ਦਸਮ ਗ੍ਰੰਥ ਦੀ ਅਸਲੀਯਤ
(ਕਿਸ਼ਤ ਨੰ: 16)
ਦਲਬੀਰ ਸਿੰਘ ਐੱਮ. ਐੱਸ. ਸੀ.
ਐਸਾ ਕੀਰਤਨੁ
ਕਰਿ ਮਨ ਮੇਰੇ।। ਈਹਾ ਊਹਾ ਜੋ ਕਾਮਿ ਤੇਰੈ।। (ਅੰ: ੨੩੬)
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ
ਆਖ਼ਰੀ ਹੁਕਮ ਮੁਤਾਬਕ ਸਾਡੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸਤਿਗੁਰੂ ਗੁਰੂ ਗ੍ਰੰਥ
ਸਾਹਿਬ ਜੀ ਦੇ ਫ਼ੁਰਮਾਨ ਹਨ (ਰਾਮਕਲੀ ਮਹਲਾ ੩, ਅਨੰਦੁ)
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ।।
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ।। (ਪਉੜੀ ੨੩, ਅੰਗ ੯੨੦)
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ।। ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ।।
ਕਹਿੰਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ।। … (ਪਉੜੀ ੨੪, ਅੰਗ ੯੨੦)
ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ।।
ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ।। (ਪਉੜੀ ੩੭, ਅੰਗ ੯੨੨)
ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ। . . (ਪਉੜੀ ੪੦, ਅੰਗ ੯੨੨)
ਇਹ ਗੁਰ-ਫ਼ੁਰਮਾਨ ਸਾਨੂੰ ਚੇਤਾ ਕਰਾਉਂਦੇ ਹਨ ਕਿ ਕੀਰਤਨੀਏ ਨੇ ਸੱਚੀ ਬਾਣੀ, ਕੇਵਲ ਅਤੇ ਕੇਵਲ ਗੁਰੂ
ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਗਾਇਨ ਕਰਨੀ ਹੈ ਤੇ ਸਿਖ-ਸੰਗਤ ਨੇ ਕੇਵਲ ਸਚੀ ਬਾਣੀ ਹੀ ਸੁਣਨੀ ਹੈ
ਨਹੀ ਤਾਂ ਸੁਣਾਉਣ ਵਾਲਾ ਵੀ ਕੱਚਾ ਸਿਖ ਅਤੇ ਸੁਣਨ ਵਾਲੇ ਵੀ ਕੱਚੇ ਸਿਖ ਹੋਣਗੇ। ਗੁਰਬਾਣੀ ਹੀ ਸਭ
ਬਾਣੀਆਂ, ਕਵਿਤਾਂਵਾਂ ਨਾਲੋਂ ਸ੍ਰੇਸ਼ਟ ਹੈ। ਕੀਰਤਨ ਦਾ ਮਕਸਦ ੴ ਦੀ ਉਸਤਤਿ ਅਤੇ ਗੁਰਬਾਣੀ ਰਾਹੀਂ
ਗੁਰਮਤਿ ਸਿਧਾਂਤ ਦ੍ਰਿੜ ਕਰਾਉਣਾ ਹੈ। ਅਜ ਕਈ ਪੋਥੀਆਂ ਵਿੱਚ ਜੋ ਦਸਮ ਗ੍ਰੰਥ, ਸਰਬਲੋਹ ਗ੍ਰੰਥ,
ਰਹਿਤਨਾਮੇ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ ਦੀਆਂ ਰਚਨਾਂਵਾਂ ਦਰਜ ਹਨ, ਉਨ੍ਹਾਂ ਦਾ ਕੀਰਤਨ
ਕਰਨਾ ਉਪਰ ਲਿਖੇ ਗੁਰੂ-ਫ਼ੁਰਮਾਨਾਂ ਤੋਂ ਬੇਮੁਖ ਹੋਣਾ ਹੈ। ਐਸੇ ਕੀਰਤਨੀਏ ‘ਜੇ ਕੋ ਗੁਰ ਤੇ ਵੇਮੁਖੁ
ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ।। ` ਵਾਲੀ ਅਨੰਦੁ-ਬਾਣੀ ਦੀ ਪਉੜੀ ਪੜ੍ਹ ਕੇ ਸਮਝ ਸਕਦੇ ਹਨ ਕਿ
ਸਤਿਗੁਰ ਜੀ ਉਨ੍ਹਾਂ ਨੂੰ ਕੀ ਸਜ਼ਾ ਦੇਣਗੇ। ਕੱਚੀ ਤੇ ਸੱਚੀ ਬਾਣੀ ਦਾ ਨਿਰਣਾ ਸਿਰਫ਼ ਗੁਰੂ ਸਾਹਿਬ ਹੀ
ਕਰ ਸਕਦੇ ਹਨ, ਕੋਈ ਸਿਖ ਜਾਂ ਪੰਥਕ ਇਕੱਠ ਨਹੀ। ਕੀ ਕੋਈ ਸਿਖ, ਗ੍ਰੰਥੀ ਜਾਂ ਜਥੇਦਾਰ ਗੁਰੂ ਨਾਲੋਂ
ਵੱਡਾ ਹੋ ਸਕਦਾ ਹੈ?
ਚੰਗਾ ਹੋਵੇ ਜੇਕਰ ਕੀਰਤਨੀਏ ਸਬਦ ਗਾਇਨ ਕਰਣ ਤੋਂ ਪਹਿਲਾਂ ਸੰਖੇਪ ਵਿੱਚ ਸਬਦ ਦੇ ਅਰਥ/ਸਿਧਾਂਤ ਸਮਝਾ
ਕੇ ਫਿਰ ਕੀਰਤਨ ਕਰਣ। ਤਾਂ ਸੁਣਨ ਵਾਲੀ ਸੰਗਤ ਦੀ ਸੁਰਤਿ ਸਬਦ ਵਿੱਚ ਸਹਜੇ ਹੀ ਜੁੜ ਜਾਵੇਗੀ ਅਤੇ
ਕੀਰਤਨ ਦਾ ਅਸਲ ਅਨੰਦ ਮਾਣਿਆ ਜਾ ਸਕੇਗਾ ਅਤੇ ਸਭ ਦੂਖ, ਰੋਗ, ਸੰਤਾਪ ਉਤਰ ਜਾਣਗੇ।
ਜਿਹੜਾ ਕੀਰਤਨ ਸਿਖ-ਸੰਗਤਾਂ ਨੂੰ ਗੁਰਸਿਖੀ ਦੇ ਮੂਲ-ਮੰਤਰ “ੴ ਸਤਿਨਾਮੁ
ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ”।। ਵਿੱਚ
ਦਰਸਾਏ ਨਿਰੰਕਾਰ ਨਾਲ ਨਹੀ ਜੋੜਦਾ, ਐਸਾ ਕੀਰਤਨ ਕਰਨਾ ਅਤੇ ਸੁਣਨਾ ਬੇਕਾਰ ਹੈ। ਮਿਸਾਲ ਵਜੋਂ, ਹੇਠ
ਲਿਖੀਆਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦੀਆਂ ਰਚਨਾਵਾਂ ਦੀ ਕੀਰਤਨ ਕਰਨਾ ਤੇ ਸੁਣਨਾ ਮਨੁਖਾ
ਜੀਵਨ ਦਾ ਅਨਮੋਲ ਸਮਾਂ ਬਰਬਾਦ ਕਰਨਾ ਹੈ:-
(੧) ਦੇਹਿ ਸ਼ਿਵਾ (ਸ਼ਿਵ ਦੀ ਪਤਨੀ ਦੁਰਗਾ) ਬਰ ਮੋਹੇ ਇਹੈ ……… (ਦੇਵੀ ਦੁਰਗਾ ਤੋਂ ਵਰ ਮੰਗਣਾ)।
ਇਸ ਦੀ ਥਾਂਵੇਂ ਸਬਦ “ਗਗਨ ਦਮਾਮਾ ਬਾਜਿਓ ਪਰਿਓ ਨੀਸਾਨੇ ਘਾਉ।। …” ਪੜ੍ਹਨਾ ਚਾਹੀਦਾ ਹੈ।
(੨) ਹੇ ਰਵਿ ਹੇ ਸਸਿ ਹੇ ਕਰੁਣਾਨਿਧਿ……।। ਸੰਤ ਸਹਾਇ ਸਦਾ ਜਗਮਾਇ (ਦੇਵੀ ਦੁਰਗਾ) ਕ੍ਰਿਪਾ ਕਰਿ
ਸਯਾਮ ਇਹੈ ਬਰ ਦੀਜੈ।। (ਸਯਾਮ = ਦੇਵੀ-ਪੂਜਕ ਕਵੀ ਸਯਾਮ, ਅਖੌਤੀ ਦਸਮ ਗ੍ਰੰਥ ਦਾ ਲਿਖਾਰੀ)
(੩) ਯਾਤੇ ਪ੍ਰਸੰਨ ਭਏ ਹੈ ਮਹਾ ਮੁਨਿ ਦੇਵਨ ਕੇ ਤਪ ਮਹਿ…।। ਸੰਖਨ ਕੀ ਧੁਨਿ ਘੰਟਨ ਕੀ. . (ਦੇਵਤੇ
ਇੰਦਰ ਦੀ ਆਰਤੀ ਗੁਰੂ ਨਾਨਕ ਦੇ ਦਰਬਾਰ ਵਿੱਚ ਕਰਕੇ, ਗੁਰੂ ਦੀ ਨਿਰਾਦਰੀ ਕਰਕੇ, ਗੁਰੂ-ਨਿੰਦਕ ਨ
ਬਣੋ।
(੪) ਐਸੇ ਚੰਡ ਪ੍ਰਤਾਪ ਤੇ ……।। (ਚੰਡੀ, ਦੁਰਗਾ ਦੇਵੀ ਦੀ ਸੋਭਾ ਗਾਉਣੀ ਗੁਰੂ ਦੀ ਨਿਰਾਦਰੀ ਕਰਨਾ
ਹੈ). .
ਜਿਨ੍ਹਾਂ ਸਬਦਾਂ ਦਾ ਅਰਥ/ਪਿਛੋਕੜ ਨਾ ਸਮਝ ਆਵੇ, ਗਾਉਣ ਨਾਲ ਕਦੇ ਅਨੰਦ ਨਹੀ ਆ ਸਕਦਾ।
ਜੇ ਕੀਰਤਨੀਏ ਆਪਣਾ ਤੇ ਸੰਗਤਾਂ ਦਾ ਮਨੁਖਾ ਜੀਵਨ ਸਫ਼ਲਾ ਕਰਨਾ ਚਾਹੁੰਦੇ ਹਨ ਤਾਂ ਸੱਚੀ ਬਾਣੀ, ਬਾਣੀ
ਦੇ ਭੰਡਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੀ ਕੀਰਤਨ ਕਰਣ।