰ ਵਿੱਚ ਤਿੰਨ ਸੱਜਣ ਪੁਰਸ਼ ਮੌਜੂਦ ਸਨ। ਮੈ ਉਸ ਸਮੇ ਤਾਂ ਹੌਸਲਾ ਨਾ ਹਾਰਿਆ ਤੇ ਤਹੱਮਲ ਨਾਲ਼
ਉਹਨਾਂ ਦੇ ਸਾਹਮਣੇ ਆਪਣਾ ਪੱਖ ਰੱਖਿਆ। ਉਹਨਾਂ ਨੇ ਆਪਣੀ ‘ਬਹਾਦਰੀ’ ਦਾ ਇੱਕ ਕਿੱਸਾ ਸੁਣਾ ਕੇ ਵੀ
ਮੇਰਾ ਮਨੋ ਬਲ ਡੇਗਣ ਦਾ ਯਤਨ ਕੀਤਾ। ਉਹਨਾਂ ਨੇ ਦੱਸਿਆ ਕਿ ਓਥੇ ਇੱਕ ਮੇਰੇ ਵਰਗਾ ਹੀ ਗਿਆਨੀ ਸਟੇਜ
ਤੇ ਸੰਤਾਂ ਦੇ ਖ਼ਿਲਾਫ਼ ਬੋਲਿਆ ਸੀ ਤੇ ਉਸ ਨੂੰ ਨਾਲ਼ੇ ਚਾਹਟਾ ਛਕਾਇਆ ਗਿਆ ਸੀ ਤੇ ਨਾਲ਼ੇ ਚਾਹਟਾ ਛਕਦੇ
ਦੀ ਵੀਡੀਓ ਬਣਾ ਕੇ, ਇੰਟਰਨੈਟ ਤੇ ਚਾਹੜ ਦਿਤੀ ਸੀ।
ਮੈਨੂੰ ਯਾਦ ਆਇਆ ਕਿ ਇਸ ਚਾਹਟਾ ਛਕਾਊ ਘਟਨਾ ਘਟਣ ਸਮੇ, ਮੈ ਇਟਲੀ ਦੇ ਸ਼ਹਿਰ, ਰੀਜੋਮਿਲੀਆ ਵਿੱਚ ਸਾਂ
ਤੇ ‘ਦੇਸ ਪਰਦੇਸ’ ਵਿਚੋਂ ਇਹ ਖ਼ਬਰ ਪੜ੍ਹ ਕੇ, ਨਿਰਾਸ ਹੋਇਆ ਸਾਂ। ਖ਼ਬਰ ਇਉਂ ਸੀ ਕਿ ਇੱਕ ਬਜ਼ੁਰਗ
ਕਥਾਵਾਚਕ ਨੇ ਸਟੇਜ ਉਪਰ ਸੰਤਾਂ ਨੂੰ ਸ਼ਹੀਦ ਆਖ ਦਿਤਾ ਸੀ ਤੇ ਉਸ ਨੂੰ ਪ੍ਰਬੰਧਕਾਂ ਦੁਆਰਾ ਦਫ਼ਤਰ
ਵਿੱਚ ਸੱਦ ਕੇ, ਉਸ ਦੀ ਚੰਗੀ ਤਰ੍ਹਾਂ ਭੁਗਤ ਸਵਾਰੀ ਗਈ ਸੀ। ਮੈ ਰੀਜੋਮਿਲੀਆ ਦੇ ਗੁਰਦੁਆਰੇ ਵਿੱਚ
ਸਜਣ ਵਾਲ਼ੇ ਅਗਲੇ ਐਤਵਾਰੀ ਦੀਵਾਨ ਵਿਚ, ਸਵਾ ਕੁ ਘੰਟਾ ਫਿਰ ਇਸ ਮਸਲੇ ਤੇ ਹੀ ਸੰਗਤਾਂ ਵਿੱਚ ਆਪਣਾ
ਵਿਖਿਆਨ ਦਿਤਾ ਸੀ। ਉਹ ਸਮਾ ਮੈਨੂੰ ਯਾਦ ਆ ਗਿਆ ਤੇ ਆਪਣੇ ਨਾਲ਼ ਵੀ ਓਹੋ ਕੁੱਝ ਵਾਪਰ ਜਾਣ ਦੀ
ਸੰਭਾਵਨਾ ਨੂੰ ਵੇਖਦਿਆਂ ਹੋਇਆਂ ਫਿਰ ਮੈ ਆਪਣੇ ਬਾਰੇ ਜਾਣਕਾਰੀ ਦੇਣ ਦੀ ਲੋੜ ਸਮਝ ਕੇ, ਆਪਣਾ
ਬਿਰਤਾਂਤ ਬਿਆਨਿਆਂ। ਨਾਲ਼ ਇਹ ਵੀ ਆਖਿਆ ਕਿ ਜੇਹੜੇ ਤੁਹਾਨੂੰ ਵਿਚਾਰ ਅਣਸੁਖਾਵੇਂ ਲੱਗੇ ਹਨ ਇਹ ਮੇਰੇ
ਨਹੀ, ਬਲਕਿ ਮੇਰੀ ਚਿੱਠੀ ਦੇ ਜਵਾਬ ਵਾਲੀ ਚਿੱਠੀ ਦੇ ਲਿਖਾਰੀ ਦੇ ਹਨ। ਉਹਨਾਂ ਨੇ ਮੇਰੀ ਇਸ ਦਲੀਲ
ਨੂੰ ਤਾਂ ਮੰਨ ਲਿਆ ਪਰ ਬੜੀ ਹੀ ਯੋਗ ਸ਼ੰਕਾ ਉਠਾਈ ਕਿ ਉਸ ਜਵਾਬ ਦੇ ਅੰਤ ਵਿਚ, ਮੇਰੇ ਵੱਲੋਂ ਲਿਖੀ
ਗਈ ਇੱਕ ਲਾਈਨ, ਉਸ ਜਵਾਬ ਵਿਚਲੇ ਵਿਚਾਰਾਂ ਦੀ ਪ੍ਰੋੜ੍ਹਤਾ ਕਰਦੀ ਹੈ। ਇਹ ਦਲੀਲ ਉਹਨਾਂ ਦੀ ਸਹੀ ਸੀ
ਪਰ ਹੋਇਆ ਇਹ ਇਉਂ ਕਿ ਮੈ ਆਪਣੀ ਚਿੱਠੀ ਦੇ ਅੰਤ ਵਿੱਚ ਇੱਕ ਲਾਈਨ ਲਿਖੀ ਸੀ। ਪਤਾ ਨਹੀ ਮੇਰੀ ਗ਼ਲਤੀ
ਜਾਂ ਛਾਪਣ ਵਾਲਿਆਂ ਦੀ, ਉਹ ਲਾਈਨ ਮੇਰੀ ਚਿੱਠੀ ਦੇ ਅੰਤ ਵਿੱਚ ਛਪਣ ਦੀ ਥਾਂ, ਅੱਗੇ ਨੂੰ ਖਿਸਕ ਕੇ,
ਮੇਰੀ ਚਿੱਠੀ ਦੇ ਜਵਾਬ ਵਿੱਚ ਆਈ ਚਿੱਠੀ ਦੇ ਅੰਤ ਵਿੱਚ ਛਪ ਗਈ ਜਿਸ ਤੋਂ ਪ੍ਰਤੱਖ ਸੀ ਕਿ ਮੈ ਜਵਾਬ
ਦੇਣ ਵਾਲ਼ੇ ਦੇ ਵਿਚਾਰਾਂ ਨਾਲ਼ ਸਹਿਮਤ ਹਾਂ।
ਖ਼ੈਰ, ਸਰੀਰਕ ਸੇਵਾ ਹੋਣ ਦੇ ਭੈ ਤੋਂ ਤਾਂ ਮੈ ਮੁਕਤ ਸਾਂ ਹੀ ਭਾਵੇਂ ਕਿ ਸ਼ਬਦੀ ਮੁਰੰਮਤ ਉਹਨਾਂ ਨੇ
ਮੇਰੀ ਖਾਸੀ ਕਰ ਲਈ ਸੀ। ਮੇਰੇ ਸਾਹਮਣੇ ਬੈਠੇ ਚਿੱਟੀ ਦਾਹੜੀ ਵਾਲੇ ਸੱਜਣ ਮੈਨੂੰ ਪਿਓ ਵੀ ਸੰਬੋਧਨ
ਕਰਦੇ ਸਨ, ਭਾਵੇਂ ਕਿ ਸਾਡੀਆਂ ਦੋਹਾਂ ਦੀਆਂ ਹੀ ਦਾਹੜੀਆਂ ਚਿੱਟੀਆਂ ਹੋਣ ਕਰਕੇ, ਜੇ ਕੋਈ ਰਿਸ਼ਤਾ
ਗੰਢਣ ਦੀ ਲੋੜ ਹੋਵੇ ਵੀ ਤਾਂ ਉਹ ਵੱਡਾ ਭਰਾ ਆਖ ਕੇ ਸੰਬੋਧਨ ਕਰ ਲੈਂਦੇ ਤਾਂ ਵਧੇਰੇ ਢੁਕਵਾਂ ਹੋ
ਸਕਦਾ ਸੀ ਪਰ ਇਹ ਮਨੁਖ ਦੇ ਅੰਦਰ ਕੋਈ ਕੁਦਰਤੋਂ ਹੀ ਭਾਵਨਾ ਪਾਈ ਗਈ ਹੋਈ ਹੈ ਕਿ ਉਹ ਖ਼ੁਦ ਨੂੰ
ਦੂਜਿਆਂ ਨਾਲ਼ੋਂ ਉਮਰੋਂ ਛੋਟਾ ਤੇ ਅਕਲੋਂ ਵੱਡਾ ਸਮਝਦਾ ਹੈ। ਉਹ ਨਾਲ਼ ਨਾਲ਼ ਕੁੱਝ ਲਿਖੀ ਜਾਵੇ ਤੇ ਆਖੇ
ਕਿ ਇਹ ਸਾਰਾ ਮਾਜਰਾ ਅਖ਼ਬਾਰ ਵਿੱਚ ਛਾਪਣਾ ਹੈ। ਮੈ ਉਹਨਾਂ ਨੂੰ ਆਪਣੀ ਇਸ ‘ਭਿਆਨਕ ਭੁੱਲ’ ਦੀ ਹਰ
ਤਰ੍ਹਾਂ ਸੁਧਾਈ ਕਰ ਲੈਣ ਦੀ ਪੇਸ਼ਕਸ਼ ਕੀਤੀ। ਕਿਤਾਬ ਦਾ ਉਹ ਹਿੱਸਾ ਕਿਤਾਬ ਵਿਚੋਂ ਪਾੜ ਦੇਣ ਤੇ
ਕਿਤਾਬ ਦੀ ਅਗਲੀ ਐਡੀਸ਼ਨ ਵਿੱਚ ਪੂਰੇ ਪੰਨੇ ਦਾ ‘ਮੁਆਫ਼ੀਨਾਮਾ’ ਲਾਉਣ ਲਈ ਵੀ ਆਖ ਦਿਤਾ ਪਰ ਉਹਨਾਂ ਦੀ
ਇਸ ਨਾਲ਼ ਤਸੱਲੀ ਨਾ ਹੋਈ। ਕਿਸੇ ਸੱਜਣ ਨੇ ਮੈਨੂੰ ਪਿੱਛੋਂ ਦੱਸਿਆ ਸੀ ਕਿ ਮੇਰੇ ਖ਼ਿਲਾਫ਼ ਕਿਸੇ ਵਲੈਤੀ
ਅਖ਼ਬਾਰ ਵਿੱਚ ਉਹ ਖ਼ਬਰ ਛਪੀ ਵੀ ਸੀ।
ਇਸ ਸ਼ਬਦੀ ਲਾਹ ਪਾਹ ਤੋਂ ਮੇਰਾ ਓਥੋਂ ਮਨ ਏਨਾ ਉਪਰਾਮ ਹੋ ਗਿਆ ਕਿ ਮੇਰਾ ਓਥੇ ਇੱਕ ਪਲ ਵੀ ਰੁਕਣ ਨੂੰ
ਜੀ ਨਾ ਕੀਤਾ। ਕਮਰਾ ਮੈਨੂੰ ਰੈਣ ਬਸੇਰੇ ਲਈ ਮਿਲ਼ਿਆ ਹੋਇਆ ਸੀ। ਗ੍ਰੰਥੀ ਜੀ ਦੀ ਉਡੀਕ ਕੀਤਿਆਂ ਬਿਨਾ
ਹੀ ਮੈ ਆਪਣਾ ਟਿੰਡ ਫਹੁੜੀ ਚੁੱਕਿਆ ਤੇ ਕਮਰੇ ਦੀ ਚਾਬੀ ਗ੍ਰੰਥੀ ਜੀ ਦੀ ਸਿੰਘਣੀ ਨੂੰ ਫੜਾ ਕੇ,
ਗੁਰਦੁਆਰਿਉਂ ਬਾਹਰ ਹੋ ਗਿਆ। “ਬੜੇ ਬੇਆਬਰੂ ਹੋ ਕਰ” ਤਾਂ ਭਾਵੇਂ ਨਹੀ ਆਖਿਆ ਜਾ ਸਕਦਾ ਪਰ, “ਬੜੇ
ਮਾਯੂਸ ਹੋ ਕਰ ਤੇਰੇ ਗੁਰਦੁਆਰਾ ਸੇ ਹਮ ਨਿਕਲ਼ੇ”। ਵਾਲ਼ੀ ਅਵਸਥਾ ਤਾਂ ਬਣ ਹੀ ਗਈ ਸੀ; ਸ਼ੇਅਰ ਦੀ ਲਾਈਨ
ਭਾਵੇਂ, “ਬੜੇ ਬੇਆਬਰੂ ਹੋ ਕਰ ਤੇਰੇ ਕੂਚਾ ਸੇ ਹਮ ਨਿਕਲੇ।” ਹੀ ਹੈ।
ਬਾਹਰੋਂ ਗੁਰਦੁਆਰੇ ਦੀ ਸੜਕ ਤੋਂ ਵੀ ਪਰੇ ਜਾ ਕੇ, ਇੱਕ ਪਾਸੇ ਨੂੰ ਮੁੜੀ ਹੋਈ ਗਲ਼ੀ ਵਿਚੋਂ, ਸ.
ਮੋਤਾ ਸਿੰਘ ਸਰਾਇ ਜੀ ਨੂੰ ਫ਼ੋਨ ਕਰਕੇ ਆਖਿਆ ਕਿ ਉਹ ਮੈਨੂੰ ਉਸ ਗਲ਼ੀ ਵਿਚੋਂ ਚੁੱਕ ਲੈਣ। ਸੇਹਤ ਪੂਰੀ
ਠੀਕ ਨਾ ਹੋਣ ਕਰਕੇ, ਉਹਨਾਂ ਨੇ ਆਪਣੇ ਮਿੱਤਰ, ਜੁਝਾਰੂ ਵਿਚਾਰਾਂ ਵਾਲ਼ੇ ਪ੍ਰਸਿਧ ਪੰਜਾਬੀ ਕਵੀ, ਸ.
ਹਰਜਿੰਦਰ ਸਿੰਘ ਸੰਧੂ ਨੂੰ ਭੇਜਿਆ ਤੇ ਉਹ ਮੈਨੂੰ ਉਸ ਭੀੜੀ ਗਲ਼ੀ ਵਿਚੋਂ ਕਾਰ ਵਿੱਚ ਬੈਠਾ ਕੇ, ਸ.
ਮੋਤਾ ਸਿੰਘ ਹੋਰਾਂ ਦੇ ਘਰ ਲੈ ਗਏ। ਉਹਨਾਂ ਦੋਹਾਂ ਸੁਹਿਰਦ ਸੱਜਣਾਂ ਨੇ ਮੇਰੀ ਵਾਹਵਾ ਦਿਲਜੋਈ ਕੀਤੀ
ਪਰ ਮੈ ਉਸ ਸ਼ਹਿਰ ਵਿੱਚ ਹੋਰ ਰੁਕਣ ਲਈ ਆਪਣਾ ਮਨ ਨਾ ਬਣਾ ਸਕਿਆ ਤੇ ਸੁਭਾ ਪਹਿਲੀ ਬੱਸ ਤੇ ਹੀ
ਸਾਊਥਾਲ ਨੂੰ ਚਾਲੇ ਪਾ ਦਿਤੇ।
ਇਹ ਯਾਤਰਾ ਮੇਰੀ ਸਭ ਤੋਂ ਵਧ ਮਨਚਾਹੀ ਸੀ ਪਰ ਵਿਚਾਲ਼ੇ ਹੀ ਛੱਡਣੀ ਪਈ। ਸਾਊਥਾਲ ਤੋਂ ਪਤਾ ਨਹੀ
ਗਿਆਨੀ ਜਗਜੀਤ ਸਿੰਘ ਅਨੰਦ ਜੀ ਹੋਰਾਂ ਨੇ ਮੇਰੇ ਬਾਰੇ, ਉਸ ਗੁਰਦੁਆਰਾ ਸਾਹਿਬ ਦੇ ਸਟੇਜ ਸੈਕਟਰੀ ਜੀ
ਨੂੰ ਕੀ ਦੱਸ ਦਿਤਾ ਸੀ ਕਿ ਉਹਨਾਂ ਨੇ ਪਹਿਲਾ ਤੋਂ ਬਣੇ ਹੋਏ ਪ੍ਰੋਗਰਾਮਾਂ ਵਿਚੋਂ ਹੀ ਦੁਪਹਿਰ ਨੂੰ
ਅੱਧਾ ਘੰਟਾ, ਇੱਕ ਹਫ਼ਤੇ ਲਈ ਮੇਰੇ ਵਿਖਿਆਨ ਵਾਸਤੇ ਰੱਖ ਦਿਤਾ। ਇਹ ਪ੍ਰੋਗਰਾਮ ਸਾਰੇ ਯੂਰਪ ਵਿੱਚ
ਲਾਈਵ ਸੁਣਿਆ ਜਾਣਾ ਸੀ। ਇਸ ਤੋਂ ਇਲਾਵਾ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਸੁਭਾ
ਗੁਰਬਾਣੀ ਦੀ ਤੇ ਸ਼ਾਮ ਨੂੰ ਇਤਿਹਾਸ ਦੀ ਕਥਾ ਦਾ, ਇੱਕ ਹਫ਼ਤੇ ਦਾ ਪ੍ਰੋਗਰਾਮ ਆਪਣੇ ਗੁਰਦੁਆਰਾ ਸਾਹਿਬ
ਵਿੱਚ ਰੱਖ ਲਿਆ। ਇਹ ਦੋਵੇਂ ਪ੍ਰੋਗਰਾਮ ਨਾਲ਼ੋ ਨਾਲ਼ ਚੱਲਣੇ ਸਨ। ਉਕਤ ਦੋਹਾਂ ਧਾਰਮਿਕ ਪ੍ਰੋਗਰਾਮਾਂ
ਤੋਂ ਵੱਖ, ਦੋ ਸਾਹਿਤਕ ਪ੍ਰੋਗਰਾਮ ਵੀ ਰੱਖੇ ਗਏ ਸਨ। ਤਿੰਨ ਕਿਤਾਬਾਂ ਰੀਲੀਜ਼ ਹੋਣੀਆਂ ਸਨ।
ਪ੍ਰਬੰਧਕਾਂ ਵੱਲੋਂ ਉਹ ਤਿੰਨੇ ਕਿਤਾਬਾਂ ਮੈਨੂੰ ਦੇ ਕੇ ਆਖਿਆ ਗਿਆ ਸੀ ਕਿ ਉਹਨਾਂ ਕਿਤਾਬਾਂ ਬਾਰੇ
ਜਾਣਕਾਰੀ ਦੇਣ ਵਾਲ਼ਾ ਲੈਕਚਰ ਮੈ ਕਰਾਂ। ਫਿਰ ਇੱਕ ਸੰਸਥਾ ਵੱਲੋਂ ਪ੍ਰਸਿਧ ਇਤਿਹਾਸਕਾਰ, ਡਾ.
ਹਰਜਿੰਦਰ ਸਿੰਘ ਦਿਲਗੀਰ ਜੀ, ਦਾ ਸਨਮਾਨ ਸਮਾਰੋਹ ਰੱਖਿਆ ਗਿਆ ਸੀ। ਉਸ ਸੰਸਥਾ ਦੇ ਮੁਖੀ ਵੱਲੋਂ
ਮੈਨੂੰ ਡਾਕਟਰ ਸਾਹਿਬ ਜੀ ਦੀਆਂ ਪ੍ਰਾਪਤੀਆਂ ਬਾਰੇ ਬੋਲਣ ਲਈ ਆਖਿਆ ਗਿਆ ਸੀ। ਉਸ ਗੁਰਦੁਆਰਾ ਸਾਹਿਬ
ਜੀ ਦੇ ਤਿੰਨ ਯੋਗ ਪ੍ਰਬੰਧਕਾਂ ਵੱਲੋ ਮੇਰਾ ਏਨਾ ਭਾਰੀ ‘ਸਨਮਾਨ’ ਕਰ ਦਿਤਾ ਗਿਆ ਸੀ ਕਿ ਏਨੇ ਮਨ
ਭਾਉਂਦੇ ਪ੍ਰੋਗਰਾਮਾਂ ਲਈ ਵੀ ਮੈ ਉਸ ਸ਼ਹਿਰ ਵਿੱਚ ਹੋਰ ਨਾ ਰੁਕ ਸਕਿਆ ਤੇ ਪਹਿਲੀ ਬੱਸ ਰਾਹੀਂ ਹੀ
ਓਥੋਂ ਭੱਜ ਤੁਰਿਆ।
ਇਕ ਗੁਰਦੁਆਰਾ ਸਾਹਿਬ ਵਿਖੇ ਮੈ ਪ੍ਰਬੰਧਕਾਂ ਦੇ ਸੱਦੇ ਤੇ ਧਾਰਮਿਕ ਵਿਖਿਆਨਾਂ ਵਾਸਤੇ ਗਿਆ। ਮੁਖੀ
ਨੂੰ ਮੈ ਬੇਨਤੀ ਕੀਤੀ ਕਿ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਲਈ ਮੈ ਆਪਣੀ ਨਵੀ ਕਿਤਾਬ ‘ਬਾਤਾਂ
ਬੀਤੇ ਦੀਆਂ’ ਭੇਟਾ ਕਰਨੀ ਹੈ। ਉਹ ਸੰਗਤ ਵਿੱਚ ਮੈਥੋਂ ਸਵੀਕਾਰ ਕਰ ਲੈਣ। ਉਹਨਾਂ ਨੇ ਇੱਕ ਕਮੇਟੀ
ਮੈਬਰ ਦਾ ਨਾਂ ਲੈ ਕੇ ਕਿਹਾ ਕਿ ਇਹੋ ਜਿਹਾ ਕਾਰਜ ਉਹ ਕਰਦੇ ਹਨ। ਜਦੋਂ ਮੈ ਉਸ ਮੈਬਰ ਨੂੰ ਦੱਸਿਆ
ਤਾਂ ਉਹਨਾਂ ਨੇ ਆਖਿਆ ਕਿ ਇਸ ਬਾਰੇ ਕਮੇਟੀ ਵਿੱਚ ਵਿਚਾਰ ਕਰਾਂਗੇ। ਕੁੱਝ ਦਿਨ ਉਡੀਕਣ ਪਿਛੋਂ ਮੈ
ਕਮੇਟੀ ਦੇ ਸਾਰੇ ਹੀ ਮੁਖੀ ਸਜਣਾਂ ਨੂੰ ਮੁਫ਼ਤ ਕਿਤਾਬ ਭੇਟਾ ਕਰਨੀ ਚਾਹੀ ਪਰ ਸਾਰਿਆਂ ਨੇ ਹੀ, ਪੜ੍ਹਨ
ਲਈ ਟਾਈਮ ਨਾ ਹੋਣ ਦਾ ਬਹਾਨਾ ਲਾ ਕੇ, ਲੈਣੋ ਨਾਂਹ ਕਰ ਦਿਤੀ। ਮੈ ਕਿਤਾਬ ਦੀ ਇੱਕ ਕਾਪੀ ਗੁਰਦੁਆਰਾ
ਸਾਹਿਬ ਦੀ ਸਟੇਜ ਉਪਰ ਰੱਖ ਕੇ ਆ ਗਿਆ।
ਸ਼ਾਇਦ ਇਹ ਗੱਲ ਪਾਠਕਾਂ ਨੂੰ ਦਿਲਚਸਪ ਲੱਗੇ ਕਿ ਉਸ ਕਮੇਟੀ ਦੇ ਇਹ ਮੁਖੀ ਸੱਜਣ ਪੰਜ ਕਕਾਰ ਦੇ ਧਾਰਨੀ
ਸਿੰਘ ਸਨ। ਇਹਨਾਂ ਦੀ ਰੀਸੇ ਬਾਕੀ ਮੈਂਬਰਾਂ ਨੇ ਵੀ, ਪੜ੍ਹਨ ਵਾਸਤੇ ਸਮਾ ਨਾ ਹੋਣ ਦਾ ਬਹਾਨਾ ਲਾ
ਕੇ, ਕਿਤਾਬ ਲੈਣੋ ਇਨਕਾਰ ਕਰ ਦਿਤਾ। ਹਾਲਾਂ ਕਿ ਕਿਤਾਬ ਦੀ ਕੀਮਤ ਵਾਲ਼ੀ ਕੋਈ ਗੱਲ ਨਹੀ ਸੀ; ਮੈ
ਸਿਰਫ ਪ੍ਰੇਮ ਭੇਟਾ ਵਜੋਂ ਹੀ ਦੇ ਰਿਹਾ ਸੀ।
ਇਹ ਗੱਲ ਵੱਖਰੀ ਹੈ ਕਿ ਉਸ ਇਲਾਕੇ ਦੇ ਪੰਜਾਬੀ ਪ੍ਰੇਮੀਆਂ ਵਿੱਚ ਮੈ ਕਿਤਾਬ ਦੀਆਂ ਸੱਠ ਕਾਪੀਆਂ ਵੰਡ
ਆਇਆ ਜਿਨ੍ਹਾਂ ਵਿਚੋਂ ਅੱਧੀਆਂ ਤੋਂ ਵਧ, ਪਾਠਕਾਂ ਨੇ, ਕੀਮਤ ਦੇ ਕੇ ਖ਼ਰੀਦੀਆਂ।
ਵਾਹਵਾ ਚਿਰ ਪਿੱਛੋਂ ਕੁੱਝ ਸੱਜਣਾਂ ਪਾਸੋਂ ਪ੍ਰਬੰਧਕਾਂ ਦੀ ਇਸ ਬੇਰੁਖੀ ਦੇ ਕਾਰਨ ਦਾ ਪਤਾ ਲੱਗਾ।
ਮੇਰੀ ਤੀਜੀ ਕਿਤਾਬ ਵਿੱਚ ਕਿਸੇ ਉਸ ਸੱਜਣ ਬਾਰੇ ਕੁੱਝ ਚੰਗਾ ਛਪ ਗਿਆ ਸੀ ਜਿਸ ਨੂੰ ਉਹ ਪਸੰਦ ਨਹੀ
ਸਨ ਕਰਦੇ। ਕਿੰਨਾ ਚੰਗਾ ਹੁੰਦਾ ਜੇ ਉਹ ਸੁਘੜ ਸੱਜਣ ਅਜਿਹੀ ਝੂਠੀ ਬਹਾਨੇਬਾਜੀ ਕਰਨ ਦੀ ਬਜਾਇ ਸਿੱਧਾ
ਮੈਨੂੰ ਹੀ ਸਹੀ ਕਾਰਨ ਦੱਸ ਦਿੰਦੇ। ਮੇਰੇ ਕੋਲ਼ ਕੇਹੜੀ ਭੰਗੀਆਂ ਵਾਲ਼ੀ ਤੋਪ ਸੀ ਜੇਹੜੀ ਮੈ ਉਹਨਾਂ
ਵੱਲ ਸੇਧ ਦੇਣੀ ਸੀ।
ਇਕ ਸੱਜਣ ਮੇਰੇ ਛੋਟੇ ਭਰਾ ਸ. ਸੇਵਾ ਸਿੰਘ ਦੇ ਜਮਾਤੀ ਤੇ ਮਿੱਤਰ ਹਨ। ਗੁਰੂ ਨਾਨਕ ਯੂਨੀਵਰਸਿਟੀ ਦੇ
ਇੱਕ ਸੈਮੀਨਾਰ ਵਿੱਚ ਅਸੀਂ ਪਹਿਲੀ ਵਾਰ ਮਿਲ਼ੇ ਤੇ ਫਿਰ ਇੱਕ ਪਰਵਾਰਕ ਸਮਾਗਮ ਵਿੱਚ ਅਸੀਂ ਇੱਕ ਦੂਜੇ
ਦੇ ਵਧੇਰੇ ਸੰਪਰਕ ਵਿੱਚ ਆਏ ਤੇ ਪਰਸਪਰ ਪ੍ਰਸੰਸਕ ਵੀ ਬਣ ਗਏ। ਮੇਰੀ ਦੂਸਰੀ ਕਿਤਾਬ ‘ਉਜਲ ਕੈਹਾਂ
ਚਿਲਕਣਾ’ ਪੜ੍ਹ ਕੇ, ਉਹਨਾਂ ਨੇ ਉਸ ਦੀ ਏਨੀ ਪ੍ਰਸੰਸਾ ਕੀਤੀ ਕਿ ਸ਼ਾਇਦ ਹੀ ਕਿਸੇ ਹੋਰ ਕਿਤਾਬ ਦੀ
ਉਹਨਾਂ ਨੇ ਕੀਤੀ ਹੋਵੇ! ਉਹ ਕਿਤਾਬ ਸਵਾ ਦੋ ਸੌ ਪੰਨੇ ਦੀ ਸੀ ਤੇ ਹੁਣ ਵਾਲ਼ੀ ਸਾਢੇ ਚਾਰ ਸੌ ਪੰਨੇ
ਦੀ ਹੋਣ ਦੇ ਨਾਲ਼ ਇਸ ਵਿੱਚ ਰੰਗਦਾਰ ਫੋਟੋਆਂ ਵੀ ਸਨ। ਮੈ ਤਾਂ ਪਹਿਲੀ ਕਿਤਾਬ ਦੇ ਹਿਸਾਬ ਨਾਲ਼ ਉਹਨਾਂ
ਪਾਸੋਂ ਪ੍ਰਸੰਸਾ ਦੀ ਝਾਕ ਰੱਖੀ ਬੈਠਾ ਸਾਂ। ਆਪਣੀਆਂ ਸਾਰੀਆਂ ਕਿਤਾਬਾਂ ਦੀਆਂ ਜਿੰਨੀਆਂ ਵੀ ਕਾਪੀਆਂ
ਉਹਨਾਂ ਨੇ ਯੋਗ ਪਾਠਕਾਂ ਲਈ ਮੰਗੀਆਂ ਮੈ ਖ਼ੁਸ਼ੀ ਸਹਿਤ, ਭੇਟਾ ਰਹਿਤ, ਉਹਨਾਂ ਨੂੰ ਭੇਟਾ ਕੀਤੀਆਂ।
ਆਰਾਮ ਨਾਲ਼ ਉਹਨਾਂ ਦੀ ਪ੍ਰਸੰਸਾ ਇਹਨਾਂ ਸ਼ਬਦਾਂ ਦੁਆਰਾ ਪਰਗਟ ਹੋਈ, “ਆਪਣੇ ਟੱਬਰ ਬਾਰੇ ਹੀ ਬਹੁਤਾ
ਦੱਸਿਆ ਹੈ”। ਦੱਸੋ ਭਈ ਜੇ ਮੈ ਲਿਖ ਹੀ ਆਪਣੇ ਬੀਤੇ ਦੀਆਂ ਬਾਤਾਂ ਰਿਹਾ ਹਾਂ ਤਾਂ ਆਪਣੇ ਟੱਬਰ ਨੂੰ
ਛੱਡ ਕੇ ਹੋਰ ਕਿਸ ਦੇ ਟੱਬਰ ਬਾਰੇ ਲਿਖਦਾ!
ਆਸਟ੍ਰੇਲੀਆ ਦੇ ਹੀ ਇੱਕ ਸ਼ਹਿਰ ਵਿੱਚ ਇੱਕ ਬਹੁਤ ਹੀ `ਚੜ੍ਹਦੀਕਲਾ’ ਵਾਲ਼ੇ ਸਿੰਘ ਜੀ ਦੇ ਦਰਸ਼ਨ ਹੋਏ।
ਦੋ ਚਾਰ ਵਾਰੀਂ ਤਾਂ ਮੈ ਉਹਨਾਂ ਦੇ ਗੁਰਮੁਖੀ ਲਿਬਾਸ ਤੋਂ ਪ੍ਰਭਾਵਿਤ ਹੋ ਕੇ ਫ਼ਤਿਹ ਬੁਲਾਈ। ਉਹ
ਰਸਮੀ ਜਿਹਾ ਜਵਾਬ ਦੇ ਕੇ ਅੱਗ ਲੰਘ ਜਾਇਆ ਕਰਨ। ਇੱਕ ਦਿਨ ਉਹਨਾਂ ਨੇ ਮੇਰੇ ਕੋਲ਼ ਆ ਕੇ ਪਹਿਲਾਂ
ਬੁਲਾਉਣ ਦੀ ਕਿਰਪਾ ਕਰ ਲਈ। ਆਖਿਆ, “ਮੈ ਤੁਹਾਡੇ ਨਾਲ਼ ਤੁਹਾਡੀਆਂ ਕਿਤਾਬਾਂ ਬਾਰੇ ਗੱਲ ਕਰਨੀ ਹੈ”।
“ਕਰੋ ਜੀ।” ਮੇਰਾ ਜਵਾਬ ਸੁਣ ਕੇ ਉਹਨਾਂ ਨੇ ਆਖਿਆ, “ਮੈ ਤੁਹਾਡੀਆਂ ਤਿੰਨ ਕਿਤਾਬਾਂ ਪੜ੍ਹੀਆਂ ਹਨ।
ਇੱਕ ਕਿਤਾਬ ਵਿੱਚ ਤੁਸੀਂ ਦੋ ਗ਼ਲਤੀਆਂ ਕੀਤੀਆਂ ਹਨ। “ਇਹ ਗੱਲ ਠੀਕ ਸੀ। ਇੱਕ ਗ਼ਲਤੀ ਤਾਂ ਪ੍ਰਕਾਸ਼ਕਾਂ
ਦੇ ਪਰੂਫ਼ ਰੀਡਰ ਦੀ ਸੀ। ਮੇਰੇ ਠੀਕ ਲਿਖੇ ਨੂੰ ਉਹਨਾਂ ਨੇ ਗ਼ਲਤ ਸਮਝ ਕੇ, ਖ਼ੁਦ ਠੀਕ ਕਰਨ ਦੇ ਚਾ
ਵਿਚ, ਠੀਕ ਨੂੰ ਗ਼ਲਤ ਕਰ ਦਿਤਾ ਸੀ। ਬਾਵਜੂਦ ਪੰਜਾਬੀ ਸ਼ਬਦ ਜੋੜਾਂ ਬਾਰੇ ਬਹੁਤ ਸਨਕੀ ਹੋਣ ਦੇ ਵੀ,
ਮੇਰੀਆਂ ਕਿਤਾਬਾਂ ਵਿੱਚ ਦੂਜੇ ਲੇਖਕਾਂ ਨਾਲ਼ੋਂ ਸ਼ਬਦ ਜੋੜਾਂ ਦੀਆਂ ਵਧ ਗ਼ਲਤੀਆਂ ਰਹਿ ਜਾਂਦੀਆਂ ਹਨ।
ਮੈ ਪ੍ਰਕਾਸ਼ਕਾਂ ਨੂੰ ਆਪਣੇ ਸਬਦ ਜੋੜ ਨਾ ਬਦਲਣ ਲਈ ਆਖਦਾ ਹਾਂ। ਇਸ ਦੇ ਬਾਵਜੂਦ ਉਹ ਮੇਰੇ ਠੀਕਾਂ
ਨੂੰ ਗ਼ਲਤ ਕਰ ਦਿੰਦੇ ਹਨ ਤੇ ਗ਼ਲਤਾਂ ਨੂੰ ਠੀਕ ਨਹੀ ਕਰਦੇ। ਧੰਨਵਾਦ ਸਹਿਤ ਸਿੰਘ ਜੀ ਦੀ ਇਸ ਸੁਧਾਰ
ਵਾਲ਼ੀ ਗੱਲ ਨੂੰ ਮੈ ਮੰਨ ਲਿਆ। ਦੂਜੀ ਗੱਲ ਬਾਰੇ ਸਾਡੇ ਵਿੱਚ ਵਿਚਾਰਾਂ ਦਾ ਫਰਕ ਹੋਣ ਕਰਕੇ ਉਹਨਾਂ
ਨੇ ਮੇਰੀ ਗੱਲ ਨੂੰ ਗ਼ਲਤ ਆਖਿਆ। ਪੂਰੀ ਤਰ੍ਹਾਂ ਉਹਨਾਂ ਦੇ ਵਿਚਾਰਾਂ ਨਾਲ਼ ਸਹਿਮਤ ਨਾ ਹੋ ਸਕਣ ਦੇ
ਬਾਵਜੂਦ ਵੀ ਮੈ ਧੰਨਵਾਦ ਸਹਿਤ ਉਹਨਾਂ ਦੇ ਵਿਚਾਰਾਂ ਨੂੰ ਸਵੀਕਾਰਿਆ ਅਤੇ ਅਗਲੀ ਐਡੀਸ਼ਨ ਵਿੱਚ ਸੁਧਾਰ
ਕਰਨ ਦਾ ਇਕਰਾਰ ਕਰ ਲਿਆ। ਤਿੰਨ ਕਿਤਾਬਾਂ ਪੜ੍ਹ ਕੇ ਉਹਨਾਂ ਸਿਰਫ਼ ਦੋ ਹੀ ਗ਼ਲਤੀਆਂ ਲਭੀਆਂ ਤੇ ਚੰਗੇ
ਸਖ਼ਤ ਸ਼ਬਦਾਂ ਰਾਹੀਂ ਉਹਨਾਂ ਨੇ ਮੈਨੂੰ ਗ਼ਲਤ ਸਾਬਤ ਕੀਤਾ। ਇਹ ਮੇਰੇ ਵਾਸਤੇ ਖ਼ੁਸ਼ਕਿਸਮਤੀ ਵਾਲ਼ੀ ਗੱਲ
ਹੀ ਸੀ।
ਵਿਚਾਰ ਵਿਟਾਂਦਰੇ ਦੌਰਾਨ ਵੈਸੇ ਹੀ ਮੈ ਪੁੱਛ ਲਿਆ ਕਿ ਮੈ ਤਾਂ ਉਹਨਾਂ ਨੂੰ ਕਿਤਾਬਾਂ ਦਿਤੀਆਂ ਨਹੀ,
ਉਹਨਾਂ ਪਾਸ ਕਿਵੇਂ ਪਹੁੰਚ ਗਈਆਂ ਦੇ ਉਤਰ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਮੈਨੂੰ ਦੱਸਿਆਂ ਤੋਂ
ਬਿਨਾ ਹੀ, ਪਈਆਂ ਵੇਖ ਕੇ ਚੁੱਕ ਲਗਏ ਸਨ। ਬਾਕੀ ਗੱਲਾਂ ਬਾਰੇ ਜੇ ਉਹਨਾਂ ਨੇ ਆਪਣੇ ਵਿਚਾਰ ਪਰਗਟ
ਨਹੀ ਕੀਤੇ ਤਾਂ ਮੈ ਖ਼ੁਦ ਨੂੰ ਖ਼ੁਦ ਹੀ ‘ਥਾਪੀ’ ਦੇ ਲਈ ਕਿ ਭਾਵੇਂ ਉਹਨਾਂ ਨੇ, ਮੇਰੇ ਵੱਲੋਂ ਇਸ ਉਮਰ
ਅਤੇ ਬਹੁਤ ਹੀ ਸੀਮਤ ਸਾਧਨਾਂ ਦੇ ਬਾਵਜੂਦ ਕੀਤੇ ਤੇ ਕੀਤੇ ਜਾ ਰਹੇ ਸਾਹਿਤਕ ਸੇਵਾ ਦੇ ਉਦਮ, ਖ਼ਰਚ,
ਖੇਚਲ਼ ਆਦਿ ਦੀ ਸ਼ਲਾਘਾ ਨਹੀ ਕੀਤੀ ਪਰ ਉਹਨਾਂ ਵੱਲੋਂ ਹੋਰ ਗ਼ਲਤ ਨਾ ਆਖਣਾ ਵੀ ਇੱਕ ਤਰ੍ਹਾਂ ਨਾਲ਼ ਸਹੀ
ਸਮਝਿਆ ਗਿਆ ਸਮਝ ਲੈਣਾ ਚਾਹੀਦਾ ਹੈ।
ਮੇਰੀਆਂ ਲਿਖਤਾਂ ਦਾ ਅਜਿਹਾ ਸਵਾਗਤ ਹੁੰਦਾ ਵੇਖ ਕੇ ਇੱਕ ਦਿਨ, ਆਸਟ੍ਰੇਲੀਆ ਤੋਂ ਛਪਦੇ ਲੀਡਿੰਗ
ਪੰਜਾਬੀ ਪਰਚੇ ‘ਪੰਜਾਬ ਐਕਸਪ੍ਰੈਸ’ ਦੇ ਮੁਖ ਸੰਪਾਦਕ, ਸ. ਰਾਜਵੰਤ ਸਿੰਘ ਜੀ, ਨੇ ਠੀਕ ਹੀ ਆਖਿਆ
ਸੀ। ਗੱਲ ਇਹ ਇਉਂ ਹੋਈ:
ਇਕ ਦਿਨ ਗੁਰਦੁਆਰਾ ਸਾਹਿਬ ਦੇ ਐਤਵਾਰੀ ਦੀਵਾਨ ਉਪ੍ਰੰਤ ਉਹ ਫੋਟੋਆਂ ਖਿੱਚੀ ਜਾਣ। ਜਿਨ੍ਹਾਂ ਸੱਜਣਾਂ
ਦੀਆਂ ਫੋਟੋ ਖਿੱਚੀਆਂ ਜਾ ਰਹੀਆਂ ਸਨ ਉਹਨਾਂ ਦੇ ਵਿਚੇ ਮੈ ਵੀ ਖਲੋਤਾ ਹੋਇਆ ਸਾਂ। ਆਪਣੇ ਸੁਭਾ
ਅਨੁਸਾਰ ਮੈ ਆਖਿਆ, “ਜੇ ਮੇਰੀ ਫੋਟੋ ਅਖ਼ਬਾਰ ਵਿੱਚ ਨਾ ਜੜੀ ਤਾਂ ਮੈ ਤੁਹਾਡੇ ਖ਼ਿਲਾਫ਼ ਪੰਥਕ ਕਾਰਵਾਈ
ਕਰ ਦੇਣੀ ਆਂ!” ਉਤਰ ਵਿੱਚ ਰਾਜਵੰਤ ਸਿੰਘ ਜੀ ਬੋਲੇ, “ਤੁਸੀਂ ਕੋਈ ਅਜਿਹਾ ਚੰਨ ਚਾਹੜੋ ਜਿਸ ਦੀ ਕੋਈ
ਵਰਨਣ ਯੋਗ ਖ਼ਬਰ ਬਣੇ ਤਾਂ ਮੈ ਛਾਪਾਂ ਵੀ। ਇਹ ਵੀ ਕੋਈ ਖ਼ਬਰ ਹੋਈ ਕਿ ਫਲਾਣੇ ਥਾਂ ਤੋਂ ਗਿਆਨੀ ਜੀ
ਨੂੰ ਪਈਆਂ। ਜੇ ਇਉਂ ਖ਼ਬਰ ਹੋਵੇ ਕਿ ਫਲਾਣੇ ਥਾਂ ਤੋਂ ਗਿਆਨੀ ਜੀ ਪੈਣੋ ਬਚ ਗਏ। ਫੇਰ ਤਾਂ ਕੋਈ ਛਪਣ
ਯੋਗ ਖ਼ਬਰ ਵੀ ਬਣੇ ਤਾਂ ਮੈ ਛਾਪ ਵੀ ਦਿਆਂ।”
ਸੰਤੋਖ ਸਿੰਘ