(i) ਗੁਰਬਾਣੀ `ਚ ਬੇਅੰਤ ਅਜਿਹੇ ਸ਼ਬਦ ਵੀ ਹਨ ਜਿੱਥੇ ਉਸੇ ‘ਗੁਰੂ’ ਅੰਦਰ,
ਜਿਸ ਗੁਰੂ ਰਸਤੇ ਸਿੱਖ ਦੇ ਜੀਵਨ ਦੀ ਸੰਭਾਲ ਹੋਣੀ ਹੈ, ਅਕਾਲਪੁਰਖ ਦੇ ਸਮਸਤ ਗੁਣਾਂ ਨੂੰ ਵੀ ਉਸ
ਗੁਰੂ ਦੇ ਗੁਣ ਵੀ ਬਿਆਨਿਆ ਹੈ। ਜਦਕਿ ਗੁਰਬਾਣੀ ਦੇ ਉਨ੍ਹਾਂ ਸ਼ਬਦਾਂ `ਚੋਂ ਹੀ ਇਥੇ ਅਸੀਂ ਕੇਵਲ
ਮਿਸਾਲ ਵਜੋਂ ਪੰਨਾਂ ੪੯-੫੦, ਰਾਗ, ਸਿਰੀਰਾਗੁ ਅਤੇ ‘ਮਹਲਾ ੫’ ਦਾ ਇੱਕ ਸ਼ਬਦ ਲੈ ਰਹੇ ਹਾਂ ਜੋ ਇਸ
ਪ੍ਰਕਾਰ ਹੈ:-
“ਮੇਰੇ ਮਨ ਗੁਰ ਜੇਵਡੁ ਅਵਰੁ ਨ ਕੋਇ॥ ਦੂਜਾ ਥਾਉ ਨ ਕੋ ਸੁਝੈ ਗੁਰ ਮੇਲੇ
ਸਚੁ ਸੋਇ॥ ੧॥ ਰਹਾਉ॥ ਸਗਲ ਪਦਾਰਥ ਤਿਸੁ ਮਿਲੇ, ਜਿਨਿ ਗੁਰੁ ਡਿਠਾ ਜਾਇ॥ ਗੁਰ ਚਰਣੀ ਜਿਨ ਮਨੁ ਲਗਾ,
ਸੇ ਵਡਭਾਗੀ ਮਾਇ॥ ਗੁਰੁ ਦਾਤਾ, ਸਮਰਥੁ ਗੁਰੁ, ਗੁਰੁ ਸਭ ਮਹਿ ਰਹਿਆ ਸਮਾਇ॥ ਗੁਰੁ ਪਰਮੇਸਰੁ
ਪਾਰਬ੍ਰਹਮੁ, ਗੁਰੁ ਡੁਬਦਾ ਲਏ ਤਰਾਇ॥ ੨॥ ਕਿਤੁ ਮੁਖਿ ਗੁਰੁ ਸਾਲਾਹੀਐ, ਕਰਣ ਕਾਰਣ ਸਮਰਥੁ॥ ਸੇ ਮਥੇ
ਨਿਹਚਲ ਰਹੇ, ਜਿਨ ਗੁਰਿ ਧਾਰਿਆ ਹਥੁ॥ ਗੁਰਿ ਅੰਮ੍ਰਿਤ ਨਾਮੁ ਪੀਆਲਿਆ, ਜਨਮ ਮਰਨ ਕਾ ਪਥੁ॥ ਗੁਰੁ
ਪਰਮੇਸਰੁ ਸੇਵਿਆ, ਭੈ ਭੰਜਨੁ ਦੁਖ ਲਥੁ॥ ੩॥ ੨੦॥ ੯੦॥”
ਇਸ ਤੋਂ ਬਾਅਦ, ਦੇਖਣਾ ਇਹ ਹੈ ਕਿ ਭੱਟਾਂ ਦੇ ਸਵਯਾਂ `ਚ ਤਿੰਨ ਪੰਕਤੀਆਂ
ਅਜਿਹੀਆਂ ਹਨ ਜਿੱਥੇ ਸਾਡੇ ਕੁੱਝ ਵਿਦਵਾਨ ਥਿੜਕ ਰਹੇ ਹਨ। ਬਲਕਿ ਕੁੱਝ ਸੱਜਨ ਤਾਂ ਇਸ ਹੱਦ ਤੱਕ ਚਲੇ
ਜਾਂਦੇ ਹਨ ਕਿ ਉਨ੍ਹਾਂ ਅਨੁਸਾਰ ਭਟਾਂ ਦੇ ਸਵਯੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅਥਵਾ
ਗੁਰਬਾਣੀ ਦਾ ਹਿੱਸਾ ਹੀ ਨਹੀਂ ਹਨ।
ਜਦਕਿ ਅਜਿਹਾ ਸੋਚਣਾ ਹੀ ਗ਼ਲ਼ਤ ਹੈ ਤੇ ਇਸ ਤਰ੍ਹਾਂ ਦਾ ਕੁੱਝ ਵੀ ਨਹੀਂ। ੴ
ਤੋਂ ਲੈ ਕੇ “ਤਨੁ ਮਨੁ ਥੀਵੈ ਹਰਿਆ” ਤੱਕ ਇੱਕ ਵੀ ਪੰਕਤੀ ਅਜਿਹੀ ਨਹੀਂ ਜਿਸ `ਤੇ ਕਿੰਤੂ ਕੀਤਾ ਜਾ
ਸਕੇ। ਇਸ ਤਰ੍ਹਾਂ ਉਹ ਤਿੰਨ ਵਿਸ਼ੇ ਅਧੀਨ ਸਬੰਧਤ ਪੰਕਤੀਆਂ ਹਨ, ਜਿਨ੍ਹਾਂ `ਤੇ ਬਹੁਤਾ ਕਰ ਕੇ ਅਜਿਹੇ
ਸ਼ੰਕੇ ਪ੍ਰਗਟ ਕੀਤੇ ਜਾ ਰਹੇ ਹਨ।
ਉਪ੍ਰੰਤ ਇਸ ਪੱਖੋਂ ਗੁਰਬਾਣੀ ਦਾ ਇਹ ਨਿਰਣਾ ਵੀ ਹੈ ਕਿ ਬੇਸ਼ੱਕ ਮਨੁੱਖਾ ਜੂਨ
ਵਾਲਾ ਅਵਸਰ ਤੇ ਬਰੀਆ ਹਰੇਕ ਮਨੁੱਖ ਲਈ ਹੁੰਦੀ ਹੈ, ਤਾ ਕਿ ਹਰੇਕ ਇਨਸਾਨ ਜੀਵਨ ਦੀ ਕਮਾਈ ਕਰੇ ਤੇ
ਮੁੜ ਜਨਮ-ਮਰਣ `ਚ ਨਾ ਆਵੇ। ਇਸ ਦੇ ਬਾਵਜੂਦ ਵਿਰਲੇ ਹੀ ਹੁੰਦੇ ਹਨ ਜੋ ਇਸ ਜਨਮ ਦਾ ਲਾਭ ਲੈ ਕੇ,
ਇਲਾਹੀ ਆਤਮਕ ਗਿਆਨ ਤੇ ਪ੍ਰਭੂ ਬਖ਼ਸ਼ਿਸ਼ ਦੇ ਪਾਤ੍ਰ ਬਣਦੇ ਹਨ। ਇਸ ਤਰ੍ਹਾਂ ਆਪਣੇ ਜਨਮ ਨੂੰ ਸਫ਼ਲ ਕਰ
ਲੈਂਦੇ ਹਨ। ਜਦਕਿ, ਦੂਜੇ ਪਾਸੇ, ਪੂਰਾਂ ਦੇ ਪੂਰ ਤਾਂ ਇਸ ਜਨਮ ਨੂੰ ਵੀ ਅਸਫ਼ਲ ਤੇ ਬਿਰਥਾ ਕਰਕੇ
ਜਾਂਦੇ ਹਨ। ਇਸੇ ਤੋਂ ਉਨ੍ਹਾਂ ਨੂੰ ਪ੍ਰਭੂ ਦੇ ਸੱਚੇ ਨਿਆਂ `ਚ ਮੁੜ ਜਨਮਾਂ-ਜੂਨਾਂ ਦੇ ਗੇੜ੍ਹ `ਚ
ਪਾ ਦਿੱਤਾ ਜਾਂਦਾ ਹੈ।
ਇਹ ਵੱਖਰੀ ਗੱਲ ਹੈ ਕਿ ਬਿਰਥਾ ਤੇ ਅਸਫ਼ਲ ਜੀਵਨ ਤੋਂ ਬਾਅਦ, ਜੀਵ ਨੂੰ ਪ੍ਰਭੂ
ਵੱਲੋਂ ਚਾਹੇ ਫ਼ਿਰ ਤੋਂ ਮਨੁੱਖਾ ਜੂਨ ਮਿਲੇ, ਜਾਂ ਕੋਈ ਹੋਰ। ਦਰਅਸਲ, ਮਨੁੱਖ ਨੂੰ ਪ੍ਰਭੂ ਦੇ ਸੱਚੇ
ਨਿਆਂ `ਚ ਹੀ ਮੌਤ ਤੋਂ ਬਾਅਦ, ਆਪਣੇ ਮਨੁਖਾ ਜਨਮ ਸਮੇਂ ਹਉਮੈ ਅਧੀਨ ਕੀਤੇ ਚੰਗੇ ਤੇ ਮਾੜੇ
ਕਰਮਾ-ਸੰਸਕਾਰਾਂ ਅਨੁਸਾਰ ਹੀ ਦੁਖ-ਸੁਖ ਤੇ ਜੂਨਾਂ ਭੋਗਣੀਆਂ ਪੈਂਦੀਆਂ ਹਨ। ਜੀਵ ਨੂੰ ਫ਼ਿਰ ਤੋਂ
ਜਨਮਾਂ-ਜਨਮਾਂਤਰਾਂ ਤੱਕ ਜਨਮ-ਮਰਣ ਦੇ ਗੇੜ੍ਹ `ਚ ਪੈਂਦਾ ਹੈ। ਉਦੋਂ ਤੱਕ ਫ਼ਸਣਾ ਪੈਂਦਾ ਹੈ, ਜਦੋਂ
ਤੱਕ ਪ੍ਰਭੂ ਦੀ ਨਦਰ-ਕਰਮ `ਚ ਜੀਵ ਨੂੰ ਫ਼ਿਰ ਤੋਂ ਆਪਣੀ ਸਫ਼ਲਤਾ ਲਈ ਮਨੁੱਖਾ ਜਨਮ ਵਾਲਾ ਦੁਰਲਭ ਅਵਸਰ
ਹੀ ਨਾ ਮਿਲੇ ਤੇ ਉਸ ਨੂੰ ਵੀ ਜੇ ਕਰ ਸਫ਼ਲ ਕਰ ਲਵੇ ਤਾਂ। ਇਸ ਲਈ ਵੀ ਗੁਰਦੇਵ ਸਪਸ਼ਟ ਕਰ ਰਹੇ ਹਨ ਅਤੇ
ਗੁਰਬਾਣੀ ਫ਼ੁਰਮਾਨ ਹੈ “ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ
ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ॥ ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ”
(ਪੰ: ੯੨੦)
ਸਪਸ਼ਟ ਹੈ ਕਿ ਗੁਰਬਾਣੀ ਅਨੁਸਾਰ ਆਦਿ-ਜੁਗਾਦੀ, ਇਲਾਹੀ, ਰੱਬੀ ਆਤਮਕ ਗਿਆਨ
ਨੂੰ ਹੀ ਗੁਰੂ ਕਿਹਾ ਹੈ। ਮਨੁੱਖਾ ਜੀਵਨ ਲਈ ਪ੍ਰਭੂ ਦੀ ਬਖ਼ਸ਼ਿਸ਼ ਨਾਲ ਭਰਪੂਰ ਅਜਿਹੀ ਆਤਮਕ ਤੇ
ਗੁਰਬਾਣੀ ਗੁਰੂ ਵਾਲੀ ਉੱਚਤਾ ਹੀ ਹੁੰਦੀ ਹੈ ਜੋ ਮਨੁਖ ਦੇ ਜੀਵਨ `ਚੋਂ ਹਉਮੈ, ਵਿਕਾਰਾਂ, ਅਉਗੁਣਾ,
ਮੋਹ-ਮਾਇਆ, ਆਸ਼ਾ-ਮਨਸ਼ਾ, ਤ੍ਰਿਸ਼ਨਾ, ਭਟਕਣਾ ਆਦਿ ਨੂੰ ਖਤਮ ਕਰਕੇ ਜੀਵਨ ਅੰਦਰ ਟਿਕਾਅ ਲੈ ਆਉਂਦੀ ਹੈ।
ਇਸ ਤਰ੍ਹਾਂ ਅਜਿਹਾ ਆਤਮਿਕ ਜੀਵਨ ਦਾ ਦਾਤਾ-ਗੁਰੂ ਹੀ ਕੇਵਲ ਜੀਵ ਨੂੰ ਉਸ ਦੇ ਅਸਲੇ ਪ੍ਰਭੂ ਨਾਲ
ਮਿਲਾਉਣ ਦੇ ਸਮ੍ਰਥ ਹੁੰਦਾ ਹੈ। ਮਨੁੱਖ ਦੇ ਜੀਵਨ ਨੂੰ ਸਫ਼ਲ ਕਰਦਾ ਹੈ ਤੇ ਪ੍ਰਭੂ ਮਿਲਾਵਾ ਹੁੰਦਾ
ਹੈ। ਇਸ ਤਰ੍ਹਾਂ ਇਲਾਹੀ ਆਤਮਕ ਗੁਰੂ ਗਿਆਨ `ਚ ਵਿਚਰ ਰਹੇ ਸਫ਼ਲ ਜੀਵਨ ਮਨੁੱਖ ਨੂੰ ਹੀ ਗੁਰਬਾਣੀ `ਚ
ਸਚਿਆਰਾ, ਵਡਭਾਗੀ, ਜੀਵਨ ਮੁੱਕਤ, ਸਫ਼ਲ ਜੀਵਨ, ਗੁਰਮੁਖ ਆਦਿ ਹੋਰ ਵੀ ਕਈ ਲਫ਼ਜ਼ਾਂ ਨਾਲ ਬਿਆਣਿਆ ਹੈ।
ਇਸੇ ਇਲਾਹੀ ਗਿਆਨ ਨੂੰ ਗੁਰਬਾਣੀ `ਚ ਕੇਵਲ ਗੁਰੂ ਹੀ ਨਹੀਂ ਬਲਕਿ, ਸ਼ਬਦ
ਗੁਰੂ, ਵਿਵੇਕ ਬੁਧ, ਸਤਿਗੁਰੂ ਆਦਿ ਸ਼ਬਦਾਲੀ ਨਾਲ ਵੀ ਪ੍ਰਗਟ ਕੀਤਾ ਹੈ। ਇਸ ਵਿਸ਼ੇਸ਼ ਗੁਰੂ ਪਦ ਵਾਲੇ
ਸੱਚ ਨੂੰ ਸਮਝਣ ਲਈ ਆਪਣੇ ਮਨਾਂ ਵਿਚੋਂ ਪੁਰਾਤਨ ਸਮੇਂ ਤੋਂ ਚਲਦੇ ਆ ਰਹੇ ਗੁਰੂ ਵਾਲੇ ਸਾਰੇ ਅਰਥ ਤੇ
ਪ੍ਰਭਾਵ ਮੂਲੋਂ ਹੀ ਕਢਣੇ ਜ਼ਰੂਰੀ ਹਨ, ਨਹੀਂ ਤਾਂ ਗੁਰਬਾਣੀ ਰਾਹੀ ਸਿੱਖ ਦੇ ਜੀਵਨ ਦੀ ਸਫ਼ਲ ਕਰਣ
ਵਾਲੇ ਗੁਰੂ ਵਿਸ਼ੇਸ਼ ਦੀ ਕਦੇ ਵੀ ਸਮਝ ਨਹੀਂ ਆ ਸਕੇਗੀ।
ਗੁਰਬਾਣੀ ਵਿਚਲੇ ਗੁਰੂ ਪਦ ਦੀ
ਇਲਾਹੀ ਸੀਮਾ- ਅਕਾਲਪੁਰਖ ਦੇ ਬੇਅੰਤ ਤੇ ਅਣਗਿਣਤ ਗੁਣ ਹਨ ਜੋ ਗਿਣੇ ਤੇ ਬਿਆਣੇ
ਨਹੀਂ ਜਾ ਸਕਦੇ। ਫ਼ਿਰ ਵੀ ਗੁਰਬਾਣੀ ਅਨੁਸਾਰ ਉਹ ‘ਗੁਰੂ’, ਜਿਸ ਗੁਰੂ ਦੀ ਆਗਿਆ `ਚ ਵਿਚਰ ਕੇ ਮਨੁੱਖ
ਨੇ ਆਪਣੇ ਜੀਵਨ ਨੂੰ ਸਫ਼ਲ ਕਰਣਾ ਹੈ; ਉੇਹ ‘ਗੁਰੂ’ ਗੁਣ ਅਕਾਲਪੁਰਖ ਦਾ ਆਪਣਾ, ਵਿਸ਼ੇਸ਼ ਤੇ ਨਿਵੇਕਲਾ
ਗੁਣ ਹੈ। ਦੂਜੇ ਲਫ਼ਜ਼ਾਂ `ਚ, ਗੁਰਬਾਣੀ ਅਨੁਸਾਰ ਸਿੱਖ ਲਈ ਪ੍ਰਗਟ, ਅਕਾਲਪੁਰਖ ਦੇ ਮਿਲਾਵੇ ਗੁਰੂ
ਵਾਲਾ ਪ੍ਰਭੂ ਦਾ ਗੁਣ, ਬਾਕੀ ਅਨੰਤ ਗੁਣਾਂ ਦੀ ਤਰ੍ਹਾਂ ਪ੍ਰਭੂ ਦਾ ਕੇਵਲ ਵਿਸ਼ੇਸ਼ਣ ਮਾਤ੍ਰ ਹੀ ਨਹੀਂ
ਬਲਕਿ ਅਕਾਲਪੁਰਖ ਆਪ ਹੀ ਹੈ। ਇਸੇ ਲਈ ਗੁਰਬਾਣੀ `ਚ ਅਨੇਕਾਂ ਥਾਵੇਂ ਅਕਾਲਪੁਰਖ ਤੇ ਗੁਰੂ ਨੂੰ ਇਕੋ
ਹੀ ਦੱਸਿਆ ਤੇ ਬਿਆਣਿਆ ਹੈ। ਬਲਕਿ ਗੁਰਬਾਣੀ `ਚ ਇਹ ਸ਼ਬਦ ਗੁਰੂ, ‘ਸਤਿਗੁਰੂ’, ਸ਼ਬਦ ਗੁਰੂ,
‘ਸਤਿਪੁਰਖੁ’, ‘ਗੁਰਦੇਵ’ ਆਦਿ ਅਕਾਲਪੁਰਖ ਤੇ ਉਸ ਗੁਰੂ ਲਈ ਸਮਅਰਥੀ ਵੀ ਆਏ ਹਨ।
ਹੋਰ ਤਾਂ ਹੋਰ, ਚੂੰਕਿ ਗੁਰਬਾਣੀ ਰਾਹੀਂ ਪ੍ਰਗਟ ‘ਗੁਰੂ’ ਕਰਤੇ ਦਾ ਹੀ ਆਪਣਾ
ਨਿਵੇਕਲਾ ਤੇ ਵਿਸ਼ੇਸ਼ ਗੁਣ ਹੈ, ਇਸ ਲਈ ਪ੍ਰਭੂ ਦਾ ਗੁਣ ਗੁਰੂ, ਪ੍ਰਭੂ ਦੇ ਆਪਣੇ ਹੀ ਦੂਸਰੇ ਬੇਅੰਤ
ਤੇ ਅਨੰਤ ਗੁਣਾਂ ਤੋਂ ਭਿੰਨ ਤੇ ਵੱਖਰਾ ਹੈ। ਪ੍ਰਭੂ ਦੇ ਬਾਕੀ ਅਨੰਤ ਗੁਣ ਤਾਂ “ਜਿਤੁ
ਜਿਤੁ ਘਰਿ ਰਾਖੈ ਤੈਸਾ ਤਿਨ ਨਾਉ” (ਪੰ:
੨੭੫) ਅਤੇ “ਕਿਰਤਮ ਨਾਮ ਕਥੇ ਤੇਰੇ ਜਿਹਬਾ”
(ਪੰ: ੧੦੮੩), ਅਨੁਸਾਰ ਉੇਸ ਲਈ ਘੜੇ ਹੋਏ ਤੇ ਵਿਸ਼ੇਸ਼ਨ ਹੀ ਹਨ। ਜਦਕਿ ਉਸ ਦਾ ‘ਗੁਰੂ’ ਵਾਲਾ ਗੁਣ,
ਸਰਬ ਪੱਖੀ ਹੈ। ਉਸ ਪ੍ਰਭੂ ਦੇ ਸਾਰੇ ਗੁਣਾਂ ਨੂੰ ਉਜਾਗਰ ਕਰਣ ਵਾਲਾ ਵੀ ਹੈ।
ਇਸ ਤੋਂ ਇਲਾਵਾ ਅਕਾਲਪੁਰਖ ਦਾ ਇਹ ਗੁਣ ਜਿੱਥੇ ਉਸ ਦਾ ਆਪਣਾ ਗੁਣ ਹੈ ਉਥੇ
ਪ੍ਰਭੂ ਦਾ ਇਹੀ ਗੁਣ ਮਨੁੱਖ ਨੂੰ ਪ੍ਰਭੂ ਨਾਲ ਮਿਲਾਉਣ ਤੇ ਉਸ `ਚ ਅਭੇਦ ਕਰਣ ਵਾਲਾ ਵੀ ਹੈ। ਇਸ ਲਈ
ਪ੍ਰਭੂ ਦਾ ਇਹ ਵਿਸ਼ੇਸ਼ ਗੁਣ, ਜਿਸ ਨੂੰ ਗੁਰਦੇਵ ਨੇ ਗੁਰੂ ਕਹਿ ਕੇ ਪ੍ਰਗਟ ਕੀਤਾ ਤੇ ਸਿੱਖ ਲਈ
ਅਕਾਲਪੁਰਖ ਦਾ ਮਿਲਾਵਾ ਦਸਿਆ ਹੈ, ਉਸ ਗੁਰੂ ਪਦ ਦੀ ਇਲਾਹੀ ਸੀਮਾ, ਖੁਦ ਅਕਾਲਪੁਰਖ ਤੇ ਮਨੁੱਖ ਨੂੰ
ਕਰਤੇ `ਚ ਹੀ ਅਭੇਦ ਕਰਣ ਵਾਲੀ, ਸਮ੍ਰਥ ਵੀ ਹੈ।
ਇਸ ਲਈ ਸੈਂਕੜੇ ਵਾਰੀ ਗੁਰਬਾਣੀ `ਚ ਗੁਰਦੇਵ ਰਾਹੀਂ ਅਕਾਲਪੁਖ ਨੂੰ ਵੀ
‘ਗੁਰੂ’, ‘ਸਤਿਗੁਰੂ’, ਸ਼ਬਦ ਗੁਰੂ, ‘ਸਤਿਪੁਰਖੁ’, ‘ਗੁਰਦੇਵ’ ਆਦਿ ਵਿਸ਼ੇਸ਼ਣਾ ਨਾਲ ਬਿਆਣਿਆ ਤੇ
ਸੰਬੋਧਣ ਕੀਤਾ ਗਿਆ ਹੈ। ਇਸੇ ਤਰ੍ਹਾਂ ਗੁਰਬਾਣੀ `ਚ ਹੀ ਇਹ ਸਾਰੀ ਸ਼ਬਦਾਵਲੀ ਭਾਵ ‘ਗੁਰੂ’,
ਸ਼ਬਦ-ਗੁਰੂ, ‘ਸਤਿਗੁਰੂ’, ‘ਗੁਰਦੇਵ’ ਆਦਿ ਉਸ ਗੁਰੂ ਲਈ ਵੀ ਆਈ ਹੈ, ਜਿਸ ਗੁਰੂ ਨਾਲ ਜੁੜਣ ਤੇ ਜੀਵਨ
ਨੂੰ ਸਫ਼ਲ ਕਰਣ ਲਈ, ਸੰਪੂਰਣ ਗੁਰਬਾਣੀ `ਚ ਸਿੱਖ ਨੂੰ ਤਾਕੀਦ ਕੀਤੀ ਗਈ ਹੈ।
ਸਪਸ਼ਟ ਹੋਇਆ ਕਿ ਗੁਰਬਾਣੀ ਅੰਦਰ ‘ਗੁਰੂ’, ‘ਸਤਿਗੁਰੂ’, ਸ਼ਬਦ-ਗੁਰੂ,
‘ਗੁਰਦੇਵ’ ਆਦਿ ਸਾਰੀ ਸ਼ਬਦਾਵਲੀ, ਗੁਰਬਾਣੀ ਰਾਹੀਂ ਸਿੱਖ ਦੇ ਜੀਵਨ ਦੀ ਸਫ਼ਲਤਾ ਲਈ ਪ੍ਰਗਟ ਕੀਤੇ ਗਏ
‘ਗੁਰੂ’ ਪਦ ਲਈ ਵੀ ਹੈ। ਇਸ ਦੇ ਨਾਲ ਇਹ ਸਾਰੀ ਸ਼ਬਦਾਵਲੀ ਅਕਾਲਪੁਰਖ ਲਈ ਵੀ ਹੈ, ਜਿਸ ਦੀ ਪਹਿਚਾਣ
ਕੇਵਲ ਪ੍ਰਕਰਣ ਅਨੁਸਾਰ ਹੀ ਹੋਣੀ ਹੈ।
ਇਸ ਲਈ ਗੁਰਬਾਣੀ ਵਾਲੇ ਗੁਰੂ ਪਦ
ਦੇ ਦੋ ਪੱਖ ਵਿਸ਼ੇਸ਼ ਹਨ- ਇਥੇ ਵੱਡਾ ਫ਼ਰਕ ਇਹ ਹੈ ਕਿ
ਜਦੋਂ ਸਿੱਖ ਦੇ ਜੀਵਨ ਦੀ ਸਫ਼ਲਤਾ ਦਾ ਵਿਸ਼ਾ ਹੈ ਤਾਂ ਉਥੇ ਗੁਰੂ ਪਦ ਦਾ ਅਰਥ ਵੀ, ਉਸ ਦੇ ਲਈ, ਉਸੇ
ਸੀਮਾ ਤੱਕ ਸੀਮਿਤ ਤੇ ਪ੍ਰਭੂ ਮਿਲਾਵਾ ਹੀ ਹੈ ਉਸ ਤੋਂ ਵੱਧ ਨਹੀਂ। ਇਸ ਤਰ੍ਹਾਂ ਉਸ ਵੱਕਤ ਉਸ ਦਾ
ਅਰਥ ਕੇਵਲ ਆਤਮਕ ਗਿਆਨ ਜਾਂ ਵਿਵੇਕ ਬੁਧ ਆਦਿ ਹੀ ਹੈ, ਜਿਸ ਤੋ ਮਨੁੱਖਾ ਜਨਮ ਦੀ ਸੰਭਾਲ ਹੋਣੀ ਹੈ।
ਇਸ ਦੇ ਨਾਲ ਜਦੋਂ ਗੁਰਬਾਣੀ `ਚ ਗੁਰੂ ਪਦ, ਗੁਰੂ ਦੀ ਉਪਮਾ ਤੇ ਸਮ੍ਰਥਾ ਨਾਲ ਸਬੰਧਤ ਹੈ ਤਾਂ ਉਥੇ
ਉਸ ਦੀ ਅਰਥ-ਵਿਆਖਿਆ ਅਕਾਲਪੁਰਖ ਤੇ ਉਸ ਦੇ ਸਰਬਗੁਣਾਂ ਵਾਲੀ ਵੀ ਹੋਈ ਹੈ, ਠੀਕ ਉਸੇ ਤਰ੍ਹਾਂ ਜਿਵੇਂ
ਅਕਾਲਪੁਰਖ ਦੀ ਹੁੰਦੀ ਹੈ, ਉਥੇ ਉਸ ਤੋਂ ਵੱਖ ਨਹੀਂ। ਇਸੇ ਕਰਕੇ ਗੁਰਬਾਣੀ `ਚ ਗੁਰੂ ਪਦ ਗੁਰੂ ਤੇ
ਸਿੱਖ ਦੇ ਰਿਸ਼ਤੇ `ਚ ਪ੍ਰਭੂ ਮਿਲਾਵੇ ਦੇ ਤੌਰ `ਤੇ ਵੀ ਆਇਆ ਹੈ ਤੇ ਅਕਾਲਪੁਰਖ ਲਈ ਵੀ।
ਭਾਵ ਜਦੋਂ ਗੁਰਬਾਣੀ `ਚ ਗੁਰੂ ਪਦ ਦੇ ਆਪਣੇ ਤੌਰ `ਤੇ ਗੁਣ ਬਿਆਣੇ ਗਏ ਹਨ
ਤਾਂ ਉਸ ਵੱਕਤ ਗੁਰੂ ਦੇ ਗੁਣ ਵੀ ਉਹੀ ਬਿਆਣੇ ਹਨ ਜੋ ਅਕਾਲਪੁਖ ਦੇ ਭਾਵ ਅਨੰਤ ਤੇ ਬੇਅੰਤ ਗੁਣ ਅਤੇ
ਇਸ ਪ੍ਰਥਾਏ ਵੀ ਗੁਰਬਾਣੀ `ਚ ਕੁੱਝ ਨਹੀਂ ਬਹੁਤ ਸ਼ਬਦ ਹਨ।
ਇਸ ਲਈ ਜਦੋਂ ਗੁਰਬਾਣੀ ਰਾਹੀਂ ਪ੍ਰਗਟ ਗੁਰੂ ਦਾ ਸਬੰਧ ਮਨੁੱਖਾ ਜੀਵਨ ਨਾਲ
ਬਿਆਣਿਆ ਹੈ ਤਾਂ ਉਸ ਸਮੇਂ ਉਥੇ ‘ਗੁਰੂ ਪਦ’ ਪ੍ਰਭੂ ਦੇ ਸਰਬ ਗੁਣਾ ਲਈ ਨਹੀਂ ਆਇਆ, ਬਲਕਿ ਮਨੁੱਖ ਦੇ
ਜੀਵਨ ਨੂੰ ਹਉਮੈ-ਵਿਕਾਰ ਰਹਿਤ ਕਰਕੇ, ਪ੍ਰਭੂ `ਚ ਅਭੇਦ ਕਰਣ ਲਈ, ਅਕਾਪੁਰਖ ਦੇ ਮਿਲਾਵੇ ਭਾਵ
ਨਿਵੇਕਲੇ ਤੇ ਵਿਸ਼ੇਸ਼ ਗੁਣ ਦੇ ਤੌਰ `ਤੇ ਹੀ ਆਇਆ ਹੈ।
ਕਿਉਂਕਿ ਉਸ ਸਮੇਂ ਮਨੁੱਖ ਨੂੰ ਪ੍ਰਭੂ ਦੇ ਬੇਅੰਤ ਗੁਣਾਂ `ਚੋਂ ਮਨੁੱਖਾ ਜਨਮ
ਦੀ ਸਫ਼ਲਤਾ ਲਈ, ਪ੍ਰਭੂ ਦੇ ਇਕੋ ਇੱਕ ਵਿਸ਼ੇਸ਼ ਤੇ ਨਿਵੇਕਲੇ ਗੁਣ ਭਾਵ ਗੁਰੂ ਗਿਆਨ, ਸ਼ਬਦ ਗੁਰੂ,
ਸਤਿਗੁਰੂ ਦੀ ਹੀ ਲੋੜ ਹੁੰਦੀ ਹੈ। ਉਸ ਸਮੇਂ ਪ੍ਰਭੂ ਦਾ ਇਹੀ ਇਕੋ ਇੱਕ ਤੇ ਵਿਸ਼ੇਸ਼ ਗੁਣ ਹੀ ਹੁੰਦਾ
ਹੈ, ਜਿਸ ਦੀ ਲੋੜ ਮਨੁੱਖ ਦੇ ਜੀਵਨ ਨੂੰ ਹਉਮੈ ਤੇ ਵਿਕਾਰ ਰਹਿਤ ਬਨਾਉਣ ਲਈ ਹੁੰਦੀ ਹੈ। ਮਨੁੱਖ ਦੇ
ਜੀਵਨ ਨੂੰ ਪ੍ਰਭੂ ਦੀ ਬਖ਼ਸ਼ਿਸ਼ ਦਾ ਪਾਤ੍ਰ ਬਣਾ ਕੇ, ਪ੍ਰਭੂ `ਚ ਅਭੇਦ ਕਰਣ ਦੀ ਹੁੰਦੀ ਹੈ।
ਦਰਅਸਲ, ਅਜਿਹਾ ਇਲਾਹੀ ਤੇ ਅਤਮਿਕ ਗਿਆਨ ਭਰਪੂਰ ਜੀਵਨ, ਕੇਵਲ ਮਨੁੱਖਾ ਜੂਨ
ਸਮੇਂ ਹੀ ਸੰਭਵ ਹੈ, ਦੂਜੀ ਕਿਸੇ ਵੀ ਜੂਨ `ਚ ਨਹੀਂ। ਉਪ੍ਰੰਤ ਇਥੇ ਅਸਫ਼ਲ ਮਨੁੱਖਾ ਜਨਮ ਬਾਅਦ ਜੀਵ
ਨੂੰ, ਫ਼ਿਰ ਤੋਂ ਬਾਰ ਬਾਰ ਦੇ ਜਨਮਾਂ-ਜੂਨਾਂ ਦੇ ਗੇੜ੍ਹ `ਚ ਹੀ ਪੈਣਾ ਪੈਂਦਾ ਹੈ। ਇਸ ਲਈ ਪ੍ਰਭੂ
ਦੀਆਂ ਬੇਅੰਤ ਸਿਫ਼ਤਾਂ ਤੇ ਗੁਣ, ਜਿਨ੍ਹਾਂ ਦਾ ਨਾ ਅੰਤ ਹੈ ਨਾ ਪਾਰਾਵਾਰ; ਉਨ੍ਹਾਂ ਬੇਅੰਤ ਸਿਫ਼ਤਾਂ
`ਚੋਂ ਹੀ ਪ੍ਰਭੂ ਦਾ ਹੀ ਵਿਸ਼ੇਸ਼ ਤੇ ਇਕੋ ਇੱਕ ਤੇ ਗੁਣ ਹੈ ਜਿਸ ਨੂੰ ‘ਗੁਰੂ’ ਕਿਹਾ ਹੈ ਅਤੇ ਜਿਸ
ਨੂੰ, ਗੁਰਬਾਣੀ `ਚ ਉਸ ਸਮੇ ਕੇਵਲ ਉਤਨੇ ਹੀ ਸੰਦਰਭ `ਚ ਲਿਆ ਹੈ, ਵੱਧ ਨਹੀਂ। ਉਤਨੇ ਹੀ ਸੰਦਰਭ `ਚ
ਜਿਤਨੀ ਕਿ ਮਨੁੱਖਾ ਜਨਮ ਦੀ ਸਫ਼ਲਤਾ ਲਈ ਇਸ ਦੀ ਲੋੜ ਹੈ। ਇਸ ਤਰ੍ਹਾਂ