.

ਦਸਮ ਗ੍ਰੰਥ ਦੀ ਅਸਲੀਯਤ
(ਕਿਸ਼ਤ ਨੰ: 15)

ਦਲਬੀਰ ਸਿੰਘ ਐੱਮ. ਐੱਸ. ਸੀ.

ਸ਼ਾਕਤ ਮਤ ਨਾਲ ਜੋੜਨ ਵਾਲਾ ਗ੍ਰੰਥ: ਬਚਿਤ੍ਰ ਨਾਟਕ ਗ੍ਰੰਥ/ਅਖਉਤੀ ਦਸਮ ਗ੍ਰੰਥ।

ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟ ਜੁ ਬੇਰਿ।।

ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਨ ਹੇਰਿ।। (ਸਲੋਕ ੮੮, ਅੰਗ ੧੩੬੯)

(ਸਾਕਤ = ਸ਼ਾਕਤ-ਮਤੀਆ, ਸ਼ਕਤੀ ਦਾ ਉਪਾਸ਼ਕ, ਦੁਰਗਾ ਪੂਜਕ, ਕਾਲੀ ਦਾ ਭਗਤ। ਸ਼ਾਕਤ ਮਤ = ਜਿਸ ਵਿੱਚ ਸ਼ਕਤੀ ਹੀ ਸਾਰੇ ਦੇਵੀ ਦੇਵਤਿਆਂ ਤੋਂ ਪ੍ਰਧਾਨ ਹੈ; ਸ਼ਾਕਤ ਲੋਕ ਦਸ ਮਹਾਵਿਦਯਾ ਅਰਥਾਤ ਦਸ ਦੇਵੀਆਂ ਦੀ ਉਪਾਸਨਾ ਕਰਦੇ ਹਨ – ਕਾਲੀ, ਤਾਰਾ, ਖੋੜਸ਼ੀ, ਭੁਵਨੇਸ਼ਵਰੀ, ਭੈਰਵੀ, ਛਿਨ ਮਸਤਕਾ, ਧੂਮਾਵਤੀ, ਵਗਲਾ, ਮਾਤੰਗੀ ਅਤੇ ਕਮਲਾ। ਇਹਨਾਂ ਨੂੰ ਵਾਮ-ਮਾਰਗੀ ਵੀ ਆਖਦੇ ਹਨ ਜੋ ਸਿਵ-ਸ਼ਕਤੀ (ਸ਼ਿਵ-ਪਾਰਵਤੀ) ਦੇ ਅਰਧ-ਨਾਰੀਸ਼ਵਰ ਰੂਪ, ਮਹਾਕਾਲ-ਕਾਲਕਾ, ਦੇ ਖੱਬੇ (ਵਾਮ) ਪਾਸੇ (ਦੇਵੀ) ਦੇ ਉਪਾਸਕ ਹਨ ਜੋ ਮਾਸ, ਮਦਿਰਾ, ਮੈਥੁਨ (ਸ਼ਰਮੋ-ਹਯਾ ਪਾਸੇ ਰਖ ਕੇ ਖੁਲੇ-ਆਮ ਮਾਂ-ਪੁਤਰ, ਪਿਉ-ਧੀ, ਭੈਣ-ਭਰਾ ਦੇ ਰਿਸ਼ਤੇ ਭੁੱਲ ਕੇ ਕੀਤਾ ਜਾਂਦਾ ਵਿਭਚਾਰ, ਜਿਵੇਂ ਚੋਲੀ ਪੰਥ), ਮਾਇਆ, ਮੁਦ੍ਰਾ ਪੰਜ ਮਕਾਰ ਧਰਮ ਦੇ ਅੰਗ ਮੰਨਦੇ ਹਨ।

ਬ੍ਰਹਮ-ਗਿਆਨੀ ਸ਼ਿਰੋਮਣੀ-ਭਗਤ ਕਬੀਰ ਸਾਹਿਬ ਜੀ ਨੇ ਬਾਣੀ ਵਿੱਚ ਅਨੇਕਾਂ ਥਾਂਈਂ ਸਾਕਤ (ਸ਼ਾਕਤ-ਮਤੀਏ, ਸ਼ਕਤੀ-ਪੂਜਕ ਅਰਥਾਤ ਦੇਵੀ-ਪੂਜਕ) ਲੋਕਾਂ ਤੋਂ ਬਚ ਕੇ ਰਹਿਣ ਦਾ ਉਪਦੇਸ਼ ਦਿਤਾ ਹੈ। ਕਬੀਰ ਸਾਹਿਬ ਸਮਝਾਂਦੇ ਹਨ ਕਿ ਜਿਵੇਂ ਕੇਲੇ ਦੇ ਨਰਮ ਪੇੜ ਨੂੰ ਬੇਰ ਦੀ ਕੰਡਿਆਲੀ ਝਾੜ ਹਵਾ ਝੁਲਣ ਤੇ ਚੀਰ ਦੇਂਦੀ ਹੈ ਤਿਵੇ ਹੀ ਸ਼ਾਕਤ-ਮਤੀਏ ਦਾ ਸੰਗ ਤਾਂ ਆਤਮਕ-ਮੌਤ ਸਹੇੜਨਾ ਹੈ, ਇਹਨਾਂ ਤੋਂ ਦੂਰ ਹੀ ਰਹੋ। ਇਹਨਾਂ ਸ਼ਾਕਤ-ਮਤੀਆਂ ਨਾਲੋਂ ਤਾਂ ਸੂਅਰ (ਕਬੀਰ ਸਾਕਤ ਤੇ ਸੂਕਰ ਭਲਾ. .) ਚੰਗਾ ਹੈ ਜੋ ਕਿ ਗੰਦ ਖਾ ਕੇ ਪਿੰਡ ਦੀ ਸਫ਼ਾਈ ਕਰਦਾ ਹੈ। ਗੁਰਸਿਖ ਨੇ ਸ਼ਾਕਤ-ਮਤੀਏ ਤੋਂ ਉਲਟੀ ਜੀਵਨ-ਜਾਚ ਅਪਨਾਉਣੀ ਹੈ:

ਉਲਟੀ ਰੇ ਮਨ ਉਲਟੀ ਰੇ।। ਸਾਕਤ ਸਿਉ ਕਰਿ ਉਲਟੀ ਰੇ।। (ਮਹਲਾ ੫, ਅੰਗ ੫੩੫)

ਅਜ ਸਿਖ ਕੌਮ ਨੂੰ ਸਭ ਤੋਂ ਵਧ ਖ਼ਤਰਾ ਸਿੱਖੀ-ਸਰੂਪ ਵਾਲੇ ਸ਼ਾਕਤ-ਮਤੀਆਂ ਤੋਂ ਹੈ ਜੋ ਕਿ ਬਚਿਤ੍ਰ ਨਾਟਕ ਗ੍ਰੰਥ ਨੂੰ ਗੁਰੂ ਗੋਬਿੰਦ ਜੀ ਦੀ ਲਿਖਤ ਦਸ ਕੇ ਗੁਰੂ ਸਾਹਿਬ ਨੂੰ ਦੇਵੀ-ਪੂਜਕ ਸਿਧ ਕਰਨਾ ਚਾਹੁੰਦੇ ਹਨ। ਗੁਰਸਿਖੋ! ਖ਼ਬਰਦਾਰ! ! ਇਸ ਗ੍ਰੰਥ ਨੂੰ ਆਪ ਪੜ ਕੇ, ਸਮਝ ਕੇ, ਅੰਨ੍ਹੀ ਸ਼ਰਧਾ ਦੀ ਘੁਮਣ-ਘੇਰੀ ਵਿਚੋਂ ਨਿਕਲ ਕੇ, ਦਸਣਾ ਕਿ ਹੇਠ ਲਿਖੀਆਂ ਗੱਲਾਂ ਠੀਕ ਹਨ ਜਾਂ ਨਹੀਂ। ਇਸ ਗ੍ਰੰਥ ਨੂੰ ਸਮਝਣ ਲਈ ਪਹਿਲੋਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਮਝੋ। ਫਿਰ ਇਹ ਪੁਸਤਕਾਂ ਪੜਨੀਆਂ ਪੈਣਗੀਆਂ (੧) ਮਾਰਕੰਡੇਯ ਪੁਰਾਣ (ਦੇਵੀ ਦੁਰਗਾ, ਸ਼ਿਵਾ, ਚੰਡੀ, ਭਗਉਤੀ, ਕਾਲਕਾ, ਕਾਲ. . ਦੀਆਂ ਕਹਾਣੀਆਂ; ਚੰਡੀ ਦੀ ਵਾਰ ਦਾ ਆਧਾਰ), (੨) ਸ਼ਿਵ ਪੁਰਾਣ (ਦੇਵਤਾ ਸ਼ਿਵ, ਮਹਾਕਾਲ. . , ਔਰਤਾਂ ਦੇ ਮਾੜੇ ਚਰਿਤ੍ਰ ਕਥਾਵਾਂ ਦਾ ਆਧਾਰ ਅਤੇ ਸ਼ਿਵ-ਸਹਸਤ੍ਰ-ਨਾਮਾ), (੩) ਸ੍ਰੀਮਦ ਭਾਗਵਤ ਪੁਰਾਣ (ਦੇਵਤਾ ਵਿਸ਼ਨੂੰ ਅਤੇ ਉਸਦੇ ੨੪ ਅਵਤਾਰਾਂ, ਰਾਮ-ਅਵਤਾਰ, ਕ੍ਰਿਸਨ-ਅਵਤਾਰ. . ਦੀਆਂ ਕਹਾਣੀਆਂ), (੪) ਡਾ: ਰਤਨ ਸਿੰਘ ਜੱਗੀ ਦਾ ਪੰਜ ਪੋਥੀਆਂ ਵਿੱਚ ਕੀਤਾ ਦਸਮ ਗ੍ਰੰਥ ਦਾ ਟੀਕਾ।

ਬਚਿਤ੍ਰ ਨਾਟਕ ਗ੍ਰੰਥ ਦੇ ਲਿਖਾਰੀ ਕੌਣ: ਸ਼ਾਕਤ-ਮਤੀਏ ਕਵੀ ਸ਼ਯਾਮ, ਕਵੀ ਰਾਮ, ਕਵੀ ਕਾਲ ਜਿਨਾਂ ਦੀ ਕਵਿ-ਛਾਪ ਕਈ ਪੰਨਿਆਂ ਤੇ ਸਪਸ਼ਟ ਦਿਸਦੀ ਹੈ (ਕੁਝ ਖਾਸ ਪੰਨੇ ਨੰਬਰ ੧੫੫, ੨੧੩, ੩੦੪, ੩੬੭, ੪੦੬, ੪੮੭, ੪੮੯, ੫੧੬, ੫੬੦, ੬੬੯, ੮੮੪, ੯੮੯, ੧੧੨੮, ੧੧੩੮, ੧੨੪੫, ੧੨੯੪, ੧੩੫੫)

ਪੰਨਾ ੧੫੫ ਤੇ ਲਿਖਿਆ ਸਿਰਲੇਖ ਪਾਤਸ਼ਾਹੀ ੧੦ ਬਹੁਤ ਵੱਡਾ ਧੋਖਾ ਹੈ ਕਿਉਂਕਿ ਕਵਿ ਸਯਾਮ ਤਖੱਲਸ ਸਾਫ਼ ਲਿਖਿਆ ਹੈ:

ਪਾਤਸ਼ਾਹੀ ੧੦।। ਅਥ ਚੌਬੀਸ ਅਵਤਾਰ।। ……ਬਰਨਤ ‘ਸਯਾਮ` ਜਥਾ ਮਤ ਭਾਈ।।

ਇਸੇ ਤਰ੍ਹਾਂ ਦਾ ਪਾਤਸ਼ਾਹੀ ੧੦ ਲਿਖਿਆ ਧੋਖਾ (Fraud) ਪੰਨਾ ੬੬੯ ਤੇ ਵੀ ਕੀਤਾ ਗਿਆ ਹੈ। ਰਹਿਰਾਸ ਵਿੱਚ ਪੜੀ ਜਾਂਦੀ ਕਬਿਯੋ ਵਾਚ ਬੇਨਤੀ ਚੌਪਈ ਦਾ ਸਿਰਲੇਖ ਗੁਟਕਿਆਂ ਵਿੱਚ ਪਾਤਸ਼ਾਹੀ ੧੦ ਕਿਸੇ ਸ਼ਰਾਰਤੀ ਨੇ ਛਾਪ ਦਿੱਤਾ ਹੈ ਪਰ ਬਚਿਤ੍ਰ ਨਾਟਕ ਗ੍ਰੰਥ ਵਿੱਚ ਇਸ ਚੋਪਈ ਦਾ ਸਿਰਲੇਖ ਪਾਤਸ਼ਾਹੀ ੧੦ ਨਹੀ। ਗੁਰ-ਮਰਯਾਦਾ ਮਹਲਾ ੧, ਮਹਲਾ ੨,. . , ਮਹਲਾ ੯ ਲਿਖਣ ਦੀ ਹੈ ਨ ਕਿ ਪਾਤਸ਼ਾਹੀ ੧, ੨. . ੯ ਲਿਖਣ ਦੀ। ਪਾਤਸ਼ਾਹੀ ੧੦ ਦਾ ਲੇਬਲ ਲਾ ਕੇ ਸਾਨੂੰ ਮੂਰਖ ਬਣਾਇਆ ਜਾ ਰਿਹਾ ਹੈ।

ਬਚਿਤ੍ਰ ਨਾਟਕ ਗ੍ਰੰਥ/ਅਖਉਤੀ ਦਸਮ ਗ੍ਰੰਥ ਵਿੱਚ ਬਹੁਤ ਸਾਰੀਆਂ ਰਚਨਾਂਵਾਂ ਸ਼ਾਕਤ-ਮਤੀ ਸਿਧਾਂਤ, ਦੇਵੀ ਦੇਵਤਿਆਂ ਦੀ ਪੂਜਾ, ਸ਼ਰਾਬ ਭੰਗ ਆਦਿਕ ਨਸ਼ੇ ਵਰਤਣ ਦੀ ਖੁੱਲ, ਵਿਭਚਾਰੀ ਅਤੇ ਮਨਮੁਖੀ ਜੀਵਨ ਹੀ ਦ੍ਰਿੜ ਕਰਾਉਂਦੀਆਂ ਹਨ। ਪੜੋ ਜੀ, (੧) ਜੈ ਜੈ ਹੋਸੀ ਮਹਿਖਾਸੁਰ ਮਰਦਨ …. . (ਦੇਵੀ ਦੁਰਗਾ, ਜਿਸਨੇ ਮਹਿਖਾਸੁਰ ਦੈਂਤ ਨੂੰ ਮਾਰਿਆ, ਦੀ ਜੈ ਜੈਕਾਰ ਕਰਦੇ ੨੦ ਸਵੈਯੇ, ੨੧੧ ਤੋਂ ੨੩੦ ਤਕ, ਪੰਨਾ ੩੦ ਤੋਂ ੩੩ ਤਕ)

(੨) ਪ੍ਰਿਥਮ ਭਗਉਤੀ ਸਿਮਰ ਕੇ. . (ਪਉੜੀ ੧, ਪੰਨਾ ੧੧੯) ਅਤੇ ਪੰਨਾ ੧੨੭ ਤੇ ਆਖਰੀ ਪਉੜੀ; ਦੁਰਗਾ ਪਾਠ ਬਣਾਇਆ ਸਭੇ ਪਉੜੀਆਂ।। ਵਾਰ ਦੁਰਗਾ/ਚੰਡੀ/ਭਗਉਤੀ ਜੀ ਕੀ ਦੀਆਂ ਸਾਰੀਆਂ ਪਉੜੀਆਂ ਦੇਵੀ-ਦੁਰਗਾ-ਪਾਠ ਹਨ। (ਮਾਰਕੰਡੇਯ ਪੁਰਾਣ ਵਿੱਚ ਲਿਖੀ ਦੇਵੀ ਦੁਰਗਾ ਦੀਆਂ ਕਥਾਂਵਾਂ ਤੇ ਆਧਾਰਤ ਦੁਰਗਾ-ਪਾਠ)।

(੩) ਸਰਬਕਾਲ ਹੈ ਪਿਤਾ ਅਪਾਰਾ।। ਦੇਬਿ ਕਾਲਕਾ ਮਾਤ ਹਮਾਰਾ।। (ਪੰਨਾ ੭੩) ਇਹ ਹੈ ਇਸ਼ਟ ਦਾ ਸਰੂਪ। ਸਰਬਕਾਲ ਨੂੰ ਹੀ ਮਹਾਕਾਲ (ਜਿਸਦੀ ਸੰਗਿਨੀ ਦੇਵੀ ਕਾਲਕਾ, ਭਵਾਨੀ, ਦੁਰਗਾ, ਕਾਲੀ, ਮਹਾਕਾਲੀ ਹੈ) ਲਿਖਿਆ ਗਿਆ ਹੈ।

(੪) ਮੈ ਨ ਗਨੇਸ਼ਹਿ ਪ੍ਰਿਥਮ ਮਨਾਉ।। ਕਿਸ਼ਨ ਬਿਸ਼ਨ ਕਬਹੂੰ ਨ ਧਿਆਉ।। ਕਾਨ ਸੁਨੇ ਪਹਿਚਾਨ ਨ ਤਿਨ ਸੋ।। ਲਿਵ ਲਾਗੀ ਮੋਰੀ ਪਗ ਇਨ ਸੋ।। ਮਹਾਕਾਲ ਰਖਵਾਰ ਹਮਾਰੋ।। ਮਹਾਲੋਹ ਹਮ ਕਿੰਕਰ ਥਾਰੋ।। (ਛੰਦ ੪੩੪-੪੩੫) (ਪੰਨਾ ੩੦੯)

(੫) ਕੇਵਲ ‘ਕਾਲ` ਈ ਕਰਤਾਰ।। (ਪੰਨਾ ੭੧੧), ਅਰਥਾਤ ੴ ਕਰਤਾਰ ਨਹੀ, ਕਾਲ ਜੋ ਕਿ ਕੰਨਾਂ ਵਿਚੋਂ ਮੈਲ ਕਢ ਕੇ ਸ੍ਰਿਸ਼ਟੀ ਰਚਦਾ ਦਸਿਆ ਗਿਆ ਹੈ, ਕਰਤਾਰ ਹੈ, ਕਿਵੇਂ ਮੰਨੀਏ? ਅਤੇ ਇਸੇ ਕਾਲ (ਕਿਤੇ ਮਹਾਕਾਲ, ਆਖਰੀ ਤ੍ਰਿਯਾ ਚਰਿਤ੍ਰ ਪੰਨਾ ੧੩੮੭) ਅੱਗੇ ਚੋਪਈ ‘ਹਮਰੀ ਹਾਥ ਦੇ ਰੱਛਾ।। …. . ` ਉਚਾਰ ਕੇ ਬੇਨਤੀ ਕਵਿ ਸ਼ਯਾਮ ਨੇ ਕੀਤੀ ਹੈ। ਗੁਰਸਿਖ ਦੀ ਬੇਨਤੀ /ਅਰਦਾਸ ਕੇਵਲ ਗੁਰੂ–ਪਰਮਾਤਮਾ ਅੱਗੇ ਹੀ ਹੋਣੀ ਚਾਹੀਦੀ ਹੈ ਨਾ ਕਿ ਮਹਾਕਾਲ-ਕਾਲਕਾ ਅੱਗੇ।

(੬) ਮੁੰਡ ਕੀ ਮਾਲ ਦਿਸਾਨ ਕੇ ਬਾਮ ਕਰਿਓ ਗਲ ਮੈ ਅਸਿ ਭਾਰੋ।। ਬਾਮ ਕਰਿਯੋ ਗਲ ਮੈ ਅਸਿ ਭਾਰੋ।। ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੋ।। ਛੁਟੇ ਹੈਂ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਉਜਯਾਰੋ।। ਛਾਡਤ ਜਵਾਲ ਲਏ ਕਰ ਬਯਾਲ ਸੁ ‘ਕਾਲ` ਸਦਾ ਪ੍ਰਤਿਪਾਲ ਤਿਹਾਰੋ।। (ਪੰਨਾ ੮੧੦ ਤੇ ਕਾਲ ਦਾ ਸ਼ਰੀਰਧਾਰੀ ਭਿਆਨਕ ਰੂਪ) ਅਰਥਾਤ ਗਲੇ ਵਿੱਚ ਖੋਪੜੀਆਂ ਦੀ ਮਾਲਾ, ਸਰੀਰ ਨੰਗਾ, ਖੱਬੇ ਪਾਸੇ ਭਾਰੀ ਤਲਵਾਰ, ਲਾਲ ਡਰਾਉਣੀਆਂ ਅੱਖਾਂ ਜਿਵੇਂ ਮੱਥੇ ਤੇ ਅੰਗਾਰੇ, ਡਰਾਉਣੇ ਬਿਖਰੇ ਵਾਲ, ਭਿਆਨਕ ਦੰਦ, ਮੂੰਹ ਵਿਚੋਂ ਨਿਕਲਦੀਆਂ ਅੱਗ ਦੀਆਂ ਲਪਟਾਂ; ਐਸਾ ਕਾਲ ਦਾ ਸਰੂਪ, ਜੋ ਕਿ ਤੁਹਾਡਾ (ਵਾਮ-ਮਾਰਗੀਆਂ ਦਾ ਜਾਂ ਗੁਰਸਿਖਾਂ ਦਾ?) ਪਾਲਣਹਾਰ ਹੈ।

(੭) ਅਉਰ ਸਕਾਲ ਸਭੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ।। (ਕੀ ਸ਼ਰੀਰਧਾਰੀ ਕਾਲ ਹੀ ਅਕਾਲ ਪੁਰਖੁ ਹੈ?)

(੮) ਮਹਾਕਾਲ ਕੋ ਸਿਖਯ ਕਰਿ ਮਦਿਰਾ ਭਾਂਗ ਪਿਵਾਇ।। (ਪੰਨਾ ੧੨੧੦) ਜਿਸ ਮਹਾਕਾਲ ਦਾ ਸਿਖ ਬਣ ਕੇ ਭੰਗ ਸ਼ਰਾਬ ਪੀਣੀ ਪਵੇ, ਉਸ ਮਹਾਕਾਲ ਨੂੰ ਵਾਹਿਗੁਰੂ ਮੰਨਣਾ ਗੁਰਸਿਖ ਦੀ ਮਹਾ-ਮੂਰਖਤਾ ਹੀ ਹੈ।

ਕੁਝ ਸਿਖ–ਵਿਰੋਧੀ ਲਿਖਾਰੀ ਬਚਿਤ੍ਰ ਨਾਟਕ ਗ੍ਰੰਥ/ਅਖਉਤੀ ਦਸਮ ਗ੍ਰੰਥ ਦੀ ਓਟ ਲੈਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦੇਵੀ-ਪੂਜਕ ਸਿਧ ਕਰ ਰਹੇ ਹਨ। ਡਾ: ਰਤਨ ਸਿੰਘ ਜੱਗੀ ਨੇ ਅਖਉਤੀ ਦਸਮ ਗ੍ਰੰਥ ਦਾ ਟੀਕਾ (ਅਰਥ) ਪੰਜ ਪੋਥੀਆਂ ਵਿੱਚ ਕੀਤਾ ਹੈ; ਪਹਿਲੀ ਪੋਥੀ ਵਿੱਚ ਲਿਖੀ ਭੂਮਿਕਾ ਸਿਧ ਕਰਦੀ ਹੈ ਕਿ ਇਹ ਕਿਹਾ ਜਾਂਦਾ ਦਸਮ ਗ੍ਰੰਥ ਅਪ੍ਰਮਾਣੀਕ ਗ੍ਰੰਥ ਹੈ। ਇਹ ਗੁਰੂ ਪਰਵਾਨਤ ਗ੍ਰੰਥ ਨਹੀ ਹੈ। ਇਸ ਗ੍ਰੰਥ ਨੂੰ ਕਿਸੇ ਸੋਧਕ ਕਮੇਟੀ ਨੇ ਸੋਧ ਕੇ ਮੋਜੂਦਾ ਰੂਪ ਦਿਤਾ ਹੈ। ਭਲਾ ਦਸੋ, ਗੁਰਬਾਣੀ ਨੂੰ ਕੋਈ ਸਿਖ ਜਾਂ ਕੋਈ ਕਮੇਟੀ ਸੋਧ ਸਕਦੀ ਹੈ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਵੀ ਅੱਖਰ ਬਦਲਿਆ ਜਾਂ ਸੋਧਿਆ ਨਹੀ ਜਾ ਸਕਦਾ; ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਅਰਜਨ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪ੍ਰਮਾਣਿਕਤਾ ਪ੍ਰਾਪਤ ਹੈ। ਪਰ ਅਖਉਤੀ ਦਸਮ ਗ੍ਰੰਥ ਨੂੰ ਦਸਮ ਨਾਨਕ ਦੀ ਨਿਗਰਾਨੀ ਹੇਠ ਸੰਪਾਦਨ ਨਹੀ ਕੀਤਾ ਗਿਆ ਅਤੇ ਇਸਨੂੰ ਦਸਮ ਗੁਰੂ ਗ੍ਰੰਥ ਸਾਹਿਬ ਮੰਨਣਾ ਵਡੀ ਘਾਤਕ ਭੁਲ ਹੈ। ਗੁਰਬਾਣੀ ਨੂੰ ਸੋਧਣ ਦੀ ਲੋੜ ਹੀ ਨਹੀ ਅਤੇ ਸੋਧਣ ਦਾ ਹਕ ਕੇਵਲ ਗੁਰੂ ਸਾਹਿਬ ਦਾ ਹੀ ਸੀ। ਕਿਸੇ ਸਿਖ ਜਾਂ ਕਿਸੇ ਕਮੇਟੀ ਦੀ ਸੋਧੀ ਹੋਈ ਰਚਨਾ ਗੁਰਬਾਣੀ ਨਹੀ ਹੋ ਸਕਦੀ।

ਅਭੁਲ ਗੁਰੂ ਜੀ ਦੀ ਬਾਣੀ ਨੂੰ ਭੁਲਣਹਾਰ ਮਨੁਖ ਕਿਵੇਂ ਸੋਧ ਸਕਦੈ? ਅਖਉਤੀ ਦਸਮ ਗ੍ਰੰਥ ਨੂੰ ਪ੍ਰਚਾਰਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਪੈਦਾ ਕਰ ਰਹੇ ਹਨ। ਇਉਂ ਕਹੀਏ ਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਸਿੱਧਾ ਹਮਲਾ ਹੈ। ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜ ਕੇ ਦਸਮ ਗ੍ਰੰਥ ਨਾਲ ਜੋੜਨ ਵਾਲੇ ਚਾਹੁੰਦੇ ਹਨ ਕਿ ਸਿਖਾਂ ਨੂੰ ਬ੍ਰਾਹਮਣ-ਵਾਦੀ ਗ੍ਰੰਥਾਂ ਨਾਲ ਜੋੜ ਕੇ ਸਿਖਾਂ ਨੂੰ ਧੁਰੇ ਤੋਂ ਦੂਰ ਕਰ ਦਿੱਤਾ ਜਾਵੇ। ਗੁਰੂ ਸਾਹਿਬ ਦੀ ਇਹ ਚੇਤਾਵਨੀ ਯਾਦ ਰਖੀਏ:

ਦੁਇ ਪੁੜ ਚਕੀ ਜੋੜਿ ਕੈ ਪੀਸਣ ਆਏ ਬਹਿਠੁ।। ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ।। (ਅੰਗ ੧੪੨)

ਚੱਕੀ ਦੀ ਮਿਸਾਲ ਦੇ ਕੇ ਸਤਿਗੁਰੁ ਜੀ ਸਮਝਾ ਰਹੇ ਹਨ ਕਿ ਜਿਹੜੇ ਦਾਣੇ ਚੱਕੀ ਦੇ ਧੁਰੇ (ਕਿੱਲੀ) ਦੇ ਨੇੜੇ ਰਹੇ, ਉਹ ਦਾਣੇ ਬਚ ਗਏ ਪਰ ਜਿਹੜੇ ਦਾਣੇ ਧੁਰੇ ਤੋਂ ਦੂਰ ਚਲੇ ਗਏ, ਉਹ ਰਗੜੇ ਗਏ। ਠੀਕ ਇਸੇ ਤਰ੍ਹਾਂ ਜਿਹੜੇ ਸਿਖ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋਕੇ ਕਿਸੇ ਹੋਰ ਗ੍ਰੰਥ ਜਾਂ ਦੇਹਧਾਰੀ ਗੁਰੂ ਜਾਂ ਸ਼ਾਕਤ-ਮਤੀਏ ਨਾਲ ਜੁੜਨਗੇ ਉਹਨਾਂ ਦੀ ਆਤਮਕ ਮੌਤ ਨਿਸ਼ਚਿਤ ਹੈ।

ਸਿੱਖ ਕੋਮ ਦਾ ਬਚਾਅ ਵੀ ਤਾਂ ਹੀ ਮੁਮਕਿਨ ਹੈ ਜੇ ਸਿਖ ਕੌਮ ਸਾਰੇ ਕੱਚੀ ਬਾਣੀ ਵਾਲੇ ਗ੍ਰੰਥ ਤਿਆਗ ਕੇ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਨਾਲ ਜੁੜ ਜਾਵੇ। ਸਿਖ ਮੱਥਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕੇ ਪਰ ਬਾਣੀ ਹੋਰ ਕਿਸੇ ਗ੍ਰੰਥ ਦੀ ਪੜ੍ਹੀ ਜਾਵੇ ਤਾਂ ਉਹ ਸਿਖ ਧੋਖਾ ਕਿਸ ਨੂੰ ਦੇ ਰਿਹਾ ਹੈ? ਯਕੀਨਨ ਆਪਣੇ ਆਪ ਨੂੰ ਕਿਉਕਿ ਉਹ ਅਨੰਦੁ ਬਾਣੀ ਦੀ ਪਉੜੀ:

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ।। ਬਗੈਰ ਸਮਝੇ ਹੀ ਪੜੀ ਜਾ ਰਿਹਾ ਹੈ। ਚੇਤੇ ਰਖੀਏ ਇਹ ਗੁਰਵਾਕ,

ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ।। (ਅੰਗ ੪੮੪), ਲੋਕਾਂ ਨੂੰ ਸ਼ਾਇਦ ਥੋੜੀ ਦੇਰ ਲਈ ਮੂਰਖ ਬਣਾਇਆ ਜਾ ਸਕਦਾ ਹੈ ਪਰ ਪਰਮਾਤਮਾ ਅਤੇ ਗੁਰੂ ਨੂੰ ਮੂਰਖ ਕਿਵੇਂ ਬਣਾ ਸਕਦੇ ਹਾਂ? ਕੋਈ ਸਿਖ ਗੁਰੂ ਤੋਂ ਵਧ ਸਿਆਣਾ ਨਹੀਂ ਹੋ ਸਕਦਾ।

ਗੁਰਸਿਖ ਸਾਕਤ-ਮਤੀਆਂ ਵਾਂਙ ਸ਼ਿਵ (ਮਹਾਕਾਲ) ਅਤੇ ਸ਼ਿਵ ਦੀ ਸੰਗਿਨੀ ਸ਼ਕਤੀ (ਦੁਰਗਾ, ਭਵਾਨੀ, ਕਾਲ, ਕਾਲਕਾ. .) ਦਾ ਉਪਾਸ਼ਕ ਨਹੀ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ੁਰਮਾਨ ਹਨ:

ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ।। (ਗੁਰੂ ਗ੍ਰੰਥ ਸਾਹਿਬ, ਅੰਗ ੯੨੦)

ਅਰਥਾਤ, ਸ਼ਿਵ ਅਤੇ ਸ਼ਕਤਿ ੴ ਨੇ ਪੈਦਾ ਕੀਤੇ ਹਨ ਅਤੇ ਉਹਨਾਂ ਤੇ ੴ ਦਾ ਹੀ ਹੁਕਮ ਚਲਦਾ ਹੈ।

ਜਬ ਨਿਰਗੁਨ ਪ੍ਰਭ ਸਹਜ ਸੁਭਾਇ।। ਤਬ ਸਿਵ ਸਕਤਿ ਕਹਹੁ ਕਿਤੁ ਠਾਇ।। (ਅੰਗ ੨੯੧)

ਅਰਥਾਤ, ਜਦੋਂ ੴ ਦਾ ਕੇਵਲ ਨਿਰਗੁਨ (Formless) ਸਰੂਪ ਹੀ ਸੀ (ਜੋ ਕਿ ਹੁਣ ਵੀ ਹੈ ਅਤੇ ਅਗੇ ਵੀ ਰਹੇਗਾ) ਅਤੇ ਸੰਸਾਰ ਦੀ ਰਚਨਾ (ਸਰਗੁਨ ਸਰੂਪ) ਨਹੀ ਸੀ ਤਾਂ ਦਸੋ, ਸ਼ਿਵ ਅਤੇ ਸ਼ਕਤੀ ਕਿਸ ਥਾਂ ਸਨ? ਭਾਵ, ਨਹੀ ਸਨ। ਇਸ ਨੂੰ ਵਿਸਤਾਰ ਨਾਲ ਸਮਝਣ ਲਈ ਮਾਰੂ ਸੋਲਹੇ ਦਾ ਸਬਦ: ਅਰਬਦ ਨਰਬਦ ਧੁੰਧੂਕਾਰਾ।। ਧਰਣਿ ਨ ਗਗਨਾ ਹੁਕਮੁ ਅਪਾਰਾ।। … ਬ੍ਰਹਮਾ ਬਿਸਨ ਮਹੇਸ ਨ ਕੋਈ।। ਅਵਰੁ ਨ ਦੀਸੈ ਏਕੌ ਸੋਈ।। (ਅੰਗ ੧੦੩੫) ਧਿਆਨ ਨਾਲ ਵੀਚਾਰਨਾ ਚਾਹੀਦਾ ਹੈ।

ਸਿਵਾ ਸਕਤਿ ਸੰਬਾਦੰ।। ਮਨ ਛੋਡਿ ਛੋਡਿ ਸਗਲ ਭੇਦੰ।। ਸਿਮਰਿ ਸਿਮਰਿ ਗੋਬਿੰਦੰ।। ਭਜੁ ਨਾਮਾ ਤਰਸਿ ਭਵ ਸਿੰਧੰ।। (੮੭੩) ਹੇ ਮਨ! ਸ਼ਿਵ ਦੀਆਂ ਸ਼ਿਵ ਪੁਰਾਣ ਵਿੱਚ ਲਿਖੀਆਂ ਅਤੇ ਸ਼ਕਤੀ (ਦੁਰਗਾ) ਦੀਆਂ ਮਾਰਕੰਡੇਯ ਪੁਰਾਣ ਵਿੱਚ ਲਿਖੀਆਂ ਕਥਾ/ਵਾਰਤਾ ਦੇ ਭੇਦ ਸਮਝਣੇ ਛਡ ਦੇ। ਹੇ ਨਾਮਦੇਵ! ੴ ਦਾ ਨਾਮ ਜਪ ਜਪ ਕੇ ਸੰਸਾਰ-ਸਾਗਰ ਪਾਰ ਕਰਣ ਦਾ ਉੱਦਮ ਕਰ।

ਪਰ ਜੇ ਕੋਈ ਸਿਖ ਅਖਵਾਏ, ਪਰ ਗੁਰੂ ਦੀ ਬਾਣੀ/ਗੁਰ-ਉਪਦੇਸ਼ ਨ ਮੰਨੇ, ਤਾਂ ਕੁੱਝ ਪ੍ਰਾਪਤੀ ਨ ਹੋਣ ਤੇ ਦੋਸ਼ ਸਿਖ ਦਾ ਹੀ ਹੈ: ਕਬੀਰ ਸਾਚਾ ਸਤਿਗੁਰੁ ਕਿਆ ਕਰੇ ਜਉ ਸਿਖਾ ਮਹਿ ਚੂਕ।। ਅੰਧੇ ਏਕ ਨ ਲਗਈ ਜਿਉ ਬਾਂਸ ਬਜਾਈਐ ਫੂਕ।। (ਅੰਗ ੧੩੭੨) ਜਿਹ ਕਰਣੀ ਹੋਵਹਿ ਸਰਮਿੰਦਾ ਇਹਾ ਕਮਾਨੀ ਰੀਤਿ।। ਸੰਤ ਕੀ ਨਿੰਦਾ ਸਾਕਤ ਕੀ ਪੂਜਾ ਐਸੀ ਦ੍ਰਿੜੀ ਬਿਪਰੀਤਿ।। (ਅੰ: ੬੭੩)




.