. |
|
ਅੰਮ੍ਰਿਤ ਪੀਵਹੁ ਸਦਾ ਚਿਰ ਜੀਵਹੁ॥
ਅੰਮ੍ਰਿਤ, ਜਿਸ ਨੂੰ ਧਰਮ ਗ੍ਰੰਥਾਂ ਨੇ ਆਬੇ ਹਯਾਤ, ਸੋਮ ਰਸ ਯਾ ਹੋਲੀ ਵਾਟਰ
ਵੀ ਆਖਿਆ ਹੈ, ਬਾਰੇ ਆਮ ਤੌਰ ਤੇ ਇਹੀ ਖਿਆਲ ਕੀਤਾ ਜਾਂਦਾ ਹੈ ਕਿ ਇਹ ਇੱਕ ਪੀਣ ਵਾਲੀ ਤਰਲ ਵਸਤੂ ਹੈ
ਜਿਸਨੂੰ ਪੀ ਕੇ ਮਨੁਖ ਮੌਤ ਰਹਿਤ (ਅਮਰ) ਹੋ ਜਾਂਦਾ ਹੈ। ਉਪਰੋਕਤ ਸਿਰ ਲੇਖ ਤੋਂ ਵੀ ਇਹੀ ਭੁਲੇਖਾ
ਪੈ ਸਕਦਾ ਹੈ ਕਿ ਅੰਮ੍ਰਿਤ ਕੋਈ ਪੀਣ ਵਾਲੀ ਵਸਤੂ ਹੈ ਜਿਸ ਨੂੰ ਪੀ ਕੇ “ਸਦ ਜੀਵਨ” ਪ੍ਰਾਪਤ ਹੋ
ਸਕਦਾ ਹੈ ਪਰ ਹਕੀਕਤ ਵਿੱਚ ਸਭ ਜਾਣਦੇ ਹਨ ਕਿ ਐਸਾ ਕੋਈ ਵੀ ਦੁਨਿਆਵੀ ਪਦਾਰਥ ਨਹੀ ਜਿਸਨੂੰ ਪੀ ਕੇ
ਸਦਾ ਅਮਰ ਹੋਇਆ ਜਾ ਸਕਦਾ ਹੈ। ਪ੍ਰਾਚੀਨ ਸਮੇ ਤੋਂ ਹੀ ਮਨੁਖ ਅਤੇ ਦੇਵੀ ਦੇਵਤਿਆਂ ਨੂੰ ਇਸ ਅੰਮ੍ਰਿਤ
ਦੀ ਭਾਲ ਰਹੀ ਪਰ ਕਿਸੇ ਨੂੰ ਵੀ ਇਸਦੀ ਪ੍ਰਾਪਤੀ ਨਹੀ ਹੋਈ, ਨਹੀ ਤਾਂ ਉਹ ਅਜ ਵੀ ਸੰਸਾਰ ਵਿੱਚ ਜੀਵਤ
ਹੁੰਦੇ। ਅੰਮ੍ਰਿਤ ਬਾਰੇ ਅਨੇਕਾਂ ਪੁਰਾਤਨ ਕਥਾ ਕਹਾਣੀਆਂ ਪੜਨ ਵਿੱਚ ਆਉਂਦੀਆਂ ਹਨ ਪਰ ਹਕੀਕਤ ਵਿੱਚ
ਇਸਦੀ ਕੋਈ ਹੋਂਦ ਹੀ ਨਹੀ ਹੈ। ਸਰੀਰਕ ਮੌਤ ਇੱਕ ਅਟੱਲ ਸਚਾਈ ਤੇ ਕੁਦਰਤੀ ਨਿਯਮ ਹੈ ਜਿਸਨੂੰ ਕਿਸੇ
ਤਰਾਂ ਵੀ ਟਾਲਿਆ ਨਹੀ ਜਾ ਸਕਦਾ। ਗੁਰ ਫੁਰਮਾਨ ਹੈ:-
ਜੋ ਉਪਜਿਉ ਸੋ ਬਿਨਿਸ ਹੈ ਪਰੋ ਆਜੁ ਕੈ
ਕਾਲਿ॥ ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ॥ (ਮ: 9 … 1429)।
ਭਾਵ: ਜੋ ਪੈਦਾ ਹੋਇਆ ਹੈ ਉਸਨੇ ਅਜ ਜਾਂ ਕਲ ਨਾਸ ਵੀ ਹੋ
ਜਾਣਾ ਹੈ। ਸੋ ਹੁਣ, ਨਾ ਚਹੁੰਦੇ ਹੋਏ ਵੀ, ਇਸ ਸਚਾਈ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਕੋਈ ਵੀ
ਸਦੀਵੀ ਤੌਰ ਤੇ ਇਸ ਦੁਨੀਆਂ ਤੇ ਨਹੀ ਰਹਿ ਸਕਦਾ ਇਸ ਲਈ ਸਪਸ਼ਟ ਹੈ ਕਿ ਕੋਈ ਐਸਾ ਅੰਮ੍ਰਿਤ ਨਹੀ
ਜਿਸਨੂੰ ਪੀ ਕੇ ਸਰੀਰਕ ਤੌਰ ਤੇ ਅਮਰ ਹੋਇਆ ਜਾ ਸਕੇ। ਸੰਸਾਰ ਵਿੱਚ ਜੋ ਵੀ ਆਇਆ ਹੈ ਉਸਨੇ ਆਪਣੀ
ਵਾਰੀ ਅਨੁਸਾਰ ਚਲੇ ਵੀ ਜਾਣਾ ਹੈ:-
ਜੋ ਆਇਆ ਸੋ ਚਲਸੀ ਸਭੁ ਕੋ ਆਈ ਵਾਰੀਐ॥ (ਮ: 1 … 473) ਜੋ ਆਇਆ ਸੋ ਸਭੁ ਕੋ ਜਾਸੀ … … … … … …
…. . (ਮ: 3 … 1047) ਇਸ ਲਈ ਸਰੀਰਕ ਤੌਰ ਤੇ
ਅਮਰ ਕਰਨ ਵਾਲਾ ਕੋਈ ਦੁਨਿਆਵੀ ਅੰਮ੍ਰਿਤ ਹੈ ਹੀ ਨਹੀ ਪਰ ਗੁਰਬਾਣੀ ਅੰਦਰ ਜਿਸ ਅੰਮ੍ਰਿਤ ਨੂੰ ਪੀ ਕੇ
ਸਦੀਵੀ ਆਤਮਕ ਜੀਵਨ ਦੀ ਗਲ ਕੀਤੀ ਹੈ ਉਹ ਅੰਮ੍ਰਿਤ “ਗੁਰਬਾਣੀ” (ਨਾਮ) ਹੈ। ਫੁਰਮਾਨ ਹੈ:
ਅੰਮ੍ਰਿਤ ਪੀਵਹੁ ਸਦਾ ਚਿਰੁ ਜੀਵਹੁ
ਹਰਿ ਸਿਮਰਤਿ ਅਨਦ ਅਨੰਤਾ॥ ਰੰਗ ਤਮਾਸਾ ਪੂਰਨ ਆਸਾ ਕਬਹਿ ਨ ਬਿਆਪੈ ਚਿੰਤਾ॥ (ਮ: 5 … 496)।
ਭਾਵ: ਆਤਮਕ ਜੀਵਨ ਦੇਣ ਵਾਲਾ ਨਾਮ (ਜਲ) ਸਦਾ
ਪੀਵੋ ਜਿਸ ਨਾਲ ਉੱਚਾ ਆਤਮਕ ਜੀਵਨ ਬਣਿਆ ਰਹੇਗਾ। ਇਸ ਨਾਲ ਅਮੁੱਕ ਅਨੰਦ ਤੇ ਖੇੜਾ ਵੀ ਪ੍ਰਾਪਤ
ਹੋਵੇਗਾ। ਗੁਰਬਾਣੀ ਨੇ ਅੰਮ੍ਰਿਤ ਨੂੰ ਆਤਮਕ ਪਦਾਰਥ ਮੰਨਿਆ ਹੈ ਜਿਸਦੇ ਪੀਤਿਆਂ ਆਤਮਕ ਮੌਤ ਤੋਂ
ਰਹਿਤ ਹੋਇਆ ਜਾ ਸਕਦਾ ਹੈ, ਸਰੀਰਕ ਮੌਤ ਤੋਂ ਨਹੀ। ਸਰੀਰਕ ਮੌਤ ਅਟੱਲ ਤੇ ਮਨੁਖ ਨੂੰ ਇਕੋ ਵਾਰ
ਵਾਪਰਦੀ ਹੈ ਪਰ ਆਤਮਕ ਮੌਤ ਤਾਂ ਦਿਨ ਵਿੱਚ ਅਨੇਕਾਂ ਵਾਰ ਵਾਪਰਦੀ ਹੈ। ਅਗੇ ਚਲਣ ਤੋਂ ਪਹਿਲਾਂ ਵੇਖ
ਲਈਏ ਕਿ ਗੁਰਬਾਣੀ ਅਨੁਸਾਰ ਆਤਮਕ ਜੀਵਨ ਤੇ ਆਤਮਕ ਮੌਤ ਕੀ ਹੈ। ਗੁਰ ਫੁਰਮਾਨ ਹੈ:
1.
ਮਰਣੈ ਤੇ ਜਗਤੁ ਡਰੈ ਜੀਵਿਆ ਲੋੜੈ ਸਭੁ ਕੋਇ॥ ਗੁਰ ਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਇ॥ ਨਾਨਕ
ਐਸੀ ਮਰਨੀ ਜੋ ਮਰੈ ਤਾ ਸਦ ਜੀਵਨ ਹੋਇ॥ 555 ਭਾਵ:
ਮਰਨ ਤੋਂ ਸਾਰਾ ਸੰਸਾਰ ਡਰਦਾ ਹੈ, ਹਰ ਕੋਈ ਜੀਵਨ ਹੀ ਚਹੁੰਦਾ ਹੈ। ਗੁਰੂ ਦੀ ਕਿਰਪਾ ਦੁਆਰਾ ਜੋ
ਮਨੁਖ ਜਿਉਂਦਾ ਹੀ (ਮੋਹ ਮਾਇਆ ਵਲੋਂ) ਮਰ ਜਾਂਦਾ ਹੈ, ਉਹੀ ਹਰੀ ਦੀ ਰਜ਼ਾ ਨੂੰ ਸਮਝਦਾ ਹੈ। ਹੇ
ਨਾਨਕ, ਜੋ (ਗੁਰੂ ਦੀ ਰਜ਼ਾ ਵਿੱਚ ਚਲਕੇ) ਮੋਹ ਮਾਇਆ ਵਲੋਂ ਮਰਦਾ ਹੈ, (ਨਿਰਲੇਪ ਹੋ ਜਾਂਦਾ ਹੈ)
ਉਸਨੂੰ ਅਟੱਲ (ਆਤਮਕ) ਜੀਵਨ ਪ੍ਰਾਪਤ ਹੋ ਜਾਂਦਾ ਹੈ। ਆਪਣੀ ਮਤ ਅਨੁਸਾਰ ਮੋਹ ਮਾਇਆ ਵਿੱਚ ਫਸ ਜਾਣਾ
ਆਤਮਕ ਮੌਤ ਹੈ ਤੇ ਗੁਰੂ ਦੀ ਮਤ ਅਨੁਸਾਰ ਚਲ ਕੇ ਮੋਹ ਮਾਇਆ ਤੋਂ ਮੁਕਤ ਹੋਣਾ ਆਤਮਕ ਜੀਵਨ ਹੈ।
2.
ਗੁਰਪ੍ਰਸਾਦੀ ਜੀਵਤ ਮਰੈ ਮਰਿ ਜੀਵੈ ਸਬਦਿ ਕਮਾਇ॥ ਮੁਕਤਿ ਦੁਆਰਾ ਸੋਈ ਪਾਏ ਜਿ ਵਿਚਹੁ ਆਪ ਗਵਾਇ॥
(ਮ: 3 … 1276)। ਭਾਵ: ਗੁਰੂ ਦੀ ਕਿਰਪਾ ਨਾਲ
ਜਦੋਂ ਮਨੁਖ ਮੋਹ ਮਾਇਆ ਵਲੋਂ ਮੁਕਤੀ ਪਾ ਲੈਂਦਾ ਹੈ ਤਾ ਗੁਰੂ ਦੇ ਸ਼ਬਦ (ਗੁਰਬਾਣੀ) ਦੁਆਰਾ ਆਤਮਕ
ਜੀਵਨ ਪ੍ਰਾਪਤ ਕਰਿ ਲੈਂਦਾ ਹੈ। ਸਪਸ਼ਟ ਹੈ ਕਿ ਗੁਰਬਾਣੀ (ਨਾਮ) ਹੀ ਅੰਮ੍ਰਿਤ ਹੈ ਜਿਸਦੇ ਪੀਤਿਆਂ
ਸਦੀਵੀ ਅਤਮਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ (ਮੋਹ ਮਾਇਆ ਤੋਂ ਛੁਟਕਾਰਾ ਹੁੰਦਾ ਹੈ)
3.
ਕਬੀਰ ਜਿਸ ਮਰਨੈ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦੁ॥ (ਸਲੋਕ
ਕਬੀਰ 1364)। ਭਾਵ: ਜਿਸ ਆਤਮਕ ਮੌਤ (ਮੋਹ ਮਾਇਆ
ਦੇ ਬੰਧਨਾ) ਤੋਂ ਦੁਨੀਆ ਡਰਦੀ ਹੈ, ਉਸਤੋਂ ਮੁਕਤੀ ਪਾ ਕੇ ਮੇਰਾ ਮਨ ਸੁਖੀ ਹੋ ਗਿਆ ਕਿਉਂਕਿ ਮਾਇਆ
ਤੋਂ ਮੁਕਤੀ ਪਾ ਕੇ ਹੀ ਪਰਮਾਤਮਾ ਨਾਲ ਮੇਲ ਹੋਣਾ ਹੈ। ਇਸ ਲਈ ਮਾਇਆ ਦਾ ਮੋਹ ਹੀ ਆਤਮਕ ਮੌਤ ਹੈ।
4.
ਮਨਮੁਖ ਮੁਏ
ਜਿਨ ਦੂਜੀ ਪਿਆਸਾ॥ ਬਹੁ ਜੋਨੀ ਭਵਹਿ
ਧੁਰਿ ਕਿਰਤਿ ਲਿਖਿਆਸਾ॥ ਜੈਸਾ ਬੀਜਹਿ ਤੈਸਾ ਖਾਸਾ॥ (176)।
ਭਾਵ: ਜਿਨ੍ਹਾ ਮਨੁੱਖਾਂ ਨੂੰ ਮਾਇਅ ਦੀ ਤ੍ਰਿਸ਼ਨਾ ਚੁੰਬੜੀ
ਹੈ ਉਹ (ਆਪਣੇ ਮਨ ਦੇ ਮੁਰੀਦ) ਆਤਮਕ ਮੌਤੇ ਮਰੇ ਰਹਿੰਦੇ ਹਨ। ਉਹ ਜਿਹੋ ਜਿਹਾ (ਕਰਮ ਬੀਜ) ਬੀਜਦੇ
ਹਨ ਉਹੋ ਜਿਹਾ (ਫਲ) ਖਾਦੇ ਹਨ। ਧੁਰ ਦੇ ਲਿਖੇ ਲੇਖ ਅਨੁਸਾਰ ਉਹ ਕੀਤੇ ਕਰਮਾ ਦੁਆਰਾ ਅਨੇਕ ਜੂਨਾ
ਵਿੱਚ ਭਟਕਦੇ ਫਿਰਦੇ ਹਨ। ਪਰਮਾਤਾ ਤੋਂ ਬਿਨਾ, ਮਾਇਆ ਦੀ ਆਸ ਹੀ ਆਤਮਕ ਮੌਤ ਹੈ।
5.
ਜਗੁ ਮੋਹਿ ਬਾਧਾ ਬਹੁਤੀ ਆਸਾ॥ ਗੁਰਮਤੀ ਇਕਿ ਭਏ ਉਦਾਸਾ॥ (412)
ਭਾਵ: ਜਗ ਮਾਇਆ ਦੇ ਮੋਹ ਵਿੱਚ ਬੱਝਾ ਹੋਇਆ ਬਹੁਤੀਆਂ ਆਸਾਂ
ਵਿੱਚ ਫਸਿਆ ਆਤਮਕ ਮੌਤੇ ਜੰਮਦਾ ਮਰਦਾ ਰਹਿੰਦਾ ਹੈ ਪਰ ਕਈ ਗੁਰੂ ਦੀ ਸਿਖਿਆ ਤੇ ਚਲ ਕੇ ਮਾਇਆ ਦੇ
ਮੋਹ ਤੋਂ ਨਿਰਲੇਪ ਰਹਿੰਦੇ ਹਨ। ਮੋਹ ਮਾਇਆ ਦੀ ਆਸ ਹੀ ਆਤਮਕ ਮੌਤ ਹੈ। ਗੁਰ ਪ੍ਰਮਾਣਾ ਤੋਂ ਸਪਸ਼ਟ ਹੈ
ਕਿ ਅਗਿਆਨਤਾ ਕਾਰਨ ਮੋਹ ਮਾਇਆ ਦੇ ਜਾਲ ਵਿੱਚ ਫਸਣਾ ਆਤਮਕ ਮੌਤ ਹੈ ਤੇ ਗੁਰਗਿਆਨ ਪ੍ਰਾਪਤ ਕਰਕੇ ਮੋਹ
ਮਾਇਆ ਤੋਂ ਮੁਕਤ ਹੋਣਾ ਹੀ ਸਦ ਜੀਵਨ (ਅਮਰ ਹੋਣਾ) ਹੈ। ਗੁਰਬਾਣੀ ਆਤਮਕ ਮੌਤ ਤੋਂ ਬਚਣ ਲਈ ਏਸੇ
ਅੰਮ੍ਰਿਤ ਦੀ ਗਲ ਕਰਦੀ ਹੈ। ਗੁਰਫੁਰਮਾਨ ਹੈ:-
1.
ਅੰਮ੍ਰਿਤ ਹਰਿ ਕਾ ਨਾਮੁ ਹੈ ਜਿਤਿ ਪੀਤੈ ਤਿਖੁ ਜਾਇ॥ ਨਾਨਕ ਗੁਰਮੁਖ ਜਿਨਿ ਪੀਆ ਤਿਨਿ ਬਹੁੜ ਨ ਲਾਗੀ
ਆਇ॥ (ਮ: 3 … 1283) ਭਾਵ: ਪਰਮਾਤਮਾ ਦਾ ਨਾਮ
(ਹੁਕਮ) ਹੀ ਅੰਮ੍ਰਿਤ ਹੈ ਜਿਸ ਦੇ ਪੀਤਿਆਂ ਮੋਹ ਮਾਇਆ ਦੀ ਪਿਆਸ (ਤ੍ਰਿਸ਼ਨਾ) ਬੁਝ ਜਾਂਦੀ ਹੈ।
ਜਿਨ੍ਹਾ (ਗੁਰੂ ਦੀ ਰਜ਼ਾ ਵਿੱਚ ਚਲਣ ਵਾਲੇ) ਗੁਰਮੁਖਾਂ ਨੇ ਇਹ ਅੰਮ੍ਰਿਤ (ਨਾਮ) ਪੀਤਾ ਹੈ ਉਹਨਾ ਨੂੰ
ਫਿਰ ਮੁੜਕੇ ਇਸ ਤ੍ਰਿਸ਼ਨਾ ਨੇ ਨਹੀ ਸਤਾਇਆ। ਗੁਰਬਾਣੀ ਨੂੰ ਹੀ ਨਾਮ ਕਿਹਾ ਗਿਆ ਹੈ (ਗੁਰਮੁਖਿ
ਬਾਣੀ ਨਾਮ ਹੈ ਨਾਮ ਰਿਦੈ ਵਸਾਈ॥ 1239) ਤੇ ਏਸੇ
ਨੂੰ ਹੀ ਗੁਰੂ ਮਨਾਂ ਵਿੱਚ ਦ੍ਰਿੜ ਕਰਾਉਂਦਾ ਹੈ।
2.
ਅੰਮ੍ਰਿਤੁ ਸਦਾ ਵਰਸਦਾ ਬੂਝਨਿ ਬੂਝਣਹਾਰ॥ ਗੁਰਮੁਖਿ ਜਿਨੀ ਬੁਝਿਆ ਹਰਿ ਅੰਮ੍ਰਿਤੁ ਰਖਿਆ ਉਰਧਾਰਿ॥
ਹਰਿ ਅੰਮ੍ਰਿਤ ਪੀਵਹਿ ਸਦਾ ਰੰਗ ਰਾਤੇ ਹਉਮੈ ਤ੍ਰਿਸਨਾ ਮਾਰਿ॥ ਅੰਮ੍ਰਿਤੁ ਹਰਿ ਕਾ ਨਾਮ ਹੈ ਵਰਸੈ
ਕਿਰਪਾ ਧਾਰਿ॥ ਨਾਨਕ ਗੁਰਮੁਖਿ ਨਦਰੀ ਆਇਆ ਹਰਿ ਆਤਮ ਰਾਮ ਮੁਰਾਰਿ॥ (ਮ: 3 … 1281)
ਭਾਵ: ਅੰਮ੍ਰਿਤ (ਨਾਮ, ਹੁਕਮ) ਦੀ ਵਰਖਾ ਤਾਂ ਸਦਾ ਹੋ ਰਹੀ
ਹੈ ਪਰ ਇਸ ਦਾ ਗਿਆਨ ਕਿਸੇ ਵਿਰਲੇ ਨੂੰ ਹੀ ਹੈ। ਜੋ ਗੁਰੂ ਦੀ ਸਿਖਿਆ (ਗੁਰਬਾਣੀ, ਨਾਮ) ਤੇ ਚਲਦੇ
ਹਨ ਉਹਨਾ (ਗੁਰਮੁਖਾਂ) ਨੂੰ ਗੁਰਗਿਆਨ ਪ੍ਰਾਪਤ ਹੋ ਜਾਂਦਾ ਹੈ ਤੇ ਉਹ ਇਸ ਗਿਆਨ ਨੂੰ ਹਿਰਦੇ ਵਿੱਚ
ਧਾਰਨ ਕਰ ਲੈਂਦੇ ਹਨ। ਇਹ ਨਾਮ (ਅੰਮ੍ਰਿਤ) ਪੀਣ ਵਾਲੇ ਪ੍ਰਭੂ ਦੇ ਪਿਆਰ ਵਿੱਚ ਰੰਗੇ ਜਾਂਦੇ ਹਨ ਅਤੇ
ਹਉਮੈ ਤੇ ਤ੍ਰਿਸ਼ਨਾ ਤੋਂ ਮੁਕਤ ਹੋ ਜਾਂਦੇ ਹਨ। ਅੰਮ੍ਰਿਤ ਪਰਮਾਤਮਾ ਦਾ ਨਾਮ (ਹੁਕਮ, ਗੁਰਗਿਆਨ) ਹੈ
ਤੇ ਇਸਦੀ ਵਰਖਾ ਹੁੰਦੀ ਰਹਿੰਦੀ ਹੈ ਪਰ ਇਸ ਦੀ ਸੂਝ ਕੇਵਲ ਗੁਰਮੁਖਾਂ (ਗੁਰੂ ਦੀ ਸਿਖਿਆ ਤੇ ਚਲਣ
ਵਾਲੇ) ਨੂੰ ਹੀ ਹੁੰਦੀ ਹੈ।
3.
ਗੁਰ ਕੇ ਭਾਣੇ ਵਿਚਿ ਅੰਮ੍ਰਿਤੁ ਹੈ ਸਹਿਜੇ ਪਾਵੈ ਕੋਇ॥ ਜਿਨਾ ਪ੍ਰਾਪਤ ਤਿਨ ਪੀਆ ਹਉਮੈ ਵਿਚਹੁ ਖੋਇ॥
ਨਾਨਕ ਗੁਰਮੁਖਿ ਨਾਮ ਧਿਆਈਐ ਸਚਿ ਮਿਲਾਵਾ ਹੋਇ॥ (ਮ: 3 … 31)
ਭਾਵ: ਗੁਰੂ (ਪਰਮਾਤਮਾ ਰੂਪ) ਦੀ ਰਜ਼ਾ ਵਿੱਚ ਅੰਮ੍ਰਿਤ ਹੈ,
ਗੁਰੂ ਦੀ ਰਜ਼ਾ (ਹੁਕਮ, ਨਾਮ)) ਹੀ ਅੰਮ੍ਰਿਤ ਹੈ, ਜਿਸ ਦੁਆਰਾ ਆਤਮਕ ਅਡੋਲਤਾ (ਸਹਿਜ) ਦੀ ਪ੍ਰਾਪਤੀ
ਹੁੰਦੀ ਹੈ। ਜਿਨਾ (ਰਜ਼ਾ ਵਿੱਚ ਚਲਣ ਵਾਲਿਆਂ) ਗੁਰਮੁਖਾਂ ਨੂੰ ਅਡੋਲਤਾ ਪ੍ਰਾਪਤ ਹੋਈ, ਉਹਨਾ ਹੀ
ਆਪਣੇ ਅੰਦਰੋਂ ਹਉਮੈ ਦੂਰ ਕਰਕੇ ਇਹ ਅੰਮ੍ਰਿਤ ਪੀਤਾ ਹੈ। ਗੁਰਮੁਖਾਂ ਦਾ ਇਹੀ ਨਾਮ ਧਿਆਉਣਾ ਹੈ ਜਿਸ
ਨਾਲ ਪਰਮਾਤਮਾ ਮਿਲਾਪ ਸੰਭਵ ਹੈ।
4.
ਅੰਮ੍ਰਿਤੁ ਹਰਿ ਹਰਿ ਨਾਮ ਹੈ ਮੇਰੀ ਜਿੰਦੁੜੀਏ ਅੰਮ੍ਰਿਤੁ ਗੁਰਮਤਿ ਪਾਏ ਰਾਮ॥ ਹਉਮੈ ਮਾਇਆ ਬਿਖ ਹੈ
ਮੇਰੀ ਜਿੰਦੜੀਏ ਹਰਿ ਅੰਮ੍ਰਿਤੁ ਬਿਖ ਲਹਿ ਜਾਏ ਰਾਮ॥ (ਮ: 4 … 538)।
ਭਾਵ: ਪਰਮਾਤਮਾ ਦਾ ਨਾਮ (ਹੁਕਮ) ਹੀ ਅੰਮ੍ਰਿਤ ਹੈ ਮੇਰੀ
ਜਿੰਦੇ, ਪਰ ਇਹ ਅੰਮ੍ਰਿਤ ਗੁਰੂ ਦੀ ਮਤ (ਉਪਦੇਸ਼, ਸ਼ਬਦ, ਗੁਰਬਾਣੀ, ਗਿਆਨ) ਉਤੇ ਤੁਰਿਆਂ ਹੀ ਪ੍ਰਾਪਤ
ਹੁੰਦਾ ਹੈ। ਹਉਮੈ, ਮੋਹ ਮਾਇਆ ਤੇ ਅਗਿਆਨਤਾ ਜ਼ਹਿਰ ਹੈ ਮੇਰੀ ਜਿੰਦੇ ਤੇ ਇਹ ਜ਼ਹਿਰ ਕੇਵਲ ਨਾਮ
(ਗੁਰਬਾਣੀ) ਦੁਆਰਾ ਹੀ ਦੂਰ ਹੋਵੇਗੀ।
5.
ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ॥ ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ॥
ਅੰਮ੍ਰਿਤ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ਜੀਉ॥ (ਮ: 3 … 643)।
ਗੁਰਪ੍ਰਮਾਣ ਨੰ: 1 ਅਤੇ ਨੰ: 2 ਵਿੱਚ ਅੰਮ੍ਰਿਤ ਨੂੰ ਨਾਮ
ਕਿਹਾ ਹੈ. . ਨੰ: 3 ਵਿੱਚ ਅੰਮ੍ਰਿਤ ਨੂੰ ਭਾਣਾ ਕਿਹਾ ਹੈ, ਨੰ: 4 ਵਿੱਚ ਅੰਮ੍ਰਿਤ ਨੂੰ ਗੁਰਮਤ
ਕਿਹਾ ਹੈ ਤੇ ਨੰ: 5 ਵਿੱਚ ਅੰਮ੍ਰਿਤ ਨੂੰ ਸਬਦ ਕਿਹਾ ਹੈ। ਇਥੋਂ ਸਪਸ਼ਟ ਹੋ ਜਾਂਦਾ ਹੈ ਕਿ ਨਾਮ,
ਹੁਕਮ, ਭਾਣਾ, ਸਬਦ, ਗੁਰਮਤ, ਗੁਰਗਿਆਨ, ਗੁਰਬਾਣੀ, ਗੁਰਉਪਦੇਸ਼, ਗੁਰਸਿਖਿਆ ਦਾ ਭਾਵ ਇਕੋ ਹੀ ਹੈ।
ਭਾਵ: ਸਬਦ ਤੋਂ ਹੀ ਨਾਮ ਦੀ ਪ੍ਰਾਪਤੀ ਹੈ (ਸਬਦ ਹੀ ਨਾਮ ਹੈ) ਜਿਸ ਦੁਆਰਾ ਪਰਮਾਤਮਾ ਨਾਲ ਮੇਲ ਹੋਣਾ
ਹੈ। ਸਬਦ ਬਿਨਾ ਸਾਰਾ ਸੰਸਾਰ ਪਾਗਲ ਹੋਇਆ ਫਿਰਦਾ ਹੈ ਤੇ ਮਨੁਖਾ ਜਨਮ ਵਿਅਰਥ ਗਵਾ ਰਿਹਾ ਹੈ। ਕੇਵਲ
ਸਬਦ ਹੀ ਅੰਮ੍ਰਿਤ ਹੈ ਜੋ ਗੁਰਮੁਖਾਂ ਨੂੰ ਪ੍ਰਾਪਤ ਹੁੰਦਾ ਹੈ ਤੇ ਉਹ ਆਤਮਕ ਤੌਰ ਤੇ ਅਮਰ (ਸਦੀਵੀ
ਸੁਖੀ) ਹੋ ਜਾਂਦੇ ਹਨ।
6.
ਜਿਨ ਵਡਿਆਈ
ਤੇਰੇ ਨਾਮ ਕੀ ਤੇ ਰਤੇ ਮਨ ਮਾਹਿ॥
ਨਾਨਕ ਅੰਮ੍ਰਿਤੁ ਏਕ ਹੈ ਦੂਜਾ ਅੰਮ੍ਰਿਤ ਨਾਹਿ॥ ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰਪ੍ਰਸਾਦਿ॥
ਤਿਨੀ ਪੀਤਾ ਰੰਗਿ ਸਿਉ ਜਿਨਿ ਕਉ ਲਿਖਿਆ ਆਦਿ॥ (ਮ: 2 … 1238)
ਭਾਵ: ਜਿਨਾ ਨੂੰ ਤੇਰੇ ਨਾਮ (ਹੁਕਮ) ਦੀ ਉਪਮਾ ਦਾ ਪਤਾ ਹੈ
ਤੇ ਉਹ ਤੇਰੇ ਹੁਕਮ ਵਿੱਚ ਚਲਦੇ ਹਨ, ਉਹ ਤੇਰੇ ਰੰਗ ਵਿੱਚ ਰਤੇ ਰਹਿੰਦੇ ਹਨ। ਹੇ ਨਾਨਕ, ਇੱਕ ਤੇਰਾ
ਨਾਮ (ਹੁਕਮ) ਹੀ ਅੰਮ੍ਰਿਤ ਹੈ ਤੇ ਇਸ ਤੋਂ ਬਿਨਾ ਕੋਈ ਦੂਸਰਾ ਅੰਮ੍ਰਿਤ ਨਹੀ ਹੈ। ਇਹ ਅੰਮ੍ਰਿਤ
(ਨਾਮ, ਹੁਕਮ) ਮਨ ਵਿੱਚ ਹੀ ਹੈ ਪਰ ਮਿਲਦਾ ਗੁਰੂ ਦੀ ਕਿਰਪਾ ਦੁਆਰਾ ਹੀ ਹੈ। ਉਹੀ ਇਸ ਅੰਮ੍ਰਿਤ ਨੂੰ
ਸਵਾਦ ਨਾਲ ਪੀਂਦੇ ਹਨ ਜੋ ਤੇਰੀ ਕਿਰਪਾ ਦੇ ਪਾਤਰ ਹਨ।
7.
ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ॥ ਸਤਿਗੁਰ ਸੇਵਿਐ ਰਿਦੈ ਸਮਾਣੀ॥ (118)
ਭਾਵ: ਗੁਰੂ ਦਾ ਸ਼ਬਦ ਤੇ ਗੁਰੂ ਦੀ ਬਾਣੀ (ਇਕੋ ਹਨ) ਹੀ
ਅੰਮ੍ਰਿਤ ਹਨ ਤੇ ਸਤਿਗੁਰ ਦੀ ਓਟ ਜਾਂ ਸ਼ਰਨ ਲਿਆਂ ਇਹ ਗੁਰਬਾਣੀ ਹਿਰਦੇ ਵਿੱਚ ਪੱਕੀ ਹੋ ਜਾਂਦੀ ਹੈ।
ਗੁਰਬਾਣੀ ਅੰਮ੍ਰਿਤ ਹੈ ਤੇ ਗੁਰਬਾਣੀ ਤੇ ਚਲਣਾ ਹੀ
ਅੰਮ੍ਰਿਤ ਛਕਣਾ ਜਾਂ ਅੰਮ੍ਰਿਤਧਾਰੀ ਹੋਣਾ ਹੈ।
8.
ਨਿੰਮੁ ਬਿਰਖੁ ਬਹੁ ਸੰਚੀਐ ਅੰਮ੍ਰਿਤ ਰਸੁ ਪਾਇਆ॥ ਬਿਸੀਅਰੁ ਮੰਤ੍ਰਿ ਵਿਸਾਹੀਐ ਬਹੁ ਦੂਧੁ ਪੀਆਇਆ॥
ਮਨਮੁਖੁ ਅਭਿੰਨੁ ਨ ਭਿਜਈ ਪਥਰੁ ਨਾਵਾਇਆ॥ ਬਿਖੁ ਮਹਿ ਅੰਮ੍ਰਿਤੁ ਸਿੰਚੀਐ ਬਿਖੁ ਕਾ ਫਲੁ ਪਾਇਆ॥
ਨਾਨਕ ਸੰਗਤਿ ਮੇਲਿ ਹਰਿ ਸਭ ਬਿਖੁ ਲਹਿ ਜਾਇਆ॥ (ਮ: 4 … 1244)
ਭਾਵ: ਜੇ ਨਿੰਮ ਦੇ ਦਰਖਤ ਨੂੰ ਮਿਠਾਸ ਪਾ ਪਾ
ਕੇ ਵੀ ਸਿੰਜੀਏ ਤਾਂ ਉਹ ਆਪਣੀ ਕੁੜੱਤਣ ਨਹੀ
ਛਡੇਗਾ। ਜੇ ਸੱਪ ਨੂੰ ਦੁਧ ਪਿਆ ਕੇ ਮੰਤ੍ਰਾਂ ਨਾਲ ਇਤਬਾਰ ਯੋਗ ਬਣਾਈਏ ਤਾਂ ਫਿਰ ਵੀ ਉਹ ਆਪਣਾਂ ਡੰਗ
ਮਾਰਨ ਦਾ ਸੁਭਾ ਨਹੀ ਛਡਦਾ। ਜਿਵੇਂ ਪਥਰ ਨੂੰ ਇਸ਼ਨਾਨ ਕਰਾਈਏ ਤਾਂ ਉਹ ਕੋਰੇ ਦਾ ਕੋਰਾ ਹੀ ਰਹੇਗਾ
ਤਿਵੇਂ ਮਨਮੁਖ ਗਿਆਨ ਤੋਂ ਬਿਨਾ ਕੋਰੇ ਦਾ ਕੋਰਾ ਹੀ ਰਹੇਗਾ। ਜੇ ਜ਼ਹਿਰ ਵਿੱਚ ਅੰਮ੍ਰਿਤ ਪਾਈਏ ਤਾਂ
ਉਹ ਜ਼ਹਿਰ ਦੀ ਜ਼ਹਿਰ
ਹੀ ਰਹੇਗੀ। ਪਰ ਹੇ ਨਾਨਕ, ਜੇ ਪ੍ਰਭੂ, ਗੁਰਮੁਖਾਂ ਦੀ
ਸੰਗਤਿ, ਮੇਲੇ ਤਾਂ ਮਨ ਵਿਚੋਂ ਮੋਹ ਮਾਇਆ ਵਾਲੀ ਜ਼ਹਿਰ ਲਹਿ ਜਾਂਦੀ ਹੈ ਜਿਵੇਂ:
ਬਿਖ ਸੇ ਅੰਮ੍ਰਿਤ ਭਏ ਗੁਰਮਤਿ ਬੁਧੁ
ਪਾਈ॥ (565) ਜੋ ਗੁਰੂ ਦੀ ਮਤ ਤੇ
ਚਲ ਕੇ
ਸ੍ਰੇਸ਼ਟ ਅਕਲ (ਬੁੱਧੀ) ਹਾਸਲ ਕਰ ਲੈਂਦੇ ਹਨ ਉਹ
ਮਾਨੋ ਜ਼ਹਿਰ ਤੋਂ ਅੰਮ੍ਰਿਤ ਬਣ ਜਾਂਦੇ ਹਨ।
ਉਪਰੋਕਤ (ਤੇ ਹੋਰ ਅਨੇਕਾਂ) ਗੁਰ ਪ੍ਰਮਾਣਾ ਤੋਂ ਸਪਸ਼ਟ ਹੋ ਜਾਂਦਾ ਹੈ ਕਿ
ਗੁਰਬਾਣੀ ਹੀ ਅੰਮ੍ਰਿਤ ਹੈ ਜੋ ਆਤਮਕ ਮੌਤ ਤੋਂ ਆਤਮਕ ਸਦ ਜੀਵਨ ਬਖਸ਼ਦੀ ਹੈ ਤੇ ਇਸ ਅੰਮ੍ਰਿਤ ਦੀ
ਪ੍ਰਾਪਤੀ ਉਸਨੂੰ ਹੀ ਹੋਵੇਗੀ ਜੋ ਗੁਰਬਾਣੀ ਨੂੰ ਪ੍ਹੜ, ਬੁਝ ਕੇ ਮਨ ਵਸਾਇਗਾ ।
(ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮਨਿ ਵਸਾਵਣਿਆ॥ (ਮ: 3 … 127)।
ਗੁਰੂ ਦੇ ਬਚਨਾ ਅਨੁਸਾਰ, ਹੋਰ ਕੋਈ ਦੂਸਰਾ ਅੰਮ੍ਰਿਤ ਨਹੀ
ਹੈ। ਗੁਰਬਾਣੀ ਅਨੁਸਾਰ ਜੀਵਨ ਨੂੰ ਢਾਲਣਾ ਹੀ ਆਤਮਕ ਤੌਰ ਤੇ ਅੰਮ੍ਰਿਤ ਛਕਣਾ ਜਾਂ ਅੰਮ੍ਰਿਤਧਾਰੀ
ਹੋਣਾ ਹੈ ਤੇ ਇਹੀ ਪਰਮਾਤਮਾ ਦੇ ਮਿਲਾਪ ਦਾ ਸਾਧਨ ਭੀ ਹੈ।
ਦਰਸ਼ਨ ਸਿੰਘ,
ਵੁਲਵਰਹੈਂਪਟਨ, ਯੂ. ਕੇ.
|
. |