.

ਇਨਸਾਨ ਅਤੇ ਹੈਵਾਨ ਵੱਖੋ ਵੱਖ ਹੈ ਪਛਾਨ

ਅਵਤਾਰ ਸਿੰਘ ਮਿਸ਼ਨਰੀ 5104325827

ਇਨਸਾਨ ਅਰਬੀ ਦਾ ਲਫਜ਼ ਹੈ, ਜਿਸ ਦਾ ਮਤਲਵ ਹੈ ਆਦਮੀ ਜਾਂ ਮਨੁੱਖ ਅਤੇ ਹੈਵਾਨ ਦਾ ਅਰਥ ਹੈ ਪਸ਼ੂ। ਇਨਸਾਨ ਅਤੇ ਹੈਵਾਨ ਸਾਰੀ ਕਾਇਨਾਤ ਪ੍ਰਮਾਤਮਾਂ ਦੀ ਰਚਨਾ ਹੈ। ਇਸ ਕਾਇਨਾਤ ਵਿੱਚ ਬਹੁਤ ਕੁਛ ਹੈ, ਅਨੇਕਾਂ ਪ੍ਰਕਾਰ ਦੇ ਜੀਵ ਜੰਤ ਹਨ। ਮੁੱਖ ਤੌਰ ਤੇ ਇਨਸਾਨ ਅਤੇ ਹੈਵਾਨ ਹੀ ਹਨ। ਇਸ ਬਾਰੇ ਜਾਨਣ ਦੀ ਕੋਸ਼ਿਸ਼ ਕਰਦੇ ਹਾਂ। ਇਨਸਾਨ ਕੋਲ ਵਿਕਸਤ ਦਿਮਾਗ ਹੈ, ਜਿਸ ਨੂੰ ਵਰਤ ਕੇ ਬਹੁਤ ਕੁੱਝ ਕਰ ਸਕਦਾ ਹੈ। ਪਸ਼ੂ ਮੋਟੇ ਦਿਮਾਗ ਦਾ ਹੋਣ ਕਰਕੇ ਬੁਰਾ ਭਲਾ ਨਹੀਂ ਸੋਚ ਸਕਦਾ ਪਰ ਕੁੱਝ ਗੁਣ ਦੋਹਾਂ ਦੇ ਬਰਾਬਰ ਹਨ, ਬੱਚੇ ਪੈਦਾ ਕਰਨਾ, ਖਾਣਾ, ਸੌਣਾ ਅਤੇ ਮਰਨਾ। ਕਾਦਰ ਨੇ ਕੁਦਰਤ ਵਿੱਚ ਹੈਵਾਨਾਂ ਤੋਂ ਇਨਸਾਨ ਬਣਾ ਦਿੱਤੇ ਜਾਂ ਇਉਂ ਕਹਿ ਲਉ ਕਿ ਹੈਵਾਨ ਤੋਂ ਵਿਕਸਤ ਹੋ ਇਨਸਾਨ ਬਣੇ। ਇਨਸਾਨ ਕੋਲ ਇਲਮ (ਵਿਦਿਆ) ਹੈ, ਇਸ ਲਈ ਉਹ ਪੜ੍ਹ, ਲਿਖ ਅਤੇ ਸੋਚ ਵਿਚਾਰ ਸਕਦਾ ਹੈ। ਹੈਵਾਨ ਕੋਲ ਇਹ ਇਲਮ ਨਹੀਂ ਪਰ ਪਾਲਤੂ ਹੈਵਾਨ ਸਿਖਾਇਆਂ ਕੁੱਝ ਨਾਂ ਕੁੱਝ ਇਸ਼ਾਰਿਆਂ ਨਾਲ ਸਿੱਖ ਜਾਂਦਾ ਹੈ।

ਇਨਸਾਨ ਪਹਿਲੇ ਜੰਗਲਾਂ ਵਿੱਚ ਰਹਿੰਦਾ ਸੀ, ਫਿਰ ਤਰੱਕੀ ਕਰਕੇ ਝੁੱਗੀਆਂ ਝੌਂਪੜੀਆਂ, ਕੱਚੇ ਕੋਠਿਆਂ ਅਤੇ ਪਿੰਡਾਂ ਵਿੱਚ ਰਹਿਣ ਲੱਗਾ। ਕਬੀਲੇ ਬਣਾ ਲੈ, ਫਿਰ ਪਿੰਡਾਂ ਤੋਂ ਸ਼ਹਿਰ ਵੱਲ ਵਧਿਆ, ਪੱਕੇ ਮਕਾਨ ਬਣ ਲਏ, ਸਭਾ ਸੁਸਾਇਟੀਆਂ ਪੈਦਾ ਹੋ ਗਈਆਂ। ਇਨਸਾਨ ਪਹਿਲੇ ਪੈਦਲ ਚਲਦਾ ਸੀ ਅਤੇ ਜੰਗਲੀ ਅਨਾਜ ਖਾਂਦਾ ਸੀ। ਹੌਲੀ ਹੌਲੀ ਇਸ ਨੇ ਕਾਦਰ ਦੀ ਕੁਦਰਤ ਵਿੱਚੋਂ ਕਈ ਸੁਖ ਸਹੂਲਤਾਂ ਖੋਜ ਲਈਆਂ। ਪੈਦਲ ਤੋਂ ਘੋੜਾ, ਖੋਤਾ, ਊਠ ਅਤੇ ਹਾਥੀ ਦੀ ਸਵਾਰੀ ਕਰਨ ਲੱਗਾ। ਬੈਲ ਗੱਡੀਆਂ ਅਤੇ ਤਾਂਗੇ ਪੈਦਾ ਕਰ ਲਏ। ਸਾਈਕਲ, ਮੋਟਰ ਸਾਈਕਲ, ਰੇਲ ਗੱਡੀਆਂ, ਬੱਸਾਂ, ਮੋਟਰ ਕਾਰਾਂ ਅਤੇ ਹਵਾਈ ਜਹਾਜ਼ ਪੈਦਾ ਕਰ ਲਏ। ਵੱਖ ਵੱਖ ਬੋਲ ਚਾਲ ਤੋਂ ਵੱਖ-ਵੱਖ ਭਾਸ਼ਾ ਪੈਦਾ ਕਰ ਲਈਆਂ, ਜਿਨ੍ਹਾਂ ਵਿੱਚ ਪੁਸਤਕਾਂ ਅਤੇ ਗ੍ਰੰਥ ਲਿਖੇ। ਵਿਦਿਆਲੇ ਮਦਰੱਸੇ ਬਣ ਗਏ, ਜਿੱਥੇ ਵਿਦਿਆ ਪੜ੍ਹਨ ਪੜ੍ਹਾਉਣ ਦਾ ਸਿਲਸਲਾ ਸ਼ੁਰੂ ਹੋ ਗਿਆ। ਦੂਰ ਦੁਰਾਡੇ ਸੁਨੇਹੇ ਲਈ ਚਿੱਠੀ ਪੱਤਰ ਸ਼ੁਰੂ ਹੋ ਗਏ। ਵਿਦਿਆਲਿਆਂ ਤੋਂ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਪੈਦਾ ਹੋ ਗਈਆਂ। ਰਸਾਲੇ ਅਤੇ ਅਖਬਾਰਾਂ ਸ਼ੁਰੂ ਹੋਈਆਂ, ਰੇਡੀਓ ਅਤੇ ਟੀ ਵੀ ਪੈਦਾ ਹੋ ਗਏ, ਸੁਨੇਹਿਆਂ ਅਤੇ ਚਿੱਠੀ ਪੱਤਰਾਂ ਦੀ ਥਾਂ ਫੋਨ, ਈਮੇਲਾਂ ਨੇ ਲੈ ਲਈ। ਅੱਜ ਇਨਸਾਨ ਸਾਰੇ ਸੰਸਾਰ ਵਿੱਚ ਘੁੰਮ ਫਿਰ ਸਕਦਾ ਹੈ। ਚੰਦ, ਮੰਗਲ ਅਤੇ ਕਈ ਹੋਰ ਧਰਤੀਆਂ ਤੇ ਵੀ ਜਾ ਚੁੱਕਾ ਹੈ।

ਗੁਰਬਾਣੀ ਦੇ ਮਹਾਂਵਾਕ-ਕਰਤੂਤਿ ਪਸੂ ਕੀ ਮਾਨਸ ਜਾਤਿ॥ (267) ਅਨੁਸਾਰ ਇਨਸਾਨ ਹੋ ਕੇ ਅਤੇ ਇਤਨੀ ਤਰੱਕੀ ਕਰਕੇ ਵੀ ਕਰਤੂਤਾਂ (ਕਾਰਵਾਈਆਂ) ਪਸ਼ੂਆਂ (ਹੈਵਾਨਾਂ) ਵਾਲੀਆਂ ਬਲਕਿ ਉਨ੍ਹਾਂ ਤੋਂ ਵੀ ਬਦਤਰ ਕਰ ਰਿਹਾ ਹੈ। ਜਿਵੇਂ ਪਸ਼ੂ ਬੇਗਾਨੀ ਖੁਰਲੀ ਵਿੱਚ ਮੂੰਹ ਮਾਰਦੇ ਹਨ, ਇਵੇਂ ਹੀ ਅਜੋਕਾ ਇਨਸਾਨ ਵੀ, ਦੂਜਿਆਂ ਦੇ ਹੱਕ ਖੋਹ ਕੇ ਖਾ ਰਿਹਾ ਹੈ। ਪਸ਼ੂ ਨੂੰ ਤਾਂ ਮਾਂ, ਧੀ ਅਤੇ ਭੈਣ ਦਾ ਗਿਆਨ ਨਹੀਂ ਪਰ ਇਨਸਾਨ ਗਿਆਨ ਹੁੰਦੇ ਹੋਏ ਵੀ ਪਰਾਈਆਂ ਧੀਆਂ ਭੈਣਾਂ ਨਾਲ ਦੁਰ ਵਿਹਾਰ ਕਰ ਰਿਹਾ ਹੈ। ਪਸ਼ੂਆਂ ਦਾ ਤਾਂ ਕਾਮ ਤੇ ਕੰਟਰੋਲ ਹੈ, ਬਿਨਾ ਮੌਸਮ ਉਹ ਕਾਮਕ੍ਰੀੜਾ ਨਹੀਂ ਕਰਦੇ ਪਰ ਇਨਸਾਨ ਇਹ ਕੰਟਰੋਲ ਗਵਾ ਰਿਹਾ ਹੈ। ਪਸ਼ੂ ਭੁੱਖ ਲੱਗਣ ਤੇ ਹੀ ਖਾਂਦਾ ਹੈ ਪਰ ਇਹ ਹਰ ਵੇਲੇ ਮੂੰਹ ਦੇ ਸਵਾਦ ਲਈ ਪੇਟ ਦੀ ਤੁੰਨ-ਮਤੁੰਨ ਕਰ ਰਿਹਾ ਹੈ। ਵਿਦਿਆ ਦਾ ਦੀਵਾ ਲੈ ਹਨੇਰੇ ਖੱਡਿਆਂ ਵਿੱਚ ਡਿੱਗ ਰਿਹਾ ਹੈ। ਨਸ਼ੇ ਜੋ ਮਨੁੱਖਤਾ ਦੇ ਵੈਰੀ ਹਨ, ਉਨ੍ਹਾਂ ਦੀ ਨਾਜਾਇਜ ਵਰਤੋਂ ਕਰਕੇ ਮਨੁੱਖਤਾ ਵਿਰੋਧੀ ਹਾਦਸੇ ਅਤੇ ਕਾਰਵਾਈਆਂ ਕਰ ਰਿਹਾ ਹੈ। ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਵਿੱਚ ਇਤਨਾ ਗਲਤਾਨ ਹੋ ਚੁੱਕਾ ਹੈ ਕਿ ਬੁਰਾ ਭਲਾ ਵੀ ਨਹੀਂ ਸੋਚਦਾ। ਇਹ ਵਿਸ਼ੇ ਤਾਂ ਘੋੜੇ ਸਨ, ਜਿਨ੍ਹਾਂ ਨੂੰ ਗਿਆਨ ਦੀ ਲੁਗਾਂਮ ਦੇ ਕੇ, ਇਉਂ ਚਲਾਉਣਾ ਸੀ, ਜਿਵੇਂ ਇੱਕ ਰਥਵਾਹੀ ਘੋੜੇ ਨੂੰ ਚਲਾਉਂਦਾ ਹੈ। ਰੱਬ ਨੂੰ ਭੁੱਲ ਕੇ ਇਨਸਾਨ ਨੇ ਧ੍ਰਿਗ ਕਰਮ ਕਰਨੇ ਸ਼ੁਰੂ ਕਰ ਦਿੱਤੇ ਪਰ ਪਸ਼ੂ ਤਾਂ ਘਾਹ ਪੱਠਾ ਖਾ ਕੇ ਵੀ ਮਨੁੱਖਤਾ ਦੇ ਕੰਮ ਆਉਂਦਾ ਹੈ-ਪਸੂ ਮਿਲਹਿ ਚੰਗਿਆਈਆਂ ਖੜੁ ਖਾਵਹਿ ਅੰਮ੍ਰਿਤੁ ਦੇਹਿ॥ ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਨ ਕਰਮ ਕਰੇਹਿ॥ 3॥ (489) ਪੀਣ ਲਈ ਦੁੱਧ, ਖੇਤਾਂ ਵਿੱਚ ਹਲਾਂ ਅੱਗੇ ਜੁਪਣਾ, ਸਵਾਰੀਆਂ ਢੋਣਾਂ ਅਤੇ ਗੱਡੀਆਂ ਖਿਚਣਾ, ਖੇਤੀ ਲਈ ਗੋਬਰ ਖਾਦ ਅਤੇ ਕਈ ਹੋਰ ਦੇਣਾਂ ਤੋਂ ਬਾਅਦ ਮਰਨ ਉਪ੍ਰੰਤ ਵੀ ਪਸ਼ੂਆਂ ਦੀ ਚਮੜੀ ਜੁੱਤੀਆਂ, ਬੈਲਟਾਂ ਅਤੇ ਪਰਸਾਂ ਆਦਿਕ ਲਈ ਵਰਤੀ ਜਾਂਦੀ ਹੈ।

ਸਾਰੀ ਕਾਇਨਾਤ ਨੂੰ ਰੱਬ ਨੇ ਹੀ ਪੈਦਾ ਕੀਤਾ ਹੈ। ਇਹ ਕਰਤੇ ਦੀ ਕੁਦਰਤੀ ਰਚਨਾ ਹੈ-ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ॥ 3॥ (1403) ਵੱਖ ਜੀਵ ਜੰਤ ਆਪਣੇ ਸੁਭਾ ਅਤੇ ਸੋਝੀ ਅਨੁਸਾਰ ਚਲ ਰਹੇ ਹਨ। ਪਸ਼ੂਆਂ ਵਿੱਚੋਂ ਵੀ ਕਈ ਸ਼੍ਰੇਣੀਆਂ ਵਿਗਸਤ ਹੋ ਗਈਆਂ ਹਨ ਪਰ ਸਾਰੀਆਂ ਜੀਵ ਜੋਨ-ਜਾਤੀਆਂ ਇਨਸਾਨ ਦੀ ਸੇਵਾ ਕਰ ਰਹੀਆਂ ਹਨ-ਅਵਰ ਜੋਨਿ ਤੇਰੀ ਪਨਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥ (374) ਸਿਕਦਾਰ ਫਾਰਸੀ ਦਾ ਲਫਜ਼ ਹੈ ਭਾਵ ਸਿੱਕਾ ਚਲਾਉਣ ਵਾਲਾ ਰਾਜਾ ਅਤੇ ਸਿਕਦਾਰੀ ਭਾਵ ਹਕੂਮਤ ਸਰਕਾਰ ਅਤੇ ਸਰਦਾਰੀ। ਸਿਕਦਾਰ (ਸਰਦਾਰ) ਰਾਜੇ ਨੇ ਕਰਮ ਤਾਂ ਸਰਦਾਰਾਂ ਵਾਲੇ ਕਰਨੇ ਸੀ ਤੇ ਕਰਨ ਬੇਜਾਨ ਹੈਵਾਨਾਂ ਨਾਲੋਂ ਵੀ ਬਦਤਰ ਲੱਗ ਪਿਆ। ਰੱਬ ਨੇ ਜਦ ਪੈਦਾ ਕੀਤਾ, ਸਭ ਇਨਸਾਨਾਂ ਨੂੰ, ਤਾਂ ਇਨਸਾਨੀਅਤ ਵਾਲਾ ਇੱਕੋ ਧਰਮ ਦਿੱਤਾ-ਏਕੋ ਧਰਮੁ ਦ੍ਰਿੜੈ ਸਚੁ ਸੋਈ॥ ਗੁਰਮਤਿ ਪੂਰਾ ਜਗਿ ਜੁਗਿ ਸੋਈ॥ (1188) ਪਰ ਚਾਤਰ ਇਨਸਾਨ ਨੇ ਇਸ ਧਰਮ ਨੂੰ ਵੀ ਕਈ ਮਜ਼ਹਬਾਂ ਅਤੇ ਫਿਰਕਿਆਂ ਜਿਵੇਂ ਈਸਾਈ, ਮੁਸਾਈ, ਮੁਸਲਿਮ, ਹਿੰਦੂ, ਬੋਧੀ ਅਤੇ ਸਿੱਖ ਆਦਿਕ ਵਿੱਚ ਵੰਡ ਦਿੱਤਾ। ਫਿਰ ਆਪਣੇ ਧਰਮ ਨੂੰ ਚੰਗਾ ਅਤੇ ਦੂਜੇ ਨੂੰ ਮੰਦਾ ਕਹਿ ਕੇ, ਆਪਸੀ ਲੜਾਈ ਝਗੜੇ ਸ਼ੁਰੂ ਕਰ ਲਏ। ਦੁਨੀਆਂ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਲੜਾਈਆਂ ਧਰਮ ਦੇ ਨਾਂ ਤੇ ਹੀ ਹੋਈਆਂ ਅਤੇ ਹੋ ਰਹੀਆਂ ਮਿਲਦੀਆਂ ਹਨ। ਇਹ ਲੜਾਈਆਂ ਵੀ ਇੱਕ ਰੋਗ ਹੀ ਹਨ-ਪਰਮੇਸ਼ਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥ (135) ਆਪਣੇ ਪਿਤਾ ਪਰਮੇਸ਼ਰ ਨੂੰ ਭੁੱਲਣ ਕਰਕੇ ਹੀ ਐਸਾ ਭਾਣਾ ਵਰਤਿਆ ਹੈ। ਜੇ ਇਨਸਾਨ ਨੂੰ ਇਹ ਯਾਦ ਹੁੰਦਾ ਕਿ ਸਾਡਾ ਸਭ ਦਾ ਪੈਦਾ ਕਰਨ ਵਾਲਾ ਪਿਤਾ ਇੱਕ ਹੀ ਹੈ-ਏਕੁ ਪਿਤਾ ਏਕਸ ਕੇ ਹਮ ਬਾਰਿਕ. .॥ (611) ਫਿਰ ਵੱਖ-ਵੱਖ ਧਰਮਾਂ, ਮਜ਼ਹਬਾਂ, ਫਿਰਕਿਆਂ ਅਤੇ ਦੇਸ਼ਾਂ ਦੀ ਲੜਾਈ ਕਿਸ ਲਈ ਹੈ, ਬਾਰੇ ਗੰਭੀਰਤਾ ਨਾਲ ਸੋਚਦਾ!

ਇਤਿਹਾਸ ਵਾਚਣ ਤੋਂ ਪਤਾ ਲਗਦਾ ਹੈ ਕਿ ਇਹ ਸਭ ਵਖਰੇਵਾਂ ਧਰਮ ਅਤੇ ਰਾਜ ਦੇ ਠੇਕੇਦਾਰਾਂ ਰਾਜਿਆਂ, ਅਖੌਤੀ ਅਵਤਾਰਾਂ, ਪੀਰਾਂ, ਪੰਡਤਾਂ, ਯੋਗੀਆਂ, ਸੰਤ ਬਾਬਿਆਂ ਅਤੇ ਚੁੰਚ ਗਿਆਨੀਆਂ ਨੇ ਪਾਇਆ ਹੈ। ਅੱਜ ਹਰ ਮਜ਼ਹਬ ਵਿੱਚ ਅੱਗੇ ਕਈ ਫਿਰਕੇ ਪੈਦਾ ਹੋ ਗਏ ਹਨ ਜੋ ਆਪਸੀ ਭਰਾ ਮਾਰੂ ਜੰਗ ਹੀ ਲੜੀ ਜਾ ਰਹੇ ਹਨ। ਬਾਹਰੀ ਭੇਖਾਂ, ਪਹਿਰਾਵਿਆਂ ਅਤੇ ਚਿੰਨ੍ਹਾਂ ਨੂੰ ਹੀ ਅਸਲੀ ਧਰਮ ਸਮਝਿਆ ਜਾ ਰਿਹਾ ਹੈ। ਸੰਸਾਰ ਦੀ ਉਤਪਤੀ ਨੂੰ ਜਾਰੀ ਰੱਖਣ ਲਈ ਕਰਤੇ ਨੇ ਮਰਦ ਅਤੇ ਔਰਤ (ਮੇਲ ਅਤੇ ਫੀ ਮੇਲ) ਪੈਦਾ ਕੀਤੇ। ਇਨਸਾਨ ਨੇ ਇੱਥੇ ਵੀ ਵੱਡੇ ਛੋਟੇ ਦਾ ਝਗੜਾ ਪੈਦਾ ਕਰ ਦਿੱਤਾ। ਮਰਦ ਪ੍ਰਧਾਨ ਸਮਾਜ ਹੋਣ ਕਰਕੇ ਸਦੀਆਂ ਤੋਂ ਔਰਤ ਨੂੰ ਨੀਵਾਂ ਦੱਸ ਕੇ ਉਸ ਦੇ ਕੁਦਰਤੀ ਹੱਕਾਂ ਨੂੰ ਦਬਾਇਆ ਗਿਆ। ਅਜੋਕਾ ਇਨਸਾਨ ਜਗਤ ਜਨਨੀ ਨੂੰ ਹੀ ਕੁਖ ਵਿੱਚ ਮਾਰੀ ਜਾ ਰਿਹਾ ਹੈ। ਇਨਸਾਨ ਨੇ ਬੇਜਾਨ ਜੀਵ ਜੰਤੂਆਂ ਨਾਲ ਤਾਂ ਧੱਕਾ ਕੀਤਾ ਹੀ ਪਰ ਅਜ ਆਪਣੇ ਸਕੇ ਭਰਾਵਾਂ ਅਤੇ ਜਗਤ ਜਨਨੀ ਨਾਲ ਵੀ ਕਰੀ ਜਾ ਰਿਹਾ ਹੈ। ਅੱਜ ਸੰਸਾਰ ਭਰ ਦੀਆਂ ਔਰਤਾਂ ਨੂੰ ਧਰਮੀ ਸ਼ੇਰ ਮਰਦ ਗੁਰੂ ਬਾਬਾ ਨਾਨਕ ਪਾਤਸ਼ਾਹ ਦੇ ਸ਼ੁਕਰਗੁਜਾਰ ਹੁੰਦਿਆਂ ਉਨ੍ਹਾਂ ਦੇ ਕ੍ਰਾਂਤੀਕਾਰੀ ਉਪਦੇਸ਼ਾਂ ਦਾ ਜੋਰਦਾਰ ਢੰਗ ਨਾਲ ਪ੍ਰਚਾਰ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਬਲੰਦ ਬਾਂਗ ਕਿਹਾ ਸੀ ਕਿ-ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (473) ਬਾਬੇ ਨਾਨਕ ਨੇ ਕਰਤੇ, ਕੁਦਰਤ, ਗਿਆਨ, ਵਿਗਿਆਨ, ਇਨਸਾਨ ਅਤੇ ਸਰਬ ਸਾਂਝੇ ਧਰਮ ਦੀ ਹੀ ਗੱਲ ਗੁਰਬਾਣੀ ਵਿੱਚ ਕਰਦੇ ਹੋਏ ਅੰਨ੍ਹੀ ਸ਼ਰਧਾਂ ਦਾ ਖੰਡਨ ਅਤੇ ਸੱਚੀ ਸ਼ਰਧਾ ਦਾ ਮੰਡਨ ਕੀਤਾ ਹੈ।

ਅੱਜ ਗੁਰੂ ਨਾਨਕ ਪਾਤਸ਼ਾਹ ਨਾਨਕ ਨਿਰੰਕਾਰੀ ਦੇ ਅਨੁਯਾਈ ਅਖਵਾਉਣ ਵਾਲੇ ਬਹੁਤੇ ਭੇਖੀ ਸਿੱਖ ਵੀ ਇਨਸਾਨੀਅਤ ਤੋਂ ਗਿਰੇ ਕਰਮ ਕਰੀ ਜਾ ਰਹੇ ਹਨ। ਇਸਾਨੀਅਤ ਇਨ੍ਹਾਂ ਵਿੱਚੋਂ ਖੰਭ ਲਾ ਕੇ ਉੱਡ ਗਈ ਹੈ ਅਤੇ ਹੈਵਾਨੀਅਤ ਅੰਦਰ ਪ੍ਰਵੇਸ਼ ਕਰ ਗਈ ਹੈ। ਬਾਬੇ ਨਾਨਕ ਨੇ ਤਾਂ ਸਿੱਖ ਬਣਾਇਆ ਸੀ ਅੱਜ ਇਹ ਸੰਤ ਬਣੀ ਫਿਰਦੇ ਹਨ? ਸੰਤ ਸ਼ਬਦ ਜੋ ਗੁਰਬਾਣੀ ਵਿੱਚ ਰੱਬ, ਗੁਰੂ ਅਤੇ ਬਹੁਵਚਨ ਵਿੱਚ ਗੁਰਸੰਗਤ ਲਈ ਵਰਤਿਆ ਗਿਆ ਹੈ, ਇਨ੍ਹਾਂ ਚੋਲਾਧਾਰੀ ਬਾਬਿਆਂ ਅਤੇ ਕਥਾਕਾਰਾਂ ਨੇ ਆਪਣੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਗੁਰੂ ਬਾਬੇ ਨੇ ਸਿੱਖ ਪੰਥ (ਸਿੱਖੀ ਦਾ ਰਸਤਾ) ਸੁਖੈਣ ਬਣਾਇਆ ਸੀ-ਗੁਰਮੁਖ ਗਾਡੀ ਰਾਹ ਚਲੰਦਾ (ਭਾ. ਗੁ.) ਪਰ ਭੇਖੀ ਬਾਬਿਆਂ ਨੇ ਕੰਡੇਦਾਰ ਅਤੇ ਗੁੰਝਲਦਾਰ ਬਣਾ ਦਿੱਤਾ ਹੈ। ਆਪੋ ਆਪਣੀਆਂ ਟਕਸਾਲਾਂ, ਡੇਰੇ ਅਤੇ ਸਭਾ ਸੁਸਾਇਟੀਆਂ ਬਣਾ ਕੇ ਅਖੌਤੀ ਧਰਮ ਦੀਆਂ ਦੁਕਾਨਾਂ ਖੋਲ੍ਹ ਕੇ, ਧਰਮ ਦੇ ਨਾਂ ਤੇ ਵੱਖ-ਵੱਖ ਜਪਾਂ-ਤਪਾਂ, ਪਾਠਾਂ ਅਤੇ ਚਮਟਾ ਕੀਰਤਨਾਂ ਦੀਆਂ ਸੇਲਾਂ ਲਾਈਆਂ ਹੋਈਆਂ ਹਨ। ਜਿੱਥੇ ਇਨਸਾਨ ਦਾ ਨਹੀਂ ਸਗੋਂ ਹੈਵਾਨ ਬਣਨ ਦਾ ਉਪਦੇਸ਼ ਦਿੱਤਾ ਜਾ ਰਿਹਾ ਹੈ। ਹੈਵਾਨ (ਪਸ਼ੂ) ਜਿਵੇਂ ਖਾਣ ਪੀਣ ਤੋਂ ਲੜਦੇ ਹੋਏ ਇੱਕ ਦੂਜੇ ਨੂੰ ਢੁੱਡ ਮਾਰਦੇ ਹਨ। ਇਵੇਂ ਹੀ ਗੁਰੂ ਕੇ ਲੰਗਰਾਂ ਵਿੱਚ ਸੁੱਚ-ਭਿੱਟ ਦੇ ਨਾਂ ਅਤੇ ਵੱਡੇ ਦਾਨੀਆਂ ਦੇ ਨਾਂ ਤੇ ਲੜਾਈਆਂ ਹੋ ਰਹੀਆਂ ਹਨ। ਤਪੜਾਂ ਅਤੇ ਕੁਰਸੀਆਂ ਨੂੰ ਹੀ ਧਰਮ ਸਮਝਿਆ ਜਾ ਰਿਹਾ ਹੈ।

ਸਿੱਖਾਂ ਦੀ ਨਮਾਇੰਦਾ ਜਮਾਤ ਸ਼੍ਰੋਮਣੀ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ, ਧਰਮ ਨਾਲੋਂ ਧੜੇ ਨੂੰ ਵੱਧ ਮਹਾਨਤਾ ਦੇ ਰਹੇ ਹਨ। ਸਿੱਖਾਂ ਦਾ ਇੱਕ ਹੀ ਧੜਾ ਗੁਰੂ ਗ੍ਰੰਥ ਅਤੇ ਗੁਰ ਸੰਗਤ ਹੈ, ਦੇ ਸਿਧਾਂਤ ਨੂੰ ਵਿਸਾਰ ਕੇ ਟਕਸਾਲਾਂ, ਡੇਰੇ ਅਤੇ ਬਾਬੇ ਸਿੱਖਾਂ ਦੀਆਂ ਕੇਂਦਰੀ ਸੰਸਥਾਵਾਂ ਵਿੱਚ ਘੁਸੜ ਕੇ, ਇਨ੍ਹਾਂ ਸੰਸਥਾਵਾਂ ਦੇ ਮੁਖੀ, ਜਥੇਦਾਰ, ਰਾਗੀ ਅਤੇ ਗ੍ਰੰਥੀ ਬਣ ਚੁੱਕੇ ਹਨ, ਜੋ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਰੂਪ ਗਿਆਨ ਨਾਲੋਂ ਅਖੌਤੀ ਸੰਤ ਬਾਬਿਆਂ ਦੀਆਂ ਕਥਾ ਕਹਾਣੀ ਅਤੇ ਕਰਾਮਾਤਾਂ ਹੀ ਸੰਗਤਾਂ ਨੂੰ ਪ੍ਰਚਾਰੀ ਜਾ ਰਹੇ ਹਨ। ਇਨ੍ਹਾਂ ਲੋਕਾਂ ਨੇ ਸਿੱਖਾਂ ਨੂੰ ਕੁਕੜਾਂ ਅਤੇ ਕੁਤਿਆਂ ਵਾਲੀ ਲੜਾਈ ਲੜਨੀ ਸਿਖਾ ਦਿੱਤੀ ਹੈ। ਅਜੋਕੇ ਬਹੁਤੇ ਸਿੱਖ ਕੁਕੜ ਖੋਹ ਨਹੀਂ ਤਾਂ ਹੋਰ ਕੀ ਕਰ ਰਹੇ ਹਨ? ਕੁਰਸੀਆਂ ਅਤੇ ਅਹੁਦਿਆਂ ਵਾਸਤੇ ਸਭ ਕੁੱਝ ਦਾਅ ਤੇ ਲਾਇਆ ਜਾ ਰਿਹਾ ਹੈ। ਸਾਡੀ ਇਨਸਾਨੀਅਤ ਕਿਧਰ ਗਈ ਹੈ? ਜਦ ਅਸੀਂ ਇਹ ਪੜ੍ਹਦੇ, ਗਾਉਂਦੇ ਅਤੇ ਪ੍ਰਚਾਰਦੇ ਹਾਂ ਕਿ-ਏਕ ਪਿਤਾ ਏਕਸ ਕੇ ਹਮ ਬਾਰਿਕ, ਅਵਲ ਅਲਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ, ਸਭ ਮਹਿ ਜੋਤਿ ਜੋਤਿ ਹੈ ਸੋਇ, ਅਤੇ ਸਭੇ ਸਾਂਝੀਵਾਲ ਸਦਾਇਨ ਪਰ ਸਾਡੇ ਕਰਮ ਅਤੇ ਅਮਲ ਇਸ ਦੇ ਉਲਟ ਹਨ, ਅਸੀਂ ਧੜਾਵਾਦੀ ਹੋ ਕੇ ਇੱਕ ਦੂਜੇ ਨੂੰ ਨੀਵਾਂ ਦਿਖਾ ਰਹੇ ਹਾਂ। ਨਿਰਵੈਰ ਦਾ ਜਾਪ ਕਰਨ ਵਾਲੇ ਅਸੀਂ ਆਪਣੇ ਧਰਮ ਭਾਈਆਂ ਨਾਲ ਹੀ ਕੋਈ ਵਿਚਾਰ ਨਾਂ ਮਿਲਣ ਤੇ ਦਿਲੀ ਵੈਰ ਰੱਖਦੇ ਹਾਂ, ਦੂਜੇ ਵਿੱਚ ਰੱਬੀ ਜੋਤਿ ਨਾਂ ਸਮਝ ਕੇ ਰੱਬ ਦਾ ਹੀ ਤਿਸਕਾਰ ਕਰੀ ਜਾ ਰਹੇ ਹਾਂ। ਗੁਰੂ ਜੀ ਨੇ ਖਾਲਸਾ ਪੰਥ ਸਾਜਿਆ ਸੀ, ਅੱਜ ਅਸੀਂ ਵੱਖ ਵੱਖ ਟਕਸਾਲਾਂ ਅਤੇ ਡੇਰੇ ਸਾਜੇ ਦਾ ਪ੍ਰਚਾਰ ਕਰਕੇ ਲੜੀ ਜਾ ਰਹੇ ਹਾਂ। ਜਰਾ ਸੋਚੋ ਜੇ ਗੁਰੂ ਇੱਕ, ਸਿੱਖ ਪੰਥ ਇੱਕ, ਨਿਸ਼ਾਨ ਇੱਕ, ਵਿਧਾਨ ਇੱਕ ਫਿਰ ਇਹ ਵੱਖ-ਵੱਖ ਡੇਰੇ, ਟਕਸਾਲਾਂ ਅਤੇ ਵੱਖ-ਵੱਖ ਮਰਯਾਦਾ ਕਿੱਥੋਂ ਆ ਗਈਆਂ? ਸੋਚੋ, ਵਿਚਾਰੋ ਅਤੇ ਧਾਰੋ! ਅਸੀਂ ਇਨਸਾਨ ਪਹਿਲੇ ਹਾਂ ਬਾਕੀ ਸਭ ਕੁੱਝ ਬਾਅਦ ਵਿੱਚ। ਸਾਡੇ ਗੁਰੂਆਂ-ਭਗਤਾਂ ਨੇ ਸਾਨੂੰ ਹੈਵਾਨ ਤੋਂ ਇਨਸਾਨ ਹੀ ਬਣਾਇਆ ਸੀ ਅਤੇ ਸਦਾ ਇਨਸਾਨ ਬਣੇ ਰਹਿਣ ਦਾ ਸਦੀਵੀ ਉਪਦੇਸ਼ ਗੁਰਬਾਣੀ “ਗੁਰੂ ਗ੍ਰੰਥ ਸਾਹਿਬ” ਹੀ ਹੈ, ਸਾਨੂੰ ਦੇ ਗਏ। ਇਨ੍ਹਾਂ ਚਾਲ ਬਾਜ ਟਕਸਾਲੀਆਂ ਅਤੇ ਡੇਰੇਦਾਰ ਸੰਤ ਬਾਬਿਆਂ ਨੇ ਗੁਰੂ ਗ੍ਰੰਥ ਬਰਾਬਰ ਹੋਰ ਵੱਖ-ਵੱਖ ਗ੍ਰੰਥਾਂ ਦਾ ਪ੍ਰਕਾਸ਼ ਅਤੇ ਪ੍ਰਚਾਰ ਕਰਕੇ, ਮਨੁੱਖਤਾ ਦੇ ਸਰਬ ਸਾਂਝੇ ਗ੍ਰੰਥ “ਗੁਰੂ ਗ੍ਰੰਥ ਸਾਹਿਬ” ਦੀ ਬੇਅਦਬੀ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਤਾਂ ਧੜੇਬੰਦੀਆਂ ਖਤਮ ਕਰਕੇ, ਇਨਸਾਨ ਬਣ ਕੇ, ਇਨਸਾਨੀਅਤ ਨੂੰ ਧਾਰਨ ਅਤੇ ਮਨੁੱਖਾ ਜਨਮ ਨੂੰ ਸਫਲ ਕਰਨ ਲਈ ਪਰਉਪਕਾਰੀ ਜੀਵਨ ਜੀਂਦੇ ਹੋਏ-ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ॥ (486) ਦਾ ਸੁਨਹਿਰੀ ਉਪਦੇਸ਼ ਦਿੰਦਾ ਹੈ।

ਸਿੱਖ ਨੇ ਤਾਂ ਗੁਰੂ ਬਾਬੇ ਨਾਨਕ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਕੇ, ਸਾਰੇ ਸੰਸਾਰ ਨੂੰ, ਆਪਸੀ ਭਾਈਚਾਰੇ ਵਿੱਚ, ਭ੍ਰਾਤਰੀਭਾਵ ਨਾਲ ਰਹਿੰਦਿਆਂ-ਏਕਸ ਕੇ ਹਮ ਬਾਰਿਕ, ਸਾਡਾ ਸਭ ਦਾ ਇਨਸਾਨੀਅਤ ਧਰਮ ਵੀ ਇੱਕ ਹੀ ਹੈ, ਦਾ ਪ੍ਰਚਾਰ ਕਰਨਾ ਹੈ ਨਾਂ ਕਿ ਕੋਈ ਵਿਚਾਰ ਨਾਂ ਮਿਲੇ ਤਾਂ, ਪੰਥ ਵਿਰੋਧੀ ਕਹਿ ਕੇ, ਆਪਣੇ ਹੀ ਭਾਈਆਂ ਨੂੰ, ਔਰੰਗਜ਼ੇਬੀ ਹੁਕਮਨਾਮਿਆਂ ਰਾਹੀਂ ਛੇਕੀ ਜਾਣਾ ਹੈ। ਸੋ-ਹੋਇ ਇਕੱਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰੋ ਲਿਵ ਲਾਇ॥ (1185) ਆਓ ਇਨਸਾਨ ਬਣੀਏ, ਹੈਵਾਨੀਅਤ ਦਾ ਤਿਆਗ ਅਤੇ ਇਨਸਾਨੀਅਤ ਦਾ ਹੀ ਪ੍ਰਚਾਰ ਕਰੀਏ, ਕਿਉਂ ਖਾਹ ਮਖਾਹ ਆਪਣੀਆਂ ਹੀ ਪੱਗਾਂ ਲਾਹੀ ਜਾ ਰਹੇ ਹਾਂ? ਸਿੱਖਾਂ ਦੀਆਂ ਜਿਆਦਾ ਆਪਸੀ ਲੜਾਈਆਂ ਇੱਕ ਗੁਰੂ ਗ੍ਰੰਥ ਸਾਹਿਬ ਅਤੇ ਇੱਕ ਮਰਯਾਦਾ ਨੂੰ ਤਿਆਗ ਕੇ, ਮਾਇਆਧਾਰੀ ਡੇਰੇਦਾਰਾਂ ਦੇ ਮੱਗਰ ਲੱਗਣਾ ਹੀ ਹੈ। ਸਾਨੂੰ ਇਹ ਸਮਝ ਕਦੋਂ ਆਵੇਗੀ ਕਿ ਅਸੀਂ ਸਾਰੇ ਇਨਸਾਨ ਪਹਿਲੇ ਹਾਂ ਬਾਕੀ ਸਭ ਕੁੱਝ ਬਾਅਦ ਵਿੱਚ? ਗੁਰੂ ਭਲੀ ਕਰੇ!




.