.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਸਿੱਖੀ ਅਟਕੀ ਲੰਗਰਾਂ `ਤੇ
ਲੰਗਰ ਦਾ ਇਤਿਹਾਸਕ ਪੱਖ—

ਜਦੋਂ ਕਿਸੇ ਕਰਮ ਵਿਚੋਂ ਤੱਤ ਖਤਮ ਹੋ ਜਾਏ ਤਾਂ ਉਹ ਕਰਮ-ਕਾਂਡ ਬਣ ਜਾਂਦਾ ਹੈ। ਅਜੇਹਾ ਕਰਮ ਇੱਕ ਰਸਮ ਤੋਂ ਵੱਧ ਕੇ ਹੋਰ ਕੁੱਝ ਵੀ ਨਹੀਂ ਰਹਿ ਜਾਂਦਾ। ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਨੂੰ ਜ਼ਿੰਦਗੀ ਜਿਉਣ ਦਾ ਬਹੁਤ ਵਧੀਆ ਵਿਧਾਨ ਦਿੱਤਾ ਹੈ ਕਿ ਰੱਬੀ ਅਕਲ ਦੇ ਨਾਲ ਵਿਚਰਨ ਦਾ ਯਤਨ ਕਰ ਤਾਂ ਕਿ ਤੇਰੇ ਜੀਵਨ ਵਿਚੋਂ ਗੁਣਵੱਤਾ ਵਾਲਾ ਤੱਤ ਖਤਮ ਨਾ ਹੋ ਜਾਏ---
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ।।
ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ।।
ਸਲੋਕ ਮ: ੧ ਪੰਨਾ ੧੨੪੫
ਲੰਗਰ ਕਰਾਉਣਾ ਜਾਂ ਇਸ ਦੀਆਂ ਸੇਵਾਂਵਾਂ ਨਿਭਾਉਣੀਆਂ ਕੋਈ ਮਾੜੀਆਂ ਨਹੀਂ ਹਨ ਪਰ ਲੋੜ ਨਾਲੋਂ ਜ਼ਿਆਦਾ ਹੋਣ ਕਰਕੇ ਇਹ ਸੇਵਾਂਵਾਂ ਕੇਵਲ ਇੱਕ ਰਸਮਾਂ ਜੇਹੀਆਂ ਬਣ ਕੇ ਰਹਿ ਗਈਆਂ ਹਨ।
ਜਦੋਂ ਪੁਰਾਣਾ ਇਤਿਹਾਸ ਦੇਖਦੇ ਹਾਂ ਉਸ ਵਿੱਚ ਤਿੰਨ ਵਿਚਾਰ ਉੱਗੜ ਕੇ ਸਾਡੇ ਸਾਹਮਣੇ ਆਉਂਦੇ ਹਨ—ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛੱਕਣਾ। ਕਿਰਤ ਕਰਨ ਦਾ ਭਾਵ ਹੈ, ਸਹੀ ਦਿਸ਼ਾ ਵਿੱਚ ਰਹਿ ਕੇ ਆਪਣੀ ਉਪਜੀਵਕਾ ਕਮਾਉਣੀ।
ਨਾਮ ਜਪਣ ਦਾ ਭਾਵ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਹੋਣਾ ਤੇ ਰੱਬੀ ਗੁਣਾਂ ਦੀ ਹਰ ਸਮੇਂ ਖੁਲ੍ਹ ਕੇ ਵਰਤੋਂ ਕਰਦੇ ਰਹਿਣਾ।
ਵੰਡ ਕੇ ਛੱਕਣ ਦਾ ਮਨੋਰਥ ਹੈ ਸਮਾਜਿਕ ਬਰਾਬਰੀ। ਕੋਈ ਭੁੱਖਾ ਨਾ ਸਵੇਂ। ਹਰ ਮਨੁੱਖ ਨੂੰ ਪੇਟ ਭਰਵੀਂ ਰੋਟੀ ਮਿਲੇ। ਜਿਹੜਾ ਸੌਖਾ ਹੈ ਉਹ ਦੂਸਰਿਆਂ ਦੀ ਬਾਂਹ ਫੜੇ।
ਭਾਰਤ ਦੇ ਇਤਿਹਾਸ ਵਿੱਚ ਇੱਕ ਪ੍ਰਚੱਲਤ ਮੁਹਾਵਰਾ ਹੈ, ਬਾਰ੍ਹਾਂ ਪੂਰਬੀਏ ਤੇ ਤੇਰ੍ਹਾਂ ਚੁਲ੍ਹੇ। ਕਿਸੇ ਨੇ ਪੁੱਛਿਆ ਇਹ ਤਾਂ ਠੀਕ ਹੈ ਕਿ ਤੁਸੀਂ ਬਾਰ੍ਹਾਂ ਜਣੇ ਹੋ, ਖੂਬ ਰੋਟੀਆਂ ਦੇ ਛੌਡੇ ਲਾਉਦੇ ਹੋ, ਤੇ ਤੁਹਾਡੇ ਬਾਰ੍ਹਾਂ ਚੁਲ੍ਹੇ ਵੀ ਠੀਕ ਹਨ ਪਰ ਤੇਰ੍ਹਵਾਂ ਚੁੱਲ੍ਹਾ ਕਿਸ ਵਾਸਤੇ ਹੈ? ਤਾਂ ਅੱਗੋਂ ਵੱਡਾ ਪੂਰਬੀਆ ਬਣਾ ਸਵਾਰ ਕੇ “ਕਹਿੰਦਾ ਕਿ ਇੱਕ ਚੁੱਲ੍ਹਾ ਆਏ ਗਏ ਮਹਿਮਾਨ ਵਾਸਤੇ ਹੈ, ਕਿਉਂਕਿ ਉਸ ਨੂੰ ਅਸੀਂ ਆਪਣੇ ਨਾਲ ਰੋਟੀ ਨਹੀਂ ਖੁਆ ਸਕਦੇ। ਉਹ ਆਪਣੀ ਰੋਟੀ ਆਪ ਪਕਾ ਕੇ ਖਾਏਗਾ। ਕਿਤੇ ਸਾਡਾ ਅੰਨ ਨਾ ਭਿਟਿਆ ਜਾਏ”।
ਗੁਰੂ ਨਾਨਕ ਸਾਹਿਬ ਜੀ ਨੇ ਸਾਂਝੇ ਲੰਗਰ ਦੀ ਨੀਂਹ ਰੱਖੀ ਜੋ ਸਮਾਜਿਕ ਬਰਾਬਰੀ ਦਾ ਰਾਹ ਖੋਹਲਦਾ ਹੈ। ਜਿਸ ਵਿੱਚ ਹਰ ਬੰਦਾ ਬਿਨਾ ਭਿੰਨ, ਭਾਵ, ਜਾਤ ਬਰਾਦਰੀ ਤੋਂ ਉੱਪਰ ਉੱਠ ਕੇ ਰਲ਼ ਕੇ ਰੋਟੀ ਪਕਾ ਸਕਦਾ ਤੇ ਖਾ ਸਕਦਾ ਹੈ। ਕਰਤਾਰ ਪੁਰ ਦੀ ਧਰਤੀ ਦੇ ਸਾਂਝੇ ਲੰਗਰ ਦੀ ਵਿਸ਼ਾਲਤਾ ਸੰਸਾਰ ਵਿੱਚ ਪ੍ਰਗਟ ਹੋਈ ਤੇ ਕਰਤਾਰ ਪੁਰ ਆਏ ਜੋਗੀਆਂ ਨੂੰ ਸਮਝ ਆਈ ਕਿ ਕੇਵਲ ‘ਆਈ ਪੰਥੀ` ਹੀ ਵੱਡਾ ਪੰਥ ਨਹੀਂ ਹੈ ਬਲ ਕੇ ਹਰ ਮਨੁੱਖ ਬਰਾਬਰ ਹੈ। ਏੱਥੇ ਲੰਗਰ ਵਿੱਚ ਕੋਈ ਭਿੰਨ ਭਾਵ ਹੀ ਨਹੀਂ ਹੈ।
ਗੁਰੂ ਨਾਨਕ ਸਾਹਿਬ ਜੀ ਦੇ ਅਦੇਸ਼ਾਂ ਅਨੁਸਾਰ ਗੁਰੂ ਅੰਗਦ ਪਾਤਸ਼ਾਹ ਜੀ ਨੇ ਅਗਲਾ ਪਰਚਾਰ ਕੇਂਦਰ ਖਡੂਰ ਸਾਹਿਬ ਸਥਾਪਿਤ ਕੀਤਾ। ਬੱਚਿਆਂ ਦੀ ਪੜ੍ਹਾਈ ਵਲ ਉਚੇਚਾ ਧਿਆਨ ਦਿੱਤਾ, ਸਰੀਰ ਨੂੰ ਤੰਦਰੁਸਤ ਰੱਖਣ ਲਈ ਮੱਲ ਅਖਾੜਿਆਂ ਦੀ ਸਥਾਪਨਾ ਕੀਤੀ। ਸ਼ਬਦ ਦੇ ਲੰਗਰ ਦਾ ਪਰਵਾਹ ਚਲਾ ਦਿੱਤਾ—
ਲੰਗਰੁ ਚਲੈ ਗੁਰ ਸਬਦਿ, ਹਰਿ ਤੋਟਿ ਨ ਆਵੀ ਖਟੀਐ।।
ਖਰਚੇ ਦਿਤਿ ਖਸੰਮ ਦੀ, ਆਪ ਖਹਦੀ ਖੈਰਿ ਦਬਟੀਐ।।
ਪੰਨਾ ੯੬੭
ਅਰਥ: — (ਬਾਬਾ ਲਹਣਾ ਜੀ) ਅਕਾਲ ਪੁਰਖ ਦੀ ਦਿੱਤੀ ਹੋਈ ਨਾਮ-ਦਾਤਿ ਵੰਡ ਰਹੇ ਹਨ, ਆਪ (ਭੀ) ਵਰਤਦੇ ਹਨ ਤੇ (ਹੋਰਨਾਂ ਨੂੰ ਭੀ) ਦਬਾ-ਦਬ ਦਾਨ ਕਰ ਰਹੇ ਹਨ, (ਗੁਰੂ ਨਾਨਕ ਦੀ ਹੱਟੀ ਵਿਚ) ਗੁਰੂ ਦੇ ਸ਼ਬਦ ਦੀ ਰਾਹੀਂ (ਨਾਮ ਦਾ) ਲੰਗਰ ਚੱਲ ਰਿਹਾ ਹੈ, (ਪਰ ਬਾਬਾ ਲਹਣਾ ਜੀ ਦੀ) ਨਾਮ-ਕਮਾਈ ਵਿੱਚ ਕੋਈ ਘਾਟਾ ਨਹੀਂ ਪੈਂਦਾ।
ਜਿੱਥੇ ਗੁਰੂ ਅੰਗਦ ਪਾਤਸ਼ਾਹ ਜੀ ਨੇ ਸ਼ਬਦ ਦਾ ਲੰਗਰ ਚਲਾਇਆ ਸੀ ਓੱਥੇ ਮਾਤਾ ਖੀਵੀ ਜੀ ਨੇ ਨਾ ਦਿਨ ਦੇਖਿਆ ਤੇ ਨਾ ਰਾਤ ਦੇਖੀ ਆਪਣੇ ਹੱਥੀਂ ਲੰਗਰ ਦੀਆਂ ਸੇਵਾਂਵਾਂ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ। ਮਾਤਾ ਖ਼ੀਵੀ ਜੀ ਦੀ ਇਸ ਸੇਵਾ ਨੂੰ ਸੱਤੇ ਬਲਵੰਡ ਦੀ ਵਾਰ ਵਿਚੋਂ ਵੀ ਦੇਖਿਆ ਜਾ ਸਕਦਾ ਹੈ—
ਬਲਵੰਡ, ਖੀਵੀ ਨੇਕ ਜਨ, ਜਿਸੁ ਬਹੁਤੀ ਛਾਉ ਪਤ੍ਰਾਲੀ।।
ਲੰਗਰਿ ਦਉਲਤਿ ਵੰਡੀਐ, ਰਸੁ ਅੰਮ੍ਰਿਤੁ ਖੀਰਿ ਘਿਆਲੀ।।
ਗੁਰਸਿਖਾ ਕੇ ਮੁਖ ਉਜਲੇ, ਮਨਮੁਖ ਥੀਏ ਪਰਾਲੀ।।
ਪੰਨਾ ੯੬੭ ਅਰਥ: —ਹੇ ਬਲਵੰਡ! (ਗੁਰੂ ਅੰਗਦ ਦੇਵ ਜੀ ਦੀ ਪਤਨੀ) (ਮਾਤਾ) ਖੀਵੀ ਜੀ (ਭੀ ਆਪਣੇ ਪਤੀ ਵਾਂਗ) ਬੜੇ ਭਲੇ ਹਨ, ਮਾਤਾ ਖੀਵੀ ਜੀ ਦੀ ਛਾਂ ਬਹੁਤ ਪੱਤ੍ਰਾਂ ਵਾਲੀ (ਸੰਘਣੀ) ਹੈ (ਭਾਵ, ਮਾਤਾ ਖੀਵੀ ਜੀ ਦੇ ਪਾਸ ਬੈਠਿਆਂ ਭੀ ਹਿਰਦੇ ਵਿੱਚ ਸ਼ਾਂਤੀ-ਠੰਢ ਪੈਦਾ ਹੁੰਦੀ ਹੈ)। (ਜਿਵੇਂ ਗੁਰੂ ਅੰਗਦ ਦੇਵ ਜੀ ਦੇ ਸਤਸੰਗ-ਰੂਪ) ਲੰਗਰ ਵਿੱਚ (ਨਾਮ ਦੀ) ਦੌਲਤ ਵੰਡੀ ਜਾ ਰਹੀ ਹੈ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਵੰਡਿਆ ਜਾ ਰਿਹਾ ਹੈ (ਤਿਵੇਂ ਮਾਤਾ ਖੀਵੀ ਜੀ ਦੀ ਸੇਵਾ ਸਦਕਾ ਲੰਗਰ ਵਿੱਚ ਸਭ ਨੂੰ) ਘਿਉ ਵਾਲੀ ਖੀਰ ਵੰਡੀ ਜਾ ਰਹੀ ਹੈ।
(ਗੁਰੂ ਅੰਗਦ ਦੇਵ ਜੀ ਦੇ ਦਰ ਤੇ ਆ ਕੇ) ਗੁਰਸਿੱਖਾਂ ਦੇ ਮੱਥੇ ਤਾਂ ਖਿੜੇ ਹੋਏ ਹਨ, ਪਰ ਗੁਰੂ ਵਲੋਂ ਬੇਮੁਖਾਂ ਦੇ ਮੂੰਹ (ਈਰਖਾ ਦੇ ਕਾਰਨ) ਪੀਲੇ ਪੈਂਦੇ ਹਨ।
ਗੁਰੂ ਅਮਰਦਾਸ ਜੀ ਨੇ ਸਾਂਝੇ ਤੌਰ `ਤੇ ਲੰਗਰ ਛੱਕਣ ਦੀ ਪ੍ਰਥਾ ਨੂੰ ਹੋਰ ਪ੍ਰਪੱਕ ਕੀਤਾ। ਅਕਬਰ ਵਰਗੇ ਬਾਦਸ਼ਾਹ ਨੇ ਵੀ ਸੰਗਤ ਦੇ ਨਾਲ ਰਲ਼ ਕੇ ਪ੍ਰਸ਼ਾਦਾ ਛੱਕਿਆ। ਬਿਨਾ ਜਾਤ ਪਾਤ ਦੇ ਲੰਗਰ ਛੱਕਣ ਦੀ ਮਰਯਾਦਾ ਨੂੰ ਪੱਕਿਆਂ ਕੀਤਾ। ਪੰਗਤ ਦਾ ਅਰਥ ਹੈ ਬਰਾਬਰ ਬੈਠ ਕੇ ਬਿਨਾ ਭਿੰਨ ਭਾਵ ਦੇ ਲੰਗਰ ਛੱਕਣਾ।
ਗੁਰੂ ਸਾਹਿਬ ਜੀ ਜਿੱਥੇ ਵੀ ਗਏ ਜਾਂ ਨਵਾਂ ਪਰਚਾਰ ਦਾ ਕੇਂਦਰ ਖੋਹਲਿਆ ਤਾਂ ਓੱਥੇ ਸਭ ਤੋਂ ਪਹਿਲਾਂ ਸਾਂਝੀ ਰਸੋਈ ਹੀ ਤਿਆਰ ਕਰਵਾਈ। ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਨੂੰ ਹਰ ਵਰਗ ਦੇ ਲੋਕਾਂ ਨੇ ਸਮਝਿਆ ਤੇ ਅਪਨਾਇਆ।
ਗੁਰੂ ਰਾਮਦਾਸ ਜੀ ਨੇ ਅੰਤਰ-ਰਾਸ਼ਟਰੀ ਪੱਧਰ ਦੀ ਮਾਰਕੀਟ ਬਣਾਉਣ ਲਈ ਨਵਾਂ ਸ਼ਹਿਰ ਗੁਰੂ ਕਾ ਚੱਕ ਭਾਵ ਅੰਮ੍ਰਿਤਸਰ ਸ਼ਹਿਰ ਵਸਾਇਆ ਤੇ ਓਥੇ ਬਵ੍ਹੰਜਾ ਕਿਸਮ ਦੇ ਕਿਰਤੀਆਂ ਨੇ ਆਪਣੇ ਆਪਣੇ ਹੁਨਰ ਰਾਂਹੀ ਸ਼ਹਿਰ ਦੀ ਰੌਣਕ ਨੂੰ ਵਧਾਇਆ ਤੇ ਅੰਤਰ ਰਾਸ਼ਟਰੀ ਪੱਧਰ ਵਪਾਰ ਕੀਤਾ। ਜਗਿਆਸੂਆਂ ਤੇ ਮੁਸਾਫਾਰਾਂ ਦੇ ਰਹਿਣ ਲਈ ਸਾਂਝੇ ਲੰਗਰ ਦੀ ਮਰਯਾਦਾ ਨੂੰ ਹੋਰ ਨਿਯਮਬੱਧ ਕੀਤਾ।
ਗੁਰੂ ਅਰਜਨ ਪਾਤਸ਼ਾਹ ਜੀ ਦੇ ਸਮੇਂ ਸੰਗਤ ਦੀ ਆਵਾਜਾਈ ਜ਼ਿਆਦਾ ਹੋਣ ਕਰਕੇ ਤੇ ਨਾਲ ਹੀ ਉਸਾਰੀ ਦੇ ਸਾਂਝੇ ਕੰਮ ਚਲਦੇ ਹੋਣ ਕਰਕੇ ਹਰ ਰੋਜ਼ ਲੰਗਰ ਦੀ ਰਸਦ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਸੀ। ਬਠਿੰਡੇ ਸ਼ਹਿਰ ਦਾ ਰਹਿਣ ਵਾਲਾ ਗੰਗਾ ਰਾਮ ਕਈ ਗੱਡਿਆਂ ਤੇ ਬਾਜਰਾ ਵੇਚਣ ਲਈ ਅੰਮ੍ਰਿਤਸਰ ਸ਼ਹਿਰ ਪਹੁੰਚਿਆ। ਗੁਰੂ ਸਾਹਿਬ ਜੀ ਨੇ ਉਸ ਦਾ ਸਾਰਾ ਬਾਜਰਾ ਹੀ ਖਰੀਦ ਲਿਆ ਪਰ ਪੈਸਿਆਂ ਦੀ ਦੇਣਦਾਰੀ ਨੂੰ ਵਿਸਾਖੀ ਤਾਂਈ ਉਡੀਕ ਕਰਨ ਲਈ ਕਿਹਾ। ਏੱਥੇ ਰਹਿ ਕੇ ਭਾਈ ਗੰਗਾ ਰਾਮ ਨੇ ਬਹੁਤ ਕੁੱਝ ਨੇੜਿਓਂ ਹੋ ਕੇ ਦੇਖਿਆ, ਸਿੱਖ ਸਿਧਾਂਤ ਸਮਝਿਆ ਏਸੇ ਲਈ ਜਦ ਪੈਸੇ ਲੈਣ ਦੀ ਵਾਰੀ ਆਈ ਤਾਂ ਭਾਈ ਗੰਗਾ ਰਾਮ ਨੇ ਪੈਸੇ ਲੈਣ ਤੋਂ ਸਾਫ਼ ਨਾਂਹ ਕਰ ਦਿੱਤੀ ਕਿ ਕਿਹਾ ਗੁਰੂ ਪਿਤਾ ਜੀ ਮੇਰੀ ਸੇਵਾ ਕਬੂਲ ਕਰੋ।
ਇਕ ਸਮਾਂ ਅਜੇਹਾ ਵੀ ਆਇਆ ਜਦੋਂ ਪ੍ਰਿਥੀ ਚੰਦ ਨੇ ਨਾਕੇ ਇਤਿਆਦਕ ਲਾ ਕੇ ਲੰਗਰ ਦੀ ਰਸਦ ਤੇ ਆਪਣਾ ਸਮੁੱਚਾ ਕੰਟਰੋਲ ਕਰ ਲਿਆ ਤਾਂ ਪ੍ਰਿੰਸੀਪਲ ਹਰਭਜਨ ਸਿੰਘ ਜੀ ਚੰਡੀਗੜ੍ਹ ਵਾਲਿਆਂ ਦੇ ਲਿਖਣ ਆਨੁਸਾਰ ਗੁਰੂ ਅਰਜਨ ਪਾਤਸ਼ਾਜ ਜੀ ਨੂੰ ਛੋਲਿਆਂ ਦੀ ਨਿਖਾਖਰੀ ਰੋਟੀ ਤੇ ਵੀ ਗ਼ੁਜ਼ਾਰਾ ਕਰਨਾ ਪਿਆ-
ਰੂਖੋ ਭੋਜਨੁ ਭੂਮਿ ਸੈਨ ਸਖੀ ਪ੍ਰਿਅ ਸੰਗਿ ਸੂਖਿ ਬਿਹਾਤ।।
ਪੰਨਾ ੧੩੦੬
ਸਾਂਝੇ ਲੰਗਰ ਦੀ ਮਰਯਾਦਾ ਨੇ ਲੰਬਾ ਪੈਂਡਾ ਤਹਿ ਕੀਤਾ ਹੈ। ਅੰਮ੍ਰਿਤਸਰ ਤੋਂ ਤਰਨਤਾਰਨ, ਹਰਿਗੋਬਿੰਦਪੁਰ, ਕੀਰਤਪੁਰ ਤੇ ਅਨੰਦਪੁਰ ਸਾਹਿਬ ਆ ਕੇ ਲੰਬਾ ਪੜਾਅ ਕੀਤਾ।
ਇਤਿਹਾਸ ਦੇ ਪੰਨਿਆਂ ਅਨੁਸਾਰ ਅਨੰਦਪੁਰ ਸ਼ਹਿਰ ਵਿਖੇ ਸੰਗਤਾਂ ਦੀਆਂ ਆਮਦਾਂ ਵਧੀਆਂ ਹੋਣ ਕਰਕੇ ਹਰੇਕ ਘਰ ਵਿੱਚ ਲੰਗਰ ਸ਼ੁਰੂ ਹੋ ਗਿਆ ਗੁਰੂ ਸਾਹਿਬ ਜੀ ਨੇ ਲੰਗਰਾਂ ਦੀ ਗੁਣਵੱਤਾ ਤੇ ਸੇਵਾ ਭਾਵਨਾ ਨੂੰ ਅਕਸਰ ਆਪਣੀ ਨਿਗਾਹ ਹੇਠ ਰੱਖਦੇ ਸਨ ਲੋੜ ਅਨੁਸਾਰ ਉਹਨਾਂ ਵਿੱਚ ਸੁਧਾਰ ਵੀ ਕਰਾਉਂਦੇ ਰਹਿੰਦੇ ਸਨ।
ਅਠਰਾਵੀਂ ਸਦੀ ਵਿੱਚ ਜਦੋਂ ਸਿੰਘ ਘੋੜਿਆਂ ਦੀਆਂ ਕਾਠੀਆਂ `ਤੇ ਰਹੇ, ਲੜਾਈ ਦੇ ਮੈਦਾਨ ਵਿੱਚ ਰਹੇ ਫਿਰ ਵੀ ਸਾਂਝਾ ਲੰਗਰ ਤਿਆਰ ਹੁੰਦਾ ਰਿਹਾ। ਅਜੇਹੇ ਸਮੇਂ ਵੀ ਨਗਾਰੇ `ਤੇ ਚੋਟ ਲੱਗਦੀ ਰਹੀ ਤੇ ਉੱਚੀ ਲੰਬੀ ਅਵਾਜ਼ ਦਿੱਤੀ ਜਾਂਦੀ ਰਹੀ ਕਿ ਆਜੋ ਭਾਈ ਗੁਰੂ ਕਾ ਲੰਗਰ ਤਿਆਰ ਹੋ ਗਿਆ ਹੈ ਲੋੜ ਅਨੁਸਾਰ ਛੱਕ ਲਓ। ਇਤਿਹਾਸ ਗਵਾਹ ਕੇ ਅਜੇਹਿਆ ਸਮਿਆਂ ਤੇ ਬਿਨਾ ਭਿੰਨ ਭਾਵ ਦੇ ਲੰਗਰ ਵਰਤਾਇਆ ਜਾਂਦਾ ਸੀ, ਤੇ ਕੋਈ ਦੁਸ਼ਮਣ ਵੀ ਆ ਕੇ ਲੰਗਰ ਛਕ ਕੇ ਸਕਦਾ ਸੀ।
ਮਹਾਂਰਾਜਾ ਆਲ੍ਹਾ ਸਿੰਘ ਤੇ ਮਹਾਂਰਾਣੀ ਫਤੇ ਕੌਰ ਦੇ ਲੰਗਰਾਂ ਦੀ ਸੇਵਾ ਦਾ ਜ਼ਿਕਰ ਭਾਈ ਕਾਨ੍ਹ ਸਿੰਘ ਜੀ ਨਾਭਾ ਦੀ ਲਿਖਤ ਵਿਚੋਂ ਦੇਖਿਆ ਜਾ ਸਕਦਾ ਹੈ।
ਸਿੰਘਾਂ ਨੇ ਕਦੇ ਮੁੱਠੀ ਭਰ ਛੋਲਿਆਂ `ਤੇ ਵੀ ਗ਼ੁਜ਼ਾਰਾ ਕੀਤਾ-- ਮਹਾਨ ਸ਼ਾਇਰ ਦੇ ਕਥਨ ਅਨੁਸਾਰ---
ਇਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ `ਚੋਂ ਘੂਰ ਘੂਰ ਮੌਤ ਨੂੰ ਬੁਲਾਵੇ ਤੇਰਾ ਖਾਲਸਾ।
ਪੰਜ ਘੁੱਟ ਪੀ ਕੇ ਤੇਰੇ ਬਾਟਿਓਂ ਪ੍ਰੇਮ ਵਾਲੇ ਮਸਤ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ।
ਪਵੇ ਕਿਤੇ ਲੋੜ ਜੇ ਕਰ ਸ਼ਾਨ ਅਜਮਾਉਣ ਲਈ ਮੁਹਰੇ ਹੋ ਕੇ ਛਾਤੀਆਂ ਨੂੰ ਡਾਵੇ ਤੇਰਾ ਖਾਲਸਾ।
ਇਦ੍ਹੇ ਦਿਲ ਵਿੱਚ ਪਿਆਰ ਵੱਸੇ ਨੈਣਾਂ ਵਿੱਚ ਅਕਾਲ ਵੱਸੇ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ।
ਸ਼ਾਇਰ ਸੋਹਣ ਸਿੰਘ ਘੁੱਕੇਵਾਲੀ
ਲੰਗਰਾਂ ਦੀ ਜ਼ਰੂਰਤ—
ਜਦੋਂ ਕਦੇ ਵੀ ਕਿਤੇ ਕੁਦਰਤੀ ਆਫਤਾਂ ਨਾਲ ਮਨੁੱਖ ਨੂੰ ਜੂਝਣਾ ਪਿਆ ਹੈ ਤਾਂ ਸਿੱਖ ਨੇ ਆਪਣਾ ਇਖ਼ਲਾਕੀ ਫ਼ਰਜ਼ ਸਮਝਦਿਆਂ ਲੰਗਰਾਂ ਦਾ ਪ੍ਰਬੰਧ ਕੀਤਾ ਹੈ।
ਗੁਰਪੁਰਬਾਂ ਦੇ ਸਮੇਂ ਲੱਗੇ ਦੀਵਾਨਾਂ ਦੀ ਹਾਜ਼ਰੀ ਭਰਨ ਆਈ ਸੰਗਤ ਦੀ ਸਹੂਲਤ ਲਈ ਲੰਗਰ ਦੀ ਜ਼ਰੂਰਤ ਹੈ। ਦੂਰ ਦੁਰਾਡ ਸੰਗਤ ਨੇ ਜਾਣਾ ਹੈ ਤਾਂ ਉਹਨਾਂ ਦੀ ਸਹੂਲਤ ਲਈ ਲੰਗਰ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਮੁਸ਼ਕਲ ਵਿੱਚ ਫਸੇ ਭਰਾਵਾਂ ਲਈ ਲੰਗਰਾਂ ਦਾ ਪ੍ਰਬੰਧ ਕਰਨਾ ਸਾਡਾ ਮੁੱਢਲਾ ਫ਼ਰਜ਼ ਹੈ। ਪੰਜਾ ਸਾਹਿਬ ਦਾ ਸਾਕਾ ਇਸ ਗੱਲ ਦੀ ਗਵਾਹੀ ਭਰਦਾ ਹੈ।
ਲੋੜ ਨਾਲੋਂ ਜ਼ਿਆਦਾ ਲੰਗਰ—
ਪੰਜਾਬੀਆਂ ਬਾਰੇ ਬਹੁਤ ਮਸ਼ਹੂਰ ਕਹਾਵਤ ਹੈ ਕਿ ਇਹ ਜਿਹੜੇ ਕੰਮ ਦੇ ਪਿੱਛੇ ਪੈ ਜਾਣ ਉਹ ਕੰਮ ਹੀ ਗਵਾਚ ਜਾਂਦਾ ਹੈ। ਜੇ ਇੱਕ ਨੇ ਆਲੂ ਬੀਜੇ ਨਾ ਤੇ ਦੂਜੇ ਨੇ ਆਪਣੀ ਪਹਿਲੀ ਫਸਲ ਉਜਾੜ ਕੇ ਆਲੂ ਬੀਜੇ ਭਾਵੇਂ ਉਹਨਾਂ ਨੂੰ ਬਆਦ ਵਿੱਚ ਮੁਫਤ ਹੀ ਕਿਉਂ ਨਾ ਛੁੱਟਣੇ ਪਏ।
ਕਿਸੇ ਵੀ ਧਾਰਮਿਕ ਅਸਥਾਨ `ਤੇ ਸਾਲ ਬਆਦ ਓਥੋਂ ਦੀ ਪ੍ਰੰਪਰਾ ਅਨੁਸਾਰ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੁੰਦਾ ਹੈ। ਇਹ ਇੱਕ ਵੱਖਰਾ ਵਿਸ਼ਾ ਹੈ ਕਿ ਉਥੋਂ ਸੰਗਤਾਂ ਨੂੰ ਧਰਮ ਦੀ ਜਾਣਕਾਰੀ ਤਾਂ ਕੋਈ ਨਹੀਂ ਮਿਲਦੀ ਬਲ ਕੇ ਰਾਜਨੀਤਿਕ ਪਾਰਟੀਆਂ ਇੱਕ ਦੂਜੇ `ਤੇ ਚਿੱਕੜ ਸੁੱਟ ਕੇ ਤੁਰਦੀਆਂ ਬਣਦੀਆਂ ਹਨ। ਸੰਗਤਾਂ ਨੇ ਦੂਰੋਂ ਆਉਣਾ ਹੁੰਦਾ ਸੀ ਰਾਹ ਵਿੱਚ ਇੱਕ ਦੋ ਥਾਵਾਂ `ਤੇ ਸੰਗਤ ਦੀ ਸਹੂਲਤ ਲਈ ਲੰਗਰ ਤਿਆਰ ਕਰਵਾਇਆ ਜਾਂਦਾ ਸੀ। ਪਰ ਅੱਜ ਦੇਖੋ ਦੇਖੀ ਹਰ ਮੋੜ `ਤੇ ਲੰਗਰ ਲੱਗੇ ਹੋਏ ਦਿਸਦੇ ਹਨ। ਬਹੁਤ ਜ਼ਿਆਦਾ ਪਿੰਡਾਂ ਦੇ ਆਪੇ ਬਣੇ ਚੌਧਰੀਆਂ ਨੇ ਲੰਗਰ ਨੂੰ ਇੱਕ ਵਪਾਰ ਬਣ ਲਿਆ ਹੈ। ਦੇਸ-ਵਿਦੇਸ ਵਿਚੋਂ ਇਹਨਾਂ ਲੰਗਰਾਂ ਦੇ ਨਾਂ `ਤੇ ਮੋਟੀ ਮਾਇਆ ਇਕੱਠੀ ਕੀਤੀ ਜਾਦੀ ਹੈ। ਥੋੜੀ ਖਰਚ ਕੀਤੀ ਤੇ ਬਾਕੀ ਹਜ਼ਮ ਕੀਤੀ ਦੇ ਮੁਹਾਵਰੇ ਨੂੰ ਪੂਰਾ ਅਮਲੀ ਜਾਮਾ ਪਹਿਨਾਇਆ ਜਾਂਦਾ ਹੈ।
ਮੈਨੂੰ ਯਾਦ ਹੈ ੧੯੯੯ ਨੂੰ ਖਾਲਸਾ ਪੰਥ ਦੀ ਤੀਜੀ ਸਤਾਬਦੀ ਦੇ ਮੌਕੇ ਇੱਕ ਧੱਕੜ ਸਾਧ ਨੇ ਅਮਰੀਕਾ ਦੇ ਗੁਰਦੁਆਰਿਆਂ ਵਿਚੋਂ ਮੋਟੀ ਉਗਰਾਈ ਕੀਤੀ ਸੀ ਕਿ ਸਾਨੂੰ ਪੰਥ ਵਲੋਂ ਹੁਕਮ ਹੋਇਆ ਹੈ ਕਿ ਸੰਗਤ ਬਹੁਤ ਜ਼ਿਆਦਾ ਆਉਣੀ ਹੈ ਇਸ ਲਈ ਤੁਸੀਂ ਲੰਗਰਾਂ ਦਾ ਪ੍ਰਬੰਧ ਕਰੋ ਇਸ ਲਈ ਭਾਈ ਤਿੰਨ ਸੌ ਸਾਲਾ ਆ ਰਿਹਾ ਹੈ ਤੁਸੀਂ ਤਿੰਨ ਸੌ ਡਾਲਰ ਘੱਟੋ-ਘੱਟ ਦਿਓ ਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਪਾਤ ਕਰੋ। ਮੇਰੇ ਦੇਖਦਿਆਂ ਦੇਖਦਿਆਂ ਹੀ ਡਾਲਰਾਂ ਦਾ ਢੇਰ ਲੱਗ ਗਿਆ। ਇਹ `ਤੇ ਭਗਵਾਨ ਹੀ ਜਾਣਦਾ ਹੈ ਕਿ ਉਸ ਨੇ ਲੰਗਰ ਲਾਇਆ ਜਾਂ ਖਾਨਾ ਪੂਰਤੀ ਕੀਤੀ। ਪਰ ਉਗਰਾਈ ਵਲੋਂ ਕੋਈ ਕਸਰ ਬਾਕੀ ਨਹੀਂ ਰਹੀ।
ਹੋਲੇ ਮਹੱਲੇ `ਤੇ ਅਨੰਦਪੁਰ ਨੂੰ ਜਾਂਦਿਆਂ ਹਰ ਪਿੰਡ ਲੰਗਰ ਲਗਾਉਣ ਨੂੰ ਆਪਣੇ ਧੰਨ ਭਾਗ ਸਮਝਦਾ ਹੈ। ਕਿੰਨਾ ਚੰਗਾ ਹੋਵੇ ਕਿ ਜਾ ਰਹੀ ਸੰਗਤ ਲਈ ਪੜਾਵਾਂ ਦੀ ਚੋਣ ਕਰਕੇ ਓੱਥੇ ਗੁਰਬਾਣੀ ਵਿਚਾਰ ਦਾ ਪ੍ਰਬੰਧ ਕੀਤਾ ਜਾਏ ਤਾਂ ਕੇ ਸੰਗਤ ਸਬੰਧਿਤ ਗੁਰਪੁਰਬ ਦੀ ਜਾਣਕਾਰੀ ਲੈ ਸਕੇ।
ਭਾਰਤ ਦੇ ਸ਼ਾਹਿਰਾਂ ਦਿਆਂ ਗੁਰਦੁਆਰਿਆਂ ਤੇ ਬਾਹਰਲੇ ਮੁਲਕਾਂ ਦੇ ਵੱਡੇ ਗੁਰਦੁਆਰਿਆਂ ਦੇ ਲੰਗਰ ਦੀ ਬੁਤਾਤ ਦੇਖ ਕੇ ਤਾਂ ਇੰਝ ਲੱਗਦਾ ਹੈ ਕਿ ਸਿੱਖੀ ਕੇਵਲ ਲੰਗਰਾਂ ਤੀਕ ਹੀ ਸੀਮਤ ਹੋ ਕੇ ਰਹਿ ਗਈ ਹੈ। ਕਈਆਂ ਗੁਰਦੁਆਰਿਆਂ ਵਿੱਚ ਇੱਕ ਦਿਨ ਵਿੱਚ ਚਾਰ ਤੋਂ ਛੇ ਲੰਗਰ ਵੱਖਰੇ ਵੱਖਰੇ ਪਰਵਾਰਾਂ ਵਲੋਂ ਬਣਾਏ ਜਾਂਦੇ ਹਨ। ਸੰਗਤ ਜ਼ਿਆਦਾ-ਤਰ ਸਾਂਝੀ ਹੀ ਹੁੰਦੀ ਹੈ। ਪਤਾ ਓਦੋਂ ਲੱਗਦਾ ਹੈ ਜਦੋਂ ਬਚਿਆ ਹੋਇਆ ਲੰਗਰ ਕੂੜਾ ਕੀਤਾ ਜਾਂਦਾ ਹੈ। ਕੀ ਪ੍ਰਬੰਧਕ ਕਮੇਟੀਆਂ ਨਿਯਮ ਨਹੀਂ ਬਣਾ ਸਕਦੀਆਂ ਕਿ ਲੰਗਰ ਇਕੋ ਹੀ ਤਿਆਰ ਹੋਵੇ ਬਾਕੀ ਸਾਰੇ ਪਰਵਾਰ ਸਹਿਯੋਗ ਦੇਣ? ਅਜੇਹੇ ਇਕੱਠੇ ਹੋਏ ਪੈਸੇ ਨਾਲ ਕੌਮੀ ਕਾਰਜ ਕੀਤਾ ਜਾ ਸਕਦਾ ਹੈ।
ਸਾਦਾ ਲੰਗਰ ਨਹੀਂ, ਵੰਨਗੀਆਂ ਹੀ ਵੰਨਗੀਆਂ—
ਅੱਜ ਇੱਕ ਹੋੜ ਜੇਹੀ ਲੱਗੀ ਹੋਈ ਹੈ ਕਿ ਮੈਂ ਲੰਗਰ `ਤੇ ਵੱਧ ਤੋਂ ਵੱਧ ਖਰਚ ਕਰਕੇ ਸਮਾਜ ਵਿੱਚ ਦੱਸਣਾ ਚਹੁੰਦਾ ਹਾਂ ਕਿ ਦੇਖੋ ਮੈਂ ਤੁਹਾਡੇ ਨਾਲੋਂ ਬਹੁਤ ਅਮੀਰ ਹਾਂ। ਮਕਾਨ ਬਣਾਉਣ ਲੱਗਿਆਂ ਮਜ਼ਦੂਰਾਂ ਨੂੰ ਮਜ਼ਦੂਰੀ ਦੇਣ ਲੱਗਿਆ ਲੜਿਆ, ਪੈਸੇ ਘੱਟ ਦਿੱਤੇ ਪਰ ਅਖੰਡਪਾਠ ਕਰਾ ਕੇ ਬਿਲਕੁਲ ਦੁੱਧ ਧੋਤਾ ਬਣ ਗਿਆ। ਸਵਾ- ਦਿਸ਼ਟ ਖਾਣੇ ਤਿਆਰ ਕਰਕੇ ਸਮਾਜ ਵਿੱਚ ਆਪਣੀ ਚੰਗੀ ਭੱਲ ਬਣਾ ਲਈ। ਭਾਈ ਜੀ ਹੁਰਾਂ ਵੀ ਪੂਰੇ ਗੁਰਮੁਖ ਪਿਆਰਿਆਂ ਦਾ ਖਿਤਾਬ ਦਿੱਤਾ। ਕਿਸੇ ਸਮਾਗਮ ਵਿੱਚ ਚਲੇ ਜਾਓ ਜਾਂਦਿਆਂ ਹੀ ਵੱਖ ਵੱਖ ਪ੍ਰਕਾਰ ਦੀਆਂ ਮਿੱਠਆਈਆਂ ਕਈ ਪਰਕਾਰ ਦੇ ਪਕੌੜੇ, ਚਾਟ-ਭੱਲਾ ਖਾ ਕੇ ਅਜੇ ਗੱਪ ਸ਼ੱਪ ਵੱਜ ਹੀ ਰਹੀ ਹੁੰਦੀ ਹੈ ਕਿ ਦੁਪਹਿਰ ਵਾਲਾ ਲੰਗਰ ਪਰੋਸਿਆ ਜਾਂਦਾ ਹੈ। ਤੂਸੇ ਹੋਏ ਪੇਟ ਵਿੱਚ ਵੰਨ ਸਵੰਨਾ ਖਾਣਾ ਧੱਕਿਆ ਜਾ ਰਿਹਾ ਹੁੰਦਾ ਹੈ। ਸਾਨੂੰ ਤੇ ਅਜੇ ਤੀਕ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਅਸਾਂ ਖਾਣਾ ਕੀ ਹੈ? ਮਸਕਟ ਵਿੱਚ ਕਥਾ ਕਰਦਿਆਂ ਮੈਂ ਕਿਹਾ ਸੀ ਕਿ ਸਵੇਰੇ ਆਉਂਦਿਆਂ ਪਕੌੜੇ, ਬਦਾਨਾ, ਬ੍ਰੈਡ ਪਕੌੜਾ, ਲੂਣ ਵਾਲੀਆਂ ਸੇਵੀਆਂ, ਵੇਸਣ, ਗੁਲਾਬ ਜਾਮਨ ਤੇ ਬਰਫ਼ੀ ਲੰਗਰ ਵਿੱਚ ਵਰਤਾਈ ਜਾਂਦੀ ਹੈ। ਕੇਵਲ ਦੋ ਘੰਟੇ ਦੇ ਵਕਫ਼ੇ ਮਗਰੋਂ ਦੁਪਹਿਰ ਵਾਲਾ ਲੰਗਰ ਵਰਤਾਇਆ ਜਾਂਦਾ ਹੈ। ਫਿਰ ਵੇਸਣ ਦੀਆਂ ਬਣੀਆਂ ਹੋਈਆਂ ਚੀਜ਼ਾਂ ਹੀ ਹੁੰਦੀਆਂ ਹਨ। ਕਿਤੇ ਵੇਸਣ ਦੀ ਕੜੀ ਬਣੀ ਹੁੰਦੀ ਹੈ `ਤੇ ਘੜੀ ਘੋਲ਼ੀ ਹੁੰਦੀ ਹੈ। ਨਾਲ ਚਿੱਟੇ ਛੋਲੇ ਤੇ ਕਾਲੇ ਮਾਂਹਾਂ ਦੀ ਦਾਲ, ਗਚਾ ਗਚਾ ਘਿਉ ਨਾਲ ਨੁਚੜਦੀਆਂ ਪੂਰੀਆਂ ਵਰਤਾਈਆਂ ਜਾਂਦੀਆਂ ਹਨ। ਜਲੇਬੀਆਂ ਤੇ ਬਚੀਆਂ ਹੋਈਆਂ ਗੁਲਾਬ ਜਾਮਨਾ ਦਾ ਗੇੜਾ ਵੀ ਕੱਢਿਆ ਜਾਂਦਾ ਹੈ। ਖੀਰ ਤੇ ਕੜਾਹ ਪ੍ਰਸ਼ਾਦ ਤੋਂ ਬਿਨਾ ਤਾਂ ਲੰਗਰ ਅਧੂਰਾ ਸਮਝਿਆ ਜਾਂਦਾ ਹੈ। ਕੀ ਇਹ ਲੰਗਰ ਹੈ ਜਾਂ ਸਿਹਤ ਨਾਲ ਖਿਲਵਾੜ? ਵਧੀਆ ਤਾਂ ਇਹ ਗੱਲ ਹੈ ਕਿ ਗੁਰਦੁਆਰਿਆਂ ਵਿੱਚ ਇੱਕ ਦਾਲ ਇੱਕ ਸਬਜ਼ੀ, ਰੋਟੀਆਂ, ਚਾਵਲ ਤੇ ਦਹੀਂ ਨਾਲ ਸਰ ਸਕਦਾ ਹੈ। ਬਾਕੀ ਦਾ ਬਚਿਆ ਲੰਗਰ ਆਰਥਿਕ ਪੱਖ ਦੇ ਮਾਰੇ ਹੋਏ, ਖੁਦਕਸ਼ੀਆਂ ਕਰ ਰਹੇ ਪਰਵਾਰ ਲਈ ਵਰਤਣਾਂ ਚਾਹੀਦਾ ਹੈ।
ਇਕ ਸਰਵੇਖਣ ਅਨੁਸਾਰ ਸਿੱਖ ਕੇਵਲ ਗੁਰੂ ਨਾਨਕ ਸਾਹਿਬ ਜੀ ਦੇ ਪੁਰਬ `ਤੇ ਜਿੰਨਾ ਲੰਗਰ ਛੱਕਦੇ ਹਨ ਉਸ ਤੋਂ ਅੱਧਾ ਲੰਗਰ ਛੱਕ ਲੈਣ ਤਾਂ ਇਥੋਪੀਆ ਵਰਗੇ ਮੁਲਕ ਦੀਆਂ ਦੋ ਸਾਲ ਦੀਆਂ ਰੋਟੀਆਂ ਹਨ। ਲੰਗਰ ਦੇ ਏੰਨੇ ਪੈਸਿਆਂ ਨਾਲ ਕਿੰਨੇ ਕਾਲਜ ਸਕੂਲ ਚਲਾਏ ਜਾ ਸਕਦੇ ਹਨ।
ਕਿਸੇ ਬੰਦੇ ਨੇ ਬਹੁਤ ਵਧੀਆਂ ਕਿਹਾ ਹੈ ਕਿ ਅੱਜ ਗੁਰਦੁਆਰੇ ਕੇਵਲ ਫੂਡ, ਫਾਈਟ ਤੇ ਫੰਨ ਲਈ ਹੀ ਰਹਿ ਗਏ ਹਨ।
ਲੰਗਰ ਦੀ ਸੁੱਚਮਤਾ ਤੇ ਵੱਡਾ ਵਹਿਮ ਕਿ ਲੰਗਰ ਵਿੱਚ ਲੱਸਣ ਨਹੀਂ ਵਰਤਣਾ---
ਸਮਾਜ ਵਿੱਚ ਘੜੰਮ ਚੌਧਰੀਆਂ ਦੀ ਪੂਰੀ ਭਰਮਾਰ ਹੈ। ਤੇ ਇਹਨਾਂ ਦੇ ਅਸੂਲ ਵੀ ਆਪਣੇ ਹੀ ਹੁੰਦੇ ਹਨ। ਪਤਾ ਨਹੀਂ ਇਹਨਾਂ ਨੇ ਕਿੱਥੋਂ ਵਿਦਿਆ ਲਈ ਹੁੰਦੀ ਹੈ, ਸਿੱਖੀ ਦੇ ਗਿਆਨ ਨਾਲ ਆਪਣੇ ਆਪ ਨੂੰ ਭਰਪੂਰ ਦੱਸਦਿਆ ਹੋਇਆ ਭੱਜੇ ਹੋਏ ਆਉਂਦੇ ਹਨ, ਤੇ ਕਹਿੰਦੇ ਹਨ “ਸਾਡੇ ਵੱਡੇ ਬਾਬਾ ਜੀ ਕਹਿੰਦੇ ਸੀ, ਕਿ ਲੰਗਰ ਵਿੱਚ ਲੱਸਣ ਦੀ ਵਰਤੋਂ ਨਹੀਂ ਕਰਨੀ”। ਤੁਸੀਂ ਕਿਤੇ ਲੰਗਰ ਵਿੱਚ ਲੱਸਣ ਤਾਂ ਨਹੀਂ ਪਾਇਆ? ਇੱਕ ਹੋਰ ਭਾਊ ਜੀ ਆਉਂਦੇ ਹਨ ਤੇ ਉਹ ਨਵਾਂ ਫਤਵਾ ਦੇਂਦੇ ਹਨ ਕਿ ਤੁਸਾਂ ਕਿਤੇ ਲੰਗਰ ਵਿੱਚ ਗੰਢਾ ਤਾਂ ਨਹੀਂ ਵਰਤਿਆ ਸਾਡੇ ਵੱਡੇ ਮਹਾਂਰਾਜ ਜੀ ਨੇ ਪਿਆਜ਼ ਨੂੰ ਬਹੁਤ ਮਾੜਾ ਕਿਹਾ ਹੈ ਕਿਉਂਕਿ ਗੰਢੇ ਨਾਲ ਹਵਾ ਸਰਦੀ ਰਹਿੰਦੀ ਹੈ। ਜਨੀ ਕਿ ਪੱਦ ਵੱਜਦੇ ਰਹਿੰਦੇ ਹਨ। ਵਾਹ ਉਹ ਫੋਟਕ ਦੇ ਧਰਮੀਓ! ਧੰਨ ਤੁਹਾਡਾ ਧਰਮ ਤੇ ਧੰਨ ਤੁਹਾਡੇ ਫਾਰਮੂਲੇ।
ਬੰਦਾ ਪੁੱਛੇ ਲੱਸਣ ਦੇ ਕੈਪਸੂਲ ਤਾਂ ਤੁਸੀਂ ਖਾ ਰਹੇ ਹੋ ਪਰ ਲੱਸਣ ਤੋਂ ਮਨਾਹੀ ਕਰ ਰਹੇ ਹੋ, ਦਸੋ ਲੱਸਣ ਤੇ ਪਿਆਜ਼ ਖਾਣ ਨਾਲ ਧਰਮ ਦਾ ਕੀ ਵਾਸਤਾ ਹੈ?
ਡੇਰੇਦਾਰਾਂ ਦੇ ਭੰਡਾਰੇ ਦੇ ਗੁਰਦੁਆਰਿਆਂ ਦੇ ਲੰਗਰਾਂ ਵਿੱਚ ਫਰਕ—
ਪਿੱਛੇ ਜੇਹੇ ਇੱਕ ਮਾਂਹ ਦੇ ਆਟੇ ਵਾਂਗ ਆਕੜੇ ਹੋਏ ਸਾਧ ਨੇ ਤਿੰਨ ਸੌ ਪ੍ਰਕਾਰ ਦਾ ਲੰਗਰ ਲਗਾ ਕੇ ਨਵਾਂ ਮਾਰਕਾ ਮਾਰਿਆ। ਦਰ-ਅਸਲ ਡੇਰਿਆ ਵਿੱਚ ਲੰਗਰ ਨਹੀਂ ਸੰਗਤ ਨੂੰ ਭਰਮਾਉਣ ਲਈ ਵੰਨ ਸੁਵੰਨੇ ਪਕਵਾਨ ਪਕਾ ਕੇ ਆਪਣੇ ਗਾਹਕ ਇਕੱਠੇ ਕੀਤੇ ਜਾਂਦੇ ਹਨ। ਡੇਰੇਵਾਲਿਆਂ ਨੇ ਸੋਚਿਆ ਹੈ ਕਿ ਪੈਸਾ ਲੋਕਾਂ ਦਾ ਹੈ, ਕਿਉਂ ਨਾ ਇਹਨਾਂ ਨੂੰ ਪੱਕੇ ਭੰਡਾਰੇ ਦਾ ਨਾਂ ਦੇ ਕੇ ਸੰਗਤ ਨੂੰ ਆਪਣੇ ਵਲ ਖਿਚਿਆ ਜਾਏ। ਇਸ ਲਈ ਇਹਨਾਂ ਡੇਰਿਆਂ ਵਿੱਚ ਮਾਲ ਪੂੜਿਆਂ ਦੀਆਂ ਸੇਵਾਂਵਾਂ ਪੂਰੇ ਜ਼ੋਰ-ਸ਼ੋਰ ਨਾਲ ਨਿਭਾਈਆਂ ਜਾਂਦੀਆਂ ਹਨ।
ਇਤਿਹਾਸਕ ਗੁਰੁਦਆਰਿਆਂ ਵਿੱਚ ਲੰਗਰਾਂ ਦੀ ਉਗਰਾਈ ਪੂਰੇ ਜ਼ੋਰ-ਸ਼ੋਰ ਨਾਲ ਕੀਤੀ ਜਾਂਦੀ ਹੈ ਪਰ ਪਰਸ਼ਾਦੇ ਅਕਸਰ ਕੱਚੇ ਸੜੇ ਤੇ ਸਬਜ਼ੀ ਥੱਲੇ ਲੱਗੀ ਹੁੰਦੀ ਹੈ।
ਕਈ ਵਾਰੀ ਘਰ ਵਿੱਚ ਕੱਚਾ ਜਾਂ ਸੜਿਆ ਪ੍ਰਸ਼ਾਦਾ ਬੱਚਿਆਂ ਖਾਣ ਨੂੰ ਦਿੱਤਾ ਜਾਏ ਤਾਂ ਬੱਚੇ ਉਜਰਦਾਰੀ ਕਰਦੇ ਹਨ ਕਿ ਅਸਾਂ ਇਹ ਸੜਿਆ ਪ੍ਰਸ਼ਾਦਾ ਨਹੀਂ ਖਾਣਾ ਤਾਂ ਅੱਗੋਂ ਘੜਿਆ ਘੜਾਇਆ ਉੱਤਰ ਮਿਲੇਗਾ, ‘ਐਵੇਂ ਕਾਨੂੰ ਬੋਲੀ ਜਾਂਨੈ ਐਂ ਲੰਗਰ ਦਾ ਸਮਝ ਕੇ ਖਾ ਲੈ। ਯਨੀ ਕਿ ਲੰਗਰ ਨੂੰ ਗਿਆ ਗਵਾਚਾ ਸਮਝਿਆ ਜਾ ਰਿਹਾ ਹੈ।
ਧੱਕੇ ਨਾਲ ਲੰਗਰ ਛਕਾਉਣਾ—
ਹੋਲਾ ਮਹੱਲਾ ਅਨੰਦਪੁਰ ਹੁੰਦਾ ਹੈ ਰੋਕਾਂ ਬਟਾਲੇ ਲਾਈਆਂ ਹੁੰਦੀਆਂ ਹਨ। ਆਪਣੀ ਕਿਸਮ ਦੇ ਸੇਵਾਦਾਰਾਂ ਨੂੰ ਨਾ ਤਾਂ ਕਿਸੇ ਨਾਲ ਹਮਦਰਦੀ ਹੁੰਦੀ ਹੈ ਤੇ ਨਾ ਹੀ ਉਹਨਾਂ ਵਿੱਚ ਸੇਵਾ ਭਾਵਨਾ ਹੁੰਦੀ ਹੈ। ਪੱਕੀ ਸੜਕ ਤੇ ਵੱਡੀ ਸਾਰੀ ਵੱਟ ਮਾਰ ਕੇ, ਡਰੱਮ ਡਾਹ ਕੇ ਜਾਂ ਸਰਕਾਰੀ ਦਰੱਖਤ ਦੀ ਬਲੀ ਦੇ ਕੇ ਸੜਕ ਤੇ ਰੋਕ ਖੜੀ ਕੀਤੀ ਹੁੰਦੀ ਹੈ। ਨਾਲ ਮੋਟਾ ਸਾਰਾ ਖੁੰਗੀਆਂ ਵਾਲਾ ਸੋਟਾ ਲੈ ਕੇ ਸੱਜਰਾ ਕਮਰਕਸਾ ਕਰਕੇ ਡਰਾਉਣੇ ਜੇਹੇ ਰੂਪ ਇੱਕ ਸੇਵਾਦਾਰ ਬੈਠ ਜਾਂਦਾ ਹੈ। ਨੇੜੇ ਆਇਆ ਹੀ ਪਤਾ ਲੱਗਦਾ ਹੈ ਏੱਥੇ ਰੋਕ ਲੱਗੀ ਹੋਈ ਹੈ। ਗੱਡੀ ਦੀਆਂ ਚੀਕਾਂ ਨਿਕਲ ਜਾਂਦੀਆਂ ਹਨ ਬਰੇਕ ਮਾਰਨ `ਤੇ। ਮੁਸਾਫਰ ਨੂੰ ਅਜੇ ਅੱਧਾ ਘੰਟਾ ਹੀ ਹੋਇਆ ਹੁੰਦਾ ਹੈ ਘਰੋਂ ਤੁਰੇ ਨੂੰ, ਅੱਗੋਂ ਡਾਂਗ ਵਾਲਾ ਆਪਣੀ ਪੁਲੀਸਏ ਲਹਿਜੇ ਵਿੱਚ ਕਹਿੰਦਾ ਹੈ ਲੰਗਰ ਛੱਕੇਂਗਾ ਤਾਂ ਹੀ ਤੈਨੂੰ ਅੱਗੇ ਜਾਣ ਦਿੱਤਾ ਜਾਏਗਾ। ਨਾਲ ਸੇਵਾ ਦੇ ਨਾਂ `ਤੇ ਟੋਕਰੀ ਵੀ ਦਿਖਾਈ ਜਾਂਦੀ ਹੈ ਜਿਸ਼ ਵਿੱਚ ਆਪਣੀ ਮਰਜ਼ੀ ਨਾਲ ਭੇਟਾ ਵੀ ਰੱਖਾਈ ਝਾਂਦੀ ਹੈ। ਕੀ ਇਹ ਲੰਗਰ ਦੀ ਸੇਵਾ ਹੈ? ਤਿੰਨ ਦਿਨ ਦੀ ਮਹਾਨ ਸੇਵਾ ਕਰਕੇ ਆਪੋ ਆਪਣੇ ਘਰਾਂ ਤੁਰਦੇ ਬਣਦੇ ਹਨ ਪਰ ਸੜਕ `ਤੇ ਲਾਈਆਂ ਰੋਕਾਂ ਨੂੰ ਚੁੱਕਣਾ ਜਾਂ ਸੜਕ ਦੇ ਆਲੇ ਦੁਆਲੇ ਪਏ ਗੰਦ ਨੂੰ ਚੁੱਕਣਾ ਆਪਣੀ ਹਤਕ ਸਮਝਦੇ ਹੋਣ। ਪਏ ਐਕਸੀਡੈਂਟ ਹੁੰਦੇ ਰਹਿਣ ਆਪਾਂ ਕੀ ਲੈਣਾ ਹੈ।
ਮੰਦਰਾਂ ਵਾਂਗ ਵਾਰਾਂ ਦੇ ਹਿਸਾਬ ਨਾਲ ਹੁਣ ਲੰਗਰ ਪੱਕਣਾਂ ਸ਼ੁਰੂ ਹੋ ਗਿਆ –
ਮੰਗਲਵਾਰ ਦੇ ਵੀਰਵਾਰ ਨੂੰ ਪੀਲਾ ਲੰਗਰ ਪੱਕੇਗਾ, ਜਨੀ ਕਿ ਵੇਸਣ ਦੀ ਕੜੀ ਤੇ ਬਦਾਨੇ ਦਾ ਪੂਰਾ ਬੋਲ ਬਾਲਾ ਹੋਏਗਾ। ਸ਼ਨੀਚਰਵਾਰ ਨੂੰ ਸ਼ਨੀ ਦੇਵਤਾ ਦੀ ਬਿਪਤਾ ਤੋਂ ਮੁਕਤੀ ਪਉਣ ਲਈ ਕਾਲੇ ਮਾਂਹ ਤੇ ਕਾਲੇ ਛੋਲਿਆਂ ਦੀ ਪੂਰੀ ਚੜ੍ਹਤ ਹੁੰਦੀ ਹੈ, ਨਾਲ ਸਰੋਂ ਦਾ ਤੇਲ ਵੀ ਆਪਣੀ ਸਰਦਾਰੀ ਦਿਖਾਉਂਦਾ ਹੈ। ਹਰ ਗੁਰਦੁਆਰੇ ਵਿੱਚ ਕਾਲੇ ਮਾਂਹ, ਕਾਲੇ ਛੋਲੇ ਤੇ ਸਰੋਂ ਦੇ ਤੇਲ ਦੀਆਂ ਧਾਕਾਂ ਲੱਗੀਆਂ ਹੋਈਆਂ ਹਨ। ਵਾਹ ਸਿੱਖ ਵਾਹ ਇਸ ਦੀ ਭਾਵਨਾ। ਐਤਵਾਰ ਨੂੰ ਪੂਰੀਆਂ ਛੋਲੇ ਤੇ ਕੜਾਹ ਦੀ ਪੂਰੀ ਪ੍ਰਧਾਨਗੀ ਹੁੰਦੀ ਹੈ।
ਲੰਗਰਾਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ---
ਅੱਜ ਦੇ ਲੰਗਰਾਂ ਨੂੰ ਦੇਖ ਕੇ ਇੰਜ ਲੱਗਦਾ ਹੈ ਜਿਵੇਂ ਲੰਗਰਾਂ ਦਾ ਮਨੋਰਥ ਹੀ ਬਦਲ ਗਿਆ ਹੋਵੇ। ਅਸਲ ਵਿੱਚ ਲੰਗਰ ਦੀ ਭਾਵਨਾ ਸੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਭਾਵ ਮਨੱਖਤਾ ਦੀ ਸੇਵਾ ਪ੍ਰਤੀ ਸੁਚੇਤ ਹੋਣਾ। ਲੋੜਵੰਦ ਪਰਵਾਰਾਂ ਦੀ ਸਨਾਖਤ ਕਰਕੇ ਉਹਨਾਂ ਵਲ ਧਿਆਨ ਦਿੱਤਾ ਜਾਂਦਾ। ਕੌਮ ਦੇ ਸਾਂਝੇ ਕੰਮਾਂ ਨੂੰ ਤਰਜੀਹ ਦੇ ਕੇ ਸਮਾਜ ਦੀ ਸੁਚੱਜੀ ਉਸਾਰੀ ਵਿੱਚ ਆਪਣਾ ਯੋਗਦਾਨ ਪਾਇਆ ਜਾਂਦਾ।
ਚਲਾਕ ਧਾਰਮਕ ਆਗੂ ਤੇ ਨਾਮ ਧਰੀਕ ਬਾਬਿਆਂ ਨੇ ਸਿੱਖੀ ਦਾ ਅਕਸ ਕੇਵਲ ਲੰਗਰਾਂ ਤੀਕ ਹੀ ਸੀਮਤ ਕਰਕੇ ਰੱਖ ਦਿੱਤਾ ਹੈ। ਸਾਡਾ ਪਰਚਾਰ ਵੀ ਕੁੱਝ ਅਜੇਹਾ ਹੀ ਹੋ ਗਿਆ ਹੈ ਕਿ ਕੇਵਲ ਲੰਗਰ ਕਰਾਉਣਾ ਤੇ ਛੱਕਾਉਣਾ ਹੀ ਸਿੱਖ ਧਰਮ ਰਹਿ ਗਿਆ ਹੈ।
ਅੱਜ ਧਕੜ ਰਾਜਨੀਤਿਕ ਪਾਰਟੀ ਵੋਟਾਂ ਲੋਕਾਂ ਕੋਲੋਂ ਮੰਗ ਰਹੀ ਹੁੰਦੀ ਹੈ ਤੇ ਲੰਗਰ ਗੁਰਦੁਆਰੇ ਦੀ ਗੋਲਕ ਵਿਚੋਂ ਬਣ ਕੇ ਜਾ ਰਿਹਾ ਹੈ ਜੋ ਕੇ ਪਿਰਤ ਵਧੀਆ ਨਹੀਂ ਹੈ। ਇਹ ਲੰਗਰ ਦੀ ਗਲਤ ਵਰਤੋਂ ਹੈ।
ਸਾਨੂੰ ਕਰਨਾ ਕੀ ਚਾਹੀਦਾ ਹੈ—
ਲੰਗਰ ਸਿੱਖ ਧਰਮ ਦਾ ਮੁੱਢਲਾ ਸਿਧਾਂਤ ਹੈ ਜਿਸ ਵਿਚੋਂ ਜਾਤ-ਪਾਤ ਖਤਮ ਹੁੰਦੀ ਹੈ ਸਾਂਝੀਵਾਲਤਾ ਦਾ ਸੁਨੇਹਾ ਮਿਲਦਾ ਹੈ। ਇਸ ਦੀ ਲੋੜ ਅਨੁਸਾਰ ਵਰਤੋਂ ਕਰੀਏ। ਪਿੰਡ ਵਿੱਚ ਕੋਈ ਸਾਂਝਾ ਕੰਮ ਹੋ ਰਿਹਾ ਹੈ ਤਾਂ ਲੰਗਰ ਵੀ ਸਾਂਝਾਂ ਹੋਣਾ ਚਾਹੀਦਾ ਹੈ। ਬਿਨਾ ਲੋੜ ਤੋਂ ਲੰਗਰ ਨਹੀਂ ਕਰਾਉਣੇ ਚਾਹੀਦੇ
ਦੀਵਾਨ ਦੀ ਸਮਾਪਤੀ ਵੇਲੇ ਸਾਦਾ ਲੰਗਰ ਹੋਣਾ ਚਾਹੀਦਾ ਹੈ।
ਆਪਣਿਆਂ ਘਰਾਂ ਵਿੱਚ ਧਾਰਮਕ ਸਮਾਗਮ ਕਰਨ ਸਮੇਂ ਲੋੜ ਅਨੁਸਾਰ ਤੇ ਬਿਲਕੁਲ ਲੋਕ ਦਿਖਾਵੇ ਤੋਂ ਉੱਪਰ ਉੱਠ ਕੇ ਸਾਦਾ ਲੰਗਰ ਕਰਨਾ ਚਾਹੀਦਾ ਹੈ।
ਗੁਰਦੁਆਰਿਆਂ ਵਿੱਚ ਪ੍ਰਬੰਧਕ ਕਮੇਟੀਆਂ ਨਿਯਮ ਬਣਾਉਣ ਜਿਸ ਤਹਿਤ ਸਾਰਿਆਂ ਨੂੰ ਸਹਿਯੋਗ ਕਰਨਾ ਚਹੀਦਾ ਹੈ ਤੇ ਨਿਯਮ ਅਨੁਸਾਰ ਹੀ ਲੰਗਰ ਬਣਨਾ ਚਾਹੀਦਾ ਹੈ। ਭਾਵ ਸਾਦੇ ਤੋਂ ਸਾਦਾ ਲੰਗਰ ਤਿਆਰ ਹੋਵੇ।
ਬੇਲੋੜੇ ਰਾਹਾਂ ਵਿੱਚ ਲੰਗਰ ਨਾ ਲਗਾਏ ਜਾਣ। ਐਵੇਂ ਕਿਸੇ ਨੂੰ ਨਾ ਰੋਕਿਆ ਜਾਏ ਤੇ ਨਾ ਹੀ ਰਾਹਾਂ ਵਿੱਚ ਬੇਲੋੜੀਆਂ ਰੋਕਾਂ ਖੜੀਆਂ ਕੀਤੀਆਂ ਜਾਣ।
ਲੰਗਰਾਂ ਵਲੋਂ ਪੈਸੇ ਬਚਾ ਕੇ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਦੀ ਸੰਭਾਲ ਕਰੀਏ ਤਾਂ ਕੇ ਸਾਡੇ ਬੱਚੇ ਜੋ ਪੋਇਲਟਰੀ ਫਾਰਮਾਂ ਵਿੱਚ ਪੜ੍ਹ ਰਹੇ ਹਨ ਉਹਨਾਂ ਨੂੰ ਖੁਲ੍ਹਾ ਮਹੌਲ ਦਈਏ। ਪਿੰਡ ਵਿੱਚ ਜਿੰਮ ਤਿਆਰ ਕਰਵਾਈਏ।
ਬੇਲੋੜੀਆਂ ਛਬੀਲਾਂ ਤੇ ਲੰਗਰਾਂ ਦੀ ਥਾਂ `ਤੇ ਵਿਦਵਾਨਾਂ ਨੂੰ ਸੱਦ ਕੇ ਉਹਨਾਂ ਪਾਸੋਂ ਸੈਮੀਨਾਰ ਕਰਾਉਣ ਦਾ ਯਤਨ ਕਰੀਏ ਤੇ ਉਹਨਾਂ ਪਾਸੋਂ ਆਲਮੀ ਧਰਮ ਸਬੰਧੀ ਸਵਾਲ ਜਵਾਬ ਪੁਛੀਏ।
ਨੋਟ---ਕਿਸੇ ਵੀਰ ਨੇ ਕੋਈ ਸੁਝਾਅ ਦੇਣਾ ਹੈ ਜਾਂ ਇਸ ਲੇਖ ਵਿੱਚ ਕੋਈ ਹੋਰ ਸੁਧਾਰ ਜਾਂ ਵਾਧਾ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੇ ਕੀਮਤੀ ਵਿਚਾਰ ਭੇਜ ਸਕਦਾ ਹੈ ਤਾਂ ਕਿ ਸਿੱਖ ਕੌਮ ਦੇ ਇਸ ਅਮੁਲੇ ਸਿਧਾਂਤ ਨੂੰ ਸਮਝਿਆ ਜਾ ਸਕੇ। ਬੇ ਲੋੜੇ ਖਰਚੇ ਤੋਂ ਬਚਿਆ ਜਾ ਸਕੇ।




.