ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਸੇਵਾ ਸੁੰਗੜੀ ਦਿਖਾਵਾ ਵਧਿਆ
ਗੁਰੂ ਨਾਨਕ ਪਾਤਸ਼ਾਹ ਇੱਕ ਅਮੀਰ ਬਾਪ ਦੇ ਪੁੱਤਰ ਸਨ। ਘਰ ਹਰ ਪ੍ਰਕਾਰ ਦੀਆਂ ਸੁੱਖ ਸਹੂਲਤਾਂ ਨਾਲ
ਪੂਰੀ ਤਰ੍ਹਾਂ ਲੈਸ ਸੀ। ਮਹਾਨ ਰਹਿਬਰ ਤੇ ਚਿੰਤਕ ਗੁਰੂ ਨਾਨਕ ਸਾਹਿਬ ਜੀ ਨੇ ਚਾਰ ਚੁਫੇਰੇ ਨਿਗਾਹ
ਮਾਰ ਕੇ ਦੁਨੀਆਂ ਨੂੰ ਨਿਹਾਰਿਆ, ਵਾਚਿਆ, ਸਮਝਿਆ ਤੇ ਉਹਨਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਨੇੜਿਓਂ ਹੋ
ਕੇ ਤਕਿਆ। ਰਾਜੇ ਸ਼ੀਹਾਂ ਵਾਂਗ ਖੁਖ਼ੰਕਾਰ, ਅਫ਼ਸਰ ਕੁੱਤਿਆਂ ਵਾਂਗ ਲੋਭੀ ਤੇ ਪਰਜਾ ਗਿਆਨ ਹੀਨ ਹੋ ਕੇ
ਇੱਕ ਦੂਜੇ ਦੇ ਹੱਕਾਂ `ਤੇ ਡਾਕੇ ਮਾਰ ਰਹੇ ਸੀ। ਧਾਰਮਕ ਆਗੂ ਜਿੰਨ੍ਹਾਂ ਨੇ ਇਖ਼ਲਾਕੀ ਕਦਰਾਂ ਕੀਮਤਾਂ
ਦਾ ਪਾਠ ਪੜ੍ਹਾਉਣਾ ਸੀ ਉਹ ਦਿਨ ਦੀਵੀਂ ਕਿਰਤੀ ਲੋਕਾਂ ਨੂੰ ਦੋਹੀਂ ਹੱਥੀਂ ਸਵਰਗ ਦਾ ਲਾਲਚ ਦਿਖਾ ਕੇ
ਲੁੱਟ ਰਹੇ ਸਨ। ਉਹ ਬਿਮਾਰੀਆਂ ਅੱਜ ਦੇ ਸਮਾਜ ਵਿਚੋਂ ਵੀ ਦੇਖੀਆਂ ਜਾ ਸਕਦੀਆਂ ਹਨ।
ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ—
ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ॥
ਬਾਝਹੁ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸਭ ਲੁਕਾਈ॥
ਗੁਰੂ ਨਾਨਕ ਸਾਹਿਬ ਜੀ ਨੇ ਪਿਆਰ ਦੀ ਰਬਾਬ ਛੇੜਦਿਆਂ, ਇਨਸਾਨੀਅਤ ਦੀਆਂ ਦਰਦਾਂ ਸਮਝਦਿਆਂ ਇੱਕ
ਫਾਰਮੂਲਾ ਦਿੱਤਾ---
ਵਿਚਿ ਦੁਨੀਆ ਸੇਵ ਕਮਾਈਐ॥
ਤਾ ਦਰਗਹ ਬੈਸਣੁ ਪਾਈਐ॥
ਕਹੁ ਨਾਨਕ ਬਾਹ ਲੁਡਾਈਐ॥
ਸਿਰੀ ਰਾਗ ਮਹਲਾ ੧ ਪੰਨਾ ੨੫
ਰੱਬ ਦੀ ਬਣਾਈ ਹੋਈ ਕੁਦਰਤ ਨੂੰ ਪਿਆਰ ਕਰਨ ਦਾ ਯਤਨ ਕਰੀਏ। ਜਿਸ ਤਰ੍ਹਾਂ ਇੱਕ ਪੁੱਲ ਬਣਾਉਣ
ਲਈ ਦੋ ਮਜ਼ਬੂਤ ਥੰਮ੍ਹਾਂ ਦੀ ਜ਼ਰੂਰਤ ਹੁੰਦੀ ਹੈ, ਏਸੇ ਤਰ੍ਹਾਂ ਹੀ ਸੇਵਾ ਤੇ ਗੁਰਮਤ ਵਿਚਾਰ ਉਹ ਦੋ
ਥੰਮ ਹਨ, ਜਿੰਨ੍ਹਾਂ `ਤੇ ਸਿੱਖ ਧਰਮ ਦਾ ਪੁੱਲ ਖਲੋਤਾ ਹੈ, ਜੋ ਸੰਸਾਰ ਵਿੱਚ ਰਹਿੰਦਿਆ ਹੋਇਆਂ
ਨਿੰਰਕਾਰ ਨਾਲ ਜੋੜਦਾ ਹੈ। ਨਾਨਕਾਈ ਫਲਸਫ਼ੇ ਨੇ ਸਰਬ ਸਾਂਝੀਵਾਲਤਾ ਦੀ ਸੱਦ ਲਗਾਉਂਦਿਆਂ ਕਿਹਾ---
ਬਲਿਹਾਰੀ ਕੁਦਰਤਿ ਵਸਿਆ॥
ਤੇਰਾ ਅੰਤੁ ਨ ਜਾਈ ਲਖਿਆ॥
ਸਲੋਕੁ ਮ: ੧ ਪੰਨਾ ੪੬੯
ਸਾਰੇ ਗੁਰੂ ਸਾਹਿਬ ਵਿੱਚ ਮਨੁੱਖੀ ਜੀਵਨ ਜਾਚ ਦੇ ਉੱਚਤਮ ਨਮੂਨੇ ਦੀ ਵਿਚਾਰ ਤੇ ਫਿਰ ਇਸ ਸੰਸਾਰ
ਵਿੱਚ ਮਨੁੱਖਤਾ ਦੀ ਸ਼ੁਭ ਸੇਵਾ ਕਰਨ ਦਾ ਬਾਰ ਬਾਰ ਲੱਕਸ਼ ਦ੍ਰਿੜਾਇਆ ਗਿਆ ਹੈ। ਇੱਕ ਮਨੁੱਖ ਦੂਜੇ
ਮਨੁੱਖ ਦੇ ਕੰਮ ਆ ਸਕੇ।
ਵਿਗਿਆਨ ਦੀ ਖੋਜ ਨੇ ਮਨੁੱਖਤਾ ਦੇ ਭਲੇ ਲਈ ਬਹੁਤ ਵੱਡੀ ਸੇਵਾ ਕੀਤੀ ਤੇ ਕਰ ਰਹੀ ਹੈ। ਇਸ ਦੇ ਉਲਟ
ਕੁੱਝ ਉਹ ਵਿਗਿਆਨੀ ਵੀ ਹਨ ਜੋ ਨਕਲੀ ਦੁਆਈਆਂ ਜਾਂ ਸੰਸਾਰ ਮਾਰੂ ਹਥਿਆਰ ਬਣਾ ਬਣਾ ਕੇ ਮਨੁੱਖਤਾ ਨੂੰ
ਖਤਮ ਕਰਨ `ਤੇ ਤੁਲੇ ਹੋਏ ਹਨ।
ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆਂ ਦੀ ਸੇਵਾ ਕਰਨ ਨੂੰ ਮਹਾਨ ਕਾਰਜ ਦੱਸਿਆ ਹੈ। ਪਰ ਸਿੱਖੀ ਵਿੱਚ
ਸੇਵਾ ਸੁੰਗੜ ਕੇ ਸਿਰਫ ਦਿਖਾਵਿਆਂ ਜੋਗੀ ਹੀ ਰਹਿ ਗਈ ਹੈ। ਇਹ ਵੱਖਰੀ ਗੱਲ ਹੈ ਕਿ ਗੁਰੂ ਨਾਨਕ
ਸਾਹਿਬ ਜੀ ਨੇ ਸੇਵਾ ਪ੍ਰਤੀ ਸਾਨੂੰ ਜਾਗਰੁਕ ਕੀਤਾ ਹੈ ਪਰ ਅਸੀਂ ਉਸ `ਤੇ ਚੱਲੇ ਨਹੀਂ ਹਾਂ। ਉਂਜ
ਦੁਨੀਆਂ ਵਿੱਚ ਐਸੇ ਉਹ ਲੋਕ ਵੀ ਹਨ ਜਿੰਨ੍ਹਾਂ ਨੇ ਮਨੁੱਖਤਾ ਦੀ ਸੇਵਾ ਬਹੁਤ ਹੀ ਫਰਾਕ ਦਿੱਲ ਨਾਲ
ਕੀਤੀ ਹੈ।
ਮਨੁੱਖਤਾ ਦਾ ਮੈਲ਼ਾਂ ਮਨੁੱਖ ਦੇ ਸਿਰ ਦੁਆਰਾ ਢੋਇਆ ਜਾਂਦਾ ਸੀ। ਇਸ ਤੋਂ ਨਜਾਤ ਦਿਵਾਉਣ ਲਈ ਜਿਸ
ਵਿਗਿਆਨੀ ਨੇ ਸੀਵਰੇਜ ਦੀ ਕਾਢ ਕੱਢੀ ਹੈ ਉਸ ਦੀ ਮਹਾਨ ਸੇਵਾ ਹੈ। ਵਿਗਿਆਨੀਆਂ ਦੀਆਂ ਸੇਵਾਵਾਂ ਨੇ
ਮਹੀਨਿਆਂ ਦੀਆਂ ਦੂਰੀਆਂ ਨੂੰ ਦਿਨਾ ਵਿੱਚ ਬਦਲਿਆ ਤੇ ਦਿਨਾਂ ਦੀ ਦੂਰੀ ਘੰਟਿਆਂ ਵਿੱਚ ਬਦਲ ਕੇ ਨਵਾਂ
ਸੰਸਾਰ ਸਿਰਜਿਆ ਹੈ। ਉਸਾਰੀ ਕਾਢਾਂ ਯੁੱਗ ਪਲਟਾਊ ਹੁੰਦੀਆਂ ਹਨ।
ਦੁਨੀਆਂ ਦੀ ਸੇਵਾ ਨੂੰ ਮੁੱਖ ਰੱਖਦਿਆਂ ਹੋਇਆਂ ਡਾਕਟਰ ਭਿਆਨਕ ਬਿਮਾਰੀਆਂ ਦੇ ਅੱਗੇ ਅੜੇ ਤੇ
ਮਨੁੱਖਤਾ ਨੂੰ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਦੁਆਇਆ।
ਸਿੱਖਿਆ ਸ਼ਾਸਤਰੀਆਂ ਨੇ ਸੰਸਾਰ ਵਿਚੋਂ ਅਣਪੜ੍ਹਤਾ ਦਾ ਖਾਤਮਾ ਕਰਨ ਲਈ ਥਾਂ-ਪੁਰ-ਥਾਂ ਸਕੂਲਾਂ,
ਕਾਲਜਾਂ ਤੇ ਯੂਨੀਵਰਸਟੀਆਂ ਨੂੰ ਹੋਂਦ ਵਿੱਚ ਲਿਆ ਕੇ ਨਵੇਂ ਕੀਰਤੀ ਮਾਨ ਸਥਾਪਿਤ ਕੀਤੇ।
ਅੱਜ ਦੇ ਦੌਰ ਵਿੱਚ ਦੁਨੀਆਂ ਦੀ ਸੇਵਾ ਹਸਪਤਾਲ, ਨਹਿਰਾਂ, ਸੜਕਾਂ, ਪੁਲਾਂ, ਰੇਲਵੇ ਲਾਇਨਾਂ,
ਬਿਜਲੀ, ਸੁੰਦਰ ਪਾਰਕਾਂ ਤੇ ਲਾਇਬ੍ਰੇਰੀਆਂ ਬਣਾ ਕੇ ਕੀਤੀ ਜਾ ਸਕਦੀ ਹੈ। ਸਿਹਤਮੰਦ ਮੈਗ਼ਜ਼ੀਨ,
ਅਖ਼ਬਾਰਾਂ ਤੇ ਇੰਟਰਨੈਟ ਦੁਆਰਾ ਕੀਤੀ ਜਾ ਸਕਦੀ ਹੈ।
ਗੁਰੂ ਨਾਨਕ ਸਾਹਿਬ ਜੀ ਦੁਆਰਾ ਦੁਨੀਆਂ ਦੀ ਦੱਸੀ ਹੋਈ ਸੇਵਾ ਵਿੱਚ ਬਹੁਤ ਵੱਡਾ ਰੋਲ਼ ਘਚੋਲ਼ਾ ਪਾ
ਦਿੱਤਾ ਗਿਆ ਹੈ। ਸਿੱਖ ਪੰਥ ਵਿੱਚ ਦੁਨੀਆਂ ਦੀ ਸੇਵਾ ਦਾ ਅਦਰਸ਼ ਸੁੰਗੜ ਕੇ ਸਿਰਫ ਦਿਖਾਵੇ ਜੋਗਾ ਹੀ
ਰਹਿ ਗਿਆ ਹੈ।
ਸਿੱਖ ਕੌਮ ਵਿੱਚ ਆਪੇ ਬਣੇ ਕਾਰ ਸੇਵਾ ਵਾਲੇ ਬਾਬੇ ਤੇ ਸਾਧ ਲਾਣੇ ਦੁਆਰਾ ਜੋ ਸੇਵਾ ਦੇ ਨਾਂ `ਤੇ
ਲੁੱਟ ਕੀਤੀ ਜਾ ਰਹੀ ਹੈ ਕੌਮ ਨੂੰ ਉਸ ਤੋਂ ਜਾਗਰੁਕ ਹੋਣਾ ਚਾਹੀਦਾ ਹੈ।
ਗੁਰਦੁਆਰਿਆਂ ਦੇ ਸਿਧਾਂਤ ਨੂੰ ਚਿੱਟੇ ਮਾਰਬਲ ਥੱਲੇ ਦੱਬ ਕੇ ਸਾਉਂਡ ਸਿਸਟਮ ਨੂੰ ਖਰਾਬ ਕਰ ਦੇਣਾ
ਕਿਧਰ ਸੀ ਕਾਰ-ਸੇਵਾ ਹੈ? ਕਾਰਸੇਵਾ ਦੇ ਨਾਂ `ਤੇ ਗੁਰਦੁਆਰਿਆ ਵਿੱਚ ਇੰਨਾ ਜ਼ਿਆਦਾ ਮਾਰਬਲ ਲਗਾ
ਦਿੱਤਾ ਹੈ ਕਿ ਹਾਲ ਵਿੱਚ ਬੈਠਿਆਂ ਰਾਗੀ ਪਰਚਾਰਕ ਦੀ ਕੋਈ ਗੱਲ ਵੀ ਨਹੀਂ ਸੁਣਦੀ। ਸ਼ਾਇਦ ਕਥਾ ਕੀਰਤਨ
ਦੀ ਅਵਾਜ਼ ਨੂੰ ਸਦਾ ਲਈ ਬੰਦ ਕਰਦਿਆਂ ਗੁਰਮਤ ਵਲੋਂ ਕੋਰੇ ਬਾਬਿਆਂ ਨੇ ਮੰਦਰਾਂ ਦੀ ਤਰਜ਼ `ਤੇ ਪੱਥਰਾਂ
`ਤੇ ਪੱਥਰ ਲਗਾ ਦਿੱਤੇ ਹਨ। ਮਹਿੰਗੇ ਤੋਂ ਮਹਿੰਗਾ ਪੱਥਰ ਵੀ ਗਰਮੀਆਂ ਨੂੰ ਪੈਰ ਲੂੰਹਦਾ ਤੇ ਸਰਦੀਆਂ
ਨੂੰ ਠਾਰਦਾ ਹੈ। ਫਿਰ ਇਸ ਪੱਥਰ `ਤੇ ਘਟੀਆ ਜੇਹਾ ਟਾਟ ਵਛਾਇਆ ਹੁੰਦਾ ਹੈ।
ਕਿੰਨਾ ਚੰਗਾ ਹੁੰਦਾ ਜੇ ਗੁਰਦੁਆਰੇ ਦੇ ਹਾਲ ਨੂੰ ਸਾਦਾ ਹੀ ਰਹਿਣ ਦਿੱਤਾ ਜਾਂਦਾ ਤੇ ਇਸ ਦੀ ਜਗ੍ਹਾ
`ਤੇ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੀ ਇਮਾਰਤ ਨੂੰ ਸਵਾਰ ਪੂੰਝ ਕੇ ਲਾਇਬ੍ਰੇਰੀ, ਲਬਾਟਰੀਜ਼ ਤੇ
ਸਕੂਲ ਦੀ ਗਰਾਉਂਡ ਨੂੰ ਅਧੁਨਿਕ ਢੰਗ ਦੀ ਬਣਾਇਆ ਜਾਂਦਾ। ਖਿਡਾਰੀਆਂ ਨੂੰ ਖੇਢਣ ਦਾ ਸਮਾਨ ਦਿੱਤਾ
ਜਾਂਦਾ। ਮੇਰਿਆ ਵੀਰਿਆ ਤੂੰ ਦੁਨੀਆਂ ਵਿੱਚ ਕਿਦਾਂ ਤਰੱਕੀ ਕਰੇਂਗਾ? ਗੁਰੂ ਜੀ ਨੇ ਤੈਨੂੰ ਪੱਥਰ
ਪੂਜਾ ਤੋਂ ਵਰਜਿਆ ਸੀ ਪਰ ਤੂੰ ਪੱਥਰ ਨੂੰ ਗੁਰਦੁਆਰਿਆਂ ਤੇ ਲਗਾ ਲਗਾ ਕੇ ਇਤਿਹਾਸ ਹੀ ਮਿਟਾ ਲਿਆ ਈ?
ਕਿਸੇ ਗੁਰਦੁਆਰੇ ਵੀ ਚਲੇ ਜਾਓ ਇਕੋ ਥਾਂ `ਤੇ ਹੀ ਪੋਚਾ ਲਗਾਈ ਜਾਣ ਨੂੰ ਕੌਮ ਦੀ ਬਹੁਤ ਵੱਡੀ ਸੇਵਾ
ਸਮਝਿਆ ਹੋਇਆ ਹੈ। ਸਮਝਿਆ ਜਾ ਰਿਹਾ ਹੈ ਸਿਰਫ ਗੁਰਦੁਆਰਿਆਂ ਦੇ ਮਾਰਬਲ ਤੇ ਬਾਰ ਬਾਰ ਪੋਚਾ ਲਗਾਉਣ
ਨਾਲ ਗੁਰੂ ਜੀ ਸਾਰੀਆਂ ਖੁਸ਼ੀਆਂ ਬਖਸ਼ ਦੇਣਗੇ।
ਰੰਗ ਬਰੰਗੇ ਰੁਮਾਲਿਆਂ ਦੇ ਢੇਰ ਵਿੱਚ ਆਪਣੇ ਵਲੋਂ ਇੱਕ ਹੋਰ ਰੁਮਾਲਾ ਰੱਖ ਆਉਣਾ ਤੇ ਮਨ ਨੂੰ ਇਹ
ਧਰਵਾਸ ਦਿਵਾ ਲੈਣਾ ਕਿ ਮੈਂ ਗੁਰੂ ਸਾਹਿਬ ਜੀ ਨੂੰ ਬਸਤਰ ਦੇ ਆਇਆ ਹਾਂ ਤੇ ਗੁਰੂ ਜੀ ਬਹੁਤ ਖੁਸ਼
ਹੋਣਗੇ, ਸਿਰਫ ਗ਼ਬਾਰੇ ਵਾਲੀ ਹਵਾ ਹੀ ਹੈ। ਜਦ ਕਿ ਘਰ ਵਿੱਚ ਕੰਮ ਕਰਨ ਵਾਲੀ ਦਾ ਬੱਚਾ ਸਿਆਲ ਦੀ ਠਰੀ
ਰੁੱਤ ਵਿੱਚ ਬਿਨਾ ਸਵੈਟਰ ਦੇ ਬੈਠਾ ਠਰੂੰ ਠਰੂੰ ਕਰੀ ਜਾ ਰਿਹਾ ਸਾਰੇ ਪਰਵਾਰ ਨੂੰ ਦਿਸਦਾ ਹੈ। ਏੱਥੇ
ਸਾਡੀ ਸੋਚ ਕਹਿੰਦੀ ਹੈ ਕਿ ਇਹ ਬੱਚਾ ਪਿੱਛਲੇ ਜਨਮ ਵਿੱਚ ਮਾੜੇ ਕਰਮ ਕਰਕੇ ਆਇਆ ਸੀ ਇਸ ਲਈ ਇਹਦੇ
ਪਾਸ ਅੱਜ ਕਪੜਾ ਨਹੀਂ ਹੈ।
ਥੋੜੇ ਚਿਰ ਤੋਂ ਨਵਾਂ ਰਿਵਾਜ਼ ਸ਼ੁਰੂ ਹੋਇਆ ਹੈ ਕਿ ਜਿੱਥੇ ਵੀ ਨਗਰ ਕੀਰਤਨ ਹੁੰਦਾ ਹੈ ਚਾਲੀ ਪੰਜਾਹ
ਬੀਬੀਆਂ ਤੇ ਏਨੇ ਕੁ ਹੀ ਬੀਬੇ ਹੱਥਾਂ ਵਿੱਚ ਝਾੜੂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅੱਗੇ
ਝਾੜੂ ਦੀਆਂ ਚੁੰਝਾਂ ਲਗਾ ਲਗਾ ਤੇ ਬੇ-ਲੋੜਾ ਪਾਣੀ ਰੋੜ ਰੋੜ ਕੇ ਦਿਖਾਵੇ ਦੀ ਬਹੁਤ ਵੱਡੀ ਸੇਵਾ ਕਰ
ਰਹੇ ਹੁੰਦੇ ਹਨ। ਘਰ ਦੇ ਅੱਗੋਂ ਦੀ ਲੰਘ ਰਹੀ ਵਹਿਣੀ ਪੂਰੀ ਗੰਦਗੀ ਨਾਲ ਭਰੀ ਹੁੰਦੀ ਹੈ `ਤੇ ਉਸ ਦੇ
ਅੱਗੋਂ ਦੀ ਲੰਘਣ ਲੱਗਿਆ ਆਪਣੇ ਨੱਕ ਤੇ ਰੁਮਾਲ ਰੱਖ ਕੇ ਲੰਘ ਰਹੇ ਹੁੰਦੇ ਹਾਂ। ਇਹ ਵਹਿਣੀ ਸਾਡੇ ਹੀ
ਗੰਦ ਨਾਲ ਭਰੀ ਹੁੰਦੀ ਹੈ। ਏਸੇ ਹੀ ਨਗਰ ਕੀਰਤਨ ਦੇ ਮਗਰ ਮਗਰ ਰਹੀਸ ਪਰਵਾਰਾਂ ਵਲੋਂ ਗੁਰੂ ਕੀਆਂ
ਖੁਸ਼ੀਆਂ ਲੈਣ ਲਈ ਵਰਾਤਏ ਫ਼ਲ਼ ਫਰੂਟ ਦੀਆਂ ਛਿੱਲਾਂ, ਖਾਧੇ ਲ਼ੰਗਰ ਦੇ ਡੂਨੇ ਅਗਲੇ ਨਗਰ ਕੀਰਤਨ ਦੀ
ਉਡੀਕ ਵਿੱਚ ਬੈਠੇ ਬੈਠੇ ਸੜ ਰਹੇ ਹੁੰਦੇ ਹਨ। ਝਾੜੂਆਂ ਦੀਆਂ ਚੁੰਝਾਂ ਲਗਾਉਣ ਵਾਲੇ ਵੀਰ ਹਰ ਰੋਜ਼
ਬੇਦਰਦੀ ਨਾਲ ਉੱਪਰ ਦੀ ਲੰਘ ਰਹੇ ਹੁੰਦੇ ਹਨ ਪਰ ਕਦੇ ਕਿਸੇ ਨੇ ਚੁੱਕਣ ਦਾ ਕੰਮ ਨਹੀਂ ਕੀਤਾ। ਕਿਹਾ
ਜਾਂਦਾ ਹੈ ਕਿ ਇਹ ਸੇਵਾ ਅਸੀਂ ਥੋੜੀ ਕਰਨੀ ਹੈ, ਇਹ ਤੇ ਮਿਉਂਸਪੈਲਟੀ ਸੇਵਾਦਾਰਾਂ ਨੇ ਕਰਨੀ ਹੈ।
ਅਸੀਂ ਤੇ ਸਿਰਫ ਗੁਰੂ ਮਹਾਰਾਜ ਜੀ ਦੀ ਹੀ ਸੇਵਾ ਕਰਨੀ ਹੈ। ਝਾੜੂਆਂ ਦੀਆਂ ਚੁੰਝਾਂ ਵਾਲੀ ਆਪਣੀ
ਵੀਡੀਓ ਦੇਖ ਦੇਖ ਆਪੇ ਹੀ ਖੁਸ਼ ਹੋਈ ਜਾਂਦੇ ਹਾਂ।
ਹੋਲੇ ਮਹੱਲੇ ਦੇ ਸਮੇਂ ਅਨੰਦਪੁਰ ਨੂੰ ਜਾਣ ਵਾਲੀ ਸੰਗਤ ਲਈ ਇੱਕ ਮੀਲ ਵਿੱਚ ਚਾਰ ਚਾਰ ਲੰਗਰ ਧਾਰੀਆਂ
ਨੇ ਲੰਗਰ ਲਗਾਏ ਹੁੰਦੇ ਹਨ। ਸੜਕ ਦੇ ਐਨ ਵਿਚਕਾਰ ਇੱਕ ਵੱਡਾ ਸਾਰਾ ਸਰਕਾਰੀ ਦਰੱਖਤ ਵੱਢ ਕੇ ਸੁੱਟਿਆ
ਹੁੰਦਾ ਹੈ। ਲੱਕ ਦੁਆਲੇ ਪੀਲਾ ਪਰਨਾ ਬੰਨ੍ਹਕੇ ਹੱਥ ਵਿੱਚ ਮੋਟੀ ਸਾਰੀ ਡਾਂਗ ਫੜ ਕੇ ਹਰ ਕਾਰ ਬੱਸ
ਸਕੂਟਰ ਅੱਗੇ ਢਾਹ ਕੇ ਲੰਗਰ ਛੱਕਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਰੱਜਿਆਂ ਹੋਇਆਂ ਨੂੰ ਤੁੰਨ੍ਹ
ਤੁੰਨ੍ਹ ਕੇ ਲੰਗਰ ਛਕਾੳੇੁਣਾ ਸਵਾਏ ਆਪਣੀ ਹਉਮੇ ਪਾਲਣ ਤੋਂ ਵੱਧ ਕੁੱਝ ਵੀ ਨਹੀਂ ਹੈ। ਕੀ ਲੰਗਰ ਛਕਾ
ਛਕਾ ਕੇ ਪੇਟ ਖਰਾਬ ਕਰਨਾ ਹੀ ਸੇਵਾ ਹੈ। ਮਨ ਲਓ ਦੁਨੀਆਂ ਦੀ ਸੇਵਾ ਬਹੁਤ ਵੱਡੀ ਗੱਲ ਹੈ, ਤੇ ਹੋ
ਸਕਦਾ ਹੈ ਸਾਡੇ ਪਾਸੋਂ ਅਜੇਹੀ ਸੇਵਾ ਨਾ ਹੋ ਸਕੇ ਪਰ ਅਸੀਂ ਘਰ ਦੀ ਜਾਂ ਇਸ ਦੇ ਆਲੇ ਦੁਆਲੇ ਦੀ
ਸੇਵਾ ਤਾਂ ਕਰ ਸਕਦੇ ਹਾਂ। ਸਰਕਾਰੀ ਪਾਰਕਾਂ ਜਾਂ ਗਲ਼ੀ ਮਹੱਲੇ ਦੀ ਸਫ਼ਾਈ ਤਾਂ ਰੱਖ ਸਕਦੇ ਹਾਂ।
ਅੱਜ ਪੰਜਾਬ ਦਾ ਅੰਨਦਾਤਾ ਹੀ ਢਿੱਡੋਂ ਭੁੱਖਾ ਆਤਮ ਹੱਤਿਆਵਾਂ ਕਰ ਰਿਹਾ ਹੈ। ਕੀ ਸਾਡੇ ਘੜੰਮ
ਚੌਧਰੀਆਂ ਨੂੰ ਇਹ ਮਨੁੱਖ ਨਹੀਂ ਦਿਸਦੇ? ਹੋਰ ਤਾਂ ਹੋਰ ਕਾਰ ਸੇਵਾ ਵਾਲੇ ਚੌਰੇ ਜਾਂ ਧਾਰਮਕ
ਕਮੇਟੀਆਂ ਦੇ ਮੈਂਬਰ ਉਗਰਾਈ ਲੈਣ ਤਾਂ ਜ਼ਰੂਰ ਜਾਂਦੇ ਹਨ ਪਰ ਇਹਨਾਂ ਨੂੰ ਕਦੇ ਵੀ ਲੋੜਵੰਦ ਇਹ ਪਰਵਾਰ
ਦਿਸੇ ਹੀ ਨਹੀਂ ਹਨ।
ਅੱਜ ਸੇਵਾ ਦੇ ਨਾਂ `ਤੇ ਅਜੀਬ ਕਿਸਮ ਦੀ ਲੁੱਟਮਾਰ ਹੋ ਰਹੀ ਹੈ। ਸ਼ਹੀਦਾਂ ਦੇ ਪਰਵਾਰਾਂ ਨੂੰ ਨਵੇਂ
ਸਿਰੇ ਤੋਂ ਵਸਾਉਣ ਦੇ ਨਾਂ `ਤੇ ਸੇਵਾ। ਪਰਵਾਰਾਂ ਦੇ ਬੱਚਿਆਂ ਨੂੰ ਸੰਭਾਲਣ ਦੇ ਨਾਂ `ਤੇ ਸੇਵਾ।
ਹਾਂ ਸੇਵਾਵਾਂ ਹੋਣੀਆਂ ਚਾਹੀਦੀਆਂ ਹਨ ਪਰ ਪਾਰਦਰਸ਼ੀ ਹੋਣ, ਐਸਾ ਨਾ ਹੋਵੇ ਚੌਂਹ ਕੁ ਸਾਲਾਂ ਬਾਅਦ
ਇਹਨਾਂ ਮੋਹਰਿਆਂ ਵਿਚੋਂ ਪੈਸਿਆਂ ਦੇ ਲੈਣ ਦੇਣ ਦੇ ਇਲਜ਼ਾਮ ਕਰਕੇ ਕੋਈ ਨਵੀਂ ਸੰਸਥਾ ਖੜੀ ਕੀਤੀ
ਹੋਵੇ ਜੈਸਾ ਕੇ ਹੋ ਰਿਹਾ ਹੈ।
ਡੇਰਿਆਂ ਦੀਆਂ ਇਮਾਰਤਾਂ ਲਈ ਸੇਵਾ ਦੇ ਨਾਂ `ਤੇ ਪਰਦੇਸੀਂ ਬੈਠੇ ਕਿਰਤੀਆਂ ਪਾਸੋਂ ਮਾਇਆ ਲਿਆਂਦੀ
ਤਾਂ ਗਈ ਹੈ ਪਰ ਲੱਗੀ ਸਿਰਫ ਨਿੱਜੀ ਹਿੱਤਾਂ ਲਈ ਹੀ ਹੈ।
ਹੁਣ ਇੱਕ ਹੋਰ ਨਵਾਂ ਸ਼ੋਸ਼ਾ ਸੁਣਨ ਨੂੰ ਆਇਆ ਹੈ ਕਿ ਗਰੀਬ ਪਰਵਾਰਾਂ ਦੀਆਂ ਬੱਚੀਆਂ ਦੇ ਅਨੰਦ ਕਾਰਜਾਂ
ਲਈ ਮਾਇਆ ਦਿਲ ਖੋਹਲ ਕੇ ਦਿਓ। ਦਸ ਬਾਰ੍ਹਾਂ ਪਰਵਾਰਾਂ ਦੀਆਂ ਬੱਚੀਆਂ ਦੀਆਂ ਵੀਡੀਓਜ਼ ਬਣਾ ਕੇ ਕਈ ਕਈ
ਸਾਲ ਦਿਖਾ ਦਿਖਾ ਕੇ ਗਰੀਬ ਪਰਵਾਰਾਂ ਦਾ ਪੂਰਾ ਜਲੂਸ ਕੱਢਿਆ ਜਾ ਰਿਹਾ ਹੈ। ਧਰਮ ਦੇ ਨਾਂ `ਤੇ ਸੇਵਾ
ਦਾ ਮਹਾਨ ਕੁੰਭ ਦੱਸਿਆ ਜਾ ਰਿਹਾ ਹੈ। ਇਹਨਾਂ ਅਕਲ ਦਿਆਂ ਅਨ੍ਹਿਆਂ ਨੂੰ ਸਭ ਪਤਾ ਹੈ ਕਿ ਸਿੱਖ
ਸਿਧਾਂਤ ਅਨੁਸਾਰ ਗੁਰੂ ਦੀ ਹਜ਼ੂਰੀ ਵਿੱਚ ਬਿਨਾ ਦੇਣ ਲੈਣ ਦੇ ਅਨੰਦ ਕਾਰਜ ਦੀ ਸੰਪੂਰਨਤਾ ਰੱਖੀ ਹੋਈ
ਹੈ। ਇਹ ਸਿਰਫ ਦਿਖਾਵੇ ਦੀ ਸੇਵਾ ਹੈ ਜਿਸ ਦੁਆਰਾ ਉਹਨਾਂ ਦਾ ਵੱਡੇ ਮਕਾਨਾ ਵਿੱਚ ਰਹਿਣ ਵਾਲਾ ਤੋਰੀ
ਫੁਲਕਾ ਚੱਲ ਰਿਹਾ ਹੈ।
ਅਖੰਡਪਾਠਾਂ ਦੀਆਂ ਲੜੀਆਂ ਦੀ ਸੇਵਾ ਨੂੰ ਬਹੁਤ ਹੀ ਮਹਾਤਮ ਦੱਸਿਆ ਜਾ ਰਿਹਾ। ਬਿਨਾ ਸੰਥਿਆ ਦੇ ਪਾਠੀ
ਸਿਰ ਫੇਰ ਜਾਂ ਗੁਣਗੁਣਾਂ ਪਾਠ ਕਰਕੇ ਥੋੜੀ ਜੇਹੀ ਭੇਟਾ ਵਿੱਚ ਹੀ ਕਰੀ ਜਾ ਰਹੇ ਹਨ ਬਾਕੀ
ਪ੍ਰਬੰਧਕਾਂ ਦੀਆਂ ਜੇਬਾਂ ਵਿੱਚ ਮਾਇਆ ਆਪਣੇ ਆਪ ਚਲੀ ਜਾਂਦੀ ਹੈ।
ਹਰ ਗਲ਼ੀ ਮਹੱਲੇ ਵਿੱਚ ਹੈਂਕੜਬਾਜ਼ ਚੌਧਰੀ ਮਿਲ ਜਾਣਗੇ ਜਿੰਨਾਂ ਦਾ ਗੁਰਬਾਣੀ ਸਿਧਾਂਤ ਨਾਲ ਦੂਰ ਦਾ
ਵੀ ਵਾਹ-ਵਾਸਤਾ ਨਹੀਂ ਹੁੰਦਾ ਤੇ ਪੰਜਵਾਂ ਮਹਾਨ ਕੀਰਤਨ ਦਰਬਾਰ ਕਰਾ ਕੇ ਪੰਥ ਦੀ ਮਹਾਨ ਸੇਵਾ ਦੱਸ
ਰਹੇ ਹੁੰਦੇ ਹਨ। ਇਹਨਾਂ ਕੀਰਤਨ ਦਰਬਾਰਾਂ ਵਿਚੋਂ ਕੌਮ ਨੂੰ ਕੁੱਝ ਵੀ ਨਹੀਂ ਲੱਭਿਆ। ਇਹ ਸਿਰਫ
ਦਿਖਾਵੇ ਦੀ ਸੇਵਾ ਹੀ ਬਣ ਕੇ ਰਹਿ ਗਈ ਹੈ।
ਸੰਗਤ ਨੂੰ ਜਾਗਰੁਕ ਹੋਣ ਦੀ ਲੋੜ ਹੈ ਸੰਗਤ ਪੈਸੇ ਤਾਂ ਜ਼ਰੂਰ ਦੇ ਰਹੀ ਹੈ ਪਰ ਕਦੇ ਇਹ ਪਤਾ ਨਹੀਂ
ਕੀਤਾ ਕਿ ਸਾਡੇ ਪੈਸੇ ਸਹੀ ਥਾ `ਤੇ ਗਏ ਹਨ ਜਾਂ ਬਾਬਾ ਹੀ ਡਕਾਰ ਗਿਆ ਹੈ। ਪ੍ਰਸਿੱਧ ਨਾਵਲਕਾਰ
ਜਸਵੰਤ ਸਿੰਘ ਕੰਵਲ ਲਿਖਦੇ ਹਨ ਕਿ ਬਾਹਰਲੇ ਮੁਲਕਾਂ ਵਾਲਿਓ ਸੇਵਾ ਦੇ ਨਾਂ `ਤੇ ਇਹਨਾਂ ਵਿਹਲੜ
ਸਾਧਾਂ ਨੂੰ ਆਨਾ ਨਾ ਦਿਆ ਜੇ। ਇਹਨਾਂ ਵਿਹਲੜ ਸਾਧਾਂ ਨੇ ਸੇਵਾ ਦੇ ਨਾਂ `ਤੇ ਆਪਣੀਆਂ ਪੰਜ ਪੰਜ
ਮੰਜ਼ਲੀਆਂ ਮੜੀਆਂ ਤਾਂ ਜ਼ਰੂਰ ਬਣ ਲਈਆਂ ਹਨ ਪਰ ਕੌਮ ਦਾ ਡੱਕਾ ਭੰਨ ਕੇ ਦੋਹਰਾ ਨਹੀਂ ਕੀਤਾ।
ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਧਾਰਾ ਦੁਨੀਆਂ ਨੂੰ ਅੰਦਰੋਂ ਬਾਹਰੋਂ ਸਵਾਰਨ ਦੀ ਹੈ। ਜੇ ਅਸੀਂ
ਆਪਣੇ ਆਪ ਨੂੰ ਹੀ ਸਵਾਰ ਲਈਏ ਭਾਵ ਘੱਟੋ ਘੱਟ ਸੇਵਾ ਦੇ ਮਹੱਤਵ ਨੂੰ ਸਮਝਦਿਆਂ ਹੋਇਆਂ ਆਪਣੇ ਜੀਵਨ
ਵਿੱਚ ਸੇਵਾ ਦੇ ਢੰਗ ਤਰੀਕੇ ਨੂੰ ਅਪਨਾ ਲਈਏ ਤਾਂ ਜੀਵਨ ਵਿੱਚ ਖੇੜਾ ਆ ਸਕਦਾ ਹੈ।