.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਵਫ਼ਾਦਾਰੀ

ਸਰਕਾਰੀ, ਅਰਧ-ਸਰਕਾਰੀ ਜਾਂ ਪ੍ਰਾਈਵੇਟ ਹਰ ਥਾਂ `ਤੇ ਜਦੋਂ ਵੀ ਕੋਈ ਮੁਲਾਜ਼ਮ ਭਰਤੀ ਕਰਨਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਏਹੀ ਦੇਖਿਆ ਜਾਂਦਾ ਹੈ ਕਿ ਕੀ ਇਹ ਵਫ਼ਦਾਰ ਬਣ ਕੇ ਸਾਡਾ ਕੰਮ ਸਹੀ ਦਿਸ਼ਾ ਵਿੱਚ ਕਰੇਗਾ? ਜ਼ਿਆਦਾਤਰ ਇੰਟਰਵਿਊ ਸਮੇਂ ਦੋ ਹੀ ਗੱਲਾਂ ਨੂੰ ਨਜ਼ਰ ਵਿੱਚ ਲਿਆਂਦਾ ਜਾਂਦਾ ਹੈ। ਇੱਕ ਇਸ ਬੰਦੇ ਦੀ ਯੋਗਤਾ ਤੇ ਦੂਸਰਾ ਇਸ ਦੀ ਆਪਣੇ ਕੰਮ ਤੇ ਮਾਲਕ ਪ੍ਰਤੀ ਭਰੋਸਗੀ ਕਿੰਨੀ ਪਕੜ ਰੱਖਦੀ ਹੈ।
ਸਿਆਣੇ ਕਹਿੰਦੇ ਨੇ ਮਾਲਕ ਨੂੰ ਭਰੋਸਾ ਦਿਵਾਉਣ ਲਈ ਬਹੁਤ ਵੱਡੀ ਘਾਲਣਾ ਘਾਲਣੀ ਪੈਂਦੀ ਹੈ ਪਰ ਭਰੋਸਾ ਟੱਟਣ ਲੱਗਿਆ ਬਹੁਤ ਥੋੜਾ ਸਮਾਂ ਲੱਗਦਾ ਹੈ। ਕਈ ਵਾਰੀ ਅਜੇਹਾ ਵੀ ਹੁੰਦਾ ਹੈ ਕਿ ਜੇ ਇੱਕ ਵਾਰ ਮਾਲਕ ਨੂੰ ਭਰੋਸੇ ਵਿੱਚ ਲੈ ਲਿਆ ਜਾਏ ਤਾਂ ਫਿਰ ਮਨੁੱਖ ਆਪਣੀਆਂ ਮਨ ਮਰਜ਼ੀਆਂ ਵੀ ਕਰਨ ਲੱਗ ਪੈਂਦਾ ਹੈ। ਕਈ ਨੌਕਰ ਮਾਲਕ ਨੂੰ ਭਰੋਸਾ ਹੀ ਇਸ ਲਈ ਕਰਾਉਂਦੇ ਹਨ ਕਿ ਮਾਲਕ ਨੂੰ ਚੂਨਾਂ ਲਗਾਇਆ ਜਾ ਸਕੇ। ਇਹ ਵਫ਼ਾਦਾਰੀ ਨਹੀਂ, ਬੇ-ਵਫ਼ਾਈ ਹੈ। ਮਾਲਕ ਨੂੰ ਇਸ ਤਰ੍ਹਾਂ ਦਾ ਭਰੋਸਾ ਹੋ ਜਾਏ ਤਾਂ ਉਹ ਥੋੜੀ ਕੀਤਿਆਂ ਫਿਰ ਦੂਸਰੇ ਆਦਮੀ `ਤੇ ਭਰੋਸਾ ਨਹੀਂ ਕਰਦਾ ਸਗੋਂ ਸਨਕੀ ਸੁਭਾਅ ਦਾ ਹੋ ਜਾਂਦਾ ਹੈ। ਸੰਸਾਰ ਵਿੱਚ ਹਰ ਤਰ੍ਹਾਂ ਦਾ ਤਜੁਰਬਾ ਹੁੰਦਾ ਰਹਿੰਦਾ ਹੈ। ਵਫ਼ਾਦਾਰੀ ਦੀਆਂ ਤੇ ਬੇ-ਵਫ਼ਾਈਆਂ ਦੀਆਂ ਘਟਨਾਵਾਂ ਆਮ ਵੇਖਣ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ।
ਵਫ਼ਾਦਾਰੀ ਦੀਆਂ ਕੁੱਝ ਉਦਾਹਰਣਾਂ ਪਸ਼ੂ, ਪੰਛੀਆਂ ਦੀਆਂ ਦੁਨੀਆਂ ਵਿਚੋਂ ਬਹੁਤ ਹੀ ਕਮਾਲ ਦੀਆਂ ਮਿਲਦੀਆਂ ਹਨ। ਪਿੰਡਾਂ ਵਿੱਚ ਮੁਰਗੀਆਂ ਰੱਖੀਆਂ ਹੋਈਆਂ ਦੇਖਦੇ ਹਾਂ। ਵੱਖ ਵੱਖ ਘਰਾਂ ਦੀਆਂ ਮੁਰਗੀਆਂ ਇਕੱਠੀਆਂ ਚੁੱਗਦੀਆਂ ਹਨ ਪਰ ਰਾਤ ਪੈਂਦਿਆਂ ਹੀ ਹਰ ਮੁਰਗੀ ਆਪੋ ਆਪਣੇ ਮਾਲਕ ਦੇ ਘਰ ਵਲ ਨੂੰ ਤੁਰ ਪੈਂਦੀ ਹੈ। ਪਸ਼ੂ ਚਾਰਨ ਵਾਸਤੇ ਬਾਹਰ ਲੈ ਕੇ ਜਾਂਦੇ ਰਹੇ ਹਾਂ ਪਰ ਜਿਉਂ ਹੀ ਸ਼ਾਮ ਪੈਂਦੀ ਸੀ ਪਸ਼ੂ ਆਪਣੇ ਮਾਲਕ ਦੇ ਘਰ ਨੂੰ ਰਸਤਾ ਨਾਪਦੇ ਤੁਰੇ ਆਉਂਦੇ ਦਿਸਦੇ ਹਨ। ਕਈ ਪਸ਼ੂ ਤਾਂ ਆਪਣੇ ਕਿਲ੍ਹੇ `ਤੇ ਹੀ ਆ ਕੇ ਖਲੋਂਦੇ ਹੁੰਦੇ ਦੇਖਦੇ ਰਹੇ ਹਾਂ। ਘੋੜਿਆਂ ਦੀ ਵਫ਼ਾਦਾਰੀ ਦੀਆਂ ਕਈ ਮਿਸਾਲਾਂ ਵੀ ਆਮ ਸੁਣਨ ਨੂੰ ਮਿਲਦੀਆਂ ਹਨ।
ਇਨਸਾਨ ਨੂੰ ਸਮਝਾਉਣ ਲਈ ਗੁਰਬਾਣੀ ਨੇ ਕਈ ਕਈ ਪ੍ਰਤੀਕ ਦੇ ਦੇ ਕੇ ਸਮਝਾਇਆ ਹੈ। ਜਦੋਂ ਵਫ਼ਾਦਾਰੀ ਦੀ ਗੱਲ ਸਮਝਾਉਣੀ ਹੈ ਤਾਂ ਗੁਰੂ ਸਾਹਿਬ ਜੀ ਨੇ ਕੁੱਤੇ ਦੀ ਮਿਸਾਲ ਦੇ ਕੇ ਸਮਝਾਇਆ ਹੈ ਕਿ ਬੰਦਿਆ ਘੱਟੋ ਘੱਟ ਕੁੱਤੇ ਪਾਸੋਂ ਹੀ ਕੁੱਝ ਸਿੱਖ ਲੈ ਇਹ ਜਨਵਰ ਆਪਣੇ ਮਾਲਕ ਪ੍ਰਤੀ ਕਿੰਨਾ ਵਫ਼ਾਦਾਰ ਹੈ। ਗੁਰੂ ਤੇਗ ਬਹਾਦਰ ਜੀ ਨੇ ਸੁੰਦਰ ਤਰੀਕੇ ਨਾਲ ਸਮਝਾਇਆ ਹੈ—
ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ॥
ਨਾਨਕ ਇਹ ਬਿਧਿ ਹਰਿ ਭਜਉ ਇੱਕ ਮਨਿ ਹੁਇ ਇਕਿ ਚਿਤਿ॥ 45॥
ਸਲੋਕ ਮ: ੯ ਪੰਨਾ ੧੪੨੮
ਅਖਰੀਂ ਅਰਥ---ਹੇ ਨਾਨਕ! (ਆਖ—ਹੇ ਭਾਈ!) ਇਕ-ਮਨ ਹੋ ਕੇ ਇਕ-ਚਿੱਤ ਹੋ ਕੇ ਪਰਮਾਤਮਾ ਦਾ ਭਜਨ ਇਸੇ ਤਰੀਕੇ ਨਾਲ ਕਰਿਆ ਕਰੋ (ਕਿ ਉਸ ਦਾ ਦਰ ਕਦੇ ਛੱਡਿਆ ਹੀ ਨਾਹ ਜਾਏ) ਜਿਵੇਂ ਕੁੱਤਾ (ਆਪਣੇ) ਮਾਲਕ ਦਾ ਘਰ (ਘਰ ਦਾ ਬੂਹਾ) ਸਦਾ (ਮੱਲੀ ਰੱਖਦਾ ਹੈ) ਕਦੇ ਭੀ ਛੱਡਦਾ ਨਹੀਂ ਹੈ। 45.
ਵਿਚਾਰ--- ਮਨੁੱਖ ਜ਼ਿਆਦਾਤਰ ਦੁਬਿਧਾ ਵਿੱਚ ਵਿਚਰ ਰਿਹਾ ਹੈ। ਜੇ ਲੰਗਰ ਤਿਆਰ ਕਰ ਰਿਹਾ ਹੈ ਤਾਂ ਦੁਬਿਧਾ ਵਿੱਚ ਹੈ ਕੋਈ ਪ੍ਰਸ਼ਾਦਾ ਸੜਿਆ ਹੋਇਆ ਹੈ ਤੇ ਕੋਈ ਕੱਚਾ ਹੈ। ਜੇ ਇੱਕ ਮਨ ਇੱਕ ਚਿੱਤ ਹੋ ਕੇ ਪ੍ਰਸ਼ਾਦਾ ਤਿਆਰ ਕੀਤਾ ਜਾਏ ਤਾਂ ਕੋਈ ਵੀ ਕੱਚਾ ਜਾਂ ਸੜਿਆ ਨਹੀਂ ਹੋਏਗਾ। ਇੱਕ ਮਨ ਇੱਕ ਚਿੱਤ ਦਾ ਭਾਵ ਅਰਥ ਹੈ ਪੂਰੀ ਵਫ਼ਾਦਾਰੀ ਨਾਲ ਰੱਬੀ ਜੀ ਦਾ ਭਜਨ ਕਰਨਾ ਭਾਵ ਉਸ ਦੇ ਗੁਣਾਂ ਨੂੰ ਆਪਣੇ ਸੁਭਾਅ ਵਿੱਚ ਲੇ ਕੇ ਆਉਣਾ ਹੈ।
ਗੁਰੂ ਤੇਗ ਬਹਾਦਰ ਜੀ ਕੁੱਤੇ ਦੀ ਮਿਸਾਲ ਦੇ ਕੇ ਸਮਝਾ ਰਹੇ ਹਨ ਕਿ ਕੁੱਤਾ ਆਪਣੇ ਮਾਲਕ ਦਾ ਘਰ ਸਦਾ ਮੱਲੀ ਰੱਖਦਾ ਹੈ ਕਦੇ ਵੀ ਛੱਡਣ ਲਈ ਤਿਆਰ ਨਹੀਂ ਹੁੰਦਾ। ਪਿੰਡਾਂ ਵਿੱਚ ਆਮ ਹੀ ਦੇਖਿਆ ਜਾਂਦਾ ਹੈ ਕਿ ਜਿਹੜਾ ਕੁੱਤਾ ਭਾਂਡਿਆਂ ਵਿੱਚ ਮੂੰਹ ਪਾਉਣੋਂ ਨਹੀਂ ਹੱਟਦਾ ਸੀ ਉਸ ਨੂੰ ਬੋਰੀ ਵਿੱਚ ਪਾ ਕੇ ਦੂਸਰੇ ਪਿੰਡ ਛੱਡ ਆਈਦਾ ਸੀ। ਅਜੇ ਬੰਦਾ ਘਰ ਨਹੀਂ ਪਹੁੰਚਿਆ ਹੁੰਦਾ ਸੀ ਪਰ ਕੁੱਤਾ ਪਹਿਲਾਂ ਹੀ ਘਰ ਆ ਗਿਆ ਹੁੰਦਾ ਸੀ।
ਕੁੱਤੇ ਤਿੰਨ ਪਰਕਾਰ ਦੇ ਹਨ ਇੱਕ ਕੁੱਤੇ ਤਾਂ ਉਹ ਹਨ ਜਿੰਨ੍ਹਾਂ ਨੂੰ ਪੂਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਸੜਕ `ਤੇ ਤੁਰੇ ਜਾਂਦਿਆਂ ਵੀ ਕਿਸੇ ਨਾਲ ਉਹਨਾਂ ਦਾ ਕੋਈ ਵਾਹ ਵਾਸਤਾ ਨਹੀਂ ਹੁੰਦਾ। ਬਿਨਾਂ ਮਤਲਵ ਦੇ ਉਹ ਭੌਂਕਦੇ ਨਹੀਂ ਹਨ। ਦੂਸਰੇ ਪਿੰਡਾਂ ਦਿਆਂ ਘਰਾਂ ਵਿੱਚ ਬਿਨਾ ਟ੍ਰੇਨਿੰਗ ਤੋਂ ਹੀ ਰਹਿ ਰਹੇ ਹੁੰਦੇ ਹਨ। ਬਾਹਰੋਂ ਅਜੇ ਦਰਵਾਜ਼ਾ ਖੜਕਿਆ ਵੀ ਨਹੀਂ ਹੁੰਦਾ ਪਹਿਲਾਂ ਹੀ ਭੌਂਕੀ ਜਾਣਗੇ। ਤੀਸਰੇ ਆਵਾਰਾ ਕਿਸਮ ਦੇ ਕੁੱਤੇ ਹੁੰਦੇ ਹਨ। ਸਰਕਾਰ ਇਹਨਾਂ ਨੂੰ ਹਮੇਸ਼ਾਂ ਮਾਰਨ ਵਾਸਤੇ ਤਿਆਰ ਰਹਿੰਦੀ ਹੈ ਕਿਉਂਕਿ ਇਹਨਾਂ ਵੱਢਣ ਨਾਲ ਬੰਦੇ ਨੂੰ ਨੁਕਸਾਨ ਹੋ ਜਾਂਦਾ ਹੈ। ਪਰ ਏੱਥੇ ਵਫ਼ਾਦਾਰ ਕੁੱਤੇ ਦੀ ਗੱਲ ਕੀਤੀ ਗਈ ਹੈ ਉਂਝ ਗੁਰਬਾਣੀ ਵਿੱਚ ਕੁੱਤੇ ਦੇ ਲਾਲਚ ਵਾਲਾ ਵੀ ਪ੍ਰਤੀਕ ਆਇਆ ਹੈ।
ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਜਿਵੇਂ ਕੁੱਤਾ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਏਸੇ ਤਰ੍ਹਾਂ ਹੀ ਐ ਮਨੁੱਖ ਤੂੰ ਰੱਬੀ ਦਾ ਭਜਨ ਕਰ ਤੇ ਉਸ ਦਾ ਦਰ ਕਦੇ ਵੀ ਨਾ ਛੱਡ।
ਮੰਨ ਲਓ ਕੁੱਤੇ ਦਾ ਮਾਲਕ ਗਰੀਬ ਹੈ ਤੇ ਉਸ ਦਾ ਅਮੀਰ ਦੋਸਤ ਉਸ ਨੂੰ ਮਿਲਣ ਲਈ ਆਉਂਦਾ ਹੈ। ਅਮੀਰ ਦੋਸਤ ਆਪਣੇ ਗਰੀਬ ਦੋਸਤ ਦੇ ਕੁੱਤੇ ਨੂੰ ਉਹਦਾ ਮਨ ਭਾਉਂਦਾ ਖਾਣਾ ਵੀ ਖਿਲਾਉਂਦਾ ਹੈ। ਪਰ ਗਰੀਬ ਦੋਸਤ ਦਾ ਕੁੱਤਾ ਕਦੇ ਵੀ ਅਮੀਰ ਦੋਸਤ ਦੀ ਗੱਡੀ `ਤੇ ਨਹੀਂ ਚੜ੍ਹੇਗਾ। ਆਪਣੇ ਅਮੀਰ ਦੋਸਤ ਦੇ ਦੁਆਲੇ ਕਦੇ ਵੀ ਪੂਛਲ ਨਹੀਂ ਹਿਲਾਏਗਾ। ਇਹ ਕੁੱਤੇ ਦੀ ਮੂੰਹ ਬੋਲਦੀ ਵਫ਼ੲਦਾਰੀ ਦੀ ਤਸਵੀਰ ਹੈ।
ਹੁਣ ਲਈਏ ਉਸ ਸਿੱਖ ਦੀ ਅਵਸਥਾ ਨੂੰ ਜਿਹੜਾ ਦਿਨੇ ਰਾਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ ਹੈ, ਪਰ ਮਾੜਾ ਜੇਹਾ ਪਤਾ ਲੱਗ ਜਾਏ ਕਿ ਫਲਾਣੇ ਸਾਧ ਪਾਸ ਬਹੁਤ ਕਰਾਮਾਤਾਂ ਹਨ ਜੋ ਸਾਡੀਆਂ ਮੁਰਾਦਾਂ ਪੂਰੀਆਂ ਕਰ ਦੇਂਵੇਗਾ ਹੈ ਅਸੀਂ ਓਸੇ ਵੇਲੇ ਹੀ ਦੁਨੀਆਂ ਦੀਆਂ ਲੋੜਾਂ ਦੇ ਮਾਰੇ ਹੋਏ ਉਸ ਸਾਧ ਦੁਆਲੇ ਜਾ ਝੁਰਮੰਟ ਪਾਉਂਦੇ ਹਾਂ। ਅਸਾਂ ਤੇ ਕੁੱਤੇ ਪਾਸੋਂ ਵੀ ਕੋਈ ਸਬਕ ਨਹੀਂ ਸਿਖਿਆ। ਇੱਕ ਮਿੰਟ ਲਾਉਂਦੇ ਹਾਂ ਆਪਣੀ ਵਫ਼ਾਦਾਰੀ ਤੋੜਦਿਆ।
ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਛੱਡ ਕੇ ਰੱਬੀ ਗੁਣਾਂ ਦਾ ਤਿਆਗ ਕਰਕੇ ਕਦੇ ਕਿਸੇ ਸਾਧ ਪਾਸੋਂ ਕੋਈ ਪੁੱਤਰਾਂ ਦੀਆਂ ਦਾਤਾਂ ਮੰਗ ਰਿਹਾ ਹੈ ਤੇ ਦੁਨਿਆਵੀ ਕਾਰੋਬਾਰ ਦੀਆਂ ਅਰਦਾਸਾਂ ਕਰਾ ਰਿਹਾ ਹੈ।
ਕਿਸੇ ਗੁਰਦੁਆਰੇ ਕੋਈ ਨੇਤਾਜਨ ਆ ਜਾਏ, ਕਥਾ ਕੀਰਤਨ ਵਿਚੇ ਹੀ ਛੱਡ ਕੇ ਪ੍ਰਬੰਧਕ ਉਸ ਭੱਦਰ ਪੁਰਸ਼ ਦੇ ਪਿੱਛੇ ਪੱਛੇ ਭੱਜੇ ਫਿਰਦੇ ਦਿਸਦੇ ਹੁੰਦੇ ਹਨ। ਸਹੀ ਅਰਥਾਂ ਵਿੱਚ ਨੇਤਾਜਨ ਦੇ ਪਿੱਛੇ ਪੂਛ ਹਿਲਾਉਂਦੇ ਹੀ ਦਿਸਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਨਾਲ ਵਫ਼ਾਦਾਰੀ ਰੱਖਣ ਵਾਲੇ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਤੁਲ ਕਿਸੇ ਹੋਰ ਗ੍ਰੰਥ ਜਾਂ ਪੁਸਤਕ ਦਾ ਪ੍ਰਕਾਸ਼ ਨਹੀਂ ਕਰਨਗੇ।
ਅੱਜ ਗੁਰੂ ਗ੍ਰੰਥ ਸਾਹਿਬ ਜੀ ਨਾਲ ਵਫ਼ਾਦਾਰੀ ਰੱਖਣ ਵਾਲੇ ਬਚਿੱਤ੍ਰ ਨਾਟਕ ਨੂੰ ਮੱਥਾ ਟੇਕੀ ਜਾ ਰਹੇ ਹਨ। ਕੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਵਫ਼ਾਦਾਰੀ ਹੈ।
ਗੁਰੂ ਤੇਗ ਬਹਾਦਰ ਜੀ ਤਾਗੀਦ ਕਰਦੇ ਹਨ ਕਿ ਭਲੇ ਲੋਕ ਕੁੱਤੇ ਪਾਸੋਂ ਹੀ ਕੁੱਝ ਸਿੱਖ ਲੈ।
ਕੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਵਰਤ ਤਾਂ ਨਹੀਂ ਰੱਖਿਆ ਹੋਇਆ? ਲਾਲ ਧਾਗਾ ਤਾਂ ਨਹੀਂ ਹੱਥ ਨੂੰ ਬੱਧਾ ਹੋਇਆ?




.