“ਗੁਰੂ
ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ” (ਪੰ: ੧੫੦)
ਸਿੱਖੀ ਜੀਵਨ ਦੀ ਪਹਿਚਾਣ-ਸਪਸ਼ਟ ਹੈ ਕਿ ਜੋ ਵੀ ਅਜਿਹਾ ਵੀਰ ਜਾਂ ਬੀਬੀ
ਸਿੱਖ ਧਰਮ `ਚ ਪ੍ਰਵੇਸ਼ ਕਰਦਾ ਜਾਂ ਕਰਦੀ ਹੈ ਉਸ ਦੀ ਜੀਵਨ `ਚੋਂ ਦੋ ਗੱਲਾਂ ਦਾ ਪ੍ਰਗਟ ਹੋਣਾ
ਕੁਦਰਤੀ ਹੁੰਦੀ ਹੈ।
ਪਹਿਲੀ ਗੱਲ- ਇਹ ਕਿ ਗੁਰਬਾਣੀ ਜੀਵਨ ਚੂੰਕਿ ਪ੍ਰਭੂ ਦੀ ਰਜ਼ਾ-ਭਾਣੇ
ਤੇ ਹੁਕਮ `ਚ ਚਲਣ ਦਾ ਨਾਮ ਹੈ ਇਸ ਲਈ ਅਜਿਹਾ ਵੀਰ ਤੇ ਬੀਬੀ, ਪ੍ਰਭੂ ਵੱਲੋਂ ਜਨਮ ਤੋਂ ਪ੍ਰਾਪਤ,
ਆਪਣੇ ਸਰੂਪ `ਚ ਕੱਟ ਵੱਢ ਨਹੀਂ ਕਰਦਾ। ਜੀਵਨ ਭਰ ਨਾ ਤਾਂ ਕੇਸਾਂ ਪੱਖੋਂ ਆਪਣੇ ਸਰੂਪ ਨੂੰ
ਵਿਗਾੜੇਗਾ ਤੇ ਨਾ ਸਮਾਜ ਅੰਦਰ ਅਜੋਕੇ ਪ੍ਰਚਲਤ ਹੋ ਚੁੱਕੇ ਸੰਤਾਂ, ਸਾਧੁਆਂ, ਭਗਤਾਂ, ਸਨਿਆਸੀਆਂ,
ਉਦਾਸੀਆਂ, ਨਾਂਗਿਆਂ ਆਦਿ ਵਾਲੇ ਭੇਖਾਂ ਵੱਲ ਮੁੜੇਗਾ ਤੇ ਨਾ ਹੀ ਧਰਮਾਂ ਦੇ ਨਾਮ ਹੇਠ ਕੀਤੇ ਜਾਂਦੇ
ਅਤੇ ਨਿੱਤ ਪੈਦਾ ਹੋਣ ਵਾਲੇ ਕਰਮਕਾਂਡਾਂ, ਆਡੰਬਰਾਂਆਦਿ `ਚ ਉਲਝੇਗਾ।
ਦੂਜਾ- ਗੁਰਬਾਣੀ ਦੀ ਸਿਖਿਆ ਨੂੰ ਜੀਵਨ ਅਰਪਣ ਕਰਣ ਤੋਂ ਪਹਿਲਾਂ ਕੀਤੇ
ਜਾ ਰਹੇ ਧਰਮ-ਕਰਮ, ਵਿਸ਼ਵਾਸ, ਰਹੁ-ਰੀਤੀਆਂ, ਪ੍ਰਮਪ੍ਰਾਵਾਂ, ਕਰਮਕਾਂਡ ਪੂਰੀ ਤਰ੍ਹਾਂ ਤਿਆਗ
ਦੇਵੇਗਾ/ਦੇਵੇਗੀ। ਉਸ ਦੇ ਉਲਟ, ਨਿਰੋਲ ਸਿੰਘ ਤੇ ਕੌਰ ਵਾਲੇ ਨਵੇਂ ਤੇ ਗੁਰਬਾਣੀ ਦੀ ਸਿੱਖੀ ਵਾਲੇ
ਸਮੁੰਦਰ `ਚੋਂ ਹੀ ਜੀਵਨ ਦੇ ਅਨੂਠੇ ਅੰੰਿਮ੍ਰਤ ਰਸ ਦਾ ਸੇਵਨ ਕਰੇਗਾ।
ਸੰਸਾਰ ਭਰ ਦਾ ਮੂਲ ਧਰਮ, ਸਿੱਖ ਧਰਮ- ਇਤਨਾ ਹੋਣ ਦੇ ਬਾਵਜੂਦ ਸਾਨੂੰ
ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਕਿ ਅਜਿਹੇ ਉੱਚੇ ਸੁੱਚੇ ਗੁਰਬਾਣੀ ਆਧਾਰਤ ਸਿੱਖੀ ਜੀਵਨ ਦੀ
ਪ੍ਰਾਪਤੀ ਤੇ ਉਸ ਦੇ ਫੈਲਾਅ ਲਈ ਵੀ ਕੁੱਝ ਕਦਮ ਜ਼ਰੂਰੀ ਹਨ ਜਿਨ੍ਹਾਂ ਤੋਂ ਅਵੇਸਲੇ ਰਹਿ ਕੇ ਹੀ ਅੱਜ
ਸਿੱਖ ਧਰਮ ਨੂੰ ਭਾਰੀ ਨੁਕਸਾਨ ਪੁੱਜ ਰਿਹਾ ਹੈ। ਸੰਸਾਰ ਪੱਧਰ ਦਾ ਸਭ ਤੋਂ ਵੱਧ ਅਗਾਹ ਵਧੂ, ਦਲੀਲ
ਭਰਪੂਰ ਸਿੱਖ ਅਥਵਾ ਸੱਚ ਧਰਮ ਵੀ ਤੇਜ਼ੀ ਨਾਲ ਪਿਛਾਂਹ ਨੂੰ ਜਾ ਰਿਹਾ ਹੈ। ਇਸ ਲਈ ਇਸ ਬਾਰੇ ਪੰਥਕ
ਪੱਧਰ `ਤੇ ਬਿਨਾ ਢਿੱਲ ਵਿਚਾਰਣ ਤੇ ਇਸ ਨੂੰ ਸੰਭਲਣ ਦੀ ਲੋੜ ਹੈ ਤਾ ਕਿ ਸਿੱਖ ਧਰਮ ਵੱਧ-ਫੁਲ ਸਕੇ
ਅਤੇ ਆਪਣੇ ਸ਼ੁਧ ਸਰੂਪ `ਚ ਸੰਸਾਰ ਭਰ `ਚ ਫੈਲ ਸਕੇ।
ਇਸ ਤੋਂ ਵੱਧ ਜ਼ਰੂਰੀ ਇਹ ਵੀ ਹੈ ਕਿ ਸਬੰਧਤ ਵਿਸ਼ੇ `ਤੇ ਸਰਬਪੱਖੀ ਵਿਚਾਰ
ਕੀਤੀ ਜਾਵੇ। ਜਦ ਕਿ ਇਸ `ਚ ਉੱਕਾ ਅਤਿ ਕਥਨੀ ਨਹੀਂ ਕਿ ਗੁਰਦੇਵ ਰਾਹੀਂ ਗੁਰਬਾਣੀ ਰਾਹੀਂ ਪ੍ਰਗਟ
ਕੇਵਲ ਸਿੱਖ ਧਰਮ ਹੀ ਸੰਸਾਰ ਭਰ ਦੇ ਮਨੁੱਖ ਮਾਤ੍ਰ ਦਾ ਮੂਲ ਧਰਮ ਹੈ। ਇਸੇ ਲਈ ਇਸ ਧਰਮ ਨੂੰ ‘ਜੁਗ
ਜੁਗ ਦਾ ਧਰਮ’, ‘ਸੱਚ ਧਰਮ’, ‘ਰੱਬੀ’ ਤੇ ‘ਇਲਾਹੀ’ ਧਰਮ ਵੀ ਕਿਹਾ ਹੈ। ਇਸੇ ਸਚਾਈ ਨੂੰ ਸਮਝਣ ਤੇ
ਪਹਿਚਾਨਣ ਲਈ ਅਸੀਂ ਸੰਗਤਾਂ ਦੇ ਸੇਵਾ `ਚ ਭਿੰਨ ਭਿੰਨ ਗੁਰਮੱਤ ਪਾਠ ਵੀ ਦੇ ਚੁੱਕੇ ਹਾਂ। ਇਸ ਵਿਸ਼ੇ
ਨਾਲ ਸਬੰਧਤ ਕੁੱਝ ਗੁਰਪਾਠ ਹਨ ੩੯, ੬੯, ੦੫, ੮੬ ਨੰਬਰਵਾਰ “ਆਦਿ ਕਾਲ ਦਾ ਧਰਮ-ਸਿੱਖ ਧਰਮ”,
“ਜੁਗ ਜੁਗ ਦਾ ਧਰਮ-ਗੁਰੂ ਨਾਨਕ ਧਰਮ”, “ਜੇਕਰ ਗੁਰੂ ਅਰਜੁਨ ਸਾਹਿਬ …,” “ਅੱਜ ਸੰਸਾਰ
ਸਿੱਖ ਧਰਮ ਵਲ ਕਿਉਂ ਤੇ ਕਿਵੇਂ?” ਸੰਗਤਾਂ ਉਨ੍ਹਾਂ ਦਾ ਲਾਭ ਲੈ ਸਕਦੀਆਂ ਹਨ। ਇਸ ਲਈ ਇਥੇ ਇਸ
ਬਾਰੇ ਬਹੁਤੇ ਵੇਰਵੇ `ਚ ਜਾਣ ਦੀ ਲੋੜ ਨਹੀਂ। ਬਲਕਿ ਇਥੇ, ਇਸ ਸਚਾਈ ਨੂੰ ਪ੍ਰਗਟ ਕਰਣ ਲਈ ਕੇਵਲ
ਕੁੱਝ ਸਬੂਤ ਹੀ ਪੇਸ਼ ਕਰਣ ਦੀ ਕੋਸ਼ਿਸ਼ ਕਰਾਂਗੇ ਜਿਸ ਤੋਂ ਸੰਸਾਰ ਸਾਹਮਣੇ ਸਚਾਈ ਪ੍ਰਗਟ ਹੋ ਸਕੇ,
ਜਿਵੇਂ:-
ਸਬੂਤ ੧- ਇਸ ਤੋਂ ਪਹਿਲਾਂ ਸੰਸਾਰ ਭਰ ਦੇ ਹਜ਼ਾਰਾਂ ਵਰ੍ਹਿਆਂ ਦੇ
ਇਤਿਹਾਸ `ਚ ਅਜਿਹੀ ਚਮਕ ਪੈਦਾ ਨਹੀਂ ਹੋ ਸਕੀ, ਜਿਹੜੀ ਕਿ ਸਿੱਖ ਇਤਿਹਾਸ ਨੇ ਆਪਣੇ ਕੁੱਝ ਸਦੀਆਂ ਦੇ
ਇਤਿਹਾਸ `ਚ ਹੀ ਪੈਦਾ ਕਰ ਦਿ! ਤੀ। ਇਸੇ ਦਾ ਨਤੀਜਾ ਕਿ ਇਤਨੇ ਥੋੜੇ ਜਿਹੇ ਸਮੇਂ `ਚ ਹੀ ਸਿੱਖ ਧਰਮ,
ਅੱਜ ਸੰਸਾਰ ਭਰ ਦੇ ਧਰਮਾਂ ਦੀ ਗਿਣਤੀ `ਚ ਆਪਣਾ ਪੰਜਵਾਂ ਸਥਾਨ ਵੀ ਪ੍ਰਾਪਤ ਕਰ ਚੁੱਕਾ ਹੈ।
ਸਬੂਤ ੨-ਥੋੜੇ ਜਹੇ ਸਮੇਂ `ਚ ਹੀ ਅੱਜ ਗੁਰੂ ਕਾ ਸਿੱਖ ਸੰਸਾਰ ਦੇ ਹਰੇਕ
ਕੌਨੇ ਤੇ ਨੁਕਰ `ਚ ਪੁੱਜ ਚੁੱਕਾ ਹੈ। ਇਥੋਂ ਤੱਕ ਕਿ ਬਿਖਮ ਤੋਂ ਬਿਖਮ ਘਾਟੀਆਂ ਤੇ ਸਥਾਨਾਂ `ਤੇ ਵੀ
ਜੇ ਕਰ ਸਭ ਤੋਂ ਪਹਿਲਾਂ ਕੋਈ ਪੁੱਜਾ, ਤਾਂ ਉਹ ਗੁਰੂ ਕਾ ਲਾਲ ਹੀ ਹੈ। ਸੰਸਾਰ ਦੇ ਹਰੇਕ ਕਿੱਤੇ
ਦੀਆਂ ਅਗ਼ਲੀਆਂ ਕਤਾਰਾਂ `ਚ ਵੀ ਸਿੱਖ ਹੀ ਮਿਲਦਾ ਹੈ। ਅੱਜ ਸੰਸਾਰ ਦੇ ਬਹੁਤੇਰੇ ਦੇਸ਼ ਹਨ ਜਿਨ੍ਹਾਂ
ਦੀ ਆਰਥਿਕ ਉੱਨਤੀ ਦਾ ਦਾਰੋਮਦਾਰ ਵੀ ਸਿੱਖ ਹੈ। ਸੰਸਾਰ ਤੱਲ `ਤੇ ਰਖਿਆ ਦਾ ਖੇਤ੍ਰ ਹੋਵੇ, ਵਿਗਿਆਨ
ਦਾ, ਆਰਥਕ, ਸਮਾਜੀ, ਆਵਾਜਾਈ, ਇੰਡਸਟਰੀ, ਖੇਤੀਬਾੜੀ, ਖੇਡ ਜਾਂ ਡਿਫ਼ੈਂਸ, ਕਹਿਣ ਤੋਂ ਭਾਵ ਹਰੇਕ
ਖੇਤ੍ਰ `ਚ ਸਿੱਖ ਅਗਲੀਆਂ ਕਤਾਰਾਂ `ਚ ਖੜਾ ਹੈ।
ਸਬੂਤ ੩- ਵਿਚਾਰਨ ਦਾ ਵਿਸ਼ਾ ਹੈ ਕਿ ਗੁਰਬਾਣੀ ਵਿਚਾਰਧਾਰਾ `ਚ ਆਖਿਰ ਉਹ
ਕਿਹੜਾ ਸੱਚ ਤੇ ਖਿੱਚ ਹੈ ਕਿ ਲੁੱਟ-ਖਸੁੱਟ, ਧੋਖੇ-ਫ਼ਰੇਬ, ਠਗੀਆਂ, ਜੁਰਮਾਂ, ਅਮਾਣਤ `ਚ ਖਿਆਣਤ ਕਰਣ
ਵਾਲਾ, ਵਿਭਚਾਰਾਂ `ਚ ਡੁੱਬਿਆ ਇਨਸਾਨ ਵੀ ਇੱਕ ਵਾਰੀ ਗ ਜਦੋਂ ਗੁਰਬਾਣੀ ਜੀਵਨ ਨਾਲ ਸਾਂਝ ਪਾ ਲੈਂਦਾ
ਹੈ ਤਾਂ ਉਸ ਦੇ ਜੀਵਨ `ਚ ਪੂਰੀ ਤਰ੍ਹਾਂ ਪਲਟਾ ਆ ਜਾਂਦਾ ਹੈ। ਉਹ ਸੱਚਾ ਸੁੱਚਾ ਤੇ ਸਤਿਕਾਰਤ ਇਨਸਾਨ
ਹੋ ਨਿਬੜਦਾ ਹੈ। ਕਤਲੋ-ਗ਼ਾਰਤ ਵਾਲੇ ਸੁਭਾੳੇ ਤੇ ਮਨੁੱਖੀ ਖੂਨ ਦਾ ਪਿਆਸਾ ਮਨੁੱਖ ਵੀ “ਸਰਬ ਮੈ
ਪੇਖੈ ਭਗਵਾਨੁ” (ਪੰ: ੨੭੪) ਅਤੇ ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ
ਚਾਨਣੁ ਹੋਇ (ਪੰ: ੧੩) ਵਾਲੀ ਜੀਵਨ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਜ਼ਾਲਮ ਤੇ
ਦਰਿੰਦਗੀ ਵਾਲੇ ਸੁਭਾਅ ਵਾਲਾ ਉਹੀ ਮਨੁੱਖ ਸਹਿਨਸ਼ੀਲਤਾ, ਪਰਉਪਕਾਰੀ, ਸੰਤੋਖੀ ਤੇ ਦਿਆਲੂ ਸੁਭਾਅ
ਵਾਲਾ ਮਨੁੱਖ ਬਣ ਜਾਂਦਾ ਹੈ।
ਸਬੂਤ ੪- ਆਪਣੀ ਜ਼ਿੰਦਗੀ ਕਿਸ ਨੂੰ ਪਿਆਰੀ ਨਹੀਂ ਹੁੰਦੀ? ਸੰਸਾਰ ਤੱਲ
ਦੇ ਵਿਰਲਿਆਂ ਨੂੰ ਛੱਡ ਕੇ, ਆਪਣੀ ਮੌਤ ਤੋਂ ਡਰਦਾ ਮਨੁੱਖ ਸਦਾ ਤੋਂ ਆਪਣਾ ਧਰਮ-ਇਮਾਨ-ਸਿਧਾਂਤ ਭਾਵ
ਸਭ ਤਿਆਗਦਾ ਆਇਆ ਹੈ। ਭੰਵਰਾ ਫੁਲ ਤੋਂ ਤੇ ਪਤੰਗਾ ਹਮੇਸ਼ਾ ਸ਼ੰਮਾਂ ਤੋਂ ਕੁਰਬਾਨ ਹੁੰਦਾ ਹੈ। ਵਿਚਾਰਨ
ਦਾ ਵਿਸ਼ਾ ਹੈ ਕਿ ਗੁਰਬਾਣੀ ਵਿਚਾਰਧਾਰਾ `ਚ ਆਖਿਰ ਉਹ ਕਿਹੜਾ ਸੱਚ ਤੇ ਖਿੱਚ ਹੈ ਕਿ ਕੇਵਲ ਕੁੱਝ
ਸਦੀਆਂ ਦੇ ਇਤਿਹਾਸ `ਚ ਹੀ ਸਿੱਖ ਧਰਮ ਅਥਵਾ ਗੁਰਬਾਣੀ ਵਿਚਾਰਧਾਰਾ ਨੇ ਲਖਾਂ ਹੀ ਨਹੀਂ ਕਰੋੜਾਂ ਦੀ
ਗਿਣਤੀ `ਚ ਗੁਰਬਾਣੀ ਸ਼ਮ੍ਹਾਂ ਤੋਂ ਕੁਰਬਾਣ ਹੋਣ ਵਾਲਿਆਂ ਦੀ ਕਤਾਰਾਂ ਲਗਾ ਦਿੱਤੀਆਂ।
ਗੁਰੂ ਪੰਚਮ ਪਾਤਸ਼ਾਹ ਤੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਅਰੰਭ ਹੋ ਕੇ ਭਾਈ
ਮਤੀ ਦਾਸ ਭਾਈ ਸਤੀ ਦਾਸ, ਭਾਈ ਦਿਆਲਾ, ਬੰਦਾ ਸਿੰਘ ਬਹਾਦੁਰ ਅਤੇ ਉਸ ਦੇ ਨਾਲ ਗਿਰਫ਼ਤਾਰ ਕੀਤੇ ੭੬੦
ਮਰਜੀਵੜੇ, ਭਾਈ ਸੁੱਖਾ ਸਿੰਘ ਮਹਿਤਾਬ ਸਿੰਘ, ਭਾਈ ਸ਼ਾਹਬਾਜ਼ ਸਿੰਘ ਸੁਭੇਗ ਸਿੰਘ ਤੇ ਇਸ ਲੜੀ `ਚ
ਅਣਗਿਣਤ ਸ਼ਹੀਦ।
ਇਸ ਤੋਂ ਇਲਾਵਾ ਫ਼ਿਰ ਛੋਟੇ ਤੇ ਵੱਡੇ ਘਲੂਘਾਰੇ, ਸੰਨ ੧੯੮੪ ਦੇ ਕਤਲੇਆਮ
ਦੋਹਰਾਨ ਸ਼ਹੀਦ ਹਜ਼ਾਰਾਂ ਸਿੰਘ, ਨਨਕਾਨਾ ਸਾਹਿਬ, ਗੰਗ ਸਰ-ਜੈਤੋ ਦੇ ਮੋਰਚੇ, ਚਾਬੀਆਂ ਦਾ ਮੋਰਚਾ,
ਕਿਰਪਾਨ ਦਾ ਮੋਰਚਾ, ਗੁਰਦੁਆਰਾ ਰੁਕਾਬ ਗੰਜ ਦਿੱਲੀ ਦਾ ਆਦਿ ਤੇ ਬਾਕੀ ਮੋਰਚਿਆਂ ਦੋਹਰਾਨ, ਭਾਰਤ ਦੀ
ਆਜ਼ਾਦੀ ਦੀ ਲੜਾਈ ਦੋਹਰਾਨ ਕਾਮਾ ਗਾਟਾ ਮਾਰੂ ਜਹਾਜ਼ ਦੇ ਸ਼ਹੀਦ, ਆਜ਼ਾਦ ਹਿੰਦ ਫ਼ੋਜ, ਬਬਰ ਅਕਾਲੀ ਲਹਿਰ,
ਗ਼ਦਰ ਪਾਰਟ, ਨਾਮਧਾਰੀ ਲਹਿਰ ਆਦਿ ਦੇ ਬੇਅੰਤ ਸ਼ਹੀਦ, ਉਪ੍ਰੰਤ ਇਸੇ ਭਾਰਤ ਦੀ ਆਜ਼ਾਦੀ ਦੀ ਲੜਾਈ `ਚ
ਵਿਲੋਕਿਤਰੇ ਢੰਗ ਨਾਲ ਹਜ਼ਾਰਾਂ ਦੀ ਗਿਣਤੀ `ਚ ਫਾਸੀਆਂ ਦੇ ਰਸਿਆਂ ਨੂੰ ਚੁੰਮਣ ਵਾਲੇ ਗੁਰੂ ਕੇ ਲਾਲ।
ਫ਼ਿਰ ਵੀ ਇਸ ਵਿਸ਼ੇ ਸਬੰਧੀ ਇਹ ਸਾਰੇ ਕੇਵਲ ਕੁੱਝ ਇਸ਼ਾਰੇ ਹੀ ਹਨ। ਜਦਕਿ ਇਸ ਦੇ ਉਲਟ, ਕੇਵਲ ਭਾਰਤ ਹੀ
ਨਹੀਂ ਬਲਕਿ ਸੰਸਾਰ ਭਰ ਦਾ ਹਜ਼ਰਾਂ ਸਾਲਾਂ ਦਾ ਇਤਿਹਾਸ ਵੀ ਇਸ ਦੇ ਮੁਕਾਬਲੇ `ਚ ਹਨੇਰੇ `ਚ ਪਿਆ ਹੈ।
ਗੁਰੂ ਦਰ `ਤੇ ਮਨੁੱਖ ਨੂੰ ਗੁਰਬਾਣੀ ਦੀ ਇਹ ਆਤਮਕ ਗੁੜ੍ਹਤੀ ਹੀ ਹੈ ਜੋ ਸੰਸਾਰ ਭਰ ਦੀ ਮਨੁੱਖੀ
ਆਜ਼ਾਦੀ ਲਈ ਤੇ ਉਸ ਦੇ ਆਤਮਕ ਸੰਮਾਨ ਦਾ ਜੀਵਨ ਜੀਊਣ ਦੀ ਗਾਰੰਟੀ ਹੈ। ਇਸ ਦੀ ਵੱਡਾ ਸਬੂਤ ਹੈ ਕਿ
ਗੁਰੂ ਹਸਤੀਆਂ ਰਾਹੀਂ “ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ” (ਪੰ:
੧੪੨) ਅਨੁਸਾਰ ਜੇਕਰ ਗੁਰਬਾਣੀ ਜੀਵਨ ਦਾ ਪ੍ਰਕਾਸ਼ ਨਾ ਹੋਇਆ ਹੁੰਦਾ ਤਾਂ ਯਕੀਨਣ ਭਾਰਤ ਅੱਜ ਵੀ
ਗੁਲਾਮੀ ਦੀਆਂ ਜੰਜ਼ੀਰਾਂ `ਚ ਹੀ ਬੱਝਾ ਹੁੰਦਾ।
ਸਬੂਤ ੫- ਇਸ ਤਰ੍ਹਾਂ ਸੰਸਾਰ ਤੱਲ `ਤੇ ਜਿਸ ਜਿਸ ਵੀ ਗ਼ੈਰ ਸਿੱਖ
ਵਿਦਵਾਨ ਨੇ ਧਰਮਾਂ ਦਾ ਤੁਲਨਾਤਮਕ ਅਧਿਯਣ (
ਕੀਤਾ ਹਰੇਕ ਦਾ ਇੱਕੋ ਹੀ ਨਿਰਣਾ ਹੈ ਕਿ ਜੋ ਧਰਮ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ”
ਦੀ ਵਿਚਾਰਧਾਰਾ ਤੋਂ ਪ੍ਰਗਟ ਹੁੰਦਾ ਹੈ ਦਰਅਸਲ ਉਹ ਸੰਸਾਰ ਸੰਸਾਰ ਭਰ ਦੇ ਮਨੁੱਖਾਂ ਦਾ ਮੂਲ ਤੇ
ਸਰਬਕਾਲੀ ਧਰਮ ਹੈ। ਇਨ੍ਹਾਂ ਵਿਦਵਾਨਾਂ ਚੋਂ ਹੀ ਕੁੱਝ ਦੇ ਨਾਮ ਹਨ ਮਿ: ਐਚ. ਐਲ ਬਰਾਡਸ਼ਾਹ, ਮਿਸਿਜ਼
ਟਾਇਨਬੀ, ਮਿ: ਬੈਰਟਰੇਂਡ ਰਸਲ ਅਤੇ ਹੋਰ ਕਈ ਸੰਸਾਰ ਪੱਧਰ ਦੇ ਵਿਦਵਾਨ।
ਗੁਰੂ ਕਾਲ ਸਮੇਂ-ਇਥੇ ਹੀ ਬੱਸ ਨਹੀਂ, ਉਪ੍ਰੰਤ ਗੁਰੂ ਕਾਲ ਸਮੇਂ ਇਸ
ਗੁਰਬਾਣੀ ਵਿਚਾਰਧਾਰਾ ਦੇ ਹੀ ਕ੍ਰਿਸ਼ਮੇ ਸਨ ਜਿਨ੍ਹਾਂ ਦਾ ਅਸੀਂ, ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ
ਤੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਿੱਖ ਅਖਵਾਉਣ ਵਾਲੇ ਅੱਜ ਤੱਕ ਲਾਭ ਲੈ
ਰਹੇ ਹਾਂ। ਸੰਸਾਰ ਭਰ `ਤੇ ਗੁਰਬਾਣੀ ਦਾ ਇਹ ਪ੍ਰਭਾਵ, ਗੁਰਬਾਣੀ ਦੇ ਪਰਦੇ `ਚ ਸਾਡੀ ਅਜੋਕੀ ਰਹਿਣੀ
ਦਾ ਨਹੀਂ, ਜਿਸ ਦੇ ਆਧਾਰ `ਤੇ ਅਸੀਂ ਸਿੱਖ ਅਖਵਾ ਰਹੇ ਹਾਂ।
ਕੇਵਲ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ `ਚ ਹੀ ਗੁਰਬਾਣੀ ਵਿਚਾਰਧਾਰਾ ਵਾਲੇ ਇਸ
ਸੱਚ ਧਰਮ ਦੇ ਪ੍ਰਕਾਸ਼ ਤੇ ਵਿਕਾਸ ਦਾ ਹੀ ਸਿੱਟਾ ਸੀ ਕਿ ਬੇਅੰਤ ਲੋਕਾਈ ਨੇ ਪਾਤਸ਼ਾਹ ਪਾਸੋਂ
ਚਰਣਪਾਹੁਲ ਲੈ ਕੇ ਗੁਰਬਾਣੀ ਸਿਖਿਆ ਤੇ ਚਲਣ ਦਾ ਪ੍ਰਣ ਲਿਆ ਤੇ ਸਿੱਖ ਧਰਮ `ਚ ਪ੍ਰਵੇਸ਼ ਕੀਤਾ। ਗ਼ੈਰ
ਸਿੱਖ ਅਤੇ ਇੱਕ ਮੁਸਲਮਾਨ ਲਿਖਾਰੀ, ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਂ ਅਨੁਸਾਰ ਹੀ ਗੁਰੂ ਨਾਨਕ ਸਾਹਿਬ
ਨੇ ਅਪਣੇ ਜੀਵਨ ਕਾਲ `ਚ ਤਿੰਨ ਕਰੋੜ ਪ੍ਰਾਣੀਆਂ ਨੂੰ ਸਿੱਖ ਧਰਮ `ਚ ਪ੍ਰਵੇਸ਼ ਕਰਵਾਇਆ। ਇਸ ਤੋਂ
ਬਾਅਦ ਇਸੇ ਵਿਸ਼ੇ `ਤੇ ਭਾਈ ਗੁਰਦਾਸ ਜੀ ਦੇ ਵੀ ਫ਼ੁਰਮਾਨ ਹਨ ਜਿਵੇਂ “ਜਿਥੈ ਬਾਬਾ ਪੈਰ ਧਰੈ ਪੂਜਾ
ਆਸਣ ਥਾਪਣ ਸੋਆ॥ ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥ ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ
ਸਦਾ ਵਿਸੋਆ” (ਭਾ: ਗੁ: ੧/੨੭) ਹੋਰ “ਸ਼ਬਦ ਜਿਤੀ ਸਿਧ ਮੰਡਲੀ ਕੀਤੋਸੁ ਅਪਣਾ ਪੰਥ ਨਿਰਾਲਾ”
(੧/੩੧) ਅਤੇ “ਗੜ੍ਹ ਬਗਦਾਦ ਨਿਵਾਇਕੈ ਮਕਾ ਮਦੀਨਾ ਸਭ ਨਿਵਾਯਾ” (੧/੩੭) ਇਸੇ ਤਰ੍ਹਾਂ
ਭਾਈ ਸਾਹਿਬ ਦੀ ਹੀ ਵਾਰ ਪਹਿਲੀ ਪਉੜੀ ੩੪ ਤਾਂ ਪੂਰੀ ਦੀ ਪੂਰੀ ਹੀ ਇਸੇ ਸੱਚ ਨੂੰ ਪ੍ਰਗਟ ਕਰ ਰਹੀ
ਹੈ। ਇਹ ਵਾਰ ਹੈ:-
“ਬਾਬਰ ਕੇ ਬਾਬੇ ਮਿਲੇ ਨਿਵਿ ਨਿਵਿ ਸਭ ਨਬਾਬੁ ਨਿਵਾਇਆ॥
ਧਰੀ ਨਿਸ਼ਾਨੀ ਕੌਸ ਦੀ ਮਕੇ ਅੰਦਰ ਪੂਜ ਕਰਾਈ॥ ਜਿਥੇ ਜਾਈ ਜਗਤ ਵਿੱਚ ਬਾਬੇ
ਬਾਝ ਨ ਖਾਲੀ ਜਾਈ॥
ਘਰ ਘਰ ਬਾਬਾ ਪੂਜੀਏ ਹਿੰਦੂ ਮੁਸਲਮਾਨ ਗੁਆਈ॥ ਛਪੇ ਨਾਂਹਿ ਛਪਾਇਆ ਚੜਿਆ
ਸੂਰਜ ਜਗ ਰੁਸ਼ਨਾਈ॥ ਬੁਕਿਆ ਸਿੰਘ ਉਜਾੜ ਵਿੱਚ ਸਬ ਮਿਰਗਾਵਲ ਭੰਨੀ ਜਾਈ॥ ਚੜ੍ਹਿਆ ਚੰਦ ਨ ਲੁਕਈ ਕਢ
ਕੁਨਾਲੀ ਜੋਤ ਛਪਾਈ॥ ਉਗਵਣਹੁ ਤੇ ਆਥਵਣਹੁ ਨਉ ਖੰਡ ਪ੍ਰਿਥਵੀ ਸਭ ਝੁਕਾਈ॥ ਜਗ ਅੰਦਰ ਕੁਦਰਤ ਵਰਤਾਈ”
ਗੁਰਦੇਵ ਨੇ ਸੁਮੇਰ ਪਰਬਤ ਦੀਆਂ ਠੰਡੀਆਂ ਉਚਾਈਆਂ ਸਮੇਤ ਪੂਰੇ ਭਾਰਤ
ਉਪ੍ਰੰਤ ਲੰਕਾ, ਮੱਕਾ, ਮਦੀਨਾ, ਬਗ਼ਦਾਦ, ਚੀਨ, ਬ੍ਰਹਮਾ, ਰੂਸ ਆਦਿ ਦੇਸਾਂ `ਚ ਪੁੱਜ ਕੇ ਇਸ ਸੱਚ
ਧਰਮ ਤੋਂ ਸੰਸਾਰ ਨੂੰ ਕਾਇਲ ਕੀਤਾ ਤੇ ਨਿਵਾਇਆ। ਹਰੇਕ ਵੱਡ ਮੇਲੇ ਤੇ ਇਕੱਠਾਂ `ਚ ਪੁੱਜ ਕੇ ਇਸ ਸੱਚ
ਨੂੰ ਸਾਬਤ ਕੀਤਾ ਕਿ ਹਰੇਕ ਧਰਮ ਦੇ ਆਗੂ ਬੇਸ਼ਕ ਮੌਲਾਣੇ ਸਨ, ਬ੍ਰਹਾਮਣ, ਜੋਗੀ ਜਾਂ ਜੈਨੀ ਆਦਿ,
ਸਾਰਿਆਂ ਦਾ ਆਗਅੂਆਂ ਕੋਲ ਕੇਵਲ ਆਪਣੇ ਆਪਣੇ ਧਰਮਾਂ ਦੇ ਲਿਬਾਸ ਹੀ ਬਾਕੀ ਰਹਿ ਗਏ ਸਨ ਪਰ ਸੱਚ ਧਰਮ
ਸਾਰਿਆਂ ਉਨ੍ਹਾਂ ਅੰਦਰੋ ਅਲੋਪ ਹੋ ਚੁੱਕਾ ਸੀ। ਫ਼ੁਰਮਾਨ ਹਨ “ਕਲਿ ਕਾਤੀ ਰਾਜੇ ਕਾਸਾਈ, ਧਰਮੁ
ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ” (ਪੰ: ੧੪੫) ਅਤੇ
“ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ
ਓਜਾੜੇ ਕਾ ਬੰਧੁ” ਜਦਕਿ ਗੁਰਦੇਵ ਨੇ ਇਸ ਦਾ ਕਾਰਨ ਵੀ ਸਪਸ਼ਟ ਕੀਤਾ ਤੇ ਫ਼ੁਰਮਾਇਆ ਕਿ ਇਨ੍ਹਾਂ
ਧਾਰਮਿਕ ਆਗੂਆਂ ਨੂੰ “ਸੋ ਜੋਗੀ ਜੋ ਜੁਗਤਿ ਪਛਾਣੈ॥ ਗੁਰ ਪਰਸਾਦੀ ਏਕੋ ਜਾਣੈ॥ ਕਾਜੀ ਸੋ ਜੋ
ਉਲਟੀ ਕਰੈ॥ ਗੁਰ ਪਰਸਾਦੀ ਜੀਵਤੁ ਮਰੈ॥ ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ॥ ਆਪਿ ਤਰੈ ਸਗਲੇ ਕੁਲ
ਤਾਰੈ (ਪੰ: ੬੬੨) ਇਸ ਤਰ੍ਹਾਂ ਜਦੋਂ ਧਾਰਮਿਕ ਆਗੂਆਂ ਦਾ ਅਪਣਾ ਹੀ ਇਹ ਹਾਲ ਹੋਇਆ ਪਿਆ ਹੈ ਤਾਂ
ਸਪਸ਼ਟ ਹੈ ਲੋਕਾਈ ਤੱਕ ਧਰਮ ਨਹੀਂ ਬਲਕਿ ਧਰਮ ਦੇ ਪਰਦੇ `ਚ ਪੁੱਜ ਰਹੇ ਹਨ ਫੋਕਟ ਕਰਮਕਾਂਡ, ਰਹੁ
ਰੀਤੀਆਂ, ਗੁਮਰਾਹਕੁਣ ਪਰੰਪ੍ਰਾਂਵਾ ਤੇ ਨਿਰੋਲ ਪਖੰਡ ਕਰਮ।
ਇਸ ਤੋਂ ਬਾਅਦ ਇਹ ਗੁਰਮੱਤ ਤੇ ਗੁਰਬਾਣੀ ਪ੍ਰਚਾਰ, ਪ੍ਰਸਾਰ ਵਾਲੀ ਸੱਚ ਧਰਮ
ਦੀ ਲਹਿਰ ਦੇ ਵਿਸਤਾਰ ਨੂੰ ਦਸਵੇਂ ਪਾਤਸ਼ਾਹ ਪਾਤਸ਼ਾਹ ਤੇ ਕਾਫ਼ੀ ਸਮਾਂ ਬਾਅਦ ਤੱਕ ਉਸ ਦੇ ਪ੍ਰਭਾਵ ਨੂੰ
ਖੁੱਲ ਕੇ ਪਹਿਚਾਣਿਆ ਜਾ ਸਕਦਾ ਹੈ। ਗੁਰਬਾਣੀ ਦੇ ਸੱਚ ਧਰਮ ਦਾ ਪ੍ਰਭਾਵ ਹੀ ਸੀ ਕਿ ਪੀਰ ਬੁਧੂ ਸ਼ਾਹ
ਨੇ ਆਪਣੇ ਚਾਰ ਸਪੁਤ੍ਰਾਂ ਤੇ ਪੰਜ ਸੌ ਮੁਰੀਦਾਂ ਤੱਕ ਨੂੰ ਗੁਰਦੇਵ ਦੇ ਚਰਨਾਂ `ਚ ਭੇਂਟ ਕਰ ਦਿੱਤਾ।
ਬਲਕਿ ਦਰਿੰਦੇ ਜ਼ਾਲਮਾਂ ਦੇ ਹੱਥੋਂ ਆਪਣੇ ਤੇ ਆਪਣੇ ਪੂਰੇ ਪ੍ਰਵਾਰ ਦੀ ਤਸੀਹੇ ਭਰਪੂਰ ਮੌਤ ਨੂੰ ਤਾਂ
ਕਬੂਲ ਕਰ ਲਿਆ ਪਰ ਸੱਚ ਧਰਮ `ਤੇ ਕਿੰਤ-ਪ੍ਰੰਤੂ ਨਹੀਂ ਕੀਤਾ ਤੇ ਨਾ ਹੀ ਉਸ ਵੱਲ ਪਿੱਠ ਨਹੀਂ ਕੀਤੀ।
ਇਸੇ ਗਿਣਤੀ `ਚ ਆਉਂਦੇ ਹਨ ਭਾਈ ਮੁਤੀ ਲਾਲ ਮਹਿਰਾ ਵਰਗੇ, ਗੁਰ ਦਰ ਤੋਂ ਪ੍ਰਾਪਤ ਗੁਰਬਾਣੀ ਸੱਚ ਦੇ
ਦਿਵਾਨੇ ਤੇ ਬੇਅੰਤ ਗ਼ੈਰ ਸਿੱਖ ਵੀ। ਹੋਰ ਤਾਂ ਹੋਰ ਫ਼ਰਖਸੀਅਰ, ਯਾਹਯਾ ਖਾਂ ਤੇ ਮੀਰ ਮੰਨੂ ਦੇ ਜ਼ਮਾਨੇ
`ਚ ਜਦੋਂ ਸਿੱਖਾਂ `ਤੇ ਜ਼ੁਲਮਾਂ ਦੀ ਇੰਤਹਾ ਸੀ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਾ ਰਹੇ ਸਨ,
ਸਿੱਖਾਂ ਦਾ ਵਾਸਾ ਵੀ ਸ਼ਹਿਰਾਂ `ਚ ਨਹੀਂ ਬਲਕਿ ਜੰਗਲਾਂ, ਮਰੂਥਲਾਂ, ਪਹਾੜਾਂ `ਚ ਤੇ ਘੋੜਿਆਂ ਦੀਆਂ
ਕਾਠੀਆਂ `ਤੇ ਸੀ ਤਾਂ ਉਸ ਸਮੇਂ ਵੀ ਨਿੱਤ ਖੰਡੇ ਦੀ ਪਾਹੁਲ ਲੈ ਕੇ ਸਿੱਖ ਧਰਮ `ਚ ਪ੍ਰਵੇਸ਼ ਕਰਣ
ਵਾਲੇ ਤੇ ਸਿੱਖ ਸਜ ਕੇ ਸ਼ਹੀਦੀਆਂ ਦੇਣ ਵਾਲਿਆਂ ਕਾਰਨ ਹੀ ਪ੍ਰਚਲਣ ਸੀ ਕਿ ਮਨੂੰ ਸਾਡੀ ਦਾਤਰੀ, ਅਸੀਂ
ਮੰਨੂੰ ਦੇ ਸੋਏ॥ ਜਿਉਂ ਜਿਉਂ ਮੰਨੂੰ ਕੱਟਦਾ, ਅਸੀਂ ਦੂਨ ਸਵਾਏ ਹੋਏ॥ ਇਹ ਸਾਰੀ ਕਰਾਮਾਤ ਸੀ
ਗੁਰਬਾਣੀ ਜੀਵਨ ਦੇ ਉਸ ਸੱਚ ਦੀ ਜੋ ਲੋਕਾਈ ਨੂੰ ਹਰ ਸਮੇਂ ਆਪਣੇ ਵੱਲ ਖਿੱਚ ਪਾ ਰਹੀ ਸੀ।
ਦਰਅਸਲ ਇਹੀ ਹੈ ਸਿੱਖ ਧਰਮ ਦਾ ਪਹਿਲਾ ਕਦਮ ਭਾਵ ਗੁਰਬਾਣੀ ਦਾ ਸੱਚ ਤੇ
ਗੁਰਬਾਣੀ ਦੇ ਪ੍ਰਕਾਸ਼ ਦਾ ਮੁਜਸਮਾ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” (ਚਲਦਾ) #੨੧੪ਸ੧੧.
੦੨ਸ੨੧੪#
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ
‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ
‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ
ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ
ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।