ਜੱਜੇ ਦੀਆਂ ਲੱਤਾਂ ਵਿੱਚ ਆ ਅੜੀ ਬੇਲੋੜੀ ਬਿੰਦੀ।
ਗਿ. ਸੰਤੋਖ ਸਿੰਘ
ਏਥੇ ਮੈ ਹਿੰਦੁਸਤਾਨੀ ਬੀਬੀਆਂ ਦੇ
ਮੱਥੇ ਉਪਰ ਚਿਪਕਾਈ ਜਾਣ ਵਾਲ਼ੀ ਬਿੰਦੀ ਦਾ ਜ਼ਿਕਰ ਨਹੀ ਕਰਨ ਲੱਗਾ। ਉਹ ਬਿੰਦੀ ਤਾਂ ਸ਼ਾਇਦ ਭਾਰਤੀ
ਇਸਤਰੀ ਦੇ ਮੇਕਅਪ ਦਾ ਹਿੱਸਾ ਬਣ ਕੇ, ਕਿਸੇ ਬੀਬੀ ਦੇ ਸੁਹੱਪਣ ਵਿੱਚ ਵਾਧਾ ਕਰਦੀ ਹੋਵੇਗੀ ਜਾਂ ਘਟੋ
ਘਟ ਅਜਿਹਾ ਸਮਝਿਆ ਜਾਂਦਾ ਹੈ ਕਿ ਉਹ ਕਰਦੀ ਹੈ। ਇਹ ਤਾਂ ਮੰਨਣਾ ਹੀ ਪਵੇਗਾ ਕਿ ਜੇਹੜੀ ਵਸਤੂ ਸਦੀਆਂ
ਤੋਂ ਨਹੀ ਬਲਕਿ ਦਹਿ ਸਦੀਆਂ ਤੋਂ ਇਸਤਰੀ ਦੇ ਸ਼ਿੰਗਾਰ ਦਾ ਹਿੱਸਾ ਚੱਲੀ ਆ ਰਹੀ ਹੈ ਤੇ ਕਿਸੇ ਨੇ ਇਸ
ਨੂੰ ਹਟਾਉਣ ਦਾ ਯਤਨ ਨਹੀ ਕੀਤਾ ਤਾਂ ਨਿਸਚੇ ਹੀ ਇਹ ਸੁੰਦਰਤਾ ਵਿੱਚ ਵਾਧਾ ਕਰਦੀ ਹੀ ਹੋਵੇਗੀ! ਪਰ
ਮੈ ਤਾਂ ਉਸ ਬਿੰਦੀ ਦਾ ਜ਼ਿਕਰ ਕਰਨ ਲੱਗਾ ਹਾਂ ਜੋ ਗੁਰਮੁਖੀ ਲਿਖਤ ਦੇ ਤੇਰਵੇਂ ਅੱਖਰ, ਜ ਦੇ ਪੈਰ
ਵਿੱਚ ਅੜ ਕੇ, ਪੰਜਾਬੀ ਲਿਖਤ ਦੀ ਖ਼ੂਬਸੂਰਤੀ ਵਿੱਚ ਵਾਧਾ ਕਰਨ ਦੀ ਥਾਂ, ਇਸ ਦੀ ਬਦਸੂਰਤੀ ਵਿੱਚ
ਘਨੇਰਾ ਯੋਗਦਾਨ ਪਾ ਰਹੀ ਹੈ।
ਪਹਿਲਾਂ ਪਹਿਲ ਗੁਰਮੁਖੀ ਦੇ ਪੈਂਤੀ ਅੱਖਰ ਹੀ ਹੁੰਦੇ ਸਨ ਤੇ ਪੰਜਾਬੀ ਉਚਾਰਣ ਅਨੁਸਾਰ ਇਹਨਾਂ ਨਾਲ
ਸਰ ਜਾਂਦਾ ਸੀ; ਇਸ ਲਈ ਇਸ ਵਰਣਮਾਲ਼ਾ ਦਾ ਨਾਂ ਵੀ ‘ਪੈਂਤੀ’ ਹੀ ਸੀ ਤੇ ਹੈ। ਫਿਰ ਫ਼ਾਰਸੀ ਦੇ ਸ਼ਬਦਾਂ
ਦਾ, ਸਮੇ ਅਨੁਸਾਰ ਪੰਜਾਬੀ ਵਿੱਚ ਪ੍ਰਵੇਸ਼ ਕਰ ਜਾਣ ਕਰਕੇ, ਉਹਨਾਂ ਦਾ ਸਹੀ ਉਚਾਰਨ ਕਰਨ ਵਾਸਤੇ ਕੁੱਝ
ਹੋਰ ਅੱਖਰਾਂ ਦੀ ਲੋੜ ਪਈ ਤਾਂ ਵਿਦਵਾਨਾਂ ਨੇ ਪੰਜ ਅੱਖਰ ਪਹਿਲਿਆਂ ਦੇ ਪੈਰੀਂ ਬਿੰਦੀਆਂ ਲਾ ਕੇ,
ਹੋਰ ਵਧਾ ਲਏ ਤੇ ਇਸ ਤਰ੍ਹਾਂ ਇਸ ਨਵੀ ਸਮੱਸਿਆ ਦਾ ਹੱਲ ਕੱਢ ਕੇ ਕਾਰਜ ਸਾਰ ਲਿਆ; ਜਿਵੇਂ:
ਸ਼ ਖ਼ ਗ਼ ਜ਼ ਫ਼
ਲੱਲੇ ਦੇ ਪੈਰ ਵਿੱਚ ਬਿੰਦੀ ਲਾ ਕੇ, ਲ਼ ਬਣਾ ਕੇ, ਇਸ ਦਾ ਤਾਲ਼ਵੀ ਉਚਾਰਨ ਕਰਨ ਦਾ ਪ੍ਰਸੰਗ, ਇਹਨਾਂ
ਪੰਜ ਅੱਖਰਾਂ ਤੋਂ ਵੱਖਰਾ ਹੈ। ਇਸ ਬਾਰੇ ਵੀ ਕੁੱਝ ਵਿਦਵਾਨ ਬੇਲੋੜਾ ਭੰਬਲ਼ਭੂਸਾ ਜਿਹਾ ਪੈਦਾ ਕਰਨ
ਲਈ, ਲ਼ ਦੀ ਥਾਂ ਲ੍ਹ, ਅਰਥਾਤ, ਲੱਲੇ ਦੇ ਪੈਰ ਵਿੱਚ ਬਿੰਦੀ ਦੀ ਥਾਂ ੍ਹ ਪਾ ਕੇ ਲਿਖਣ ਦੀ ਗ਼ਲਤ ਜਿਦ
ਕਰਦੇ ਹਨ।
ਕਿਉਂਕਿ ਪੰਜਾਬੀ ਉਚਾਰਨ ਵਿੱਚ ਪਹਿਲਾਂ ਇਹਨਾਂ ਆਵਾਜ਼ਾਂ ਦੀ ਮੌਜੂਦਗੀ ਨਾ ਹੋਣ ਕਰਕੇ, ਇਹਨਾਂ ਨੂੰ
ਦਰਸਾਉਣ ਲਈ ਵੱਖਰੇ ਅੱਖਰਾਂ ਦੀ ਲੋੜ ਨਹੀ ਸੀ। ਜਦੋਂ ਫ਼ਾਰਸੀ ਵਿਚੋਂ ਆਏ ਲਫ਼ਜ਼ਾਂ ਨੂੰ ਗੁਰਮੁਖੀ ਲਿਖਤ
ਵਿੱਚ ਲਿਆਉਣ ਦੀ ਲੋੜ ਪਈ, ਤਾਂ ਪੰਜਾਂ ਅੱਖਰਾਂ ਦੇ ਪੈਰੀਂ ਬਿੰਦੀਆਂ ਲਾ ਕੇ ਕੰਮ ਸਾਰ ਲਿਆ ਗਿਆ ਪਰ
ਹੁਣ ਤਾਂ ਜਿਵੇਂ ਬੇਲੋੜੀ ਬਿੰਦੀ ਹਰ ਥਾਂ ਲਾਉਣ ਦਾ ਇਹ ਰਿਵਾਜ਼ ਜਿਹਾ ਹੀ ਪੈ ਗਿਆ ਹੈ। ਮੁਢਲੇ
ਪੰਜਾਬੀ ਸ਼ਬਦਾਂ ਦੇ ਉਚਾਰਨ ਲਈ ਇਹਨਾਂ ਦੀ ਲੋੜ ਨਹੀ ਸੀ। ਸੋ ਜੇ ਇਹ ਬਿੰਦੀ ਕਿਤੇ ਵਰਤਣੋ ਰਹਿ ਵੀ
ਜਾਵੇ ਤਾਂ ਪੰਜਾਬੀ ਦੇ ਉਚਾਰਨ ਵਿੱਚ ਕੋਈ ਦੋਸ਼ ਨਹੀ। ਹਾਂ, ਜੇ ਇਹ ਬੇਲੋੜੀ ਲਾਈ ਜਾਵੇ ਤਾਂ ਪੂਰੀ
ਦੀ ਪੂਰੀ ਹੀ ਗ਼ਲਤ ਹੈ।
ਪੰਜਾਬੀ ਦੇ ਨਵੇਂ ਲਿਖਾਰੀ ਸ਼ਾਇਦ ਇੱਕ ਦੂਜੇ ਤੋਂ ਅੱਗੇ ਲੰਘਣ ਲਈ, ਵਧ ਤੋਂ ਵਧ ਬਿੰਦੀਆਂ ਲਾ ਕੇ ਹੀ
ਆਪਣੀ ਵਿਦਿਅਕ ਦੌੜ ਦੀ ਪਰਾਪਤੀ ਦਾ ਪ੍ਰਗਟਾਵਾ ਕਰਨਾ ਚਾਹੁੰਦੇ ਹੋਣ ਤੇ ਇਸ ‘ਮਹਾਨ ਕਾਰਜ’ ਵਿੱਚ
ਦੂਜਿਆਂ ਨੂੰ ਪਛਾੜਨ ਦਾ ਇਹ, ਆਪਣੀਆਂ ਲਿਖਤਾਂ ਵਿੱਚ ਬਿੰਦੀਆਂ ਦੇ ਵਾਧੇ ਵਾਲ਼ਾ, ਸਭ ਤੋਂ ਸੌਖਾ ਢੰਗ
ਉਹਨਾਂ ਨੇ ਅਪਣਾ ਲਿਆ ਹੋਵੇ! ਏਥੋਂ ਤੱਕ ਕਿ ਪੰਜਾਬੀ ਦੇ ਟੀਚਰ ਵੀ ਇਸ ਦੌੜ ਵਿੱਚ ਨਵੇਂ ਲਿਖਾਰੀਆਂ
ਤੋਂ ਪਿੱਛੇ ਨਹੀ ਰਹਿੰਦੇ। ਠੀਕ ਵੀ ਹੈ:
ਤਾਏ ਧੀ ਚੱਲੀ ਤੇ ਮੈਂ ਕਿਉਂ ਰਹਾਂ ‘ਕੱਲੀ।
ਦੱਸੋ ਭਈ:
ਤਰਜ਼ੀਹ, ਕਾਰਜ਼, ਪੰਜ਼ਾਬ, ਬੈਲਜ਼ੀਅਮ, ਮਜ਼ਬੂਰ, ਬਰਿਜ਼, ਫਰਿਜ਼, ਲੈਂਗੁਵੇਜ਼, ਕਾਲਜ਼, ਜ਼ਾਰੀ, ਫੌਜ਼, ਜ਼ੋ,
ਬਿਜ਼ਲੀ, ਹਜ਼ਮ, ਜ਼ਾਂਦਾ, ਗੁਜ਼ਰਾਤ, ਵਜ਼ਦ, ਪੇਜ਼, ਏਜ਼, ਮੈਰਿਜ਼, ਹਾਜ਼ਮਾ, ਅਪਾਹਜ਼, ਤਰਜ਼ਮਾਨ, ਜ਼ਨਾਨੀ,
ਜ਼ਲਵਾ, ਰਿਫ਼ਿਊਜ਼ੀ, ਜ਼ੁਰਅਤ, ਜ਼ਬਤ, ਤਵੱਜ਼ੋਂ, ਰੰਜ਼ਸ਼, ਨਾਲਜ਼, ਤਜ਼ਰਬਾ, ਬਾਵਜ਼ੂਦ, ਜ਼ਬਰ, ਜ਼ੋੜ, ਹੇਜ਼,
ਸਟੇਜ਼, ਹਾਜ਼ਰੀ, ਅਜ਼ੇ, ਮੌਜ਼ੂਦ, ਬਜ਼ਟ, ਬੀਜ਼, ਅੰਜ਼ਾਮ, ਹਿਜ਼ਰਤ, ਇਨਚਾਰਜ਼, ਸਮਾਜ਼, ਰਾਜ਼ੀ, ਪ੍ਰੈਸਟੀਜ਼,
ਪਾਜ਼, ਮੈਸਿਜ਼, ਖੱਜ਼ਲ, ਦਰਜ਼ ਆਦਿ …. .
ਵਾਲ਼ੇ ਚੰਗੇ ਭਲੇ ਜ ਦੀਆਂ ਲੱਤਾਂ ਵਿੱਚ ਬੇਲੋੜੀ ਬਿੰਦੀ ਫਸਾ ਕੇ, ਪੰਜਾਬੀ ਉਚਾਰਨ ਦੀ ਯੱਖਣਾ ਪੁੱਟਣ
ਦਾ ‘ਸ਼ੁਭ ਕਾਰਜ’ ਕਰਕੇ, ਅਸੀਂ ਕੀ ਕੱਦੂ ਵਿੱਚ ਤੀਰ ਮਾਰ ਰਹੇ ਹਾਂ! ਇਹ ਮੰਨਣ ਵਿੱਚ ਨਹੀ ਆਉਂਦਾ ਕਿ
ਡਾ. ਮਹੀਪ ਸਿੰਘ ਵਰਗਾ ਚਾਰ ਜ਼ਬਾਨਾਂ ਦਾ ਵਿਦਵਾਨ, ਤਰਜੀਹ ਨੂੰ ਤਰਜ਼ੀਹ ਲਿਖਦਾ ਹੋਵੇ। ਇਹ ਮੰਨਣਾ ਵੀ
ਬੜਾ ਹੀ ਔਖਾ ਲੱਗਦਾ ਹੈ ਕਿ ਪੋਸਟ ਗਰੈਜੂਏਟ ਕਾਲਜ ਦੇ ਪੰਜਾਬੀ ਵਿਭਾਗ ਦਾ ਮੁਖੀ, ਸੁਰਿੰਦਰ ਮੰਡ,
ਅਜੇ ਨੂੰ ਅਜ਼ੇ ਲਿਖਣ ਦੀ ਗ਼ਲਤੀ ਕਰਦਾ ਹੋਵੇ! ਫਿਰ ਇਹ ਗ਼ਲਤੀ ਹੈ ਕਿਥੇ! ਕਿਤੇ ਇਹ ਤਾਂ ਨਹੀ ਕਿ
ਕੰਪਿਊਟਰ ਵਿੱਚ ਫ਼ੌਂਟ ਦੀ ਬਦਲੀ ਕਰਨ ਸਮੇ ਅਜਿਹੀਆਂ ਗ਼ਲਤੀਆਂ ਸਹਿਵਨ ਹੀ ਹੋ ਜਾਂਦੀਆਂ ਹੋਣ ਤੇ ਜੋ
ਪਰੂਫ਼ ਰੀਡਰ ਠੀਕ ਕਰਨ ਵੱਲੋਂ ਅਣਗਹਿਲੀ ਕਰ ਜਾਂਦੇ ਹੋਣ! ਅਜਿਹਾ ਕੁੱਝ ਮੇਰੇ ਲੇਖਾਂ ਨਾਲ਼ ਵੀ ਹੋ
ਜਾਂਦਾ ਹੈ। ਮੈ ਕੁੱਝ ਅਤੇ ਸਭ ਦੇ ਉਤੇ ਅਧਕ ਲਾਉਣ ਦੇ ਹੱਕ ਵਿੱਚ ਨਹੀ ਤੇ ਕਦੀ ਵੀ ਨਹੀ ਲਾਉਂਦਾ ਪਰ
ਮੇਰੇ ਹਰ ਲੇਖ ਵਿਚ, ਛਪਣ ਸਮੇ ਕੁੱਝ ਅਤੇ ਸਭ ਉਪਰ ਇਹ ਅਧਕ ਬਦੋ ਬਦੀ ਥੱਪਿਆ ਹੋਇਆ ਹੁੰਦਾ ਹੈ, ਜੋ
ਮੈਨੂੰ ਬੜਾ ਹੀ ਚੁਭਦਾ ਹੈ ਪਰ ਸੰਪਾਦਕ ਕਿਤੇ ਨਾਰਾਜ਼ ਨਾ ਹੋ ਜਾਵੇ, ਸੋਚ ਕੇ ਮੈ ਚੁੱਪ ਰਹਿੰਦਾ
ਹਾਂ। ਇੱਕ ਸੰਪਾਦਕ ਜੀ ਨੇ ਇਸ ਗੱਲ ਦਾ ਵਾਹਵਾ ਗੁੱਸਾ ਕਰ ਲਿਆ ਸੀ। ਇਸ ਦੇ ਬਾਵਜੂਦ ਵੀ ਉਹ ਮੇਰੇ
ਹਰੇਕ ਲੇਖ ਵਿਚਲੇ ਕੁੱਝ ਅਤੇ ਸਭ ਉਪਰ ਅਧਕ ਲਾਉਂਦਾ ਹੈ। ਮੈ ਫਿਰ ਏਹੀ ਸਮਝਿਆ ਕਿ ਫ਼ੌਂਟ ਦੀ ਬਦਲੀ
ਸਮੇ ਇਹ ਅਧਕ ਮੇਰੇ ਕੁੱਝ ਅਤੇ ਸਭ ਉਪਰ ਸਵਾਰ ਹੋ ਕੇ, ਇਹਨਾਂ ਨੂੰ ਕੁੱਝ ਅਤੇ ਸੱਭ ਬਣਾ ਧਰਦਾ ਹੈ,
ਜੋ ਕਿ ਕਤਈ ਗ਼ਲਤ ਹੈ। ਇਹ ਸ਼ਾਇਦ ਫ਼ੌਂਟ ਬਦਲੀ ਕਾਰਨ ਹੀ ਹੁੰਦਾ ਹੈ; ਸੰਪਾਦਕ ਦਾ ਇਸ ਵਿੱਚ ਕੋਈ ਕਸੂਰ
ਨਹੀ।
ਇਹ ਵੀ ਹੈਰਾਨੀ ਵਾਲ਼ੀ ਗੱਲ ਹੈ ਕਿ ਮੇਰੇ ਟਾਈਪ ਕਰਨ ਵਿੱਚ ਸਹਿਵਨ ਜੇ ਕੋਈ ਗ਼ਲਤੀ ਰਹਿ ਜਾਵੇ ਤਾਂ ਉਸ
ਦੀ ਸੋਧ ਨਹੀਂ ਕੀਤੀ ਜਾਂਦੀ ਪਰ ਬੇਲੋੜਾ ਅਧਕ ਜ਼ਰੂਰ ਲਾਇਆ ਜਾਂਦਾ ਹੈ।
ਇਹ ਤਾਂ ਸ਼ਾਇਦ ਸੂਝਵਾਨ ਲਿਖਾਰੀਆਂ ਨੂੰ ਦੱਸਣ ਦੀ ਲੋੜ ਨਾ ਹੀ ਹੋਵੇ ਕਿ ਜਿਥੇ ਅੰਗ੍ਰੇਜ਼ੀ ਦੇ ਅੱਖਰ
ਗੲ, ਦਗੲ, ਜ ਹੋਣ, ਉਹਨਾਂ ਵਾਲ਼ੇ ਸ਼ਬਦਾਂ ਨੂੰ ਗੁਰਮੁਖੀ ਅੱਖਰਾਂ ਵਿੱਚ ਲਿਖਣ ਸਮੇ, ਅੰਤ ਵਿੱਚ ਜ
ਹੁੰਦਾ ਹੈ ਨਾ ਕਿ ਜ਼। ਜਿਥੇ ਸ਼ਬਦ ਦੇ ਅੰਤ ਵਿੱਚ ਸ ਜਾਂ ਜ਼ ਹੋਵੇ ਓਥੇ ਹੀ ਜ ਦੇ ਪੈਰ ਵਿੱਚ ਬਿੰਦੀ
ਲਾ ਕੇ ਜ਼ ਬਣਾਉਣ ਦੀ ਲੋੜ ਪੈਂਦੀ ਹੈ। ਐਵੇਂ ਨਹੀ ਅੰਨ੍ਹੇ ਵਾਹ ਸਾਰੇ ਥਾਂਵਾਂ ਤੇ ਹੀ ਜ ਦੇ ਪੈਰ
ਵਿੱਚ ਬਿੰਦੀ ਜੜ ਦੇਣੀ ਚਾਹੀਦੀ। ਅਜਿਹਾ ਕਰਨਾ ਕਤਈ ਗ਼ਲਤ ਹੈ। ਮੇਰੇ ਪੌਣੇ ਕੁ ਚਾਰ ਦਹਾਕੇ ਪਹਿਲਾਂ
ਦੇਸ ਛੱਡਣ ਉਪ੍ਰੰਤ, ਇਸ ਜ ਵਾਲ਼ੀ ਬਿੰਦੀ ਦਾ, ਪੰਜਾਬ ਵਿਚਲੇ ਪੜ੍ਹੇ ਲਿਖੇ ਵਿਅਕਤੀ ਏਨਾ ਦੁਰਉਪਯੋਗ
ਕਰਨ ਲੱਗ ਪਏ ਹਨ ਕਿ ਕਦੀ ਕਦੀ ਮੈਨੂੰ ਸ਼ੱਕ ਪੈਣ ਲੱਗ ਜਾਂਦਾ ਹੈ ਕਿ ਕਿਤੇ ਮੈ ਹੀ ਗ਼ਲਤ ਨਾ ਹੋਵਾਂ!
ਜਦੋਂ ਏਨੇ ਲੋਕ ਕਿਸੇ ਗੱਲ ਨੂੰ ਕਰਨ ਤਾਂ ਸ਼ੱਕ ਪੈਦਾ ਹੋ ਜਾਣਾ ਕੋਈ ਬਹੁਤੀ ਅਣਹੋਣੀ ਗੱਲ ਨਹੀ
ਹੁੰਦੀ। ਅਜਿਹਾ ਵੀ ਹੁੰਦਾ ਹੈ ਕਿ ਬਹੁਤੇ ਵਿਅਕਤੀਆਂ ਵੱਲੋਂ ਕਿਸੇ ਗ਼ਲਤੀ ਨੂੰ ਮੁੜ ਮੁੜ ਕਰਨ ਨਾਲ਼
ਉਹ ਦਰੁਸਤ ਹੀ ਮੰਨੀ ਜਾਣ ਲੱਗ ਪੈਂਦੀ ਹੈ। ਮਿਸਾਲ ਵਜੋਂ ਛੇ ਕੁ ਦਹਾਕੇ ਪਹਿਲਾਂ, ਗਿ. ਹੀਰਾ ਸਿੰਘ
ਦਰਦ ਵੱਲੋਂ ਕਿਤੇ ਉਰਦੂ ਦੇ ਲਫ਼ਜ਼ ਜਜ਼ਬਾਤ ਨੂੰ ਜਜ਼ਬਾਤਾਂ ਲਿਖਿਆ ਗਿਆ। ਅੱਜ ਬਹੁਤ ਸਾਰੇ ਲਿਖਾਰੀ ਇਉਂ
ਹੀ ਲਿਖੀ ਜਾ ਰਹੇ ਹਨ, ਬਿਨਾ ਇਹ ਵਿਚਾਰੇ ਦੇ ਕਿ ਉਰਦੂ ਦੇ ਇੱਕ ਵਚਨ ਜਜ਼ਬਾ ਨੂੰ ਬਹੁ ਵਚਨ ਬਣਾਉਣ
ਲਈ ਜਜ਼ਬਾਤਾਂ ਲਿਖਣਾ ਗ਼ਲਤ ਹੈ। ਇਸ ਨੂੰ ਜਜ਼ਬਾਤ ਲਿਖਣਾ ਸਹੀ ਹੈ। ਜੇਕਰ ਇਸ ਨੂੰ ਪੰਜਾਬੀ ਰੂਪ ਵਿੱਚ
ਹੀ ਬਹੁਵਚਨ ਬਣਾਉਣਾ ਹੋਵੇ ਤਾਂ ਜਜ਼ਬੇ ਬਣਾਇਆ ਜਾ ਸਕਦਾ ਹੈ।
ਪਹਿਲਾਂ ਨਾਲ਼ੋਂ ਹੁਣ ਵਧ ਪੰਜਾਬੀ ਦੇ ਸ਼ਬਦ ਜੋੜਾਂ ਵਿੱਚ ਗ਼ਲਤੀਆਂ ਹੋਣ ਦੇ ਕੁੱਝ ਕਾਰਨਾਂ ਵਿਚੋਂ ਇੱਕ
ਇਹ ਵੀ ਹੈ ਕਿ ਹਰੇਕ ਲਿਖਾਰੀ ਆਪਣੀ ਸਮਝ ਅਨੁਸਾਰ ਲਿਖਦਾ ਹੈ ਤੇ ਇੰਟਰਨੈਟ ਉਪਰ ਪ੍ਰਕਾਸ਼ਨਾਵਾਂ ਛਪਣ
ਕਰਕੇ, ਜੋ ਵੀ ਲੇਖਕ ਲਿਖਦਾ ਹੈ ਓਸੇ ਰੂਪ ਵਿੱਚ ਛਪ ਜਾਂਦਾ ਹੈ। ਸੰਪਾਦਕਾਂ ਪਾਸ ਨਾ ਸਮਾ ਹੁੰਦਾ ਹੈ
ਆਈ ਲਿਖਤ ਨੂੰ ਸੋਧਣ ਦਾ ਤੇ ਨਾ ਹੀ ਉਹ ਇਸ ਦੀ ਲੋੜ ਸਮਝਦੇ ਹਨ। ਇਸ ਲਈ ਇਹਨੀਂ ਦਿਨੀਂ ਇਸ ਪੱਖ ਤੋਂ
ਘੀਚਮਚੋਲ਼ਾ ਪਹਿਲਾਂ ਨਾਲ਼ੋਂ ਕਿਤੇ ਵਧ ਹੈ। ਅੰਗ੍ਰੇਜ਼ੀ ਵਾਂਗ ਅਸੀਂ ਸ਼ਬਦ ਜੋੜਾਂ ਦੇ ਸਹੀਪਣ ਨੂੰ ਕਾਇਮ
ਰੱਖਣਾ ਜਰੂਰੀ ਨਹੀ ਸਮਝਦੇ। ਫਿਰ ਪੰਜਾਬੀ ਦੇ ਸ਼ਬਦ ਜੋੜਾਂ ਦੀ ਇਕਸਾਰਤਾ ਦਾ ਮਸਲਾ ਅਜੇ ਤੱਕ ਕੋਈ
ਸੰਸਥਾ ਸੁਲਝਾ ਨਹੀ ਸਕੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਪਾਸੇ ਉਦਮ ਕੀਤਾ ਸੀ ਤੇ ੧੫੯
ਵਿਦਵਾਨਾਂ ਦੀ ਰਾਇ ਲੈ ਕੇ, ਉਹਨਾਂ ਨੇ ਇਸ ਮਸਲੇ ਬਾਰੇ ਇੱਕ ‘ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ
ਕੋਸ਼’ ਨਾਮੀ, ਵੱਡਾ ਗ੍ਰੰਥ ਵੀ ਰਚਿਆ ਸੀ ਪਰ ਉਸ ਵਿੱਚ ਮਿਥੇ ਗਏ ਨਿਯਮਾਂ ਉਪਰ ਵੀ, ਉਸ ਸਮੇ ਸਾਰੇ
ਵਿਦਵਾਨਾਂ ਦੀ ਸੰਮਤੀ ਨਹੀ ਸੀ ਹੋ ਸਕੀ। ਇਸ ਤੋਂ ਇਲਾਵਾ ਖ਼ੁਦ ਯੂਨੀਵਰਸਿਟੀ ਆਪਣੀਆਂ ਪ੍ਰਕਾਸ਼ਨਾਵਾਂ
ਵਿੱਚ ਵੀ, ਆਪਣੇ ਬਣਾਏ ਹੋਏ ਨਿਯਮਾਂ ਉਪਰ ਅਮਲ ਨਹੀ ਕਰਦੀ। ਇਸ ਗੱਲ ਦਾ ਕੁੱਝ ਕੁ ਅਹਿਸਾਸ ਮੈਨੂੰ
ਪਹਿਲਾਂ ਇਸ ਗ੍ਰੰਥ ਦੀ ਭੂਮਿਕਾ ਪੜ੍ਹ ਕੇ ਹੋਇਆ ਸੀ। ਮੇਰੀ ਪਿਛਲੀ ਪਟਿਆਲਾ ਫੇਰੀ ਦੌਰਾਨ ਮੈਨੂੰ
ਯੂਨੀਵਰਸਿਟੀ ਦੇ ਵਿਦਵਾਨ ਪ੍ਰੋਫੈਸਰਾਂ ਵੱਲੋਂ ਕੁੱਝ ਗ੍ਰੰਥ ਤੋਹਫ਼ੇ ਵਜੋਂ ਬਖਸ਼ੇ ਗਏ। ਉਹਨਾਂ ਵਿਚੋਂ
ਇੱਕ ਗ੍ਰੰਥ ‘ਸਿੱਖ ਇਤਿਹਾਸ ਦੇ ਚੋਣਵੇਂ ਮੂਲ ਸਰੋਤ’, ਲਿਖਤ ਡਾ. ਗੁਰਬਚਨ ਸਿੰਘ ਨਈਅਰ, ਮੈ ਆਪਣੇ
ਨਾਲ਼ ਏਥੇ ਸਿਡਨੀ ਵਿੱਚ ਵੀ ਲੈ ਆਇਆ। ਹੁਣ ਜਦੋਂ ਮੈ ਇਸ ਕਿਤਾਬ ਨੂੰ ਪੜ੍ਹ ਰਿਹਾ ਹਾਂ ਤਾਂ ਪਤਾ
ਲੱਗਿਆ ਕਿ ਜਿੰਨੀ ਯੱਖਣਾ ਪੰਜਾਬੀ ਦੇ ਸ਼ਬਦ ਜੋੜਾਂ ਦੀ ਇਸ ਕਿਤਾਬ ਵਿੱਚ ਪੁੱਟੀ ਗਈ ਹੈ, ਇਸ ਤੋਂ ਵਧ
ਮੈ ਹੋਰ ਕਿਤੇ ਨਹੀ ਵੇਖੀ। ਲੱਗਦਾ ਹੈ ਕਿ ਜਿਵੇਂ ਜੋ ਇਸ ਕਿਤਾਬ ਦੇ ਲੇਖਕ ਨੇ, ਕਾਹਲ਼ੀ ਵਿੱਚ ਲਿਖ
ਦਿਤਾ, ਉਸ ਦੀ ਪਰੂਫ਼ ਰੀਡਿੰਗ ਕਰਕੇ, ਸ਼ਬਦ ਜੋੜਾਂ ਨੂੰ ਸੋਧਣ ਦੀ ਲੋੜ ਹੀ ਨਹੀ ਸਮਝੀ ਗਈ। ਇਹ ਉਸ
ਸੰਸਥਾ ਦਾ ਹਾਲ਼ ਹੈ ਜੋ ਕੇਵਲ ਤੇ ਕੇਵਲ ਪੰਜਾਬੀ ਭਾਸ਼ਾ ਦੀ ਸਰਬਪੱਖੀ ਉਨਤੀ ਵਾਸਤੇ ਹੀ ਹੋਂਦ ਵਿੱਚ
ਲਿਆਂਦੀ ਗਈ ਸੀ। ਬਾਕੀ ਅਦਾਰਿਆਂ ਦਾ ਤਾਂ ਫਿਰ ਰੱਬ ਹੀ ਰਾਖਾ ਹੋ ਸਕਦਾ ਹੈ!
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਕਾਸ਼ਨਾਵਾਂ ਵਿਚ, ਚਾਰ ਕੁ ਦਹਾਕੇ ਪਹਿਲਾਂ, ਬਾਕੀਆਂ
ਨਾਲ਼ੋਂ ਸ਼ਬਦ ਜੋੜਾਂ ਦੀ ਸ਼ੁਧਤਾ ਤੇ ਸਰਲਤਾ ਵਧੇਰੇ ਹੋਇਆ ਕਰਦੀ ਸੀ ਪਰ ਹੁਣ ਓਥੇ ਵੀ ਥੋਹੜੇ ਜਿਹੇ
ਘਾਟੇ ਨਾਲ਼, ਇਹੋ ਹਾਲ ਹੋ ਗਿਆ ਹੈ।
ਇਸ ਤੋਂ ਇਲਵਾ ਕੁੱਝ ਸ਼ਬਦ ਪੰਜਾਬੀ ਵਿੱਚ ਅਜਿਹੇ ਵੀ ਵਰਤੇ ਜਾਂਦੇ ਹਨ ਜਿਨ੍ਹਾਂ ਵਿੱਚ ਬਿੰਦੀ ਲਾਉਣ
ਨਾਲ਼ ਜਾਂ ਨਾ ਲਾਉਣ ਨਾਲ਼, ਉਹਨਾਂ ਦੇ ਅਰਥਾਂ ਵਿੱਚ ਫਰਕ ਪੈ ਜਾਂਦਾ ਹੈ। ਉਹਨਾਂ ਵਿਚੋਂ ਕੁੱਝ ਇਸ
ਪ੍ਰਕਾਰ ਹਨ:
ਰਾਜ਼ (ਭੇਤ) ਤੇ ਰਾਜ (ਰਿਆਸਤ), ਜਾਤ (ਜਾਤੀ) ਤੇ ਜ਼ਾਤ (ਨਿਜ), ਜਨ (ਵਿਅਕਤੀ) ਤੇ ਜ਼ਨ (ਔਰਤ)
ਇਹਨਾਂ ਨੂੰ ਲਿਖਣ ਛਾਪਣ ਵੇਲ਼ੇ, ਅਸੀਂ ਇਹਨਾਂ ਦੇ ਅਰਥਾਂ ਵਿੱਚ ਕੋਈ ਫਰਕ ਨਹੀ ਸਮਝਦੇ।
ਜੇ ਅਸੀਂ ਇਸ ਗੱਲ ਨੂੰ ਯਾਦ ਰੱਖ ਲਈਏ ਤਾਂ ਬੇਲੋੜੀ ਬਿੰਦੀ ਤੋਂ ਕਿਸੇ ਹੱਦ ਤੱਕ, ਬਲਕਿ ਵਾਹਵਾ ਹੀ,
ਸਾਡਾ ਛੁਟਕਾਰਾ ਹੋ ਸਕਦਾ ਹੈ। ਗੱਲ ਇਉਂ ਹੈ ਕਿ ਬੇਲੋੜੇ ਅਧਕ ਵਾਂਗ ਹੀ, ਜਿਥੇ ਸੌ ਫ਼ੀ ਸਦੀ ਸਾਨੂੰ
ਯਕੀਨ ਨਾ ਹੋਵੇ ਓਥੇ ਬਿੰਦੀ ਲਾਉਣ ਦੀ ਜ਼ਹਿਮਤ ਅਸੀਂ ਨਾ ਉਠਾਈਏ। ਇਸ ਤੋਂ ਬਿਨਾ ਵੀ ਸਰ ਸਕਦਾ ਹੈ।
ਜੇਕਰ ਕਿਤੇ ਬਹੁਤ ਹੀ ਥੋਹੜੇ ਥਾਂਵਾਂ ਉਪਰ ਬਿੰਦੀ ਲਾਉਣੋ ਅਸੀਂ ਉਕ ਵੀ ਗਏ ਤਾਂ ਸਿਆਣਾ ਪਾਠਕ ਖ਼ੁਦ
ਹੀ ਇਸ ਦਾ ਸਹੀ ਉਚਾਰਨ ਕਰ ਲਵੇਗਾ। ਜੇ ਬੇਲੋੜੀਆਂ ਫਾਲਤੂ ਬਿੰਦੀਆਂ ਸਾਡੀਆਂ ਲਿਖਤਾਂ ਵਿੱਚ ਹੋਣ ਦੇ
ਬਾਵਜੂਦ ਵੀ ਪਾਠਕ ਇਹਨਾਂ ਲਿਖਤਾਂ ਨੂੰ ਪੜ੍ਹ ਕੇ ਸਮਝ ਲੈਂਦੇ ਹਨ ਤਾਂ ਕਿਤੇ ਰਹਿ ਗਈ ਬਿੰਦੀ ਤੋਂ
ਬਿਨਾ ਵੀ ਉਹ ਸਾਰ ਹੀ ਲੈਣਗੇ; ਇਸ ਬਾਰੇ ਸਾਨੂੰ ਬੇਲੋੜੇ ਫਿਕਰ ਦੀ ਲੋੜ ਨਹੀ।