.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਰੁਮਾਲਿਆਂ ਦੀ ਬਹੁਤਾਤ

ਸਿੱਖ ਰਹਿਤ ਮਰਯਾਦਾ ਦੇ ਪੰਨਾ ੧੩ `ਤੇ (ੲ) ਭਾਗ ਵਿੱਚ ਲਿਖਿਆ ਹੈ ਕਿ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਨਮਾਨ ਨਾਲ ਪ੍ਰਕਾਸ਼ਿਆ, ਪੜ੍ਹਿਆ ਤੇ ਸੰਤੋਖਿਆ ਜਾਵੇ। ਪ੍ਰਕਾਸ਼ ਲਈ ਜ਼ਰੂਰੀ ਹੈ ਕਿ ਸਥਾਨ ਸਾਫ਼- ਸੁਥਰਾ ਹੋਵੇ। ਪ੍ਰਕਾਸ਼ ਮੰਜੀ ਸਾਹਿਬ `ਤੇ ਸਾਫ਼ ਸੁਥਰੇ ਬਸਤਰ ਵਿਛਾ ਕੇ ਕੀਤਾ ਜਾਵੇ। ਸਿਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲ਼ ਕੇ ਪ੍ਰਕਾਸ਼ਨ ਲਈ ਗਦੇਲੇ ਆਦਿ ਸਮਿਆਨ ਵਰਤੇ ਜਾਣ ਅਤੇ ਉੱਪਰ ਲਈ ਰੁਮਾਲ ਹੋਵੇ। ਜਦ ਪਾਠ ਨਾ ਹੁੰਦਾ ਹੋਵੇ ਤਾਂ ਰੁਮਾਲ ਪਿਆ ਰਹੇ। ਪ੍ਰਕਾਸ਼ ਵੇਲੇ ਚੌਰ ਭੀ ਚਾਹੀਏ।
ਸਿੱਖ ਰਹਿਤ ਮਰਯਾਦਾ ਦੇ ਪੰਨਾ ੧੮ ਦੇ (ਅ) ਭਾਗ ਵਿੱਚ ਲਿਖਿਆ ਹੈ ਕਿ ਭੋਗ ਸਮੇਂ ਸਿਰੀ ਗੁਰੂ ਗ੍ਰੰਥ ਸਾਹਿਬ ਦੀ ਲੋੜ ਅਨੁਸਾਰ ਰੁਮਾਲ, ਚੌਰ, ਚਾਦਨੀ ਆਦਿ ਦੀ ਭੇਟਾ ਅਤੇ ਪੰਥਕ ਕਾਰਜਾਂ ਲਈ ਯਥਾ-ਸ਼ਕਤਿ ਅਰਦਾਸ ਕਰਾਈ ਜਾਵੇ।
ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਪੀੜ੍ਹਾ, ਚਾਦਨੀ, ਰੁਮਾਲੇ, ਚੌਰ, ਗਦੇਲਾ ਤੇ ਤਿੰਨ ਛੋਟੇ ਸੁਰੈਹਣੇ ਹੋਣੇ ਚਾਹੀਦੇ ਹਨ। ਪ੍ਰਕਾਸ਼ ਕਰਨ ਸਮੇਂ ਆਲਾ ਦੁਆਲਾ ਸਾਫ਼-ਸੁਥਰਾ ਹੋਵੇ। ਰਹਿਤ ਮਰਯਾਦਾ ਵਿੱਚ ਸਪੱਸ਼ਟ ਲਿਖਿਆ ਹੋਇਆ ਹੈ ਕਿ ਲੋੜ ਅਨੁਸਾਰ ਸਮਾਨ ਦਿੱਤਾ ਜਾਣਾ ਚਾਹੀਦਾ ਹੈ ਬਾਕੀ ਭੇਟਾ ਪੰਥਕ ਕਾਰਜਾਂ ਲਈ ਦਿੱਤੀ ਜਾਏ।
ਹੋਇਆ ਇਹ ਹੈ ਕਿ ਕੁੱਝ ਡੇਰਾਵਾਦੀ ਬਿਰਤੀ ਜਾਂ ਆਪੇ ਬਣੇ ਗ੍ਰੰਥੀ ਪਰਚਾਰਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਹੇ! ਗੁਰੂ ਗ੍ਰੰਥ ਸਾਹਿਬ ਜੀ ਅਸੀਂ ਤੁਹਾਨੂੰ ਜਿਸ ਤਰ੍ਹਾਂ ਰੁਮਾਲਾ ਦਿੱਤਾ ਹੈ ਤੇ ਪੜਦੇ ਢੱਕੇ ਹਨ ਏਸੇ ਤਰ੍ਹਾਂ ਹੀ ਤੁਸੀਂ ਸਾਡੇ ਲੋਕ ਤੇ ਪ੍ਰਲੋਕ ਵਿੱਚ ਵੀ ਪੜਦੇ ਢੱਕਿਆ ਜੇ, ਤੇ ਨਾਲ ਹੀ ਬਾਹਰਲੀ ਧਾਰਨਾ ਲਾ ਕੇ ਸੰਗਤਾਂ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ। —
ਦਿੱਤਾ ਪ੍ਰੇਮ ਦਾ ਪਟੋਲਾ ਤੇਰਿਆਂ ਸੇਵਕਾਂ ਨੇ,
ਦਿੱਤਾ ਪ੍ਰੇਮ ਦਾ ਪਟੋਲਾ ਤੇਰਿਆਂ ਸੇਵਕਾਂ ਨੇ।
ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ ਢਕਣ ਕੂ ਪਤਿ ਮੇਰੀ, ਤੇਰਿਆਂ ਸੇਵਕਾ ਨੇ----
ਪਹਿਲਾਂ ਆਪ ਪੜ੍ਹਨਾ ਤੇ ਫਿਰ ਪਿੱਛੇ ਸਾਰੀ ਸੰਗਤ ਨੂੰ ਪੜ੍ਹਨ ਲਈ ਕਿਹਾ ਜਾਂਦਾ ਸੀ। ਇਸ ਮਗਰੋਂ ਗੁਰਬਾਣੀ ਦਾ ਸਲੋਕ ਪੜ੍ਹਿਆ ਜਾਂਦਾ ਸੀ—
ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ।।
ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ।।
ਸਲੋਕ ਮ: ੫ ਪੰਨਾ ੫੨੦
ਜਦ ਕਿ ਇਸ ਸਲੋਕ ਦੇ ਅਰਥ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਦੇਣ ਦੇ ਨਹੀਂ ਹਨ ਜੇਹਾ ਕਿ---
(ਹੇ ਪ੍ਰਭੂ!) ਤੇਰੇ ਸਿਮਰਨ (ਦੀ ਬਰਕਤਿ) ਨਾਲ ਮੈਂ (ਮਾਨੋ) ਹਰੇਕ ਪਦਾਰਥ ਲੱਭ ਲਿਆ ਹੈ, (ਤੇ ਜ਼ਿੰਦਗੀ ਵਿਚ) ਕੋਈ ਔਖਿਆਈ ਨਹੀਂ ਵੇਖੀ। ਹੇ ਨਾਨਕ! ਜਿਸ ਮਨੁੱਖ ਦੀ ਇੱਜ਼ਤ ਮਾਲਕ ਆਪ ਰੱਖੇ, (ਉਸ ਦੀ ਇੱਜ਼ਤ ਨੂੰ ਹੋਰ) ਕੋਈ ਨਹੀਂ ਮਿਟਾ ਸਕਦਾ। ੨।
ਆਮ ਸੰਗਤ ਨੇ ਸਮਝ ਲਿਆ ਕਿ ਜਿਸ ਤਰ੍ਹਾਂ ਅਸੀਂ ਗੁਰੂ ਸਾਹਿਬ ਜੀ ਨੂੰ ਰੁਮਲਾ ਦੇਂਦੇ ਹਾਂ ਏਸੇ ਤਰ੍ਹਾਂ ਗੁਰੂ ਜੀ ਖੁਸ਼ ਹੋ ਕੇ ਸਾਨੂੰ ਵੀ ਬਹੁਤ ਧੰਨ ਦੌਲਤ ਦੇ ਦੇਣਗੇ ਤੇ ਸਾਡੇ ਹਮੇਸ਼ਾਂ ਪੜਦੇ ਢੱਕਦੇ ਰਹਿਣਗੇ।
ਦੇਖੋ ਦੇਖੀ ਗੁਰਦੁਆਰਿਆਂ ਵਿੱਚ ਲੋਕਾਂ ਨੇ ਰੁਮਾਲੇ ਚੜ੍ਹਾਉਣੇ ਸ਼ੁਰੁ ਕਰ ਦਿੱਤੇ। ਘਰਾਂ ਵਿੱਚ ਤੇ ਉਂਜ ਵੀ ਹਰ ਸਮਾਗਮ `ਤੇ ਕੇਵਲ ਰੁਮਾਲੇ ਹੀ ਚੜ੍ਹਨੇ ਸ਼ੁਰੂ ਹੋ ਗਏ।
ਸਾਡਿਆਂ ਪਿੰਡਾਂ ਵਿੱਚ ਜਦ ਦੀ ਹੋਸ਼ ਸੰਭਾਲ਼ੀ ਹੈ ਪਹਿਲਾਂ ਪਹਿਲ ਕੇਵਲ ਇੱਕ ਹੀ ਰੁਮਾਲਾ ਚੜ੍ਹਾਇਆ ਜਾਂਦਾ ਸੀ। ਪਲਕਾਂ ਹੋਰ ਰੰਗ ਦੀਆਂ ਹੁੰਦੀਆਂ ਸੀ ਤੇ ਰੁਮਾਲਾ ਹੋਰ ਰੰਗ ਦਾ ਹੁੰਦਾ ਸੀ। ਕੁਲ ਮਿਲਾ ਕੇ ਗਰੀਬੀ ਦਾਵ੍ਹੇ ਵਾਲਾ ਕੰਮ ਹੁੰਦਾ ਸੀ। ਪਰ ਸਿੱਖੀ ਭਾਵਨਾ ਨੂੰ ਸਮਝਣ ਵਾਲਾ ਸਾਰਾ ਪਿੰਡ ਹੁੰਦਾ ਸੀ। ਫਿਰ ਹੌਲੀ ਹੌਲੀ ਦੋ ਰੁਮਾਲੇ ਤੇ ਦੋ ਪਲਕਾਂ ਚੜ੍ਹਾਉਣੀਆਂ ਸ਼ੁਰੂ ਹੋਈਆਂ। ਫਿਰ ਜਿਸ ਘਰ ਵਿੱਚ ਵੀ ਪ੍ਰੋਗਰਾਮ ਹੋਣਾ ਉਸ ਘਰੋਂ ਵਧੀਆ ਰੁਮਾਲੇ ਚੜ੍ਹਨੇ ਸ਼ੁਰੂ ਹੋ ਗਏ। ਦਰ ਅਸਲ ਜਿਵੇਂ ਜਿਵੇਂ ਆਰਥਕ ਪੱਖ ਠੀਕ ਹੋਣਾ ਸ਼ੁਰੂ ਹੋਇਆ ੳਸੇ ਤਰ੍ਹਾਂ ਹੀ ਕਈ ਰੀਤੀ ਰਿਵਾਜ ਵੀ ਨਵੇਂ ਰੂਪ ਵਿੱਚ ਸਭ ਦੇ ਸਾਹਮਣੇ ਆਏ।
ਜਿਸ ਤਰ੍ਹਾਂ ਆਰਥਿਕ ਪੱਖ ਸੌਖਾ ਹੁੰਦਾ ਗਿਆ ਓਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਦਾ ਰੁਝਾਨ ਵੀ ਸ਼ੂਰੂ ਹੋ ਗਿਆ ਹੈ। ਜਦੋਂ ਸਿੰਘਾਂ ਨੂੰ ਜੰਗਲ਼ਾਂ ਵਿੱਚ ਵਿਚਰਨਾ ਪਿਆ ਤਾਂ ਘੋੜਿਆਂ ਦੀਆਂ ਕਾਠੀਆਂ `ਤੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਇੱਕ ਥਾਂ ਤੋਂ ਦੂਜੀ ਥਾਂ `ਤੇ ਲਿਜਾਇਆ ਜਾਂਦਾ ਰਿਹਾ ਸੀ। ਜੇਹੋ ਜੇਹੇ ਹਾਲਤ ਹੋਣੇ ਓਸੇ ਤਰ੍ਹਾਂ ਹੀ ਆਪਣਾ ਕੰਮ ਸਾਰ ਲੈਣਾ।
ਡੇਰਾਵਾਦ ਦੀ ਹੋਂਦ ਸ਼ੁਰੂ ਹੁੰਦਿਆ ਹੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨੁੱਖੀ ਸਰੀਰ ਰੂਪ ਵਿੱਚ ਲਿਆ ਕੇ ਮਨੁੱਖੀ ਸਰੀਰ ਵਾਂਗ ਪੂਜਾ ਸ਼ੂਰੂ ਕਰ ਦਿੱਤੀ ਤੇ ਦੇਖਾ ਦੇਖੀ ਹੌਲ਼ੀ ਹੌਲ਼ੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਰਮੀਆਂ ਵਿੱਚ ਠੰਡੇ ਰੁਮਾਲੇ ਤੇ ਸਰਦੀਆਂ ਵਿੱਚ ਗਰਮ ਰੁਮਾਲੇ ਦੇਣੇ ਸ਼ੁਰੂ ਕਰ ਦਿੱਤੇ। ਅੰਨ੍ਹੀ ਸ਼ਰਧਾਂ ਵਾਲਿਆਂ ਨੇ ਲੋੜ ਤੋਂ ਬਿਨਾ ਹੀ ਕੂਲਰ, ਏ. ਸੀ. ਤੇ ਸਰਦੀਆਂ ਵਿੱਚ ਹੀਟਰ ਲਗਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਸ਼ੂਰੂ ਕਰ ਦਿੱਤੀ। ਏਸੇ ਤਰ੍ਹਾਂ ਹੀ ਵੱਡੀਆਂ ਰਜਾਈਆਂ ਤੇ ਕੰਬਲ਼ਾਂ ਦੀ ਵਰਤੋਂ ਹੋਣ ਲੱਗ ਪਈ।
ਇਹ ਸਾਰਾ ਕੁੱਝ ਹੋਣ ਦੇ ਬਾਵਜੂਦ ਵੀ ਸਿੱਖ ਦਿਨ-ਬ-ਦਿਨ ਗੁਰਬਾਣੀ ਸਿਧਾਂਤ ਨਾਲੋਂ ਦੂਰ ਹੁੰਦਾ ਚਲਾ ਗਿਆ। ਹੁਣ ਕਈ ਥਾਂਈ ਪੀੜ੍ਹੇ ਦੇ ਥੱਲੇ ਵੀ ਮੋਟਾ ਗਦੇਲਾ ਰੱਖਿਆ ਹੁੰਦਾ ਹੈ।
ਦਰਬਾਰ ਸਾਹਿਬ ਸ੍ਰਿੀ ਅੰਮ੍ਰਿਤਸਰ ਹਰ ਮਹੀਨੇ ਵਿੱਚ ਲੱਖਾਂ ਰੁਪਇਆਂ ਦੇ ਰੁਮਾਲੇ ਚੜ੍ਹਦੇ ਹਨ। ਇੱਕ ਵਾਰ ਜਿਹੜਾ ਰੁਮਾਲਾ ਚੜ੍ਹ ਗਿਆ ਮੁੜ ਕੇ ਉਹ ਨਹੀਂ ਚੜ੍ਹਾਇਆ ਜਾਂਦਾ।
ਰਹਿਤ ਮਰਯਾਦਾ ਵਿੱਚ ਲਿਖਿਆ ਹੋਇਆ ਹੈ ਕਿ ਲੋੜ ਅਨੁਸਾਰ ਸੇਵਾ ਕੀਤੀ ਜਾਣੀ ਚਾਹੀਦੀ ਹੈ। ਅੱਜ ਕਿਸੇ ਵੀ ਗੁਰਦੁਆਰੇ ਚਲੇ ਜਾਉ ਰੁਮਾਲਿਆਂ ਦੇ ਢੇਰ ਲੱਗੇ ਹੁੰਦੇ ਹਨ। ਅਲਮਾਰੀਆਂ ਰੁਮਾਲਿਆਂ ਨਾਲ ਤੂਸੀਆਂ ਪਈਆਂ ਹਨ, ਰੱਖਣ ਲਈ ਕੋਈ ਜਗ੍ਹਾ ਨਹੀਂ ਹੈ। ਅਮਰੀਕਾ ਦੇ ਇੱਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਦੱਸਿਆ ਕਿ ਸਰਕਾਰੀ ਮਹਿਕਮੇ ਪਾਸੋਂ ਆਗਿਆ ਲੈ ਕੇ ਹਜ਼ਾਰਾ ਡਾਲਰਾਂ ਦਿਆਂ ਰੁਮਾਲਿਆਂ ਨੂੰ ਅਗਨ ਭੇਟ ਕਰਨਾ ਪਿਆ ਕਿਉਂ ਕਿ ਸਾਡੇ ਪਾਸ ਥਾਂ ਹੀ ਕੋਈ ਨਹੀਂ ਹੈ ਜਿੱਥੇ ਰੁਮਾਲੇ ਰੱਖੇ ਜਾਣ। ਸੰਗਤ ਨੂੰ ਲੱਖ ਬੇਨਤੀ ਕਰਨ ਦੇ ਬਾਵਜੂਦ ਵੀ ਰੁਮਾਲਿਆਂ ਵਿੱਚ ਕੋਈ ਕਮੀ ਨਹੀਂ ਆਈ ਹੈ।
ਹੁਣ ਰੁਮਾਲਿਆਂ ਤੋਂ ਅਗਾਂਹ ਦੀ ਗੱਲ ਹੋ ਗਈ ਹੈ। ਜਿੱਥੇ ਪ੍ਰਕਾਸ਼ ਕੀਤਾ ਜਾਂਦਾ ਹੈ ਉਹ ਸਾਰੀ ਸਟੇਜ ਹੀ ਇਕੋ ਰੰਗ ਦੇ ਰੁਮਾਲਿਆਂ ਨਾਲ ਢੱਕੀ ਜਾਂਦੀ ਹੈ ਤੇ ਚੰਦੋਆ ਵੀ ਇਕੋ ਰੰਗ ਦਾ ਹੀ ਹੁੰਦਾ ਹੈ। ਬੜੀ ਚੰਗੀ ਗੱਲ ਹੈ ਕਿ ਸਟੇਜ ਦੀ ਦਿੱਖ ਸੋਹਣੀ ਲੱਗਦੀ ਹੈ। ਜੇ ਏੱਥੇ ਗੱਲ ਰੁਕ ਜਾਵੇ ਤਾਂ ਬਹੁਤ ਚੰਗੀ ਗੱਲ ਹੈ ਪਰ ਦੁਖਾਂਤ ਇਹ ਹੈ ਕਿ ਹਰ ਪਰਵਾਰ ਹੀ ਹਰ ਰੋਜ਼ ਮਹਿੰਗੇ ਤੋਂ ਮਹਿੰਗੇ ਇਹਨਾਂ ਸਾਰਿਆਂ ਰੁਮਾਲਿਆਂ ਨੂੰ ਭੇਟਾ ਕਰ ਰਿਹਾ ਹੈ। ਇਹਨਾਂ ਸਾਰਿਆਂ ਰੁਮਾਲਿਆਂ ਨੂੰ ਸੈੱਟ ਕਿਹਾ ਜਾਂਦਾ ਹੈ। ਏਹੋ ਜੇਹੇ ਸੈੱਟ ਗੁਰ-ਪੁਰਬਾਂ `ਤੇ ਬਹੁਤ ਇਕੱਠੇ ਹੋ ਜਾਂਦੇ ਹਨ। ਕਈ ਸੈੱਟ ਸਿਰਫ ਇੱਕ ਵਾਰ ਹੀ ਚੜ੍ਹਾਏ ਜਾਂਦੇ ਹਨ। ਮੁੜ ਕੇ ਉਹਨਾਂ ਦੀ ਵਾਰੀ ਹੀ ਨਹੀਂ ਆਉਂਦੀ।
ਰੁਮਾਲਿਆਂ ਦੀ ਗਿਣਤੀ ਵਿੱਚ ਵਾਧਾ ਦੁਕਾਨਦਾਰਾਂ ਵਲੋਂ—
ਜਦੋਂ ਵੀ ਕੋਈ ਪਰਵਾਰ ਵਿਆਹ ਸ਼ਾਦੀ ਜਾਂ ਕਿਸੇ ਵੀ ਪ੍ਰੋਗਰਾਮ ਲਈ ਬਜਾਜੀ ਦੀ ਦੁਕਾਨ ਤੋਂ ਕਪੜਾ ਖਰੀਦਣ ਜਾਂਦਾ ਹੈ, ਤਾਂ ਦੁਕਾਨ ਦਾਰ ਸਾਡੀ ਸ਼ਰਧਾ ਵਾਲੀ ਮਾਨਸਿਕ ਭਾਵਨਾ ਦਾ ਨਜਾਇਜ਼ ਫਾਇਦਾ ਉਠਾਉਂਦਿਆਂ ਕਹੇਗਾ, ‘ਜੀ ਘਰ ਲਈ ਕਪੜਾ ਖਰੀਦਣ ਤੋਂ ਪਹਿਲਾਂ ਬਾਬਾ ਜੀ ਲਈ ਬਸਤਰ ਖਰੀਦੋ ਤਾਂ ਹੀ ਤੁਹਾਡੀ ਪੂਰੀ ਪਏਗੀ। ਗੁਰੂ ਜੀ ਫਿਰ ਤੁਹਾਡੇ ਸਾਰੇ ਕਾਰਜ ਰਾਸ ਕਰੇਗਾ`। ਦੁਕਾਨਦਾਰ ਮੂੰਹ ਮੰਗਿਆ ਦਾਮ ਰੁਮਾਲੇ ਦਾ ਲਗਾਉਂਦਾ ਹੈ। ਜਿੱਥੇ ਦੁਕਾਨਦਾਰ ਰੁਮਾਲਾ ਮਹਿੰਗਾ ਵੇਚਦਾ ਹੈ ਓੱਥੇ ਕਪੜੇ ਦੇ ਭਾਅ ਵੀ ਫਿਰ ਆਪਣੀ ਮਰਜ਼ੀ ਨਾਲ ਹੀ ਠੋਕਦਾ ਹੈ। ਗੁਰੂ ਦੇ ਨਾਂ `ਤੇ ਕੋਈ ਵੀ ਸਿੱਖ ਕਦੇ ਵੀ ਕੋਈ ਉਜਰਦਾਰੀ ਨਹੀਂ ਕਰਦਾ ਤੇ ਨਾ ਹੀ ਰੁਮਾਲੇ ਦਾ ਭਾਅ ਤਹਿ ਕਰਦਾ ਹੈ। ਦੁਕਾਨਦਾਰ ਦੇ ਕਹੇ ਤੇ ਸਿੱਖ ਸਭ ਤੋਂ ਪਹਿਲਾਂ ਰੁਮਾਲਾ ਹੀ ਖਰੀਦ ਦਾ ਹੈ। ਲੜਕੀ ਲੜਕਾ ਦੋਵੇਂ ਹੀ ਅਨੰਦਕਾਰਜ ਦੇ ਸਮੇਂ ਰੁਮਾਲੇ ਚੜ੍ਹਾਉਂਣਾ ਜ਼ਰੂਰੀ ਸਮਝਦੇ ਹਨ।
ਰੁਮਾਲਿਆਂ ਦੀ ਸੁੱਖਣਾ—
ਬਹੁਤਿਆਂ ਪਰਵਾਰਾਂ ਨੇ ਰੁਮਾਲਿਆਂ ਦੀਆਂ ਸੁੱਖਣਾ ਸੁੱਖੀਆਂ ਹੁੰਦੀਆਂ ਹਨ। ਮੀਂਹ ਜਾਏ ਜਾਂ ਹਨੇਰੀ ਜਾਏ ਸੁੱਖਣਾ ਤਾਂ ਹਰ ਪਰਵਾਰ ਨੇ ਪੂਰੀ ਕਰਨੀ ਹੀ ਹੁੰਦੀ ਹੈ। ਲੜਕੇ ਦੇ ਬਾਹਰਲੇ ਮੁਲਕ ਵਿੱਚ ਜਾਣ ਦੀ ਸੁੱਖਣਾ, ਵਿਆਹ ਦੀ ਸੁੱਖਣਾ, ਮੁਕਦਮੇ ਵਿਚੋਂ ਬਰੀ ਹੋਣ ਦੀ ਸੁੱਖਣਾ ਗੱਲ ਕੀ ਹਰ ਪ੍ਰਕਾਰ ਦੀ ਸੁੱਖਣਾ ਵਿੱਚ ਅਸੀਂ ਉਲਝੇ ਪਏ ਹੋਏ ਹਾਂ।
ਬਹੁਤਿਆਂ ਗੁਰਦੁਆਰਿਆਂ ਵਿੱਚ ਸਾਰਾ ਦਿਨ ਰੁਮਾਲੇ ਏੰਨੇ ਆਉਂਦੇ ਹਨ ਕਿ ਗ੍ਰੰਥੀ ਸਿੰਘ ਫਿਰ ਕੇਵਲ ਪੀੜ੍ਹੇ ਦੇ ਨਾਲ ਛੁਹਾ ਛੁਹਾ ਕਿ ਹੀ ਇੱਕ ਪਾਸੇ ਕਰਕੇ ਰੱਖੀ ਜਾਂਦਾ ਹੈ। ਜਿਸ ਤਰ੍ਹਾਂ ਦਰਬਾਰ ਸਾਹਿਬ ਅੰਮ੍ਰਿਤਸਰ ਰੋਜ਼ ਹੁੰਦਾ ਹੈ।
ਸਿੱਖ ਰਹਿਤ ਮਰਯਾਦਾ ਵਿੱਚ ਇਹ ਵੀ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲ ਤੋਂ ਚੋਲ਼ਾ ਬਣਾ ਕੇ ਪਾਉਣਾ ਮਨਮਤ ਹੈ।
ਸਾਨੂੰ ਕਰਨਾ ਕੀ ਚਾਹੀਦਾ ਹੈ—
ਜਿਸ ਤਰ੍ਹਾਂ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਕਿ ਲੋੜ ਅਨੁਸਾਰ ਸੇਵਾਂਵਾਂ ਨਿਭਾਈਆਂ ਜਾਣ। ਜਦੋਂ ਵੀ ਘਰ ਵਿੱਚ ਜਾਂ ਗੁਰਦੁਆਰਾ ਵਿਖੇ ਕੋਈ ਪ੍ਰੋਗਰਾਮ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਗ੍ਰੰਥੀ ਸਿੰਘ ਜਾਂ ਪ੍ਰਬੰਧਕਾਂ ਪਾਸੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਅਸੀਂ ਏੰਨੀ ਕੁ ਪੈਸਿਆਂ ਦੀ ਸੇਵਾ ਕਰਨੀ ਚਹੁੰਦੇ ਹਾਂ ਦਸੋ ਕਿਹੜੀ ਸੇਵਾ ਕਰੀਏ। ਸੰਗਤ ਦੀ ਜ਼ਰੂਰਤ ਅਨੁਸਾਰ ਹੀ ਸੇਵਾ ਕਰਨੀ ਬਣਦੀ ਹੈ।
ਰੁਮਾਲਿਆਂ ਦੀ ਜਗ੍ਹਾ `ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਦੁਆਰਾ ਤਿਆਰ ਕੀਤਾ ਗੁਰੂ ਗ੍ਰੰਥ ਸਾਹਿਬ ਦਰਪਣ ਗੁਰਦੁਆਰਿਆਂ ਵਿੱਚ ਦੇਣਾ ਚਾਹੀਦਾ ਹੈ ਤਾਂ ਕੇ ਕੋਈ ਵੀ ਗੁਰਬਾਣੀ ਅਰਥਾਂ ਦੀ ਜਾਣਕਾਰੀ ਲੈ ਸਕੇ।
ਸੰਗਤ ਦੀ ਭਰਪੂਰ ਜਾਣਕਾਰੀ ਲਈ ਰੁਮਾਲਿਆਂ ਦੀ ਥਾਂ `ਤੇ ਚੰਗੀਆਂ ਪੁਸਤਕਾਂ ਦੇਣੀਆਂ ਲਾਹੇਵੰਦ ਸੇਵਾ ਹੋਵੇਗੀ।
ਗੁਰਦੁਆਰਿਆਂ ਵਿੱਚ ਰੁਮਾਲਿਆਂ ਦੀ ਥਾਂ `ਤੇ ਸਕੂਲਾਂ ਕਾਲਜਾਂ ਦੀਆਂ ਪੁਸਤਕਾਂ ਦੇ ਕੇ ਵੀ ਸੇਵਾਂਵਾਂ ਨਿਭਾਈਆਂ ਜਾ ਸਕਦੀਆਂ ਹਨ।
ਗੁਰਦੁਆਰਿਆਂ ਵਿੱਚ ਜਿੰਮ ਬਣਾਉਣ ਲਈ ਸੇਵਾਂਵਾਂ ਕੀਤੀਆਂ ਜਾ ਸਕਦੀਆਂ ਹਨ।
ਹੋਰ ਬਹੁਤ ਸਾਰੀਆਂ ਲੋਕ ਭੁਲਾਈ ਦੀਆਂ ਸੇਵਾਂਵਾਂ ਹਨ ਜੋ ਕੀਤੀਆਂ ਜਾ ਸਕਦੀਆਂ ਹਨ ਪਰ ਰੁਮਾਲੇ ਲੋੜ ਅਨੁਸਾਰ ਹੀ ਚੜ੍ਹਾਉਣੇ ਚਾਹੀਦੇ ਹਨ।
ਚੰਗੇ ਮੈਗ਼ਜ਼ੀਨ ਅਖ਼ਬਾਰਾਂ ਦੇ ਚੰਦੇ ਕੇ ਕੇ ਸੇਵਾ ਕੀਤੀ ਜਾ ਸਕਦੀ ਹੈ। ਗੁਰਦੁਆਰਿਆਂ ਵਿੱਚ ਸ਼ੁੱਧ ਪਾਣੀ ਪੀਣ ਲਈ ਵਧੀਆ ਕਿਸਮ ਦੇ ਫਿਲਟਰ ਲਵਾ ਕੇ ਸੇਵਾ ਕੀਤੀ ਜਾ ਸਕਦੀ ਹੈ।
ਸਕੂਲਾਂ ਕਾਲਜਾਂ ਵਿੱਚ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਲੈ ਕੇ ਦਿੱਤੀਆਂ ਜਾ ਸਕਦੀਆਂ ਹਨ। ਘਰ ਵਿੱਚ ਕੰਮ ਕਰਨ ਵਾਲੇ ਦੀ ਸਹਾਇਤਾ ਕੀਤੀ ਜਾ ਸਕਦੀ ਹੈ।
ਰੁਮਾਲਿਆਂ ਦੀ ਥਾਂ `ਤੇ ਲਾਇਬ੍ਰੇਰੀ ਕਾਇਮ ਕੀਤੀ ਜਾਣੀ ਚਾਹੀਦੀ ਹੈ।
ਇਸ ਵਹਿਮ ਵਿਚੋਂ ਬਾਹਰ ਆਉਣਾ ਚਾਹੀਦਾ ਹੈ ਅਖੰਡ ਪਾਠ ਕਰਉਣ ਵੇਲੇ ਜਾਂ ਕਿਸੇ ਵੀ ਸਮਾਗਮ ਵੇਲੇ ਰੁਮਾਲਾ ਚੜਾਉਣਾ ਬਹੁਤ ਜ਼ਰੂਰੀ ਨਹੀਂ ਹੈ। ਰਹਿਤ ਮਰਯਾਦਾ ਅਨੁਸਾਰ ਹੋਰ ਸੇਵਾਂਵਾਂ ਵੀ ਨਿਭਾਈਆਂ ਜਾ ਸਕਦੀਆਂ ਹਨ—
ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ।।
ਸਲੋਕ ਮ: ੪ ਪੰਨਾ ੩੧੪




.