ਚੰਦ, ਸੂਰਜ ਆਦਿਕ ਅਖੌਤੀ ਦੇਵਤਿਆਂ ਅਤੇ ਥਿੱਤਾਂਵਾਰਾਂ ਦੀ ਪੂਜਾ ਹਿੰਦੂਆਂ
ਵਿੱਚ ਕੀਤੀ ਜਾਂਦੀ ਹੈ ਗੁਰਸਿੱਖਾਂ ਵਿੱਚ ਨਹੀਂ। ਫਿਰ ਜਿਹੜੇ ਗੁਰੂ ਦਾ ਸਿਧਾਂਤ ਹੀ ਇਹ ਹੋਵੇ ਕਿ
“ਥਿਤੀਵਾਰ ਸੇਵਹਿ ਮੁਗਧ ਗਾਵਾਰ” ਉਹ ਕਿਸੇ ਮਸਿਆ, ਸੰਗ੍ਰਾਂਦ ਜਾਂ ਪੂਰਨਮਾਸ਼ੀ ਨੂੰ
ਮਹਾਂਨਤਾ ਕਿਵੇਂ ਦੇ ਸਕਦਾ ਹੈ? ਜਗਤ ਗੁਰੂ “ਗੁਰੂ ਨਾਨਕ ਸਾਹਿਬ ਜੀ” ਦਾ ਜਨਮ ਪ੍ਰਕਾਸ਼ ਕੱਤਕ ਵਿੱਚ
ਹੋਇਆ ਜਾਂ ਵੈਸਾਖ ਵਿੱਚ ਇਹ ਤਾਂ ਉਸ ਵੇਲੇ ਦੇ ਅਕੀਦਤਮੰਦ ਲਿਖਾਰੀਆਂ ਦਾ ਲਿਖਿਆ ਜਥਾਰਥ ਇਤਿਹਾਸ ਹੀ
ਦੱਸ ਸਕਦਾ ਹੈ। ਸ੍ਰ ਕਰਮ ਸਿੰਘ ਹਸਿਟੋਰੀਅਨ ਜੋ ਇਤਹਾਸਕ ਖੋਜ ਦਾ ਮਾਹਰ ਹੈ ਜਿਸ ਨੇ ਥਾਂ-ਥਾਂ ਤੇ
ਜਾ ਕੇ ਜ਼ਿੰਦਗੀ ਦੇ ਕਈ ਸਾਲ ਲਗਾ ਕੇ ਖੋਜਕ ਕੀਤੀ ਅਤੇ ਇਤਿਹਾਸਕ ਤੱਥ ਸਾਹਮਣੇ ਲਿਆਂਦੇ ਹਨ ਉਹ
ਲਿਖਦੇ ਹਨ ਕਿ “ਪੁਰਾਤਨ ਜਨਮ ਸਾਖੀ” ਵਿੱਚ ਗੁਰੂ ਜੀ ਦਾ ਜਨਮ ਪ੍ਰਕਾਸ਼ ਵੈਸਾਖ ਸੁਦੀ ਤੀਜ ਹੀ ਲਿਖਿਆ
ਹੈ, ਬਾਕੀ ਹੋਰ ਪੁਰਾਤਨ ਜਨਮ ਸਾਖੀਆਂ ਵੀ ਉਸੇ ਦੀ ਨਕਲ ਹਨ। ਕੇਵਲ ਭਾਈ ਬਾਲੇ ਵਾਲੀ ਜਨਮ ਸਾਖੀ ਜੋ
ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਲਿਖੀ ਗਈ ਉਸ ਵਿੱਚ ਹੀ “ਕੱਤਕ ਦੀ ਪੂਰਨਮਾਸ਼ੀ” ਲਿਖਿਆ ਹੋਇਆ
ਹੈ। ਸ੍ਰ ਇਕਵਾਕ ਸਿੰਘ ਪੱਟੀ ਜੋ ਗੁਰਮਤਿ ਦੇ ਉੱਚਕੋਟੀ ਦੇ ਨੌਜਵਾਨ ਵਿਦਵਾਨ ਲਿਖਾਰੀ ਹਨ ਜਿਨ੍ਹਾਂ
ਦੇ ਲੇਖ ਕਈ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪਦੇ ਰਹਿੰਦੇ ਹਨ ਉਨਾਂ ਵੀ ਅੱਜ 20 ਨਵੰਬਰ 2010 ਦੀ
“ਰੋਜ਼ਾਨਾਂ ਸਪੋਕਸਮੈਨ ਅਖਬਾਰ” ਦੇ ਸਫਾ 8 ਤੇ ਸ੍ਰ. ਕਰਮ ਸਿੰਘ ਹਸਿਟੋਰੀਅਨ ਦੀ ਲਿਖੀ ਇਤਿਹਾਸਕ
ਕਿਤਾਬ “ਕੱਤਕ ਕਿ ਵੈਸਾਖ” ਦੇ ਹਵਾਲੇ ਦੇ ਕੇ ਸ਼ਪੱਸ਼ਟ ਕਰ ਦਿੱਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ
ਜਨਮ ਪ੍ਰਕਾਸ਼ 15 ਅਪ੍ਰੈਲ 1469 ਨੂੰ ਵੈਸਾਖ ਸੁਦੀ ਤੀਜ ਨੂੰ ਹੋਇਆ ਸੀ। ਭਾਈ ਪੱਟੀ ਜੀ ਸ੍ਰ ਕਰਮ
ਸਿੰਘ ਹਸਿਟੋਰੀਅਨ ਦਾ ਹਵਾਲਾ ਦੇ ਕੇ ਲਿਖਦੇ ਹਨ ਕਿ ਗੁਰਮਤਿ ਦੇ ਮਹਾਂਨ ਫਿਲਾਸਫਰ ਵਿਦਵਾਨ ਲਿਖਾਰੀ
ਭਾਈ ਗੁਰਦਾਸ ਜੀ ਨੇ ਵੀ 11 ਵੀਂ ਵਾਰ ਵਿੱਚ ਛੇਂਵੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ
ਤੱਕ ਹੋਏ ਪ੍ਰਸਿੱਧ ਸਿੱਖਾਂ ਦੇ ਨਾਮ ਵਰਨਣ ਕੀਤੇ ਹਨ ਉਨ੍ਹਾਂ ਵਿੱਚ ਭਾਈ ਬਾਲੇ ਦਾ ਕੋਈ ਜ਼ਿਕਰ ਨਹੀਂ
ਹੈ ਜੇ ਭਾਈ ਬਾਲਾ ਕੋਈ ਲਿਖਾਰੀ ਹੁੰਦਾ ਫਿਰ ਉਹ ਵੀ ਬਾਬਾ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ
ਲਿਖਣਵਾਲਾ ਤਾਂ ਉਸ ਦਾ ਨਾਂ ਭਾਈ ਗੁਰਦਾਸ ਜੀ ਨੇ ਪਹਿਲੇ ਨੰਬਰ ਤੇ ਸੁਨਹਿਰੀ ਅੱਖਰਾਂ ਵਿੱਚ ਲਿਖਣਾ
ਸੀ।
ਹੁਣ ਤੱਕ ਸਕੂਲਾਂ ਕਾਲਜਾਂ ਵਿੱਚ ਇਹੀ ਪੜ੍ਹਦੇ ਆ ਰਹੇ ਹਾਂ ਕਿ ਗੁਰੂ ਬਾਬਾ
ਨਾਨਕ ਜੀ ਦਾ ਜਨਮ ਪ੍ਰਕਾਸ਼ 15 ਅਪ੍ਰੈਲ 1469 ਨੂੰ ਰਾਇ ਭੋਇ ਦੀ ਤਲਵੰਡੀ ਜਿਸ ਨੂੰ ਅੱਜ ਕਲ੍ਹ
ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਵਿਖੇ ਹੋਇਆ। ਸ੍ਰ. ਮਹਿੰਦਰ ਸਿੰਘ ਘੱਗ ਜੀ ਜੋ ਇੱਕ ਵਿਦਵਾਨ ਕਵੀ
ਤੇ ਲਿਖਾਰੀ ਹਨ ਜਿਨ੍ਹਾਂ ਨੇ ਅਮਰੀਕਾ ਵਿਖੇ ਛਪਦੀਆਂ ਦੋ ਪੰਜਾਬੀ ਅਖਬਾਰਾਂ ਪੰਜਾਬ ਮੇਲ ਅਤੇ
ਪੰਜਾਬੀ ਨਿਊਜ਼ ਵਿੱਚ ਇਕੋ ਸਮੇਂ ਭਾਈ ਬਾਲੇ ਵਾਲੀ ਸਾਖੀ ਅਤੇ ਸੂਰਜ ਪ੍ਰਕਾਸ਼ ਜੋ ਦੋਨੋਂ ਕਿਤਾਬਾਂ
ਬ੍ਰਾਹਮਣਵਾਦ ਨਾਲ ਰਲ ਗਡ ਹਨ ਦੇ ਹਵਾਲੇ ਦੇ ਕੇ ਕੱਤਕ ਦੀ ਪੂਰਨਮਾਸ਼ੀ ਲਿਖਿਆ ਹੈ ਨੂੰ ਅਸੀਂ ਸਤਿਕਾਰ
ਸਹਿਤ ਪੁੱਛਦੇ ਹਾਂ ਕਿ “15 ਅਪ੍ਰੈਲ ਸੰਨ 1469” ਵਿੱਚ ਅਪ੍ਰੈਲ “ਕੱਤਕ” ਕਿਵੇਂ ਬਣ ਗਿਆ? ਸ੍ਰ ਪਾਲ
ਸਿੰਘ ਪੁਰੇਵਾਲ ਨੇ ਜੋ ਕਈ ਸਾਲ ਮਿਹਨਤ ਕਰਕੇ ਸਿੱਖ ਕੌਮ ਲਈ ਇੱਕ ਵੱਖਰਾ ਕੈਲੰਡਰ “ਨਾਨਕ ਸ਼ਾਹੀ
ਕੈਲੰਡਰ” ਤਿਆਰ ਕੀਤਾ ਹੈ ਜਿਸ ਨੂੰ ਗੁਰਮਤੀ ਵਿਦਵਾਨਾਂ, ਸਿੱਖ ਸੰਘਰਸ਼ ਲਈ ਜੂਝ ਰਹੀਆਂ ਜੁਝਾਰੂ
ਜਥੇਬੰਦੀਆਂ ਅਤੇ ਸ਼੍ਰੋਮਣੀ ਕਮੇਟੀ ਦੇ ਦੋ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਪ੍ਰੋ. ਕ੍ਰਿਪਾਲ ਸਿੰਘ
ਬਡੂੰਗਰ ਅਤੇ ਮਜੂਦਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦਮਦਮਾਂ ਸਾਹਿਬ ਮਾਨਤਾ ਦੇ ਚੁੱਕੇ ਹਨ। ਬਾਕੀ
ਬਾਦਲ ਦਲ ਜੋ ਜਨਸੰਘ ਨਾਲ ਘਿਉ-ਖਿਚੜੀ ਹੋ ਚੁੱਕਾ ਹੈ ਅਤੇ ਡੇਰੇਦਾਰ ਸਾਧਾਂ ਦਾ ਝਾੜੂ ਬਰਦਾਰ ਬਣ
ਚੁੱਕਾ ਹੈ ਦੇ ਅੱਗੇ ਜ਼ਮੀਰ ਵੇਚ ਚੁੱਕੇ ਉਸ ਦੇ ਸਾਥੀ ਸ੍ਰੋਮਣੀ ਕਮੇਟੀ ਮੈSਬਰ ਅਤੇ ਬਾਦਲੀ ਲੁਫਾਫੇ
ਚੋਂ ਨਿਕਲੇ ਅਜੋਕੇ ਜਥੇਦਾਰ ਤਾਂ ਸਿੱਖ ਕੌਮ ਦੀ ਵਿਲੱਖਣਤਾ ਨੂੰ ਨਗੂਣੇ ਔਹਦਿਆਂ ਅਤੇ ਪੈਸੇ ਦੀ
ਖਾਤਰ ਖਤਮ ਕਰੀ ਜਾ ਰਹੇ ਹਨ। ਸਿੱਖ ਇਤਿਹਾਸ ਬ੍ਰਾਹਮਣਵਾਦ ਨਾਲ ਰਲ ਗਡ ਕੀਤਾ ਜਾ ਰਿਹਾ ਹੈ ਅਤੇ
ਸ਼੍ਰੋਮਣੀ ਕਮੇਟੀ ਬਿਨਾ ਕਿਸੇ ਪੁਛ-ਪੜਤਾਲ ਦੇ “ਗੁਰੂ ਨਿੰਦਕ ਪੁਸਤਕਾਂ” ਨੂੰ ਆਪਣੀ ਮੋਹਰ
ਥੱਲੇ ਛਾਪੀ ਜਾ ਰਹੀ ਹੈ।
ਸ੍ਰ. ਘੱਗ ਜੀ! ਵਿਚਾਰ ਸਭ ਦੇ ਆਪੋ ਆਪਣੇ ਹਨ ਆਪ ਜੀ ਨੂੰ ਲਿਖਣ ਦੀ ਖੁੱਲ੍ਹ
ਹੈ ਪਰ ਠੰਡੇ ਦਿਲ ਦਿਮਾਗ ਨਾਲ ਇਕਾਂਤ ਵਿੱਚ ਬੈਠ ਕੇ ਵਿਚਾਰ ਕਰਨਾ ਕਿ ਪੂਰਨਮਾਸ਼ੀਆਂ, ਸੰਗ੍ਰਾਂਦਾਂ,
ਪੰਚਕਾਂ ਆਦਿਕ ਚੰਗੇ ਮਾੜੇ ਦਿਨਾਂ ਦਾ ਗੁਰਮਤਿ ਨਾਲ ਕੀ ਸਬੰਧ ਹੈ? ਗੁਰੂਆਂ ਭਗਤਾਂ ਵੇਲੇ ਇਹ
ਪ੍ਰਚਾਰ ਡੰਕੇ ਦੀ ਚੋਟ ਨਾਲ ਗੁਰੂਆਂ ਅਤੇ ਸਿੱਖ ਪ੍ਰਚਾਰਕਾਂ ਵੱਲੋਂ ਕੀਤਾ ਜਾ ਰਿਹਾ ਸੀ ਕਿ
“ਥਿਤੀਵਾਰ ਸੇਵਹਿ ਮੁਗਧ ਗਵਾਰ” ਕਿ ਮੂਰਖ ਅਤੇ ਗਵਾਰ ਥਿੱਤਾਂ-ਵਾਰਾਂ ਦੀ ਪੂਜਾ ਕਰਦੇ ਤੇ ਚੰਗੇ
ਮਾੜੇ ਦਸਦੇ ਹਨ।
ਸ੍ਰ. ਘੱਗ ਜੀ! ਆਪ ਜੀ ਮਿਸ਼ਨਰੀਆਂ ਨੂੰ ਮਸ਼ੀਨਰੀ ਕਹਿਕੇ ਟਿਚਰ ਕੀਤੀ ਹੈ। ਆਪ
ਹੀ ਦੱਸੋ ਕਿ ਮਿਸ਼ਨਰੀ ਅਤੇ ਮਸ਼ੀਨਰੀ ਲਫਜ਼ਾਂ ਦਾ ਕੀ ਮੇਲ ਹੈ? ਲੋਕ ਜਾਣਦੇ ਹਨ ਕਿ ਇਹ ਦੋਵੇਂ ਲਫਜ਼
ਅੰਗ੍ਰੇਜੀ ਦੇ ਹਨ “ਮਿਸ਼ਨਰੀ” ਦਾ ਮਤਲਵ ਹੈ ਤਨੋ ਮਨੋ ਸਪ੍ਰਪਤ ਹੋ ਕੇ ਮਿਸ਼ਨ (ਧਰਮ) ਦਾ ਪ੍ਰਚਾਰ ਕਰਨ
ਵਾਲਾ ਅਤੇ ਮਸ਼ੀਨਰੀ ਚੱਲਣ ਵਾਲੀਆਂ ਮਸ਼ੀਨਾਂ ਨਾਲ ਸਬੰਧਤ ਹੈ। ਸਿੱਖ ਮਿਸ਼ਨਰੀ ਕਾਲਜਾਂ ਤੋਂ ਪੜ੍ਹੇ
ਵੀਰ ਭੈਣ ਸਭ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖ ਰਹਿਤ ਮਰਯਾਦਾ ਦਾ ਹੀ ਪ੍ਰਚਾਰ ਕਰ ਰਹੇ
ਹਨ ਜਿਨ੍ਹਾਂ ਨੇ ਸਿੱਖ ਮਿਸ਼ਨਰੀ ਕਾਲਜਾਂ ਵਿੱਚ ਰਹਿ ਕੇ ਗੁਰਮਤਿ ਦੀ ਸਟੱਡੀ ਅਤੇ ਖੋਜ ਕੀਤੀ ਹੈ ਜਾਂ
ਘਰ ਬੈਠੇ ਵੀ ਮਿਸ਼ਨਰੀ ਵਿਦਵਾਨਾਂ ਦਾ ਲਿਖਿਆ ਲਿਟ੍ਰੇਚਰ ਪੜ੍ਹ ਕੇ ਗੁਰਮਤਿ ਦੀ ਜਾਣਕਾਰੀ ਹਾਸਲ ਕੀਤੀ
ਹੈ। ਵਿਦਵਾਨ ਜਾਂ ਪੜ੍ਹਿਆ ਲਿਖਿਆ ਹੋਣਾ ਹੋਰ ਗੱਲ ਹੈ ਪਰ ਗੁਰਮਤਿ ਦੀ ਕਸਵੱਟੀ ਤੇ ਪਰਖ ਕੇ ਕੋਈ
ਗੱਲ ਕਰਨੀ ਜਾਂ ਲਿਖਣਾ ਹੋਰ ਹੈ। ਐਸ ਵੇਲੇ ਭਾਰਤ ਦੇ ਕਈ ਹੋਰ ਸੂਬਿਆਂ ਅਤੇ ਪੰਜਾਬ ਵਿੱਚ ਮਿਸ਼ਨਰੀ
ਕੇਵਲ ਤੇ ਕੇਵਲ ਗੁਰਮਤਿ ਪ੍ਰਚਾਰ ਰਹੇ ਹਨ ਜਦ ਕਿ ਸਾਧ ਲਾਣਾ ਅਤੇ ਲਾਲਚੀ ਪ੍ਰਚਾਰਕ ਰਲ ਗਡ ਕਰਕੇ
ਅਨਮਤ, ਅੰਨ੍ਹੀ ਸ਼ਰਧਾ ਅਤੇ ਪੇਟ ਪੂਜਾ ਲਈ ਅੰਧਵਿਸ਼ਵਾਸ਼ੀ ਕਰਮਕਾਂਡਾਂ ਪ੍ਰਚਾਰੀ ਜਾ ਰਹੇ ਹਨ। ਗੁਰੂ
ਤਾਂ ਕਹਿੰਦੇ ਹਨ ਕਿ “ਪੜ੍ਹਿਆਂ ਨਾਹੀਂ ਭੇਦ ਬੁਝਿਆਂ ਪਾਵਣਾ” ਪਰ ਇਹ ਸਾਰਾ ਕਮਰਸ਼ੀਅਲ ਟੋਲਾ
ਵੱਧ ਤੋਂ ਵੱਧ ਗਿਣਤੀ ਮਿਣਤੀ ਦੇ ਪਾਠ ਕਰਨ ਕਰਾਉਣ ਤੇ ਹੀ ਜੋਰ ਦਿੱਤੀ ਜਾ ਰਿਹਾ ਹੈ। ਜੇ ਕੋਈ
ਗਿਆਨੀ ਦਿੱਤ ਸਿੰਘ, ਪ੍ਰੋ ਗੁਰਮੁਖ ਸਿੰਘ, ਗਿ. ਭਾਗ ਸਿੰਘ ਅਤੇ ਪ੍ਰੋ ਦਰਸ਼ਨ ਸਿੰਘ ਵਰਗਾ ਵਿਦਵਾਨ
ਗੁਰੂ ਦੀ ਗੱਲ ਗੁਰਮਤਿ ਦੀ ਕਸਵੱਟੀ ਤੇ ਲਾ ਕੇ ਕਰਦਾ ਹੈ ਤਾਂ ਡੇਰੇਦਾਰ ਸਾਧਾਂ ਅਤੇ ਬਾਦਲੀ ਦਬਾ
ਥੱਲੇ, ਅਜੋਕੇ ਅਖੌਤੀ ਜਥੇਦਾਰ ਉਸ ਨੂੰ ਪ੍ਰੋ. ਗੁਰਮੁਖ ਸਿੰਘ ਅਤੇ ਪ੍ਰੋ. ਦਰਸ਼ਨ ਸਿੰਘ ਵਾਂਗ ਛੇਕਣ
ਦੇ ਡਰਾਵੇ ਦਿੰਦੇ ਹਨ ਇਹ ਦੱਸਣਗੇ ਕਿ ਅਸਲੀ ਨਾਨਕ ਸ਼ਾਹੀ ਕੈਲੰਡਰ ਦਾ ਕਤਲ ਕਰਨ ਵਾਲੇ ਜਥੇਦਾਰ ਅਤੇ
ਉਹ ਵਿਦਵਾਨ ਜੋ ਗੁਰੂ ਜੀ ਦਾ ਜਨਮ ਪ੍ਰਕਾਸ਼ ਨਵੰਬਰ 2010 ਵਿਖੇ ਕੱਤਕ ਦੀ ਥਾਂ “ਮੱਘਰ ਦੀ
ਪੂਰਨਮਾਸ਼ੀ” ਨੂੰ ਕਿਉਂ ਮਨਾ ਰਹੇ ਹਨ? ਇਹ ਤਕੜੇ ਦੇ ਸੱਤੀਂ ਵੀਂਹ ਸੌ ਵਾਲੀ ਗੱਲ ਨਹੀਂ? ਇਹ ਦੱਸੋਗੇ
ਕਿ ਸਾਡਾ ਸਬੰਧ ਗੁਰ ਸਿਧਾਂਤਾਂ ਨਾਲ ਹੈ ਜਾਂ ਪੂਰਨਮਾਸ਼ੀਆਂ ਨਾਲ ਜੋ ਬ੍ਰਾਹਮਣੀ ਜੰਤਰੀਆਂ ਨਾਲ
ਸਬੰਧਤ ਹਨ? ਸਿੱਖ ਨੇ ਜੋ ਕੁੱਝ ਵੀ ਸਿੱਖਣਾ, ਲਿਖਣਾ, ਵਾਚਣਾ ਅਤੇ ਪ੍ਰਚਾਰਨਾ ਹੈ ਪਹਿਲਾਂ ਉਸ ਦੀ
ਪਰਖ ਗੁਰਮਤਿ ਦੀ ਕਸਵੱਟੀ “ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ” ਤੇ ਕਰ ਲੈਣੀ ਚਾਹੀਦੀ ਹੈ
ਨਾਂ ਕਿ ਮਿਸ਼ਨਰੀਆਂ ਨੂੰ “ਮਸ਼ੀਨਰੀ” ਕਹਿ ਕੇ ਆਪਣੇ ਮਨ ਦਾ ਗੁਬਾਰ ਕੱਢਣਾ ਚਾਹੀਦਾ ਹੈ?