ਵੀਚਾਰ-ਵਟਾਂਦਰਾ........ਇੱਕ ਕਲਾ
(ਡਾ. ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ)
ਜਦੋਂ ਬੋਲੀ ਵਿਕਸਤ ਨਹੀਂ ਸੀ ਹੋਈ
,ਮਨੁੱਖ ਹਸਕੇ ,ਰੋਕੇ, ਚੀਕਾਂ ਮਾਰਕੇ ਜਾਂ ਇਸ਼ਾਰੇ ਕਰਕੇ ਆਪਣੇ ਹਾਵ-ਭਾਵ ਸਾਂਝੇ ਕਰ ਲਿਆ ਕਰਦਾ ਸੀ
।ਬੋਲੀ ਦੇ ਵਿਕਸਤ ਹੋਣ ਨਾਲ ਇਹ ਕੰਮ ਆਸਾਨ ਹੁੰਦਾ ਗਿਆ ।ਅਸੀਂ ਸਭ ਜਾਣਦੇ ਹਾਂ ਕਿ ਇੱਸ ਸੰਸਾਰ ਤੇ
ਵੱਖ–ਵੱਖ ਸਭਿਆਤਾਵਾਂ ਵੱਖ-ਵੱਖ ਸਮੇ ਵੱਖ-ਵੱਖ ਖਿਤਿਆਂ ਵਿੱਚ ਵਧੀਆਂ ਫੁਲੀਆਂ ।ਵੱਖ-ਵੱਖ ਇਲਾਕਿਆਂ
ਦੀਆਂ ਵੱਖ-ਵੱਖ ਬੋਲੀਆਂ ਅਤੇ ਵੱਖ-ਵੱਖ ਸੰਚਾਰ ਸਾਧਨ ਬਣਨ ਕਰਕੇ ਹਰ ਇਲਾਕੇ ਦੇ ਵੀਚਾਰਾਂ ਦੇ
ਤਾਲਮੇਲ ਵਿੱਚ ਬਹੁਤ ਫਰਕ ਸੀ ।ਜਿਉਂ ਹੀ ਦੁਨੀਆਂ ਨੂੰ ਇਕ ਦੂਜੇ ਦੇ ਨਜਦੀਕ ਜਾਣ ਦਾ ਮੌਕਾ ਮਿਲਿਆ
ਅਤੇ ਇੱਕ ਦੂਜੇ ਪ੍ਰਤੀ ਜਾਨਣ ਦੀ ਜਗਿਆਸਾ ਵਧੀ ਤਾਂ ਉਹਨਾ ਵਿਚਲਾ ਅੰਤਰ ਅਤੇ ਸਮਾਨਤਾਂਵਾਂ ਬੋਲੀ
ਰਾਹੀਂ ਹੀ ਪ੍ਰਗਟ ਹੋਣ ਲੱਗੀਆਂ।ਕੁਝ ਬੋਲੀਆਂ ਸੰਸਾਰ ਪੱਧਰ ਤੇ ਬੋਲੀਆਂ ਜਾਣ ਲੱਗੀਆਂ। ਦੁਨੀਆਂ ਇੱਕ
ਦੂਜੇ ਦੇ ਨੇੜੇ ਆ ਇੱਕ ਦੂਜੇ ਨੂੰ ਗੰਭੀਰਤਾ ਨਾਲ ਸਮਝਣ ਦਾ ਯਤਨ ਕਰਨ ਲੱਗੀ ।ਵੀਚਾਰ-ਵਟਾਂਦਰਿਆਂ ਦੇ
ਨਵੇਂ ਸਾਧਨਾ ਰਾਹੀਂ ਸਿਰਜੇ ਜਾ ਰਹੇ ਮਹੌਲ ਕਾਰਣ ਵੱਖ-ਵੱਖ ਸਭਿਆਚਾਰਾਂ ਅਤੇ ਮਜ਼ਹਬਾਂ ਦਾ ਇੱਕ
ਦੂਜੇ ਨੂੰ ਸਮਝਣ ਵੱਲ ਝੁਕਾਅ ਹੋ ਜਾਣਾ ਕੁਦਰਤੀ ਸੀ ।ਹੌਲੀ-ਹੌਲੀ ਮਜ਼ਹਬਾਂ ਅਤੇ ਸਭਿਆਚਾਰਾਂ ਦੇ
ਤੁਲਾਤਮਿਕ ਅਧਿਅਨ ਤੋਂ ਕਾਇਨਾਤ ਦੇ ਭਲੇ ਦੀ ਤਵੱਕੋਂ ਹੋਣ ਲੱਗੀ।
ਅਜੋਕੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਏ ਦੀ ਸਥਾਪਤੀ ਤੋਂ ਪਹਿਲਾਂ ਵੀਚਾਰ-ਵਟਾਂਦਰੇ
ਆਹਮੋ-ਸਾਹਮਣੇ ਹੁੰਦੇ ਸੰਨ।ਸੰਸਾਰ ਤੇ ਵੱਖੋ-ਵੱਖ ਵੀਚਾਰਧਾਰਾਵਾਂ ਨਾਲ ਸਬੰਧਤ ਵੱਖ-ਵੱਖ ਮੰਡਲੀਆਂ
ਹੁੰਦੀਆਂ ਸਨ ।ਜੋ ਕਿ ਖਾਸ ਦਿਨ ਮਿਥ ਕੇ ਸਮਾਜਿਕ ਇਕੱਠਾਂ ਦੋਰਾਨ ਵੀਚਾਰ-ਵਿਮੱਰਸ਼ ਕਰਦੀਆਂ ਸਨ
।ਜਿੱਤ-ਹਾਰ ਸਮਾਜ ਨੂੰ ਪ੍ਰਭਾਵਿਤ ਕਰਦੀ ਸੀ। ਗੁਰੂ ਸਾਹਿਬਾਨ ਵੇਲੇ ਅਤੇ ਬਾਅਦ ਵਿੱਚ ਵੀ ਕਿੰਨਾ
ਚਿਰ ਇਹੋ ਸਿਲਸਿਲਾ ਚਲਦਾ ਰਿਹਾ । ਪ੍ਰੋ.ਗੁਰਮੁਖ ਸਿੰਘ,ਗਿ.ਦਿੱਤ ਸਿੰਘ ਅਤੇ ਪੰਡਿਤ ਕਰਤਾਰ ਸਿੰਘ
ਦਾਖਾ ਵਰਗੇ ਵਿਦਵਾਨ ਇਸੇ ਤਰਾਂ ਗੁਰਮਿਤ ਨੂੰ ਮਨਮਤਿ ਦੀ ਹਨੇਰੀ ਤੋਂ ਬਚਾਉਂਦੇ ਵਿਚਰਦੇ ਰਹੇ ।
ਅੱਜ ਦੇ ਇਸ ਤੇਜ਼-ਤਰਾਡ ਸਮੇਂ ਵੀ ਦੁਨੀਆਂ ਇੰਟਰਨੈਟ ਰਾਹੀਂ ਇੱਕ ਦੂਜੇ ਵਾਰੇ ਜਾਨਣ ਲਈ ਉਤਾਵਲੀ ਹੈ
।ਬਹੁਤ ਸਾਰੀਆਂ ਵੀਚਾਰ-ਧਾਰਾਵਾਂ ਆਪਣੇ ਪਰ ਤੋਲ ਰਹੀਆਂ ਹਨ ਅਤੇ ਆਪਣੇ ਵਿਸ਼ਲੇਸ਼ਣ ਵੱਲ ਵਧ ਰਹੀਆਂ ਹਨ
।ਸਿੱਖ ਕੌਮ ਵੀ ਨਵੀਨਤਮ ਹੋਣ ਕਾਰਣ ਇਹਨਾ ਵਿੱਚੋਂ ਇੱਕ ਹੈ ।ਆਖਿਰ ਸਮੁੱਚੀ ਦੁਨੀਆਂ ਦੀ ਕਚਹਿਰੀ
ਵਿੱਚ ਸ਼ਾਮਲ ਹੋਣ ਦਾ ਸਵਾਲ ਹੈ।ਸਿੱਖ ਵੀਚਾਰਧਾਰਾ ਦਾ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦੀ
ਕਸਵੱਟੀ ਤੇ ਪਰਖਣਾ ਏਸੇ ਕੜੀ ਦਾ ਹਿੱਸਾ ਹੈ।ਏਹੋ ਕਸਵੱਟੀ ਅਜੋਕੀ ਸਿੱਖਾਂ ਦੀ ਵੀਚਾਰ-ਚਰਚਾ ਦਾ
ਆਧਾਰ ਬਣ ਰਹੀ ਹੈ ।ਸਿੱਖਾਂ ਵਿੱਚ ਜਾਣੇ-ਅਣਜਾਣੇ ਪਰਚਲਤ ਹੋ ਚੁੱਕੀਆਂ ਗੁਰਮਤਿ ਵਿਰੋਧੀ
ਧਾਰਨਾਵਾਂ,ਰਵਾਇਤਾਂ ਅਤੇ ਪਰੰਪਰਾਵਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਅੱਗੇ ਦਮ ਤੋੜ
ਰਹੀਆਂ ਹਨ ।ਦੂਰ-ਅੰਦੇਸ਼ਾਂ ਨੂੰ ਜਾਪਦਾ ਹੈ ਕਿ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼
ਨੂੰ ਅਧਾਰ ਬਣਾਉਣਾ ਭਵਿੱਖਤ ਸੰਸਾਰ ਦੀਆਂ ਤਮਾਮ ਸਮੱਸਿਆਵਾਂ ਦੇ ਸਮਾਧਾਨ ਲਈ ਸੋਨੇ ਤੇ ਸੁਹਾਗੇ ਦਾ
ਕੰਮ ਕਰੇਗਾ ।
ਸਿਆਣੇ ਆਖਦੇ ਹਨ ਕਿ ਚੰਗੇ ਬੁਲਾਰੇ ਲਈ ਚੰਗਾ ਸਰੋਤਾ ਹੋਣਾ ਬਹੁਤ ਜਰੂਰੀ ਹੈ ।ਜਿਨਾ ਚੰਗਾ ਵੀਚਾਰਕ
ਹੋਵੇਗਾ ਉਹ ਉਹਨੀ ਹੀ ਚੰਗੀ ਤਰਾਂ ਵਿਰੋਧੀ ਵਿਚਾਰਾਂ ਨੂੰ ਸੁਣੇਗਾ।
ਅਕਸਰ ਦੇਖਿਆ ਗਿਆ ਹੈ ਕਿ ਬੇ-ਨਤੀਜਾ ਰਹੇ ਵਿਚਾਰ-ਵਟਾਂਦਰਿਆਂ ਵਿੱਚ ਹਮੇਸ਼ਾਂ ਇੱਕ ਸੋਚ ਦੂਜੀ ਤੇ
ਹਾਵੀ ਹੋਣ ਦੀ ਹੀ ਕੋਸ਼ਿਸ਼ ਕਰ ਰਹੀ ਨਜਰ ਆਉਂਦੀ ਰਹੀ ਹੁੰਦੀ ਹੈ।
ਆਹਮੋ-ਸਾਹਮਣੀ ਗੱਲਬਾਤ ਵਿੱਚ ਕਈ ਵਾਰ ਅਸੀਂ ਦੋਹਾਂ ਧਿਰਾਂ ਦੀ ਗੱਲਬਾਤ ਵਿੱਚੋਂ ਸੁਖਾਵੇਂ ਨਤੀਜੇ
ਲੱਭਣ ਦੀ ਜਗਾ ਬਸ ਇੱਕ ਨੂੰ ਸੱਚਾ ਅਤੇ ਦੂਜੇ ਨੂੰ ਝੂਠਾ ਸਾਬਤ ਕਰਨ ਦੀ ਤਾਕ ਵਿੱਚ ਹੀ ਰਹਿੰਦੇ
ਹਾਂ। ਸੋ ਵਿਚਾਰ-ਵਟਾਂਦਰਾ ਹਾਰ ਜਿੱਤ ਦਾ ਸਵਾਲ ਬਣ ਬੈਠਦਾ ਹੈ। ਆਪਦੀ ਗੱਲ ਨਾ ਮੰਨੇ ਜਾਣ ਤੇ ਅਸੀਂ
ਉੱਚੀ ਬੋਲਕੇ ਦੂਜੇ ਨੂੰ ਚੁਪ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ । ਸ਼ਬਦਾਂ ਦੀ ਗਰਮਾਈ ਤੋਂ ਬਾਅਦ ਅਸੀਂ
ਹੱਥਾਂ ਦੀ ਗਰਮਾਈ ਦਿਖਾਉਣ ਲਈ ਵੀ ਤਿਆਰ ਹੋ ਜਾਂਦੇ ਹਾਂ । ਬਿਨਾ ਕਿਸੇ ਨਤੀਜੇ ਤੋਂ ਗੱਲਬਾਤ ਟੁੱਟ
ਜਾਂਦੀ ਹੈ । ਅਜੋਕੇ ਸਮੇ ਵੀ ਸਿੱਖ ਸਿਧਾਤਾਂ ਤੇ ਵਿਚਾਰ ਕਰ ਰਹੀਆਂ ਧਿਰਾਂ ਬ੍ਰਾਹਮਣਵਾਦ ,
ਨਾਸਤਿਕਤਾ ਵਰਗੇ ਲੇਬਲ ਤਿਆਰ ਕਰਕੇ ਰੱਖਦੀਆਂ ਹਨ ਤਾਂ ਜੋ ਵਿਚਾਰੋਂ ਭੱਜਣ ਸਮੇ ਦੂਜੇ ਤੇ ਚਿਪਕਾਇਆ
ਜਾ ਸਕੇ।ਕਈ ਵਾਰ ਇੱਕ ਹੀ ਸੋਚ ਰੱਖਣ ਵਾਲੇ ਇੱਕ ਦੂਜੇ ਨਾਲ ਸਹਿਮਤ ਕੇਵਲ ਇਸ ਲਈ ਹੀ ਨਹੀਂ ਹੁੰਦੇ
ਕਿ ਇਹ ਗੱਲ ਮੈਤੋਂ ਪਹਿਲਾਂ ਦੂਜੇ ਨੂੰ ਸਮਝ ਕਿਉਂ ਆ ਗਈ ।ਅਸੀਂ ਕਿਸੇ ਸਟੇਜ ਤੋਂ ਕਿਸੇ ਦੀ ਗੱਲ
ਸੁਣਨ ਤੋਂ ਪਹਿਲਾਂ ਹੀ ਇਹ ਜਾਨਣਾ ਚਾਹੁੰਦੇ ਹਾਂ ਕਿ ਇਹ ਕਿਸ ਗਰੁੱਪ ਨਾਲ ਸਬੰਧਿਤ ਹੈ । ਅਸੀਂ
ਨਵੇਂ ਵਿਚਾਰਾਂ ਨੂੰ ਆਪਣੇ ਦਿਮਾਗ ਵਿੱਚ ਜਗਾ ਦੇ ਹੀ ਨਹੀਂ ਪਾਂਦੇ ਕਿਉਂਕਿ ਅਸੀਂ ਪਹਿਲਾਂ ਹੀ
ਧਾਰਨਾ ਬਣਾ ਚੁੱਕੇ ਹੁੰਦੇ ਹਾਂ ਕਿ ਫਲਾਣੇ ਸੰਤਾਂ ਮਹਾਂਪੁਰਸ਼ਾਂ ਨਾਲ ਏਸਦੇ ਵਿਚਾਰ ਮੇਲ ਨਹੀਂ
ਖਾਂਦੇ ।ਇਸ ਤਰਾਂ ਅਸੀਂ ਅਣਜਾਣੇ ਵਿੱਚ ਹੀ ਸ਼ਖਸ਼ੀਅਤ ਨਾਲ ਜੁੜ ਚੁੱਕੇ ਹੁੰਦੇ ਹਾਂ। ਸ਼ਖਸ਼ੀਅਤ ਦਾ ਨਾਂ
ਲੈਕੇ ਅਸੀਂ ਖੁਦ ਵੀਚਾਰ ਤੋਂ ਭਜ ਜਾਂਦੇ ਹਾਂ ਹਾਲਾਂਕਿ ਅਸੀਂ ਜਾਣਦੇ ਹੁੰਦੇ ਹਾਂ ਕਿ ਗਲੀਲੀਓ ਨੂੰ
ਝੂਠਾ ਅਤੇ ਧਰਮ ਵਿਰੋਧੀ ਕਹਿਣ ਵਾਲੀਆਂ ਸ਼ਖਸ਼ੀਅਤਾਂ ਕਿਸੇ ਤੋਂ ਘੱਟ ਨਹੀਂ ਸੰਨ ।
ਚਾਹੀਦਾ ਤਾਂ ਇਹ ਹੈ ਕਿ ਅਸੀਂ ਵਿਰੋਧੀ ਨੂੰ ਜਿਆਦਾ ਸਮਾਂ ਦੇਈਏ ਕਿਉਂਕਿ ਕਈ ਵਾਰ ਉਸ ਨੇ ਕੇਵਲ
ਆਂਪਣੀ ਭੜਾਸ ਹੀ ਕੱਢਣੀ ਹੁੰਦੀ ਹੈ ।ਜਿਨਾ ਵਿਰੋਧੀ ਨੂੰ ਅਸੀਂ ਜਿਆਦਾ ਸਮਾ ਦੇਵਾਂਗੇ ਉਨਾਂ ਜਿਆਦਾ
ਉਸਦੀਆਂ ਗੁੰਝਲਾਂ ਦਾ ਪਤਾ ਚਲੇਗਾ ।
ਕਈ ਵਾਰ ਵਿਰੋਧੀ ਸੋਚ ਵਾਲੇ ਉਸਾਰੂ ਵਿਚਾਰਾਂ ਨੂੰ ਸੁਣ ਹੀ ਨਹੀਂ ਰਹੇ ਹੁੰਦੇ ਸਗੋਂ ਇਸ ਮੌਕੇ ਦੀ
ਭਾਲ ਵਿੱਚ ਹੀ ਹੁੰਦੇ ਹਨ ਕਿ ਜਦੋਂ ਬੁਲਾਰਾ ਰੁਕੇ ਤਾਂ ਉਹ ਆਪਣੀ ਗੱਲ ਸ਼ੁਰੂ ਕਰ ਸਕਣ ।ਜਦੋਂ
ਵਿਰੋਧੀ ਦੀ ਤਕਰੀਰ ਲੰਬੀ ਹੁੰਦੀ ਜਾਪਦੀ ਹੈ ਤਾਂ ਉਹ ਮੂੰਹ ਵਿੱਚ ਹਵਾ ਭਰਕੇ ਛੱਡਦੇ ਉਪਰ ਨੂੰ ਉਠਦੇ
ਜਾਂ ਉਸਲ-ਵੱਟੇ ਲੈਂਦੇ ਨਜਰ ਆਉਂਦੇ ਹਨ ਜੋ ਕੇਵਲ ਇਸ ਗੱਲ ਦਾ ਹੀ ਇਸ਼ਾਰਾ ਹੁੰਦਾ ਹੈ ਕਿ ਉਹਨਾ ਦੇ
ਮੂੰਹ ਵਿਚਲੀ ਗੱਲ ਦਾ ਮੂੰਹ ਵਿੱਚ ਹੋਰ ਟਿਕਣਾ ਮੁਸ਼ਕਲ ਹੋ ਗਿਆ ਹੈ ।ਜਦੋਂ ਉਹਨਾ ਦੀ ਗੱਲ ਮੂੰਹ
ਵਿੱਚ ਟਿਕਣ ਤੋਂ ਅਸਮਰੱਥ ਹੋ ਜਾਂਦੀ ਹੈ ਤਾਂ ਉਹ ਉਸ ਸਮੇ ਦੀ ਇੰਤਜਾਰ ਵਿੱਚ ਹੋ ਜਾਂਦੇ ਹਨ ਜਦੋਂ
ਵਿਰੋਧੀ ਸਾਹ ਲੈਣ ਲਈ ਰੁਕੇਗਾ । ਜੇ ਫਿਰ ਵੀ ਮੌਕਾ ਨਾ ਬਣੇ ਤਾਂ ਵਿਰੋਧੀ ਦੀ ਗੱਲ ਹੌਲੀ ਹੋਣ ਤੇ
ਦਰਮਿਆਨ ਹੀ ਆਪ ਬਹੁਤ ਉੱਚੀ ਬੋਲਕੇ ਸ਼ਾਮਿਲ ਹੋ ਜਾਂਦੇ ਹਨ ।ਪਹਿਲਾਂ ਤਾਂ ਉਸੇ ਦੀ ਅਧੂਰੀ ਗੱਲ ਆਪਣੇ
ਸ਼ਬਦਾਂ ਵਿੱਚ ਆਖਦੇ ਹਨ ਤਾਂ ਕਿ ਅਗਲਾ ਸਮਝੇ ਕਿ ਮੇਰੀ ਹੀ ਗੱਲ ਹੋ ਰਹੀ ਹੈ ਤੇ ਅਗਲਾ ਚੁੱਪ ਕਰ ਕੇ
ਸੁਣਨ ਲੱਗਦਾ ਹੈ ਪਰ ਪਿੱਛੋਂ ਜਲਦੀ ਹੀ ਆਪਣੇ ਵਿਚਾਰ ਪ੍ਰਗਟਾਉਣੇ ਸ਼ੁਰੂ ਕਰ ਦਿੰਦੇ ਹਨ ਅਤੇ ਹੋਲੀ
ਹੋਲੀ ਵਿਚਾਰਾਂ ਦਾ ਵਿਸ਼ਾ ਵੀ ਬਦਲ ਦਿੰਦੇ ਹਨ ਜਿਸ ਨਾਲ ਚਲ ਰਹੀ ਵਿਚਾਰ-ਚਰਚਾ ਕਿਸੇ ਵੀ ਨਤੀਜੇ ਤੇ
ਨਹੀਂ ਪਹੁੰਚਦੀ।
ਕਈ ਵਾਰ ਦੇਖਿਆ ਗਿਆ ਹੈ ਕਿ ਮਨੁੱਖ ਦੀ ਬਿਰਤੀ ਹੀ ਅਜਿਹੀ ਹੈ ਕਿ ਕਿਸੇ ਦੀ ਵਿਰੋਧੀ ਗੱਲ ਸੁਣਨਾ ਹੀ
ਨਹੀਂ ਚਾਹੁੰਦਾ ।ਸਿਰਫ ੳਹੀ ਸੁਣਨਾ ਚਾਹੁੰਦਾ ਹੈ ਜੋ ਪਹਿਲਾਂ ਹੀ ਉਸ ਅੰਦਰ ਹੁੰਦਾ ਹੈ ਤਾਂ ਕਿ
ਉਸਦੇ ਵਿਚਾਰਾਂ ਦੀ ਹੀ ਪੁਸ਼ਟੀ ਹੋ ਸਕੇ ।ਅਸੀਂ ਆਪਣੇ ਹੀ ਵਿਚਾਰਾਂ ਦੀ ਪ੍ਰੋੜਤਾ ਹੁੰਦੀ ਦੇਖ ਖੁਸ਼
ਹੁੰਦੇ ਹਾਂ ਕਿਉਂਕਿ ਅਸੀਂ ਬਦਲਨਾ ਚਾਹੁੰਦੇ ਹੀ ਨਹੀਂ। ਅਸਲ ਵਿੱਚ ਸਿੱਖ ਤਾਂ ਆਖਰੀ ਦਮ ਤੱਕ ਕੁਝ
ਨਾ ਕੁਝ ਸਿੱਖਦਾ ਹੀ ਰਹਿੰਦਾ ਹੈ ਇਹੀ ਗੁਣ ਸਿੱਖ ਵਿੱਚ ਹੰਕਾਰ ਨਹੀਂ ਬਣਨ ਦਿੰਦਾ ।ਜਦੋਂ ਅਸੀਂ
ਸਿੱਖਣ ਦੇ ਦਰਵਾਜੇ ਬੰਦ ਕਰ ਬੈਠਦੇ ਹਾਂ ਤਾਂ ਜਾਣਿਆਂ ਹੋਣ ਦਾ ਭਰਮ ਹੀ ਸੂਖਮਤਾ ਨਾਲ ਸਹਿਜੇ-ਸਹਿਜੇ
ਹੰਕਾਰ ਬਣ ਬੈਠਦਾ ਹੈ ਜੋ ਸਿੱਖਣ ਵਾਲੇ ਦੀ ਅਣਜਾਣਤਾ ਸਮੇਂ ਨਹੀਂ ਰਹਿੰਦਾ । ਹੰਕਾਰ ਦਾ ਸਿੱਖੀ ਨਾਲ
ਮੇਲ ਹੀ ਨਹੀਂ ਹੈ ।ਸੋ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਿਚਾਰ ਠਰੰਮੇ ਨਾਲ ਸੁਣੇ ਜਾਣ ਤਾਂ
ਪਹਿਲਾਂ ਦੂਸਰੇ ਦੇ ਵਿਚਾਰਾਂ ਨੂੰ ਸੁਣਨਾ ਸਿੱਖੀਏ।ਇੱਕ-ਇੱਕ ਕਰਕੇ ਵਿਰੋਧਤਾ ਵਾਲੇ ਨੁਕਤੇ ਅਤੇ
ਸ਼ੰਕਾਵਾਂ ਨੋਟ ਕਰਦੇ ਜਾਈਏ ।ਨਾ ਸਮਝ ਆਉਣ ਵਾਲੇ ਮੁੱਦੇ ਤੇ ਵਿਚਕਾਰੋਂ ਕਦੇ ਨਾ ਟੋਕੀਏ ਸਗੋਂ ਸਮਾਂ
ਮਿਲਣ ਤੇ ਇਜਾਜਤ ਨਾਲ ਆਪਣੀ ਵਾਰੀ ਸਿਰ ਸ਼ੰਕਾ ਦੱਸੀਏ ਜਾਂ ਨਵਿਰਤ ਕਰੀਏ। ਜੇ ਵਿਰੋਧੀ ਤੁਹਾਡੀ ਗੱਲ
ਸੁਣਨ ਲਈ ਤਿਆਰ ਹੀ ਨਹੀਂ ਤਾਂ ਇਹ ਸੋਚ ਕੇ ਚੁੱਪ ਰਹੀਏ ਕਿ ਦੂਜਾ ਊਸਾਰੂ ਵੀਚਾਰ-ਵਟਾਂਦਰੇ ਦਾ ਹਾਮੀ
ਨਹੀਂ ਸਗੋਂ ਕੇਵਲ ਆਪਣੀ ਹੀ ਥੋਪਣ ਦਾ ਚਾਹਵਾਨ ਹੈ ।ਕਈ ਵਾਰ ਅਸੀਂ ਵੀਚਾਰਾਂ ਨੂੰ ਸਮੇਟਣ ਦੀ ਚਾਹਤ
ਵਿੱਚ ਵੀਚਾਰਾਂ ਦਾ ਖਿਲਾਰਾ ਪਾ ਬੈਠਦੇ ਹਾਂ । ਵੀਚਾਰ ਉੱਚੀ ਲਿਜਾਣ ਦੀ ਜਗਾ ਆਵਾਜ ਉੱਚੀ ਲੈ ਜਾਂਦੇ
ਹਾਂ। ਕਿਸੇ ਵੇਲੇ ਗੁਰਦੁਆਰੇ ਦੀ ਸਟੇਜ ਹੀ ਗੁਰਮਤਿ ਵੀਚਾਰ ਅਤੇ ਸੰਚਾਰ ਦੀ ਸਟੇਜ ਹੁੰਦੀ ਸੀ।
ਅੱਜ-ਕਲ ਗੁਰਦਵਾਰਿਆਂ ਵਿੱਚ ਗੁਰਮਤਿ ਦੀ ਵੀਚਾਰ-ਚਰਚਾ ਲਗ-ਭਗ ਖਤਮ ਹੋ ਚੁੱਕੀ ਹੈ ।ਗੁਰਦਵਾਰਿਆਂ
ਦੀਆਂ ਸਟੇਜਾਂ ਦੀ ਵਰਤੋਂ ਕੇਵਲ ਵਪਾਰਕ ਨਜਰੀਏ ਤੋਂ ਰਾਜਨੀਤਕਾਂ ਦੀ ਮਤਲਬ-ਪ੍ਰਸਤੀ ਲਈ ਮਜ਼ਹਬੀ
ਲੋਕਾਂ ਅਤੇ ਡੇਰੇਦਾਰਾਂ ਨਾਲ ਨੇੜਤਾ ਵਧਾਉਣ ਲਈ, ਸਮਾਜਿਕ ਕਾਰਜਾਂ ਜਾਂ ਗੁਰਮਤਿ ਵਿਰੋਧੀ ਰਵਾਇਤੀ
ਪੂਜਾ ਦਿਖਾਵਿਆਂ ਲਈ ਹੀ ਕੀਤੀ ਜਾਂਦੀ ਹੈ । ਵੀਚਾਰਵਾਨ ਗੁਰਮਤਿ ਵਿਚਾਰ-ਵਿਟਾਂਦਰੇ ਅਤੇ ਸ਼ੰਕਾਵਾਂ
ਦੀ ਨਵਿਰਤੀ ਲਈ ਨਵੀਆਂ ਸਟੇਜਾਂ ਵੱਲ ਹੋ ਤੁਰੇ ਹਨ ।
ਅਜੋਕੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਏ ਦੇ ਸਮੇ ਵੀਚਾਰ-ਵਟਾਂਦਰਾ ਨਵੇਂ ਰੂਪ ਵਿੱਚ ਪ੍ਰਗਟ ਹੋ
ਰਿਹਾ ਹੈ। ਗੱਲ ਲਿਖਕੇ ਹੋਣੀ ਸ਼ੁਰੂ ਹੋ ਗਈ ਹੈ। ਕਿਸੇ ਵੀ ਵਿਸ਼ੇ ਤੇ ਵੀਚਾਰ ਪ੍ਰਗਟਾਉਣ ਵਾਲਾ ਆਪਣੀ
ਗੱਲ ਕਹਿਣ ਲਈ ਆਜਾਦ ਹੈ। ਦਲੀਲ ਦਾ ਮੁਲ ਪੈਣ ਲੱਗ ਗਿਆ ਹੈ ।ਕਿਸੇ ਨੂੰ ਡਰਾ-ਧਮਕਾ ਆਪਦੀ ਬੇ-ਦਲੀਲੀ
ਗੱਲ ਮਨਵਾਉਣ ਦਾ ਸਮਾਂ ਜਾ ਚੁੱਕਾ ਹੈ। ਵੀਚਾਰਵਾਨ ਆਪਣੀ ਗੱਲ ਕਹਿਣ ਲਈ ਕਿੰਨਾ ਵੀ ਸਮਾਂ ਲੈ ਸਕਦਾ
ਹੈ। ਉਸਦੀ ਵੀਚਾਰ ਦਾ ਪ੍ਰਤੀਕਰਮ ਵੀ ਵਿਰੋਧੀ ਵੀਚਾਰ ਰੱਖਣ ਵਾਲੇ ਨੇ ਸੋਚ-ਵੀਚਾਰ ਅਤੇ ਬਿਨਾ ਕਿਸੇ
ਵਿਰੋਧ ਦੇ ਦੇਣਾ ਹੁੰਦਾ ਹੈ । ਹੋ ਰਹੀ ਵੀਚਾਰ ਤੇ ਦਿਲਚਸਪੀ ਰੱਖਣ ਵਾਲੀ ਸੰਗਤ ਅਜਾਦਾਨਾ ਤੋਰ ਤੇ
ਨਿਗ੍ਹਾ ਰੱਖ ਰਹੀ ਹੁੰਦੀ ਹੈ । ਵੀਚਾਰਾਂ ਦਾ ਅਦਾਨ-ਪ੍ਰਦਾਨ ਹਫਤੇ ਬਾਅਦ ਜਾਂ ਹਰ ਰੋਜ ਵੀ ਹੁੰਦਾ
ਰਹਿੰਦਾ ਹੈ।ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਵੀਚਾਰ-ਚਰਚਾ ਕਿਸੇ ਖਾਸ ਇਲਾਕੇ ਵਿੱਚ ਨਾ ਹੋਕੇ
ਸਮੂਹ ਜਗਤ ਦੀ ਸਰਬ-ਸਾਂਝੀ ਸਟੇਜ ਤੇ ਹੁੰਦੀ ਹੈ, ਜਿੱਥੇ ਸਮੁੱਚੇ ਜਗਤ ਵਿੱਚੋਂ ਬਿਨਾ ਕਿਸੇ ਡਰ ਅਤੇ
ਵਿਤਕਰੇ ਦੇ ਕੋਈ ਵੀ ਸਾਫ-ਸੁਥਰੀ ਅਤੇ ਸੱਭਿਅਕ ਬੋਲੀ ਅਤੇ ਦਲੀਲ ਨਾਲ ਸ਼ਾਮਿਲ ਹੋ ਸਕਦਾ ਹੈ ।ਕਈ
ਵੈੱਬ-ਸਾਈਟਾਂ ਅਤੇ ਅਖਬਾਰਾਂ ਤੇ ਅਕਸਰ ਅਜਿਹੀ ਸਟੇਜ ਉਪਲੱਬਧ ਹੁੰਦੀ ਹੈ ।ਕਈ ਵਾਰ ਸਬੰਧਤ ਸਟੇਜ
ਵਾਲੇ ਕੇਵਲ ਆਪਣੇ ਹੀ ਵੀਚਾਰਾਂ ਦੀ ਗੱਲ ਕਰਨ ਲਗਦੇ ਹਨ ਜਿਸ ਨਾਲ ਸਟੇਜ ਦਾ ਪੱਖਪਾਤੀ ਰਵੱਈਆ ਜਲਦੀ
ਹੀ ਪ੍ਰਗਟ ਹੋ ਜਾਂਦਾ ਹੈ ਅਤੇ ਵੀਚਾਰਵਾਨ ਹੋਰ ਸਟੇਜ ਤੇ ਗੱਲ ਸ਼ੁਰੂ ਕਰ ਦਿੰਦੇ ਹਨ । ਰਾਜਨੀਤਿਕ ਤੇ
ਮਜ਼ਹਬੀ ਸਥਾਪਤੀ ਦੇ ਲੰਬੇ ਸਮੇ ਤੋਂ ਪਾਏ ਹੋਏ ਸਵਾਰਥੀ ਪਹੁੰਚ ਵਾਲੇ ਅਣਮਨੁੱਖੀ ਗਲ਼ਬੇ ਤੋਂ ਨਿਜਾਤ
ਪਾਣ ਦੀ ਚਾਹਤ ਵਿੱਚ ਸਿੱਖ ਅੱਜ ਉਸ ਇੰਨਕਲਾਬੀ ਅਤੇ ਨਿਰਣਈ ਫੇਸ ਤੇ ਹੈ ਜਿੱਥੇ ਹਜਾਰਾਂ ਸਵਾਲ,
ਜਵਾਬਾਂ ਦੀ ਤਾਕ ਵਿੱਚ ਚਿੰਗਾਰੀਆਂ ਵਾਂਗ ਸੁਲਘ ਰਹੇ ਹਨ ਤਾਂ ਜੋ ਸੂਰਜ ਬਣ ਸਮੁੱਚੇ ਫਲਸਫੇ ਦੀ
ਸਮੁੱਚੀ ਰੋਸ਼ਨੀ ਨਾਲ ਸਮੁੱਚੇ ਸੰਸਾਰ ਨੂੰ ਰੁਸ਼ਨਾਇਆ ਜਾ ਸਕੇ ।
ਕਈ ਵਾਰ ਸ਼ੰਕਾਵਾਂ ਦੇ ਵਧਣ ਨਾਲ ਆਮ ਸ਼ਰਧਾਲੂ ਦੀ ਭਾਵਨਾ ਡਾਵਾਂ-ਡੋਲ ਹੋਣ ਲੱਗਦੀ ਹੈ ਅਤੇ ਉਹ ਸੋਚਣ
ਲਗਦਾ ਹੈ ਕਿ ਜੇ ਮਸਲੇ ਘੱਟ ਹੁੰਦੇ ਤਾਂ ਸੋਖਿਆਂ ਸੁਲਝਾਏ ਜਾ ਸਕਦੇ ਸੀ । ਪਰ ਗੁਰੂ ਗ੍ਰੰਥ ਸਾਹਿਬ
ਜੀ ਨੂੰ ਹਰ ਖੇਤਰ ਵਿੱਚ ਵਰਤਮਾਨ ਅਤੇ ਭਵਿੱਖ ਲਈ ਸੰਪੂਰਨ ਅਗਵਾਈ ਦੇਣ ਯੋਗ ਸਮਝਣ ਵਾਲਾ ਗੁਰਸਿੱਖ
ਕਿਸੇ ਸਕੂਲ ਦੀ ਕਲਾਸ ਵਿੱਚ ਵਿਦਿਆਰਥੀਆਂ ਦੇ ਵੱਧ ਤੋਂ ਵੱਧ ਜਗਿਆਸਾ ਵਸ ਪੁੱਛੇ ਸਵਾਲਾਂ ਨੂੰ ਸੁਣ
ਕੇ ਘਬਰਾਂਦਾ ਨਹੀਂ ਸਗੋਂ ਫਲਸਫੇ ਦੀ ਬਣ ਰਹੀ ਸਪੱਸ਼ਟਤਾ ਵੱਲ ਕਦਮ ਗਿਣਦਾ ਹੈ। ਜਿਸ ਤਰਾਂ ਕੋਈ
ਫਾਰਮੂਲਾ ਸਮਝ ਆ ਜਾਣ ਤੇ ਵਿਦਿਆਰਥੀ ਅਨੇਕਾਂ ਸਵਾਲ ਹੱਲ ਕਰਨ ਦੇ ਯੋਗ ਹੋ ਜਾਂਦੇ ਹਨ ਉਸੇ ਤਰਾਂ
ਗੁਰੂ ਗਰੰਥ ਸਾਹਿਬ ਜੀ ਦੀ ਕਸਵੱਟੀ ਇੱਕ ਅਜਿਹਾ ਫਾਰਮੂਲਾ ਹੈ ਕਿ ਜਿਸ ਨਾਲ ਸਮੁੱਚੀ ਦੁਨੀਆਂ ਦੀਆਂ
ਤਮਾਮ ਸਮੱਸਿਆਵਾਂ ਬਿਨਾਂ ਗਿਣਤੀ-ਮਿਣਤੀ ਤੋਂ ਤੁਰੰਤ ਹੱਲ ਹੋ ਸਕਦੀਆਂ ਹਨ ।
ਅਕਸਰ ਇਹ ਦੇਖਿਆ ਗਿਆ ਹੈ ਕਿ ਤਿੰਨ ਤਰਾਂ ਦੀਆਂ ਵੀਚਾਰਾਂ ਇਹਨਾ ਵੀਚਾਰ- ਵਟਾਂਦਰਿਆਂ ਨੂੰ ਪ੍ਰਭਾਵਤ
ਕਰ ਰਹੀਆਂ ਹੁੰਦੀਆਂ ਹਨ। ਪਹਿਲੀਆਂ ਵੀਚਾਰਾਂ ਕੇਵਲ ਕਿਸੇ ਵਿਅਕਤੀ ਨੂੰ ਚੰਗਾ ਜਾਂ ਮਾੜਾ ਠਹਿਰਾਉਣ
ਤੱਕ ਹੀ ਸੀਮਿਤ ਰਹਿੰਦੀਆਂ ਹਨ। ਦੂਜੀਆਂ ਕਿਸੇ ਇਨਸਾਨ ਦੇ ਵੀਚਾਰ ਨੂੰ ਘੋਖਦੀਆਂ ਪਰਖਦੀਆਂ ਹਨ। ਜਦ
ਕਿ ਤੀਜੀਆਂ ਕਿਸੇ ਸਮੁੱਚੀ ਵੀਚਾਰਧਾਰਾ ਦੀ ਬਹੁ-ਖੇਤਰੀ ਦ੍ਰਿਸ਼ਟੀਕੋਣਾ ਤੋਂ ਪੜਚੋਲ ਕਰ, ਉਸਾਰੂ
ਬਿਰਤੀ ਨਾਲ ਸੰਵਾਦ ਰਚਾਅ ,ਪੂਰੇ ਬ੍ਰਹਿਮੰਡ ਲਈ ਉਸਦੀ ਪ੍ਰਸੰਗਕਤਾ ਅਨੁਸਾਰ ਸੰਸਾਰ ਵਿੱਚ ਸਰਬੱਤ ਦੇ
ਭਲੇ ਦੀ ਵੀਚਾਰਧਾਰਾ ਨੂੰ ਰੂਪਮਾਨ ਕਰਨਾ ਲੋਚਦੀਆਂ ਹਨ ।
ਇਹਨਾ ਤੀਜੀ ਤਰਾਂ ਦੇ ਵੀਚਾਰ-ਵਟਾਂਦਰਿਆਂ ਨੂੰ ਸਾਰਥਿਕਤਾ ਪਰਦਾਨ ਕਰਨ ਲਈ ਆਓ ਸੱਭ ਰਲਕੇ
ਮਜ਼ਹਬਾਂ,ਸਭਿਆਚਾਰਾਂ ਅਤੇ ਵਿਗਿਆਨ ਦੀ ਤੁਲਾਤਮਕ ਤੇ ਨਵੀਂ ਸਿਰਜੀ ਜਾ ਰਹੀ ਜੀਵਨ-ਸ਼ੈਲੀ ਅਨੁਸਾਰ
ਨਵੇਂ ਯੁੱਗ ਦੀਆਂ ਅੱਖਾਂ ਵਿੱਚ ਅੱਖਾਂ ਪਾ ,ਆ ਰਹੇ ਸਮੇਂ ਦੀ ਲੋੜ ਅਤੇ ਨਵੇਂ ਵਿਗਿਆਨਿਕ ਢੰਗ
ਤਰੀਕਿਆਂ ਨਾਲ ਗੁਰਮਤਿ ਦਾ ਉਪਦੇਸ਼ ਸਾਹਮਣੇ ਰੱਖਦੇ ਹੋਏ ਉਸਾਰੂ ਵੀਚਾਰ-ਵਟਾਂਦਰਿਆਂ ਰਾਹੀਂ ਵਿਵਾਦਾਂ
ਨੂੰ ਸੰਵਾਦ ਬਣਾ ਸਮੁੱਚੀ ਦੁਨੀਆਂ ਨੂੰ ਇੱਕ ਦੂਜੇ ਦੇ ਨਜਦੀਕ ਲਿਆਉਣ ਦਾ ਵਧੀਆ ਮਹੌਲ ਸਿਰਜੀਏ ਤਾਂ
ਜੋ ਆਉਣ ਵਾਲੇ ਸਮੇਂ ਦੀ ਸਭ ਤੋਂ ਵੱਡੀ ਜਰੂਰਤ ਪੂਰੀ ਕਰਦੇ ਸਰਬੱਤ ਦੇ ਭਲੇ ਦੇ ਰਸਤੇ ਦੇ ਪਾਂਧੀ
ਬਣਿਆ ਜਾ ਸਕੇ ।
ਜੀ ਐਸ ਬਰਸਾਲ @ਜੀ ਮੇਲ ਡਾਟ ਕਾਮ
408-209-7072