.

ਦਸਮ ਗ੍ਰੰਥ ਦੀ ਅਸਲੀਯਤ
(ਕਿਸ਼ਤ ਨੰ: 18)

ਦਲਬੀਰ ਸਿੰਘ ਐੱਮ. ਐੱਸ. ਸੀ.

ਅਖੌਤੀ ਦਸਮ ਗ੍ਰੰਥ ਬਾਰੇ: ਤੱਥ ਅਤੇ ਸਵਾਲ:

Regarding so-called Dasam Granth : Facts & Questions

ਇਹ ਗ੍ਰੰਥ ਜਦੋਂ ਤੋਂ ਹੋਂਦ ਵਿੱਚ ਆਇਆ ਹੈ ਤਦ ਤੋਂ ਹੀ ਵਿਵਾਦ ਦੇ ਘੇਰੇ ਵਿੱਚ ਫਸਿਆ ਹੋਇਆ ਹੈ। ਕੁੱਝ ਵਿਦਵਾਨ ਇਸ ਗ੍ਰੰਥ ਨੂੰ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਨਹੀਂ ਮੰਨਦੇ ਪਰ ਕੁੱਝ ਲੋਗ ਇਸ ਗ੍ਰੰਥ ਨੂੰ ਦਸਵੇਂ ਨਾਨਕ ਦੀ ਰਚਨਾ ਮੰਨਦੇ ਹਨ। ਇਸ ਗ੍ਰੰਥ ਦੀਆਂ ਫੁਟਕਲ ਰਚਨਾਵਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਕਈ ਸਾਲਾਂ ਬਾਦ ਹੋਂਦ ਵਿੱਚ ਆਈਆਂ। ਸਵਾਰਥੀ, ਲਾਲਚੀ ਤੇ ਵਿਰੋਧੀ ਲੋਕਾਂ ਨੇ ਇਸ ਦੀ ਮਨ-ਭਾਉਂਦੀ ਕੁਵਰਤੋਂ ਕੀਤੀ। ਸਭ ਜਾਣਦੇ ਹਨ ਕਿ ਦਸਵੇਂ ਨਾਨਕ ਜੀ ਨੇ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਜੀ ਦੇ ਰਚੇ ਆਦਿ ਗ੍ਰੰਥ ਵਿੱਚ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕੀਤੀ ਅਤੇ ਇਸੇ ਗ੍ਰੰਥ ਨੂੰ ਸੰਨ ੧੭੦੮ ਵਿੱਚ ਗੁਰੂ ਪਦਵੀ ਪ੍ਰਦਾਨ ਕੀਤੀ। ਤਦ ਤੋਂ ਗੁਰਸਿਖ ਸ਼ਬਦ-ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਜੁਗੋ ਜੁਗ ਅਟਲ ਪੂਰਨ ਗੁਰੂ ਜਾਣ ਕੇ ਮੱਥਾ ਟੇਕਦੇ ਹਨ; ਕੇਵਲ ਇਸੇ ਗ੍ਰੰਥ ਦੀ ਬਾਣੀ ਨੂੰ ਗੁਰਬਾਣੀ ਮੰਨਦੇ/ਕਮਾਉਂਦੇ ਹਨ ਅਤੇ ਜੀਵਨ ਸਫ਼ਲਾ, ਲੋਕ-ਪਰਲੋਕ ਸੁਹੇਲਾ, ਕਰਦੇ ਹਨ।

ਕੁਝ ਲੋਗ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਪੈਦਾ ਕਰਕੇ ਗੁਰਸਿਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਨਾ ਚਾਹੁੰਦੇ ਹਨ। ਬਚਿਤ੍ਰ ਨਾਟਕ ਗ੍ਰੰਥ, ਜੋ ਕਿ ਤਿੰਨ ਬ੍ਰਾਹਮਣੀ ਗ੍ਰੰਥਾਂ ਤੇ ਆਧਾਰਿਤ ਹੈ, ਦਸਮ ਪਾਤਸ਼ਾਹ ਜੀ ਦਾ ਰਚਿਆ ਦਸਕੇ ਗੁਰਸਿਖਾਂ ਨੂੰ ਬ੍ਰਾਹਮਣ-ਵਾਦ ਵਿੱਚ ਉਲਝਾਉਣਾਂ ਚਾਹੁੰਦੇ ਹਨ। ਬਚਿਤ੍ਰ ਨਾਟਕ ਗ੍ਰੰਥ ਵਿੱਚ ਅਨੇਕਾਂ ਪ੍ਰਸੰਗਾਂ ਦੇ ਅਖੀਰ ਤੇ ਲਿਖੇ ਸਮਾਪਤੀ ਸੰਕੇਤ “ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਮਾਰਕੰਡੇ ਪੁਰਾਣੇ…” ਅਤੇ “ਇਤੀ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਦਸਮ ਸਕੰਧ ਪੁਰਾਣੇ. . “ ਸਿਧ ਕਰਦੇ ਹਨ ਕਿ ਇਹ ਬਚਿਤ੍ਰ ਨਾਟਕ ਗ੍ਰੰਥ (੧) ਮਾਰਕੰਡੇ ਪੁਰਾਣ: ਦੇਵੀ ਦੁਰਗਾ ਦੇ ਵਾਮ-ਮਾਰਗੀ ਪੁਜਾਰੀਆਂ ਦਾ ਗ੍ਰੰਥ, (੨) ਸ਼ਿਵ ਪੁਰਾਣ: ਸ਼ਿਵ /ਮਹਾਕਾਲ ਦੇ ਜਾਦੂ-ਟੂਣੇ ਕਰਣ ਵਾਲੇ ਤੇ ਭੰਗ-ਸ਼ਰਾਬ ਪੀਣ ਵਾਲੇ ਤਾਂਤ੍ਰਿਕਾਂ ਦਾ ਗ੍ਰੰਥ (੩) ਸ੍ਰੀਮਦ ਭਾਗਵਤ ਪੁਰਾਣ: ਵਿਸ਼ਨੂੰ ਪੂਜਕਾਂ ਦਾ ਗ੍ਰੰਥ, ਜਿਸ ਵਿੱਚ ਦਸਮ ਸਕੰਧ ਅਰਥਾਤ ਦਸਵੇਂ ਅਧਿਆਇ ਵਿੱਚ ਵਿਸ਼ਨੂੰ ਦੇ ਅਵਤਾਰ ‘ਕ੍ਰਿਸ਼ਨ` ਦੀ ਪੂਰੀ ਜੀਵਨ-ਕਥਾ ਲਿਖੀ ਹੈ, ਤੇ ਆਧਾਰਿਤ ਕਵੀ-ਰਚਨਾਵਾਂ ਹਨ।

ਤ੍ਰਿਯਾ ਚਰਿਤ੍ਰ/ਚਰਿਤ੍ਰੋ ਪਾਖਯਾਨ ਅਤੇ ਹਿਕਾਯਤਾਂ ਦੇ ਛਲ-ਕਪਟ-ਵਿਭਚਾਰ-ਨਸ਼ੇ-ਅਸ਼ਲੀਲਤਾ ਸਿਖਾਉਣ ਵਾਲੇ ਔਰਤਾਂ ਦੇ ਕਿੱਸੇ ਸ਼ਿਵ ਪੁਰਾਣ ਵਿੱਚ ਲਿਖੇ ਨਾਰਦ ਤੇ ਇੱਕ ਅਪਸਰਾ ਦੀ ਵਾਰਤਾਲਾਪ (ਇਸਤ੍ਰੀਯੋਂ ਕੇ ਸਵਭਾਵ) ਤੇ ਆਧਾਰਿਤ ਹਨ ਦੇਵਤਾ ਸ਼ਿਵ (ਮਹਾਕਾਲ, ਸਰਬਕਾਲ, ਸਰਬਲੋਹ. .) ਤੇ ਸ਼ਿਵ ਦੀ ਪਤਨੀ ਦੇਵੀ ਪਾਰਵਤੀ (ਸ਼ਿਵਾ, ਦੁਰਗਾ, ਚੰਡੀ, ਭਗਉਤੀ, ਕਾਲੀ, ਭਵਾਨੀ, ਮਹਾਕਾਲੀ, ਕਾਲਕਾ, ਕਾਲ…) ਬਚਿਤ੍ਰ ਨਾਟਕ ਗ੍ਰੰਥ ਦੇ ਲਿਖਾਰੀਆਂ (ਕਬਿ ਸਯਾਮ, ਕਬਿ ਰਾਮ, ਕਬਿ ਕਾਲ ਦੀ ਕਵੀ-ਛਾਪ ਵੇਖੋ ਅਨੇਕਾਂ ਪੰਨਿਆਂ ਤੇ) ਦੇ ਪੂਜਣ-ਯੋਗ ਇਸ਼ਟ ਹਨ; ਪੜੋ ਜੀ, ਪੰਨਾ ੭੩ ਤੇ:-

ਸਰਬਕਾਲ ਹੈ ਪਿਤਾ ਅਪਾਰਾ।। ਦੇਬਿ ਕਾਲਕਾ ਮਾਤ ਹਮਾਰਾ।। (ਪੂਰੇ ਗ੍ਰੰਥ ਵਿੱਚ ਇਸ਼ਟ ਦਾ ਸਰੂਪ)

ਬਚਿਤ੍ਰ ਨਾਟਕ ਗ੍ਰੰਥ ਦੀ ਅਸਲੀਯਤ ਜਾਣਨ ਲਈ ਡੂੰਘੀ ਪੜਚੋਲ ਕਰਨੀ ਅਤਿ ਜ਼ਰੂਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਵਿਚਾਰਧਾਰਾ (ਗੁਰਮਤਿ ਸਿਧਾਂਤ, ਕਈ ਟੀਕਾਕਾਰਾਂ ਦੇ ਟੀਕੇ) ਸਮਝਣ ਉਪਰੰਤ ਅਤੇ ਡਾ: ਰਤਨ ਸਿੰਘ ਜੱਗੀ, ਸਾਬਕਾ ਵਾਈਸ-ਚਾਂਸਲਰ, ਪੰਜਾਬੀ ਯੁਨੀਵਰਸਿਟੀ, ਪਟਿਆਲਾ ਦੀਆਂ ਲਿਖੀਆਂ ਪੁਸਤਕਾਂ ‘ਗੁਰੂ ਨਾਨਕ ਵਿਚਾਰਧਾਰਾ`, ‘ਦਸਮ ਗ੍ਰੰਥ ਦਾ ਕਰਤ੍ਰਿਤਵ` ਅਤੇ ਪੰਜ ਪੋਥੀਆਂ ਵਿੱਚ ਕੀਤਾ ਇਸ ਕਹੇ ਜਾਂਦੇ ਦਸਮ ਗ੍ਰੰਥ ਦਾ ਟੀਕਾ ਅਤੇ ਉਪਰ ਲਿਖੇ ਬ੍ਰਾਹਮਣੀ ਗ੍ਰੰਥ ਹਿੰਦੀ-ਭਾਸ਼ਾ-ਅਨੁਵਾਦ-ਸਹਿਤ ਪੜ੍ਹਨ ਉਪਰੰਤ ਹੇਠ ਲਿਖੇ ਤੱਥ ਅਤੇ ਸਵਾਲ ਸ੍ਹਾਮਣੇ ਆਉਂਦੇ ਹਨ:-

ਇਕ ਮੁਢਲਾ ਸਵਾਲ: ਜਿਸ ਕਿਸੀ ਗ੍ਰੰਥ ਨੂੰ ਦਸਮ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ-ਗੱਦੀ (ਗੁਰੂ-ਪਦਵੀ) ਪ੍ਰਦਾਨ ਨਹੀ ਕੀਤੀ, ਕੀ ਉਸ ਗ੍ਰੰਥ ਦੀ ਕਿਸੇ ਰਚਨਾ ਨੂੰ ਗੁਰੂ-ਬਾਣੀ ਮੰਨਿਆ ਜਾ ਸਕਦਾ ਹੈ?

(੧) ਇਤਿਹਾਸਕਾਰਾਂ ਨੇ ਖੋਜ ਕਰਕੇ ਦਸਿਆ ਹੈ ਕਿ ਮੋਜੂਦਾ ਦਸਮ ਗ੍ਰੰਥ ਚਾਰ ਅਪ੍ਰਮਾਣੀਕ ਗ੍ਰੰਥਾਂ (ਜਿਨਾਂ ਦੇ ਪਾਠਾਂ ਵਿੱਚ ਕਈ ਥਾਂਈਂ ਫ਼ਰਕ ਸਨ) ਦੀ ਸੁਧਾਈ ਕਰਣ ਤੋਂ ਬਾਦ ਹੋਂਦ ਵਿੱਚ ਆਇਆ (ਪੜੋ ਜੀ, ਡਾ: ਰਤਨ ਸਿੰਘ ਜੱਗੀ ਜੀ ਦਾ ਪੰਜ ਪੋਥੀਆਂ ਵਿੱਚ ਕੀਤਾ, ਗੋਬਿੰਦ ਸਦਨ ਮਹਰੋਲੀ, ਦਿੱਲੀ ਵਲੋਂ ਛਾਪਿਆ ਟੀਕਾ ਵਿਚੋਂ ‘ਭੂਮਿਕਾ` ਪਹਿਲੀ ਪੋਥੀ)।

# ਸਵਾਲ:- ਜੇ ਇਹ ਗੁਰਬਾਣੀ ਹੈ ਤਾਂ ਦਸੋ, ਗੁਰਬਾਣੀ ਦਾ ਇੱਕ ਵੀ ਅੱਖਰ ਜਾਂ ਲਗ-ਮਾਤਰਾ ਘਟਾਈ, ਵਧਾਈ ਜਾਂ ਬਦਲੀ ਜਾ ਸਕਦੀ ਹੈ? (ਯਾਦ ਕਰੀਏ ਸਾਖੀ ਬਾਬਾ ਰਾਮਰਾਇ ਜੀ ਦੀ; ਗੁਰਬਾਣੀ ਦੀ ਇੱਕ ਪੰਕਤੀ ‘ਮਿਟੀ ਮੁਸਲਮਾਨ ਕੀ … ਬਦਲ ਕੇ ‘ਮਿਟੀ ਬੇਈਮਾਨ ਕੀ…` ਕਹੀ ਸੀ ਤਾਂ ਗੁਰੂ ਹਰਿ ਰਾਇ ਜੀ ਨੇ ਸਿੱਖੀ ਤੋਂ ਛੇਕ ਦਿੱਤਾ ਸੀ।)

(੨) ਇਸ ਗ੍ਰੰਥ ਦਾ ਪੂਰਬਲਾ ਨਾਂ ਬਚਿਤ੍ਰ ਨਾਟਕ ਗ੍ਰੰਥ ਹੈ; ਜੈਸਾ ਕਿ ਅਨੇਕਾਂ ਪੰਨਿਆਂ ਤੇ ਲਿਖੇ ਪ੍ਰਸੰਗਾਂ ਦੇ ਸਮਾਪਤੀ ਸੰਕੇਤ ‘ਇਤੀ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ……` ਸਿੱਧ ਕਰਦੇ ਹਨ।

# ਸਵਾਲ:- ਕੀ ਕਿਸੇ ਗ੍ਰੰਥ ਜਾਂ ਪੁਸਤਕ ਦਾ ਨਾਂ ਲਿਖਾਰੀ ਦੀ ਇਜਾਜ਼ਤ ਤੋਂ ਬਿਨਾ ਬਦਲਿਆ ਜਾ ਸਕਦਾ ਹੈ? ? ਕਦੀ ਇਸ ਗ੍ਰੰਥ ਨੂੰ “ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ” ਲਿਖਦੇ ਹਨ ਤੇ ਹੁਣ “ਸ੍ਰੀ ਦਸਮ ਗ੍ਰੰਥ ਸਾਹਿਬ”। ਇਸ ਗ੍ਰੰਥ ਦਾ ਸਹੀ ਨਾਂ ਜਿਹੜੀ ਸੋਧਕ ਕਮੇਟੀ ਨਹੀ ਦਸ ਸਕਦੀ, ਉਹ ਕਮੇਟੀ ਕੱਚੀ ਜਾਂ ਸੱਚੀ ਬਾਣੀ ਦੀ ਪਰਖ ਕੀ ਕਰ ਸਕਦੀ ਹੈ?

(੩) ਇੱਕ ਸੋਧਕ ਕਮੇਟੀ ਨੇ ਸੰਨ ੧੮੯੭ ਵਿੱਚ ਬਚਿਤ੍ਰ ਨਾਟਕ ਗ੍ਰੰਥ ਦੀ ਸੁਧਾਈ (?) ਮੁਕੰਮਲ ਕੀਤੀ।

# ਸਵਾਲ:- ਗੁਰੂ ਗੋਬਿੰਦ ਸਿੰਘ ਸਾਹਿਬ ਸੰਨ ੧੭੦੮ ਵਿੱਚ ਜੋਤੀ ਜੋਤਿ ਸਮਾਇ; ਕਿਉਂ ੧੮੯ ਸਾਲ ਸੁਧਾਈ ਕਰਨ ਵਿੱਚ ਲਗੇ? ਸੁਧਾਈ ਹੋਈ ਕਿ ਮਿਲਾਵਟ ਜਾਂ ਹੇਰਾ-ਫੇਰੀ, ਕੋਈ ਯਕੀਨ ਨਾਲ ਕਿਵੇਂ ਕਹਿ ਸਕਦਾ ਹੈ?

# ਸਵਾਲ:- ਕੀ ਧੁਰ ਕੀ ਬਾਣੀ ਦੀ ਸੁਧਾਈ ਕੋਈ ਸਿਖ ਜਾਂ ਕਮੇਟੀ ਕਰ ਸਕਦੇ ਹਨ? (ਬਚਿਤ੍ਰ ਨਾਟਕ ਗ੍ਰੰਥ ਨੂੰ ਸੋਧਣ ਵਾਲੇ ਖ਼ੁਦ ਆਪ ਮੰਨ ਰਹੇ ਹਨ ਕਿ ਇਸ ਗ੍ਰੰਥ ਦੀ ਬਾਣੀ ਕੱਚੀ ਬਾਣੀ ਹੈ, ਸੋਧਣ ਦਾ ਮਤਲਬ ਹੈ ਗਲਤੀਆਂ ਸੁਧਾਰਣਾ। ਭਲਾ ਦੱਸੋ, ਗੁਰੂ-ਕਰਤਾਰ ਦੀ/ਧੁਰ ਕੀ ਸੱਚੀ ਬਾਣੀ ਨੂੰ ਸੋਧਣ ਦੀ ਕਦੇ ਲੋੜ ਪੈ ਸਕਦੀ ਹੈ?

(੪) ਸੰਨ ੧੯੬੭ ਦੀ ਛਪੀ ਇਸ ਗ੍ਰੰਥ ਦੀ ਬੀੜ ਵਿੱਚ ‘ਅਕਾਲ ਉਸਤਤਿ` ਸਿਰਲੇਖ ਕਿਸੇ ਰਚਨਾ ਉਪਰ ਨਹੀ ਲਿਖਿਆ।

# ਸਵਾਲ:- ਕਿਹੜੀ ਦੁਬਾਰਾ ਬਣੀ ਸੋਧਕ ਕਮੇਟੀ ਨੇ ਕਦੋਂ ਤੇ ਕਿਉਂ ਉਹ ਰਚਨਾ ਅਕਾਲ ਉਸਤਤਿ ਮੰਨ ਲਈ ਜਿਸ ਵਿੱਚ ੨੦ ਛੰਦ (ਨੰ: ੨੧੧ ਤੋਂ ੨੩੦ ਤਕ, ਜੈ ਜੈ ਹੋਸੀ ਮਹਿਖਾਸੁਰ ਮਰਦਨ…) ਦੇਵੀ ਦੁਰਗਾ ਦੀ ਉਸਤਤਿ ਕਰਦੇ ਹਨ?

(੫) ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਨੇਕਾਂ ਥਾਂਈਂ ਸੰਪੂਰਣ ਮੂਲ ਮੰਤਰ “ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।। “ ਅੰਕਿਤ ਹੈ। ਦਸਮ ਨਾਨਕ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਰਜ ਨੌਵੇਂ ਨਾਨਕ ਜੀ ਦੀ ਬਾਣੀ (ਸਿਰਲੇਖ ਮਹਲਾ ੯) ਰਾਗ ਜੈਜਾਵੰਤੀ ਮਹਲਾ ੯ ਬਾਣੀ ਦੇ ਸ਼ੁਰੂ ਵਿੱਚ ਅੰਕਿਤ ਸੰਪੂਰਣ ਮੂਲ ਮੰਤਰ ਪੜ੍ਹੋ ਜੀ।

# ਸਵਾਲ:- ਸਮੁਚੇ ਬਚਿਤ੍ਰ ਨਾਟਕ ਗ੍ਰੰਥ ਵਿੱਚ ਕਿਧਰੇ ਵੀ ਸੰਪੂਰਣ ਮੂਲ ਮੰਤਰ ਨਹੀ ਲਿਖਿਆ, ਕਿਉਂ! ! ? ? ਕੀ ਦਸਵੇਂ ਨਾਨਕ ਨੌਵੇਂ ਨਾਨਕ ਤਕ ਚਲੀ ਆ ਰਹੀ ਮਰਯਾਦਾ ਜਾਂ ਸੰਪੂਰਣ ਮੂਲ ਮੰਤਰ ਭੁੱਲ ਗਏ ਹੋਣਗੇ? ?

(੬) ਮੰਗਲਾਚਰਨ ਅਥਵਾ ਸੰਖੇਪ ਮੂਲ ਮੰਤਰ “ੴ ਸਤਿਗੁਰਪ੍ਰਸਾਦਿ।। “ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਕਾਰ (ਮਹਲਾ ੧, ੩, ੪, ੫, ੯, ਜਾਂ ਭਗਤ ਦਾ ਨਾਂ) ਜਾਂ ਘਰੁ (੧, ੨,. . ਪੜਤਾਲ) ਜਾਂ ਕਿਤੇ ਰਾਗ ਬਦਲਣ ਤੇ ਸ਼ੁਰੂ ਵਿੱਚ ਅੰਕਿਤ ਕੀਤਾ ਗਿਆ ਹੈ; ਕਈ ਅੰਗਾਂ ਤੇ ਤਿੰਨ ਵਾਰੀ ਵੀ ਲਿਖਿਆ ਹੈ। ਉਚੇਚਾ ਨੋਟ ਕਰੋ ਜੀ ਕਿ ਹੋਰ ਕੋਈ ਮੂਲ-ਮੰਤਰ ਨਹੀ ਲਿਖਿਆ।

# ਸਵਾਲ:- ਬਚਿਤ੍ਰ ਨਾਟਕ ਗ੍ਰੰਥ ਵਿੱਚ ਬਹੁਤ ਘਟ ਥਾਂਈਂ ੴ ਸਤਿਗੁਰਪ੍ਰਸਾਦਿ ਲਿਖਿਆ ਹੈ; ਕੁੱਝ ਕੁ ਥਾਈਂ ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ।। (ਹਾਲਾਂਕਿ ਫ਼ਤਹਿ ਬੁਲਾਉਂਦਿਆਂ ਸ੍ਰੀ ਉਚਾਰਣਾ ਪੰਜ ਪਿਆਰੇ ਮਨ੍ਹਾ ਕਰਦੇ ਹਨ) ਅਤੇ ਬੇਅੰਤ ਥਾਂਈਂ ਦੇਵੀ-ਦੁਰਗਾ-ਬੋਧਕ “ਸ੍ਰੀ ਭਗਉਤੀ ਜੀ ਸਹਾਇ।। “ ਜਾਂ “ਸ੍ਰੀ ਭਗੌਤੀ ਏ ਨਮਹ।। “ ਲਿਖਿਆ ਮਿਲਦਾ ਹੈ। ਇਹ ਰੰਗ-ਬਦਲਦਾ ਮੰਗਲਾਚਰਨ ਲਿਖਣਾ ਕੀ ਗੁਰੂ-ਮਰਯਾਦਾ ਸੀ?

(੭) ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਸ਼ਟ ਦਾ ਸਰੂਪ ਸੰਪੂਰਣ ਮੂਲ ਮੰਤਰ ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।। ਵਿੱਚ ਦਰਸਾਇਆ ਇਕੋ-ਇਕ ਇਕ-ਰਸ ਸਦਾ-ਕਾਇਮ ਨਾਮ ਵਾਲਾ ਪਰਮਾਤਮਾ, ਸ੍ਰਿਸ਼ਟੀ ਦਾ ਰਚਨਹਾਰਾ, ਸਰਬ-ਵਿਆਪਕ, ਸਰਬ ਸ਼ਕਤੀਮਾਨ, ਪ੍ਰੇਮ ਸਰੂਪ, ਸਮੇਂ ਦੇ ਪ੍ਰਭਾਵ ਅਥਵਾ ਜਨਮ ਮਰਣ ਤੋਂ ਰਹਿਤ ਹਸਤੀ; ਜਿਸਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੀ ਹੁੰਦੀ ਹੈ। ਇਸੇ ਨੂੰ ਹੀ “ਤੂ ਮੇਰਾ ਪਿਤਾ ਤੂ ਹੈ ਮੇਰਾ ਮਾਤਾ।। ਤੂ ਮੇਰਾ ਬੰਧਪੁ ਤੂ ਮੇਰਾ ਭ੍ਰਾਤਾ।। “ (ਅੰਗ ੧੦੩) ਗੁਰਬਾਣੀ ਅਨੁਸਾਰ ਅਸੀ ਮਾਤਾ-ਪਿਤਾ ਮੰਨਦੇ ਹਾਂ।

# ਸਵਾਲ:- ਪਰ ਬਚਿਤ੍ਰ ਨਾਟਕ ਗ੍ਰੰਥ ਵਿੱਚ ਇਸ਼ਟ ਦਾ ਸਰੂਪ ਪੰਨਾ ੭੩ ਤੇ ਇਉਂ ਲਿਖਿਆ ਹੈ; -

ਸਰਬਕਾਲ ਹੈ ਪਿਤਾ ਅਪਾਰਾ।। ਦੇਬਿ ਕਾਲਕਾ ਮਾਤ ਹਮਾਰਾ।। ਅਰਥਾਤ, ਦੇਵਤਾ-ਸਰਬਕਾਲ ਅਤੇ ਉਸਦੀ ਸੰਗਿਨੀ ਦੇਵੀ-ਕਾਲਕਾ ਕੀ ਗੁਰੂ ਗੋਬਿੰਦ ਸਿੰਘ ਜੀ ਦੇ ਜਾਂ ਗੁਰਸਿਖਾਂ ਦੇ ਇਸ਼ਟ (ਪੂਜਣ ਜਾਂ ਆਰਾਧਣ ਯੋਗ ਹਸਤੀ) ਹੋ ਸਕਦੇ ਹਨ?

ਇਹ ਤਾਂ ਸ਼ਾਕਤ-ਮਤੀਏ ਵਾਮ-ਮਾਰਗੀ ਤਾਂਤ੍ਰਿਕਾਂ (ਜਾਦੂ ਟੂਣੇ ਕਰਣ ਵਾਲਿਆਂ) ਦਾ ਇਸ਼ਟ ਹੈ।

(ਨੋਟ: ਮਹਾਕਾਲ ਕਾਲਕਾ ਦੇ ਹੋਰ ਉਪਨਾਮ ਸਰਬਕਾਲ, ਅਸਿਧੁਜ, ਖੜਗਧੁਜ, ਅਸਿਕੇਤ, ਕਾਲ, ਕਾਲੀ, ਮਹਾਕਾਲੀ, ਚੰਡੀ, ਦੁਰਗਾ, ਭਵਾਨੀ, ਭਗੌਤੀ, ਭਗਉਤੀ, ਸ਼ਿਵਾ …ਆਦਿਕ ਅਨੇਕਾਂ ਨਾਂ ਦੇਵੀ ਜਾਂ ਮਹਾਕਾਲ ਉਸਤਤਿ ਵਿੱਚ ਲਿਖੇ ਹਨ।)

ਗੁਰਬਾਣੀ ਦਾ ਨਿਰਣਾ; ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ।। (ਰਾਮਕਲੀ ਮ: ੩, ਅਨੰਦੁ, ੯੨੦) ਅਰਥਾਤ ਦੇਵਤਾ ਸ਼ਿਵ ਅਤੇ ਸ਼ਕਤਿ ਸ਼ਿਵਾ ਨੂੰ ਪਰਮਾਤਮਾ (ੴ) ਨੇ ਪੈਦਾ ਕਰੇ ਆਪਣੇ ਅਧੀਨ ਰਖਕੇ ਹੁਕਮ ਚਲਾਇਆ।

(੮) ਇਸ ਬਚਿਤ੍ਰ ਨਾਟਕ ਗ੍ਰੰਥ ਵਿੱਚ ਕਿਸੇ ਰਚਨਾ ਵਿੱਚ ‘ਨਾਨਕ` ਪਦ ਤਖ਼ੱਲਸ (ਰਚਨਹਾਰੇ ਦੀ ਛਾਪ) ਨਹੀ ਲਿਖਿਆ, ਅਨੇਕਾਂ ਪੰਨਿਆਂ ਤੇ ਕਬਿ ਸਯਾਮ, ਕਬਿ ਰਾਮ, ਕਵਿ ਕਾਲ ਨਾਂ ਦੇ (ਨਕਲੀ) ਕਵੀਆਂ ਦੀ ਛਾਪ ਰਚਨਹਾਰੇ ਵਜੋਂ ਲਿਖੀ ਹੈ।

# ਸਵਾਲ:- ਕੀ ਦਸਮ ਨਾਨਕ ਨੇ ਨੌਵੇਂ ਨਾਨਕ ਤਕ ਚਲੀ ਆ ਰਹੀ ਨਾਨਕ-ਪਦ ਪਰੰਪਰਾ ਨੂੰ ਤੋੜਿਆ ਹੋਵੇਗਾ?

(੯) ਗੁਰੂ ਗੋਬਿੰਦ ਸਿੰਘ ਜੀ ਤਕਰੀਬਨ ਸੰਨ ੧੬੭੧ ਤੋ ੧੭੦੫ ਤਕ ਅਰਥਾਤ ੩੪ ਸਾਲ ਪੰਜਾਬ ਵਿੱਚ ਰਹੇ; ਪੰਜਾਬੀ/ਗੁਰਮੁਖੀ ਵਿੱਚ ਲਿਖੀ ਗੁਰਬਾਣੀ ਪੜ੍ਹਦੇ, ਕੀਰਤਨ ਕਰਦੇ/ਸੁਣਦੇ ਅਤੇ ਪ੍ਰਚਾਰਦੇ ਰਹੇ, ਤਾਂ ਦਸੋ,

# ਸਵਾਲ:- ਬਚਿਤ੍ਰ ਨਾਟਕ ਗ੍ਰੰਥ ਜਿਸ ਵਿੱਚ ਬ੍ਰਜ ਭਾਸ਼ਾ, ਰਾਜਸਥਾਨੀ ਬੋਲੀ ਡਿੰਗਲ. . ਹੋਰ ਬੋਲੀਆਂ ਪ੍ਰਧਾਨ ਕਿਉਂ?

ਗੁਰਮੁਖੀ ਕਿਉਂ ਨਹੀ? (ਨੋਟ; ਅਜ ਕੁੱਝ ਸਾਲਾਂ ਤੋਂ ਪੰਜਾਬ ਵਿੱਚ ਵਸੇ ਬਿਹਾਰੀ ਵੀ ਚੰਗੀ ਪੰਜਾਬੀ ਜਾਣਦੇ ਹਨ।)

(੧੦) ਗੁਰੂ ਗੋਬਿੰਦ ਸਿੰਘ ਜੀ ਸਿਖਾਂ ਦੇ ਗੁਰੂ ਸੰਨ ੧੬੭੫ ਤੋਂ ੧੭੦੮ (੩੩ ਸਾਲ) ਤਕ ਰਹੇ; ਇਸ ਸਮੇਂ ਦੌਰਾਨ ਨ ਕਦੀ ਹੇਮਕੁੰਟ ਪਰਬਤ ਤੇ ਗਏ ਅਤੇ ਨ ਹੀ ਉਹਨਾਂ ਦਾ “ਮਹਾਕਾਲ ਕਾਲਕਾ ਅਰਾਧੀ” ਅਰਥਾਤ ਦੇਵੀ-ਪੂਜਨ ਸਿੱਧ ਹੁੰਦਾ ਹੈ।

# ਸਵਾਲ:- ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜੀ ਪਿਛਲੇ ਕਿਸੇ ਦੇ ਤਪਸਵੀ ਦੀ ਕਥਾ “ਅਬ ਮੈ ਅਪਨੀ ਕਥਾ ਬਖਾਨੋ. . “ ਨਾਲ ਗੁਰੂ ਜਾਂ ਸਿਖਾਂ ਦਾ ਕੀ ਸੰਬੰਧ? (ਸਾਡਾ ਗੁਰੂ ਗੋਬਿੰਦ ਸਿੰਘ ਜੀ ਨਾਲ ਗੁਰੂ-ਸਿਖ ਸੰਬੰਧ ਸੰਨ ੧੬੭੫ ਤੋਂ ਪਹਿਲੋਂ ਨਹੀ)

(ਨੋਟ: ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਣ ਆਉਣ ਤੋਂ ਪਹਿਲਾਂ ਦੇਵੀ-ਪੂਜਕ ਸਨ; ਵੈਸ਼ਨੋ ਦੇਵੀ ਦੇ ਧਾਮ ਜਾਂਦੇ ਸਨ। ਪਰ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਣ ਆਉਣ ਤੋਂ ਬਾਦ ਨ ਦੇਵੀ ਪੂਜੀ, ਨ ਦੇਵੀ-ਧਾਮ ਗਏ। ਸਿਖਾਂ ਲਈ ਵੈਸ਼ਨੋ-ਦੇਵੀ-ਧਾਮ ਗੁਰਧਾਮ ਨਹੀ ਤਾਂ ਹੇਮਕੁੰਟ ਗੁਰਧਾਮ ਕਿਵੇਂ? ਗੁਰਬਾਣੀ ਦਾ ਨਿਰਣਾ ਹੈ: ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮਰਾਜੇ।। (ਅੰਗ ੪੫੦) ਇਹੀ ਨਿਯਮ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਧਾਮਾਂ ਲਈ ਵਰਤੀਏ।)

(੧੧) ਬਚਿਤ੍ਰ ਨਾਟਕ ਗ੍ਰੰਥ ਵਿੱਚ ਮਹਾਕਾਲ ਦਾ ਸਿਖ ਬਣਾਉਣ ਦੀ ਵਿਧੀ ਚਰਿਤ੍ਰ ੨੬੬ ਦਾ ਆਖਰੀ ਦੋਹਰਾ (ਪੰਨਾ ੧੨੧੦) ਇਹ ਛਲ ਸੋ ਮਿਸਰਹਿ ਛਲਾ ਪਾਹਨ ਦਏ ਬਹਾਇ।। ਮਹਾਕਾਲ ਕੋ ਸਿਖਯ ਕਰਿ ਮਦਿਰਾ ਭਾਂਗ ਪਿਵਾਇ।।

# ਸਵਾਲ:- ਕੀ ਛਲ ਕਰਕੇ ਕਿਸੇ ਨੂੰ ਜ਼ਬਰਦਸਤੀ ਆਪਣੇ ਧਰਮ ਵਿੱਚ ਸ਼ਾਮਲ ਕਰਨਾ ਜਾਇਜ਼ ਹੈ? (ਗੁਰਬਾਣੀ ਦਾ ਫ਼ੈਸਲਾ: ਜਉ ਤਉ ਪ੍ਰੇਮ ਖੇਲਨ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।। (ਮਹਲਾ ੧ ਅੰਗ ੧੪੧੨)

# ਸਵਾਲ:- ਮਹਾਕਾਲ ਦਾ ਅਰਥ ਵਾਹਿਗੁਰੂ ਕਿਵੇਂ? ਮਹਾਕਾਲ ਦਾ ਸਿਖ ਭੰਗ ਤੇ ਸ਼ਰਾਬ ਪਿਲਾ ਕੇ ਬਣਾਇਆ ਜਾਂਦਾ ਹੈ ਨ ਕਿ ਖੰਡੇ-ਬਾਟੇ ਦਾ ਅੰਮ੍ਰਿਤ ਛਕਾ ਕੇ। ਸਿਖ ਨੂੰ ਭੰਗ-ਸ਼ਰਾਬ ਪੀਣੀ ਗੁਰਬਾਣੀ ਉੱਕਾ ਮਨ੍ਹਾ ਕਰਦੀ ਹੈ।

(ਨੋਟ: ਮਹਾਕਾਲ ਦਾ ਜ਼ਿਕਰ ਸ਼ਿਵ-ਪੁਰਾਣ ਦੀ ਦਵਾਦਸ਼ਲਿੰਗੰ (੧੨ ਲਿੰਗਾਂ) ਦੀ ਕਥਾ ਵਿੱਚ ਆਉਂਦਾ ਹੈ; ਮਹਾਕਾਲ ਦਾ ਮੰਦਿਰ ਮੱਧ ਪ੍ਰਦੇਸ਼ ਦੇ ਸ਼ਹਰ ਉਜੈਨ ਵਿੱਚ ਹੈ, ਜਿਥੇ ਭੰਗ-ਸ਼ਰਾਬ ਦਾ ਪਰਸ਼ਾਦ ਦਿੱਤਾ ਜਾਂਦਾ ਹੈ ਅਤੇ ਜਾਨਵਰ ਦੀ ਬਲੀ ਚੜ੍ਹਾਈ ਜਾਂਦੀ ਹੈ। ਚਰਿਤ੍ਰ ਨੰ: ੪੦੫ ਵਿੱਚ ਸਪਸ਼ਟ ਲਿਖਿਆ ਹੈ ਕਿ ਮਹਾਕਾਲ ਨੂੰ ਪਸੀਨਾ ਆਉਂਦਾ ਹੈ ‘ਭਯੋ ਪ੍ਰਸੇਤਾ` ਅਰਥਾਤ ਸ਼ਰੀਰਧਾਰੀ ਹੈ। ਸੋਧਕ ਕਮੇਟੀ ਨੇ ੧੯੬੭ ਦੀ ਛਪੀ ਬੀੜ ਵਿੱਚ ਫੁਟਨੋਟ ਵਿੱਚ ਮਹਾਕਾਲ ਦਾ ਅਰਥ ਵਾਹਿਗੁਰੂ ਲਿਖਕੇ ਅਪਣੀ ਅਗਿਆਨਤਾ ਦਾ ਪ੍ਰਤੱਖ ਸਬੂਤ ਦੇ ਦਿੱਤਾ ਹੈ।) ਗੁਰਬਾਣੀ ਦਾ ਫ਼ੈਸਲਾ:- ਜਪਿ ਗੋਬਿੰਦੁ ਗੋਪਾਲ ਲਾਲੁ।। ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾਕਾਲੁ।। (ਰਾਮਕਲੀ ਮ: ੫, ਅੰਗ ੮੮੫) ਮਹਾਕਾਲ = ਮੌਤ ਦਾ ਦੇਵਤਾ।

(੧੨) ਬਚਿਤ੍ਰ ਨਾਟਕ ਗ੍ਰੰਥ ਵਿੱਚ ਰਚਨਹਾਰੇ ਲਿਖਾਰੀਆਂ ਦੇ ਨਾਂ ਕਬਿ ਸਯਾਮ, ਕਬਿ ਰਾਮ ਤੇ ਕਬਿ ਕਾਲ ਅਨੇਕਾਂ ਪੰਨਿਆਂ ਤੇ ਲਿਖੇ ਹਨ। ਕਈ ਥਾਂਈਂ ਇਹ ਕਵੀ ਲਿਖਦੇ ਹਨ ਕਿ `ਚੂਕ ਹੋਇ ਕਬਿ ਲੇਹੁ ਸੁਧਾਰੀ।। ` ਅਰਥਾਤ ਕਵੀ ਤੋਂ ਕੋਈ ਗਲਤੀ ਹੋ ਜਾਵੇ ਤਾਂ ਪਾਠਕ ਆਪੇ ਹੀ ਸੋਧ ਲਵੇ ਅਰਥਾਤ ਲਿਖਾਰੀ ਭੁਲਣਹਾਰ ਹੈ! ! ? (ਪੜੋ, ਪੰਨੇ ਨੰ: ੨੫੪, ੩੧੦, ੫੭੦, ੧੨੭੩)

# ਸਵਾਲ:- ਜੇ ਲਿਖਾਰੀ ਕਵਿ ਦਸਮ ਨਾਨਕ ਮੰਨੀਏ ਤਾਂ ਕੀ ਦਸਮ ਨਾਨਕ ਨੂੰ ਭੁਲਣਹਾਰ ਮੰਨ ਲਈਏ?

ਗੁਰਬਾਣੀ ਦਾ ਫ਼ੈਸਲਾ: ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ।। (ਅੰਗ ੬੧) (ਬਚਿਤ੍ਰ ਨਾਟਕ ਗ੍ਰੰਥ ਗੁਰੂ ਰਚਿਤ ਨਹੀ)

(੧੩) ਮਹਲਾ ਜਾਂ ਪਾਤਸ਼ਾਹੀ:- ਗੁਰੂ ਗ੍ਰੰਥ ਸਾਹਿਬ ਵਿੱਚ ਸਭ ਥਾਂਈਂ ਨਾਨਕ-ਬਾਣੀ ਦਾ ਸਿਰਲੇਖ ਮਹਲਾ ੧, ਮਹਲਾ ੨… ਮਹਲਾ ੫, ਮਹਲਾ ੯ ਲਿਖਿਆ ਹੈ; ਮਹਲਾ ਦਾ ਅਰਥ ਹੈ ਸ਼ਰੀਰ। (ਸ਼ਰੀਰ ਬਦਲਦੇ ਰਹੇ ਪਰ ਜੋਤ ਜੁਗਤਿ ਨਹੀ ਬਦਲੇ।)

# ਸਵਾਲ:- ਬਚਿਤ੍ਰ ਨਾਟਕ ਗ੍ਰੰਥ ਵਿੱਚ ਪਾਤਸ਼ਾਹੀ ੧੦ ਲਿਖਿਆ ਹੈ, ਮਹਲਾ ੧੦ ਕਿਉਂ ਨਹੀ?

(ਨੋਟ; ਪਾਤਸ਼ਾਹੀ ੧੦ ਸਿਖਾਂ ਨੂੰ ਧੋਖਾ ਦੇਣ ਲਈ ਲਿਖਿਆ ਗਿਆ ਹੈ। ਪੰਨਾ ੧੫੫ ਤੇ ਪਾਤਸ਼ਾਹੀ ੧੦ ਲ਼ਿਖਣ ਉਪਰੰਤ ਪੰਕਤੀ ‘ਬਰਨਤ ਸਯਾਮ ਜਥਾ ਮਤ ਭਾਈ।। ` ਸਪਸ਼ਟ ਕਰਦੀ ਹੈ ਕਿ ਸਯਾਮ ਕਵਿ ਹੀ ਪਾਤਸ਼ਾਹੀ ੧੦ ਅਖਵਾ ਰਿਹਾ ਹੈ।)

ਸਿਖ ਸੰਗਤਾਂ ਸਤਿਕਾਰ ਵਜੋਂ ਗੁਰੂ ਸਾਹਿਬ ਨੂੰ ਪਾਤਸ਼ਾਹ, ਸੱਚੇ ਪਾਤਸ਼ਾਹ ਆਖਦੀਆਂ ਸਨ ਪਰ ਗੁਰੂ ਸਾਹਿਬ ਹਲੀਮੀ ਵਿੱਚ ਨਾਨਕੁ ਨੀਚੁ, ਦਾਸਨਿ ਦਾਸੁ ਬਾਣੀ ਵਿੱਚ ਲਿਖਦੇ ਹਨ। ‘ਪਾਤਸ਼ਾਹੀ ੧੦` ਕਿਸੇ ਅਗਿਆਨੀ ਜਾਂ ਸ਼ਰਾਰਤੀ ਨੇ ਲਿਖਿਆ ਹੈ।

(੧੪) ਇਸਤ੍ਰੀ ਪ੍ਰਤੀ ਬਚਿਤ੍ਰ ਨਾਟਕ ਗ੍ਰੰਥ ਦੀ ਵਿਚਾਰਧਾਰਾ ਗੁਰਮਤਿ ਵਿਰੁਧ ਹੈ:-

# ਸਵਾਲ:- ਇਸ ਗ੍ਰੰਥ ਵਿੱਚ ਇਸਤ੍ਰੀ ਬਾਰੇ ‘ਸਜਿ ਪਛਤਾਨਿਓ ਇਨ ਕਰਤਾਰਾ।। `, ਅਰਥਾਤ ਰੱਬ ਵੀ ਔਰਤ ਨੂੰ ਸਾਜ ਕੇ ਪਛਤਾਇਆ। ਐਸੀਆਂ ਕਈ ਹੋਰ ਇਸਤ੍ਰੀ-ਨਿੰਦਕ ਪੰਕਤੀਆਂ (ਆਧਾਰ ਸ਼ਿਵ ਪੁਰਾਣ), ਗੁਰੂ ਲਿਖਤ ਕਿਵੇਂ? ਗੁਰਬਾਣੀ ਦਾ ਫ਼ੈਸਲਾ: ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ। . . ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ।। (ਵਾਰ ਆਸਾ: ੪੭੩)

(੧੫) ਸ੍ਰਿਸ਼ਟੀ ਰਚਨਾ ਬਾਰੇ ਬਚਿਤ੍ਰ ਨਾਟਕ ਗ੍ਰੰਥ ਦਾ ਵਿਚਾਰ: ਕਾਲ ਨੇ ਕੰਨਾਂ ਚੋਂ ਮੈਲ ਕੱਢ ਕੇ ਸ੍ਰਿਸ਼ਟੀ ਰਚੀ! ? (ਪੰਨਾ ੪੭)

# ਸਵਾਲ:- ਕੰਨ ਸ਼ਰੀਰਧਾਰੀ ਦੇ ਹੁੰਦੇ ਹਨ, ਕਾਲ ਨਿਰੰਕਾਰ ਕਿਵੇਂ? (ਪ੍ਰਿਥਮ ਕਾਲ ਜਬ ਕਰਾ ਪਸਾਰਾ।। …… ਏਕ ਸ੍ਰਵਣ ਤੇ ਮੈਲ ਨਿਕਾਰਾ।। ਤਾਂਤੇ ਮਧੁਕੀਟਭ ਤਨ ਧਾਰਾ।। ਦੁਤੀਆ ਕਾਨ ਤੇ ਮੈਲੁ ਨਿਕਾਰੀ।। ਤਾ ਤੇ ਭਈ ਸ੍ਰਿਸਟਿ ਸਾਰੀ।। (ਪੰਨਾ ੪੭)

# ਸਵਾਲ: ਕੀ ਗੁਰਸਿਖ ਇਹ ਗੁਰਵਾਕ ਮੰਨਣੇ ਛੱਡ ਦੇਣ: ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ।। ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤ ਸਮੋਇ।। (ਅੰਗ ੧੯) ਅਤੇ, ਅਰਬਦ ਨਰਬਦ ਧੁੰਧੂਕਾਰਾ।। ਧਰਣਿ ਨ ਗਗਨਾ ਹੁਕਮੁ ਅਪਾਰਾ।। ……।। ਬ੍ਰਹਮਾ ਬਿਸਨੁ ਮਹੇਸੁ ਨ ਕੋਈ।। ਅਵਰੁ ਨ ਦੀਸੈ ਏਕੋ ਸੋਈ।। (ਅੰਗ ੧੦੩੫)

(੧੬) ਇਤਿਹਾਸਕ ਭੁਲਾਂ:

(#) ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਪੂਰੇ ਗ੍ਰੰਥ ਵਿੱਚ ਕਿਤੇ ਜ਼ਿਕਰ ਨਹੀ, ਕਿਉਂ?

(#) ਭਗਤ ਰਾਮਾਨੰਦ ਜੀ ਪਹਿਲੋ ਸੰਸਾਰ ਵਿੱਚ ਆਏ ਤੇ ਹਜ਼ਰਤ ਮੁਹੰਮਦ ਜੀ ਬਾਦ ਵਿਚ? ਐਸੀਆਂ ਹੋਰ ਕਈ ਭੁਲਾਂ…

(੧੭) ਅਨਹੋਣੀਆਂ ਗੱਲਾਂ (ਗਪੋੜ) ; - ਸਤਿਜੁਗ ਵਿੱਚ ਮਹਾਕਾਲ ਦੀ ਦੈਂਤਾਂ ਨਾਲ ਹੋਈ ਜੰਗ ਦਾ ਹਾਲ (ਚਰਿਤ੍ਰ ਨੰ: ੪੦੫)

(#) ਦੈਂਤਾਂ ਦੇ ਮੂੰਹੋਂ ਨਿਕਲੀ ਅੱਗ ਚੋਂ ਧਨੁਖਧਾਰੀ ਪਠਾਨ ਪੈਦਾ ਹੋ ਗਏ! ! ? ਲੱਖਾਂ ਸਾਲ ਪਹਿਲਾਂ ਪਠਾਨ/ਮੁਗ਼ਲ ਕਿਥੋਂ?

(#) ਦੈਂਤਾਂ ਨੇ ਸਵਾਸ ਛੱਡੇ ਤਾਂ ਸੈਯਦ ਤੇ ਸ਼ੇਖ ਮੁਗਲ ਪੈਦਾ ਹੋ ਕੇ ਮਹਾਕਾਲ ਨਾਲ ਲੜਨ ਲਗੇ! ! ? (ਚੌਪਈ ੧੯੮-੧੯੯)

(ਨੋਟ: ਇਸੇ ਜੰਗ ਵਿਚ, ਚਰਿਤ੍ਰ ੪੦੫, ਮਹਾਕਾਲ ਨੂੰ ਗੁੱਸਾ ਆਉਂਦਾ ਹੈ, ਧਨੁਖ-ਕਿਰਪਾਨ ਹੱਥਾਂ ਵਿੱਚ ਫੜ ਕੇ ਲੜਦਾ ਹੈ, ਲੜਦਿਆਂ ਮਹਾਕਾਲ ਨੂੰ ਪਸੀਨਾ ਆਂਦਾ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਮਹਾਕਾਲ ਸ਼ਰੀਰਧਾਰੀ ਹੈ। ਸੋਦਰੁ ਰਹਿਰਾਸ ਵਿੱਚ ਪੜ੍ਹੀ ਜਾਂਦੀ ਚੌਪਈ ‘ਹਮਰੀ ਕਰੋ ਹਾਥ ਦੈ ਰਛਾ।। ` (੩੭੭ ਤੋਂ ੪੦੧ = ੨੫ ਚੋਪਈਆਂ) ਇਸੇ ਸ਼ਰੀਰਧਾਰੀ ਮਹਾਕਾਲ ਅੱਗੇ ਕੀਤੀ ਬੇਨਤੀ ਕਬਿ ਸਯਾਮ ਨੇ ਲਿਖੀ ਹੈ: ਕਬਯੋ ਬਾਚ।।

ਬੇਨਤੀ।। ੩੦ ਪੰਨਿਆਂ ਦੇ ਇਸ ੪੦੫ਵੇਂ ਚਰਿਤ੍ਰ ਵਿੱਚ ਕਿਤੇ ਵੀ ਪਾਤਸ਼ਾਹੀ ੧੦ ਨਹੀ ਲਿਖਿਆ ਪਰ ਗੁਟਕਿਆਂ ਵਿੱਚ ਕਿਸੇ ਨੇ ਮਨ-ਮਰਜ਼ੀ ਨਾਲ ਛਾਪ ਦਿੱਤਾ ਹੈ, ਕਿਉਂ? ?)

(੧੮) ਹਰ ਪ੍ਰਸੰਗ ਵਿੱਚ ਦੇਵੀ ਦੁਰਗਾ/ਕਾਲ/ਕਾਲਕਾ/ਭਗਉਤੀ/ਚੰਡੀ/ਸ਼ਿਵਾ/ਮਹਾਕਾਲ …ਦੀ ਹੀ ਉਸਤਤਿ:-

(ੳ) ਕਹੀ ਜਾਂਦੀ ਅਕਾਲ ਉਸਤਤਿ (?) ਰਚਨਾ ਵਿੱਚ ੨੦ ਛੰਦ (ਛੰਦ ਨੰ: ੨੧੧ ਤੋ ੨੩੦) ਜੈ ਜੈ ਹੋਸੀ ਮਹਿਖਾਸੁਰ ਮਰਦਨ…… ਅਰਥਾਤ ਭੈਂਸੇ (ਮਹਿਖ) ਵਰਗੇ ਦੈਂਤ ਨੂੰ ਮਾਰਣ ਵਾਲੀ ਦੇਵੀ ਦੁਰਗਾ, ਤੇਰੀ ਜੈ ਜੈਕਾਰ ਹੋਵੇ।

(ਅ) ਚੰਡੀ ਚਰਿਤ ੧ ਅਤੇ ਦੂਜਾ; ਵਾਰ ਦੁਰਗਾ/ਭਗਉਤੀ ਕੀ… “ਦੁਰਗਾ ਪਾਠ ਬਣਾਇਆ ਸਭੇ ਪਉੜੀਆਂ।। ੫੫।।

(ਨੋਟ: ‘ਵਾਰ ਦੁਰਗਾ ਕੀ` ਦੀ ਪਹਿਲੀ ਪਉੜੀ। ਵਾਰ ਸ੍ਰੀ ਭਗਉਤੀ (ਅਸਲ ਪਾਠ ਦੁਰਗਾ) ਕੀ।। …” ਪ੍ਰਿਥਮ ਭਗੌਤੀ ਸਿਮਰਕੈ ਗੁਰ ਨਾਨਕ ਲਈਂ ਧਿਆਇ। . . ।। ੧।। “ ਗੁਰਸਿਖ ਗੁਰੂ ਤੋਂ ਬੇਮੁਖ ਹੋ ਕੇ ਦੇਵੀ ਅੱਗੇ ਅਰਦਾਸ ਕਿਉਂ ਕਰੇ?

# ਗੁਰਸਿਖ ਲਈ ਹੁਕਮ ਹੈ –” ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ।। (ਗੁਰੂ ਗ੍ਰੰਥ ਸਾਹਿਬ, ੫੧੯)

# ਸਵਾਲ:- ਦਸਮ ਨਾਨਕ ਜੀ ਦੇ ਗੁਰਗੱਦੀ ਬੈਠਣ ਸਮੇ ਤਕ ਪੰਥਕ ਅਰਦਾਸ ਦਾ ਮੁਖੜਾ ਕੀ ਸੀ?

(ੲ) ਮੁੰਡ ਕੀ ਮਾਲ…।। . . ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ।। ਛੰਦ ੧੭।। (ਪੰਨਾ ੮੧੦ ਤੇ ਲਿਖੀ ਦੇਵੀ ਉਸਤਤਿ ਵਿਚੋਂ) ਭਾਵ, ਗਲੇ ਵਿੱਚ ਖੋਪੜੀਆਂ ਦੀ ਮਾਲਾ ਪਾਣ ਵਾਲਾ…ਭਿਆਨਕ ਸ਼ਰੀਰਧਾਰੀ ਕਾਲ ਹੈ ਤੁਹਾਡਾ ਪਾਲਣਹਾਰ।

(ਸ) ਦੇਹ ਸ਼ਿਵਾ ਬਰ ਮੋਹਿ ਇਹੈ…… (ਪੰਨਾ ੯੯: ਸ਼ਿਵਾ, ਦੁਰਗਾ, ਚੰਡੀ ਤੋਂ ਵਰ ਮੰਗਣਵਾਲਾ ਗੁਰੂ ਜਾਂ ਗੁਰਸਿਖ ਕਿਵੇਂ?)

(ਹ) ਚਰਿਤ੍ਰ ੪੦੫: ਛੰਦ ੯੧ ਤੋਂ ੧੦੦ ਤਕ ਮਹਾਕਾਲ/ ਕਾਲ/ ਦੁਰਗਾ ਨੂੰ ਰੱਬੀ-ਗੁਣਾ ਵਾਲਾ ਦਰਸਾ ਕੇ ਕੀਤੀ ਉਸਤਤਿ,

(੧੯) ਜ਼ਫ਼ਰਨਾਮਾ:- ਕੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਦੀ ਵਡਿਆਈ ਕੀਤੀ ਹੋਵੇਗੀ? ਪੜੋ ਜੀ, ਸ਼ੇਅਰ ਨੰ: ੮੯, ੯੦, ੯੧, ੯੨, ੯੩: ਚੰਗੀ ਜ਼ਮੀਰ ਵਾਲਾ, ਦੇਵਤਿਆਂ ਵਰਗੀਆਂ ਸਿਫ਼ਤਾਂ, ਬਖ਼ਸ਼ਿਸ਼ ਕਰਣ ਵਾਲਾ. . ।

(੨੦) # ਚਰਿਤ੍ਰੋ ਪਾਖਯਾਨ ਤੇ ਹਿਕਾਯਤਾਂ ਦੇ ਅਸ਼ਲੀਲ ਕਿੱਸੇ ਤੇ ਅਸ਼ਲ਼ੀਲ ਸ਼ਬਦਾਵਲੀ ਕੀ ਗੁਰੂ-ਲਿਖਤ ਹੋ ਸਕਦੇ ਹਨ?

ਇਸਲਾਮੀ ਸੁੰਨਤ ਪਰਥਾਂਇ: ਪ੍ਰੀਤ ਕਰੇ ਪ੍ਰਭੁ ਪਾਯਤ ਹੈ ਕਿਰਪਾਲ ਨ ਭੀਜਤ ਲਾਂਡ ਕਟਾਏ।। (ਕਾਲ ਉਸਤਤਿ, ਪੰਨਾ ੪੬) ਚਰਿਤ੍ਰਾਂ ਵਿਚੋਂ: ਕੈ ਤੋਹਿ ਕਾਟ ਕਰੋ ਸਤ ਖੰਡਾ (ਸੌ ਟੁਕੜੇ)।। ਕੈ ਦੈ ਮੋਰਿ ਭਗ ਬਿਖੈ ਲੰਡਾ।। (ਪੰਨਾ ੧੨੬੭). . ।। ਲਿੰਗ ਦੇਤ ਤਿਹ ਭਗ ਮੋ ਭਏ।। ਭਗ ਮੋ ਲਿੰਗ ਦੀਯੋ ਰਾਜਾ ਜਬ।। ਰੁਚਿ ਉਪਜੀ ਤਰੁਨੀ ਕੇ ਜਿਯ ਤਬ।। (ਪੰਨਾ ੧੩੫੮)

(੨੧) ਦਸਮ ਨਾਨਕ ਗੁਰਗੱਦੀ ਤੇ ਬੈਠਣ ਤਕ (ਨਵੰਬਰ ੧੬੭੫) ਕਿਹੜੀਆਂ ਬਾਣੀਆਂ ਦਾ ਨਿਤਨੇਮ ਪਾਠ ਕਰਦੇ ਸਨ?

# ਸਵਾਲ:- ਕੀ ਅਜ ਉਹਨਾਂ ਬਾਣੀਆਂ ਦਾ ਨਿਤਨੇਮ-ਪਾਠ ਕਰਣ ਵਾਲੇ ਸਿਖ ਗੁਰੂ ਤੋਂ ਬੇਮੁਖ ਕਹੇ ਜਾਣਗੇ?

(੨੨) # ਸਵਾਲ:- ਕੀ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਗੁਰੂ ਨਹੀ ਹਨ?

{ਨੋਟ: ਪੂਰਨ ਗੁਰੂ ਦੀ ਖ਼ਾਸ ਪਹਿਚਾਨ: ਆਪਿ ਮੁਕਤੁ ਮੋਕਉ ਪ੍ਰਭੁ ਮੇਲੇ ਐਸੋ ਕਹਾ ਲਹਾ।। (ਗੁਰੂ ਗ੍ਰੰਥ ਸਾਹਿਬ, ਅੰਗ ੧੦੦੩)

ਹਮਰਾ ਝਗਰਾ ਰਹਾ ਨ ਕੋਊ।। ਪੰਡਿਤ ਮੁਲਾਂ ਛਾਡੇ ਦੋਊ।। … ਪੰਡਿਤ ਮੁਲਾਂ ਜੋ ਲਿਖਿ ਦੀਆ।। ਛਾਡਿ ਚਲੇ ਹਮ ਕਛੂ ਨ ਲੀਆ।। (ਗੁਰੂ ਗ੍ਰੰਥ ਸਾਹਿਬ, ਅੰਗ ੧੧੫੯) ਅਸਲ ਗੁਰਸਿਖ ਓਹੀ ਹਨ ਜਿਨਾਂ ਨੇ ਪੰਡਿਤਾਂ ਦੇ ਲਿਖੇ ਗ੍ਰੰਥ ਵੇਦ-ਪੁਰਾਣ-ਸਿਮ੍ਰਿਤੀਆਂ ਅਤੇ ਉਹਨਾਂ ਤੇ ਆਧਾਰਿਤ ਗ੍ਰੰਥ ਬਚਿਤ੍ਰ ਨਾਟਕ ਗ੍ਰੰਥ/ਸਰਬਲੋਹ ਗ੍ਰੰਥ ਆਦਿਕ ਤਿਆਗ ਦਿੱਤੇ ਹਨ।}

(੨੩) # ਸਵਾਲ:- ਕੀ ਬਚਿਤ੍ਰ ਨਾਟਕ ਗ੍ਰੰਥ/ਸਰਬਲੋਹ ਗ੍ਰੰਥ ਆਦਿਕ ਗ੍ਰੰਥਾਂ ਬਿਨਾ ‘ਆਤਮਾ ਪਰਾਤਮਾ ਏਕੋ ਕਰੈ।। ` ਸੰਭਵ ਨਹੀ? ਫਿਰ ਦੱਸੋ, ਦਸਮ ਪਾਤਸ਼ਾਹ ਤਕ ਗੁਰੂਆਂ ਅਤੇ ਗੁਰਸਿਖਾਂ ਦਾ ਪ੍ਰਭੂ-ਮਿਲਾਪ ਕਿਵੇਂ ਹੋਇਆ ਹੋਵੇਗਾ?

### ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਹਰ ਰਚਨਾ ਦਾ ਪਿਛੋਕੜ ਮੁਖ ਰਖ ਕੇ ਵੀਚਾਰਿਆਂ ਪਤਾ ਚਲਦਾ ਹੈ ਕਿ ਬਚਿਤ੍ਰ ਨਾਟਕ ਗ੍ਰੰਥ/ਕਹੇ-ਜਾਂਦੇ ਦਸਮ ਗ੍ਰੰਥ ਦੀਆਂ ਰਚਨਾਵਾਂ ਸੱਚੀ ਬਾਣੀ ਨਹੀ ਹਨ। ਇਸ ਗ੍ਰੰਥ ਵਿੱਚ ਯਕੀਨ ਰਖਣ ਵਾਲੇ ਬ੍ਰਾਹਮਣੀ-ਗ੍ਰੰਥਾਂ ਨੂੰ ਮੰਨਣ ਵਾਲੇ ਹੀ ਹਨ। ਗੁਰੂ-ਬਾਣੀ ਸਮਝਾਉਂਦੀ ਹੈ:

ਨਾਨਕ ਮਿਲਿਆ ਸੋ ਜਾਣੀਐ ਗੁਰੂ ਨ ਛੋਡੈ ਆਪਣਾ ਦੂਜੈ ਨ ਧਰੇ ਪਿਆਰੁ।। (ਗੁਰੂ ਗ੍ਰੰਥ ਸਾਹਿਬ; ੧੦੮੭)

ਨਿਰੰਕਾਰੁ ਨਿਰਵੈਰੁ ਅਵਰੁ ਨਹੀ ਦੂਸਰ ਕੋਈ।। ਭੰਜਨ ਗੜ੍ਹਨ ਸਮਥੁ ਤਰਣ ਤਾਰਣ ਪ੍ਰਭੁ ਸੋਈ।। (੧੪੦੪)

### ਬਚਿਤ੍ਰ ਨਾਟਕ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਮੰਨ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੇਵੀ-ਪੂਜਕ ਆਖ ਕੇ ਬਦਨਾਮ ਕਰਣ ਵਾਲਿਆਂ ਨੂੰ ਚੈਲੇਂਜ:-

(੧) ਸਿਧ ਕਰੋ ਕਿ ਇਸ ਗ੍ਰੰਥ ਬਾਰੇ ਉਪਰੋਕਤ ਤੱਥ ਅਤੇ ਨਿਰਣੇ ਗਲਤ (ਗੁਰਮਤਿ ਵਿਰੁਧ) ਹਨ।

(੨) ਸਿਧ ਕਰੋ ਕਿ ਇਹ ਗ੍ਰੰਥ ਬ੍ਰਾਹਮਣੀ ਗ੍ਰੰਥਾਂ ਤੇ ਆਧਾਰਿਤ ਨਹੀਂ।

(੩) ਉਪਰੋਕਤ ਸਵਾਲਾਂ ਦੇ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰ ਤੇ ਦੇ ਕੇ ਸਿਧ ਕਰੋ ਕਿ ਇਹ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਪੂਰੀ ਤਰ੍ਹਾਂ ਮੇਲ ਖਾਂਦਾਂ ਹੈ।

(੪) ਸਿਧ ਕਰੋ ਕਿ ਇਸ ਗ੍ਰੰਥ ਦੇ ਬਿਨਾ ਬ੍ਰਹਮਗਿਆਨੀ/ਜੀਵਨ ਮੁਕਤ ਦੀ ਅਵਸਥਾ ਪ੍ਰਾਪਤ ਨਹੀ ਹੋ ਸਕਦੀ।

(੫) ਸਿਧ ਕਰੋ ਕਿ ਇਸ ਗ੍ਰੰਥ ਦੇ ਬਿਨਾ ਗੁਰਮਤਿ-ਗਿਆਨ ਅਧੂਰਾ ਹੈ।

(ਨੋਟ: ਜਥੇਦਾਰ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਨੂੰ ੧੭-੧੦-੨੦੦੭ ਅਤੇ ੨੮-੫-੨੦੦੮ ਵਿਸਤਾਰ ਨਾਲ ਬਚਿਤ੍ਰ ਨਾਟਕ ਗ੍ਰੰਥ ਦਾ ਖੁਲਾਸਾ ਕਰਕੇ ‘ਝਗਰਾ ਏਕੁ ਨਿਬੇਰਹੁ ਰਾਮ।। `ਚਿੱਠੀਆਂ ਭੇਜੀਆਂ ਸਨ, ਪਰ ਕੋਈ ਜਵਾਬ ਨਹੀਂ ਆਇਆ)

### ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲਿਖਤੀ ਰੂਪ ਵਿੱਚ ਹੇਠ ਲਿਖੇ ਪਤੇ ਤੇ ਭੇਜਣ ਦੀ ਕਿਰਪਾ ਕਰਣੀ ਜੀ:

Dalbir Singh, M.Sc., 31-D, Madan Park, East Punjabi bagh, New Delhi-110026.(India)




.