.

ਸ਼੍ਰੋਮਣੀ ਕਮੇਟੀ ਕਰ ਰਹੀ ਹੈ… ਧਰਮ ਪ੍ਰਚਾਰ ਜਾਂ ਫੈਲਾਅ ਰਹੀ ਹੈ …ਕਰਮਕਾਂਡ।
-ਰਘਬੀਰ ਸਿੰਘ ਮਾਨਾਂਵਾਲੀ

ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਅਤੇ ਸਿੱਖੀ ਸਿਧਾਂਤਾਂ ਨੂੰ ਲਾਗੂ ਕਰਨ ਅਤੇ ਉਹਨਾਂ `ਤੇ ਪਹਿਰਾ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਸਖ਼ਤ ਘਾਲਣਾਵਾਂ ਕਰਕੇ ਅਤੇ ਕੁਰਬਾਨੀਆਂ ਦੇ ਕੇ ਕੀਤੀ ਗਈ ਸੀ। ਇਸ ਦੀ ਮਹਾਨਤਾ ਇਹ ਵੀ ਹੈ ਕਿ ਇਸ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹੈ। ਕਮੇਟੀ ਦੀ ਸਥਾਪਨਾ ਸਮੇਂ ਇਹ ਆਸ ਕੀਤੀ ਗਈ ਸੀ ਕਿ ਇਹ ਸਿੱਖ ਧਰਮ ਨੂੰ ਚੜ੍ਹਦੀਆਂ ਕਲਾ ਅਤੇ ਬੁਲੰਦੀਆਂ ਤੇ ਲੈ ਕੇ ਜਾਵੇਗੀ। ਗੁਰੂ ਨਾਨਕ ਦੇ ਗੁਰਬਾਣੀ ਸਿਧਾਂਤ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾਵੇਗੀ। ਗਰੀਬ ਗੁਰਬੇ ਦੀ ਮਦਦ ਕਰੇਗੀ, ਕੌਮ ਦੇ ਵਾਰਿਸ ਨੌਜਵਾਨਾਂ ਨੂੰ ਸਿੱਖੀ ਵੱਲ ਤੋਰੇਗੀ। ਪਰ ਅੱਜ ਇਸ ਕਮੇਟੀ ਨੇ ਆਪਣੇ ਤਹਿ ਕੀਤੇ ਉਦੇਸ਼ਾਂ, ਟੀਚਿਆਂ ਅਤੇ ਸੀਮਾਵਾਂ ਨੂੰ ਅੱਖੋਂ ਪਰੋਖੇ ਕਰ ਦਿਤਾ ਹੈ। ਇਹ ਕਮੇਟੀ ਤਾਂ ਸਿਰਫ ਸਿਆਸਤ ਦੀ ਗੁਲਾਮ ਹੋ ਕੇ ਰਹਿ ਗਈ ਹੈ। ਤੇ ਇਸ ਤਰ੍ਹਾਂ ਅੱਜ ਸਾਡੇ ਰਾਜਨੀਤਕ ਅਤੇ ਧਾਰਮਿਕ ਆਗੂਆਂ ਦੀ ਮਿਲੀ ਭੁਗਤ ਅਤੇ ਆਮ ਸਿੱਖ ਦੇ ‘ਮੈਨੂੰ ਕੀ’ ਦੇ ਰੁਝਾਨ ਨੇ ਸਾਡੇ ਗੁਰਦੁਆਰਿਆਂ ਵਿੱਚ ਧਰਮ ਲਈ ਸ਼ਰਧਾ ਅਤੇ ਉਸ ਦਾ ਨਿਆਰਾਪਨ ਖਤਮ ਕਰ ਦਿਤਾ ਹੈ। ਗੁਰਦੁਆਰਿਆਂ ਦੀ ਵਰਤੋਂ ਇਸ ਕਮੇਟੀ ਦੀ ਮਿਲੀ ਭੁਗਤ ਨਾਲ ਰਾਜਨੀਤਕ ਸਟੇਜ਼ਾਂ ਵਜੋਂ ਜ਼ਿਆਦਾ ਤੇ ਧਾਰਮਿਕ ਪ੍ਰਚਾਰ ਵਜੋਂ ਘੱਟ ਹੋ ਰਹੀ ਹੈ। ਦਰਬਾਰ ਸਾਹਿਬ ਤੇ ਹੋਰ ਗੁਰਦੁਆਰਿਆਂ ਦੀ ਮਾਇਆ ਰਾਜਨੀਤਕ ਕੰਮਾਂ ਲਈ ਵਰਤ ਹੋ ਰਹੀ ਹੈ। ਧਰਮ ਤਾਂ ਸਾਡੇ ਲਈ ਸਿਰਫ ਸਿਆਸੀ ਸਤਾ ਪ੍ਰਾਪਤੀ ਲਈ ਜਿੰਦਗੀ ਦਾ ਇੱਕ ਹਿੱਸਾ ਬਣ ਕੇ ਰਹਿ ਗਿਆ ਹੈ। ਜੋ ਸਿਰਫ ਤੇ ਸਿਰਫ ਦਿਖਾਵੇ ਵਜੋਂ ਅਸੀਂ ਪੂਰਾ ਕਰੀ ਜਾ ਰਹੇ ਹਾਂ ਅਤੇ ਗੁਰੂ ਦੇ ਪ੍ਰੇਮੀ ਆਪਣੀ ਡਿਊਟੀ ‘ਮੈਨੂੰ ਕੀ` ਕਹਿ ਕੇ ਪੂਰੀ ਕਰੀ ਜਾ ਰਹੇ ਹਨ। ਪਰ ਹੱਥ `ਤੇ ਹੱਥ ਧਰ ਕੇ ਬੈਠੇ ਰਹਿਣ ਨਾਲ ਪੰਥ ਵਿਰੋਧੀ ਕਾਰਵਾਈ ਨੂੰ ਰੋਕਿਆ ਨਹੀਂ ਜਾ ਸਕਦਾ।
ਜੇ ਧਰਮ ਦੀ ਚੜ੍ਹਦੀ ਕਲਾ ਲਈ ਸਿਆਸਤ ਦਾ ਸਹਾਰਾ ਲਿਆ ਜਾਂਦਾ ਤਾਂ ਠੀਕ ਸੀ। ਪਰ ਅੱਜ ਸਿਆਸੀ ਆਗੂਆਂ ਦੁਆਰਾ ਸਿਆਸਤ ਦੀ ਚੜ੍ਹਦੀ ਕਲਾ ਲਈ ਇਸ ਕਮੇਟੀ ਅਤੇ ਧਰਮ ਦਾ ਸਹਾਰਾ ਲਿਆ ਜਾ ਰਿਹਾ ਹੈ। ਸਿਆਸਤ ਲਈ ਧਰਮ ਦੇ ਸਾਰੇ ਸਿਧਾਂਤਾਂ ਨੂੰ ਛਿੱਕੇ ਟੰਗ ਦਿਤਾ ਗਿਆ ਹੈ। ਸਿਆਸੀ ਤੇ ਧਾਰਮਿਕ ਆਗੂਆਂ ਦੁਆਰਾ ਧਰਮ ਨੂੰ ਆਪਣੇ ਮਨੋਰਥਾਂ ਲਈ ਵਰਤਿਆ ਜਾ ਰਿਹਾ ਹੈ। ਧਰਮ ਵਿੱਚ ਵੀ ਸਿਆਸਤ ਖੇਡੀ ਜਾ ਰਹੀ ਹੈ। ਕਮੇਟੀ ਦੇ ਪ੍ਰਧਾਨ ਅਤੇ ਤਖਤਾਂ ਦੇ ਜਥੇਦਾਰ, ਜਿਹਨਾਂ ਨੇ ਸੱਚ ਤੇ ਹੱਕ ਦੀ ਅਵਾਜ਼ ਬਲੰਦ ਕਰਦੇ ਹੋਏ ਕੌਮ ਨੂੰ ਸਹੀ ਅਗਵਾਹੀ ਦੇਣੀ ਸੀ। ਉਹ ਪ੍ਰਧਾਨ ਅਤੇ ਜਥੇਦਾਰ ਆਪਣੀਆਂ ਕੁਰਸੀਆਂ ਦਾ ਨਿੱਘ ਮਾਣਦੇ, ਸੱਚ ਤੋਂ ਕੋਹਾਂ ਦੂਰ ਚਲੇ ਗਏ ਹਨ। ਉਹ ਸਭ ਸਿੱਖੀ ਸਿਧਾਂਤ ਨੂੰ ਪਿੱਠ ਦਿਖਾਕੇ ਸਿਆਸੀ ਆਗੂਆਂ ਦੀ ਬੋਲੀ ਬੋਲ ਰਹੇ ਹਨ। ਸ਼੍ਰੋਮਣੀ ਕਮੇਟੀ, ਸਿਆਸੀ ਆਗੂਆਂ ਦੇ ਦਬਾਅ ਥੱਲੇ ਪੱਖਪਾਤੀ ਰਵੱਈਆ ਅਪਨਾ ਰਹੀ ਹੈ। ਜੋ ਗੁਰਮਤਿ ਦੇ ਸਿਧਾਂਤਾਂ ਦੇ ਵਿਰੁੱਧ ਹੈ। ਸਿੱਖ ਧਰਮ ਦੇ ਪ੍ਰਚਾਰ ਦੀ ਘਾਟ ਕਾਰਨ ਸਿੱਖ ਕੌਮ ਇਕੀਵੀਂ ਸਦੀ ਵਿੱਚ ਪਹੁੰਚ ਕੇ ਵੀ ਪੱਥਰ ਯੁੱਗ ਵੱਲ ਵਾਪਸ ਮੁੜ ਰਹੀ ਹੈ। ਉਪਰੋਂ ਉਪਰੋਂ ਇਹ ਸਿੱਖ ਜਰੂਰ ਨਜ਼ਰ ਆ ਰਹੇ ਹਨ, ਪਰ ਅਮਲਾਂ ਦੇ ਪੱਖੋ ਇਹ ਸਿੱਖ ਨਹੀਂ ਕਹਾਏ ਜਾ ਸਕਦੇ। ਬਾਬੇ ਨਾਨਕ ਨੇ ਜਿਸ ਬਿਪਰਵਾਦ ਦਾ ਜੂਲਾ ਮਨੁੱਖਤਾ ਦੇ ਗੱਲੋਂ ਲਾਹਿਆ ਸੀ, ਸ਼੍ਰੋਮਣੀ ਕਮੇਟੀ ਦਾ ਸਿਆਸੀ ਆਗੂਆਂ ਅਤੇ ਮਹੰਤਾਂ ਦੇ ਡੇਰੇਦਾਰਾਂ ਦੀ ਗੁਲਾਮ ਹੋਣ ਕਰਕੇ ਸਿੱਖ ਕੌਮ ੳਸੇ ਜੂਲੇ ਥੱਲੇ ਦਮ ਤੋੜ ਰਹੀ ਹੈ। ਅੱਜ ਸੰਤ ਬਾਬੇ ਤੇ ਪਾਖੰਡੀ ਲੋਕ ਬਿਪਰਵਾਦ ਦਾ ਡਰਾਵਾ ਦੇ ਕੇ ਸਿੱਖ ਸੰਗਤ ਨੂੰ ਮਨ-ਘੜ੍ਹਤ ਕਥਾਵਾਂ ਅਤੇ ਕੱਚੀ ਬਾਣੀ ਸੁਣਾ ਕੇ ਪੈਸੇ ਕਮਾ ਰਹੇ ਹਨ ਅਤੇ ਅਯਾਸੀਆਂ ਕਰ ਰਹੇ ਹਨ। ਸਾਧ-ਸੰਤ ਸਿੱਖ ਕੌਮ ਨੂੰ ਸ਼ਬਦ ਗੁਰੂ ਤੋਂ ਤੋੜ ਕੇ ਆਪਣੇ ਨਾਲ ਜੋੜ ਰਹੇ ਹਨ। ਉਹਨਾਂ ਦੇ ਡੇਰਿਆਂ `ਤੇ ਵੱਖਰੀ ਮਰਿਆਦਾ ਚਲ ਰਹੀ ਹੈ। ਇਹ ਡੇਰੇਦਾਰ ਸਾਧੂ-ਸੰਤ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਜਾਂ ਡੇਰੇ ਵਿੱਚ ਦੂਸਰੇ ਕਮਰੇ ਵਿੱਚ ਆਪਣੀਆਂ ਗੱਦੀਆਂ ਲਗਾ ਕੇ ਭੋਲੀ-ਭਾਲੀ ਸੰਗਤ ਤੋਂ ਮੱਥੇ ਟਿਕਾਅ ਰਹੀ ਹੈ। ਪਰ ਧਰਮ ਪ੍ਰਚਾਰ ਕਮੇਟੀ ਉਹਨਾਂ ਨੂੰ ਰੋਕਣ ਤੋਂ ਅਸਮਰਥ ਹੈ। ਅੱਜ ਇਸ ਕਮੇਟੀ ਕੋਲ ਧਰਮ ਪ੍ਰਚਾਰ ਕਰਨ ਅਤੇ ਡੇਰਿਆਂ/ਗੁਰਦੁਆਰਿਆਂ ਵਿੱਚ ਮਰਿਆਦਾ ਨੂੰ ਲਾਗੂ ਕਰਨ ਦਾ ਸਮਾਂ ਨਹੀ ਹੈ। ਇਸ ਕਮੇਟੀ ਦੇ ਆਗੂ ਤਾਂ ਸਿਰਫ ਸਿਆਸੀ ਨੇਤਾਵਾਂ ਦੇ ‘ਜੀ ਹਜ਼ੂਰੀਏ’ ਬਣ ਗਏ ਹਨ। ਆਮ ਲੋਕਾਂ ਵਿੱਚ ਉਹ ਪੁਲਸੀਆਂ ਰੋਅਬ ਰੱਖਦੇ ਹਨ ਪਰ ਉਹ ਸਿਆਸੀ ਆਗੂਆਂ ਅੱਗੇ ਝੁਕ ਝੁਕ ਕੇ ਦੌਹਰੇ ਚੌਹਰੇ ਹੁੰਦੇ ਜਾਂਦੇ ਹਨ। ਉਹਨਾਂ ਦੁਆਰਾ ਸਿਆਸੀ ਪਾਰਟੀ ਦੀ ਇੱਕ ਇੱਕ ਵੋਟ ਲਈ ਸਿੱਖੀ ਸਿਧਾਂਤਾਂ ਦੀ ਬਲੀ ਦਿਤੀ ਜਾ ਰਹੀ ਹੈ। ਇਸ ਧਾਰਮਿਕ ਕਮੇਟੀ ਨੂੰ ਅਜਿਹਾ ਅਖੌਤੀ ਲਿਬਾਸ ਨਹੀਂ ਸੀ ਪਹਿਨਣਾ ਚਾਹੀਦਾ। ਇਹ ਇਸ ਦੇ ਮੁਢਲੇ ਅਸੂਲਾਂ ਦੇ ਖਿਲਾਫ਼ ਹੈ। ਕਿਉਂਕਿ ਧਰਮ ਸਿਆਸਤ ਤੋਂ ਉਪਰ ਹੁੰਦਾ ਹੈ। ਇਹ ਕਮੇਟੀ ਅਜ਼ਾਦ ਅਤੇ ਬੁਲੰਦ ਅਵਾਜ਼ ਦੀ ਧਾਰਨੀ ਹੋਣੀ ਚਾਹੀਦੀ ਸੀ। ਅਤੇ ਇਸ ਨੂੰ ਨਿਰਪੱਖਤਾ ਨਾਲ ਫੈਸਲੇ ਲੈਣ ਦੀ ਜ਼ੁਆਰਤ ਰੱਖਣੀ ਚਾਹੀਦੀ ਸੀ। ਪਰ ਅੱਜ ਤਸਵੀਰ ਕੁੱਝ ਹੋਰ ਹੀ ਹੈ।
ਸਿੱਖਾਂ ਦੀ ਇਸ ਮਿੰਨੀ ਪਾਰਲੀਮੈਂਟ ਦਾ ਅੱਜ ਅਰਬਾਂ ਰੁਪਏ ਦਾ ਬਜ਼ਟ ਪਾਸ ਹੁੰਦਾ ਹੈ। ਸਾਲ 2010-11 ਦਾ ਬਜਟ ਪੰਜ ਅਰਬ ਤੋਂ ਵੀ ਉਪਰ ਦਾ ਪਾਸ ਕੀਤਾ ਗਿਆ ਹੈ। ਸਿਰਫ ਧਰਮ ਪ੍ਰਚਾਰ ਲਈ ਹੀ 46 ਕਰੋੜ ਰੁਪਏ ਰੱਖੇ ਗਏ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਧਰਮ ਪ੍ਰਚਾਰ ਲਈ ਬਜ਼ਟ ਦਾ ਐਡਾ ਵੱਡਾ ਹਿੱਸਾ ਰੱਖਿਆ ਗਿਆ ਹੋਵੇ। ਫਿਰ ਵੀ ਸਿੱਖ ਕੌਮ ਵਿੱਚ ਪਤਿਤਪੁਣੇ ਦੀ ਲਹਿਰ ਜ਼ੋਰਾਂ-ਸ਼ੋਰਾਂ ਨਾਲ ਚਲ ਰਹੀ ਹੈ। ਸ਼੍ਰੋਮਣੀ ਕਮੇਟੀ ਵਲੋਂ ਸਿੱਖ ਧਰਮ ਦੇ ਪ੍ਰਚਾਰ ਸੰਬੰਧੀ ਆਪਣੀ ਬਣਦੀ ਜਿੰਮੇਵਾਰੀ ਨਾ ਨਿਭਾਉਣ ਕਾਰਨ ਕੌਮ ਦੇ ਨੌਜਵਾਨਾਂ ਵਿੱਚ ਪਤਿਤਪੁਣਾ ਵਧ ਰਿਹਾ ਹੈ। ਕਿਉਂਕਿ ਸ਼੍ਰੋਮਣੀ ਕਮੇਟੀ ਨੇ ਮੌਜੂਦਾ ਸਮੇਂ ਦੌਰਾਨ ਧਰਮ ਦੀ ਬਜਾਏ ਸਿਆਸਤ ਨੂੰ ਵਧੇਰੇ ਤਰਜ਼ੀਹ ਦਿਤੀ ਹੈ। ਸਿੱਖ ਬੀਬੀਆਂ ਬਿਊਟੀ ਪਾਰਲਰ `ਤੇ ਆਪਣੇ ਰੋਮਾਂ ਦੀ ਬੇਅਦਬੀ ਕਰਨ ਲਈ ਲਾਈਨ ਵਿੱਚ ਲਗੀਆਂ ਆਪਣੀ ਵਾਰੀ ਦੀ ਬੇਸਬਰੀ ਨਾਲ ਉਡੀਕ ਕਰ ਰਹੀਆਂ ਹਨ। ਨੌਜਵਾਨ ਨਸ਼ਿਆਂ ਦੇ ਰਾਹ ਪੈ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਤਬਾਹ ਕਰੀ ਜਾ ਰਹੇ ਹਨ। ਸਿਆਸੀ ਚੋਣਾਂ ਵੇਲੇ ਪੰਥਕ ਕਹਾਉਂਦੀ ਪਾਰਟੀ ਵਲੋਂ ਵੋਟਾਂ ਲੈਣ ਲਈ ਹਰ ਤਰ੍ਹਾਂ ਦਾ ਨਸ਼ਾ ਵਰਤਾਇਆ ਜਾਂਦਾ ਹੈ। ਸਿਆਸੀ ਆਗੂਆਂ ਦੀ ਦਰਿਆ ਦਿੱਲੀ ਸਦਕਾ ਕਿਹੜਾ ਨਸ਼ਾ ਹੈ ਜਿਹੜਾ ਅੱਜ ਪੰਜਾਬ ਦੀ ਨੌਜਵਾਨ ਪੀੜ੍ਹੀ ਨਾ ਕਰਦੀ ਹੋਵੇ। ਪੰਥਕ ਕਹਾਉਂਦੀ ਸਿਆਸੀ ਪਾਰਟੀ ਨੂੰ ਨੌਜਵਾਨਾਂ ਦੀ ਕੋਈ ਫਿਕਰ ਨਹੀਂ ਹੈ, ਅਤੇ ਨਾ ਹੀ ਇਸ ਧਾਰਮਿਕ ਕਮੇਟੀ ਨੂੰ ਕੋਈ ਚਿੰਤਾ ਹੈ। ਇਸ ਨੇ ਤਾਂ ਆਪਣੇ ਧਾਰਮਿਕ ਏਜੰਡੇ ਵਿਚੋਂ ਨੌਜਵਾਨ ਪੀੜ੍ਹੀ ਨੂੰ ਸਦਾ ਲਈ ਮਨਫੀ ਕੀਤਾ ਹੋਇਆ ਹੈ। ਮੈਰਿਜ਼ ਪੈਲਸਾਂ ਵਿੱਚ ਸ਼ਰਾਬ ਪਾਣੀ ਵਾਂਗ ਵਰਤਾਈ ਜਾ ਰਹੀ ਹੈ। ਕੋਈ ਵੀ ਵਿਆਹ ਸ਼ਰਾਬ ਪਿਆਉਣ ਤੋਂ ਬਿਨ੍ਹਾਂ ਨਹੀਂ ਹੁੰਦਾ। ਪਰ ਸ਼੍ਰੋਮਣੀ ਕਮੇਟੀ ਨੇ ਸਦੀਵੀ ਚੁੱਪ ਧਾਰਨ ਕੀਤੀ ਹੋਈ ਹੈ! ਜੋ ਬਹੁਤ ਖਤਰਨਾਕ ਅਤੇ ਚਿੰਤਾ ਦਾ ਵਿਸ਼ਾ ਹੈ।
ਮੈਂ ਆਪਣੇ ਇਲਾਕੇ ਵਿੱਚ ਸ਼ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਕਿਸੇ ਕਿਸਮ ਦੇ ਧਰਮ ਪ੍ਰਚਾਰ ਦੇ ਸਮਾਗਮ ਜਾਂ ਕੋਈ ਉਪਰਾਲੇ ਬਾਰੇ ਕਦੀ ਕੋਈ ਖਬਰ ਨਹੀਂ ਪੜ੍ਹੀ। ਫਿਰ ਕਮੇਟੀ ਵਲੋਂ ਧਰਮ ਪ੍ਰਚਾਰ ਕਿਥੇ ਅਤੇ ਕਿਸ ਤਰ੍ਹਾਂ ਕੀਤਾ ਜਾਂਦਾ ਹੈ? ਗੁਰੂ ਨਾਨਕ ਦੇ ਸਿੱਖੀ ਸਿਧਾਂਤ ਦੀ ਉਪਰੋਕਤ ਦਸ਼ਾ ਦੇਖ ਕੇ ਇਹ ਸਵਾਲ ਬਾਬੇ ਨਾਨਕ ਦੀ ਬਾਣੀ ਨਾਲ ਜੁੜੇ ਹਰੇਕ ਨਿਮਾਣੇ ਸਿੱਖ ਦੇ ਮਨ ਵਿੱਚ ਬੜੀ ਸ਼ਿਦਤ ਨਾਲ ਉਭਰਦੇ ਹਨ।
ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਦੀ ਘਾਟ ਕਰਕੇ ਅਗਿਆਨਤਾ ਅਤੇ ਅੰਨ੍ਹੀ ਸ਼ਰਧਾ ਹੋਣ ਕਾਰਨ ਸਿੱਖ ਸਮਾਜ ਦਾ ਵੱਡਾ ਹਿੱਸਾ ਡੇਰੇਦਾਰਾਂ, ਦੇਹਧਾਰੀਆਂ ਅਖੌਤੀ ਗੁਰੂਆਂ ਦਾ ਸ਼ਰਧਾਲੂ ਬਣ ਚੁਕਿਆ ਹੈ। ਅਤੇ ਮੌਜੂਦਾ ਸਿਆਸੀ ਅਤੇ ਧਾਰਮਿਕ ਆਗੂਆਂ ਦੇ ਭ੍ਰਿਸ਼ਟ ਅਤੇ ਨੀਵੇਂ ਆਚਰਣ ਨੇ ਆਮ ਸਿੱਖਾਂ ਨੂੰ ਨਿਰਾਸ਼ ਕੀਤਾ ਹੈ। ਕੁੱਝ ਸਾਲ ਪਹਿਲਾਂ ਸ਼ਰੋਮਣੀ ਕਮੇਟੀ ਨੇ ਧਰਮ ਪ੍ਰਚਾਰ ਨਾ ਕਰਨ ਦੀ ਆਮ ਸਿੱਖ ਦੀ ਸ਼ਿਕਾਇਤ ਨੂੰ ਦੂਰ ਕਰਨ ਲਈ ਇੱਕ ਮਾਰਕਾ ਮਾਰਿਆ ਤੇ ਹਿੰਦੀ ਭਾਸ਼ਾ ਵਿੱਚ ਲੱਖਾਂ ਦੀ ਗਿਣਤੀ ਵਿਚ, ਗੁਰੂ ਨਿੰਦਕ ਤੇ ਸਿੱਖੀ ਨੂੰ ਮਿੱਟੀ ਵਿੱਚ ਰੋਲਣ ਵਾਲੀ ਪੁਸਤਕ ‘ਸਿੱਖ ਇਤਿਹਾਸ’ ਛਾਪ ਕੇ ਵੰਡੀ ਹੈ। ਆਪਣੇ ਧਰਮ ਪ੍ਰਚਾਰ ਕਰਨ ਦਾ ਆਪ ਹੀ ਪਾਜ ਉਧੇੜ ਲਿਆ ਹੈ। ਜਿਸ ਦੀ ਹਰ ਪਾਸਿਓ ਨਿੰਦਾ ਹੋਈ ਹੈ। ਪਰ ਇਸ ਕਮੇਟੀ ਦੀ ਜ਼ਮੀਰ ਫਿਰ ਵੀ ਸੁਤੀ ਰਹੀ। ਟਸ ਤੋਂ ਮਸ ਨਾ ਹੋਈ…। ਕਿਉਂਕਿ ਸਹੀ ਅਰਥਾਂ ਵਿੱਚ ਇਸ ਤਰ੍ਹਾਂ ਦਾ ਹੀ ਪ੍ਰਚਾਰ ਇਹ ਕਮੇਟੀ ਕਰਦੀ ਹੈ। ਨੰਗੀਆਂ ਕਿਰਪਾਨਾਂ ਲਹਿਰਾਉਣ ਵਾਲੇ ਤੱਤੇ ਸੁਭਾਅ ਦੇ ਸਿੱਖ ਵੀ “ਸਿੱਖ ਇਤਿਹਾਸ” ਨਾਮੀ ਗੁਰੂ ਨਿੰਦਕ ਪੁਸਤਕ ਦੇ ਪ੍ਰਕਾਸ਼ਤ ਹੋਣ `ਤੇ ਚੁੱਪ ਸਾਧੀ ਬੈਠੇ ਹਨ। ਉਹਨਾਂ ਨੇ ਇਸ ਪੁਸਤਕ ਦੀ ਨਿੰਦਾ ਤੱਕ ਨਹੀਂ ਕੀਤੀ। ਉਹਨਾਂ ਦੀ ਭੇਦ ਭਰੀ ਚੁੱਪ ਹੈਰਾਨ ਕਰਨ ਵਾਲੀ ਹੈ। ਬਰਤਾਨੀਆ ਦੇ ਇੱਕ ਗਿਆਨ ਤੋਂ ਕੋਰੇ ਅਖੌਤੀ ਲੇਖਕ ਨੇ ‘ਜਾ ਤੂੰ ਸਾਹਿਬ’ ਨਾਮੀ ਪੁਸਤਕ ਛਾਪੀ ਹੈ। ਜੋ ਅਖੌਤੀ ਕਰਾਮਾਤਾਂ ਨਾਲ ਭਰੀ ਪਈ ਹੈ। ਇਸ ਪੁਸਤਕ ਵਿੱਚ ਕਰਾਮਾਤਾਂ ਨਾਲ ਸਬੰਧਤ (ਗੁਰਮਤਿ ਦੇ ਵਿਰੁੱਧ) ਲੇਖ ਹਨ, ਜਿਸ ਨੂੰ ਪੜ੍ਹ ਕੇ ਚੰਗੀ ਭਲੀ ਸਿੱਖ ਸੰਗਤ ਕੁਰਾਹੇ ਪੈ ਸਕਦੀ ਹੈ। ਇਸ ਪੁਸਤਕ ਵਿੱਚ ਕਿਸੇ ਸਿੱਖ ਵਲੋਂ ਮੂਲ ਮੰਤਰ ਨਾਲ ਭੂਤ ਕੱਢਣ ਦਾ ਵੀ ਦਾਵਾ ਕੀਤਾ ਗਿਆ ਹੈ। ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਨੇ ਇਸ ਕਿਤਾਬ ਦੇ ਮੁਖਬੰਦ ਵਿੱਚ ਲਿਖਿਆ ਹੈ ਕਿ ‘ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਹੋਰ ਕਿਤਾਬਾਂ ਛਾਪੀਆਂ ਜਾਣਗੀਆਂ। ‘ਜਾਣੀ ਕਿ ਕਮੇਟੀ ਵਲੋਂ ਇਸ ਕਿਸਮ ਦਾ ਕਰਮਕਾਂਡ ਫੈਲਾਇਆ ਜਾਵੇਗਾ।
ਸਿੱਖ ਰਹਿਤ ਮਰਿਆਦਾ ਬਣੀ ਨੂੰ ਲਗਭਗ 60-70 ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਹੈ। ਪਰ ਹਾਲੇ ਤੱਕ ਦੁਨੀਆਂ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਸ਼੍ਰੋਮਣੀ ਕਮੇਟੀ ਉਸ ਮਰਿਆਦਾ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕਰਵਾ ਸਕੀ। ਸਿੱਖ ਰਹਿਤ ਮਰਿਆਦਾ ਸਿੱਖ ਕੌਮ ਦਾ ਧਾਰਮਿਕ ਸੰਵਿਧਾਨ ਹੈ। ਇਸ ਸੰਵਿਧਾਨ ਨੂੰ ਹੀ ਜੇ ਕੌਮ ਨਹੀਂ ਮੰਨ ਰਹੀ ਤਾਂ ਸਿੱਖ ਧਰਮ ਦੀ ਚੜ੍ਹਦੀ ਕਲਾ ਕਿਸ ਤਰ੍ਹਾਂ ਹੋ ਸਕਦੀ ਹੈ? ਸਿੱਖ ਰਹਿਤ ਮਰਿਆਦਾ ਨੂੰ ਸਿੱਖਾਂ ਦੇ ਕੇਂਦਰੀ ਅਸਥਾਨ ਸਿਰੀ ਹਰਿਮੰਦਰ ਸਾਹਿਬ ਵਿੱਚ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਸਕਿਆ। ਹਰ ਵਿਅਕਤੀ ਦੀਆਂ ਨਜ਼ਰਾਂ (ਭਾਵੇਂ ਉਹ ਕਿਤੇ ਵੀ ਬੈਠਾ ਹੋਵੇ) ਇਸ ਕੇਂਦਰੀ ਅਸਥਾਨ ਤੇ ਲੱਗੀਆਂ ਹੁੰਦੀਆਂ ਹਨ, ਉਹ ਸਮਝਦਾ ਹੈ ਕਿ ਜੋ ਕੁੱਝ ਵੀ ਇਸ ਅਸਥਾਨ `ਤੇ ਹੋ ਰਿਹਾ ਹੈ ਉਹੀ ਹੀ ਠੀਕ ਹੈ। ਪਰ ਇਸ ਅਸਥਾਨ `ਤੇ ਵੀ ਗੁਰਮਤਿ ਵਿਰੋਧੀ ਕਾਰਜ ਕੀਤੇ ਜਾ ਰਹੇ ਹਨ। ਜਿਹਨਾਂ ਨੂੰ ਵੇਖ ਕੇ ਮਨ ਨੂੰ ਠੇਸ ਪੁੱਜਦੀ ਹੈ।
ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੈ ਕਿ ਅਰਦਾਸ ਤੋਂ ਬਾਅਦ ਜੈਕਾਰਾ ਬਲੌਣਾ ਲਾਜ਼ਮੀ ਹੈ। ਪਰ ਹਰਿਮੰਦਰ ਸਾਹਿਬ ਵਿੱਚ ਅਜਿਹਾ ਨਹੀਂ ਕੀਤਾ ਜਾਂਦਾ। ਦਰਬਾਰ ਸਾਹਿਬ ਵਿੱਚ ਦੋਹਰਾ ਪੜ੍ਹਨ ਦੀ ਰਵਾਇਤ ਵੀ ਬੰਦ ਹੈ। ਪ੍ਰਸਿੱਧ ਇਤਿਹਾਸਕਾਰ ਡਾ: ਸੰਗਤ ਸਿੰਘ ਦੇ ਅਨੁਸਾਰ “ਰਾਜ ਕਰੇਗਾ ਖਾਲਸਾ” ਵਾਲਾ ਦੋਹਰਾ ਸੰਨ 1849 ਤੱਕ ਪੜ੍ਹਿਆ ਜਾਂਦਾ ਰਿਹਾ ਹੈ। ਪਰ ਸਿੱਖਾਂ `ਚੋਂ ਰਾਜ ਕਰਨ ਦੀ ਇੱਛਾ ਦਾ ਖਾਤਮਾ ਕਰਨ ਲਈ ਹੀ ਅੰਗਰੇਜ਼ਾਂ ਨੇ ‘ਰਾਜ ਕਰੇਗਾ ਖਾਲਸਾ` ਦਾ ਦੋਹਰਾ ਪੜ੍ਹਨ `ਤੇ ਪਾਬੰਦੀ ਲਾ ਦਿਤੀ ਸੀ। ਜਿਹੜੀ ਅੱਜ ਵੀ ਓਵੇਂ ਹੀ ਬਰਕਰਾਰ ਹੈ। ਜਦਕਿ ਚਪੜਚਿੜੀ ਦੀ ਜੰਗ ਤੋਂ ਬਾਅਦ ਇਹ ਦੋਹਰਾ ਬਕਾਇਦਗੀ ਨਾਲ ਪੜ੍ਹਿਆ ਜਾਣਾ ਸ਼ੁਰੂ ਹੋ ਚੁਕਿਆ ਹੈ। ਕੀ ਸ਼੍ਰੋਮਣੀ ਕਮੇਟੀ ਅਤੇ ਤਖਤਾਂ ਦੇ ਸੇਵਾਦਾਰ ਇਹ ਦਸ ਸਕਦੇ ਹਨ ਕਿ ਇਹ ਦੋਹਰਾ ਪੜ੍ਹਨ ਵਾਲੇ ਗੁਰਦੁਆਰੇ ਸਿੱਖ ਰਹਿਤ ਮਰਿਆਦਾ ਦੇ ਉਲਟ ਕਾਰਜ ਕਰ ਰਹੇ ਹਨ ਜਾਂ ਹਰਿਮੰਦਰ ਸਾਹਿਬ ਦੀ ਮਰਿਆਦਾ ‘ਸਿੱਖ ਰਹਿਤ ਮਰਿਆਦਾ` ਦੇ ਉਲਟ ਹੈ? ਇੱਕ ਆਮ ਸਿੱਖ ਹਰੇਕ ਗੁਰਦੁਆਰੇ ਵਿੱਚ ਵੱਖਰੀ ਮਰਿਆਦਾ ਤੋਂ ਕੀ ਨਿਰਣਾ ਕਰੇ? ਹਰੇਕ ਗੁਰਦੁਆਰੇ ਦੀ ਕਮੇਟੀ ਰਾਜਨੀਤਕ ਨੇਤਾਵਾਂ ਦੇ ਦਬਾਅ ਥੱਲੇ ਕੰਮ ਕਰ ਰਹੀ ਹੈ। ਜਿਸ ਕਰਕੇ ਮਰਿਆਦਾ ਨਹੀਂ ਸਗੋਂ ਸਾਧਾਂ ਸੰਤਾਂ ਅਤੇ ਸੰਗਤ ਦੀ ਸ਼ਰਧਾ/ਮਰਜ਼ੀ ਦਾ ਖਿਆਲ ਰੱਖਿਆ ਜਾਂਦਾ ਹੈ। ਭਾਵੇਂ ਉਹ ਸ਼ਰਧਾ/ਮਰਜ਼ੀ ਸਿੱਖ ਰਹਿਤ ਮਰਿਆਦਾ ਦੇ ਵਿਰੁੱਧ ਹੀ ਕਿਉਂ ਨਾ ਹੋਵੇ। ਪਿੰਡਾਂ ਵਿੱਚ ਅਖੰਡ ਪਾਠ ਸਮੇਂ ਨਾਰੀਅਲ, ਕੁੰਭ ਅਤੇ ਜੋਤ ਰੱਖੀ ਜਾਂਦੀ ਹੈ। ਅੰਖਡ ਪਾਠ ਸਮੇਂ ਮੱਧ ਦੀ ਅਰਦਾਸ ਵੀ ਕੀਤੀ ਜਾਂਦੀ ਹੈ। ਕੀ ਇਹ ਮਨਮਤਾਂ ਨਹੀਂ ਹਨ? ਅਜਿਹੀਆਂ ਮਨਮਤਾਂ ਨੂੰ ਬੰਦ ਕਰਨ ਲਈ ਸ਼ਰੋਮਣੀ ਕਮੇਟੀ ਨੇ ਕਦੀ ਕੋਈ ਹੁਕਮਨਾਮਾਂ, ਐਲਾਨ ਜਾਂ ਇਹਨਾਂ ਨੂੰ ਰੋਕਣ ਦਾ ਕੋਈ ਉਪਰਾਲਾ ਕੀਤਾ ਹੈ? ਸ਼ਾਇਦ ਕਦੀ ਵੀ ਨਹ਼ੀ਼ਂ।
ਸਿੱਖ ਸਮਾਜ ਵਲੋਂ ਕਿਸੇ ਵਿਅਕਤੀ ਦੇ ਮਰਨ ਤੋਂ ਲੈ ਕੇ ਭੋਗ ਤੱਕ ਕੀਤੀਆਂ ਜਾਂਦੀਆਂ ਬਿਪਰਵਾਦੀ ਰਸਮਾਂ ਜਿਹਨਾਂ ਵਿੱਚ ਧਮਾਲ ਭੰਨਣਾ, ਕਿਸੇ ਮਰਦ ਦੇ ਮਰਨ ਉਪਰੰਤ ਉਸ ਦੀ ਪਤਨੀ ਨੂੰ ਛਿੱਟਾ ਦੇਣ ਦੀ ਰਸਮ, ਦਸਵੇਂ `ਤੇ ਹੀ ਭੋਗ ਪਾਉਣਾ ਅਤੇ ਅੰਤਮ ਸੰਸਕਾਰ ਸਮੇਂ ਮੁਰਦੇ ਦੇ ਮੂੰਹ ਵਿੱਚ ਘਿਉ ਪਾਉਣਾ ਆਦਿ ਕਈ ਮਨਘੜ੍ਹਤ ਰਸਮਾਂ ਕੀਤੀਆਂ ਜਾਂਦੀਆਂ ਹਨ। ਅਜਿਹੀਆਂ ਮਨਘੜ੍ਹਤ ਰਸਮਾਂ ਨੂੰ ਬੰਦ ਕਰਨ ਲਈ ਕਮੇਟੀ ਵਲੋਂ ਕਿਉਂ ਨਹੀਂ ਸਿੱਖ ਕੌਮ ਨੂੰ ਕੋਈ ਸੇਧ ਦਿਤੀ ਜਾ ਰਹੀ।
ਪਿੰਡਾਂ ਦੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਗੁਰੂਆਂ ਦੀਆਂ ਫੋਟੋਆਂ ਲਗਾਈਆਂ ਗਈਆਂ ਹਨ। ਗਿਆਨ ਤੋਂ ਕੋਰੇ ਸਿੱਖ ਉਹਨਾਂ ਨੂੰ ਮੱਥੇ ਵੀ ਟੇਕਦੇ ਹਨ। ਨਿਸ਼ਾਨ ਸਾਹਿਬ ਦੇ ਥੜ੍ਹਿਆਂ `ਤੇ ਵੀ ਮੱਥੇ ਟੇਕੇ ਅਤੇ ਪ੍ਰਸ਼ਾਦ ਚੜਾਇਆ ਜਾਂਦਾ ਹੈ। ਦਰਬਾਰ ਸਾਹਿਬ ਵਿੱਚ ਦੁਖ ਭੰਜਨੀ ਬੇਰੀ ਦੇ ਥੱਲੇ ਇਸ਼ਨਾਨ ਕਰਨ ਵਾਲਿਆਂ ਦੀ ਭੀੜ ਹੁੰਦੀ ਹੈ। ਉਥੇ ਸੰਗਤਾਂ ਇਹ ਸੋਚ ਕੇ ਇਸ਼ਨਾਨ ਕਰਦੀਆ ਹਨ ਕਿ ਬਾਕੀ ਸਾਰੇ ਸਰੋਵਰ ਨਾਲੋਂ ਸਿਰਫ ਇਸ ਥਾਂ `ਤੇ ਇਸ਼ਨਾਨ ਕਰਨ ਨਾਲ ਸਾਰੇ ਸ਼ਰੀਰਕ ਰੋਗ ਅਤੇ ਪਿੱਛਲੇ ਕੀਤੇ ਪਾਪ ਧੋਤੇ ਜਾਂਦੇ ਹਨ। ਇਸ ਦਾ ਮਤਲਬ ਤਾਂ ਫਿਰ ਇਹ ਹੋਇਆ ਕਿ ਪਹਿਲਾਂ ਰੱਜ ਕੇ ਪਾਪ ਕਰੋ ਅਤੇ ਅਤੇ ਫਿਰ ਇਥੇ ਆ ਕੇ ਇਸ਼ਨਾਨ ਕਰਕੇ ਉਹ ਪਾਪ ਧੋ ਲਵੋ। ਅਤੇ ਫਿਰ ਜਾ ਕੇ ਪਾਪ ਕਰਨੇ ਸ਼ੁਰੂ ਕਰ ਦਿਓ। ਗੁਰਬਾਣੀ ਵਿੱਚ ਲਿਖਿਆ ਹੈ ਕਿ ਨਾਮ ਸਿਮਰਨ ਨਾਲ ਮਨ ਨੂੰ ਅੰਦਰੋਂ ਧੋ ਕੇ ਖਾਲਸ ਬਣਿਆ ਜਾ ਸਕਦਾ ਹੈ, ਕਿਸੇ ਤੀਰਥ ਅਸਥਾਨਾਂ `ਤੇ ਨਹਾਉਣ ਨਾਲ ਨਹੀਂ। ‘ਮਨ ਕੀ ਮੈਲੁ ਨ ਤਨ ਤੇ ਜਾਤਿ’ (ਸੁਖਮਨੀ ਸਾਹਿਬ) ਫਿਰ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਸਾਰੇ ਸਰੋਵਰ ਦਾ ਜਲ ਤਾਂ ਇਕੋ ਹੀ ਹੈ ਅਤੇ ਇਹ ਚਲਦਾ ਫਿਰਦਾ ਰਹਿੰਦਾ ਹੈ। ਕੀ ਗੁਰਬਾਣੀ ਸ਼ਬਦ ਕਿਸੇ ਅਜਿਹੀ ਕਰਾਮਾਤੀ ਸ਼ਕਤੀ ਵਾਲੇ ਜਲ-ਅੰਮ੍ਰਿਤ ਦੀ ਕਿਸੇ ਪ੍ਰਕਾਰ ਦੀ ਹੋਂਦ ਨੂੰ ਮਾਨਤਾ ਦੇਂਦੇ ਹਨ? ਬੀਬੀ ਰਜਨੀ ਦੀ ਮਨਘੜ੍ਹਤ ਕਹਾਣੀ ਮੁਤਾਬਕ ਇਸ ਥਾਂ `ਤੇ ਕਾਲੇ ਕਾਂ ਪਾਣੀ ਵਿੱਚ ਡੁਬਕੀ ਲਾ ਕੇ ਚਿੱਟੇ ਹੋ ਗਏ ਸਨ। ਪਰ ਹਰੇਕ ਜੀਵ ਨੂੰ ਆਪਣੀ ਜੂਨ ਪਿਆਰੀ ਹੁੰਦੀ ਹੈ। ਉਸ ਨੂੰ ਦੂਸਰੀ ਜੂਨ ਵਿੱਚ ਤਬਦੀਲ ਹੋਣ ਦੀ ਲਾਲਸਾ ਨਹੀਂ ਹੁੰਦੀ। ਇਸ ਬੇਰੀ ਥੱਲੇ ਕਾਵਾਂ ਦਾ ਚਿੱਟੇ ਹੋਣਾ ਅਕਾਲ ਪੁਰਖ ਦੇ ਹੁਕਮਾਂ ਦੇ ਵਿਰੁੱਧ ਹੈ। ਤੇ ਗੁਰਬਾਣੀ ਇਸ ਦਾ ਖੰਡਨ ਕਰਦੀ ਹੈ। ਭਲਾਂ ਕੋਈ ਮੈਨੂੰ ਇਹ ਦਸ ਸਕਦਾ ਹੈ ਕਿ ਅੱਜ ਇਸ ਪਵਿੱਤਰ ਅਸਥਾਨ `ਤੇ ਕਾਲੇ ਰੰਗ ਦੇ ਲੋਕ ਅਤੇ ਕਾਂ ਪਾਣੀ ਵਿੱਚ ਡੁਬਕੀ ਲਗਾ ਕੇ ਚਿੱਟੇ ਕਿਉਂ ਨਹੀਂ ਹੁੰਦ਼਼ੇ? ? ਜਦੋਂ ਕਿ 306 ਸਾਲ ਤੋਂ ਇਸ ਅਸਥਾਨ `ਤੇ ਨਿਰੰਤਰ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ। ਜੇ ਕੋਈ ਅਜਿਹੀ ਸ਼ਕਤੀ ਵਾਲੀ ਗੱਲ ਹੁੰਦੀ ਤਾਂ ਹੁਣ ਵੀ ਇਹ ਵਾਕਿਆ ਹੋਣਾ ਚਾਹੀਦਾ ਸੀ। ਕੀ ਬਾਬੇ ਨਾਨਕ ਨੇ ਰਿੱਧੀਆਂ ਸਿੱਧੀਆਂ, ਕਰਾਮਾਤਾਂ ਦੇ ਮੰਨਣ ਦੇ ਭਰਮ ਤੋਂ ਹਟਾ ਕੇ ਮਨੁੱਖ ਨੂੰ ਕੇਵਲ ਅਕਾਲ ਪੁਰਖ ਦੇ ਹੁਕਮ ਅਤੇ ਭਾਣੇ ਵਿੱਚ ਵਿਚਰਨ ਦੀ ਜਾਚ ਨਹੀਂ ਸਿਖਾਈ ਸੀ? ਸ਼੍ਰੋਮਣੀ ਕਮੇਟੀ ਅਜਿਹੀਆਂ ਮਨਮਤਾਂ ਅਤੇ ਪਾਖੰਡ ਨੂੰ ਦੂਰ ਨਹੀਂ ਕਰ ਸਕੀ। ਆਖਰ ਕਿੳ਼ੁ਼ਂ?
ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖ ਗੁਰੂਆਂ ਦੇ ਮਹੱਤਵ ਨੂੰ ਘਟਾਉਣ ਲਈ ਸ਼ਰਾਰਤੀਆਂ ਅਤੇ ਸਿੱਖ ਧਰਮ ਵਿਰੁੱਧ ਸ਼ਾਜਿਸ਼ਾਂ ਰੱਚਣ ਵਾਲਿਆਂ ਨੇ ਗੁਰੂ ਨਾਨਕ ਅਤੇ ਬਾਕੀ ਗੁਰੂ ਸਾਹਿਬਾਨ ਦੇ ਜੀਵਨ ਨਾਲ ਅਨੇਕਾਂ ਕਰਾਮਾਤੀ ਮਿੱਥਾਂ ਨੂੰ ਜੋੜ ਦਿਤਾ ਗਿਆ ਹੈ। ਜਿਹਨਾਂ ਵਿੱਚ ਸੱਪ ਦੁਆਰਾ ਛਾਂ ਕਰਨੀ, ਸੁਲਤਾਨਪੁਰ ਲੋਧੀ ਵਿਖੇ ਚਾਰ ਦਿਨ ਤੱਕ ਵੇਈਂ ਵਿੱਚ ਅਲੋਪ ਰਹਿਣਾ। ਕੋਡੇ ਰਾਖਸ਼ ਦਾ ਤਪਦਾ ਕੜਾਹਾ ਠੰਡਾ ਕਰਨਾ। ਅਬਦਲ ਹਸਨ (ਪਾਕਿਸਤਾਨ) ਵਿੱਚ ਵੱਡੇ ਪੱਥਰ ਨੂੰ ਪੰਜੇ ਨਾਲ ਰੋਕ ਲੈਣਾ। ਉਦਾਸੀਆਂ `ਤੇ ਗਏ ਬਾਬੇ ਨਾਨਕ ਨੂੰ ਜਦ ਬੇਬੇ ਨਾਨਕੀ ਯਾਦ ਕਰਦੀ ਸੀ ਤੇ ਉਹਨਾਂ ਦਾ ਪਲਕ ਝਮਕਦਿਆਂ ਹਜ਼ਾਰਾਂ ਮੀਲਾਂ ਦਾ ਸਫਰ ਪਲ ਭਰ ਵਿੱਚ ਤਹਿ ਕਰਕੇ ਭੈਣ ਨਾਨਕੀ ਕੋਲ ਪਹੁੰਚ ਜਾਣਾ। ਮਨੀਕਰਨ ਦੀ ਧਰਤੀ `ਤੇ ਗਰਮ ਚਸ਼ਮਿਆਂ ਨੂੰ ਪੈਦਾ ਕਰਨਾ, ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਲੇ ਜਨਮ ਵਿੱਚ ਹੇਮਕੁੰਟ ਦੇ ਸਥਾਨ `ਤੇ ਦੇਵੀ ਕਾਲਕਾ ਦੀ ਅਰਾਧਨਾ ਕਰਨਾ ਅਤੇ ਮੱਖਣ ਸ਼ਾਹ ਲੁਬਾਣੇ ਦੀ ਘਟਨਾ…ਆਦਿ। ਅਤੇ ਇਸ ਤਰ੍ਹਾਂ ਦੀਆਂ ਹੋਰ ਅਨੇਕਾਂ ਹੀ ਕਾਰਾਮਾਤੀ ਘਟਨਾਵਾਂ ਨੂੰ ਸਕੂਲਾਂ ਦੀਆਂ ਛੋਟੀਆਂ ਕਲਾਸਾਂ ਦੇ ਬੱਚਿਆਂ ਨੂੰ ਪੜਾਇਆ ਅਤੇ ਗੁਰਦੁਆਰਿਆਂ ਵਿੱਚ ਪ੍ਰਚਾਰਿਆ ਜਾਂਦਾ ਹੈ। ਇਹ ਗੁਰੂਆਂ ਦੀ ਮਹਾਨਤਾ ਨੂੰ ਨੀਵਾਂ ਦਿਖਾਉਣ ਅਤੇ ਸਿੱਖ ਧਰਮ ਦੀ ਵਿਲੱਖਣਤਾ ਨੂੰ ਧੁੰਦਲਾ ਕਰਨ ਦੀਆਂ ਕੋਝੀਆਂ ਚਾਲਾਂ ਹਨ। ਇਸ ਸਬੰਧ ਵਿੱਚ ਕਦੀ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਅਕਾਲ ਤੱਖ਼ਤ ਦੇ ਸੇਵਾਦਾਰਾਂ ਅਤੇ ਧਰਮ ਪ੍ਰਚਾਰ ਕਮੇਟੀ ਨੇ ਅਜਿਹੇ ਪ੍ਰਚਾਰ ਨੂੰ ਬੰਦ ਨਹੀਂ ਕਰਾਇਆ। ਕੀ ਇਹ ਪ੍ਰਚਾਰ ਗੁਰਮਤਿ ਸਿਧਾਂਤ ਦੇ ਅਨੁਸਾਰ ਕੀਤਾ ਜਾ ਰਿਹਾ ਹੈ? ਫਿਰ ਧਰਮ ਪ੍ਰਚਾਰ ਕਮੇਟੀ ਦੀ ਸਦੀਵੀ ਚੁੱਪ ਕਿਉਂ…?
ਬਾਬੇ ਨਾਨਕ ਨੇ ਗੁਰਬਾਣੀ ਵਿੱਚ ਇਸਤਰੀ ਜਾਤੀ ਨੂੰ ਬਹੁਤ ਮਾਣ ਅਤੇ ਸਤਿਕਾਰ ਦਿਤਾ ਹੈ। ਪਰ ਬੀਬੀਆਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਕੀਰਤਨ ਅਤੇ ਸੇਵਾ ਦੀ ਆਗਿਆ ਨਾ ਦੇ ਕੇ ਸ਼ਰੋਮਣੀ ਕਮੇਟੀ ਨੇ ਬਾਬੇ ਨਾਨਕ ਦੁਆਰਾ ਔਰਤ ਨੂੰ ਦਿਤੀ ਮਹਾਨਤਾ ਅਤੇ ਸਤਿਕਾਰ ਦਾ ਨਿਰਾਦਰ ਕੀਤਾ ਹੈ। ਕੀ ਕਮੇਟੀ ਦੱਸੇਗੀ ਕਿ ਜੇ ਦੁਨੀਆਂ ਭਰ ਦੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੀਬੀਆਂ ਕੀਰਤਨ ਕਰ ਸਕਦੀਆਂ ਹਨ ਤਾਂ ਕੀ ਹਰਿਮੰਦਰ ਸਾਹਿਬ ਵਿੱਚ ਕਿਉਂ ਨਹੀਂ? ਕੀ ਇਥੇ ਕੋਈ ਹੋਰ ਗੁਰੂ ਗ੍ਰੰਥ ਸਾਹਿਬ ਹੈ? ਜੇ ਸਭ ਥਾਂ ਇਕੋ ਹੀ ਗੁਰੂ ਗ੍ਰੰਥ ਸਾਹਿਬ ਹੈ ਤਾਂ ਫਿਰ ਬੀਬੀਆਂ ਨੂੰ ਇਸ ਅਸਥਾਨ `ਤੇ ਕੀਰਤਨ ਕਰਨ ਦੀ ਮਨਾਹੀ ਕਿਉਂ?
ਕਈ ਪਿੰਡਾਂ ਵਿੱਚ ਸਰਦੇ ਪੁੱਜਦੇ ਐਨ਼ਆਰ਼ ਆਈਜ਼ ਲੋਕਾਂ ਨੇ ਪੈਸੇ ਦੇ ਜ਼ੋਰ ਨਾਲ ਲੋਕਾਂ ਨੂੰ ਆਪਣੇ ਮਗਰ ਲਾ ਕੇ ਗੁਰਦੁਆਰਿਆਂ ਵਿੱਚ ਸਿੱਖ ਰਹਿਤ ਮਰਿਆਦਾ ਦਾ ਇੱਕ ਤਰ੍ਹਾਂ ਭੋਗ ਹੀ ਪਾ ਦਿਤਾ ਹੈ। ਆਪਣੀ ਮਨਮਰਜ਼ੀ ਦੀ ਮਰਿਆਦਾ ਗੁਰਦੁਆਰੇ ਵਿੱਚ ਚਲਾਉਂਦੇ ਹਨ। ਲੋਕੀਂ ਚੁਪ ਹਨ … ਵਿਰੋਧ ਨਹੀਂ ਕਰਦੇ…, ਕਿਉਕਿ ਐਨ਼ਆਰ਼ਆੲ਼ੀ ਤੋਂ ਉਹਨਾਂ ਲੋੜ ਪੈਣ `ਤੇ ਪੈਸੇ ਦੀ ਗਰਜ਼ ਪੂਰੀ ਕਰਨੀ ਹੁੰਦੀ ਹੈ। ਗੁਰਮਤਿ ਸਿਧਾਂਤ ਅਨੁਸਾਰ ਸਿਰੀ ਗੁਰੁ ਗ੍ਰੰਥ ਸਾਹਿਬ ਗੁਰੂ ਜੋਤ ਹੈ, ਸ਼ਬਦ ਗੁਰੁ ਹੈ, ਉਹ ਜਨਮ ਮਰਨ ਤੋਂ ਉਪਰ ਹੈ। ਉਸ ਨੂੰ ਨਾ ਗਰਮੀ ਲਗਦੀ ਹੈ ਨਾ ਠੰਡ। ਉਸ ਨੂੰ ਨਾ ਪਿਆਸ ਲਗਦੀ ਹੈ ਨਾ ਭੁੱਖ਼਼। ਪਰ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਅਖੌਤੀ ਸਾਧਾਂ ਦੇ ਮਗਰ ਲਗ ਕੇ ਐਨ਼ਆਰ਼ਆਈ ਅਤੇ ਹੋਰ ਸਿੱਖ ਸੰਗਤ ਨੇ ਸ਼ਬਦ ਗੁਰੂ ਨੂੰ ਸਰਦੀਆਂ ਵਿੱਚ ਕੂਲੀਆਂ ਰਜਾਈਆਂ ਵਿੱਚ ਅਤੇ ਗਰਮੀਆਂ ਵਿੱਚ ਏਅਰਕੰਡੀਸ਼ਨ ਕਮਰਿਆਂ ਵਿੱਚ ਬੰਦ ਕਰਕੇ ਰੱਖਣਾ ਸ਼ੁਰੂ ਕਰ ਦਿਤਾ ਹੈ। ਇਸ ਤਰ੍ਹਾਂ ਹੁਣ ਤੱਕ ਬਿਜਲੀ ਦੇ ਸ਼ਾਰਟ ਸਰਕਟ ਕਰਕੇ ਸੈਂਕੜਿਆਂ ਦੀ ਗਿਣਤੀ ਵਿੱਚ ਵੱਖ-ਵੱਖ ਥਾਂਵਾਂ `ਤੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ ਹੋ ਚੁੱਕੇ ਹਨ। 20 ਜੁਲਾਈ 2010 ਦੀ ਖਬਰ ਮੁਤਾਬਕ ਮਲੋਟ ਤੋਂ ਕੁੱਝ ਹੀ ਦੂਰੀ `ਤੇ ਪੈਂਦੇ ਪਿੰਡ ਫਤਿਹਪੁਰ ਮਨੀਆਂ ਵਿਖੇ ਗੁਰਦੁਆਰਾ ਸਾਹਿਬ ਵਿੱਚ ਲੱਗੇ ਏ: ਸੀ: ਵਿੱਚ ਹੋਏ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਅੱਗ ਕਾਰਨ ਗੁਰਦੁਆਰਾ ਸਾਹਿਬ ਵਿੱਚ ਪਏ 12 ਪਾਵਨ ਸਰੂਪ ਅਤੇ ਗੁਰਬਾਣੀ ਦੀਆਂ ਹੋਰ ਪੋਥੀਆਂ ਅਗਨ ਭੇਟ ਹੋ ਗਈਆਂ। ਇਹ ਕਿੰਨਾ ਵੱਡਾ ਅਨਰਥ ਹੈ। ਕਿਨਾਂ ਵੱਡਾ ਨਿਰਾਦਰ ਹੈ। ਫਿਰ ਵੀ ਇਹ ਮਨਮਤਾਂ ਚਲੀ ਜਾ ਰਹੀਆਂ ਹਨ। ਸ਼੍ਰੋਮਣੀ ਕਮੇਟੀ ਇਹ ਸਭ ਕੁੱਝ ਬੰਦ ਨਹੀਂ ਕਰ ਰਹੀ। ਸ਼ਰਧਾ ਮਰਿਆਦਾ ਤੋਂ ਕਦੀ ਵੀ ਉਪਰ ਨਹੀਂ ਹੋ ਸਕਦੀ।
ਪਤਿਤ ਤੇ ਸਿਗਰਟ ਬੀੜੀ ਪੀਣ ਅਤੇ ਤੰਬਾਕੂ ਖਾਣ ਵਾਲੇ ਹਲਵਾਈਆਂ ਵਲੋਂ ਤਿਆਰ ਕੀਤੀ ਮਠਿਆਈ ਪ੍ਰਸ਼ਾਦ ਦੇ ਰੂਪ ਵਿੱਚ ਗੁਰਦੁਆਰਿਆਂ ਵਿੱਚ ਚੜ੍ਹਾਇਆ ਜਾਂਦਾ ਹੈ ਅਤੇ ਗ੍ਰੰਥੀ ਤੋਂ ਅਰਦਾਸ ਵੀ ਕਰਵਾਈ ਜਾਂਦੀ ਹੈ। ਫਿਰ ਉਹੀ ਮਠਿਆਈ ਸ਼ੂਗਰ ਦੇ ਮਰੀਜ਼ਾਂ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਦਿਤੀ ਜਾਂਦੀ ਹੈ। ਕੀ ਇਹ ਸਿੱਖ ਧਰਮ ਅਤੇ ਸਿੱਖ ਰਹਿਤ ਮਰਿਆਦਾ ਦੇ ਸਿਧਾਂਤ ਅਨੁਸਾਰ ਹੈ। ਹਰੇਕ ਗੁਰਦੁਆਰਾ ਸਾਹਿਬ ਵਿੱਚ ਜਣੇ-ਖਣੇ ਅਤੇ ਪਤਿਤ ਵਿਅਕਤੀਆਂ ਨੂੰ ਸਿਰਪਾਓ ਭੇਟ ਕਰਨੇ ਕੀ ਖਾਲਸੇ ਦੇ ਸਿਧਾਂਤ ਦੇ ਵਿਰ਼ੁੱਧ ਨਹੀਂ ਹੈ। ਸਿਰਪਾਓ ਕੀ ਹੈ? ਇਸ ਦੀ ਕੀ ਮਹੱਤਤਾ ਹੈ? ਅਤੇ ਇਹ ਕਿਸ ਨੂੰ ਭੇਟ ਕੀਤਾ ਜਾ ਸਕਦਾ ਹੈ? ਇਹ ਆਪ ਸਭ ਜਾਣਦੇ ਹੀ ਹੋ। ਫਿਰ ਵੀ ਸਿਰੀ ਹਰਿਮੰਦਰ ਸਾਹਿਬ ਵਿੱਚ ਮਾਇਆ ਦੀ ਭੇਟਾ ਅਨੁਸਾਰ ਸਿਰੋਪਾਓ ਦਿਤੇ ਜਾਂਦੇ ਹਨ। ਕੀ ਇਸ ਪਵਿੱਤਰ ਅਸਥਾਨ `ਤੇ ਇਹ ਵਿਤਕਰਾ ਨਹੀਂ ਕੀਤਾ ਜਾਂਦ਼਼ਾ? ਕੀ ਇਥੇ ਇਸ ਕਮੇਟੀ ਦਾ ਫਰਜ਼ ਨਹੀਂ ਬਣਦਾ ਕਿ ਉਹ ਸਿੱਖਾਂ ਦੇ ਕੇਂਦਰੀ ਅਸਥਾਨ ਤੇ ਅਜਿਹੇ ਹੁੰਦੇ ਵਿਤਕਰੇ ਬੰਦ ਕਰਵਾਏ?
ਸ਼੍ਰੋਮਣੀ ਕਮੇਟੀ ਨੇ ਸਿੱਖ ਪੰਥ ਵਿੱਚ ਵਿਵਾਦਤ ਮੱਸਲਿਆਂ ਨੂੰ ਹੱਲ ਕਰਵਾਉਣ ਲਈ ਪਾਸਾ ਵੱਟਿਆ ਹੋਇਆ ਹੈ। ਇਹ ਸਿੱਖ ਮਸਲੇ ਹਨ, ਦਸਮ ਗ੍ਰੰਥ, ਰਾਗਮਾਲਾ, ਸਿੱਖ ਰਹਿਤ ਮਰਿਆਦਾ, ਜੋਤਾਂ ਅਤੇ ਗੁਰਬਿਲਾਸ ਪਾ: 6 ਆਦਿ। ਇਹਨਾਂ ਵਿਵਾਦਾਂ ਲਈ ਲੈਣ ਵਾਲੇ ਫੈਸਲਿਆਂ ਵਿੱਚ ਦੇਰੀ ਨਾਲ ਸਿੱਖ ਕੌਮ ਅੰਦਰ ਸ਼ੰਕੇ ਖੜੇ ਰਹਿਣਗੇ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਇਹਨਾਂ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਹੱਲ ਕਰਨ ਦੀ ਤੁਰਤ ਪਹਿਲ ਕਰਨੀ ਚਾਹੀਦੀ ਹੈ। ਪਰ ਇਹ ਕਮੇਟੀ ਸਿਆਸੀ ਆਗੂਆਂ ਅਤੇ ਸਾਧਾਂ ਸੰਤਾਂ ਦੇ ਪ੍ਰਭਾਵ ਵਿੱਚ ਅਜਿਹਾ ਨਹੀਂ ਕਰ ਰਹੀ।
ਅੱਜ ਕਲ ਗਿਆਨ ਤੋਂ ਕੋਰੇ ਸਧਾਰਨ ਲੋਕ ਆਪਣੇ ਨਾਮ ਨਾਲ ਸੰਤ ਲਾਕੇ ਲੋਕਾਂ ਨੂੰ ਬੁੱਧੂ ਬਣਾ ਰਹੇ ਹਨ। ਅਤੇ ਲੋਕਾਂ ਦੀ ਦਸਾਂ ਨਹੂੰਆਂ ਦੀ ਨੇਕ ਕਿਰਤ ਕਮਾਈ `ਤੇ ਐਸ਼ਾਂ ਕਰ ਰਹੇ ਹਨ। ਅੱਜ ਕਲ ਦੇ ਬਾਬੇ ਲਾਲ ਬੱਤੀ ਵਾਲੀਆਂ ਏਅਰ ਕੰਡੀਸ਼ਨਿੰਗ ਵਿਦੇਸ਼ੀ ਮਹਿੰਗੀਆਂ ਗੱਡੀਆਂ ਵਿੱਚ ਘੁੰਮ ਰਹੇ ਹਨ। ਐਨਾ ਪੈਸਾ ਇਹਨਾਂ ਸੰਤ ਬਾਬਿਆਂ ਕੋਲ ਕਿਥੋਂ ਆਇਆ? ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਡੇਰਿਆਂ ਅਤੇ ਗੁਰਦੁਆਰਿਆਂ ਨੂੰ ਇਨਕਮ ਟੈਕਸ ਦੇ ਘੇਰੇ ਵਿੱਚ ਲਿਆਉਣਾ ਚਾਹੀਦਾ ਹੈ। ਕਿਉਂਕਿ ਡੇਰੇ ਨਿੱਜੀ ਜਾਇਦਾਦਾਂ ਹਨ। ‘ਗੁਰੂ ਦੀ ਗੋਲਕ, ਗਰੀਬ ਦਾ ਮੂੰਹ` ਹੁੰਦਾ ਹੈ। ਪਰ ਅੱਜ ਤੱਕ ਦੁਨੀਆਂ ਦੇ ਕਿਸੇ ਵੀ ਗੁਰਦੁਆਰੇ ਦੀ ਗੋਲਕ ਦਾ ਇੱਕ ਪੈਸਾ ਕਿਸੇ ਗਰੀਬ ਦੀ ਜਰੂਰਤ ਪੂਰੀ ਕਰਨ ਲਈ ਨਹੀਂ ਵਰਤਿਆ ਗਿਆ। ਫਿਰ ਕਿਉਂ ਨਾ ਇਹਨਾਂ `ਤੇ ਇਨਕਮ ਟੈਕਸ ਲੱਗੇ। ਅਤੇ ਇਨਕਮ ਟੈਕਸ ਤੋਂ ਪ੍ਰਾਪਤ ਰਾਸ਼ੀ ਨੂੰ ਦੇਸ਼ ਦੇ ਵਿਕਾਸ ਅਤੇ ਲੋਕਾਂ ਦੇ ਭਲੇ ਲਈ ਖਰਚਿਆ ਜਾਵੇ। ਡੇਰਿਆਂ ਦੀ ਸਾਰੀ ਜਾਇਦਾਦ ਦਾ ਰਿਕਾਰਡ, ਆਡਿਟ ਕਰਨਾ ਲਾਜ਼ਮੀ ਹੋਣਾ ਚਾਹੀਦਾ ਹੈ।
ਡੇਰਿਆਂ ਅਤੇ ਗੁਰਦੁਆਰਿਆਂ ਕੋਲ ਅੰਨ੍ਹਾ ਪੈਸਾ ਹੈ, ਜਿਸ ਨੂੰ ਉਹ ਇਤਿਹਾਸਕ ਇਮਾਰਤਾਂ ਦਾ ਨਾਮੋ ਨਿਸ਼ਾਨ ਮਿਟਾਉਣ ਲਈ ਅਤੇ ਉਹਨਾ `ਤੇ ਸੋਨਾ ਥੱਪਣ ਦੇ ਕਾਰਜ ਕਰੀ ਜਾ ਰਹੇ ਹਨ। ਜਿਸ ਨਾਲ ਸਾਡਾ ਸਿੱਖ ਸਭਿਆਚਾਰ ਖ਼ਤਮ ਹੋ ਰਿਹਾ ਹੈ। ਅਤੇ ਆਉਣ ਵਾਲੀ ਪੀੜ੍ਹੀ ਸਿੱਖ ਇਤਿਹਾਸ ਅਤੇ ਸਿੱਖ ਸਭਿਆਚਾਰ ਤੋਂ ਕੋਰੀ ਹੁੰਦੀ ਜਾ ਰਹੀ ਹੈ। ਤਾਂ ਵੀ ਸਿੱਖ ਇਤਿਹਾਸ ਅਤੇ ਸਭਿਆਚਾਰ ਦਾ ਮਲੀਅਮੇਟ ਕਰਨ ਵਾਲੀਆਂ ਅਜਿਹੀਆਂ ਸ਼ਾਹੀ ਕਾਰ-ਸੇਵਾਵਾਂ ਬੰਦ ਨਹੀਂ ਹੋ ਰਹੀਆਂ। ਪੁਰਾਤਨ ਸਿੱਖ ਇਮਾਰਤਾਂ ਨੂੰ ਜਿਉਂ ਦਾ ਤਿਉਂ ਸੰਭਾਲ ਕੇ ਰੱਖਿਆ ਜਾਣਾ ਚਾਹੀਦਾ ਸੀ। ਜਾਣ-ਬੁਝ ਕੇ ਇਨ੍ਹਾਂ ਇਮਾਰਤਾਂ ਅਤੇ ਸਿੱਖੀ ਕੁਰਬਾਨੀਆਂ ਨਾਲ ਸਬੰਧਤ ਥਾਵਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਜਾਂ ਉਹਨਾਂ ਦਾ ਹੁਲੀਆਂ ਵਿਗਾੜਿਆ ਜਾ ਰਿਹਾ ਹੈ। ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਸਿੱਖ ਵਿਰਸੇ ਤੋਂ ਜਾਣੂ ਨਾ ਹੋ ਸਕਣ। ਇਹ ਕਮੇਟੀ ਦੀ ਮਿਲੀਭੁਗਤ ਦੀ ਡੂੰਘੀ ਸ਼ਾਜਸ ਹੈ।
ਸਿੱਖ ਧਰਮ ਦਾ ਸਿਧਾਂਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ `ਤੇ ਟਿਕਿਆ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰੇ ਕਰਮ ਕਾਂਡਾਂ ਦਾ ਖੰਡਨ ਕਰਦੀ ਹੈ ਅਤੇ ਮਨੁੱਖਤਾ ਨੂੰ ਸੱਚੀ ਸੁਚੀ ਧਰਮ ਦੀ ਕਿਰਤ ਕਰਨ ਦਾ ਉਪਦੇਸ਼ ਦਿੰਦੀ ਹੈ। ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਹੇਠ ਅਤੇ ਸਿੱਖੀ ਦੇ ਮਖੌਟੇ ਪਹਿਨੀ ਬਹੁਤ ਸਾਰੇ ਅਖੌਤੀ ਸਾਧ ਸੰਤ ਲੋਕਾਂ ਨੂੰ ਕਰਮ ਕਾਂਡਾਂ ਵਿੱਚ ਉਲਝਾਉਣ ਦੀ ਕਸਰ ਨਹੀਂ ਛੱਡਦੇ। ਸ਼੍ਰੋਮਣੀ ਕਮੇਟੀ ਅਜਿਹੇ ਕਰਮ ਕਾਂਡ ਅਤੇ ਪਾਖੰਡ ਫੈਲਾਅ ਰਹੇ ਬਾਬਿਆਂ ਦਾ ਕੋਈ ਨੋਟਿਸ ਨਹੀਂ ਲੈਂਦੀ। ਕਿਉਂਕਿ ਬਾਬਿਆਂ ਦੇ ਡੇਰਿਆਂ ਨਾਲ ਵੱਡੀ ਗਿਣਤੀ ਵਿੱਚ ਸੰਗਤ ਜੁੜੀ ਹੁੰਦੀ ਹੈ ਤੇ ਉਹਨਾਂ ਦੀਆਂ ਸਾਰੀਆਂ ਵੋਟਾਂ ਪੰਥਕ ਕਹਾਉਂਦੀ ਸਿਆਸੀ ਪਾਰਟੀ ਲਈ ਆਕਸੀਜਨ ਦਾ ਕੰਮ ਕਰਦੀਆਂ ਹਨ।
ਸੰਤ ਬਾਬਿਆਂ ਵਲੋਂ ਅਜਿਹੇ ਭਰਮ ਵੀ ਪੈਦਾ ਕੀਤੇ ਜਾਂਦੇ ਹਨ ਕਿ `ਸੁਖਮਨੀ ਸਾਹਿਬ` ਦੇ 50 ਪਾਠ, `ਜੁਪਜੀ ਸਾਹਿਬ` ਦੇ 250 ਪਾਠ, `ਮੂਲ ਮੰਤਰ` ਦੀਆਂ 6 ਮਾਲਾ ਰੋਜ਼ ਅਤੇ `ਗੁਰਮੰਤਰ ਵਾਹਿਗੁਰੂ` ਦੀਆਂ 80 ਮਾਲਾ ਫੇਰਨ ਦਾ ਫਲ ਇੱਕ ਅਖੰਡ ਪਾਠ ਕਰਨ ਜਿੰਨਾ ਮਿਲਦਾ ਹੈ। ਬਹੁਤ ਹੈਰਾਨੀ ਦੀ ਗੱਲ ਹੈ ਕਿ ਅੱਜ ਮਹਿੰਗਾਈ ਦੇ ਸਮੇਂ ਵਿੱਚ ਇੱਕ ਸਧਾਰਨ ਵਿਅਕਤੀ ਜੋ ਮਜਦੂਰੀ ਕਰਦਾ ਹੈ, ਸਖ਼ਤ ਮਿਹਨਤ ਕਰਕੇ ਪਰਿਵਾਰ ਦਾ ਪੇਟ ਪਾਲਦਾ ਹੈ। ਸਾਰੀ ਦਿਹਾੜੀ ਹੱਡ ਭੰਨਵੀ ਮਿਹਨਤ ਅਤੇ ਥਕਾਵਟ ਤੋਂ ਬਾਅਦ ਕੀ ਉਹ ਅਜਿਹੇ ਗਿਣਤੀਆਂ ਮਿਣਤੀਆਂ ਦੇ ਪਾਠ ਕਰ ਸਕਦਾ ਹੈ? ਕੀ ਗੁਰਮਤਿ ਇਸ ਨੂੰ ਮਾਨਤਾ ਦਿੰਦੀ ਹੈ?
ਅਹਿਮ ਇਹ ਨਹੀਂ ਕਿ ਤੁਸੀਂ ਕਿੰਨੀ ਜ਼ਿਆਦਾ ਗਿਣਤੀ ਵਿੱਚ ਪਾਠ ਕੀਤੇ ਹਨ, ਅਹਿਮ ਤਾਂ ਇਹ ਹੈ ਕਿ ਜੇ ਤੁਸੀਂ ਇੱਕ ਸ਼ਬਦ ਦਾ ਵੀ ਪਾਠ ਕੀਤਾ ਹੈ ਤਾਂ ਉਸ ਸ਼ਬਦ ਦੀ ਵਿਚਾਰ ਕਰਨ ਉਪਰੰਤ ਤੁਸੀਂ ਕਿੰਨਾ ਕੁ ਆਪਣੇ ਆਪ ਨੂੰ ਉਸ ਸ਼ਬਦ ਦੀ ਸਿੱਖਿਆ ਅਨੁਸਾਰ ਢਾਲ ਲਿਆ ਹੈ। ਅਤੇ ਤੁਸੀਂ ਆਪਣੀਆਂ ਕਿੰਨੀਆਂ ਕੁ ਬੁਰਾਈਆਂ ਨੂੰ ਦੂਰ ਕਰ ਲਿਆ ਹੈ। ਸ਼੍ਰੋਮਣੀ ਕਮੇਟੀ ਜਾਂ ਤਖਤਾਂ ਦੇ ਸੇਵਾਦਾਰਾਂ ਨੇ ਅਜਿਹੇ ਗਿਣਤੀਆਂ ਮਿਣਤੀਆਂ ਵਾਲੇ ਪਾਠਾਂ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਟੋਕਿਆਂ ਨਹੀਂ ਸਗੋਂ ਥਾਪੜਾ ਹੀ ਦਿਤਾ ਹੈ। ਤੇ ਹੁਣ ਇੱਕ ਭਾਈ ਸਾਹਿਬ ਵਲੋਂ `300 ਸਾਲ` ਦਾ ਹੋਕਾ ਲਾਇਆ ਜਾ ਰਿਹਾ ਹੈ। ਕਦੀ ਉਹ 300 ਸਾਲ `ਲਿਬਾਸ ਨਾਲ`, ਕਦੀ `ਗੁਰੂ ਨਾਲ`, ਕਦੀ `ਬਾਣੀ ਕੰਠ ਨਾਲ`, ਅਤੇ ਕਦੀ `ਸਿੱਖ ਇਤਿਹਾਸ` ਨਾਲ ਕਹਿ ਕੇ ਸਿੱਖ ਸੰਗਤ ਨੂੰ ਇਨਾਮਾਂ ਦੇ ਲਾਲਚ ਦੇ ਕੇ ਬੁਧੂ ਬਣਾ ਰਿਹਾ ਅਤੇ ਨਾਲੋ-ਨਾਲ ਲੱਖਾਂ ਰੁਪਏ ਇਕੱਠੇ ਵੀ ਕਰ ਰਿਹਾ ਹੈ ਅਤੇ ਸਿੱਖ ਇਤਿਹਾਸ ਨੂੰ ਵੀ ਤੋੜ ਮਰੋੜ ਰਿਹਾ ਹੈ। ਪਰ ਉਹ ਭਾਈ ਸਾਹਿਬ ਅਤੇ ਸ਼ਰੋਮਣੀ ਕਮੇਟੀ ਇਹ ਨਹੀਂ ਜਾਣਦੇ ਕਿ `ਸਿੱਖ ਇਤਿਹਾਸ` ਤਾਂ 540 ਸਾਲ ਦਾ ਹੈ ਨਾ ਕਿ 300 ਸਾਲ ਦਾ। ਪਰ ਇਸ ਸਬੰਧੀ ਸ਼੍ਰੋਮਣੀ ਕਮੇਟੀ ਕੋਈ ਸਪਸ਼ਟੀਕਰਨ ਨਹੀਂ ਦੇ ਰਹੀ।
ਸੰਨ 2006 ਵਿੱਚ ਅਕਾਲੀ ਪਾਰਟੀ ਦੇ ਮੁਖੀ ਨੇ ਆਈ. ਟੀ. ਸੀ. ਤੰਬਾਕੂ ਕੰਪਨੀ ਤੋਂ 8 ਲੱਖ ਰੁਪਏ ਪਾਰਟੀ ਫੰਡ ਵਜੋਂ ਦਾਨ ਲੈ ਕੇ ਸਿੱਖ ਕੌਮ ਦੇ ਸ਼ਾਨਾਮੱਤੀ ਇਤਿਹਾਸ ਅਤੇ ਸਿਧਾਂਤ ਨੂੰ ਮਿੱਟੀ ਵਿੱਚ ਰੋਲ ਦਿਤਾ। ਜਦੋਂ ਕਿ ਸਿੱਖ ਰਹਿਤ ਮਰਿਆਦਾ ਮੁਤਾਬਿਕ ਤੰਬਾਕੂ ਇੱਕ ਬਜਰ ਕੁਰਹਿਤ ਹੈ। ਪਰ ਉਸ ਵੇਲੇ ਅਕਾਲ ਤਖ਼ਤ ਦੇ ਸੇਵਾਦਾਰਾਂ ਅਤੇ ਸ਼ਰੋਮਣੀ ਕਮੇਟੀ ਨੇ ਚੁੱਪ ਧਾਰੀ ਰੱਖੀ। ਅਜਿਹਾ ਦਾਨ ਲੈ ਕੇ ਇਹ ਪਾਰਟੀ ਇਤਿਹਾਸਕ ਸ਼ਹਿਰਾਂ ਅੰਮ੍ਰਿਤਸਰ, ਅਨੰਦਪੁਰ ਸਾਹਿਬ, ਮੁਕਤਸਰ, ਤਲਵੰਡੀ ਸਾਬੋ, ਫਤਿਹਗੜ੍ਹ ਸਾਹਿਬ, ਗੋਇੰਦਵਾਲ ਸਾਹਿਬ ਅਤੇ ਚਮਕੌਰ ਸਾਹਿਬ ਨੂੰ ਪਵਿੱਤਰ ਸ਼ਹਿਰਾਂ ਦਾ ਦਰਜ਼ਾ ਦਿਵਾਉਣ ਲਈ ਅਤੇ ਤੰਬਾਕੂ ਦੇ ਖੋਖੇ ਸ਼਼ਹਿਰੋਂ ਬਾਹਰ ਲੈ ਕੇ ਜਾਣ ਵਾਲੇ ਬਿਆਨ ਕਿਸ ਮੂੰਹ ਨਾਲ ਦੇ ਰਹੀ ਹੈ? ਕੀ ਸ਼੍ਰੋਮਣੀ ਕਮੇਟੀ ਦੱਸੇਗੀ ਕਿ `ਸਿੱਖ ਰਹਿਤ ਮਰਿਆਦਾ` ਦੇ ਸਿਧਾਂਤ ਕਿੰਨ੍ਹਾਂ ਲੋਕਾਂ ਲਈ ਬਣਾਏ ਗਏ ਹਨ?
ਹੁਣ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਕਰਕੇ ਇਸ ਦੇ ਪ੍ਰਧਾਨ ਦੀ ਰਾਤਾਂ ਦੀ ਨੀਂਦ ਹਰਾਮ ਹੋ ਗਈ ਹੈ। ਕਿਉਂਕਿ ਅਖਬਾਰੀ ਖਬਰਾਂ ਰਾਹੀਂ ਹਰ ਰੋਜ਼ ਇਸ ਕਮੇਟੀ ਦੀਆਂ ਚੋਣਾਂ ਜਿੱਤਣ ਦੀਆਂ ਚਾਲਾਂ ਜੱਗ ਜ਼ਾਹਰ ਹੋ ਰਹੀਆਂ ਹਨ। ਅਤੇ ਕੌਮ ਜਾਗਰੂਕ ਹੋ ਰਹੀ ਹੈ। ਅਕਾਲੀ ਸਿਆਸੀ ਆਗੂਆਂ ਦੁਆਰਾ ਸਰਕਾਰੇ ਦਰਬਾਰੇ ਕੁਰਸੀਆਂ ਦਾ ਨਿੱਘ ਮਾਨਣ ਲਈ, ਜਾਅਲੀ ਦਸਤਖ਼ਤ ਕਰਕੇ ਪਤਿਤ ਲੋਕਾਂ ਦੀਆਂ ਵੋਟਾਂ ਬਣਾਈਆਂ ਜਾ ਰਹੀਆਂ ਹਨ। ਇਕੋ ਦਿਨ ਵਿੱਚ 18 ਲੱਖ ਤੋਂ 55 ਲੱਖ ਵੋਟਾਂ ਬਣ ਜਾਣੀਆਂ ਇੱਕ ਡੂੰਘੀ ਸਾਜ਼ਸ ਹੈ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਹਾਕਮ ਪਾਰਟੀ ਪੱਬਾਂ ਭਾਰ ਹੋਈ ਪਈ ਹੈ। ਅਸਲ ਵਿੱਚ ਗੁਰਮਤਿ ਸਿਧਾਂਤ ਦੇ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਸਿੱਖ ਸਮਾਜ ਵਿੱਚ ਪ੍ਰਬੰਧਕ ਚੁਨਣ ਲਈ ਗੁਣਾਂ ਅਧਾਰਿਤ ਪ੍ਰਣਾਲੀ ਹੀ ਠੀਕ ਹੈ, ਵੋਟਾਂ ਦੇ ਅਧਾਰਤ ਨਹੀਂ। ਜਰੂਰੀ ਹੈ ਕਿ ਸ਼੍ਰੋਮਣੀ ਕਮੇਟੀ ਸਿਲੈਕਸ਼ਨ `ਤੇ ਅਧਾਰਤ ਹੋਵੇ, ਇਲੈਕਸ਼ਨ `ਤੇ ਨਹੀਂ। ਸਮਰਥਕਾਂ ਦੀ ਗਿਣਤੀ ਦੇ ਆਧਾਰ `ਤੇ ਪ੍ਰਬੰਧਕ ਚੁਨਣ ਦਾ ਸਿਸਟਮ ਗੁਰਮਤਿ ਤੋਂ ਉਲਟ ਹੈ। ਵੋਟਾਂ ਦੇ ਸਿਸਟਮ ਵਿੱਚ ਆਮ ਹੀ ਦੇਖਿਆ ਗਿਆ ਹੈ ਕਿ ਇਸ ਸਿਸਟਮ ਰਾਹੀਂ ਹਰੇਕ ਵਲੋਂ ਜਿੱਤ ਪ੍ਰਾਪਤ ਕਰਨ ਲਈ ਸਿੱਧੇ ਪੁੱਠੇ ਤਰੀਕੇ ਵਰਤੇ ਜਾਂਦੇ ਹਨ। ਹਰ ਕਿਸਮ ਦੇ ਨਸ਼ੇ ਵੰਡੇ ਜਾਂਦੇ ਹਨ ਤੇ ਵੋਟਰ ਖਰੀਦੇ ਜਾਂਦੇ ਹਨ। ਅਗਾਮੀ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਲਈ ਵੋਟਰ ਫਾਰਮਾਂ ਵਿੱਚ ਅਜਿਹੀਆਂ ਤਰੁੱਟੀਆਂ ਜਾਣ-ਬੁਝ ਕੇ ਰੱਖ ਲਈਆਂ ਗਈਆਂ ਹਨ। ਜਿਸ ਨਾਲ ਹਾਕਮ ਪਾਰਟੀ ਨੂੰ ਵੱਧ ਤੋਂ ਵੱਧ ਫਾਇਦਾ ਹੋ ਸਕੇ। ਜਿਸ ਧਾਰਮਿਕ ਕਮੇਟੀ ਦਾ ਗੰਠਨ ਝੂਠ, ਫਰੇਬ ਅਤੇ ਹੇਰਾ ਫੇਰੀ ਨਾਲ ਕਾਇਮ ਕੀਤਾ ਗਿਆ ਹੋਵੇ। ਉਸ ਤੋਂ ਸੱਚ ਦੀ ਕੀ ਆਸ ਰੱਖੀ ਜਾ ਸਕਦੀ ਹੈ। ਅਤੇ ਅਜਿਹੀ ਕਮੇਟੀ ਦੀ ਧਾਰਮਿਕ ਤੌਰ `ਤੇ ਕੀ ਵੁਕਤ ਰਹਿ ਜਾਂਦੀ ਹੈ। ਵੋਟ ਸਿਸਟਮ ਰਾਹੀਂ ਧਰਮ ਦੀ ਮਹੱਤਤਾ ਘੱਟਦੀ ਜਾਵੇਗੀ। ਵੋਟਾਂ ਦੀ ਸਿਆਸਤ ਧਰਮ ਦਾ ਕਿਸੇ ਵੀ ਤਰ੍ਹਾਂ ਕੁੱਝ ਨਹੀਂ ਸੰਵਾਰ ਸਕਦੀ।
ਅੱਜ ਦੇ ਸਮੇਂ ਵਿੱਚ ਚੋਣ ਸਿਸਟਮ ਹੀ ਸਿੱਖ ਸਮਾਜ ਵਿੱਚ ਪ੍ਰਚਲਿਤ ਹੈ। ਇਸ ਕਰਕੇ ਜੇ ਗੁਰਦੁਆਰਾ ਸਬੰਧੀ ਚੋਣਾਂ ਦਾ ਸਿਸਟਮ ਸੁਧਾਰਨਾ ਹੈ ਤਾਂ ਇੱਕ ਵਾਰ ਗੁਰਧਾਮਾਂ ਨੂੰ ਏਸੇ ਸਿਸਟਮ ਰਾਹੀਂ ਇਹਨਾਂ ਨਵੇਂ ਮਹੰਤਾਂ ਤੋਂ ਅਜ਼ਾਦ ਕਰਵਾਉਣਾ ਪੈਣਾ ਹੈ। ਸਰਕਾਰ ਵੀ `ਕਾਬਜ਼ ਮਹੰਤੀ ਧਿਰ` ਨੂੰ ਇਹਨਾਂ ਚੋਣਾਂ ਵਿੱਚ ਜਿਤਾਉਣਾ ਚਾਹੁੰਦੀ ਹੈ। ਇਸ ਲਈ ਇਹਨਾਂ ਚੋਣਾਂ ਵਿੱਚ ਸੁਚੇਤ ਹੋ ਕੇ ਨਵੇਂ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਅਜ਼ਾਦ ਕਰਾਉਣ ਦਾ ਟੀਚਾ ਹੀ ਰੱਖਣਾ ਚਾਹੀਦਾ ਹੈ। ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਗੁਰਦੁਆਰਾ ਪ੍ਰਬੰਧਾਂ ਵਿੱਚ ਸੁਧਾਰ ਅਤੇ ਸਿੱਖੀ ਸਿਧਾਂਤਾਂ ਦੀ ਬਹਾਲੀ ਲਈ ਅਗਾਮੀ ਚੋਣਾਂ ਵਿੱਚ ਪੂਰੀ ਦਿਲਚਸਪੀ ਲੈ ਕੇ ਮੌਜੂਦਾ ਪ੍ਰਬੰਧ ਨੂੰ ਕਿੱਕ ਮਾਰ ਕੇ ਦੂਰ ਕਰਨ ਅਤੇ ਬਾਬੇ ਨਾਨਕ ਦੇ ਮਾਨਵਤਾ ਨੂੰ ਦਿਤੇ ਮਿੱਠੇ, ਸੱਚੇ ਅਤੇ ਰੂਹਾਨੀ ਸੁਨੇਹੇ ਨੂੰ ਅੱਗੇ ਵਧਾਉਣ ਲਈ ਆਪਣਾ ਯੋਗਦਾਨ ਪਾਉਣ।
ਮੋਬਾਇਲ 88728-54500




.