.

ਦਸਮ ਗ੍ਰੰਥ ਦੀ ਅਸਲੀਯਤ
(ਕਿਸ਼ਤ ਨੰ: 17)

ਦਲਬੀਰ ਸਿੰਘ ਐੱਮ. ਐੱਸ. ਸੀ.

ਗਿਆਨੀਆ ਨੋ ਸਭੁ ਸਚੁ ਹੈ ਸਚੁ ਸੋਝੀ ਹੋਈ।।

ਓਇ ਭੁਲਾਏ ਕਿਸੇ ਦੇ ਨ ਭੁਲਨੀੑ ਸਚੁ ਜਾਣਨਿ ਸੋਈ।। (ਗੁਰੂ ਗ੍ਰੰਥ ਸਾਹਿਬ, ਅੰ: ੪੨੫)

ਸ਼ਹਿਬਾਜ਼ ਖਾਲਸਾ/ਅਖੰਡ ਕੀਰਤਨੀ ਵਲੋਂ ਪ੍ਰਚਾਰਤ ਅਖੌਤੀ ਦਸਮ ਗ੍ਰੰਥ ਵਿੱਚ ਦਰਜ

‘ਚੰਡੀ ਚਰਿਤ੍ਰ` ਬਾਰੇ ਲਿਖੇ ਆਪਾ-ਵਿਰੋਧੀ ਭੁਲੇਖਾ-ਪਾਊ ਲੇਖਾਂ ਦੀ ਪੜਚੋਲ

(Review of Self-contradictory & confusing articles, pages 1 to 33, on Chandi Chritras)

ਪਹਿਲਾ ਲੇਖ (ਪੰਨਾ ੧) :- ਡਾ: ਹਿਰਦੇਜੀਤ ਸਿੰਘ ਜੀ ਭੋਗਲ ਦਾ ਲੇਖ “ਚੰਡੀ ਚਰਿਤ੍ਰ: ਇੱਕ ਵਿਸ਼ਲੇਸ਼ਣ”

ਇਸ ਲੇਖ ਵਿੱਚ ਲੇਖਕ ਨੇ ਮੰਨਿਆ ਹੈ ਕਿ

(ੳ) ਇਸ ਮਿਥਿਕ ਬਿਰਤਾਂਤ ਦੀ ਚੋਣ ਨਿਰੋਲ ਸਾਹਿਤਕ ਕਾਰਨਾਂ ਤੋਂ ਕੀਤੀ ਗਈ ਹੈ। (ਅਰਥਾਤ, ਸਾਹਿਤ ਹੈ ਗੁਰਬਾਣੀ ਨਹੀ)

(ਅ) ਚੰਡੀ ਚਰਿਤ੍ਰ ਮਾਰਕੰਡੇਯ ਪੁਰਾਣ ਦਾ ਸੁਤੰਤਰ ਅਨੁਵਾਦ ਹੈ। (ਸੁਤੰਤਰ? , ਨਹੀ, ਹੂ-ਬ-ਹੂ ਨਕਲ। ਕੀ ਗੁਰੂ ਗੋਬਿੰਦ ਸਿੰਘ ਜੀ ਭੁਲ ਗਏ ਸਨ ਕਿ “ਪੰਡਿਤ ਮੁਲਾਂ ਜੋ ਲਿਖਿ ਦੀਆ।। ਛਾਡਿ ਚਲੇ ਹਮ ਕਛੂ ਨ ਲੀਆ।। “ਗੁਰੂ ਗ੍ਰੰਥ ਸਾਹਿਬ, ਅੰ: ੧੧੫੯

(ੲ) ਬੀਰ ਰਸੀ ਕਥਾ ਬਿਆਨ ਕਰਕੇ ਦੇਸ਼ਵਾਸੀਆਂ ਨੂੰ ਦੇਸ਼ ਦੀ ਰਖਿਆ ਲਈ ਧਰਮ ਯੁੱਧ ਕਰਨ ਦੀ ਪ੍ਰੇਰਨਾ ਦਿੱਤੀ। (ਜੇ ਇਸ ਕਥਾ ਨਾਲ ਬੀਰਤਾ ਆ ਸਕਦੀ ਤਾਂ ਹਿੰਦੁਸਤਾਨ ੧੦੦੦ ਸਾਲ ਗੁਲਾਮ ਨ ਰਹਿੰਦਾ। ਛੇਂਵੇਂ ਨਾਨਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਧਰਮ ਯੁੱਧ ਲੜੇ ਅਤੇ ਜਿੱਤੇ ਪਰ ਚੰਡੀ ਦੀਆਂ ਵਾਰਾਂ ਸੁਣਾ ਕੇ ਨਹੀ। ਲੇਖਕ ਗੁਰ-ਇਤਿਹਾਸ ਤੋਂ ਅਣਜਾਣ ਲਗਦਾ ਹੈ।)

(ਸ) …… ਗੁਰਮਤਿ ਦਰਸ਼ਨ ਦੇ ਅੰਤਰਗਤ ਹੀ ਇਸ ਪੋਰਾਣਕ ਮਿਥ ਨਾਲ ਜੁੜੇ ਵੇਰਵਿਆਂ ਨੂੰ ਤਰਾਸ਼ਿਆ ਤੇ ਸੰਵਾਰਿਆ ਹੈ। (ਗੁਰਮਤਿ ਦਰਸ਼ਨ? ਵਾਰ ਸ੍ਰੀ ਭਗਉਤੀ ਜੀ ਕੀ, ਜਿਸਦਾ ਪੂਰਬਲਾ ਸਿਰਲੇਖ ਵਾਰ ਦੁਰਗਾ ਕੀ ਹੈ, ਦੀ ਪਉੜੀ ੪੧ ਵਿੱਚ ਲਿਖਿਆ ਹੈ “ਚੰਡੀ ਦਾ ਮੱਥਾ ਫੋੜ ਕੇ, ਬਾਪ ਦੇ ਬਿਨਾ, ਕਾਲਕਾ ਨਿਕਲੀ” ਜਦਕਿ ਗੁਰਮਤਿ-ਸਿਧਾਂਤ ਹੈ “ਮਾਇ ਨ ਹੋਤੀ ਬਾਪੁ ਨ ਹੋਤਾ ਕਰਮੁ ਨ ਹੋਤੀ ਕਾਇਆ।। ਹਮ ਨਹੀ ਹੋਤੇ ਤੁਮ ਨਹੀ ਹੋਤੇ ਕਵਨੁ ਕਹਾਂ ਤੇ ਆਇਆ।। (ਗੁਰੂ ਗ੍ਰੰਥ ਸਾਹਿਬ, ਅੰਗ ੯੭੩) “ ਦੇ ਵਿਗਿਆਨਕ ਅਤੇ ਗੁਰਮਤਿ ਦਰਸ਼ਨ/ਸਿਧਾਂਤ ਦੇ ਉਲਟ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਕਿਵੇਂ?)

(ਹ) ……ਹਰ ਕਿਸਮ ਦਾ ਡਰ ਮਿਟਾਣ ਵਾਲੀ ਚੰਡੀ ਦੇਵੀ ਦਾ ਚਰਿਤਰ ਆਪਣੀਆ ਰਚਨਾਵਾਂ ਦਾ ਆਧਾਰ ਬਣਾਇਆ ਹੈ। (ਗੁਰਮਤਿ ਸਿਧਾਂਤ “ਨਿਰਭਉ ਜਪੈ ਸਗਲ ਭਉ ਮਿਟੈ।। (ਅੰਗ ੨੯੩) “ ਕਿਥੇ ਗਿਆ? ਸ਼ਾਇਦ ਹਿਰਦੇਜੀਤ ਸਿੰਘ ਜੀ ਨੇ “ਨਿਰਭਉ ਨਿਰੰਕਾਰੁ” ਨੂੰ ਨਹੀ ਜਪਿਆ, ਇਹ ਲੇਖਕ “ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ।। (ਅੰਗ ੧੧੩੮) “ ਵਾਲੀ ਬਿਰਤੀ ਦਾ ਧਾਰਨੀ ਲਗਦਾ ਹੈ। ਐਸੀਆਂ ਹੋਰ ਅਗਿਆਨਤਾ ਭਰੀਆਂ, ਗੁਰੂ-ਨਿੰਦਕ ਪੰਕਤੀਆਂ ਹਿਰਦੇਜੀਤ ਸਿੰਘ ਜੀ ਲਿਖ ਰਹੇ ਹਨ। ਵਾਹਿਗੁਰੂ ਜੀ! ਸੁਮਤਿ ਬਖ਼ਸ਼ੋ ਜੀ ਇਸ ਗੁਰੂ-ਨਿੰਦਕ ਨੂੰ।)

ਦੂਜਾ ਲੇਖ (ਪੰਨਾ ੯) :- ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦਾ ਲਿਖਿਆ ਲੇਖ: “ਭਗਉਤੀ ਸੰਬੰਧੀ ਮਹਾਂ ਅਗਿਆਨਤਾ ਭਰਿਆ ਭੁਲੇਖਾ”। ਇਸ ਲੇਖ ਦੀਆਂ ਕੁੱਝ ਪੰਕਤੀਆਂ ਅਤੇ ਪੜਚੋਲ ਹੇਠ ਲਿਖਤ ਹਨ:-

(ੳ) ………ਨਾਮ ਰੂਪੀ ਖੰਡਾ ਹੀ ਸੱਚੀ ਭਗਉਤੀ ਹੈ। ਨਾਮ ਦਾ ਸਿਮਰਨ ਹੀ ਭਗਉਤੀ ਦਾ ਸਿਮਰਨ ਹੈ।

(ਭਾਈ ਰਣਧੀਰ ਸਿੰਘ ਜੀ ਨੇ ਲੇਖ ਦੇ ਸ਼ੁਰੂ ਵਿੱਚ ਬਿਨਾ ਕਿਸੇ ਠੋਸ ਦਲੀਲ, ਢੁਕਵੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖੇ ਬਿਨਾ ਆਪਣਾ ਫ਼ੈਸਲਾ ਦੇ ਦਿੱਤਾ ਹੈ! ? ਮਹਾਨ ਕੋਸ਼ ਵਿੱਚ ਲਿਖੇ ਭਗਉਤੀ ਪਦ ਦੇ ਅਰਥ ਇਸ ਲੇਖ ਵਿੱਚ ਕਿਤੇ ਨਹੀ ਲਿਖੇ। ਜ਼ਾਹਿਰ ਹੈ ਕਿ ਲੇਖਕ ਸਚ ਲਿਖਣਾ ਨਹੀ ਚਾਹੁੰਦਾ ਜਾਂ ਉਸਨੂੰ ਸਚ ਦਾ ਗਿਆਨ ਹੀ ਨਹੀ।)

(ਅ) ……ਅੱਗੇ ਲਿਖੇ ਪ੍ਰਮਾਣ “ਨਾਮ ਕੇ ਧਾਰੇ ਸਗਲੇ ਜੰਤ।। “ ਗਉੜੀ ਸੁਖਮਨੀ ਮ: ੫ ਦੀ ਬਾਣੀ ਵਿੱਚ “ਨਾਮ” ੴ ਸਤਿਨਾਮੁ ਕਰਤਾਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।। , ਅਰਥਾਤ ਮੂਲ-ਮੰਤਰ ਵਿੱਚ ਦਰਸਾਏ ਅਕਾਲ-ਪੁਰਖੁ ਲਈ ਲਿਖਿਆ ਹੈ, ਨਾ ਕਿ ਦੁਰਗਾ, ਚੰਡੀ ਜਾਂ ਭਗਉਤੀ ਲਈ। ਭਾਈ ਰਣਧੀਰ ਸਿੰਘ ਜੀ ਨੇ ਅਖੌਤੀ ਦਸਮ ਗ੍ਰੰਥ ਦਾ ਤੁਕ-ਤਤਕਰਾ ਲਿਖਦਿਆਂ ਬਹੁਤ ਸਮਾ ਜ਼ਾਇਆ ਕੀਤਾ ਹੈ ਪਰ ਇੱਕ ਵੀ ਪੰਨੇ ਤੇ ਸੰਪੂਰਣ ਮੂਲ-ਮੰਤਰ ਨਹੀ ਲੱਭਾ, ਕਿਉਂ? ਕਿਉਂਕਿ ਬਚਿਤ੍ਰ ਨਾਟਕ ਗ੍ਰੰਥ/ਦਸਮ ਗ੍ਰੰਥ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਨਹੀ।

(ੲ) ……… “ਖੰਡਾ ਪ੍ਰਿਥਮੈ ਸਾਜਿ ਕੈ ……।। ਕਿਨੀ ਤੇਰਾ ਅੰਤ ਨ ਪਾਇਆ।। ੨।। ਚੰਡੀ ਦੀ ਵਾਰ, ਪਾ: ੧੦

ਪੜਚੋਲ:-ਜਾਪਦਾ ਹੈ ਭਾਈ ਰਣਧੀਰ ਸਿੰਘ ਜੀ ਨੇ ਬਚਿਤ੍ਰ ਨਾਟਕ ਗ੍ਰੰਥ ਦੇ ਪੰਨੇ ਨੰ: ੧੫੫ ਅਤੇ ੬੬੯ ਧਿਆਨ ਨਾਲ ਅਤੇ ਵੀਚਾਰ ਕੇ ਨਹੀ ਪੜੇ। ਇਹਨਾਂ ਪੰਨਿਆਂ ਤੇ ਪਾ: ੧੦ ਦੇ ਰੂਪ ਵਿੱਚ “ਕਵਿ ਸਯਾਮ” ਵਰਗਾ ਪੋਰਾਣਕ ਗ੍ਰੰਥਾਂ, ਮਾਰਕੰਡੇਯ ਪੁਰਾਣ, ਸਿਵ ਪੁਰਾਣ, ਸ੍ਰੀਮਦ ਭਾਗਵਤ ਪੁਰਾਣ ਦੀ ਨਕਲ ਮਾਰ ਕੇ ਘਟੀਆ ਛੰਦਾ-ਬੰਦੀ ਲਿਖਣ ਵਾਲਾ ਅਨੇਕਾਂ ਗ਼ਲਤੀਆਂ ਕਰਣ ਵਾਲਾ, “ਚੂਕ ਹੋਇ ਕਬਿ ਲੇਹੁ ਸੁਧਾਰੀ।। “ ਲਿਖਣ ਵਾਲਾ ਭੁਲਣਹਾਰ ਕਵੀ ਹੀ ਪ੍ਰਗਟ ਹੁੰਦਾ ਹੈ। ਖੰਡਾ ਪ੍ਰਿਥਮੇ ਸਾਜਿ ਕੈ. . ਦੇ ਅਰਥ ਖਿਚ-ਧੂਹ ਕੇ “ਆਪੀਨੈੑ ਆਪੁ ਸਾਜਿਓ ਆਪੀਨੈ ਰਚਿਓ ਨਾਓ।। (ਵਾਰ ਆਸਾ, ਅੰਗ ੪੬੩) “ ਕੀਤੇ ਹਨ। ਜ਼ਰਾ ਵਾਰ ਆਸਾ ਦੀ ਪੰਕਤੀ ਵੀਚਾਰੀਏ: ਪ੍ਰਿਥਮੇ ਅਕਾਲ ਪੁਰਖ ਨੇ ਆਪਣੀ ਸਾਜਨਾ ਕੀਤੀ ਤੇ ਆਪ ਹੀ ਨਾਮ ਦੀ ਰਚਨਾ ਕੀਤੀ। ਜ਼ਾਹਿਰ ਹੈ ਕਿ ਨਾਮ-ਰੂਪੀ-ਖੰਡਾ ਪ੍ਰਿਥਮੇ-ਸਾਜਿਆ ਮੰਨਣਾ ਇਉਂ ਗਲਤ ਹੋਵੇਗਾ ਜਿਵੇਂ ਕਿਸੇ ਬੱਚੇ ਦਾ ਨਾਂ ਉਸਦੇ ਜੰਮਣ ਤੋਂ ਪਹਿਲਾਂ ਹੀ ਰਖ ਦਿੱਤਾ ਜਾਵੇ। ਮੂਲ ਮੰਤਰ ਵਿੱਚ ਵੀ ੴ ਪਹਿਲੋਂ ਲਿਖਿਆ ਅਤੇ ਉਸਦਾ ਨਾਮ “ਸਤਿਨਾਮੁ” ਬਾਦ ਵਿਚ। ਤਾਂ ਤੇ ਭਾਈ ਰਣਧੀਰ ਸਿੰਘ ਜੀ ਦੀ ਸਾਰੀ ਵਿਆਖਿਆ ਗ਼ਲਤ ਸਿਧ ਹੋ ਗਈ। ਐਸੀ ਖਿਚ-ਧੂਹ ਵਾਲੀ ਵਿਆਖਿਆ ਭਾਈ ਰਣਧੀਰ ਸਿੰਘ ਜੀ ਨੇ. . ਤਉ ਕਿਉ ਮੁਰਗੀ ਮਾਰੈ।। (ਅੰਗ ੧੩੫੦) ਸਬਦ ਦੀ ਕਰਕੇ ਮਾਸ ਦੇ ਮਸਲੇ ਤੇ ਉਲਝਾ ਦਿੱਤਾ। ਫਿਰ “ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨਿ।। ਅਨਦਿਨੁ ਸੇਵਨਿ ਗੁਰੁ ਆਪਣਾ ਅਨਦਿਨੁ ਅਨਦਿ ਰਹੰਨਿ।। ਨਾਨਕ ਸੇ ਮੁਹ ਸੋਹਣੇ ਸਚੈ ਦਰਿ ਦਿਸੰਨਿ।। ੫੨।। (ਅੰਗ ੧੪੧੯), ਦੇ ਆਧਾਰ ਤੇ ਲਿਖੀ “ਸੱਚੀਆਂ ਦਾੜ੍ਹੀਆਂ”

ਪੁਸਤਿਕਾ ਵਿੱਚ ਖੁੱਲੀ-ਦਾੜ੍ਹੀ ਬੰਨ੍ਹੀ-ਦਾੜ੍ਹੀ ਦਾ ਮਸਲਾ ਖੜਾ ਕੀਤਾ, ਜਦਕਿ ਇਸ ਸਬਦ ਦੀ ਗੁਰਮਤਿ-ਵਿਆਖਿਆ ਹੈ,

ਸੇਈ ਸੁੰਦਰ ਸੋਹਣੇ।। ਸਾਧਸੰਗਿ ਜਿਨ ਬੈਹਣੇ।। (ਅੰਗ ੧੩੨)

(ਸ) ਭਾਈ ਰਣਧੀਰ ਸਿੰਘ ਜੀ ਨੇ ਇਸ ਲੇਖ ਵਿੱਚ ਵਰਤੀ ਸ਼ਬਦਾਵਲੀ ਪੰਚ-ਖੰਡੀਆ, ਪਰਪੰਚ-ਖੰਡੀ, ਨਾਮ ਦੀ ਜੋਤਿ-ਖੜਗੇਸ਼ੀ-ਕਲਾ, ਸੁਰਬੀਰਤਾ ਮਈ ਭਗਉਤੀ (ਕਲਾ), ਨਾਮ ਖੜਗੇਸੀ ਭਗਉਤੀ (ਕਲਾ) ਕਿਹੜੇ ਕੋਸ਼ ਵਿਚੋਂ ਲਈ ਹੈ? ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਹੈ ਨਹੀ। ਆਪ ਜੀ ਦੀਆਂ ਲਿਖਤਾਂ ਵਿੱਚ “ਹਉਮੈ ਕੀ ਢੀਠਾਈ” ਦੀ ਬੜੀ ਗਹਰੀ ਛਾਪ ਹੈ।

(ਹ) ਭਗਉਤੀ ਦੇ ਅਰਥ ਅਗਲੇ ਲੇਖਾਂ ਦੀ ਪੜਚੋਲ ਪੜ੍ਹ ਕੇ ਹੀ ਸਪਸ਼ਟ ਹੋਣਗੇ; ਇਥੇ ਭਾਈ ਜੀ ਖੁਦ ਭੰਬਲ ਭੂਸੇ ਪਏ ਹਨ।

ਤੀਜਾ ਲੇਖ (ਪੰਨਾ ੧੨) :- ਭਾਈ ਕ੍ਹਾਨ ਸਿੰਘ ਜੀ ਨਾਭਾ ਦੀ ਪੁਸਤਕ ‘ਹਮ ਹਿੰਦੂ ਨਹੀ` ਵਿਚੋਂ:

ਪ੍ਰਿਥਮ ਭਗੌਤੀ ਸਿਮਰ ਕੈ … ਲੇਖ ਵਿੱਚ ਸੁਖਮਨੀ ਸਾਹਿਬ ਦੀ ਪਦੀ “ਭਗਉਤੀ ਭਗਵੰਤ ਭਗਤ ਕਾ ਰੰਗ।। …” ਭਗੌਤੀ ਅਤੇ ਭਗਵਤੀ ਪੁਲਿੰਗ ਹਨ ਜਾਂ ਇਸਤ੍ਰੀ-ਲਿੰਗ, ਵਾਧੂ ਤੇ ਬੇਲੋੜਾ ਪ੍ਰਸੰਗ ਲਿਖਿਆ ਹੈ। ਇਥੇ ਪਦੀ ਦੇ ਅਰਥ ਵੀ ਨਹੀ ਸਮਝਾਏ। ਇਸ ਲੇਖ ਵਿਚੋਂ ਕੋਈ ਨਿਰਣਾਯਕ ਤੱਥ ਪ੍ਰਗਟ ਨਹੀ ਹੁੰਦਾ। ਭਗਉਤੀ ਦੇ ਅਰਥ ਮਹਾਨ ਕੋਸ਼ ਵਿੱਚ ਕ੍ਹਾਨ ਸਿੰਘ ਜੀ ਨੇ ਪ੍ਰਕਰਣ ਅਨੁਸਾਰ ਜੋ ਲਿਖੇ ਹਨ, ਇਥੇ ਨਹੀ ਲਿਖੇ ਪਰ ਅੱਗੇ ਸਤਵੇਂ ਲੇਖ ਵਿੱਚ ਪਾਠਕ ਧਿਆਨ ਨਾਲ ਪੜ੍ਹਨ।

ਚੌਥਾ ਲੇਖ (ਪੰਨਾ ੧੪) :- ਭਾਈ ਰਣਧੀਰ ਸਿੰਘ ਜੀ ਦਾ ਲੇਖ ‘ਭਗਉਤੀ ਪਦ ਦਾ ਤੱਤ ਗੁਰਮਤਿ ਨਿਰਣਾ`

(ੳ) … ‘ਸ੍ਰੀ ਦਸਮੇਸ਼ ਜੀ ਨੇ ਅਕਾਲ ਪੁਰਖ ਜੀ ਨੂੰ ਅਨੇਕਾਂ ਖੰਡੇ-ਖੜਗੇਸ਼ੀ, ਤੇਜ ਪ੍ਰਤਾਪੀ, ਤੇਜੱਸਵੀ ਨਾਵਾਂ ਨਾਲ ਸੰਕੇਤ (?) ਕੀਤਾ ਹੈ। ਜੈਸਾ ਕਿ; - ਅਸਿਧੁਜ ਜੀ, ਸ੍ਰੀ ਕਾਲ ਜੀ, ਖੜਗਕੇਤ ਜੀ, ਅਸਿਪਾਨ ਜੀ, ਖੜਗੇਸ਼ ਜੀ, ਮਹਾਂਕਾਲ ਜੀ ਆਦਿਕ. . `

ਪੜਚੋਲ: ਪਰ ਅਕਾਲਪੁਰਖ ਦੇ ਇਹ ਨਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨੌਵੇਂ ਨਾਨਕ ਤਕ ਕਿਸੇ ਗੁਰੂ-ਹਸਤੀ ਨੇ ਨਹੀ ਲਿਖੇ। ਰਾਮਕਲੀ ਮਹਲਾ ੫, ਅੰਗ ੮੮੫ ਤੇ ਅੰਕਤ ਹੈ: ਰਾਮ ਨਾਮੁ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾਕਾਲੁ।। , ਅਰਥਾਤ “ਘਟਿ ਘਟਿ ਰਮਈਆ ਰਾਮੁ ਪਿਆਰਾ।। (ਮ: ੧, ਅੰਗ ੧੦੨੮) “ ਦੇ ਟਾਕਰੇ ਮਹਾਕਾਲ ਆਤਮਕ-ਵਿਨਾਸ਼ ਕਰਣ ਵਾਲੀ ਸ਼ੈਤਾਨੀ ਹਸਤੀ ਹੈ। ਭਾਈ ਰਣਧੀਰ ਸਿੰਘ ਜੀ ਨੇ ਅਖੋਤੀ ਦਸਮ ਗ੍ਰੰਥ ਦਾ ਪੰਨਾ ੧੨੧੦ ਪੜ੍ਹ ਕੇ ਵੀਚਾਰਿਆ ਨਹੀ; ਲਿਖਿਆ ਹੈ “ਮਹਾਕਾਲ ਕੋ ਸਿਖਯ ਕਰ ਮਦਿਰਾ ਭਾਂਗ ਪਿਵਾਇ।। “ ਅਰਥਾਤ, ਮਹਾਕਾਲ ਦਾ ਸਿਖ ਭੰਗ ਤੇ ਸ਼ਰਾਬ ਪਿਲਾ ਕੇ ਬਣਾਇਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਕਾਲ ਪੁਰਖ ਦਾ ਨਾਮ ਜਪਣ ਵਾਲਿਆਂ ਨੂੰ ਨਸ਼ੇ ਵਰਤਣੋਂ ਵਰਜਦੀ ਹੈ। ਪਰ ਇਹ ਕੈਸਾ ਮਹਾਕਾਲ-ਰੂਪੀ-ਅਕਾਲਪੁਰਖ ਹੈ ਜਿਸਦਾ ਸਿਖ ਨਸ਼ੀਲੇ ਪਦਾਰਥ ਛਕਾ ਕੇ ਬਣਾਇਆ ਜਾਂਦਾ ਹੈ। ਉਪਰ ਦੂਜੇ ਲੇਖ ਦੇ ਪੈਰਾ (ੲ) ਵਿੱਚ ਸਪਸ਼ਟ ਕੀਤਾ ਹੈ ਕਿ ਸਿਰਲੇਖ ਪਾਤਸ਼ਾਹੀ ੧੦ ਲਿਖ ਕੇ ਭੋਲੇ-ਭਾਲੇ ਸ਼ਰਧਾਲੂ ਗੁਰਸਿਖਾਂ ਨਾਲ ਧੋਖਾ-ਧੜੀ ਕੀਤੀ ਗਈ ਹੈ; ਦਸਮੇਸ਼ ਜੀ ਦੀ ਰਚਨਾ ਨਹੀ।

ਕਹੇ-ਜਾਂਦੇ ਦਸਮ ਗ੍ਰੰਥ ਵਿੱਚ ਦਰਜ ਆਖਰੀ ਚਰਿਤ੍ਰੋ-ਪਾਖਯਾਨ ਦਾ ਅੰਸ਼, ਚੌਪਈ “ਹਮਰੀ ਕਰੋ ਹਾਥ ਦੈ ਰਛਾ” ਦੀ ਪੜਚੋਲ ਸਿਧ ਕਰਦੀ ਹੈ ਕਿ ਮਹਾਕਾਲ, ਅਸਿਧੁਜ, ਕਾਲ ਜੀ, ਅਸਿਪਾਨ, ਖੜਗਕੇਤ. . ਸ਼ਰੀਰਧਾਰੀ ਹੈ ਕਿਉਂਕਿ ਮਹਾਕਾਲ ਰਥ ਤੇ ਚੜ ਕੇ ਤੀਰ ਕਮਾਨ ਚਲਾਉਂਦਾ ਹੋਇਆ ਜੰਗ ਲੜਦਾ ਹੈ, ਪਸੀਨਾ ਪੂੰਝ ਕੇ ਧਰਤੀ ਤੇ ਸੁਟਦਾ ਹੈ। ਕੀ ਗੁਰੂ ਗੋਬਿੰਦ ਸਿੰਘ ਜੀ ਦਾ ਅਤੇ ਗੁਰਸਿਖਾਂ ਦਾ ਇਸ਼ਟ ਸ਼ਰੀਰਧਾਰੀ ਹੋ ਸਕਦਾ ਹੈ? “ਮਨਿ ਅੰਧਾ ਨਾਉ ਸੁਜਾਣ।। “ ਵਾਲੀ ਬਿਰਤੀ ਹੈ ਭਾਈ ਰਣਧੀਰ ਸਿੰਘ ਜੀ ਦੀ ਅਤੇ ਇਹਨਾਂ ਦੀਆਂ ਲਿਖਤਾਂ ਨੂੰ ਬਿਨਾ ਵੀਚਾਰੇ ਸਚ ਮੰਨਣ ਵਾਲਿਆਂ ਦੀ ਬਿਰਤੀ ਹੈ, “ਝੂਠਾ ਜੋ ਨ ਬੀਚਾਰੈ।। “

(ਅ) ……ਦੁਰਗਾ ਨੂੰ ਮਹਿਜ ਇੱਕ ਤ੍ਰੀਮਤ ਮਤ ਖਿਆਲ ਕਰੋ, ਦੇਵੀ ਮਤ ਖਿਆਲ ਕਰੋ ……

ਪੜਚੋਲ: ਡਾ: ਹਿਰਦੇਜੀਤ ਸਿੰਘ ਜੀ ਉਪਰ ਲਿਖੇ ਪਹਿਲੇ ਲੇਖ ਵਿੱਚ ਮੰਨ ਰਹੇ ਹਨ ਕਿ ਚੰਡੀ ਦੀਆ ਵਾਰਾਂ ਮਾਰਕੰਡੇਯ ਪੁਰਾਣ ਦਾ ਅਨੁਵਾਦ ਹਨ ਤਾਂ ਦੁਰਗਾ ਨੂੰ ਮਾਰਕੰਡੇਯ ਪੁਰਾਣ ਵਾਲੀ ਦੇਵੀ ਦੁਰਗਾ, ਚੰਡੀ, ਭਗਉਤੀ, ਕਾਲਕਾ, ਕਾਲ, ਮਹਾਕਾਲੀ ਆਦਿਕ ਕਿਵੇਂ ਨ ਖਿਆਲ ਕਰੀਏ? ਇਹ ਆਪਾ-ਵਿਰੋਧੀ ਲਿਖਤਾਂ ਇਹਨਾਂ ਲਿਖਾਰੀਆਂ ਨੂੰ ਭਰਮਾਂ ਵਿੱਚ ਫਸੇ ਮਤਿ-ਹੀਣ ਸਿਧ ਕਰਦੀਆਂ ਹਨ।

(ੲ) “ਮਹਾਕਾਲ ਕਾਲਕਾ ਅਰਾਧੀ।। “ ਦੇ ਅਰਥ ਮਹਾਕਾਲ ਵੀ ਅਕਾਲ-ਪੁਰਖ ਅਤੇ ਕਾਲਕਾ ਵੀ ਅਕਾਲ-ਪੁਰਖ ਭਾਈ ਰਣਧੀਰ ਸਿੰਘ ਜੀ ਨੇ ਬਿਲਕੁਲ ਗ਼ਲਤ ਕੀਤੇ ਹਨ ਕਿਉਂਕਿ ਕ੍ਰਿਯਾ ‘ਅਰਾਧੀ` ਇਸਤ੍ਰੀ-ਲਿੰਗ ਵਾਚਕ ਹੈ। ਸਹੀ ਅਰਥ ਹਨ, ਮਹਾਕਾਲ ਦੀ ਪਤਨੀ ਕਾਲਕਾ ਦੇਵੀ ਅਰਾਧੀ। ਕਿਸਨੇ ਦੇਵੀ ਕਾਲਕਾ ਅਰਾਧੀ ਤੇ ਕਦੋਂ ਅਰਾਧੀ? ਭਾਈ ਰਣਧੀਰ ਸਿੰਘ ਜੀ ਨੇ ਵੀਚਾਰਿਆ ਹੀ ਨਹੀ। ਬਚਿਤ੍ਰ ਨਾਟਕ ਗ੍ਰੰਥ ਦੇ ਪੰਨਾ ੭੩ ਉਤੇ ਲਿਖਿਆ ਇਸ਼ਟ ਦਾ ਸਰੂਪ “ਸਰਬਕਾਲ ਹੈ ਪਿਤਾ ਅਪਾਰਾ।। ਦੇਬਿ ਕਾਲਕਾ ਮਾਤ ਹਮਾਰਾ।। “ ਜੋ ਕਿ ਭਾਈ ਰਣਧੀਰ ਸਿੰਘ ਜੀ ਨੇ ਕਿਸੇ ਲੇਖ ਵਿੱਚ ਲਿਖਿਆ ਹੀ ਨਹੀ, ਵੀਚਾਰਦੇ ਕਿਵੇਂ? ਗ੍ਰੰਥ ਵਿੱਚ ਕਾਲਕਾ ਦਾ ਪਤੀ ਸਰਬਕਾਲ ਉਰਫ਼ ਮਹਾਕਾਲ ਲਿਖਿਆ ਹੈ ਅਤੇ ਮਹਾਕਾਲ ਦਾ ਸਿਖ ਭੰਗ-ਸ਼ਰਾਬ ਪੀਂਦਾ ਹੈ। ਇਸ ਤਰ੍ਹਾਂ ਸਿਧ ਹੁੰਦਾ ਹੈ ਕਿ ਮਹਾਕਾਲ ੴ ਅਕਾਲ-ਪੁਰਖ ਨਹੀ। ਜੇ ਕੋਈ “ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ।।

(ਮਾਝ ਮ: ੫, ੧੦੩) “ ਗੁਰਸ਼ਬਦ ਵਿੱਚ ਤੂੰ ਦਾ ਅਰਥ ਮਹਾਕਾਲ ਜਾਂ ਕਾਲਕਾ ਆਖੇ ਤਾਂ ਉਸ ਵਰਗਾ ਅਗਿਆਨੀ ਕੋਈ ਨਹੀ।

ਹਜ਼ਾਰਾਂ ਸਾਲ ਪਹਿਲੋਂ ਹੋ ਚੁਕੇ ਕਿਸੇ ਤਪਸਵੀ ਦੀ ਮਨਘੜਤ ਕਥਾ, ਕਬਿ ਸਯਾਮ ਦੀ ਲਿਖੀ “ਅਬ ਮੈ ਅਪਨੀ ਕਥਾ ਬਖਾਨੋ।। … ਮਹਾਕਾਲ ਕਾਲਕਾ ਅਰਾਧੀ।। …” ਵਿੱਚ ਲਿਖੇ ਮੈ ਅੱਖਰ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਕਿਵੇਂ ਜੋੜ ਸਕਦੇ ਹਾਂ ਜਦਕਿ ਪੰਨਾ ੧੫੫ (ਬਰਨਤ ਸਯਾਮ ਜਥਾ ਮਤ ਭਾਈ।।) ਅਤੇ ੬੬੯ ਪੰਨਿਆਂ ਤੇ ਪਾ: ੧੦ ਸਪਸ਼ਟ ਤੌਰ ਤੇ ਕਬਿ ਸਯਾਮ ਬਣੀ ਬੈਠਾ ਹੈ

(ਸ) ਸ਼ਿਵਾ, ਜਗਮਾਇ ਦੇ ਅਰਥ ਵੀ ਭਾਈ ਰਣਧੀਰ ਸਿੰਘ ਜੀ ਨੇ ਗ਼ਲਤ ਕੀਤੇ ਹਨ ਕਿਉਂਕਿ ਉਹਨਾਂ ਨੇ ਬਚਿਤ੍ਰ ਨਾਟਕ ਗ੍ਰੰਥ ਦੀਆਂ ਹੇਠ ਲਿਖੀਆਂ ਪੰਕਤੀਆਂ ਦਾ ਮੂਲ ਤੇ ਪਿਛੋਕੜ (ਇਸ਼ਟ, ਦਸਮ ਸਕੰਧ, ਕ੍ਰਿਸਨਾਵਤਾਰ) ਧਿਆਨ ਨਾਲ ਵੀਚਾਰਿਆ ਨਹੀ।

ਦੇਵੀ ਜੂ ਕੀ ਉਸਤਤ ਕਥਨੰ।। (ਪੰਨਾ ੩੦੯). . ਤੁਹੀ ਸੁੰਭ ਨੈਸੁੰਭ ਹੰਤੀ ਭਵਾਨੀ। . . ਸਿਵਾ ਸੀਤਲਾ ਮੰਗਲਾ ਤੋਤਲਾ ਹੈ।। ੪੨੬।। …।। ਚੌਪਈ।। ਮੈ ਨ ਗਨੇਸਹਿ ਪ੍ਰਿਥਮ ਮਨਾਊਂ।। …।। ਲਿਵ ਲਾਗੀ ਮੋਰੀ ਪਗ ਇਨ ਸੋ।। ੪੩੪।। ਮਹਾਕਾਲ ਰਖਵਾਰ ਹਮਾਰੋ।। ਮਹਾਲੋਹ ਮੈ ਕਿੰਕਰ ਥਾਰੋ।। ਅਪਨਾ ਜਾਨ ਕਰੋ ਰਖਵਾਰ।। ਬਾਹ ਗਹੇ ਕੀ ਲਾਜ ਬਿਚਾਰ।। ੪੩੫।। …

ਪ੍ਰਥਮ ਧਰੋ ਭਗਵਤ (ਦੇਵੀ) ਕੋ ਧਯਾਨਾ।। ਬਹੁਰ ਕਰੋ ਕਬਿਤਾ ਬਿਧਿ ਨਾਨਾ।। ਕਿਸਨ ਜਥਾ ਮਤ ਚਰਿਤ੍ਰ ਉਚਾਰੋ।। ਚੂਕ ਹੋਇ ਕਬਿ ਲੇਹੁ ਸੁਧਾਰੋ।। ੪੪੦।। ਅਰਥਾਤ, ਸ਼ਿਵ-ਸ਼ਿਵਾ (ਪਾਰਵਤੀ) ਦੇ ਅਰਧ-ਨਾਰੀਸਵਰ ਸਰੂਪ (ਸੱਜਾ = ਮਹਾਕਾਲ, ਖੱਬਾ ਅਰਥਾਤ ਵਾਮ = ਕਾਲਕਾ) ਦਾ ਧਿਆਨ ਕਰਦਿਆਂ ਭੁਲਣਹਾਰ ਵਾਮ-ਮਾਰਗੀ ਕਬਿ ਸਯਾਮ ਆਪਣੇ ਇਸ਼ਟ ਲਈ ਦੇਵੀ ਦੁਰਗਾ, ਭਵਾਨੀ ਸ਼ਿਵਾ, ਸੀਤਲਾ, ਮਹਾਕਾਲ, ਮਹਾਲੋਹ, ਭਗਵਤੀ ਨਾਂ ਲਿਖਦਾ ਹੈ ਜੋ ਕਿ ਅਕਾਲਪੁਰਖ ਲਖਾਇਕ ਨਹੀ ਹਨ।

ਹੇ ਰਵਿ ਹੇ ਸਸਿ ਹੇ ਕਰੁਨਾ ਨਿਧਿ ਮੇਰੀ. . । . . ਸੰਤ ਸਹਾਇ ਸਦਾ ਜਗਮਾਇ ਕ੍ਰਿਪਾ ਕਰ ਸਯਾਮ ਇਹੈ ਬਰੁ ਦੀਜੈ।। ਪੰ: ੪੮੫

ਅਉਰ ਕਹੈ ਕਬਿ ਸਯਾਮ ‘ਸ਼ਿਵਾ` ਸੁ ‘ਜਗਮਾਇ` ਸਹੀ ਠਹਰਾਈ।। ੨੦੬੧।। (ਪੰਨਾ ੫੧੫)

ਸਪਸ਼ਟ ਹੈ ਕਿ ਭਗਉਤੀ, ਭਗਵਤੀ, ਚੰਡੀ, ਸ਼ਿਵਾ, ਸੀਤਲਾ, ਜਗਮਾਇ (ਜਗਦੰਬਾ, ਜਗਤਮਾਤਾ), ਕਾਲਕਾ, ਕਾਲ ਆਦਿਕ ਇਕੋ ਦੇਵੀ ਦੇ ਨਾਮ ਹਨ ਜੈਸਾ ਕਿ ਮਾਰਕੰਡੇਯ ਪੁਰਾਣ ਵਿੱਚ ਲਿਖਿਆ ਹੈ ਅਤੇ ਸਯਾਮ ਕਵਿ ਨੇ ਅਨੁਵਾਦ ਕੀਤਾ ਹੈ।

ਪੰਜਵਾਂ ਲੇਖ (ਪੰਨਾ ੨੦) :- ਮਹਾਕਾਲ ਕਾਲਕਾ ਅਰਾਧੀ; ਲਿਖਤ ਭਾਈ ਕ੍ਹਾਨ ਸਿੰਘ ਜੀ ਨਾਭਾ:-

ਇਸ ਪਰਥਾਂਇ ਉਪਰ ਚੌਥੇ ਲੇਖ ਦੇ (ੲ) ਪੈਰੇ ਵਿੱਚ ਵਿਚਾਰ ਕਰ ਚੁਕੇ ਹਾਂ। ਗੁਰੂ ਗੋਬਿੰਦ ਸਿੰਘ ਜੀ ਨੇ ੩੩ ਸਾਲ (ਈ: ੧੬੭੫ –੧੭੦੮, ਨਾਨਕਸ਼ਾਹੀ ੨੦੬-੨੩੯) ਗੁਰਗੱਦੀ ਤੇ ਬਿਰਾਜਮਾਨ ਰਹੇ; ਇਸ ਦੌਰਾਨ ਕਦੇ ਹੇਮਕੁੰਟ ਪਰਬਤ ਤੇ ਗਏ ਹੀ ਨਹੀਂ “ਅਬ ਮੈ (?) ਅਪਨੀ ਕਥਾ ਬਖਾਨੋ।। … ਹੇਮਕੁੰਟ ਪਰਬਤ ਹੈ ਜਹਾ।। …ਤਹ ਹਮ (?) ਅਧਿਕ ਤਪਸਯਾ ਸਾਧੀ।। ਮਹਾਕਾਲ ਕਾਲਕਾ ਅਰਾਧੀ। . . “ (ਬਚਿਤ੍ਰ ਨਾਟਕ ਗ੍ਰੰਥ) ਵਿੱਚ ਮੈ ਅਤੇ ਹਮ ਅੱਖਰ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜਨ ਵਾਲੇ ਗੁਰੂ-ਨਿੰਦਕ ਹੀ ਹਨ ਕਿਉਂਕਿ ਗੁਰੂ ਸਾਹਿਬ ਜੀ ਨੇ ਕਦੇ ਕੋਈ ਦੇਵੀ-ਦੇਵਤਾ ਨਹੀ ਪੂਜਿਆ। ਇਹ ਗ੍ਰੰਥ ਦੇਵੀ-ਪੂਜਕਾਂ ਦੀ ਰਚਨਾ ਹੈ।

ਛੇਵਾਂ ਲੇਖ (ਪੰਨਾ ੨੩) :- ਭਗੌਤੀ ਕੀ ਵਾਰ (ਲਿਖਤ ਭਾਈ ਕ੍ਹਾਨ ਸਿੰਘ ਜੀ ਨਾਭਾ) ਭਾਵ, ਦੇਵੀ ਕੀ ਵਾਰ, ਪੌੜੀ ਛੰਦਾਂ ਵਿੱਚ ਰਚੀ ਹੋਈ ਯੁਧ-ਕਥਾ। ਦੇਵੀ ਦੇ ਯੁੱਧ ਦੀ ਕਥਾ।

(ੳ) ਭਾਈ ਕਾਨ੍ਹ ਸਿੰਘ ਲਿਖਦੇ ਹਨ …ਕਈ ਅਗਿਆਨੀ “ਇਤਿ ਸ੍ਰੀ ਮਾਰਕੰਡੇਯ ਪੁਰਾਣੇ”… “ਸਤਿ ਸੈ ਕੀ ਕਥਾ ਯਹਿ ਪੂਰੀ ਭਈ ਹੈ।। “ … “ਦੁਰਗਾ ਪਾਠ ਬਣਾਇਆ ਸਭੇ ਪਉੜੀਆਂ।। “ ਆਦਿਕ ਪੜ੍ਹ ਕੇ ਭੀ ਦੇਵੀ ਦੀ ਕਥਾ ਨੂੰ ਗੁਰੂ ਸਾਹਿਬ ਵਲੋਂ ਸਮਝਦੇ ਹਨ। (ਅਰਥਾਤ, ਇਸ ਵਾਰ ਨੂੰ ਗੁਰੂ ਸਾਹਿਬ ਦੀ ਰਚਿਤ ਸਮਝਣ ਵਾਲੇ ਅਗਿਆਨੀ ਹਨ, ਬਿਲਕੁਲ ਠੀਕ ਹੈ ਜੀ।)

(ਅ) …ਚੰਡੀ ਚਰਿਤ੍ਰ ਅਤੇ ਵਾਰ ਵਿਚ, “ਜਾਹਿ ਨਮਿਤ ਪੜੈ ਸੁਨਹੈ ਨਰ ਸੋ ਨਿਸਚੈ ਕਰਿ ਤਾਰਿ ਦਈ ਹੈ।। ਅਤੇ “ਫੇਰ ਨ ਜੂਨੀ ਆਇਆ ਜਿਨ ਇਹ ਗਾਇਆ।। “ ਆਦਿਕ ਪਾਠ ਦੇਖ ਕੇ ਅਗਯਾਨੀ ਆਖਿਆ ਕਰਦੇ ਹਨ ਕਿ ਗੁਰੂ ਸਾਹਿਬ ਨੇ “ਦੁਰਗਾ ਪਾਠ” ਦਾ ਅਜਿਹਾ ਮਹਾਤਮ ਦਸਿਆ ਹੈ। ਪਰ ਓਹ ਇਹ ਨਹੀ ਜਾਣਦੇ ਕਿ ਇਹ ਮੂਲ ਦਾ ਉਲੱਥਾ ਹੈ, ਗੁਰੂ ਸਾਹਿਬਾਂ ਵਲੋਂ ਨਹੀ ਹੈ। (ਬਿਲਕੁਲ ਠੀਕ ਹੈ ਜੀ, ਮੂਲ ਦਾ ਉਲੱਥਾ ਹੀ ਹੈ ਅਤੇ ਗੁਰੂ-ਰਚਿਤ ਨਹੀ।)

(ੲ) ਭਾਈ ਕ੍ਹਾਨ ਸਿੰਘ ਜੀ ਅੱਗੇ ਲਿਖਦੇ ਹਨ - ਕਦੇ ਇਹ ਹੋ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਇਸ ਬਚਨ ਦੇ ਵਿਰੁਧ ਤੂ ਕਹੀਅਤ ਹੀ ਆਦਿ ਭਵਾਨੀ।। ਮੁਕਤਿ ਕੀ ਬਰੀਆ ਕਹਾ ਛਪਾਨੀ।। (ਅੰਗ ੮੭੪)

ਗੁਰੂ ਸਾਹਿਬ ਦੇਵੀ ਦੇ ਮਹਾਤਮ ਵਿੱਚ ਇਹ ਲਿਖਦੇ ਕਿ –

ਫੇਰ ਨ ਜੂਨੀ ਆਇਆ ਜਿਨ ਇਹ ਗਾਇਆ।। ੫੫।। (ਅਰਥਾਤ ਗੁਰੂ ਸਾਹਿਬ ਐਸਾ ਕਦੇ ਨਹੀ ਲਿਖ ਸਕਦੇ)

ਜੋ ਦੇਵੀ ਮੁਕਤੀ ਦੇਣੋ ਆਪ ਅਸਮਰਥ ਹੈ, ਉਸਦੀ ਕਥਾ ਕਿਸ ਤਰ੍ਹਾਂ ਮੁਕਤੀ ਦੇ ਸਕਦੀ ਹੈ?

ਸ਼ਹਿਬਾਜ਼ ਖ਼ਾਲਸਾ ਜੀ! ਅਖੰਡ ਕੀਰਤਨੀਓ! ਹੁਣ ਕਰ ਲਉ ਆਪਣਾ ਭਰਮ ਦੂਰ। ਭਗੌਤੀ/ਦੇਵੀ ਦੁਰਗਾ ਕੀ ਵਾਰ ਗੁਰੂ ਰਚਿਤ ਨਹੀ। ਚੰਡੀ ਦੀ ਵਾਰ (ਅਤੇ ਅਕਾਲ ਉਸਤਤਿ ਕਹੀ ਜਾਂਦੀ ਰਚਨਾ) ਦਾ ਪਾਠ ਕਰਣ ਵਾਲੇ ਵਾਹਿਗੁਰੂ ਦਾ ਨਾਮ ਜਪਣ ਦੀ ਥਾਂ ਉਸਦੀ ਨੌਕਰਾਣੀ ਦੁਰਗਾ ਦਾ ਨਾਮ ਜਪਦੇ ਹਨ:-

ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ।। ਪੋਖਰ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ।। (ਅੰਗ ੨੨੯)

ਸ਼ਹਿਬਾਜ਼ ਖ਼ਾਲਸਾ (ਬ੍ਰਾਹਮਣ ਮਤੀਆਂ) ਨੇ ਜ਼ਫਰਨਾਮਹ ਬਾਰੇ ਵੀ ਬਹੁਤ ਭੁਲੇਖਾ-ਪਾਊ ਲਿਖਤ ਲਿਖੀ ਹੈ।

ਸਤਵਾਂ ਲੇਖ (ਪੰਨਾ ੨੫) :- ਪ੍ਰਿਥਮ ਭਗਉਤੀ ਸਿਮਰ ਕੈ … (ਲਿਖਤ ਡਾ: ਜਸਵੰਤ ਸਿੰਘ ਨੇਕੀ) : ਉਪਰ ਛੇਂਵੇਂ ਲੇਖ ਵਿੱਚ “ਭਗੌਤੀ ਕੀ ਵਾਰ” ਦਾ ਨਿਰਣਾ ਭਾਈ ਕ੍ਹਾਨ ਸਿੰਘ ਜੀ ਨੇ ਕਰ ਦਿੱਤਾ ਹੈ। ਸ਼ਾਇਦ ਡਾ: ਨੇਕੀ ਨੇ ਅਤੇ ਹੋਰ ਕਈ ਲਿਖਾਰੀਆਂ ਨੇ ਭਗਉਤੀ ਪਦ ਦੇ ਹੇਠ ਲਿਖੇ ਅਰਥ ਮਹਾਨ ਕੋਸ਼ (ਭਾਈ ਕ੍ਹਾਨ ਸਿੰਘ) ਵਿਚੋਂ ਨਹੀ ਪੜ੍ਹੇ:

ਭਗਉਤੀ: ੧. ਭਗਵਤ ਭਕਤ, ਕਰਤਾਰ ਦਾ ਉਪਾਸਕ.”ਸੋ ਭਗਉਤੀ ਜ+ ਭਗਵੰਤੈ ਜਾਣੈ।। ਗੁਰਪਰਸਾਦੀ ਆਪੁ ਪਛਾਣੈ।। ਧਾਵਤੁ ਰਾਖੈ ਇਕਤੁ ਘਰਿ ਆਣੈ।। ਜੀਵਤੁ ਮਰੈ ਹਰਿਨਾਮੁ ਵਖਾਣੈ।। ਐਸਾ ਭਗਉਤੀ ਉਤਮੁ ਹੋਇ।। ਨਾਨਕ ਸਚਿ ਸਮਾਵੈ ਸੋਇ।। “ (ਮ: ੩, ਵਾਰ ਸਿਰੀ ਰਾਗ, ਅੰਗ ੮੮); ਸਾਧਸੰਗਿ ਪਾਪਾ ਮਲੁ ਖੋਵੈ।। ਤਿਸੁ ਭਗਉਤੀ ਕੀ ਮਤਿ ਊਤਮ ਹੋਵੈ।। (ਸੁਖਮਨੀ, ਮ: ੫, ਅੰਗ ੨੭੪)।। ੨. ਭਗਵਤ ਦੀ, “ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ।। (ਪ੍ਰਭਾਤੀ ਅ: ਮ: ੫), ਪਰਮੇਸ਼ਵਰ ਦੇ ਭੇਖ ਦੀ ਮੁਦ੍ਰਾ ਹੈ ਪਰ ਮਨ ਮਾਇਆ ਮੋਹਿਆ. ੩. ਭਗਵਤੀ, ਦੁਰਗਾ ਦੇਵੀ “ਵਾਰ ਸ੍ਰੀ ਭਗਉਤੀ ਜੀ ਕੀ” (ਚੰਡੀ ੩). ੪. ਖੜਗ, ਸ੍ਰੀ ਸਾਹਿਬ, ਤਲਵਾਰ “ਲਈ ਭਗਉਤੀ ਦੁਰਗਸਾਹ” (ਚੰਡੀ ੩) “ਲਏ ਭਗਉਤੀ ਨਿਕਸ ਹੈ ਆਪ ਕਲੰਕੀ ਹਾਥ” (ਸਨਾਮਾ), “ਨਾਉ ਭਗਉਤੀ ਲੋਹ ਘੜਾਇਆ (ਭਾਗੁ) ੫. ਮਹਾਕਾਲ “ਪ੍ਰਿਥਮ ਭਗਉਤੀ ਸਿਮਰ ਕੈ” (ਚੰਡੀ ੩). ੬. ਇੱਕ ਛੰਦ, ਕਈ ਥਾਂਈ ਸ੍ਰੀ ਭਗਵਤੀ ਭੀ ਇਸ ਛੰਦ ਦਾ ਨਾਮ ਹੈ।

ਸਪਸ਼ਟ ਹੈ ਕਿ ਵਾਰ ਸ੍ਰੀ ਭਗਉਤੀ ਜੀ/ਵਾਰ ਦੁਰਗਾ ਕੀ (ਚੰਡੀ ੩) ਵਿੱਚ ਲਿਖੀ ਅਰਦਾਸ ਮਹਾਕਾਲ (ਜਿਸਦਾ ਸਿਖ ਬਣਨ ਲਈ ਭੰਗ-ਸ਼ਰਾਬ ਪੀਣੀ ਪੈਂਦੀ ਹੈ) ਅਤੇ ਦੁਰਗਾ ਦੇਵੀ (ਜੋ ਮੁਕਤੀ ਨਹੀ ਦੇ ਸਕਦੀ) ਅੱਗੇ ਕੀਤੀ ਜਾ ਰਹੀ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ “ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰੁ।। (ਅੰਗ ੫੧੯) ਦੇ ਉਲਟ ਹੈ।

ਭਗਉਤੀ ਪਰਥਾਂਇ ਲਿਖੀ ਗੁਰਬਾਣੀ (ਵਾਰ ਸਿਰੀ ਰਾਗੁ, ਮ: ੩, ਅੰਗ ੮੮) ਦੀਆਂ ਪੰਕਤੀਆਂ ਵਿੱਚ “ਭਗਉਤੀ ਐਸਾ ਉਤਮ ਮਨੁਖ ਹੈ ਜਿਸਨੇ ਪਰਮਾਤਮਾ ਨੂੰ ਜਾਣ ਲਿਆ ਹੈ, ਜਿਸਨੇ ਗੁਰੂ ਦੀ ਕਿਰਪਾ ਸਦਕਾ ਆਪਾ ਪਛਾਣ (ਮਨ ਤੂੰ ਜੋਤਿ ਸਰੁਪ ਹੈ ਆਪਣਾ ਮੂਲੁ ਪਛਾਣੁ।।) ਲਿਆ ਹੈ ਜਿਸਨੇ ਆਪਣੇ ਭਟਕਦੇ ਮਨ ਨੂੰ ਇੱਕ ਪ੍ਰਭੂ ਦੇ ਚਰਨਾਂ ਵਿੱਚ ਟਿਕਾ ਲਿਆ ਹੈ, ਜਿਸਨੇ ਗੁਰੂ-ਹੁਕਮ ਬੁਝ ਕੇ ਗੁਰਮਤਿ ਨਾਮ ਜਪ ਕੇ “ਜੀਵਤੁ ਮਰਹੁ ਮਰਹੁ ਫੁਨਿ ਜੀਵਹੁ ਪੁਨਰਪਿ ਜਨਮੁ ਨ ਹੋਈ।। (ਅੰਗ ੧੧੦੪) “ ਦੀ ਜੀਵਨ-ਜਾਚ ਸਿਖ ਲਈ ਹੈ; ਹੇ ਨਾਨਕ! ਐਸਾ ਉਤਮ ਮਨੁਖ ਹੀ ਸਦਾ-ਥਿਰ ਪਰਮਾਤਮਾ ਵਿੱਚ ਸਮਾ ਜਾਂਦਾ ਹੈ।

ਅੰਤਰਿ ਕਪਟੁ ਭਗਉਤੀ ਕਹਾਏ।। ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ।। (ਮ: ੩, ਅੰਗ ੮੮), ਭਗਉਤੀ = ਪ੍ਰਭੂ-ਭਗਤ ਮਨੁਖ।

ਗਉੜੀ ਸੁਖਮਨੀ ਮਹਲਾ ੫ ਦੀ ਪਦੀ …… (ਗੁਰੂ ਗ੍ਰੰਥ ਸਾਹਿਬ, ਅੰਗ ੨੭੪) :-

ਭਗਉਤੀ ਭਗਵੰਤ ਭਗਤਿ ਕਾ ਰੰਗੁ।। ਸਗਲ ਤਿਆਗੈ ਦੁਸਟ ਕਾ ਸੰਗੁ।। ਮਨ ਤੇ ਬਿਨਸੈ ਸਗਲਾ ਭਰਮੁ।। ਕਰਿ ਪੂਜੈ ਸਗਲ ਪਾਰਬ੍ਰਹਮੁ।। ਸਾਧਸੰਗਿ ਪਾਪਾ ਮਲੁ ਖੋਵੈ।। ਤਿਸੁ ਭਗਉਤੀ ਕੀ ਮਤਿ ਊਤਮ ਹੋਵੈ।। ਭਗਵੰਤ ਕੀ ਟਹਲ ਕਰੈ ਨਿਤ ਨੀਤਿ।। ਮਨੁ ਤਨੁ ਅਰਪੈ ਬਿਸਨ ਪਰੀਤਿ।। ਹਰਿ ਕੇ ਚਰਨ ਹਿਰਦੈ ਬਸਾਵੈ।। ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ।।

ਅਰਥਾਤ, ਭਗਉਤੀ ਐਸਾ ਮਨੁਖ ਹੈ ਜਿਸਦੇ ਮਨ ਤੇ ਪ੍ਰਭੂ-ਭਗਤੀ ਦਾ ਰੰਗ ਚੜ੍ਹ ਗਿਆ ਹੈ, ਜਿਸਨੇ ਮਨਮੁਖ ਸਾਕਤ ਦਾ ਸੰਗ ਪੂਰਨ ਤੌਰ ਤੇ ਤਿਆਗ ਦਿੱਤਾ ਹੈ, ਜਿਸਦੇ ਮਨ ਦਾ ਸਭ ਤਰ੍ਹਾਂ ਦਾ ਭਰਮ ਨਾਸ ਹੋ ਗਿਆ ਹੈ, ਸਰਬ-ਵਿਆਪਕ ਪ੍ਰਭੂ ਨੂੰ ਜਪਦਾ ਹੈ, ਜਿਸਨੇ ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਮਨ ਤੇ ਚੜ੍ਹੀ ਪਾਪਾਂ (ਮਨਮੁਖੀ ਕਰਮਾਂ) ਦੀ ਮੈਲ ਹਟਾ ਲਈ ਹੈ, ਐਸੇ ਪ੍ਰਭੂ-ਭਗਤ ਦੀ ਸੋਚਣੀ/ਅਕਲ ਸਰਬ-ਸ੍ਰੇਸ਼ਟ ਹੁੰਦੀ ਹੈ। ਐਸੀ ਉਤਮ ਸੋਚਣੀ ਵਾਲਾ ਮਨੁਖ ਹਰ ਸਮੇਂ ਖਾਲਕ ਤੇ ਖਲਕ ਦੀ ਸੇਵਾ ਵਿੱਚ ਲਗਾ ਰਹਿੰਦਾ ਹੈ, ਪ੍ਰਭੂ-ਪ੍ਰੀਤ ਖ਼ਾਤਰ ਆਪਾ ਵੀ ਕੁਰਬਾਨ ਕਰ ਦਿੰਦਾ ਹੈ, “ਹਿਰਦੇ ਚਰਨ ਸਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲਿ।। (ਅੰਗ ੬੮੦) “ ਮੁਤਾਬਕ ਗੁਰੂ ਦੀ ਸੱਚੀ ਬਾਣੀ (ਗੁਰ-ਸਬਦ, ਗੁਰ-ਮੰਤਰ) ਰੂਪੀ ਪ੍ਰਭੂ-ਚਰਨ ਹਿਰਦੇ ਵਿੱਚ ਵਸਾ ਲੈਂਦਾ ਹੈ, ਹੇ ਨਾਨਕ! ਐਸਾ ਭਗਉਤੀ/ਪ੍ਰਭੂ-ਭਗਤ ਹੀ ਮਨੁਖਾ-ਜੀਵਨ ਦੀ ਮੰਜ਼ਿਲ “ਅਕਾਲਪੁਰਖੁ” ਨੂੰ ਪਾ ਲੈਂਦਾ ਹੈ।

ਕੁਝ “ਅਗਿਆਨੀ ਚੁੰਚ-ਗਿਆਨੀ-ਵਿਦਵਾਨ” ਉਪਰ ਲਿਖੇ ਮ: ੩ ਅਤੇ ਮ: ੫ ਦੇ ਗੁਰਵਾਕ ਸੁਣਾ ਕੇ “ਪ੍ਰਿਥਮ ਭਗੌਤੀ ਸਿਮਰ ਕੈ…” ਵਾਲੀ ਪੰਕਤੀ ਨੂੰ ਅਰਥਾਉਂਣ ਦੀ ਕੋਸ਼ਿਸ਼ ਕਰਦੇ ਹਨ। ਭਗਉਤੀ ਦਾ ਵਾਹਿਗੁਰੂ/ਅਕਾਲ ਪੁਰਖੁ ਅਰਥ ਕਰਣ ਵਾਲੇ “ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ।। “ਪੰਕਤੀ ਦੇ ਬਿਲਕੁਲ ਗਲਤ ਅਰਥ ਕਰਣਗੇ, ਕਿਉਂਕਿ ਅਰਥ ਹੋਣਗੇ ਕਿ “ਹੇ ਨਾਨਕ! ਐਸਾ ਅਕਾਲਪੁਰਖ ਅਕਾਲਪੁਰਖ ਨੂੰ ਪਾ ਲੈਂਦਾ ਹੈ। “ ਇਸੇ ਤਰ੍ਹਾਂ ਬਾਕੀ ਪੰਕਤੀਆਂ ਦੇ ਅਰਥ ਵੀ ਗ਼ਲਤ ਹੀ ਹੋਣਗੇ ਜੋ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਦਾ ਘੋਰ ਨਿਰਾਦਰ ਹੋਵੇਗਾ। ਬਾਣੀ-ਗੁਰੂ ਜੀ ਦੇ ਨਿੰਦਕ ਦਾ ਅੰਤ ਬਹੁਤ ਮਾੜਾ ਹੋਵੇਗਾ।

ਅਠਵਾਂ ਲੇਖ (ਪੰਨਾ ੩੧) :- ਦੇਹਿ ਸ਼ਿਵਾ ਬਰ ਮੋਹਿ ਇਹੈ…… (ਭਾਈ ਅਮਰਜੀਤ ਸਿੰਘ ਖੋਸਾ) :

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਸ਼ਿਵ ਅਤੇ ਸ਼ਕਤੀ ਦੀ ਅਸਲੀਅਤ ਜਾਣਨ ਲਈ ਹੇਠ ਲ਼ਿਖੇ ਪ੍ਰਮਾਣ ਲੇਖਕ ਨੇ ਲਿਖੇ ਹਨ:

(ੳ) ਚਾਰਿ ਪਦਾਰਥ ਲੈ ਜਗਿ ਜਨਮਿਆ ਸਿਵ ਸਕਤੀ ਘਰਿ ਵਾਸੁ ਧਰੇ।।

ਲਾਗੀ ਭੂਖ ਮਾਇਆ ਮਗੁ ਜੋਹੈ ਮੁਕਤਿ ਪਦਾਰਥ ਮੋਹਿ ਖਰੇ।। (ਅੰਗ ੧੦੨੩)

(ਅ) ਚਾਰਿ ਪਦਾਰਥ ਲੈ ਜਗਿ ਆਇਆ।। ਸਿਵ ਸਕਤੀ ਘਰ ਵਾਸਾ ਪਾਇਆ।। (ਅੰਗ ੧੦੨੬)

(ੲ) ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ।। (ਅਨੰਦੁ, ਅੰਗ ੯੨੦)

(ਸ) ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ।। ਸਿਵ ਅਗੈ ਸਕਤੀ ਹਾਰਿਆ ਏਵੈ ਹਰਿ ਭਾਈਆ।। (ਅੰਗ ੧੦੯੬)

(ਹ) ਗੁਰਪਰਸਾਦੀ ਸਿਵ ਘਰਿ ਜੰਮੈ ਵਿਚਹੁ ਸਕਤਿ ਗਵਾਇ।। ਅਚਰੁ ਚਰੈ ਬਿਬੇਕ ਬੁਧਿ ਪਾਏ ਪੁਰਖੈ ਪੁਰਖੁ ਮਿਲਾਇ।। (੧੨੭੬)

(ਕ) ਗੁਰਮੁਖਿ ਸਿਵ ਘਰਿ ਜਾਈਐ।। (ਅੰਗ ੧੩੨੮)

ਭਾਈ ਅਮਰਜੀਤ ਸਿੰਘ ਜੀ ਨੇ ਇਹਨਾਂ ਪੰਕਤੀਆਂ ਦੇ ਅਰਥ ਨਹੀ ਲਿਖੇ ਪਰ ਸਿਵ ਨੂੰ ਚੇਤਨ-ਪ੍ਰਭੂ, ਪ੍ਰਮਾਤਮਾ ਯਾ ਅਕਾਲ-ਪੁਰਖ ਅਤੇ ਸਕਤੀ ਨੂੰ ਜੜ੍ਹ ਸ੍ਰਿਸ਼ਟੀ ਯਾ ਮਾਇਆ ਵਰਣਨ ਕੀਤਾ ਹੈ, ਕੀ ਇਹ ਅਰਥ ਹਰ ਪੰਕਤੀ ਵਿੱਚ ਢੁਕਦੇ ਹਨ? ਜ਼ਰਾ ਇਹ ਅਰਥ (ੲ) ਪੰਕਤੀ ਤੇ ਲਾਗੂ ਕਰੀਏ ਤਾਂ ਅਰਥ ਹੋਣਗੇ: ਪਰਮਾਤਮਾ ਤੇ ਮਾਇਆ ਨੂੰ ਪਰਮਾਤਮਾ ਨੇ ਆਪ ਪੈਦਾ ਕਰਕੇ, ਪਰਮਾਤਮਾ ਆਪ ਹੀ ਇਹਨਾਂ ਤੇ ਹੁਕਮ ਚਲਾਉਂਦਾ ਹੈ। ਭਲਾ ਦਸੋ, ਪਰਮਾਤਮਾ ਆਪਣੇ ਆਪ ਤੇ ਹੁਕਮ ਚਲਾਉਂਦਾ ਹੈ, ਅਰਥ ਢੁਕਦੇ ਨਹੀ। ਲਉ ਹੁਣ (ਸ) ਵਿੱਚ “ਸਿਵ ਅਗੈ ਸਕਤੀ ਹਾਰਿਆ” ਦੇ ਅਰਥ ਭਾਈ ਅਮਰਜੀਤ ਸਿੰਘ ਲਿਖਦੇ ਹਨ “ਸਿਵ ਦੇ ਅੱਗੇ ਸ਼ਕਤੀ ਦਾ ਹਾਰਨਾ” ਜੋ ਕਿ ਗ਼ਲਤ ਹਨ ਕਿਉਂਕਿ “ਹਾਰਿਆ” ਅੱਖਰ ਪੁਲਿੰਗ-ਵਾਚਕ ਹੈ, ਸਿਵ ਲਈ ਹੈ।

ਸਹੀ ਅਰਥ ਹਨ: ਸਿਵ ਹਾਰ ਗਿਆ ਸ਼ਕਤੀ ਅੱਗੇ; ਮਾਰਕੰਡੇਯ ਪੁਰਾਣ ਵਿੱਚ ਐਸਾ ਹੋਇਆ ਲਿਖਿਆ ਹੈ ਤੇ ਸ਼ਿਵ ਦੁਰਗਾ ਦੇ ਪੈਰਾਂ ਤਲੇ ਪਿਆ ਹੈ।

ਸ਼ਿਵ = ਪਰਮਾਤਮਾ, ਸ਼ਕਤੀ = ਮਾਇਆ, ਅਰਥ ਗੁਰਬਾਣੀ ਦੀ ਹਰ ਪੰਕਤੀ ਵਿੱਚ ਨਹੀ ਢੁਕਦੇ ਤਾਂ “ਦੇਹਿ ਸ਼ਿਵਾ ਬਰ ਮੋਹਿ ਇਹੈ…” ਵਿੱਚ ਕਿਵੇਂ ਢੁਕਾ ਸਕਦੇ ਹਾਂ ਜਦਕਿ ਇਹ ਰਚਨਾ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀ ਹੈ। ਅਗਲੀਆਂ ਪੰਕਤੀਆਂ ਵਿੱਚ ‘ਮਤਿ` ਅੱਖਰ ਦੇ ਅਰਥਾਂ ਵਲ ਗੌਰ ਕਰੋ; ਮੈ ਬਿਗਰੇ ਅਪਨੀ ਮਤਿ ਖੋਈ।। ਮੇਰੇ ਭਰਮਿ ਭੂਲਉ ਮਤਿ ਕੋਈ।। (ਅੰਗ ੮੫੫)

(ਮਤਿ ਖੋਈ = ਅਕਲ ਗੁਆ ਲਈ; ਭੂਲਉ ਮਤਿ ਕੋਈ = ਕੋਈ ਨ ਭੁੱਲੇ), ਅਰਥਾਤ, ਮਤਿ ਅਖਰ ਦੇ ਦੋ ਅਰਥ ਹਨ।

ਸੋ, ਦੇਹਿ ਸ਼ਿਵਾ ਬਰ… ਰਚਨਾ ਵਿੱਚ ਸ਼ਿਵਾ ਦੇ ਅਰਥ ਸਿਰਫ਼ ਵਾਹਿਗੁਰੂ ਕਿਵੇਂ ਮੰਨ ਲਈਏ? ਪ੍ਰਕਰਣ ਅਨੁਸਾਰ, ਪੂਰੀ ਰਚਨਾ ਪੜ੍ਹਿਆਂ, ਸਪਸ਼ਟ ਹੋ ਜਾਂਦਾ ਹੈ ਕਿ ਸ਼ਿਵਾ ਦਾ ਅਰਥ “ਦੇਵੀ ਦੁਰਗਾ” ਹੈ।

ਸ਼ਿਵ ਸਕਤੀ ਦਾ ਨਿਬੇੜਾ ਕਰਨ ਲਈ ਹੇਠ ਲਿਖੀਆਂ ਪੰਕਤੀਆਂ ਧਿਆਨ ਨਾਲ ਸਮਝੋ ਜੀ:

(ਖ) ਜਬ ਨਿਰਗੁਨ ਪ੍ਰਭ ਸਹਜ ਸੁਭਾਇ।। ਤਬ ਸਿਵ ਸਕਤਿ ਕਹਹੁ ਕਿਤੁ ਠਾਇ।। (ਸੁਖਮਨੀ, ਮਹਲਾ ੫, ਅੰਗ ੨੯੧)

ਅਰਥਾਤ, ਜਦੋਂ ਸਰਗੁਨ ਭਾਵ ਸਾਕਾਰ-ਸੰਸਾਰ-ਰਚਨਾ ਨਹੀ ਸੀ ਤੇ ਪਰਮਾਤਮਾ “ਸੁੰਨ ਕਲਾ ਅਪਰੰਪਰ ਧਾਰੀ।। “ ਰੂਪ ਵਿੱਚ ਹੀ ਸੀ ਤਾਂ ਦਸੋ, ਸ਼ਿਵ-ਸ਼ਕਤੀ ਕਿਸ ਥਾਂ ਸਨ? ਗੁਰੂ ਸਾਹਿਬ ਸਮਝਾ ਰਹੇ ਹਨ ਕਿ ਸਿਵ ਦੀ ਸ਼ਕਤੀ ਦੁਰਗਾ/ਭਗਉਤੀ/ਸ਼ਿਵਾ “ਆਦਿ-ਸ਼ਕਤੀ” ਉਸ ਸਮੇਂ ਨਹੀ ਸੀ। ਇਸ ਤਰ੍ਹਾਂ ਮਾਰਕੰਡੇਯ ਪੁਰਾਣ ਦਾ ਖੰਡਨ ਕੀਤਾ ਹੈ।

(ਗ) ਸਿਵਾ ਸਕਤਿ ਸੰਬਾਦੰ।। ਮਨ ਛੋਡਿ ਛੋਡਿ ਸਗਲ ਭੇਦੰ।। ਸਿਮਰਿ ਸਿਮਰਿ ਗੋਬਿੰਦੰ।। ਭਜੁ ਨਾਮਾ ਤਰਸਿ ਭਵ ਸਿੰਧੰ।।

ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ੮੭੩ ਤੇ ਅੰਕਤ ਪੰਕਤੀਆਂ ਵਿੱਚ ਭਗਤ ਨਾਮਦੇਵ ਜੀ ਸਮਝਾਉਂਦੇ ਹਨ: ਹੇ ਮਨ! ਸ਼ਿਵਾ ਸ਼ਕਤੀ ਦੇ ਪ੍ਰਸੰਗਾਂ ਦੇ ਭੇਦ ਸਮਝਣੇ ਛੱਡ ਦੇ। ਨਿਰਾਕਾਰ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਭਵ ਸਾਗਰ ਤੋਂ ਪਾਰ ਹੋ ਜਾ; ਭਾਵ, ਗੁਰਸਿਖਾਂ ਨੂੰ ਲੋੜ ਨਹੀ “ਸ਼ਿਵਾ” ਜਾਂ “ਸ਼ਕਤੀ” ਦੀ। ਚੇਤੇ ਰਖੀਏ ਇਹ ਗੁਰਵਾਕ

ਹਉ ਤਉ ਏਕੁ ਰਮਈਆ ਲੈਹਉ।। ਆਨ ਦੇਵ ਬਦਲਾਵਨ ਦੈ ਹਉ।। (ਗੁਰੂ ਗ੍ਰੰਥ ਸਾਹਿਬ, ਅੰਗ ੮੭੪)

ਭਲਾ ਦਸੋ! ਗੁਰੂ ਗੋਬਿੰਦ ਸਿੰਘ ਕਿਸੇ ਦੇਵੀ ਸ਼ਿਵਾ ਕੋਲੋਂ ਕਿਉਂ ਕੁੱਝ ਮੰਗਣਗੇ, ਉਹ ਸਰਬ-ਸਮਰਥ ਦਾਤੇ ਦਾ ਰੂਪ ਹਨ। ਉਪਰ ਲਿਖੇ ਛੇਂਵੇਂ ਲੇਖ ਵਿੱਚ “ਤੂ ਕਹੀਅਤਿ ਹੀ ਆਦਿ ਭਵਾਨੀ।। ਮੁਕਤਿ ਕੀ ਬਰੀਆ ਕਹਾ ਛਪਾਨੀ।। “…ਸਪਸ਼ਟ ਨਿਰਣਾ ਕਰਦੀ ਹੈ: ਜੋ ਦੇਵੀ ਮੁਕਤੀ ਦੇਣੋ ਆਪ ਅਸਮਰੱਥ ਹੈ, ਉਸਦੀ ਕਥਾ ਕਿਸ ਤਰ੍ਹਾਂ ਮੁਕਤੀ ਦੇ ਸਕਦੀ ਹੈ?

ਬੇਦ ਪੁਰਾਨ ਸਭ ਦੇਖੇ ਜੋਇ।। ਉਹਾਂ ਤਉ ਜਾਈਐ ਜਉ ਈਹਾਂ ਨ ਹੋਇ।। (ਗੁਰੂ ਗ੍ਰੰਥ ਸਾਹਿਬ, ਅੰਗ ੧੧੯੫)

ਅਰਥਾਤ, ਸਾਰੇ ਵੇਦ ਤੇ ਸਾਰੇ ਪੁਰਾਨ ਮੈ ਘੋਖ ਕੇ ਵੇਖ ਚੁਕਾ ਹਾਂ। ਮੈ ਇਹਨਾਂ ਦੇ ਦਸੇ ਰਾਹ ਤੇ ਤਾਂ ਜਾਂਵਾਂ ਜੇ ਮੈਨੂੰ ਮੇਰੀ ਮੰਜ਼ਿਲ ਗੁਰੂ ਦੇ ਦੱਸੇ ਰਾਹ ਤੇ ਚਲਿਆਂ ਨ ਮਿਲਦੀ ਹੋਵੇ। ਜਿਸਨੂੰ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਨਹੀ ਓਹੀ ਮਨੁਖ ਹੋਰ ਗ੍ਰੰਥਾਂ, ਬਚਿਤ੍ਰ ਨਾਟਕ ਗ੍ਰੰਥ/ਸਰਬਲੋਹ ਗ੍ਰੰਥ ਆਦਿਕ, ਦੀਆਂ ਕਚੀਆਂ ਬਾਣੀਆਂ ਪੜ੍ਹਦਾ ਹੈ।

ਅਜ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਅਖੋਤੀ ਦਸਮ ਗ੍ਰੰਥ ਖੜਾ ਕਰਕੇ ਗੁਰਸਿਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਤੋੜਿਆ ਜਾ ਰਿਹਾ ਹੈ। ਦਿੱਲੀ ਸਕੂਲਾਂ ਵਿੱਚ ਪੰਜਾਬੀ ਦੀ ਨੌਵੀਂ ਜਮਾਤ ਦੀ ਕਿਤਾਬ (ਸਾਹਿਤ ਦੀਪਿਕਾ) ਵਿੱਚ ਚੰਡੀ ਦੀ ਵਾਰ ਦੀ ਪਉੜੀ (ਮਹਿਖਾਸੁਰ ਯੁੱਧ), ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਦਰਸਾ ਕੇ, ਸ਼ੇਰ ਤੇ ਬੈਠੀ ਦੇਵੀ ਦੁਰਗਾ ਦਾ ਉਪਾਸਕ ਦਸਿਆ ਜਾ ਰਿਹਾ ਹੈ। ਅਸੀ ਜਾਣਦੇ ਹਾਂ ਕਿ ਦਸ ਗੁਰੂ ਸਾਹਿਬਾਨ ਇਕੋ ਹੀ ਜੋਤਿ ਇਕੋ ਹੀ ਜੁਗਤਿ ਦੇ ਧਾਰਨੀ ਅਤੇ ਉਪਦੇਸ਼ਕ ਸਨ ਪਰ ਹੁਣ ਸਾਨੂੰ ਦਸਮ ਨਾਨਕ ਬਾਰੇ ਭਰਮਾਂ ਵਿੱਚ ਪਾਇਆ ਜਾ ਰਿਹਾ ਹੈ। ਜਦ ਤਕ ਅਸੀ ਬਚਿਤ੍ਰ ਨਾਟਕ ਗ੍ਰੰਥ ਨੂੰ ਦਸਮ ਨਾਨਕ ਜੀ ਦੀ ਰਚਨਾ ਮੰਨੀ ਜਾਂਵਾਂਗੇ ਤਦ ਤਕ ਸਾਨੂੰ ਗੁਰੂ ਸਾਹਿਬ ਜੀ ਦੀ ਹੋ ਰਹੀ ਨਿੰਦਾ ਤੇ ਬਦਨਾਮੀ ਬਰਦਾਸ਼ਤ ਕਰਨੀ ਪਵੇਗੀ।

ਇਸ ਵਿੱਚ ਕੋਈ ਸ਼ਕ ਹੀ ਨਹੀ ਕਿ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਗੁਰੂ ਹਨ ਤੇ ਗੁਰਸਿਖ ਜਾਣਦਾ ਹੈ ਕਿ,

ਨਾਨਕ ਮਿਲਿਆ ਸੋ ਜਾਣੀਐ ਗੁਰੂ ਨ ਛੋਡੈ ਆਪਣਾ ਦੂਜੈ ਨ ਧਰੇ ਪਿਆਰੁ।। (ਅੰਗ ੧੦੮੭)




.