ਇੰਦਰਜੀਤ ਸਿੰਘ ਰਿਆਤ ਵਲੋਂ ਮੁਆਫੀ!
ਏਅਰ ਇੰਡੀਆ ਬੰਬ ਕਾਂਡ ਦੇ ਇੱਕ
ਦੋਸ਼ੀ, ‘ਇੰਦਰਜੀਤ ਸਿੰਘ ਰਿਆਤ’ ਵਲੋਂ, ਨਵੰਬਰ 18, 2010 ਨੂੰ ਬੀ. ਸੀ. ਦੀ ਇੱਕ ਅਦਾਲਤ ਵਿੱਚ
ਭਰੀਆਂ ਅੱਖਾਂ ਨਾਲ ਮੁਆਫੀ ਮੰਗੀ ਗਈ ਜਿਹੜੀ ਕਿ ਉਸ ਦੇ ਵਕੀਲ ਨੇ ਪੜ੍ਹ ਕੇ ਸੁਣਾਈ ਸੀ। ਇਸ ਦਾ ਜੋ
ਪ੍ਰਤੀ ਕਰਮ ਕਨੇਡੀਅਨ ਲੋਕਾਂ ਤੇ ਹੋਇਆ ਹੈ ਅਤੇ ਖਾਸ ਕਰਕੇ ਇਸ ਸਾਰੇ ਕਾਂਡ ਦਾ ਜੋ ਗੁੱਸਾ ਅਤੇ
ਨਫਰਤ ਆਮ ਲੋਕਾਂ ਵਿੱਚ ਹੈ ਉਸ ਦਾ ਅੰਦਾਜ਼ਾ ਤੁਸੀਂ ਅਗਾਂਹ ਲਿੰਕ ਤੇ ਕਲਿਕ ਕਰਕੇ ਪੜ੍ਹ ਸਕਦੇ ਹੋ।
ਇਸ ਨੂੰ ਪੜ੍ਹ ਕੇ ਤੁਸੀਂ ਆਪਣੇ ਅੰਦਰ ਝਾਤੀ ਮਾਰ ਕੇ ਆਪਣੇ ਆਪ ਨੂੰ ਕੁੱਝ ਸਵਾਲ ਜਰੂਰ ਪੁੱਛਣੇ, ਜੋ
ਕਿ ਇਸ ਤਰ੍ਹਾਂ ਦੇ ਹੋ ਸਕਦੇ ਹਨ:
(1) ਕੀ ਇਹ ਕਾਰਾ ਭਾਰਤ ਸਰਕਾਰ ਦਾ ਸੀ, ਜੋ ਕਿ ਬਹੁਤੇ ਸਿੱਖ ਖਾਸ ਕਰਕੇ ਕਥਿਤ ਕੱਟੜ ਖਾਲਿਸਤਾਨੀ
ਅਤੇ ਲੀਡਰ ਕਹਿੰਦੇ ਹਨ। ਜੇ ਸੀ ਤਾਂ ਫਿਰ ਜਿਹਨਾ ਤੇ ਦੋਸ਼ ਲਗਦੇ ਹਨ ਅਤੇ ਇੱਕ ਇਹ ਜਿਸ ਨੂੰ ਹੁਣ
ਤੀਜੀ ਵਾਰੀ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਇਸ ਦੀ ਸਜਾ ਹੁਣ 7 ਜਨਵਰੀ ਨੂੰ ਸੁਣਾਈ ਜਾਣੀ ਹੈ, ਕੀ ਇਹ
ਸਾਰੇ ਭਾਰਤ ਸਰਕਾਰ ਨਾਲ ਮਿਲੇ ਹੋਏ ਸਨ ਜਾਂ ਅਣਭੋਲ ਹੀ ਇਹਨਾ ਨੂੰ ਵਰਤਿਆ ਗਿਆ ਹੈ? ਕੀ ਤੁਸੀਂ
ਇਹਨਾ ਨੂੰ ਸ਼ਹੀਦ, ਜਿੰਦਾ ਸ਼ਹੀਦ ਜਾਂ ਨਿਰਦੋਸ਼ ਮੰਨਦੇ ਹੋ? ਕੀ ਤੁਹਾਨੂੰ ਕਨੇਡਾ ਦੀਆਂ ਅਦਾਲਤਾਂ ਤੇ
ਵਿਸ਼ਵਾਸ਼ ਹੈ ਜਾਂ ਨਹੀਂ?
(2) ਜਿਹੜੀ ਮੁਆਫੀ ਇਹ ਹੁਣ ਮੰਗ ਰਿਹਾ ਹੈ ਜੇ ਕਰ ਪਹਿਲੇ ਦਿਨ ਤੋਂ ਹੀ ਮੰਗ ਲੈਂਦਾ ਅਤੇ ਇਹ ਵੀ
ਕਹਿ ਦਿੰਦਾ ਕਿ ਜੋ ਹੋਇਆ ਹੈ ਗਲਤ ਹੋਇਆ ਹੈ। ਇਹ ਜ਼ਜਬਾਤ ਵਿੱਚ ਕੀਤਾ ਗਲਤ ਕਾਰਾ ਸੀ ਜਿਸ ਨੂੰ ਕਿ
ਸਾਡਾ ਧਰਮ ਬਿੱਲਕੁੱਲ ਇਜ਼ਾਜਤ ਨਹੀਂ ਦਿੰਦਾ। ਪਰ ਨਾਲ ਹੀ ਦਿੱਲੀ ਵਿੱਚ ਹੋਏ ਸਿੱਖਾਂ ਦੇ ਕਤੇਆਮ ਦੀ
ਕਹਾਣੀ ਅਦਾਲਤ ਵਿੱਚ ਵਿਸਥਾਰ ਨਾਲ ਦੱਸਦਾ ਤਾਂ ਉਸ ਵੇਲੇ ਕੀ ਪ੍ਰਤੀਕਰਮ ਹੋਣਾ ਸੀ?
(3) ਬਹੁਤੇ ਸਿੱਖ ਅਤੇ ਖਾਸ ਕਰਕੇ ਲੀਡਰ ਤਾਂ ਧਰਮ ਦੇ ਨਾਮ ਤੇ ਬਹੁਤਾ ਝੂਠ ਹੀ ਬੋਲਦੇ ਹਨ, ਕਿਉਂ?
ਕਦੀ ਤਾਂ ਕਹਿੰਦੇ ਹਨ ਨਿਰਦੋਸ਼ਿਆਂ ਨੂੰ ਮਾਰਨ ਦੇ ਅਜਿਹੇ ਕਾਰੇ ਸਿੱਖ ਨਹੀਂ ਕਰ ਸਕਦਾ ਅਤੇ ਕਦੀ
ਨਿਰਦੋਸ਼ਿਆਂ ਨੂੰ ਮਾਰਨ ਦੇ ਕੰਮਾਂ ਨੂੰ ਸਲਾਹ ਕੇ ਇਸ ਨੂੰ ਬਦਲਾ ਲੈਣਾ ਕਹਿੰਦੇ ਹਨ। ਅਤੇ
ਨਿਰਦੋਸ਼ਿਆਂ ਨੂੰ ਮਾਰਨ ਦੀਆਂ ਭੜਕਾਊ ਗੱਲਾਂ ਕਰਨ ਵਾਲਿਆਂ ਨੂੰ ਮਹਾਨ ਸ਼ਹੀਦਾਂ ਦੀਆਂ ਉਪਾਧੀਆਂ
ਬਖ਼ਸ਼ਦੇ ਹਨ।
(4) ਜੇ ਕਰ ਬਦਲਾ ਲੈਣਾਂ, ਖਾਸ ਕਰਕੇ ਨਿਰਦੋਸ਼ਿਆਂ ਨੂੰ ਮਾਰ ਕੇ ਜਾਂ ਸ਼ੱਕ ਦੇ ਅਧਾਂਰ ਤੇ ਹੀ ਕਤਲ
ਕਰਨਾ, ਸਿੱਖ ਧਰਮ ਅਨੁਸਾਰ ਜ਼ਾਇਜ਼ ਸਮਝਦੇ ਹਨ ਜਿਵੇਂ ਕਿ ਇਹਨਾ ਦਾ ਮਹਾਨ ਸ਼ਹੀਦ ਜਿਸ ਨੂੰ ਇਹ ਬੰਦਾ
ਬਹਾਦਰ ਨਾਲ ਤੁਲਨਾ ਦਿੰਦੇ ਨਹੀਂ ਥੱਕਦੇ, ਕਹਿੰਦਾ ਅਤੇ ਕਰਦਾ ਸੀ, ਤਾਂ ਕਿਉਂ ਨਹੀਂ ਇਹ ਹਿੱਕ ਥਾਪੜ
ਕੇ ਕਹਿੰਦੇ ਕਿ ਇਹ ਕਾਰਾ ਅਸੀਂ ਜਾਂ ਸਾਡੇ ਬੰਦਿਆਂ ਨੇ ਕੀਤਾ ਹੈ।
(5) ਪਿਛਲੇ 25 ਸਾਲਾਂ ਤੋਂ ਅੰਗ੍ਰੇਜ਼ੀ ਮੀਡੀਏ ਵਿੱਚ ਜਦੋਂ ਵੀ ਏਅਰ ਇੰਡੀਆ ਦੇ ਹਾਦਸੇ ਦਾ ਜ਼ਿਕਰ
ਆਉਂਦਾ ਹੈ ਤਾਂ ਨਾਲ ਹੀ ਸਿੱਖ ਅਤੰਕਵਾਦ ਦਾ ਜ਼ਿਕਰ ਕਰਦੇ ਹਨ। ਜਿਹੜੇ ਇਹ ਕਹਿੰਦੇ ਹਨ ਕਿ ਸਿੱਖ
ਅੱਤਵਾਦੀ ਨਹੀਂ ਹੋ ਸਕਦੇ ਤਾਂ ਫਿਰ ਉਹ ਇਸ ਦਾ ਵਿਰੋਧ ਕਿਉਂ ਨਹੀਂ ਕਰਦੇ ਕਿ ਇਹ ਰਿਆਤ ਤਾਂ ਵਿਚਾਰਾ
ਨਿਰਦੋਸ਼ਾ ਹੈ? ਇਸ ਨੂੰ ਤਾਂ ਹੁਣ ਤੀਜੀ ਵਾਰੀ ਗਲਤ ਹੀ ਸਜ਼ਾ ਮਿਲ ਰਹੀ ਹੈ। ਇਸ ਨੂੰ ਤਾਂ ਨਿਰਦੋਸ਼ੇ
ਨੂੰ ਹੀ ਇਤਨਾ ਸਮਾ ਜਿਹਲ ਕੱਟਣੀ ਪਈ। ਕੀ ਉਹ ਅਕਲ ਦੀ ਗੱਲ ਕਰਨ ਵਾਲੇ ਸਿੱਖਾਂ ਨੂੰ ਧਮਕੀਆਂ ਦੇਣਾਂ
ਜਾਂ ਸਰੀਰਕ ਹਮਲੇ ਕਰਨੇ ਹੀ ਜਾਣਦੇ ਹਨ? ਕੀ ਉਹਨਾ ਦੇ ਸਿਰ ਵਿੱਚ ਅਕਲ ਬਿੱਲਕੁੱਲ ਖਤਮ ਹੋ ਚੁੱਕੀ
ਹੈ? ਜੇ ਕਰ ਸਿਰ ਵਿੱਚ ਕੋਈ ਅਕਲ ਬਾਕੀ ਹੈ ਤਾਂ ਉਹ ਵਰਤਦੇ ਕਿਉਂ ਨਹੀਂ? ਕਿਉਂ ਨਹੀਂ ਉਹ ਮੀਡੀਏ
ਵਿੱਚ ਦਲੀਲ ਨਾਲ ਜਵਾਬ ਦਿੰਦੇ? ਅਗਾਂਹ ਤੁਸੀਂ ਪੜ੍ਹ ਲੈਣਾ ਜੋ ਕਿ ਅੰਗ੍ਰੇਜ਼ੀ ਮੀਡੀਏ ਵਿੱਚ ਛਪਿਆ
ਹੈ ਅਤੇ ਦੇਖ ਲੈਣਾ ਕਿ ਇਹਨਾ ਵਿਚੋਂ ਸ਼ਾਇਦ ਹੀ ਕਿਸੇ ਨੇ ਆਮ ਕਨੇਡੀਅਨ ਲੋਕਾਂ ਦੇ ਕਿਸੇ ਵੀ ਗੱਲ ਦਾ
ਜਵਾਬ ਦਿੱਤਾ ਹੋਵੇ।
ਮੱਖਣ ਸਿੰਘ ਪੁਰੇਵਾਲ,
ਨਵੰਬਰ 21, 2010.
(ਨੋਟ:- ਨਵੰਬਰ 17 ਅਤੇ
18 ਨੂੰ ਬੀ. ਸੀ. ਅਦਾਲਤ ਵਿੱਚ ਇੰਦਰਜੀਤ ਸਿੰਘ ਰਿਆਤ ਦੇ ਝੂਠ ਬੋਲਣ ਬਾਰੇ ਜੋ ਕੁੱਝ ਹੋਇਆ ਉਸ ਦੀ
ਰਿਪੋਰਟ ਅਤੇ ਆਮ ਲੋਕਾਂ ਦਾ ਜੋ ਪ੍ਰਤੀ ਕਰਮ ਹੋਇਆ ਸੀ, ਉਸ ਦੀ ਰਿਪੋਰਟ ਅਸੀਂ ਧੰਨਵਾਦ ਸਹਿਤ ਸੀ.
ਬੀ. ਸੀ. ਦੀ ਵੈੱਬ ਸਾਈਟ ਤੋਂ ਲੈ ਕੇ ‘ਸਿੱਖ ਮਾਰਗ’ ਦੇ ਪਾਠਕਾਂ ਦੀ ਜਾਣਕਾਰੀ ਲਈ ਪਾ ਰਹੇ ਹਾਂ।
ਇਹ ਪੀ. ਡੀ. ਐੱਫ. ਫਾਰਮੇਟ ਵਿੱਚ ਹੈ। ਸੀ. ਬੀ. ਸੀ. ਕਨੇਡਾ ਦੇ ਮੀਡੀਏ ਦਾ ਇੱਕ ਉਹ ਅਦਾਰਾ ਹੈ
ਜਿਸ ਨੂੰ ਕਿ ਸਾਰੇ ਕਨੇਡਾ ਵਿੱਚ ਰੇਡੀਓ ਅਤੇ ਟੈਲੀਵੀਜ਼ਨ ਰਾਹੀਂ ਦੇਖਿਆ ਸੁਣਿਆਂ ਜਾਂਦਾ ਹੈ। ਇਸ ਦਾ
ਪੂਰਾ ਨਾਮ ਕਨੇਡੀਅਨ ਬਰੌਡਕਾਸਟਿੰਗ ਕਾਰਪੋਰੇਸ਼ਨ ਹੈ ਅਤੇ ਇਹ ਬਹੁਤਾ ਕਨੇਡੀਅਨ ਲੋਕਾਂ ਦੇ ਟੈਕਸ ਤੇ
ਨਿਰਭਰ ਕਰਦਾ ਹੈ। ਇਹ ਰਿਪੋਰਟ ਪੜ੍ਹਨ ਲਈ ਕਲਿਕ ਕਰੋ।