.

ੴਸਤਿਗੁਰਪ੍ਰਸਾਦਿ ॥

ਅਕਾਲ ਤਖ਼ਤ ਸਾਹਿਬ ਦੇ ਅਖੌਤੀ ਜਥੇਦਾਰ ਦਾ ਅਹੁਦਾ

ਰਾਜਿੰਦਰ ਸਿੰਘ, (ਮੁੱਖ ਸੇਵਾਦਾਰ)

ਸ਼੍ਰੋਮਣੀ ਖਾਲਸਾ ਪੰਚਾਇਤ,

ਟੈਲੀਫੋਨ: +919876104726

(ਕਿਸ਼ਤ ਨੰ: 01)

ਅਕਾਲ-ਤਖ਼ਤ ਦਾ ਸੰਕਲਪ ਅਤੇ ਫਲਸਫਾ

ਸਿੱਖ ਕੌਮ ਵਿੱਚ ਮੀਰੀ ਅਤੇ ਪੀਰੀ ਦੇ ਸਿਧਾਂਤਕ ਸੰਕਲਪ ਦਾ ਪ੍ਰਗਟਾਵਾ ਸਤਿਗੁਰੂ ਨਾਨਕ ਪਾਤਿਸ਼ਾਹ ਨੇ ਆਪ ਹੀ, ਨਿਰਭਉ, ਨਿਰਵੈਰ ਦਾ ਹੋਕਾ ਦੇ ਕੇ ਕਰ ਦਿੱਤਾ ਸੀ। ਗੁਰੂ ਤੇਗ ਬਹਾਦਰ ਸਾਹਿਬ ਨੇ ਅਕਾਲ–ਪੁਰਖ ਦੇ ਇਸ ਨਿਰਭਉ ਦੇ ਗੁਣ ਦੀ, ਮਨੁੱਖੀ ਜੀਵਨ ਵਿੱਚ ਸਾਰਥਕਤਾ ਦੀ ਵਿਆਖਿਆ ਇੰਝ ਕੀਤੀ ਹੈ:

“ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥16॥“ (ਪੰਨਾ 1427)

ਭਾਈ ਬਲਵੰਡ ਜੀ ਦੀਆਂ ਹੇਠਲੀਆਂ ਪੰਕਤੀਆਂ ਵੀ ਇਸ ਗੱਲ ਦੀ ਪ੍ਰੋੜਤਾ ਕਰਦੀਆਂ ਹਨ ਕਿ ਸਿੱਖੀ ਵਿੱਚ ਮੀਰੀ ਪੀਰੀ ਦਾ ਸਾਂਝਾ ਸੰਕਲਪ ਗੁਰੂ ਨਾਨਕ ਪਾਤਿਸ਼ਾਹ ਤੋਂ ਹੀ ਸ਼ੁਰੂ ਹੋ ਗਿਆ ਸੀ, ਕਿਉਂਕਿ ਰਾਜ ਦਾ ਸੰਕਲਪ ਹੀ ਮੀਰੀ ਦਾ ਸੰਕਲਪ ਹੈ:

“ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥“ {ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ, ਪੰਨਾ 966}

(ਇਸ ਉੱਚੇ ਨਾਮਣੇ ਵਾਲੇ ਗੁਰੂ) ਨਾਨਕ ਜੀ ਨੇ ਸੱਚ-ਰੂਪ ਕਿਲ੍ਹਾ ਬਣਾ ਕੇ ਅਤੇ ਪੱਕੀ ਨੀਂਹ ਰੱਖ ਕੇ (ਧਰਮ ਦਾ) ਰਾਜ ਚਲਾਇਆ ਹੈ।

ਇਤਨਾ ਹੀ ਨਹੀਂ, ਇਸ ਸਿਧਾਂਤ ਨੂੰ ਅਮਲੀ ਰੂਪ ਦੇਂਦੇ ਹੋਏ, ਸਤਿਗੁਰੂ ਨੇ ਬਾਬਰ ਦੇ ਹਮਲੇ ਸਮੇਂ, ਬਾਬਰ ਦੇ ਪਾਪ ਕਰਮਾਂ ਨੂੰ ਇਹ ਕਹਿ ਕੇ ਵੰਗਾਰ ਪਾਈ ਸੀ:

“ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥“ (ਪੰਨਾ 722)।

ਸਤਿਗੁਰੂ ਦਾ, ਸਮੇਂ ਦੇ ਜ਼ਾਲਮ ਹਾਕਮਾਂ ਵਲੋਂ, ਆਪਣੀ ਮਜ਼ਲੂਮ ਜਨਤਾ ਉਤੇ ਢਾਹੇ ਜਾ ਰਹੇ ਜ਼ੁਲਮਾਂ ਨੂੰ ਨੰਗਾ ਕਰਨਾ ਵੀ ਇਸੇ ਗੱਲ ਦਾ ਸਪਸ਼ਟ ਪ੍ਰਮਾਣ ਹੈ:

“ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ ਬੈਠੇ ਸੁਤੇ ॥ ਚਾਕਰ ਨਹਦਾ ਪਾਇਨਿ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥ ਜਿਥੈ ਜੀਆਂ ਹੋਸੀ ਸਾਰ ॥ ਨਕੀ ਵਢੀ ਲਾਇਤਬਾਰ ॥2॥“ (ਪੰਨਾ 1288)

ਇਸ ਮੀਰੀ ਦੇ ਸਿਧਾਂਤ ਨੂੰ ਛੇਵੇਂ ਨਾਨਕ, ਸਤਿਗੁਰੂ ਹਰਿਗੋਬਿੰਦ ਪਾਤਿਸ਼ਾਹ ਨੇ ਸਿੱਖ ਕੌਮ ਦੀ ਇੱਕ ਪੂਰਣ ਸੰਸਥਾ ਦੇ ਰੂਪ ਵਿੱਚ ਸਥਾਪਤ ਕੀਤਾ। ਪਹਿਲਾਂ ਤਾਂ ਸਤਿਗੁਰੂ ਨੇ ਗੁਰਗੱਦੀ ਤੇ ਸੁਸ਼ੋਭਿਤ ਹੋਣ ਸਮੇਂ, ਪੀਰੀ ਦੀ ਕਿਰਪਾਨ ਪਹਿਨਣ ਦੀ ਮਰਿਆਦਾ ਵਿੱਚ ਵਾਧਾ ਕਰਦੇ ਹੋਏ, ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ, ਦੂਸਰਾ ਸੀ, ਸਿੱਖੀ ਦੇ ਪੀਰੀ ਦੇ ਕੇਂਦਰ ਦਰਬਾਰ ਸਾਹਿਬ ਦੇ ਐਨ ਸਾਹਮਣੇ ਇੱਕ ਉੱਚੇ ਰਾਜਸਿੰਘਾਸਨ ਅਕਾਲ ਬੁੰਗੇ ਦਾ ਸਥਾਪਤ ਕਰਨਾ। ਕਿਸੇ ਵੀ ਪੁਰਾਤਨ ਵਿਦਵਾਨ ਜਾਂ ਇਤਿਹਾਸਕਾਰ ਨੇ ਅਕਾਲ ਬੁੰਗੇ ਦੀ ਇਮਾਰਤ ਦੀ ਸ਼ੁਰੂਆਤ ਜਾਂ ਸੰਪੂਰਨਤਾ ਦੀ ਕੋਈ ਤਰੀਕ ਨਹੀਂ ਲਿਖੀ। ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਪੰਨਾ 172 ਤੇ ਅਕਾਲ ਤਖ਼ਤ ਦੀ ਸਥਾਪਨਾ ਦਾ ਸਮਾਂ 1665 ਸੰਮਤ (1608 ਈ: ) ਲਿਖਿਆ ਹੈ। ਭਾਵੇਂ ਸਾਰੇ ਵਿਦਵਾਨ ਤਾਂ ਇਸ ਨਾਲ ਸਹਿਮਤ ਨਹੀਂ ਪਰ ਬਹੁਤੇ ਵਿਦਵਾਨ ਇਸ ਦੀ ਸਥਾਪਨਾ ਦਾ ਸਮਾਂ 1608 ਜਾਂ 1609 ਈ: ਹੀ ਮੰਨਦੇ ਹਨ ਅਤੇ ਸ੍ਰ. ਮਹਿੰਦਰ ਸਿੰਘ ਜੋਸ਼ ਅਨੁਸਾਰ ਇਹੀ ਵਧੇਰੇ ਸਹੀ ਜਾਪਦਾ ਹੈ ਕਿਉਂਕਿ ਭੱਟਵਹੀ ਮੁਲਤਾਨੀ ਸਿੰਧੀ ਦੇ ਅੰਦਰਾਜ਼ ਇਹ ਪ੍ਰਗਟ ਕਰਦੇ ਹਨ ਕਿ ਸਤਿਗੁਰੂ ਅਰਜਨ ਪਾਤਿਸ਼ਾਹ ਦੀ ਸ਼ਹਾਦਤ ਮਗਰੋਂ ਸਤਿਗੁਰੂ ਹਰਗੋਬਿੰਦ ਸਾਹਿਬ 4 ਜੂਨ 1606 ਨੂੰ ਮਾਲਵੇ ਦੇ ਨਗਰ ਡਰੋਲੀ-ਭਾਈ ਵਿੱਖੇ ਆਪਣੇ ਰਿਸ਼ਤੇਦਾਰ ਸ਼ਰਧਾਲੂ, ਸਾਂਈ ਦਾਸ ਕੋਲ ਚਲੇ ਗਏ ਸਨ, ਜਿਥੇ ਆਪ ਦਸੰਬਰ 1607 ਤਕ ਰਹੇ, ਸੋ ਕੁਦਰਤੀ ਉਨ੍ਹਾਂ ਇਹ ਕਾਰਜ ਉਥੋਂ ਆ ਕੇ ਹੀ ਕੀਤਾ ਹੋਵੇਗਾ (ਸ੍ਰ. ਮਹਿੰਦਰ ਸਿੰਘ ਜੋਸ਼ ਕ੍ਰਿਤ ਸ੍ਰੀ ਅਕਾਲ ਤੱਖਤ ਸਾਹਿਬ ਤੇ ਇਸ ਦਾ ਜਥੇਦਾਰ, ਮਾਰਚ 2004)।

ਇਸ ਤਰ੍ਹਾਂ ਅਕਾਲ ਬੁੰਗਾ ਸਿੱਖੀ ਦਾ ਉਹ ਦੂਸਰਾ ਕੇਂਦਰੀ ਸਥਾਨ ਹੈ, ਜਿਸਨੂੰ ਸਤਿਗੁਰੂ ਨੇ ਆਪ ਸਥਾਪਤ ਕੀਤਾ। ਸਿੱਖੀ ਦਾ ਪਹਿਲਾ ਕੇਂਦਰ, ਜੋ ਸਤਿਗੁਰੂ ਨੇ ਆਪ ਸਥਾਪਤ ਕੀਤਾ, ਉਹ ਦਰਬਾਰ ਸਾਹਿਬ ਸੀ। ਜਿਸ ਤਰ੍ਹਾਂ ਸਿੱਖੀ ਦੇ ਵਿੱਚ ਹਰ ਦਿਨ ਵਾਧਾ ਹੋ ਰਿਹਾ ਸੀ, ਸਿੱਖੀ ਦਾ ਇੱਕ ਕੇਂਦਰ ਸਥਾਪਿਤ ਕਰਨਾ ਜ਼ਰੂਰੀ ਸੀ। ਇਸ ਵਾਸਤੇ ਸਭ ਤੋਂ ਪਹਿਲਾਂ ਤਾਂ ਸਤਿਗੁਰੂ ਅਮਰਦਾਸ ਪਾਤਿਸ਼ਾਹ ਨੇ ਆਪ ਇਸ ਨੂੰ ਸਿੱਖੀ ਦੇ ਕੇਂਦਰ ਦੇ ਤੌਰ ਤੇ ਚਿਤਵਿਆ। ਸਤਿਗੁਰੂ ਨੇ ਸਿੱਖੀ ਦੇ ਇਸ ਕੇਂਦਰ ਨੂੰ ਸਥਾਪਤ ਕਰਨ ਵਾਸਤੇ ਇੱਕ ਲਾਜਵਾਬ ਨਗਰ ਨੂੰ ਵਸਾਉਣ ਦੀ ਯੋਜਨਾ ਘੜੀ। ਇਸ ਯੋਜਨਾ ਨੂੰ ਅਮਲੀ ਰੂਪ ਸਤਿਗੁਰੂ ਰਾਮਦਾਸ ਪਾਤਿਸ਼ਾਹ ਅਤੇ ਸਤਿਗੁਰੂ ਅਰਜਨ ਪਾਤਿਸ਼ਾਹ ਨੇ ਦਿੱਤਾ। ਇਸੇ ਲਈ ਇਸ ਨੂੰ ਪਹਿਲਾਂ ਚੱਕ ਰਾਮਦਾਸ ਪੁਰ ਦਾ ਨਾਂ ਦਿੱਤਾ ਗਿਆ ਅਤੇ ਬਾਅਦ ਵਿੱਚ ਸਰੋਵਰ ਅਤੇ ਉਸ ਵਿੱਚ ਦਰਬਾਰ ਸਾਹਿਬ ਬਣਨ ਤੋਂ ਅੰਮ੍ਰਿਤਸਰ ਨਾਂ ਮਸ਼ਹੂਰ ਹੋਇਆ। ਅੰਮ੍ਰਿਤਸਰ ਆਪਣੇ ਸਮੇਂ ਦਾ ਸਭ ਤੋਂ ਨਵੀਨਤਮ ਤਕਨੀਕ ਦਾ ਸ਼ਹਿਰ ਵਿਕਸਤ ਕੀਤਾ ਗਿਆ ਸੀ। ਵੱਡੀ ਵੱਸੋਂ ਦੀਆਂ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਤਿੰਨ ਸਰੋਵਰ ਬਣਵਾਏ, ਇੰਨ੍ਹਾਂ ਸਰੋਵਰਾਂ ਨੂੰ ਇੱਕ ਹੰਸਲੀ ਰਾਹੀਂ ਨਹਿਰ ਨਾਲ ਜੋੜਿਆ। ਸ਼ਹਿਰ ਨੂੰ ਇੱਕ ਵੱਡੇ ਵਪਾਰਕ ਕੇਂਦਰ ਦੇ ਤੌਰ ਤੇ ਵਿਕਸਤ ਕੀਤਾ। ਉਸ ਸਮੇਂ ਦੇ ਹਰ ਮਹੱਤਵ ਪੂਰਨ ਵਪਾਰ ਵਾਸਤੇ ਇੱਕ ਵਿਸ਼ੇਸ਼ ਮੰਡੀ ਸਤਿਗੁਰੂ ਨੇ ਇਸ ਨਗਰ ਵਿੱਚ ਬਣਵਾਈ। ਭਾਵੇਂ ਇਨ੍ਹਾਂ ਵਿੱਚੋਂ ਬਹੁਤੇ ਵਪਾਰਾਂ ਦੇ ਕੇਂਦਰ ਅਜ ਦੂਸਰੀਆਂ ਜਗ੍ਹਾ ਤੇ ਤਬਦੀਲ ਹੋ ਗਏ ਹਨ, ਪਰ ਸਾਨੂੰ ਸ਼ਹਿਰ ਦੀ ਮੁਢਲੀ ਵਿਓਂਤਬੰਦੀ ਦਾ ਨਜ਼ਾਰਾ ਪੇਸ਼ ਕਰਨ ਲਈ ਅਜ ਵੀ ਲੂਣ ਮੰਡੀ, ਘਿਓ ਮੰਡੀ, ਲੋਹਾ ਮੰਡੀ, ਦਾਲ ਮੰਡੀ, ਹਕੀਮਾਂ ਵਾਲਾ ਬਜ਼ਾਰ, ਮਿਸ਼ਰੀ ਬਜ਼ਾਰ, ਭੜਭੁੰਜਿਆਂ ਦਾ ਬਜ਼ਾਰ, ਬਾਂਸਾਂ ਵਾਲ ਬਜ਼ਾਰ, ਪਾਪੜਾਂ ਵਾਲਾ ਬਜ਼ਾਰ, ਸਰਾਫਾ ਬਜ਼ਾਰ, ਭਾਂਡਿਆਂ ਵਾਲਾ ਬਾਜ਼ਾਰ ਆਦਿ ਦੇ ਇਲਾਕੇ ਕਾਇਮ ਹਨ।

ਦਰਬਾਰ ਸਾਹਿਬ ਉਹ ਪਵਿੱਤਰ ਸਥਾਨ ਹੈ, ਜਿਥੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ, ਉਦੋਂ, ਜਦੋਂ ਅਜੇ ਸਤਿਗੁਰੂ ਪੰਜਵੇਂ ਜਾਮੇ ਵਿੱਚ ਸਰੀਰ ਕਰਕੇ ਸੁਸ਼ੋਭਿਤ ਸਨ, ਅਤੇ ਗ੍ਰੰਥ ਸਾਹਿਬ ਨੂੰ ਗੁਰੂ ਪਦਵੀ ਵੀ ਨਹੀਂ ਸੀ ਮਿਲੀ। ਸਿੱਖੀ ਦੇ ਉਸਾਰੇ ਇਸ ਕੇਂਦਰ ਵਿੱਚ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕਰਕੇ, ਸਤਿਗੁਰੂ ਅਰਜਨ ਪਾਤਿਸ਼ਾਹ ਨੇ ਇਹ ਸਪਸ਼ਟ ਸੁਨੇਹਾ ਦੇ ਦਿੱਤਾ, ਕਿ ਸਿੱਖੀ ਦੇ ਮੂਲ ਸਿਧਾਂਤ ਅਤੇ ਫਲਸਫੇ ਦਾ ਕੇਂਦਰ ਗੁਰੂ ਗ੍ਰੰਥ ਸਾਹਿਬ ਹੈ ਅਤੇ ਸਿੱਖ ਨੇ ਹਰ ਤਰ੍ਹਾਂ ਦੀ ਅਗਵਾਈ ਕੇਵਲ ਗੁਰਬਾਣੀ ਤੋਂ ਲੈਣੀ ਹੈ। ਇਸ ਤਰ੍ਹਾਂ ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਬੁੰਗਾ ਸੁਸ਼ੋਭਿਤ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਦਰਸਾਏ ਅਨਮੋਲ ਸਿਧਾਂਤਾਂ ਦੀ ਰਾਖੀ, ਉਨ੍ਹਾਂ ਦੇ ਪ੍ਰਚਾਰ ਪ੍ਰਸਾਰ ਵਾਸਤੇ, ਅਤੇ ਉਸ ਨੂੰ ਅਮਲੀ ਬਨਾਉਣ ਵਾਸਤੇ ਇੱਕ ਅਜ਼ਾਦ ਸੰਸਥਾ ਕਾਇਮ ਕਰ ਦਿੱਤੀ। ਇਹ ਕੌਮ ਦੀ ਵੱਡੀ ਬਦਕਿਸਮਤੀ ਹੈ ਕਿ ਅਜ ਸਿੱਖੀ ਦੇ ਇਨ੍ਹਾਂ ਕੇਂਦਰਾਂ ਵਿੱਚ ਹੀ ਸਭ ਕੁੱਝ ਗੁਰਮਤਿ ਅਨੁਸਾਰ ਨਹੀਂ ਹੋ ਰਿਹਾ, ਜਿਸ ਨਾਲ ਕੌਮ ਵਿੱਚ ਅਕਸਰ ਵੱਡੇ ਭੁਲੇਖੇ ਖੜ੍ਹੇ ਹੋ ਜਾਂਦੇ ਹਨ। ਜੇ ਮੈਂ ਇਹ ਕਹਾਂ ਕਿ ਦਰਬਾਰ ਸਾਹਿਬ ਪਹਿਲਾ ਗੁਰਧਾਮ ਹੈ, ਜਿਸ ਨੂੰ ਸਤਿਗੁਰੂ ਨੇ ਆਪ ਤਿਆਰ ਕਰਾਇਆ, ਅਤੇ ਅਕਾਲ ਬੁੰਗਾ ਦੂਸਰਾ ਤਾਂ ਇਹ ਕੋਈ ਅਤਕਥਨੀ ਨਹੀਂ ਹੋਵੇਗੀ। ਬੇਸ਼ਕ ਨਗਰ ਵਸਾਉਣ ਦਾ ਕੰਮ, ਸਤਿਗੁਰੂ ਨਾਨਕ ਪਾਤਿਸ਼ਾਹ ਤੋਂ ਹੀ ਸ਼ੁਰੂ ਹੋ ਗਿਆ ਸੀ। ਹੋਰ ਪੁਰਾਤਨ ਨਗਰਾਂ ਵਿੱਚ, ਜਿਥੇ ਅੱਜ ਅਸੀਂ ਇਸ ਤੋਂ ਪਹਿਲੇ ਦੇ ਇਤਿਹਾਸਕ ਗੁਰਦੁਆਰੇ ਬਣਾਏ ਹੋਏ ਹਨ, ਉਹ ਸਥਾਨ ਹਨ, ਜਿਥੇ ਕਿਸੇ ਸਤਿਗੁਰੂ ਦਾ ਜਨਮ ਹੋਇਆ ਜਾਂ ਕੋਈ ਹੋਰ ਮਹੱਤਵ ਪੂਰਨ ਘਟਨਾ ਵਾਪਰੀ ਜਾਂ ਸਮਾਜ ਸੇਵਾ ਦੇ ਉਹ ਕੰਮ ਸਨ, ਜਿਨ੍ਹਾਂ ਨੂੰ ਸਤਿਗੁਰੂ ਨੇ ਨਗਰ ਵਾਸੀਆਂ ਦੀਆਂ ਲੋੜਾਂ ਨੂੰ ਮਹਿਸੂਸ ਕਰਦੇ ਹੋਏ ਤਿਆਰ ਕਰਾਇਆ ਸੀ। ਜਿਵੇਂ ਗੋਇੰਦਵਾਲ ਨਗਰ ਵਿੱਚ ਪਾਣੀ ਦੀ ਲੋੜ ਪੂਰਤੀ ਵਾਸਤੇ ਬਉਲੀ ਤਿਆਰ ਕਰਵਾਉਣਾ ਅਤੇ ਅੰਮ੍ਰਿਤਸਰ ਨੇੜੇ ਛੇ ਹਰਟਾਂ ਵਾਲਾ ਖੂਹ ਤਿਆਰ ਕਰਾਉਣਾ, ਜਿਥੇ ਬਾਅਦ ਵਿੱਚ ਸਿੱਖਾਂ ਨੇ ਸਤਿਗੁਰੂ ਦੀ ਯਾਦ ਨੂੰ ਸੰਭਾਲਣ ਲਈ ਬਉਲੀ ਸਾਹਿਬ ਅਤੇ ਛੇਹਰਟਾ ਸਾਹਿਬ ਗੁਰਦੁਆਰੇ ਤਿਆਰ ਕਰ ਲਏ।

ਜੇ ਸਤਿਗੁਰੂ ਅਰਜਨ ਪਾਤਿਸ਼ਾਹ ਨੇ ਦਰਬਾਰ ਸਾਹਿਬ ਨੂੰ ਸਿੱਖੀ ਦੇ ਪੀਰੀ ਦੇ ਕੇਂਦਰ ਵਜੋਂ ਸਥਾਪਤ ਕੀਤਾ, ਤਾਂ ਇਸ ਦੀ ਮਹੱਤਤਾ ਨੂੰ ਹੋਰ ਵਧਾਉਂਦੇ ਹੋਏ ਹੀ, ਸਤਿਗੁਰੂ ਹਰਗੋਬਿੰਦ ਪਾਤਿਸ਼ਾਹ ਨੇ ਸਿੱਖੀ ਦਾ ਮੀਰੀ ਦਾ ਕੇਂਦਰ, ਅਕਾਲ ਬੁੰਗਾ, ਇਸ ਦੇ ਐਨ ਸਾਹਮਣੇ ਸਥਾਪਤ ਕਰਕੇ ਇਹ ਸਪਸ਼ਟ ਸੁਨੇਹਾ ਦੇ ਦਿਤਾ ਕਿ ਸਿੱਖ ਧਰਮ ਕੋਈ ਪੂਜਾ ਦਾ ਧਰਮ ਨਹੀਂ ਅਤੇ ਇਥੇ ਸ਼ੁਭ ਗੁਣਾਂ `ਤੇ ਅਧਾਰਿਤ, ਨਿਰਮਲ ਜੀਵਨ ਜੁਗਤਿ ਰੂਪੀ ਭਗਤੀ ਅਤੇ ਇਨ੍ਹਾਂ ਅਨਮੋਲ ਸਿਧਾਂਤਾਂ ਦੀ ਰਖਿਆ ਵਾਸਤੇ ਸ਼ਕਤੀ ਦੀ ਵਰਤੋਂ ਦਾ ਇੱਕ ਲਾਜਵਾਬ ਸੁਮੇਲ ਹੈ। ਇਸੇ ਸਿਧਾਂਤ ਨੂੰ ਦ੍ਰਿੜ ਕਰਾਉਂਦੀ ਹੋਈ, ਇੱਕ ਵਿਸ਼ੇਸ਼ ਗੱਲ ਧਿਆਨ ਦੇਣ ਵਾਲੀ ਹੈ ਕਿ ਜਦੋਂ ਅਕਾਲ ਤਖ਼ਤ ਸਾਹਿਬ ਦੇ ਤਖ਼ਤ ਵਾਲੇ ਸਥਾਨ ਤੇ ਬੈਠੀਏ, ਤਾਂ ਸਾਹਮਣੇ ਦਰਬਾਰ ਸਾਹਿਬ ਪ੍ਰਤੱਖ ਨਜ਼ਰ ਆਉਂਦਾ ਹੈ, ਤਾਕਿ ਰਾਜਨੀਤਿਕ ਫੈਸਲੇ ਲੈਂਦੇ ਹੋਏ ਸਾਡੀ ਸੋਚ ਤੇ ਧਰਮ ਦੀ ਪਹਿਰੇਦਾਰੀ ਰਹੇ, ਪਰ ਦਰਬਾਰ ਸਾਹਿਬ ਵਿੱਚ ਬੈਠਕੇ ਅਕਾਲ ਤਖ਼ਤ ਨਜ਼ਰ ਨਹੀਂ ਆਉਂਦਾ, ਜੋ ਇਸ ਗੱਲ ਦਾ ਸੰਕੇਤਕ ਹੈ ਕਿ ਧਰਮ ਰਾਜਨੀਤੀ ਦੇ ਪ੍ਰਭਾਵ ਤੋਂ ਮੁਕਤ ਰਹਿਣਾ ਚਾਹੀਦਾ ਹੈ। ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੇ ਵਿਚਕਾਰ ਦੋ ਨਿਸ਼ਾਨ ਸਾਹਿਬ ਵੀ ਮੀਰੀ-ਪੀਰੀ ਦੇ ਸੁਮੇਲ ਦੇ ਪ੍ਰਤੀਕ ਹਨ ਪਰ ਇਥੇ ਵੀ ਦਰਬਾਰ ਸਾਹਿਬ ਵਾਲੇ ਪਾਸੇ ਦੇ ਨਿਸ਼ਾਨ ਸਾਹਿਬ ਦੀ ਉਚਾਈ ਕੁੱਝ ਵਧੇਰੇ ਰੱਖੀ ਗਈ ਹੈ, ਜੋ ਸਪਸ਼ਟ ਕਰਦਾ ਹੈ ਕਿ ਸਿੱਖ ਕੌਮ ਵਿੱਚ ਧਰਮ ਰਾਜਨੀਤੀ ਤੋ ਉਪਰ ਹੈ। ਹਾਲਾਂਕਿ ਇਹ ਗੁਰੂ ਪਾਤਿਸ਼ਾਹ ਦੇ ਸਮੇਂ ਨਹੀਂ ਸਨ, ਬਾਅਦ ਵਿੱਚ ਹੀ ਲਗਾਏ ਗਏ ਹਨ। ਪਰ ਗੱਲ ਸਪਸ਼ਟ ਹੈ ਕਿ ਸਿੱਖ ਧਰਮ ਵਿੱਚ ਮੀਰੀ ਭਾਵ ਰਾਜਨੀਤੀ ਜਾਂ ਸ਼ਕਤੀ ਦੀ ਵਰਤੋਂ ਧਰਮ ਦੀ ਰਖਿਆ ਕਰਨ ਵਾਸਤੇ ਹੈ। ਇਹ ਅਲੱਗ ਗੱਲ ਹੈ ਕਿ ਅਜ ਹੋ ਬਿਲਕੁਲ ਇਸ ਦੇ ਉਲਟ ਰਿਹਾ ਹੈ ਅਤੇ ਰਾਜਨੀਤਿਕਾਂ ਦੁਆਰਾ ਧਰਮ ਦੀ ਰੱਜ ਕੇ ਦੁਰਵਰਤੋਂ ਕਰਕੇ, ਗੁਰਮਤਿ ਸਿਧਾਂਤਾਂ ਨਾਲ ਖਿਲਵਾੜ ਕਰਕੇ ਅਤੇ ਕੌਮੀ ਹਿੱਤਾਂ ਦਾ ਪੂਰਨ ਘਾਣ ਕਰਕੇ, ਆਪਣੇ ਰਾਜਨੀਤਿਕ ਸੁਆਰਥਾਂ ਦੀ ਪੂਰਤੀ ਕੀਤੀ ਜਾ ਰਹੀ ਹੈ। ਇਸੇ ਦਾ ਨਤੀਜਾ ਹੈ ਕਿ ਸਿੱਖੀ ਵਿੱਚ ਹਰ ਦਿਨ, ਹਰ ਪੱਖੋਂ ਇਤਨਾ ਨਿਘਾਰ ਆਇਆ ਹੈ।

ਅਕਸਰ ਸਿੱਖ ਕੌਮੀ ਵਿਦਵਾਨ ਇਹ ਕਹਿੰਦੇ ਹਨ ਕਿ ਅਕਾਲ ਤਖ਼ਤ ਸਾਹਿਬ ਅਕਾਲ ਪੁਰਖ ਦਾ ਤਖ਼ਤ ਹੈ, ਅਤੇ ਅਕਾਲ-ਪੁਰਖ ਦਾ ਤਖ਼ਤ ਤਾਂ ਸਦੀਵੀ ਹੈ, ਇਸ ਲਈ ਸਤਿਗੁਰੂ ਨੇ ਇਸ ਨੂੰ ਸਥਾਪਤ ਨਹੀਂ ਬਲਕਿ ਪ੍ਰਗਟ ਕੀਤਾ। ਇਸ ਵਾਸਤੇ ਗੁਰਬਾਣੀ ਦੇ ਢੁਕਵੇਂ ਪ੍ਰਮਾਣ ਵੀ ਦਿੱਤੇ ਜਾਂਦੇ ਹਨ:

“ਸਚੁ ਪਾਤਿਸਾਹੀ ਅਮਰੁ ਸਚੁ ਸਚੇ ਸਚਾ ਥਾਨੁ ॥“ {ਸਿਰੀਰਾਗੁ ਮਹਲਾ 5, ਪੰਨਾ 48}

“ਕਾਇਮੁ ਦਾਇਮੁ ਸਦਾ ਪਾਤਿਸਾਹੀ ॥“ {ਰਾਗੁ ਗਉੜੀ ਰਵਿਦਾਸ ਜੀ, ਪੰਨਾ 345}

“ਸਾਚਾ ਤਖਤੁ ਸਚੀ ਪਾਤਿਸਾਹੀ ॥ ਸਚੁ ਖਜੀਨਾ ਸਾਚਾ ਸਾਹੀ ॥“ {ਮਾਰੂ ਸੋਲਹੇ ਮਹਲਾ 5, ਪੰਨਾ 1073}

“ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ ॥“ {ਰਾਮਕਲੀ ਕੀ ਵਾਰ ਮਹਲਾ 3, ਪੰਨਾ 947}

“ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥“ {ਸਲੋਕ ਮਃ 5, ਪੰਨਾ 964}

ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਅਕਾਲ-ਪੁਰਖ ਨੂੰ ਕਿਸੇ ਦੁਨਿਆਵੀ ਤਖ਼ਤ ਦੀ ਲੋੜ ਵੀ ਹੈ? ਕੀ ਅਕਾਲ-ਪੁਰਖ ਕਿਸੇ ਦੁਨਿਆਵੀ ਤਖ਼ਤ ਦਾ ਮੁਹਤਾਜ ਹੈ? ਅਕਾਲ ਦਾ ਸ਼ਬਦੀ ਅਰਥ ਹੈ: ਸਦੀਵ ਸਥਾਈ, ਸਮੇਂ ਦੀ ਪਹੁੰਚ ਅਤੇ ਪ੍ਰਭਾਵ ਤੋਂ ਬਾਹਰ। ਕੀ ਕੋਈ ਇਟਾਂ ਗਾਰੇ ਦੀ ਇਮਾਰਤ ਸਥਾਈ ਹੋ ਸਕਦੀ ਹੈ? ਅਜੇ ਤਾਂ ਚਾਰ ਦਿਨ ਪਹਿਲੇ ਦੀ ਗੱਲ ਹੈ, ਜਦੋਂ ਭਾਰਤੀ ਫੌਜਾਂ ਨੇ ਟੈਂਕਾ ਤੋਪਾਂ ਨਾਲ ਇਸ ਨੂੰ ਢਹਿ-ਢੇਰੀ ਕਰ ਦਿੱਤਾ ਸੀ ਅਤੇ ਕੌਮ ਨੂੰ ਇਸ ਇਮਾਰਤ ਨੂੰ ਦੁਬਾਰਾ ਉਸਾਰਨਾ ਪਿਆ। ਗੁਰਬਾਣੀ ਦੇ ਉਪਰੋਕਤ ਪ੍ਰਮਾਣਾਂ ਤੋਂ ਸਪਸ਼ਟ ਹੈ ਕਿ ਉਸ ਅਕਾਲ-ਪੁਰਖ ਦਾ ਤਖ਼ਤ ਤਾਂ ਅਟੱਲ ਹੈ, ਉਦੋਂ ਤੋਂ ਜਦੋਂ ਤੋ ਇਹ ਸ੍ਰਿਸ਼ਟੀ ਬਣੀ ਹੈ। ਕੀ ਗੁਰਬਾਣੀ ਦੇ ਇਹ ਪ੍ਰਮਾਣ, ਕਿਸੇ ਇੱਟਾਂ-ਗਾਰੇ ਦੀ ਬਣੀ ਦੁਨਿਆਵੀ ਇਮਾਰਤ ਵਾਸਤੇ ਅੰਕਿਤ ਕੀਤੇ ਗਏ ਹਨ? ਨਾਲੇ ਜੇ ਸੱਚਮੁਚ ਅਕਾਲ-ਪੁਰਖ ਦਾ ਤਖ਼ਤ ਹੀ ਬਨਾਉਣਾ ਹੋਵੇ ਤਾਂ ਉਸ ਦੀ ਬਣਤਰ ਤਾਂ ਵੈਸੀ ਹੀ ਹੋ ਸਕਦੀ, ਜੈਸੀ ਸਤਿਗੁਰੂ ਨਾਨਕ ਪਾਤਿਸ਼ਾਹ ਨੇ ਸੋ ਦਰ ਦੇ ਸ਼ਬਦ, “ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥“ {ਸੋ ਦਰੁ ਰਾਗੁ ਆਸਾ ਮਹਲਾ 1, ਪੰਨਾ 6, 8 ਅਤੇ 347} ਵਿੱਚ ਚਿਤਵੀ ਹੈ। ਸੋ ਇਹ ਗੱਲ ਭਾਵੁਕਤਾ ਤੋਂ ਵਧੇਰੇ ਹੋਰ ਕੁੱਝ ਨਹੀਂ ਜਾਪਦੀ।

ਇਕ ਹੋਰ ਗੱਲ ਵਿਸ਼ੇਸ਼ ਧਿਆਨ ਮੰਗਦੀ ਹੈ, ਕਿ ਕੀ ਅਕਾਲ-ਪੁਰਖ ਕਿਸੇ ਇੱਕ ਕੌਮ, ਇਲਾਕੇ ਜਾਂ ਭਾਈ ਚਾਰੇ ਨਾਲ ਸਬੰਧਤ ਹੈ? ਜਦਕਿ ਗੁਰਬਾਣੀ ਦੇ ਪਾਵਨ ਫੁਰਮਾਨ ਹਨ:

“ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥“ {ਧਨਾਸਰੀ ਮਹਲਾ 1, ਪੰਨਾ 663}

“ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥“ {ਸੋਰਠਿ ਮਹਲਾ 5, ਪੰਨਾ 612}

“ਤੂੰ ਸਾਂਝਾ ਸਾਹਿਬੁ ਬਾਪੁ ਹਮਾਰਾ ॥…. . ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥“ {ਰਾਗੁ ਮਾਝ ਮਹਲਾ 5, ਪੰਨਾ 97}

“ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥1॥ ਲੋਗਾ ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥“ (ਪ੍ਰਭਾਤੀ, ਭਗਤ ਕਬੀਰ ਜੀ, ਪੰਨਾ 1349)

ਜਦ ਅਕਾਲ-ਪੁਰਖ ਸਾਰੀ ਮਨੁੱਖਤਾ ਦਾ ਸਾਂਝਾ ਪਿਤਾ ਹੈ, ਸਾਰੀ ਸ੍ਰਿਸ਼ਟੀ ਵਿੱਚ ਉਸ ਦੀ ਹੀ ਜੋਤ ਪਸਰੀ ਹੋਈ ਹੈ ਤਾਂ ਉਸ ਦਾ ਤਖਤ ਵੀ ਸਾਰਿਆਂ ਲਈ ਸਾਂਝਾ ਹੈ। ਨਾਲ ਹੀ ਸਿੱਖ ਕੇਵਲ ਅਕਾਲ-ਪੁਰਖ ਨੂੰ ਹੀ ਸਾਰੀ ਸ੍ਰਿਸ਼ਟੀ ਦਾ ਮਾਲਕ ਅਤੇ ਵਾਹਿਦ ਰਾਜਾ ਮੰਨਦਾ ਹੈ, ਕਿਉਂਕਿ ਗੁਰਬਾਣੀ ਤੋਂ ਇਹੀ ਅਗਵਾਈ ਮਿਲਦੀ ਹੈ:

“ੜਾੜੈ, ਰੂੜਾ ਹਰਿ ਜੀਉ ਸੋਈ ॥ ਤਿਸੁ ਬਿਨੁ ਰਾਜਾ ਅਵਰੁ ਨ ਕੋਈ ॥“ {ਰਾਮਕਲੀ ਮਹਲਾ 1, ਪੰਨਾ 936}

“ਤਿਸੁ ਬਿਨੁ ਅਵਰੁ ਨ ਕੋਈ ਰਾਜਾ ਕਰਿ ਤਪਾਵਸੁ ਬਣਤ ਬਣਾਈ ॥“ (ਰਾਮਕਲੀ ਮਹਲਾ 3, ਪੰਨਾ 911)

“ਕੋਊ ਹਰਿ ਸਮਾਨਿ ਨਹੀ ਰਾਜਾ ॥ ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥“ (ਬਿਲਾਵਲੁ ਬਾਣੀ ਕਬੀਰ ਜੀਉ ਕੀ, ਪੰਨਾ 856)

ਇਸ ਤਰ੍ਹਾਂ ਅਕਾਲ ਤਖ਼ਤ, ਇੱਕ ਅਕਾਲ-ਪੁਰਖ ਦੀ ਪ੍ਰਭੂਸਤਾ ਵਿੱਚ ਹਰ ਮਨੁੱਖ ਮਾਤਰ ਦੀ, ਹਰ ਕੌਮ ਦੀ, ਮਾਨਸਕ ਅਜ਼ਾਦੀ ਦਾ ਪ੍ਰਤੀਕ ਹੈ।

ਸਿੱਖ ਅਕਾਲ-ਪੁਰਖ ਵਿੱਚ ਪੂਰਨ ਵਿਸ਼ਵਾਸ ਰਖਦਾ ਹੈ, ਅਤੇ ਅਕਾਲ-ਪੁਰਖ ਦੇ ਅਗੰਮੀ ਨੇਮਾਂ ਦਾ ਅਲੰਬਰਦਾਰ ਹੈ। ਇਸ ਲਈ ਸਿੱਖ ਕੌਮ ਨੇ ਆਪਣੇ ਸਾਰੇ ਕਾਰਜ ਅਕਾਲ-ਪੁਰਖ ਦੇ ਅਗੰਮੀ ਨੇਮਾਂ ਅਨੁਸਾਰ ਚਲਾਉਣ ਵਾਸਤੇ, ਅਕਾਲ-ਪੁਰਖ ਦੇ ਸਿਧਾਂਤਾਂ ਦਾ ਸੰਕੇਤਕ ਤਖ਼ਤ ਤਿਆਰ ਕਰ ਲਿਆ ਹੈ, ਜੋ ਇਸ ਗੱਲ ਦਾ ਲਖਾਇਕ ਹੈ ਕਿ ਸਿੱਖ ਕੌਮ ਆਪਣਾ ਹਰ ਕਾਰਜ, ਆਚਾਰ, ਵਿਹਾਰ, ਕਿਰਦਾਰ, ਅਕਾਲ-ਪੁਰਖ ਦੇ ਇਲਾਹੀ ਨੇਮਾਂ, (ਜੋ ਸਤਿਗੁਰੂ ਨੇ ਸਾਨੂੰ ਇਲਾਹੀ ਗੁਰਬਾਣੀ ਰਾਹੀਂ ਦਰਸਾਏ ਅਤੇ ਦ੍ਰਿੜ ਕਰਾਏ ਹਨ), ਅਨੁਸਾਰ ਨਿਭਾਉਣ ਲਈ ਵਚਨਬੱਧ ਹੈ। ਇਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਅਜ਼ਾਦ ਹਸਤੀ ਦਾ ਵੀ ਪ੍ਰਤੀਕ ਹੈ। ਸੋ ਅਕਾਲ-ਤਖ਼ਤ ਕੇਵਲ ਇੱਕ ਇਮਾਰਤ ਨਹੀਂ ਬਲਕਿ ਫਲਸਫ਼ਾ ਹੈ, ਸਿਧਾਂਤ ਹੈ, ਇਮਾਰਤ ਤਾਂ ਕੇਵਲ ਸੰਕੇਤਕ ਹੈ। ---ਚਲਦਾ




.