. |
|
ਸਿੱਖ ਧਰਮ ਦੇ ਚਾਰ ਕੱਦਮ
(ਭਾਗ
ਦੂਜਾ)
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ
ਮਿਸ਼ਨਰੀ ਲਹਿਰ 1956
(ਲੜੀ ਜੋੜਣ ਲਈ ਭਾਗ ਪਹਿਲਾ ਤੋਂ ਅੱਗੇ)
ਸਿੱਖ ਧਰਮ ਦਾ ਪਹਿਲਾ ਕਦਮ -
ਸਿੱਖ ਧਰਮ ਦੇ ਚਾਰ ਕੱਦਮ ਕਿਹੜੇ ਹਨ? ਇਸ ਬਾਰੇ ਇਸ ਗੁਰਮਤਿ ਪਾਠ ੨੧੪ ਦੇ ਪਹਿਲੇ ਭਾਗ ਦੇ ਅਰੰਭ `ਚ
ਸੰਖੇਪ ਅਤੇ ਇਸ ਪਾਠ ਸਬੰਧੀ ਅਰੰਭਕ ਵੇਰਵਾ ਵੀ ਦੇ ਚੁੱਕੇ ਹਾਂ। ਦੋਰਾਉਣਾ ਜ਼ਰੂਰੀ ਹੈ ਕਿ ਦਿੱਤੀ ਜਾ
ਚੁੱਕੀ ਵਿਚਾਰ ਦਾ ਨਿਚੋੜ, ਸਿੱਖ ਧਰਮ ਦਾ ਪਹਿਲਾ ਕਦਮ ਉਹ ਹੈ ਜਿੱਥੋਂ ਕਿ ਸਿੱਖ ਧਰਮ ਦਾ ਮੁੱਢ
ਬੱਝਦਾ ਹੈ। ਇਸ ਤਰ੍ਹਾਂ ਉਹ ਪਹਿਲਾ ਕਦਮ ਹੈ, ਸਿੱਖ ਵਿਚਾਰਧਾਰਾ, ਸਿੱਖੀ ਜੀਵਨ ਤੇ ਸਿੱਖ ਰਹਿਣੀ,
ਜਿਸ ਨੇ ਕੇਵਲ ਤੇ ਕੇਵਲ
‘ਗੁਰੂ ਮਾਨਿਯੋ ਗ੍ਰੰਥ’ ਅਨੁਸਾਰ ਗੁਰਬਾਣੀ ਦੇ
ਖਜ਼ਾਨੇ “ਸਾਹਿਬ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ” ਅੰਦਰੋਂ ਹੀ ਪ੍ਰਗਟ ਹੋਣਾ ਹੈ,
ਇਧਰੋਂ ਓਧਰੋਂ ਤੇ ਬਾਹਰੋਂ ਹੋਰ ਕਿਧਰੋਂ ਵੀ ਨਹੀਂ।
ਦੂਜੇ ਲਫ਼ਜ਼ਾਂ `ਚ ਨਿਰੋਲ
‘ਗੁਰਬਾਣੀ-ਗੁਰੂ’
“ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤੋਂ ਪ੍ਰਗਟ ਹੋਣ
ਵਾਲਾ ਗਿਆਨ ਹੀ ਸਿੱਖ ਧਰਮ ਤੇ ਸਿੱਖੀ ਜੀਵਲ ਲਈ ਪਹਿਲਾ ਕਦਮ ਤੇ ਸਿੱਖ ਧਰਮ ਦਾ ਮੁੱਢ ਹੈ। ਸਿੱਖ
ਧਰਮ ਦੀ ਸਦੀਵੀ ਸੰਭਾਲ ਤੇ ਇਸ ਸੱਚ ਧਰਮ ਦੇ ਪ੍ਰਸਾਰ ਲਈ, ਗੁਰੂ ਕੀਆਂ ਸਮੂਚੀਆਂ ਸੰਗਤਾਂ ਤੇ
ਵਿਸ਼ੇਸ਼ਕਰ ‘ਗੁਰੂ ਕੇ ਪੰਥ’ ਲਈ ਇਸ ਬਾਰੇ ਗੁਰਬਾਣੀ `ਚ `ਚ ਵੀ ਸਪਸ਼ਟ ਫ਼ੈਸਲਾ ਹੈ ਜਿਵੇਂ
“ਜੋਤਿ ਓਹਾ ਜੁਗਤਿ ਸਾਇ.” (ਪੰ: ੯੬੬) ਅਤੇ ਅਰਥ
ਹਨ ਕਿ ਗੁਰਬਾਣੀ ਦੇ ਖਜ਼ਾਨੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਰਾਹੀਂ ਪ੍ਰਗਟ ਆਤਮਕ ਤੇ
ਇਲਾਹੀ ਗਿਆਨ (ਜੋਤ)
ਤੇ ਗੁਰਬਾਣੀ ਗਿਆਨ `ਚੋਂ ਪ੍ਰਗਟ ਹੋਣ ਵਾਲੀ ਸਿੱਖ ਲਈ
ਜੀਵਨ ਜਾਚ (Way of Life)
(ਜੁਗਤ)
ਹੀ, ਸਿੱਖ ਦੇ ਜੀਵਨ ਲਈ ਸਦੀਵ ਕਾਲੀਨ ਹੈ। ਸਿੱਖੀ ਜੀਵਨ
ਲਈ ਇਹ ਦੋਵੇਂ ਅਬਦਲਵੇਂ ਹਨ। ਇਸ ਤਰ੍ਹਾਂ ਸਿੱਖੀ ਜੀਵਨ ਰਹਿਣੀ ਦੇ ਇਹਨਾ ਦੋਨਾਂ ਪੱਖਾਂ `ਚ ਕਦੇ ਵੀ
ਵਾਧਾ ਘਾਟਾ ਨਹੀਂ ਹੋ ਸਕਦਾ।
“ਜੋਤ” ਤੇ “ਜੁਗਤ” `ਚ ਵਾਧਾ ਘਾਟਾ ਕਿਉਂ ਨਹੀਂ? -
ਉਪ੍ਰੰਤ ਗੁਰਬਾਣੀ ਰਾਹੀਂ ਸਿੱਖੀ ਜੀਵਨ ਤੇ “ਗੁਰੂ ਕੇ ਪੰਥ” ਪ੍ਰਤੀ ਗੁਰਦੇਵ ਰਾਹੀਂ ਗੁਰਬਾਣੀ `ਚ
ਦਿੱਤੇ “ਜੋਤਿ ਓਹਾ ਜੁਗਤਿ
ਸਾਇ ….” (ਪੰ: ੯੬੬) ਵਾਲੇ ਫ਼ੈਸਲੇ ਨੂੰ ਕੁੱਝ
ਸੱਜਨ ਸੀਮਿਤ ਕਰ ਦਿੰਦੇ ਹਨ। ਉਹਨਾਂ ਅਨੁਸਾਰ ਇਹ ਪੰਕਤੀ ‘ਸਤਾ ਬਲਵੰਡ’ ਜੀ ਦੀ ਵਾਰ ਵਿਚੋਂ ਕੇਵਲ
ਦੂਜੇ ਪਾਤਸ਼ਾਹ ਨੂੰ ਗੁਰਗਦੀ ਸੌਂਪਣਾ ਨਾਲ ਸਬੰਧਤ ਇਤਿਹਾਸਕ ਪ੍ਰਮਾਣ ਹੈ, ਇਸ ਲਈ ਪੰਥ ਲਈ ਇਹ ਸਦੀਵ
ਕਾਲੀ ਗੁਰਮਤਿ ਸਿਧਾਂਤ ਨਹੀਂ। ਦਰਅਸਲ ਉਹਨਾਂ ਰਾਹੀਂ ਅਜਿਹਾ ਸੋਚਣਾ ਹੀ ਵੱਡੀ ਭੁੱਲ ਤੇ ਗੁਰਬਾਣੀ
ਸਿਧਾਂਤ ਵਿਰੁਧ ਹੈ। ਇਸੇ ਤਰ੍ਹਾਂ ਗੁਰਬਾਣੀ `ਚ ਬਾਬਰ ਦੇ ਹਮਲੇ ਨਾਲ ਸਬੰਧਤ ਵੀ ਚਾਰ ਸ਼ਬਦ ਆਏ ਹਨ।
ਉਹਨਾਂ ਸ਼ਬਦਾਂ ਅੰਦਰ ਬਹੁਤੇਰੇ ਗੁਰਮਤਿ ਸਿਧਾਂਤ ਵੀ ਆਏ ਹਨ। ਜਦਕਿ ਉਹਨਾਂ ਸ਼ਬਦਾਂ ਰਾਹੀਂ ਪ੍ਰਗਟਾਏ
ਗੁਰਮਤਿ ਸਿਧਾਂਤ, ਬਾਬਰ ਦੇ ਹਮਲੇ ਤੇ ਉਸ ਦੇ ਪ੍ਰਭਾਵ ਤੱਕ ਸੀਮਿਤ ਨਹੀਂ ਹਨ, ਉਹ ਵੀ ਸਰਬਕਾਲੀ ਹਨ।
ਇਸੇ ਤਰ੍ਹਾਂ ਗੁਰਬਾਣੀ `ਚ ਹੋਰ ਇਤਿਹਾਸਕ ਹਵਾਲੇ ਵੀ ਹਨ ਅਤੇ ਗੁਰਬਾਣੀ ਸਿਧਾਂਤ ਪੱਖੋਂ ਉਹਨਾਂ `ਚ
ਪ੍ਰਗਟਾਏ ਗੁਰਬਾਣੀ ਸਿਧਾਂਤ ਵੀ ਸਦੀਵਕਾਲੀ ਹਨ। ਉਪ੍ਰੰਤ ਉਹਨਾਂ `ਤੇ ਵੀ ਗੁਰਬਾਣੀ ਦਾ ਇਹੀ ਨਿਯਮ
ਲਾਗੂ ਹੁੰਦਾ ਹੈ। ਉਂਝ ਗੁਰਬਾਣੀ ਦਾ ਮੂਲ ਸਿਧਾਂਤ ਹੀ
“ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ
ਸਗਲ ਜਹਾਨੈ” (ਪੰ: ੬੪੭) ਵਾਲਾ ਹੈ।
“ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸੰਪੂਰਣਤਾ-
ਗੁਰਬਾਣੀ ਵਿਚੋਂ
‘ਜੋਤ’
ਤੇ
‘ਜੁਗਤ’
ਵਾਲੇ ਗੁਰਮਤਿ ਸਿਧਾਂਤ ਨੂੰ ਹੋਰ ਕਈ ਪੱਖਾਂ ਤੋਂ ਵੀ
ਘੋਖਿਆ ਤੇ ਵਾਚਿਆ ਜਾ ਸਕਦਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਹਿਲੇ ਜਾਮੇ ‘ਤੋਂ ਗੁਰਬਾਣੀ ਦੀ
ਰਚਨਾ ਤੇ ਉਸ ਦੇ ਸੰਕਲਣ ਦਾ ਕਾਰਜ ਆਰੰਭ ਕਰਕੇ, ਆਪਣੇ ਦਸਵੇਂ ਜਾਮੇ, ਕਲਗੀਧਰ ਜੀ ਦੇ ਰੂਪ `ਚ ਜਦੋਂ
“ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸੰਪੂਰਣਤਾ ਦਾ ਐਲਾਣ ਕੀਤਾ ਤਾਂ ਫ਼ਿਰ ਉਹ ਕੀ ਸੀ?
ਦਰਅਸਲ ਸੰਪੂਰਣਤਾ ਦਾ ਮਤਲਬ ਹੀ ਇੱਕੋ ਹੈ, ਉਹ ਇਹ ਕਿ ਗ੍ਰੁਰੂ ਕੀਆਂ ਸੰਗਤਾਂ, “ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ” ਤੋਂ ਬਾਹਿਰ ਕਿਸੇ ਹੋਰ ਗੁਰੂ ਦੀ ਭਾਲ `ਚ ਇਧਰ ਉਧਰ ਨਾ ਭਟਕਣ ਅਤੇ ਇਸੇ ਤੋਂ ਪ੍ਰਾਪਤ ‘ਜੋਤ’
ਤੇ ‘ਜੁਗਤ’
ਦੇ ਦਾਇਰੇ `ਚ ਰਹਿ ਕੇ ਹੀ ਆਪਣੇ ਜੀਵਨ ਦੀ ਤਿਆਰੀ
ਕਰਣ। ਜੇ ਕਰ ਅਜਿਹਾ ਨਹੀਂ ਅਤੇ ਜੇਕਰ ਸੰਗਤਾਂ ਨੇ ਫ਼ਿਰ ਵੀ ਬਚਿਤ੍ਰ ਨਾਟਕ, ਸਰਬਲੋਹ ਗ੍ਰੰਥ ਜਾਂ
ਇਧਰ ਉਧਰ ਦੇ ਗ੍ਰੰਥ ਹੀ ਢੂੰਡਣੇ ਹਨ। ਨਹੀਂ ਤਾਂ ਪਖੰਡੀਆਂ-ਦੰਭੀਆਂ ਦੇ ਚੱਕਰ ਹੀ ਕੱਟਣੇ ਹਨ ਤਾਂ
ਅਜਿਹੀਆਂ ਗੁਰੂ ਕੀਆਂ ਸੰਗਤਾਂ ਲਈ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਜੀ ਦੀ ਸੰਪੂਰਣਤਾ ਦਾ ਮਤਲਬ ਹੀ
ਕੀ ਰਹਿ ਜਾਂਦਾ ਹੈ? ਭਾਵ ਕੁੱਝ ਵੀ ਨਹੀਂ।
ਬਲਕਿ ਗੁਰਦੇਵ ਰਾਹੀਂ “ਗੁਰੂ ਗ੍ਰੰਥ ਸਾਹਿਬ ਜੀ” ਦੀ ਤਾਬਿਆ ਪੰਜ ਪਿਆਰਿਆਂ
ਨੂੰ ਖੜਾ ਕਰਕੇ
(ੳ) “ਗੁਰੂ ਗ੍ਰੰਥ ਸਾਹਿਬ
ਜੀ” ਦੇ ਚਰਨਾਂ `ਚ ਖੁਦ ਮੱਥਾ ਟੇਕਣਾ,
(ਅ) “ਗੁਰੂ ਗ੍ਰੰਥ ਸਾਹਿਬ
ਜੀ” ਨੂੰ ਗੁਰਗਦੀ ਸੌਪਣਾ,
(ੲ) ਪਹਿਲੇ ਜਾਮੇ ਤੋਂ
ਚਲਦੀ ਆ ਰਹੀ ਸਰੀਰਕ ਗੁਰੂ ਵਾਲੀ ਪ੍ਰੀਪਾਟੀ ਨੂੰ ਅਚਾਨਕ ਸਮਾਪਤ ਕਰ ਦੇਣਾ,
(ਸ) ਤਾਬਿਆ ਖੜੇ ਕੀਤੇ
ਪੰਜਾਂ ਪਿਆਰਿਆਂ ਦੇ ਰੂਪ `ਚ ਪੰਥ ਦੀ ਕਾਰਜ ਸੀਮਾਂ ਨੂੰ ਨੀਯਤ ਕਰਣਾ;
(ਹ) ਉਪ੍ਰੰਤ ਤਾਬਿਆ ਖੜੇ
ਕੀਤੇ ਗਏ ਪੰਜਾਂ ਪਿਆਰਿਆਂ ਦੇ ਰੂਪ `ਚ ਰੂਪ `ਚ ਪੰਥ ਦੀ ਕਾਰਜ ਸੀਮਾਂ ਪ੍ਰਤੀ (੧) ਪੂਜਾ ਅਕਾਲਪੁਰਖ
ਕੀ (੨) ਪਰਚਾ ਸ਼ਬਦ ਕਾ (੩) ਦੀਦਾਰ ਖਾਲਸੇ ਕਾ” ਵਾਲਾ ਪੰਥ ਨੂੰ ਆਦੇਸ਼।
ਜੇ ਕਰ ਫ਼ਿਰ ਵੀ ਗੁਰਬਾਣੀ ਸੀਮਾਂ ਤੋਂ ਬਾਹਿਰ ਜਾਣ ਦੀ ਗੁੰਜਾਇਸ਼ ਹੈ ਤਾਂ ਇਹ
ਸਭ ਕੀ ਸਨ?
ਵੇਰਵੇ ਤੋਂ ਸਪਸ਼ਟ ਹੈ ਕਿ
“ਜੋਤਿ ਓਹਾ ਜੁਗਤਿ ਸਾਇ ….”
(ਪੰ: ੯੬੬) ਸਿੱਖ ਦੀ ਰਹਿਣੀ ਪ੍ਰਤੀ
‘ਜੋਤ’
ਤੇ
‘ਜੁਗਤ’
ਵਾਲਾ ਗੁਰਮਤਿ ਸਿਧਾਂਤ, ਕੇਵਲ ਇਤਿਹਾਸਕ ਹਵਾਲੇ ਦੀ ਸੀਮਾਂ
ਤੱਕ ਨਹੀਂ ਸੀ। ਗੁਰਬਾਣੀ ਖਜ਼ਾਨੇ `ਚ ਪ੍ਰਗਟਾਏ ਹੋਰ ਬੇਅੰਤ ਗੁਰਮਤਿ ਸਿਧਾਂਤਾਂ ਵਾਂਗ ਇਹ ਗੁਰਮਤਿ
ਸਿਧਾਂਤ ਵੀ ਸਿੱਖ ਦੇ ਜੀਵਨ ਲਈ ਸਰਬਕਾਲੀ ਤੇ ਸਰਬਦੇਸ਼ੀ ਆਦੇਸ਼ ਹੈ। ਇਸ ਦਾ ਆਧਾਰ ਵੀ ਬਾਕੀ ਗੁਰਮਤਿ
ਸਿਧਾਂਤਾਂ ਵਾਂਗ “ਪਰਥਾਇ
ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ” (ਪੰ:
੬੪੭) ਹੀ ਹੈ ਅਤੇ ਇਸ ਸਚਾਈ ਨੂੰ ਸਮਝਦੇ ਦੇਰ ਨਹੀਂ ਲਗਣੀ ਚਾਹੀਦੀ।
ਇਸ ਦੇ ਬਾਵਜੂਦ, ਅੱਜ ਵੀ ਜੋ ਲੋਕ ਸਿੱਖ ਹੋਣ ਦੇ ਬਾਵਜੂਦ ‘ਗੁਰੂ” ਲਈ
“ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤੋਂ ਬਾਹਿਰ ਇਧਰ ਉਧਰ ਭਟਕਦੇ ਹਨ। ਸਹੀ ਅਰਥਾਂ `ਚ ਉਹ ਲੋਕ
ਆਪਣੇ ਜੀਵਨ ਦਾ ਨੁਕਸਾਨ ਅਤੇ ਆਪਣੇ ਜੀਵਨ ਨਾਲ ਖਿਲਵਾੜ ਕਰਣ ਦੇ ਜ਼ਿਮੇਂਵਾਰ ਵੀ ਆਪ ਹੀ ਹਨ। ਅਸਲ `ਚ
ਅਜਿਹੇ ਲੋਕ ਸਿੱਖ ਅਖਵਾ ਕੇ ਵੀ, ਸਿੱਖੀ ਜੀਵਨ ਤੋਂ ਭਟਕੇ ਹੋਏ, ਕੁਰਾਹੇ ਪਏ ਅਤੇ ਗੁਰਬਾਣੀ ਸੋਝੀ
ਤੋਂ ਅਨਜਾਣ ਹੁੰਦੇ ਹਨ।
ਇਸੇ ਕਾਰਨ ਅਜਿਹੇ ਲੋਕਾਂ ਦੀ ਸੋਚਣੀ-ਰਹਿਣੀ ਤੇ ਕਰਣੀ ਤੋਂ ਹੀ ਸਪਸ਼ਟ ਹੋ
ਰਿਹਾ ਹੁੰਦਾ ਹੈ ਕਿ ਉਹ ਲੋਕ “ਸਾਹਿਬ ਸ੍ਰੀ ਗੁਰੂ ਗ੍ਰੰਥ ਜੀ” ਦੇ ਚਰਨਾਂ `ਚ ਮੱਥਾ, ਕੇਵਲ
ਪ੍ਰਵਾਰਕ ਪ੍ਰੰਪਰਾ, ਦੇਖਾ-ਦੇਖੀ ਜਾਂ ਲੋਕਾਚਾਰੀ ਹੀ ਟੇਕ ਰਹੇ ਹੁੰਦੇ ਹਨ। ਜਦਕਿ ਅਜਿਹੇ ਸੱਜਨ, ਇਸ
ਗੱਲ ਤੋਂ ਪੂਰੀ ਤਰ੍ਹਾਂ ਅਨਜਾਣ ਹੁੰਦੇ ਹਨ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਮਨੁੱਖ ਨੂੰ
ਕਿਸ ‘ਜੋਤ’
ਤੇ
‘ਜੁਗਤ’
ਦੀ ਗੱਲ ਸਮਝਾ ਰਹੇ ਹਨ? ਕਿਸ ਵਿਸ਼ੇਸ਼ ਤੇ ਨਿਵੇਕਲੇ ਤੇ
ਨਿਆਰੇ ‘ਗੁਰੂ’
ਨਾਲ ਜੋੜ ਰਹੇ ਹਨ?
ਅਸਲ `ਚ ਅਜਿਹੇ ਸੱਜਨਾਂ ਦੇ ਮਨਾ `ਤੇ ਅਜੇ ਵੀ ਗੁਰੂ ਪਦ ਦੇ ਪੁਰਾਤਨ ਤੇ
ਪ੍ਰਚਲਤ ਅਰਥ ਹੀ ਭਾਰੂ ਹੁੰਦੇ ਹਨ ਜਾਂ ਉਹ ਸੱਜਨ ਅਜੇ ਵੀ ਕਿਸੇ ਸਰੀਰ ਨੂੰ ਹੀ ਗੁਰੂ ਮੰਨ ਤੇ ਸਮਝ
ਰਹੇ ਹੁੰਦੇ ਹਨ। ਗੁਰਬਾਣੀ ਅਨੁਸਾਰ ਪ੍ਰਗਟ’ ਗੁਰੂ ਪਦ’ ਵਾਲੀ ਉੱਚਤਾ, ਵਿਸ਼ੇਸ਼ਤਾ, ਨਿਵੇਕਲਾਪਣ,
ਵਿਲਖਣਤਾ ਤੇ ਨਿਆਰਾਪਣ ਕੀ ਹੈ? ਉਹਨਾਂ ਨੂੰ ਅਜੇ ਇਸ ਬਾਰੇ ਕੁੱਝ ਵੀ ਸਮਝ ਹੀ ਨਹੀਂ ਆਈ ਹੁੰਦੀ।
ਸਚਾਈ ਇਹ ਹੈ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤਾਂ ਸਿੱਖ ਨੂੰ
ਸਦੀਵਕਾਲੀ, ਸਦਾ ਥਿਰ ਤੇ ਜਨਮ-ਮਰਣ ਤੋਂ ਰਹਿਤ ਗੁਰੂ ਦੀ ਗੱਲ ਸਮਝਾ ਰਹੇ ਹਨ। ਇਥੇ ਉਸੇ ਗੁਰੂ ਲਈ
ਸਤਿਗੁਰੂ ਤੇ ਸ਼ਬਦ ਗੁਰੂ ਲਫ਼ਜ਼ ਵੀ ਆਇਆ ਹੈ। ਜਦਕਿ ‘ਸਤਿ’ ਦੇ ਅਰਥ ਹੀ ‘ਸਦਾ ਥਿਰ’ ਹਨ ਤੇ ‘ਸ਼ਬਦ’ ਵੀ
ਕਦੇ ਸਰੀਰ ਨਹੀਂ ਹੁੰਦਾ। ਇਥੇ ਤਾਂ ਉਸ ਗੁਰੂ ਦੀ ਗੱਲ ਹੈ ਜਿਸ ਨੂੰ “ਗੁਰੂ ਨਾਨਕ ਪਾਤਸ਼ਾਹ ਸਮੇਤ,
ਦਸੋਂ ਹੀ ਪਾਤਸ਼ਾਹੀਆਂ” ਨੇ ਵੀ ਆਪਣਾ ਗੁਰੂ ਦੱਸਿਆ ਹੈ। ਉਹ ਗੁਰੂ ਜੋ ਅਕਾਲਪੁਰਖ ਤੋਂ ਭਿੰਨ ਨਹੀਂ
ਬਲਕਿ ਪ੍ਰਭੂ-ਅਕਾਲਪੁਰਖ ਦਾ ਹੀ ਨਿਜ ਗੁਣ ਹੈ।
ਫ਼ਿਰ ਇਸ ਸੱਚ ਨੂੰ ਵੀ ਨੂੰ ਪਹਿਚਾਨਣ ਦੀ ਲੋੜ ਹੈ ਕਿ ਗੁਰਬਾਣੀ ਅਨੁਸਾਰ ਹੀ
ਪ੍ਰਗਟ ਇਹ ‘ਗੁਰੂ ਪਦ’ ਜੇ ਸੰਸਾਰਕ ਤੱਲ `ਤੇ ਵਰਤਿਆ ਜਾ ਸਕਦਾ ਹੈ ਤਾਂ ਉਹ ਕੇਵਲ ਤੇ ਕੇਵਲ ਦਸੋਂ
ਪਾਤਸ਼ਾਹੀਆਂ ਅਤੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤੱਕ ਹੀ ਸੀਮਿਤ ਹੈ ਇਸ ਤੋਂ ਬਾਹਿਰ
ਕਿਧਰੇ ਨਹੀਂ। ਗੁਰਬਾਣੀ ਰਾਹੀਂ ਪ੍ਰਗਟ ਇਹ ‘ਗੁਰੂ ਪਦ’ ਹੋਰ ਸੰਸਾਰਕ ਗੁਰੂਆਂ `ਤੇ ਉੱਕਾ ਲਾਗੂ
ਨਹੀਂ ਹੁੰਦਾ; ਪਰ ਅਜਿਹਾ ਕਿਉਂ?
ਇਸ ਸੱਚਾਈ ਤੱਕ ਪੁੱਜਣ ਲਈ ਵੀ ਇਸ ਪੱਖੋਂ ਗੁਰੂ ਪਦ ਨੂੰ ਗੁਰਬਾਣੀ ਦੀਆਂ
ਗਹਿਰਾਈਆਂ ਅਤੇ ਇਤਿਹਾਸਕ ਸਚਾਈਆਂ ਵਿਚੋਂ ਹੀ ਢੂੰਡਣਾ ਹੈ। ਉਂਝ ਇਸ ਪੂਰੇ ਵਿਸ਼ੇ ਨੂੰ ਵੀ ਅਸੀਂ
ਗੁਰਮਤਿ ਪਾਠ ੧੭੯ “ਗੁਰੁ ਨਾਨਕੁ ਜਿਨ ਸੁਣਿਆ ਪੇਖਿਆ. .” ਅਤੇ ਵਿਸ਼ੇ ਨਾਲ ਸਬੰਧਤ ਕੁੱਝ ਹੋਰ
ਗੁਰਮਤਿ ਪਾਠਾਂ `ਚ ਵੀ ਨਿਭਾਅ ਚੁੱਕੇ ਹਾਂ, ਸੰਗਤਾਂ ਉਹਨਾਂ ਪਾਠਾਂ ਦਾ ਲਾਭ ਲੈ ਸਕਦੀਆਂ ਹਨ।
“ਸਭਿ ਘਟ ਭੋਗਵੈ, ਅਲਿਪਤੁ ਰਹੈ” - ਉਂਝ
ਵਿਚਾਰਿਆ ਜਾਵੇ ਤਾਂ ਅਜਿਹੇ ਸੱਜਨਾਂ ਨੂੰ ਅਜੇ ਇਹੀ ਸਮਝ ਨਹੀਂ ਆਈ ਹੁੰਦੀ ਕਿ ਗੁਰਬਾਣੀ ਅਨੁਸਾਰ
ਅਕਾਲਪੁਰਖ ਦੀ ਹੋਂਦ ਹੈ ਕੀ? ਗੁਰਬਾਣੀ ਅਨੁਸਾਰ ਮਨੁੱਖ ਅਤੇ ਅਕਾਲਪ੍ਰੁਰਖ ਦਾ ਆਪਸੀ ਮਿਲਾਪ ਕਿੱਥੇ
ਹੈ? ਮਨੁੱਖ ਅਤੇ ਅਕਾਲਪੁਰਖ, ਦੋਨਾਂ ਵਿਚਕਾਰ, ਗੁਰਬਾਣੀ ਅਨੁਸਾਰ ਰਿਸ਼ਤਾ ਕੀ ਹੈ? ਉਪ੍ਰੰਤ ਇਹਨਾ
ਦੋਨਾਂ ਵਿਚਕਾਰ ਗੁਰਬਾਣੀ ਅਨੁਸਾਰ ਕਿਸ ਆਤਮਕ ਗਿਆਨ ਤੇ ਗੁਰੂ ਹਸਤੀ ਨੂੰ ਗੁਰੂ ਕਹਿ ਕੇ ਪ੍ਰਗਟ
ਕੀਤਾ ਹੈ? ਅਜਿਹਾ ਗੁਰੂ ਜੋ ਮਨੁੱਖ ਤੇ ਪ੍ਰਭੂ ਦਾ ਮਿਲਾਵਾ ਹੈ; ਅਜਿਹਾ ਗੁਰੂ, ਜਿਸ ਨੂੰ ਗੁਰਬਾਣੀ,
ਪ੍ਰਭੂ ਤੇ ਮਨੁੱਖ ਦੇ ਆਪਸੀ ਰਿਸ਼ਤੇ ਲਈ ਦੱਸ ਰਹੀ ਹੈ। ਦਰਅਸਲ ਉਹ ਗੁਰੂ ਵੀ ਅਕਾਲਪੁਰਖ ਦਾ ਹੀ ਨਿਜ
ਗੁਣ ਹੈ, ਅਕਾਲਪੁਰਖ ਤੋਂ ਭਿੰਨ ਨਹੀਂ। ਇਸ ਤਰ੍ਹਾਂ ਇਹ ਗੁਰੂ ਸੰਸਾਰਿਕ ਜਾਂ ਉਸ ਤਰ੍ਹਾਂ ਦਾ ਗੁਰੂ
ਨਹੀਂ, ਜਿਹੜੇ ਗੁਰੂ ਜਾਂ ਗੁਰੂਆਂ ਬਾਰੇ ਹਜ਼ਾਰਾਂ ਸਾਲਾਂ ਤੋਂ ਵਿਸ਼ਵਾਸ ਦਿੱਤੇ ਤੇ ਪ੍ਰਚਾਰਿਆ ਜਾ
ਰਿਹਾ ਹੈ।
ਫ਼ੁਰਮਾਨ ਹੈ
“ਸਭਿ ਘਟ ਭੋਗਵੈ ਅਲਿਪਤੁ ਰਹੈ,
ਅਲਖੁ ਨ ਲਖਣਾ ਜਾਈ” (ਪੰ: ੫੯੨) ਭਾਵ
ਅਕਾਲਪੁਰਖ, ਜੋਤ (ਨੂਰ, ਅਤਮਾ) ਰੂਪ ਹੋ ਕੇ ਸਾਰੇ ਜੀਵਾਂ ਅੰਦਰ ਵਿਆਪਕ ਹੈ। ਉਪ੍ਰੰਤ ਸਾਰਿਆਂ ਅੰਦਰ
ਵਸਦਾ ਹੋਇਆ ਵੀ, ਉਹ ਪ੍ਰਭੂ ਖੁਧ ਮਾਇਕ ਪ੍ਰਭਾਵਾਂ ਤੋਂ ਨਿਰਲੇਪ ਤੇ ਅਲਿਪਤ ਰਹਿੰਦਾ ਹੈ। ਦਰਅਸਲ
ਉਹੀ ਅਕਾਲਪੁਰਖ ਦੀ ਜੋਤ,
ਉਸੇ ਮਾਇਆ ਤੋਂ ਅਲਿਪਤ ਅਵਸਥਾ ਵਾਲੇ ਸ਼ੁਧ ਤੇ ਸੁਅਛ ਤੇ ਨਿਖਰੇ ਹੋਏ ਸਰੂਪ `ਚ
“ਜੋਤਿ ਰੂਪਿ ਹਰਿ ਆਪਿ, ਗੁਰੂ
ਨਾਨਕੁ ਕਹਾਯਉ” (ਪੰ: ੧੪੦੮) ਭਾਵ ਗੁਰੂ
ਨਾਨਕ ਪਾਤਸ਼ਾਹ ਦੇ ਰੂਪ `ਚ ਪ੍ਰਗਟ ਹੋਈ। ਇਥੇ ਤਾਂ ਪ੍ਰਭੂ ਦੇ ਉਸੇ ਨੂਰ ਤੇ ਜੋਤ ਦੀ ਗੱਲ ਹੈ,
ਜਿਹੜੀ ਸਾਰਿਆਂ ਅੰਦਰ ਹੈ। ਉਪ੍ਰੰਤ ਪ੍ਰਭੂ ਦੀ ਉਹੀ ਜੋਤ, ਉਹੀ ਅੰਸ਼ ਤੇ ਉਹੀ ਆਤਮਾ ਗੁਰੂ ਨਾਨਕ
ਪਾਤਸ਼ਾਹ ਅੰਦਰ ਵੀ ਹੈ; ਪਰ ਆਪਣੀ ਸੁਅਛ, ਸ਼ੁਧ ਤੇ ਮਾਇਆ ਤੋਂ ਨਿਰਲੇਪ ਅਵਸਥਾ `ਚ। ਇਸ ਤਰ੍ਹਾਂ ਇਹੀ
ਵੱਡਾ ਫ਼ਰਕ ਹੈ ਗੁਰੂ ਪਾਤਸ਼ਾਹੀਆਂ ਅਤੇ ਸਧਾਰਨ ਮਨੁੱਖ ਵਿਚਕਾਰ।
ਇਸ ਲਈ ਸਾਧਾਰਣ ਮਨੁੱਖ ਤਾਂ ਮਾਇਆ ਦੀ ਮੋਹ-ਮਮਤਾ ਤੇ ਪ੍ਰਭਾਵ `ਚ ਫ਼ਸਿਆ,
“ਆਪੀਨੈੑ ਭੋਗ ਭੋਗਿ ਕੈ” …
ਅੰਦਰ ਵੱਸ ਰਹੇ ਪ੍ਰਭੂ ਨੂੰ ਵੀ ਨਹੀਂ ਪਹਿਚਾਣਦਾ।
ਉਸ ਪ੍ਰਭੂ ਨੂੰ, ਜਿਸ ਦੀ ਸਰੀਰ ਅੰਦਰ ਹੋਂਦ ਕਾਰਨ ਹੀ, ਉਹ ਸੰਸਾਰ ਦੇ ਸਾਰੇ ਭੋਗ, ਭੋਗ ਰਿਹਾ ਹੈ।
ਉਪ੍ਰੰਤ ਅਚਾਨਕ “ਹੋਇ ਭਸਮੜਿ”
ਇੱਕ ਦਿਨ ਜਦੋਂ ਉਹ ਸਰੀਰ ਮਿੱਟੀ ਦਾ ਢੇਰ ਹੋ
ਜਾਂਦਾ ਹੈ ਤੇ ਅੰਦਰੋਂ “ਭਉਰੁ
ਸਿਧਾਇਆ” ਜੀਵ ਉਡਾਰੀ ਲਗਾ ਜਾਂਦਾ ਹੈ। ਤਾਂ
ਅਜਿਹਾ ਮਨੁੱਖ “ਵਡਾ ਹੋਆ
ਦੁਨੀਦਾਰ.” (ਪੰ: ੪੬੪) ਕੇਵਲ ਦੁਨੀਆਦਾਰੀ `ਚ
ਖਚਤ ਰਹਿ ਕੇ ਹੀ ਜੀਵਨ ਨੂੰ ਮੁਕਾਅ ਦਿੰਦਾ ਹੈ।
ਵਿਰਲੇ ਉਹ ਵੀ ਹੁੰਦੇ ਹਨ, ਜਿਹੜੇ ਸੰਸਾਰ `ਚ ਰਹਿੰਦੇ ਹੋਏ ਵੀ ਮਾਇਕ
ਪ੍ਰਭਾਵਾਂ ‘ਤੋਂ ਨਿਰਲੇਪ ਰਹਿੰਦੇ ਹਨ। ਇਸ ਤਰ੍ਹਾਂ ਅਜਿਹੇ ਗੁਰਮੁਖ ਪਿਆਰੇ ਜੀਉਂਦੇ ਜੀਅ, ਆਪਣੇ
ਅੰਦਰ ਵੱਸ ਰਹੀ, ਪ੍ਰਭੂ ਦੀ ਜੋਤ ਨਾਲ ਇੱਕ ਮਿਕ ਹੋ ਕੇ ਜੀਉਂਦੇ ਹਨ ਤੇ ਸਰੀਰ ਤਿਆਗਣ ਬਾਅਦ ਵੀ
ਪ੍ਰਭੂ `ਚ ਹੀ ਅਭੇਦ ਹੋ ਜਾਂਦੇ ਹਨ, ਮੁੜ ਜਨਮਾਂ, ਜੂਨਾਂ, ਗਰਭਾਂ `ਚ ਨਹੀਂ ਆਉਂਦੇ। ਅਜਿਹੇ ਪ੍ਰਭੂ
ਪਿਆਰੇ “ਕਹੈ ਨਾਨਕੁ, ਚਾਲ
ਭਗਤਾ ਜੁਗਹੁ ਜੁਗੁ ਨਿਰਾਲੀ” (ਪੰ: ੯੧੮) ਅਨੁਸਾਰ
ਸੰਸਾਰ `ਚ ਰਹਿੰਦੇ ਹੋਏ ਵੀ ਨਿਵੇਕਲਾ, ਸੰਤੋਖੀ, ਸਦਗੁਣਾਂ ਨਾਲ ਭਰਪੂਰ ਤੇ ਮਾਨਸਿਕ ਟਿਕਾਅ ਵਾਲਾ
ਜੀਵਨ ਬਤੀਤ ਕਰਦੇ ਹਨ।
“ਜੋਤਿ ਰੂਪਿ ਹਰਿ ਆਪਿ” -
ਦਿੱਤੇ ਵੇਰਵੇ ਅਨੁਸਾਰ, ਗੁਰੂ ਨਾਨਕ ਪਾਤਸ਼ਾਹ `ਤੇ ਜਨਮ
ਤੋਂ ਹੀ ਮੋਹ-ਮਾਇਆ ਦਾ ਲੇਸ਼ ਮਾਤ੍ਰ ਵੀ ਪ੍ਰਭਾਵ ਨਹੀਂ ਸੀ। ਉਪ੍ਰੰਤ ਉਹਨਾਂ ਦੇ ਜਾਨਸ਼ੀਨ ਨੌਂ ਗੁਰੂ
ਹਸਤੀਆਂ ਵੀ, ਮਨੁੱਖਾ ਜੂਨ `ਚ ਵੱਡੀ ਘਾਲਣਾ ਤੋਂ ਬਾਅਦ ਪ੍ਰਾਪਤ ਹੋਣ ਵਾਲੀ, ਜੀਵਨ ਦੀ ਸਫ਼ਲ ਅਵਸਥਾ
ਤੋਂ ਬਹੁਤ ਉਪਰ ਸਨ। ਮੂਲ ਰੂਪ `ਚ ਉਹ ਵੀ ਜਨਮ ਤੋਂ ਹੀ ਪ੍ਰਭੂ ਦੀ ਉਸੇ ਨਿਰਮਲ ਜੋਤ ਦਾ ਪ੍ਰਗਟਾਵਾ
ਸਨ। ਇਸੇ ਕਾਰਨ ਬਾਕੀ ਗੁਰੂ ਵਿਅਕਤੀ ਵੀ ਜਿਉਂ ਜਿਉਂ ਆਪਣੀ ਜ਼ਿਮੇਂਵਾਰੀ ਸੰਭਾਲਦੇ ਰਹੇ ਤਾਂ
ਸਮੇਂ-ਸਮੇਂ ਨਾਲ ਉਹਨਾਂ ਅੰਦਰੋਂ ਵੀ ਪ੍ਰਭੂ ਦੀ ਉਹੀ ਨਿਰਮਲ ਜੋਤ ਲੜੀ ਵਾਰ ਪ੍ਰਗਟ ਹੁੰਦੀ ਰਹੀ।
ਉਸੇ ਤਰ੍ਹਾਂ ਜਿਵੇਂ ਕਿ ਗੁਰੂ ਨਾਨਕ ਪਾਤਸ਼ਾਹ ਅੰਦਰ ਸੀ। ਇਸੇ ਲਈ ਇਹ ਸਾਰਾ ਕਾਰਜ ਵੀ ਪਹਿਲੇ ਤੋਂ
ਦਸਵੇਂ ਪਾਤਸ਼ਾਹ ਤੱਕ ਇੱਕੋ ਲੜੀ `ਚ ਰਿਹਾ ਤੇ ਸੰਪੂਰਣ ਵੀ ਹੋਇਆ।
ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਤੇ ਉਹਨਾਂ ਦੇ ਜਾਨਸ਼ੀਨਾ ਦੇ ਸਰੀਰ ਵੀ
ਭਾਵੇਂ ਸੰਸਾਰਕ ਤੇ ਸਾਧਾਰਨ ਮਨੁੱਖਾਂ ਵਾਲੇ ਸਨ।
“ਸਭਿ ਘਟ ਆਪੇ ਭੋਗਵੈ ਪਿਆਰਾ,
ਵਿਚਿ ਨਾਰੀ ਪੁਰਖ ਸਭੁ ਸੋਇ॥ ਨਾਨਕ ਗੁਪਤੁ ਵਰਤਦਾ ਪਿਆਰਾ, ਗੁਰਮੁਖਿ ਪਰਗਟੁ ਹੋਇ”
(ਪੰ: ੬੦੫) ਅਤੇ
“ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ
ਦੈ ਚਾਨਣਿ, ਸਭ ਮਹਿ ਚਾਨਣੁ ਹੋਇ” (ਪੰ: ੧੩)
“ਅਨੁਸਾਰ ਉਂਝ ਉਹਨਾਂ ਅੰਦਰ ਵੀ ਪ੍ਰਭੂ ਦੀ ਉਹੀ ਜੋਤ ਸੀ ਜੋ ਸਾਰੇ ਜੀਵਾਂ ਅੰਦਰ ਹੁੰਦੀ ਹੈ ਅਤੇ
ਉਸੇ ਜੋਤ ਤੋਂ ਹੀ ਸਾਡੇ ਸਰੀਰਾਂ ਅੰਦਰ ਵੀ ਜੀਵਨ ਰੋਹ ਚਲ ਰਹੀ ਹੁੰਦੀ ਹੈ।
ਉਪ੍ਰੰਤ ਅਕਾਲਪੁਰਖ ਦਾ ਉਹੀ ਨੂਰ, ਆਤਮਾ ਤੇ ਜੋਤ ਆਪਣੇ ਸ਼ੁਧ ਤੇ ਨਿਰੋਏ,
ਮਾਇਆ ਤੋਂ ਨਿਰਲੇਪ ਰੂਪ `ਚ, ਕ੍ਰਮਵਾਰ ਦਸ ਜਾਮੇ ਧਾਰਨ ਕਰਣ ਉਪ੍ਰੰਤ “ਸਾਹਿਬ ਸ੍ਰੀ ਗੁਰੂ ਗ੍ਰੰਥ
ਜੀ” ਰਾਹੀਂ ਅੱਖਰ ਰੂਪ, ਸਦੀਵ ਕਾਲ ਲਈ, ਮਨੁੱਖ ਮਾਤ੍ਰ ਦੇ ਕਲਿਆਣ ਲਈ ਸੰਸਾਰ `ਚ ਪ੍ਰਗਟ ਕਰ
ਦਿੱਤਾ। ਸਪਸ਼ਟ ਹੈ ਕਿ ਇਸੇ ਲਈ ਗੁਰਦੇਵ ਨੇ “ਸਾਹਿਬ ਸ੍ਰੀ ਗੁਰੂ ਗ੍ਰੰਥ ਜੀ” ਦੀ ਸੰਪੂਰਣਤਾ ਤੇ
ਉਹਨਾਂ ਨੂੰ ਗੁਰਗੱਦੀ ਵਾਲੇ ਐਲਾਨ ਦੇ ਨਾਲ ਹੀ ਦਸ ਜਾਮਿਆਂ ਤੱਕ ਚਲਦੀ ਆ ਰਹੀ ‘ਗੁਰੂ’ ਪਦ ਵਾਲੀ
ਸਰੀਰਕ ਪ੍ਰਥਾ ਨੂੰ ਵੀ ਹਮੇਸ਼ਾਂ-ਹਮੇਸ਼ਾਂ ਲਈ ਸਮਾਪਤ ਕਰ ਦਿੱਤਾ।
ਦਰਅਸਲ ਸਿੱਖ ਧਰਮ ਤੇ ਸਿੱਖੀ ਜੀਵਨ ਵੱਲ ਅੱਗੇ ਵਧਣ ਲਈ
“ਜੋਤਿ ਓਹਾ ਜੁਗਤਿ ਸਾਇ. .”
(ਪੰ: ੯੬੬) ਅਨੁਸਾਰ “ਸਾਹਿਬ ਸ੍ਰੀ ਗੁਰੂ ਗ੍ਰੰਥ ਜੀ” ਦੀ ਸਿੱਖਿਆ ਹੀ,
ਸਿੱਖ ਧਰਮ ਦਾ ਪਹਿਲਾ ਕਦਮ ਹੈ।
ਇਸ ਤਰ੍ਹਾਂ “ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ” ਤੋਂ ਪ੍ਰਗਟ ਹੋਣ ਵਾਲੀ ਨਰੋਈ, ਨਿਰਾਲੀ ਤੇ ਨਿਵੇਕਲੀ ਵਿਚਾਰਧਾਰਾ ਹੀ ਸਿੱਖ ਧਰਮ ਦੀ
ਬੁਨਿਆਦ, ਮੁੱਢ ਤੇ ਨੀਂਵ ਹੈ। ਇਸੇ ਉਪਰ ਸਿੱਖ ਧਰਮ ਦੀ ਪੂਰੀ ਇਮਾਰਤ ਖੜੀ ਹੈ। ਇਸ ਲਈ ਇਸ ਗੁਰਬਾਣੀ
ਵਾਲੀ ਵਿਚਾਰਧਾਰਾ ਤੋਂ ਜੀਵਨ ਕਰਕੇ ਖਿਸਕਿਆ ਮਨੁੱਖ, ਆਪਣੇ ਜੀਵਨ ਨਾਲ ਤਾਂ ਅਨਿਯਾਯ ਕਰਦਾ ਹੀ ਹੈ
ਉਪ੍ਰੰਤ ਗੁਰੂ ਨਾਨਕ ਪਾਤਸ਼ਾਹ ਤੁ ਗੁਰਬਾਣੀ ਦਾ ਸਿੱਖ ਨਹੀਂ ਰਹਿ ਜਾਂਦਾ। ਹਾਂ, ਸਰੂਪ ਕਰਕੇ ਬੇਸ਼ੱਕ
ਸੰਸਾਰ `ਚ ਭਾਵੇਂ ਫ਼ਿਰ ਵੀ ਸਿੱਖ ਹੀ ਅਖਵਾਉਂਦਾ ਹੈ।
ਉਪ੍ਰੰਤ ਪੰਜ ਕਕਾਰਾਂ ਵਿਚੋਂ ਸਿੱਖ ਦੀ ਕਲਾਈ `ਚ ਪਿਆ ਕੜਾ ਵੀ ਸਿੱਖ ਲਈ ਹਰ
ਸਮੇਂ ਇਹੀ ਚੇਤਾਵਨੀ ਹੈ ਕਿ ਸਿੱਖ ਨੇ ਕੜੇ ਦੀ ਗੋਲਾਈ ਵਾਂਗ, ਸਦਾ ਗੁਰਬਾਣੀ ਸਿਖਿਆ ਦੇ ਦਾਇਰੇ `ਚ
ਰਹਿ ਕੇ ਹੀ ਜੀਵਨ ਬਤੀਤ ਕਰਣਾ ਹੈ, ਇਸ ਤੋਂ ਬਾਹਿਰ ਹੋ ਕੇ ਨਹੀਂ। ਜਦਕਿ ਕਿਸੇ ਗ਼ੈਰ ਸਿੱਖ ਦੀ ਕਲਾਈ
`ਚ ਪਿਆ ਹੋਇਆ ਇਹੀ ਕੜਾ, ਉਸ ਦੇ ਮਨ `ਚ ਸਿੱਖੀ ਪਿਆਰ ਤੇ ਸਿੱਖ ਧਰਮ ਲਈ ਉਸ ਦੇ ਸਤਿਕਾਰ ਦਾ ਸੂਚਕ
ਵੀ ਹੋ ਸਕਦਾ ਹੈ। ਇਹੀ ਹੈ ਗੁਰਬਾਣੀ
‘ਜੋਤ’
ਤੇ
‘ਜੁਗਤ’
ਦਾ ਸੁਮੇਲ।
(੨) ਸਿੱਖ ਧਰਮ ਦਾ ਦੂਜਾ ਕਦਮ-
ਗੁਰਬਾਣੀ ਵਿਚਾਰਧਾਰਾ ਤੋਂ ਤਿਆਰ ਹੋਇਆ ਇਲਾਹੀ ਗੁਣਾਂ ਨਾਲ ਉਤ-ਪ੍ਰੋਤ ਜੀਵਨ ਹੀ ਸਿੱਖ ਧਰਮ ਦਾ
ਦੂਜਾ ਕਦਮ
ਹੈ। ਦਰਅਸਲ ਗੁਰਬਾਣੀ, ਸਿੱਖੀ ਜੀਵਨ ਲਈ, ਸਿੱਖ ਜੀਵਨ ਦੇ
ਸਿਧਾਂਤ ਹਨ ਅਤੇ ਸਿੱਖੀ, ਉਹਨਾਂ ਸਿਧਾਂਤਾਂ ਅਨੁਸਾਰ ਚੱਲ ਰਿਹਾ ਜੀਵਨ। ਜੇ ਕਰ ਸੱਚਮੁਚ ਹੀ ਸਿੱਖ
ਦਾ ਜੀਵਨ ਸਿੱਖੀ ਸਿਧਾਂਤਾਂ ਅਤੇ ਗੁਰਬਾਣੀ `ਤੇ ਆਧਾਰਿਤ ਹੋਵੇ ਤਾਂ ਸਮਾਜਕ ਤੇ ਸੰਸਾਰਿਕ ਤੌਰ `ਤੇ
ਉਸ ਦਾ ਪ੍ਰਗਟਾਵਾ ਵੀ ਆਪਣੇ ਆਪ ਹੁੰਦਾ ਹੈ, ਇਸ ਦੇ ਲਈ ਉਸ ਨੂੰ ਕਿਸੇ ਵਾਧੂ ਸੰਤਾ, ਸਾਧਾ, ਭਗਤਾਂ
ਆਦਿ ਵਾਲੇ ਭੇਖਾਂ ਦੀ ਲੋੜ ਵੀ ਨਹੀਂ ਰਹਿ ਜਾਂਦੀ। ਜਦਕਿ ਅਜਿਹੇ ਸਿੱਖੀ ਜੀਵਨ ਦੇ ਪ੍ਰਗਟਾਵੇ ਦੀ
ਝਲਕ ਅਸੀਂ ਇਸੇ ਗੁਰਮਤਿ ਪਾਠ ਦੇ ਪਹਿਲੇ ਭਾਗ ਦੇ ਅਰੰਭ `ਚ ਵੀ ਦੇਖ ਚੁੱਕੇ ਹਾਂ।
ਇਹ ਵੀ ਦੇਖ ਚੁੱਕੇ ਹਾਂ ਕਿ ਗੁਰਬਾਣੀ ਆਧਾਰਿਤ ਸਿੱਖ ਧਰਮ ਉਸ ਇਲਾਹੀ ਤੇ
ਇਕੋ ਇੱਕ ਆਦਿ ਜੁਗਦੀ ਸੱਚ ਧਰਮ ਦਾ ਹੀ ਪ੍ਰਗਟਾਵਾ ਹੈ, ਜੋ ਮਨੁੱਖ ਦਾ ਮੂਲ ਧਰਮ ਹੈ। ਇਹੀ ਕਾਰਨ ਹੈ
ਕਿ ਗੁਰੂ ਕਾਲ `ਚ ਹੀ ਇਸ ਸੱਚ ਧਰਮ ਦਾ ਇਤਨੀ ਤੇਜ਼ੀ ਨਾਲ ਫ਼ੈਲਾਅ ਹੋਇਆ ਕਿ ਦੇਸ਼ਾਂ-ਵਿਦੇਸ਼ਾਂ `ਚ
ਸਿੱਖ ਨੇ ਆਪਣੀ ਜਗ੍ਹਾ ਬਨਾ ਲਈ। ਕੁੱਝ ਸਦੀਆਂ ਦੇ ਇਤਿਹਾਸ `ਚ ਹੀ ਸੰਸਾਰ ਤੱਲ `ਤੇ, ਗੁਰਬਾਣੀ ਦੀ
ਵਿਚਾਰਧਾਰਾ ਤੋਂ ਕੁਰਬਾਨ ਹੋਣ ਵਾਲੇ ਨਲਕਿ ਸ਼ਹੀਦੀਆਂ ਤੱਕ ਪਾਉਣ ਵਾਲੇ, ਲਖਾਂ ਨਹੀਂ ਕਰੋੜਾਂ ਦੀ
ਗਿਣਤੀ `ਚ, ਇਸ ਸ਼ਮਾਂ ਦੇ ਪ੍ਰਵਾਣੇ ਪੈਦਾ ਹੋ ਗਏ। ਕੁੱਝ ਹੀ ਸਮੇਂ `ਚ ਇਸ ਧਰਮ ਦੀ ਹੋਂਦ, ਸਰੇ
ਸੰਸਾਰ `ਚ ਪ੍ਰਗਟ ਹੋ ਗਈ। ਇਸ ਦੇ ਸੰਪੂਰਣ ਕੇਸਾਧਾਰੀ ਤੇ ਦਸਤਾਰਧਾਰੀ ਸਿੱਖੀ ਸਰੂਪ ਦਾ ਪ੍ਰਭਾਵ ਤੇ
ਇਸ ਧਰਮ ਅੰਦਰੋਂ ਇਲਾਹੀ ਗੁਣਾਂ ਦੀ ਖੁਸ਼ਬੂ ਨੇ ਸੰਸਾਰ ਭਰ `ਤੇ ਆਪਣੀ ਛਾਪ ਕਾਇਮ ਕਰ ਲਈ।
ਸਰਸਾ
ਨਦੀ
ਦਾ
ਵਿਛੋੜਾ
ਤੇ
ਚਾਲੀ
ਮੁਕਤੇ-ਚਲਦੇ
ਵਿਸ਼ੇ ਦੀ ਸਬੰਧ `ਚ ਇਥੇ ਇੱਕ ਹੋਰ ਇਤਿਹਾਸਕ ਘਟਨਾ ਦਾ ਜ਼ਿਕਰ ਕਰਾਂਗੇ। ਸੰਨ ੧੭੦੪ ਦਿਸੰਬਰ ਮਹੀਨੇ
ਦੀ ਠੰਡੀ ਕਾਲੀ ਰਾਤ। ਗੁਰਦੇਵ ਨੇ ਅਨੰਦ ਪੁਰ ਸਾਹਿਬ ਦਾ ਕਿਲਾ ਖਾਲੀ ਕਰ ਦਿੱਤਾ। ਉਪ੍ਰੰਤ ਸਰਸਾ
ਨਦੀ `ਤੇ ਭਿਆਨਕ ਜੰਗ ਹੋਈ। ਇਸ ਜੰਗ `ਚ ਬੇਸ਼ੱਕ ਵੈਰੀ ਦੀਆਂ ਫ਼ੌਜਾਂ ਦਾ ਵੀ ਭਾਰੀ ਜਾਨੀ ਨੁਕਸਾਨ
ਹੋਇਆ। ਜਦਕਿ ਇਧਰ ਗੁਰਦੇਵ ਦਾ ਪ੍ਰਵਾਰ ਵੀ ਤਿੰਨ ਭਾਗਾਂ `ਚ ਵੰਡਿਆ ਗਿਆ। ਸਿੰਘਾਂ ਵਿਚੋਂ ਵੀ ਬਹੁਤ
ਸਾਰੇ ਸ਼ਹੀਦ ਹੋ ਗਏ ਤੇ ਬਹੁਤੇ ਸਰਸਾ ਨਦੀ ਦੇ ਠੰਡੇ ਪਾਣੀ ਦੀ ਵੀ ਭੇਂਟ ਹੋ ਗਏ। ੪੦ ਸਿੰਘ ਗੁਰਦੇਵ
ਦੇ ਨਾਲ ਸਰਸਾ ਨਦੀ ਨੂੰ ਪਾਰ ਕਰਕੇ ਚਮਕੌਰ ਦੀ ਗੜ੍ਹੀ `ਚ ਫ਼ਿਰ ਤੋਂ ਮੋਰਚਾਬੰਦ ਹੋਏ। ਇਸ ਤਰ੍ਹਾਂ
ਸਰਸਾ ਨਦੀ `ਚ ਬਹਿ ਚੁੱਕੇ ਸਿੰਘਾਂ ਵਿਚੋਂ ਕੁੱਝ ਅੱਗੇ ਜਾ ਕੇ ਸੰਭਲ ਤਾਂ ਗਏ, ਪਰ ਜਦੋਂ ਤੱਕ ਹੋਸ਼
`ਚ ਆਏ ਤਾਂ ਖ਼ਬਰਾਂ ਸਨ ਕਿ ਗੁਰਦੇਵ ਚਮਕੌਰ ਦੀ ਗੜ੍ਹੀ `ਚ ਸ਼ਹੀਦ ਹੋ ਚੁੱਕੇ ਹਨ। ਇਸ ਤਰ੍ਹਾਂ
ਗੁਰਦੇਵ ਤੋਂ ਵਿਛੜ ਚੁੱਕੇ ਸਿੰਘ ਕਰਦੇ ਵੀ ਕੀ? ਉਦੋਂ ਅੱਜ ਵਾਲੇ ਸਾਧਨ ਵੀ ਨਹੀਂ ਸਨ। ਆਖ਼ਿਰ ਇਹ
ਸਿੰਘ ਮਾਲਵੇ-ਮਾਝੇ ਵੱਲ ਆਪਣੇ ਘਰਾਂ ਨੂੰ ਪਰਤਣ ਲਈ ਮਜਬੂਰ ਹੋ ਗਏ।
ਇਹ ਵੱਖਰੀ ਗੱਲ ਹੈ ਕਿ ਉਥੇ ਚਮਕੌਰ ਦੀ ਗੜ੍ਹੀ `ਚ ਸ਼ਹੀਦ ਹੋਣ ਵਾਲੇ,
ਕਲਗੀਧਰ ਜੀ ਦੇ ਬਾਣੇ `ਚ ਭਾਈ ਸੰਗਤ ਸਿੰਘ ਸਨ। ਗੁਰਦੇਵ ਉਥੋਂ ਵੀ ਵੈਰੀਆਂ ਦੇ ਮੂੰਹ `ਤੇ ਕਾਲਖ
ਪੋਤ ਕੇ, ਮਾਛੀਵਾੜੇ ਦੇ ਜੰਗਲ `ਚ ਪਹੁੰਚ ਚੁੱਕੇ ਸਨ। ਦਰਅਸਲ ਅਰੰਭ ਤੋਂ ਹੁਣ ਤੱਕ ਵੈਰੀਆਂ ਦਾ ਇੱਕ
ਹੀ ਨਿਸ਼ਾਨਾ ਸੀ ਕਿ ਗੁਰਦੇਵ ਨੂੰ ਜੀਵਤ ਜਾਂ ਸ਼ਹੀਦ ਪਕੜਣਾ। ਵੈਰੀ ਨੇ ਇਸ ਪੱਖੋਂ ਇਥੇ ਵੀ ਮੂੰਹ ਦੀ
ਖਾਧੀ। ਇਸ ਇਤਿਹਾਸਕ ਘਟਨਾ ਦਾ ਵਿਸ਼ੇਸ਼ ਪੱਖ ਹੋਰ ਵੀ ਹੈ ਜੋ ਵੱਡਾ ਹੈਰਾਣਕੁਣ ਤੇ ਸਿਖਾਂ ਵੱਲੋਂ
ਗੁਰੂ ਤੋਂ ਵਾਰੇ ਵਾਰੇ ਜਾਣ ਦੀ ਆਪਣੀ ਮਿਸਾਲ ਆਪ ਹੈ। ਉਹਨਾਂ ਵਿਛੜੇ ਸਿੰਘਾਂ ਤੱਕ ਜਦੋਂ ਇਹ ਖ਼ਬਰਾਂ
ਪੁਜੀਆਂ ਕਿ ਗੁਰਦੇਵ, ਚਮਕੌਰ ਦੀ ਗੜ੍ਹੀ `ਚ ਸ਼ਹੀਦ ਨਹੀਂ ਹੋਏ, ਉਹ ਗੁਰਦੇਵ ਨਾਲ ਮਿਲਾਪ ਲਈ ਬੇਚੈਨ
ਹੋ ਉੱਠੇ। ਕਿਉਂਕਿ ਖ਼ਬਰਾਂ ਇਹ ਵੀ ਸਨ ਕਿ ਗੁਰਦੇਵ ਦੇ ਪਿਛੇ ਅਜੇ ਵੀ ਵੈਰੀ ਦੀਆਂ ਫ਼ੌਜਾਂ ਲਗੀਆਂ
ਹੋਈਆਂ ਹਨ।
ਵਿਚਾਰਨ ਦਾ ਵਿਸ਼ਾ ਹੈ, ਛੇ ਮਹੀਨੇ ਤੱਕ ਅਨੰਦਪੁਰ ਸਾਹਿਬ ਦੇ ਘੇਰੇ `ਚ ਕਈ
ਦਿਨ ਭੁਖੇ-ਤਿਹਾਏ, ਉਪ੍ਰੰਤ ਸਰਸਾ ਦੀ ਜੰਗ ਸਮੇਂ ਵੀ ਗੁਰਦੇਵ ਦੇ ਨਾਲ ਸਨ। ਇਹ ਚਾਹੁੰਦੇ ਤਾਂ ਆਰਾਮ
ਨਾਲ ਆਪਣੇ ਘਰਾਂ `ਚ ਪੁਜਣ ਤੋਂ ਬਾਅਦ ਸੁੱਖ-ਆਰਾਮ ਦੀ ਜ਼ਿੰਦਗੀ ਬਤੀਤ ਕਰਦੇ। ਉਹਨਾਂ ਕੋਲ ਤਾਂ ਵਾਪਸ
ਆਉਣ ਤੇ ਜੂਝਣ ਲਈ, ਗੁਰਦੇਵ ਦਾ ਕੋਈ ਹੁਕਮਨਾਮਾ ਵੀ ਨਹੀਂ ਸੀ ਤੇ ਨਾ ਹੀ ਉਹਨਾਂ ਨੂੰ ਅਜਿਹੀ ਕੋਈ
ਮਜਬੂਰੀ ਹੀ ਸੀ। ਫ਼ਿਰ ਵੀ ਉਹਨਾਂ ਨੂੰ ਚਿੰਤਾ ਸੀ ਕਿ ਉਹ ਤਾਂ ਆਰਾਮ ਨਾਲ ਆਪਣੇ ਘਰਾਂ-ਪ੍ਰਵਾਰਾਂ `ਚ
ਪੁੱਜੇ ਹੋਏ ਹਨ, ਜਦਕਿ ਉਹਨਾਂ ਦੇ ਦਿਲਾਂ ਦੇ ਸਾਈਂ ਗੁਰਦੇਵ ਪਿੱਛੇ ਦਿਨ-ਰਾਤ, ਵੈਰੀ ਦਲ ਹੈ। ਫ਼ਿਰ
ਇਹ ਵੀ ਨਹੀਂ ਸੀ ਪਤਾ ਕਿ ਇਸ ਸਮੇਂ ਗੁਰਦੇਵ ਹੈਣ ਕਿੱਥੇ? ਘਰਾਂ ਤੋਂ ਚਲਣ ਬਾਅਦ ਉਹਨਾਂ ਨਾਲ ਮਿਲਾਪ
ਹੋਵੇਗਾ ਵੀ ਕਿ ਨਹੀਂ? ਉਪ੍ਰੰਤ, ਜੇ ਮਿਲਾਪ ਹੋਵੇਗਾ ਵੀ ਤਾਂ ਉਹ ਕਿਹੜੇ ਹਾਲਾਤ `ਚ ਹੋਵੇਗਾ? ਇਸ
ਤਰ੍ਹਾਂ ਉਸ ਸਮੇਂ ਉਹਨਾਂ ਦੇ ਮਨਾਂ `ਚ ਕਈ ਸੁਆਲ ਹੋ ਸਕਦੇ ਹਨ। ਸਿੰਘਾਂ ਹੀ ਨਹੀਂ ਬਲਕਿ ਹੁਣ ਤਾਂ
ਬੀਬੀਆਂ ਵੀ ਸਨ ਜੋ ਫ਼ਿਰ ਤੋਂ ਆਪਣੇ ਘਰਾਂ ਤੋਂ, ਆਪਣੇ ਮਾਹੀ ਦੇ ਦੀਦਾਰ ਤੇ ਉਸ ਦੇ ਚਰਨਾਂ `ਚ ਸ਼ਹੀਦ
ਹੋਣ ਲਈ ਚੱਲੇ, ਸਿੰਘਾਂ ਦੇ ਇਸ ਜੱਥੇ `ਚ ਸ਼ਾਮਲ ਹੋ ਗਈਆਂ। ਜਦਕਿ ਅਜਿਹੇ ਬਿਖੜੇ ਤੇ ਜੰਗਾਂ-ਜੁਧਾਂ
ਵਾਲੇ ਹਾਲਾਤ `ਚ, ਜਦੋਂ ਆਰਾਮ ਤਾਂ ਦੂਰ, ਜੀਉਂਦੇ ਜੀਅ ਵਾਪਸ ਮੁੜਣ ਦੀ ਵੀ ਉਮੀਦ ਨਹੀਂ ਸੀ।
ਇਸ ਨਵੇਂ ਜੱਥੇ `ਚ ਬੀਬੀਆਂ ਦੀ ਕਮਾਨ ਮਾਈ ਭਾਗ ਕੌਰ ਕੋਲ ਅਤੇ ਸਿੰਘ, ਭਾਈ
ਮਹਾ ਸਿੰਘ ਦੀ ਕਮਾਨ `ਚ ਸਨ। ਇਸ ਜੱਥੇ ਦਾ ਰਾਮਿਆਣੇ ਦੇ ਸਥਾਨ `ਤੇ ਗੁਰਦੇਵ ਨਾਲ ਮਿਲਾਪ ਹੋਇਆ।
ਉਪ੍ਰੰਤ ਖ਼ਦਰਾਣੇ ਦੀ ਢਾਬ `ਤੇ (ਮੌਜੂਦਾ ਮੁਕਤਸਰ ਸਾਹਿਬ) ਇਹਨਾ ਨੇ ਗੁਰਦੇਵ ਤੋਂ ਅੱਗੇ ਹੋ ਕੇ
ਮੌਰਚੇ ਨੂੰ ਸੰਭਾਲਿਆ ਤੇ ਸ਼ਹੀਦੀਆਂ ਨੂੰ ਪ੍ਰਾਪਤ ਹੋਏ। ਯੁਧ ਦੀ ਕਮਾਨ ਗੁਰਦੇਵ ਕੋਲ ਹੀ ਸੀ ਅਤੇ
ਜਿੱਤ ਵੀ ਗੁਰਦੇਵ ਦੀ ਹੀ ਹੋਈ। ਯੁਧ ਤੋਂ ਬਾਅਦ ਗੁਰਦੇਵ ਢਾਬ ਤੋਂ ਹੇਠਾਂ ਉਤਰੇ ਤੇ ਇੱਕ ਇੱਕ ਸ਼ਹੀਦ
ਨੂੰ ਪਿਆਰਿਆ ਤੇ “ਇਹ ਮੇਰਾ ਪੰਜ ਹਜ਼ਾਰੀ” “ਇਹ ਮੇਰਾ ਦਸ ਹਜ਼ਾਰੀ” ਵਾਲੇ ਖਿਤਾਬਾਂ ਨਾਲ ਨਿਵਾਜਿਆ।
ਧਰਤੀ ਨੂੰ ਮੁਕਤਸਰ ਦਾ ਨਾਮ ਬਖ਼ਸ਼ਿਆ। ਇਹਨਾ `ਚੋਂ ਭਾਈ ਮਹਾਂ ਸਿੰਘ ਦੇ ਸੁਆਸ ਅਜੇ ਬਾਕੀ ਸਨ ਜਦਕਿ
ਮਾਈ ਭਾਗ ਕੌਰ ਜੀਵਿਤ ਸਨ। ਭਾਈ ਮਹਾਂ ਸਿੰਘ ਨੂੰ ਇੱਕੋ ਮਲਾਲ ਸੀ ਕਿ ਇਤਨੀ ਭੀੜਾ ਸਮੇਂ, ਜਦੋਂ
ਗੁਰਦੇਵ ਨੂੰ ਸਾਡੀ ਲੋੜ ਸੀ ਅਤੇ ਅਸੀਂ ਗੁਰਦੇਵ ਤੋਂ ਟੁੱਟੇ ਰਹਿ ਗਏ। ਗੁਰਦੇਵ ਨੇ ਧੀਰਜ ਦਿੱਤੀ ਤੇ
ਸਮਝਾਇਆ ਕਿ “ਮਹਾਂ ਸਿੰਘ ਤੁਸੀਂ ਮੇਰੇ ਤੋਂ ਟੁੱਟੇ ਨਹੀਂ ਸੀ। ਤੁਸੀਂ ਤਾਂ ਮਨ ਕਰਕੇ ਮੇਰੇ ਨਾਲ ਹੀ
ਜੁੜੇ ਹੋਏ ਸੀ”। ਉਸ ਸਥਾਨ `ਤੇ ਉਹਨਾਂ ਚਾਲੀ ਮੁਕਤਿਆਂ ਦੀ ਯਾਦ `ਚ ਅੱਜ ਗੁਰਦੁਆਰਾ ‘ਟੁਟੀ ਗੰਢੀ
ਸਾਹਿਬ’ ਕਾਇਮ ਹੈ।
ਇਸ ਤਰ੍ਹਾਂ ਇਹ ਤੇ ਅਜਿਹੀਆਂ ਹੋਰ ਬਹਤੇਰੀਆਂ ਘਟਨਾਵਾਂ ਗੁਰੂ ਇਤਿਹਾਸ ਬਲਕਿ
ਮਗਰਲੇ ਸਿੱਖ ਇਤਿਹਾਸ `ਚ ਵੀ ਮੌਜੂਦ ਹਨ। ਜਿਵੇਂ ਗੁਰ ਇਤਿਹਾਸ ਨਾਲ ਸਬੰਧਤ, ਚਮਕੌਰ ਦੀ ਗੜ੍ਹੀ
ਵਾਲੀ ਬੇਜੋੜ ਜੰਗ। ਇੱਕ ਪਾਸੇ ਲਖਾਂ ਦਾ ਘੇਰਾ ਤੇ ਅੰਦਰ ਭੁਖੇ, ਤਿਹਾਏ ਤੇ ਸਰਸਾ ਦੀ ਜੰਗ `ਚ ਫ਼ਟੜ
ਹੋਏ ਗਿਣਤੀ ਦੇ ਚਾਲੀ ਸਿੰਘ। ਫ਼ਿਰ ਵੀ ਉਹਨਾਂ `ਚੋਂ ਇੱਕ ਨੇ ਵੀ ਸਮਰਪਣ ਨਹੀਂ ਕੀਤਾ ਤੇ ਸ਼ਹੀਦੀਆਂ
ਨੂੰ ਪ੍ਰਾਪਤ ਹੋਏ। ਉਪ੍ਰੰਤ, ਚਮਕੌਰ ਦੀ ਗੜ੍ਹ `ਚ ਵੀ ਜਦੋਂ ਪੰਥ ਵੱਲੋਂ ਦਸਮੇਸ਼ ਜੀ ਨੂੰ ਗੜ੍ਹੀ
`ਚੋਂ ਨਿਕਲਣ ਦਾ ਹੁਕਮ ਹੋਇਆ। ਇਸ ਤਰ੍ਹਾਂ ਜਿਹੜਾ ਸਿੰਘ, ਗੁਰਦੇਵ ਨਾਲ ਗੜ੍ਹੀ `ਚੋ ਬਾਹਿਰ ਨਿਕਲ
ਜਾਵੇਗਾ, ਉਸ ਦੇ ਤਾਂ ਫ਼ਿਰ ਵੀ ਬੱਚ ਜਾਣ ਦਾ ਅੰਦਾਜ਼ਾ ਸੀ ਜਦਕਿ ਗੜ੍ਹੀ `ਚ ਰਹਿਣ ਵਾਲਿਆਂ ਦੀ ਸ਼ਹਾਦਤ
ਯਕੀਣੀ ਸੀ। ਫ਼ਿਰ ਵੀ ਗੁਰਦੇਵ ਨਾਲ ਗੜ੍ਹੀ ਤੋਂ ਬਾਹਿਰ ਜਾਣ ਨੂੰ ਕੋਈ ਤਿਆਰ ਨਹੀਂ ਸੀ ਬਲਕਿ ਗੜ੍ਹੀ
`ਚ ਰਹਿ ਕੇ ਸ਼ਹੀਦੀਆਂ ਪਾਉਣ ਨੂੰ ਹੀ ਸਾਰੇ ਤਿਆਰ ਹਨ। ਉਪ੍ਰੰਤ ਇਥੇ ਵੀ ਪੰਥ ਨੂੰ ਹੀ ਫ਼ੈਸਲਾ ਕਰਣਾ
ਪਿਆ ਤੇ ਗੁਰਦੇਵ ਦੇ ਨਾਲ ਭਾਈ ਦਿਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਜਾਣ ਦਾ ਹੁਕਮ
ਹੋਇਆ। ਅਜੋਕੇ ਅੰਗ੍ਰੇਜ਼ ਰਾਜ `ਚ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਮਿਸਾਲ ਵੀ ਲਗਭਗ ਇਸੇ ਤਰ੍ਹਾਂ ਦੀ
ਹੈ। ਇਸ ਤੋਂ ਇਲਾਵਾ “ਮਨੂੰ ਸਾਡੀ ਦਾਤਰੀ… “ਵਾਲੀ ਮਿਸਾਲ ਵੀ ਅਰੰਭ `ਚ ਦੇ ਚੁੱਕੇ ਹਾਂ ਤੇ ਹੋਰ
ਬਹੁਤ ਘਟਨਵਾਂ। ਇਸ ਤਰ੍ਹਾਂ ਬੇਅੰਤ ਸਿੱਖ ਸ਼ਹੀਦਾਂ ਵਾਲਾ ਤੇ ਮੋਰਚਿਆਂ ਆਦਿ ਦਾ ਜ਼ਿਕਰ ਵੀ ਅਰੰਭ `ਚ
ਕਰ ਚੁੱਕੇ ਹਾਂ।
ਕਹਿਣ ਤੋਂ ਭਾਵ, ਇੱਕ ਪਾਸੇ ਕੇਵਲ ਕੁੱਝ ਸਦੀਆਂ ਤੋਂ ਅਰੰਭ ਹੋਇਆ ਸਿੱਖ
ਇਤਿਹਾਸ ਤੇ ਦੂਜੇ ਪਾਸੇ ਹਜ਼ਾਰਾਂ ਸਾਲਾਂ ਤੇ ਅਰਬਾਂ-ਖਰਬਾਂ ਦੀ ਗਿਣਤੀ ਨੂੰ ਸੰਭਾਲੀ ਬੈਠਾ ਮਾਨਵ
ਇਤਿਹਾਸ। ਫ਼ਿਰ ਵੀ ਸਮਾਜ ਦੇ ਮਜ਼ਲੂਮਾਂ, ਦੱਬਿਆਂ, ਕੁਚਲਿਆਂ ਦੀ ਸੰਭਾਲ ਵਾਲਾ ਇਹ ਸਿੱਖ ਧਰਮ; ਜਿੱਥੇ
ਕੇਵਲ ਅਣਖ ਤੇ ਗ਼ੈਰਤ ਵਾਲਾ ਜੀਵਨ ਜੀਊਣਾ, ਨਹੀਂ ਤਾਂ ਸਹੀਦੀਆਂ ਤੱਕ ਨੂੰ ਗਲੇ ਲਗਾ ਲੈਣਾ। ਉਪ੍ਰੰਤ
ਬਿਨਾ ਵਿਤਕਰਾ ਧਰਮ, ਦੇਸ਼, ਲਿੰਗ, ਰੰਗ, ਨਸਲ ਸਮਾਜ ਦੇ ਹਰੇਕ ਵਰਗ ਨੂੰ ਬਰਾਬਰ ਦਾ ਸਤਿਕਾਰ ਦੇਣ ਤੇ
ਦੁਆਉਣ ਵਾਲਾ ਸੰਸਾਰ ਪੱਧਰ ਦਾ ਇੱਕੋ ਇੱਕ ਧਰਮ।
ਦਇਆ, ਸੰਤੋਖ, ਪਰਉਪਕਾਰ ਆਦਿ ਇਲਾਹੀ ਗੁਣਾਂ ਨਾਲ ਗੜੁੱਚ; ਸੰਸਾਰ ਭਰ ਦੇ
ਲੋਕਾਂ ਨੂੰ ਸਾਂਝੀ ਸੰਗਤ ਸਾਂਝੀ ਪੰਗਤ ਤੇ ਸਾਂਝੇ ਸਰੋਵਰਾਂ `ਚ ਇਸ਼ਨਾਨ ਕਰਣ ਤੇ ਕਰਵਾਉਣ ਦਾ ਮਾਨ
ਬਖ਼ਸ਼ਣ ਵਾਲਾ ਧਰਮ। ਇਥੇ ਹੀ ਬੱਸ ਨਹੀਂ ਸੰਸਾਰ ਭਰ ਦੇ ਮਨੁੱਖਾਂ ਦਾ ਇਕੋ ਇੱਕ ਅਕਾਲਪੁਰਖ, ਸਾਰੇ
ਸੰਸਾਰ ਦੇ ਮਨੁੱਖਾਂ ਦੇ ਇਕੋ ਇੱਕ ਗੁਰੂ, ਆਦਿ ਜੁਗਾਦੀ ਮਨੁੱਖ ਦੇ ਇਕੋ ਇੱਕ ਧਰਮ, ਸੰਸਾਰ ਭਰ ਦੇ
ਮਨੁੱਖਾਂ ਦੇ ਇਕੋ ਇੱਕ ਭਾਈਚਾਰੇ ਦਾ ਪ੍ਰਤੀਕ, ਨਿਰੋਲ ਗੁਰਬਾਣੀ ਵਿਚਾਰਧਾਰਾ ਦੀ ਦੇਣ ਹੈ ਇਹ ਸਿੱਖ
ਧਰਮ। ਇਹ ਸਿੱਖ ਇਤਿਹਾਸ ਹੀ, ਮੂਲ ਰੂਪ `ਚ ਸਿਖ ਧਰਮ ਦਾ ਦੂਜਾ ਕਦਮ ਤੇ ਕ੍ਰਿਸ਼ਮਾ ਹੈ ਕੇਵਲ ਤੇ
ਕੇਵਲ ਗੁਰਬਾਣੀ ਵਿਚਾਰਧਾਰਾ ਦੀ ਵਰਤੋਂ ( Implimentation)
ਦਾ ਨੀ ਪ੍ਰਗਟਾਵਾ ਹੈ। ਜੇਕਰ ਕੇਵਲ ਇਸ ਸਾਰੇ ਦਾ ਇਸ਼ਾਰੇ
ਮਾਤ੍ਰ ਵੀ ਖੁੱਲ ਕੇ ਜ਼ਿਕਰ ਕਰਣਾ ਹੋਵੇ ਤਾਂ ਵੀ ਗ੍ਰੰਥਾ ਦੇ ਗ੍ਰੰਥ ਲਿਖੇ ਜਾ ਸਕਦੇ ਹਨ।
ਗੁਰਬਾਣੀ ਵਿਚਾਰਧਾਰਾ ਦਾ ਜਾਦੂ-
ਦਰਅਸਲ ਇਹ ਹੈ ਗੁਰਬਾਣੀ ਵਿਚਾਰਧਾਰਾ ਦਾ ਜਾਦੂ ਜਿਸ ਨੇ ਥੋੜੇ ਜਿਹੇ ਸਮੇਂ `ਚ ਹੀ ਸਾਰੇ ਮਨੁੱਖ
ਮਾਤ੍ਰ ਦੇ ਜੀਵਨ `ਚ ਨਵੀਂ ਚਮਕ, ਹਿਲਜੁਲ ਤੇ ਸਿੱਖ ਧਰਮ ਲਈ ਭਰਵੀਂ ਖਿੱਚ ਪੈਦਾ ਕਰ ਦਿੱਤੀ। ਹੋਰ
ਤਾਂ ਹੋਰ, ਜੇ ਓਪਰੀ ਨਜ਼ਰੇ ਵੀ ਦੇਖਿਆ ਜਾਵੇ ਤਾਂ ਫ਼ਿਰ ਭਾਵੇਂ ਸੰਸਾਰ ਭਰ ਦਾ ਕੋਈ ਵੀ ਧਰਮ ਹੈ,
ਵਿਚਾਰਧਾਰਾ ਜਾਂ ਸਭਿਅਤਾ-ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਦੇ ਇਤਿਹਾਸ, ਸੋਚਣੀ ਤੇ ਰਹਿਣੀ, ਸਪਸ਼ਟ
ਹੁੰਦੇ ਦੇਰ ਨਹੀਂ ਲਗੇਗੀ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਸੰਸਾਰ ਭਰ ਦੇ ਲੋਕਾਂ ਦਾ ਇਤਿਹਾਸ,
ਸੋਚਣੀ ਤੇ ਰਹਿਣੀ ਕੀ ਸੀ ਤੇ ਇਸ ਅੰਦਰ, ਗੁਰੂ ਨਾਨਕ ਪਾਤਸ਼ਾਹ ਦੇ ਸੰਸਾਰ ਅੰਦਰ ਆਉਣ ਤੋਂ ਬਾਅਦ ਕਿਸ
ਤਰ੍ਹਾਂ ਦੀ ਤਬਦੀਲੀ ਤੇ ਹਿਲਜੁਲ ਆਈ। ਇਸ ਵਿਸ਼ੇ `ਤੇ ਨਿਰਪੱਖਤਾ ਦੀ ਨਜ਼ਰ ਹੀ ਇਸ ਸਚਾਈ ਦਾ ਸਬੂਤ ਹੈ
ਕਿ ਇਹਨਾ ਕੁੱਝ ਹੀ ਸਦੀਆਂ ਦੋਹਰਾਨ, ਪੂਰੇ ਸੰਸਾਰ ਦੀ ਰਹਿਣੀ, ਸੋਚਣੀ ਬਲਕਿ ਇਤਿਹਾਸ ਤੱਕ ਦਾ
ਝੁਕਾਅ- ਗੁਰੂ ਨਾਨਕ ਵਿਚਾਰਧਾਰਾ ਤੇ ਗੁਰਦੇਵ ਦੇ ਚਰਨਾਂ ਵੱਲ ਹੀ ਮਿਲੇਗਾ।
ਗੁਰਬਾਣੀ ਵਿਚਾਰਧਾਰਾ ਤੋਂ ਪ੍ਰਗਟ ਹੋਏ ਜੀਵਨ ਦੀ ਉੱਚਤਾ-
ਉਸ ਜੀਵਨ `ਚੋਂ ਪ੍ਰਗਟ ਹੋਏ ਇਲਾਹੀ ਗੁਣਾਂ ਦਾ ਹੀ ਨਤੀਜਾ ਸੀ ਕਿ
(ੳ) ਇਸਲਾਮੀ ਕਚਹਿਰੀ `ਚ
ਵੀ ਸਿੱਖ ਦੇ ਬਿਆਨ ਤੇ ਗਵਾਹੀ ਨੂੰ ਹੀ ਸੱਚਾ ਤੇ ਅੱਵਲ-ਆਖਿਰ ਮੰਨਿਆਂ ਜਾਂਦਾ ਰਿਹਾ।
(ਅ) ਇਸਲਾਮੀ ਰਾਜ ਸਮੇਂ
ਵੀ ਜੇ ਕਰ ਹਿੰਦੂ ਬਹੂ-ਬੇਟੀਆਂ ਜਰਵਾਣਿਆਂ ਦੇ ਚੁੰਗਲ `ਚ ਫ਼ਸ ਜਾਂਦੀਆਂ ਅਤੇ ਉਸ ਤੋਂ ਬਾਅਦ ਜੇ ਕਰ
ਉਹਨਾਂ ਬੱਚੀਆਂ ਨੂੰ ਸੂਹ ਮਿਲ ਜਾਂਦੀ ਕਿ ਇਥੇ ਨੇੜੇ ਤੇੜੇ ਸਿਘਾਂ ਦਾ ਜਥਾ ਹੈ ਤਾਂ ਉਹਨਾਂ ਬੱਚੀਆਂ
ਦੀ ਇਕੋ ਹੀ ਕੂਕ-ਫ਼ਰਿਆਦ ਹੁੰਦੀ ਸੀ। ਇਹ ਫ਼ਰਿਆਦ ਹੁੰਦੀ ਸੀ “ਰਣ ਬਸਰੇ ਨੂੰ ਚੱਲੀ, ਤੇ ਮੋੜੀਂ ਬਾਬਾ
ਕੱਛ ਵਾਲਿਆ”।
(ੲ) ਸਿਖਾਂ ਦੇ ਉੱਚੇ
ਸੁਚੇ ਚਲਣ ਦਾ ਇਤਨਾ ਪ੍ਰਭਾਵ ਸੀ ਕਿ ਜਦੋਂ ਦੇਸ਼ ਦੇ ਅਜਿਹੇ ਵਿਗੜੇ ਹਾਲਾਤ ਸਮੇਂ ਇਲਾਕੇ `ਚ ਜੇ
ਕਿਧਰੇ ਸਿੰਘ ਪੁੱਜ ਜਾਂਦੇ ਤਾਂ ਉਸ ਸਮੇਂ ਇਲਾਕੇ ਦੀਆਂ ਬੀਬੀਆਂ ਦੀ ਸ਼ਬਦਾਵਲੀ ਹੁੰਦੀ “ਹੁਣ ਤਾਂ ਆਏ
ਨੇ ਨਿਹੰਗ, ਬੁਹੇ ਖੋਲ ਦਿਓ ਨਿਸੰਗ”। ਇਸ ਦਾ ਮਤਲਬ ਹੁੰਦਾ ਸੀ, ਕਿ ਹੁਣ ਇਲਾਕੇ `ਚ ਸਿੰਘ ਆ ਗਏ ਹਨ
ਤੇ ਹੁਣ ਸਾਡੀ ਇਜ਼ਤ-ਅਬਰੂ ਤੇ ਪਤਿ ਨੂੰ ਕੋਈ ਖ਼ਤਰਾ ਨਹੀਂ। ਹੁਣ ਸਾਨੂੰ ਘਰਾਂ ਅੰਦਰ ਦੱਬ ਕੇ ਬੈਠਣ
ਦੀ ਲੋੜ ਨਹੀਂ।
(ਸ) ਅਬਦਾਲੀ ਭਾਰਤ `ਚ
ਆਪਣੇ ਹਮਲੇ ਸਮੇਂ ਬੇਅੰਤ ਖ਼ੂਨ-ਖ਼ਰਾਬਾ ਤੇ ਕਤਲੋ-ਗ਼ਾਰਤ ਤੋਂ ਬਾਅਦ ਬੇਫ਼ਿਕਰ ਲੁੱਟ ਦੇ ਮਾਲ ਨਾਲ ਵਾਪਸ
ਪਰਤ ਰਿਹਾ ਸੀ। ਸਿੱਖਾਂ ਨੇ ਜੁਆਬੀ ਹਮਲਾ ਕਰਕੇ ਉਸ ਕੋਲੋਂ ਸਾਰਾ ਲੁੱਟ ਦਾ ਮਾਲ ਅਤੇ ਉਸ ਨਾਲ
ਗਡਿਆਂ `ਚ ਲਿਜਾਏ ਜਾ ਰਹੇ ਭਾਰਤ ਦੇ ੨੦. ੦੦੦ ਬੱਚੇ-ਬੱਚੀਆਂ ਨੂੰ ਵੀ ਆਜ਼ਾਦ ਕਰਵਾ ਲਿਆ।
(ਹ) ਇਹ ਵੀ ਗੁਰਬਾਣੀ
ਜੀਵਨ ਦਾ ਹੀ ਕ੍ਰਿਸ਼ਮਾ ਸੀ ਜੋ ਕਿ ੳਨ੍ਹਾਂ ੨੦. ੦੦੦ ਬੱਚੀਆਂ ਸਮੇਤ ਸਭਕੁਝ ਵਾਪਸ ਵੀ ਖੋਹ ਲਿਆ।
ਕਿਸੇ ਬੱਚੀ ਵੱਲ ਉਂਗਲ ਜਾ ਮਾੜੀ ਨਜ਼ਰ ਨਹੀਂ ਕੀਤੀ। ਬਲਕਿ ਇਹਨਾ ਬੱਚੀਆਂ ਨੂੰ ਸਤਿਕਾਰ ਸਹਿਤ ਉਹਨਾਂ
ਦੇ ਘਰੋਂ ਘਰੀਂ ਵੀ ਪਹੁਚਾਇਆ।
(ਕ) ਇਹ ਵੱਖਰੀ ਗੱਲ ਕਿ
ਜਦੋਂ ਉਹਨਾਂ ਵਿਚੋਂ ਹੀ ਕਈ ਬੱਚੀਆਂ ਨੇ ਆਪਣੇ ਘਰੀਂ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਪਾਹੁਲ
ਲੈ ਕੇ ਸਿੰਘਾਂ ਦੇ ਜੱਥਿਆਂ `ਚ ਸ਼ਾਮਿਲ ਹੋ ਗਈਆਂ, ਇਸੇ ਤਰ੍ਹਾਂ ਅਨੇਕਾਂ ਬੱਚੇ ਵੀ। ਇਸ ਵਾਸਤੇ ਕਿ
ਉਹਨਾਂ ਅਨੁਸਾਰ ਵੀ ਗੁਰਬਾਣੀ ਵਿਚਾਰਧਾਰਾ ਤੋਂ ਪੈਦਾ ਹੋਣ ਵਾਲਾ ਅਣਖ ਤੇ ਗ਼ੈਰਤ ਵਾਲਾ ਜੀਵਨ ਹੀ ਅਸਲ
ਜੀਵਨ ਹੈ।
(ਖ) ਮਹਾਰਾਜਾ ਰਣਜੀਤ
ਸਿੰਘ ਦੇ ਰਾਜ ਸਮੇਂ, ਜਮਰੋਦ ਦੀ ਲੜਾਈ ਦੋਹਰਾਨ ਇੱਕ ਅਜਿਹੀ ਘਟਨਾ ਵਾਪਰੀ ਜੋ ਖਾਸ ਧਿਆਨ ਮੰਗਦੀ
ਹੈ। ਇੱਕ ਹਿੰਦੂ ਬੱਚੀ ਦਾ ਡੋਲਾ ਜਾ ਰਿਹਾ ਸੀ। ਡੋਲੇ ਨਾਲ ਲਾੜੇ ਤੋਂ ਇਲਾਵਾ ੧੫੦ ਦੇ ਆਸ-ਪਾਸ
ਬਰਾਤੀ ਵੀ ਸਨ। ਕੇਵਲ ਦੋ ਪਠਾਨਾਂ ਨੇ ਹਮਲਾ ਕਰ ਦਿੱਤਾ। ਲਾੜੇ ਸਮੇਤ ਸਾਰੇ ਬਰਾਤੀ, ਡੋਲਾ ਉਥੇ ਹੀ
ਛੱਡ ਕੇ ਦੌੜ ਗਏ। ਇਹਨਾ ਬਰਾਤੀਆਂ ਨੇ ਨੇੜੇ ਜਮਰੌਦ ਦੇ ਕਿਲੇ `ਚ ਸਿੰਘਾਂ ਕੋਲ ਪੁੱਜ ਕੇ, ਜਰਨੈਲ
ਹਰੀ ਸਿੰਘ ਨਲੁਏ ਅੱਗੇ ਆਪਣਾ ਦੁਖੜਾ ਸੁਨਾਇਆਂ ਤੇ ਡੋਲਾ ਛੁਡਵਾਉਣ ਲਈ ਫ਼ਰਿਆਦ ਕੀਤੀ।
ਜਰਨੈਲ ਹਰੀ ਸਿੰਘ ਨਲੁਏ ਵੱਲੋਂ ਭੇਜੇ ਸਿੰਘਾਂ ਨੇ ਜੁਆਬੀ ਹਮਲਾ ਕਰਕੇ,
ਬੱਚੀ ਨੂੰ ਜਰਵਾਣਿਆਂ ਹੱਥੋਂ ਛੁਡਵਾ ਲਿਆਂਦਾ ਤੇ ਉਹਨਾਂ ਦੇ ਹਵਾਲੇ ਕਰ ਦਿੱਤਾ। ਇਹ ਵੱਖਰੀ ਗੱਲ ਹੈ
ਕਿ ਇਥੇ ਵੀ ਬੱਚੀ ਨੇ ਬਰਾਤੀਆਂ ਨਾਲ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ। ਉਸ ਅਨੁਸਾਰ ਵੀ ਕਾਰਨ ਇਹੀ
ਸੀ ਕਿ ਇੱਕ ਪਾਸੇ ਤਾਂ ਡਰ ਸਹਿਮ ਦੇ ਅੰਦਰ ਬੀਤ ਰਹੀ ਆਤਮ ਗਿਲਾਨੀ ਭਰੀ ਜ਼ਿੰਦਗੀ ਸੀ। ਜਦਕਿ ਦੂਜੇ
ਪਾਸੇ ਕੇਵਲ ਇੱਕ ਅਕਾਲਪੁਰਖ ਦੇ ਨਿਰਮਲ ਭਉ ਤੇ ਵਿਸ਼ਵਾਸ `ਚ ਬਿਤਾਈ ਜਾ ਰਹੀ ਅਣਖ ਤੇ ਗ਼ੈਰਤ ਵਾਲੀ
ਜ਼ਿੰਦਗੀ ਸੀ। ਬੱਚੀ ਤੇ ਬੱਚਾ ਦੋਨਾਂ ਨੇ ਪਾਹੁਲ ਲੈ ਲਈ ਤੇ ਖਾਲਸਾ ਫ਼ੌਜਾਂ `ਚ ਸ਼ਾਮਿਲ ਹੋ ਗਏ। ਇਹੀ
ਬੱਚੀ ਬਾਅਦ `ਚ ਇਤਿਹਾਸ `ਚ ‘ਸ਼ਰਨੀ’ ਤੋਂ ਬਹਾਦੁਰ ਸ਼ਰਨ ਕੌਰ ਹੋ ਕੇ ਉਭਰੀ ਤੇ ਖੂੰਖਾਰ ਵੈਰੀਆਂ `ਚ
ਸਿੱਖਾਂ ਵੱਲੋਂ ਬਹਾਦੁਰ ਸੂਹੀਏ ਦੀ ਜ਼ਿੰਮੇਵਾਰੀ ਨਿਭਾਈ। ਉਪ੍ਰੰਤ ਜਦੋਂ ਜਮਰੌਦ ਦੇ ਕਿਲੇ ਦੁਆਲੇ
ਵੈਰੀਆਂ ਨੇ ਤੋਪਾਂ ਬੀੜ ਦਿੱਤੀਆਂ ਤਾਂ ਵੈਰੀਆਂ ਦੀਆ ਫ਼ੌਜਾਂ ਨੂੰ ਚੀਰਦੇ ਹੋਏ ਜਰਨੈਲ ਹਰੀ ਸਿੰਘ
ਨਲੁਏ ਨੂੰ ਇਸ ਦੀ ਸੂਚਨਾ ਪਹੁੰਚਾਉਣ ਵਾਲੀ, ਸੂਹੀਏ ਦੇ ਰੂਪ `ਚ ਇਹ ਬਹਾਦੁਰ ਬੱਚੀ, ਬੀਬੀ ਸ਼ਰਨ ਕੌਰ
ਹੀ ਸੀ।
(ਗ) ਦਰਅਸਲ ਅਜਿਹਾ ਹੀ
ਬਹਦੁਰੀ ਤੇ ਸੂਰਮਤਾਈ ਵਾਲਾ ਕਾਰਨਾਮਾ ਜਰਵਾਣਿਆਂ ਹੱਥੋਂ ਇੱਕ ਮੁਸਲਮਾਨ ਬੱਚੀ ਨੂੰ ਛੁਡਵਾਉਣ ਦਾ
ਸੀ, ਜੋ ਭਾਈ ਤਾਰੂ ਸਿੰਘ ਦੀ ਸ਼ਹਾਦਤ ਲਈ, ਜ਼ਿਕਰੀਆਂ ਖਾਂ ਰਾਹੀਂ ਉਸ ਵਿਰੁਧ ਬਦੋਬਦੀ ਦੇ ਘੜੇ ਗਏ
ਕਾਰਨਾਂ ਪਿਛੇ ਵੀ ਸੀ।
(ਘ) ਇਹ ਤਾਂ ਫ਼ਿਰ ਵੀ
ਕੁੱਝ ਸਮਾਂ ਪਹਿਲਾਂ ਦੀਆਂ ਇਤਿਹਾਸਕ ਘਟਨਾਂਵਾਂ ਕਹੀਆਂ ਜਾ ਸਕਦੀਆਂ ਹਨ। ਅੱਜ ਦੀ ਗੱਲ ਵੀ ਕਰੀਏ
ਤਾਂ ਭਾਰਤ ਪਾਕ ਜੰਗ ਜੋ ੋਕ ਸੰਨ ੧੯੭੨ `ਚ ਹੋਈ। ਇਸੇ ਜੰਗ ਦਾ ਨਤੀਜਾ ਸੀ ਪਾਕ ਤੋਂ ਕੱਟ ਕੇ ਨਵੇਂ
ਬੰਗਲਾ ਦੇਸ਼ ਦੀ ਸਿਰਜਣਾ। ਉਸ ਸਮੇਂ, ਹਾਰੇ ਹੋਏ ਬੰਗਲਾ ਦੇਸ਼ ਦੀ ਧਰਤੀ `ਤੇ ਇਸੇ ਤਰ੍ਹਾਂ ਹੋਇਆ।
ਜੰਗ ਦੇ ਦੋਹਰਾਨ ਬੰਗਲਾ ਦੇਸ਼ ਦੀਆਂ ਬੇਬਸ ਬੱਚੀਆਂ ਦੀ ਆਬਰੂ ਤੇ ਪਤ ਦੀ ਵੀ ਪੂਰੀ ਤਰ੍ਹਾਂ ਰਾਖੀ
ਕੀਤੀ ਗਈ। ਕਿਸੇ ਬੱਚੀ ਵੱਲ ਕਿਸੇ ਭਾਰਤੀ ਫ਼ੌਜੀ ਨੇ ਮਾੜੀ ਨਜ਼ਰ ਵੀ ਨਹੀਂ ਕੀਤੀ। ਬਲਕਿ, ਇੱਕ ਸੂਚਨਾ
ਅਨੁਸਾਰ, ਉਹਨਾਂ ਦਾ ਨੰਗੇਜ ਢਕਣ ਲਈ, ਕਈ ਬਹਾਦੁਰ ਸਿੱਖ ਫ਼ੋਜੀਆਂ ਨੇ ਆਪਣੀਆਂ ਦਸਤਾਰਾਂ ਤੱਕ ਨੂੰ
ਵਰਤੋਂ `ਚ ਲਿਆਂਦਾ। ਇਹ ਸਭ ਵੀ ਗੁਰੂ ਕੇ ਸਿੱਖ, ਜਨਰਲ ਜਗਜੀਤ ਸਿੰਘ ਅਰੋਰਾ ਦੀ ਕਮਾਨ ਦਾ ਨਤੀਜਾ
ਸੀ। ਨਹੀਂ ਤਾਂ ਜੰਗ ਦੇ ਮੈਦਾਨ ਅੰਦਰ ਤੇ ਹਾਰੇ ਲੋਕਾਂ ਵਿਰੁਧ, ਸਭ ਕੁੱਝ ਸੰਭਵ ਸੀ।
(ਙ) ਇਹ ਵੀ ਗੁਰਬਾਣੀ
ਵਿਚਾਰਧਾਰਾ `ਤੇ ਅਮਲ ਤੇ ਉਸਦੇ ਪ੍ਰਭਾਵ ਕਾਰਨ ਹੀ ਹੋਇਆ। ਮਹਾਰਾਜਾ ਰਣਜੀਤ ਸਿੰਘ ਰਾਹੀਂ ਸਥਾਪਿਤ
ਚਾਲੀ ਸਾਲਾਂ ਦੇ ਲੰਮੇਂ ਖਾਲਸਾ ਰਾਜ ਦੋਹਰਾਨ, ਨਾ ਤਾਂ ਕਿਸੇ ਨੂੰ ਫਾਂਸੀ ਚੜਾਉਣ ਦੀ ਨੋਬਤ ਆਈ, ਤੇ
ਨਾ ਹੀ ਕਿਸੇ ਦੇ ਹੱਥ ਕਟਣ ਦੀ। ਜਦਕਿ ਮਹਾਰਾਜਾ ਦੇ ਰਾਜਕਾਲ `ਚ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਦਾ
ਕਾਨੂੰਨ ਵੀ ਹੈ ਸੀ। ਇਸੇ ਤਰ੍ਹਾਂ ਪਹਿਲਾਂ ਤੋਂ ਚਲਦੇ ਆ ਰਹੇ ਇਸਲਾਮੀ ਕਾਨੂਨਾਂ ਅਨੁਸਾਰ ਚੌਰ ਦੇ
ਹੱਥ ਕੱਟਣ ਦਾ ਕਾਨੂਨ ਵੀ।
ਬਲਕਿ ਉਸ ਦੇ ਰਾਜ ਸਮੇਂ ਕੇਵਲ ਸਿੱਖ ਹੀਂ ਨਹੀਂ, ਬਿਨਾ ਵਿਤਕਰਾ ਹਿੰਦੂ,
ਮੁਸਲਮਾਨ ਤੇ ਹੋਰ ਅਣ-ਧਰਮੀ ਵੀ ਸਹੀ ਅਰਥਾਂ `ਚ, ਹਰੇਕ ਮਨੁੱਖ ਨੇ ਆਜ਼ਾਦੀ ਦਾ ਆਨੰਦ ਮਾਣਿਨਆ ਤੇ
ਸੁਖ ਦਾ ਸਾਹ ਲਿਆ। ਉਸ ਦੇ ਰਾਜ `ਚ ਨਾ ਕੋਈ ਪਛੜੀਆਂ ਸ਼੍ਰੇਣੀਆਂ ਵਾਲੀ ਗੱਲ ਰਹਿ ਚੁੱਕੀ ਤੇ ਨਾ
ਦਲਿਤਾਂ-ਮਜ਼ਲੂਮਾਂ ਵਾਲੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਉਸ ਦੀ ਪ੍ਰਜਾ ਲਈ ਸਹੀ ਅਰਥਾਂ `ਚ ਭਾਰਤ
ਦਾ ਸੁਅਰਣ ਯੁਗ ਸੀ। ਇਸ ਦਾ ਮੁਖ ਕਾਰਨ ਵੀ ਮਹਾਰਾਜੇ ਦੇ ਮਨ `ਚ ਗੁਰਬਾਣੀ ਰਾਹੀਂ ਪ੍ਰਗਟ ਇਲਾਹੀ
ਗੁਣ ਤੇ ਮਨੁੱਖਾਂ ਜੀਵਨ ਦੀ ਤਬਦੀਲੀ ਹੀ ਸੀ। {ਇਹ ਵੱਖਰੀ ਗੱਲ ਕਿ ਸਿੱਖੀ ਜੀਵਨ-ਰਹਿਣੀ ਪੱਖੌ ਉਸ
`ਚ ਘਾਟੇ ਵੀ ਸਨ, ਪਰ ਉਹ ਵਿਸ਼ਾ ਵੱਖਰਾ ਹੈ)
ਜਦਕਿ, ਵਿਸ਼ੇ ਅਨੁਸਾਰ ਇਹ ਕੇਵਲ ਕੁੱਝ ਮਿਸਾਲਾਂ ਤੇ ਇਸ਼ਾਰੇ ਹੀ ਹਨ ਜੋ ਸਾਬਤ
ਕਰਦੇ ਹਨ, ਜੇਕਰ ਸਹੀ ਅਰਥਾਂ `ਚ ਮਨੁੱਖ ਦੇ ਜੀਵਨ ਅੰਦਰੋਂ ਗੁਰਬਾਣੀ ਵਿਚਾਰਧਾਰਾ ਦਾ ਪ੍ਰਗਟਾਵਾ
ਹੋਵੇ ਤਾਂ ਜ਼ਿੰਦਗੀ ਦੇ ਹਰੇਕ ਖੇਤ੍ਰ `ਚ ਮਨੁੱਖ ਦਾ ਨਿਜੀ, ਧਾਰਮਿਕ, ਸਾਮਾਜਿਕ, ਰਾਜਸੀ ਜੀਵਨ ਕਿਸ
ਤਰ੍ਹਾਂ ਸੰਵਰ ਸਕਦਾ ਹੈ। ਇਤਨਾ ਹੀ ਨਹੀਂ ਬਲਕਿ ਉਸ ‘ਤੋਂ ਕੁਦਰਤੀ ਤੌਰ `ਤੇ, ਪੂਰੇ ਸੰਸਾਰ ਨੂੰ
ਕਿਸ ਤਰ੍ਹਾਂ ਦੇ ਵੱਡੇ ਵੱਡੇ ਲਾਭ ਹੋ ਸਕਦੇ ਹਨ। ਇਸ ਤਰ੍ਹਾਂ ਸਮਾਜ `ਚੋਂ ਬੁਰਾਈਆਂ, ਜਹਾਲਤਾਂ,
ਜੁਰਮਾਂ, ਨਸ਼ਿਆਂ, ਵਿਤਕਰਿਆਂ ਆਦਿ ਦਾ ਵੀ ਸਹਿਜੇ ਹੀ ਸਫ਼ਾਇਆਂ ਹੋ ਸਕਦਾ ਹੈ। ਫ਼ਿਰ ਇਹ ਤਾਂ ਇਸ ਸਬੰਧ
`ਚ ਕੇਵਲ ਕੁੱਝ ਸਦੀਆਂ ਦੇ ਸਿੱਖ ਇਤਿਹਾਸ `ਚੋਂ ਕੁੱਝ ਟੂਕਾਂ ਤੇ ਝਲਕ ਮਾਤ੍ਰ ਹੀ ਹਨ। ਉਪ੍ਰੰਤ
ਦੂਜੇ ਪਾਸੇ ਹੈ ਸੰਸਾਰ ਭਰ ਦਾ ਹਜ਼ਾਰਾਂ ਸਾਲਾਂ ਤੋਂ ਚਲਦਾ ਆ ਰਿਹਾ ਇਤਿਹਾਸ। ਉਸ ਵਿੱਚ ਅਰਬਾਂ
ਖਰਬਾਂ ਦੀ ਗਿਣਤੀ `ਚ ਵਸਦੀ ਲੋਕਾਈ ਤੇ ਉਸ ਲੋਕਾਈ `ਚ ਫੈਲੀਆਂ ਅਣਗਿਣਤ ਵਿਚਾਰਧਾਰਾਵਾਂ, ਵਿਸ਼ਵਾਸ
ਤੇ ਧਰਮ। ਜੋ ਮਾਨਵ ਸਮਾਜ ਦੀਆਂ ਕਦਰਾਂ-ਕੀਮਤਾਂ ਤੇ ਚਾਲ-ਚਲਣ ਨੂੰ ਕੁੱਝ ਵੀ ਨਾ ਦੇ ਸਕਿਆ।
ਦਰਅਸਲ ਇਹੀ ਹੈ ਸਿੱਖ ਧਰਮ ਦਾ ਦੂਜਾ ਕਦਮ, ਜਿਸ ਬਾਰੇ ਅਰੰਭਕ ਸ਼ਬਦਾਵਲੀ
ਵਰਤੀ ਹੈ “ “ਗੁਰਬਾਣੀ
ਵਿਚਾਰਧਾਰਾ ਤੋਂ ਤਿਆਰ ਹੋਇਆ ਇਲਾਹੀ ਗੁਣਾਂ ਨਾਲ ਉਤ-ਪ੍ਰੋਤ ਜੀਵਨ”।
ਉਪ੍ਰੰਤ ਇਹੀ ਹਨ ਗੁਰਬਾਣੀ ਵਿਚਾਰਧਾਰਾ ਤੋਂ ਤਿਆਰ ਹੋਇਆ
ਇਲਾਹੀ ਗੁਣਾਂ ਨਾਲ ਉਤ-ਪ੍ਰੋਤ ਜੀਵਨ ਤੋਂ ਨਿਜੀ, ਪ੍ਰਵਾਰਕ, ਵਿਉਪਾਰਕ, ਸਮਾਜਕ, ਧਾਰਮਿਕ, ਦੇਸ਼ ਤੇ
ਸੰਸਾਰ ਪੱਧਰ ‘ਦੇ ਪ੍ਰਗਟਾਵੇ।
ਗੁਰਬਾਣੀ ਹੀ ਹੈ ਸਰਬਉੱਤਮ ਵਿਚਾਰ ਧਾਰਾ -
ਗੁਰਬਾਣੀ ਹੀ ਹੈ ਸਰਬ-ਉੱਤਮ ਵਿਚਾਰ ਧਾਰਾ ਅਤੇ ਉਸ
ਤੋਂ ਤਿਆਰ ਹੋਣ ਵਾਲਾ, ਮਨੁੱਖ ਦਾ ਜੀਵਨ। ਵਿਸ਼ੇ ਦੀ ਸਚਾਈ ਨੂੰ ਇੱਕ ਹੋਰ ਪੱਖ ਤੋਂ ਵੀ ਸਪਸ਼ਟ ਦੇਖਿਆ
ਜਾ ਸਕਦਾ ਹੈ। ਇਸ ਦੇ ਲਈ ਇਥੇ ਅਸੀਂ ਮਾਰਕੀਟ ਦੀ ਮਿਸਾਲ ਵੀ ਲੈਂਦੇ ਹਾਂ।
ਮਿਸਾਲ ਵਜੋਂ, ਬਾਜ਼ਾਰ `ਚ ਦੇਖਿਆ ਜਾਵੇ ਤਾਂ ਵਧੇਰੀ ਮਾਂਗ ਵਧੀਆ ਤੇ
ਗੁਣਕਾਰੀ ਪਦਾਰਥਾਂ ਦੀ ਹੀ ਹੁੰਦੀ ਹੈ। ਜਦਕਿ ਮਾਰਕੀਟ `ਚ ਹੀ ਨਕਲਾਂ ਵੀ, ਘਟੀਆ ਪਦਾਰਥਾਂ ਦੀਆਂ
ਨਹੀਂ ਬਲਕਿ ਵਧੀਆ ਤੇ ਗੁਣਕਾਰੀ ਪਦਾਰਥਾਂ ਦੀਆਂ ਹੀ ਆਉਂਦੀਆਂ ਹਨ। ਘਟੀਆ ਪਦਾਰਥਾਂ ਦੀਆਂ ਨਕਲਾਂ
ਕਦੇ ਨਹੀਂ ਆਉਂਦੀਆਂ।
ਇਸ ਤੋਂ ਵੱਧ, ਕਈ ਵਾਰ ਤਾਂ ਕਈ ਦੁਕਾਨਦਾਰ ਵੀ, ਆਪਣੇ ਵੱਡੇ ਲਾਭ ਹਿੱਤ;
ਹਲਕੇ ਤੇ ਗੁਣਹੀਣ ਪਦਾਰਥਾਂ ਨੂੰ ਹੀ, ਵਧੀਆ ਪਦਾਰਥਾਂ ਦੇ ਮੁਕਾਬਲੇ ਵੀ ਚੰਗੇ ਦੱਸ ਕੇ, ਗ੍ਰਾਹਕਾਂ
ਨੂੰ ਦੇਣ ਦੀ ਕੌਸ਼ਿਸ਼ ਕਰਦੇ ਹਨ। ਜਦਕਿ ਉਹਨਾਂ ਵਧੀਆ ਪਦਾਰਥਾਂ ਦੇ ਮੁਕਾਬਿਲੇ, ਘਟੀਆ ਤੇ ਸਾਧਾਰਨ
ਪਦਾਰਥਾਂ ਦੀ ਮਾਂਗ ਵੀ ਨਾ ਦੇ ਬਰਾਬਰ ਹੀ ਹੁੰਦੀ ਹੈ ਜਾਂ ਕਈ ਵਾਰ ਤਾਂ ਹੁੰਦੀ ਹੀ ਨਹੀਂ। ਉਸ ਦਾ
ਨਤੀਜਾ ਕਿ ਖ਼ਰੀਦ-ਦਾਰ ਵੀ ਬੇਸ਼ੱਕ ਆਪਣੇ ਘਰਾਂ `ਚ ਜਾ ਕੇ ਨਕਲੀ ਤੇ ਘਟੀਆ ਪਦਾਰਥਾਂ ਕਾਰਨ ਪ੍ਰੇਸ਼ਾਨ
ਹੀ ਕਿਉਂ ਨਾ ਹੋਣ; ਪਰ ਅਜਿਹੇ ਦੁਕਾਨਦਾਰਾਂ ਨੂੰ ਇਸ ਨਾਲ ਕੀ?
ਠੀਕ ਇਸੇ ਤਰ੍ਹਾਂ ਅਰਬਾਂ-ਖਰਬਾਂ `ਚ ਫੈਲੇ ਤੇ ਹਜ਼ਾਰਾਂ ਸਾਲਾਂ ਤੋਂ ਚਲਦੇ ਆ
ਰਹੇ ਸੰਸਾਰ ਦੇ ਇਤਿਹਾਸ `ਚ ਕੇਵਲ ਗੁਰਬਾਣੀ ਵਿਚਾਰਧਾਰਾ ਤੇ ਗੁਰੂ ਸਾਹਿਬਾਨ ਰਾਹੀਂ ਪ੍ਰਗਟ, ਇਕੋ
ਇੱਕ ਸਿੱਖ ਮੱਤ ਹੀ ਹੈ, ਜਿਸ ਨਾਲ ਇਹ ਕੁੱਝ ਹੋ ਰਿਹਾ ਹੈ। ਸਿੱਖ ਧਰਮ, ਜਿਸ ਦੇ ਮੁਕਾਬਲੇ ਅੱਜ
ਗੁਰਬਾਣੀ ਦਾ ਹੀ ਚੋਗ਼ਾ ਪਾ ਕੇ ਹਜ਼ਾਰਾਂ ਦੰਭੀਆਂ-ਪਾਖੰਡੀਆਂ ਤੇ ਢੋਂਗੀ ਗੁਰੂਆਂ ਨੇ ਵੀ
ਆਪਣੀਆਂ-ਆਪਣੀਆਂ ਦੁਕਾਨਾਂ ਖੋਲ ਰਖੀਆਂ ਹਨ। ਉਪ੍ਰੰਤ ਘਟੀਆ ਵਸਤੂ ਨੂੰ ਆਪਣੇ ਲਾਲਚ ਵੱਸ ਵਧੀਆ ਦੱਸ
ਕੇ ਵੇਚਣ ਵਾਲੇ ਦੁਕਾਨਦਾਰਾਂ ਵਾਂਗ ਉਹਨਾਂ ਨੇ ਆਪਣੇ-ਆਪਣੇ ਅਜੈਂਟ ਵੀ ਸਾਰੇ ਪਾਸੇ ਫੈਲਾਏ ਹੋਏ ਹਨ।
ਇਹ ਲੋਕ ਖੁਦ ਤੇ ਇਹਨਾ ਦੇ ਅਜੈਂਟ ਵੀ ਗੁਰਬਾਣੀ ਦਾ ਚੋਲਾ, ਅਤੇ ਲੋਕਾਈ ਨੂੰ ਗੁਰਬਾਣੀ ਦਾ ਚੋਗ਼ਾ ਪਾ
ਕੇ, ਦੋ-ਦੋ ਹੱਥੀਂ ਲੁੱਟ ਰਹੇ ਹਨ।
ਫ਼ਿਰ ਜਦੋਂ ਗ੍ਰਾਹਕ ਨੂੰ ਵਧੀਆ ਵਸਤ ਦੀ ਪਹਿਚਾਣ ਨਹੀਂ ਹੁੰਦੀ ਤਾਂ ਉਹ ਵੀ
ਬਹੁਤ ਵਾਰੀ ਘਟੀਆ ਨੂੰ ਹੀ ਵਧੀਆ ਮੰਨ ਕੇ ਜਾਂ ਬਹਿਕਾਵੇ `ਚ ਆ ਕੇ ਲੈ ਜਾਂਦਾ ਹੈ। ਬਾਅਦ `ਚ ਭਾਵੇਂ
ਉਸ ਨੂੰ ਪਛਤਾਉਣਾ ਹੀ ਕਿਉਂ ਨਾ ਪਵੇ। ਇਹੀ ਹਾਲ ਗੁਰਬਾਣੀ ਜੀਵਨ ਤੇ ਸੋਝੀ ਤੋਂ ਦੂਰ ਜਾ ਚੁੱਕੀਆਂ
ਅੱਜ ਸਿੱਖ ਸੰਗਤਾਂ ਦਾ ਵੀ ਹੈ।
ਖ਼ੂਬੀ ਇਹ ਕਿ ਗੁਰਬਾਣੀ ਦੇ ਪਰਦੇ `ਚ ਲੋਕਾਈ ਦੀ ਲੁੱਟ-ਖਸੁਟ, ਅੱਜ ਸ਼ੁਰੂ
ਨਹੀਂ ਹੋਈ। ਇਹ ਪਹਿਲੇ ਪਾਤਸ਼ਾਹ ਦੇ ਸਮੇਂ ਤੋਂ ਹੀ ਚਾਲੂ ਹੋ ਗਈ ਸੀ। ਠੀਕ ਹੈ ਕਿ ਦੰਭੀਆਂ-ਪਖੰਡੀਆਂ
ਤੇ ਢੋਂਗੀਆਂ ਦੇ ਇਹ ਕਾਰੇ ਹੀ ਪੰਚਮ ਪਿਤਾ ਦੀ ਤਸੀਹੇ ਭਰਪੂਰ ਸ਼ਹਾਦਤ ਦਾ ਕਾਰਨ ਬਣੇ ਸਨ। ਫ਼ਿਰ ਵੀ
ਦਸਮੇਸ਼ ਪਿਤਾ ਦੇ ਸਮੇਂ ਤੱਕ ਇਹ ਲੋਕ ਆਪਣੀਆਂ ਜੜ੍ਹਾਂ ਨਾ ਜਮਾ ਸਕੇ। ਜਦਕਿ ਉਸ ਸਮੇਂ ਤਾਂ ਇਹਨਾ ਦੀ
ਹੋਂਦ ਵੀ, ਵੱਡਾ ਧੋਖਾ ਤੇ ਪ੍ਰਭਾਵ ਦੇਣ ਵਾਲੀ ਸੀ। ਕਿਉਂਕਿ ਉਦੋਂ ਅਜਿਹੇ ਲੋਕ, ਬਾਹਿਰੋਂ ਨਹੀਂ
ਬਲਕਿ ਗੁਰੂ ਪ੍ਰਵਾਰਾਂ ਵਿਚੋਂ ਹੀ ਉਭਰ ਰਹੇ ਸਨ, ਜਿਨ੍ਹਾਂ ਪ੍ਰਵਾਰਾਂ ਦਾ ਕਿ ਪਹਿਲਾਂ ਤੋਂ ਸੰਗਤਾਂ
ਬਹੁਤ ਸਤਿਕਾਰ ਹੁੰਦਾ ਸੀ। ਫ਼ਿਰ ਵੀ ਇਹ ਲੋਕ ਸਫ਼ਲ ਨਾ ਹੋ ਸਕੇ।
ਉਸ ਦੇ ਉਲਟ, ਅੱਜ ਜਿਹੜਾ ਵੀ ਉਠਦਾ ਹੈ, ਬੇਸ਼ੱਕ ਕੋਈ ਐਰਾ-ਖੈਰਾ ਅਤੇ ਪੰਜਾਬ
ਤੋਂ ਬਾਹਰੋਂ ਭਾਵੇਂ ਬਿਹਾਰ ਤੋਂ ਹੀ ਕਿਉਂ ਨਾ ਆਇਆ ਹੋਵੇ। ਅੱਜ ਉਸ ਦੀ ਦੁਕਾਨ ਵੀ ਚੱਲ ਨਿਕਲਦੀ
ਹੈ। ਸੰਗਤਾਂ ਦੀਆਂ ਕਤਾਰਾਂ ਉਥੇ ਹੀ ਲੱਗਦੀਆਂ ਹਨ। ਦੂਜੇ ਪਾਸੇ ਗੁਰਦੁਆਰੇ ਖਾਲੀ ਪਏ ਹਨ। ਉਸ ਸਾਰੇ
ਦਾ ਕਾਰਨ ਹੈ ਕਿ ਗੁਰੂ ਕਾਲ ਸਮੇਂ ਅਤੇ ਕਾਫ਼ੀ ਸਮਾਂ ਬਾਅਦ ਤੱਕ ਵੀ ਗੁਰੂ ਕੀਆਂ ਸੰਗਤਾਂ ਗੁਰਬਾਣੀ
ਜੀਵਨ `ਚ ਵਿਚਰ ਰਹੀਆਂ ਸਨ ਤੇ ਇਸ ਪੱਖੋਂ ਧੋਖਾ ਖਾਣ ਵਾਲੀਆਂ ਨਹੀਂ ਸਨ; ਉਹਨਾਂ ਨੂੰ ਅਸਲ-ਨਕਲ ਦੀ
ਪਹਿਚਾਣ ਸੀ। ਜਦਕਿ ਅੱਜ ਸੰਗਤਾਂ `ਚੋਂ ਬਹੁਤਾ ਕਰਕੇ ਗੁਰਬਾਣੀ ਸੋਝੀ ਤੇ ਜੀਵਨ ਅਲੋਪ ਹੋ ਚੁੱਕਾ
ਹੈ। ਜਿਸ ਦਾ ਨਤੀਜਾ ਅੱਜ ਇਹ ਹਾਲਾਤ ਬਣੇ ਪਏ ਹਨ।
ਸਿੱਖ ਸੰਗਤਾਂ ਵਿਚਕਾਰ ਗੁਰਬਾਣੀ ਜੀਵਨ ਬਾਰੇ ਅਜੋਕੀ ਅਗਿਆਨਤਾ ਦਾ ਆਧਾਰ ਹੈ
ਸੰਨ ੧੭੧੬, ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਦਾ ਦਮਾਂ, ਜਿਸ ਦੀਆਂ ਗਹਿਰਾਈਆਂ ਅੱਜ ਤੱਕ
ਕਾਇਮ ਹਨ। ਉਸ ਸਮੇਂ ਤੋਂ ਗੁਰਬਾਣੀ ਪ੍ਰਚਾਰ `ਤੇ ਵਿਰੋਧੀ ਤੇ ਅਯੋਗ ਅਦਾਰਿਆਂ ਦਾ ਇੱਕ ਦੰਮ ਛਾਅ
ਜਾਣਾ ਹੀ ਇਸ ਦਾ ਮੁੱਖ ਕਾਰਨ ਹੈ। ਜਿਸ ਦਾ ਆਪਣਾ ਇੱਕ ਵੱਖਰਾ ਤੇ ਪੂਰਾ ਇਤਿਹਾਸ ਹੈ। ਇਸ ਤਰ੍ਹਾਂ
ਗੁਰੂ ਕੀਆਂ ਸੰਗਤਾਂ ਵਿਚਕਾਰ ਲਗਾਤਾਰ ਸਦੀਆਂ ਤੋਂ ਹੋ ਰਹੇ ਗੁਰਬਾਣੀ ਜੀਵਨ ਵਿਰੋਧੀ ਪ੍ਰਚਾਰ ਕਾਰਨ
ਜਿਉਂ ਜਿਉਂ ਲੋਕਾਈ ਦੇ ਜੀਵਨ ਅੰਦਰੋਂ ਗੁਰਬਾਣੀ ਦੀ ਸੋਝੀ ਘੱਟ ਰਹੀ ਹੈ, ਦੰਭੀਆਂ-ਪਾਖੰਡੀਆਂ ਦੇ ਪਰ
ਵੀ ਨਿਕਲ ਰਹੇ ਹਨ। ਇਥੋ ਤੱਕ ਕਿ ਗੁਰੂ ਪ੍ਰਵਾਰਾਂ ਵਿਚੋਂ ਵੀ ਜੋ ਲੋਕ ਉਸ ਸਮੇਂ ਸਫ਼ਲ ਨਾ ਹੋ ਸਕੇ,
ਅੱਜ ਕਈ ਤਾਂ ਉਹਨਾਂ ਵਿਚੋਂ ਵੀ ਫ਼ਿਰ ਤੋਂ ਉਭਰ ਰਹੇ ਹਨ। ਇਸ ਤਰ੍ਹਾਂ ਸੁਆਲ ਫ਼ਿਰ ਵੀ ਉਥੇ ਦਾ ਉਥੇ
ਹੀ ਖੜਾ ਹੈ ਕਿ ਕੀ ਕਾਰਨ ਕਿ ਅਜਿਹੇ ਜਿਤਨੇ ਵੀ ਅਦਾਰੇ ਜਾਂ ਗੁਰੂ ਡੰਮ ਉਭਰਦੇ ਹਨ, ਉਹ ਭਾਰਤ ਦੀਆਂ
ਹੀ ਨਹੀਂ ਬਲਕਿ ਸੰਸਾਰ ਭਰ ਦੀਆਂ ਬੇਅੰਤ ਵਿਚਾਰਧਾਰਾਵਾਂ ਨੂੰ ਛੱਡ ਕੇ, ਸਾਰੇ ਦੇ ਸਾਰੇ ਗੁਰਬਾਣੀ
ਵਾਲਾ ਹਥਿਆਰ ਹੀ ਕਿਉਂ ਵਰਤਦੇ ਹਨ? ਇਤਨੇ ਵੱਡੇ ਸੰਸਾਰ ਤੇ ਉਸ ਤੋਂ ਬਾਅਦ ਪੂਰੇ ਭਾਰਤ ਨੂੰ ਛੱਡ
ਕੇ, ਇਹ ਸਾਰੇ ਦੇ ਸਾਰੇ ਲੋਕ ਪੰਜਾਬ ਦੀ ਧਰਤੀ ਨੂੰ ਹੀ ਕਿਉਂ ਚੁਣਦੇ ਹਨ? ਇਸ ਦਾ ਜੁਆਬ ਹੀ ਪੂਰੇ
ਸੱਚ ਨੂੰ ਸਾਹਮਣੇ ਲਿਆ ਸਕਦਾ ਹੈ। (ਚਲਦਾ) #214s11.02.11#
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ
‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ
ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ
ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ
ਲਾਹੇਵੰਦ ਹੋਵੇਗਾ ਜੀ।
Including this Self Learning Gurmat Lesson No 214
ਸਿੱਖ ਧਰਮ ਦੇ ਚਾਰ ਕੱਦਮ
(ਭਾਗ ਦੂਜਾ)
For all the Gurmat Lessons written upon
Self Learning base by ‘Principal Giani Surjit Singh’ Sikh Missionary, Delhi, all
the rights are reserved with the writer, but easily available for Distribution
within ‘Guru Ki Sangat’ with an intention of Gurmat Parsar, at quite a nominal
printing cost i.e. mostly Rs 200/- to 300/- (in rare cases these are 400/- or
500/-) per hundred copies . (+P&P.Extra) From ‘Gurmat Education Centre,
Delhi’, Postal Address- A/16 Basement, Dayanand Colony, Lajpat Nagar IV,
N. Delhi-24 Ph 91-11-26236119 & ® J-IV/46 Old D/S Lajpat Nagar-4 New
Delhi-110024 Ph. 91-11-26236119 Cell 9811292808
web site- www.gurbaniguru.org
|
. |