ਉਜਲੁ ਕੈਹਾ ਚਿਲਕਣਾ………
“ਬਾਬਾ ਜੀ, ਅਸੀਂ ਥੋਨੂੰ ਪਰਸ਼ਾਦਾ
ਵਰਜਣ ਆਏ ਆਂ ਜੀ,” ਜਗੀਰ ਸਿੰਘ ਨੇ ਦੋਵੇਂ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਬਾਬੇ ਨੂੰ ਬੇਨਤੀ
ਕੀਤੀ। ਉਸ ਦੇ ਨਾਲ ਉਹਦੇ ਘਰ ਵਾਲੀ ਗਿਆਨੋ ਵੀ ਹੱਥ ਜੋੜੀ ਬੈਠੀ ਸੀ।
ਬਾਬੇ ਦੀਆਂ ਅੱਖਾਂ ਇੱਕ ਦਮ ਲਾਲ ਹੋ ਗਈਆਂ ਤੇ ਉਹਦੀਆਂ ਮੁੱਛਾਂ ਕੰਡਿਆਲੇ ਚੂਹੇ ਦੀਆਂ ਮੁੱਛਾਂ
ਵਾਂਗ ਫ਼ਰਕਣ ਲੱਗੀਆਂ ਤੇ ਉਹ ਗਰਜ ਕੇ ਬੋਲਿਆ, “ਸ਼ਕਲ ਦੇਖੀ ਐ ਪਹਿਲਾਂ ਆਪਣੀ, ਪ੍ਰਸ਼ਾਦਾ ਵਰਜਣ ਆਏ
ਐ ਸਾਨੂੰ! ਰੋਡਿਆਂ ਭੋਡਿਆਂ ਦੇ ਘਰੇ ਨਈਂ ਜਾਂਦੇ ਅਸੀਂ ਪ੍ਰਸ਼ਾਦਾ ਛਕਣ, ਪਹਿਲਾਂ ਸ਼ਕਲ ਬਣਾ ਆਪਣੀ
ਪ੍ਰਸ਼ਾਦਾ ਛਕੌਣ ਵਾਲੀ, ਫੇਰ ਸੋਚਾਂ ਗੇ”।
ਜਗੀਰ ਸਿੰਘ ਤੇ ਉਹਦੇ ਘਰ ਵਾਲੀ ਇਹ ਸੁਣ ਕੇ ਸੁੰਨ ਹੋ ਗਏ। ਉਹ ਤਾਂ ਬੜੇ ਚਾਅ ਨਾਲ ਬਾਬੇ ਨੂੰ ਲੰਗਰ
ਛਕਣ ਲਈ ਬੇਨਤੀ ਕਰਨ ਆਏ ਸਨ। ਬਾਬੇ ਨੇ ਤਾਂ ਚਹੁੰ ਬੰਦਿਆਂ ਵਿੱਚ ਉਨ੍ਹਾਂ ਦੀ ਲਾਹ-ਪਾਹ ਕਰ ਸੁੱਟੀ
ਸੀ।
ਉਹ ਦੋਵੇਂ ਜੀਅ ਹੀ ਬੜੇ ਸਾਊ ਸਨ। ਉਨ੍ਹਾਂ ਵਿਚਾਰਿਆਂ ਨੇ ਕੋਈ ਸਵਾਲ ਜਵਾਬ ਨਹੀਂ ਕੀਤਾ ਤੇ ਸਭ ਨੂੰ
ਸਤਿ ਸ੍ਰੀ ਬੁਲਾ ਕੇ ਕਮਰਿਉਂ ਬਾਹਰ ਹੋ ਗਏ।
ਇਹ ਗੁਰਦੁਆਰੇ ਦੇ ਗ੍ਰੰਥੀ ਦਾ ਕਮਰਾ ਸੀ ਤੇ ਕਮਰੇ ਵਿੱਚ ਉਸ ਵੇਲੇ ਬਾਬੇ ਤੋਂ ਇਲਾਵਾ ਗੁਰਦੁਆਰੇ ਦਾ
ਗ੍ਰੰਥੀ, ਦੋ ਕਮੇਟੀ ਮੈਂਬਰ ਅਤੇ ਇੱਕ ਹੋਰ ਵਿਅਕਤੀ ਬੈਠਾ ਸੀ ਜਿਸ ਨੂੰ ਹਮੇਸ਼ਾ ਨੀਲੀ ਪੱਗ ਬੰਨ੍ਹਣ
ਕਰ ਕੇ ਸਭ ਅਕਾਲੀ ਕਹਿ ਕੇ ਬੁਲਾਉਂਦੇ ਸਨ ਤੇ ਇਸੇ ਕਰਕੇ ਉਹਦੀ ਅੱਲ ਹੀ ਅਕਾਲੀ ਪੈ ਗਈ ਹੋਈ ਸੀ।
ਬਾਬੇ ਦੇ ਚਿਹਰੇ `ਤੇ ਅਜੇ ਵੀ ਤਣਾਉ ਸੀ। ਦੋ ਕੁ ਮਿੰਟ ਉੱਥੇ ਬੈਠ ਕੇ ਫੇਰ ਉਹ ਆਪਣੇ ਕਮਰੇ `ਚ
ਚਲਿਆ ਗਿਆ। ਇਹ ਬਾਬਾ ਅੱਜ ਕੱਲ ਇਸ ਗੁਰਦੁਆਰੇ `ਚ ਕਥਾ ਕਰ ਰਿਹਾ ਸੀ ਤੇ ਇੰਡੀਆ ਤੋਂ ਆਇਆ ਹੋਇਆ
ਸੀ।
ਬਾਬੇ ਦੇ ਜਾਣ ਤੋਂ ਬਾਅਦ ਇੱਕ ਕਮੇਟੀ ਮੈਂਬਰ ਕਹਿਣ ਲੱਗਾ, “ਯਾਰ, ਬਾਬਾ ਜੀ ਨੇ ਚੰਗਾ ਨਈਂ ਕੀਤਾ,
ਇਉਂ ਤੋੜ ਕੇ ਜਵਾਬ ਨਹੀਂ ਸੀ ਦੇਣਾ ਚਾਹੀਦਾ, ਉਂਜ ਪਿਆਰ ਨਾਲ ਕਹਿ ਦਿੰਦੇ”।
ਅਕਾਲੀ ਬੋਲਿਆ, “ਹੁਣ ਨਾ ਉਹ ਅੱਗੇ ਵਾਲੇ ਬਾਬੇ ਰਹੇ ਐ ਤੇ ਨਾ ਹੀ ਲੋਕ। ਲੋਕ ਵੀ ਉਸੇ ਬਾਬੇ ਨੂੰ
ਚੰਗਾ ਸਮਝਦੇ ਐ ਜਿਹੜਾ ਇਨ੍ਹਾਂ ਨੂੰ ਮੰਦਾ ਬੋਲੇ ਤੇ ਖੂੰਡਾ ਫੇਰੇ ਏਹਨਾਂ ਦੇ, ਫੇਰ ਦੇਖੋ ਕਿਵੇਂ
ਅੱਗੇ ਪਿੱਛੇ ਫਿਰਦੇ ਐ ਉਹਨਾਂ ਦੇ। ਤੁਸੀਂ ਇੰਡੀਆ `ਚ ਦੇਖੇ ਈ ਹੋਣੈ ਐਂ ਕਮਲੇ ਰਮਲੇ ਜਿਹੇ ਬਾਬੇ
ਜਿਹੜੇ ਦੜੇ ਸੱਟੇ ਦੇ ਨੰਬਰ ਦੱਸਦੇ ਐ। ਉਹ ਲੋਕਾਂ ਨੂੰ ਗਾਹਲਾਂ ਕੱਢਦੇ ਐ, ਨਾਲੇ ਇੱਟਾਂ ਰੋੜੇ
ਮਾਰਦੇ ਐ ਪਰ ਫੇਰ ਵੀ ਲੋਕ ਉਨ੍ਹਾਂ ਕੋਲੋਂ ਸੱਟੇ ਦੇ ਨੰਬਰ ਪੁੱਛਣ ਆਉਂਦੇ ਐ”।
“ਲੈ ਬਈ ‘ਕਾਲੀ ਨੇ ਤਾਂ ਸਾਰੇ ਬਾਬੇ ਇਕੋ ਰੱਸੇ ਈ ਬੰਨ੍ਹ `ਤੇ” ਇੱਕ ਕਮੇਟੀ ਮੈਂਬਰ ਬੋਲਿਆ। ਇਸ
ਤੋਂ ਬਾਅਦ ਕਿਸੇ ਨੇ ਇਸ ਬਾਰੇ ਕੋਈ ਗੱਲ ਨਾ ਕੀਤੀ ਤੇ ਗੱਲਾਂ ਦਾ ਵਿਸ਼ਾ ਬਦਲ ਗਿਆ।
ਇਸ ਘਟਨਾ ਤੋਂ ਦੂਸਰੇ ਦਿਨ ਗ੍ਰੰਥੀ ਨੇ ਕਿਸੇ ਸ਼ਰਧਾਲੂ ਦੇ ਘਰ ਜਾਣਾ ਸੀ ਤੇ ਉਹ ਕਿਸੇ ਪਾਸੋਂ ਲਿਫ਼ਟ
ਲੈਣ ਬਾਰੇ ਸੋਚ ਰਿਹਾ ਸੀ ਕਿ ਉਹਨੂੰ ਕਾਰ ਪਾਰਕ ਵਲੋਂ ਅਕਾਲੀ ਆਉਂਦਾ ਦਿਸਿਆ। ਗ੍ਰੰਥੀ ਦੀ ਬੇਨਤੀ
ਮੰਨ ਕੇ ਉਹ ਉੱਥੋਂ ਹੀ ਕਾਰ ਪਾਰਕ ਵਲ ਨੂੰ ਮੁੜ ਪਿਆ।
ਜਿਸ ਘਰ ਜਾਣਾ ਸੀ ਅਕਾਲੀ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਸ਼ਹਿਰ ਦੀ ਇੱਕ ਬੜੀ ਮੋਟੀ ਸਾਮੀ
ਦਾ ਘਰ ਸੀ ਇਹ। ਜਦੋਂ ਉਹ ਦੋਵੇਂ ਉੱਥੇ ਪਹੁੰਚੇ ਤਾਂ ਇੱਕ ਬੀਬੀ ਨੇ ਦਰਵਾਜ਼ਾ ਖੋਲ੍ਹ ਕੇ ਸਤਿ ਸ੍ਰੀ
ਅਕਾਲ ਬੁਲਾਈ ਤੇ ਦੋਵਾਂ ਨੂੰ ਬੜੇ ਸਤਿਕਾਰ ਨਾਲ ਅੰਦਰ ਲੰਘਾਇਆ ਤੇ ਉਨ੍ਹਾਂ ਨੂੰ ਧੁਰ ਅੰਦਰਲੇ ਕਮਰੇ
`ਚ ਜਾਣ ਦਾ ਇਸ਼ਾਰਾ ਕਰ ਕੇ ਗ੍ਰੰਥੀ ਹੋਰਾਂ ਨੂੰ ਕਹਿਣ ਲੱਗੀ, “ਭਾਈ ਜੀ, ਇਹ ਆਪ ਬਾਥ-ਰੂਮ ਗਏ ਹੋਏ
ਆ, ਹੁਣੇ ਈ ਆਉਂਦੇ ਆ, ਤੁਸੀਂ ਔਹ ਅਗਲੇ ਅੰਦਰ ਲੰਘ ਕੇ ਬੈਠੋ”।
ਦੋ ਬੜੇ ਬੜੇ ਦਲਾਨਾਂ ਵਰਗੇ ਕਮਰੇ ਲੰਘ ਕੇ ਜਦ ਉਹ ਦੋਨੋਂ ਜਣੇ ਧੁਰ ਅਗਲੇ ਕਮਰੇ `ਚ ਪਹੁੰਚੇ ਤਾਂ
ਉਨ੍ਹਾਂ ਨੂੰ ਇਉਂ ਜਾਪਿਆ ਜਿਵੇਂ ਉਹ ਕਿਸੇ ਪੱਬ ਵਿੱਚ ਆ ਗਏ ਹੋਣ। ਉਸ ਕਮਰੇ ਵਿੱਚ ਘਰ ਦੇ ਮਾਲਕ ਨੇ
ਬੀਅਰ-ਬਾਰ ਬਣਾਈ ਹੋਈ ਸੀ ਤੇ ਸਾਹਮਣਲੀ ਕੰਧ ਦੇ ਨਾਲ ਅਨੇਕ ਪ੍ਰਕਾਰ ਦੀਆਂ ਸ਼ਰਾਬ ਦੀਆਂ ਬੋਤਲਾਂ
ਪੁੱਠੀਆਂ ਕਰ ਕੇ ਰਾਮ ਤੋਰੀਆਂ ਵਾਂਗ ਟੰਗੀਆਂ ਹੋਈਆਂ ਸਨ।
ਉਹਨਾਂ ਦੀਆਂ ਅੱਖਾਂ ਨੂੰ ਇਹ ਦੇਖ ਕੇ ਯਕੀਨ ਨਹੀਂ ਸੀ ਆ ਰਿਹਾ ਕਿ ਜਿਹੜਾ ਬਾਬਾ ਮੋਨੇ ਬੰਦੇ ਦੇ
ਘਰ ਪ੍ਰਸ਼ਾਦਾ ਛਕਣ ਨਹੀਂ ਸੀ ਗਿਆ ਉਹ ਇਥੇ ਮੋਨੇ ਬੰਦੇ ਦੇ ਘਰ ਬੀਅਰ-ਬਾਰ ਵਿੱਚ ਬੈਠਾ ਕੌਫ਼ੀ ਪੀ
ਰਿਹਾ ਸੀ।
ਨਿਰਮਲ ਸਿੰਘ ਕੰਧਾਲਵੀ