.

ਦਸਮ ਗ੍ਰੰਥ ਦੀ ਅਸਲੀਯਤ
(ਕਿਸ਼ਤ ਨੰ: 19)

ਦਲਬੀਰ ਸਿੰਘ ਐੱਮ. ਐੱਸ. ਸੀ.

ਝਗਰਾ ਏਕੁ ਨਿਬੇਰਹੁ ਰਾਮ।। ਜਉ ਤੁਮ ਅਪਨੇ ਜਨ ਸੌ ਕਾਮੁ।। (ਅੰਕ ੩੩੧)
ਸੇਵਾ ਵਿਖੇ
ਜਥੇਦਾਰ ਅਕਾਲ ਤਖ਼ਤ ਸਾਹਿਬ,
ਦਰਬਾਰ ਸਾਹਿਬ, ਅੰਮ੍ਰਿਤਸਰ। ੧੫ ਅਕਤੂਬਰ ੨੦੦੮
ਗੁਰੂ ਪਿਆਰੇ ਗੁਰੂ ਸਵਾਰੇ ਸਤਿਕਾਰ ਯੋਗ ਜਥੇਦਾਰ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰ ਜੀ ਕੀ ਫ਼ਤਹ।।

ਸਨਿਮਰ ਬੇਨਤੀ ਹੈ ਕਿ ਇਸ ਚਿੱਠੀ ਨੂੰ ਮੇਰੀ ਆਤਮਾ ਦੀ ਆਵਾਜ਼ ਸਮਝ ਕੇ ਬੜੇ ਧੀਰਜ ਅਤੇ ਧਿਆਨ ਨਾਲ ਪੜ੍ਹ ਕੇ ਉੱਤਰ ਦੇਣ ਦੀ ਕਿਰਪਾਲਤਾ ਕਰਨੀ ਜੀ।
ਸਾਡੇ ਧਰਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦੇਵੀ-ਪੂਜਕ ਜਿਸ ਆਧਾਰ ਤੇ ਕਿਹਾ ਜਾ ਰਿਹਾ ਹੈ ਉਹ ਬਚਿਤ੍ਰ ਨਾਟਕ ਗ੍ਰੰਥ/ਅਖੌਤੀ
(so-called) ਦਸਮ ਗ੍ਰੰਥ ਹੈ। ਕੁੱਝ ਵਿਦਵਾਨ ਇਸ ਗ੍ਰੰਥ ਨੂੰ ਗੁਰੁ-ਕ੍ਰਿਤ ਮੰਨਦੇ ਹਨ ਅਤੇ ਕੁੱਝ ਵਿਦਵਾਨ ਗੁਰੂ-ਕ੍ਰਿਤ ਨਹੀ ਮੰਨਦੇ। ਇਹ ਦੁਬਿਧਾ ਦੂਰ ਕਰਣ ਲਈ ਦਾਸ ਪਿਛਲੇ ਤਕਰੀਬਨ ਦਸ ਸਾਲ ਤੋਂ ਇਸ ਗ੍ਰੰਥ ਦਾ ਅਧਿਐਨ ਕਰ ਰਿਹਾ ਹੈ। ਇਸ ਗ੍ਰੰਥ ਦਾ ਡਾ: ਰਤਨ ਸਿੰਘ ਜੀ ਜੱਗੀ ਦਾ ਟੀਕਾ ਵੀ ਦਾਸ ਨੇ ਧਿਆਨ ਨਾਲ ਪੜਿਆ ਹੈ। ਇਸ ਗ੍ਰੰਥ ਦਾ ਅਤੇ ਇਸਦੇ ਆਧਾਰ-ਗ੍ਰੰਥਾਂ (ਸ਼ਿਵ ਪੁਰਾਣ, ਮਾਰਕੰਡੇਯ ਪੁਰਾਣ, ਸ੍ਰੀਮਦ ਭਾਗਵਤ ਪੁਰਾਣ, ਤਾਂਤ੍ਰਿਕ ਮਤ ਦੇ ਲੇਖ/ਪੁਸਤਿਕਾਂ) ਦੀ ਪੜਚੋਲ ਕਰਕੇ ਕੁੱਝ ਲੇਖ ਆਪ ਜੀ ਦੀ ਨਜ਼ਰ-ਸ਼ਾਨੀ ਲਈ ਭੇਜ ਰਿਹਾ ਹਾਂ।

ਗੁਰੂ ਪਿਆਰੇ ਜੀਓ! ਮੇਰੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਜੀ ਤੇ ਅਟੁਟ ਹੈ। ਕੁੱਝ ਸਿਖ-ਵਿਰੋਧੀ ਲੋਕ ਸਿਖਾਂ ਨੁੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਖੜਾ ਕਰਨਾ ਚਾਹੁੰਦੇ ਹਨ। ਮੈਨੂੰ ਪੱਕਾ ਯਕੀਨ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਗੁਰੂ ਹਨ। ਅੰਮ੍ਰਿਤ ਛਕਣ ਸਮੇਂ ਇਹ ਗੁਰਵਾਕ ਮੈਨੂੰ ਦ੍ਰਿੜ ਕਰਾਇਆ ਗਿਆ ਸੀ “ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ।। ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ।। “ (ਅੰਕ ੫੨੨) ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਦਰਸਾਉਂਦੀਆਂ ਐਸੀਆਂ ਅਨੇਕਾਂ ਪੰਕਤੀਆਂ ਦ੍ਰਿੜ ਕਰਾਈਆਂ ਗਈਆਂ ਸਨ। ਪਿਛਲੇ ਤਕਰੀਬਨ ੪੯ ਸਾਲ ਤੋਂ, ਔਸਤਨ ਇੱਕ ਸਾਲ ਵਿੱਚ ਸਮਾਪਤੀ, ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ-ਮਈ ਧੁਰ ਕੀ ਬਾਣੀ ਦਾ ਸਹਜ-ਪਾਠ ਵੀ ਸਤਿਗੁਰ ਜੀ ਕਿਰਪਾ ਸਦਕਾ ਹੁਣ ਤਕ ਜਾਰੀ ਹੈ। ਗੁਰਬਾਣੀ ਇਸ ਨਾਚੀਜ਼ ਦੇ ਹਿਰਦੇ ਵਿੱਚ ਧਸ-ਵਸ ਚੁਕੀ ਹੈ। ਹਰ ਪਲ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦਾ ਹਾਂ “ਕਿਰਪਾ ਕਰਿਓ ਕਿ ਇਹ ਨਾਚੀਜ਼ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਦੇ ਵੀ ਬੇਮੁਖ ਨ ਹੋਵੇ। “

ਮੇਰੀ ਵੱਡੀ ਦੁਬਿਧਾ ਇਹ ਹੈ ਕਿ ਜਦੋਂ ਮੈ ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ‘ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ। . . ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ।। ` ਨੂੰ ਮੰਨ ਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦੀਆਂ ਬਾਣੀਆਂ ਜਾਪੁ, ਸਵੈਯੇ, ਚੋਪਈ. . ਨਹੀ ਪੜ੍ਹਦਾ ਤਾਂ ਪੰਥ-ਦੋਖੀ ਬਣਦਾ ਹਾਂ ਅਤੇ ਜੇ ਪੜ੍ਹਦਾ ਹਾਂ ਤਾਂ ਗੁਰੂ-ਹੁਕਮ ਦੀ ਉਲੰਘਣਾ ਹੋਣ ਕਰਕੇ ਗੁਰੁ-ਦੋਖੀ ਬਣਦਾ ਹਾਂ। ਨ ਤਾਂ ਮੈਂ ਪੰਥ ਦੋਖੀ ਬਣਨਾ ਚਾਹੁੰਦਾ ਅਤੇ ਨ ਹੀ ਗੁਰੂ ਦੋਖੀ। ਕਿਰਪਾ ਕਰਕੇ ਦਸੋ, ਮੈਂ ਕੀ ਕਰਾਂ?

ਬਚਿਤ੍ਰ ਨਾਟਕ ਗ੍ਰੰਥ ਦੀ ਧਿਆਨ ਨਾਲ ਪੜਚੋਲ ਕਰਨ ਤੋਂ ਬਾਦ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਕਿਸੇ ਨੇ ਮੈਨੂੰ ਦੁਧ ਦਾ ਕਟੋਰਾ ਪੇਸ਼ ਕੀਤਾ ਹੋਵੇ ਜਿਸ ਵਿੱਚ ਜ਼ਹਰ ਮਿਲਿਆ ਹੋਇਆ ਹੈ ਜਿਸ ਨਾਲ ਮੇਰੀ (ਆਤਮਕ) ਮੌਤ ਯਕੀਨੀ ਹੈ। ਐਸੇ ਜ਼ਹਰੀਲੇ-ਦੁਧ ਦਾ ਕਟੋਰਾ ਤਾਂ ਸਾਰਾ ਹੀ ਸੁਟਣਾ ਪਵੇਗਾ ਕਿਉਂਕਿ ਐਸਾ ਦੁੱਧ ਛਾਣ ਕੇ ਪੀਤਾ ਨਹੀ ਜਾ ਸਕਦਾ। ਮੇਰਾ ਅਨਮੋਲ ਮਨੁਖਾ ਜਨਮ ਪੰਥ ਨੇ ਸਵਾਰਨਾ ਹੈ ਜਾਂ ਗੁਰੂ ਨੇ? ਮੈ ਸਚਿਆਰ ਕੀਹਦੇ ਅੱਗੇ ਹੋਣਾ ਹੈ? ਕੀ ਪੰਥ ਦੀ ਕੋਈ ਮਹਾਨ ਹਸਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉਲਟ ਹੁਕਮ ਦੇ ਸਕਦੀ ਹੈ? ਜੇ ਮੈ ਅਖੌਤੀ ਦਸਮ ਗ੍ਰੰਥ ਵਿੱਚ ਦਰਜ ਜਾਪੁ, ਸਵੈਯੇ, ਚੌਪਈ. . ਦਾ ਪਾਠ ਨਹੀ ਕਰਦਾ, ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀਆਂ ਦਾ ਹੀ ਪਾਠ ਕਰਦਾ ਹਾਂ, ਤਾਂ ਕੀ ਆਪ ਜੀ ਮੈਨੂੰ ਨਾਸਤਕ ਜਾਂ ਮਨਮੁਖ ਆਖੋਗੇ? ਸਿਖ ਰਹਤ ਮਰਯਾਦਾ ਤੇ ਨਵੇਂ ਸਿਰਿਉਂ ਵੀਚਾਰ ਕਰਕੇ ਇਸ ਨਾਚੀਜ਼ ਨੂੰ ਤੇ ਪੰਥ ਨੂੰ ਸੱਚ ਦਾ ਰਾਹ ਦੱਸੋ ਜੀ।

ਆਪ ਜੀ ਨੇ ਮੇਰੀਆਂ ਪਹਿਲੀਆਂ ਚਿੱਠੀਆਂ (੧੭-੧੦-੨੦੦੭ ਤੇ ੨੮-੦੫-੨੦੦੮ ਤਾਰੀਖ਼) ਦਾ ਕੋਈ ਜਵਾਬ ਨਹੀ ਦਿੱਤਾ ਆਪ ਜੀ ਦੀ ਚੁੱਪੀ ਦਾ ਇਹੀ ਅਰਥ ਹੋਵੇਗਾ ਕਿ ਮੇਰੇ ਲੇਖਾਂ ਦੇ ਨਿਸ਼ਕਰਸ਼ ਠੀਕ ਹਨ। ਜਵਾਬ ਦੀ ਬੇਤਾਬੀ ਨਾਲ ਉਡੀਕ ਵਿੱਚ
ਦਾਸ


(ਦਲਬੀਰ ਸਿੰਘ)




.