ਰੱਬ ਅਤੇ ਦੇਵਤਾ
ਕੁਝ ਵਰ੍ਹੇ ਹੋਏ ਬਲਵੰਤ ਸਿੰਘ
ਬੱਚਿਆਂ ਸਮੇਤ ਪੰਜਾਬ ਨੂੰ ਗਿਆ। ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਮਿਲਣ ਤੋਂ ਬਾਅਦ ਉਹਨੇ
ਬੱਚਿਆਂ ਨੂੰ ਭਾਖੜਾ ਡੈਮ, ਨੰਗਲ ਅਤੇ ਅਨੰਦਪੁਰ ਸਾਹਿਬ ਦਾ ਟੂਰ ਕਢਵਾਉਣ ਦਾ ਪ੍ਰੋਗਰਾਮ ਬਣਾਇਆ।
ਦਿਨ ਨਿਸ਼ਚਤ ਕਰਕੇ ਉਹਨੇ ਆਪਣੇ ਪਿੰਡ ਵਾਲੇ ਤਰਸੇਮ ਫ਼ੌਜੀ ਦੀ ਜਿਪਸੀ ਕਿਰਾਏ `ਤੇ ਕਰ ਲਈ।
ਮਿਥੇ ਹੋਏ ਦਿਨ `ਤੇ ਉਹ ਸਵੇਰੇ ਸਾਝਰੇ ਹੀ ਘਰੋਂ ਤੁਰ ਪਏ। ਪੰਜਾਹ ਕੁ ਕਿਲੋਮੀਟਰ ਦਾ ਸਫ਼ਰ ਕਰਕੇ
ਫ਼ੌਜੀ ਉਬਾਸੀਆਂ ਮਾਰਨ ਲਗ ਪਿਆ। ਬਲਵੰਤ ਦਾ ਆਪਣਾ ਜੀਅ ਵੀ ਚਾਹ ਦਾ ਕੱਪ ਪੀਣ ਲਈ ਕਰਦਾ ਸੀ। ਸੋ
ਸਲਾਹ ਬਣੀ ਕਿ ਅਗਲੇ ਅੱਡੇ ਉਤੇ ਜਿਪਸੀ ਰੋਕ ਕੇ ਚਾਹ ਦਾ ਕੱਪ ਕੱਪ ਪੀ ਲਿਆ ਜਾਵੇ। ਬਰਸਾਤ ਦਾ ਮੌਸਮ
ਹੋਣ ਕਰਕੇ ਹਰੇਕ ਚੀਜ਼ ਨਿਖ਼ਰੀ ਨਿਖ਼ਰੀ ਲਗ ਰਹੀ ਸੀ। ਰਾਤ ਨੁੰ ਮੀਂਹ ਬਹੁਤ ਪਿਆ ਹੋਣ ਕਰਕੇ ਚਾਰੇ
ਪਾਸੇ ਚਿੱਕੜ ਹੀ ਚਿੱਕੜ ਹੋਇਆ ਪਿਆ ਸੀ। ਉਹ ਇੱਕ ਨਿੱਕੇ ਜਿਹੇ ਅੱਡੇ `ਤੇ ਰੁਕੇ ਤੇ ਚਿੱਕੜ ਤੋਂ
ਬਚਦੇ ਬਚਾਉਂਦੇ ਚਾਹ ਦੀ ਇੱਕ ਦੁਕਾਨ ਅੰਦਰ ਪਹੁੰਚੇ।
ਚਾਹ ਪੀ ਕੇ ਜਦ ਉਹ ਬਾਹਰ ਨਿਕਲੇ ਤਾਂ ਬਲਵੰਤ ਦੀ ਛੋਟੀ ਲੜਕੀ ਦਾ ਸੈਂਡਲ ਚਿੱਕੜ `ਚ ਖੁੱਭ ਗਿਆ।
ਇੰਗਲੈਂਡ ਵਿੱਚ ਕਦੇ ਅਜਿਹੇ ਚਿੱਕੜ ਨਾਲ ਵਾਹ ਨਾ ਪਿਆ ਹੋਣ ਕਰਕੇ ਉਹਨੇ ਡੌਰ ਭੌਰ ਜਿਹੀ ਹੋਈ ਨੇ
ਜਿਉਂ ਹੀ ਪੈਰ ਚਿੱਕੜ ਚੋਂ ਬਾਹਰ ਖਿੱਚਿਆ ਤਾਂ ਸੈਂਡਲ ਦੀ ਤਣੀ ਤੜੱਕ ਕਰਕੇ ਟੁੱਟ ਗਈ `ਤੇ ਕੁੜੀ
ਹੋਰ ਵੀ ਘਬਰਾ ਗਈ। ਬਲਵੰਤ ਨੇ ਅਗਾਂਹ ਹੋਕੇ ਜੁੱਤੀ ਦਾ ਪੈਰ ਚਿੱਕੜ ਚੋਂ ਕੱਢਿਆ ਅਤੇ ਕਿਸੇ ਮੋਚੀ
ਦੀ ਭਾਲ ਵਿੱਚ ਆਲੇ ਦੁਆਲੇ ਨਿਗਾਹ ਦੁੜਾਉਣ ਲੱਗਾ। ਚਾਹ-ਵਾਲਾ ਵੀ ਸ਼ਾਇਦ ਇਹ ਸਭ ਕੁੱਝ ਦੇਖ਼ ਰਿਹਾ
ਸੀ, ਉਹਨੇ ਬਲਵੰਤ ਨੂੰ ਇਸ਼ਾਰੇ ਨਾਲ ਹੀ ਦੱਸਿਆ ਕਿ ਸੜਕ ਦੇ ਦੂਸਰੇ ਪਾਸੇ ਇੱਕ ਮੋਚੀ ਬਹਿੰਦਾ ਸੀ।
ਬਲਵੰਤ ਜਦੋਂ ਟੁੱਟੀ ਹੋਈ ਜੁੱਤੀ ਲੈਕੇ ਜਾਣ ਲੱਗਾ ਤਾਂ ਫ਼ੌਜੀ ਬੋਲਿਆ, “ਭਾ ਜੀ, ਪੈਸੇ ਪਹਿਲਾਂ ਹੀ
ਮੁਕਾ ਲਇਉ ਮੋਚੀ ਨਾਲ, ਨਹੀਂ ਤਾਂ ਪੁੱਠੀ ਰੰਬੀ ਨਾਲ ਖੱਲ ਲਾਹ ਲੈਣੀ ਆਂ ਉਹਨੇ, ਬਾਹਰਲੇ ਬੰਦਿਆਂ
ਨੂੰ ਤਾਂ ਵਾਹਵਾ ਹੀ ਛਿੱਲਦੇ ਆ ਇਹ ਲੋਕ”।
ਫ਼ੌਜੀ ਦੀ ਅੱਧੀ ਪਚੱਧੀ ਗੱਲ ਸੁਣਕੇ ਬਲਵੰਤ ਸੜਕ ਦੇ ਦੂਸਰੇ ਪਾਸੇ ਜਾ ਪਹੁੰਚਾ। ਉਹਨੇ ਦੇਖਿਆ ਕਿ
ਇੱਕ ਟਾਹਲੀ ਦੇ ਹੇਠਾਂ ਇੱਟਾਂ ਰੋੜੇ ਜੋੜ ਜੋੜ ਕੇ ਬਣਾਈ ਥੜ੍ਹੀ ਉਪਰ ਇੱਕ 65 -70 ਸਾਲ ਦਾ ਬਜ਼ੁਰਗ
ਜੁੱਤੀਆਂ ਮੁਰੰਮਤ ਕਰਨ ਵਾਲੇ ਸੰਦ ਲੱਕੜ ਦੇ ਇੱਕ ਬਕਸੇ ਚੋਂ ਕੱਢਕੇ ਟਿਕਾ ਰਿਹਾ ਸੀ। ਉਹਦੇ ਗਲ਼
ਖ਼ੱਦਰ ਦੀ ਮੈਲੀ ਜਿਹੀ ਝੱਗੀ ਅਤੇ ਤੇੜ ਟਾਕੀਆਂ ਲੱਗੀਆਂ ਵਾਲਾ ਪਜਾਮਾ ਸੀ। ਬਹੁਤ ਹੀ ਮੋਟੇ ਮੋਟੇ
ਸ਼ੀਸ਼ਿਆਂ ਵਾਲੀਆਂ ਨਜ਼ਰ ਦੀਆਂ ਐਨਕਾਂ ਦੀ ਇੱਕ ਪਾਸੇ ਦੀ ਡਂਡੀ ਵੀ ਨਹੀਂ ਸੀ ਤੇ ਉਹਨੇ ਮੋਟਾ ਜਿਹਾ
ਧਾਗਾ ਪਾ ਕੇ ਹੀ ਕੰਮ ਚਲਾਇਆ ਹੋਇਆ ਸੀ।
“ਬਜ਼ੁਰਗਾ, ਆਹ ਜੁੱਤੀ ਨੂੰ ਟਾਂਕਾ ਲਗਵਾਉਣੈ, ਕਿੰਨੇ ਪੈਸੇ ਲਗਣਗੇ?” ਬਲਵੰਤ ਨੇ ਜੁੱਤੀ ਦਾ ਪੈਰ
ਉਹਦੇ ਵਲ ਵਧਾਉਂਦਿਆਂ ਪੁੱਛਿਆ।
ਬਜ਼ੁਰਗ ਨੇ ਮੋਟੇ ਮੋਟੇ ਸ਼ੀਸ਼ਿਆਂ ਵਿਚੀਂ ਬਲਵੰਤ ਵਲ ਵੇਖਿਆ ਅਤੇ ਬੜੀ ਹਲੀਮੀ ਨਾਲ ਬੋਲਿਆ “ਸਰਦਾਰ
ਜੀ, ਏਸੇ ਖ਼ਿਦਮਤ ਲਈ ਬੈਠੇ ਆਂ ਜੀ” ਅਤੇ ਜੁੱਤੀ ਦਾ ਪੈਰ ਬਲਵੰਤ ਕੋਲੋਂ ਫੜਕੇ ਉਹਦਾ ਨਿਰੀਖ਼ਣ ਕਰਨ
ਲਗ ਪਿਆ। ਸੁਲਝੇ ਹੋਏ ਕਾਰੀਗਰ ਵਾਂਗ ਬਜ਼ੁਰਗ ਨੇ ਸਾਰੀ ਜੁੱਤੀ ਨੂੰ ਚੈਕ ਕੀਤਾ ਕਿ ਕਿਸੇ ਹੋਰ
ਪਾਸਿਉਂ ਉਹਨੂੰ ਮੁਰੰਮਤ ਦੀ ਲੋੜ ਤਾਂ ਨਹੀਂ ਸੀ। ਜੁੱਤੀ ਨੂੰ ਦੇਖ਼ ਚੁੱਕਣ ਤੋਂ ਬਾਅਦ ਉਹ ਬੋਲਿਆ
“ਜੋ ਮਰਜੀ ਦੇ ਦੇਣਾ ਸਰਦਾਰ ਜੀ, ਬੋਹਣੀ ਦਾ ਵੇਲੈ”
“ਨਹੀਂ, ਪਹਿਲਾਂ ਦੱਸ, ਮਗਰੋਂ ਝਗੜੇ ਵਾਲਾ ਕੰਮ ਚੰਗਾ ਨਹੀਂ ਹੁੰਦਾ” ਬਲਵੰਤ ਦੇ ਦਿਮਾਗ਼ ਵਿੱਚ ਸ਼ਾਇਦ
ਫ਼ੌਜੀ ਦੀ ਨਸੀਹਤ ਕੰਮ ਕਰ ਰਹੀ ਸੀ।
“ਚਲੋ, ਤੁਸੀਂ ਤਿੰਨ ਰੁਪਏ ਦੇ ਦਿਉ ਜੀ” ਬਜ਼ੁਰਗ ਨੇ ਸੰਖੇਪ ਜਿਹਾ ਉੱਤਰ ਦਿਤਾ।
“ਪਰ ਧਾਗਾ ਵਧੀਆ ਲਾਈਂ, ਕਿਤੇ ਫੇਰ ਨਾ ਰਾਹ `ਚ ਟੁੱਟ ਜਾਵੇ, ਅਸੀਂ ਸਾਰਾ ਦਿਨ ਘੁੰਮਣਾ ਫ਼ਿਰਨਾ
ਆਂ”। ਬਲਵੰਤ ਨੇ ਬਜ਼ੁਰਗ਼ ਨੂੰ ਤਾੜਨਾ ਕੀਤੀ।
“ਸਰਦਾਰ ਜੀ ਉਲਾਂਭੇ ਵਾਲਾ ਕੰਮ ਨਹੀਂ ਕੀਤਾ ਕਦੇ, ਤੁਸੀਂ ਭੋਰਾ ਚਿੰਤਾ ਨਾ ਕਰੋ”। ਬਜ਼ੁਰਗ਼ ਨੇ
ਉਹਨੂੰ ਯਕੀਨ ਦੁਆਇਆ।
ਹੁਣ ਜੁੱਤੀ ਮੁਰੰਮਤ ਹੋ ਚੁੱਕੀ ਸੀ। ਬਲਵੰਤ ਨੇ ਪੰਜ ਰੁਪਏ ਦਾ ਨੋਟ ਬਜ਼ੁਰਗ਼ ਵਲ ਵਧਾਇਆ।
“ਸਰਦਾਰ ਜੀ, ਟੁੱਟੇ ਹੋਏ ਤਿੰਨ ਰੁਪਏ ਦਿਉ ਜੀ, ਅਜੇ ਤਾਂ ਬੋਹਣੀ ਦਾ ਵੇਲੈ ਜੀ, ਭਾਨ ਹੈ ਨਈਂ ਮੇਰੇ
ਕੋਲ,” ਬਜ਼ੁਰਗ ਨੇ ਤਰਲਾ ਜਿਹਾ ਕੀਤਾ।
“ਤੂੰ ਰੱਖ ਲੈ ਪੰਜੇ ਈ” ਬਲਵੰਤ ਨੇ ਬੜੀ ਅਪਣੱਤ ਜਿਹੀ ਨਾਲ ਕਿਹਾ।
“ਨਾ ਸਰਦਾਰ ਜੀ, ਇਹ ਗੱਲ ਝੂਠੀ, ਜਿਹੜਾ ਮੇਰਾ ਹੱਕ ਈ ਨਈਂ, ਮੈਂ ਕਿਵੇਂ ਰੱਖ ਲਵਾਂ” ਬਜ਼ੁਰਗ ਦੇ
ਬੋਲਾਂ ਚੋਂ ਆਤਮ ਸਨਮਾਨ ਝਲਕਾਂ ਮਾਰ ਰਿਹਾ ਸੀ।
“ਮੈਂ ਆਪ ਕਹਿੰਨਾ, ਤੁੰ ਰੱਖ ਲੈ ਸਾਰੇ ਈ, ਮੈਂ ਆਪ ਦਿੰਨਾ ਤੈਨੂੰ,” ਬਲਵੰਤ ਨੇ ਥੋੜ੍ਹਾ ਜਿਹਾ ਜ਼ੋਰ
ਪਾਕੇ ਕਿਹਾ।
“ਸਰਦਾਰ ਜੀ, ਤੁਸੀਂ ਤਾਂ ਕਹਿੰਦੇ ਹੋ ਪਰ ਮੇਰੀ ਆਤਮਾ ਨਹੀਂ ਨਾ ਕਹਿੰਦੀ” ਇਹ ਕਹਿਕੇ ਬਜ਼ੁਰਗ਼ ਨੇ
ਬਲਵੰਤ ਦੇ ਹਥੋਂ ਪੰਜਾਂ ਦਾ ਨੋਟ ਫੜਿਆ ਤੇ ਆਪਣੇ ਮਾੜਚੂ ਜਿਹੇ ਸਰੀਰ ਨੂੰ ਗੋਡਿਆਂ `ਤੇ ਹੱਥ ਰੱਖ
ਕੇ ਖੜ੍ਹਾ ਕੀਤਾ ਅਤੇ ਨੇੜੇ ਹੀ ਸਬਜ਼ੀ ਦੇ ਖੋਖੇ ਵਲ ਨੂੰ ਤੁਰ ਪਿਆ। ਦੋ ਕੁ ਮਿੰਟਾਂ ਬਾਅਦ ਉਹਨੇ
ਵਾਪਿਸ ਆ ਕੇ ਇੱਕ ਇੱਕ ਰੁਪਏ ਦੇ ਦੋ ਸਿੱਕੇ ਬਲਵੰਤ ਵਲ ਵਧਾਏ। ਬਲਵੰਤ ਦਾ ਇੱਕ ਮਨ ਕਰਦਾ ਸੀ ਕਿ ਉਹ
ਅਜੇ ਵੀ ਬਜ਼ੁਰਗ਼ ਨੂੰ ਕਹੇ ਕਿ ਉਹ ਦੋ ਰੁਪੱਈਏ ਵੀ ਰੱਖ ਲਵੇ ਪਰ ਉਹਨੇ ਫ਼ੈਸਲਾ ਕੀਤਾ ਕਿ ਉਹ ਨਿਗੂਣੇ
ਦੋ ਰੁਪਇਆਂ ਬਦਲੇ ਏਡੀ ਮਹਾਨ ਆਤਮਾ ਦਾ ਨਿਰਾਦਰ ਨਹੀਂ ਕਰੇਗਾ। ਉਹ ਪਹਿਲਾਂ ਹੀ ਪਛਤਾ ਰਿਹਾ ਸੀ ਕਿ
ਕਾਸ਼ ਉਹਨੇ ਬਜ਼ੁਰਗ਼ ਨੂੰ ਦੋ ਰੁਪਏ ਰੱਖਣ ਲਈ ਨਾ ਕਿਹਾ ਹੁੰਦਾ। ਉਹਨੇ ਕੰਬਦੇ ਹੱਥਾਂ ਨਾਲ ਦੋ ਰੁਪਏ
ਬਜ਼ੁਰਗ਼ ਤੋਂ ਲੈ ਕੇ ਜੇਬ ਵਿੱਚ ਪਾ ਲਏ।
ਜਦ ਉਹ ਵਾਪਿਸ ਆ ਕੇ ਜਿਪਸੀ `ਚ ਬੈਠਾ ਤਾਂ ਫ਼ੌਜੀ ਬੋਲਿਆ “ਭਾ ਜੀ, ਪੈਸੇ ਮੁਕਾ ਲਏ ਸੀ ਮੋਚੀ ਨਾਲ,
ਕਿਤੇ ਖੱਲ ਤਾਂ ਨਹੀਂ ਲੁਹਾ ਆਏ”।
“ਫ਼ੌਜੀਆ, ਇਸ ਮੁਲਕ ਦੇ ਸਿਸਟਮ ਨੇ ਤਾਂ ਉਸ ਵਿਚਾਰੇ ਦੇ ਆਪਣੇ ਸਰੀਰ `ਤੇ ਭੋਰਾ ਖੱਲ ਨਹੀਂ ਛੱਡੀ,
ਉਸ ਗ਼ਰੀਬ ਨੇ ਕਿਸੇ ਦੀ ਕੀ ਖੱਲ ਲਾਹੁਣੀ ਐਂ”। ਬਲਵੰਤ ਨੇ ਫ਼ੌਜੀ ਨੂੰ ਮੋੜਵਾਂ ਉੱਤਰ ਦਿਤਾ।
ਫ਼ੌਜੀ ਨੂੰ ਸ਼ਾਇਦ ਬਲ਼ਵੰਤ ਦੀ ਟਿੱਪਣੀ ਦੀ ਸਮਝ ਨਹੀਂ ਸੀ ਆਈ। ਉਹਨੇ ਗੱਡੀ ਸਟਾਰਟ ਕੀਤੀ ਤੇ ਨਾਲ ਹੀ
ਕੈਸੇਟ ਲਗਾ ਦਿਤੀ। ਸ਼ਬਦ ਵੱਜ ਰਿਹਾ ਸੀ “ਹਕ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ……” ਭਾਖੜਾ ਡੈਮ,
ਨੰਗਲ ਤੇ ਆਨੰਦਪੁਰ ਸਾਹਿਬ ਦੇਖਦਿਆਂ ਸਮੇਂ ਦਾ ਪਤਾ ਹੀ ਨਾ ਲੱਗਾ, ਕਦੋਂ ਬੀਤ ਗਿਆ। ਤੁਰਦਿਆਂ
ਤੁਰਦਿਆਂ ਕਾਫ਼ੀ ਦੇਰ ਹੋ ਗਈ।
ਪੈਂਤੀ ਚਾਲੀ ਕਿਲੋਮੀਟਰ ਜਾ ਕੇ ਫ਼ੌਜੀ ਨੇ ਗੱਡੀ ਕੱਚੇ ਲਾਹ ਕੇ ਖੜ੍ਹੀ ਕਰ ਦਿਤੀ ਤੇ ਬੋਲਿਆ, “ਭਾ
ਜੀ ਲਗਦੈ ਪਿਛਲਾ ਟੈਰ ਪੈਂਚਰ ਹੋ ਗਿਐ”।
“ਸਪੇਅਰ ਤਾਂ ਹੋਣਾ ਈਂ ਆਂ” ? ਬਲਵੰਤ ਨੇ ਪੁੱਛਿਆ।
“ਭਾ ਜੀ, ਸਪੇਅਰ ਤਾਂ ਹੈਗਾ ਪਰ ਚੈੱਕ ਕੀਤੇ ਨੂੰ ਬਹੁਤ ਦੇਰ ਹੋ ਗਈ ਆ” ਫ਼ੌਜੀ ਦਾ ਚਿਹਰਾ ਉਤਰਿਆ
ਪਿਆ ਸੀ। ਟਾਇਰ ਫ਼ਲੈਟ ਹੋ ਰਿਹਾ ਸੀ ਅਤੇ ਜਿਹੜੀ ਗੱਲ ਦਾ ਡਰ ਸੀ ਉਹੀ ਹੋਈ, ਸਪੇਅਰ ਟਾਇਰ ਵਿੱਚ ਵੀ
ਹਵਾ ਨਹੀਂ ਸੀ। ਹਨ੍ਹੇਰਾ ਪਲ ਪਲ ਪਸਰ ਰਿਹਾ ਸੀ। ਕੁੱਝ ਦੂਰੀ ਉਤੇ ਸੜਕ ਉਪਰ ਟਾਂਵੀਂ ਟਾਂਵੀਂ ਬੱਤੀ
ਜਗਦੀ ਦਿਸ ਰਹੀ ਸੀ। ਬਲਵੰਤ ਨੇ ਫ਼ੌਜੀ ਨੂੰ ਸਲਾਹ ਦਿਤੀ ਕਿ ਉਹ ਗੱਡੀ ਨੂੰ ਉਥੇ ਤਾਂਈਂ ਹੌਲੀ ਹੌਲੀ
ਲੈ ਚਲੇ।
ਜਦ ਉਹ ਉਥੇ ਪਹੁੰਚੇ ਤਾਂ ਹਨ੍ਹੇਰਾ ਹੋਰ ਭੀ ਗਾੜ੍ਹਾ ਹੋ ਚੁੱਕਾ ਸੀ। ਗੱਡੀ ਰੋਕ ਕੇ ਉਹ ਅਜੇ ਕਿਸੇ
ਤੋਂ ਪੁੱਛਣ ਹੀ ਵਾਲੇ ਸਨ ਕਿ ਬਲਵੰਤ ਦੀ ਨਿਗਾਹ ਇੱਕ ਦੁਕਾਨ ਉਪਰ ਪਈ ਜੋ ਕਿ ਸੜਕ ਤੋਂ ਕਾਫ਼ੀ ਹਟਵੀਂ
ਸੀ। ਦੁਕਾਨ ਉੱਪਰ ਬਹੁਤ ਹੀ ਮੱਧਮ ਜਿਹੀ ਰੌਸ਼ਨੀ ਦਾ ਬਲਬ ਜਗ ਰਿਹਾ ਸੀ। ਦੁਕਾਨ ਦੇ ਮੱਥੇ ਉੱਪਰ
ਲਿਖ਼ੇ ਹੋਏ ਅੱਖਰ ਮੌਸਮ ਦੇ ਥਪੇੜਿਆਂ ਨੇ ਕਾਫ਼ੀ ਹੱਦ ਤੱਕ ਖੋਰ ਦਿਤੇ ਹੋਏ ਸਨ ਅਤੇ ਦੂਸਰਾ ਰੌਸ਼ਨੀ ਵੀ
ਏਨੀ ਨਹੀਂ ਸੀ ਪਰ ਫੇਰ ਵੀ ਬਲਵੰਤ ਤਿੰਨਾਂ ਵਿਚੋਂ ਦੋ ਸ਼ਬਦ “……. ਟਾਇਰ ਸਰਵਿਸ” ਪੜ੍ਹਨ ਵਿੱਚ
ਕਾਮਯਾਬ ਹੋ ਗਿਆ। ਬਲਵੰਤ ਨੂੰ ਇਹ ਦੋ ਸ਼ਬਦ ਪੜ੍ਹ ਕੇ ਇਉਂ ਲੱਗਾ ਜਿਵੇਂ ਮਾਰੂਥਲ ਵਿੱਚ ਕਿਸੇ ਪਿਆਸੇ
ਨੂੰ ਪਾਣੀ ਦਾ ਚਸ਼ਮਾ ਮਿਲ ਗਿਆ ਹੋਵੇ।
ਬਲਵੰਤ ਅਤੇ ਫ਼ੌਜੀ ਦੋਵੇਂ ਹੀ ਅੱਖ ਦੇ ਫ਼ੋਰ ਵਿੱਚ ਦੁਕਾਨ ਵਲ ਵਧੇ ਤੇ ਉਨ੍ਹਾਂ ਨੇ ਦੇਖਿਆ ਕਿ ਇੱਕ
ਆਦਮੀ ਦੁਕਾਨ ਨੂੰ ਜੰਦਰਾ ਲਗਾ ਰਿਹਾ ਸੀ। ਇੱਕ ਪਾਸੇ ਕੰਧ ਨਾਲ ਸਾਈਕਲ ਖੜ੍ਹਾ ਸੀ ਜਿਸ ਦੇ ਹੈਂਡਲ
ਨਾਲ ਦੋ ਤਿੰਨ ਥੈਲੇ ਲਟਕ ਰਹੇ ਸਨ। ਉਹ ਆਦਮੀ ਉਨ੍ਹਾਂ ਦੋਨਾਂ ਨੂੰ ਇੰਜ ਦੱਬੇ ਪੈਰੀਂ ਆਉਂਦਿਆਂ ਦੇਖ਼
ਕੇ ਤ੍ਰਭਕ ਗਿਆ। ਉਹਦੇ ਕੁੱਝ ਬੋਲਣ ਤੋਂ ਪਹਿਲਾਂ ਹੀ ਬਲਵੰਤ ਬੋਲ ਉਠਿਆ,
“ਭਾ ਜੀ, ਹੋਵੇਗੀ ਤਾਂ ਤੁਹਾਨੂੰ ਤਕਲੀਫ਼ ਹੀ ਪਰ ਅਸੀਂ ਬਹੁਤ ਮੁਸੀਬਤ `ਚ ਆਂ, ਸਾਡਾ ਪਿਛਲਾ ਟੈਰ
ਪੈਂਚਰ ਹੋ ਗਿਐ ਤੇ ਸਪੇਅਰ `ਚ ਵੀ ਹਵਾ ਹੈ ਨਈਂ, ਸਾਡੇ ਨਾਲ ਛੋਟੇ ਛੋਟੇ ਬੱਚੇ ਆ, ਇਥੋਂ ਤਾਂ
ਸਾਨੂੰ ਕੋਈ ਸਵਾਰੀ ਵੀ ਨਹੀਂ ਮਿਲਣੀ, ਮਿਹਰਬਾਨੀ ਕਰਕੇ ਜੇ ਪੈਂਚਰ ਲਗਾ ਦੇਵੋਂ ਤਾਂ ਤੁਹਾਡੇ ਬਹੁਤ
ਧੰਨਵਾਦੀ ਹੋਵਾਂਗੇ। ਪੈਸਿਆਂ ਦੀ ਚਿੰਤਾ ਨਾ ਕਰਿਉ, ਦੁੱਗਣੇ ਤਿੱਗਣੇ ਜਿੰਨੇ ਮਰਜ਼ੀ ਲਗਾ ਲਇਉ”।
ਬਲਵੰਤ ਇਕੋ ਸਾਹੇ ਹੀ ਸਾਰਾ ਕੁੱਝ ਕਹਿ ਗਿਆ ਤਾਂ ਕਿ ਦੁਕਾਨ ਵਾਲਾ ਨਾਂਹ ਨਾ ਕਰ ਸਕੇ।
ਦੁਕਾਨਦਾਰ ਨੇ ਜੰਦਰਾ ਅਜੇ ਵੀ ਉਂਜ ਦਾ ਉਂਜ ਹੀ ਫੜਿਆ ਹੋਇਆ ਸੀ ਤੇ ਉਨ੍ਹਾਂ ਦੇ ਚਿਹਰਿਆਂ ਵਲ ਨਜ਼ਰ
ਟਿਕਾ ਕੇ ਬੋਲਿਆ “ਸਰਦਾਰ ਜੀ, ਕਿਸੇ ਦੀ ਮਜਬੂਰੀ ਦਾ ਨਜੈਜ਼ ਫ਼ੈਦਾ ਉਠਾਉਣਾ ਇਨਸਾਨੀਅਤ ਨਹੀਂ ਹੁੰਦੀ,
ਜੇ ਪੈਂਚਰ ਲੱਗੂਗਾ ਤਾਂ ਉਸੇ ਰੇਟ `ਤੇ ਹੀ ਜੋ ਆਮ ਲਈਦਾ ਹੈ”।
ਦੁਕਾਨਦਾਰ ਦੀ ‘ਜੇ’ ਨੇ ਬਲਵੰਤ ਨੂੰ ਸੋਚਾਂ ਵਿੱਚ ਪਾ ਦਿਤਾ ਕਿ ਉਹਦਾ ‘ਜੇ’ ਤੋਂ ਕੀ ਭਾਵ ਸੀ।
ਦੁਕਾਨਦਾਰ ਨੇ ਚਾਬੀ ਪੁੱਠੀ ਘੁੰਮਾ ਕੇ ਜੰਦਰਾ ਖੋਲ੍ਹਿਆ ਤਾਂ ਬਲਵੰਤ ਦੀ ਜਾਨ `ਚ ਜਾਨ ਆਈ।
ਹੁਣ ਦੁਕਾਨਦਾਰ ਬੱਤੀ ਜਗਾ ਕੇ ਲੋੜੀਂਦੇ ਔਜ਼ਾਰ ਇਕੱਠੇ ਕਰ ਰਿਹਾ ਸੀ।
ਜੈਕ ਲਗਾ ਕੇ ਵ੍ਹੀਲ ਦੇ ਨਟ ਢਿੱਲੇ ਕਰਦਿਆਂ ਕਰਦਿਆਂ ਉਹ ਬੋਲਿਆ, “ਜੇ ਤੁਸੀਂ ਮਿੰਟ ਦੋ ਮਿੰਟ ਵੀ
ਲੇਟ ਹੋ ਜਾਂਦੇ ਤਾਂ ਮੈਂ ਚਲੇ ਜਾਣਾ ਸੀ, ਉਂਜ ਤਾਂ ਮੈਂ ਚਿਰਾਕੇ ਜਾਨਾ ਹੁੰਨਾ ਜੀ ਪਰ ਅੱਜ ਸਾਡੇ
ਕਾਕੇ ਦਾ ਜਨਮ ਦਿਨ ਐ ਜੀ, ਉਹਨੇ ਸਵੇਰੇ ਤਗੀਦ ਕੀਤੀ ਸੀ ਕਿ ਭਾਪਾ ਲੇਟ ਨਾ ਹੋਈਂ। ਉਹ ਸ਼ਾਮ ਨੂੰ
ਜਲਦੀ ਈ ਸੌਂ ਜਾਂਦੈ ਜੀ”
ਹੁਣ ਉਹ ਫ਼ੁਰਤੀਲੇ ਹੱਥਾਂ ਨਾਲ ਕੰਮ ਨਿਬੇੜ ਰਿਹਾ ਸੀ ਤੇ ਬਲਵੰਤ ਖ਼ਿਆਲਾਂ ਹੀ ਖ਼ਿਆਲਾਂ `ਚ ਦੇਖ਼ ਰਿਹਾ
ਸੀ ਕਿ ਇੱਕ ਛੋਟਾ ਜਿਹਾ ਬੱਚਾ ਘੜੀ ਮੁੜੀ ਆਪਣੀ ਮਾਂ ਨੂੰ ਆਪਣੇ ਬਾਪ ਦੇ ਹੁਣ ਤਾਂਈਂ ਨਾ ਆਉਣ ਬਾਰੇ
ਪੁੱਛ ਰਿਹਾ ਸੀ ਤੇ ਬਲਵੰਤ ਆਪਣੇ ਆਪ ਨੂੰ ਕਸੂਰਵਾਰ ਸਮਝ ਰਿਹਾ ਸੀ।
ਉਧਰ ਦੁਕਾਨਦਾਰ ਪੈਂਚਰ ਲਗਾਉਂਦਾ ਲਗਾਉਂਦਾ ਫ਼ੌਜੀ ਨੂੰ ਨਸੀਹਤਾਂ ਦੇ ਰਿਹਾ ਸੀ, “ਭਾਈ ਸਾਅਬ, ਸਪੇਅਰ
ਚੈੱਕ ਕਰਕੇ ਰੱਖਿਆ ਕਰੋ, ਕੋਈ ਮੁੱਲ ਤਾਂ ਨੀ ਲਗਦਾ, ਸਵਾਰੀਆਂ ਨੂੰ ਕਾਹਤੋਂ ਖ਼ਰਾਬ ਕਰਦੇ ਹੁੰਦੇ
ਓ”। ਬਲਵੰਤ ਨੇ ਦੇਖਿਆ ਕਿ ਫ਼ੌਜੀ ਬਿਨਾਂ ਹੀਲ ਹੁੱਜਤ ਦੇ ਉਹਦੀ ਨਸੀਹਤ ਇਉਂ ਸੁਣ ਰਿਹਾ ਸੀ ਜਿਵੇਂ
ਕਿਸੇ ਸੰਤ ਮਹਾਤਮਾ ਦਾ ਵਖਿਆਨ ਹੋਵੇ।
ਟਾਇਰ ਫਿੱਟ ਕਰਕੇ ਉਹਨੇ ਸਪੇਅਰ `ਚ ਹਵਾ ਭਰਕੇ ਉਹ ਵੀ ਚੈੱਕ ਕਰ ਦਿੱਤਾ ਸੀ। ਜਦ ਉਹ ਹੱਥ ਧੋ
ਚੁੱਕਿਆ ਤਾਂ ਬਲਵੰਤ ਨੇ ਉਹਨੂੰ ਪੈਸੇ ਪੁੱਛੇ ਤਾਂ ਉਹ ਬੋਲਿਆ “ਵੀਹ ਰੁਪਏ ਦੇ ਦਿਉ ਜੀ”।
ਬਲਵੰਤ ਨੇ ਬਟੂਏ `ਚੋਂ ਪੰਜਾਹ ਰੁਪਏ ਦਾ ਨੋਟ ਕੱਢਿਆ ਤੇ ਉਹਦੀ ਮੁੱਠ ਵਿੱਚ ਰੱਖਕੇ ਮੁੱਠ ਬੰਦ ਕਰ
ਦਿੱਤੀ ਤੇ ਨਾਲ ਹੀ ਕਿਹਾ, “ਵੀਹ ਪੇਂਚਰ ਦੇ ਤੇ ਬਾਕੀ ਸਾਡੇ ਵਲੋਂ ਕਾਕੇ ਦੇ ਜਨਮ ਦਿਨ `ਤੇ ਉਹਨੂੰ
ਪਿਆਰ, ਨਾਲੇ ਸਾਡੇ ਵਲੋਂ ਉਹਦੇ ਕੋਲੋਂ ਮਾਫ਼ੀ ਮੰਗੀਂ ਜਿਨ੍ਹਾਂ ਨੇ ਉਹਦੇ ਭਾਪੇ ਨੂੰ ਲੇਟ ਕੀਤਾ
ਸੀ”।
ਉਹਨੇ ਆਪਣੀ ਮੁੱਠ ਖੋਲ੍ਹੀ ਅਤੇ ਕਹਿਣ ਲੱਗਾ,” ਸਰਦਾਰ ਜੀ, ਕਾਕੇ ਦੇ ਜਨਮ ਦਿਨ ਬਾਰੇ ਤਾਂ ਮੈਂ
ਐਵੇਂ ਸਹਿਜ ਸੁਭਾ ਹੀ ਗੱਲ ਕੀਤੀ ਸੀ, ਰੱਬ ਨੇ ਦਸਾਂ ਸਾਲਾਂ ਬਾਅਦ ਸਾਡੀ ਅਰਦਾਸ ਸੁਣੀ ਸੀ ਜੀ। ਰੱਬ
ਦਾ ਦਿੱਤਾ ਬਹੁਤ ਕੁਛ ਹੈ ਜੀ, ਇਨਸਾਨ ਨੂੰ ਰੱਜ ਤਾਂ ਕਦੇ ਵੀ ਨਹੀਂ ਆਉਂਦਾ, ਕਾਰੂੰ ਬਾਦਸ਼ਾਹ ਵਰਗੇ
ਵੀ ਅਖ਼ੀਰ ਖ਼ਾਲੀ ਹੱਥੀਂ ਈ ਜਾਂਦੇ ਐ, ਮੈਨੂੰ ਖ਼ੁਸ਼ੀ ਹੈ ਕਿ ਮੈਂ ਤੁਹਾਡੇ ਕਿਸੇ ਕੰਮ ਆਇਆਂ”।
ਬਲਵੰਤ ਨੂੰ ਇਉਂ ਲਗ ਰਿਹਾ ਸੀ ਜਿਵੇਂ ਵਖ਼ਿਆਨ ਸੁਣਨ ਦੀ ਹੁਣ ਉਹਦੀ ਵਾਰੀ ਸੀ। ਸਾਰਿਆਂ ਵਲੋਂ ਜ਼ੋਰ
ਪਾਉਣ ਦੇ ਬਾਵਜੂਦ ਵੀ ਉਹ ਸਿਰਫ਼ ਦਸ ਰੁਪੈ ਹੋਰ ਰੱਖਣੇ ਮੰਨਿਆਂ। ਬਲਵੰਤ ਨੇ ਉਹਦਾ ਧੰਨਵਾਦ ਕੀਤਾ
ਅਤੇ ਜਦੋਂ ਸਾਰੇ ਜਣੇ ਗੱਡੀ ਵਲ ਨੂੰ ਵਧੇ ਤਾਂ ਉਹ ਫ਼ੇਰ ਫੌਜੀ ਨੂੰ ਮੁਖ਼ਾਤਿਬ ਹੋਇਆ, “ਸਪੇਅਰ ਦਾ
ਬਹੁਤ ਈ ਸਲੋਅ ਪੈਂਚਰ ਐ, ਕੱਲ੍ਹ ਨੂੰ ਲੁਆ ਲਈਂ, ਮੈਨੂੰ ਹੁਣ ਛੇਤੀ ਸੀ ਨਹੀਂ ਤਾਂ ਮੈਂ ਹੀ ਲਗਾ
ਦਿੰਦਾ, ਸਵਾਰੀਆਂ ਦੇ ਆਰਾਮ ਦਾ ਪੂਰਾ ਖ਼ਿਆਲ ਰੱਖਿਆ ਕਰੋ ਬਈ”।
ਉਹਨੂੰ ਬਾਏ ਬਾਏ ਕਰਕੇ ਜਦੋਂ ਉਨ੍ਹਾਂ ਨੇ ਗੱਡੀ ਤੋਰੀ ਤਾਂ ਬਲਵੰਤ ਨੇ ਨੋਟ ਕੀਤਾ ਕਿ ਫੌਜੀ ਆਪਣੇ
ਆਪ ਵਿੱਚ ਸ਼ਰਮਿੰਦਾ ਸੀ। ਬਲਵੰਤ ਨੇ ਵੀ ਉਸ ਨੂੰ ਹੋਰ ਕੁੱਝ ਕਹਿਣਾ ਮੁਨਾਸਿਬ ਨਾ ਸਮਝਿਆ, ਦੁਕਾਨਦਾਰ
ਨੇ ਹੀ ਉਹਦਾ ਘਰ ਪੂਰਾ ਕਰ ਦਿੱਤਾ ਸੀ। ਦੁਕਾਨਦਾਰ ਦੀ ਕਾਰੂੰ ਬਾਦਸ਼ਾਹ ਵਾਲੀ ਗੱਲ ਬਲਵੰਤ ਦੇ ਜ਼ਿਹਨ
`ਚ ਚੱਕਰ ਲਗਾ ਰਹੀ ਸੀ ਤੇ ਉਹ ਸੋਚ ਰਿਹਾ ਸੀ ਕਿ ਕੀ ਤੋਪਾਂ, ਪਸ਼ੂਆਂ ਦੇ ਚਾਰੇ, ਖ਼ਾਦ, ਟੈਲੀਫ਼ੂਨ,
ਹੋਰ ਤਾਂ ਹੋਰ ਦੇਸ਼ ਦੀਆਂ ਸਰਹੱਦਾਂ ਦੇ ਰਖ਼ਵਾਲੇ ਸ਼ਹੀਦਾਂ ਦੇ ਕਫ਼ਨਾਂ `ਚੋਂ ਵੀ ਕਰੋੜਾਂ ਰੁਪਇਆ ਖਾਣ
ਵਾਲੇ ਲੋਕਾਂ ਨੇ ਕਦੇ ਕਾਰੂੰ ਦੀ ਕਹਾਣੀ ਨਾ ਸੁਣੀ ਹੋਵੇਗੀ? ਕੀ ਇਹਨਾਂ ਲੋਕਾਂ ਨੂੰ ਕਦੀ ਮਰਨ ਦਾ
ਖ਼ਿਆਲ ਨਹੀਂ ਆਉਂਦਾ?
ਬਲਵੰਤ ਨੂੰ ਖ਼ਿਆਲਾਂ `ਚ ਡੁੱਬਿਆ ਦੇਖ਼ਕੇ ਫ਼ੌਜੀ ਬੋਲਿਆ, “ਭਾ ਜੀ, ਬੰਦਾ ਕਾਹਦਾ ਦੇਵਤਾ ਸੀ ਟੈਰ
ਸਰਵਿਸ ਵਾਲਾ”।
ਬਲਵੰਤ ਕਹਿਣ ਲੱਗਾ,” ਫ਼ੌਜੀਆ, ਜੇ ਤੂੰ ਕਿਤੇ ਸਵੇਰੇ ਜੁੱਤੀਆਂ ਗੰਢਣ ਵਾਲੇ ਬਜ਼ੁਰਗ ਨੂੰ ਦੇਖ਼ ਲੈਂਦਾ
ਤਾਂ ਤੈਨੂੰ ਸਾਖ਼ਸ਼ਾਤ ਰੱਬ ਦੇ ਦਰਸ਼ਨ ਹੋ ਜਾਣੇ ਸੀ,” ਫ਼ੌਜੀ ਨੇ ਬਲਵੰਤ ਵਲ ਇੰਜ ਵੇਖਿਆ ਜਿਵੇਂ ਉਹਨੇ
ਕੋਈ ਅਨਹੋਣੀ ਗੱਲ ਕਹਿ ਦਿਤੀ ਹੋਵੇ।
ਨਿਰਮਲ ਸਿੰਘ ਕੰਧਾਲਵੀ