ਕੀ ਵਿਹਲੜਾਂ ਦੀ ਫੌਜ ਨੂੰ ਸੰਤ ਆਖਿਆ ਜਾ ਸਕਦਾ ਹੈ?
ਰਾਜਿੰਦਰ ਸਿੰਘ,
ਮੁਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ,
ਟੈਲੀਫੋਨ: +91 98761 04726,
ਕਿਸੇ ਵਿਅਕਤੀ ਨੂੰ ਸੰਤ, ਬਾਬਾ, ਮਹਾਂਪੁਰਖ ਜਾਂ ਬ੍ਰਹਮਗਿਆਨੀ ਆਦਿ ਦਾ
ਸਤਿਕਾਰ ਦੇਣ ਤੋਂ ਪਹਿਲਾਂ, ਇੱਕ ਵੱਡਾ ਸਿਧਾਂਤਕ ਪੱਖ ਵਿਚਾਰਨ ਦੀ ਲੋੜ ਹੈ। ਗੁਰੂ ਨਾਨਕ ਪਾਤਿਸ਼ਾਹ
ਨੇ ਮਨੁੱਖਤਾ ਨੂੰ ਜੋ ਤਿੰਨ ਸੂਤਰੀ ਪ੍ਰੋਗਰਾਮ ਦਿੱਤਾ, ਉਹ ਹੈ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ
ਕੇ ਛੱਕਣਾ। ਇਥੇ ਸਭ ਤੋਂ ਪਹਿਲਾਂ ਗੱਲ ਕਿਰਤ ਕਰਨ ਦੀ ਹੈ। ਜੋ ਕਿਰਤੀ ਨਹੀਂ, ਉਹ ਨਾਮੀ ਕਦੇ ਨਹੀਂ
ਹੋ ਸਕਦਾ। ਜਿਹੜਾ ਆਪ ਵਿਹਲੜ ਹੈ ਉਸ ਦੇ ਵੰਡ ਛਕਣ ਦਾ ਤਾਂ ਸੁਆਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ
ਵੰਡ ਛੱਕਣ ਦਾ ਭਾਵ ਇਹ ਨਹੀਂ, ਲੋਕਾਂ ਕੋਲੋਂ ਪੈਸੇ ਇਕੱਠੇ ਕਰਕੇ ਲੰਗਰ ਲੁਆ ਦੇਣੇ, ਬਲਕਿ ਵੰਡ
ਛੱਕਣਾ ਹੈ, ਆਪਣੀ ਸੁਕ੍ਰਿਤ ਕਰਕੇ ਉਸ ਵਿੱਚੋਂ ਲੋੜਵੰਦਾਂ ਦੀ ਮੱਦਤ ਕਰਨੀ। ਗੁਰਬਾਣੀ ਵੀ ਸਾਨੂੰ
ਆਦੇਸ਼ ਕਰਦੀ ਹੈ:
“ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ ਧਿਆਇਦਿਆ ਤੂੰ ਪ੍ਰਭੂ
ਮਿਲੁ ਨਾਨਕ ਉਤਰੀ ਚਿੰਤ॥” {ਸਲੋਕੁ ਮਃ 5, ਪੰਨਾ 522}
ਹੇ ਨਾਨਕ
!
ਉੱਦਮ ਕਰਦਿਆਂ ਜੀਵਨ ਬਤੀਤ ਕਰਣਾ ਹੈ, ਕਮਾਈ ਕੀਤਿਆਂ ਸੁਖ ਮਾਣੀਦਾ ਹੈ; ਨਾਮ ਸਿਮਰਿਆਂ ਪਰਮਾਤਮਾ
ਨੂੰ ਮਿਲ ਪਈਦਾ ਹੈ ਤੇ ਚਿੰਤਾ ਮਿਟ ਜਾਂਦੀ ਹੈ।
ਅਜ ਸਿੱਖ ਕੌਮ ਵਿੱਚ ਧਰਮ ਪ੍ਰਚਾਰ ਦੇ ਨਾਂ ਤੇ ਵਿਹਲੜਾਂ ਦੀ ਇੱਕ ਫੌਜ ਤੁਰੀ
ਫਿਰਦੀ ਹੈ। ਪਖੰਡੀ ਬਾਬੇ ਤਾਂ ਹਨ ਹੀ, ਹਰ ਛੋਟੇ ਤੋਂ ਛੋਟੇ ਡੇਰੇ ਤੇ ਵੀ 10-20 ਚੇਲੇ ਹਨ। ਇੱਕ
ਅੰਦਾਜ਼ੇ ਮੁਤਾਬਿਕ ਇੱਕ ਲੱਖ ਤੋਂ ਵਧੇਰੇ ਵਿਹਲੜ ਕੌਮ ਅਤੇ ਸਮਾਜ ਉਤੇ ਵਾਧੂ ਦਾ ਬੋਝ ਬਣੇ ਹੋਏ ਹਨ।
ਆਮ ਤੌਰ ਤੇ ਦਲੀਲ ਦਿੱਤੀ ਜਾਂਦੀ ਹੈ ਕਿ ਇਹ ਧਰਮ ਦਾ ਪ੍ਰਚਾਰ ਕਰ ਰਹੇ ਹਨ। ਕਿਤਨੀ ਮਜ਼ਾਕ ਦੀ ਗੱਲ
ਹੈ ਕਿ ਜਿਹੜੇ ਆਪ ਸਿੱਖ ਦੀ ਪਰਿਭਾਸ਼ਾ ਤੇ ਹੀ ਖਰੇ ਨਹੀਂ ਉਤਰਦੇ, ਉਹ ਸਿੱਖੀ ਦਾ ਪ੍ਰਚਾਰ ਕਰ ਰਹੇ
ਹਨ। ਸੋਚਣ ਵਾਲੀ ਗੱਲ ਹੈ ਕਿ ਕੀ ਗੁਰੂ ਨਾਨਕ ਪਾਤਿਸ਼ਾਹ ਨੇ ਧਰਮ ਦਾ ਪ੍ਰਚਾਰ ਨਹੀਂ ਸੀ ਕੀਤਾ? ਕੀ
ਇਹ ਉਨ੍ਹਾਂ ਨਾਲੋਂ ਵੱਡੇ ਧਰਮ ਪ੍ਰਚਾਰਕ ਹਨ? ਗੁਰੂ ਨਾਨਕ ਪਾਤਿਸ਼ਾਹ, ਜਿਨ੍ਹਾਂ ਦੇ ਧਰਮ ਦਾ ਪ੍ਰਚਾਰ
ਕਰਨ ਦੀ ਇਹ ਗੱਲ ਕਰਦੇ ਹਨ, ਨੇ ਤਾਂ ਕਦੇ ਸਮਾਜ ਤੇ ਬੋਝ ਬਣਨ ਦੀ ਕੋਸ਼ਿਸ਼ ਨਹੀਂ ਕੀਤੀ। ਆਪਣੇ
ਪ੍ਰਚਾਰ ਦੌਰੇ, ਜਿਨ੍ਹਾਂ ਨੂੰ ਅਸੀਂ ਉਦਾਸੀਆਂ ਕਹਿੰਦੇ ਹਾਂ, ਸ਼ੁਰੂ ਕਰਨ ਤੋਂ ਪਹਿਲਾਂ ਸਤਿਗੁਰੂ ਨੇ
ਨਵਾਬ ਦੌਲਤ ਰਾਏ ਦੇ ਮੋਦੀਖਾਨੇ ਵਿੱਚ ਨੌਕਰੀ ਕਰਕੇ ਸਫਰ ਵਾਸਤੇ ਪੂੰਜੀ ਇਕੱਤਰ ਕੀਤੀ। ਉਦਾਸੀਆਂ
ਤੋਂ ਵਾਪਸ ਆਕੇ ਕਰਤਾਰਪੁਰ ਵਿੱਚ ਖੇਤੀ ਕੀਤੀ। ਜਿਵੇਂ ਉਪਰ ਵੀ ਦੱਸਿਆ ਗਿਆ ਹੈ, ਜਦੋਂ ਭਾਈ ਲਹਿਣਾ
ਜੀ (ਗੁਰੂ ਅੰਗਦ ਸਾਹਿਬ) ਪਹਿਲੀ ਵਾਰ ਗੁਰੂ ਨਾਨਕ ਪਾਤਿਸ਼ਾਹ ਨੂੰ ਮਿਲਣ ਆਏ ਤਾਂ ਸਤਿਗੁਰੂ ਆਪਣੇ
ਖੇਤਾਂ ਵਿੱਚ, ਆਪਣੀ ਹੱਥੀਂ ਵਾਹੀ ਦੀ ਕਿਰਤ ਕਰ ਰਹੇ ਸਨ। ਅੱਜ ਗੁਰੂ ਨਾਨਕ ਪਾਤਿਸ਼ਾਹ ਦੀ ਸਿੱਖੀ ਦੇ
ਪ੍ਰਚਾਰ ਦੇ ਨਾਂ ਤੇ ਵਿਹਲੜਾਂ ਦੀ ਫੌਜ ਤਿਆਰ ਹੋ ਗਈ ਹੈ। ਦੁੱਖ ਦੀ ਗੱਲ ਇਹ ਹੈ ਕਿ ਅਸੀਂ ਕਦੇ
ਗਹਿਰਾਈ ਵਿੱਚ ਸੋਚਦੇ ਹੀ ਨਹੀਂ। ਜਿੰਨੇ ਇਹ ਚਿੱਟੇ ਚੋਲਿਆਂ ਅਤੇ ਗੋਲ ਪੱਗਾਂ ਵਾਲੇ ਵਿਹਲੜ ਅੱਜ
ਪੰਜਾਬ ਦੀ ਧਰਤੀ ਤੇ ਤੁਰੇ ਫਿਰਦੇ ਹਨ, ਜੇ ਇਹ ਧਰਮੀ ਹੁੰਦੇ, ਧਰਮ ਦਾ ਪ੍ਰਚਾਰ ਕਰ ਰਹੇ ਹੁੰਦੇ,
ਤਾਂ ਅੱਜ ਇਥੇ ਨਸ਼ਿਆਂ ਦਾ ਦਰਿਆ ਨਾਂ ਵੱਗ ਰਿਹਾ ਹੁੰਦਾ ਅਤੇ ਨਾ ਹੀ ਪਤਿਤਪੁਣੇ ਦੀ ਹਨੇਰੀ ਝੁੱਲੀ
ਹੁੰਦੀ, ਸਗੋਂ ਆਦਰਸ਼ਕ ਗੁਰਸਿੱਖੀ ਜੀਵਨ ਦੀ ਠੰਡੀ ਠੰਡੀ ਪੌਣ ਵੱਗ ਰਹੀ ਹੁੰਦੀ। ਐਸੇ ਵਿਹਲੜਾ ਨੂੰ
ਸੰਤ ਕਹਿਣਾ ਯਾ ਧਰਮੀਂ ਸਮਝ ਕੇ ਵਿਸ਼ੇਸ਼ ਸਤਿਕਾਰ ਦੇਣਾ ਗੁਰੂ ਨਾਨਕ ਪਾਤਿਸ਼ਾਹ ਦੇ ਸਿਧਾਂਤਾਂ ਦਾ
ਨਿਰਾਦਰ ਕਰਨਾ ਹੈ।
ਧਾਰਮਿਕ ਪਹਿਰਾਵਾ।
ਇਹ ਵੀ ਵਿਚਾਰ ਲੈਣਾ ਯੋਗ ਹੋਵੇਗਾ ਕਿ ਸਾਨੂੰ ਇਹ ਕਿਵੇਂ ਪਤਾ ਲਗਦਾ ਹੈ ਕਿ
ਕੋਈ ਵਿਅਕਤੀ, ਸੰਤ ਜੀ ਜਾਂ ਕੋਈ ਮਹਾਂਪੁਰਖ ਹੈ? ਕਿਉਂਕਿ ਕਿਸੇ ਦੇ ਜੀਵਨ ਦੇ ਗੁਣਾਂ (ਆਚਾਰ,
ਵਿਹਾਰ, ਕਿਰਦਾਰ) ਬਾਰੇ ਤਾਂ ਉਹੀ ਜਾਣ ਸਕਦਾ ਹੈ, ਜੋ ਉਸ ਦੇ ਬਹੁਤ ਨੇੜੇ ਹੋਵੇ। ਕੁੱਝ ਸਮੇਂ ਦੀ
ਨੇੜਤਾ ਜਾਂ ਕਦੇ ਕਦਾਈਂ ਦੇ ਮਿਲਾਪ ਨਾਲ ਵੀ ਇਨ੍ਹਾਂ ਗੁਣਾਂ ਬਾਰੇ ਸੌਖਾ ਕੁੱਝ ਨਹੀਂ ਜਾਣਿਆ ਜਾ
ਸਕਦਾ। ਆਮ ਤੌਰ ਤੇ ਸਾਡੇ ਕੋਲ ਪਹਿਚਾਣ ਦਾ ਇੱਕ ਮੁੱਢਲਾ ਸਾਧਨ ਹੈ, ਪਹਿਰਾਵਾ ਅਤੇ ਦੂਸਰਾ ਹੈ
ਵਿਖਾਵਾ। ਬਹੁਤੇ ਭੋਲੇ-ਭਾਲੇ ਸਿੱਖ ਗੋਲ ਪੱਗ ਅਤੇ ਚਿੱਟਾ ਲੰਬਾ ਚੋਲਾ ਵੇਖ ਕੇ ਹੀ ਸਮਝ ਜਾਂਦੇ ਹਨ,
ਕਿ ਇਹ ਬਾਬਾ ਜੀ ਹਨ ਅਤੇ ਉਨ੍ਹਾਂ ਦੇ ਮਨ ਵਿੱਚ ਉਨ੍ਹਾਂ ਪ੍ਰਤੀ ਸਤਿਕਾਰ ਪੈਦਾ ਹੋ ਜਾਂਦਾ ਹੈ।
ਦੂਸਰਾ ਤਕਰੀਬਨ ਹਰ ਪਖੰਡੀ ਬਾਬੇ ਦਾ ਵਿਖਾਵਾ ਬੜਾ ਪ੍ਰਭਾਵਸ਼ਾਲੀ ਹੁੰਦਾ ਹੈ। ਹਰ ਬਾਬੇ ਕੋਲ ਵੱਡੀ
ਗੱਡੀ ਹੁੰਦੀ ਹੈ ਅਤੇ ਨਾਲ ਵਿਹਲੜ ਸੇਵਾਦਾਰਾਂ ਦੀ ਫੌਜ ਹੁੰਦੀ ਹੈ। ਵੈਸੇ ਤਾਂ ਇਨ੍ਹਾਂ ਸੇਵਾਦਾਰਾਂ
ਦਾ ਪਹਿਰਾਵਾ ਵੀ ਇਨ੍ਹਾਂ ਬਗਲੇ ਭਗਤਾਂ ਵਾਲਾ ਹੀ ਹੁੰਦਾ ਹੈ ਪਰ ਵੱਡੇ ਪਖੰਡੀ ਦੇ ਪਹਿਰਾਵੇ ਵਿੱਚ
ਵਿਸ਼ੇਸ਼ ਚਮਕ ਦਮਕ ਹੁੰਦੀ ਹੈ, ਨਾਲ ਹੀ ਸੇਵਾਦਾਰ ਉਸ ਬਾਬੇ ਪ੍ਰਤੀ ਇਤਨਾ ਸਤਿਕਾਰ ਪ੍ਰਗਟ ਕਰਦੇ ਹਨ,
ਕਿ ਵੇਖਣ ਵਾਲਾ ਪ੍ਰਭਾਵਤ ਹੋਏ ਬਿਨਾਂ ਨਹੀਂ ਰਹਿ ਸਕਦਾ। ਬਿਲਕੁਲ ਉਂਝ ਹੀ ਜਿਵੇਂ ਪਹਿਲਾਂ ਬ੍ਰਾਹਮਣ
ਬਾਰੇ ਹੁੰਦਾ ਸੀ ਜਾਂ ਉਨ੍ਹਾਂ ਦੇ ਸਮਾਜ ਵਿੱਚ ਅੱਜ ਵੀ ਹੈ। ਗੁਰੂ ਨਾਨਕ ਪਾਤਿਸ਼ਾਹ ਨੇ ਸਾਨੂੰ ਇਸ
ਧਾਰਮਿਕ ਪਹਿਰਾਵੇ ਦੇ ਪਾਖੰਡ ਤੋਂ ਮੁਕਤ ਹੋਣ ਦਾ ਸੱਦਾ ਦਿੱਤਾ ਸੀ। ਸਤਿਗੁਰੂ ਤਾਂ ਸਾਨੂੰ ਇਸ
ਪਹਿਰਾਵੇ ਦੇ ਬਾਰੇ ਸਮਝਾਉਂਦੇ ਬਖਸ਼ਿਸ਼ ਕਰਦੇ ਹਨ:
“ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿੑ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ
ਕਹੀਅਨਿੑ॥”
{ਸੂਹੀ ਮਹਲਾ 1, ਪੰਨਾ 729}
ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ, ਵੱਸਦੇ ਭੀ ਉਹ ਤੀਰਥਾਂ ਉਤੇ ਹੀ ਹਨ।
ਪਰ ਜੀਆਂ ਨੂੰ (ਗਲੋਂ) ਘੁੱਟ ਘੁੱਟ ਕੇ ਖਾ ਜਾਣ ਵਾਲੇ (ਅੰਦਰੋਂ) ਸਾਫ਼ ਸੁਥਰੇ ਨਹੀਂ ਆਖੇ ਜਾਂਦੇ।
ਸਤਿਗੁਰੂ ਨੇ ਇਨ੍ਹਾਂ ਪਹਿਰਾਵੇ ਕਾਰਨ ਧਰਮੀਂ ਸਮਝ ਜਾ ਰਹਿਆਂ, ਦੀ ਤੁਲਨਾ
ਬਗਲੇ ਨਾਲ ਕੀਤੀ ਹੈ। ਜਿਵੇਂ ਵੇਖਣ ਨੂੰ ਤਾਂ ਬਗਲੇ ਦੇ ਚਿੱਟੇ ਪੰਖ ਹੁੰਦੇ ਹਨ। ਬਗਲੇ ਆਮ ਤੌਰ ਤੇ
ਪਾਣੀ ਕਿਨਾਰੇ ਇੱਕ ਲੱਤ ਤੇ ਖਲੋਤੇ ਹੁੰਦੇ ਹਨ। ਕਿਉਂਕਿ ਹਿੰਦੂ ਧਰਮ ਦੇ ਧਰਮ ਸਥਾਨ ਅਕਸਰ ਪਾਣੀ
ਕੰਢੇ ਹੁੰਦੇ ਹਨ, ਇਹ ਸਮਝਿਆ ਜਾਂਦਾ ਹੈ ਕਿ ਇਹ ਤੀਰਥ ਤੇ ਭਗਤੀ ਕਰ ਰਹੇ ਹਨ, ਪਰ ਅਸਲ ਵਿੱਚ ਇਹ ਇਸ
ਤਾਕ ਵਿੱਚ ਹੁੰਦੇ ਹਨ ਕਿ ਕਦੋਂ ਕੋਈ ਮੱਛੀ ਯਾ ਡੱਡੂ ਇਨ੍ਹਾਂ ਦੇ ਨੇੜੇ ਆਵੇ ਇਹ ਝਪਟ ਕੇ ਉਸ ਨੂੰ
ਖਾ ਜਾਣ। ਐਸੇ ਵਿਅਕਤੀਆਂ ਬਾਰੇ ਹੀ ਭਗਤ ਬੇਣੀ ਜੀ ਨੇ ਫੁਰਮਾਇਆ ਹੈ:
“ਤਨਿ ਚੰਦਨੁ ਮਸਤਕਿ ਪਾਤੀ॥ ਰਿਦ ਅੰਤਰਿ ਕਰ ਤਲ ਕਾਤੀ॥ ਠਗ ਦਿਸਟਿ ਬਗਾ ਲਿਵ
ਲਾਗਾ॥ ਦੇਖਿ ਬੈਸਨੋ ਪ੍ਰਾਨ ਮੁਖ ਭਾਗਾ॥ 1॥” (ਪ੍ਰਭਾਤੀ ਭਗਤ ਬੇਣੀ ਜੀ ਕੀ, ਪੰਨਾ 1351)
(ਹੇ ਲੰਪਟ!) ਤੂੰ ਸਰੀਰ ਉੱਤੇ ਚੰਦਨ (ਦਾ ਲੇਪ ਕਰਦਾ ਹੈਂ) ਮੱਥੇ ਉੱਤੇ
ਤੁਲਸੀ ਦੇ ਪੱਤਰ (ਲਾਂਦਾ ਹੈਂ; ਪਰ) ਤੇਰੇ ਹਿਰਦੇ ਵਿੱਚ (ਇਉਂ ਕੁੱਝ ਹੋ ਰਿਹਾ ਹੈ ਜਿਵੇਂ) ਤੇਰੇ
ਹੱਥਾਂ ਵਿੱਚ ਕੈਂਚੀ ਫੜੀ ਹੋਈ ਹੈ; ਤੇਰੀ ਨਿਗਾਹ ਠੱਗਾਂ ਵਾਲੀ ਬਗਲੇ ਵਾਂਗ ਤੂੰ ਸਮਾਧੀ ਲਾਈ ਹੋਈ
ਹੈ, ਵੇਖਣ ਨੂੰ ਤੂੰ ਵੈਸ਼ਨੋ ਜਾਪਦਾ ਹੈਂ ਜਿਵੇਂ ਤੇਰੇ ਮੂੰਹ ਵਿਚੋਂ ਸੁਆਸ ਭੀ ਨਿਕਲ ਗਏ ਹਨ (ਭਾਵ,
ਵੇਖਣ ਨੂੰ ਤੂੰ ਬੜਾ ਹੀ ਦਇਆਵਾਨ ਜਾਪਦਾ ਹੈਂ)। 1.
ਐਸੇ ਧਾਰਮਿਕ ਦਿਖਣ ਵਾਲੇ ਠੱਗਾਂ ਦਾ ਪਹਿਰਾਵਾ, ਸਮੇਂ ਅਤੇ ਸਮਾਜਿਕ ਬਣਤਰ
ਅਨੁਸਾਰ ਬਦਲਦਾ ਰਹਿੰਦਾ ਹੈ। ਜਿਵੇਂ ਹਿੰਦੂ ਸਮਾਜ ਵਿੱਚ, ਬ੍ਰਾਹਮਣ ਦਾ ਧਾਰਮਿਕ ਪਹਿਰਾਵਾ ਦੋ
ਧੋਤੀਆਂ, ਮੱਥੇ ਤੇ ਟਿੱਕਾ ਤੇ ਗੱਲ ਜਨੇਊ ਹੈ, ਇਹ ਆਪਣੇ ਇਸ ਪਹਿਰਾਵੇ ਨਾਲ ਆਪਣੇ ਧਰਮੀਂ ਹੋਣ ਦਾ
ਦ੍ਹਾਵਾ ਕਰਦਾ ਆਇਆ ਹੈ। ਭਗਤ ਕਬੀਰ ਜੀ ਨੇ, ਉਸ ਦੇ ਪਹਿਰਾਵੇ ਨੂੰ ਵੇਖ ਕੇ, ਉਸ ਦੇ ਭਰਮਜਾਲ ਵਿੱਚ
ਫਸਣ ਵਾਲਿਆਂ ਨੂੰ ਸੁਚੇਤ ਕੀਤਾ ਕਿ ਇਸ ਦੇ ਪਹਿਰਾਵੇ ਤੋਂ ਇਸ ਦਾ ਧਰਮੀ ਹੋਣਾ ਸਮਝਣ ਵਾਲਿਓ!
ਸਾਵਧਾਨ ਹੋ ਜਾਓ, ਇਹ ਧਾਰਮਿਕ ਪਹਿਰਾਵੇ ਵਿੱਚ ਵੱਡੇ ਠੱਗ ਤੁਰੇ ਫਿਰਦੇ ਹਨ। ਭਗਤ ਕਬੀਰ ਜੀ ਨੇ
ਲੋਕਾਈ ਨੂੰ ਸਮਝਾਉਣ ਲਈ ਹੋਕਾ ਦਿੱਤਾ:
“ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥ ਗਲੀ ਜਿਨਾੑ ਜਪਮਾਲੀਆ ਲੋਟੇ
ਹਥਿ ਨਿਬਗ॥
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥” (ਕਬੀਰ ਜੀਉ, ਪੰਨਾ 475)
(ਜੋ ਮਨੁੱਖ) ਸਾਢੇ ਤਿੰਨ ਤਿੰਨ ਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ)
ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ, ਜਿਨ੍ਹਾਂ ਦੇ ਗਲਾਂ ਵਿੱਚ ਮਾਲਾਂ ਹਨ ਤੇ ਹੱਥ ਵਿੱਚ
ਲਿਸ਼ਕਾਏ ਹੋਏ ਲੋਟੇ ਹਨ, ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ (ਅਸਲ
ਵਿਚ) ਬਨਾਰਸੀ ਠੱਗ ਹਨ। 1.
“ਐਸੇ ਸੰਤ ਨ ਮੋ ਕਉ ਭਾਵਹਿ॥ ਡਾਲਾ ਸਿਉ ਪੇਡਾ ਗਟਕਾਵਹਿ॥ 1॥ ਰਹਾਉ॥”
ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ, ਜੋ ਮੂਲ ਨੂੰ ਭੀ ਟਹਿਣੀਆਂ ਸਮੇਤ
ਖਾ ਜਾਣ (ਭਾਵ, ਜੋ ਮਾਇਆ ਦੀ ਖ਼ਾਤਰ ਮਨੁੱਖਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ)। 1. ਰਹਾਉ।
ਐਸੇ ਲੋਕਾਂ ਦੇ ਧਾਰਮਿਕ ਪਖੰਡ ਦੇ ਪਾਜ ਉਘੇੜਦੇ ਹੋਏ ਭਗਤ ਕਬੀਰ ਜੀ
ਫੁਰਮਾਂਦੇ ਹਨ:
“ਮਾਥੇ ਤਿਲਕੁ ਹਥਿ ਮਾਲਾ ਬਾਨਾਂ॥ ਲੋਗਨ ਰਾਮੁ ਖਿਲਉਨਾ ਜਾਨਾਂ॥” {ਭੈਰਉ
ਕਬੀਰ ਜੀਉ, ਪੰਨਾ 1158}
(ਲੋਕ) ਮੱਥੇ ਉੱਤੇ ਤਿਲਕ ਲਾ ਲੈਂਦੇ ਹਨ, ਹੱਥ ਵਿੱਚ ਮਾਲਾ ਫੜ ਲੈਂਦੇ ਹਨ,
ਧਾਰਮਿਕ ਪਹਿਰਾਵਾ ਬਣਾ ਲੈਂਦੇ ਹਨ, (ਤੇ ਸਮਝਦੇ ਹਨ ਕਿ ਪਰਮਾਤਮਾ ਦੇ ਭਗਤ ਬਣ ਗਏ ਹਾਂ) ਲੋਕਾਂ ਨੇ
ਪਰਮਾਤਮਾ ਨੂੰ ਖਿਡੌਣਾ (ਭਾਵ, ਅੰਞਾਣਾ ਬਾਲ) ਸਮਝ ਲਿਆ ਹੈ (ਕਿ ਇਹਨੀਂ ਗਲੀਂ ਉਸ ਨੂੰ ਪਰਚਾਇਆ ਜਾ
ਸਕਦਾ ਹੈ) ।
ਸਤਿਗੁਰੂ ਨਾਨਕ ਪਾਤਿਸ਼ਾਹ ਨੇ ਵੀ ਕਿਸੇ ਦੇ ਪਹਿਰਾਵੇ ਨੂੰ ਵੇਖ ਕੇ ਉਸ ਦੇ
ਧਰਮੀਂ ਹੋਣ ਦਾ ਅੰਦਾਜ਼ਾ ਲਾਉਣ ਵਾਲਿਆਂ ਨੂੰ ਸਮਝਾਇਆ ਹੈ ਕਿ ਇਹ ਜਿਸ ਬਾਹਰੀ ਦਿੱਖ ਨੂੰ ਤੁਸੀ ਧਰਮ
ਸਮਝ ਰਹੇ ਹੋ, ਇਹ ਕੇਵਲ ਤੁਹਾਡਾ ਅੰਧ ਵਿਸ਼ਵਾਸ ਹੈ। ਪਾਵਨ ਗੁਰ ਬਚਨ ਹਨ:
“ਗਲਿ ਮਾਲਾ ਤਿਲਕੁ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥
ਜੇ ਜਾਣਸਿ ਬ੍ਰਹਮੰ ਕਰਮੰ॥ ਸਭਿ ਫੋਕਟ ਨਿਸਚਉ ਕਰਮੰ॥” {ਮਃ 1, ਪੰਨਾ 470}
ਗਲ ਵਿੱਚ ਮਾਲਾ ਰੱਖਦਾ ਹੈ, ਤੇ ਮੱਥੇ ਉਤੇ ਤਿਲਕ ਲਾਂਦਾ ਹੈ; (ਸਦਾ) ਦੋ
ਧੋਤੀਆਂ ਪਾਸ ਰੱਖਦਾ ਹੈ ਤੇ (ਸੰਧਿਆ ਕਰਨ ਵੇਲੇ) ਸਿਰ ਉੱਤੇ ਇੱਕ ਵਸਤਰ ਧਰ ਲੈਂਦਾ ਹੈ। ਪਰ ਜੇ ਇਹ
ਪੰਡਤ ਰੱਬ (ਧਰਮ) ਦਾ ਕੰਮ ਜਾਣਦਾ ਹੋਵੇ, ਤਦ ਨਿਸਚਾ ਕਰ ਕੇ ਜਾਣ ਲਵੋ ਕਿ, ਇਹ ਸਭ ਕੰਮ ਫੋਕੇ
(ਅੰਧ) ਵਿਸ਼ਵਾਸ ਹਨ।
ਜੇ ਭਗਤ ਕਬੀਰ ਜੀ ਨੇ ਇਨ੍ਹਾਂ ਲੋਕਾਂ ਨੂੰ ‘ਬਨਾਰਸ ਦੇ ਠੱਗ’ ਆਖਿਆ ਤਾਂ
ਗੁਰੂ ਨਾਨਕ ਪਾਤਿਸ਼ਾਹ ਇਨ੍ਹਾਂ ਨੂੰ ‘ਜਗਤ ਕਸਾਈ’
(butcher of the
world), ਭਾਵ ਸਾਰੀ ਮਨੁੱਖਤਾ ਦਾ ਘਾਣ ਕਰਨ ਵਾਲੇ
ਆਖਿਆ ਹੈ:
“ਮਥੈ ਟਿਕਾ ਤੇੜਿ ਧੋਤੀ ਕਖਾਈ॥ ਹਥਿ ਛੁਰੀ ਜਗਤ ਕਾਸਾਈ॥” {ਮਃ 1, ਪੰਨਾ
472}
ਮੱਥੇ ਉੱਤੇ ਟਿੱਕਾ ਲਾਂਦੇ ਹਨ, ਲੱਕ ਦੁਆਲੇ ਗੇਰੂਏ ਰੰਗ ਦੀ ਧੋਤੀ
(ਬੰਨ੍ਹਦੇ ਹਨ) ਪਰ ਹੱਥ ਵਿਚ, (ਮਾਨੋ) ਛੁਰੀ ਫੜੀ ਹੋਈ ਹੈ ਤੇ (ਵੱਸ ਲਗਦਿਆਂ) ਹਰੇਕ ਜੀਵ ਉੱਤੇ
ਜ਼ੁਲਮ ਕਰਦੇ ਹਨ।
ਪੰਜਵੀਂ ਗੁਰੂ ਨਾਨਕ ਗਿਆਨ ਜੋਤਿ, ਸਤਿਗੁਰੂ ਅਰਜਨ ਪਾਤਿਸ਼ਾਹ ਨੇ ਵੀ, ਐਸੇ
ਧਾਰਮਿਕ ਦਿਖਣ ਵਾਲੇ ਵਿਅਕਤੀਆਂ ਵਲੋਂ ਕਰਾਏ ਜਾ ਰਹੇ ਕਰਮਕਾਂਡਾਂ ਕਾਰਨ, ਲੋਕਾਈ ਨੂੰ ਧੋਖਾ ਖਾਣ
ਤੋਂ ਸੁਚੇਤ ਕਰਦਿਆਂ ਫੁਰਮਾਇਆ:
“ਪੂਜਾ ਤਿਲਕ ਕਰਤ ਇਸਨਾਨਾਂ॥ ਛੁਰੀ ਕਾਢਿ ਲੇਵੈ ਹਥਿ ਦਾਨਾ॥
ਬੇਦੁ ਪੜੈ ਮੁਖਿ ਮੀਠੀ ਬਾਣੀ॥ ਜੀਆਂ ਕੁਹਤ ਨ ਸੰਗੈ ਪਰਾਣੀ॥ 3॥” {ਗਉੜੀ
ਮਹਲਾ 5, ਪੰਨਾ 201}
ਇਸਨੇ ਮੱਥੇ ਉਤੇ ਤਿਲਕ ਲਾਇਆ ਹੈ (ਧਰਮੀ ਭੇਖ ਬਣਾਇਆ ਹੈ), ਲੋਕਾਂ ਨੂੰ
ਭਰਮਾਉਣ ਲਈ ਪੂਜਾ ਕਰਦਾ ਹੈ ਅਤੇ ਇਸ਼ਨਾਨ ਦੀ ਸੁਚਤਮ ਵੀ ਕਰਦਾ ਹੈ। (ਪਰ ਅਸਲ ਵਿੱਚ ਇਹ ਸਭ ਵਿਖਾਵੇ)
ਦਾਨ ਦੇ ਨਾਂ ਤੇ ਲੋਕਾਈ ਨੂੰ ਲੁੱਟਣ ਲਈ ਜੋਰ ਜੁਲਮ ਕਰਦਾ ਹੈ। (ਬ੍ਰਾਹਮਣ) ਮੂੰਹੋਂ ਤਾਂ ਮਿੱਠੀ
ਸੁਰ ਨਾਲ ਵੇਦ (-ਮੰਤ੍ਰ) ਪੜ੍ਹਦਾ ਹੈ, ਪਰ ਆਪਣੇ ਜਜਮਾਨਾਂ ਨਾਲ ਧੋਖਾ ਕਰਦਿਆਂ ਰਤਾ ਨਹੀਂ ਝਿਜਕਦਾ।
3.
ਸਤਿਗੁਰੂ ਦੇ ਇਤਨਾ ਸੁਚੇਤ ਕਰਨ ਦੇ ਬਾਵਜੂਦ, ਅੱਜ ਸਿੱਖ ਸਮਾਜ ਵਿੱਚ ਕੇਵਲ
ਇਤਨਾ ਹੀ ਬਦਲਿਆ ਹੈ ਕਿ, ਬ੍ਰਾਹਮਣ ਦੀਆਂ ਸਾਢੇ ਤਿੰਨ ਤਿੰਨ ਗਜ਼ ਦੀਆਂ ਦੋ ਧੋਤੀਆਂ ਦੀ ਜਗ੍ਹਾ ਤੇ
ਲੰਬਾ ਚਿੱਟਾ ਚੋਲਾ ਆ ਗਿਆ ਹੈ, ਮੱਥੇ ਤੇ ਲੱਗੇ ਟਿੱਕੇ ਦੀ ਜਗ੍ਹਾ ਗੋਲ ਪੱਗਾਂ ਆ ਗਈਆਂ ਹਨ। ਤਿੰਨ
ਤੰਦਾਂ ਵਾਲੇ ਜਨੇਊ ਦੀ ਜਗ੍ਹਾ ਚੌੜੇ ਪਟੇ ਵਾਲਾ ਗਾਤਰਾ ਅਤੇ ਕ੍ਰਿਪਾਨ ਆ ਗਈ ਹੈ। ਮੈਂ ਆਪਣੇ
ਸਤਿਗੁਰੂ ਕੋਲੋਂ ਅਤੇ ਪੰਥ ਤੋਂ ਦੋ ਹੱਥ ਜੋੜ ਕੇ ਖਿਮਾਂ ਦਾ ਜਾਚਕ ਹਾਂ ਜੋ ਸਤਿਗੁਰੂ ਦੇ ਬਖਸ਼ੇ ਹੋਏ
ਕਕਾਰ ਕ੍ਰਿਪਾਨ ਦੀ ਤੁਲਣਾ ਬ੍ਰਾਹਮਣ ਦੇ ਜਨੇਊ ਨਾਲ ਕਰ ਰਿਹਾ ਹਾਂ, ਪਰ ਸਚਾਈ ਇਹੀ ਹੈ ਕਿ ਇਨ੍ਹਾਂ
ਪਖੰਡੀਆਂ ਵਾਸਤੇ ਇਸ ਗਾਤਰੇ ਦੀ ਮਹੱਤਤਾ ਇਸ ਵਿਖਾਵੇ ਤੋਂ ਵੱਧ ਹੋਰ ਕੁੱਝ ਨਹੀਂ। ਬਹੁਤੀ ਜਗ੍ਹਾ ਤੇ
ਮਾਲਾ ਅਜੇ ਵੀ ਕਾਇਮ ਹਨ। ਕਿਉਂਕਿ ਬਹੁਤੇ ਹਾਲਾਤ ਵਿੱਚ ਲੋਕਾਂ ਨੂੰ ਆਪਣੇ ਧਰਮੀਂ ਅਤੇ ਤਪੀ ਹੋਣ ਦੇ
ਭਰਮ ਜਾਲ ਵਿੱਚ ਫਸਾਣ ਦਾ ਇਹ ਇੱਕ ਵਧੀਆ ਸਾਧਨ ਹੈ, ਬਹੁਤੇ ਪਖੰਡੀ ਸਾਧ ਮਾਲਾ ਦਾ ਅਜੇ ਵੀ ਪੂਰਾ
ਵਿਖਾਵਾ ਕਰਦੇ ਹਨ। ਕਈ ਤਾਂ ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਵੀ ਮਣਕੇ ਤੇ ਮਣਕਾ ਮਾਰੀ ਜਾਣਗੇ।
ਇਨ੍ਹਾਂ ਦੇ ਚੇਲੇ ਪ੍ਰਚਾਰਦੇ ਹਨ, ਇਹ ਮਹਾਂ-ਪੁਰਖ, ਬ੍ਰਹਮਗਿਆਨੀ ਅਵਸਥਾ ਵਿੱਚ ਹਨ, ਸੰਸਾਰੀਆਂ ਨਾਲ
ਗੱਲਾਂ ਕਰਦਿਆਂ ਵੀ ਇਨ੍ਹਾਂ ਦਾ ਮਨ ਸਿਮਰਨ ਵਿੱਚ ਜੁੜਿਆ ਰਹਿੰਦਾਂ ਹੈ। ਕੁੱਝ ਜੇਬ ਵਿੱਚ ਜਾਂ ਕਿਸੇ
ਝੋਲੇ ਵਿੱਚ ਹੱਥ ਪਾਕੇ ਮਾਲਾ ਫੇਰਦੇ ਰਹਿੰਦੇ ਹਨ, ਉਹ ਲੋਕਾਂ ਨੂੰ ਇਹ ਦਰਸਾਉਣਾ ਚਾਹੁੰਦੇ ਹਨ ਕਿ
ਅਸੀਂ ਵਿਖਾਵਾ ਨਹੀਂ ਕਰਦੇ, ਪਰ ਹੱਥ ਇਸ ਤਰ੍ਹਾਂ ਹਿਲਾਉਂਦੇ ਹਨ ਕਿ ਹਰ ਵੇਖਣ ਵਾਲੇ ਨੂੰ ਇਹ ਪਤਾ
ਲੱਗ ਜਾਵੇ ਕਿ ਮਹਾਂਪੁਰਖ (ਮਹਾਂ ਠੱਗ) ਗੱਲਾਂ ਕਰਦੇ ਵੀ ਸਿਮਰਨ ਕਰਦੇ ਰਹਿੰਦੇ ਹਨ, ਹਾਲਾਂਕਿ
ਇਨ੍ਹਾਂ ਨੂੰ ਨਾਮ ਸਿਮਰਨ ਦੀ ਪਰਿਭਾਸ਼ਾ ਵੀ ਨਹੀਂ ਪਤਾ। (ਵੇਖੋ ਇਸੇ ਕਲਮ ਤੋਂ ਗੁਰਮਤਿ ਨਾਮ
ਸਿਮਰਨ)। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਾਲਾ ਬਾਰੇ ਫੁਰਮਾਂਦੀ ਹੈ:
“ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ॥
ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ॥” {ਪੰਨਾ 1368}
ਹੇ ਕਬੀਰ! ਤੂੰ ਤੁਲਸੀ ਰੁੱਦ੍ਰਾਖ ਆਦਿਕ ਦੀ ਮਾਲਾ (ਹੱਥ ਵਿੱਚ ਲੈ ਕੇ)
ਕਿਉਂ ਲੋਕਾਂ ਨੂੰ ਵਿਖਾਂਦਾ ਫਿਰਦਾ ਹੈਂ? ਤੂੰ ਆਪਣੇ ਹਿਰਦੇ ਵਿੱਚ ਤਾਂ ਪਰਮਾਤਮਾ ਨੂੰ ਯਾਦ ਨਹੀਂ
ਕਰਦਾ, (ਹੱਥ ਵਿੱਚ ਫੜੀ ਹੋਈ) ਇਸ ਮਾਲਾ ਦਾ ਕੋਈ ਲਾਭ ਨਹੀਂ ਹੋ ਸਕਦਾ।
“ਮ੍ਰਿਗ ਆਸਣੁ ਤੁਲਸੀ ਮਾਲਾ॥ ਕਰ ਊਜਲ ਤਿਲਕੁ ਕਪਾਲਾ॥
ਰਿਦੈ ਕੂੜੁ ਕੰਠਿ ਰੁਦ੍ਰਾਖੰ॥ ਰੇ ਲੰਪਟ ਕ੍ਰਿਸਨੁ ਅਭਾਖੰ॥ 4॥” (ਭਗਤ ਬੇਣੀ
ਜੀ, ਪੰਨਾ 1351)
ਹੇ ਵਿਸ਼ਈ ਮਨੁੱਖ! (ਪੂਜਾ ਪਾਠ ਵੇਲੇ) ਤੂੰ ਹਿਰਨ ਦੀ ਖੱਲ ਦਾ ਆਸਣ (ਵਰਤਦਾ
ਹੈਂ), ਤੁਲਸੀ ਦੀ ਮਾਲਾ ਤੇਰੇ ਪਾਸ ਹੈ, ਸਾਫ਼ ਹੱਥਾਂ ਨਾਲ ਤੂੰ ਮੱਥੇ ਉੱਤੇ ਤਿਲਕ ਲਾਂਦਾ ਹੈਂ, ਗਲ
ਵਿੱਚ ਤੂੰ ਰੁਦ੍ਰਾਖ ਦੀ ਮਾਲਾ ਪਾਈ ਹੋਈ ਹੈ, ਪਰ ਤੇਰੇ ਹਿਰਦੇ ਵਿੱਚ ਠੱਗੀ ਹੈ। (ਹੇ ਲੰਪਟ! ਇਸ
ਤਰ੍ਹਾਂ) ਤੂੰ ਹਰੀ ਨੂੰ ਸਿਮਰ ਨਹੀਂ ਰਿਹਾ ਹੈਂ। 4.
ਗੁਰਬਾਣੀ ਤਾਂ ਇਹ ਵਿਖਾਵੇ ਦੀਆਂ ਮਾਲਾ ਤਿਆਗ ਕੇ, ਵਾਹਿਗੁਰੂ ਨੂੰ ਹਿਰਦੇ
ਵਿੱਚ ਵਸਾਣ ਦਾ ਉਪਦੇਸ਼ ਦੇਂਦੀ ਹੈ:
“ਚੇਤਹੁ ਬਾਸੁਦੇਉ ਬਨਵਾਲੀ॥ ਰਾਮੁ ਰਿਦੈ ਜਪਮਾਲੀ॥ 1॥” {ਗੂਜਰੀ ਅਸਟਪਦੀਆ
ਮਹਲਾ 1, ਪੰਨਾ 503}
ਹੇ ਭਾਈ। ਸਰਬ-ਵਿਆਪਕ ਜਗਤ-ਮਾਲਕ ਪਰਮਾਤਮਾ ਨੂੰ ਸਦਾ ਚੇਤੇ ਰੱਖੋ। ਪ੍ਰਭੂ
ਨੂੰ ਆਪਣੇ ਹਿਰਦੇ ਵਿੱਚ ਟਿਕਾਓ— (ਇਸ ਨੂੰ ਆਪਣੀ) ਮਾਲਾ (ਬਣਾਉ)। 1. ਰਹਾਉ।
“ਸੁਕ੍ਰਿਤੁ ਕਰਣੀ ਸਾਰੁ ਜਪਮਾਲੀ॥ ਹਿਰਦੈ ਫੇਰਿ ਚਲੈ ਤੁਧੁ ਨਾਲੀ॥ 1॥”
{ਭੈਰਉ ਮਹਲਾ 4, ਪੰਨਾ 1134}
ਹੇ ਭਾਈ
!
(ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ) ਸੰਭਾਲ ਰੱਖ, ਇਹੀ ਹੈ ਸਭ ਤੋਂ ਸ੍ਰੇਸ਼ਟ ਕਰਨ-ਜੋਗ ਕੰਮ, ਇਹੀ
ਹੈ ਮਾਲਾ। (ਇਸ
ਹਰਿ-ਨਾਮ ਸਿਮਰਨ ਦੀ ਮਾਲਾ ਨੂੰ ਆਪਣੇ) ਹਿਰਦੇ ਵਿੱਚ ਫੇਰਿਆ ਕਰ।
ਇਹ ਹਰਿ-ਨਾਮ ਤੇਰੇ ਨਾਲ ਸਾਥ ਕਰੇਗਾ।
1.
ਸਾਡੇ ਭੋਲੇ-ਭਾਲੇ ਲੋਕ ਪਹਿਰਾਵਾ ਬਦਲਣ ਨਾਲ ਹੀ ਭੁਲੇਖਾ ਖਾ ਗਏ ਹਨ। ਅਤੇ
ਗੁਰੂ ਨਾਨਕ ਪਾਤਿਸ਼ਾਹ ਦੁਆਰਾ ਨਕਾਰੇ ਗਏ ਬਨਾਰਸ ਦੇ ਠੱਗਾਂ ਨੂੰ ਰੱਬ ਬਣਾ ਦਿੱਤਾ ਹੈ। ਧਰਮ ਇਨ੍ਹਾਂ
ਦੇ ਨੇੜਿਓਂ ਵੀ ਨਹੀਂ ਲੰਘਿਆ, ਬਲਕਿ ਸ਼ਾਇਦ ਇਨ੍ਹਾਂ ਵਿਚੋਂ ਬਹੁਤਿਆਂ ਨੂੰ ਧਰਮ ਦੀ ਪਰਿਭਾਸ਼ਾ ਹੀ ਨਾ
ਪਤਾ ਹੋਵੇ। ਇਹ ਤਾਂ ਐਯਾਸ਼ੀ ਦੇ ਅੱਡੇ ਹਨ, ਜਿਨ੍ਹਾਂ ਨੇ ਭੋਲੇ-ਭਾਲੇ ਲੋਕਾਂ ਨੂੰ ਭਰਮਾਉਂਣ ਲਈ,
ਧਰਮ ਦਾ ਲੇਬਲ ਲਗਾਇਆ ਹੋਇਆ ਹੈ। ਐਸਾ ਤਾਂ ਇੱਕ ਵੀ ਬਾਬਾ ਨਹੀਂ ਹੋਣਾ, ਜਿਸ ਨੂੰ ਬਾਬਾ ਬਣਿਆਂ ਇੱਕ
ਦੋ ਸਾਲ ਹੋ ਗਏ ਹੋਣ, ਅਤੇ ਉਹ ਕਰੋੜਾਂ ਪਤੀ ਨਾ ਹੋਵੇ। ਸ਼ਾਇਦ ਕੋਈ ਵਿਰਲਾ ਹੀ ਡੇਰਾ ਹੋਵੇ ਜਿਥੇ
ਧੀਆਂ, ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਨਾ ਹੋ ਰਿਹਾ ਹੋਵੇ। ਰੋਜ਼ ਹੀ ਕਿਸੇ ਨਾ ਕਿਸੇ ਮਹਾਂਪੁਰਖ ਦੇ
ਕਾਮਲੀਲਾ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਹਾਲਾਂਕਿ ਜੋ ਕੁੱਝ ਸਾਹਮਣੇ ਆ ਰਿਹਾ ਹੈ, ਉਹ ਅਸਲ
ਦਾ ਸ਼ਾਇਦ 1-2% ਵੀ ਨਾ ਹੋਵੇ। ਇਤਨਾ ਕੁੱਝ ਹੁੰਦਿਆਂ ਹੋਇਆਂ ਵੀ ਸਾਡੇ ਲੋਕਾਂ ਦੇ ਅੰਧਵਿਸ਼ਵਾਸ,
ਅਗਿਆਨਤਾ ਅਤੇ ਭੋਲੇਪਨ ਕਾਰਨ ਇਹ ਹਰ ਰੋਜ਼ ਪ੍ਰਫੁਲਤ ਹੋ ਰਹੇ ਹਨ। ਪੂਰਾ ਪਖੰਡ ਦਾ ਪਸਾਰਾ ਹੋਣ ਕਾਰਨ
ਧਾਰਮਿਕ ਪੱਖੋਂ ਤਾਂ ਇਨ੍ਹਾਂ ਨੇ ਸਿੱਖਾਂ ਨੂੰ ਕੰਗਾਲ ਹੀ ਕਰ ਛੱਡਿਆ ਹੈ।
(ਰਾਜਿੰਦਰ ਸਿੰਘ ਦੀ ਆ ਰਹੀ ਪੁਸਤਕ, ‘ਖਾਲਸਾ ਪੰਥ ਬਨਾਮ ਡੇਰਾਵਾਦ’ ਵਿਚੋਂ ਕੁੱਝ ਅੰਸ਼)