ਨਵਾਂ ਲੈਫਟੀਨੈਂਟ
ਉੱਚਾ ਲੰਮਾ ਕੱਦ, ਤਾਂਬੇ-ਰੰਗਾ
ਭਰਵਾਂ ਸਰੀਰ, ਕੁੰਢੀਆਂ ਮੁੱਛਾਂ, ਕਰੜ-ਬਰੜੀ ਦਾਹੜੀ ਤੇ ਚਿਹਰੇ `ਤੇ ਚੇਚਕ ਦਾ ਕੋਈ ਕੋਈ ਦਾਗ਼।
ਮਸ਼ਾਲ ਵਾਂਗ ਦਗ਼ਦੀਆਂ ਲਾਲ ਲਾਲ ਅੱਖਾਂ। ਡਰਾਉਣਾ ਚਿਹਰਾ।
ਇਹ ਤਾਂਬੇ ਰੰਗਾ ਵਿਅਕਤੀ ਨਵਾਂ ਨਵਾਂ ਹੀ ਇਸ ਗੁਰਦੁਆਰੇ ਆਉਣ ਲੱਗਾ ਸੀ। ਕੁਝ ਦਿਨਾਂ ਬਾਅਦ ਸਭ ਨੂੰ
ਪਤਾ ਲੱਗ ਗਿਆ ਕਿ ਉਸ ਦੇ ਪਰਿਵਾਰ ਨੇ ਦੂਰੋਂ ਕਿਸੇ ਹੋਰ ਸ਼ਹਿਰ `ਚੋਂ ਆ ਕੇ ਇਸ ਟਾਊਨ ਵਿੱਚ ਘਰ ਲੈ
ਲਿਆ ਸੀ।
ਉਹ ਗੁਰਦੁਆਰੇ ਵਿੱਚ ਆਉਣ ਵਾਲੇ ਸਾਰੇ ਲੋਕਾਂ ਨੂੰ ਬੜੀ ਘੋਖਵੀਂ ਨਿਗ੍ਹਾ ਨਾਲ ਤਾੜਦਾ ਰਹਿੰਦਾ।
ਐਤਵਾਰ ਨੂੰ ਲੰਗਰ ਵਰਤਾਉਣ ਤੋਂ ਸ਼ੁਰੂ ਕਰ ਕੇ ਉਸ ਨੇ ਹੌਲੀ ਹੌਲੀ ਲੰਗਰ-ਖਾਨੇ ਵਿਚਲੇ ਨਿੱਕੇ ਨਿੱਕੇ
ਕੰਮਾਂ ਨੂੰ ਹੱਥ ਪਾਉਣਾ ਸ਼ੁਰੂ ਕੀਤਾ ਅਤੇ ਹੋਰ ਸੇਵਾਦਾਰਾਂ ਨਾਲ ਨਿੱਕੀਆਂ ਮੋਟੀਆਂ ਗੱਲਾਂ ਕਰਨੀਆਂ
ਆਰੰਭੀਆਂ।
ਉਸ ਦਾ ਗੱਲ ਬਾਤ ਕਰਨ ਦਾ ਲਹਿਜ਼ਾ ਬੜਾ ਅੱਖੜ ਸੀ। ਕਈ ਵਿਅਕਤੀ ਤਾਂ ਉਸ ਤੋਂ ਪਾਸਾ ਵੱਟਣਾ ਹੀ ਚੰਗਾ
ਸਮਝਦੇ ਸਨ।
ਕੁਝ ਸਮਾਂ ਪਾ ਕੇ ਉਸ ਨੇ ਹੋਰ ਲੋਕਾਂ ਵਲੋਂ ਕੀਤੀ ਜਾਂਦੀ ਸੇਵਾ ਵਿੱਚ ਨੁਕਸ ਕੱਢਣੇ ਸ਼ੁਰੂ ਕਰ
ਦਿਤੇ। ਇਕ ਵਿਅਕਤੀ ਬਹੁਤ ਦੇਰ ਤੋਂ ਗੁਰਦੁਆਰੇ ਲਈ ਰਾਸ਼ਨ ਖ਼ਰੀਦ ਕੇ ਲਿਆਉਣ ਦੀ ਜ਼ਿੰਮੇਵਾਰੀ
ਨਿਭਾਉਂਦਾ ਆ ਰਿਹਾ ਸੀ, ਉਸ ਉੱਪਰ ਵੀ ਇਹ ਤਾਂਬੇ-ਰੰਗਾ ਵਿਅਕਤੀ ਕਿੰਤੂ ਪ੍ਰੰਤੂ ਕਰਨ ਲੱਗ ਪਿਆ।
ਕਦੀ ਰਾਸ਼ਨ ਦੀ ਕੁਆਲਿਟੀ ਅਤੇ ਕਦੀ ਭਾਅ-ਭੱਤੇ ਬਾਰੇ ਟਿੱਪਣੀਆਂ ਕਰਦਾ ਰਹਿੰਦਾ। ਕਈ ਲੋਕ ਤਾਂ ਚੁੱਪ
ਕਰ ਰਹਿੰਦੇ ਪਰ ਕੁੱਝ ਕੁ ਉਸ ਨਾਲ ਆਢਾ ਵੀ ਲੈਂਦੇ ਪਰ ਅਖ਼ੀਰ ਨੂੰ ਗੱਲ ਬਹੁਤੀ ਵਧਣ ਦੇ ਡਰੋਂ ਚੁੱਪ
ਹੀ ਕਰ ਜਾਂਦੇ। ਇਸ ਨਾਲ ਉਸ ਦਾ ਹੌਸਲਾ ਵਧਦਾ ਗਿਆ ਤੇ ਉਸ ਦੀ ਨੁਕਤਾਚੀਨੀ ਕਈ ਪ੍ਰਕਾਰ ਦੀਆਂ ਔਕੜਾਂ
ਖੜ੍ਹੀਆਂ ਕਰਨ ਲੱਗੀ।
ਗੁਰਦੁਆਰੇ ਦੇ ਪ੍ਰਧਾਨ ਨੇ, ਜਿਸ ਨੇ ਕਿ ਕਈ ਸਾਲਾਂ ਤੋਂ ਵਿੰਗੇ ਟੇਢੇ ਢੰਗ ਨਾਲ ਗੁਰਦੁਆਰੇ ਉੱਪਰ
ਆਪਣੇ ਹੀ ਗਰੁੱਪ ਦਾ ਕਬਜ਼ਾ ਰੱਖਿਆ ਹੋਇਆ ਸੀ, ਤਾਂਬੇ-ਰੰਗੇ ਆਦਮੀ ਦਾ ਖੁਰਾ-ਖੋਜ ਉਸ ਦੇ ਪਿਛਲੇ
ਟਾਊਨ ਚੋਂ ਕੱਢ ਲਿਆਂਦਾ ਸੀ।
ਪ੍ਰਧਾਨ ਨੇ ਆਪਣੀ ਸਰਦਾਰੀ ਨੂੰ ਧੜੱਲੇਦਾਰ ਢੰਗ ਨਾਲ ਚਲਾਉਣ ਲਈ ਕੁੱਝ ਖ਼ਾਸ ‘ਲੈਫਟੀਨੈਂਟ’ ਰੱਖੇ
ਹੋਏ ਸਨ ਜੋ ਉਸ ਦੀ ਹਰ ਗੱਲ ਵਿੱਚ ਹਾਂ ਨਾਲ ਹਾਂ ਮਿਲਾਉਂਦੇ ਸਨ। ਵਿਰੋਧੀਆਂ ਨੂੰ ਡਰਾ ਕੇ ਰੱਖਦੇ
ਸਨ। ਹੋਰ ਜ਼ਿੰਮੇਵਾਰੀਆਂ ਦੇ ਨਾਲ ਨਾਲ ਇਨ੍ਹਾਂ ਲੈਫਟੀਨੈਂਟਾਂ ਦੇ ਕੰਮ ਵਿੱਚ ਜਾਸੂਸੀ ਕਰਨੀ ਵੀ
ਸ਼ਾਮਲ ਸੀ ਤਾਂ ਕਿ ਪ੍ਰਧਾਨ ਨੂੰ ਗੁਰਦੁਆਰੇ ਦੀ ਹਰ ਪ੍ਰਕਾਰ ਦੀ ਖ਼ਬਰ ਮਿਲਦੀ ਰਹੇ। ਸ਼ਾਇਦ ਪ੍ਰਧਾਨ ਨੇ
ਚਾਣਕੀਆ ਨੀਤੀ ਦਾ ਅਧਿਐਨ ਕੀਤਾ ਹੋਇਆ ਸੀ। ਸਾਮ, ਦਾਮ, ਦੰਡ, ਭੇਦ ਦੇ ਹਥਿਆਰਾਂ ਦੀ ਵਰਤੋਂ ਕਰਨੀ
ਉਹ ਭਲੀ-ਭਾਂਤ ਜਾਣਦਾ ਸੀ।
ਕੁਝ ਲੋਕਾਂ ਨੇ ਪ੍ਰਧਾਨ ਨੂੰ ਤਾਂਬੇ-ਰੰਗੇ ਵਿਅਕਤੀ ਦੀਆਂ ਸ਼ਿਕਾਇਤਾਂ ਵੀ ਲਗਾਈਆਂ ਪਰ ਉਹ ਇਸ ਮਸਲੇ
ਨੂੰ ਇੰਜ ਨਜਿੱਠਣਾ ਚਾਹੁੰਦਾ ਸੀ ਕਿ ਇੱਕ ਤੀਰ ਨਾਲ ਦੋ ਸ਼ਿਕਾਰ ਮਾਰੇ ਜਾ ਸਕਣ।
ਪ੍ਰਧਾਨ ਨੂੰ ਆਪਣੀ ਟੀਮ ਵਿੱਚ ਅਜੇ ਇੱਕ ਅੱਧੇ ਹੋਰ ਲੈਫਟੀਨੈਂਟ ਦੀ ਲੋੜ ਸੀ।
ਰਾਸ਼ਨ ਲਿਆਉਣ ਵਾਲੇ ਸੇਵਾਦਾਰ ਨੂੰ ਪ੍ਰਧਾਨ ਨੇ ਇੱਕ ਦਿਨ ਕਲਾਵੇ ਵਿੱਚ ਲੈ ਕੇ ਪਤਾ ਨਹੀਂ ਕੀ ਕੰਨ
ਵਿੱਚ ਫੂਕ ਮਾਰੀ ਕਿ ਉਸ ਨੇ ਉਸੇ ਵੇਲੇ ਗੁਰਦੁਆਰੇ ਦੀ ਵੈਨ ਦੀਆਂ ਚਾਬੀਆਂ ਤੇ ਹਿਸਾਬ ਕਿਤਾਬ ਉਹਦੇ
ਅੱਗੇ ਰੱਖ ਕੇ ਆਤਮ-ਸਮਪਰਣ ਕਰ ਦਿੱਤਾ।
ਦੂਸਰੇ ਦਿਨ ਲੋਕਾਂ ਨੇ ਦੇਖਿਆ ਕਿ ਤਾਂਬੇ-ਰੰਗਾ ਆਦਮੀ ਉਂਗਲ ਵਿੱਚ ਵੈਨ ਦੀਆਂ ਚਾਬੀਆਂ ਦਾ ਛੱਲਾ
ਘੁੰਮਾਈ ਰਾਸ਼ਨ ਖ਼ਰੀਦਣ ਲਈ ਕਾਰ ਪਾਰਕ ਵਲ ਜਾ ਰਿਹਾ ਸੀ।
ਹੁਣ ਉਹ ਪ੍ਰਧਾਨ ਦੀ ਟੀਮ ਵਿੱਚ ਨਵਾਂ ਲੈਫ਼ਟੀਨੈਂਟ ਬਣ ਗਿਆ ਸੀ।
ਨਿਰਮਲ ਸਿੰਘ ਕੰਧਾਲਵੀ