.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਵਾਹ! ਗੁਰਪੁਰਬ ਮਨਾਇਆ ਗਿਆ

ਕਿਸੇ ਸ਼ਾਇਰ ਨੇ ਬਹੁਤ ਹੀ ਖੂਬਸੂਰਤ ਲਿਖਿਆ ਹੈ ਕਿ ਐ ਇਨਸਾਨ! ਜੇ ਕਰ ਤੂੰ ਆਪਣੇ ਜੀਵਨ ਵਿੱਚ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੂਹੰਣਾ ਚਾਹੁੰਦਾ ਏਂ ਤਾਂ ਕਦੀ ਕਦੀ ਪੁਰਾਣਿਆਂ ਕਿੱਸਿਆਂ, ਪੁਰਾਣੀਆਂ ਘਟਨਾਵਾਂ ਨੂੰ ਜ਼ਰੂਰ ਵਾਚ ਲਿਆ ਕਰ ਤਾਂ ਕਿ ਤੇਰੇ ਜੀਵਨ ਵਿੱਚ ਸਾਰਥਿਕ ਵਿੱਚ ਤਬਦੀਲੀ ਆ ਸਕੇ।
ਤਾਜ਼ਾ ਖ਼ਾਹੀ ਦਾਸਤਾਂ ਗਰ ਦਾਗ ਹਾਏ ਸੀਨਾ ਰਾ
ਗਾਹੇ ਗਾਹੇ ਬਾਜ਼ ਖ਼ਾਂ ਈਂ ਕਿੱਸਾ ਹਾਏ ਪਰੀਨਾ ਰਾ।
ਗੁਰਪੁਰਬ ਮਨਾਉਣ ਦਾ ਅਰਥ ਵੀ ਏਹੀ ਹੈ ਕਿ ਅਸੀਂ ਆਪਣੇ ਗੁਰੂਆਂ ਦੇ ਮਹਾਨ ਕਾਰਨਾਮਿਆਂ ਤੇ ਉਹਨਾਂ ਦੀਆਂ ਮਹਾਨ ਸਿੱਖਿਆਵਾਂ ਨੂੰ ਯਾਦ ਕਰਕੇ ਆਪਣੇ ਕਰਮ-ਕਾਂਡੀ ਸੁਭਾਅ ਵਿੱਚ ਨਵਾਂ ਮੋੜਾ ਲੈ ਆਈਏ। ਬਜ਼ੁਰਗਾਂ ਦੇ ਕਥਨ ਤੇ ਉਹਨਾਂ ਨੇ ਮਹਾਨ ਕਾਰਨਾਮੇ ਸਾਰੀ ਦੁਨੀਆਂ ਲਈ ਚਾਨਣ ਮੁਨਾਰੇ ਹੁੰਦੇ ਹਨ।
ਬਹੁਤ ਘੱਟ ਸੰਸਥਾਂਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੰਸਥਾਵਾਂ ਧਰਮ ਦੇ ਨਾਂ `ਤੇ ਇੱਕ ਵਪਾਰ ਦੀ ਕੱਠ ਪੁਤਲੀ ਬਣ ਕੇ ਰਹਿ ਗਈਆ ਹਨ। ਜਿੱਧਰ ਨਜ਼ਰ ਮਾਰੋ ਗੁਰਪੁਰਬਾਂ ਦੇ ਨਾਂ `ਤੇ ਅਰਬਾਂ ਰੁਪਇਆ ਖਰਚ ਹੋ ਰਿਹਾ ਹੈ ਪਰ ਉਸ ਦਾ ਆਮ ਮਨੁੱਖ ਨੂੰ ਇੱਕ ਭੋਰਾ ਭਰ ਵੀ ਲਾਭ ਨਹੀਂ ਹੈ। ਇਸ਼ਤਿਹਾਰ ਬਾਜ਼ੀ, ਚੌਂਕਾਂ ਵਿੱਚ ਵੱਡੇ ਵੱਡੇ ਬੋਰਡ, ਸ਼ਾਮਿਆਨਾ, ਲਾਈਟਾਂ ਦੀ ਚਮਕ ਦਮਕ, ਵੱਡੇ ਵੱਡੇ ਸਪੀਕਰਾਂ ਦੀ ਅਵਾਜ਼, ਲੰਗਰਾਂ ਦੀਆਂ ਵੰਨਗੀਆਂ, ਅਖੰਡਪਾਠਾਂ ਦੀਆਂ ਲੜੀਆਂ, ਰਾਗੀਆਂ, ਢਾਡੀਆਂ-ਕਵੀਸ਼ਰਾਂ ਤੇ ਕਥਾ ਵਾਚਕਾਂ ਦੀਆਂ ਭੇਟਾਵਾਂ ਸਮੇਤ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਗੁਰਪੁਰਬ ਮਨਾਇਆ ਜਾਂਦਾ ਹੈ। ਏਨਾ ਪੈਸਾ ਖਰਚਣ ਦੇ ਬਾਵਜੂਦ ਵੀ ਸਿੱਖ ਕੌਮ ਦੀ ਹਾਲਤ ਇਸ ਮੁਹਾਵਰੇ ਤੇ ਠੀਕ ਫਿੱਟ ਬੈਠਦੀ ਹੈ। ‘ਪੁੱਟਿਆ ਪਹਾੜ ਤੇ ਨਿਕਲਿਆ ਚੂਹਾ ਪਰ ਉਹ ਵੀ ਮਰਿਆ ਹੋਇਆ’। ਗੁਰਪੁਰਬ ਮਨਾਉਣ ਦੇ ਢੰਗ ਤਰੀਕੇ ਕੇਵਲ ਸ਼ੋਰ ਸ਼ਰਾਬੇ ਤੀਕ ਹੀ ਸੀਮਤ ਹੋ ਕੇ ਰਹਿ ਗਏ ਹਨ। ਮਹਾਨ ਦਿਨ ਮਨਾਉਣ ਤੋਂ ਉਪਰੰਤ ਜਦੋਂ ਹਿਸਾਬ ਕਿਤਾਬ ਕੀਤਾ ਜਾਂਦਾ ਹੈ ਤਾਂ ਏਹੀ ਕਹਿਣਾ ਪੈਂਦਾ ਹੈ-- ‘ਅਖੇ ਸਾਰੀ ਰਾਤ ਰੋਂਦੀ ਰਹੀ ਮਰਿਆ ਕੋਈ ਵੀ ਨਾ’।
ਦੁਨੀਆਂ ਦਾ ਸ਼ਾਇਦ ਹੀ ਕੋਈ ਗੁਰਦੁਆਰਾ ਅਜੇਹਾ ਹੋਵੇ ਜਿਸ ਦੀ ਇਮਾਰਤ ਨਾ ਬਣ ਰਹੀ ਹੋਵੇ। ਨਹੀਂ ਤਾਂ ਹਰ ਗੁਰਪੁਰਬ `ਤੇ ਨਵੇਂ ਬਣ ਰਹੇ ਹਾਲ ਦੀ ਗੁਰਪੁਰਬ ਮੌਕਿਆ ਉਗਰਾਹੀ ਕਰਨੀ ਕਦੇ ਵੀ ਪ੍ਰਬੰਧਕ ਨਹੀਂ ਭੁੱਲਦੇ। ਜੇ ਹੋਰ ਕੋਈ ਕੰਮ ਨਹੀਂ ਵੀ ਮਿਲਦਾ ਤਾਂ ਪਿੱਛਲੀ ਕਮੇਟੀ ਵਲੋਂ ਲਗਾਈਆਂ ਗਈਆਂ ਟਾਇਲਾਂ ਨਵੇਂ ਸਿਰੇ ਤੋਂ ਪੁੱਟ ਕੇ ਦੁਬਾਰਾ ਲਗਾਈਆਂ ਜਾਂਦੀਆਂ ਹਨ। ਹਰ ਗੁਰਪੁਰਬ `ਤੇ ਲੱਖਾਂ ਦਾ ਬਜਟ ਹੁੰਦਾ ਹੈ ਪਰ ਧਰਮ ਪਰਚਾਰ ਦਾ ਨਿਸ਼ਾਨਾ ਕੋਈ ਨਹੀਂ ਹੁੰਦਾ।
ਕੀ ਹਰ ਗੁਰਪੁਰਬ `ਤੇ ਅਖੰਡਪਾਠ ਜਾਂ ਇਸ ਦੀਆਂ ਲੜੀਆਂ ਚਲਾ ਲੈਣੀਆਂ ਹੀ ਗੁਰਪੁਰਬ ਮਨਾਉਣਾ ਹੈ?
ਕੀ ਤਰ੍ਹਾਂ ਤਰ੍ਹਾਂ ਦੇ ਲੰਗਰਾਂ ਸਜਾ ਲੈਣਾ ਹੀ ਗੁਰਪੁਰਬ ਮਨਾਉਣਾ ਸਮਝਿਆ ਜਾਣਾ ਚਾਹੀਦਾ ਹੈ?
ਕੀ ਮਹਿੰਗੀ ਤੋਂ ਮਹਿੰਗੀ ਅਤਾਸ਼ਬਾਜੀ ਚਲਾ ਲੈਣਾ ਹੀ ਗੁਰੂ ਦਾ ਪੁਰਬ ਮਨਾਇਆ ਜਾਣਾ ਸਫਲਤਾ ਵਿੱਚ ਆਉਂਦਾ ਹੈ?
ਕੀ ਇਕੱਲੇ ਕੀਰਤਨ ਦਰਬਾਰਾਂ ਕਰਾ ਲੈਣਾ ਗੁਰਪੁਰਬ ਮਨਾਇਆ ਸਫਲ ਹੋ ਸਕਿਆ ਹੈ?
ਕੀ ਸਿਆਸੀ ਲੀਡਰਾਂ ਨੂੰ ਗੁਰਪੁਰਬ ਦੇ ਸਮਾਂ ਦੇ ਕੇ ਵਿਰੋਧੀਆਂ `ਤੇ ਚਿੱਕੜ ਸੁੱਟਣਾ ਹੀ ਗੁਰਪੁਰਬ ਮਨਾਉਣਾ ਸਫਲ ਕਿਹਾ ਜਾ ਸਕਦਾ ਹੈ?
੧੮੫੨ ਈਸਵੀ ਤੋਂ ਲੈ ਕੇ ੧੮੫੭ ਈਸਵੀ ਤੀਕ ਇਸਾਈ ਮਤ ਨੇ ਪੰਜਾਬ ਦੇ ੩੭੫ ਪਿੰਡਾਂ ਵਿਚੋਂ ਲਗ ਪਗ ਸਤਾਈ ਹਜ਼ਾਰ ਪਰਵਾਰ ਇਸਾਈ ਧਰਮ ਨੂੰ ਗ੍ਰਹਿਣ ਕਰ ਗਏ ਸੀ। ਉਹਨਾਂ ਨਾ ਤਾਂ ਕੀਰਤਨ ਦਰਬਾਰ ਕਰਾਏ ਤੇ ਨਾਂ ਹੀ ਲ਼ੰਗਰ ਚਾਲੂ ਕੀਤੇ ਤੇ ਨਾਂ ਹੀ ਕੋਈ ਵੱਡੇ ਵੱਡੇ ਸ਼ਾਮਿਆਨੇ ਲਗਾ ਕੇ ਕੋਈ ਅਡੰਬਰ ਰਚਿਆ। ਅੱਜ ਵੀ ਪੰਜਾਬ ਵਿੱਚ ਬਹੁਤ ਡੇਰੇ ਸਥਾਪਤ ਹੋ ਚੁੱਕੇ ਹਨ ਪਰ ਉਸ ਦੇ ਮੁਕਾਬਲੇ ਵਿੱਚ ਸਾਡੇ ਸਿਖਾਂਦਰੂ ਪਰਚਾਰਕ ਬਹੁਤ ਘੱਟ ਗਿਣਤੀ ਵਿੱਚ ਹਨ। ਗੁਰਬਾਣੀ ਦੇ ਆਲਮੀ ਸਿਧਾਂਤ ਨੂੰ ਤਾਂ ਅਸਾਂ ਦੁਨੀਆਂ ਨੂੰ ਦੱਸਣਾ ਸੀ, ਪਰ ਅਸੀਂ ਤਾਂ ਅਜੇ ਤੀਕ ਸਿੱਖ ਭਾਈਚਾਰੇ ਨੂੰ ਵੀ ਨਹੀਂ ਸਮਝਾ ਸਕੇ।
ਹਰ ਗੁਰਦੁਆਰਾ ਗੁਰਪੁਰਬ ਮਨਾਉਣ ਲਈ ਅਖੰਡਪਾਠਾਂ ਦੀਆਂ ਲੜੀਆਂ ਤੋਂ ਸ਼ੁਰੂ ਕਰਦਾ ਹੈ, ਪ੍ਰਭਾਤ ਫੇਰੀਆਂ ਨਿਕਲਦੀਆਂ ਹਨ ਵੱਡੇ ਵੱਡੇ ਜਲੂਸਾਂ (ਨਗਰ ਕੀਰਤਨਾਂ) ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ। ਇਹਨਾਂ ਨਗਰ ਕੀਰਤਨਾਂ ਵਿੱਚ ਹੋਰ ਤਾਂ ਭਾਂਵੇਂ ਕੁੱਝ ਨਾ ਹੋਵੇ ਜਿਸ ਟ੍ਰਾਲੀ `ਤੇ ਗੁਰੂ ਮਹਾਂਰਾਜ ਜੀ ਦਾ ਸਵਾਰਾ ਹੁੰਦਾ ਹੈ ਮਾਤਾਵਾਂ ਭੈਣਾਂ ਉਸ ਟ੍ਰਾਲੀ ਦੇ ਟਾਇਰਾਂ ਨੂੰ ਚੁੰਨੀਆਂ ਨਾਲ ਘਸਾਈ ਜਾਣ ਨੂੰ ਪਰਮ ਧਰਮ ਸਮਝਦੀਆਂ ਹੁੰਦੀਆਂ ਹਨ।
ਗੁਰਪੁਰਬਾਂ ਨੂੰ ਮਨਾਉਣ ਦਾ ਸਹੀ ਅਰਥ ਤਾਂ ਏਹੀ ਹੈ ਕਿ ਸੰਗਤ ਨੂੰ ਗੁਰੂ-ਸਿਧਾਂਤ ਦੀ ਜਾਣਕਾਰੀ ਮਿਲ ਸਕੇ। ਅਜੇਹੇ ਮੌਕਿਆ `ਤੇ ਜਿਹੜਾ ਜੋੜਿਆਂ ਦੀ ਸੇਵਾ ਕਰ ਰਿਹਾ ਹੈ ਉਹ ਸਮਝਦਾ ਹੈ ਕਿ ਮੈਨੂੰ ਕਥਾ ਸੁਣਨ ਦੀ ਕੋਈ ਲੋੜ ਨਹੀਂ ਹੈ। ਜਿਹੜਾ ਲੰਗਰ ਦੀ ਸੇਵਾ ਕਰ ਰਿਹਾ ਹੈ ਉਹ ਇਹ ਸਮਝੀ ਬੈਠਾ ਹੈ ਕਿ ਕਥਾ ਕੀਰਤਨ ਸੁਨਣਾ ਵਿਹਲੜਾਂ ਦਾ ਕੰਮ ਹੈ। ਭਾਵੇਂ ਇਹ ਸੇਵਾਂਵਾਂ ਮਹਾਨ ਹਨ ਪਰ ਜੇ ਗੁਰਮਰਯਾਦਾ ਦੀ ਵੀ ਸਮਝ ਆ ਜਾਏ ਤਾਂ ਸੋਨੇ `ਤੇ ਸੁਹਾਗਾ ਹੋਏਗਾ। ਇਹਨਾਂ ਵੀਰਾਂ ਦੀ ਸਮਝ ਦਾ ਓਦੋਂ ਪਤਾ ਚੱਲਦਾ ਹੈ ਜਦੋਂ ਇਹਨਾਂ ਦਿਆਂ ਹੱਥਾਂ ਵਿੱਚ ਕੜੇ ਦੇ ਨਾਲ ਲਾਲ ਰੰਗ ਦਾ ਧਾਗਾ ਵੀ ਬੱਧਾ ਹੁੰਦਾ ਹੈ।
ਪਿੱਛਲੇ ਦਿਨੀ ਨਾਗਪੁਰ ਜਨੀ ੧੨, ੧੩, ੧੪-੧੧-੨੦੧੦ ਨੂੰ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਨ ਮਨਾਉਣ ਲਈ ਸ਼ਬਦ ਦੀ ਵਿਚਾਰ ਕਰਨ ਦਾ ਪ੍ਰੋਗਰਾਮ ਬਣਿਆ। ਢਾਡੀ ਸਿੰਘਾਂ ਨੇ ਜੋ ਪ੍ਰਵਚਨ ਕੀਤੇ ਉਹਨਾਂ ਦਾ ਉਹਨਾਂ ਪਾਸ ਹੀ ਕੋਈ ਜੁਆਬ ਨਹੀਂ ਸੀ ਕਿਉਂ ਕਿ ਨਾਗਪੁਰ ਦੀ ਸੰਗਤ ਬਹੁਤ ਜਾਗੁਰਕ ਹੋਈ ਦੇਖੀ ਹੈ। ਢਾਡੀ ਜੱਥੇ ਦੇ ਪਰਚਾਰਕ ਵੀਰ ਨੇ ਬਹੁਤ ਵੱਜ ਵਜਾ ਕੇ ਡੰਕੇ ਦੀ ਚੋਟ ਨਾਲ ਇਹ ਕਿਹਾ ਕਿ ਮੇਰੇ ਪਾਸ ਅਬਦੁਲ ਤੁਰਾਨੀ ਦੀ ਲਿਖਤ ਪਈ ਹੋਈ ਹੈ ਉਸ ਵਿੱਚ ਲਿਖਿਆ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਸਿੰਘਾਂ ਦੇ ਸਿਰ ਧੜ ਨਾਲੋਂ ਵੱਖਰੇ ਕੀਤੇ ਤੇ ਉਹਨਾਂ ਨੂੰ ਆਪਸ ਵਿੱਚ ਮਿਲਾ ਦਿੱਤਾ ਜਨੀ ਕੇ ਭਾਈ ਦਇਆ ਸਿੰਘ ਦਾ ਸਿਰ ਭਾਈ ਧਰਮ ਸਿੰਘ ਜੀ ਨਾਲ ਲਗਾ ਦਿੱਤਾ ਤੇ ਭਾਈ ਧਰਮ ਸਿੰਘ ਜੀ ਦਾ ਸਿਰ ਭਾਈ ਹਿੰਮਤ ਸਿੰਘ ਜੀ ਦੇ ਧੜ ਨਾਲ ਲਗਾ ਦਿੱਤਾ। ਦੀਵਾਨ ਦੀ ਸਮਾਪਤੀ ਉਪਰੰਤ ਸਿਆਣੇ ਵੀਰਾਂ ਨੇ ਢਾਡੀ ਸਿੰਘ `ਤੇ ਸੁਆਲ ਕੀਤਾ ਕਿ ਕੀ ਉਹ ਗ੍ਰਿਹਸਤੀ ਨਹੀਂ ਸਨ? ਕੀ ਉਹ ਪੰਜ ਪਿਆਰੇ ਫਿਰ ਆਪਣੇ ਪਰਵਾਰਾਂ ਨੂੰ ਮਿਲਣ ਲਈ ਨਹੀਂ ਗਏ ਸੀ? ਬੱਚਿਆਂ ਨੇ ਕਿੱਦਾਂ ਪਹਿਛਾਣਿਆ ਕਿ ਸਿਰ ਤੋਂ ਜਾਂ ਧੜ ਤੋਂ? ਢਾਡੀ ਵੀਰ ਪਾਸ ਕੋਈ ਉੱਤਰ ਨਹੀਂ ਸੀ ਅਖੀਰ ਏਨਾ ਕਹਿ ਕੇ ਆਪਣੀ ਖਲਾਸੀ ਕਰਾਈ ਕਿ ਮੈਂ ਸੁਣੀ ਸੁਣਾਈ ਗੱਲ ਸੁਣਾਈ ਹੈ। ਕੀ ਅਜੇਹੀਆਂ ਸਾਖੀਆਂ ਸੁਣਾਉਣ ਨਾਲ ਸਮਝਿਆ ਜਾਏ ਕਿ ਅਸਾਂ ਗੁਰਪੁਰਬ ਮਨਾ ਲਿਆ ਹੈ?
ਜ਼ਿਆਦਾ ਤਰ ਜਿਹੜੀਆਂ ਆਮ ਘਟਨਾਵਾਂ ਵਾਪਰ ਰਹੀਆਂ ਹਨ ਉਹਨਾਂ ਬਾਰੇ ਹੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਤਾਜ਼ਾ ਘਟਨਾ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਦੀ ਹੀ ਲੈ ਲਈਏ। ਇਕੀ ਅਖੰਡਪਾਠਾਂ ਦੀ ਸਮਾਪਤੀ ਸਮੇਂ ਸਾਰਿਆਂ ਪਰਵਾਰਾਂ ਨੂੰ ਸਿਰੋਪੇ ਦਿੱਤੇ ਗਏ। ਫਿਰ ਕੀਰਤਨ ਦੀ ਅਰੰਭਤਾ ਹੁੰਦੀ ਹੈ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ ਦੀ ਪਉੜੀ ਦਾ ਲਗ-ਪਗ ਹਰ ਕੀਰਤਨੀਏ ਨੇ ਕੀਰਤਨ ਕੀਤਾ। ਇਹਨਾਂ ਵਿੱਚ ਇੱਕ ਕੀਰਤਨੀਏ ਨੇ ਮਿਟੀ ਸ਼ਬਦ ਨੂੰ ਮਿੱਟੀ ਪੜ੍ਹ ਕੇ ਪੂਰਾ ਉਚਾਰਣ ਦਾ ਧੂੰਆ ਕੱਢਿਆ। ਬੱਚਿਆ ਦਾ ਪ੍ਰੋਗਰਾਮ ਹੋਇਆ ਉਹਨਾਂ ਨੇ ਵੀ ਏਹੀ ਪਉੜੀ ਦਾ ਕੀਰਤਨ ਕੀਤਾ। ਇਸਤਰੀ ਸਤਿ ਸੰਗ ਜੱਥੇ ਵਾਲੀਆਂ ਬੀਬੀਆਂ ਨੇ ਵੀ ਏਹੀ ਪਉੜੀ ਦਾ ਕੀਰਤਨ ਕਰਕੇ ਆਪਣੀ ਹਾਜ਼ਰੀ ਲੁਆਈ। ਆਏ ਪਰਚਾਰਕ ਵੀਰ ਨੇ ਗੁਰੂ ਨਾਨਕ ਸਾਹਿਬ ਜੀ ਨਾਲ ਜਿੰਨੀਆਂ ਵੀ ਕਰਾਮਾਤੀ ਸਾਖੀਆਂ ਅਉਂਦੀਆਂ ਹਨ ਉਹ ਸਾਰੀਆਂ ਹੀ ਲਗ-ਪਗ ਸੁਣਾਈਆਂ ਗਈਆਂ। ਇੱਕ ਸਾਖੀ ਅਨੁਸਾਰ ਤਾਂ ਗੁਰੁ ਸਾਹਿਬ ਜੀ ਨੂੰ ਮੱਗਰ ਮੱਛ `ਤੇ ਬਿਠਾ ਕੇ ਸਮੁੰਦਰ ਵੀ ਪਾਰ ਕਰਾਇਆ ਗਿਆ। ਕੁੱਝ ਕੀਰਤੀਨੀਆਂ ਨੇ ਜ਼ਿਆਦਾ ਵਾਹਿਗੁਰੂ ਸ਼ਬਦ ਦਾ ਹੀ ਕੀਰਤਨ ਕੀਤਾ। ਗੁਰੂ ਨਾਨਕ ਸਾਹਿਬ ਜੀ ਦੇ ਪੁਰਬ ਸਮੇਂ ਉਹਨਾਂ ਦੀ ਬਾਣੀ ਦੇ ਕਿਸੇ ਵੀ ਸਿਧਾਂਤ ਦੀ ਵਿਚਾਰ ਨਹੀਂ ਕੀਤੀ ਗਈ। ਸਾਰਾ ਦੀਵਾਨ ਸ਼ੋਰ ਸ਼ਰਾਬੇ ਵਿੱਚ ਹੀ ਗਵਾਚਦਾ ਨਜ਼ਰ ਆ ਰਿਹਾ ਸੀ।
ਅਰਦਾਸੀਆ ਸਿੰਘ ਪ੍ਰਬੰਧਕਾਂ ਵਲੋਂ ਸਵੇਰ ਦੀ ਆ ਰਹੀ ਮਾਇਆ ਦੀ ਲੰਬੀ ਚੌੜੀ ਲਿਸਟ ਅਰਦਾਸ ਵਿੱਚ ਪੜ੍ਹ ਪੜ੍ਹ ਕੇ ਸੁਣਾ ਨਹੀਂ ਰਿਹਾ ਸੀ ਬਲ ਕੇ ਵੈਣ ਪਾ ਰਿਹਾ ਸੀ। ਫਿਰ ਵਾਰੀ ਆਉਂਦੀ ਹੈ ਸਕੱਤਰ ਸਾਹਿਬ ਵਲੋਂ ਆਈ ਰਸਦ ਦੀ ਲਿਸਟ ਪੜ੍ਹ ਕੇ ਸਣਾਉਣ ਦੀ, ਕੀ ਦਾਲਾਂ, ਕੀ ਚਾਵਲ ਤੇ ਕੀ ਆਟਾ ਜਨੀ ਕਿ ਪੂਰਾ ਅੱਧਾ ਘੰਟਾ ਆਈ ਰਸਦ ਉੱਤੇ ਹੀ ਲਗਾ ਦਿੱਤਾ ਤੇ ਨਾਲ ਹੀ ਰਾਤ ਦੇ ਦੀਵਾਨ ਵਿੱਚ ਹਾਜ਼ਰੀ ਭਰਨ ਲਈ ਵੀ ਤਗੀਦ ਕੀਤੀ ਕਿ ਪਿਆਰੀ ਸਾਧ ਸੰਗਤ ਜੀਓ ਰਾਤ ਨੂੰ ਦੀਪ ਮਾਲਾ ਅਤੇ ਆਤਸ਼ਬਾਜੀ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ।
ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਕਿ ਕੀਰਤਨ ਕੇਵਲ ਗੁਰਬਾਣੀ, ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਕ੍ਰਿਤ ਦਾ ਹੀ ਹੋ ਸਕਦਾ ਹੈ। ਜੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਹੋਵੇ ਤਾਂ ਹੇਮ ਕੁੰਟ ਪਰਬਤ ਤੋਂ ਗੱਲ ਸ਼ੁਰੂ ਕਰਦਿਆਂ ਦੁਸ਼ਟ ਦਮਨ ਦੀ ਪੂਰੀ ਸਾਖੀ ਸੁਣਾਈ ਜਾਂਦੀ ਹੈ। ਸਾਖੀ ਸਣਾਉਣ ਵਾਲੇ ਵੀਰ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਦੁਸ਼ਟ ਦਮਨ ਸ਼ੇਰ ਦੀ ਖੱਲ ਵਿਚੋਂ ਪੈਦਾ ਹਇਆ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਸਾਰੀ ਕ੍ਰਾਂਤੀ ਕੇਵਲ ਹੇਮ ਕੁੰਟ ਪਰਬਤ ਦੀਆਂ ਬਰਫਾਂ ਤੀਕ ਸੀਮਤ ਕਰਕੇ ਰੱਖ ਦੇਂਦੇ ਹਾਂ।
ਸਾਹਿਬਜ਼ਾਦਿਆਂ ਦੀ ਸ਼ਹੀਦੀ ਮੌਕੇ `ਤੇ ਹਰ ਸਿਆਸੀ ਪਾਰਟੀ ਇੱਕ ਦੂਜੇ `ਤੇ ਚਿੱਕੜ ਸੁੱਟ ਕੇ ਆਪਣੇ ਘਰਾਂ ਨੂੰ ਪਤਰਾ ਵਾਚ ਜਾਂਦੀ ਹੈ। ਲੰਬੇ ਸਮੇਂ ਤੋਂ ਧਰਮ ਦੇ ਨਾਂ `ਤੇ ਏਹੀ ਪ੍ਰਕ੍ਰਿਆ ਨਿਭਾਈ ਜਾ ਰਹੀ ਹੈ।
ਸਾਨੂੰ ਕਰਨਾ ਕੀ ਚਾਹੀਦਾ ਹੈ---
ਇਹ ਗੱਲ ਵਿਸਥਾਰ ਮੰਗਦੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਸਾਡੀ ਕੌਮ ਦੇ ਪਾਸ ਬਹੁਤ ਹੀ ਉੱਚ ਪਾਏ ਚਿੰਤਕ ਲੋਕ ਹਨ ਪਰ ਅਸਾਂ ਉਹਨਾਂ ਦਾ ਕੋਈ ਲਾਭ ਨਹੀਂ ਉਠਾਇਆ।
ਗੁਰਪੁਰਬ ਮਨਾਉਣ ਨੂੰ ਤਿੰਨਾਂ ਭਾਗਾਂ ਵਿੱਚ ਵੰਡਣਾ ਚਾਹੀਦਾ ਹੈ। ਪ੍ਰਬੰਧਕੀ ਢਾਂਚਾ, ਪਰਚਾਰਕ ਸ਼੍ਰੇਣੀ ਤੇ ਸੰਗਤ ਆਉਂਦੀ ਹੈ।
ਸਭ ਤੋਂ ਪਹਿਲਾਂ ਤਾਂ ਪ੍ਰਬੰਧਕੀ ਢਾਂਚੇ ਨੂੰ ਗੁਰਬਾਣੀ ਗਿਆਨ, ਸਿੱਖ ਇਤਿਹਾਸ ਤੇ ਪੰਥ ਪ੍ਰਵਾਨਤ ਰਹਿਤ ਮਰਯਾਦਾ ਦੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।
ਦੂਸਰੇ ਨੰਬਰ `ਤੇ ਪਰਚਾਰਕ ਸ਼੍ਰੇਣੀ ਆਉਂਦੀ ਹੈ। ਅਧੂਰਾ ਡਾਕਟਰ ਮਰੀਜ਼ ਦੀ ਸਿਹਤ ਨਾਲ ਖਿਲਵਾੜ ਕਰੇਗਾ। ਅਧੂਰਾ ਵਕੀਲ ਜ਼ਰੂਰ ਜੇਲ੍ਹ ਕਰਾਏਗਾ। ਗਿਆ ਗਵਾਚਾ ਅਧਿਆਪਕ ਬੱਚਿਆਂ ਦੀ ਜੜ੍ਹੀਂ ਤੇਲ ਦੇਵੇਗਾ। ਇਸ ਲਈ ਜੇ ਪ੍ਰਬੰਧਕ ਸਹੀ ਦਿਸ਼ਾ ਵਿੱਚ ਚੱਲਣਗੇ ਤਾਂ ਉਹ ਪਰਚਾਰਕਾਂ ਦੀ ਵੀ ਸਹੀ ਚੋਣ ਕਰਨਗੇ। ਗੁਰਮਤ ਦੀ ਜਾਣਕਾਰੀ ਵਾਲੇ ਪਾਰਚਾਰਕ ਹੀ ਗੁਰਮਤ ਦੀ ਜਾਣਕਾਰੀ ਦੇ ਸਕਦੇ ਹਨ।
ਤੀਸਰਾ ਨੰਬਰ ਸੰਗਤ ਦਾ ਅਉਂਦਾ ਹੈ। ਸੰਗਤ ਨੂੰ ਗੁਰਪੁਰਬ ਦੀ ਜਾਣਕਾਰੀ ਦੇਣ ਲਈ ਵਿਸ਼ੇ ਬਣਾਏ ਜਾਣੇ ਚਾਹੀਦੇ ਹਨ। ਗਰੜ ਪੁਰਾਣ ਦੇ ਗਪੌੜੇ ਤੇ ਕਰਾਮਾਤੀ ਸਾਖੀਆਂ ਤੋਂ ਕਿਨਾਰਾ ਕਰਦਿਆਂ ਸਿੱਖ ਰਹਿਤ ਮਰਯਾਦਾ, ਵਿਗਿਆਨਕ ਢੰਗ ਨਾਲ ਗੁਰਬਾਣੀ ਵਿਚਾਰ ਤੇ ਪਰਖ ਦੀ ਕਸਵੱਟੀ `ਤੇ ਸਿੱਖ ਇਤਿਹਾਸ ਸੁਣਾਇਆ ਜਾਏ।
ਗੁਰਪੁਰਬਾਂ ਦੇ ਮੌਕੇ ਸ਼ੋਰ ਸ਼ਰਾਬੇ ਦੀ ਥਾਂ `ਤੇ ਸੁਲਝੇ ਹੋਏ ਸੈਮੀਨਾਰ ਕੀਤੇ ਜਾਣੇ ਚਾਹੀਦੇ ਹਨ। ਸਕੂਲਾਂ, ਕਾਲਜਾਂ ਵਿੱਚ ਬੱਚਿਆਂ ਲਈ ਕੈਂਪਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਚੰਗੀਆਂ ਫਿਲਮਾਂ ਦਿਖਾਈਆਂ ਜਣੀਆਂ ਚਾਹੀਦੀਆਂ ਹਨ।
ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ `ਤੇ ਮਿਨੀ ਮੈਰਾਥੋਨ ਦੋੜ ਦਾ ਪ੍ਰਬੰਧ ਕੀਤਾ ਜਾਏ। ਜਿਸ ਵਿੱਚ ਬਾਕੀ ਕੌਮਾਂ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਹਰ ਗੁਰਪੁਰਬ ਨਾਲ ਸਬੰਧਤ ਚਾਰ ਕੁ ਸਫ਼ਿਆਂ ਦਾ ਇੱਕ ਕਿਤਬਚਾ ਬਣਾ ਕੇ ਹਰ ਘਰ ਵਿੱਚ ਪਹੁੰਚਾਉਣ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ।
ਗੁਰਪੁਰਬ ਮਨਾਉਣ ਸਬੰਧੀ ਵਿਉਂਤ—
ਸਾਡੀਆਂ ਧਾਰਮਕ ਸੰਸਥਾਵਾਂ ਨੂੰ ਪਹਿਲ ਕਦਮੀ ਕਰਦਿਆਂ ਗੁਰਪੁਰਬਾਂ ਨੂੰ ਸਿਆਸਤ ਤੇ ਧੜੇ ਬੰਦੀ ਤੋਂ ਨਿਰਲੇਪ ਕਰਨਾ ਚਾਹੀਦਾ ਹੈ। ਉਸਾਰੂ ਪ੍ਰੋਗਰਾਮ ਬਣਾੳਣੇ ਚਾਹੀਦੇ ਹਨ ਜੋ ਸਾਰਾ ਸਾਲ ਚੱਲਣੇ ਚਾਹੀਦੇ ਹਨ। ਦੀਵਾਨਾਂ ਦਾ ਸਮਾਂ ਬਹੁਤ ਜ਼ਿਆਦਾ ਲੰਬਾ ਨਹੀਂ ਹੋਣਾ ਚਾਹੀਦਾ।
ਗੁਰਪੁਰਬਾਂ ਮਨਾਉਣ ਦਾ ਅਰਥ ਹੈ ਆਤਮ ਚਿੰਤਨ ਕਰਨਾ ਕਿ ਕਿੰਨਾ ਕੁ ਕਰਮ ਕਾਂਡਾਂ ਤੋਂ ਅਸੀਂ ਬਚੇ ਹਾਂ ਤੇ ਕਿੰਨੇ ਕੁ ਅਗਾਂਹ ਵੱਧੇ ਹਾਂ।
ਖ਼ੁਦਾ ਡੂਬਨੇ ਵਾਲੀ ਕੀ ਹਿੰਮਤ ਕੋ ਜਵਾਂ ਰਖੇ
ਜਿਸੇ ਸਹਿਲ ਕੀ ਨਜ਼ੀਕ ਆਨੇ ਸੇ ਸਹਿਲ ਨਾ ਮਿਲਾ।




.