ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 08)
ਜਪੁ ਜੀ ਦੀ ਸਤਵੀਂ ਪਉੜੀ ਦੇ
ਮਹਾਤਮ ਬਾਰੇ ਲੇਖਕ ਲਿਖਦਾ ਹੈ: “ਇਸ ਪਉੜੀ ਦਾ ਸੱਤ ਹਜ਼ਾਰ ਪਾਠ ਰਾਤ ਸਮੇਂ ਸੋਮਵਾਰ ਤੋਂ ਕਰਨਾ
ਇਕਵੰਜਾ ਦਿਨਾਂ ਵਿਚ, ਉਮਰ ਲੰਮੀ ਹੋਵੇ, ਸੁਖ ਹੋਵੇ।”
ਇਸ ਪਉੜੀ ਵਿੱਚ ਹੀ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸੇ ਵੀ ਸ਼ਬਦ ਵਿੱਚ ਉਮਰ ਵਧਾਉਣ ਦੀ
ਜੁਗਤੀ ਦਾ ਵਰਣਨ ਨਹੀਂ ਕੀਤਾ ਗਿਆ ਹੈ। ਗੁਰਬਾਣੀ ਵਿੱਚ ਤਾਂ ਮਨੁੱਖ ਨੂੰ ਅਕਾਲ ਪੁਰਖ ਦੇ ਭਾਣੇ ਦੀ
ਸੋਝੀ ਕਰਵਾ ਕੇ, ਇਸ ਅਨੁਸਾਰ ਚੱਲਣ ਦੀ ਜੁਗਤੀ ਹੀ ਦ੍ਰਿੜ ਕਰਵਾਈ ਹੋਈ ਹੈ।
ਧਿਆਨ ਰਹੇ ਕਿ ਹਜ਼ੂਰ ਨੇ ਇਸ ਪਉੜੀ ਵਿੱਚ ‘ਜੇ’ ਸ਼ਬਦ ਦੀ ਵਰਤੋਂ ਕੀਤੀ ਹੈ। ਗੁਰੂ ਸਾਹਿਬ ਕਹਿੰਦੇ ਹਨ
ਕਿ ਜੇਕਰ ਕਿਸੇ ਮਨੁੱਖ ਦੀ ਆਯੂ ਬਹੁਤ ਲੰਬੀ ਹੋਵੇ, ਪ੍ਰਸਿੱਧੀ ਵੀ ਹੋਵੇ, ਉਸ ਦੀ ਹਰੇਕ ਪਾਸੇ ਜੈ
ਜੈ ਕਰ ਵੀ ਹੋਵੇ, ਪਰ ਜੇਕਰ ਉਹ ਪਰਮ ਸੱਚ ਨਾਲੋਂ ਟੁਟਿਆ ਹੋਇਆ ਹੈ ਤਾਂ ਵੀ ਉਸ ਦਾ ਜੀਵਨ ਫਿਟਕਾਰ
ਜੋਗ ਹੈ। ਇਸ ਪਉੜੀ ਵਿੱਚ ਮੂਲ ਰੂਪ ਵਿੱਚ ਇਹੀ ਸਮਝਾਇਆ ਗਿਆ ਹੈ ਕਿ ਜੇਕਰ ਮਨੁੱਖ ਵਿਵੇਕ ਦ੍ਰਿਸ਼ਟੀ
ਨਹੀਂ ਰੱਖਦਾ ਤਾਂ ਇਸ ਦਾ ਜੀਵਨ ਵਿਅਰਥ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਗੱਲ ਨੂੰ ਇਸ ਤਰ੍ਹਾਂ
ਵੀ ਦਰਸਾਇਆ ਹੈ:-
ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ॥ ਨਵ ਖੰਡਨ ਕੋ ਰਾਜੁ
ਕਮਾਵੈ ਅੰਤਿ ਚਲੈਗੋ ਹਾਰੀ॥ (ਪੰਨਾ 712) ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਤੋਂ
ਬਿਨਾ ਜਿਤਨੀ ਭੀ ਜ਼ਿੰਦਗੀ ਗੁਜ਼ਾਰਨੀ ਹੈ (ਉਹ ਇਉਂ ਹੀ ਹੁੰਦੀ ਹੈ) ਜਿਵੇਂ ਸੱਪ (ਆਪਣੀ) ਉਮਰ
ਗੁਜ਼ਾਰਦਾ ਹੈ (ਉਮਰ ਭਾਵੇਂ ਲੰਮੀ ਹੁੰਦੀ ਹੈ, ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ
ਹੈ) । (ਸਿਮਰਨ ਤੋਂ ਵਾਂਜਿਆ ਹੋਇਆ ਮਨੁੱਖ ਜੇ) ਸਾਰੀ ਧਰਤੀ ਦਾ ਰਾਜ ਭੀ ਕਰਦਾ ਰਹੇ, ਤਾਂ ਭੀ ਆਖ਼ਰ
ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਹੀ ਜਾਂਦਾ ਹੈ।੧।
ਇਸ ਤਰ੍ਹਾਂ ਦੇ ਪ੍ਰਾਣੀ ਕਰੋੜਾਂ ਸਾਲ ਜਿਊਂ ਕੇ ਵੀ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦੇ ਹਨ:-
ਬਿਨੁ ਸਿਮਰਨ ਕੋਟਿ ਬਰਖ ਜੀਵੈ ਸਗਲੀ ਅਉਧ ਬ੍ਰਿਥਾਨਦ॥ ਏਕ ਨਿਮਖ ਗੋਬਿੰਦ
ਭਜਨੁ ਕਰਿ ਤਉ ਸਦਾ ਸਦਾ ਜੀਵਾਨਦ॥ 3॥ (ਪੰਨਾ 1204) ਅਰਥ: ਹੇ ਭਾਈ! ਪਰਮਾਤਮਾ ਦੇ ਸਿਮਰਨ
ਤੋਂ ਬਿਨਾ ਜੇ ਕੋਈ ਮਨੁੱਖ ਕ੍ਰੋੜਾਂ ਵਰ੍ਹੇ ਭੀ ਜੀਊਂਦਾ ਰਹੇ, (ਤਾਂ ਭੀ ਉਸ ਦੀ) ਸਾਰੀ ਉਮਰ ਵਿਅਰਥ
ਜਾਂਦੀ ਹੈ। ਪਰ ਜੇ ਮਨੁੱਖ ਗੋਬਿੰਦ ਦਾ ਭਜਨ ਅੱਖ ਝਮਕਣ ਜਿਤਨੇ ਸਮੇ ਲਈ ਭੀ ਕਰੇ, ਤਾਂ ਉਹ ਸਦਾ ਹੀ
ਆਤਮਕ ਜੀਵਨ ਜੀਊਂਦਾ ਹੈ।
ਪਰ ਇਸ ਪੁਸਤਕ ਦਾ ਲੇਖਕ ਜਪੁ ਜੀ ਦੀ ਇਸ ਪਉੜੀ ਦੇ ਸਬੰਧ ਵਿੱਚ ਲਿਖਦਾ ਹੈ ਕਿ ‘ਇਸ ਪਉੜੀ ਦੇ ਸੱਤ
ਹਜ਼ਾਰ ਪਾਠ’ ਕਰਨ ਨਾਲ ਉਮਰ ਲੰਮੀ ਹੋ ਜਾਵੇਗੀ। ਜਪੁ ਜੀ ਦੀ ਇਹ ਪਉੜੀ ਅਥਵਾ ਸਮੁੱਚੀ ਹੀ ਗੁਰਬਾਣੀ
ਤਾਂ ਮਨੁੱਖ ਨੂੰ ਅਕਾਲ ਪੁਰਖ ਦੇ ਹੁਕਮ ਦੀ ਸੋਝੀ ਕਰਾਕੇ ਸੱਚਾ-ਸੁੱਚਾ ਜੀਵਨ ਜਿਊਂਣ ਦੀ ਪ੍ਰੇਰਨਾ
ਦੇਂਦੀ ਹੈ। ਇਸ ਦੇ ਨਾਲ ਹੀ ਕਿਸੇ ਦੇ ਵਰ ਜਾਂ ਸਰਾਪ ਨਾਲ ਕਿਸੇ ਦੀ ਆਯੂ ਲੰਮੀ ਹੋਣ ਜਾਂ ਜੀਵਨ
ਲੀਲਾ ਦੇ ਸਮਾਪਤ ਹੋਣ ਦੀ ਧਾਰਨਾ ਨੂੰ ਵੀ ਮੁੱਢੋਂ ਹੀ ਰੱਦ ਕਰਦੀ ਹੈ। ਅਕਾਲ ਪੁਰਖ ਦੇ ਇਸ ਹੁਕਮ
ਸਬੰਧੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਮਨ ਲਿਖਤ ਫ਼ਰਮਾਨ ਰੌਸ਼ਨੀ ਪਾਉਂਦਾ ਹੋਇਆ, ਸਾਡਾ ਮਾਰਗ ਦਰਸ਼ਨ
ਇਉਂ ਕਰਦਾ ਹੈ:-
ਙਣਿ ਘਾਲੇ ਸਭ ਦਿਵਸ ਸਾਸ ਨਹ ਬਢਨ ਘਟਨ ਤਿਲੁ ਸਾਰ॥ ਜੀਵਨ ਲੋਰਹਿ ਭਰਮ
ਮੋਹ ਨਾਨਕ ਤੇਊ ਗਵਾਰ॥ 1॥ (ਪੰਨਾ 254) ਅਰਥ: (ਜੀਵ ਦੀ ਉਮਰ ਦੇ) ਸਾਰੇ ਦਿਨ ਸੁਆਸ ਗਿਣ
ਕੇ ਹੀ (ਜੀਵ ਨੂੰ ਜਗਤ ਵਿਚ) ਭੇਜਦਾ ਹੈ, (ਉਸ ਗਿਣਤੀ ਨਾਲੋਂ) ਇੱਕ ਤਿਲ ਜਿਤਨਾ ਭੀ ਵਧਾ ਘਟਾ ਨਹੀਂ
ਹੁੰਦਾ। ਹੇ ਨਾਨਕ! ਉਹ ਬੰਦੇ ਮੂਰਖ ਹਨ ਜੋ ਮੋਹ ਦੀ ਭਟਕਣਾ ਵਿੱਚ ਪੈ ਕੇ (ਪ੍ਰਭੂ ਵਲੋਂ ਮਿਲੀ ਉਮਰ
ਨਾਲੋਂ ਵਧੀਕ) ਜੀਊਣਾ ਲੋੜਦੇ ਹਨ।
ਗੁਰਬਾਣੀ ਦੇ ਇਸ ਫ਼ਰਮਾਨ ਵਿੱਚ ਤਾਂ ਉਨ੍ਹਾਂ ਮਨੁੱਖਾਂ ਨੂੰ ਮੂਰਖ ਆਖਿਆ ਹੈ ਜੇਹੜੇ ਪ੍ਰਭੂ ਦੇ ਹੁਕਮ
ਨੂੰ ਨਾ ਪਛਾਣਦੇ ਹੋਏ ਵਧੀਕ ਜੀਵਨ ਲੋੜਦੇ ਹਨ। ਪਰ ਲੇਖਕ ਹੁਰੀਂ ਇਸ ਬਾਣੀ ਦੇ ਗਿਣਤੀ ਦੇ ਪਾਠ ਕਰਨ
ਨਾਲ ਹੀ ਉਮਰ ਵਧਾਉਣ ਦੀ ਗੱਲ ਕਰ ਰਹੇ ਹਨ। ਗੁਰਬਾਣੀ ਤਾਂ ਇਹ ਵੀ ਸਮਝਾਉਂਦੀ ਹੈ ਕਿ ਇਨ੍ਹਾਂ
ਸੁਆਸਾਂ ਦੀ ਪੂੰਜੀ ਨੂੰ ਵਧਾਉਣਾ ਘਟਾਉਣਾ ਸਾਡੇ ਵੱਸ ਵਿੱਚ ਨਹੀਂ ਹੈ:-
ਮਿਰਤੁ ਦੂਖ ਸੂਖ ਲਿਖਿ ਪਾਏ॥ ਤਿਲੁ ਨਹੀ ਬਧਹਿ ਘਟਹਿ ਨ ਘਟਾਏ॥ ਸੋਈ ਹੋਇ
ਜਿ ਕਰਤੇ ਭਾਵੈ ਕਹਿ ਕੈ ਆਪੁ ਵਞਾਵਣਾ॥ 13॥ (ਪੰਨਾ 1086) ਅਰਥ: ਹੇ ਭਾਈ! ਮੌਤ ਦੁੱਖ ਸੁਖ
ਕਰਤਾਰ ਨੇ ਆਪ ਹੀ (ਜੀਵਾਂ ਦੇ ਲੇਖਾਂ ਵਿਚ) ਲਿਖ ਕੇ ਰੱਖ ਦਿੱਤੇ ਹਨ। ਨਾਹ ਇਹ ਵਧਾਇਆਂ ਰਤਾ ਭੀ
ਵਧਦੇ ਹਨ, ਨਾਹ ਇਹ ਘਟਾਇਆਂ ਰਤਾ ਭਰ ਘਟਦੇ ਹਨ। ਹੇ ਭਾਈ! ਜੋ ਕੁੱਝ ਕਰਤਾਰ ਨੂੰ ਚੰਗਾ ਲੱਗਦਾ ਹੈ
ਉਹੀ ਹੁੰਦਾ ਹੈ। (ਇਹ) ਆਖ ਕੇ (ਕਿ ਅਸੀ ਆਪਣੇ ਆਪ ਕੁੱਝ ਕਰ ਸਕਦੇ ਹਾਂ) ਆਪਣੇ ਆਪ ਨੂੰ ਖ਼ੁਆਰ ਹੀ
ਕਰਨਾ ਹੁੰਦਾ ਹੈ।
ਗੁਰਬਾਣੀ ਦੇ ਇਨ੍ਹਾਂ ਫ਼ਰਮਾਨਾਂ ਦੇ ਬਾਵਜੂਦ ਜੇਕਰ ਕੋਈ ਇਸ ਤਰ੍ਹਾਂ ਗੱਲਾਂ ਲਿਖ ਰਿਹਾ ਹੈ ਤਾਂ ਇਹ
ਲਿਖਣ ਵਾਲੇ ਦੀ ਆਪਣੀ ਹੀ ਮਤ ਆਖੀ ਜਾ ਸਕਦੀ ਹੈ, ਗੁਰੂ ਦੀ ਨਹੀਂ। ਭਾਂਵੇ ਇਤਿਹਾਸ ਵਿੱਚ ਮਨਘੜਤ
ਸਾਖੀਆਂ ਲਿਖੀਆਂ ਮਿਲਦੀਆਂ ਹਨ, ਜਿਨ੍ਹਾਂ ਵਿੱਚ ਗੁਰੂ ਸਾਹਿਬਾਨ ਜਾਂ ਸਾਹਿਬਜਾਦਿਆਂ ਵਲੋਂ ਕਿਸੇ
ਵਿਅਕਤੀ ਨੂੰ ਜੀਵਨ ਦਾਨ ਦਾ ਵਰਣਨ ਹੈ। ਉਦਾਹਰਣ ਵਜੋਂ ਬਾਬਾ ਅਟਲ ਜੀ ਬਾਰੇ ਪ੍ਰਚਲਤ ਸਾਖੀ, ਜਿਸ
ਵਿੱਚ ਆਪ ਜੀ ਨੂੰ ਆਪਣੇ ਇੱਕ ਸਾਥੀ ਨੂੰ ਜਿਊਂਦੇ ਕਰਨ ਅਤੇ ਬਾਬਾ ਗੁਰਦਿੱਤਾ ਜੀ ਵਲੋਂ ਮੋਈ ਹੋਈ ਗਊ
ਨੂੰ ਜਿਵਾਉਂਣ ਦਾ ਵਰਣਨ ਹੈ। ਪਾਠਕ ਖ਼ੁਦ ਹੀ ਇਸ ਗੱਲ ਨੂੰ ਵਿਚਾਰਨ ਕਿ ਕੀ ਗੁਰਬਾਣੀ ਦੇ ਕਥਨਾਂ
ਵਿੱਚ ਸਚਾਈ ਹੈ ਜਾਂ ਇਤਿਹਾਸ ਲਿਖਣ ਵਾਲਿਆਂ ਦੀ ਲਿਖਤ ਵਿਚ?
ਜਿੱਥੋਂ ਤੱਕ ਲੇਖਕ ਦਾ ਇਸ ਪਉੜੀ ਦੇ ਪਾਠ ਕਰਨ ਨਾਲ ਸੁਖ ਮਿਲਣ ਦੀ ਗੱਲ ਦਾ ਸਵਾਲ ਹੈ, ਇਸ ਬਾਰੇ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਸਾਨੂੰ ਸੇਧ ਬਖ਼ਸ਼ਸ਼ ਕੀਤੀ ਹੋਈ ਹੈ, ਉਸ ਦੀ ਸੰਖੇਪ ਵਿੱਚ ਚਰਚਾ ਕਰ
ਰਹੇ ਹਾਂ।
ਸੁਖ ਦੇ ਕਈ ਰੂਪ ਹਨ; ਮੁੱਖ ਰੂਪ ਵਿੱਚ ਸੁਖ ਤਨ ਤੇ ਮਨ ਦੇ ਤਲ ਦੇ ਮੰਨੇ ਜਾਂਦੇ ਹਨ। ਪੁਸਤਕ ਕਰਤਾ
ਇਸ ਪਉੜੀ ਦੇ ਪਾਠ ਨਾਲ ਮਿਲਣ ਵਾਲੇ ਸੁਖ ਦੇ ਸਰੂਪ ਬਾਰੇ ਸਪਸ਼ਟ ਰੂਪ ਵਿੱਚ ਕੁੱਝ ਨਹੀਂ ਲਿਖਦਾ,
ਕੇਵਲ ‘ਸੁਖ ਹੋਵੇ’ ਹੀ ਲਿਖਦਾ ਹੈ। ਜਿਸ ਤਰ੍ਹਾਂ ਲੇਖਕ ਬਾਣੀ ਦਾ ਮਹਾਤਮ ਦਰਸਾ ਰਿਹਾ ਹੈ, ਇਸ ਤੋਂ
ਇਹੀ ਸਪਸ਼ਟ ਹੁੰਦਾ ਹੈ ਕਿ ਲੇਖਕ ਯਕੀਨਨ ਤਨ ਦੇ ਤਲ ਦੇ ਸੁਖਾਂ ਦੀ ਗੱਲ ਹੀ ਕਰ ਰਿਹਾ ਹੈ। ਪਰੰਤੂ ਤਨ
ਦੇ ਤਲ ਦੇ ਸੁਖਾਂ ਦੇ ਕਈ ਰੂਪ ਹਨ: ਪਦਾਰਥਾਂ ਤੋਂ ਮਿਲਣ ਵਾਲੇ, ਪਰਵਾਰ, ਸਬੰਧੀਆਂ ਜਾਂ ਮਿੱਤਰਾਂ
ਆਦਿ ਤੋਂ ਮਿਲਣ ਵਾਲੇ ਆਦਿਕ। ਲੇਖਕ ਨੇ ਇਸ ਦਾ ਕੋਈ ਵੇਰਵਾ ਨਹੀਂ ਦਿੱਤਾ ਹੋਇਆ ਹੈ ਕੇਵਲ ‘ਸੁਖ
ਹੋਵੇ’ ਸ਼ਬਦ ਹੀ ਲਿਖਿਆ ਹੈ। ਚੌਗਿਰਦੇ ਵਲ ਨਿਗ੍ਹਾ ਮਾਰਿਆਂ ਇਹ ਸਪਸ਼ਟ ਹੁੰਦਾ ਹੈ ਕਿ ਇਸ ਦੁਨੀਆਂ
ਵਿੱਚ ਕੋਈ ਵੀ ਅਜਿਹਾ ਵਿਅਕਤੀ ਨਹੀਂ ਹੈ, ਜਿਸ ਨੂੰ ਹਰੇਕ ਤਰ੍ਹਾਂ ਦਾ ਸੁਖ ਪ੍ਰਾਪਤ ਹੋਇਆ ਹੋਇਆ
ਹੈ। ਜੇਕਰ ਕਿਸੇ ਵਿਅਕਤੀ ਨੂੰ ਖਾਣ-ਪੀਣ ਜਾਂ ਪਹਿਣਨ ਆਦਿ ਦੀ ਕੋਈ ਕਮੀ ਨਹੀਂ ਹੈ ਤਾਂ ਉਸ ਨੂੰ ਕੋਈ
ਸਰੀਰਕ ਰੋਗ ਆਦਿ ਲਗਿਆ ਹੋਇਆ ਹੈ। ਜੇਕਰ ਕਿਸੇ ਵਿਅਕਤੀ ਦਾ ਸਰੀਰ ਅਰੋਗ ਹੈ ਤਾਂ ਉਸ ਨੂੰ ਆਪਣੇ
ਪਰਵਾਰ ਦੀ ਕਿਸੇ ਸਮਸਿੱਆ ਨੇ ਘੇਰਿਆ ਹੋਇਆ ਹੈ। ਜੇਕਰ ਘਰ ਵਿੱਚ ਸਭ ਠੀਕ ਹੈ ਤਾਂ ਕੰਮ-ਕਾਜ ਦੀ
ਪ੍ਰਸ਼ਾਨੀ ਹੈ। ਗੱਲ ਕੀ ਹਰੇਕ ਮਨੁੱਖ ਨੂੰ ਕੋਈ ਨਾ ਸਮਸਿੱਆ ਜ਼ਰੂਰ ਹੈ, ਜਿਸ ਦਾ ਉਸ ਨੂੰ ਸਾਹਮਣਾ
ਕਰਨਾ ਪੈ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਫ਼ਰਮਾਨ ਇਸ ਸਚਾਈ ਵਲ ਹੀ ਸੰਕੇਤ ਕਰਦਾ ਹੈ:-
ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ॥
81॥ ਅਰਥ: ਹੇ ਫਰੀਦ! ਮੈਂ (ਪਹਿਲਾਂ ਮਨ ਦੇ ‘ਟੋਏ ਟਿੱਬੇ’ ਤੋਂ ਪੈਦਾ ਹੋਏ ਦੁੱਖ ਵਿੱਚ ਘਾਬਰ ਕੇ
ਇਹ) ਸਮਝਿਆ ਕਿ ਦੁੱਖ (ਸਿਰਫ਼) ਮੈਨੂੰ (ਹੀ) ਹੈ (ਸਿਰਫ਼ ਮੈਂ ਹੀ ਦੁਖੀ ਹਾਂ), (ਪਰ ਅਸਲ ਵਿੱਚ ਇਹ)
ਦੁੱਖ ਤਾਂ ਸਾਰੇ (ਹੀ) ਜਗਤ ਵਿੱਚ (ਵਾਪਰ ਰਿਹਾ) ਹੈ। ਜਦੋਂ ਮੈਂ (ਆਪਣੇ ਦੁੱਖ ਤੋਂ) ਉਚੇਰਾ ਹੋ ਕੇ
(ਧਿਆਨ ਮਾਰਿਆ) ਤਾਂ ਮੈਂ ਵੇਖਿਆ ਕਿ ਹਰੇਕ ਘਰ ਵਿੱਚ ਇਹੀ ਅੱਗ (ਬਲ) ਰਹੀ ਹੈ (ਭਾਵ, ਹਰੇਕ ਜੀਵ
ਦੁਖੀ ਹੈ)।
ਅਥਵਾ: ਨਾਨਕ ਦੁਖੀਆ ਸਭੁ ਸੰਸਾਰੁ॥ (ਪੰਨਾ 954) ਅਰਥ: ਹੇ ਨਾਨਕ! ਸਾਰਾ ਜਗਤ ਹੀ ਦੁਖੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਤਮਕ ਸੁਖ ਨੂੰ ਸਦਾ ਥਿਰ ਸੁਖ ਮੰਨਿਆ ਹੈ। ਇਸ ਸੁਖ ਤੋਂ ਬਿਨਾਂ ਹੋਰ
ਹਰੇਕ ਤਰ੍ਹਾਂ ਦਾ ਸੁਖ ਇਕੱਲਾ ਨਹੀਂ ਆਉਂਦਾ, ਆਪਣੇ ਨਾਲ ਦੁਖ ਨੂੰ ਵੀ ਲੈ ਕੇ ਆਉਂਦਾ ਹੈ। ਗੁਰਬਾਣੀ
ਵਿੱਚ ਇਸ ਹਕੀਕਤ ਨੂੰ ਇਉਂ ਦਰਸਾਇਆ ਹੈ:-
ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ॥ ਸੁਖੈ ਕਉ ਦੁਖੁ ਅਗਲਾ
ਮਨਮੁਖਿ ਬੂਝ ਨ ਹੋਇ॥ ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ॥ (ਪੰਨਾ 57)
ਅਰਥ: ਹਰੇਕ ਜੀਵ (ਦੁਨੀਆ ਵਾਲਾ) ਸੁਖ ਮੰਗਦਾ ਹੈ, ਕੋਈ ਭੀ ਦੁੱਖ ਨਹੀਂ ਮੰਗਦਾ; ਪਰ (ਮਾਇਕ) ਸੁਖ
ਨੂੰ ਦੁੱਖ-ਰੂਪ ਫਲ ਬਹੁਤ ਲੱਗਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਸ (ਭੇਤ) ਦੀ
ਸਮਝ ਨਹੀਂ ਆਉਂਦੀ (ਉਹ ਦੁਨੀਆ ਵਾਲੇ ਸੁਖ ਹੀ ਮੰਗਦਾ ਰਹਿੰਦਾ ਹੈ ਤੇ ਨਾਮ ਤੋਂ ਵਾਂਜਿਆ ਰਹਿੰਦਾ
ਹੈ)। (ਅਸਲ ਵਿੱਚ ਦੁਨੀਆ ਦੇ) ਸੁਖ ਤੇ ਦੁਖ ਇਕੋ ਜਿਹੇ ਹੀ ਸਮਝਣੇ ਚਾਹੀਦੇ ਹਨ। ਅਸਲ ਆਤਮਕ ਸੁਖ
ਤਦੋਂ ਹੀ ਮਿਲਦਾ ਹੈ ਜੇ ਗੁਰੂ ਦੇ ਸ਼ਬਦ ਦੀ ਰਾਹੀਂ ਮਨ ਨੂੰ ਵਿੰਨ੍ਹ ਲਿਆ ਜਾਏ (ਮਨ ਨੂੰ ਨੱਥ ਕੇ
ਦੁਨੀਆ ਦੇ ਮੌਜ-ਮੇਲਿਆਂ ਵਲੋਂ ਰੋਕ ਕੇ ਰੱਖਿਆ ਜਾਏ)।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਨੁੱਖ ਦਾ ਹੁਕਮ ਨੂੰ ਸਮਝਣ ਦੀ ਬਜਾਏ ਦੁਨਿਆਵੀ ਸੁਖਾਂ ਦੀ ਹੀ ਮੰਗ
ਕਰਨ ਨੂੰ ਝੱਖ ਮਾਰਨਾ ਕਿਹਾ ਹੈ। ਚੂੰਕਿ ਜੀਵਨ ਵਿੱਚ ਇਹ ਦੁੱਖ ਸੁਖ ਹਰੇਕ ਮਨੁੱਖ ਦੇ ਜੀਵਨ ਦੇ ਅੰਗ
ਹਨ:-
ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ॥ ਸੁਖੁ ਦੁਖੁ ਦੁਇ ਦਰਿ
ਕਪੜੇ ਪਹਿਰਹਿ ਜਾਇ ਮਨੁਖ॥ ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ॥ (ਪੰਨਾ 149) ਅਰਥ: ਹੇ
ਨਾਨਕ! (ਇਹ ਜੋ) ਦੁਖ ਛੱਡ ਕੇ ਸੁਖ ਪਏ ਮੰਗਦੇ ਹਨ, ਅਜੇਹਾ ਬੋਲਣਾ ਸਿਰ ਖਪਾਈ ਹੀ ਹੈ, ਸੁਖ ਤੇ ਦੁਖ
ਦੋਵੇਂ ਪ੍ਰਭੂ ਦੇ ਦਰ ਤੋਂ ਕੱਪੜੇ ਮਿਲੇ ਹੋਏ ਹਨ ਜੋ, ਮਨੁੱਖ ਜਨਮ ਲੈ ਕੇ ਇਥੇ ਪਹਿਨਦੇ ਹਨ (ਭਾਵ,
ਦੁੱਖਾਂ ਤੇ ਸੁਖਾਂ ਦੇ ਚੱਕਰ ਹਰੇਕ ਉੱਤੇ ਆਉਂਦੇ ਹੀ ਰਹਿੰਦੇ ਹਨ); ਸੋ ਜਿਸ ਦੇ ਸਾਹਮਣੇ ਇਤਰਾਜ਼
ਗਿਲਾ ਕੀਤਿਆਂ (ਅੰਤ) ਹਾਰ ਹੀ ਮੰਨਣੀ ਪੈਂਦੀ ਹੈ ਓਥੇ ਚੁੱਪ ਰਹਿਣਾ ਹੀ ਚੰਗਾ ਹੈ (ਭਾਵ ਰਜ਼ਾ ਵਿੱਚ
ਤੁਰਨਾ ਸਭ ਤੋਂ ਚੰਗਾ ਹੈ)।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਸੁਖ ਨੂੰ ਹਾਸਲ ਕਰਨ ਦਾ ਢੰਗ ਇਉਂ ਬਿਆਨ ਕੀਤਾ ਹੈ:-ਜਉ
ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ॥ ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ॥ 27॥ (ਪੰਨਾ
1427) ਅਰਥ: ਹੇ ਨਾਨਕ! ਆਖ—ਹੇ ਮਨ! ਸੁਣ, ਇਹ ਮਨੁੱਖਾ ਸਰੀਰ ਬੜੀ ਮੁਸ਼ਕਿਲ ਨਾਲ ਮਿਲਦਾ ਹੈ
(ਇਸ ਨੂੰ ਮਾਇਆ ਦੀ ਖ਼ਾਤਰ ਭਟਕਣਾ ਵਿੱਚ ਹੀ ਨਹੀਂ ਰੋਲ ਦੇਣਾ ਚਾਹੀਦਾ)। ਸੋ, ਜੇ (ਮਨੁੱਖ) ਆਤਮਕ
ਆਨੰਦ (ਹਾਸਲ ਕਰਨਾ) ਚਾਹੁੰਦਾ ਹੈ, ਤਾਂ (ਉਸ ਨੂੰ ਚਾਹੀਦਾ ਹੈ ਕਿ) ਪਰਮਾਤਮਾ ਦੀ ਸਰਨ ਪਿਆ ਰਹੇ।
ਗੱਲ ਕੀ, ਗੁਰਬਾਣੀ ਅਨੁਸਾਰ ਸੁਖ ਕੇਵਲ ਇਸ ਪਉੜੀ ਜਾਂ ਬਾਣੀ ਦਾ ਪਾਠ ਕਰਨ ਨਾਲ ਨਹੀਂ ਸਗੋਂ ਬਾਣੀ
ਦੇ ਆਸ਼ੇ ਅਨੁਸਾਰ ਆਪਣਾ ਜੀਵਨ ਬਣਾਉਣ ਨਾਲ ਹੀ ਮਿਲਦਾ ਹੈ। ਬਾਣੀ ਦੁਆਰਾ ਮਿਲਣ ਵਾਲੇ ਸੁਖ ਦਾ ਸਰੂਪ
ਆਤਮਕ ਅਥਵਾ ਸਹਿਜ ਸੁਖ ਹੈ। ਇਹ ਸੁਖ ਬਾਹਰਲੀ ਕਿਸੇ ਵੀ ਸਥਿੱਤੀ ਤੋਂ ਪ੍ਰਭਾਵਿਤ ਨਹੀਂ ਹੁੰਦਾ।
ਗੁਰੂ ਸਾਹਿਬਾਨ ਅਤੇ ਗੁਰਸਿੱਖਾਂ ਦੇ ਜੀਵਨ ਵਲ ਨਜ਼ਰ ਮਾਰਿਆਂ ਇਸ ਸੁਖ ਦੇ ਸਰੂਪ ਨੂੰ ਸਪਸ਼ਟ ਰੂਪ
ਵਿੱਚ ਦੇਖ ਸਕੀਦਾ ਹੈ।
ਇਸ ਪਉੜੀ ਦਾ ਅਰਥ ਇਸ ਪ੍ਰਕਾਰ ਹੈ:-
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ॥ ਨਵਾ ਖੰਡਾ ਵਿਚਿ ਜਾਣੀਐ ਨਾਲਿ
ਚਲੈ ਸਭੁ ਕੋਇ॥ ਅਰਥ:-ਜੇ ਕਿਸੇ ਮਨੁੱਖ ਦੀ ਉਮਰ ਚਾਰ ਜੁਗਾਂ ਜਿਤਨੀ ਹੋ ਜਾਏ, (ਨਿਰੀ ਇਤਨੀ
ਹੀ ਨਹੀਂ, ਸਗੋਂ ਜੇ) ਇਸ ਤੋਂ ਭੀ ਦਸ ਗੁਣੀ ਹੋਰ (ਉਮਰ) ਹੋ ਜਾਏ, ਜੇ ਉਹ ਸਾਰੇ ਸੰਸਾਰ ਵਿੱਚ ਭੀ
ਪਰਗਟ ਹੋ ਜਾਏ ਅਤੇ ਹਰੇਕ ਮਨੁੱਖ ਉਸ ਦੇ ਪਿੱਛੇ ਲੱਗ ਕੇ ਤੁਰੇ।
ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ॥ ਜੇ ਤਿਸੁ ਨਦਰਿ ਨ ਆਵਈ ਤ
ਵਾਤ ਨ ਪੁਛੈ ਕੇ॥ ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ॥ ਅਰਥ:- ਜੇ ਉਹ ਚੰਗੀ ਨਾਮਵਰੀ
ਖੱਟ ਕੇ ਸਾਰੇ ਸੰਸਾਰ ਵਿੱਚ ਸ਼ੋਭਾ ਭੀ ਪ੍ਰਾਪਤ ਕਰ ਲਏ, ਜੇਕਰ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਵਿੱਚ
ਨਹੀਂ ਆ ਸਕਦਾ, ਤਾਂ ਉਹ ਉਸ ਬੰਦੇ ਵਰਗਾ ਹੈ ਜਿਸ ਦੀ ਕੋਈ ਖ਼ਬਰ ਭੀ ਨਹੀਂ ਪੁੱਛਦਾ (ਭਾਵ, ਇਤਨੀ ਮਾਣ
ਵਡਿਆਈ ਵਾਲਾ ਹੁੰਦਿਆਂ ਭੀ ਅਸਲ ਵਿੱਚ ਨਿਆਸਰਾ ਹੀ ਹੈ)। (ਸਗੋਂ ਅਜਿਹਾ ਮਨੁੱਖ ਅਕਾਲ ਪੁਰਖ ਦੇ
ਸਾਹਮਣੇ) ਇੱਕ ਮਮੂਲੀ ਜਿਹਾ ਕੀੜਾ ਹੈ ( “ਖਸਮੈ ਨਦਰੀ ਕੀੜਾ ਆਵੈ”। ਆਸਾ ਮ: 1) ਅਕਾਲ ਪੁਰਖ ਉਸ
ਨੂੰ ਦੋਸੀ ਥਾਪ ਕੇ (ਉਸ ਉੱਤੇ ਨਾਮ ਨੂੰ ਭੁੱਲਣ ਦਾ) ਦੋਸ਼ ਲਾਉਂਦਾ ਹੈ।
ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ॥ ਤੇਹਾ ਕੋਇ ਨ ਸੁਝਈ ਜਿ
ਤਿਸੁ ਗੁਣੁ ਕੋਇ ਕਰੇ॥ 7॥ (ਪੰਨਾ 2) ਅਰਥ:- ਹੇ ਨਾਨਕ! ਉਹ ਅਕਾਲ ਪੁਰਖ ਗੁਣ-ਹੀਨ ਮਨੁੱਖ
ਵਿੱਚ ਗੁਣ ਪੈਦਾ ਕਰ ਦੇਂਦਾ ਹੈ ਤੇ ਗੁਣੀ ਮਨੁੱਖਾਂ ਨੂੰ ਭੀ ਗੁਣ ਉਹੀ ਬਖ਼ਸ਼ਦਾ ਹੈ। ਇਹੋ ਜਿਹਾ ਕੋਈ
ਹੋਰ ਨਹੀਂ ਦਿੱਸਦਾ, ਜੋ ਨਿਰਗੁਣ ਜੀਵ ਨੂੰ ਕੋਈ ਗੁਣ ਦੇ ਸਕਦਾ ਹੋਵੇ। (ਪ੍ਰਭੂ ਦੀ ਮਿਹਰ ਦੀ ਨਜ਼ਰ
ਹੀ ਉਸ ਨੂੰ ਉੱਚਾ ਕਰ ਸਕਦੀ ਹੈ, ਲੰਮੀ ਉਮਰ ਤੇ ਜਗਤ ਦੀ ਸ਼ੋਭਾ ਸਹਾਇਤਾ ਨਹੀਂ ਕਰਦੀ)। 7.
ਸੋ, ਇਸ ਪਉੜੀ ਦਾ ਅਸਲ ਮਹਾਤਮ ਇਸ ਵਿਚਲੇ ਭਾਵ ਨੂੰ ਹਿਰਦੇ ਵਿੱਚ ਵਸਾ ਕੇ ਸੱਚਾ-ਸੁੱਚਾ ਜੀਵਨ
ਜਿਊਂਣਾ ਹੀ ਹੈ। ਇਸ ਤਰ੍ਹਾਂ ਦਾ ਜੀਵਨ ਜੀਵਿਆਂ ਹੀ ਅਸੀਂ ਆਤਮਕ ਸੁਖ ਮਾਣ ਸਕਦੇ ਹਾਂ।
ਜਸਬੀਰ ਸਿੰਘ ਵੈਨਕੂਵਰ