ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਅਖੰਡ ਪਾਠ ਦੀ ਭੇਟਾ ਕਿ ਲੁੱਟ
ਮਨੁੱਖ ਨੂੰ ਆਪਣੇ ਜੀਵਨ ਵਿੱਚ
ਵਿਚਰਦਿਆਂ ਕਈ ਪਰਕਾਰ ਦੇ ਤਜੁਰਬੇ ਹੁੰਦੇ ਰਹਿੰਦੇ ਹਨ। ਸਮਾਜਕ ਭਾਈ ਚਾਰੇ ਵਿੱਚ ਰਹਿੰਦਿਆਂ ਬਹੁਤ
ਕੁੱਝ ਦੇਖਣ ਸੁਣਨ ਨੂੰ ਮਿਲਦਾ ਰਹਿੰਦਾ ਹੈ। ਘਟਨਾਵਾਂ ਤੇ ਆਮ ਸਮਾਜ ਵਿੱਚ ਵਾਪਰ ਦੀਆਂ ਰਹਿੰਦੀਆਂ
ਹਨ। ਕੁੱਝ ਘਟਨਾਵਾਂ ਨੂੰ ਆਪਾਂ ਹਊ ਪਰੇ ਕਹਿ ਛੱਡ ਦੇਂਦੇ ਹਾਂ ਤੇ ਕੁੱਝ ਘਟਨਾਵਾਂ ਨੂੰ ਲੰਬਾ ਸਮਾਂ
ਯਾਦ ਰਹਿੰਦੀਆਂ ਹਨ। ਵਾਪਰ ਰਹੀਆਂ ਜਾਂ ਵਾਪਰ ਚੁੱਕੀਆਂ ਘਟਨਾਵਾਂ ਤੋਂ ਸਬਕ ਜ਼ਰੂਰ ਸਿੱਖਿਆ ਜਾ ਸਕਦਾ
ਹੈ।
ਪ੍ਰਾਇਮਰੀ ਸਕੂਲ ਤੋਂ ਲੇ ਕੇ ਕਾਲਜ ਦੀ ਦੁਨੀਆਂ ਤੀਕ ਬਹੁਤ ਸਾਰੇ ਮਿੱਤਰ ਬਣਦੇ ਤੇ ਟੁੱਟਦੇ ਰਹਿੰਦੇ
ਹਨ। ਕਈ ਦਫ਼ਾ ਦਿਲਾਂ ਦੀ ਸਾਫ਼ਗੋਈ ਦੀ ਹੀ ਸਾਂਝ ਏਨੀ ਪੀਡੀ ਹੁੰਦੀ ਹੈ ਕਿ ਬਚਪਨ ਦੀ ਦੋਸਤੀ ਸਾਰੀ
ਜ਼ਿੰਦਗੀ ਤੀਕ ਨਿਭ ਜਾਂਦੀ ਹੈ। ਅਜੇਹੀਆਂ ਦੋਸਤੀਆਂ ਵਿੱਚ ਅਪਣਤ ਏਨੀ ਜ਼ਿਆਦਾ ਹੁੰਦੀ ਹੈ ਕਿ ਪਰਵਾਰਕ
ਓਲਾ ਵੀ ਕੋਈ ਨਹੀਂ ਰਹਿੰਦਾ। ਇੱਕ ਦੂਜੇ ਪ੍ਰਤੀ ਉਲਾਂਭੇ ਦੀ ਭਾਵਨਾ ਹੀ ਮੁੱਕ ਜਾਂਦੀ ਹੈ। ਇੱਕ
ਦੂਜੇ ਦੀਆਂ ਜ਼ਰੂਰਤਾਂ ਆਪਣੀਆਂ ਹੀ ਹੁੰਦੀਆਂ ਹਨ। ਬਿਨਾ ਕਹਿਣ ਦੇ ਇੱਕ ਦੂਜੇ ਦੀ ਸਹਾਇਤਾ ਕੀਤੀ
ਜਾਂਦੀ ਹੈ।
ਮੇਰੇ ਇੱਕ ਬਚਪਨ ਦੇ ਦੋਸਤ ਅੱਜ ਕਲ੍ਹ ਸਿਹਤ ਵਿਭਾਗ ਵਿੱਚ ਚੰਗੀ ਪੋਸਟ `ਤੇ ਲੱਗੇ ਹੋਏ ਹਨ। ਮੇਰੇ
ਓਦ੍ਹੇ ਵਿੱਚ ਕੋਈ ਦੂਰੀ ਨਹੀਂ ਹੈ। ਭਾਵੇਂ ਕਈ ਥਾਂਈ ਮੇਰੇ ਓਦ੍ਹੇ ਵਿਚਾਰਾਂ ਵਿੱਚ ਅੰਤਰ ਜ਼ਰੂਰ ਹੈ
ਪਰ ਕਦੇ ਵੀ ਇਹ ਮਹਿਸੂਸ ਨਹੀਂ ਹੋਇਆ ਕਿ ਅਸੀਂ ਦੋ ਹਾਂ। ਦੋਸਤ ਦੀ ਘਰ ਵਾਲੀ ਵੀ ਸਰਕਾਰੀ ਅਧਿਕਾਰੀ
ਹੈ। ਪਰ ਉਹਦੀ ਸੋਚ ਬਿਲਕੁਲ ਵਖਰੀ ਹੈ। ਜਦੋਂ ਵੀ ਇਕੱਠੇ ਹੋਈਦਾ ਹੈ ਤਾਂ ਉਹਨਾਂ ਦੇ ਬੱਚੇ ਆਪਣੀ
ਮਾਂ ਦੀਆਂ ਗੱਲਾਂ ਜਾਂ ਉਹਦੀਆਂ ਸਾਂਗਾਂ ਲਾਕੇ ਖੂਬ ਖੁਸ਼ ਹੁੰਦੇ ਹਨ ਪਰ ਉਹਨਾਂ ਨੇ ਕਦੇ ਵੀ ਗੱਸਾ
ਗਿਲ੍ਹਾ ਨਹੀਂ ਕੀਤਾ। ਇੱਕ ਦਿਨ ਦੋਸਤ ਕਹਿਣ ਲੱਗਾ ਕਿ ਘਰਵਾਲੀ ਨੇ ਫਲਾਣੇ ਡੇਰੇ `ਤੇ ਅਖੰਡਪਾਠ
ਸੁੱਖਿਆ ਹੋਇਆ ਹੈ ਤੇ ਯਾਰ ਪੂਰਾ ਇੱਕ ਸਾਲ ਹੋ ਗਿਆ ਈ ਮਗਰ ਪਈ ਨੂੰ ਮੈਂ ਬਥੇਰਾ ਟਾਲਣ ਦੀ ਕੋਸ਼ਿਸ਼
ਕੀਤੀ ਹੈ ਪਰ ਉਹ ਮੰਨਦੀ ਹੀ ਨਹੀਂ ਹੈ। ਮੇਰੇ ਨਾਲ ਵੀ ਦੋ ਕੁ ਵਾਰੀ ਵਿਚਾਰ ਹੋਇਆ ਸੀ ਪਰ ਸਮਝਾਉਣ
ਦਾ ਕੋਈ ਬਹੁਤਾ ਅਸਰ ਨਹੀਂ ਹੋਇਆ। ਮੇਰੇ ਦੋਸਤ ਤੇ ਉਹਨਾਂ ਦੇ ਬੱਚੇ ਘਰਵਾਲੀ ਦੀ ਭਾਵਨਾ ਅੱਗੇ
ਬਹੁਤਾ ਸਮਾਂ ਟਿਕ ਨਾ ਸਕੇ ਤੇ ਡੇਰੇ `ਤੇ ਅਖੰਡਪਾਠ ਕਰਾਉਣਾ ਤਹਿ ਕਰ ਹੀ ਲਿਆ। ਜਨੀ ਕੇ ਅੱਕ ਚੱਬਣਾ
ਹੀ ਪਿਆ।
ਮੈਂ ਇੱਕ ਵਾਰ ਫਿਰ ਕਿਹਾ ਕਿ ਭੈਣ ਜੀ ਤੁਸੀਂ ਪੜ੍ਹੇ ਲਿਖੇ ਹੋ ਸਰਕਾਰੀ ਅਧਿਕਾਰੀ ਵੀ ਹੋ ਪਰ ਫਿਰ
ਵੀ ਬੜੇ ਵੱਡੇ ਵਹਿਮ ਦੇ ਸ਼ਿਕਾਰ ਹੋ ਕੇ ਡੇਰੇ ਤੇ ਹੀ ਕਿਉਂ ਅਖੰਡਪਾਠ ਕਰਾ ਰਹੇ ਹੋ? ਤੁਸੀਂ ਚੰਗਾ
ਕਰੋ ਆਪਣੇ ਘਰ ਕਰਾ ਲਓ ਜਾਂ ਤੁਸੀ ਸਹਿਜ ਪਾਠ ਆਪ ਕਰੋ। ਉਂਜ ਮੇਰੇ ਦੋਸਤ ਨੇ ਘਰ ਵਿੱਚ ਗੁਰੂ ਗ੍ਰੰਥ
ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਸਹਿਜ ਪਾਠ ਕਰਦੇ ਹੀ ਰਹਿੰਦੇ ਹਨ। ਭੈਣ ਜੀ ਕਹਿਣ ਲੱਗੇ ਕਿ
ਵੀਰ ਜੀ ਮੈਂ ਇਹਨਾਂ ਕੋਲੋਂ ਇਸ ਕੰਮ ਲਈ ਇੱਕ ਪੈਸਾ ਵੀ ਨਹੀਂ ਲੈਣਾ, ਇਹ ਸਾਰੇ ਪੈਸੇ ਮੈਂ ਆਪਣੀ
ਤਨਖਾਹ ਵਿਚੋਂ ਹੀ ਦੇਣੇ ਹਨ। ਦੇਖੋ ਨਾ ਮੇਰੀਆਂ ਸਾਰੀਆਂ ਸਾਥਣਾਂ ਨੇ ਅਖੰਡਪਾਠ ਕਰਾ ਕੇ ਬਾਬਾ ਜੀ
ਪਾਸੋਂ ਅਸ਼ੀਰਵਾਦ ਲੈ ਲਿਆ ਹੈ ਕੇਵਲ ਮੈਂ ਆਭਾਗਣ ਬਾਕੀ ਰਹਿ ਗਈ ਹਾਂ। ਮੈਨੂੰ ਸਾਰਾ ਸਟਾਫ਼ ਮਖੌਲ ਪਿਆ
ਕਰਦਾ ਜੇ। ਸਾਡੀ ਇੱਕ ਕੁਲੀਕ ਨੇ ਜਦੋਂ ਦਾ ਅਖੰਡ ਪਾਠ ਕਰਾਇਆ ਹੈ ਓਦ੍ਹੇ ਘਰ ਬਹੁਤ ਸ਼ਾਤੀ ਰਹਿੰਦੀ
ਹੈ। ੳਹਦਾ ਵੱਡਾ ਮੁੰਡਾ ਵੀ ਹੁਣ ਪੜ੍ਹਨ ਲੱਗ ਗਿਆ ਜੇ। ਭੈਣ ਜੀ ਦੀਆਂ ਦਲੀਲਾਂ ਸੁਣ ਕੇ ਕਚਿਆਣ
ਜੇਹੀ ਆਉਣ ਲੱਗ ਪਈ। ਮਨ ਵਿੱਚ ਕਿਹਾ ਸਦਕੇ ਜਾਈਏ ਅਜੇਹੀ ਵਿਦਿਆ ਦੇ।
ਭੈਣ ਜੀ ਕਹਿਣ ਲੱਗੇ ਵੀਰ ਜੀ ਇਹ ਤੇ ਮੈਂ ਕਰਾਉਣਾ ਹੀ ਕਰਾਉਣਾ ਹੈ ਸਗੋਂ ਇਹਨਾਂ ਨੂੰ ਸਮਝਾਉ ਕਿ
ਗੁਰੂ ਮਹਾਂਰਾਜ ਜੀ ਸੇਵਾ ਕਰਨ ਲੱਗਿਆਂ ਕੋਈ ਵੀ ਅੜਿਕਾ ਨਹੀਂ ਡਾਈਦਾ, ਨਹੀਂ ਤਾਂ ਮਹਾਂਰਾਜ ਜੀ ਦੀ
ਕਰੋਪੀ ਦਾ ਸ਼ਿਕਾਰ ਹੋ ਜਾਈਦਾ ਹੈ। ਮੈਂ ਸੋਚਿਆ ਕਿ ਇਹ ਜ਼ਰੂਰੀ ਨਹੀਂ ਕਿ ਬਹੁਤਾ ਪੜ੍ਹਿਆ ਲਿਖਿਆ
ਵਹਿਮੀ ਨਾ ਹੋਵੇ। ਅਜੇਹੀਆਂ ਗੱਲਾਂ ਕਰਕੇ ਹੀ ਬੱਚੇ ਜਦੋਂ ਵੀ ਮੌਕਾ ਮਿਲਦਾ ਹੈ ਆਪਣੀ ਮਾਂ `ਤੇ
ਵਿਆਂਗ ਕੱਸਣੋਂ ਨਹੀਂ ਹੱਟਦੇ। ਖਾਸ ਤੌਰ `ਤੇ ਜਦੋਂ ਮੈਂ ਬੈਠਾ ਹੋਵਾਂ ਤਾਂ ਬੱਚੇ ਪੂਰੀ ਖੁਲ੍ਹ ਲੈ
ਲੈਂਦੇ ਹਨ ਕਿ ਹੁਣ ਤਾਂ ਮਾਂ ਸਾਨੂੰ ਕੁੱਝ ਵੀ ਨਹੀਂ ਕਹਿ ਸਕਦੀ ਕਿਉਂ ਕਿ ਤਾਇਆ ਜੀ ਨੇ ਸਾਡਾ ਹੀ
ਪੱਖ ਪੂਰਨਾ ਹੈ। ਉਂਜ ਨੋਕ ਝੋਕ ਜਿੰਨੀ ਮਰਜ਼ੀ ਹੋ ਜਾਵੇ ਗੁੱਸੇ ਵਾਲੀ ਕਹਾਣੀ ਕੋਈ ਨਹੀਂ ਹੁੰਦੀ।
ਖ਼ੈਰ ਘਰੇਲੂ ਯੁੱਧ ਤੋਂ ਬਚਦਿਆਂ ਮੇਰੇ ਦੋਸਤ ਤੇ ਉਹਨਾਂ ਦਿਆਂ ਬੱਚਿਆਂ ਨੇ ਨਾ ਚਾਹੁੰਦਿਆਂ ਹੋਇਆਂ
ਵੀ ਡੇਰੇ ਵਾਲੇ ਬਾਬੇ ਤੋਂ ਤਰੀਕ ਲੈ ਲਈ। ਕਈ ਪਰਕਾਰ ਦੀਆਂ ਹਦਾਇਤਾਂ ਵੀ ਸਮਝ ਲਈਆਂ। ਸਾਰਾ ਪਰਵਾਰ
ਡੇਰੇ ਜਾ ਕੇ ਅਖੰਡ ਪਾਠ ਅਰੰਭ ਕਰਵਾ ਆਇਆ। ਲਿਖੀ ਹੋਈ ਸਮੱਗਰੀ ਦੀ ਸਾਡੇ ਪੰਜ ਹਜ਼ਾਰ ਵਾਲੀ ਬੋਰੀ ਤੇ
ਸਤ ਕੁ ਹਜ਼ਾਰ ਦੇ ਲੰਗਰ ਦਾ ਸਮਾਨ ਦੋਸਤ ਦਾ ਵੱਡਾ ਕਾਕਾ ਆਪਣੀ ਗੱਡੀ ਵਿੱਚ ਰੱਖ ਕੇ ਬਾਬਾ ਜੀ ਨੂੰ
ਪੁਜਦਾ ਕਰ ਆਇਆ। ਇਕਵੰਜਾ ਸੌ ਰੁਪਿਆ ਭੇਟਾ ਤੇ ਏਨੇ ਕੁ ਪੈਸਿਆਂ ਦੇ ਰੁਮਾਲੇ ਦਾ ਵੀ ਪੂਰਾ ਪੂਰਾ
ਪ੍ਰਬੰਧ ਕੀਤਾ ਹੋਇਆ ਸੀ।
ਦੋ ਛੁਟੀਆਂ ਦਾ ਪੂਰਾ ਪ੍ਰਬੰਧ ਕਰਕੇ ਜਨੀ ਕੇ ਧਰਮ ਦਾ ਕਰਮ ਕਰਨ ਲੱਗਿਆਂ ਸ਼ੁੱਕਰਵਾਰ ਨੂੰ ਸਿਰਫ ਆਫਸ
ਵਿੱਚ ਮੂੰਹ ਦਿਖਾ ਕੇ ਸਾਰੇ ਦਿਨ ਦੀ ਛੁੱਟੀ, ਸ਼ਨੀਚਰਵਾਰ ਨੂੰ ਊਈਂ ਜ਼ਬਾਨੀ ਕਲਾਮੀ ਵੱਡੇ ਸਾਹਿਬ ਦੇ
ਕੰਨਾਂ ਵਿੱਚ ਦੀ ਕੱਢ ਦਿਤਾ ਕਿ ਅਸਾਂ ਅਖੰਡਪਾਠ ਖੁਲਾਇਆ ਹੋਇਆ ਹੈ। ਕਈ ਇਲਾਕਿਆਂ ਵਿੱਚ ਅਖੰਡਪਾਠ
ਦੀ ਅਰੰਭਤਾ ਨੂੰ ਖੁਲਾਇਆ ਹੋਇਆ ਕਹਿੰਦੇ ਹਨ। ਮੈਂ ਦੇਖਿਆ ਕਿ ਭੈਣ ਜੀ ਨੂੰ ਦਫ਼ਤਰ ਤੋਂ ਫਰਲੋ ਮਾਰ
ਕੇ ਅਜੀਬ ਜੇਹੀ ਖੁਸ਼ੀ ਚੜ੍ਹੀ ਹੋਈ ਸੀ ਕਿ ਆਪਣਾ ਤੇ ਓਦਾਂ ਹੀ ਸਰ ਗਿਆ ਹੈ ਨਹੀਂ ਤਾਂ ਦੋ ਛੁੱਟੀਆਂ
ਜ਼ਰੂਰ ਲੈਣੀਆਂ ਪੈਣੀਆਂ ਸਨ। ਦਫ਼ਤਰੀ ਫਰਲੋ ਨੂੰ ਭੈਣ ਜੀ ਗੁਰੂ ਜੀ ਦੀ ਬਖਸ਼ਿਸ਼ ਦੱਸ ਰਹੇ ਸੀ, ਨਾਲੇ
ਕਹਿ ਰਹੇ ਸੀ ਕਿ ਦੇਖੋ ਜੀ ਗੁਰੂ ਜੀ ਨੇ ਕਿੰਨੀ ਮਿਹਰ ਕੀਤੀ ਹੈ ਸਾਡੇ `ਤੇ, ਸਾਨੂੰ ਬਹੁਤ ਹੀ
ਸੋਖਿਆਂ ਛੁੱਟੀ ਮਿਲ ਗਈ ਹੈ। ਭੈਣ ਜੀ ਦੀਆਂ ਗੱਲਾਂ ਸੁਣ ਕੇ ਸਿਰਫ ਹਾਸਾ ਹੀ ਨਹੀਂ ਆ ਰਿਹਾ ਸੀ,
ਸਗੋਂ ਸੋਚਣ ਲਈ ਮਜ਼ਬੂਰ ਵੀ ਕਰ ਰਿਹਾ ਸੀ ਕਿ ਪੜ੍ਹਿਆ ਲਿਖਿਆ ਪਰਵਾਰ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ
ਜੀ ਦਾ ਪ੍ਰਕਾਸ਼ ਹੋਣ ਦੇ ਨਾਤੇ ਵੀ ਅਜੇ ਤੀਕ ਜਾਗਰਤੀ ਨਹੀਂ ਆ ਸਕੀ। ਇਸ ਦਾ ਇੱਕ ਹੀ ਉੱਤਰ ਹੈ ਕਿ
ਜਿਸ ਗੁਰੂ ਗ੍ਰੰਥ ਸਾਹਿਬ ਜੀ ਦਾ ਘਰ ਵਿੱਚ ਪ੍ਰਕਾਸ਼ ਕੀਤਾ ਹੋਇਆ ਹੈ, ਉਸ ਨੂੰ ਪੜ੍ਹਿਆ ਜ਼ਰੂਰ ਹੈ,
ਪਰ ਕਦੇ ਵੀ ਵਿਚਾਰ ਨਹੀਂ ਕੀਤੀ।
ਮੇਰਾ ਦੋਸਤ ਘਰ ਆਇਆ ਇਹ ਦੱਸਣ ਲਈ ਕਿ ਪੰਥ ਦਾ ਮਹਾਨ ਕਾਰਜ ਕਰਦਿਆਂ ਅਸਾਂ ਅਖੰਡ ਪਾਠ ਦੀ ਅਰੰਭਤਾ
ਕਰਾ ਦਿੱਤੀ ਹੈ, ਕਲ੍ਹ ਨੂੰ ਤੁਸਾਂ ਸਾਰੇ ਪਰਵਾਰ ਨੇ ਪ੍ਰਸ਼ਾਦਾ ਪਾਣੀ ਡੇਰੇ ਦੇ ਲੰਗਰ ਵਿਚੋਂ ਹੀ
ਛੱਕਣਾ ਹੈ। ਕੁਦਰਤੀ ਪ੍ਰੋਗਰਾਮ ਨਾ ਹੋਣ ਕਰਕੇ ਇਹਨਾਂ ਦਿਨਾਂ ਵਿੱਚ ਮੈਂ ਘਰ ਵਿੱਚ ਹੀ ਸੀ। ਅਗਲੇ
ਦਿਨ ਮੈਂ ਆਪਣੇ ਦੋਸਤ ਨਾਲ ਤੇ ਘਰਵਾਲੀ ਭੈਣ ਜੀ ਨਾਲ ਵੱਖੋ ਵੱਖਰੀ ਸਵਾਰੀ `ਤੇ ਡੇਰੇ ਪਹੁੰਚ ਗਏ।
ਡੇਰਾ ਕੁੱਝ ਦੂਰ ਹੀ ਸੀ। ਵਿਚਕਾਰਲਾ ਦਿਨ ਸੀ ਦੋਸਤ ਨੇ ਬਹੁਤਿਆਂ ਨੂੰ ਸਦਾ ਪੱਤਰ ਨਹੀਂ ਦਿੱਤਾ
ਹੋਇਆ ਸੀ ਵੀਹ ਕੁ ਮਨੁੱਖੀ ਸਿਰਾਂ ਦਾ ਇਕੱਠ ਕੀਤਾ ਹੋਇਆ ਸੀ।
ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਮਸਕਾਰ ਕੀਤੀ ਤੇ ਪਾਠ ਸੁਣਨ ਲਈ ਬੈਠ ਗਏ। ਪਾਠੀ ਸਿੰਘ ਨੇ ਆਪਣਾ
ਮੂੰਹ ਘੁੱਟ ਕੇ ਚਿੱਟੇ ਕਪੜੇ ਨਾਲ ਬੱਧਾ ਹੋਇਆ ਸੀ। ਕੀ ਮਿਜਾਲ ਸੀ ਜੇ ਕਿਸੇ ਤੁਕ ਦੀ ਸਮਝ ਆਉਂਦੀ
ਹੋਵੇ। ਭਾਈ ਸਾਹਿਬ ਜੀ ਗੁਣਗੁਣਾਂ ਪਾਠ ਪੂਰੀ ਤਨ ਦੇਹੀ ਨਾਲ ਕਰ ਰਹੇ ਸੀ। ਗਿੱਟਿਆਂ ਤੋਂ ਗੋਡਿਆਂ
ਤੀਕ ਇਕਸਾਰ ਲੱਤ ਤੇ ਜਦੋਂ ਮਰਜ਼ੀ ਖੁਰਕੀ ਜਾਂਦਾ ਸੀ। ਅੱਧਾ ਕੁ ਘੰਟਾ ਬੈਠਿਆਂ ਊਂ----- ਊਂ ਹੀ
ਸੁਣਿਆ ਗਿਆ। ਜਾਂ ਕਦੇ ਕਦੇ ਰਹਾਉ ਤੇ ਕਦੇ ਨਾਨਕ ਸ਼ਬਦ ਦੀ ਸਮਝ ਆਉਂਦੀ ਸੀ। ਬਾਕੀ ਕੁੱਝ ਵੀ ਪੱਲੇ
ਨਹੀਂ ਪੈ ਰਿਹਾ ਸੀ ਕਿ ਭਾਈ ਜੀ ਪਾਠ ਕੀ ਕਰ ਰਹੇ ਹਨ। ਕੁਦਰਤੀ ਡੇਰੇ ਵਿੱਚ ਗਿਆਂ ਤੇ ਲੰਗਰ ਵੀ
ਛੱਕਣਾ ਸੀ। ਪਹਿਲਾਂ ਚਾਹ ਦੀ ਵਾਰੀ ਆਈ, ਚਾਹ ਪੀਦਿਆਂ ਇੱਕ ਪਾਠੀ ਸਿੰਘ ਵੀ ਕੋਲ ਆ ਗਿਆ। ਹਾਲ ਚਾਲ
ਪੁੱਛਣ ਤੇ ਉਸ ਨਾਲ ਅਪਣਤ ਜਤਾਉਂਦਿਆਂ ਪੁੱਿਛਆ ਕਿ ਤੁਹਾਨੂੰ ਭੇਟਾ ਕਿੰਨੀ ਕੁ ਮਿਲਦੀ ਹੈ। ਭਰਿਆ
ਪੀਤਾ ਪਾਠੀ ਬਹੁਤ ਹੀ ਦੁਖੀ ਮਨ ਨਾਲ ਕਹਿੰਦਾ ਕਿ ਛਿਆਂ ਪਾਠੀਆਂ ਨੂੰ ਇਕੀ ਸੌ ਰੁਪਿਆ ਮਿਲਦਾ ਹੈ ਪਰ
ਡੇਰੇ ਵਿੱਚ ਤਿੰਨ ਪਾਠੀ ਪਾਠ ਸਿੱਖਦੇ ਹਨ ਤੇ ਉਹਨਾਂ ਦੀ ਸਪੀਟ ਬਹੁਤ ਥੋੜੀ ਹੈ ਸਾਨੂੰ ਉਹਨਾਂ ਦਾ
ਵੀ ਪਾਠ ਕਰਨਾ ਪੈਂਦਾ ਹੈ। ਇਹ ਲੇਟ ਅਸੀਂ ਰਾਤ ਨੂੰ ਕੱਢਦੇ ਹਾਂ। ਭੇਟਾ ਵਾਲੇ ਪਾਠੀ ਸਿਰਫ ਤਿੰਨ ਹੀ
ਹਨ। ਬਾਕੀ ਸਾਰੀ ਮਾਇਆ ਡੇਰੇ ਨੂੰ ਜਾਂਦੀ ਹੈ। ਵੱਡੇ ਬਾਬਾ ਜੀ ਦਾ ਭਤੀਜਾ ਇਸ ਸਾਰੇ ਡੇਰੇ ਦੀ
ਸੰਭਾਲ਼ ਕਰਦਾ ਹੈ। ਵੱਡੇ ਬਾਬਾ ਜੀ ਅਨੰਦਪੁਰ ਰਹਿੰਦੇ ਹਨ। ਇਹਨਾਂ ਪਾਸ ਵੀ ਔਹ ਦੋ ਗੱਡੀਆਂ ਖੜੀਆਂ
ਹਨ। ਇਕੋ ਸਾਹੇ ਡੇਰੇ ਦਾ ਪਾਠੀ ਕਈ ਭੇਤ ਖੋਹਲ ਗਿਆ।
ਅਕਤੂਬਰ ਦਾ ਮਹੀਨਾ ਹੋਣ ਤੇ ਗਰਮੀ ਕੋਈ ਖਾਸ ਨਹੀਂ ਸੀ ਰਾਤ ਦੇ ਲੰਗਰ ਵਾਸਤੇ ਦਰੀ ਤੇ ਬੈਠਿਆਂ
ਸਾਨੂੰ ਵਿਹਲਾ ਸਮਝ ਕੇ ਬਾਬਾ ਜੀ ਸਬਜ਼ੀ ਇਤਿਆਦਕ ਦੇ ਗਏ ਕਿ ਤੁਸੀਂ ਇਹਦੀ ਵੱਢ ਟੁੱਕ ਕਰ ਦਿਓ।
ਭਲਾਵਨੀ ਜੇਹਾ ਗੇੜਾ ਕੱਢ ਕੇ ਵੱਡੇ ਬਾਬੇ ਦਾ ਭਤੀਜਾ ਜਨੀ ਕਿ ਛੋਟੇ ਬਾਬਾ ਜੀ ਡੇਰੇ ਦੇ ਇੰਚਾਰਜ
ਸਾਡੇ ਪਾਸ ਹੀ ਆ ਕੇ ਬੈਠ ਗਏ। ਧਾਰਮਕ ਭਾਸ਼ਾ ਵਿੱਚ ਕਹਿੰਦੇ, ਕਿ “ਭਈ ਗੁਰਮੁਖੋ ਤੂਹਾਨੂੰ ਅੱਗੇ ਕਦੇ
ਡੇਰੇ ਵਿੱਚ ਨਹੀਂ ਦੇਖਿਆ”। ਆਪਣੀ ਉਮਰ ਦੇ ਤੀਜੇ ਥਾਂ ਹੋਣ ਕਰਕੇ ਵੀ ਮੈਂ ਕਿਹਾ, ‘ਬਾਬਾ ਜੀ ਅਸੀਂ
ਪਹਿਲੀ ਦਫਾ ਹੀ ਏੱਥੇ ਆਏ ਹਾਂ’। ਬਾਬਾ ਜੀ ਮੇਰੇ ਵਲ ਖਚਰਾ ਜੇਹਾ ਝਾਕਦਿਆਂ ਕਹਿਣ ਲੱਗੇ, “ਮੈਂ
ਤੂਹਾਨੂੰ ਕਿਤੇ ਦੇਖਿਆ ਹੈ”। ਮੈਂ ਤੇ ਮੇਰੇ ਦੋਸਤ ਨੇ ਪਹਿਲਾਂ ਹੀ ਪ੍ਰਮਾਣ ਪੱਤਰ ਭਰ ਕੇ ਦਿੱਤਾ
ਹੋਇਆ ਸੀ ਕਿ ਡੇਰੇ ਵਿੱਚ ਜਾ ਕੇ ਬਹੁਤ ਹੀ ਸ਼ਰਧਾ ਨਾਲ ਰਹਿਣਾ ਹੈ ਕੋਈ ਗੱਲ ਬਾਤ ਨਹੀਂ ਨਹੀਂ ਕਰਨੀ।
ਕਿਤੇ ਐਸਾ ਨਾ ਹੋਵੇ ਤੁਹਡੀ ਵਜਾ ਕਰਕੇ ਬਾਬਾ ਜੀ ਨਰਾਜ਼ ਹੋ ਜਾਣ ਤੇ ਅਖੰਡਪਾਠ ਦਾ ਫਲ਼ ਥੋੜਾ ਰਹਿ
ਜਾਏ।
ਬਾਬਾ ਜੀ ਨਾਲ ਬਹੁਤ ਹੀ ਨਿਮ੍ਰਤਾ ਨਾਲ ਕੁੱਝ ਗੱਲਾਂ ਦੀ ਵਿਚਾਰ ਸ਼ੁਰੂ ਹੋਈ। ਬਾਬਾ ਜੀ ਸ਼ਹਿਰੀ ਸੰਗਤ
ਜਾਣ ਕੇ ਆਪਣੇ ਡੇਰੇ ਦੀਆਂ ਗਤੀ ਵਿਧੀਆਂ ਤੇ ਬੜੇ ਬਾਬਾ ਜੀ ਦੀਆਂ ਕਰਾਮਾਤੀ ਕਹਾਣੀਆਂ ਸਣਾਉਣ ਲੱਗ
ਪਏ। ਛੋਟੇ ਬਾਬਾ ਜੀ ਦੱਸ ਰਹੇ ਸੀ ਕਿ ‘ਏੱਥੇ ਬਹੁਤ ਵੱਡਾ ਸਰੋਵਰ ਬਣਾ ਰਹੇ ਹਾਂ’। ਅਚਾਨਕ ਮੈਂ
ਕਿਹਾ, ਕਿ “ਬਾਬਾ ਜੀ ਅੱਜ ਦੇ ਯੁੱਗ ਵਿੱਚ ਸਰੋਵਰ ਦੀ ਕੀ ਲੋੜ ਹੈ? ਸਰੋਵਰ ਇਤਿਹਾਸਕ ਥਾਵਾਂ `ਤੇ
ਹੈਣ। ਇਸ ਪੈਸੇ ਨਾਲ ਕਿੰਨਾ ਚੰਗਾ ਹੋਵੇ ਜੇ ਬੱਚਿਆਂ ਲਈ ਜਿੰਮ ਬਣਾ ਦਿੱਤਾ ਜਾਵੇ”। ਬਾਬਾ ਜੀ
ਕਹਿੰਦਾ ਉਹ ਕੀ ਹੁੰਦਾ ਹੈ? ਜਿਹੜੀ ਗੱਲ ਤੋਂ ਭੈਣ ਜੀ ਡਰਦੇ ਸੀ ਗੱਲ ਉਹ ਹੀ ਹੋ ਗਈ। ਮੈਂ ਬਾਬਾ ਜੀ
ਨੂੰ ਪੁੱਛਿਆ, ਕਿ “ਬਾਬਾ ਤੁਸੀ ਅਖੰਡਪਾਠ ਦੀ ਭੇਟਾ ਕਿੰਨੀ ਲੈਂਦੇ ਹੋ” ਬਾਬਾ ਜੀ ਕਹਿਣ ਲੱਗੇ,
“ਇਕਵੰਜਾ ਸੌ ਰੁਪਇਆ”। ਮੈਂ ਕਿਹਾ, “ਬਾਬਾ ਜੀ ਪਾਠੀ ਸਿੰਘ ਤੇ ਕਹਿੰਦੇ ਨੇ ਸਾਨੂੰ ਇੱਕੀ ਸੌ ਰੁਪਏ
ਮਿਲਦੇ ਨੇ” ਤੇ ਦੂਸਰਾ ਤਿੰਨ ਪਾਠੀ ਤੁਹਾਡੇ ਡੇਰੇ ਦੇ ਹੀ ਹਨ ਭਾਵ ਫਰੀ ਰੌਲ਼ਾਂ ਲਾ ਰਹੇ ਹਨ। ਬਾਬਾ
ਜੀ ਫੜੱਕ ਦੇਣੇ ਕਹਿੰਦੇ, ਕਿ “ਸਾਡੇ ਤੋਂ ਥੋੜੀ ਦੂਰ ਵਾਲਾ ਉਹ ਫਲਾਣਾ ਡੇਰਾ ਤਾਂ ਇੱਕੀ ਹਜ਼ਾਰ
ਲੈਂਦਾ ਹੈ। ਅਸੀਂ ਤੇ ਜੀ ਓਦ੍ਹੇ ਨਾਲੋਂ ਬਹੁਤ ਥੋੜੀ ਭੇਟਾ ਲੈ ਰਹੇ ਹਾਂ। ਦੂਸਰਾ ਗੁਰਮੁਖੋ ਜਿੰਨਾ
ਕੋਈ ਗੁੜ ਪਾਏਗਾ ਓਨ੍ਹਾਂ ਹੀ ਮਿੱਠਾ ਹੋਣਾ ਏ”। ਮੈਂ ਕਿਹਾ, ‘ਬਾਬਾ ਜੀ ਮਿੱਠੇ ਵਾਲੀ ਕੀ ਕਹਾਣੀ
ਹੈ’। ਬਾਬਾ ਜੀ ਕਹਿੰਦੇ ਭਈ ਇਸ ਡੇਰੇ ਦੀ ਬਹੁਤ ਮਹਾਨਤਾ ਹੈ ਜਿੰਨੀ ਕੋਈ ਸ਼ਰਧਾ ਨਾਲ ਸੇਵਾ ਪਾਣੀ
ਕਰੇਗਾ ਓਨਾ ਹੀ ਉਸ ਨੂੰ ਵੱਧ ਫਲ਼ ਮਿਲੇਗਾ। ਮੈਂ ਸੋਚਿਆ ਖੂਹ ਵਿੱਚ ਵਹਿੜਕਾ ਡਿੱਗਾ ਹੋਵੇ ਤੇ ਸਿਆਣੇ
ਕਹਿੰਦੇ ਨੇ ਇਹਨੂੰ ਹੁਣ ਖੱਸੀ ਵੀ ਕਰ ਲਓ। ਬਹੁਤ ਹੀ ਸ਼ਰਧਾ ਭਾਵਨਾ ਨਾਲ ਬਾਬਾ ਜੀ ਨੂੰ ਪੁਛਿਆ ਕਿ
ਬਾਬਾ ਜੀ “ਇਹਨਾਂ ਪਰਵਾਰ ਵਾਲਿਆਂ ਨੇ ਤੇ ਕੋਈ ਬਹੁਤਾ ਵੱਡਾ ਇਕੱਠ ਕਰਨਾ ਕੋਈ ਨਹੀਂ ਸੀ, ਫਿਰ ਏੰਨਾ
ਲੰਗਰ ਦਾ ਸਮਾਨ ਮਗਾਉਣ ਦੀ ਕੀ ਲੋੜ ਸੀ” ? ਬਾਬਾ ਜੀ ਕਹਿੰਦੇ, “ਅਸੀਂ ਤੇ ਇਹ ਕਹਿੰਦੇ ਹਾਂ ਕਿ ਭਈ
ਉੱਕੇ ਪੁੱਕੇ ਪੰਦਰ੍ਹਾਂ ਹਜ਼ਾਰ ਦਿਓ ਭਾਵੇਂ ਸੇਵਾ ਕਰਨ ਵੀ ਨਾ ਆਇਆ ਜੇ ਤੁਹਾਡਾ ਪਾਠ ਏੰਨੇ ਪੈਸਿਆਂ
ਨਾਲ ਹੋ ਜਾਏਗਾ ਤੇ ਅਸੀਂ ਲੰਗਰ ਵੀ ਏੱਥੋਂ ਡੇਰੇ ਵਿਚੋਂ ਹੀ ਕਰ ਦਿਆਂਗੇ। ਹਾਂ ਜੇ ਕੋਈ ਸਾਨੂੰ
ਪੁੱਛ ਲੈਂਦਾ ਹੈ ਤਾਂ ਅਸੀਂ ਉਸ ਨੂੰ ਸਮਾਨ ਲਿਖਾ ਦੇਂਦੇ ਹਾਂ। ਅਸੀਂ ਤੇ ਇਹਨਾਂ ਨੂੰ ਬਹੁਤ ਥੋੜਾ
ਸਮਾਨ ਲਿਖਾਇਆ ਹੈ। ਏੱਥੇ ਤੇ ਬਾਹਰੋਂ ਆਈ ਸੰਗਤ ਬਹੁਤ ਸਮਾਨ ਦੇ ਜਾਂਦੀ ਹੈ”। ਮੈਂ ਕਿਹਾ “ਬਾਬਾ ਜੀ
ਜਦੋਂ ਇਹਨਾਂ ਨੇ ਤੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਵੀ ਨਹੀਂ ਬੁਲਾਇਆ, ਤਾਂ ਏਨੇ ਸਮਾਨ ਦੀ ਕੋਈ
ਜ਼ਰੂਰਤ ਨਹੀਂ ਸੀ। ਤੁਹਾਡੇ ਸਟੋਰ ਵਿੱਚ ਅੱਗੇ ਹੀ ਸਮਾਨ ਬਹੁਤ ਭਰਿਆ ਹੋਇਆ ਹੈ”। ਬਾਬਾ ਜੀ ਪਾਸ ਕੋਈ
ਉੱਤਰ ਨਹੀਂ ਸੀ। ਬਾਬਾ ਜੀ ਕੋਸ਼ਿਸ਼ ਕਰ ਰਹੇ ਸਨ ਕੇ ਸਾਡੀ ਗੱਲਬਾਤ ਕੋਈ ਹੋਰ ਨਾ ਸੁਣ ਲਏ ਇਸ ਲਈ ਉਹ
ਹਰ ਕੀਮਤ ਤੇ ਸਾਡੇ ਪਾਸੋਂ ਖਹਿੜਾ ਛਡਾਉਣਾ ਚਾਹੁੰਦੇ ਸਨ।
ਅਜੇ ਗੱਲਾਂ ਬਾਤਾਂ ਹੋ ਹੀ ਰਹੀਆਂ ਸੀ ਕਿ ਮੇਰੀ ਘਰਵਾਲੀ ਤੇ ਭੈਣ ਜੀ ਤੇ ਉਹਨਾਂ ਦੀ ਇੱਕ ਹੋਰ
ਕੁਲੀਕ ਓੱਥੇ ਆ ਗਈਆਂ। ਸਾਡੀ ਗੱਲ ਬਾਤ ਦਾ ਆਖਰੀ ਹਿੱਸਾ ਜਾਪਦਾ ਉਹਨਾਂ ਨੇ ਸੁਣ ਲਿਆ ਹੋਵੇ ਜਾਂ
ਉਹਨਾਂ ਦਾ ਵਹਿਮ ਸਹੀ ਸੀ ਹੋਵੇ ਕਿ ਵੀਰ ਜੀ ਨੇ ਜ਼ਰੂਰ ਕੋਈ ਵਾਧੂ ਘਾਟੂ ਬਾਬਾ ਜੀ ਨਾਲ ਗੱਲ ਕੀਤੀ
ਹੋਵੇਗੀ। ਵੈਸੇ ਉਹਨਾਂ ਦਾ ਡਰ ਸਹੀ ਸੀ। ਭੈਣ ਜੀ ਨੇ ਮੌਕੇ ਤੇ ਕਮਾਨ ਸੰਭਾਲਦਿਆਂ ਬਾਬਾ ਜੀ ਨੂੰ
ਸੰਬੋਧਨ ਹੋ ਕੇ ਕਹਿਣ ਲੱਗੇ, ਕਿ “ਬਾਬਾ ਜੀ ਇਹਨਾਂ ਦੀਆਂ ਗੱਲਾਂ ਦਾ ਗੱਸਾ ਨਾ ਕਰਿਆ ਜੇ ਇਹਨਾਂ
ਨੂੰ ਵਾਧੂ ਬੋਲਣ ਦੀ ਆਦਤ ਹੈ। ਮੇਰਾ ਦੋਸਤ ਸਾਰੀ ਕਹਾਣੀ ਸਮਝਦਾ ਹੋਇਆ ਵੀ ਕੁੱਝ ਕਹਿਣ ਦੀ ਥਾਂ `ਤੇ
ਆਪਣੀ ਘਰਵਾਲੀ ਦੇ ਮਹਾਨ ਕਾਰਨਾਮੇ ਤੇ ਨਿੱਕਾ ਨਿੱਕਾ ਹੱਸ ਰਿਹਾ ਸੀ। ਮੇਰੇ ਹਿਸਾਬ ਨਾਲ ਦੋਸਤ ਦੇ
ਪਰਵਾਰ ਨੇ ਵੀਹ ਬਾਈ ਹਜ਼ਾਰ ਰੁਪਿਆ ਖਰਚ ਕੀਤਾ ਤੇ ਸਮਾਂ ਵੱਖਰਾ।
ਬਾਬਾ ਜੀ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਬਾਬਾ ਜੀ ਕਦੇ ਗੁਰਬਾਣੀ ਦੇ ਅਰਥਾਂ ਨੂੰ ਵੀ ਸਮਝਣ ਦੀ
ਗੱਲ ਕੀਤੀ ਹੈ ਤਾਂ ਉਹਨਾ ਨੂੰ ਕੁੱਝ ਕੁੱਝ ਸਮਝ ਆ ਰਹੀ ਸੀ ਕਿ ਇਹ ਡੇਰੇ ਦੇ ਸ਼ਰਧਾਲੂ ਨਹੀਂ ਲੱਗਦੇ।
ਅਸੀਂ ਜਦੋਂ ਚਲੇ ਆਏ ਤਾਂ ਬਾਬਾ ਜੀ ਪਿਛੋਂ ਪੁੱਛ ਪ੍ਰਤੀਤ ਕਰ ਰਹੇ ਸੀ ਕੀ ਇਹ ਸ਼੍ਰਮੋਣੀ ਕਮੇਟੀ
ਵਾਲੇ ਸੀ? ਜੇ ਇਹ ਸ਼੍ਰਮਣੀ ਕਮੇਟੀ ਵਾਲੇ ਸਨ ਤਾਂ ਇਹਨਾਂ ਨੂੰ ਜ਼ਰੂਰ ਸਮਝ ਹੋਣੀ ਚਾਹੀਦੀ ਸੀ ਕਿ
ਅਖੰਡ ਪਾਠ ਦੀ ਕੀ ਭੇਟਾ ਹੈ।
ਬਾਬਾ ਜੀ ਨੂੰ ਦੱਸਿਆ ਗਿਆ ਕਿ ਇਹ ਪਰਚਾਰਕ ਸੀ ਤੇ ਅਕਸਰ ਬੰਗਲਾ ਸਾਹਿਬ ਤੋਂ ਟਾਈਮ ਟੀ. ਵੀ.
ਰਾਂਹੀਂ ਗੁਰਬਾਣੀ ਵੀਚਾਰ ਦੀ ਹਾਜ਼ਰੀ ਭਰਦੇ ਹਨ। ਬਾਬਾ ਜੀ ਦੇ ਪਵਿੱਤ੍ਰ ਬਚਨ ਸਨ ਕਿ ਭਾਈ ਇਹਨਾਂ
ਪਰਚਾਰਕਾਂ ਨੇ ਸਿੱਖੀ ਵਿੱਚ ਸ਼ਰਧਾ ਨਹੀਂ ਰਹਿਣ ਦੇਣੀ। ਫਿਰ ਬਾਬਾ ਜੀ ਨੇ ਕਈ ਮਨ ਘੜਤ ਬੀਬੀਆਂ ਨੂੰ
ਸਾਖੀਆਂ ਵੀ ਸੁਣਾਈਆਂ ਕਿ ਜਿਹੜੇ ਲੋਕ ਤਰਕ ਕਰਦੇ ਹਨ ਉਹ ਬਹੁਤ ਘਾਟੇ ਵਿੱਚ ਜਾਂਦੇ ਹਨ। ਭਾਈ ਸ਼ਰਧਾ
ਨਾਲ ਹੀ ਸਭ ਕੁੱਝ ਮਿਲਦਾ ਹੈ।
ਅਗਲੇ ਦਿਨ ਬਾਬਾ ਜੀ ਨੇ ਸਾਡੇ ਨਾਲ ਭੁੱਲ ਕੇ ਵੀ ਅੱਖ ਨਾ ਮਿਲਾਈ। ਉਂਜ ਬਾਬਾ ਜੀ ਨੂੰ ਨਾ ਅਰਦਾਸ
ਆਉਂਦੀ ਸੀ ਤੇ ਨਾ ਹੀ ਪਾਠ ਕਰਨਾ ਆਉਂਦਾ ਸੀ। ਸਿਰਫ ਬਾਬਾ ਜੀ ਨੂੰ ਅਸ਼ੀਰਬਾਦ ਦੇਣਾ ਹੀ ਆਉਂਦਾ ਸੀ
ਜੋ ਦੇ ਰਿਹਾ ਸੀ।
ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਦੀ ਜਿੰਨ੍ਹਾਂ ਨੂੰ ਸਮਝ ਲਗ ਗਈ ਹੈ ਉਹ ਮੁੜ ਕੇ ਹਰਦੁਆਰ ਸੂਰਜ
ਨੂੰ ਪਾਣੀ ਦੇਣ ਨਹੀਂ ਗਏ ਵਰਨਾਂ ਅੱਜ ਵੀ ਲੱਖਾਂ ਦੀ ਗਿਣਤੀ ਵਿੱਚ ਲੋਕ ਜਾ ਰਹੇ ਹਨ। ਇਹਨਾਂ
ਡੇਰਿਆਂ ਦਾ ਵੀ ਕਸੂਰ ਨਹੀਂ ਹੈ ਜਦੋਂ ਤੀਕ ਅਜੇਹੇ ਪੜ੍ਹੇ ਲਿਖੇ ਬਾਬਿਆਂ ਨੂੰ ਮਿਲਦੇ ਰਹਿਣਗੇ ਓਦੋਂ
ਤੀਕ ਬਾਬਿਆਂ ਦੇ ਡੇਰੇ ਜਿੰਦਾਬਾਦ। ਅਖੰਡਪਾਠ ਦੀ ਭੇਟਾ ਦੇ ਨਾਂ `ਤੇ ਲੁੱਟ ਹੋ ਰਹੀ ਹੈ। ਮਾਨਸਕ
ਵਿਕਾਸ ਨਾ ਹੋਣ ਕਰਕੇ ਅਸੀਂ ਸਮਝਣ ਲਈ ਵੀ ਤਿਆਰ ਨਹੀਂ ਹਾਂ। ਡੇਰਿਆਂ ਵਾਲਿਆਂ ਨੂੰ ਸਮਾਜ ਦੀ ਬਿਮਾਰ
ਮਾਨਸਿਕਤਾ ਦਾ ਡੂੰਘਾ ਅਧਿਅਨ ਹੈ ਕਿ ਕਿਸ ਤਰ੍ਹਾਂ ਧਰਮ ਦੇ ਨਾਂ `ਤੇ ਲੋਕਾਂ ਨੂੰ ਲੁਟਿਆ ਜਾ ਸਕਦਾ
ਹੈ---
ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ॥
ਅੰਦਰਿ ਕਪਟੁ, ਉਦਰੁ ਭਰਣ ਕੈ ਤਾਈ, ਪਾਠ ਪੜਹਿ ਗਾਵਾਰੀ॥
ਸ਼ਲੋਕ ਮ: ੩ ਪੰਨਾ ੧੨੪੬